ਕਿਸੇ ਵੀ ਸਮਾਜ ਜਾਂ ਦੇਸ਼ ਦੀ ਤਰੱਕੀ ਉਸ ਦੇ ਨਾਗਰਿਕਾਂ ਦੀ ਮਾਨਸਿਕ ਤੌਰ ’ਤੇ ਮਜ਼ਬੂਤੀ ਜਾਂ ਕਮਜ਼ੋਰੀ ’ਤੇ ਨਿਰਭਰ ਕਰਦੀ ਹੈ। ਆਗੂ ਹੋਣ ਦੀਆਂ ਵਿਸ਼ੇਸ਼ਤਾਵਾਂ ਸਮਾਜ ਵਿਚ 5% ਤੋਂ ਵੀ ਘੱਟ ਲੋਕਾਂ ਵਿਚ ਹੁੰਦੀਆਂ ਹਨ। ਜੇਕਰ ਚੰਗੇ ਆਗੂ ਅੱਗੇ ਲੱਗ ਜਾਣ ਤਾਂ ਸਮਾਜ ਜ਼ਿਆਦਾ ਚੰਗਾ ਨਜ਼ਰ ਆਉਂਦਾ ਹੈ। ਗੁਰੂ-ਹੁਕਮ ਹੈ:
ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ॥
ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ॥ (ਪੰਨਾ 140)
ਜੇ ਆਗੂ-
ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੋ ਸਮਝਾਵਣਿ ਜਾਇ॥
ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੈ॥ (ਪੰਨਾ 139-40)
ਦੇ ਅਨੁਸਾਰ ਹੋਵੇ ਤਾਂ ਸਮਾਜ ਵਿਚ ਸਮੱਸਿਆਵਾਂ ਅਤੇ ਬੇਚੈਨੀਆਂ ਵਧ ਜਾਂਦੀਆਂ ਹਨ। ਹਿੰਦੁਸਤਾਨ ਕਰੀਬ ਇਕ ਹਜ਼ਾਰ ਸਾਲ ਤਕ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਬੱਝਿਆ ਰਿਹਾ ਹੈ। ਇਸ ਗ਼ੁਲਾਮੀ ਨੇ ਲੋਕਾਂ ਦੀ ਮਾਨਸਿਕਤਾ ਅਤੇ ਮਨੋਬਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਹ ਪ੍ਰਭਾਵ ਕੇਵਲ ਰਾਜਨੀਤਕ ਹੀ ਨਹੀਂ ਧਰਮ ਤੇ ਸਮਾਜ ਦੇ ਹਰ ਖੇਤਰ ’ਤੇ ਨਜ਼ਰ ਆਉਂਦਾ ਹੈ। ਸਮਾਜ ਵਿਚ ਤਰੱਕੀ ਦਾ ਰਾਹ ਮਜ਼ਬੂਤ ਵਿਚਾਰਧਾਰਾ ਨਾਲ ਹੀ ਸੰਭਵ ਹੈ। ਹਥਿਆਰਾਂ ਨਾਲ ਬਦਲਿਆ ਸਮਾਜ ਜ਼ਿਆਦਾ ਸਮਾਂ ਨਹੀਂ ਚੱਲਦਾ। ਵਿਚਾਰਧਾਰਾ ਕੇਵਲ ਯੁੱਗਪੁਰਸ਼ ਹੀ ਬਦਲ ਸਕਦੇ ਹਨ। ਜੇਕਰ ਵਿਚਾਰਧਾਰਾ ਬਦਲ ਜਾਵੇ ਤਾਂ ਕਰਾਂਤੀ ਸਦੀਵੀ ਹੋ ਜਾਂਦੀ ਹੈ। ਮਨ ਦੀ ਮਜ਼ਬੂਤੀ ਕੇਵਲ ਗਿਆਨ ਨਾਲ ਹੁੰਦੀ ਹੈ। ਜੋ ਚੀਜ਼ ਇਨਸਾਨ ਵੇਖ ਤੇ ਸਮਝ ਲੈਂਦਾ ਹੈ, ਉਸ ’ਤੇ ਯਕੀਨ ਕਰਦਾ ਹੈ। ਆਮ ਆਦਮੀ ਨੂੰ ਧਰਮੀ ਆਗੂ ਛੇਤੀ ਪ੍ਰਭਾਵਿਤ ਕਰਦੇ ਹਨ। ਧਰਮ ਫਲਸਫੇ, ਭੇਸ ਤੇ ਕਰਮਕਾਂਡ ਦਾ ਸਮੂਹ ਹੁੰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਇਕ ਅਨੋਖੀ ਜੀਵਨ-ਜਾਚ ਤੇ ਵਿਚਾਰਧਾਰਾ ਇਸ ਸਮਾਜ ਵਿਚ ਲੈ ਕੇ ਆਏ, ਜਿਸ ਅਨੁਸਾਰ ਹੱਸਦੇ, ਖੇਡਦੇ, ਖਾਂਦੇ, ਪਹਿਨਦੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਹੋਏ, ਅਨੰਦ ਤੇ ਪ੍ਰਭੂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਹ ਵਿਚਾਰਧਾਰਾ ਹਰ ਇਕ ਦੇ ਮਨ ਨੂੰ ਮੋਹ ਲੈਣ ਵਾਲੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਸੰਖੇਪ ਰੂਪ ਵਿਚ ੴ ਅਕਾਲ ਦਾ ਪੁਜਾਰੀ ਹੋਣ ਜੋ ਨਿਰਭਉ, ਨਿਰਵੈਰੁ, ਜੂਨਾਂ ਤੋਂ ਰਹਿਤ, ਸੱਚ, ਕਰਤਾ ਅਤੇ ਸਵੈ ਪ੍ਰਕਾਸ਼ਵਾਨ ਹੈ, ਜਿਸ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਕੇਵਲ ਸੇਵਾ ਸਿਮਰਨ ਤੇ ਪ੍ਰੇਮ ਹੀ ਸਹੀ ਰਾਹ ਹਨ। ਇਹ ਕਰਾਂਤੀਕਾਰੀ ਵਿਚਾਰਧਾਰਾ ਸਮਾਜਵਾਦੀ ਸੰਸਾਰ ਸਿਰਜਣਾ ਦੀ ਹੈ। ਜਿਸ ਵਿਚ-
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ (ਪੰਨਾ 74)
ਦਾ ਫਲਸਫਾ ਚਾਨਣ ਮੁਨਾਰਾ ਹੈ। ਇਸ ਵਿਚ ਮਾਇਆ ਲਈ-
ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥
ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ॥
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ॥ (ਪੰਨਾ 1019)
ਔਰਤ ਲਈ-
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)
ਅਤੇ ਬਰਾਬਰੀ ਲਈ-
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)
ਜਾਂ
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ (ਪੰਨਾ 611)
ਦੇ ਹੁਕਮ ਚਾਨਣ ਮੁਨਾਰਾ ਹਨ। ਗਿਆਨ ਦੀ ਬਖ਼ਸ਼ਿਸ਼ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਮੰਤਰ ਦੀ ਦਾਤ ਲਈ ਪੰਜ ਪਿਆਰਿਆਂ ਦੀ ਸੰਸਥਾ ਨਾਲ ਅਖੌਤੀ ਧਰਮ-ਗੁਰੂਆਂ ਤੇ ਕਰਮਕਾਂਡੀ ਪੁਜਾਰੀਆਂ ਤੋਂ ਮੁਕਤੀ ਦਾ ਪੱਕਾ ਰਾਹ ਬਣਾ ਦਿੱਤਾ ਗਿਆ। ਭੈਅ-ਰਹਿਤ ਸਮਾਜ ਦੀ ਸਿਰਜਣਾ ਅਤੇ ਆਪਾ ਕੁਰਬਾਨ ਕਰਨ ਲਈ ਲਲਕਾਰ-
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਵਿਅਕਤੀ ਨੂੰ ਸੰਤ-ਸਿਪਾਹੀ ਦਾ ਰੂਪ ਬਖ਼ਸ਼ਿਸ਼ ਕਰਦੀ ਹੈ। ਇਸ ਵਿਚਾਰਧਾਰਾ ਵਿਚ ਕਿਸੇ ਵੀ ਧਾਰਮਿਕ ਰਸਮ ਨੂੰ ਪੂਰਾ ਕਰਨ ਲਈ ਕਿਸੇ ਪੁਜਾਰੀ ਦੀ ਲੋੜ ਨਹੀਂ ਹੈ। ਕੋਈ ਵੀ ਸ਼ਰਧਾਵਾਨ ਗਲ ਵਿਚ ਪੱਲਾ ਪਾ ਕੇ ਅਰਦਾਸ ਬੇਨਤੀ ਕਰ ਸਕਦਾ ਹੈ ਤੇ ਬਾਣੀ ਦਾ ਪਾਠ, ਕੀਰਤਨ ਵੀ ਕਰ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਉਪਦੇਸ਼ ਵਿੱਚੋਂ ਇਨਸਾਨ ਨੂੰ ਪੂਰਨ ਆਜ਼ਾਦੀ ਦਾ ਨਿੱਘ ਆਉਂਦਾ ਸੀ ਜਿਸ ਵਿਚ ਘਰ ਤੇ ਸੰਸਾਰ ਦਾ ਤਿਆਗ ਕੀਤੇ ਬਿਨਾਂ ਸਹਿਜ, ਸੰਤੋਖ, ਸੇਵਾ, ਦਾਨ, ਪ੍ਰੇਮ, ਊਚ-ਨੀਚ ਤੋਂ ਮੁਕਤ ਆਪਸੀ ਭਾਈਚਾਰੇ ਨਾਲ ਜੀਵਨ ਜਿਉਣ ਦੀ ਵਿਉਂਤ ਸੀ। ਉਨ੍ਹਾਂ ਦੇ ਫ਼ਲਸਫੇ ’ਚ ਪ੍ਰਭੂ-ਪ੍ਰਾਪਤੀ ਦਾ ਰਾਹ ਸਵੈਮਾਣ ਨਾਲ ਜੀਣਾ ਤੇ ਅਸੂਲਾਂ ’ਤੇ ਕੁਰਬਾਨੀ ਦੇਣ ਲਈ ਪਿੱਛੇ ਨਾ ਹਟਣਾ ਵੀ ਸਪੱਸ਼ਟ ਸੀ। ਇਹ ਵਿਚਾਰਧਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਦੁਨੀਆਂ ਦੇ ਵੱਡੇ ਖਿੱਤੇ ਤਕ ਪਹੁੰਚੀ ਅਤੇ ਲੋਕਾਂ ਨੇ ਇਸ ’ਤੇ ਅਮਲ ਕਰ ਕੇ ਆਪਣੇ ਜੀਵਨ ਨੂੰ ਸੌਖਾ ਤੇ ਤਕੜਾ ਬਣਾਇਆ। ਇਨ੍ਹਾਂ ਅਕਾਲ ਦੇ ਪੁਜਾਰੀਆਂ ਨੇ ਗੁਰੂ ਸਾਹਿਬਾਨ ਦੇ ਬਣਾਏ ਹੋਏ ਅਸੂਲਾਂ ’ਤੇ ਚੱਲ ਕੇ ਸਮਾਜ ਵਿਚ ਆਪਣੀ ਉੱਚੀ ਥਾਂ ਸਥਾਪਤ ਕਰ ਲਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਵਿਚਾਰਧਾਰਾ ਪ੍ਰਗਟ ਕਰਨ ਲਈ ਪਹਿਲਾਂ ਪ੍ਰਚੱਲਿਤ ਵਿਚਾਰਧਾਰਾਵਾਂ ਦਾ ਵਿਰੋਧ ਨਹੀਂ ਕੀਤਾ, ਬਲਕਿ ਇਕ ਨਿਵੇਕਲੇ ਢੰਗ ਨਾਲ ਹਰਦੁਆਰ ਵਿਚ ਪੱਛਮ ਵੱਲ ਪਾਣੀ ਦੇ ਕੇ, ਕੁਰੂਕਸ਼ੇਤਰ ਵਿਚ ਗ੍ਰਹਿਣ ਸਮੇਂ ਅਗਨੀ ਬਾਲ ਕੇ, ਪਾਂਧੇ ਨੂੰ ਅੱਖਰ ਦੇ ਮਤਲਬ ਪੁੱਛ ਕੇ ਤੇ ਮੱਕੇ ਵੱਲ ਪੈਰ ਕਰ ਕੇ ਰੂੜ੍ਹੀਵਾਦੀ ਪੁਜਾਰੀਆਂ ਤੇ ਪ੍ਰਚਾਰਕਾਂ ਨੂੰ ਸਵਾਲ ਪੁੱਛਣ ਲਈ ਮਜਬੂਰ ਕੀਤਾ ਕਿ ਉਹ ਇਹ ਉਲਟਾ ਕੰਮ ਕਿਉਂ ਕਰ ਰਹੇ ਹਨ? ਤੇ ਗੁਰੂ ਜੀ ਨੇ ਉਨ੍ਹਾਂ ਨੂੰ ਸੱਚ ਦੇ ਚਾਨਣ ਰਾਹੀਂ ਇਸ ਫਲਸਫੇ ਵੱਲ ਚੱਲਣ ਲਈ ਪ੍ਰੇਰਿਤ ਕੀਤਾ। ਕਰਮਕਾਂਡਾਂ ਦੇ ਰਾਹ ਨੂੰ ਝੂਠਾ, ਗੁੰਮਰਾਹਕੁੰਨ ਤੇ ਬੇਲੋੜਾ ਦੱਸਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਏਨਾ ਬਲਵਾਨ ਸੀ ਕਿ ਵਕਤ ਦੀਆਂ ਜ਼ਾਲਮ ਸਰਕਾਰਾਂ ਇਸ ਤੋਂ ਉਨ੍ਹਾਂ ਦੇ ਜੀਵਨ-ਕਾਲ ਵਿਚ ਹੀ ਭੈਅਭੀਤ ਹੋ ਗਈਆਂ।
ਸ੍ਰੀ ਗੁਰੂ ਨਾਨਕ ਦੇਵ ਜੀ ਸਹਿਤ ਦਸੋਂ ਗੁਰੂ ਸਾਹਿਬਾਨ ਇਕ ਹੀ ਫ਼ਲਸਫ਼ੇ ਨੂੰ ਮੰਨਣ ਅਤੇ ਪ੍ਰਚਾਰਨ ਵਾਲੇ ਸਨ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕੀਤੀ। ਸਮਾਜ ਵਿਚ ਬੁਜ਼ਦਿਲੀ ਖ਼ਤਮ ਕਰਨ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਮੀਰੀ-ਪੀਰੀ ਦੀਆਂ ਤਲਵਾਰਾਂ ਮਜ਼ਲੂਮਾਂ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਪਹਿਨਣ ਦਾ ਖਾਲਸੇ ਨੂੰ ਹੁਕਮ ਕਰ ਦਿੱਤਾ। ਧਰਮ ਦਾ ਦੂਜਾ ਚਿੰਨ੍ਹ ਵੱਖਰੀ ਪਹਿਚਾਣ ਖਾਲਸਾ ਜੀ ਨੂੰ ਬਖਸ਼ਿਸ਼ ਕੀਤੀ। ਖਾਲਸਾ ਸਿਰਜਣਾ ਕੋਈ ਵੱਖਰਾ ਭੇਸ ਬਣਾਉਣ ਦੀ ਗੱਲ ਨਹੀਂ ਸੀ। ਸਮਾਜ ਦੀ ਰੱਖਿਆ ਲਈ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਦੀ ਸਥਾਪਨਾ ਕੀਤੀ ਅਤੇ-
ਖਾਲਸਾ ਅਕਾਲ ਪੁਰਖ ਕੀ ਫੌਜ॥
ਪ੍ਰਗਟਯੋ ਖਾਲਸਾ ਪਰਮਾਤਮ ਕੀ ਮੌਜ॥
