editor@sikharchives.org
Paavan Bani 'Patti' Ik Sahitak Ate Dharmik Adhyan

ਪਾਵਨ ਬਾਣੀ ‘ਪਟੀ’ ਇਕ ਸਾਹਿਤਕ ਅਤੇ ਧਾਰਮਿਕ ਅਧਿਐਨ

‘ਪਟੀ’ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਇਕ ਸੁੰਦਰ ਨਮੂਨਾ ਹੈ ਜੋ ਉਨ੍ਹਾਂ ਨੇ ਆਪਣੇ ਸਮੇਂ ਪ੍ਰਚਲਿਤ ਤੇ ਲੋਕਪ੍ਰਿਅ ਕਾਵਿ-ਰੂਪਾਂ ਦੇ ਆਧਾਰ ’ਤੇ ਰਚੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

‘ਪਟੀ’ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਇਕ ਸੁੰਦਰ ਨਮੂਨਾ ਹੈ ਜੋ ਉਨ੍ਹਾਂ ਨੇ ਆਪਣੇ ਸਮੇਂ ਪ੍ਰਚਲਿਤ ਤੇ ਲੋਕਪ੍ਰਿਅ ਕਾਵਿ-ਰੂਪਾਂ ਦੇ ਆਧਾਰ ’ਤੇ ਰਚੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਖਾਰੀ ਰਾਗ ਵਾਲੇ ਭਾਗ ਵਿਚ ਸੰਕਲਿਤ ‘ਬਾਰਹ ਮਾਹਾ’1 ਜਿਵੇਂ ਉਦੋਂ ਦੀ ਹਿੰਦੁਸਤਾਨੀ ਕਾਵਿ-ਪਰੰਪਰਾ ਦੇ ਇਕ ਅਜਿਹੇ ਪ੍ਰਸਿੱਧ ਕਾਵਿ-ਰੂਪ, ਬਾਰਾਮਾਸ ਦਾ ਧਾਰਨੀ ਹੈ ਤਿਵੇਂ ਇਹ ਪਾਵਨ ਬਾਣੀ ‘ਬਾਵਨੀ’, ‘ਚੌਤੀਸਾ’ ਤੇ ‘ਸੀਹਰਫ਼ੀਂ’ ਆਦਿ ਦੀ ਕਾਵਿ-ਪਿਰਤ ਨੂੰ ਅਪਣਾਉਂਦਿਆਂ ਰਚੀ ਗਈ ਹੈ।

ਜਿਵੇਂ ਉਕਤ ਬਾਰਾਂਮਾਹ ਪੰਜਾਬੀ ਦਾ ਇਕ ਸੁਤੰਤਰ ਤੇ ਲੋਕ-ਪ੍ਰਵਾਨਿਤ ਕਾਵਿ-ਰੂਪ ਹੈ ਤਿਵੇਂ ਇਹ ਪਾਵਨ ਬਾਣੀ ‘ਪਟੀ’ ਵੀ ਇਸ ਦੀ ਇਕ ਵਿਸ਼ੇਸ਼ ਤੇ ਵਿਲੱਖਣ ਕਾਵਿ-ਵੰਨਗੀ ਹੈ ਅਤੇ ਪੰਜਾਬੀ ਸਾਹਿਤ-ਭੰਡਾਰ ਵਿਚ ਇਹ ਦੋਵੇਂ ਰੂਪ ਪਹਿਲਾਂ-ਪਹਿਲ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹੀ ਸ਼ਾਮਲ ਕੀਤੇ ਹੋਏ ਹਨ।

ਜਿੱਥੋਂ ਤਕ ਇਸ ਕਾਵਿ-ਰੂਪ ਦੇ ਇਸ ਸਿਰਲੇਖ ਦਾ ਸੰਬੰਧ ਹੈ, ਇਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਕ ਹੋਰ ਅਛੂਤੀ ਦੇਣ ਹੈ। ਇਸ ਦਾ ਇਹ ਨਾਂ ਉਨ੍ਹਾਂ ਦਾ ਹੀ ਰੱਖਿਆ ਹੋਇਆ ਹੈ ਅਤੇ ਇਸ ਨੂੰ ਲੱਕੜ ਦੀ ਉਸ ਪ੍ਰਚਲਿਤ ਤਖ਼ਤੀ ਜਾਂ ਫੱਟੀ ਦੇ ਪ੍ਰਚਲਿਤ ਨਾਂ ਤੋਂ ਲਿਆ ਹੋਇਆ ਹੈ ਜਿਸ ਉੱਤੇ ਪਾਂਧੇ ਜਾਂ ਅਧਿਆਪਕ ਵੱਲੋਂ ਪਾਏ ਹੋਏ ਪੂਰਨਿਆਂ ਦੀ ਸਹਾਇਤਾ ਨਾਲ ਬਾਲ ਵਿਦਿਆਰਥੀ ਸਿੱਖਣ, ਲਿਖਣ ਤੇ ਪੜ੍ਹਨ ਦਾ ਅਭਿਆਸ ਕਰਿਆ ਕਰਦੇ ਸਨ ਅਤੇ ਜਿਸ ਨੂੰ ‘ਪਟੀ’ ਆਖਿਆ ਜਾਂਦਾ ਸੀ। ਗੁਰੂ ਸਾਹਿਬ ਨੇ ਇਸ ਨੂੰ ਇਸੇ ਅਰਥ-ਭਾਵ ਵਿਚ ਆਪਣੀ ਇਕ ਹੋਰ ਅਜਿਹੀ ਮਨੋਹਰ ਰਚਨਾ, ‘ਓਅੰਕਾਰ’2 ਵਿਚ ਇਉਂ ਵਰਤਿਆ ਹੋਇਆ ਹੈ:

ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ॥ (ਪੰਨਾ 938)3

ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਆਪਣੀ ਇਸੇ ਰੂਪ ਦੀ ਧਾਰਨੀ ਉਸ ਪਾਵਨ ਬਾਣੀ ਦੇ ਸਿਰਲੇਖ ਲਈ ਇਹੋ ਸ਼ਬਦ ਵਰਤਿਆ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰ-ਅਧੀਨ ਪਾਵਨ ਬਾਣੀ ਦੇ ਐਨ ਬਾਅਦ ਸੰਕਲਿਤ ਹੈ।4

ਉਨ੍ਹਾਂ ਨੇ ਤਾਂ ਇਸ ਨੂੰ ਲਘੁਤਾ ਰੂਪ ਵਿਚ ਵੀ ਇਉਂ ਵਰਤਿਆ ਹੋਇਆ ਹੈ:

ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ॥ (ਪੰਨਾ 1133)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਕਾਵਿ-ਰੂਪ ਰਾਹੀਂ ਪੰਜਾਬੀ ਦੀ ਆਪੇ ਘੜੀ-ਸੰਵਾਰੀ ਸੁਦੇਸ਼ੀ ਵਰਣਮਾਲਾ ਦੇ ਅੱਖਰ-ਕ੍ਰਮ ਅਨੁਸਾਰ ਇਹ ਕਾਵਿ-ਮਈ ਕਿਰਤ ਰਚਣ ਦੀ ਇਉਂ ਪਹਿਲ ਕੀਤੀ ਹੈ।

ਇਸ ਵਿਚ ਭਾਵੇਂ ਇਸ ਦੇ ਸਾਰੇ ਪੈਂਤੀ ਅੱਖਰ ਵਰਤੇ ਹੋਏ ਹਨ ਜਿਨ੍ਹਾਂ ਵਿਚ ਇਸ ਦਾ ਵਿਸ਼ੇਸ਼ ਅੱਖਰ ‘ੜ’ ਵੀ ਸ਼ਾਮਲ ਹੈ। ਇਸੇ ਕਰਕੇ ਇਸ ਕਾਵਿ-ਰੂਪ ਦਾ ਨਾਂ ਮਗਰੋਂ ‘ਪੈਂਤੀ’ ਜਾਂ ‘ਪੈਂਤੀ ਅੱਖਰੀ’ ਵੀ ਪੈ ਗਿਆ ਸੀ।

ਇਸ ਦੀ ਤਰਤੀਬ ਵਰਤਮਾਨ ‘ਵਰਣਮਾਲਾ’ ਅਰਥਾਤ ਗੁਰਮੁਖੀ ਲਿਪੀ ਤੋਂ ਇਸ ਗੱਲੋਂ ਫ਼ਰਕੀਵੀਂ ਹੈ ਕਿ ਇਹ ‘ਸ’ ਨਾਂ ਦੇ ਵਿਅੰਜਨ ਤੋਂ ਅਰੰਭਿਤ ਹੈ ਜਦ ਕਿ ਵਰਤਮਾਨ ਲਿਪੀ ‘ੳ’ ਨਾਂ ਦੇ ਉਸ ਸਵਰ ਤੋਂ ਸ਼ੁਰੂ ਕੀਤੀ ਹੋਈ ਹੈ ਜਿਸ ਨੇ ਇਸ ਦੇ ਤੀਜੇ ਪਦੇ ਦਾ ਮੁੱਢ ਬੰਨ੍ਹਿਆ ਹੋਇਆ ਹੈ। ਕੁਝ ਅੱਖਰਾਂ ਦਾ ਸਰੂਪ ਤੇ ਉਚਾਰਨ ਵੀ ਵਖਰੀਵਾਂ ਹੈ, ਜਿਵੇਂ ਵਰਤਮਾਨ ‘ਈੜੀ’ ਦਾ ਉਚਾਰਨੀ ਰੂਪ ‘ਈਵੜੀ’ (ਪਦ ਨੰ. 2) ਤੇ ‘ਆਇਆ’ ਦਾ ‘ਆਇੜੈ’ (ਪਦ ਨੰ. 35) ਅੰਕਿਤ ਹੈ।

ਪਰੰਤੂ ਇਸ ਵਿਚ ਸੰਚਿਤ ਅੱਖਰਾਂ ਦੀ ਗਿਣਤੀ, ਸਰੂਪ, ਕ੍ਰਮ ਤੇ ਉਚਾਰਨ ਸੌ ਵਿਸਵੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਮਹਾਨ ਦੇਣ ਹੈ ਅਤੇ ਇਹ ਕੁਝ ਉਨ੍ਹਾਂ ਦੀ ਇਸ ਪਾਵਨ ਬਾਣੀ ਤੋਂ ਪਹਿਲਾਂ ਕਿਸੇ ਵੀ ਹੋਰ ਕਿਰਤ ਵਿਚ ਪ੍ਰਾਪਤ ਨਹੀਂ। ਇਸ ਦੇ ਕ੍ਰਮ ਵਿਚ ਮਗਰੋਂ ਹੋਈ ਤਬਦੀਲੀ ਉਨ੍ਹਾਂ ਦੇ ਉੱਤਰਾਧਿਕਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕੀਤੀ ਹੋਈ ਹੈ। ਉਨ੍ਹਾਂ ਨੇ ਇਸ ਵਿਚ ਸ਼ਾਮਲ ਤਿੰਨ ਸਵਰਾਂ ‘ੳ’, ‘ਅ’ ਤੇ ‘ੲ’ ਨੂੰ ਦੂਜੀ, ਤੀਜੀ ਤੇ ਪੈਂਤੀਵੀਂ ਥਾਉਂ ਚੁੱਕ ਕੇ ਇਸ ਦੇ ