ਪੰਜਾਬ ਦੀ ਪਾਕ-ਪਵਿੱਤਰ ਧਰਤੀ ਨੇ ਕਈ ਅਜਿਹੇ ਵਿਦਵਾਨ ਕੀਰਤਨੀਏਂ ਪੈਦਾ ਕੀਤੇ ਹਨ, ਜਿਨ੍ਹਾਂ ਦਾ ਆਪਣੇ ਅੰਗ ਅੰਦਾਜ਼ ਵਿਚ ਕੋਈ ਮੁਕਾਬਲਾ ਹੀ ਨਹੀਂ ਸੀ। ਕੁਦਰਤ ਨੇ ਕਿਸੇ ਵਿਚ ਕੋਈ ਸਿਫ਼ਤ ਭਰੀ ਹੋਈ ਸੀ ਅਤੇ ਕਿਸੇ ਵਿਚ ਕੋਈ। ਇਸ ਪ੍ਰਸੰਗ ਵਿਚ ਭਾਵੇਂ ਕਿ ਉੱਚ-ਕੋਟੀ ਦੇ ਕਈ ਵਿਦਵਾਨ ਕੀਰਤਨੀਏਂ ਆ ਜਾਂਦੇ ਹਨ, ਪਰ ਥਾਂ ਦੀ ਥੁੜ੍ਹ ਕਾਰਨ, ਇਸ ਲੇਖ ਵਿਚ ਅਸੀਂ ਕੇਵਲ ਕੁਝ ਕੁ ਚੋਣਵੇਂ ‘ਹੀਰੇ’ ‘ਲਾਲਾਂ’ ਦਾ ਜ਼ਿਕਰ ਹੀ ਕਰ ਸਕਾਂਗੇ। ਸਭ ਤੋਂ ਪਹਿਲੇ ਅਸੀਂ ਅਸਲੋਂ ਹੀ ‘ਹੀਰੇ’ ਭਾਈ ਹੀਰਾ ਸਿੰਘ ਰਾਗੀ ਦੇ ਜੀਵਨ-ਬ੍ਰਿਤਾਂਤ ’ਤੇ ਚਾਨਣਾ ਪਾਵਾਂਗੇ।
ਜ਼ਿਲ੍ਹਾ ਸਰਗੋਧਾ ਵਿਚ ਪੱਛਮੀ ਪੰਜਾਬ ਦੇ ਝੰਗ ਸ਼ਾਹਪੁਰ ਦੀ ਹੱਦ ਦੇ ਨੇੜੇ ਇਕ ਛੋਟਾ ਜਿਹਾ ਪਿੰਡ ‘ਫਰੂਕਾ’ ਕਦੇ ਕਿਸੇ ਫਰੂਕਾ ਨਾਂ ਦੇ ਇਕ ਮੁਸਲਮਾਨ ਵਿਅਕਤੀ ਨੇ ਵਸਾਇਆ ਸੀ ਜਿਸ ਕਰਕੇ ਉਸ ਦਾ ਇੰਞ ਨਾਮਕਰਨ ਕੀਤਾ ਗਿਆ ਸੀ। ਉਸ ਪਿੰਡ ਵਿਚ ਇਕ ਗੁਰਸਿੱਖ ਸੱਜਣ ਰਹਿੰਦੇ ਸਨ ਜਿਨ੍ਹਾਂ ਦਾ ਨਾਂ ਭਾਈ ਭਾਗ ਸਿੰਘ (1844-1947) ਸੀ। ਉਹ ਇਕ ਤਕੜੇ ਕੀਰਤਨੀਏਂ ਸਨ। ਤਾਊਸ ਦੀਆਂ ਤਰਬਾਂ ਛੇੜਦੇ ਤਾਂ ਦਿਲ ਹਿਲਾ ਦਿੰਦੇ।
ਅਕਾਲ ਪੁਰਖ ਦੀ ਕਿਰਪਾ ਸਦਕਾ ਭਾਈ ਭਾਗ ਸਿੰਘ ਦੇ ਘਰ 1879 ਈ. ਵਿਚ ਇਕ ਬਾਲ ਨੇ ਜਨਮ ਲਿਆ ਜਿਸ ਦਾ ਨਾਂ ਹੀਰਾ ਸਿੰਘ ਰੱਖਿਆ ਗਿਆ। ਜਨਮ ਉਪਰੰਤ ਆਪ ਨੇ ਪਿਤਾ-ਪੁਰਖੀ ਤਾਲੀਮ ਤਾਂ ਲੈਣੀ ਹੀ ਸੀ, ਨਾਲ ਲੱਗਦਾ ਹਸਨੇ ਨਾਮੀ ਇਕ ਰਬਾਬੀ ਦੇ ਵੀ ਸ਼ਾਗਿਰਦ ਹੋ ਗਏ। ਉਸ ਪਿੱਛੋਂ ਆਪ ਨੇ ਅੰਮ੍ਰਿਤਸਰ ਆ ਕੇ ਇਥੋਂ ਦੇ ਇਕ ਮਹੰਤ ਤਖ਼ਤ ਸਿੰਘ ਪਾਸੋਂ ਹਰਮੋਨੀਅਮ ’ਤੇ ਕੀਰਤਨ ਕਰਨਾ ਸਿੱਖਿਆ। ਇਨ੍ਹਾਂ ਦੇ ਖਾਨਦਾਨ ਦਾ ਕਿਉਂਕਿ ਸੁਪ੍ਰਸਿੱਧ ਸਾਹਿਤਕਾਰ ਭਾਈ ਵੀਰ ਸਿੰਘ ਜੀ ਦੇ ਖ਼ਾਨਦਾਨ ਨਾਲ ਪਰਵਾਰਕ ਪਿਆਰ ਸੀ, ਇਸ ਲਈ ਆਪ ਦੇ ਪਿਤਾ 1897 ਈ. ਵਿਚ ਜਦੋਂ ਆਪ ਵੀ ਅੰਮ੍ਰਿਤਸਰ ਆ ਗਏ ਤਾਂ ਇਨ੍ਹਾਂ ਰਲ ਕੇ ਕੀਰਤਨੀ ਜਥਾ ਬਣਾ ਲਿਆ। ਜਿਹੜਾ ਪਿੱਛੋਂ ਭਾਈ ਹੀਰਾ ਸਿੰਘ ਭਾਈ ਭਾਗ ਸਿੰਘ ਦਾ ਜਥਾ ਅਖਵਾਉਂਦਾ ਰਿਹਾ। ਉਦੋਂ ਆਪ ਚੌਂਕ ਕਰੋੜੀ ਮੱਲ ਵਿਖੇ ਰਿਹਾ ਕਰਦੇ ਸਨ।
ਗੁਰੂ ਕੀ ਨਗਰੀ ਰਹਿੰਦਿਆਂ, ਆਪ ਦੇ ਆਰੰਭਕ ਜੀਵਨ ਬਾਰੇ ਲਿਖਦਿਆਂ ਗਿਆਨੀ ਮਹਾਂ ਸਿੰਘ ਕੁਝ ਇਸ ਤਰ੍ਹਾਂ ਲਿਖਦੇ ਹਨ, “ਆਪ ਅਜੇ ਕੁਮਾਰ-ਅਵਸਥਾ ਵਿਚ ਹੀ ਸਨ ਕਿ ਅੰਮ੍ਰਿਤਸਰ ਆ ਗਏ। ਖਾਲਸਾ ਟ੍ਰੈਕਟ ਸੁਸਾਇਟੀ ਵਿਚ ਇਕ ਤਤਕਰੇ ਲਈ ਸੇਵਾ ਅਖ਼ਤਯਾਰ ਕਰ ਕੇ ਆਪਣਾ ਜੀਵਨ ਆਰੰਭਿਆ। ਇਹ ਵੀ ਸੁਣਿਆ ਹੈ ਕਿ ਕੁਝ ਸਮਾਂ ਆਪ ਨੇ ਵਜ਼ੀਰ ਹਿੰਦ ਪ੍ਰੈਸ ਵਿਚ ਕੰਪੋਜ਼ੀਟਰੀ ਦਾ ਕੰਮ ਵੀ ਸਿੱਖਿਆ।
ਆਪ ਨੇ ਕੀਰਤਨ ਕਰਨਾ ਤਾਂ ਅਨੇਕ ਉਸਤਾਦਾਂ ਕੋਲੋਂ ਸਿੱਖਿਆ, ਸਿੱਖ ਇਤਿਹਾਸ ਦੇ ਅਧਿਐਨ ਤੋਂ ਛੁਟ, ਉਰਦੂ-ਫ਼ਾਰਸੀ ਸਾਹਿਤ ਦਾ ਵੀ ਰੱਜਵਾਂ ਮੁਤਾਲਿਆ ਕੀਤਾ। ਸ਼ਾਸਤਰੀ ਸੰਗੀਤ ਦਾ ਭਰਵਾਂ ਅਧਿਐਨ ਸੀ, ਇਸ ਲਈ ਬਹੁਤਾ ਕਰਕੇ ਕਲਾਸੀਕਲ ਹੀ ਗਾਉਂਦੇ। ਪਰ ਕਦੇ-ਕਦੇ ਆਪਣੀ ਗੱਲ ਸਮਝਾਉਣ ਲਈ, ਸਰੋਤਿਆਂ ਨੂੰ ਮੁੱਖ ਰੱਖਦਿਆਂ ਸਿੱਧੀਆਂ ਧਾਰਨਾ ’ਤੇ ਵੀ ਆ ਜਾਂਦੇ ਅਤੇ ਕਦੇ-ਕਦੇ ਜੋਟੀਆਂ ਵਿਚ ਵੀ ਕੀਰਤਨ ਕਰਦੇ- ਭਾਵ ਕਿ ਇਕ ਤੁਕ ਪਹਿਲਾਂ ਆਪ ਗਾਉਂਦੇ ਤੇ ਫਿਰ ਉਹੀ ਤੁਕ ਸਰੋਤਿਆਂ ਕੋਲੋਂ ਗਵਾਉਂਦੇ। ਹੁਣ ਤਕ ਦੇ ਰਾਗੀ ਕੀਰਤਨ ਕਰਦਿਆਂ ਗੁਰਬਾਣੀ ਦੇ ਪ੍ਰਮਾਣ ਹੀ ਦਿੰਦੇ ਸਨ, ਪਰ ਦੱਸਿਆ ਜਾਂਦਾ ਹੈ ਕਿ ਭਾਈ ਸਾਹਿਬ ਪਹਿਲੇ ਕੀਰਤਨੀਏਂ ਸਨ, ਜਿਨ੍ਹਾਂ ਨੇ ਕੀਰਤਨ ਵਿਚ ਸਾਖੀ ਸੁਣਾਉਣ ਦਾ ਕੰਮ ਸ਼ੁਰੂ ਕੀਤਾ। ਸਾਡੇ ਪਿਤਾ ਜੀ, ਭਾਈ ਸੁੰਦਰ ਸਿੰਘ ਜਿਨ੍ਹਾਂ ਨੇ ਉਨ੍ਹਾਂ ਨੂੰ ਪਹਿਲਾਂ ਐਬਟਾਬਾਦ ਅਤੇ ਫਿਰ ਕੋਇਟੇ, ਉਨ੍ਹਾਂ ਦੀ ਆਖਰੀ ਉਮਰੇ ਸੁਣਿਆ, ਦੱਸਦੇ ਹੁੰਦੇ ਸਨ ਕਿ ਵਿਆਖਿਆ ਕਰਨ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਨ੍ਹਾਂ ਦਾ ਆਪਣਾ ਜੀਵਨ ਬਹੁਤ ਉੱਚਾ-ਸੁੱਚਾ ਸੀ ਅਤੇ ਉਨ੍ਹਾਂ ਦੀ ਜ਼ਬਾਨ ਵਿਚ ਇੰਨਾ ਰਸ ਅਤੇ ਜਾਦੂ ਸੀ ਕਿ ਉਹ ਪੱਥਰ ਤੋਂ ਪੱਥਰ ਦਿਲਾਂ ਨੂੰ ਵੀ ਮੋਮ ਬਣਾ ਦੇਣ ਦੀ ਸਮਰੱਥਾ ਰੱਖਦੇ ਸਨ। ਖਿਆਲ ਕੀਤਾ ਜਾਂਦਾ ਹੈ ਕਿ ਇਸ ਸਦੀ ਵਿਚ ਓਡਾ ਵੱਡਾ ਕੋਈ ਵਿਆਖਿਆਕਾਰ ਖ਼ਬਰੇ ਅਜੇ ਤਕ ਪੈਦਾ ਨਹੀਂ ਹੋਇਆ। ਕੀਰਤਨ ਪਿੱਛੋਂ ਆਪ ਦੀ ਵਿਆਖਿਆ ਇੰਨੀ ਸ਼ਕਤੀਸ਼ਾਲੀ ਹੁੰਦੀ ਸੀ ਕਿ ਸਰੋਤਿਆਂ ਨੂੰ ਆਪਣੇ ਰੋੜ੍ਹ ਵਿਚ ਵਹਾ ਕੇ ਲੈ ਜਾਂਦੀ ਹੁੰਦੀ ਸੀ। ਗੁਰਬਾਣੀ ਵਿਆਕਰਣ ਦੇ ਮਹਾਂ-ਵਿਦਵਾਨ ਭਾਈ ਸਾਹਿਬ ਸਿੰਘ 1913 ਵਿਚ ਉਚੇਰੀ ਵਿੱਦਿਆ ਲਈ ਗਵਰਨਮੈਂਟ ਕਾਲਜ ਲਾਹੌਰ ਵਿਚ ਦਾਖ਼ਲ ਹੋਏ ਸਨ। ਗੁਰਦੁਆਰਾ ਡੇਹਰਾ ਸਾਹਿਬ ਵਿਚ ਭਾਈ ਸਾਹਿਬ ਦਾ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਕੀਰਤਨ ਸੁਣਿਆ ਤਾਂ ਆਪ ਬਹੁਤ ਪ੍ਰਭਾਵਿਤ ਹੋਏ ਸਨ। ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਮੇਟਦਿਆਂ ਆਪਣੇ ਤਾਸਰਾਤ ਫਿਰ ਉਨ੍ਹਾਂ ਇਨ੍ਹਾਂ ਸ਼ਬਦਾਂ ਰਾਹੀਂ ਅੰਕਿਤ ਕੀਤੇ ਸਨ, “ਭਾਈ ਹੀਰਾ ਸਿੰਘ ਜੀ ਜਿਸ ਵੇਲੇ ਕੀਰਤਨ ਵਿਚ ਕੋਈ ਸਾਖੀ ਸੁਣਾਉਂਦੇ ਸਨ ਤਾਂ ਸੁਣਨ ਵਾਲੇ ਲੱਟੂ ਹੋ ਜਾਂਦੇ ਸਨ। ਵੈਰਾਗ ਦੀ ਕਾਂਗ ਚਲ ਪੈਂਦੀ ਸੀ। ਉਨ੍ਹਾਂ ਦੀ ਜ਼ੁਬਾਨ ਦੀ ਮਿਠਾਸ, ਉਨ੍ਹਾਂ ਦਾ ਸਾਖੀ ਸੁਣਾਉਣ ਦਾ ਢੰਗ, ਬਸ ਕਮਾਲ ਹੀ ਹੋ ਜਾਂਦੀ ਸੀ। ਕੋਈ ਸ੍ਰੋਤਾ ਸੁਣਨ ਤੋਂ ਪਹਿਲਾਂ ਦੀਵਾਨ ਵਿੱਚੋਂ ਨਹੀਂ ਸੀ ਹਿੱਲ ਸਕਦਾ।
ਗੁਜਰਾਂਵਾਲਾ ਵਿਖੇ 1908 ਈ. ਵਿਚ ਹੋਈ ਪਹਿਲੀ ਸਿੱਖ ਐਜੂਕੇਸ਼ਨਲ ਕਾਨਫਰੰਸ ਤੋਂ ਲੈ ਕੇ 1926 ਵਿਚ ਹੋਈ ਸਤਾਰ੍ਹਵੀਂ ਕਾਨਫਰੰਸ ਤਕ, ਉਹ ਆਪਣੀਆਂ ਨਿਸ਼ਕਾਮ ਸੇਵਾਵਾਂ ਪੰਥ ਨੂੰ ਅਰਪਿਤ ਕਰਦੇ ਰਹੇ। ਅਜਿਹੇ ਵੱਡੇ ਇਕੱਠਾਂ ਸਮੇਂ ਸਿੱਖੀ ਦੇ ਅਨੇਕ ਨੇਕ ਕਾਰਜਾਂ ਲਈ ਜਦ ਹੀ ਉਹ ਅਪੀਲ ਕਰਦੇ, ਸੰਗਤਾਂ ਉਨ੍ਹਾਂ ਸਾਹਮਣੇ ਚਾਂਦੀ ਦੇ ਰੁਪਿਆਂ ਦੇ ਢੇਰ ਲਾ ਦਿੰਦੀਆਂ ਸਨ। ਅਠਵੀਂ ਕਾਨਫਰੰਸ ਸਮੇਂ, ਜਿਹੜੀ ਫਿਰੋਜ਼ਪੁਰ ਹੋਈ ਸੀ, ਭਾਈ ਸਾਹਿਬ ਦੀ ਅਪੀਲ ’ਤੇ ਕੁਝ ਰਕਮ ਦਾ ਅਟਾ-ਸਟਾ ਅੱਸੀ ਹਜ਼ਾਰ ਦੇ ਕਰੀਬ ਸੀ।
ਉਨ੍ਹਾਂ ਦੀ ਰਸਨਾ ਦੀ ਅਜਿਹੀ ਮਿਕਨਾਤੀਸੀ ਤਾਕਤ ਨੂੰ ਸ੍ਰੀਮਤੀ ਬੀਬੀ ਹਰਨਾਮ ਕੌਰ ਸਪੁੱਤਰੀ ਸ. ਜੀਵਨ ਸਿੰਘ ਮਾਲਕ ਖਾਲਸਾ ਸੇਵਕ ਅੰਮ੍ਰਿਤਸਰ, ਜਿਹੜੀ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਸਪੁੱਤਰ ਭਾਈ ਭਗਵੰਤ ਸਿੰਘ ਉਰਫ਼ ਹਰੀ ਜੀ ਨਾਲ 9 ਦਸੰਬਰ 1915 ਨੂੰ ਵਿਆਹੀ ਗਈ ਸੀ, ਆਪਣੀ ਇਕ ਕਵਿਤਾ ਰਾਹੀਂ ਕੁਝ ਅਜਿਹੇ ਸ਼ਿਅਰਾਂ ਨਾਲ ਬਿਆਨ ਕਰਦੀ ਹੈ:-
ਕਿਹੜਾ ਕੱਢੂ ਮਾਯਾ ਡੂੰਘੇ ਖੂਹ ਰੂਪੀ ਜੇਬਾਂ ਵਿੱਚੋਂ,
ਹੁਣ ਜਦੋਂ ਜੁੜੇਗਾ ਗਰੀਬ ਤੇ ਅਮੀਰ ਜੀ?
ਇਕ ਗੱਲੇ ਨਹੀਂ ਗੱਲ ਗੱਲ ਵਿਚ ਲੋੜ ਥੋਡੀ,
ਸਿੱਖ ਕੌਮ ਤਾਈਂ ਰਾਗੀ ਹੀਰਾ ਸਿੰਘ ਵੀਰ ਜੀ।
ਗੱਫਿਆਂ ਦੇ ਹਿੱਤ ਪਿਆਰੀ ਕੌਮ ਅੱਗੇ ਝੋਲੀ ਅੱਡ,
ਕੂਕੂ ਕੌਣ ਤੁਸਾਂ ਵਾਂਗੂੰ ਪ੍ਰੇਮ ਨਾਅਰੇ ਮਾਰ ਕੇ?
ਆਪ ਦੀ ਆਵਾਜ਼ ਦੀ ਸੀ ਖਿੱਚ ਰਾਣੀ ਮਾਯਾ ਤਾਈਂ,
ਛਣ ਛਣ ਆਂਵਦੀ ਸੀ ਚਾਂਦੀ ਰੂਪ ਧਾਰ ਕੇ।
ਵਿਸਮਾਦੀ ਹਾਲਤ ਵਿਚ ਕੁਝ ਸ੍ਰੋਤੇ ਉਨ੍ਹਾਂ ਨੂੰ ਇਕ ਫਰਿਸ਼ਤਾ ਆਖਣ ਤਕ ਜਾਂਦੇ। ਸਿੱਖ ਸਰੋਤਿਆਂ ਨੇ ਤਾਂ ਉਨ੍ਹਾਂ ’ਤੇ ਲੱਟੂ ਹੋਣਾ ਹੀ ਹੁੰਦਾ ਸੀ, ਉਨ੍ਹਾਂ ਨੂੰ ਸੁਣ ਕੇ ਕਈ ਮੁਸਲਮਾਨ ਸ੍ਰੋਤੇ ਵੀ ਓਨੇ ਹੀ ਮੁਤਾਸਰ ਹੁੰਦੇ ਸਨ। ਮਹਾਂ ਸਿੰਘ ਗਿਆਨੀ ਅਜਿਹੀ ਘਟੀ ਇਕ ਘਟਨਾ ਨੂੰ ਆਪਣੀ ਇਕ ਕਿਰਤ ਵਿਚ ਇੰਞ ਅੰਕਿਤ ਕਰਦੇ ਹਨ, “ਇਕ ਮੁਸਲਮਾਨ ਜ਼ੈਲਦਾਰ, ਜੋ ਭਾਈ ਹੀਰਾ ਸਿੰਘ ਦਾ ਵਿਖਿਆਨ ਸੁਣ ਰਿਹਾ ਸੀ , ਉਹ ‘ਸੁਬਹਾਨ ਅੱਲਾ! ਸੁਬਹਾਨ ਅੱਲਾ, ਵਾਹ ਭਾਈ ਹੀਰਾ ਸਿੰਘ!’ ਆਖਦਾ ਤੇ ਰੋਂਦਾ ਰਿਹਾ। ਦੀਵਾਨ ਦੀ ਸਮਾਪਤੀ ਪਿੱਛੋਂ ਉਹ ਭਾਈ ਹੀਰਾ ਸਿੰਘ ਜੀ ਨੂੰ ਮਿਲਿਆ ਤੇ ਕਹਿਣ ਲੱਗਾ, “ਭਾਈ ਹੀਰਾ ਸਿੰਘਾ! ਅੱਜ ਦਿਲ ਕਰਦਾ ਹੈ ਗਲ ਖਫਨੀ ਪਾਵਾਂ ਤੇ ਫਕੀਰ ਬਣ ਕੇ ਨਿਕਲ ਜਾਵਾਂ, ਦੁਨੀਆਂ ਵਾਕਈ ਫਾਨੀ ਹੈ, ਮੈਂ ਫਿਦਾ ਹੋ ਗਿਆ ਹਾਂ ਤੇਰੇ ਲਫਜ਼ਾਂ ਉੱਪਰ, ਉਏ ਰੱਬ ਦਿਆ ਬੰਦਿਆ! ਤੂੰ ਭਾਗ ਸਿੰਘ ਦਾ ਪੁੱਤਰ ਤੇ ਫਿਰੂਕਿਆਂ ਦਾ ਬੰਦਾ ਹੈਂ। ਤੋਬਾ ਤੋਬਾ, ਨਹੀਂ, ਅੱਲਾ ਨੇ ਤਾਂ ਤੂੰ ਕੋਈ ਫਰਿਸ਼ਤਾ ਘੱਲਿਆ ਹੈਂ।”
ਵਿਆਖਿਆ ਕਰਨ ਵਿਚ ਤਾਂ ਉਹ ਲਾਸਾਨੀ ਸਨ ਹੀ, ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹ ਕੀਰਤਨ ਕਿਹੋ ਜਿਹਾ ਕਰਦੇ ਸਨ? ਵੀਹਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਵਿਚ ਭਾਵੇਂ ਕਿ ਸਾਡੇ ਕਈ ਰਾਗੀ ਰਬਾਬੀ ਜਿਵੇਂ ਕਿ ਭਾਈ ਪ੍ਰਤਾਪ ਸਿੰਘ, ਭਾਈ ਉੱਤਮ ਸਿੰਘ, ਭਾਈ ਸਾਈਂ ਦਿੱਤਾ ਜੀ ਆਦਿ ਵਰਗੇ ਕੀਰਤਨੀਏਂ ਆਪਣੀਆਂ ਆਵਾਜ਼ਾਂ ਵਿਚ ਕੁਝ ਤਵੇ ਭਰਵਾ ਚੁੱਕੇ ਸਨ। ਰੱਬ ਜਾਣੇ ਭਾਈ ਸਾਹਿਬ ਅਜਿਹਾ ਕਿਉਂ ਨਾ ਕਰਵਾ ਸਕੇ! ਉਨ੍ਹਾਂ ਦੀ ਆਵਾਜ਼ ਕਦੇ ਕਿਧਰੇ ਭਰੀ ਵੀ ਗਈ ਜਾਂ ਨਹੀਂ, ਅਜਿਹਾ ਕਦੇ ਵੇਖਣ-ਸੁਣਨ ਵਿਚ ਨਹੀਂ ਆਇਆ। ਸੋ ਇਨ੍ਹਾਂ ਹਾਲਤਾਂ ’ਚ ਇਸ ਸਵਾਲ ਦਾ ਸਹੀ ਉੱਤਰ ਦੇਣਾ ਤਾਂ ਬੜਾ ਮੁਸ਼ਕਲ ਹੈ, ਪਰ ਹਾਂ ਸਮਕਾਲੀ ਪਰਚਿਆਂ ਵਿਚ ਇਸ ਵਿਸ਼ੇ ਬਾਰੇ ਜਿਹੜਾ ਥੋੜ੍ਹਾ-ਬਹੁਤਾ ਛਪਿਆ ਮਿਲਦਾ ਹੈ, ਉਸ ਤੋਂ ਅਸੀਂ ਕੁਝ ਅੰਦਾਜ਼ਾ ਜ਼ਰੂਰ ਲਾ ਸਕਦੇ ਹਾਂ। ਉਨ੍ਹਾਂ ਬਾਰੇ ਇਕ ਲੇਖ ਲਿਖਦਿਆਂ ਇਕ ਵਾਰ ਦਿੱਲੀ ਦੇ ਪ੍ਰਸਿੱਧ ਠੇਕੇਦਾਰ ਭਾਈ ਰਾਇ ਬਹਾਦਰ ਬਿਸਾਖਾ ਸਿੰਘ ਨੇ ਕੁਝ ਅਜਿਹਾ ਲਿਖਿਆ ਸੀ, “ਸੰਨ 1898 ਵਿਚ ਪਹਿਲੀ ਵਾਰ ਮੈਂ ਉਨ੍ਹਾਂ ਦਾ ਕੀਰਤਨ ਸੁਣਿਆ ਸੀ ਜਦ ਉਹ ਯੁਵਾ ਅਵਸਥਾ ਵਿਚ ਇਕ ਸ਼ਾਦੀ ’ਤੇ ਅੰਮ੍ਰਿਤਸਰੋਂ ਪਿੰਡ ਛੱਜਲਵੱਢੀ ਗਏ ਸਨ। ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਜੋ ਕੀਰਤਨ ਉਨ੍ਹਾਂ ਨੇ ਕੀਤਾ ਸੀ, ਸਾਰੇ ਸ੍ਰੋਤੇ ਅਤੀ ਪ੍ਰਭਾਵਤ ਹੋਏ। ਇਸ ਤੋਂ ਬਾਅਦ ਜਦ ਉਹ ਤਰਨ ਤਾਰਨ ਮੱਸਿਆ ’ਤੇ ਕੀਰਤਨ ਕਰਦੇ ਤਾਂ ਲੋਕ ਭਾਰੀ ਗਿਣਤੀ ਵਿਚ ਖਿੱਚੇ ਚਲੇ ਆਉਂਦੇ ਸਨ।”
ਉਨ੍ਹਾਂ ਦੇ ਇਕ ਸਮਕਾਲੀ ਰਾਗੀ ਜਿਹੜੇ ਉਨ੍ਹਾਂ ਦੇ ਨਿਕਟਵਰਤੀ ਵੀ ਰਹੇ, ਉਨ੍ਹਾਂ ਦੇ ਕੀਰਤਨ ਬਾਰੇ ਉਨ੍ਹਾਂ ਦੇ ਵਿਚਾਰ ਖ਼ਬਰੇ ਹੋਰ ਵੀ ਵਧੇਰੇ ਮਹੱਤਤਾ ਰੱਖਦੇ ਸਨ! ਮੇਜਰ ਬਲਵੰਤ ਸਿੰਘ ਉਨ੍ਹਾਂ ਦਾ ਉਤਾਰਾ ਆਪਣੀ ਕਿਤਾਬ ਵਿਚ ਇਨ੍ਹਾਂ ਸ਼ਬਦਾਂ ਰਾਹੀਂ ਲਾਹੁੰਦੇ ਹਨ, “…ਗਲਾ ਬਾਪੂ (ਭਾਗ ਸਿੰਘ) ਜੀ ਦਾ ਬਹੁਤ ਉੱਚਾ ਤੇ ਰਸੀਲਾ ਸੀ, ਪਰ ਭਾਈ ਹੀਰਾ ਸਿੰਘ ਦੇ ਗਲੇ ਵਿਚ ਤਾਂ ਅੰਮ੍ਰਿਤ ਸਿੰਚਿਆ ਹੋਇਆ ਸੀ। ਡਾਢਾ ਮਿੱਠਾ ਸ਼ੀਰੀਂ ਵਾਲਾ ਸੀ। ਜਿਵੇਂ ਕਸ਼ਮੀਰ ਵਿਚ ਚਸ਼ਮੇ ਹਨ ਅਨੰਤ ਨਾਗ, ਵੈਰੀ ਨਾਗ, ਕੁੱਕੜ ਨਾਗ ਐਦਾਂ ਅਗੰਮ ਦਾ ਉਮਾਹ ਸੀ।”
ਸਿੱਖ-ਪੰਥ ਨੂੰ ਆਪ ਦੀ ਦੇਣ ਬੜੀ ਅਦੁੱਤੀ ਹੈ। ਓੜਕ ਪੰਥ ਦਾ ਇਹ ਅਮੋਲਕ ਹੀਰਾ 2 ਸਤੰਬਰ 1926 ਨੂੰ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ। ਉਨ੍ਹਾਂ ਦੇ ਚਲਾਣੇ ’ਤੇ ਜਿੱਥੇ ਭਾਈ ਵੀਰ ਸਿੰਘ ਜੀ ਨੇ ਲੇਖ ਲਿਖੇ, ਓਥੇ ਸਿੱਖ ਮਿਸ਼ਨਰੀ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਚਾਰਕ ਗਿਆਨੀ ਦੀਵਾਨ ਸਿੰਘ ਨੇ ਉਨ੍ਹਾਂ ਨੂੰ ਇਨ੍ਹਾਂ ਸ਼ਬਦਾਂ ਨਾਲ ਸ਼ਰਧਾਂਜਲੀ ਦਿੱਤੀ, “ਪੰਥ ਦਾ ਕੋਹਿਨੂਰ ਹੀਰਾ ਅਲੋਪ ਹੋ ਗਿਆ!” ਪ੍ਰੋ. ਪੂਰਨ ਸਿੰਘ ਨੇ ਉਨ੍ਹਾਂ ਬਾਰੇ ਉਦੋਂ ਕੁਝ ਲੰਮੀਆਂ ਨਜ਼ਮਾਂ ਵੀ ਲਿਖੀਆਂ ਸਨ:
ਪੱਥਰ ਮੋਮ ਕਰਨੇ ਆਵਾਜ਼ ਨਾਲ,
ਦਿਲ ਛਪਾਣਾ ਆਪਣਾ ਤੇ ਦਿਲ ਹਿਲਾਣਾ ਸੰਸਾਰ ਦਾ,
ਕੀਰਤਨ ਤੇਰਾ ਚੀਰਦੀ ਦਿਲ ਦੀ ਅਕਲ,
ਵਸਾਂਦੀ ਬੀਆਬਾਨ ਨੂੰ, ਜਾਂਦੀ ਅਨੰਤ ਨੂੰ,
ਗਾਉਂਦੀ ਨਾਉਂ ਅਰਸ਼ੀ ਸਰਕਾਰ ਦਾ।
ਸਤਾਰ ਸਰੀਰ ਵਾਲੀ ਟੁੱਟੀ ਢਾਡੀ ਗੁਰੂ ਪਿਆਰੇ ਦੀ
ਪਰ ਗੀਤ ਫੈਲੇ ਅੱਜ ਦਿਲਾਂ ਦੇ ਸੰਸਾਰ ਵਿਚ।
ਇਹੋ ਹੀ ਹਾਲ ਪੰਥ-ਰਤਨ ਭਾਈ ਜਵਾਲਾ ਸਿੰਘ ਜੀ ਦਾ ਸੀ, ਜਿਹੜੇ ਕਿ ਉਮਰ ਵਿਚ ਆਪ ਨਾਲੋਂ ਸੱਤ ਕੁ ਸਾਲ ਵੱਡੇ ਸਨ। ਉਹ ਵਾਹਦ ਵਿਅਕਤੀ ਸਨ ਜਿਨ੍ਹਾਂ ਨੇ ਇਕ ਵਾਰ ਸ਼ਬਦ ਗਾਇਨ ਮੁਕਾਬਲੇ ਵਿਚ ਪ੍ਰਸਿੱਧ ਰਬਾਬੀ ਭਾਈ ਮੋਤੀ ਵਰਗੇ ਸੁੱਚੇ ਮੋਤੀ ਨੂੰ ਵੀ ਮਾਤ ਪਾ ਦਿੱਤਾ ਸੀ। ਮੁਕਾਬਲੇ ਪਿੱਛੋਂ ਭਾਈ ਸਾਹਿਬ ਬਾਰੇ ਭਾਈ ਮੋਤੀ ਦੇ ਇਹ ਸ਼ਬਦ ਸਨ, “ਭਾਈ ਜਵਾਲਾ ਸਿੰਘ, ਤੇਰੇ ’ਤੇ ਗੁਰੂ ਦੀ ਕੋਈ ਖਾਸ ਕਿਰਪਾ ਹੈ ਤੇ ਤੇਰੇ ਕੋਲ ਮੇਰੇ ਨਾਲੋਂ ਪੁਰਾਤਨ ਰੀਤਾਂ ਦਾ ਜ਼ਿਆਦਾ ਭੰਡਾਰ ਹੈ ਜਿਸ ਕਾਰਨ ਮੈਂ ਤੇਰੇ ਤੋਂ ਫਿੱਕਾ ਰਿਹਾ ਹਾਂ, ਨਹੀਂ ਤਾਂ ਸਾਰੇ ਰਾਗੀ ਮੈਥੋਂ ਕੰਬ ਜਾਂਦੇ ਹਨ। ਧੰਨ ਤੂੰ ਹੈਂ ਤੇ ਧੰਨ ਤੇਰਾ ਉਸਤਾਦ!”
ਅਗਾਂਹ ਭਾਈ ਜਵਾਲਾ ਸਿੰਘ ਜੀ ਦੇ ਬੇਟਿਆਂ ਮਹਾਨ ਰਾਗੀਆਂ ਭਾਈ ਅਵਤਾਰ ਸਿੰਘ-ਭਾਈ ਗੁਰਚਰਨ ਸਿੰਘ ਨੇ ਵੀ ਧੰਨ-ਧੰਨ ਕਰਵਾ ਦਿੱਤੀ। ਉਨ੍ਹਾਂ ਨੇ ਪੁਰਾਣੀਆਂ ਨਾਯਾਬ ਬੰਦਸ਼ਾਂ ਰੀਤਾਂ ਪੰਜਾਬੀ ਯੂਨੀਵਰਸਿਟੀ ਨੂੰ ਸੌਂਪ ਦਿੱਤੀਆਂ ਜਿਹੜੀਆਂ ਪਿੱਛੋਂ ‘ਗੁਰਬਾਣੀ ਸੰਗੀਤ ਪ੍ਰਾਚੀਨ ਰਤਨਾਵਲੀ’ ਦੇ ਨਾਂ ਥੱਲੇ ਛਾਪੀਆਂ ਗਈਆਂ। ਆਉਣ ਵਾਲੀਆਂ ਨਸਲਾਂ ਲਈ ਇਹ ਇਕ ਬੜਾ ਵੱਡਾ ਕਾਰਜ ਹੈ ਜਿਹੜਾ ਹਮੇਸ਼ਾਂ ਜੀਵਤ ਰਹੇਗਾ।
ਧੁਰ ਕਦੀਮ ਤੋਂ ਗੁਰਮਤਿ ਨਾਲ ਜੁੜੇ ਹੋਏ ਇਸ ਪਰਵਾਰ ਦੀ ਦੇਣ ਵੀ ਲਾਸਾਨੀ ਹੈ ਅਤੇ ਅਗਾਂਹ ਇਨ੍ਹਾਂ ਦਾ ਇਕ ਕਰੀਬੀ ਰਿਸ਼ਤੇਦਾਰ ਭਾਈ ਬਲਦੀਪ ਸਿੰਘ ਗੁਰਮਤਿ ਸੰਗੀਤ ਦੀ ਸਾਂਭ-ਸੰਭਾਲ ਸਬੰਧੀ ਜਿਹੜਾ ਕਾਰਜ ਅੱਜਕਲ੍ਹ ਕਰ ਰਿਹਾ ਹੈ, ਜਾਪਦਾ ਹੈ, ਉਹ ਵੀ ਲਾਸਾਨੀ ਹੋ ਨਿੱਬੜੇਗਾ।
ਕਸਬੀ ਕੀਨਾਪਰਵਰੀ ਦੇ ਅੰਤਰਗਤ ਸਾਡੇ ਰਬਾਬੀ ਰਾਗੀ ਅਤੇ ਹਿੰਦੁਸਤਾਨੀ ਸੰਗੀਤ ਗਾਇਕ ਆਪਸ ਵਿਚ ਭਾਵੇਂ ਹਲਕੀਆਂ-ਫੁਲਕੀਆਂ ਟਿੱਚਰਾਂ-ਟਕੋਰਾਂ ਕਰਦੇ ਰਹੇ ਹਨ, ਪਰ ਅਸਲੀਅਤ ਇਹ ਹੈ ਕਿ ਭਾਰਤ ਭਰ ਦੇ ਸੰਗੀਤਕਾਰ ਸ੍ਰੀ ਹਰਿਮੰਦਰ ਸਾਹਿਬ ਦੇ ਰਬਾਬੀਆਂ ਨਾਲ ਮੁਕਾਬਲਾ ਕਰਨੋਂ ਸਦਾ ਝਿਜਕਦੇ ਹੁੰਦੇ ਸਨ। ਇਹੋ ਜਿਹੀਆਂ ਸਾਡੇ ਸਾਹਮਣੇ ਕਈ ਮਿਸਾਲਾਂ ਹਨ। ਭਾਈ ਮਹਿਬੂਬ ਅਲੀ ਉਰਫ਼ ਬੂਬਾ ਰਬਾਬੀ (1854-1946) ਸਿਤਾਰ ਨਵਾਜ਼ ਦਾ ਸਾਰੇ ਹਿੰਦੁਸਤਾਨ ਵਿਚ ਕੋਈ ਮੁਕਾਬਲਾ ਹੀ ਨਹੀਂ ਸੀ। ਪਟਿਆਲਾ ਘਰਾਣੇ ਦੇ ਡਾ. ਰਾਜਾ ਮ੍ਰਿਗੇਂਦ੍ਰ ਸਿੰਘ ਜੀ ਵੱਲੋਂ ਬਖਸ਼ੀ ਗਈ ਲੰਮੀ-ਚੌੜੀ ਇਕ ਦੁਰਲੱਭ ਦਸਤਾਵੇਜ਼ ਹੈ, ਜਿਸ ਅਨੁਸਾਰ ਉਸ ਨੇ ਹਿੰਦੁਸਤਾਨ ਭਰ ਦੇ ਵੱਡੇ ਤੋਂ ਵੱਡੇ ਗਾਇਕਾਂ ਵਜਾਇਕਾਂ ਨਾਲ ਮੁਕਾਬਲੇ ਕੀਤੇ ਅਤੇ ਉਨ੍ਹਾਂ ਨੂੰ ਹਰਾਇਆ। ਇਹੋ ਹੀ ਹਾਲ ਉਨ੍ਹਾਂ ਦੇ ਇਕ ਸ਼ਾਗਿਰਦ ਭਾਈ ਲਾਲ (1887-1962) ਦਾ ਸੀ। ਵੀਹਵੀਂ ਸਦੀ ਨੇ ਆਪਣੀ ਅੱਖ ਅਜੇ ਖੋਲ੍ਹੀ ਹੀ ਸੀ ਕਿ ਆਪ ਦੇ ਪਿਤਾ ਭਾਈ ਅਤਾ ਚੜ੍ਹਾਈ ਕਰ ਗਏ ਜਿਸ ਕਾਰਨ ਸੋਲ੍ਹਾਂ ਕੁ ਸਾਲ ਦੀ ਉਮਰ ਭਾਵ 1903 ਵਿਚ ਆਪ ਨੂੰ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਸੰਭਾਲਣੀ ਪਈ। ਉਨ੍ਹਾਂ ਦਾ ਪਰਵਾਰ ਮੁੱਢ-ਕਦੀਮ ਤੋਂ ਹੀ ਸ੍ਰੀ ਅੰਮ੍ਰਿਤਸਰ ਵਿਖੇ ਚੌਂਕ ਪਾਸੀਆਂ ਵਿਚ ਰਿਹਾ ਕਰਦਾ ਸੀ। ਉਨ੍ਹਾਂ ਬਾਰੇ ਦਿੱਲੀ ਯੂਨੀਵਰਸਿਟੀ ਦਾ ਇਕ ਪ੍ਰਸਿੱਧ ਰੀਡਰ ਡਾ. ਅਜੀਤ ਸਿੰਘ ਪੇਂਟਲ ਇਕ ਬੜੇ ਵੱਡੇ ਟਪਲੇ ਵਿਚ ਹੈ ਜਦ ਉਹ ਇੰਞ ਲਿਖਦਾ ਹੈ ਕਿ ਵੀਹ ਸਾਲ ਦੀ ਉਮਰ ਵਿਚ ਆਪ ਪੰਡਿਤ ਭਾਸਕਰ ਰਾਓ ਬਖਲੇ ਦੇ ਸ਼ਾਗਿਰਦ ਹੋ ਗਏ ਸਨ। ਇਹ ਗੱਲ ਠੀਕ ਨਹੀਂ, ਸਗੋਂ ਅਸਲੀਅਤ ਇਹ ਹੈ ਕਿ ਉਹ 1919 ਵਿਚ ਭਾਈ ਮਹਿਬੂਬ ਅਲੀ ਦੇ ਸ਼ਾਗਿਰਦ ਹੋ ਗਏ ਸਨ ਅਤੇ 30 ਮਾਰਚ 1921 ਨੂੰ ਭਾਸਕਰ ਜੀ ਦੇ, ਜਦੋਂ ਕਿ ਉਨ੍ਹਾਂ ਦੀ ਉਮਰ 34 ਸਾਲ ਦੀ ਹੋ ਚੁੱਕੀ ਸੀ। ਇਹ ਦਾਅਵਾ ਜਿਹੜਾ ਭਾਈ ਲਾਲ ਦੇ ਬੇਟੇ ਗੁਲਾਮ ਹਸਨ ‘ਸ਼ਗਨ’ ਸਿਤਾਰਾ-ਇ-ਇਮਤਿਆਜ਼’ ਪ੍ਰਾਈਡ ਔਫ ਪ੍ਰਫਾਰਮੈਂਸ (1987) ਮੇਰੇ ਨਾਲ ਮੁਲਾਕਾਤਾਂ ਦੌਰਾਨ ਅਕਸਰ ਕਰਦੇ ਰਹੇ ਹਨ, ਇਸ ਦੀ ਤਸਦੀਕ ਸਾਨੂੰ ਪੰਡਿਤ ਦਲੀਪ ਚੰਦਰ ਬੇਦੀ ਦੇ ਲਿਖੇ ਲੇਖ ਤੋਂ ਵੀ ਹੋ ਜਾਂਦੀ ਹੈ, ਜਦ ਉਹ ਇਹ ਗੱਲ ਸਾਫ਼ ਲਿਖਦੇ ਹਨ, “ਅੰਮ੍ਰਿਤਸਰ ਕੇ ਮਸ਼ਹੂਰੋ ਮਾਰਫੂ ਭਾਈ ਲਾਲ ਰਬਾਬੀ ਕੋ 1921 ਮੇਂ ਪੰਡਿਤ ਜੀ ਕੀ ਸ਼ਾਗਿਰਦੀ ਕਾ ਸ਼ਰਫ ਹਾਸਲ ਹੂਆ।”
ਤਿਆਰ ਹੋ ਕੇ ਹਿੰਦੁਸਤਾਨ ਭਰ ਦੀਆਂ ਵੱਡੀਆਂ ਤੋਂ ਵੱਡੀਆਂ ਸਭ ਸੰਗੀਤ ਕਾਨਫਰੰਸਾਂ ਵਿਚ ਆਪ ਨੇ ਗਾਇਆ ਅਤੇ ਅਨੇਕ ਥਾਵਾਂ ’ਤੇ ਵੱਡੇ-ਵੱਡੇ ਇਨਾਮਾਂ ਇਕਰਾਮਾਂ ਨਾਲ ਸਨਮਾਨਿਤ ਕੀਤੇ ਜਾਂਦੇ ਰਹੇ। 1921 ਵਿਚ ਆਪ ਨੂੰ ‘ਸੰਗੀਤ ਰਤਨ’ ਦਾ ਖਿਤਾਬ ਮਿਲਿਆ, ਉਸ ਦੇ ਪੰਜ-ਛੇ ਸਾਲ ਪਿੱਛੋਂ ਸ਼ਿਕਾਰਪੁਰ ਸਿੰਧ ਵਿਖੇ ‘ਸੰਗੀਤ ਸਾਗਰ’ ਦਾ। ਮਾਰਚ 1926 ਵਿਚ ਕਰਾਚੀ ਵਿਚ ਇਕ ਬਹੁਤ ਵੱਡੀ ਸੰਗੀਤ ਕਾਨਫਰੰਸ ਹੋਈ ਜਿਸ ਵਿਚ ਕਿ ਪੰਡਿਤ ਓਂਕਾਰ ਨਾਥ ਠਾਕੁਰ, ਉਸਤਾਦ ਮੁਬਾਰਕ ਅਲੀ ਖਾਂ, ਉਸਤਾਦ ਮੁਰਾਦ ਅਲੀ ਖਾਂ, ਕੁਦਰਤ ਉੱਲਾ ਖਾਂ, ਪੰਡਿਤ ਕ੍ਰਿਸ਼ਨਾਰਾਓ ਗਵਾਲੀਅਰ, ਪੰਡਿਤ ਦਲੀਪ ਚੰਦਰ ਬੇਦੀ ਆਦਿ ਨੇ ਵੀ ਭਾਗ ਲਿਆ। ਉਥੇ ਵੀ ਉਨ੍ਹਾਂ ਦਾ ਗਾਇਨ ਇੰਨਾ ਵੱਸਿਆ ਕਿ ਉਨ੍ਹਾਂ ਨੂੰ “ਫਖਰਿ ਪੰਜਾਬ” ਦੇ ਮਾਣਮੱਤੇ ਖਿਤਾਬ ਨਾਲ ਸਨਮਾਨਿਆ ਗਿਆ ਸੀ। 1933 ਵਿਚ ਲਾਹੌਰ ਵਿਚ ਹੋਈ ਇਕ ਹੋਰ ਬੜੀ ਵੱਡੀ ਸੰਗੀਤ ਕਾਨਫਰੰਸ ਵਿਚ ਜਿਸ ਵਿਚ ਦੇਸ਼ ਭਰ ਦੇ ਚੋਟੀ ਦੇ ਗਵੱਈਏ ਭਾਗ ਲੈ ਰਹੇ ਸਨ, ਭਾਈ ਲਾਲ ਨੂੰ ‘ਕਾਨੂਨਿ-ਮੌਸੀਕੀ’ ਦੇ ਲਕਬ ਨਾਲ ਨਿਵਾਜਿਆ ਗਿਆ ਸੀ। 1937 ਦੀ ਗੱਲ ਹੈ ਕਿ ਪ੍ਰਸਿੱਧ ਸਟੇਸ਼ਨ ਡਾਇਰੈਕਟਰ ਜ਼ੈਡ.ਏ. ਬੁਖਾਰੀ ਨੇ ਪੰਡਿਤ ਭਾਸਕਰ ਰਾਓ ਬੂਆ ਬਖਲੇ ਦੀ ਬਰਸੀ ਮਨਾਉਣ ਦਾ ਫੈਸਲਾ ਕਰ ਲਿਆ। ਉਹ ਇਕੱਠ ਬੰਬਈ ਹੋਣਾ ਸੀ, ਜਿਸ ਵਿਚ ਆਫਤਾਬਿ ਮੌਸੀਕੀ, ਉਸਤਾਦ ਫਿਆਜ਼ ਖਾਂ, ਪੰਡਿਤ ਕ੍ਰਿਸ਼ਨਾਰਾਓ, ਉਸਤਾਦ ਰਮਜ਼ਾਨ ਖਾਂ ਅਤੇ ਮਾਸਟਰ ਝੰਡੇ ਖਾਂ ਵਰਗੇ ਮਹਾਂਰਥੀ ਵੀ ਭਾਗ ਲੈਣ ਲਈ ਆਏ। ਕਿਉਂਕਿ ਆਪ ਬਖਲੇ ਦੇ ਸ਼ਾਗਿਰਦ ਸਨ, ਇਸ ਲਈ ਉਨ੍ਹਾਂ ਨੂੰ ਵੀ ਉਚੇਚਾ ਨਿਮੰਤਰਣ ਦਿੱਤਾ ਗਿਆ ਸੀ। ਉਸ ਥਾਂ ਆਪ ਇੰਨਾ ਅੱਛਾ ਗਾਏ ਕਿ ਅੰਤ ਵਿਚ ਆਪ ਨੂੰ “ਖੁਰਸ਼ੀਦਿ-ਮੌਸੀਕੀ” ਅਰਥਾਤ “ਸੰਗੀਤ ਦਾ ਸੂਰਜ” ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।
ਆਪ ਦਾ ਗਾਇਨ ਬੇਹੱਦ ਪੁਰ-ਤਾਸੀਰ ਸੀ। ਆਪਣੇ ਪਿਤਾ ਦੇ ਗਾਇਨ ਨੂੰ ਯਾਦ ਕਰਦਿਆਂ, ਆਪ ਦੇ ਬੇਟੇ ਉਸਤਾਦ ਗੁਲਾਮ ਹਸਨ ‘ਸ਼ਗਨ’ ਜਿਹੜੇ ਕਿ ਹੁਣ ਤਕ ਆਪਣੀਆਂ ਸੰਗੀਤਕ ਸੇਵਾਵਾਂ ਬਦਲੇ ਪਾਕਿਸਤਾਨ ਦੇ ਵੱਡੇ ਤੋਂ ਵੱਡੇ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ, ਇੰਞ ਬਿਆਨ ਕਰਦੇ ਹਨ, “ਬਿਜਲੀ ਪਹਿਲਵਾਨ (ਜਿਹੜੇ ਕਿ ਆਪਣੇ ਟਰੱਕਾਂ ਦੇ ਵਿਉਪਾਰ ਅਤੇ ਦਾਨ ਦੇਣ ਸਦਕਾ ਅੰਮ੍ਰਿਤਸਰ ਵਿਚ ਕਾਫੀ ਪ੍ਰਸਿੱਧ ਸਨ) ਕੋ ਮੀਆਂ ਕੀ ਮਲ੍ਹਾਰ ਬਹੁਤ ਪਸੰਦ ਥਾ। ਵਾਲਦ ਸਾਹਿਬ ਨੇ ਇਕ ਤਾਲਾ ਮੇਂ ‘ਮੀਆਂ ਕੀ ਮਲ੍ਹਾਰ’ ਜੋ ਬੰਦਸ਼ ਪੇਸ਼ ਕੀ- ਉਸਕੇ ਬੋਲ ਥੇ, ‘ਉਮਡ ਘਨ ਘੁਮੰਡ ਬਰਸਤ ਬਰਖਾ ਰੁਤ ਆਈ’। ਇਸ ਰਾਗ ਕੋ ਵਾਲਦ ਸਾਹਿਬ ਨੇ ਕੁਛ ਇਸ ਤਰਹ ਰਚਾਓ ਔਰ ਸੁਭਾਓ ਸੇ ਗਾਇਆ ਕਿ ਗਾਨੇ ਕੇ ਦੌਰਾਨ ਹੀ ਆਸਮਾਨ ਪਰ ਕਾਲੀ ਘਟਾ ਛਾ ਗਈ ਔਰ ਬਾਰਸ਼ ਸ਼ੁਰੂ ਹੋ ਗਈ।”
ਆਪ ਦੇ ਗਾਇਨ ਦੀਆਂ ਖੂਬੀਆਂ ਬਿਆਨ ਕਰਦਿਆਂ ਇਕ ਹੋਰ ਪ੍ਰਸਿੱਧ ਲੇਖਕ ਕੁਝ ਇਸ ਤਰ੍ਹਾਂ ਫ਼ਰਮਾਉਂਦੇ ਹਨ, “ਭਾਈ ਲਾਲ… ਉਨਕੀ ਤਾਨ ਕਾ ਹਰ ਸੁਰ ਐਸੇ ਜੈਸੇ ਟਕਸਾਲ ਸੇ ਖਰੀ ਅਸ਼ਰਫੀਆਂ ਢਲ ਢਲ ਕਰ ਨਿਕਲ ਰਹੀ ਹੋਂ। ਨਹਾਇਤ ਬਾਕਾਇਦਾ ਔਰ ਮਰਤਬ ਗਾਨਾ ਇਅਤਮਾਦ ਔਰ ਕਾਬੂ ਕੇ ਸਾਥ ਗਾਤੇ ਥੇ। ਉਨਕਾ ਜ਼ਿਹਨ ਸ਼ਸਤਾ ਬੰਦਸ਼ੋਂ ਕੀ ਭਾਰੀ ਬਿਆਜ਼ ਥਾ ਔਰ ਉਨਕੇ ਤਾਨ ਪਲਟੋਂ ਕੇ ਪੀਛੇ ਪੂਰੇ ਅਹਿਦਿ ਸਬਾਬ ਕਾ ਰਿਆਜ਼ ਥਾ। ਅਪਨੇ ਗੁਰ ਭਾਈ ਵਨਾਇਕ ਰਾਓ ਪਟਵਰਧਨ ਕੀ ਤਰਹ ਧੂਮ ਧਾਮ ਸੇ ਗਾਤੇ ਥੇ ਔਰ ਲਯ ਕੋ ਬੜ੍ਹਾਤੇ ਬੜ੍ਹਾਤੇ ਦਿਰ ਦਿਰ ਦਿਰ ਐਸੀ ਰਫਤਾਰ ਸੇ ਕਰਤੇ ਥੇ ਕਿ ।”
