editor@sikharchives.org

ਧਰਮ ਅਤੇ ਨੈਤਿਕਤਾ ਦਾ ਮਾਰਗ ਦਰਸ਼ਕ-ਜਫ਼ਰਨਾਮਾ

ਜ਼ਫ਼ਰਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਉਹ ਅਨਮੋਲ ਰਚਨਾ ਹੈ ਜੋ ਕਿ ਸਾਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਹਕੂਮਤ ਨਾਲ ਪੈਦਾ ਹੋਏ ਟਕਰਾਅ ਦੀ ਯਾਦ ਤਾਜ਼ਾ ਕਰਵਾਉਂਦੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਜ਼ਫ਼ਰਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਉਹ ਅਨਮੋਲ ਰਚਨਾ ਹੈ ਜੋ ਕਿ ਸਾਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਹਕੂਮਤ ਨਾਲ ਪੈਦਾ ਹੋਏ ਟਕਰਾਅ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਦਸਮ ਗ੍ਰੰਥ ਦੀ ਰਚਨਾ ਬਣਨ ਤੋਂ ਪਹਿਲਾਂ ਇਸ ਇਤਿਹਾਸਕ ਦਸਤਾਵੇਜ਼ ਨੂੰ ਉਸ ਚਿੱਠੀ ਦੇ ਰੂਪ ਵਿਚ ਵੇਖਿਆ ਜਾਂਦਾ ਸੀ ਜੋ ਕਿ ਗੁਰੂ ਸਾਹਿਬ ਨੇ ਖਿਦਰਾਣੇ ਦੀ ਲੜਾਈ ਤੋਂ ਪਹਿਲਾਂ ਔਰੰਗਜ਼ੇਬ ਨੂੰ ਲਿਖੀ ਅਤੇ ਜਿਸ ਰਾਹੀਂ ਦਸਮੇਸ਼ ਪਿਤਾ ਨੇ ਛੇਵੇਂ ਮੁਗ਼ਲ ਸਮਰਾਟ ਦੀ ਆਤਮਾ ਨੂੰ ਜ਼ੋਰਦਾਰ ਹਲੂਣਾ ਦਿੱਤਾ। ਇਸ ਚਿੱਠੀ ਰਾਹੀਂ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਅਧਰਮ ਅਤੇ ਅਨੈਤਿਕਤਾ ਦਾ ਰਾਹ ਛੱਡ ਕੇ ਧਰਮ ਅਤੇ ਨੈਤਿਕਤਾ ਦਾ ਪੱਲਾ ਫੜ ਕੇ ਆਮ ਲੋਕਾਂ ਨੂੰ ਦੁੱਖਾਂ ਅਤੇ ਕਸ਼ਟਾਂ ਤੋਂ ਰਾਹਤ ਦੇਣ ਦਾ ਉਪਦੇਸ਼ ਅਤੇ ਸੱਦਾ ਦਿੱਤਾ। ਇਸ ਚਿੱਠੀ ਨੂੰ ‘ਫ਼ਤਿਹ ਦੀ ਚਿੱਠੀ’ ਵੀ ਕਿਹਾ ਜਾਂਦਾ ਹੈ। ਇਸ ਵਿਚ ਸਿੱਧੇ ਤੌਰ ’ਤੇ ਜਿਨ੍ਹਾਂ ਗੱਲਾਂ ਦਾ ਜ਼ਿਕਰ ਆਇਆ ਹੈ ਉਨ੍ਹਾਂ ਵਿਚ ਗੁਰੂ ਸਾਹਿਬ ਦੀ ਸਾਫ਼ ਅਤੇ ਸਪਸ਼ਟ ਨੀਤੀ ਅਤੇ ਧਰਮ ਅਤੇ ਨੈਤਿਕਤਾ ਦੇ ਪੱਖ ਨੂੰ ਉਜਾਗਰ ਕਰਨਾ ਪ੍ਰਮੁੱਖ ਹਨ।

