editor@sikharchives.org

ਇਕ ਗੁਣਵੰਤੀ ਸ਼ਖ਼ਸੀਅਤ – ਗਿਆਨੀ ਸੋਹਣ ਸਿੰਘ ਜੀ ਸੀਤਲ

ਗਿਆਨੀ ਜੀ ਪੰਥ ਦੇ ਸ਼੍ਰੋਮਣੀ ਢਾਡੀ ਰਸਮੀ ਸਨਮਾਨ ਅਤੇ ਮੁਹਾਵਰੇ ਦੇ ਰੂਪ ਵਿਚ ਹੀ ਨਹੀਂ ਸਨ ਸਗੋਂ ਪੰਥ ਨੇ ਉਨ੍ਹਾਂ ਨੂੰ ਬਹੁਤ ਰੱਜਵਾਂ ਪਿਆਰ ਅਤੇ ਮਾਣ-ਸਤਿਕਾਰ ਦਿਲ ਵਜੋਂ ਤੇ ਰੂਹ ਦੀਆਂ ਡੂੰਘਾਣਾਂ ਤੋਂ ਦਿੱਤਾ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗਿਆਨੀ ਸੋਹਣ ਸਿੰਘ ਜੀ ਸੀਤਲ ਦੇ ਜੀਵਨ ਅਤੇ ਵਿਅਕਤਿਤਵ ਦੇ ਕਈ ਗੌਲਣਯੋਗ ਪੱਖ ਪਾਸਾਰ ਹਨ। ਗਿਆਨੀ ਜੀ ਪੰਥ ਦੇ ਸ਼੍ਰੋਮਣੀ ਢਾਡੀ ਰਸਮੀ ਸਨਮਾਨ ਅਤੇ ਮੁਹਾਵਰੇ ਦੇ ਰੂਪ ਵਿਚ ਹੀ ਨਹੀਂ ਸਨ ਸਗੋਂ ਪੰਥ ਨੇ ਉਨ੍ਹਾਂ ਨੂੰ ਬਹੁਤ ਰੱਜਵਾਂ ਪਿਆਰ ਅਤੇ ਮਾਣ-ਸਤਿਕਾਰ ਦਿਲ ਵਜੋਂ ਤੇ ਰੂਹ ਦੀਆਂ ਡੂੰਘਾਣਾਂ ਤੋਂ ਦਿੱਤਾ। ਇਸ ਨੂੰ ਕੋਈ ਸਬੱਬੀ ਗੱਲ ਨਹੀਂ ਆਖਿਆ ਜਾ ਸਕਦਾ; ਢਾਡੀ ਦੇ ਤੌਰ ’ਤੇ ਸੀਤਲ ਹੁਰਾਂ ਦੀ ਲੋਕਪ੍ਰਿਯਤਾ ਪਿੱਛੇ ਉਨਾਂ ਦੀ ਬਹੁਤ ਸਖ਼ਤ ਘਾਲਣਾ-ਕਮਾਈ ਤੇ ਸੱਚੀ-ਸੁੱਚੀ ਲਗਨ ਕ੍ਰਿਆਸ਼ੀਲ ਦਿੱਸਦੀ ਹੈ। ਗੁਰੂ ਨਾਨਕ ਨਾਮ-ਲੇਵਾ ਸਿੱਖੀ ਦਾ ਗਿਣਨਾਤਮਕ ਅਤੇ ਗੁਣਨਾਤਮਕ ਦੋਹਾਂ ਪੱਖਾਂ ਤੋਂ ਵੱਧ ਤੋਂ ਵੱਧ ਪਾਸਾਰ ਗਿਆਨੀ ਜੀ ਦੀ ਸੱਚੀ ਤੇ ਤੀਬਰ ਲੋਚਾ ਉਮਰ ਭਰ ਰਹੀ। ਢਾਡੀ ਦੇ ਤੌਰ ’ਤੇ ਆਪਣੇ ਜੀਵਨ ਅਥਵਾ ਰੋਜ਼ੀ-ਵਸੀਲੇ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸੀਤਲ ਹੁਰਾਂ ਆਪਣੇ ਗਿਆਨ, ਅਨੁਭਵ ਤੇ ਅਧਿਐਨ ਨੂੰ ਵਸੀਹ ਤੇ ਵਿਆਪਕ ਕੀਤਾ।

ਕਵਿਤਾ ਦੀ ਕਣੀ ਉਨ੍ਹਾਂ ਵਿਚ ਵਿਦਮਾਨ ਸੀ। ਗਿਆਨ, ਅਨੁਭਵ ਤੇ ਅਧਿਐਨ ਦੀਆਂ ਨਿੱਗਰ ਟੇਕਾਂ ਉੱਪਰ ਜਦੋਂ ਸੀਤਲ-ਹਿਰਦੇ ਵਿੱਚੋਂ ਕਾਵਿ ਦਾ ਸੋਮਾ ਵਹਿ ਤੁਰਿਆ ਤਾਂ ਇਸ ਨੇ ਲੋਕ-ਦਿਲਾਂ ਨੂੰ ਸਰਸ਼ਾਰ ਕਰ ਦਿੱਤਾ। ਪੜ੍ਹੇ-ਗੁੜ੍ਹੇ ਤੇ ਸੁਘੜ ਵਿਚਾਰਾਂ ਵਾਲੇ ਸੀਤਲ ਹੁਰਾਂ ਨੂੰ ਸੰਗਤ ਵੱਲੋਂ ਪਹਿਲ-ਪਲੇਰੇ ਰੂ-ਬ-ਰੂ ਹੋਣ ਦੇ ਤਜਰਬੇ ਸਮੇਂ ਬਹੁਤ ਭਰਵਾਂ ਹਾਂ-ਪੱਖੀ ਹੁੰਗਾਰਾ ਮਿਲਿਆ ਤਾਂ ਸੁਭਾਵਿਕ ਸੀ ਕਿ ਉਨ੍ਹਾਂ ਦਾ ਦਿਲ ਵਧ ਜਾਂਦਾ। ਢਾਡੀ ਦੇ ਤੌਰ ’ਤੇ ਨਿਯਮਤ ਤੇ ਵਿਧੀਵਤ ਰੂਪ ਵਿਚ ਜਥਾ ਬਣਾਉਣ ਤੋਂ ਪਹਿਲਾਂ ਉਹ ਧਾਰਮਿਕ ਦੀਵਾਨਾਂ ਵਿਚ ਆਪਣੀਆਂ ਰਚੀਆਂ ਕਵਿਤਾਵਾਂ ਪੜ੍ਹਨ ਅਤੇ ਲੈਕਚਰ ਦੇਣ ਲੱਗ ਪਏ ਹੋਏ ਸਨ।

1924 ਈ. ਵਿਚ ਜਦੋਂ ਗਿਆਨੀ ਜੀ ਉਮਰ ਦੇ ਪੱਚੀਵੇਂ ਵਰ੍ਹੇ ਵਿਚ ਵਿਚਰ ਰਹੇ ਸਨ ਤੇ ਆਪਣੇ ਖੇਤਾਂ ਵਿਚ ਰੁੱਖਾਂ ਦੀ ਛਾਵੇਂ ਬੈਠੇ ਕੁਝ ਲਿਖ ਰਹੇ ਸਨ ਤਾਂ ਉਨ੍ਹਾਂ ਕੋਲ ਉਨ੍ਹਾਂ ਦੇ ਪਿੰਡ ਦੇ ਚਾਰ-ਪੰਜ ਹਮਉਮਰ ਹਾਣੀ ਲਾਗੇ-ਬੰਨੇ ਹੋਈ ਕਿਸੇ ਰਾਸਧਾਰੀਆਂ ਦੀ ਰਾਸ (ਨਾਟਕ ਪੇਸ਼ਕਾਰੀ) ਤੋਂ ਪ੍ਰਭਾਵਿਤ ਹੋ ਕੇ ਨਾਟਕ-ਪੇਸ਼ਕਾਰੀ ਪਾਰਟੀ ਬਣਾਉਣ ਦੀ ਖਾਹਿਸ਼ ਲੈ ਕੇ ਆਏ। ਉਹ ਗਿਆਨੀ ਜੀ ਨੂੰ ਉਸ ਸੰਭਾਵੀ ਪਾਰਟੀ ਦਾ ਮੋਹਰੀ ਬਣਾਉਣ ਦੀ ਇੱਛਾ ਤੇ ਪੇਸ਼ਕਸ਼ ਸਹਿਤ ਆਏ ਤਾਂ ਸਪੱਸ਼ਟਵਾਦੀ ਗਿਆਨੀ ਜੀ ਨੇ ਸਨਿਮਰ ਲਹਿਜ਼ੇ ਵਿਚ ਉਨ੍ਹਾਂ ਨੂੰ ਆਪਣੀ ਰਾਏ ਇਨ੍ਹਾਂ ਸ਼ਬਦਾਂ ਵਿਚ ਦੱਸ ਦਿੱਤੀ, “ਤੁਹਾਡਾ ਕਿਹਾ ਸਿਰ-ਮੱਥੇ, ਪਰ ਮੈਂ ਇਹ ਨਾਟਕ ਚੇਟਕ ਨਹੀਂ ਕਰ ਸਕਦਾ। ਬੁਰਾ ਨਾ ਮਨਾਇਓ, ਮੇਰਾ ਮਨ ਨਹੀਂ ਮੰਨਦਾ।”

ਗਿਆਨੀ ਜੀ ਦੀ ਗੱਲ ਦਾ ਆਉਣ ਵਾਲੇ ਉਨ੍ਹਾਂ ਦੇ ਹਾਣੀਆਂ ਉੱਪਰ ਅਸਰ ਹੋਇਆ ਤੇ ਉਹ ਰਾਗੀ ਜਾਂ ਢਾਡੀ ਵਿੱਚੋਂ ਇਕ ਦਿਸ਼ਾ ਵਿਚ ਸਿਖਲਾਈ ਪ੍ਰਾਪਤ ਕਰਨ ਲਈ ਵਿਚਾਰ-ਵਟਾਂਦਰੇ ਵਿਚ ਪਏ ਤਾਂ ਗੁਣਾ ‘ਢਾਡੀਪੁਣੇ’ ਉੱਪਰ ਪਿਆ। ਕਾਦੀਵਿੰਡ (ਸੀਤਲ ਜੀ ਦਾ ਜੱਦੀ ਪਿੰਡ) ਤੋਂ ਸੱਤ-ਅੱਠ ਮੀਲ ਦੂਰ ਸਥਿਤ ਨਗਰ ‘ਲਲਿਆਣੀ’ ਦੇ ਬਜ਼ੁਰਗ ਮੁਸਲਮਾਨ ਬਾਬਾ ਚਰਾਗ਼ਦੀਨ ਨੂੰ ਪਿੰਡ ਦੇ ਗ੍ਰੰਥੀ ਹੁਰਾਂ ਦੇ ਸਹਿਯੋਗ ਨਾਲ ਨਿਯਮਤ ਸਿਖਲਾਈ ਖਾਤਰ ਪਿੰਡ ਲਿਆਂਦਾ ਗਿਆ। ਆਪਣੇ ਕਸਬ ਦੇ ਮਾਹਰ ਇਸ ਉਸਤਾਦ ਪਾਸੋਂ ਸੀਤਲ ਜੀ ਤੇ ਉਨ੍ਹਾਂ ਦੇ ਜੋਟੀਦਾਰਾਂ ਨੇ ਵਿਧੀਵਤ ਸਿਖਲਾਈ ਉਤਸੁਕ-ਲਗਨ ਤੇ ਤੀਬਰ-ਤਾਂਘ ਸਹਿਤ ਹਾਸਲ ਕੀਤੀ।