ਕਰਕੇ ਦਰਜ ਕੀਤਾ। ਫੌਜ ਦੇ ਆਪਣੇ ਨਿਯਮ ਤੇ ਅਨੁਸ਼ਾਸਨ ਹੁੰਦੇ ਹਨ। ਵਰਦੀ ਤਾਂ ਕੇਵਲ ਇਕ ਪਹਿਚਾਣ ਹੈ। ਫਰਜ਼ਾਂ ਤੋਂ ਜਾਣੂ ਹੋਣ ’ਤੇ ਉਨ੍ਹਾਂ ਦੀ ਰਾਖੀ ਲਈ ਜਾਨ ਕੁਰਬਾਨ ਕਰ ਦੇਣਾ, ਫੌਜ ਦਾ ਸਿਧਾਂਤ ਹੈ। ਕੇਵਲ ਵਰਦੀ ਪਾਉਣ ਨਾਲ ਵਿਅਕਤੀ ਫੌਜੀ ਨਹੀਂ ਬਣਦਾ। ਇਹ ਤਾਂ ਕਈ ਹੋਰ ਲੋਕ ਵੀ ਛੋਟੇ-ਮੋਟੇ ਕਾਰੋਬਾਰ ਕਰਨ ਲਈ ਪਾਈ ਫਿਰਦੇ ਹੋ ਸਕਦੇ ਹਨ। ਗੁਰੂ ਸਾਹਿਬ ਨੇ ਖਾਲਸੇ ਦੀ ਸਥਾਪਨਾ ਦਾ ਮਨੋਰਥ –
ਖਾਲਸਾ ਸੋ ਨਿਰਧਨ ਕੋ ਪਾਲੈ॥
ਖਾਲਸਾ ਸੋਇ ਦੁਸ਼ਟ ਕੋ ਗਾਲੈ॥
ਖਾਲਸੇ ਨੂੰ ਆਪਣਾ ਰੂਪ ਬਿਆਨ ਕਰਦੇ ਹੋਏ ਹੁਕਮ ਕੀਤਾ-
ਖਾਲਸਾ ਮੇਰੋ ਰੂਪ ਹੈ ਖਾਸ॥
ਖਾਲਸਹ ਮਹਿ ਹਉ ਕਰਹੁੰ ਨਿਵਾਸ॥
ਖਾਲਸਾ ਮੇਰੋ ਮੁਖ ਹੈ ਅੰਗ॥
ਖਾਲਸੇ ਕੇ ਹਉ ਬਸਤਿ ਸਦ ਸੰਗ॥
ਖਾਲਸਾ ਮੇਰੋ ਇਸ਼ਟ-ਸੁਹਿਰਦ॥
ਖਾਲਸਾ ਮੇਰੋ ਕਹਿਯਤ ਬਿਰਦ॥
ਖਾਲਸਾ ਮੇਰੋ ਪੱਛ-ਰੁ ਪਾਦ॥
ਖਾਲਸਾ ਮੇਰੋ ਸੁਖ ਅਹਿਲਾਦ॥
ਸੋ ਖਾਲਸੇ ਦੀ ਸਾਜਣਾ ਅਕਾਲ ਪੁਰਖ ਦੀ ਫੌਜ ਦਾ ਸ਼ੇਰ ਬਣਨਾ ਹੈ ਅਤੇ ਸਮਾਜ ਦੀ ਰੱਖਿਆ ਕਰਨਾ ਇਸ ਦਾ ਫ਼ਰਜ਼ ਹੈ। ਇਹ ਸਰੂਪ ਕੋਈ ਭੇਸ ਬਦਲਣਾ ਨਹੀਂ ਹੈ। ਉਨ੍ਹਾਂ ਵਲੋਂ ਦਿੱਤਾ ਸਿੰਘ ਰੂਪ ਅਕਾਲ ਪੁਰਖ ਦੀ ਫੌਜ ਦਾ ਮੈਂਬਰ ਹੋਣ ਦੀ ਬਹੁਮੁੱਲੀ ਪਹਿਚਾਣ ਤੇ ਪੁਸ਼ਾਕ ਹੈ।
ਦਸ ਗੁਰੂ ਸਾਹਿਬਾਨ ਨੇ ਕਿਸੇ ਵੀ ਕਰਾਮਾਤ ਦਿਖਾਉਣ ’ਤੇ ਮੁਕੰਮਲ ਪਾਬੰਦੀ ਲਾਈ। ਕਰਾਮਾਤਾਂ ਨੂੰ ਉਨ੍ਹਾਂ ਨੇ ਵੱਡਾ ਪਾਪ ਵੀ ਦੱਸਿਆ, ਕਿਉਂਕਿ ਕਰਾਮਾਤਾਂ ਇਨਸਾਨ ਦੇ ਵਿਸ਼ਵਾਸ ਨੂੰ ਤੋੜਦੀਆਂ ਹਨ। ਆਮ ਇਨਸਾਨ ਆਪਣੇ ਜੀਵਨ ਵਿਚ ਕਰਾਮਾਤਾਂ ਨਹੀਂ ਕਰ ਸਕਦਾ ਇਸ ਲਈ ਉਹ ਦਿਖਾਵੇ ਦੇ ਚਮਤਕਾਰੀ ਭੇਖੀਆਂ ਦੇ ਪਿੱਛੇ ਲੱਗਾ ਫਿਰਦਾ ਹੈ। ਇਸ ਬਾਰੇ ਗੁਰੂ ਸਾਹਿਬ ਦਾ ਫ਼ਰਮਾਨ ਹੈ ਕਿ-
ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ॥
ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ॥
ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ॥
ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ॥ (ਪੰਨਾ 649)