ਸਿੱਖ ਜਗਤ ਨੂੰ ਉਨ੍ਹਾਂ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਨ੍ਹਾਂ ਨੇ ਗੁਰਮਤਿ ਸੰਗੀਤ ਲਈ ਸਭ ਤੋਂ ਵੱਧ ਅਤੇ ਨਾਮਵਰ ਸ਼ਾਗਿਰਦ ਤਿਆਰ ਕੀਤੇ ਜਿਵੇਂ ਕਿ ਭਾਈ ਚਾਂਦ, ਭਾਈ ਸੰਤਾ ਸਿੰਘ, ਭਾਈ ਸਰਮੁਖ ਸਿੰਘ ਫੱਕਰ, ਭਾਈ ਅਮਰੀਕ ਸਿੰਘ ਜਿਹਲਮ, ਭਾਈ ਜਗਤ ਸਿੰਘ ਵੇਰਕਾ, ਭਾਈ ਨੱਥਾ ਸਿੰਘ, ਭਾਈ ਦੇਸਾ ਸਿੰਘ, ਭਾਈ ਆਗ਼ਾ ਫੈਜ਼, ਭਾਈ ਪਿਸ਼ਾਵਰਾ ਖਾਂ ਧੁਲੇਤਾ ਆਦਿ। ਉਹ ਇਕ ਉੱਚੇ ਦਰਜੇ ਦੇ ਬੰਦਸ਼ਕਾਰ ਵੀ ਸਨ। ਨਮੂਨੇ ਵਜੋਂ ਉਨ੍ਹਾਂ ਦੀਆਂ ਕੁਝ ਬੰਦਸ਼ਾਂ ਸਾਡੇ ਕੋਲ ਸੁਰੱਖਿਅਤ ਹਨ।
1947 ਵਿਚ ਹੋਰਨਾਂ ਰਬਾਬੀਆਂ ਵਾਂਗ ਅੰਮ੍ਰਿਤਸਰ ਤੋਂ ਲਾਹੌਰ ਚਲੇ ਗਏ ਅਤੇ ਚੌਕ ਚੂਨਾ ਮੰਡੀ ਡੇੜ੍ਹ ਮਰਲੇ ਵਿਚ ਬਣੇ ਹੋਏ ਮਕਾਨ ਵਿਚ ਜ਼ਿੰਦਗੀ ਬਤੀਤ ਕਰਨ ਲੱਗੇ। ਇਧਰ ਰਹਿੰਦਿਆਂ ਦੇਸ਼ ਭਰ ਦੇ ਕਈ ਅਨੇਕ ਸ੍ਰੋਤੇ ਆਪ ਦੇ ਬੜੇ ਮੁਦਾਹ ਸਨ, ਪਰ ਸਰਹੱਦੋਂ ਪਾਰ ਤਾਂ ਹੁਣ ਆਲਮ ਹੀ ਕੁਝ ਹੋਰ ਸੀ। ਅੰਮ੍ਰਿਤਸਰ ਦੇ ਆਪਣੇ ਇਕ ਪਰਮ ਮਿੱਤਰ ਲਾਲਾ ਤਰਲੋਕ ਚੰਦ ਨਾਗਪਾਲ ਨਾਲ ਉਨ੍ਹਾਂ ਰਾਬਤਾ ਬਣਾਈ ਰੱਖਿਆ ਅਤੇ ਸਭ ਤੋਂ ਪਹਿਲਾਂ 4 ਜੁਲਾਈ 1947 ਦੇ ਕਾਰਡ ਰਾਹੀਂ ਭਾਈ ਚਾਂਦ ਜੀ ਦੇ ਅਕਾਲ ਚਲਾਣਾ ਕਰਨ ਦੀ ਖ਼ਬਰ ਦਿੱਤੀ। 28-6-1960 ਨੂੰ ਲਿਖੇ ਇਕ ਹੋਰ ਖ਼ਤ ਦਾ ਉਤਾਰਾ ਕੁਝ ਇਸ ਤਰ੍ਹਾਂ ਹੈ,
“ਮੇਰੇ ਮੁਹਤਰਮ ਅਜ਼ੀਜ਼ ਮਿਸਟਰ ਤਰਲੋਕ ਚੰਦ ਸਾਹਿਬ, ਆਲਮਗੀਰ ਖਾਂ ਚਾਰ ਮਹੀਨੇ ਹੂਏ, ਦੁਨੀਆਂ ਫਾਨੀ ਸੇ ਕੂਚ ਕਰ ਗਿਆ ਹੈ। ਉਸ ਕੇ ਮਰ ਜਾਨੇ ਕਾ ਬੜਾ ਅਫ਼ਸੋਸ ਹੈ। ਐਸਾ ਆਦਮੀ ਪੈਦਾ ਹੋਨਾ ਮੁਸ਼ਕਲ ਹੈ। ਦੀਗਰ ਮੇਰੀ ਆਵਾਜ਼ ਤੀਨ ਸਾਲ ਸੇ ਖਰਾਬ ਹੈ। ਕਿਸੀ ਭਲੇ ਲੋਗ ਨੇ ਕੁਛ ਖਲਾ ਦੀਆ ਥਾ। ਅਬ ਮੇਰੇ ਸੇ ਗਾਯਾ ਨਹੀਂ ਜਾਤਾ ਔਰ ਇਸੀ ਵਾਸਤੇ ਅੰਮ੍ਰਿਤਸਰ ਨਹੀਂ ਆ ਸਕਾ।”
ਦੂਜੇ ਪਾਰੋਂ ਵੱਡੇ ਰਬਾਬੀਆਂ ਅਤੇ ਆਪਣੇ ਮਹਾਨ ਸ਼ਾਗਿਰਦਾਂ ਦੀਆਂ ਮੌਤਾਂ ਦਾ ਖ਼ਬਰਨਾਮਾ ਦੇਣ ਵਾਲਾ ਇਹ ਮਹਾਨ ਕੀਰਤਨੀਆ ਜਿਸ ਨੂੰ ਕਿ ਧਰੁੱਪਦ ਅੰਗ ਖਿਆਲ ਅਤੇ ‘ਫੋਕ’ ’ਤੇ ਵੀ ਓਨਾ ਕੁ ਅਬੂਰ ਹੀ ਹਾਸਲ ਸੀ, ਆਖਰ 27 ਅਪ੍ਰੈਲ 1962 ਨੂੰ ਆਪ ਵੀ ਇਸ ਮਨਹੂਸ ਖ਼ਬਰ ਦਾ ਸ਼ਿਕਾਰ ਹੋ ਗਿਆ। ਜੀਵਨ ਭਰ ਇੰਨੇ-ਇੰਨੇ ਵੱਡੇ ਪੁਰਸਕਾਰ ਪ੍ਰਾਪਤ ਕਰਨ ਵਾਲਾ, ਕਿਸੇ ਤਰ੍ਹਾਂ ਦੇ ਹੰਕਾਰ ਦੇ ਉਲਟ ਹਲੀਮੀ ਦੀ ਮੂਰਤ ਸੀ। ਲਾਲਾ ਤਰਲੋਕ ਚੰਦ ਦੇ ਅਨੁਸਾਰ :
“ਗੋ ਫਖਰਿ-ਪੰਜਾਬ ਲਕਬ ਥਾ, ਤਾਹਮ ਤਬਾ ਕੇ ਬਹੁਤ ਹਲੀਮ ਥੇ,
ਥੀ ਜ਼ਿੰਦਗੀ ਮੇਂ ਸਾਦਗੀ, ਇਖਲਾਕ ਮੇਂ ਹੁਸੀਨ ਥੇ।”
ਭਾਈ ਲਾਲ ਦੇ ਇਕ ਪੱਗਵੱਟ ਭਰਾ ਉਸਤਾਦ ਨਬੀ ਬਖਸ਼ ਕਾਲਰੀਆ (ਗੁਜਰਾਤ, ਪਾਕਿਸਤਾਨ 1860-1948) ਹਿੰਦੁਸਤਾਨ ਦੇ ਇਕ ਚੋਟੀ ਦੇ ਤਬਲਾ-ਵਾਦਕ, ਜਿਹੜੇ ਕਿ ਆਪਣੇ ਆਰੰਭਿਕ ਦੌਰ ’ਚ ਕਈ ਸਾਲ ਸ੍ਰੀ ਅੰਮ੍ਰਿਤਸਰ ਰਹੇ ਸਨ ਵੀ, ਇਥੋਂ ਦੇ ਰਬਾਬੀਆਂ-ਰਾਗੀਆਂ ਦਾ ਬੇਹੱਦ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਉੱਚਤਾ ਉਨ੍ਹਾਂ ਦੇ ਮਨ ’ਚ ਘਰ ਕਰ ਚੁੱਕੀ ਸੀ। ਖ਼ਬਰੇ ਆਪਣੇ ਮਨ ਦੀ ਉਸ ਅਚੇਤ ਅਵਸਥਾ ’ਚ ਹੀ ਬਾਬਾ ਗੁਰੂ ਨਾਨਕ ਦੇਵ ਜੀ ਦਾ ਰਿਣ ਚੁਕਾਉਣ ਮਾਤਰ ਉਨ੍ਹਾਂ ਕਦੇ ਇਹ ਸ਼ਿਅਰ ਕਹੇ ਸਨ:
‘ਸਤਿ ਸ੍ਰੀ ਅਕਾਲ, ਓ ਸੁਣ ਤੂੰ ਸਤਿ ਸ੍ਰੀ ਅਕਾਲ।
ਜਾਤਾ ਜਿਸਨੇ ਨਾਲ ਧਰਮ ਦੇ, ਕੀਤਾ ਗੁਰਾਂ ਨਿਹਾਲ…।
ਓ ਸੁਣ ਤੂੰ ਸਤਿ ਸ੍ਰੀ ਅਕਾਲ।
ਸਿੱਖ ਬਹਾਦਰ ਸਖੀ ਰੰਗੀਲੇ, ਆਜਿਜ਼ ਮੰਗਤੇ-ਪਾਲ। ਓ ਸੁਣ ਤੂੰ…
ਦੁੱਧ ਪੁੱਤ ਤੇ ਅੰਨ ਧਨ ਲੱਛਮੀ, ਕਿਰਪਾ ਗੁਰ ਦੀ ਨਾਲ।
ਵਧੋ ਫੁਲੋ ਸੁਖ ਪਾਓ ਜੱਗ ’ਤੇ, ਜੀਵੇ ਸੁਹਣਾ ਬਾਲ!
ਲੱਖ ਮੁਬਾਰਕ ਮੰਗਤਾ ਦੇਂਦਾ, ਮਿਲੇ ਵਧਾਈ ਥਾਲ।
ਗੁਰੂ ਨਾਨਕ ਦੀ ਮਦਤ ਨਾਲੇ, ਹੋਵੇ ਮਾਲਾ ਮਾਲ।
ਕੜਾ ਕੇਸ ਕਿਰਪਾਨ ਤੇ ਕੱਛਾ, ਕੰਘਾ ਰਹੇ ਅਟਾਲ।
ਓ ਸੁਣ ਤੂੰ ਸਤਿ ਸ੍ਰੀ ਅਕਾਲ, ਓ ਸੁਣ ਤੂੰ ਸਤਿ ਸ੍ਰੀ ਅਕਾਲ!!
ਲੱਗਦੇ ਹੱਥ ਕੀਰਤਨ, ਜਿਸ ਨੂੰ ਉਹ ਇਸ਼ਕ ਹਕੀਕੀ (ਰੱਬ ਨੂੰ ਮਿਲਣ ਦਾ ਜ਼ਰੀਆ) ਤਸਲੀਮ ਕਰਦੇ ਸਨ, ਬਾਰੇ ਵੀ ਉਨ੍ਹਾਂ ਦਾ ਨਜ਼ਰੀਆ ਪਾਠਕਾਂ ਦੇ ਪੇਸ਼ ਹੈ:
ਰਾਜੇ, ਸਾਧ, ਫਕੀਰ, ਸ਼ਹਿਜ਼ਾਦੇ, ਹਰ ਮਨ ਰਾਗ ਸੁਹਾਵੇ,
ਰਾਗ ਸੁਰੀਲਾ, ਰਸ ਦੇ ਪੱਥਰ, ਦਿਲ ਨੂੰ ਮੋਮ ਬਣਾਵੇ।
ਜਿੱਥੇ ਰਾਗ ਦਾ ਪਹਿਰਾ ਹੋਵੇ, ਗ਼ਮ ਚਿੰਤਾ ਨੱਸ ਜਾਵੇ।
ਇਸ਼ਕ ਹਕੀਕੀ, ਇਸ਼ਕ ਮੌਸੀਕੀ ਦੇ ਵਿਚ ਨਜ਼ਰੀਂ ਆਵੇ।
ਸਾਡੇ ਗੁਰੂ ਸਾਹਿਬਾਨ ਨੇ, ਗੁਰੂ ਕੀ ਨਗਰੀ ਨੇ, ਸ੍ਰੀ ਦਰਬਾਰ ਸਾਹਿਬ ਦੀ ਸੰਗੀਤ ਪੱਧਤੀ ਨੇ ਬੜੇ-ਬੜੇ ਸੰਗੀਤਕਾਰ ਪੈਦਾ ਕੀਤੇ ਹਨ। ਭਾਈ ਪ੍ਰਤਾਪ ਸਿੰਘ ਧਰਮਕੋਟ ਵਾਲੇ (1844-1929), ਮਹੰਤ ਗੱਜਾ ਸਿੰਘ, ਭਾਈ ਸ਼ੇਰ ਸਿੰਘ, ਭਾਈ ਸੁੰਦਰ ਸਿੰਘ ਅਤੇ ਭਾਈ ਧਰਮ ਸਿੰਘ ਜ਼ਖ਼ਮੀ ਆਦਿ। ਕਿਸ-ਕਿਸ ਦਾ ਨਾਂ ਲਈਏ? ਸਾਰੇ ਦੇ ਸਾਰੇ ਇਹ ਕੀਰਤਨੀਏਂ ਅਤਿਅੰਤ ਕਿਸਮ ਦੇ ਵਿਦਵਾਨ ਕੀਰਤਨੀਏ ਸਨ। ਥਾਂ ਦੀ ਥੁੜ੍ਹ ਨੂੰ ਮੁੱਖ ਰੱਖਦਿਆਂ, ਇਸ ਲੇਖ ਵਿਚ ਅਸੀਂ ਸਿਰਫ਼ ਦੋ-ਤਿੰਨ ਮਹਾਂਰਥੀਆਂ ਦਾ ਜ਼ਿਕਰ ਹੀ ਕਰ ਸਕੇ ਹਾਂ। ਸਮੂਹ ਕਾਇਨਾਤ, ਕਾਦਰ ਦੀ ਕੀਰਤੀ-ਕੀਰਤਨ, ਸੱਭੇ ਇਹ ਚੀਜ਼ਾਂ, ਜਦ ਤਕ ਦੁਨੀਆਂ ਹੈ, ਕਾਇਮ ਰਹਿਣਗੀਆਂ! ਰੱਬ ਰਾਖਾ!!
