ਮੈਂ ਹਾਂ ਦੀਵਾਰ ਸਰਹਿੰਦ ਦੀ, ਮੇਰੀ ਸੁਣੋ ਦੁਹਾਈ। ਮੈਨੂੰ ਖੂਨੀ ਖੂਨੀ ਆਖਦੀ, ਹੈ ਕੁੱਲ ਲੋਕਾਈ।
ਕੋਈ ਪੂਰੀ ਹੀ ਸਰਹਿੰਦ ਨੂੰ, ਕਹਿੰਦਾ ਗੁਰੂ ਮਾਰੀ। ਸਾਰੇ ਮੈਨੂੰ ਫਿਟਕਾਰਦੇ, ਕੀਤੀ ਤੂੰ ਮਾੜੀ।
ਸਭ ਨੀਵੀਂ ਪਾ ਕੇ ਸੁਣ ਲਈਆਂ, ਮੈਂ ਜੱਗ ਦੀਆਂ ਗੱਲਾਂ। ਮੈਨੂੰ ਢੋਈ ਮਿਲਣੀ ਨਹੀਂ ਕਿਤੇ, ਕਿੱਥੇ ਉੱਠ ਚੱਲਾਂ?
ਕੋਈ ਹਾਲ ਮੇਰਾ ਨਾ ਜਾਣਦਾ, ਸਭ ਮੈਨੂੰ ਕੋਸਣ। ਪਿਤਾ ਸ਼ਹਿਨਸ਼ਾਹ ਦੀ, ਮੈਨੂੰ ਕਹਿੰਦੇ ਦੋਸ਼ਣ।
ਉਸ ਪਿਤਾ ਸੱਚ ਲਈ ਵਾਰਿਆ, ਇਹ ਜਾਣਨ ਸਾਰੇ। ਦੋ ਟੁਕੜੇ ਆਪਣੇ ਜਿਗਰ ਦੇ, ਚਮਕੌਰ ’ਚ ਵਾਰੇ।
ਉਹਦਾ ਇੱਕ-ਇੱਕ ਸਿੰਘ ਸੂਰਮਾ, ਲੱਖਾਂ ਨਾਲ ਲੜਿਆ। ਚਿੜੀਆਂ ਤੋਂ ਬਾਜ ਤੁੜੀਂਦੇ, ਤੱਕ ਦੁਸ਼ਮਣ ਡਰਿਆ।
ਤਖ਼ਤਾਂ ਤੇ ਤਾਜਾਂ ਵਾਲੜਾ, ਅੱਜ ਵੇਸ ਫਕੀਰੀ। ਸੁੱਤਾ ਲੈ ਸਰ੍ਹਾਣਾ ਟਿੰਡ ਦਾ, ਨਹੀਂ ਕੋਈ ਦਿਲਗਿਰੀ।
ਇਥੋਂ ਹੀ ਸ਼ੁਰੂ ਹੋ ਗਈਆਂ, ਮੇਰੀਆਂ ਔਝੜ ਰਾਹਵਾਂ। ਮੈਂ ਵੀ ਮਿੱਤਰ ਪਿਆਰੇ ਨੂੰ, ਅੱਜ ਹਾਲ ਸੁਣਾਵਾਂ।
ਇਥੋਂ ਹੀ ਬਸ ਛਿੜ ਗਏ ਮੇਰੇ ਦੁੱਖਾਂ ਦੇ ਕਿੱਸੇ। ਮੇਰੇ ਮੱਥੇ ਉੱਤੇ ਲੱਗ ਗਏ ਕਲੰਕ ਦੇ ਟਿੱਕੇ।
ਖੌਰੇ ਕਿਸ ਤਪਦੇ ਥਾਂ ਦੀ, ਕਿਸੇ ਮਿੱਟੀ ਪੁੱਟੀ। ਖੂਨੀ ਮੈਨੂੰ ਕਹਾਉਣ ਨੂੰ, ਲਿਆ ਭੱਠੇ ’ਤੇ ਸੁੱਟੀ।
ਕਿਹੜੀ ਘੜੀ ਨਹਿਸ਼ ਨੂੰ, ਕਿਸੇ ਇੱਟਾਂ ਪੱਥੀਆਂ। ਮੈਨੂੰ ਅਜ਼ਲਾਂ ਤੀਕ ਤਪਾਉਣ ਨੂੰ, ਤਪਣੀਆਂ ਰੱਖੀਆਂ।
ਮੇਰੇ ਮੰਦੇ ਭਾਗਾਂ ਨੂੰ, ਇੱਟਾਂ ਬਣ ਗਈਆਂ। ਇਹੋ ਇੱਟਾਂ ਬਣ ਤੋਹਮਤਾਂ, ਮੇਰੇ ਗਲ ਪਈਆਂ।