ਗੁਰਮੁਖ ਲਈ ਪ੍ਰਭੂ-ਚਿੰਤਨ ਹੀ ਨੌਂ ਨਿੱਧੀਆਂ, ਅਠਾਰਾਂ ਸਿਧੀਆਂ ਦੀ ਪ੍ਰਾਪਤੀ ਹੈ। ਇਹ ਅਖੌਤੀ ਭੇਖੀ ਗੁਰੂ ਸਾਹਿਬ ਦੇ ਪਹਿਲੇ ਇਮਤਿਹਾਨ-
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਵਿਚ ਹੀ ਫੇਲ੍ਹ ਹਨ ਅਤੇ ਗੁਰੂ ਅਨੁਸਾਰ “ਰੋਟੀਆ ਕਾਰਣਿ ਪੂਰਹਿ ਤਾਲ…” ਦੀ ਮਿਸਾਲ ਸਾਡੇ ਸਾਹਮਣੇ ਪੇਸ਼ ਕਰਦੇ ਹਨ। ਲੋਕਾਂ ਨੂੰ ਕਰਮਕਾਂਡਾਂ ਵੱਲ ਪ੍ਰੇਰਿਤ ਕਰਨਾ ਇਨ੍ਹਾਂ ਦੀ ਚਾਲ ਅਤੇ ਹਥਿਆਰ ਹੈ। ਲੋਕਾਂ ਵਿਚ ਵਹਿਮ-ਭਰਮ ਪੈਦਾ ਕਰ ਕੇ ਉਨ੍ਹਾਂ ਨੂੰ ਬੁਜ਼ਦਿਲ ਬਣਾਉਣਾ ਇਨ੍ਹਾਂ ਦੀ ਕਲਾਕਾਰੀ ਹੈ।
ਕਰਮਕਾਂਡ ਪੁਜਾਰੀ ਜਮਾਤ ਵੱਲੋਂ ਰੱਬ ਨੂੰ ਮਿਲਣ ਦਾ ਤੇ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਲਈ ਸੌਖਾ ਰਾਹ ਦੱਸ ਕੇ, ਲੋਕਾਈ ਦਾ ਸ਼ੋਸ਼ਣ ਕਰਨ ਦਾ ਢੰਗ ਹੈ ਜਿਸ ਵਿਚ ਜਨਮ ਤੋਂ ਮੌਤ ਤਕ ਪੁਜਾਰੀਆਂ ਦੀ ਮੱਦਦ ਤੋਂ ਬਿਨਾਂ ਇਨਸਾਨ ਆਪਣੇ ਆਪ ਨੂੰ ਅਪਵਿੱਤਰ, ਰੱਬ ਤੋਂ ਦੂਰ ਨਿਗੱਤਾ ਤੇ ਭੈਅਭੀਤ ਹੋਇਆ ਮਹਿਸੂਸ ਕਰਦਾ ਹੈ।ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਧਰਮ ਵਿਚ ਰੱਬ ਦੀ ਪ੍ਰਾਪਤੀ ਲਈ ਕਰਮਕਾਂਡ ਨੂੰ ਕੋਈ ਥਾਂ ਨਹੀਂ ਹੈ। ਸੰਸਾਰਕ ਪਦਾਰਥਾਂ ਦੀ ਪ੍ਰਾਪਤੀ ਲਈ ਵੀ ਜੰਤਰ-ਮੰਤਰ ਤੇ ਤੰਤਰ ਕਰਨ ਜਾਂ ਮੰਨਣ ਦੀ ਕੋਈ ਮਰਿਆਦਾ ਜਾਂ ਪਰੰਪਰਾ ਨਹੀਂ ਹੈ। ਜੀਵਨ ਦੇ ਹਰ ਸਮੇਂ ਖੁਸ਼ੀ, ਗ਼ਮੀ, ਜਨਮ, ਸ਼ਾਦੀ ਤੇ ਮੌਤ ਸਮੇਂ ਅਨੰਦ ਦਾ ਜਾਪ, ਜਿਸ ਵਿਚ-
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ॥
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ॥
ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ॥
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ॥ (ਪੰਨਾ 917)
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ॥