ਢਾਡੀ
ਮੱਧ-ਕਾਲੀਨ ਸਾਹਿਤ ਦਾ ਜੇਕਰ ਅਧਿਐਨ ਕਰੀਏ ਤਾਂ ਭਾਰਤੀ ਭਾਸ਼ਾਵਾਂ ਦੀਆਂ ਕੁਝ ਲਿਖਤਾਂ ’ਚ ਸਾਨੂੰ ਇਸ ਸ਼ਬਦ ਦਾ ਕੀਤਾ ਗਿਆ ਵਰਣਨ ਗਾਹੇ-ਬਗਾਹੇ ਮਿਲ ਜਾਂਦਾ ਹੈ। ਸਾਨੂੰ ਅਬੁਲ ਫ਼ਜ਼ਲ ਦੀ ਕਲਾਸੀਕਲ ਕਿਰਤ ‘ਆਈਨੇ-ਅਕਬਰੀ’ ਵਿਚ ਇਨ੍ਹਾਂ ਬਾਰੇ ਲਿਖੇ ਇਹ ਸ਼ਬਦ ਮਿਲਦੇ ਹਨ, “ਢਾਡੀ ਪੰਜਾਬੀ ਗਵੱਈਆਂ ਨੂੰ ਕਹਿੰਦੇ ਹਨ ਜਿਹੜੇ ਢੱਡ ਅਤੇ ਕਿੰਗਰਾ ਵਜਾ ਕੇ ਗਾਉਂਦੇ ਹਨ।”
ਇਤਫ਼ਾਕਵੱਸ, ਇਸੇ ਹੀ ਮਹਾਨ ਕਿਰਤ ਵਿਚ ਛੱਤੀ ਸੰਗੀਤਕਾਰਾਂ ਦੀ ਜਿਹੜੀ ਇਕ ਫ਼ਹਿਰਿਸਤ ਦਿੱਤੀ ਗਈ ਹੈ, ਉਨ੍ਹਾਂ ਵਿਚ ਚਾਰ ਢਾਡੀ ਵੀ ਹਨ: ਛਾਪੀ ਗਈ ਲਿਸਟ ਵਿਚ ਸਤਵਾਂ ਮੁਹੰਮਦ ਖ਼ਾਂ ਢਾਡੀ, ਗਿਆਰ੍ਹਵਾਂ ਦਾਊਦ ਢਾਡੀ, ਤੇਰ੍ਹਵਾਂ ਮੁੱਲਾ ਇਸਹਾਕ ਢਾਡੀ ਅਤੇ ਬਾਈਵਾਂ ਸ਼ੇਖ਼ ਦਾਵਨ ਢਾਡੀ। ਯਾਦ ਰਹੇ, ਇਹ ਲਿਸਟ ਮੀਆਂ ਤਾਨ ਸੈਨ ਦੇ ਨਾਂ ਨਾਲ ਸ਼ੁਰੂ ਹੁੰਦੀ ਹੈ, ਜਿਹੜਾ ਕਿ ਅਕਬਰ ਬਾਦਸ਼ਾਹ (1542-1605) ਦਾ ਨੌਂ-ਰਤਨ ਸੀ।
ਇਸੇ ਤਰ੍ਹਾਂ ਪੰਜਾਬ ਦੇ ਇਕ ਪ੍ਰਸਿੱਧ ਘਰਾਣੇ ‘ਕਸੂਰ’ ਦਾ, ਜਿੱਥੋਂ ਦੇ ਕਿ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਂ (ਜਿਹੜੇ ਪਿੱਛੋਂ ਪਟਿਆਲਾ ਘਰਾਣੇ ਦੇ ਉਸਤਾਦਾਂ ਦੇ ਸ਼ਾਗਿਰਦ ਹੋ ਗਏ ਸਨ) ਸਨ, ਜੇਕਰ ਡੂੰਘੇਰਾ ਅਧਿਐਨ ਕਰੀਏ ਤਾਂ ਇਕ-ਦੋ ਬੇਹੱਦ ਦਿਲਕਸ਼ ਤੱਥ ਜਿਹੜੇ ਉਭਰ ਕੇ ਸਾਡੇ ਸਾਹਮਣੇ ਆਉਂਦੇ ਹਨ, ਉਹ ਇਹ ਹਨ ਕਿ ਉਥੇ ਦੇ ਕੁਝ ਖ਼ਾਨਦਾਨ ਸਰੋਦੀਏ ਕਹਾਉਂਦੇ ਸਨ ਅਤੇ ਕੁਝ ਨਕੀਬ। ਪ੍ਰਸਿੱਧ ਕੱਵਾਲ ਉਸਤਾਦ ਨੁਸਰਤ ਅਲੀ ਖ਼ਾਂ ਦੇ ਇਕ ਭਾਈ ਰਹੀਮਦਾਦ ਖ਼ਾਂ ਦੇ ਦੱਸਣ ਅਨੁਸਾਰ, “ਅਸੀਂ ਕਦੇ ਅਫ਼ਗਾਨਿਸਤਾਨ ਤੋਂ ਆਏ ਸਾਂ ਅਤੇ ਸਾਡਾ ਖ਼ਾਨਦਾਨ ਸਰੋਦੀਆ ਅਖਵਾਉਂਦਾ ਸੀ।”
ਲਫ਼ਜ਼ੀ ਮਾਅਨਿਆਂ ਦੇ ਤੌਰ ’ਤੇ, ਸਰੋਦ ਵਜਾਉਣ ਵਾਲੇ ਨੂੰ ਸਰੋਦੀਆ ਕਿਹਾ ਜਾਂਦਾ ਹੈ, ਪਰ ਇਸ ਥਾਂ ਉਹ ਕਿਸੇ ਵੱਡੇ ਭਾਵ ਅਤੇ ਜ਼ੁੰਮੇਵਾਰੀ ਦੇ ਲਖਾਇਕ ਹਨ। ਇਸ ਥਾਂ ਮੁਰਾਦ ਉਸ ਸਰੋਦੀ ਮਹਿਫਲ ਤੋਂ ਹੁੰਦੀ ਸੀ, ਜਿਹੜੀ ਪਠਾਣ ਹੁਕਮਰਾਨਾਂ ਦੇ ਵਿਆਹਾਂ ਸਮੇਂ ਸੱਜਦੀ ਸੀ ਅਤੇ ਜਿਹੜੇ ਜਸ਼ਨ ਫਿਰ ਉਸ ਦਿਨ ਤੇ ਕੁਝ ਦਿਨ ਪਿੱਛੋਂ ਤਕ ਵੀ ਚੱਲਦੇ ਰਹਿੰਦੇ ਸਨ। ਉਸ ਵਿਚ ‘ਸਿਹਰੇ ਸ਼ਾਹਾਨੇ’ ਵੱਖੋ-ਵੱਖਰੇ ਰਾਗਾਂ ’ਚ ਸ੍ਵਰਵਧ ਕਰ ਕੇ ਗਾਏ ਜਾਂਦੇ ਸਨ। ਮਿਸਾਲ ਦੇ ਤੌਰ ’ਤੇ ਨਵੇਂ ਸਜੇ ਬੰਨੇ ਨੇ, ਲਾੜੇ ਨੇ, ਕਿਹੋ ਜਿਹਾ ਲਿਬਾਸ ਪਹਿਨਿਆ ਹੋਇਆ ਹੈ, ਉਹ ਕਿਹੋ ਜਿਹਾ ਲੱਗਦਾ ਹੈ, ਕਿੰਨਾ ਸੱਜਦਾ ਹੈ, ਪੱਗ ਕਿਹੋ ਜਿਹੀ ਪੇਚਦਾਰ ਬੰਨ੍ਹੀ ਹੋਈ ਹੈ, ਲਾਈ ਹੋਈ ਮਹਿੰਦੀ ਕਿਹੋ ਜਿਹਾ ਰੰਗ ਦਿਖਾ ਰਹੀ ਹੈ ਆਦਿ- ਉਨ੍ਹਾਂ ਸਿਹਰਿਆਂ ਵਿਚ ਇਹੋ ਜਿਹੇ ਮਜ਼ਮੂਨ (ਵਿਸ਼ੇ) ਹੁੰਦੇ ਸਨ। ਇਹ ਸਿਹਰੇ, ਸਾਰੀ ਬਰਾਦਰੀ ਦੇ ਗਾਇਕ ਇਕੱਠੇ ਮਿਲ ਕੇ ਗਾਉਂਦੇ ਹੁੰਦੇ ਸਨ ਅਤੇ ਅਸਥਾਈ ਅੰਤਰਾ ਮਿਲ ਕੇ ਕੁਝ ਇਸ ਤਰ੍ਹਾਂ ਅਦਾ ਕਰਦੇ ਕਿ ਸਮਾਂ ਬੱਝ ਜਾਂਦਾ ਸੀ। ਸੋ ਇਸ ਤਰ੍ਹਾਂ ‘ਸਿਹਰਾ ਸ਼ਾਹਾਨਾ’ ਗਾਉਣ ਵਾਲੇ ਕਲਾਕਾਰ ‘ਸਰੋਦੀ’ ਅਖਵਾਉਣ ਲੱਗ ਪਏ ਸਨ। ਯਾਦ ਰਹੇ ਉਸ ਟੋਲੀ ਵਿਚ ਸਰੋਦੀਏ, ਗਾਇਕ ਅਤੇ ਤਬਲਾ-ਵਾਦਕ ਆਦਿ ਸਭ ਕਲਾਕਾਰ ਸ਼ਾਮਲ ਹੁੰਦੇ ਸਨ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਆਇਆ ਤਾਂ ਉਸ ਦੀਆਂ ਕੁਝ ਚਹੇਤੀਆਂ ਬਾਈਆਂ, ਹਾਥੀ ਉੱਪਰ ਉਸ ਦਾ ਜਲੂਸ ਦੇਖਦਿਆਂ ਸਾਰ ਹੀ ਆਪਣੇ ਬੰਨੇ ਦਾ ‘ਸਿਹਰਾ ਸ਼ਾਹਾਨਾ’ ਵੀ ਚਹਿਕ-ਚਹਿਕ ਕੇ ਗਾਉਣ ਲੱਗ ਪੈਂਦੀਆਂ ਸਨ:
“ਨੀ ਹਾਥੀ ਉੱਤੇ ਆ ਗਿਆ, ਮੋਤੀਆਂ ਵਾਲਾ ਬੰਨਾ।”
ਇਸੇ ਤਰ੍ਹਾਂ ਕਸੂਰ ਘਰਾਣੇ ਦੇ ਕਲਾਕਾਰਾਂ ਵਿਚ ਇਕ ਹੋਰ ਸ਼੍ਰੇਣੀ ਹੁੰਦੀ ਸੀ, ਜਿਨ੍ਹਾਂ ਨੂੰ ‘ਨਕੀਬ’ ਕਿਹਾ ਜਾਂਦਾ ਸੀ। ਨਕੀਬ ਦੇ ਲਫ਼ਜ਼ੀ ਮਾਅਨੇ ਹਨ, “ਐਲਾਨਚੀ, ਐਲਾਨ ਕਰਨ ਵਾਲਾ, ਭਾਵ ਦਰਬਾਰੀ ਲੋਕ, ਜਿਹੜੇ ਰਾਜਿਆਂ-ਮਹਾਰਾਜਿਆਂ ਦੀ ਆਮਦ ਦਾ ਐਲਾਨ ਕਰਦੇ, ਉਨ੍ਹਾਂ ਦੇ ਖ਼ਾਨਦਾਨ ਦਾ ਨਸਲ-ਦਰ-ਨਸਲ ਕੁਰਸੀਨਾਮਾ ਵੀ ਯਾਦ ਰੱਖਦੇ, ਅਤੇ ਵਲੀਆਂ, ਪੀਰਾਂ-ਪੈਗ਼ੰਬਰਾਂ ਦੇ ਖ਼ਾਨਦਾਨਾਂ ਦੀ ਤਾਰੀਖ਼ ਦਾ ਸਿਲਸਿਲਾ ਵੀ ਉਨ੍ਹਾਂ ਨੂੰ ਹਿਫਜ਼ ਹੁੰਦਾ ਸੀ।
ਮੱਧਕਾਲ ਵਿਚ ਦੋ ਸਲਤਨਤਾਂ ਬਰਾਬਰ-ਬਰਾਬਰ ਚੱਲ ਰਹੀਆਂ ਸਨ- ਇਕ ਸੀ ਬਾਬਰਕਿਆਂ ਦੀ, ਦੂਜੀ ਸੀ ਬਾਬੇਕਿਆਂ (ਗੁਰੂ ਨਾਨਕ ਦੇਵ ਜੀ) ਦੀ, ਜਿਨ੍ਹਾਂ ਦੇ ਮਾਰਗ ਬਿਲਕੁਲ ਵੱਖਰੇ-ਵੱਖਰੇ ਸਨ। ਜਦ ਕਿ ਇਕ ਦਾ ਉਦੇਸ਼ ਸੀ, ਤਾਕਤ ਹਥਿਆਉਣਾ, ਮਾਰ-ਧਾੜ, ਕੂੜ ਕੁਫ਼ਰ, ਕਤਲੋਗ਼ਾਰਤ ਦੁਆਰਾ – ਜਦ ਕਿ ਦੂਜੀ ਦਾ ਸੀ ਇਸ ਦੇ ਬਿਲਕੁਲ ਉਲਟ- ਸੱਚ ਦੇ ਮਾਰਗ ਚੱਲਣਾ, ਪ੍ਰਭੂ-ਭਗਤੀ ਦੁਆਰਾ ਆਪਸ ਵਿਚ ਪਰਸਪਰ ਪਿਆਰ ਦਾ ਪੈਗ਼ਾਮ ਪਹੁੰਚਾਉਣਾ। ਆਪਣੀ ਉਸਤਤ ਕਰਨ-ਕਰਵਾਉਣ ਲਈ ਮੁਗ਼ਲਾਂ ਨੇ ਆਪਣੇ ਦਰਬਾਰ ’ਚ ਜੇਕਰ ਕਈ ਕਵੀ ਰੱਖੇ ਹੋਏ ਸਨ, ਜਿਹੜੇ ਕਿ ਕਬਿੱਤ-ਕਸੀਦੇ ਲਿਖਦੇ, ਖੁਸ਼ਨੂਦੀ ਕਰਦੇ ਤਾਂ ਬਾਬੇਕਿਆਂ ਵੱਲ ਰਬਾਬੀ ਆਕ੍ਰਸ਼ਿਤ ਹੋ ਗਏ ਸਨ, ਜਿਨ੍ਹਾਂ ਦੀ ਰਬਾਬ ਵਿੱਚੋਂ ‘ਰੱਬ’ ਜਾਂ ਉਸ ਦੀ ਮਹਿਮਾ ਦੀ ਧੁਨੀ ਹੀ ਨਿਕਲਦੀ ਸੀ। ਜੇਕਰ ਉਨ੍ਹਾਂ ਦੇ ਨਕੀਬ ਹੁੰਦੇ ਸਨ ਤਾਂ ਇਧਰ ਇਨ੍ਹਾਂ ਦੇ ਸਨ, ‘ਕੜਕੇ’ ਜਾਂ ‘ਕੜਖੇ’ ਲਿਖਣ ਵਾਲੇ ‘ਕੜਕੀਬ’। ਇਹ ਤਬਦੀਲੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਯੁੱਗ ਵਿਚ ਹੀ ਹੋਂਦ ਵਿਚ ਆਈ ਸੀ ਜਦ ਕਿ ਰਾਗੀ-ਰਬਾਬੀ ਅਤੇ ਢਾਡੀ ਦੋ ਸ਼ਾਖਾਵਾਂ ਵਿਚ ਵੱਟ ਗਏ ਸਨ। ‘ਕੜਕੇ’ ਬਹੁਤਾ ਕਰਕੇ ਉਨ੍ਹਾਂ ਦੇ ਦੌਰ ਵਿਚ ਹੀ ਲਿਖੇ ਜਾਣ ਲੱਗੇ ਸਨ। ਥੱਲੜੀਆਂ ਸਤਰਾਂ ਵਿਚ ਦੇਖੋ, ਉਨ੍ਹਾਂ ਦੇ ਕਰਤੱਬਾਂ ਬਾਰੇ ਕਿੰਨੀ ਖੂਬਸੂਰਤੀ ਨਾਲ ਲਿਖਿਆ ਗਿਆ ਹੈ:
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ॥ (ਪੰਨਾ 516)
ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਕਥਨ ਅਨੁਸਾਰ, “ਢਾਢੀ ਉਹ ਹੈ ਜਿਹੜਾ ਢੱਡ ਵਜਾ ਕੇ ਯੋਧਿਆਂ ਦੀਆਂ ਵਾਰਾਂ ਗਾਉਂਦਾ ਹੈ, ਜੱਸ ਗਾਉਂਦਾ ਹੈ।”
ਇਹ ਕਿਹੋ ਜਿਹਾ ਹੁਸੀਨ ਇਤਫ਼ਾਕ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਕ ਅਦੁੱਤੀ ਰਬਾਬ ਦੀ ਲੋੜ ਅਨੁਭਵ ਕੀਤੀ ਤਾਂ ਉਨ੍ਹਾਂ ਆਪਣੇ ਸੇਵਕ ਮਰਦਾਨਾ ਜੀ ਨੂੰ ਇਕ ਢਾਡੀ ਦੇ ਘਰ ਹੀ ਭੇਜਿਆ ਸੀ, “ਤਾਂ ਸੁਲਤਾਨਪਰੁ ਵਿਚ ਆਇ ਕਰ ਕੋਈ ਢਾਡੀਆਂ ਦਾ ਘਰ ਟੋਲਣਾ ਜਾਂ ਮਰਦਾਨਾ ਦੇਖੇ ਤਾਂ ਇਕ ਡੁਮੇਟਾ ਪਠਾਣ ਦੇ ਅੱਗੇ ਬੈਠਾ ਗਾਂਵਦਾ ਹੈ ਤਾਂ ਮਰਦਾਨੇ ਨੇ ਉਸ ਨੂੰ ਜਾਇਕਰ ਦੁਆਇ ਸਲਾਮ ਆਖੀ ਤਾਂ ਤਿਚਰਾਂ ਨੂੰ ਪਠਾਣ ਭੀ ਉਠ ਖੜੋਤਾ ਤਾਂ ਮਰਦਾਨੇ ਨੇ ਉਸ ਡੂਮ ਨੂੰ ਆਖਿਆ ਜੋ ਭਾਈ ਤੈਨੂੰ ਇਕ ਪਰਮੇਸਰ ਦਾ ਸੰਤ ਬੁਲਾਂਵਦਾ ਹੈ।”
ਰਬਾਬ ਖਰੀਦਣ ਲਈ ਭਾਈ ਮਰਦਾਨਾ ਜੀ ਨੇ ਸੱਤ ਰੁਪਏ ਬੇਬੇ ਨਾਨਕੀ ਜੀ ਤੋਂ ਲਏ ਹੋਏ ਸਨ। ਉਸ ਨੂੰ ਉਹ ਰਬਾਬ ਹੁਣ ਸਿੰਞਨਪੁਰ ਦੇ ਇਕ ਨਗਰ ਦੇ ਰਹਿਣ ਵਾਲੇ ਇਕ ਸੰਗੀਤਕਾਰ ਭਾਈ ਫਿਰੰਦੇ ਉਰਫ਼ ਫੇਰੂ ਕੋਲੋਂ ਪ੍ਰਾਪਤ ਹੋ ਚੁੱਕੀ ਸੀ ਜਿਹੜੀ ਕਿ ਉਸ ਨੇ ਆਪਣਾ ਉਧਾਰ ਕਰਨ ਲਈ ਗੁਰੂ ਮਹਾਰਾਜ ਜੀ ਦੇ ਹਜ਼ੂਰ ਖ਼ੁਦ ਪੇਸ਼ ਹੋ ਕੇ ਉਨ੍ਹਾਂ ਨੂੰ ਭੇਂਟ ਕਰ ਦਿੱਤੀ ਸੀ।
ਗੁਰੂ ਮਹਾਰਾਜ ਕੋਲ ਹੁਣ ਰਬਾਬਾ ਪੁੱਜ ਚੁੱਕੀ ਸੀ ਜਿਸ ਵਿੱਚੋਂ ਕਿ ਇਲਾਹੀ ਧੁਨਾਂ ਹੀ ਨਿਕਲਦੀਆਂ ਸਨ। ਪਰ ਸਿੱਖੀ ਆਪਣਾ ਚੱਕਰ ਪੂਰਾ ਕਰਨ ਲਈ ਆਪਣੀ ਚਾਲੇ ਕਦਮ-ਬਕਦਮ ਅੱਗੇ ਵਧ ਰਹੀ ਸੀ। ਛੇਵੀਂ ਪਾਤਸ਼ਾਹੀ ਦੇ ਸਮੇਂ ਪ੍ਰਸਥਿਤੀਆਂ ਬਦਲ ਚੁੱਕੀਆਂ ਸਨ, ਕੌਮ ਨੂੰ ਜ਼ੁਲਮ ਨਾਲ ਟੱਕਰ ਲੈਣ ਲਈ ਤਿਆਰ-ਬਰ-ਤਿਆਰ ਕਰਨ ਦੀ ਲੋੜ ਸ਼ਿੱਦਤ ਨਾਲ ਅਨੁਭਵ ਕੀਤੀ ਜਾ ਰਹੀ ਸੀ। ਸਿੱਖ-ਸਿਧਾਂਤ ਨੂੰ ਹੁਣ ਰਬਾਬ ਵਿੱਚੋਂ ਝਰ-ਝਰ ਪੈਂਦੇ ਕਰੁਣਾ-ਰਸ ਦੇ ਨਾਲ ਕਿਸੇ ਅਜਿਹੇ ਸਾਜ਼ ਨੂੰ ਵਰਤੋਂ ਵਿਚ ਲਿਆਉਣ ਦੀ ਲੋੜ ਸੀ, ਜਿਹੜਾ ਵੀਰ ਰਸ ਦੀਆਂ ਧੁਨਾਂ ਕੱਢੇ, ਚੰਗਿਆੜੇ ਉਗਲੇ। ਰਬਾਬ ਵਿਚ ਲਹਿਰਾਂ ਸਨ, ਲਹਿਕਾਂ ਸਨ, ਪ੍ਰਭੂ ਨੂੰ ਮਿਲਣ ਲਈ ਲੇਲ੍ਹੜੀਆਂ ਜਿਹੀਆਂ ਕੱਢਣ ਦੀ ਗੱਲ- ਪਰ ਹੁਣ ਦੁਸ਼ਟਾਂ-ਦੁਸ਼ਮਣਾਂ ਨੂੰ ਲਲਕਾਰਾ ਮਾਰਨ ਦੀ ਲੋੜ ਸੀ ਅਤੇ ਸਮੇਂ ਅਨੁਸਾਰ ਪੂਰਾ ਉਤਰਨਾ ਹੁਣ ਉਹ ਕੇਵਲ ਢੱਡ ਵਰਗੇ ਸਾਜ਼ ਤੋਂ ਹੀ ਸੰਭਵ ਸੀ। ਪਾਠਕ-ਜਨ ਇਹ ਗੱਲ ਭਲੀ-ਭਾਂਤ ਜਾਣਦੇ ਹਨ ਕਿ ਢੱਡ ਸਾਨਗੀ/ਸਾਰੰਗੀ ਦਾ ਅਜਿਹਾ ਨਾਂ ਇਸ ਕਰਕੇ ਰੱਖਿਆ ਗਿਆ ਸੀ ਕਿ ਇਸ ਵਿੱਚੋਂ ‘ਸੌ ਰੰਗ’ ਨਿਕਲ ਸਕਦੇ ਸਨ, ਬੁਨਿਆਦੀ ਨੌਆਂ ਰਸਾਂ ਦੀ ਤਾਂ ਗੱਲ ਹੀ ਛੱਡੋ! ਇਸ ਸਾਜ਼ ਦੀ ਈਜ਼ਾਦ ਬਾਰੇ ਇਹ ਗੱਲ ਹੈ ਕਿ ਯੂਨਾਨੀਆਂ ਪਿੱਛੋਂ ਅਰਬਾਂ ਨੇ ਜ਼ੰਗੋਲੇ ਦੀ ਸ਼ਕਲ ਵਿਚ ਥੋੜ੍ਹੀ-ਬਹੁਤੀ ਤਬਦੀਲੀ ਕਰ ਕੇ ਸਾਰੰਗੀ ਬਣਾ ਦਿੱਤੀ। ਇਸ ਸਾਜ਼ ਉੱਤੇ ਜਿੱਥੇ ਉਹ ਆਪਣੇ ਅੱਲਾ ਮੀਆਂ ਦੀ ਸਿਫ਼ਤ-ਸਾਲਾਹ ਅਲਾਪਦੇ, ਉਥੇ ਮੁਜਾਹਿਦਾਂ ਦੀ ਬਹਾਦਰੀ ਦੇ ਗੀਤ ਵੀ ਗਾਉਂਦੇ। ਹੁਣ ਇਧਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੇਵਕਾਂ ਨੂੰ ਸੰਤ- ਸਿਪਾਹੀ ਬਣਨ ਦੀ ਲੋੜ ਬੜੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਸੀ। ਸੋ ਇਹ ਸਮੇਂ ਦੀਆਂ ਤਬਦੀਲੀਆਂ ਦਾ ਤਕਾਜ਼ਾ ਸੀ।
ਖ਼ਾਲਸਾ ਪੰਥ ਨੂੰ ਹੁਣ ਵਾਰਾਂ ਦੀ ਲੋੜ ਸੀ ਅਤੇ ਤਲਵਾਰਾਂ ਦੀ ਵੀ। ਢਾਡੀ ਬੰਸ ਦੀ ਇਕ ਪ੍ਰਮੁੱਖ ਪ੍ਰਤੀਨਿਧ ਆਸ਼ਾ ਪੋਸਲੇ ਨੇ ਇਕ ਵਾਰ ਮੈਨੂੰ ਦੱਸਿਆ ਸੀ ਕਿ ਸਾਡੇ ਵਡੇਰੇ 72 ਵਾਰਾਂ ਲੈ ਕੇ ਕਦੇ ਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਹਾਜ਼ਰ ਹੋਏ ਸਨ, ਜਿਨ੍ਹਾਂ ਵਿੱਚੋਂ ਮਹਾਰਾਜ ਜੀ ਨੂੰ ਸਿਰਫ਼ ਨੌਂ ਧੁਨਾਂ ਹੀ ਪਸੰਦ ਆਈਆਂ ਸਨ। ਢੇਰ ਕਰਕੇ ਉਹ ਰਾਜਸਥਾਨੀ ਧੁਨਾਂ ’ਤੇ ਆਧਾਰਤ ਸਨ ਜਿਵੇਂ ਕਿ ਵਾਰ ਆਸਾ – ਟੁੰਡੇ ਸਰਜੇ ਜਾਂ ਅਸਰਾਜੇ ਦੀ ਧੁਨੀ ’ਤੇ, ਰਾਮਕਲੀ ਦੀ ਵਾਰ – ਰਾਣਾ ਪੂਰਬ ਦੇ ਬੇਟੇ ਜੋਧਿਵੀਰ ਦੇ ਨਾਂ ’ਤੇ, ਰਾਇ ਮਹਿਮਾ/ਰਾਇ ਹਸਨਾ ਜਾਂ ਹੁਸੈਨਾ ਦੇ ਨਾਂ ’ਤੇ, ਰਾਣਾ ਸੁਜਾਨ ਅਤੇ ਰਾਣਾ ਪੂਰਬ ਆਦਿ ਦੇ ਨਾਵਾਂ ’ਤੇ ਕੁਝ ਹੋਰ ਧੁਨਾਂ ਸਨ।
ਰਾਜਸਥਾਨ ਵਿਚ ‘ਜੌਹਰ’ ਦੀ ਪ੍ਰਥਾ ਬੜੀ ਪੁਰਾਣੀ ਹੈ। ਉਸ ਖੇਤਰ ਵਿਚ ਢਾਡੀ ਨੂੰ ਇਲਾਕਾਈ ਜ਼ੁਬਾਨ ਅਨੁਸਾਰ ‘ਢੋਲੀ’ ਜਾਂ ‘ਡੋਲੀ’ ਆਖਦੇ ਹਨ। ਢੋਲੀ, ਆਪਣੇ ਕਬੀਲੇ ਦੇ ਸਰਦਾਰ ਜਜਮਾਨ ਜਾਂ ਰਾਜੇ-ਮਹਾਰਾਜੇ ਦੇ ਜੱਸ ਦੀਆਂ ਘੋੜੀਆਂ, ਉਸ ਦੀ ਮਹਿਮਾ ਵਿਚ ਗੱਜ-ਵੱਜ ਕੇ ਬੜੇ ਢੋਲ-ਢਮੱਕੇ ਨਾਲ ਗਾਉਣ। ਇਹ ਢਡਾਰ, ਇਹ ਕਲਾਕਾਰ ਆਪਣੇ ਜਜਮਾਨ ਦੀ ਧੀ ਦੀ ਡੋਲੀ ਸਮੇਂ ਵੀ ਬੜਾ ਮੱਚ-ਮੱਚ ਕੇ ਗਾਇਨ ਬਜਾਇਨ ਕਰਦੇ ਸਨ, ਇਸ ਲਈ ਥੋੜ੍ਹੇ-ਬਹੁਤ ਇਲਾਕਾਈ ਫ਼ਰਕ ਨਾਲ ਕੁਝ ਲੋਕੀਂ ਉਨ੍ਹਾਂ ਨੂੰ ‘ਡੋਲੀ’ ਵੀ ਆਖ ਦਿੰਦੇ ਸਨ। ਇਹ ਕੁਝ ਇਸ ਤਰ੍ਹਾਂ ਦੀ ਗੱਲ ਜਾਪਦੀ ਹੈ ਜਿਵੇਂ ਤੁਸੀਂ ਭਾਈ ਨੂੰ ਭਾਵੇਂ ਬਾਈ (ਖ਼ਾਸ ਕਰਕੇ ਮਾਲਵੇ ਵਿਚ), ਭਰਾ, ਭਰਾਤਾ ਜਾਂ ਭਾਊ ਆਖ ਲਓ – ਕੇਂਦਰੀ ਭਾਵ ਤਾਂ ਇੱਕੋ ਹੀ ਹੈ ਨਾ!