ਮੇਰੇ ਦੁਖੜੇ ਸੁਣ ਲੈ ਅੰਮੜੀਏ, ਨੀ ਗੁਜ਼ਰੀ ਮਾਏਂ। ਚਲ ਚਾਲਾਂ ਗੰਗੂ ਪਾਪੀ ਨੇ, ਦਾਦੀ ਪੋਤੇ ਫੜਾਏ।
ਸੜ ਗਏ ਮੇਰੇ ਲੇਖ, ਜਦੋਂ ਸਰਹਿੰਦ ਲੈ ਆਏ। ਠੰਢੇ ਬੁਰਜ ’ਚ ਤਿੰਨੇ ਹੀ, ਤੁਸੀਂ ਕੈਦ ਕਰਾਏ।
ਜਿੰਦਾਂ ਸੋਹਲ ਫੁੱਲਾਂ ਜਿਹੀਆਂ, ਕੱਕਰਾਂ ਨੇ ਝੰਬੀਆਂ। ਠਰਦੇ ਤੱਕ ਦਰਵੇਸ਼ਾਂ ਨੂੰ, ਕੰਧਾਂ ਵੀ ਕੰਬੀਆਂ।
ਨੈਣ ਸੁਹਣੇ ਮਨਮੋਹਣੇ, ਕੋਈ ਰੰਗ ਸੰਧੂਰੀ। ਸੀਸ ਰੱਖੇ ਦਾਦੀ ਦੀ ਗੋਦ ਵਿਚ, ਚਿੱਤ ਰੱਬ ਹਜ਼ੂਰੀ।
ਲਾ ਲਾ ਸੀਨੇ ਨਾਲ ਮਾਂ, ਬੱਚਿਆਂ ਨੂੰ ਸਮਝਾਏ। ਸਿਦਕੋਂ ਕਦੇ ਨਾ ਡੋਲਣਾ, ਸੂਬਾ ਲੱਖ ਧਮਕਾਏ।
ਨਿੱਕੇ-ਨਿੱਕੇ ਬਾਲ ਅੱਗੋਂ, ਦਾਦੀ ਕੋਲ ਉਚਰਦੇ। ਅਸੀਂ ਪੁੱਤਰ ਗੁਰੂ ਗੋਬਿੰਦ ਦੇ, ਮਰਨੋਂ ਨਾ ਡਰਦੇ।
ਕਾਲੀਆਂ ਪੋਹ ਦੀਆਂ ਰਾਤਾਂ ਵਿਚ, ਇਕ ਚਮਕਿਆ ‘ਮੋਤੀ’। ਬੁਰਜ ਵਿਚ ਪਹੁੰਚਿਆ, ਰਾਹ ਸੇਵਾ ਦੀ ਸੋਚੀ।
ਭਰਿਆ ਗੜਵਾ ਦੁੱਧ ਦਾ, ਜਾ ਅਰਪਣ ਕੀਤਾ। ਫਲ ਗਈ ਸੇਵਾ ਜਦ ਦੁੱਧ, ਗੁਰੂ ਦੇ ਲਾਲਾਂ ਪੀਤਾ।
ਦੋ ਦਿਨ ਬਾਲਾਂ ਦੀਆਂ ਪੇਸ਼ੀਆਂ, ਪਾਈਆਂ ਸੱਦ ਕਚਹਿਰੀ। ਤੀਜੇ ਦਿਨ ਸੂਬੇ ਰਚ ਲਈ, ਕੋਈ ਸਾਜ਼ਿਸ਼ ਗਹਿਰੀ।
ਈਨ ਨਾ ਮੰਨੀ ਬਾਲਾਂ ਨੇ, ਉਸ ਬਹੁਤ ਡਰਾਇਆ। ਭੋਲੇ ਪੰਛੀ ਸਮਝ ਕੇ, ਫਿਰ ਚੋਗਾ ਪਾਇਆ।
ਕਹਿੰਦਾ ਅਜੇ ਨਾਦਾਨ ਤੁਸੀਂ, ਜੱਗ ਨਾਹੀਂ ਡਿੱਠਾ। ਜੇ ਛੱਡ ਦਿਆਂ ਕੀ ਕਰੋਗੇ, ਸੂਬਾ ਬਣਿਆ ਮਿੱਠਾ।
ਬੋਲੇ ਹੋ ਕੇ ਅਸੀਂ ਆਜ਼ਾਦ, ਫੇਰ ਸਿੰਘ ‘ਕੱਠੇ ਕਰਾਂਗੇ। ਹੱਕ ਸੱਚ ਲਈ, ਨਾਲ ਜ਼ਾਲਮਾਂ ਅਸੀਂ ਲੜਾਂਗੇ।
