editor@sikharchives.org

ਜਿਨ੍ਹਾਂ ਸਿੰਘਾਂ ਨੇ ਪੁੱਠੀਆਂ ਖੱਲਾਂ ਲੁਹਾਈਆਂ

ਦੁਨੀਆਂ ਦੇ ਇਤਿਹਾਸ ਵਿਚ ਚਾਰ ਅਜਿਹੇ ਸ਼ਹੀਦ ਹੋਏ ਹਨ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਪੁੱਠੀ ਖੱਲ ਲਾਹ ਕੇ ਸ਼ਹੀਦ ਕੀਤਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਇਤਿਹਾਸ ਦੁਨੀਆਂ ਦੀਆਂ ਸਾਰੀਆਂ ਕੌਮਾਂ, ਧਰਮਾਂ ਅਤੇ ਦੇਸ਼ਾਂ ਦੇ ਲੋਕਾਂ ਦੇ ਇਤਿਹਾਸ ਨਾਲੋਂ ਨਿਵੇਕਲਾ, ਵਿਲੱਖਣ, ਅਸਚਰਜਮਈ, ਲਾ-ਮਿਸਾਲ ਅਤੇ ਹੈਰਤਅੰਗੇਜ਼ ਹੈ। ਗੁਰੂ ਸਾਹਿਬਾਨ, ਗੁਰਸਿੱਖ ਯੋਧਿਆਂ, ਅਣਖੀ ਸੂਰਬੀਰਾਂ, ਮਹਾਨ ਵਿਰਾਂਗਣਾਂ, ਕੁਰਬਾਨੀ ਦੇ ਮੁਜੱਸਮਿਆਂ, ਮਹਾਨ ਅਤੇ ਅਲੌਕਿਕ ਸ਼ਹੀਦ ਸਿੰਘਾਂ, ਸਿੰਘਣੀਆਂ ਅਤੇ ਭੁਚੰਗੀਆਂ ਦਾ ਉਮਰ ਵਿਚ ਸਾਰੀਆਂ ਕੌਮਾਂ ਤੋਂ ਛੋਟੀ, ਪਰੰਤੂ ਮਨੁੱਖੀ ਅਕਲ ਨੂੰ ਹੈਰਾਨ ਕਰ ਦੇਣ ਵਾਲੇ ਲਾਮਿਸਾਲ ਕਾਰਨਾਮਿਆਂ ਕਾਰਨ ਉਚਤਮ ਅਤੇ ਸ਼ਾਨਾਂਮੱਤਾ ਇਤਿਹਾਸ ਹੈ ਜਿਸ ਦੇ ਮਹੱਤਵਪੂਰਨ ਪਹਿਲੂਆਂ ਨੂੰ ਹਰ ਗੁਰਸਿੱਖ ਸਵੇਰੇ-ਸ਼ਾਮ ਅਰਦਾਸ ਦੌਰਾਨ ਯਾਦ ਕਰਦਾ ਹੈ ਅਤੇ ਉਨ੍ਹਾਂ ਮਹਾਨ ਸ਼ਹੀਦਾਂ ਦਾ ਧਿਆਨ ਧਰਦਾ ਹੈ। ਗੁਰਮਤਿ ਵਿਚਾਰਧਾਰਾ ‘ਆਪਣਾ ਵਿਗਾਰ ਵਿਰਾਨਾਂ ਸਾਂਢੇ’ ਹੱਕ-ਸੱਚ ਲਈ ਧਰਮ-ਯੁੱਧ ਕਰਨ, ਪਰਉਪਕਾਰ, ਤਿਆਗ ਅਤੇ ਕੁਰਬਾਨੀ ਦੀ ਮਹਾਨ ਫ਼ਿਲਾਸਫ਼ੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਵਿਚ ਹੋ ਰਹੇ ਅਧਰਮ, ਜਬਰ, ਜ਼ੁਲਮ, ਧੱਕੇਸ਼ਾਹੀ, ਅੱਤਿਆਚਾਰ, ਬੇ-ਇਨਸਾਫ਼ੀ ਅਤੇ ਅੰਨ੍ਹੀ ਲੁੱਟ-ਖਸੁੱਟ ਵਿਰੁੱਧ ਜੂਝਣ ਲਈ ਇਉਂ ਪ੍ਰੇਰਿਆ :

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਸ ਮਾਰਗ ਦੇ ਪਾਂਧੀ ਲਈ ਪਾਤਸ਼ਾਹ ਨੇ ਸ਼ਰਤ ਇਹ ਰੱਖੀ:

ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਇਸ ਵਿਚਾਰਧਾਰਾ ਨੂੰ ਲੋਕਾਂ ਸਾਹਮਣੇ ਅਮਲੀ ਰੂਪ ਵਿਚ ਪ੍ਰਗਟ ਕਰਨ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰੀ ਜਬਰ, ਜ਼ੁਲਮ, ਅੱਤਿਆਚਾਰ, ਬੇਇਨਸਾਫ਼ੀ, ਲੁੱਟ-ਖਸੁੱਟ ਅਤੇ ਰਾਜਕੀ ਧੱਕੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਬਾਬਰ ਨੂੰ ਜਾਬਰ ਕਿਹਾ। ਭਾਰਤ ਉੱਤੇ ਉਸ ਦੇ ਹਮਲੇ ਦਾ ਡੱਟ ਕੇ ਵਿਰੋਧ ਕੀਤਾ। ਏਮਨਾਬਾਦ ਦੇ ਕਤਲੇਆਮ ਦੀ ਸਖ਼ਤ ਆਲੋਚਨਾ ਕਰਦਿਆਂ ਮੁਗਲਾਂ ਨੂੰ ਜਮ ਗਰਦਾਨਿਆ ਅਤੇ ਪਰਮਾਤਮਾ ਨੂੰ ਵੀ ਉਲਾਂਭਾ ਦਿੱਤਾ। ਗੁਰੂ ਜੀ ਨੇ ਫ਼ਰਮਾਇਆ :

ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ (ਪੰਨਾ 360)