ਧਰਮ ਕਿਸੇ ਵੀ ਵਿਅਕਤੀ ਦੇ ਜੀਵਨ ਦਾ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ ਜੋ ਕਿ ਉਸ ਦੇ ਵਿਸ਼ਵਾਸ ’ਤੇ ਆਧਾਰਿਤ ਹੁੰਦਾ ਹੈ। ਇਹ ਵਿਸ਼ਵਾਸ ਵਿਅਕਤੀ ਦੇ ਆਪਣੇ ਧਾਰਮਿਕ ਆਗੂ ਜਾਂ ਧਰਮ-ਗ੍ਰੰਥ ਉੱਤੇ ਆਧਾਰਿਤ ਹੁੰਦਾ ਹੈ। ਇਸ ਲਈ ਜਦੋਂ ਕੋਈ ਵਿਅਕਤੀ ਆਪਣੇ ਧਾਰਮਿਕ ਆਗੂ ਜਾਂ ਧਰਮ-ਗ੍ਰੰਥ ਦਾ ਸਹਾਰਾ ਲੈ ਕੇ ਕੋਈ ਗੱਲ ਕਰਦਾ ਹੈ ਤਾਂ ਉਸ ਦੀ ਗੱਲ ਨੂੰ ਪ੍ਰਮਾਣਿਕ ਅਤੇ ਮੰਨਣਯੋਗ ਸਮਝਿਆ ਜਾਂਦਾ ਹੈ। ਜ਼ਫ਼ਰਨਾਮੇ ਵਿਚ ਵੀ ਇਹੋ ਜਿਹੀਆਂ ਗੱਲਾਂ ਦਾ ਜ਼ਿਕਰ ਆਇਆ ਹੈ ਜਦੋਂ ਔਰੰਗਜ਼ੇਬ ਦੀ ਫੌਜ ਦੇ ਉੱਚ-ਅਧਿਕਾਰੀ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚੋਂ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਜਾਣ ਲਈ ਕੁਰਾਨ ਦੀਆਂ ਕਸਮਾਂ ਖਾਂਦੇ ਹਨ। ਗੁਰੂ ਸਾਹਿਬ ਦਾ ਉਨ੍ਹਾਂ ਉੱਤੇ ਯਕੀਨ ਕਰਕੇ ਕਿਲ੍ਹੇ ਵਿੱਚੋਂ ਬਾਹਰ ਆ ਜਾਣਾ, ਪਰ ਮੁਗ਼ਲ ਫੌਜਾਂ ਦੁਆਰਾ ਕਸਮਾਂ ਤੋੜ ਕੇ ਗੁਰੂ ਸਾਹਿਬ ਉੱਤੇ ਹਮਲਾ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮੁਗ਼ਲ ਫੌਜਾਂ ਧਰਮ ਦੇ ਰਾਹ ਤੋਂ ਭਟਕ ਕੇ ਕੇਵਲ ਧਰਮ ਦੇ ਬਾਹਰੀ ਰੂਪ ਦਾ ਹੀ ਵਿਖਾਵਾ ਕਰ ਰਹੀਆਂ ਸਨ ਪਰ ਅਸਲ ਵਿਚ ਉਹ ਧਰਮ ਦੀ ਸਹੀ ਸਪਿਰਟ ਤੋਂ ਪਰ੍ਹੇ ਜਾ ਰਹੀਆਂ ਸਨ। ਜ਼ਫ਼ਰਨਾਮੇ ਰਾਹੀਂ ਗੁਰੂ ਸਾਹਿਬ ਔਰੰਗਜ਼ੇਬ ਨੂੰ ਇਨ੍ਹਾਂ ਸਭ ਗੱਲਾਂ ਬਾਰੇ ਚਾਨਣ ਪਾ ਕੇ ਉਸ ਨੂੰ ਮੁੜ ਧਰਮ ਦੇ ਰਸਤੇ ’ਤੇ ਪਰਤਣ ਲਈ ਕਹਿੰਦੇ ਹਨ:

ਕਿ ਬਰ ਸਰਿ ਤੁਰਾ ਫ਼ਰਜ਼ ਕਸਮਿ ਕੁਰਾਂ।
ਬ ਗੁਫ਼ਤਹ ਸ਼ੁਮਾ ਕਾਰ ਖ਼ੂਨੀ ਰਸਾਂ।76।

ਗੁਰੂ ਸਾਹਿਬ ਜੀ ਇਹ ਮੰਨਦੇ ਹਨ ਕਿ ਧਰਮ-ਗ੍ਰੰਥ ਕਿਸੇ ਵੀ ਧਰਮ ਦਾ ਕੇਂਦਰੀ ਧੁਰਾ ਹੁੰਦਾ ਹੈ ਅਤੇ ਆਪਣੇ ਧਰਮ-ਗ੍ਰੰਥ ਦੇ ਦੱਸੇ ਹੋਏ ਰਾਹ ’ਤੇ ਚੱਲਣਾ ਧਰਮ ਦੇ ਪੈਰੋਕਾਰਾਂ ਦਾ ਪ੍ਰਮੁੱਖ ਫ਼ਰਜ਼ ਹੈ। ਜੋ ਲੋਕ ਆਪਣੇ ਧਰਮ-ਗ੍ਰੰਥ ਨੂੰ ਲੋੜ ਪੈਣ ’ਤੇ ਰਾਜਨੀਤਿਕ ਅਤੇ ਯੁੱਧਨੀਤਿਕ ਦਾਉ-ਪੇਚਾਂ ਲਈ ਇਸਤੇਮਾਲ ਕਰਦੇ ਹਨ ਉਹ ਲੋਕ ਜਿੱਥੇ ਸਮਾਜ ਲਈ ਘਾਤਕ ਸਿੱਧ ਹੁੰਦੇ ਹਨ ਉੱਥੇ ਨਾਲ ਹੀ ਧਰਮ-ਗ੍ਰੰਥ ਨੂੰ ਵੀ ਅਪਮਾਨਿਤ ਕਰ ਰਹੇ ਹੁੰਦੇ ਹਨ ਕਿਉਂਕਿ ਕੋਈ ਵਿਅਕਤੀ ਦੂਜੀ ਵਾਰ ਉਨ੍ਹਾਂ ਲੋਕਾਂ ਦੁਆਰਾ ਧਰਮ-ਗ੍ਰੰਥ ਦੀ ਕਸਮ ’ਤੇ ਵਿਸ਼ਵਾਸ ਨਹੀਂ ਕਰਦਾ। ਜ਼ਫ਼ਰਨਾਮੇ ਵਿਚ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਜੇਕਰ ਇਹ ਸ਼ੱਕ ਹੁੰਦਾ ਕਿ ਧਰਮ-ਗ੍ਰੰਥ ਤੇ ਈਮਾਨ ਰੱਖਣ ਵਾਲਿਆਂ ਦੇ ਮਨ ਵਿਚ ਰਤੀ ਭਰ ਵੀ ਖੋਟ ਹੈ ਤਾਂ ਮੈਂ ਆਪਣੀ ਪਿਆਰੀ ਖਾਲਸਾ ਫੌਜ ਨੂੰ ਅਜਾਈਂ ਨਾ ਮਰਨ ਦਿੰਦਾ:

ਕਸਮ ਮੁਸਹਫੇ ਖੁਫ਼ੀਯਹ ਹਾਰ ਈਂ ਖ਼ੁਰਮ।
ਨਾ ਅਫ਼ਵਾਜ ਅਜ਼ੀਂ ਜ਼ੇਰਿ ਸੁਮ ਅਫ਼ਗਨਮ।18।

ਧਰਮ-ਗ੍ਰੰਥ ਦੀਆਂ ਝੂਠੀਆਂ ਕਸਮਾਂ ਧਰਮ-ਗ੍ਰੰਥ ਅਤੇ ਸਮਾਜ ਦੀ ਹੋਂਦ ਲਈ ਵੀ ਖਤਰਾ ਸਾਬਿਤ ਹੁੰਦੀਆਂ ਹਨ ਕਿਉਂਕਿ ਧਰਮ-ਗ੍ਰੰਥ ਦਾ ਪ੍ਰਮੁੱਖ ਕੰਮ ਮਾਨਵਤਾ ਦੀ ਅਗਵਾਈ ਅਤੇ ਧਾਰਮਿਕ ਕਦਰਾਂ-ਕੀਮਤਾਂ ਦੀ ਸਥਾਪਨਾ ਹੁੰਦਾ ਹੈ। ਜੇਕਰ ਧਰਮ-ਗ੍ਰੰਥ ਦੀਆਂ ਕਸਮਾਂ ਖਾ ਕੇ ਇੰਨ੍ਹਾਂ ਨੂੰ ਤੋੜਿਆ ਜਾਵੇ ਤਾਂ ਧਰਮ-ਗ੍ਰੰਥ ਦਾ ਮਾਣ ਅਤੇ ਸਤਿਕਾਰ ਲੋਕਾਂ ਵਿੱਚੋਂ ਘਟ ਜਾਂਦਾ ਹੈ ਇੱਥੋਂ ਤਕ ਕਿ ਸੰਬੰਧਿਤ ਧਰਮ-ਗ੍ਰੰਥ ਦੇ ਪੈਗੰਬਰ ਉੱਤੇ ਵੀ ਪ੍ਰਸ਼ਨ-ਚਿੰਨ ਲੱਗ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਕੁਰਾਨ ਨੂੰ ਇਸਲਾਮ ਦਾ ਇਕ ਪਵਿੱਤਰ ਧਰਮ-ਗ੍ਰੰਥ ਮੰਨਦਾ ਹਾਂ ਪਰ ਜਦੋਂ ਇਸ ਦੇ ਪੈਰੋਕਾਰ ਇਸ ਦੀ ਝੂਠੀ ਕਸਮ ਖਾਂਦੇ ਹਨ ਤਾਂ ਉਹ ਕੁਰਾਨ ਦੀਆਂ ਸਿੱਖਿਆਵਾਂ ਦੇ ਉਲਟ ਚੱਲਦੇ ਹਨ। ਚਾਹੀਦਾ ਤਾਂ ਇਹ ਸੀ ਕਿ ਕੁਰਾਨ ਦੀ ਕਸਮ ਖਾ ਕੇ ਕੀਤਾ ਬਚਨ ਨਿਭਾਉਣ ਲਈ ਉਹ ਆਪਣੀ ਜਾਨ ਵੀ ਦੇ ਦਿੰਦੇ ਤਾਂ ਵੀ ਘੱਟ ਸੀ ਪਰ ਆਪਣੇ ਧਰਮ-ਗ੍ਰੰਥ ਦੁਆਰਾ ਦਰਸਾਏ ਧਰਮ ਅਤੇ ਨੀਤੀ ਦਾ ਰਾਹ ਨਾ ਛੱਡਦੇ:

ਹਰਾਂ ਕਸ ਕਿ ਕਉਲਿ ਕੁਰਆਂ ਆਯਦਸ਼।
ਨ ਜ਼ੋ ਕੁਸ਼ਤਨੋ ਬਸਤਨ ਬਾਯਦਸ਼।25।

ਜ਼ਫ਼ਰਨਾਮੇ ਰਾਹੀਂ ਗੁਰੂ ਸਾਹਿਬ ਦੱਸਦੇ ਹਨ ਕਿ ਮੁਗ਼ਲ ਫੌਜਾਂ ਦੁਆਰਾ ਜਦੋਂ ਕੁਰਾਨ ਦੀਆਂ ਕਸਮਾਂ ਤੋੜੀਆਂ ਗਈਆਂ ਤਾਂ ਸਾਡੇ ਲਈ ਵੀ ਲੜਾਈ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਗੁਰੂ ਸਾਹਿਬ ਇਹ ਮੰਨਦੇ ਹਨ ਕਿ ਜੇਕਰ ਅਹਿੰਸਕ ਰਹਿਣ ਅਤੇ ਗੱਲਬਾਤ ਦੇ ਸਾਰੇ ਹੀਲੇ-ਵਸੀਲੇ ਫੇਲ੍ਹ ਹੋ ਜਾਣ ਤਾਂ ਫਿਰ ਜਬਰ ਅਤੇ ਜ਼ੁਲਮ ਦਾ ਜੁਆਬ ਦੇਣ ਲਈ ਕਿਰਪਾਨ ਚੁੱਕ ਲੈਣੀ ਬਿਲਕੁਲ ਜਾਇਜ਼ ਹੈ:

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ।22।

ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀ ਗੜ੍ਹੀ ਵਿਚ ਜੋ ਖੂਨ-ਖਰਾਬਾ ਹੋਇਆ ਉਸ ਦਾ ਮੁੱਢ ਮੁਗ਼ਲ ਫੌਜਾਂ ਵੱਲੋਂ ਕੁਰਾਨ ਦੀ ਖਾਧੀ ਝੂਠੀ ਕਸਮ ਸੀ। ਨਾ ਮੁਗ਼ਲ ਫੌਜ ਕੁਰਾਨ ਦੀ ਕਸਮ ਖਾਂਦੀ, ਨਾ ਗੁਰੂ ਸਾਹਿਬ ਕਿਲ੍ਹੇ ਵਿੱਚੋਂ ਬਾਹਰ ਆਉਂਦੇ ਅਤੇ ਨਾ ਹੀ ਜਾਨ-ਮਾਲ ਦਾ ਇੰਨੇ ਵੱਡੇ ਪੱਧਰ ’ਤੇ ਨੁਕਸਾਨ ਹੁੰਦਾ! ਇਸ ਸਥਿਤੀ ਵਿਚ ਜੇਕਰ ਗੁਰੂ ਸਾਹਿਬ ਨੂੰ ਕਿਲ੍ਹਾ ਖਾਲੀ ਕਰਨਾ ਵੀ ਪੈਂਦਾ ਤਾਂ ਉਹ ਅਜਿਹੀ ਵਿਉਂਤ ਘੜਦੇ ਜਿਸ ਨਾਲ ਘੱਟ ਤੋਂ ਘੱਟ ਖਾਲਸਾਈ ਫੌਜ ਦਾ ਨੁਕਸਾਨ ਹੁੰਦਾ। ਜਿਵੇਂ ਗੁਰੂ ਸਾਹਿਬ ਚਮਕੌਰ ਸਾਹਿਬ ਦੀ ਗੜ੍ਹੀ ਵਿੱਚੋਂ ਦਸ ਲੱਖ ਫੌਜ ਦੇ ਘੇਰੇ ਦੌਰਾਨ ਬਾਹਰ ਨਿਕਲ ਆਏ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਵੀ ਘੱਟ ਤੋਂ ਘੱਟ ਨੁਕਸਾਨ ਨਾਲ ਖਾਲੀ ਕੀਤਾ ਜਾ ਸਕਦਾ ਸੀ ਪਰ ਗੁਰੂ ਸਾਹਿਬ ਦੀ ਖਾਲਸਾ ਫੌਜ ਦਾ ਇੰਨੀ ਵੱਡੀ ਪੱਧਰ ’ਤੇ ਨੁਕਸਾਨ ਹੋਇਆ। ਇਸ ਸਭ ਦੇ ਬਾਵਜੂਦ ਵੀ ਖਾਲਸਾ ਫੌਜ ਨੇ ਮੁਗ਼ਲ ਫੌਜ ਦਾ ਡੱਟ ਕੇ ਮੁਕਾਬਲਾ ਕੀਤਾ। ਇਸ ਮੁਕਾਬਲੇ ਵਿਚ ਜਿੱਥੇ ਖਾਲਸਾਈ ਫੌਜ ਦਾ ਨੁਕਸਾਨ ਹੋਇਆ ਉੱਥੇ ਉਨ੍ਹਾਂ ਨੇ ਮੁਗ਼ਲ ਫੌਜ ਦੇ ਵੱਡੇ-ਵੱਡੇ ਸੂਰਬੀਰਾਂ ਅਤੇ ਜਰਨੈਲਾਂ ਸਮੇਤ ਬਹੁਤ ਸਾਰੇ ਫੌਜੀ ਵੀ ਮਾਰ ਦਿੱਤੇ:

ਹਮ ਆਖ਼ਿਰ ਬਸੇ ਜ਼ਖ਼ਮਿ ਤੀਰੋ ਤੁਫ਼ੰਗ।
ਦੁਸੂਏ ਬਸੇ ਕੁਸ਼ਤਹ ਸ਼ੁਦ ਬੇ ਦਿਰੰਗ।36।

ਗੁਰੂ ਸਾਹਿਬ ਕਹਿੰਦੇ ਹਨ ਕਿ ਕੁਰਾਨ ਦੀ ਝੂਠੀ ਕਸਮ ਹੀ ਇਸ ਵੱਡੇ ਖੂਨ-ਖਰਾਬੇ ਦਾ ਕਾਰਨ ਬਣੀ। ਕੁਰਾਨ ਦੀ ਝੂਠੀ ਕਸਮ ਖਾਣ ਵਾਲੇ ਨੂੰ ਗੁਰੂ ਸਾਹਿਬ ਨਾ ਤਾਂ ਉਸ ਦਾ ਕੋਈ ਯੁੱਧਨੀਤਿਕ ਦਾਉ-ਪੇਚ ਮੰਨਦੇ ਹਨ, ਨ ਧਰਮ ਦੀ ਪਾਲਣਾ, ਨਾ ਧਰਮ-ਮਰਯਾਦਾ, ਨਾ ਅੱਲਾਹ ਦੀ ਪਛਾਣ ਅਤੇ ਨਾ ਹੀ ਮੁਹੰਮਦ ਸਾਹਿਬ ਉੱਤੇ ਯਕੀਨ। ਜੇਕਰ ਮੁਗ਼ਲਈ ਜਰਨੈਲ ਧਰਮ ਦੀ ਪਾਲਣਾ ਕਰਨ ਵਾਲੇ ਹੁੰਦੇ ਤਾਂ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅੱਖੋਂ ਉਹਲੇ ਨਾ ਹੋਣ ਦਿੰਦੇ। ਧਰਮ ਦੇ ਰਾਹ ’ਤੇ ਚੱਲਣ ਵਾਲੇ ਅੱਲਾਹ ਦੀ ਖੁਸ਼ੀ ਹਾਸਲ ਕਰਨ ਦੀ ਪਹਿਲੀ ਸ਼ਰਤ ਇਹੀ ਹੈ ਕਿ ਜਿਸ ਨੂੰ ਰੱਬੀ ਬਾਣੀ ਮੰਨਿਆ ਗਿਆ ਹੋਵੇ ਉਸ ਦੇ ਬਚਨਾਂ ’ਤੇ ਅਮਲ ਕੀਤਾ ਜਾਵੇ, ਨਾ ਕਿ ਰੱਬੀ ਬਾਣੀ ਦੀ ਝੂਠੀ ਕਸਮ ਖਾ ਕੇ ਉਸ ਤੋਂ ਮੁੱਕਰ ਜਾਣਾ ਚਾਹੀਦਾ ਹੈ। ਗੁਰੂ ਸਾਹਿਬ ਫ਼ਰਮਾਉਂਦੇ ਹਨ:

ਸ਼ੁਮਾ ਰਾ ਚੁ ਫ਼ਰਜ਼ ਅਸਤ ਕਾਰੇ ਕੁਨੀ।
ਬਮੂਜਬ ਨਵਿਸ਼ਤਹ ਸ਼ੁਮਾਰੇ ਕੁਨੀ।53।

ਗੁਰੂ ਸਾਹਿਬ ਬਾਦਸ਼ਾਹ ਨੂੰ ਉਸ ਦੇ ਕੁਕਰਮਾਂ ਤੋਂ ਬਚਾਉਣਾ ਚਾਹੁੰਦੇ ਸਨ ਅਤੇ ਇਸੇ ਲਈ ਉਸ ਨੂੰ ਕਹਿੰਦੇ ਹਨ ਕਿ ਬਗੈਰ ਕਿਸੇ ਵੀ ਵਿਚੋਲੇ ਦੇ ਸਿੱਧੀ ਗੱਲਬਾਤ ਕਰੇ। ਧਰਮ ਅਤੇ ਨੀਤੀ ਤੋਂ ਵਿਹੂਣੀਆਂ ਕੁਝ ਗੱਲਾਂ ਤਾਂ ਬਾਦਸ਼ਾਹ ਨੂੰ ਜ਼ਫ਼ਰਨਾਮੇ ਰਾਹੀਂ ਸਾਫ਼ ਕਰ ਦਿੰਦੇ ਹਨ ਅਤੇ ਬਾਕੀ ਦੀਆਂ ਲਈ ਮੁਲਾਕਾਤ ਕਰਨੀ ਚਾਹੁੰਦੇ ਸਨ। ਗੁਰੂ ਸਾਹਿਬ ਮੁਗ਼ਲ ਜਰਨੈਲਾਂ ਦੁਆਰਾ ਕੀਤੀਆਂ ਵਧੀਕੀਆਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਸਜ਼ਾ ਦਿਵਾਉਣੀ ਚਾਹੁੰਦੇ ਸਨ ਤਾਂ ਕਿ ਬਾਦਸ਼ਾਹ ਆਪਣੇ ਤਖ਼ਤ ਦੀ ਮਾਣ-ਮਰਯਾਦਾ ਨੂੰ ਬਹਾਲ ਰੱਖਦੇ ਹੋਏ ਅੱਲਾਹ ਦੀ ਦਰਗਾਹ ਵਿਚ ਸ਼ਰਮਿੰਦਾ ਨਾ ਹੋਵੇ। ਪਰ ਫਿਰ ਵੀ ਜੇਕਰ ਬਾਦਸ਼ਾਹ ਨਿਰਪੱਖ ਹੋ ਕੇ ਗੱਲ ਨਹੀਂ ਕਰਦਾ ਅਤੇ ਆਪਣੇ ਜਰਨੈਲਾਂ ਦਾ ਪੱਖ ਪੂਰਦਾ ਹੈ ਤਾਂ ਉਹ ਵੀ ਅਧਰਮ ਅਤੇ ਅਨੈਤਿਕਤਾ ਦੇ ਰਾਹ ’ਤੇ ਵੀ ਚੱਲਦਾ ਹੈ ਤਾਂ ਇਸਲਾਮ ਅਨੁਸਾਰ ਕਿਆਮਤ ਦੇ ਦਿਨ ਅੱਲਾਹ ਇਸ ਧਰਤੀ ’ਤੇ ਆਵੇਗਾ ਅਤੇ ਉਸ ਦਿਨ ਸਭ ਮੁਰਦੇ ਉੱਠ ਖਲੋਣਗੇ, ਉਸ ਦਿਨ ਉਨ੍ਹਾਂ ਦੇ ਕਰਮਾਂ ਦੇ ਹਿਸਾਬ ਨਾਲ ਅੱਲਾਹ ਉਨ੍ਹਾਂ ਨੂੰ ਦੋਜ਼ਖ਼ ਅਤੇ ਬਹਿਸ਼ਤ ਦੇਵੇਗਾ। ਭਾਵੇਂ ਕਿ ਸਿੱਖ ਧਰਮ ਸਵਰਗ-ਨਰਕ ਵਿਚ ਵਿਸ਼ਵਾਸ ਨਹੀਂ ਰੱਖਦਾ ਫਿਰ ਵੀ ਗੁਰੂ ਸਾਹਿਬ ਔਰੰਗਜ਼ੇਬ ਨੂੰ ਇਹ ਸਭ ਗੱਲਾਂ ਉਸ ਨੂੰ ਉਸ ਦੇ ਆਪਣੇ ਧਰਮ ਇਸਲਾਮ ਮੁਤਾਬਿਕ ਅਮਲ ਕਰਨ ਨਾ ਕਰਨ ਦੀ ਭੁੱਲ ਮਹਿਸੂਸ ਕਰਾਉਣ ਵਾਸਤੇ ਲਿਖਦੇ ਹਨ। ਗੁਰੂ ਸਾਹਿਬ ਉਸ ਦਿਨ ਤਕ ਵੀ ਇੰਤਜ਼ਾਰ ਕਰਨ ਨੂੰ ਤਿਆਰ ਹਨ ਅਤੇ ਬਾਦਸ਼ਾਹ ਨੂੰ ਝੰਜੋੜਦੇ ਹੋਏ ਕਹਿੰਦੇ ਹਨ ਕਿ ਖੁਦਾ ਦੀ ਕਚਹਿਰੀ ਵਿਚ ਮੈਂ ਵੀ ਹਾਜ਼ਰ ਹੋਵਾਂਗਾ ਅਤੇ ਉਸ ਦਿਨ ਵਜ਼ੀਰ ਖਾਂ ਦੇ ਜ਼ੁਲਮਾਂ ਅਤੇ ਕੁਕਰਮਾਂ ਲਈ ਤੈਨੂੰ ਵੀ ਗਵਾਹੀ ਦੇਣੀ ਪਵੇਗੀ:

ਕਿ ਮਾ ਬਾਰਗਹਿ ਹਜ਼ਰਤ ਆਯਮ ਸ਼ੁਮਾ।
ਅਜ਼ਾਂ ਰੋਜ਼ ਬਾਸ਼ੀ ਵ ਸ਼ਾਹਿਦ ਸ਼ੁਮਾ।81।

ਪਰ ਇਸ ਸਭ ਕੁਝ ਤੋਂ ਬਚਣ ਲਈ ਬਾਦਸ਼ਾਹ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਪਰਮਾਤਮਾ ਨੂੰ ਸਰਵਉੱਚ ਮੰਨ ਕੇ ਉਸ ਦੀ ਅਧੀਨਗੀ ਕਬੂਲੇ ਅਤੇ ਮਾਨਵਤਾ ਦੇ ਰਸਤੇ ਉੱਤੇ ਚੱਲ ਕੇ ਬੇਗੁਨਾਹਾਂ ਅਤੇ ਮਾਸੂਮਾਂ ਦੇ ਹਿੱਤਾਂ ਦੀ ਰਾਖੀ ਕਰੇ। ਧਾਰਮਿਕ ਕਦਰਾਂ-ਕੀਮਤਾਂ ਜੋ ਪੈਗੰਬਰ ਦੁਆਰਾ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਜਿਨ੍ਹਾਂ ਨੂੰ ਧਰਮ-ਗ੍ਰੰਥ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ, ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਵੇ ਨਾ ਕਿ ਉਨ੍ਹਾਂ ਦੀਆਂ ਝੂਠੀਆਂ ਕਸਮਾਂ ਖਾ ਕੇ ਚਮਕੌਰ ਦੀ ਜੰਗ ਵਾਂਗ ਚਾਲੀ ਭੁੱਖੇ ਸੂਰਬੀਰਾਂ ’ਤੇ ਬਿਨਾਂ ਕਿਸੇ ਕਚਹਿਰੀ ਵਿਚ ਮੁਕੱਦਮਾ ਚਲਾਏ, ਨਾ ਕੋਈ ਵਿਸ਼ੇਸ਼ ਦੋਸ਼ ਨਿਰਧਾਰਿਤ ਕੀਤੇ ਭੁੱਖੇ ਕੁੱਤਿਆਂ ਵਾਂਗ ਭਾਰੀ ਲਸ਼ਕਰ ਸਮੇਤ ਉਨ੍ਹਾਂ ’ਤੇ ਟੁੱਟ ਪਵੇ। ਇਸ ਤਰ੍ਹਾਂ ਕਰਨਾ ਨਾ ਤਾਂ ਮਰਦਾਨਗੀ ਹੈ ਅਤੇ ਨਾ ਹੀ ਇਹ ਦੀਨ-ਧਰਮ ਦੇ ਅਨੁਕੂਲ ਹੈ। ਗੁਰੂ ਸਾਹਿਬ ਔਰੰਗਜ਼ੇਬ ਨੂੰ ਇਸੇ ਕਿਸਮ ਦਾ ਬਾਦਸ਼ਾਹ ਮੰਨਦੇ ਹਨ ਜੋ ਕਿ ਆਪਣੀ ਤਾਕਤ ਜਾਂ ਚੁਸਤੀ ਚਲਾਕੀ ਤੇ ਧੋਖੇ ਦੇ ਜ਼ੋਰ ਨਾਲ ਤਖ਼ਤ ’ਤੇ ਤਾਂ ਬੈਠਾ ਹੈ ਪਰ ਮਨੁੱਖੀ ਕਦਰਾਂ-ਕੀਮਤਾਂ ਤੋਂ ਸੱਖਣਾ ਹੈ:

ਸ਼ਾਹਨਸ਼ਾਹ ਅਉਰੰਗਜ਼ੇਬ ਆੱਲਮੀਨ।
ਕਿ ਦਾਰਾਇ ਦੌਰ ਅਸਤ ਦੂਰ ਅਸਤ ਦੀਨ।94।

ਜ਼ਫ਼ਰਨਾਮੇ ਵਿਚ ਗੁਰੂ ਸਾਹਿਬ ਬਾਦਸ਼ਾਹ ਨੂੰ ਸਪਸ਼ਟ ਕਰਦੇ ਹਨ ਕਿ ਆਪਣੇ ਦੀਨ ਦਾ ਪ੍ਰਚਾਰ ਕਰਨਾ ਮਾੜੀ ਗੱਲ ਨਹੀਂ, ਆਪਣੇ ਦੀਨ ਨੂੰ ਫੈਲਾਉਣਾ ਮਾੜਾ ਨਹੀਂ, ਪਰ ਇਹ ਸਭ ਕੁਝ ਕਰਨ ਲਈ ਤਲਵਾਰ ਦਾ ਸਹਾਰਾ ਲੈਣਾ ਕਿਸੇ ਪ੍ਰਕਾਰ ਵੀ ਠੀਕ ਨਹੀਂ। ਆਪਣੇ ਦੀਨ ਨੂੰ ਫੈਲਾਉਣਾ ਅਤੇ ਆਪਣੇ ਪੈਗੰਬਰ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਉਦੋਂ ਤਕ ਹੀ ਠੀਕ ਹੈ ਜਦੋਂ ਤਕ ਅਜਿਹਾ ਕਰਦੇ ਹੋਏ ਦੂਜੇ ਦੀਨ ਦੇ ਲੋਕਾਂ ਦਾ ਮਾਣ-ਸਤਿਕਾਰ ਵੀ ਬਹਾਲ ਰਹੇ ਭਾਵ ਜਬਰਦਸਤੀ ਆਪਣੇ ਮਜ਼ਹਬ ਦਾ ਪ੍ਰਚਾਰ ਕਰਨਾ ਵੀ ਮਾਨਵਤਾ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚਾਉਣਾ ਹੈ। ਇਸ ਲਈ ਦੀਨ ਦਾ ਪ੍ਰਚਾਰ ਕਰਨ ਸਮੇਂ ਪਰਮਾਤਮਾ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਤਾਂ ਹੀ ਸਹੀ ਅਰਥਾਂ ਵਿਚ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਸੰਭਵ ਹੋ ਸਕਦਾ ਹੈ:

ਕਿ ਈਂ ਕਾਰਿ ਨੇਕ ਅਸਤ ਦੀਂ ਪਰਵਰੀ।
ਚੁ ਯਜ਼ਦਾਂ ਸ਼ਨਾਸੀ ਬ ਜਾਂ ਬਰਤਰੀ।84।

ਗੁਰੂ ਸਾਹਿਬ ਬਾਦਸ਼ਾਹ ਨੂੰ ਸਪਸ਼ਟ ਕਰਦੇ ਹਨ ਕਿ ਅਨੈਤਿਕਤਾ ਅਤੇ ਅਧਰਮ ਦੇ ਰਾਹ ’ਤੇ ਚੱਲਣ ਵਾਲਾ ਵਿਅਕਤੀ ਕਦੇ ਵੀ ਜਿੱਤ ਹਾਸਲ ਨਹੀਂ ਕਰ ਸਕਦਾ। ਜਿੱਤ ਹਮੇਸ਼ਾਂ ਉਸੇ ਵਿਅਕਤੀ ਦੀ ਹੁੰਦੀ ਹੈ ਜੋ ਪਰਮਾਤਮਾ ਦਾ ਓਟ-ਆਸਰਾ ਲੈ ਕੇ ਨੀਤੀ ਅਤੇ ਧਰਮ ਦੇ ਰਾਹ ’ਤੇ ਚੱਲਦਾ ਹੈ। ਪਰਮਾਤਮਾ ਆਪ ਆਪਣੇ ਸੇਵਕ ਦੀ ਹਰ ਮੋੜ ’ਤੇ ਰੱਖਿਆ ਕਰਦਾ ਹੈ ਅਤੇ ਉਸ ਨੂੰ ਹਰ ਮੁਸ਼ਕਿਲ ਵਿੱਚੋਂ ਬਾਹਰ ਕੱਢਦਾ ਹੈ। ਇਸ ਲਈ ਕੀ ਹੋਇਆ ਜੇਕਰ ਤੇਰੀਆਂ ਲੱਖਾਂ ਫ਼ੌਜ ਨੇ ਧੋਖੇ ਨਾਲ ਮੇਰੇ ਕੁਝ ਭੁਝੰਗੀ ਅਤੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਪਰ ਫਿਰ ਵੀ ਉਹ ਇਨ੍ਹਾਂ ਦੇ ਜਨਮ ਦਾਤੇ (ਗੁਰੂ ਸਾਹਿਬ) ਨੂੰ ਫੜਨ ਅਤੇ ਮਾਰਨ ਵਿਚ ਅਸਫਲ ਰਹੇ ਹਨ:

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ।
ਕਿ ਬਾਕੀ ਬਿਮਾਂਦਾ ਸਤ ਪੇਚੀਦਹ ਮਾਰ।78।

ਗੁਰੂ ਸਾਹਿਬ ਦਾ ਫੌਜਾਂ ਦੇ ਬੇਮਿਸਾਲ ਘੇਰੇ ਵਿੱਚੋਂ ਬਚ ਕੇ ਨਿਕਲ ਜਾਣਾ ਹੀ ਧਰਮ ਅਤੇ ਨੈਤਿਕਤਾ ਦੀ ਜਿੱਤ ਹੈ। ਗੁਰੂ ਸਾਹਿਬ ਬਾਦਸ਼ਾਹ ਨੂੰ ਕਹਿੰਦੇ ਹਨ ਕਿ ਤੈਨੂੰ ਆਪਣੀਆਂ ਬੇਸ਼ੁਮਾਰ ਫੌਜਾਂ ਅਤੇ ਬੇਅੰਤ ਧਨ-ਦੌਲਤ ਵਿਅਕਤੀ ਨੂੰ ਅਧਰਮ ਅਤੇ ਅਨੈਤਿਕਤਾ ਦੇ ਰਾਹ ਲੈ ਜਾਂਦਾ ਹੈ ਪਰ ਪਰਮਾਤਮਾ ਦੀ ਰਜ਼ਾ ਵਿਚ ਰਹਿਣ ਵਾਲੇ ਵਿਅਕਤੀ ਧਰਮ ਅਤੇ ਨੈਤਿਕਤਾ ਤੋਂ ਜ਼ਰਾ ਜਿੰਨਾ ਵੀ ਨਹੀਂ ਥਿੜਕਦੇ। ਇਸ ਲਈ ਗੁਰੂ ਸਾਹਿਬ ਹਰ ਹਾਲਾਤ ਵਿਚ ਪਰਮਾਤਮਾ ਨੂੰ ਯਾਦ ਕਰਦੇ ਅਤੇ ਉਸੇ ’ਤੇ ਭਰੋਸਾ ਰੱਖਦੇ ਹੋਏ ਬਾਦਸ਼ਾਹ ਨੂੰ ਕਹਿੰਦੇ ਹਨ ਕਿ:

ਕਿ ਊ ਰਾ ਗ਼ਰੂਰ ਅਸਤ ਬਰ ਮੁਲਕੁ ਮਾਲ।
ਵਾ ਮਾ ਰਾ ਪਨਾਹ ਅਸਤ ਯਜ਼ਦਾਂ ਅਕਾਲ।106।

ਇਸ ਤਰ੍ਹਾਂ ਉਪਰੋਕਤ ਵਿਚਾਰਾਂ ਤੋਂ ਸਪਸ਼ਟ ਹੈ ਕਿ ਜ਼ਫ਼ਰਨਾਮਾ ਵਿਅਕਤੀ ਨੂੰ ਧਰਮ ਅਤੇ ਨੈਤਿਕਤਾ ਦੇ ਰਾਹ ’ਤੇ ਚੱਲਣ ਦਾ ਸਪਸ਼ਟ ਸੰਕੇਤ ਕਰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਨੌਵੇਂ ਗੁਰੂ ਜੀ ਨੇ ਧਰਮ ਅਤੇ ਨੈਤਿਕਤਾ ਦੇ ਰਾਹ ’ਤੇ ਚੱਲਦੇ ਹੋਏ ਆਪਣਾ ਸੀਸ ਦੇ ਦਿੱਤਾ। ਇਸੇ ਰਾਹ ’ਤੇ ਚੱਲਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਵਾਰ ਵਿਛੜ ਗਿਆ, ਪਰਵਾਰਕ ਸ਼ਹੀਦੀਆਂ ਹੋਈਆਂ, ਸਭ ਤੋਂ ਪਿਆਰੇ ਖਾਲਸੇ ਨੂੰ ਘੋਰ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ; ਪਰ ਗੁਰੂ ਸਾਹਿਬ ਇਸ ਰਾਹ ਤੋਂ ਕਦੀ ਵੀ ਨਹੀਂ ਥਿੜਕੇ। ਜ਼ਫ਼ਰਨਾਮਾ ਗੁਰੂ ਸਾਹਿਬ ਦੇ ਧਰਮ ਅਤੇ ਨੈਤਿਕਤਾ ਦੇ ਰਾਹ ’ਤੇ ਚੱਲਣ ਦਾ ਦ੍ਰਿੜ੍ਹ ਸੰਕਲਪ ਅਤੇ ਸਬੂਤ ਪੇਸ਼ ਕਰਦਾ ਹੈ।

ਗੁਰੂ ਸਾਹਿਬ ਦੁਆਰਾ ਦਰਸਾਏ ਇਸੇ ਰਸਤੇ ਨੇ ਖਾਲਸਾ ਪੰਥ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਅਤੇ ਖਾਲਸੇ ਨੇ ਆਉਣ ਵਾਲੇ ਸਮੇਂ ਵਿਚ ਅਨੇਕਾਂ ਝੱਖੜਾਂ ਅਤੇ ਜ਼ਾਲਮ ਹਨੇਰੀਆਂ ਦੇ ਸਮੇਂ ਦੌਰਾਨ ਦ੍ਰਿੜ੍ਹਤਾ ਨਾਲ ਧਰਮ ਅਤੇ ਨੀਤੀ ਦੇ ਰਸਤੇ ’ਤੇ ਚੱਲਦੇ ਹੋਏ ਸਮਾਜ ਦੀ ਅਗਵਾਈ ਕੀਤੀ। ਜ਼ਫ਼ਰਨਾਮਾ ਸਿੱਖਾਂ ਲਈ ਹਮੇਸ਼ਾਂ ਇਸੇ ਰਸਤੇ ’ਤੇ ਚੱਲਣ ਦਾ ਪ੍ਰੇਰਨਾ-ਸ੍ਰੋਤ ਬਣਿਆ ਚਲਿਆ ਆ ਰਿਹਾ ਹੈ ਅਤੇ ਬਣਿਆ ਰਹੇਗਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)