ਭਰਵੀਂ ਸੰਗਤ ਦੇ ਰੂ-ਬ-ਰੂ ਹੋਣ ਤੋਂ ਪਹਿਲਾਂ ਸੀਤਲ ਹੁਰਾਂ ਨੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਤਖ਼ਤਪੋਸ਼ ਉੱਪਰ ਖੜ੍ਹ ਕੇ ਵਾਰਾਂ ਗਾਉਣ ਤੇ ਢੱਡ-ਸਾਰੰਗੀ ਵਜਾਉਣ ਵਿਚ ਆਪਣਾ ਹੱਥ ਖੋਲ੍ਹ ਲਿਆ ਸੀ। ਇੱਛਾ ਮੁਤਾਬਿਕ ਦਰਮਿਆਨਾ ਹੁੰਗਾਰਾ ਪਿੰਡ ਦੀ ਸੰਗਤ ਤੋਂ ਮਿਲ ਜਾਣ ਤੋਂ ਪ੍ਰੇਰਿਤ ਹੁੰਦਿਆਂ ਸੀਤਲ ਹੁਰਾਂ ਦੀ ਕਲਮ ਆਪਣੀਆਂ ਅਗਾਊਂ ਸੰਭਵ-ਸੰਭਾਵਿਤ ਵਡੇਰੀਆਂ ਪੇਸ਼ਕਾਰੀਆਂ ਲਈ ਪ੍ਰਭਾਵਕਾਰੀ ਤੇ ਦਿਲ-ਟੁੰਬਵੀਆਂ ਵਾਰਾਂ ਦੀ ਰਚਨਾ ਕਰਨ ਹਿਤ ਕ੍ਰਿਆਸ਼ੀਲ ਹੋਈ। ਉਦੋਂ ਤੋਂ ਇਸ ਖੇਤਰ ਵਿਚ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹ ਅੱਗੇ ਹੀ ਅੱਗੇ ਵਧਦੇ ਰਹੇ। ਉਨ੍ਹਾਂ ਦੀ ਕਲਮ ਵਿਚ ਹੋਰ ਬਲ, ਹੋਰ ਜ਼ੋਰ ਤੇ ਹੋਰ ਪ੍ਰਭਾਵ ਸੰਚਾਰਤ ਹੁੰਦਾ ਚਲਿਆ ਗਿਆ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਢਾਡੀਪੁਣੇ ਨਾਲ-ਨਾਲ ਵਾਰਕਾਰ ਦੇ ਤੌਰ ’ਤੇ ਹਰ ਪਾਸੇ ‘ਸੀਤਲ-ਸੀਤਲ’ ਹੋਣ ਲੱਗੀ। ਸਿਖਾਂਦਰੂ ਹੀ ਨਹੀਂ, ਪੂਰਵ-ਪ੍ਰਵਾਨਿਤ ਢਾਡੀ ਜਥੇ ਵੀ ਸੀਤਲ ਦੀਆਂ ਵਾਰਾਂ ਗਾਉਣ ਲੱਗੇ।

ਜੱਦੀ ਪਿੰਡ ਤੋਂ ਬਾਹਰ ਪਹਿਲੀ ਵੱਡੇ ਪੱਧਰ ਦੀ ਪੇਸ਼ਕਾਰੀ ਦਾ ਬਿਰਤਾਂਤ ਸੀਤਲ ਜੀ ਦੀ ਆਪਣੀ ਕਲਮ ਤੋਂ ਅੰਕਿਤ ਕੀਤਾ ਹੋਇਆ ਪੜ੍ਹਨ ਤੇ ਗੌਰ ਕਰਨ ਯੋਗ ਹੈ: 1936 ਈ. ਦਾ ਸਤਾਈ ਵਿਸਾਖ ਦਾ ਦਿਨ… ਸਾਡੇ ਪਿੰਡ ਤੋਂ ਦਸ-ਬਾਰਾਂ ਮੀਲ ਦੂਰ ਪਿੰਡ ‘ਰੱਤੋਕੇ’ ਵਿਚ ‘ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀਏ’ ਦਾ ਗੁਰਦੁਆਰਾ ਹੈ। ਸਤਾਈ ਵਿਸਾਖ ਨੂੰ ਹਰ ਸਾਲ ਓਥੇ ਮੇਲਾ ਲੱਗਿਆ ਕਰਦਾ ਸੀ। ਉਸ ਮੇਲੇ ਵਾਸਤੇ ਅਸਾਂ ਉਚੇਚੀ ਵਾਰ ਲਿਖੀ।

‘ਸਿੱਖ ਰਾਜ ਕਿਵੇਂ ਗਿਆ’ ਦਾ ਪਹਿਲਾ ਭਾਗ ਮੈਂ ਲਿਖਿਆ, ਤੇ ਅਸਾਂ ਸਾਰਿਆਂ ਯਾਦ ਕੀਤਾ। ਸਾਡੇ ਪਿੰਡੋਂ ਦਸ-ਬਾਰਾਂ ਸਿੰਘ ਸਾਨੂੰ ਸੁਣਨ ਵਾਸਤੇ ਤਿਆਰ ਹੋ ਗਏ।

ਸਾਰੇ ਰਾਹ ਉਹ ਜਿਵੇਂ ਸਾਡੀ ਅਣਖ ਨੂੰ ਟੁੰਬਦੇ ਗਏ, “ਹੂੰ! ਘਰੇ ਤਾਂ ਰੋਜ਼ ਢੱਡਾਂ ਕੁੱਟਦੇ ਈ ਰਹਿੰਦੇ ਓ ਨਾ! ਉਥੇ ਪੁਰਾਣੇ ਪਹਿਲਵਾਨਾਂ ਸਾਮ੍ਹਣੇ ਵੇਖੀ ਜਾਏਗੀ।” ਖੁਸ਼ੀਆਂ ਦੇ ਪੰਧ ਨੇੜੇ। ਹੱਸਦੇ ਖੇਡਦੇ ਅਸੀਂ ਮੇਲੇ ਵਿਚ ਪੁੱਜੇ। ਸੰਗਤਾਂ ਦੀ ਹਾਜ਼ਰੀ ਵੀਹ ਹਜ਼ਾਰ ਤੋਂ ਕੁਛ ਵੱਧ ਹੀ ਹੋਵੇਗੀ।

ਸਾਥੋਂ ਪਹਿਲਾਂ ਦੋ ਚੋਟੀ ਦਿਆਂ ਜਥਿਆਂ ਨੇ ਕੀਰਤਨ ਕੀਤਾ। ਫਿਰ ਸਾਡੀ ਵਾਰੀ ਆ ਗਈ। ਮੈਂ ਸਕੱਤਰ ਸਾਹਿਬ ਨੂੰ ਪੁੱਛਿਆ, “ਜੀ ਅਸਾਂ ਟਾਈਮ ਕਿੰਨਾ ਲੌਣਾ ਏਂ?” ਉਹਨੇ ਮੇਰੇ ਵੱਲ ਵੇਖ ਕੇ ਆਪਣੇ ਸੁਭਾਅ ਅਨੁਸਾਰ ਕਿਹਾ, “ਸ਼ੁਰੂ ਕਰ ਓਇ ਮੁੰਡਿਆ! ਸੌਦਾ ਵਿਕਦਾ ਵੇਖ ਕੇ ਸੋਚਾਂਗਾ।”

ਗੁਰੂ ਦੀ ਓਟ ਰੱਖ ਕੇ ਅਸਾਂ ਬੜੇ ਸ੍ਵੈ-ਭਰੋਸੇ ਨਾਲ ਸ਼ੁਰੂ ਕੀਤਾ।

ਮੰਗਲਾਚਰਨ ਤੋਂ ਬਾਅਦ ਮੈਂ ਸ਼ੇਰੇ-ਪੰਜਾਬ ਦੀ ਬੰਸਾਵਲੀ ਸ਼ੁਰੂ ਕੀਤੀ।…

ਫਿਰ ਸ਼ੇਰੇ-ਪੰਜਾਬ ਦਾ ਸੁਰਗਵਾਸ ਹੋਣਾ, ਉਸ ਤੋਂ ਪਿੱਛੋਂ ਆਪਣਿਆਂ ਹੱਥੋਂ ਆਪਣਿਆਂ ਦਾ ਕਤਲ, ਡੋਗਰਿਆਂ ਦੀ ਗ਼ਦਾਰੀ ਤੇ ਅੰਤ ਬੀਰ ਸਿੰਘ ਜੀ ਦੀ ਸ਼ਹੀਦੀ ’ਤੇ ਲਿਆ ਕੇ ਖ਼ਤਮ ਕੀਤਾ। ਨਾ ਸਾਨੂੰ ਕਿਸੇ ਨੇ ਹਟਾਇਆ, ਤੇ ਨਾ ਅਸਾਂ ਹਿੰਮਤ ਹਾਰੀ। ਸਾਢੇ ਤਿੰਨ ਘੰਟੇ ਪਿੱਛੋਂ ਅਸਾਂ ਆਪ ਫਤਹਿ ਬੁਲਾਈ।

ਸਰੋਤਿਆਂ ਵਾਸਤੇ ਇਹ ਦਿਲ-ਕੰਬਾਊ ਕਹਾਣੀ ਬਿਲਕੁਲ ਨਵੀਂ ਸੀ। ਮੈਂ ਵੇਖ ਰਿਹਾ ਸਾਂ, ਕਿ ਕੋਈ ਵੀ ਅੱਖ ਸੁੱਕੀ ਨਹੀਂ ਸੀ, ਸਭ ਰੋ ਰਹੇ ਸਨ। ਸਟੇਜ ਉੱਤੇ ਸੱਜੇ ਹੱਥ ਡੇਰੇ ਦੇ ਮਹੰਤ ਬਾਬਾ ਹਰਨਾਮ ਸਿੰਘ ਜੀ ਬੈਠੇ ਸਨ। ਉਹ ਵੀ ਰੋ ਰਹੇ ਸਨ। ਉਨ੍ਹਾਂ ਇਸ਼ਾਰਾ ਕਰ ਕੇ ਮੈਨੂੰ ਆਪਣੇ ਕੋਲ ਬੁਲਾ ਲਿਆ… ਨਾਂ ਪਤਾ ਪੁੱਛਣ ਪਿੱਛੋਂ ਉਨ੍ਹਾਂ ਹੁਕਮ ਕੀਤਾ, “ਤੂੰ ਅੱਜ ਨਹੀਂ ਜਾਣਾ। ਮੈਂ ਭਲਕੇ ਤੈਥੋਂ ਇਹ ਵਾਰ ਸੁਣਨੀ ਏਂ।”

ਢਾਡੀ ਜਥੇ ਨੂੰ ਦਿਨੋ-ਦਿਨ ਹੋਰ ਮਾਨਤਾ, ਕੀਰਤੀ ਤੇ ਪ੍ਰਵਾਨਗੀ ਮਿਲਦੀ ਰਹੀ। ਇਹ ਗਿਆਨੀ ਜੀ ਦੀ ਸ਼ਖ਼ਸੀਅਤ ਵਿਚ ਨਿਮਰਤਾ ਤੇ ਹਲੀਮੀ ਦੇ ਗੁਣਾਂ ਦਾ ਸਹਿਜ ਸਮਾਵੇਸ਼ ਤੇ ਸੰਚਾਰ ਸੀ, ਜਿਸ ਨੇ ਉਨ੍ਹਾਂ ਦੇ ਹੋਰ ਅਗਲੇਰੀਆਂ ਮੰਜ਼ਲਾਂ ਤੇ ਪ੍ਰਾਪਤੀਆਂ ਦੇ ਬੂਹੇ ਢੁਪਣ ਨਾ ਦਿੱਤੇ। ਢਾਡੀ ਜਥੇ ਦੇ ਮਾਣਯੋਗ ਜੋਟੀਦਾਰ ਵਜੋਂ ਵਿਚਰਦਿਆਂ ਉਨ੍ਹਾਂ ਨੂੰ ਪੂਰਬੀ ਅਤੇ ਪੱਛਮੀ ਅਣਵੰਡੇ ਪੰਜਾਬ ਵਿਚ ਬਹੁਤ ਮਾਣ-ਸਤਿਕਾਰ ਮਿਲਿਆ। ਫਿਰ ਉਨ੍ਹਾਂ ਦੀ ਕੀਰਤੀ ਸਾਰੇ ਵਿਸ਼ਵ ਵਿਚ ਹੀ ਪਸਰ ਗਈ ਤੇ ਉਹ ਆਪਣੇ ਜਥੇ ਸਹਿਤ ਵਿਦੇਸ਼ਾਂ ਵਿਚ ਵੀ ਭਰਪੂਰ ਪ੍ਰਵਾਨ ਚੜ੍ਹੇ ਪਰ ਉਨ੍ਹਾਂ ਗੁਰੂ ਅਤੇ ਗੁਰੂ-ਜਸ ਉੱਪਰ ਆਪਣਾ ਭਰੋਸਾ ਤੇ ਟੇਕ ਨਿਸ਼ਚਾ ਸਹਿਤ ਕਾਇਮ ਰੱਖੀ ਜਿਸ ਨੇ ਉਨ੍ਹਾਂ ਨੂੰ ਕਿਤੇ ਵੀ ਡੋਲਣ ਤੇ ਥਿੜਕਣ ਨਾ ਦਿੱਤਾ। ਉਨ੍ਹਾਂ ਨੇ ਗੁਰੂ-ਆਸਰੇ ਸਦਕਾ, ਇਕ ਆਦਰਸ਼ਕ ਆਚਰਣਕ ਤੇ ਉੱਚੇ-ਸੁੱਚੇ ਸਦਾਚਾਰੀ ਜੀਵਨ ਦੀ ਉਦਾਹਰਣ ਆਪਣੇ ਵਰਗ (ਗੁਰੂ- ਜਸ ਗਾਇਣ ਕਰਨ ਵਾਲੇ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕ) ਲਈ ਰੱਖੀ ਜੋ ਆਪਣੇ ਆਪ ਵਿਚ ਅਦੁੱਤੀ ਤੇ ਲਾਸਾਨੀ ਹੈ। ਇਸ ਸਬੰਧੀ ਨਿਮਰਤਾ-ਭਾਵ ਨੂੰ ਬਰਕਰਾਰ ਰੱਖਦਿਆਂ ਉਨ੍ਹਾਂ ਵੱਲੋਂ ਕੁਝ ਤਜਰਬੇ ਤੇ ਅਨੁਭਵ, ਲਿਖਤ ਰਾਹੀਂ ਸਾਂਝੇ ਕੀਤੇ ਗਏ ਸਨ। ਗੁਰੂ-ਮਿਹਰ ਦੇ ਨਾਲ-ਨਾਲ ਆਚਰਣ ਦੀ ਚਾਦਰ ਸਾਫ-ਸੁਥਰੀ ਰੱਖਣ ਲਈ ਗਿਆਨੀ ਜੀ ਅਨੁਸਾਰ ਉਨ੍ਹਾਂ ਲਈ ਦੋ ਬੀਬੀਆਂ ਵਿਸ਼ੇਸ਼ ਪ੍ਰੇਰਨਾ-ਸ੍ਰੋਤ ਬਣੀਆਂ। ਅੰਮ੍ਰਿਤਧਾਰੀ ਸਿੰਘਾਂ ਦੇ ਪਰਵਾਰ ਦੀਆਂ ਇਨ੍ਹਾਂ ਦੋਹਾਂ ਬੀਬੀਆਂ ਨੇ ਸੀਤਲ ਹੁਰਾਂ ਦੇ ਢਾਡੀ ਜਥੇ ਦੀ ਇੰਨੀ ਸ਼ਰਧਾ ਨਾਲ ਸੇਵਾ ਕੀਤੀ ਜਿਵੇਂ ਉਹ ‘ਦੇਵਤੇ’ ਹੋਣ ਜਿਸ ਤੋਂ ਪ੍ਰਭਾਵਿਤ ਹੁੰਦਿਆਂ ਸੀਤਲ ਜੀ ਦੇ ਦਿਲ ਵਿਚ ਆਈ-ਵੇਖ ਭਈ! ਚਾਹੀਦਾ ਤਾਂ ਇਹ ਹੈ ਕਿ ਜੋ ਕੁਛ ਇਹ ‘ਦੇਵੀਆਂ’ ਤੈਨੂੰ ਸਮਝਦੀਆਂ ਹਨ, ਇਸ ਨਾਲੋਂ ਉੱਚਾ ਜੀਵਨ ਗੁਜ਼ਾਰੇਂ। ਨਹੀਂ ਤਾਂ ਜਿੰਨਾ ਉੱਚਾ ਤੂੰ ਇਸ ਵੇਲੇ ਇਹਨਾਂ ਦੀ ਨਜ਼ਰ ਵਿਚ ਹੈਂ, ਉਨਾਂ ਉੱਚਾ ਤਾਂ ਜ਼ਰੂਰ ਰਹਿਣਾ ਚਾਹੀਦਾ ਹੈਂ।

ਇਕ ਵਾਰ ਤਾਂ ਇਕ ਮੁਟਿਆਰ ਰਾਤ ਦੇ ਸਮੇਂ ਸੀਤਲ ਜੀ ਨੂੰ ਤਿਲਕਾਉਣ ਵਾਸਤੇ ਹੱਦੋਂ ਹੀ ਟੱਪ ਗਈ, ਜਿਨ੍ਹੇ ਕਈ ਵਾਰ ਕੰਨੀਂ ਛੁਡਾਉਣ ’ਤੇ ਉਨ੍ਹਾਂ ਦਾ ਪਿੱਛਾ ਜਾਰੀ ਰੱਖਿਆ। ਪਰ ਗੁਰੂ ਉੱਪਰ ਨਿਸਚੇ ਤੇ ਭਰੋਸੇ ’ਤੇ ਗੁਰੂ-ਮਿਹਰ ਦੁਆਰਾ ਸਦਾ ਜ਼ਿੰਦਗੀ ਦੀ ਸਹੀ ਪ੍ਰਾਪਤ ਹੋਈ ਸੇਧ ਨੇ ਉਨ੍ਹਾਂ ਨੂੰ ਹੱਥ ਦੇ ਕੇ ਰੱਖਿਆ। ਇਹ ਘਟਨਾ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵਾਪਰੀ ਸੀ। ਮਲਾਇਆ ਵਿਚ ਇਕ ਵਾਰ ਕਿਸੇ ਯੁਵਤੀ ਨੇ ਗਿਆਨੀ ਜੀ ਦੀ ਆਪਣੀ ਆਚਰਣਕ ਸ਼ੁੱਧਤਾ ਰੱਖਣ ਤੋਂ ਖਿਝ ਕੇ ਜਦੋਂ ਇਹ ਕਿਹਾ ਕਿ:

‘ਜਾਪਦਾ ਏ, ਤੁਸੀਂ ਪਿਛਲੇ ਜਨਮ ਵਿਚ ਇਸਤਰੀ ਸੀ।’

 ਤਾਂ ਗਿਆਨੀ ਜੀ ਦਾ ਸ਼ਾਂਤ ਤੇ ਉਤੇਜਨਾ ਰਹਿਤ ਲਹਿਜ਼ੇ ਵਿਚ ਜਵਾਬ ਸੀ ਕਿ:

‘ਤੁਸੀਂ ਹੁਣ ਵੀ ਮੈਨੂੰ ਆਪਣੀ ਭੈਣ ਹੀ ਸਮਝ ਲਵੋ ਤਾਂ ਮੈਨੂੰ ਕੋਈ ਗ਼ਿਲਾ ਨਹੀਂ।’

ਐਸੀਆਂ ਜੀਵਨ-ਘਟਨਾਵਾਂ ਸਾਡੇ ਅਜੋਕੇ ਰਾਗੀਆਂ-ਢਾਡੀਆਂ-ਪ੍ਰਚਾਰਕਾਂ ਲਈ ਦਿਸ਼ਾ-ਸੂਚਕ ਤੇ ਚਾਨਣ-ਮੁਨਾਰੇ ਦਾ ਕੰਮ ਕਰ ਸਕਦੀਆਂ ਹਨ।