ਅਣਖ ਬਾਲਾਂ ਦੀ ਦੇਖ ਸੂਬੇ ਨੇ, ਮਤੇ ਪਕਾਏ। “ਜਿਊਂਦੇ ਦੀਵਾਰ ਵਿਚ ਚਿਣ ਦਿਓ’ ਇਹ ਹੁਕਮ ਸੁਣਾਏ।
ਇਹ ਸੁਣ ਗੱਜ ਗੱਜ ਸੂਰਮਿਆਂ ਜੈਕਾਰੇ ਛੱਡੇ। ਕਹਿੰਦੇ “ਅਸੀਂ ਉੱਗਦੇ ਦੂਣ ਸਵਾਏ ਜਿੰਨੇ ਕੋਈ ਸਾਨੂੰ ਵੱਢੇ।
ਮੌਤ ਤੋਂ ਅਸੀਂ ਨਾ ਡਰੀਏ, ਨਾ ਡਰੇ ਵੱਡੇ ਵੀਰੇ। ਅਸੀਂ ਸਿਰ ’ਤੇ ਬੰਨ੍ਹੀਏ ਕਫ਼ਨ, ਸਮਝ ਸ਼ਗਨਾਂ ਦੇ ਚੀਰੇ।
”ਨਵਾਬ ਮਲੇਰਕੋਟਲੇ ਦਾ, ਦਿਲ ਦੁੱਖ ਨਾਲ ਭਰਿਆ। ਉਸ ਹਾਅ ਦਾ ਨਾਅਰਾ ਮਾਰਿਆ, ਨਾ ਕਿਸੇ ਤੋਂ ਡਰਿਆ।
ਸ਼ੇਰ ਮੁਹੰਮਦ ਬੋਲਿਆ, ਨਾ ਐਨਾ ਕਹਿਰ ਕਮਾਓ। ਕਰੋ ਨਾ ਐਡਾ ਜ਼ੁਲਮ, ਖ਼ੌਫ ਖ਼ੁਦਾ ਦਾ ਖਾਓ।
ਨਾ ਸੂਬੇ ਨੇ ਸੁਣੀ, ਹੋਇਆ ਤਾਕਤ ਵਿਚ ਅੰਨ੍ਹਾ। ਕੀਤਾ ਐਡਾ ਜ਼ੁਲਮ ਜਿਸ ਦਾ ਕੋਈ ਹੱਦ ਨਾ ਬੰਨਾ।
ਫਿਰ ਆ ਗਏ ਰਾਜ ਜਲਾਦ, ਚੰਦਰੀਆਂ ਇੱਟਾਂ ਆਈਆਂ। ਮੇਰੀ ਪੇਸ਼ ਕੋਈ ਨਾ ਜਾਏ, ਰਹਿਮ ਕਰੀਂ ਤੂੰ ਸਾਈਆਂ।
ਨਿੱਕੇ ਨਿੱਕੇ ਕਦਮਾਂ ਦੀਆਂ, ਮੈਂ ਸੁਣੀਆਂ ਬਿੜਕਾਂ। ਉਹ ਤੁਰੇ ਆਉਣ ਅਡੋਲ, ਮੈਂ ਭੈੜੀ ਕੰਬਾਂ ਥਿੜਕਾਂ।
ਆ ਗਏ ਗੁਰੂ ਦੇ ਲਾਲ, ਮੇਰੀ ਜਿੰਦ ਡੋਬੇ ਸੋਕੇ। ਕੋਈ ਉੱਠੇ ਮਾਈ ਦਾ ਸ਼ੇਰ, ਜੋ ਇਹ ਅਣਹੋਣੀ ਰੋਕੇ।
ਚਰਨ ਬਾਲਾਂ ਦੇ ਛੋਹੇ, ਹੋਈ ਜਦ ਜ਼ਰਾ ਕੁ ਉੱਚੀ। ਮੈਂ ਲੱਖ ਔਗਣਾਹਾਰੀ, ਹੋ ਗਈ ਛੁਹ ਨਾਲ ਸੁੱਚੀ।
ਰੱਬਾ ਜਾਨ ਮੇਰੇ ਵਿਚ ਪਾ ਦੇ, ਮੈਂ ਜਿਊਂਦੀ ਹੋ ਜਾਵਾਂ। ਭੱਜ ਜਾਵਾਂ ਸਣ ਬੱਚੜੇ, ਸੂਬੇ ਦੇ ਹੱਥ ਨਾ ਆਵਾਂ।
