ਹਰ ਪੂਰਬ-ਪੱਛਮ ਦਾ ਵਿਦਵਾਨ ਇਹ ਜਾਣਦਾ ਹੈ ਕਿ ਹਰ ਇਕ ਬੋਲੀ ਹੁੰਦੀ ਹੀ ਸ਼ਬਦਾਵਲੀ ਅਤੇ ਵਿਆਕਰਨ ਦਾ ਜੋੜ ਹੈ, ਬੋਲੀ ਤੋਂ ਵਿਆਕਰਨ ਕੋਈ ਵੱਖਰੀ ਵਸਤੂ ਨਹੀਂ। ਜਦੋਂ ਗੁਰੂ ਸਾਹਿਬ ਨੇ ਗੁਰਬਾਣੀ ਉਚਾਰੀ ਤਾਂ ਉਹ ਵਿਆਕਰਨ ਦੇ ਅਸੂਲਾਂ ਵਿਚ ਹੀ ਬੱਧੀ ਹੋਈ ਸੀ। ਹਾਂ, ਗੁਰਬਾਣੀ ਦੀ ਵਿਆਕਰਨ ਹੋਰ ਬੋਲੀਆਂ ਦੀਆਂ ਵਿਆਕਰਨਾਂ ਤੋਂ ਵਿਸ਼ੇਸ਼ ਵਿਲੱਖਣਤਾ ਰੱਖਦੀ ਹੈ। ਉਸ ਨੂੰ ਖੋਜਣ ਤੇ ਸਮਝਣ ਨਾਲ ਹੀ ਬਾਣੀ ਨੂੰ ਠੀਕ ਸਮਝਿਆ ਜਾ ਸਕਦਾ ਹੈ।
ਵਿਆਕਰਨ ਦੇ ਕੁਝ ਅੰਗ ਹਨ:
1) ਵਚਨ: ਇਕ-ਵਚਨ, ਬਹੁ-ਵਚਨ;
2) ਲਿੰਗ: ਇਸਤਰੀ ਲਿੰਗ, ਪੁਲਿੰਗ
3) ਕਿਰਿਆ: ਭੂਤ, ਵਰਤਮਾਨ, ਭਵਿੱਖ।
ਨਾਂਵ, ਪੜਨਾਂਵ, ਵਿਸ਼ੇਸ਼ਣ ਆਦਿ ਇਹ ਸਭ ਬੋਲੀਆਂ ਵਿਚ ਆਪਣੇ-ਆਪਣੇ ਅਸੂਲਾਂ ਅਨੁਸਾਰ ਵਰਤੇ ਜਾਣ ਤਾਂ ਹੀ ਬੋਲੀ ਬਣਦੀ ਹੈ। ਅਨਪੜ੍ਹ ਮਾਂ-ਬਾਪ ਦੇ ਬੱਚੇ ਜਦੋਂ ਬੋਲਣਾ ਸਿੱਖਦੇ ਹਨ ਤਾਂ ਉਹ ਸ਼ਬਦਾਵਲੀ ਦੇ ਨਾਲ ਵਿਆਕਰਨ ਭੀ ਸਿੱਖ ਜਾਂਦੇ ਹਨ। ਬੱਚਾ ਪੁੱਛਦਾ ਹੈ, “ਮੇਰੀਆਂ ਖੇਡਾਂ ਕਿੱਥੇ ਹਨ?” ਉਹ ਨਾ ਤਾਂ ‘ਮੇਰੀ ਖੇਡਾਂ’ ਕਹਿੰਦਾ ਹੈ, ਨਾ ਹੀ ਉਹ ‘ਮੇਰੀਆਂ ਖੇਡ’ ਕਹਿੰਦਾ ਹੈ। ਉਹ ਇਹ ਵੀ ਨਹੀਂ ਕਹਿੰਦਾ ਕਿ “ਮੇਰਾ ਮੰਮੀ ਆਇਆ ਹੈ” ਜਾਂ “ਮੇਰੀ ਪਿਤਾ ਗਈ ਹੈ।” ਬੱਚੇ ਬੋਲੀ ਦੇ ਨਾਲ ਵਿਆਕਰਨ ਦੇ ਅੰਗ (ਵਚਨ ਅਤੇ ਲਿੰਗ) ਭੀ ਸਿੱਖ ਲੈਂਦੇ ਹਨ ਪਰ ਉਨ੍ਹਾਂ ਨੂੰ ਗਿਆਨ ਨਹੀਂ ਹੈ ਕਿ ਇਹ ਵਿਆਕਰਨ ਹੈ। ਇਵੇਂ ਗੁਰਬਾਣੀ ਦੀ ਭੀ ਵਿਆਕਰਨ ਹੈ ਪਰ ਹੈ ਬਹੁਤ ਵਿਲੱਖਣ, ਜੋ ਗੁਰਬਾਣੀ ਨੂੰ ਠੀਕ ਬੱਝਵੇਂ ਅਰਥ ਦਿੰਦੀ ਹੈ, ਉਦਾਹਰਨ :
ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ॥
ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ॥ (ਪੰਨਾ 965)
ਇਥੇ ‘ਆਹਰ’ ਦੇ ਤਿੰਨ ਵਿਆਕਰਨਿਕ ਰੂਪ ਹਨ ਅਤੇ ਇਸ ਦੇ ਤਿੰਨ ਅਰਥ ਹਨ:-
1) ਆਹਰ: ਬਹੁ-ਵਚਨ, ਬਹੁਤੇ ਆਹਰ।
2) ਆਹਰੁ: ਇੱਕ ਵਚਨ, ਇੱਕ ਆਹਰ।
3) ਆਹਰਿ: ਆਹਰ ਕਰਕੇ, ਆਹਰ ਦੁਆਰਾ।
ਅਰਥ :- ਮਨੁੱਖ ਹੋਰ ਤਾਂ ਬਹੁਤ ਆਹਰ ਕਰਦਾ ਹੈ, ਪਰ ਇਕ ਆਹਰ (ਪਰਮਾਤਮਾ ਦਾ ਸਿਮਰਨ) ਨਹੀਂ ਕਰਦਾ, ਜਿਸ ਆਹਰ ਕਰਕੇ ਸਾਰਾ ਜਗਤ ਉਧਰ ਸਕਦਾ ਹੈ, ਇਹ ਗਿਆਨ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੈ। ਇਵੇਂ:
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ 1)
ਨਾਨਕੁ ਨੀਚੁ ਕਹੈ ਬੀਚਾਰੁ॥ (ਪੰਨਾ 24)
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥ (ਪੰਨਾ 966)
1. ਨਾਨਕ = ਗੁਰੂ ਨਾਨਕ ਜੀ ਕਹਿ ਰਹੇ ਹਨ।
‘ਨਾਨਕ’ ਸਦਾ ਹੀ ਛੋਟਾ ਵਿਸਰਾਮ ਦੇ ਕੇ ਬੋਲਣਾ ਹੈ, ਇਸ ਨੂੰ ਅਗਲੇ-ਪਿਛਲੇ ਅੱਖਰ ਨਾਲ ਨਹੀਂ ਜੋੜਨਾ; ‘ਨਾਨਕ ਲਿਖਿਆ ਨਾਲਿ” ਇਕੱਠੀ ਤੁਕ ਨਹੀਂ ਬੋਲਣੀ; ਅਰਥ ਹੈ ਕਿ “ਵਾਹਿਗੁਰੂ ਨੇ, (ਨਾਨਕ ਨੇ ਨਹੀਂ) ਲਿਖਿਆ” ਇਸ ਲਈ ਉਚਾਰਨ ਹੈ: ਨਾਨਕ, ਲਿਖਿਆ ਨਾਲਿ।
2. ਨਾਨਕੁ : ਇਕ-ਵਚਨ ਹੈ, ਗੁਰੂ ਲਈ ਵਰਤਿਆ ਹੈ ਇਸ ਲਈ ਇਸ ਦਾ ਵਿਸ਼ੇਸ਼ਣ ਭੀ ਸ਼ਬਦ ਦੇ ਨਾਲ ਜੁੜਵਾਂ ਹੀ ਬੋਲੇਗਾ। ਨਿਮਰਤਾ ਸਹਿਤ ਆਪਣੇ ਆਪ ਨੂੰ ਨੀਵਾਂ ਦਰਸਾਉਣ ਲਈ ਜਪੁ ਜੀ ਸਾਹਿਬ ਦੀ 18ਵੀਂ ਪਉੜੀ ਵਿਚ ਗੁਰੂ ਜੀ ਆਪ ਨੂੰ ‘ਨੀਚ’ ਲਿਖਦੇ ਹਨ। ‘ਨਾਨਕੁ ਨੀਚੁ ਕਹੈ ਬੀਚਾਰੁ’। ‘ਨਾਨਕੁ ਨੀਚੁ’ ਦਾ ਇਸ ਲਈ ਉਚਾਰਨ ਇਕੱਠਾ ਕਰਨਾ ਹੈ। ਜੇ ਨਾਨਕੁ ਸ਼ਬਦ ’ਤੇ ਵਿਸ਼ਰਾਮ ਦਿੱਤਾ ਜਾਵੇ ਤਾਂ “ਨੀਚੁ ਕਹੈ ਬੀਚਾਰੁ” ਦੇ ਅਰਥ “ਘਟੀਆ ਵਿਚਾਰ, ਨੀਵੀਂ ਵਿਚਾਰ” ਗਲਤ ਹੋ ਜਾਣਗੇ।
3. ਨਾਨਕਿ = ਗੁਰੂ ਨਾਨਕ ਨੇ- ਗੁਰੂ ਨਾਨਕ ਨੇ ਰਾਜ ਚਲਾਇਆ ਹੈ।
ਹੋਰ ਵੇਖੀਏ : “ਜੇ ਇਕ ਗੁਰ ਕੀ ਸਿਖ ਸੁਣੀ” (ਜਪੁ) ਇਕ – ਇਸਤਰੀ ਲਿੰਗ ਹੈ, ਇਸ ਲਈ ਇਹ ‘ਸਿਖ, ਸਿਖਿਆ’ ਦਾ ਵਿਸ਼ੇਸ਼ਣ ਹੈ, ਉਸੇ ਨਾਲ ਜੋੜਨਾ ਹੈ। ਇਹ ਵਿਸ਼ੇਸ਼ਣ ‘ਗੁਰ’ ਦਾ ਨਹੀਂ, ਜਿਸ ਕਰਕੇ ‘ਗੁਰ’ ਦੇ ਨਾਲ ਨਹੀਂ ਜੋੜਨਾ। ਅਰਥ ਹਨ: ਗੁਰੂ ਕੀ ਇਕ ਸਿਖਿਆ ਸੁਣੀ, ‘ਇਕ ਗੁਰੂ ਕੀ ਸਿਖਿਆ’ ਅਰਥ ਨਹੀਂ ਬਣਦੇ। ਇਵੇਂ –
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ॥ (ਪੰਨਾ 400)
ਮਨੁ- ਇਕ-ਵਚਨ ਪੁਲਿੰਗ ਹੈ; ਇਹ ‘ਸੁੰਦਰਿ’ (ਇਸਤਰੀ ਲਿੰਗ) ਨਾਲ ਨਹੀਂ ਜੁੜਦਾ। ‘ਸੁੰਦਰਿ’ ਜੋ ਸੁੰਦਰੀ ਸ਼ਬਦ ਤੋਂ ਰੂਪ ਬਦਲ ਕੇ ਤਾਲ ਪੂਰਾ ਰੱਖਣ ਲਈ ਕੀਤਾ ਗਿਆ ਹੈ, ਇਸਤਰੀ ਲਿੰਗ ਹੈ। ਇਸ ਲਈ ਠੀਕ ਅਰਥ ਵਿਆਕਰਨ ਦੇ ਆਧਾਰ ’ਤੇ ਇਹ ਬਣਦੇ ਹਨ, “ਹੇ ਸੁੰਦਰੀ! ਇਹ ਆਪਣਾ ਮਨ ਨਾਮ ਦੇ ਮਜੀਠੈ (ਰੰਗ) ਵਿਚ ਰੰਗਿ (ਕਿਰਿਆ) ਲੈ”। ਵਿਆਕਰਨ, ਚਾਹੇ ਸਾਧਾਰਨ ਪੰਜਾਬੀ ਹੈ, ਚਾਹੇ ਗੁਰਬਾਣੀ, ਬੋਲੀ ਦਾ ਅਨਿੱਖੜਵਾਂ ਅੰਗ ਹੈ। ਵਿਆਕਰਨ ਤੋਂ ਬਿਨਾਂ ਬਾਣੀ ਦਾ ਨਾ ਤਾਂ ਸ਼ੁੱਧ ਪਾਠ ਹੋ ਸਕਦਾ ਹੈ ਅਤੇ ਨਾ ਹੀ ਸ਼ੁੱਧ ਅਰਥ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