ਦੁਨੀਆਂ ਵਿਚ ਵਿਚਰਦਿਆਂ ਗਿਆਨੀ ਜੀ ਨੇ ਖਾਣ-ਪੀਣ ਤੇ ਧਨ-ਪਦਾਰਥਾਂ ਦੀ ਖਿੱਚ ਤੋਂ ਵੀ ਆਪਣੇ ਆਪ ਨੂੰ ਗੁਰੂ ਭਰੋਸੇ ਬਹੁਤ ਹੱਦ ਤਕ ਬਚਾ ਕੇ ਰੱਖਿਆ ਤੇ ਇਸ ਸਬੰਧ ਵਿਚ ਕਈ ਵਾਰ ਉਨ੍ਹਾਂ ਨੂੰ ਆਪਣੇ ਜੋਟੀਦਾਰਾਂ ਦੇ ਮਨ-ਮੁਟਾਵ ਤੇ ਨਰਾਜ਼ਗੀਆਂ ਤਕ ਵੀ ਜਰਨੀਆਂ ਪਈਆਂ, ਜਿਸ ਦਾ ਵਿਵਰਣ ਗਿਆਨੀ ਜੀ ਦੁਆਰਾ ‘ਮੇਰੀਆਂ ਅਭੁੱਲ ਯਾਦਾਂ’ ਵਿਚ ‘ਰਾਗੀਆਂ ਦੀਆਂ ਕਮਜ਼ੋਰੀਆਂ’ ਸਿਰਲੇਖ ਹੇਠ ਦਿੱਤਾ ਗਿਆ ਹੈ। ਗਿਆਨੀ ਜੀ ਦੀ ਸ਼ਖ਼ਸੀਅਤ ਦੀ ਇਹ ਵਡਿਆਈ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਕਰਦਿਆਂ ਆਪਣੇ ਉਨ੍ਹਾਂ ਜੋਟੀਦਾਰਾਂ ਦੇ ਨਾਂ ਨਹੀਂ ਦਿੱਤੇ ਕਿਉਂ ਜੋ ਉਨ੍ਹਾਂ ਦਾ ਮਨੋਰਥ ਤਾਂ ਆਪਣੇ ਵਰਗ ਨੂੰ ਸੇਧ ਦੇਣਾ ਤੇ ਉਚੇਰਾ ਚੁੱਕਣਾ ਹੈ। ਉਹ ਆਪਣੇ ਵਰਗ ਨੂੰ ਮੁਖਾਤਿਬ ਹੁੰਦੇ ਕਹਿੰਦੇ/ਲਿਖਦੇ ਹਨ:

ਯਾਦ ਰੱਖੋ ਥੋੜ੍ਹੀਆਂ ਲੋੜਾਂ ਵਿਚ ਹੀ ਸੁਖ ਹੈ। ਜਿਉਂ ਜਿਉਂ ਕੋਈ ਲੋੜਾਂ ਤੇ ਖਾਹਸ਼ਾਂ ਵਧਾਉਂਦਾ ਜਾਵੇਗਾ ਤਿਉਂ ਤਿਉਂ ‘ਦੁੱਖ’ ਤੇ ‘ਕਲੇਸ਼’ ਵਧਦਾ ਜਾਏਗਾ।

ਗਿਆਨੀ ਸੋਹਣ ਸਿੰਘ ਸੀਤਲ ਨੇ ‘ਹਉ ਢਾਢੀ ਹਰਿ ਪ੍ਰਭ ਖਸਮ ਕਾ’ ਦਾ ਸੰਕਲਪ ਹਰ ਹਾਲ ਵਿਚ ਨਿਭਾ ਕੇ ਦਰਸਾਉਂਦਿਆਂ ਆਪਣੇ ਵਰਗ ਲਈ ਇਕ ਆਦਰਸ਼, ਇਕ ਵਿਸਮਾਦੀ ਉਦਾਹਰਣ ਪੇਸ਼ ਕੀਤੀ। ਇਕ ਵਾਰ ਜਦੋਂ ਕਿਸੇ ਜੰਞ ਨਾਲ ਗਿਆਂ ਕੀਰਤਨ ਸਮਾਪਤੀ ਉੱਪਰ ਕਿਸੇ ਸੱਜਣ ਨੇ ਸੁਭਾਵਕ ਹੀ ਸੀਤਲ ਹੁਰਾਂ ਨੂੰ ‘ਹੀਰ ਦੀ ਕਲੀ’ ਸੁਣਾਉਣ ਅਥਵਾ ਗਾਉਣ ਲਈ ਫਰਮਾਇਸ਼ ਕਰ ਦਿੱਤੀ ਤਾਂ ਉਨ੍ਹਾਂ ਦੀ ਆਤਮਾ ਨੂੰ ਬੜਾ ਵੱਡਾ ਝਟਕਾ ਲੱਗਾ, ਐਪਰ ਮਾਨਸਿਕ ਸੰਤੁਲਨ ਸਾਵਾਂ-ਪੱਧਰ ਰੱਖਦਿਆਂ, ਉਨ੍ਹਾਂ ਨੇ ਉਸ ਮੂਹਰੇ ਆਪਣਾ ਤਤਕਾਲਿਕ ਤਾਜ਼ਾ ਪ੍ਰਣ ਇਉਂ ਪ੍ਰਗਟਾਇਆ:

“ਮੇਰੇ ਦੋਸਤ! ਮੈਂ ਤੇਰਾ ਧੰਨਵਾਦੀ ਹਾਂ। ਤੂੰ ਮੈਨੂੰ ਇਕ ਸੇਧ ਦਿੱਤੀ ਹੈ। ਮੈਂ ਗੁਰੁ ਘਰ ਦਾ ਢਾਡੀ ਹਾਂ, ਗਵੱਈਆ ਨਹੀਂ। ਸੋ ਅੱਜ ਤੋਂ ਪਿੱਛੋਂ ਮੈਂ ਜੰਞ ਸਾਮ੍ਹਣੇ ਕਦੇ ਕੀਰਤਨ ਨਹੀਂ ਕਰਾਂਗਾ।”

ਤੇ ਸੀਤਲ-ਆਤਮਾ ਸ਼ੁਕਰਾਨੇ ਵਿਚ ਆਖਦੀ ਹੈ:

‘ਗੁਰੂ ਮਹਾਰਾਜ ਇਹ ਪ੍ਰਣ ਨਿਭਾਈ ਜਾ ਰਹੇ ਹਨ।’

