editor@sikharchives.org

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ

ਸ੍ਰੀ ਗੁਰੂ ਤੇਗ ਬਹਾਦਰ ਜੀ ਅਜਿਹੇ ਬਲੀਦਾਨੀ ਸਨ, ਜਿਨ੍ਹਾਂ ਨੇ ਜ਼ਾਲਮ ਦਾ ਜ਼ਬਰ ਸਹਿ ਰਹੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਆਪਣੇ ਜੀਵਨ ਵਿੱਚ ਕੁਰਬਾਨੀ, ਬਲੀਦਾਨ ਲਈ ਹਮੇਸ਼ਾਂ ਤਿਆਰ-ਬਰ-ਤਿਆਰ ਰਹਿੰਦਾ ਹੈ, ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਸਿੱਖ ਕੌਮ ਦੀ ਨੀਂਹ ਸ਼ਹਾਦਤਾਂ ਦੇ ਸਿਰ ’ਤੇ ਖੜ੍ਹੀ ਹੈ। ਸਿੱਖ ਕੌਮ ਨੂੰ ਸ਼ਹਾਦਤਾਂ ਦਾ ਸੰਕਲਪ ਆਪਣੇ ਗੁਰੂਆਂ ਤੋਂ ਮਿਲਿਆ ਹੈ। ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾਂ ਜ਼ਬਰ-ਜ਼ੁਲਮ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਮਜ਼ਲੂਮ, ਨਿਮਾਣਿਆਂ ਖਾਤਿਰ ਆਪਣਾ ਆਪਾ, ਆਪਣਾ ਪਰਿਵਾਰ ਤੱਕ ਵਾਰ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਅਜਿਹੇ ਬਲੀਦਾਨੀ ਸਨ, ਜਿਨ੍ਹਾਂ ਨੇ ਜ਼ਾਲਮ ਦਾ ਜ਼ਬਰ ਸਹਿ ਰਹੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ।

ਕਿਸੇ ਵਿਦਵਾਨ ਦਾ ਕਥਨ ਹੈ ਕਿ ਧਰਮ ਮੰਦਰਾਂ ਦੀ ਨੀਂਹ ਧਰਮ ਲਈ ਅਹੂਤੀ ਦੇਣ ਵਾਲੇ ਸ਼ਹੀਦਾਂ ਦੇ ਸਿਰਾਂ ’ਤੇ ਹੀ ਰੱਖੀ ਜਾ ਸਕਦੀ ਹੈ। ਕੋਈ ਧਰਮ ਪੂਰਾ ਨਹੀਂ ਕਿਹਾ ਜਾ ਸਕਦਾ, ਜਿਤਨਾ ਚਿਰ ਉਹ ਜੀਵਨ ਦੇ ਨਾਲ-ਨਾਲ ਮੌਤ ਦੀ ਜਾਚ ਵੀ ਆਪਣੇ ਸ਼ਰਧਾਲੂਆਂ ਨੂੰ ਨਾ ਸਿਖਾਵੇ, ਕਿਉਂਕਿ ਸਾਡੀ ਜ਼ਿੰਦਗੀ ਦਾ ਮੁੱਢਲਾ ਤੇ ਅਖ਼ੀਰਲਾ ਸਿਰਾ ਜੀਵਨ ਤੇ ਮੌਤ ਹੀ ਹੈ। ਜਿਸ ਨੇ ਇਨ੍ਹਾਂ ਦੋਹਾਂ ਦੇ ਰਾਜ਼ ਨੂੰ ਪਾ ਲਿਆ, ਉਹੋ ਪੂਰਨ ਮਨੁੱਖ ਹੈ, ਉਹੋ ਅਸਮ ਬ੍ਰਹਮ ਗਿਆਨੀ ਤੇ ਕਾਮਲ ਸੰਤ ਫ਼ਕੀਰ ਹੈ।