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ॥ (ਪੰਨਾ 922)
ਦਾ ਗਾਇਨ ਕਰਨ ਦਾ ਹੀ ਹੁਕਮ ਹੈ।
ਧਰਮ ਪ੍ਰਚਾਰਕ ਹਰ ਧਰਮ ਦੀ ਵਿਚਾਰਧਾਰਾ ਦੇ ਪ੍ਰਸਾਰ ਲਈ ਅਤੀ ਜ਼ਰੂਰੀ ਹਨ ਪਰ ਉਹ ਗੁਰ ਦੇ ਫਲਸਫੇ ਨੂੰ ਲੋਕਾਂ ਵਿਚ ਫੈਲਾਉਣ ਵਿਚ ਤਾਂ ਹੀ ਸਫਲ ਹੋ ਸਕਦੇ ਹਨ ਜੇ ਉਹ ਆਪਣਾ ਜੀਵਨ ਗੁਰੂ ਦੀਆਂ ਸਿੱਖਿਆਵਾਂ ਵਿਚ ਢਾਲ ਕੇ ਗੁਰੂ ਦੇ ਉਪਦੇਸ਼ ਤੇ ਵਿਚਾਰਧਾਰਾ ਦੀ ਅਮਲੀ ਮਿਸਾਲ ਬਣਨ, ਜਿਵੇਂ ਪੁਰਾਤਨ ਸਿੱਖਾਂ ਨੇ ਗੁਰੂ-ਹੁਕਮ ਮੰਨ ਕੇ ਸੇਵਾ ਤੇ ਕੁਰਬਾਨੀ ਨਾਲ ਆਪਣਾ ਨਾਂ ਇਤਿਹਾਸ ਵਿਚ ਰੋਸ਼ਨ ਕੀਤਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅੱਜ ਵੀ ਸਮਾਜ ਵਿਚ ਤਬਦੀਲੀ ਲਈ ਉਨੀ ਸਾਰਥਿਕ ਹੈ, ਜਿੰਨੀ ਗੁਰੂ-ਕਾਲ ਵਿਚ ਸੀ। ਇਹ ਇਨਸਾਨ ਦੇ ਜੀਵਨ ਵਿਚ ਚੰਗੀ ਅਗਵਾਈ ਦੇਣ ਦੇ ਸਮਰੱਥ ਹੈ। ਇਸ ਨੂੰ ਦਿਲ ਵਿਚ ਵਸਾਉਣਾ ਤੇ ਅੱਗੇ ਫੈਲਾਉਣਾ ਮਜ਼ਬੂਤ ਸਮਾਜ ਦੀ ਸਿਰਜਣਾ ਵਿਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ। ਕਰਮਕਾਂਡ ਤੋਂ ਦੂਰ ਹੋ ਕੇ ਗੁਰੂ ਨਾਨਕ ਸਾਹਿਬ ਦੇ ਸੁਖੈਨ ਮਾਰਗ ਨੂੰ ਅਪਣਾਉਣ ਦੀ ਲੋੜ ਹੈ। ਅਨੰਦ ਪ੍ਰਾਪਤੀ ਲਈ ਇੱਕੋ ਇੱਕ ਸਾਧਨ ਅਕਾਲ ਪੁਰਖ ਦੀ ਰਜ਼ਾ ਵਿਚ ਰਹਿ ਕੇ ਸੁੱਚੀ ਕਿਰਤ ਕਰਨਾ, ਉਸ ਵਿੱਚੋਂ ਲੋੜਵੰਦਾਂ ਦੀ ਸੇਵਾ ਕਰਨੀ, ਪ੍ਰਭੂ ਦਾ ਸਿਮਰਨ, ਕਿਸੇ ਵਹਿਮ, ਭਰਮ ਤੇ ਸਮੇਂ ਦੀ ਪਾਬੰਦੀ ਦੇ ਬੰਧਨ ਤੋਂ ਮੁਕਤ ਹੋ ਕੇ, ਆਪ ਕਰਨਾ, ਆਪਣੇ ਜੀਵਨ ਵਿਚ ਡਰ ਨੂੰ ਖ਼ਤਮ ਕਰ ਕੇ ਹਰ ਵੇਲੇ ਉਸ ਦਾ ਚਿੰਤਨ ਕਰਦੇ ਹੋਏ ਪ੍ਰਭੂ-ਪ੍ਰੇਮ ਦੀ ਬਾਣੀ ਗਾਉਂਦਿਆਂ ਵਿਚਰਨਾ ਹੀ ਸਿੱਖੀ ਦਾ ਸੌਖਾ ਰਸਤਾ ਹੈ ਜਿਸ ਵਿਚ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਨਾਲ ਹੋਰਾਂ ਤੋਂ ਮੋਹਰੀ ਹੋ ਜਾਈਦਾ ਹੈ।
ਲੇਖਕ ਬਾਰੇ