ਤੇ 24 ਅਪ੍ਰੈਲ, 1977 ਨੂੰ ਇੰਗਲੈਂਡ ਫੇਰੀ ਦੌਰਾਨ ਵੁਲਵਰਹੈਂਪਟਨ ਦੇ ਅਖੌਤੀ ਹਾਈ ਜੈਂਟਰੀ ਦੇ ਹਾਲ ਵਿਚ ਮੇਜ਼ਾਂ ਉੱਪਰ ਸ਼ਰਾਬ ਦੀਆਂ ਬੋਤਲਾਂ ਲੱਗੀਆਂ ਵੇਖ ਕੇ ਆਪਣੀ ਸੁਭਾਵਿਕ ਹਲੀਮੀ ਵਾਲਾ ਗੁਣ ਬਰਕਰਾਰ ਰੱਖਦਿਆਂ ਯੂਰਪੀ ਪੌਂਡਾਂ ਨੂੰ, ਸੱਚੇ ਗੁਰੂ-ਪਿਆਰ ਵਿਚ ਭਿੰਨੇ ਆਪਣੇ ਇਨ੍ਹਾਂ ਬੋਲਾਂ ਨਾਲ ਠੁਕਰਾ ਛੱਡਿਆ:

“ਅਫਸੋਸ, ਮੈਂ ਐਸਾ ਨਹੀਂ ਕਰ ਸਕਾਂਗਾ। ਮੈਂ ਗੁਰੂ-ਘਰ ਦਾ ਢਾਡੀ ਹਾਂ। ਮੈਂ ਸਿਰਫ਼ ਉਥੇ ਹੀ ਕੀਰਤਨ ਕਰਾਂਗਾ, ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਵੇ।”

ਬੇਲਾਗਪੁਣਾ, ਸਪੱਸ਼ਟਤਾਵਾਦੀ ਹੋਣਾ, ਸਤਿਵਾਦੀ ਹੋਣਾ, ਨਿਡਰਤਾ ਤੇ ਨਿਸ਼ੰਗਤਾ ਦੇ ਗੁਣ ਵੀ ਗਿਆਨੀ ਜੀ ਦੇ ਵਿਅਕਤਿਤਵ ਦਾ ਅਨਿੱਖੜ ਅੰਗ ਬਣੇ ਰਹੇ। ਉਨ੍ਹਾਂ ਦੀ ਭਰਪੂਰ ਪ੍ਰਵਾਨਗੀ ਤੇ ਹਰਮਨਪਿਆਰਤਾ ਕਰਕੇ ਉਨ੍ਹਾਂ ਦੀ ਆਪਣੇ ਸਮੇਂ ਦੇ ਰਾਜਸੀ ਆਗੂਆਂ ਨਾਲ ਕਾਫੀ ਨੇੜਤਾ ਰਹੀ ਪਰ ਇਸ ਤੋਂ ਨਿੱਜੀ ਅਤੇ ਵਿਅਕਤੀਗਤ ਲਾਭ ਲੈਣ ਤੋਂ ਉਨ੍ਹਾਂ ਨੇ ਸਦਾ ਹੀ ਪ੍ਰਹੇਜ਼ ਰੱਖਿਆ। ਇਹੀ ਕਾਰਨ ਸੀ ਕਿ ਉਹ ਵੱਡੇ ਤੋਂ ਵੱਡੇ ਆਗੂ ਦੀ ਵੀ ਪੰਥ-ਵਿਰੋਧੀ ਨੀਤੀ ਵੇਖ ਕੇ ਉਸ ਦਾ ਵਿਰੋਧ ਕਰਨੋਂ ਨਹੀਂ ਸਨ ਰਹਿੰਦੇ ਤੇ ਮੰਚ ਉੱਪਰ ਸੰਗਤ ਸਾਹਮਣੇ ਸੱਚੀ ਗੱਲ ਨਿਧੜਕਪੁਣੇ ਨਾਲ ਕਹਿ ਦਿਆ ਕਰਦੇ ਸਨ। ਉਨ੍ਹਾਂ ਦੇ ਸੁਭਾਅ ਦਾ ਇਹ ਪੱਖ ਕਈ ਵਾਰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ, ਦੁਸ਼ਵਾਰੀਆਂ ਤੇ ਤੰਗੀਆਂ ਦਾ ਵੀ ਕਾਰਨ ਬਣਿਆ। ਉਨ੍ਹਾਂ ਦੇ ਪ੍ਰੋਗਰਾਮਾਂ ਦੇ ਖੋਹਣ ਦੀਆਂ ਵਿਉਂਤਬੰਦੀਆਂ ਵੀ ਬਣਦੀਆਂ ਰਹੀਆਂ ਪਰ ਉਨ੍ਹਾਂ ਦੀਆਂ ਵਿਲੱਖਣਤਾਵਾਂ ਕਰਕੇ ਸਿੱਖ ਸੰਗਤ ਉਨ੍ਹਾਂ ਨੂੰ ਮਾਣ-ਸਤਿਕਾਰ ਦਿੰਦੀ ਹੀ ਰਹੀ। ਉਹ ਹਮੇਸ਼ਾਂ ਪੰਥ ਦੇ ਰਹੇ ਅਤੇ ਪੰਥ ਵੀ ਉਨ੍ਹਾਂ ਲਈ ਅਥਾਹ ਮੋਹ-ਪਿਆਰ ਦਾ ਹੁੰਗਾਰਾ ਭਰਦਾ ਰਿਹਾ।