ਛੇਵੀਂ ਪਾਤਸ਼ਾਹੀ ਨੇ ਤਖ਼ਤ ’ਤੇ ਬੈਠਦਿਆਂ ਹੀ ਇਹ ਹੁਕਮ ਸਾਦਰ ਕਰ ਦਿੱਤੇ ਸਨ, “ਅੱਗੇ ਤੋਂ ਮੇਰੀ ਭੇਟਾ ਚੰਗਾ ਸ਼ਸਤਰ ਅਤੇ ਚੰਗੀ ਜਵਾਨੀ ਹੈ”. ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵਾਰਾਂ ਗਾਉਣ ਦੀ ਮਰਯਾਦਾ ਆਪਣੇ ਪੂਰੇ ਜੋਬਨ ’ਤੇ ਆ ਰਹੀ ਜਾਪਦੀ ਸੀ।
ਪਾਠਕ-ਜਨਾਂ ਦੇ ਮਨ ’ਤੇ ਇਹ ਗੱਲ ਆ ਜਾਣੀ ਕੁਦਰਤੀ ਹੈ ਕਿ ਸਿੱਖ ਵਿਚਾਰਧਾਰਾ ’ਚ ਇੰਨਾ ਪਰਿਵਰਤਨ, ਇੰਨੀ ਤਬਦੀਲੀ ਇਕ ਦਮ ਕਿਉਂ? – ਮਾਲਾ ਫੇਰਨ ਤੋਂ ਮਾਰਨ ਮਰਾਣ ਤਕ ਦਾ ਸਫ਼ਰ, ਸਿਮਰਨ ਤੋਂ ਸ਼ਮਸ਼ੀਰ ਤੱਕ ਦਾ ਸਫ਼ਰ ਇੰਨੀ ਛੇਤੀ, ਆਖ਼ਰ ਕਿਉਂ? ਕੋਈ ਗਭਲਾ ਜਿਹਾ, ਵਿਚ-ਵਿਚਾਲੇ ਦਾ ਰਾਹ ਆਖ਼ਰ ਕਿਉਂ ਨਹੀਂ? ਅਸਲ ਗੱਲ ਇਹ ਸੀ ਕਿ ਸੱਚੇ ਸਾਹਿਬ ਹੁਣ ਇਹ ਗੱਲ ਭਲੀ-ਭਾਂਤ ਤਾੜ ਚੁੱਕੇ ਸਨ ਕਿ ਕੱਲੀ ਮਾਲਾ ਦਾ ਪ੍ਰਯੋਗ ਹੁਣ ਕਾਫ਼ੀ ਨਹੀਂ – ਦੇਸ਼ ਦੀ ਅਣਖ-ਆਬਰੂ ਬਚਾਉਣ ਲਈ ਵੀ, ਹੋਰ ਗੱਲਾਂ ਵੀ ਓਨੀਆਂ ਹੀ ਜ਼ਰੂਰੀ ਹਨ। ਇਹ ਸੰਤ ਤੋਂ ਲੈ ਕੇ ਸਿਪਾਹੀ ਵੱਲ ਨੂੰ ਵਧਦੇ ਕਦਮਾਂ ਦੀ ਸ਼ੁਰੂਆਤ ਸੀ। ਅਜਿਹਾ ਪਰਿਵਰਤਨ ਸਮੇਂ ਦੀ ਇਕ ਅਹਿਮ ਲੋੜ ਹੀ ਤਾਂ ਬਣ ਗਿਆ ਸੀ।
ਅਸਲ ਵਿਚ ਹਿੰਦੁਸਤਾਨ ਵੇਦਾਂ ਦੀ ਧਰਤੀ ਹੋਣ ਕਰਕੇ, ‘ਵੇਦਾਂਤ’ ਹਾਵੀ ਦੇਸ਼ ਬਣ ਕੇ ਰਹਿ ਗਿਆ ਸੀ। ਸ਼ਾਬਦਿਕ ਤੌਰ ’ਤੇ, ਨਿਖੇੜ ਕੇ ਦੇਖਿਆ ਜਾਏ ਤਾਂ ‘ਵੇਦਾਂਤ’ ਵੇਦ-ਅੰਤ ਤੋਂ ਬਣਿਆ ਲਫ਼ਜ਼ ਹੈ ਜਿਸ ਦਾ ਅਰਥ ਹੈ ਵੇਦ (ਗਿਆਨ) ਅਤੇ ਅੰਤ (ਓੜਕ, ਸਿਖਰ)। ਜਹਾਨ ਭਰ ਦੀਆਂ ਸੱਭਿਆਤਾਵਾਂ ਦਾ ਜੇਕਰ ਤੁਲਨਾਤਮਕ ਅਧਿਐਨ ਕਰੀਏ ਤਾਂ ਸਾਡੀ ਸੱਭਿਅਤਾ ਰੂਹਾਨੀ ਅਤੇ ਬੌਧਿਕ ਤੌਰ ’ਤੇ ਦੂਜੀਆਂ ਨਾਲੋਂ ਬਹੁਤ ਅੱਗੇ ਨਿਕਲ ਚੁਕੀ ਸੀ। ਉਜੱਡ, ਧਾੜਵੀ, ਅਸਭਿਅਕ ਦੇਸ਼ਾਂ ਦੇ ਕੁਝ ਲੁਟੇਰਿਆਂ ਦੀਆਂ ਨਜ਼ਰਾਂ ਹੁਣ ਸਾਧੂ ਬਿਰਤੀ ਵਾਲੇ ਦੇਸ਼ਵਾਸੀਆਂ ’ਤੇ ਟਿਕ ਚੁਕੀਆਂ ਸਨ। ਹੁਣ ਕਿਸੇ ਸਾਧੂ ਨੇ ਕਿਸੇ ਲੁਟੇਰੇ ਦਾ ਭਲਾ ਕੀ ਟਾਕਰਾ ਕਰਨਾ ਹੋਇਆ?
ਹੇ ਮੇਰੇ ਕਰਤਾਰ! ਉਹ ਕਿਹੋ ਜਿਹਾ ਸਮਾਂ ਹੋਵੇਗਾ ਜਦ ਕਿ ਗੁਰੂ ਮਹਾਰਾਜ ਜੀ ਦੇ ਢਾਡੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅੱਗੇ ਤਖ਼ਤਪੋਸ਼ੀ ਸਮੇਂ ਆਪਣੇ ਪੂਰੇ ਜੋਸ਼-ਖ਼ਰੋਸ਼ ਵਿਚ ਆਪਣੀ ਧਰਤ-ਕੰਬਾਊ ਆਵਾਜ਼ ਨਾਲ ਕਦੇ ਇਸ ਵਾਰ ਦੀ ਸੱਦ ਲਾਈ ਹੋਵੇਗੀ:
ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟ ਗੜ੍ਹ, ਦਰਵਾਜ਼ਾ ਬਲਖ ਬਖੀਰ ਦੀ।
ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਦੀ।
ਪੱਗ ਤੇਰੀ! ਕੀ ਜਹਾਂਗੀਰ ਦੀ?
ਭਾਈ ਬਾਬਕ ਜੀ ਪਿੱਛੋਂ ਭਾਈ ਅਬਦੁੱਲਾ ਅਤੇ ਭਾਈ ਨੱਥਾ ਵੀ ਹੁਣ ਬਾਬੇ ਕਿਆਂ ਦੇ ਦਰਬਾਰ ਪਹੁੰਚ ਚੁੱਕੇ ਸਨ:
“ਨੱਥਾ ਢੱਡ ਬਜਾਇ, ਅਬਦੁੱਲਾ ਹੱਥ ਰਬਾਬ ਲੈ।”
ਹੁਣ ਇਹ ਢਾਡੀ “ਖਸਮੈ ਕੈ ਦਰਬਾਰਿ ਢਾਡੀ ਵਸਿਆ” ਦੇ ਅਨੁਰੂਪ ਵਿਚਰ ਰਹੇ ਸਨ। ਆਪਣੇ ਸੁਆਮੀ ਦੇ ਦਰਾਂ ’ਤੇ ਪੱਕਾ ਡੇਰਾ ਜਮਾ ਚੁੱਕੇ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਪਿੱਛੋਂ ਜਦ ਹੀ ਕੀਰਤਪੁਰ ਵਸਿਆ, ਆਪਣੀਆਂ ਸਿਦਕੀ ਸੇਵਾਵਾਂ ਨਿਭਾਉਣ ਲਈ ਉਥੇ ਵੀ ਤਾਇਨਾਤ ਹੋ ਗਏ ਸਨ।
ਉਨ੍ਹਾਂ ਪਿੱਛੋਂ ਬਾਬਾ ਬਾਘਾ ਜੀ ਅਤੇ ਭਾਈ ਮੀਹਾਂ ਜੀ ਆਪਣੇ ਸਮੇਂ ਦੇ ਸਿਰਮੌਰ ਢਾਡੀ ਹੋਏ ਹਨ। ਸਿੱਖ ਰਾਜ ਸਥਾਪਤ ਹੋਇਆ ਤਾਂ ਉਸੇ ਗੌਰਵਮਈ ਪਰੰਪਰਾ ਨੂੰ ਅੱਗੇ ਤੋਰਨ ਲਈ ਇਨ੍ਹਾਂ ਭਰਾਵਾਂ ਅਰਥਾਤ ਲੱਖ ਦਰਿਆ, ਜਸ ਦਰਿਆ, ਮੌਜ ਦਰਿਆ ਅਤੇ ਸੁੱਖ ਦਰਿਆ ਨੇ ਆਪਣੇ-ਆਪਣੇ ਹਿਸਾਬ ਨਾਲ ਬੜਾ ਮਾਣਮੱਤਾ ਯੋਗਦਾਨ ਪਾਇਆ। ਪੰਥ ਪ੍ਰਕਾਸ਼ ਦਾ ਕਰਤਾ ਆਪਣੀ ਕਲਮ ਦੁਆਰਾ, ਜੱਸ ਦਰਿਆ ਅਤੇ ਦੂਜੇ ਢਾਡੀਆਂ ਦਾ ਵਰਣਨ, ਇਨ੍ਹਾਂ ਸ਼ਬਦਾਂ ਰਾਹੀਂ ਕਰਦਾ ਹੈ:
ਅਬਦਲ ਜਸਦਰਿਆ ਗੁਲਜ਼ਾਰਾ।
ਇਹ ਢਾਡੀ ਮਿਲ ਗਾਵਹਿ ਵਾਰਾ।
ਕੌਨ ਪੁਰਸ਼ ਜੋ ਸੁਨ ਕੈ ਵਾਰ।
ਸੂਰਬੀਰ ਨ ਹੋਇ ਉਦਾਰ।
ਐਸੋ ਚਢੈ ਬੀਰ ਰਸ ਤਹੈ।
ਹੱਥ ਤੇਗ ਮੁਛ ਪਰ ਖੁਦ ਅਹੈ।
ਵਕਤ ਦੋਇ ਗੁਰ ਲਾਇ ਦੀਵਾਨ,
ਵਾਰਾਂ ਰਾਗ ਸੁਨਤ ਮੁੰਦ ਠਾਨ।
ਸਿੱਖ-ਦੌਰ ਵਿਚ ਇਕ ਵੇਰ ਹੋਇਆ ਇਹ ਕਿ ਬੜੀ ਭਾਰੀ ਔੜ ਲੱਗ ਗਈ ਅਤੇ ਮੀਂਹ ਪੈਣ ਦਾ ਨਾਂ ਤਕ ਨਾ ਲਏ। ਕਾਲ ਦੇ ਭਿਆਨਕ ਦਿਨ। ਰੱਬ ਜਾਣੇ ਉਹ 1813 ਈ. ਵਾਲਾ ਸੱਤ-ਸੇਰਾ (ਉਸ ਔਖੇ ਸਮੇਂ ਇਕ ਰੁਪਏ ਦੀ ਸੱਤ ਸੇਰ ਕਣਕ ਵਿਕ ਗਈ ਸੀ) ਕਾਲ ਸੀ ਜਾਂ ਕਿ 1833 ਵਾਲਾ ਮਰਕਾਂਵਾਲਾ ਕਾਲ! ਸ਼ੇਰਿ-ਪੰਜਾਬ ਦੇ ਕੰਨਾਂ ਵਿਚ ਕਿਸੇ ਨੇ ਇਹ ਗੱਲ ਪਾਈ ਕਿ ਉਹ ਆਪਣੇ ਇਕ ਢਾਡੀ ਬਾਬਾ ਬਾਘਾ ਜੀ ਨੂੰ ਬੇਨਤੀ ਕਰਨ ਕਿ ਉਹ ਕਿਸੇ ਤਰ੍ਹਾਂ ਇੰਦਰ ਦੇਵਤਾ ਨੂੰ ਰੀਝਾਉਣ ਤਾਂ ਜੋ ਕੁਝ ਬੂੰਦਾਂ ਵਰ੍ਹ ਜਾਣ। ਬਾਬਾ ਬਾਘਾ ਜੀ ਦੀ ਇਹ ਗੱਲ ਸੀ ਕਿ ਉਸ ਨੇ ਖੜ੍ਹੀ ਟੰਗੇ, ਦਰਬਾਰ ਸਾਹਿਬ ਦੇ ਸਰੋਵਰ ਵਿਚ ਵਿਰਦ ਕੀਤਾ ਹੋਇਆ ਸੀ। ਇਸ ਪ੍ਰਤੀ ਉਸ ਨੂੰ ਬੇਨਤੀ ਕੀਤੀ ਗਈ ਜਿਹੜੀ ਉਸ ਨੇ ਪ੍ਰਵਾਨ ਕਰ ਲਈ। ਇਸ ਅਰਜ਼ੋਈ ਲਈ ਉਹ ਸਰੋਵਰ ਵਿਚ ਵੜ ਗਿਆ ਅਤੇ ਅਰਦਾਸਾਂ ਜੋਦੜੀਆਂ ਕਰਨ ਲੱਗਾ:
‘ਧੰਨ ਗੁਰੂ ਰਾਮਦਾਸ ਜੀ, ਭੇਜੋ ਅੰਮ੍ਰਿਤ ਦੀ ਬੂੰਦ!’
ਰੱਬ ਦਾ ਸੱਚੇ ਦਿਲੋਂ ਨਾਂ ਲੈਣ ਵਾਲੇ ਬੰਦੇ ਦੀ ਅਰਦਾਸ ਸੁਣੀ ਗਈ, ਚੜ੍ਹਲ-ਚੜ੍ਹਲ ਮੀਂਹ ਵਰ੍ਹਨ ਲੱਗ ਪਿਆ, ਜਿਸ ਨਾਲ ਬਾਬਾ ਬਾਘਾ ਦੀ ਮਹਿਮਾ ਸਾਰੇ ਸ਼ਹਿਰ ਵਿਚ ਫੈਲ ਗਈ।
ਇਹ ਖ਼ਬਰ ਜਦ ਹੀ ਮਹਾਰਾਜਾ ਰਣਜੀਤ ਸਿੰਘ ਨੇ ਸੁਣੀ, ਉਹ ਬਹੁਤ ਖੁਸ਼ ਹੋਏ, ਇਕਦਮ ਹਾਥੀ ਦੀ ਸਵਾਰੀ ਲੈ ਕੇ, ਬਾਬਾ ਬਾਘਾ ਜੀ ਦੇ ਘਰ ਆਏ।
ਲੇਖਕ ਬਾਰੇ
- ਬਲਬੀਰ ਸਿੰਘ ਕੰਵਲhttps://sikharchives.org/kosh/author/%e0%a8%ac%e0%a8%b2%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%95%e0%a9%b0%e0%a8%b5%e0%a8%b2/February 1, 2009
- ਬਲਬੀਰ ਸਿੰਘ ਕੰਵਲhttps://sikharchives.org/kosh/author/%e0%a8%ac%e0%a8%b2%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%95%e0%a9%b0%e0%a8%b5%e0%a8%b2/August 18, 2021