ਗੁਰੂ ਤੇਗ ਬਹਾਦਰ ਸਾਹਿਬ ਐਸੇ ਹੀ ਮਹਾਤਮ ਵਾਲੇ ਸਨ, ਜਿਨ੍ਹਾਂ ਦੀ ਸ਼ਹੀਦੀ ਨੇ ਧਰਮ ਤੇ ਹਿੰਦ ਦੋਨਾਂ ਦੀ ਇਜ਼ਤ ਰੱਖੀ। ਇਸੇ ਕਾਰਣ ਆਪ ਨੂੰ ’ਹਿੰਦ ਦੀ ਚਾਦਰ’ ਤੇ ’ਧਰਮ’ ਦੀ ਚਾਦਰ’ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਆਪ ਦਾ ਜਨਮ 1 ਅਪ੍ਰੈਲ 1621 ਈ: ਨੂੰ ਛੇਵੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ ਹੋਇਆ। ਪਿਆਰਾ ਸਿੰਘ ਪਦਮ ਲਿਖਦੇ ਹਨ ਕਿ ਕਰਤਾਰਪੁਰ ਦੇ ਯੁੱਧ ਵਿਚ ਆਪ ਨੇ ਤੇਗ ਦੇ ਅਜਿਹੇ ਕਾਰਨਾਮੇ ਵਿਖਾਏ, ਜਿਸ ਤੋਂ ਪਿਤਾ ਨੇ ਪ੍ਰਸੰਨ ਹੋ ਕੇ ਕਿਹਾ, “ਤੂੰ ਤਾਂ ਸੱਚਮੁੱਚ ਹੀ ਤੇਗ ਬਹਾਦਰ ਹੈਂ।”

ਗੁਰੂ ਸਾਹਿਬ ਦੇ ਸਮੇਂ ਔਰੰਗਜ਼ੇਬ ਸ਼ਾਹੀ ਹਕੂਮਤ ’ਤੇ ਕਾਬਜ਼ ਸੀ। ਗੁਰੂ ਸਾਹਿਬ ਦਾ ਪ੍ਰਤਾਪ ਉਸ ਸਮੇਂ ਬਹੁਤ ਵੱਧ ਚੁੱਕਾ ਸੀ, ਸੰਗਤਾਂ ਦੂਰੋਂ-ਦੂਰੋਂ ਆਪ ਦੇ ਦਰਸ਼ਨ ਪ੍ਰਸਨ ਆਉਂਦੀਆਂ ਸਨ। ਆਪ ਨੇ ਪਿੰਡ-ਪਿੰਡ ਜਾ ਕੇ ਸੰਗਤਾਂ ਨੂੰ ਚੜ੍ਹਦੀਕਲਾ ਦੇ ਸੁਨੇਹੇ ਵੰਡੇ। ਆਪ ਦੇ ਆਤਮਿਕ ਸ਼ਕਤੀ ਭਰਦੇ ਕਰਤੱਵਾਂ ਨੂੰ ਔਰੰਗਜ਼ੇਬ ਕੈੜੀ ਨਜ਼ਰ ਨਾਲ ਵੇਖ ਰਿਹਾ ਸੀ। ਉਸ ਨੂੰ ਗੁਰੂ ਸਾਹਿਬ ਦੀ ਸੰਗਤ ਬਗਾਵਤ ਨਜ਼ਰ ਆਉਂਦੀ ਸੀ। ਉਸਨੇ ਸਰਬ ਹਿੰਦ ਨੂੰ ਇਸਲਾਮੀ ਰੰਗ ਵਿੱਚ ਜ਼ਬਰਦਸਤੀ ਰੰਗਣ ਵਾਲੀ ਨੀਤੀ ਲਾਗੂ ਕਰ ਦਿੱਤੀ। ਹਿੰਦੂ ਮੰਦਰਾਂ ਨੂੰ ਢਾਹ ਕੇ ਮਸੀਤਾਂ ਬਣਾਉਣ ਦੇ ਹੁਕਮ ਦੇ ਦਿੱਤੇ। ਹਿੰਦੂਆਂ ਨੂੰ ਸਰਕਾਰੀ ਨੌਕਰੀਆਂ ਤੋਂ ਕੱਢ ਕੇ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾਇਆ ਜਾਣ ਲੱਗਾ। ਪੰਡਿਤ ਲੋਕਾਂ ਨੂੰ ਉਸ ਸਮੇਂ ਹਿੰਦੁਸਤਾਨ ਵਿੱਚ ਸ਼੍ਰੋਮਣੀ ਹਿੰਦੂ ਮੰਨਿਆ ਜਾਂਦਾ ਸੀ। ਇਸ ਲਈ ਸਭ ਤੋਂ ਪਹਿਲਾਂ ਇਹ ਜ਼ਬਰਦਸਤੀ ਕਾਨੂੰਨ ਉਨ੍ਹਾਂ ਉੱਤੇ ਲਾਗੂ ਕੀਤੇ ਜਾਣ ਲੱਗੇ। ਔਰੰਗਜ਼ੇਬ ਨੂੰ ਲੱਗਦਾ ਸੀ ਪੰਡਤਾਂ ਨੂੰ ਮੁਸਲਮਾਨ ਬਣਾ ਕੇ ਬਾਕੀ ਹਿੰਦੁਸਤਾਨ ਆਪ ਹੀ ਮੁਸਲਮਾਨ ਬਣ ਜਾਵੇਗਾ। ਹਿੰਦੁਸਤਾਨ ਦੇ ਲੋਕ ਗੁਰੂ ਸਾਹਿਬ ਨੂੰ ਆਪਣਾ ਆਗੂ ਮੰਨਣ ਲੱਗ ਪਏ ਸਨ। ੧੬੭੪ ਈ: ਵਿੱਚ ਔਰੰਗਜ਼ੇਬ ਆਪ ਪੰਜਾਬ ਦਾ ਦੌਰਾ ਕਰਨ ਆਇਆ ਤੇ ਉਸਨੂੰ ਪਤਾ ਲੱਗਿਆ ਲੋਕਾਂ ਵਿੱਚ ਗੁਰੂ ਸਾਹਿਬ ਦੀ ਵਡਿਆਈ ਦਾ ਪ੍ਰਤਾਪ ਹੈ। ਉਧਰ ਕਸ਼ਮੀਰੀ ਪੰਡਤ ਔਰੰਗਜ਼ੇਬ ਦੀ ਨੀਤੀ ਦਾ ਸ਼ਿਕਾਰ ਹੋਏ, ਉਨ੍ਹਾਂ ’ਤੇ ਕਸ਼ਮੀਰ ਦੇ ਵਾਏਸਰਾਏ ਸ਼ੇਰ ਅਫ਼ਗਾਨ ਖ਼ਾਂ ਨੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ, ਕਸ਼ਮੀਰੀ ਪੰਡਤਾਂ ਨੇ ਉਸ ਕੋਲੋਂ ਛੇ ਮਹੀਨੇ ਦੀ ਮੁਹਲਤ ਮੰਗੀ। ਇਸ ਕਰਕੇ ਕਸ਼ਮੀਰੀ ਪੰਡਿਤ ਆਪਣੀ ਫਰਿਆਦ ਲੈ ਕੇ ਧਰਮ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਪਹੁੰਚੇ। ਗੁਰੂ ਸਾਹਿਬ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਗੁਰੂ ਜੀ ਨੇ ਫੁਰਮਾਇਆ ਕਿ ਕਹੋ ਗੁਰੂ ਤੇਗ ਬਹਾਦਰ ਸਾਡਾ ਆਗੂ ਹੈ ਜੇ ਉਸਨੇ ਇਸਲਾਮ ਕਬੂਲ ਲਿਆ ਤਾਂ ਅਸੀਂ ਵੀ ਇਸਲਾਸੀ ਪੈਰੋਕਾਰ ਬਣ ਜਾਵਾਂਗੇ। ਔਰੰਗਜ਼ੇਬ ਕੋਲ ਜਦੋਂ ਇਹ ਗੱਲ ਪਹੁੰਚੀ ਤਾਂ ਉਸਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਭਟ ਵਹੀ ਦੇ ਅਨੁਸਾਰ ਗੁਰੂ ਸਾਹਿਬ ਨੂੰ ਮਲਕਪੁਰ ਦੀ ਜੂਹ (ਰੋਪੜ) ਤੋਂ ਕੁਝ ਸਿੱਖਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਆਪ ਨੂੰ ਤਿੰਨ ਸਿੱਖਾਂ ਮਤੀਦਾਸ, ਸਤੀਦਾਸ ਦੇ ਦਿਆਲ ਦਾਸ ਸਮੇਤ ਚਾਰ ਕੁ ਮਹੀਨੇ ਸਰਹੰਦ ਰੱਖ ਕੇ ਦਿੱਲੀ ਭੇਜਿਆ ਗਿਆ ਤੇ ਕੁਝ ਕੁ ਦਿਨ ਇਸਲਾਮ ਕਬੂਲ ਕਰਾਉਣ ਤਈ ਸਖ਼ਤ ਤਸੀਹੇ ਵੀ ਦਿੱਤੇ ਗਏ।

ਸ਼ਾਹੀ ਦਰਬਾਰ ਵੱਲੋਂ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰਖੀਆਂ ਗਈਆਂ- ਕਰਾਮਾਤ ਦਿਖਾਓ, ਮੁਸਲਮਾਨ ਹੋ ਜਾਓ ਨਹੀਂ ਤੇ ਕੁਰਬਾਨੀ ਲਈ ਤਿਆਰ ਹੋ ਜਾਓ। ਗੁਰੂ ਜੀ ਨੇ ਪਹਿਲੀਆਂ ਦੋਨੋਂ ਸ਼ਰਤਾਂ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਦੇ ਸਿੱਖਾਂ ਨੂੰ ਇਸਲਾਮ ਕਬੂਲਣ ਲਈ ਕਈ ਪ੍ਰਕਾਰ ਦੇ ਤਸੀਹੇ ਦਿੱਤੇ ਗਏ, ਪਰ ਸਿੱਖਾਂ ਨੇ ਮੌਤ ਕਬੂਲ ਕੀਤੀ। ਉਨ੍ਹਾਂ ਤਿੰਨਾਂ ਨੂੰ ਗੁਰੂ ਜੀ ਦੇ ਸਾਹਮਣੇ, ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਕੇ, ਭਾਈ ਦਿਆਲਾ ਜੀ ਨੂੰ ਦੇਗ਼ ’ਚ ਉਬਾਲ ਕੇ ਅਤੇ ਭਾਈ ਸਤੀ ਦਾਸ ਜੀ ਦੇ ਟੋਟੇ-ਟੋਟੇ ਕਰ ਕੇ ਸ਼ਹੀਦ ਕਰ ਦਿੱਤਾ ਗਿਆ।

ਚੜਦੀਕਲਾ ਦੇ ਸੁਨੇਹੇ ਵੰਡਣ ਵਾਲੇ, ਮਨੁੱਖਤਾ ਦੀ ਆਜ਼ਾਦੀ ਹਿੱਤ ਬਲੀਦਾਨ ਕਰਨ ਵਾਲੇ ਗੁਰੂ ਸਾਹਿਬ ਵਾਹਿਗੁਰੂ ਦੇ ਭਾਣੇ ਵਿੱਚ ਸ਼ਹਾਦਤ ਦੇਣ ਲਈ ਤਿਆਰ ਹੋ ਗਏ। ੧੧ ਨਵੰਬਰ ੧੬੭੫ ਈ: ਨੂੰ ਕਾਜ਼ੀ ਨੇ ਫਤਵਾ ਪੜਿਆ ਤੇ ਬਾਦਸ਼ਾਹੀ ਹੁਕਮ ਅਨੁਸਾਰ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਦਿੱਲੀ ਦੇ ਚਾਂਦਨੀ ਚੌਂਕ ਦੇ ਬਰੋਟੇ ਥੱਲੇ ਸਮਾਣੇ ਦੇ ਜਲਾਦ ਜਲਾਲ ਦੀਨ ਨੇ ਤਲਵਾਰ ਨਾਲ ਗੁਰੂ ਸਾਹਿਬ ਦਾ ਸੀਸ ਧੜ ਤੋਂ ਵੱਖ ਕਰ ਕੇ ਸ਼ਹੀਦ ਕਰ ਦਿੱਤਾ। ਅੱਜ ਉਸ ਥਾਂ ਸੀਸ ਗੰਜ ਗੁਰਦੁਆਰਾ ਸਾਹਿਬ ਹੈ। ਗੁਰੂ ਸਾਹਿਬ ਦੇ ਆਤਮ-ਸ਼ਕਤੀ ਸਪਰਪਣ ਬਲੀਦਾਨ ਨੇ ਸਾਰੀ ਮਾਨਵਤਾ ਵਿੱਚ ਕ੍ਰਾਂਤੀ ਪੈਦਾ ਕਰ ਦਿੱਤੀ। ਇਸੇ ਹੀ ਸ਼ਕਤੀ ਦੇ ਓਟ ਆਸਰੇ ਸਦਕਾ ਬਾਅਦ ਵਿੱਚ ਖ਼ਾਲਸਾ ਪੰਥ ਨੇ ਮੁਗਲ ਸਲਤਨਤ ਦਾ ਤਖ਼ਤਾ ਪਲਟਾ ਦਿੱਤਾ।

ਗੁਰੂ ਸਾਹਿਬ ਦੇ ਪਵਿੱਤਰ ਸੀਸ ਨੂੰ ਚੁੱਕ ਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਲੈ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਛਾਤੀ ਨਾਲ ਲਾ ਕੇ ‘ਰੰਘਰੇਟਾ ਗੁਰੂ ਕਾ ਬੇਟਾ’ ਕਿਹਾ। ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਗੁਰੂ ਸਾਹਿਬ ਦੇ ਧੜ ਨੂੰ ਭਾਈ ਲੱਖੀ ਸ਼ਾਹ ਵਣਜ਼ਾਰਾ ਗੱਡੇ ਵਿੱਚ ਪਾ ਕੇ ਆਪਣੇ ਘਰ ਲੈ ਗਿਆ ਤੇ ਆਪਣੇ ਘਰ ਨੂੰ ਅੱਗ ਲਾ ਕੇ ਸਤਿਕਾਰ ਸਹਿਤ ਗੁਰੂ ਜੀ ਦਾ ਸਰੀਰ ਅਗਨ ਭੇਟ ਕੀਤਾ, ਓਥੇ ਅੱਜ ਰਕਾਬ ਗੰਜ ਗੁਰਦੁਆਰਾ ਸਾਹਿਬ ਹੈ।

ਆਪ ਦੀ ਸ਼ਹਾਦਤ ਵਿਲੱਖਣ ਸੀ, ਆਪ ਦੀ ਸ਼ਹਾਦਤ ਨੇ ਜ਼ਬਰ-ਜ਼ੁਲਮ ਦੇ ਖ਼ਿਲਾਫ ਲੜਨ ਦਾ ਪੈਗਾਮ ਦਿੱਤਾ। ਇਹ ਸਾਰੀ ਵਾਰਤਾ ਦੱਸਦੀ ਹੈ ਕਿ ਔਰੰਗਜ਼ੇਬ ਨੇ ਕਿਵੇਂ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਗੁਰੂ ਸਾਹਿਬ ਦੀ ਸ਼ਹਾਦਤ ਨੇ ਹਿੰਦੁਸਤਾਨ ’ਤੇ ਡੂੰਘਾ ਪ੍ਰਭਾਵ ਪਾਇਆ। ਇਸੇ ਹੀ ਕੁਰਬਾਨੀ ਦੇ ਸਦਕਾ ਆਪ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ-ਸਿਪਾਹੀ ਦਾ ਰੁਤਬਾ ਰੱਖਣ ਵਾਲੇ ਖ਼ਾਲਸਾ ਪੰਥ ਦੀ ਸਾਜਣਾ ਕੀਤੀ, ਜਿਸਨੇ ਜਬਰ ਜ਼ੁਲਮ ਦੀ ਜੜ੍ਹ ਨੂੰ ਪੱਟ ਸੁਟਿਆ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)