ਬਾਬਰ ਦੀਆਂ ਜੇਲ੍ਹਾਂ ਕੱਟੀਆਂ, ਚੱਕੀਆਂ ਪੀਸੀਆਂ। ਇਸ ਤਰ੍ਹਾਂ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਦਾ ਰਸਤਾ ਦ੍ਰਿੜ੍ਹ ਕਰਾਇਆ। ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀਆਂ ਤਵੀਆਂ ਉੱਤੇ ਬੈਠ “ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ” ਨੂੰ ਚਿਤਵਦਿਆਂ “ਤਪਤਿ ਮਾਹਿ ਠਾਢਿ ਵਰਤਾਈ” ਦਾ ਭਾਣਾ ਵਰਤਾਇਆ ਅਤੇ ਅਡੋਲ-ਚਿਤ ਰਹਿੰਦਿਆਂ ਸ਼ਹੀਦੀ ਪਾ ਲਈ। ਦੂਸਰਿਆਂ ਦੇ ਧਰਮ ਨੂੰ ਬਚਾਉਣ ਹਿਤ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆਂ ਵਿਚ ਇਕ ਅਨੋਖੀ ਮਿਸਾਲ ਕਾਇਮ ਕਰ ਦਿੱਤੀ। “ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥” ਹਾਲਾਂ ਕਿ ਤਿਲਕ-ਜੰਝੂ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਮਾਨਤਾ ਹੀ ਨਹੀਂ ਸੀ ਦਿੱਤੀ। ਪ੍ਰੰਤੂ ਕਿਸੇ ਨੂੰ ਧਰਮ ਦੇ ਆਧਾਰ ਉੱਤੇ ਤਸੀਹੇ ਦੇਣੇ, ਤਸ਼ੱਦਦ ਕਰਨਾ, ਜ਼ੋਰ-ਜਬਰੀ ਧਰਮ-ਤਬਦੀਲੀ ਕਰਾਉਣਾ ਅਤੇ ਕਤਲੇਆਮ ਕਰਨਾ ਕੁਦਰਤੀ ਨਿਯਮਾਂ ਵਿਰੁੱਧ ਸੀ ਜਿਸ ਕਰਕੇ ਗੁਰੂ ਸਾਹਿਬ ਨੇ ਡੱਟ ਕੇ ਵਿਰੋਧ ਕੀਤਾ ਅਤੇ ਸ਼ਾਂਤਚਿਤ ਸ਼ਹੀਦੀ ਪਾ ਲਈ ਅਤੇ ਹਿੰਦੂ ਧਰਮ ਦੀ ਰਾਖੀ ਹਿਤ ਆਪਣਾ ਮਹਾਨ ਬਲੀਦਾਨ ਦੇ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣਾ ਸਰਬੰਸ ਹੀ ਕੁਰਬਾਨ ਕਰ ਦਿੱਤਾ। ਇਸ ਪਿੱਛੋਂ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਦੀਆਂ ਅਨੇਕਾਂ ਸ਼ਹੀਦੀਆਂ ਹੋਈਆਂ ਜਿਨ੍ਹਾਂ ਨੂੰ ਪੂਰੀ ਸ਼ਰਧਾ, ਸਤਿਕਾਰ ਅਤੇ ਨਿਮਰਤਾ ਸਹਿਤ ਹਰ ਰੋਜ਼ ਦੋਨੋਂ ਸਮੇਂ ਅਰਦਾਸ ਵਿਚ ਇਕ ਮਨ-ਚਿਤ ਹੋ ਕੇ ਯਾਦ ਕਰਦੇ ਹਾਂ। ਇਸ ਲੇਖ ਵਿਚ ਭਾਈ ਜੈ ਸਿੰਘ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਬਾਰੇ ਵਿਚਾਰ ਕਰ ਰਹੇ ਹਾਂ।

ਦੁਨੀਆਂ ਦੇ ਇਤਿਹਾਸ ਵਿਚ ਚਾਰ ਅਜਿਹੇ ਸ਼ਹੀਦ ਹੋਏ ਹਨ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਪੁੱਠੀ ਖੱਲ ਲਾਹ ਕੇ ਸ਼ਹੀਦ ਕੀਤਾ। ਪਹਿਲਾ ਸ਼ਹੀਦ ਸ਼ਮਸ ਤਬਰੇਜ਼ ਜਿਸ ਦਾ ਪੂਰਾ ਨਾਮ ਮਖਦੂਮ ਸ਼ਾਹ ਸ਼ਮਸੁਦੀਨ ਸੀ। ਇਹ ਗਜ਼ਨੀ ਦੇ ਇਲਾਕੇ ਸਬਜ਼ਾਰ ਦੇ ਵਸਨੀਕ ਸਨ। ਇਥੋਂ ਇਹ ਉਦੋਂ ਦੇ ਭਾਰਤੀ ਸ਼ਹਿਰ ਮੁਲਤਾਨ ਵਿਚ ਵੱਸੇ। ਇਹ ਸੂਫੀ ਫ਼ਕੀਰ ਭਜਨ-ਬੰਦਗੀ ਕਰਨ ਵਾਲੇ ਸਨ। ਮਜ਼ਹਬੀ ਮੌਲਾਣਿਆਂ ਨੇ ਮੁਲਤਾਨ ਦੇ ਹਾਕਮ ਨੂੰ ਸ਼ਿਕਾਇਤ ਕਰ ਦਿੱਤੀ ਕਿ ਸ਼ਮਸੁਦੀਨ ‘ਅੱਨ ਅੱਲ ਹੱਕ’ ਆਖਦਾ ਹੈ ਜਿਸ ਕਾਰਨ ਸਮੇਂ ਦੇ ਹਾਕਮ ਦੇ ਹੁਕਮ ਨਾਲ ਇਨ੍ਹਾਂ ਦੀ ਪੁੱਠੀ ਖੱਲ ਲਾਹ ਕੇ ਸ਼ਹੀਦ ਕਰ ਦਿੱਤਾ।

ਦੂਸਰੇ ਸ਼ਹੀਦ ਸ਼ਮਸੁਦੀਨ ਮੁਹੰਮਦ ਹੋਏ ਹਨ ਜੋ ਤਰਬੇਜ਼ ਦੇ ਵਸਨੀਕ ਸਨ। ਇਹ ਖੁਦਾ-ਪ੍ਰਸਤ ਸੰਤ ਸਨ। ਕਿਹਾ ਜਾਂਦਾ ਹੈ ਕਿ ਇਕ ਦਿਨ ਇਨ੍ਹਾਂ ਨੇ ਕਰਾਮਾਤੀ ਢੰਗ ਰਾਹੀਂ ਇਕ ਮੁਰਦੇ ਨੂੰ ਆਦੇਸ਼ ਕਰਕੇ ਖੜ੍ਹਾ ਕਰ ਦਿੱਤਾ ਅਤੇ ਮੁਰਦਾ ਜਿਉਂਦਾ ਹੋ ਗਿਆ। ਇਸ ਅਪਰਾਧ ਕਾਰਨ ਵਕਤ ਦੇ ਹਾਕਮ ਅਲਾਉਦੀਨ ਮੁਹੰਮਦ ਨੇ ਇਨ੍ਹਾਂ ਦੀ ਪੁੱਠੀ ਖੱਲ ਉਤਾਰਨ ਦਾ ਹੁਕਮ ਦਿੱਤਾ। ਹੁਕਮ ਦੀ ਤਾਮੀਲ ਕਰਦਿਆਂ ਪੁੱਠੀ ਖੱਲ ਲਾਹ ਕੇ ਇਨ੍ਹਾਂ ਨੂੰ ਖੂਹ ਵਿਚ ਸੁੱਟ ਦਿੱਤਾ। ਪ੍ਰਸਿੱਧ ਕਵੀ ਮੌਲਾਨਾ ਰੂਮੀ ਇਸੇ ਸੰਤ ਦਾ ਚੇਲਾ ਸੀ। (ਮਹਾਨ ਕੋਸ਼, ਪੰਨਾ 158)

ਤੀਸਰਾ ਮਹਾਨ ਸ਼ਹੀਦ ਭਾਈ ਗੁਲਜ਼ਾਰ ਸਿੰਘ ਹੋਇਆ ਹੈ ਜਿਨ੍ਹਾਂ ਨੂੰ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਉਪਰੰਤ ਹੋਰ ਕਈ ਸਿੰਘਾਂ ਸਮੇਤ ਹਾੜ ਸੁਦੀ ਪੰਚਮੀ ਸਤਾਰਾਂ ਸੋ ਇਕਾਨਵੇਂ (1791) ਨੂੰ ਪੁੱਠੀ ਖੱਲ ਲਾਹ ਕੇ ਸ਼ਹੀਦ ਕੀਤਾ ਗਿਆ। ਇਨ੍ਹਾਂ ਸ਼ਹੀਦੀਆਂ ਬਾਰੇ ਇਉਂ ਬਿਆਨ ਕੀਤਾ ਗਿਆ ਹੈ:

ਪਹਿਲੇ ਮਨੀ ਸਿੰਘ ਕੇ ਤਾਈਂ ,ਕਾਜ਼ੀ ਫਤਵਾ ਦੀਏ ਸੁਣਾਈ।
ਤਿਸੇ ਗੈਰਮ ਜਲਾਦਿ ਆਇ, ਬੰਦ ਬੰਦ ਦੀਏ ਜੁਦਾ ਕਰਾਏ।
ਪੀਛੇ ਸਿੰਘ ਗੁਲਜਾਰੇ ਕੇਰੀ, ਪੁਠੀ ਖੱਲ ਲਾਹੀ ਬਿਨ ਦੇਰੀ।

ਚੌਥੇ ਲਾਸਾਨੀ ਸ਼ਹੀਦ ਹੋਏ ਹਨ ਭਾਈ ਜੈ ਸਿੰਘ ਜੀ ਵਾਸੀ ਪਿੰਡ ਬਾਰਨ ਨੇੜੇ ਪਟਿਆਲਾ। ਇਸ ਪਿੰਡ ਦਾ ਨਾਮ ਉਸ ਸਮੇਂ ਮੁਗਲਮਾਜਰਾ ਸੀ। ਇਥੇ ਜ਼ਿਆਦਾ ਵੱਸੋਂ ਮੁਗਲਾਂ ਅਰਥਾਤ ਮੁਸਲਮਾਨਾਂ ਦੀ ਸੀ। ਕੁਝ ਘਰ ਰਾਮਦਾਸੀਏ ਸਿੰਘਾਂ ਦੇ ਸਨ ਅਤੇ ਭਾਈ ਜੈ ਸਿੰਘ ਦਾ ਸੰਬੰਧ ਵੀ ਗੁਰਸਿੱਖ ਰਾਮਦਾਸੀਏ ਪਰਵਾਰ ਨਾਲ ਸੀ। ਆਪ ਦਾ ਸਾਰਾ ਪਰਵਾਰ ਅੰਮ੍ਰਿਤਧਾਰੀ ਪੂਰਨ ਗੁਰਸਿੱਖ ਕਿਰਤੀ ਪਰਵਾਰ ਸੀ। ਭਾਈ ਜੈ ਸਿੰਘ ਨੇ ਸਮੇਤ ਪਰਵਾਰ ਸ਼ਹੀਦੀ ਦੇ ਕੇ ਸਿੱਖੀ ਸਿਦਕ, ਦ੍ਰਿੜ੍ਹਤਾ ਤੇ ਅਡੋਲਤਾ ਦਰਸਾਉਂਦਿਆਂ ਕਥਨੀ ਅਤੇ ਕਰਨੀ ਦੇ ਪੂਰੇ-ਸੂਰੇ ਹੋਣ ਦਾ ਸਬੂਤ ਦਿੱਤਾ। ਇਕ ਕਵੀ ਨੇ ਇਸ ਬਾਰੇ ਇਉਂ ਬਿਆਨ ਕੀਤਾ ਹੈ:

ਧੰਨ ਉਨ ਸਿੰਘਨ ਕੇ ਜਿਨ ਕਰ ਸਾਕਾ ਤਜੇ ਪਰਾਨ।
ਰਹੇ ਨਾਮ ਇਸ ਕਰਮ ਕਾ ਹੈ ਜੱਗ ਆਵਨ ਜਾਨ।
ਸ਼ਹੀਦ ਜੈ ਸਿੰਘ ਖਲਕੱਟ ਹੁਏ ਵੋਹ ਹੈਂ ਮਹਾਂ ਮਹਾਨ।

ਮਹਾਨ ਸ਼ਹੀਦੀ ਦੇ ਕੇ ਭਾਈ ਜੈ ਸਿੰਘ ਜੀ ਨੇ ਧਰਮ ਉੱਤੇ ਪੂਰਾ ਪਹਿਰਾ ਦਿੱਤਾ ਅਤੇ ਭਗਤ ਕਬੀਰ ਜੀ ਦੇ ਮਹਾਨ ਉਪਦੇਸ਼ ਨੂੰ ਜਗਤ ਸਾਹਮਣੇ ਅਮਲੀ ਰੂਪ ਵਿਚ ਨਿਭਾਇਆ। ਭਗਤ ਕਬੀਰ ਜੀ ਦਾ ਫ਼ੁਰਮਾਨ ਹੈ:

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥  (ਪੰਨਾ 1105)