ਹੋਈ ਜ਼ਰ੍ਹਾ ਉਤਾਂਹ, ਗੁਰ ਲਾਲਾਂ ਦੇ ਗੋਡੇ ਚੁੰਮੇ। ਆਉਂਦੀ ਹੋਣੀ ਦੇਖ ਕੇ, ਮੇਰਾ ਸਿਰ ਘੁੰਮੇ।
ਨੂਰ ਇਲਾਹੀ ਵਰਸਦਾ, ਮੁਖੜਿਆਂ ਤੋਂ ਤੱਕਾਂ। ਮੈਂ ਬੇਵਸ ਹੋ ਗਈ ਸੋਹਣਿਓਂ, ਕੁਛ ਕਰ ਨਾ ਸਕਾਂ।
ਵੱਡੇ ਭਾਗ ਮੇਰੇ ਹੋ ਗਏ, ਜਦ ਚੰਨ ਹਿੱਕ ਨਾਲ ਲੱਗੇ। ਮੈਂ ਸੱਭੇ ਤੋਹਮਤਾਂ ਭੁੱਲ ਗਈ, ਮੈਨੂੰ ਕਲੰਕ ਵੀ ਫੱਬੇ।
ਪਰ ਹਿੱਕ ਨਾਲ ਲਾ ਕੇ ਬੱਚੜੇ, ਮੈਂ ਧਾਹੀਂ ਰੋਈ। ਮੇਰੇ ਅੰਦਰ ਝੱਖੜ ਝੁੱਲ ਪਏ, ਦੋਫਾੜ ਮੈਂ ਹੋਈ।
ਦੂਜੀ ਵਾਰ ਜ਼ਾਲਮਾਂ ਨੇ, ਮੈਂ ਫੇਰ ਉਸਾਰੀ। ਪਾ ਪਾ ਪਾਪਾਂ ਦਾ ਬੋਝ, ਮੈਂ ਕਰ ਛੱਡੀ ਭਾਰੀ।
ਜਿਸ ਜਨਨੀ ਸੂਰ ਜਨ ਜੰਮੇ, ਕਿਤੇ ਨਜ਼ਰ ਨਾ ਆਵੇ। ਪੰਖ ਪ੍ਰਾਹੁਣੇ ਤੁਰ ਚੱਲੇ, ਛੱਡ ਬਾਗ ਸੁਹਾਵੇ।
ਕਿਤੋਂ ਆ ਜਾ ਸੰਤ ਸਿਪਾਹੀਆ, ਆ ਚੁੱਕ ਸ਼ਮਸ਼ੀਰਾਂ। ਕੱਢ ਲੈ ਲਾਲਾਂ ਨੂੰ ਬਾਹਰ, ਮੇਰੀਆਂ ਕਰਦੇ ਲੀਰਾਂ।
ਸੁਣ ਬਹੁੜੀ ਬਾਜਾਂ ਵਾਲਿਆ, ਤੂੰ ਵੱਡ ਸਮਰੱਥਾ। ਚੁੰਮ ਲੈ ਲਾਲਾਂ ਦੇ ਮੁੱਖ, ਮੇਰਾ ਭੰਨ ਕੇ ਮੂੰਹ ਮੱਥਾ।
ਮੈਂ ਰੋ ਰੋ ਮਾਤਾ ਗੁਜਰੀ ਨੂੰ ਵੀ, ਅਰਜ਼ ਗੁਜ਼ਾਰੀ। ਆ ਤੱਕ ਲੈ ਆ ਕੇ ਅੰਮੜੀਏ, ਪੋਤੇ ਜਾਂਦੀ ਵਾਰੀ।
ਮੈਂ ਬੜੀ ਦੁਹਾਈ ਪਾਈ, ਮੇਰੀ ਕਿਸੇ ਇਕ ਨਾ ਮੰਨੀ। ਜਦ ਕੀਤਾ ਵਾਰ ਜਲਾਦਾਂ ਨੇ, ਮੈਂ ਹੋ ਗਈ ਅੰਨ੍ਹੀ।
ਅੱਖੋਂ ਉਹਲੇ ਹੋ ਗਏ ਬਾਲਾਂ ਦੇ, ਹੱਸਦੇ ਚਿਹਰੇ। ਮੈਂ ਭਿੱਜ ਗਈ ਨਾਲ ਖੂਨ ਦੇ, ਛਾ ਗਏ ਦਿਨੇ ਹਨ੍ਹੇਰੇ।
ਮੈਂ ਕਿਵੇਂ ਦੁਹੱਥੜੀਂ ਪਿੱਟਾਂ(?) ਮੇਰੇ ਹੱਥ ਨਾ ਬਾਹਵਾਂ। ਹਾਏ! ਚੀਰ ਕਲੇਜਾ ਆਪਣਾ ਮੈਂ ਕਿਵੇਂ ਦਿਖਾਵਾਂ?