ਗਿਆਨੀ ਜੀ ਆਪਣੀ ਨੀਵੀਂ ਪੀੜ੍ਹੀ ਨੂੰ ਪੂਰਨ ਸਿੱਖੀ ਸਰੂਪ ਵਿਚ ਵੇਖਣ ਲਈ ਤੀਬਰ ਖਾਹਿਸ਼ ਰੱਖਦੇ ਰਹੇ। ਉਨ੍ਹਾਂ ਦੀ ਇਸ ਖਾਹਿਸ਼ ਨੂੰ, ਸਿੱਖੀ ਸੋਚ ’ਤੇ ਪਹਿਰੇਦਾਰੀ ਨੂੰ, ਉਦੋਂ ਕਾਫੀ ਜਬਰਦਸਤ ਧੱਕਾ ਲੱਗਾ ਜਦੋਂ ਉਨ੍ਹਾਂ ਦੁਆਰਾ ਘਰੋਂ ਅੰਮ੍ਰਿਤਧਾਰੀ ਸਰੂਪ ਵਿਚ ਤੋਰਿਆ ਉਨ੍ਹਾਂ ਦਾ ਪੁੱਤਰ ਡਾਕਟਰ ਰਘਬੀਰ ਸਿੰਘ ਇੰਗਲੈਂਡ ਵਿਚ ਹੋਰ ਉਚੇਰੀ ਵਿੱਦਿਆ ਪ੍ਰਾਪਤ ਕਰਨ ਗਿਆ ਪਾਵਨ, ਪ੍ਰਭੂ-ਬਖਸ਼ਿਸ਼,ਗੁਰੂ-ਨਿਸ਼ਾਨੀ ਕੇਸ ਕਤਲ ਕਰਵਾ ਆਇਆ। ਉਨ੍ਹਾਂ ਦੀ ਮਾਨਸਿਕ ਅਵਸਥਾ ਬਦਨਸੀਬ ਜਿੰਦਾਂ ਦੀ ਉਸ ਮਾਨਸਿਕ ਅਵਸਥਾ ਸਮਾਨ ਹੀ ਸੀ ਜਦੋਂ ਉਸ ਦਾ ਦਲੀਪ ਉਸ ਨੂੰ ਵਰ੍ਹਿਆਂ ਪਿੱਛੋਂ ਕਲਕੱਤੇ ਮਿਲਿਆ ਸੀ ਅਤੇ ਅੰਨ੍ਹੀਂ ਮਾਂ ਦੀ ਰੂਹ ਤੜਪ ਉੱਠੀ ਸੀ ਜਦੋਂ ਉਹਦਾ ਹੱਥ ਪੁੱਤਰ ਦੇ ਸਿਰ ਉੱਪਰ ਫਿਰਿਆ ਸੀ ਤੇ ਗੁਰੂ ਦੀ ਨਿਸ਼ਾਨੀ ਕੇਸ ਇਸ ਸਿਰ ਤੋਂ ਅਲੋਪ ਸਨ। ਗਿਆਨੀ ਜੀ ਨੇ ‘ਦੁਖੀਏ ਮਾਂ ਪੁੱਤ’ ਵਿਚ ਇਸ ਘਟਨਾ ਦਾ ਹਿਰਦੇ-ਵੇਧਕ ਬਿਰਤਾਂਤ ਲਿਖਿਆ ਹੈ ਜੋ ‘ਮਾਂ ਪੁੱਤ ਦਾ ਮਿਲਾਪ’ ਦੇ ਸਿਰਲੇਖ ਹੇਠ ਅੰਕਿਤ ਹੈ ਤੇ ਪੜ੍ਹਨ-ਸੁਣਨ ਦੇ ਕਾਬਲ ਹੈ।

ਗਿਆਨੀ ਜੀ ਗੁਰੂ-ਜੱਸ ਗਾਇਣ ਕਰਨ ਦੇ ਉੱਚੇ ਮਨੋਰਥ ਹਿਤ ਵਿਦੇਸ਼ੀਂ ਖੂਬ ਘੁੰਮੇ-ਫਿਰੇ ਪਰ ਗੁਰੂ-ਵਰੋਸਾਈ ਪੰਜਾਬ ਦੀ ਧਰਤੀ ਨਾਲੋਂ ਨਾਤਾ ਤੋੜਨਾ ਉਨ੍ਹਾਂ ਕਦਾਚਿਤ ਪ੍ਰਵਾਨ ਨਾ ਕੀਤਾ ਭਾਵੇਂ ਉਨ੍ਹਾਂ ਦੀ ਕੈਨੇਡਾ ਪੱਕੇ ਤੌਰ ’ਤੇ ਵਾਸ ਪ੍ਰਾਪਤ ਕਰ ਚੁੱਕੀ ਸੰਤਾਨ ਨੇ ਉਨ੍ਹਾਂ ’ਤੇ ਇਸ ਪੱਖੋਂ ਬਹੁਤ ਜ਼ੋਰ ਪਾਇਆ ਤੇ ਉਥੋਂ ਦੇ ਸੁਖਾਂ, ਸਹੂਲਤਾਂ ਤੇ ਸਰਕਾਰੀ ਪੈਨਸ਼ਨ ਆਦਿ ਦੇ ਕਈ ਲਾਹੇ ਇਸ ਸਬੰਧ ਵਿਚ ਦੱਸੇ। ਗਿਆਨੀ ਜੀ ਆਪਣੀ ਵਤਨ ਦੀ ਮਿੱਟੀ ਦੇ ਮੋਹ ਦੀ ਖਿੱਚੇ ਚਲੇ ਆਏ।

ਲੰਮੇਰੀ ਜ਼ਿੰਦਗੀ ਵਿਚ ਗਿਆਨੀ ਜੀ ਨੂੰ ਇਕ ਵਾਰ ਘੋਰ ਅਵੱਲੀ ਸਿਰ ਪੀੜ ਦੀ ਸ਼ਿਕਾਇਤ ਹੋ ਗਈ ਜਿਸ ਦੇ ਉਪਚਾਰ ਵਜੋਂ ਸੰਭਾਵੀ ਉਪਰੇਸ਼ਨ ਵਾਸਤੇ ਉਨ੍ਹਾਂ ਨੇ ਕੇਸ- ਦਾਹੜੀ ਦੇ ਰੋਮਾਂ ਨੂੰ ਮਜਬੂਰੀ ਵਜੋਂ ਕਤਲ ਕਰਵਾਉਣਾ ਕਿਸੇ ਸੂਰਤ ਵਿਚ ਵੀ ਪ੍ਰਵਾਨ ਨਾ ਕੀਤਾ ਤੇ ਗੁਰੂ-ਕਿਰਪਾ ਸਦਕਾ ਉਹ ਓੜਕ ਨੂੰ ਇਸ ਅਤਿ ਕਠਿਨ ਪ੍ਰੀਖਿਆ ਵਿੱਚੋਂ ਵੀ ਸਫਲ ਹੋ ਕੇ ਨਿਕਲ ਆਏ। ਗੁਰੂ ਉੱਪਰ ਅਡਿੱਗ ਨਿਸਚੇ ਤੇ ਅਟੱਲ ਭਰੋਸੇ ਨੇ ਉਨ੍ਹਾਂ ਨੂੰ ਨਾ ਭਰਵੀਂ ਜਵਾਨੀ ਵਿਚ ਹੀ ਕਦੇ ਡੋਲਣ ਦਿੱਤਾ ਤੇ ਨਾ ਬਜ਼ੁਰਗ ਅਵਸਥਾ ਦੀਆਂ ਬੇਵਸੀਆਂ ਦੇ ਮੂਹਰੇ ਹੀ-

ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ॥
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ॥
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥ (ਪੰਨਾ 1378)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਹਾਇਕ ਸੰਪਾਦਕ ਗੁਰਮਤਿ ਪ੍ਰਕਾਸ਼/ਗੁਰਮਤਿ ਗਿਆਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)