ਭਾਈ ਜੈ ਸਿੰਘ ਜੀ ਦੇ ਪਿਤਾ ਜੀ ਨੇ ਦਸਮੇਸ਼ ਗੁਰੂ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ ਸੀ। ਭਾਈ ਜੈ ਸਿੰਘ ਵੀ ਬਚਪਨ ਤੋਂ ਹੀ ਆਪਣੇ ਪਿਤਾ ਜੀ ਨਾਲ ਅਨੰਦਪੁਰ ਸਾਹਿਬ ਜਾਣ ਲੱਗੇ। ਭਾਈ ਜੈ ਸਿੰਘ ਗੁਰਮਤਿ ਦੇ ਧਾਰਨੀ, ਗੁਰੂ-ਘਰ ਪ੍ਰਤੀ ਪੂਰੇ ਸਮਰਪਤ, ਗੁਰਬਾਣੀ ਦੇ ਰੰਗ ਵਿਚ ਰੰਗੇ, ਰਹਿਤਵਾਨ ਅਤੇ ਤਿਆਗ ਦੀ ਮੂਰਤ ਅੰਮ੍ਰਿਤਧਾਰੀ ਪੂਰਨ ਗੁਰਸਿੱਖ ਸਨ। ਆਪ ਸੱਚੀ-ਸੁੱਚੀ ਕਿਰਤ ਕਰਕੇ ਸਤਿਗੁਰਾਂ ਨਮਿਤ ਦਸਵੰਧ ਕੱਢਦਿਆਂ ਆਪਣੇ ਪਰਵਾਰ ਦਾ ਨਿਰਬਾਹ ਕਰਦੇ ਸਨ। ਭਾਈ ਸਾਹਿਬ ਦੇ ਦੋ ਪੁੱਤਰ ਸਨ- ਭਾਈ ਕੜਾਕਾ ਸਿੰਘ ਅਤੇ ਭਾਈ ਖੜਕ ਸਿੰਘ। ਆਪ ਦੀ ਧਰਮ ਪਤਨੀ ਦਾ ਨਾਮ ਬੀਬੀ ਧੰਨ ਕੌਰ ਸੀ। ਭਾਈ ਜੈ ਸਿੰਘ ਨੂੰ ਕਿਉਂਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਮਾਣਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ ਸੀ, ਉਨ੍ਹਾਂ ਨੇ ਆਪਣੇ ਪੁੱਤਰ ਨੂੰ ਦਸਮੇਸ਼ ਜੀ ਬਾਰੇ ਕਥਾਵਾਂ ਸੁਣਾ-ਸੁਣਾ ਕੇ ਦੋਹਾਂ ਪੁੱਤਰਾਂ ਅੰਦਰ ਪੂਰਾ ਖਾਲਸਾਈ ਜੋਸ਼ ਅਤੇ ਜਜ਼ਬਾ ਭਰ ਦਿੱਤਾ ਸੀ। ਦੋਵੇਂ ਹੀ ਅੰਮ੍ਰਿਤਧਾਰੀ, ਨਿਤਨੇਮੀ, ਅਚਾਰ-ਵਿਹਾਰ ਤੇ ਵਿਚਾਰ ਦੇ ਪੂਰੇ-ਸੂਰੇ ਰਹਿਤਵਾਨ ਖਾਲਸੇ ਸਨ। ਦਸਮ ਪਾਤਸ਼ਾਹ ਦਾ ਫੁਰਮਾਨ “ਇਨ ਗਰੀਬ ਸਿਖਨ ਕਉ ਦੇਊਂ ਪਾਤਸ਼ਾਹੀ॥ ਯਹ ਯਾਦ ਕਰੇਂ ਹਮਾਰੀ ਗੁਰਿਆਈ॥” ਦੋਹਾਂ ਪੁੱਤਰਾਂ ਨੂੰ ਸੁਣਾ ਕੇ ਉਨ੍ਹਾਂ ਅੰਦਰ ਨਿਤ ਨਵਾਂ ਜੋਸ਼, ਜਜ਼ਬਾ, ਗੁਰੂ ਵਿਚ ਵਿਸ਼ਵਾਸ ਅਤੇ ਦ੍ਰਿੜ੍ਹਤਾ ਭਰਦੇ।

ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੀ ਮੌਤ ਅਤੇ ਵਜ਼ੀਰ ਕਰਮ ਦੀਨ ਦੇ ਮਾਰੇ ਜਾਣ ਦੀ ਖ਼ਬਰ ਸੁਣਦਿਆਂ ਹੀ ਅਹਿਮਦ ਸ਼ਾਹ ਅਬਦਾਲੀ ਨੇ ਅਫ਼ਗਾਨਿਸਤਾਨ ਤੋਂ ਦਿੱਲੀ ਦੇ ਤਖ਼ਤ ਉੱਤੇ ਕਬਜ਼ਾ ਕਰਨ ਦੀ ਨੀਯਤ ਨਾਲ ਗਿਲਜਿਆਂ, ਗਾਜ਼ੀਆਂ ਅਤੇ ਜਹਾਦੀਆਂ ਦੀ ਫੌਜ ਲੈ ਕੇ ਸੰਨ 1753 ਵਿਚ ਭਾਰਤ ਉੱਤੇ ਦੂਜਾ ਹਮਲਾ ਕਰ ਦਿੱਤਾ। ਇਸ ਤਰ੍ਹਾਂ ਪਹਿਲਾਂ ਲਾਹੌਰ ਅਤੇ ਫਿਰ ਸਰਹਿੰਦ ਉੱਤੇ ਕਬਜ਼ਾ ਕਰ ਲਿਆ। ਅਬਦਾਲੀ ਨੇ ਆਪਣੇ ਜਰਨੈਲ ਅਬਦੁਸ ਸਮੁਦ ਖਾਨ ਨੂੰ ਸਰਹੰਦ ਦਾ ਫੌਜਦਾਰ ਨਿਯੁਕਤ ਕਰ ਦਿੱਤਾ। ਅਬਦੁਸ ਸਮੁਦ ਖਾਨ ਅਤਿ ਦਰਜੇ ਦਾ ਜਨੂੰਨੀ, ਜ਼ਾਲਮ ਅਤੇ ਨਿਰਦਈ ਹਾਕਮ ਸੀ। ਇਸ ਦੀਆਂ ਜ਼ਾਲਮਾਨਾਂ ਕਰਤੂਤਾਂ ਅਤੇ ਰਾਜਕੀ ਅਤਿਆਚਾਰਾਂ ਤੋਂ ਤੰਗ ਆ ਕੇ ਬਹੁਤ ਸਾਰੇ ਹਿੰਦੂ ਸਰਹੰਦ ਛੱਡ ਕੇ ਦੁਰੇਡੇ ਜਾ ਵੱਸੇ। ਸਿੱਖਾਂ ਨੂੰ ਵੀ ਇਸ ਨੇ ਆਪਣੇ ਜ਼ੁਲਮ ਦਾ ਨਿਸ਼ਾਨਾ ਬਣਾਇਆ। ਉਪਰੰਤ ਇਹ ਜ਼ਾਲਮ ਸਰਹਿੰਦ ਦਾ ਸੂਬੇਦਾਰ ਬਣ ਗਿਆ। ਚੇਤ ਸੁਦੀ ਦਸਵੀਂ ਸੰਨ 1753 ਨੂੰ ਇਹ ਆਪਣੇ ਕੋਤਵਾਲ ਨਜ਼ਾਮਉਦੀਨ ਨੂੰ ਨਾਲ ਲੈ ਕੇ ਹਿੰਦੂਆਂ ਅਤੇ ਸਿੱਖਾਂ ਦੀ ਕਤਲੋਗਾਰਦ ਕਰਦਾ ਮੁਗਲ ਮਾਜਰਾ ਪੁੱਜ ਗਿਆ। ਆਰਜ਼ੀ ਕਚਹਿਰੀ ਲਾ ਲਈ ਅਤੇ ਹੁਕਮ ਕੀਤਾ ਕਿ ਜੇਕਰ ਪਿੰਡ ਵਿਚ ਕੋਈ ਸਿੱਖ ਹੋਵੇ ਤਾਂ ਉਸ ਨੂੰ ਸੂਬੇਦਾਰ ਦੀ ਕਚਹਿਰੀ ਵਿਚ ਪੇਸ਼ ਕੀਤਾ ਜਾਵੇ। ਭਾਈ ਜੈ ਸਿੰਘ ਆਪਣੇ ਖੂਹ ਉੱਤੇ ਆਪਣੀ ਕਿਰਤ ਵਿਚ ਰੁੱਝੇ ਹੋਏ ਸਨ। ਪਠਾਨ ਸਿਪਾਹੀਆਂ ਨੇ ਭਾਈ ਸਾਹਿਬ ਨੂੰ ਪਕੜ ਕੇ ਸੂਬੇਦਾਰ ਦੇ ਪੇਸ਼ ਕਰ ਦਿੱਤਾ। ਅਬਦੁਸ ਸਮੁਦ ਖਾਨ ਅੰਮ੍ਰਿਤਧਾਰੀ ਸਿੰਘ ਨੂੰ ਵੇਖ ਕੇ ਖਿੜਖਿੜਾ ਕੇ ਹੱਸਿਆ ਅਤੇ ਫਿਰ ਪੂਰੇ ਰੋਹਬ ਅਤੇ ਕ੍ਰੋਧ ਨਾਲ ਕੜਕਿਆ ਕਿ ਅਸੀਂ ਤੁਹਾਡੇ ਪਾਸੋਂ ਦੀ ਲੰਘ ਕੇ ਆਏ ਤਾਂ ਤੁਸੀਂ ਸਾਨੂੰ ਸਲਾਮ ਕਿਉਂ ਨਹੀਂ ਕੀਤੀ। ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਉਨ੍ਹਾਂ ਨੂੰ ਤਾਂ ਫੌਜ ਦੇ ਲੰਘਣ ਦਾ ਪਤਾ ਹੀ ਨਹੀਂ ਲੱਗਾ ਕਿਉਂਕਿ ਉਹ ਤਾਂ ਆਪਣੀ ਕਿਰਤ ਦੇ ਨਾਲ-ਨਾਲ ਬਾਣੀ ਪੜ੍ਹਨ ਵਿਚ ਲੀਨ ਸਨ। ਭਾਈ ਸਾਹਿਬ ਨੇ ਕਿਹਾ ਕਿ ਜਦੋਂ ਕੋਈ ਸਿੱਖ ਇਕ-ਮਨ ਇਕ-ਚਿਤ ਹੋ ਕੇ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਤਾਂ ਉਸ ਨੂੰ ਆਪਣੇ ਆਲੇ-ਦੁਆਲੇ ਦੀ ਸੋਝੀ ਨਹੀਂ ਰਹਿੰਦੀ। ਇਸ ’ਤੇ ਸੂਬੇਦਾਰ ਨੇ ਹਕੂਮਤੀ ਹੰਕਾਰ ਵਿਚ ਕਿਹਾ ਕਿ ਚੰਗਾ, ਮੈਂ ਪਟਿਆਲਾ ਜਾ ਕੇ ਤੇਰੀ ਤੇਰੇ ਗੁਰੂ-ਚਰਨਾਂ ਨਾਲ ਜੁੜੀ ਬਿਰਤੀ ਵੇਖਾਂਗਾ ਅਤੇ ਤੈਨੂੰ ਸਮੇਤ ਪਰਵਾਰ ਸਜ਼ਾ ਦਿਆਂਗਾ। ਪਹਿਲਾਂ ਤੂੰ ਮੇਰਾ ਇਹ ਥੋੜ੍ਹਾ ਸਾਮਾਨ-ਅਸਬਾਬ ਸਿਰ ਉੱਤੇ ਚੁੱਕ ਕੇ ਪਟਿਆਲੇ ਪਹੁੰਚਾ। ਉਨ੍ਹਾਂ ਦਿਨਾਂ ਵਿਚ ਆਵਾਜਾਈ ਅਤੇ ਢੋਆ-ਢੁਆਈ ਦੇ ਸਾਧਨ ਇਸ ਤਰ੍ਹਾਂ ਦੇ ਹੀ ਹੁੰਦੇ ਸਨ। ਕੋਤਵਾਲ ਨਿਜ਼ਾਮਉਦੀਨ ਨੂੰ ਹੁਕਮ ਦੀ ਤਾਮੀਲ ਕਰਾਉਣ ਦਾ ਆਦੇਸ਼ ਹੋਇਆ। ਭਾਈ ਜੈ ਸਿੰਘ ਨੇ ਪੁੱਛਿਆ ਕਿ ਪਹਿਲਾਂ ਇਹ ਦੱਸੋ ਕਿ ਇਸ ਅਸਬਾਬ ਬੋਝੇ ਵਿਚ ਹੈ ਕੀ? ਉਨ੍ਹਾਂ ਕਿਹਾ ਕਿ ਮੈਂ ਇਕ ਅੰਮ੍ਰਿਤਧਾਰੀ ਸਿੱਖ ਹਾਂ, ਐਸਾ ਨਾ ਹੋਵੇ ਕਿ ਕੋਈ ਇਤਰਾਜ਼ਯੋਗ ਸਾਮਾਨ ਸਿਰ ਉੱਤੇ ਚੁੱਕਣ ਨਾਲ ਮੇਰੇ ਧਰਮ ਨੂੰ ਆਂਚ ਆਵੇ। ਕੋਤਵਾਲ ਭਾਈ ਸਾਹਿਬ ਦਾ ਜਵਾਬ ਸੁਣ ਕੇ ਕੱਪੜਿਆਂ ਤੋਂ ਬਾਹਰ ਹੋ ਗਿਆ। ਅੱਗ-ਬਗੋਲਾ ਅਤੇ ਲਾਲ-ਪੀਲਾ ਹੋ ਕੇ ਬੋਲਿਆ ਕਿ ਤੈਨੂੰ ਇਹ ਪੁੱਛਣ ਦਾ ਅਧਿਕਾਰ ਨਹੀਂ ਹੈ। ਭਾਈ ਸਾਹਿਬ ਦੇ ਜ਼ਿੱਦ ਕਰਨ ਉੱਤੇ ਕੋਤਵਾਲ ਨੇ ਦੱਸਿਆ ਕਿ ਇਸ ਬੋਝੇ ਵਿਚ ਸੂਬੇਦਾਰ ਦਾ ਹੁੱਕਾ ਹੈ। ਭਾਈ ਸਾਹਿਬ ਨੇ ਪੂਰੇ ਸਹਿਜ ਪਰ ਦ੍ਰਿੜ੍ਹਤਾ ਨਾਲ ਕਿਹਾ ਕਿ ਜਿਨ੍ਹਾਂ ਕੇਸਾਂ ਵਿਚ ਦਸਮ ਪਾਤਸ਼ਾਹ ਦਾ ਅੰਮ੍ਰਿਤ ਚੋਇਆ ਹੋਇਆ ਹੈ, ਉਨ੍ਹਾਂ ਉੱਤੇ ਮੈਂ ਹੁੱਕਾ ਨਹੀਂ ਰੱਖਾਂਗਾ। ਜਵਾਬ ਸੁਣ ਕੇ ਕੋਤਵਾਲ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਹੁਕਮ ਦਿੱਤਾ ਕਿ ਇਸ ਦੀ ਛਮਕਾਂ ਮਾਰ- ਮਾਰ ਕੇ ਖਲੜੀ ਉਧੇੜ ਦਿਓ। ਜ਼ਾਲਮ ਸਿਪਾਹੀਆਂ ਨੇ ਭਾਈ ਸਾਹਿਬ ਨੂੰ ਢਾਹ ਲਿਆ ਅਤੇ ਛਮਕਾਂ ਮਾਰ-ਮਾਰ ਕੇ ਉਨ੍ਹਾਂ ਦਾ ਸਰੀਰ ਲਹੂ-ਲੁਹਾਨ ਕਰ ਦਿੱਤਾ। ਸੂਬੇਦਾਰ ਨੇ ਭਾਈ ਸਾਹਿਬ ਨੂੰ ਫਿਰ ਕਿਹਾ ਕਿ ਉਹ ਹੁੱਕਾ ਸਿਰ ਉੱਤੇ ਚੁੱਕਣ ਲਈ ਮੰਨ ਜਾਵੇ ਨਹੀਂ ਤਾਂ ਕਤਲ ਕਰ ਦਿੱਤਾ ਜਾਵੇਗਾ। ਭਾਈ ਸਾਹਿਬ ਨੂੰ ਮੌਤ ਦਾ ਡਰ ਨਹੀਂ ਸੀ। ਉਨ੍ਹਾਂ ਨੂੰ ਆਪਣੇ ਸਤਿਗੁਰਾਂ ਦਾ ਉਪਦੇਸ਼ ਦ੍ਰਿੜ੍ਹ ਸੀ। ਗੁਰੂ ਸਾਹਿਬ ਦਾ ਫ਼ਰਮਾਨ ਹੈ:

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥ (ਪੰਨਾ 579)

ਭਾਈ ਸਾਹਿਬ ਨੇ ਪੂਰੀ ਦ੍ਰਿੜ੍ਹਤਾ ਨਾਲ ਜੁਆਬ ਦਿੱਤਾ ਕਿ ਉਨ੍ਹਾਂ ਨੇ ਆਪਣਾ ਤਨ, ਮਨ ਅਤੇ ਧਨ ਸਭ ਕੁਝ ਸਤਿਗੁਰਾਂ ਨੂੰ ਅਰਪਨ ਕੀਤਾ ਹੋਇਆ ਹੈ ਅਤੇ ਸਤਿਗੁਰਾਂ ਦੇ ਹੁਕਮ ਵਿਚ ਚੱਲਣ ਦਾ ਅਹਿਦ ਕੀਤਾ ਹੋਇਆ ਹੈ। ਉਹ ਸਤਿਗੁਰਾਂ ਦੇ ਹੁਕਮ ਦੀ ਅਦੂਲੀ ਨਹੀਂ ਕਰ ਸਕਦੇ। ਭਾਈ ਸਾਹਿਬ ਦੇ ਬੋਲ ਸਨ, “ਮੇਰੇ ਪ੍ਰਾਣਾਂ ਦੀ ਸਤਿਗੁਰਾਂ ਦੇ ਹੁਕਮ ਦੇ ਬਰਾਬਰ ਕੋਈ ਅਹਿਮੀਅਤ ਨਹੀਂ ਹੈ।” ਧੰਨ ਗੁਰ ਸਿੱਖੀ! ਭਾਈ ਸਾਹਿਬ ਨੇ ਦੱਸਿਆ ਕਿ ਸਤਿਗੁਰਾਂ ਦਾ ਉਪਦੇਸ਼ ਹੈ:

ਕੁੱਠਾ, ਹੁੱਕਾ, ਚਰਸ, ਤੰਬਾਕੂ, ਗਾਂਜਾ, ਟੋਪੀ, ਤਾੜੀ, ਖਾਕੂ।
ਇਨ ਕੀ ਓਰ ਨ ਕਬਹੂੰ ਦੇਖੇ, ਰਹਿਤਵੰਤ ਸੋ ਸਿੰਘ ਵਸੇਖੇ।

ਫਿਰ ਸੂਬੇਦਾਰ ਨੇ ਪੈਂਤੜਾ ਬਦਲਦਿਆਂ ਕਿਹਾ ਕਿ ਸਿੱਖੀ ਵਿਚ ਕੀ ਪਿਆ ਹੈ। ਜਾਨ ਨਾ ਗੁਆ, ਅਸੀਂ ਤੈਨੂੰ ਰਾਜਸੀ ਸ਼ਕਤੀ ਅਤੇ ਧਨ-ਦੌਲਤ ਨਾਲ ਮਾਲਾ-ਮਾਲ ਕਰ ਦਿਆਂਗੇ ਜੇਕਰ ਤੂੰ ਦੀਨ ਮੁਹੰਮਦੀ ਕਬੂਲ ਕਰ ਲਵੇਂ। ਤੈਨੂੰ ਮੌਤ ਉਪਰੰਤ ਵੀ ਜੰਨਤ ਮਿਲੇਗੀ ਜਿੱਥੇ ਹੂਰਾਂ ਪਰੀਆਂ ਮਿਲਣਗੀਆਂ ਅਤੇ ਸਦਾ ਬਹਿਸ਼ਤ ਵਿਚ ਹੀ ਰਹੇਂਗਾ। ਪਰ ਭਾਈ ਸਾਹਿਬ ਦੇ ਸਾਹਮਣੇ ਭਗਤ ਕਬੀਰ ਜੀ ਦਾ ਉਪਦੇਸ਼ ਸੀ:

ਕਵਨੁ ਨਰਕੁ ਕਿਆ ਸੁਰਗੁ ਵੀਚਾਰਾ ਸੰਤਨ ਦੋਊ ਰਾਦੇ॥(ਪਨਾ 969)

ਭਾਈ ਸਾਹਿਬ ਨੇ ਵਿੱਚੋਂ ਟੋਕ ਕੇ ਕਿਹਾ ਕਿ ਜੇਕਰ ਦੀਨ ਮੁਹੰਮਦੀ ਕਬੂਲ ਕਰਨ ਉਪਰੰਤ ਮੌਤ ਨਹੀਂ ਆਉਂਦੀ ਤਾਂ ਮੈਂ ਸੋਚ ਸਕਦਾ ਹਾਂ ਪਰੰਤੂ ਜਦੋਂ ਹਰ ਧਰਮ ਵਿਚ ਮੌਤ ਅਟੱਲ ਹੈ। ਮੌਤ ਦਾ ਸਮਾਂ ਸਥਾਨ ਅਤੇ ਕਾਰਨ ਨਿਸਚਿਤ ਹੈ। ਗੁਰਵਾਕ ਹੈ: “ਮਰਣੁ ਲਿਖਾਇ ਮੰਡਲ ਮਹਿ ਆਏ॥” ਤਾਂ ਫਿਰ ਮੈਂ ਆਪਣੇ ਗੁਰੂ ਤੋਂ ਬੇਮੁਖ ਕਿਉਂ ਹੋਵਾਂ? ਭਾਈ ਸਾਹਿਬ ਨੇ ਠੋਕ ਕੇ ਜਵਾਬ ਦਿੱਤਾ। ਆਪ ਅਰਦਾਸ ਵਿਚ ਲੀਨ ਹੋ ਗਏ ਕਿ ਹੇ ਸੱਚੇ ਪਾਤਸ਼ਾਹ! ਸੇਵਕ ਦੀ ਬਹੁੜੀ ਕਰੋ ਤਾਂ ਜੋ ਮੈਂ ਗੁਰਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾ ਸਕਾਂ। ਕਬੀਰ ਜੀ ਦਾ ਫ਼ਰਮਾਨ ਹੈ ਕਿ ਮਨ ਨਾ ਡਿੱਗੇ, ਤਨ ਕਾਹੇ ਕੋ ਡਰਾਏ। ਭਾਈ ਸਾਹਿਬ ਦ੍ਰਿੜ੍ਹ ਅਤੇ ਅਡੋਲ ਸਨ। ਹਰ ਗੁਰਸਿੱਖ ਦੇ ਸਾਹਮਣੇ ਗੁਰ-ਉਪਦੇਸ਼ ਹੈ:

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (ਪੰਨਾ 1102)

ਸੂਬੇਦਾਰ ਨੇ ਬਹੁਤ ਲਾਲਚ ਅਤੇ ਡਰਾਵੇ ਦਿੱਤੇ ਪਰ ਭਾਈ ਸਾਹਿਬ ਪੂਰੀ ਤਰ੍ਹਾਂ ਦ੍ਰਿੜ੍ਹ ਅਤੇ ਅਡੋਲ ਰਹੇ। ਅੰਤ ਨੂੰ ਸੂਬੇਦਾਰ ਨੇ ਹੁਕਮ ਦਿੱਤਾ ਕਿ ਸਮਸ਼ਦੀਨ ਮੁਹੰਮਦ ਤਬਰੇਜ਼ ਦੀ ਤਰ੍ਹਾਂ ਇਸ ਨੂੰ ਪੁੱਠਾ ਟੰਗ ਕੇ ਪੁੱਠੀ ਖੱਲ ਲਾਹ ਕੇ ਕਤਲ ਕਰ ਦਿਓ। ਭਾਈ ਸਾਹਿਬ ਨੇ ਹੱਸ ਕੇ ਕਿਹਾ ਕਿ ਇਸ ਤੋਂ ਚੰਗਾ ਸਮਾਂ ਮੇਰੇ ਲਈ ਹੋਰ ਕਦੋਂ ਹੋਵੇਗਾ ਜਦੋਂ ਮੈਂ ਆਪਣੇ ਸਤਿਗੁਰੂ ਦੇ ਦਰਸਾਏ ਮਾਰਗ ਉੱਤੇ ਚੱਲਦਿਆਂ ਗੁਰ-ਚਰਨਾਂ ਵਿਚ ਜਾ ਬਿਰਾਜਾਂ। ਜਲਦੀ ਕਰੋ। ਜਿਸ ਗੁਰੂ ਸਾਹਿਬ ਨੇ ਆਪਣਾ ਦਾਦਾ, ਪਿਤਾ, ਮਾਤਾ, ਮਾਮੇ, ਪ੍ਰਾਣਾਂ ਤੋਂ ਪਿਆਰੇ ਸਿੰਘ ਅਤੇ ਆਪਣੇ ਲਖਤੇ-ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜ੍ਹੀ ਵਿਚ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਸਰਹਿੰਦ ਦੀਆਂ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰਵਾ ਲਏ ਮੈਂ ਤਾਂ ਉਸ ਸਤਿਗੁਰੂ ਦਾ ਇਕ ਅਦਨਾ ਜਿਹਾ ਨਾਮਧਰੀਕ ਸਿੱਖ ਹਾਂ, ਮੇਰੇ ਪ੍ਰਾਣ ਅਤੇ ਮੇਰੀ ਕਾਇਆ ਉਸ ਸਤਿਗੁਰੂ ਦੀ ਹੀ ਅਮਾਨਤ ਹੈ। ਪ੍ਰਸਿੱਧ ਕਵੀ ਸ. ਵਿਧਾਤਾ ਸਿੰਘ ਤੀਰ ਨੇ ਇਸ ਘਟਨਾ ਨੂੰ ਇਉਂ ਬਿਆਨ ਕੀਤਾ ਹੈ:

ਦੀਨ ਮੰਨ, ਫੇਰ ਵੀ ਅੰਤ ਮਰਨਾ, ਫੇਰ ਕਿਉਂ ਹੋਈਏ ਧਰਮਹੀਨ ਸ਼ਾਹਾ!
ਤੂੰ ਤਾਂ ਜ਼ਾਲਮ ਦੇ ਘੋੜੇ ਸਵਾਰ ਹੋਇਓਂ, ਉੱਤੇ ਸੁੱਟ ਕੇ ਪਾਪ ਦੀ ਜ਼ੀਨ ਸ਼ਾਹਾ!
ਸਾਡੀ ਅੱਖ ਦੇ ਵਿਚ ਨਾ ਚੀਜ਼ ਕੋਈ, ਇਹ ਜੋ ਜ਼ਰ, ਜ਼ੋਰੂ, ਜ਼ਮੀਨ ਸ਼ਾਹਾ!
ਮੌਤ ਦਾ ਮੂਲ ਨ ਭੈਅ ਰਿਹਾ, ਹੁੰਦੇ ਮੌਤ ’ਤੇ ਨਹੀਂ ਗਮਗੀਨ ਸ਼ਾਹਾ।

ਜਦੋਂ ਸੂਬੇਦਾਰ ਨੇ ਵੇਖਿਆ ਕਿ ਸਿੰਘ ਡੋਲਦਾ ਨਹੀਂ ਅਤੇ ਦ੍ਰਿੜ੍ਹ ਸੰਕਲਪ ਹੈ ਉਸ ਨੇ ਹੁਕਮ ਦਿੱਤਾ ਕਿ ਮੁਗਲ ਮਾਜਰਾ ਵਿੱਚੋਂ ਹੀ ਦੋ ਕਸਾਈ ਮੰਗਵਾ ਕੇ ਪਿੰਡ ਦੇ ਬੋਹੜ ਅਤੇ ਪਿੱਪਲ ਦੇ ਵਿਚਾਲੇ ਭਾਈ ਜੈ ਸਿੰਘ ਨੂੰ ਪੁੱਠਾ ਲਟਕਾ ਕੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੀਕ ਪੁੱਠੀ ਖੱਲ ਲਾਹ ਦਿਓ। ਇਸ ਤਰ੍ਹਾਂ ਹੀ ਕੀਤਾ ਗਿਆ। ਧੰਨ ਗੁਰਸਿੱਖੀ ਅਤੇ ਧੰਨ ਸਤਿਗੁਰੂ ਪਾਤਸ਼ਾਹ! ਸਿੰਘ ਅਡੋਲ ਰਿਹਾ, ਸੀਅ ਤਕ ਨਹੀਂ ਉਚਾਰੀ ਅਤੇ ਖੁਸ਼ੀ-ਖੁਸ਼ੀ ਸ਼ਹੀਦੀ ਜਾਮ ਪੀ ਲਿਆ। ਸਰੀਰ ਠੰਢਾ ਹੋ ਗਿਆ ਅਤੇ ਸੁਰਤੀ ਆਪਣੇ ਸਤਿਗੁਰਾਂ ਦੇ ਚਰਨਾਂ ਵਿਚ ਜਾ ਬਿਰਾਜੀ। ਭਾਈ ਸਾਹਿਬ ਦੀ ਸ਼ਹੀਦੀ ਚੇਤ ਸੁਦੀ ਦਸਵੀਂ ਸੰਮਤ 1810 ਨੂੰ ਹੋਈ। ਉਪਰੰਤ ਭਾਈ ਸਾਹਿਬ ਦਾ ਸਾਰਾ ਪਰਵਾਰ ਵੀ ਸ਼ਹੀਦ ਕਰ ਦਿੱਤਾ ਗਿਆ। ਕਿਸੇ ਕਵੀ ਨੇ ਅਜਿਹੇ ਲਾਸਾਨੀ ਸੂਰਮਿਆਂ ਸਿੰਘਾਂ ਸ਼ਹੀਦਾਂ ਬਾਰੇ ਇਉਂ ਬਿਆਨ ਕੀਤਾ ਹੈ:

ਜੁਗ ਜੁਗ ਜਿਉਂਦੇ ਨੇ ਉਹ ਬੰਦੇ, ਅਣਖ ਲਈ ਜੋ ਮਰਦੇ।
ਸੂਲੀ, ਚਰਖੜੀ, ਫਾਂਸੀ ਚੜ੍ਹ ਵੀ, ਖਿੜ ਖਿੜ ਪਏ ਨੇ ਹੱਸਦੇ।
ਆਪਣਾ ਮੁਰਸ਼ਦ ਮਨਾਵਣ ਖਾਤਰ, ਭੇਟ ਸਿਰਾਂ ਦੀ ਕਰਦੇ।

ਤਥਾ ਗੁਰਵਾਕ ਹੈ:

ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ॥
ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ॥ (ਪੰਨਾ 1114)

ਸੂਬੇਦਾਰ ਦੁਨੀਆਂ ਦਾ ਘਿਨਾਉਣਾ ਜ਼ੁਲਮ ਕਰਕੇ ਪਟਿਆਲੇ ਵੱਲ ਨੂੰ ਰਵਾਨਾ ਹੋ ਗਿਆ। ਮਗਰੋਂ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਰੇ ਸ਼ਹੀਦਾਂ ਦਾ ਸੰਸਕਾਰ ਕਰ ਦਿੱਤਾ। ਜਿੱਥੇ ਉਨ੍ਹਾਂ ਦੀ ਯਾਦ ਵਿਚ ਯਾਦਗਾਰ ਸਮਾਧ ਬਣਾਈ ਗਈ ਉਪਰੰਤ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਜਿੱਥੇ ਹਰ ਸਾਲ ਸ਼ਹੀਦਾਂ ਦੀ ਯਾਦ ਵਿਚ ਜੋੜ-ਮੇਲਾ ਲੱਗਦਾ ਹੈ ਅਤੇ ਅਨੇਕਾਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰਦੀਆਂ ਹਨ।

ਐਸੇ ਸ਼ਹੀਦੀ ਅਸਥਾਨ ਮਹਾਨ ਪਵਿੱਤਰ ਅਸਥਾਨ ਹੁੰਦੇ ਹਨ। ਕਿਸੇ ਸ਼ਾਇਰ ਨੇ ਦਰੁਸਤ ਫ਼ਰਮਾਇਆ ਹੈ:

ਸ਼ਹੀਦੋਂ ਕੀ ਕਤਲਗਾਹ ਸੇ, ਕਿਆ ਬੇਹਤਰ ਹੈ ਕਾਬਾ, ਸ਼ਹੀਦੋਂ ਕੀ ਖ਼ਾਕ ਪੇ ਤੋ ਖੁਦਾ ਭੀ ਕੁਰਬਾਨ ਹੋਤਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)