ਸਾਬਕਾ ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ)
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਬਕਾ ਆਈਪੀਐੱਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੇ ਹਿੰਦੂ, ਸਿੱਖ ਤੇ ਮੁਸਲਿਮ ਧਰਮ ਨਾਲ ਸਬੰਧਤ ਧਾਰਮਿਕ ਸਾਹਿਤ ਸੇਵਾਵਾਂ ਦੇ ਨਾਲ ਜੀਵਨ ਦਾ ਵੱਡਾ ਸਫ਼ਰ ਤੈਅ ਕੀਤਾ ਹੈ। ਉਹ ਸਿੱਖ ਫਿਲਾਸਫ਼ੀ ਤੇ ਇਤਿਹਾਸ ਬਾਰੇ ਕਈ ਕਿਤਾਬਾਂ ਲਿਖ ਕੇ ਸਾਹਿਤ ਸੇਵਾਵਾਂ ਵਿਚ ਆਪਣਾ ਯੋਗਦਾਨ ਪਾ ਚੁੱਕੇ ਹਨ। ਲਾਲਪੁਰਾ ਨੂੰ ਸ਼੍ਰੋਮਣੀ ਸਿੱਖ ਸਾਹਿਤਕਾਰ ਪੁਰਸਕਾਰ, ਸਿੱਖ ਸਕਾਲਰ ਪੁਰਸਕਾਰ, ਪ੍ਰੈਜ਼ੀਡੈਂਟਸ ਪੁਲਿਸ ਮੈਡਲ ਆਦਿ ਮਿਲ ਚੁੱਕੇ ਹਨ। ਉਹ ਸਿੱਖ ਇਤਿਹਾਸ ਨਾਲ ਸਬੰਧਿਤ 14 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ।
- ਸ. ਇਕਬਾਲ ਸਿੰਘ ਲਾਲਪੁਰਾhttps://sikharchives.org/kosh/author/%e0%a8%b8-%e0%a8%87%e0%a8%95%e0%a8%ac%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%b2%e0%a8%be%e0%a8%b2%e0%a8%aa%e0%a9%81%e0%a8%b0%e0%a8%be/April 1, 2008
- ਸ. ਇਕਬਾਲ ਸਿੰਘ ਲਾਲਪੁਰਾhttps://sikharchives.org/kosh/author/%e0%a8%b8-%e0%a8%87%e0%a8%95%e0%a8%ac%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%b2%e0%a8%be%e0%a8%b2%e0%a8%aa%e0%a9%81%e0%a8%b0%e0%a8%be/October 1, 2008
- ਸ. ਇਕਬਾਲ ਸਿੰਘ ਲਾਲਪੁਰਾhttps://sikharchives.org/kosh/author/%e0%a8%b8-%e0%a8%87%e0%a8%95%e0%a8%ac%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%b2%e0%a8%be%e0%a8%b2%e0%a8%aa%e0%a9%81%e0%a8%b0%e0%a8%be/July 1, 2009