ਦਾਦੇ ਦੀ ਗੋਦ ’ਚ ਪੁੱਜ ਗਈ, ਅੱਜ ਦੂਜੀ ਜੋੜੀ। ਓੜਕ ਨਿਭ ਗਈ ਪ੍ਰੀਤ ਲਾ ਕੇ, ਵਿੱਚੋਂ ਨਾ ਤੋੜੀ।
ਚੰਦਰੀ, ਖੂਨੀ, ਪਾਪਣ ਲੋਕਾਂ, ਨਾਉਂ ਮੈਨੂੰ ਦਿੱਤੇ। ਲਿਖੇ ਕਾਲੇ ਤੱਤੜੀ ਦੇ ਲੇਖ, ਲਾ ਦਿੱਤੀ ਕਿਹੜੇ ਕਿੱਤੇ।
ਦਾਦੀ ਨੇ ਦੇਖੇ ਜਾਂਵਦੇ ਜਦ, ਪੋਤਰੇ ਇਕੱਲੇ। ਉਹ ਵੀ ਤੁਰ ਗਈ ਪਿੱਛੇ, ਜਾ ਕੇ ਸੱਚੇ ਪਿੜ ਮੱਲੇ।
ਕੰਧਾਂ ਠੰਡੇ ਬੁਰਜ ਦੀਆਂ ਮੈਨੂੰ, ਘੱਲੇ ਸੁਨੇਹੜੇ। ਨਾ ਰੋ ਭੈਣੇ ਸਾਡੀਏ, ਬੰਦਾ ਕਰੂ ਨਬੇੜੇ।
ਮੈਂ ਹਾਂ ਦੀਵਾਰ ਸਰਹਿੰਦ ਦੀ, ਨਿਰਜਿੰਦ ਹਾਂ ਭਾਵੇਂ। ਮੇਰੀ ਰੂਹ ਨੇ ਸਭ ਕੁਛ ਦੇਖਿਆ, ਜੋ ਬੀਤਿਆ ਸਾਹਵੇਂ।
ਮੈਂ ਦਰਦਮੰਦਾਂ ਦੇ ਦਰਦੀ ਨੂੰ, ਕੀਤੀਆਂ ਫਰਿਆਦਾਂ। ਤੁਰ ਚੱਲੇ ਪੁੱਤਰ ਲਾਡਲੇ, ਰਹਿ ਜਾਣੀਆਂ ਯਾਦਾਂ।
ਇਕ ਵਾਰ ਤੱਕ ਲੈ ਆ ਕੇ, ਚੰਨ ਵਰਗੇ ਮੁੱਖੜੇ। ਮੇਰੀ ਛਾਤੀ ਨਾਲੋਂ ਤੋੜ ਲਏ, ਤੇਰੇ ਜਿਗਰ ਦੇ ਟੁੱਕੜੇ।
ਰਹਿ ਕੇ ਰੱਬ ਦੀ ਰਜ਼ਾ ਵਿਚ, ਗੁਰਾਂ ਸ਼ੁਕਰ ਮਨਾਇਆ। ਕਹਿੰਦੇ ਮੈਂ ਤਾਂ ਮੋੜਿਆ, ‘ਉਹਦਾ’ ਸਰਮਾਇਆ।
ਟੁਕੜੇ ਜਿਗਰ ਦੇ ਤੋਰ ਕੇ, ਨਾ ਭਰੀਆਂ ਅੱਖਾਂ। ਆਖੇ ਚਾਰ ਗਏ ਤਾਂ ਕੀ ਹੋਇਆ, ਮੇਰੇ ਜਿਊਂਦੇ ਲੱਖਾਂ।
ਰਹਿੰਦੀ ਦੁਨੀਆਂ ਤਕ ਨਾ ਲੱਭਣਾ, ਕੋਈ ਉਹਦਾ ਸਾਨੀ। ਐਵੇਂ ਨਹੀਂ ਅਖਵਾ ਲਿਆ, ਸਰਬੰਸ ਦਾ ਦਾਨੀ।
ਮੈਂ ਹਾਂ ਦੀਵਾਰ ਸਰਹਿੰਦ ਦੀ, ਗੋਬਿੰਦ ਦੀ ਚੇਰੀ। ਅੱਜ ਵੀ ਵਿਚ ਸਰਹਿੰਦ ਦੇ, ਰੂਹ ਭਟਕੇ ਮੇਰੀ।
ਫਿਟਕਾਰਾਂ ਸਾਰੇ ਜੱਗ ਦੀਆਂ, ਆਈਆਂ ਮੇਰੇ ਲੇਖੇ। ਜੋ ਸਹੇ ਜਿਗਰ ’ਤੇ ਫੱਟ ਉਹ, ਮੇਰੇ ਕਿਸੇ ਨੇ ਦੇਖੇ।
ਨਾ ਹੁੰਦੀ ਮੈਂ ਨਿਰਜਿੰਦ, ਲਾਲ ਲੈ ਗੋਦ ਨਾ ਬਹਿੰਦੀ। ਕਰਦੇ ਵਾਰ ਜਲਾਦ ਮੈਂ, ਆਪਣੇ ਸਿਰ ’ਤੇ ਸਹਿੰਦੀ।
ਟੋਟੇ ਟੋਟੇ ਹੋ ਜਾਂਦੀ ਮੈਂ, ਬਾਲਾਂ ਤੋਂ ਪਹਿਲਾਂ। ਕਦੇ ਨਾ ਟੁੱਟਣ ਦੇਂਦੀ ਮੈਂ, ਪਰ ਕੱਚੀਆਂ ਕੈਲਾਂ।
ਮੇਰਾ ਦੋਸ਼ ਨਾ ਦੁਨੀਆਂ ਵਾਲਿਓ, ਕਿੱਦਾਂ ਸਮਝਾਵਾਂ? ਸੂਬੇ ਦੇ ਕੀਤੇ ਗੁਨਾਹਾਂ ਦੀਆਂ ਮੈਂ, ਪਾਵਾਂ ਸਜ਼ਾਵਾਂ।
ਮੈਂ ਰੋਂਦੀ ਦੀਵਾਰ ਸਰਹਿੰਦ ਦੀ, ਨਾ ਮੈਨੂੰ ਖੂਨੀ ਆਖੋ। ਮੇਰੇ ਜ਼ਖ਼ਮ ਅਜੇ ਵੀ ਅੱਲ੍ਹੇ ਨੇ, ਮੇਰੇ ਅੰਦਰ ਝਾਕੋ!
ਲੇਖਕ ਬਾਰੇ
ਪਰਮਜੀਤ ਕੌਰ ਸਰਹਿੰਦ, ਇੱਕ ਪੰਜਾਬੀ ਲੇਖਕ ਹੈ। ਪੰਜਾਬੀ ਸੱਭਿਆਚਾਰ ਬਾਰੇ ਲਿਖਣਾ ਉਨ੍ਹਾਂ ਦਾ ਖਾਸ ਸ਼ੌਕ ਹੈ। ਜੂਨ 2009 ਵਿੱਚ ਉਨ੍ਹਾਂ ਦੀ ਪਹਿਲੀ ਕਵਿਤਾ ਦੀ ਕਿਤਾਬ "ਕੀਹਨੂੰ ਦਰਦ ਸੁਣਾਵਾਂ"ਰਿਲੀਜ ਕੀਤੀ ਗਈ ਸੀ।
#209, ਪ੍ਰੀਤ ਨਗਰ, ਬਸੀ ਰੋਡ, ਸਰਹਿੰਦ (ਫਤਹਿਗੜ੍ਹ ਸਾਹਿਬ)।
- ਪਰਮਜੀਤ ਕੌਰ ਸਰਹਿੰਦhttps://sikharchives.org/kosh/author/%e0%a8%aa%e0%a8%b0%e0%a8%ae%e0%a8%9c%e0%a9%80%e0%a8%a4-%e0%a8%95%e0%a9%8c%e0%a8%b0-%e0%a8%b8%e0%a8%b0%e0%a8%b9%e0%a8%bf%e0%a9%b0%e0%a8%a6/June 1, 2010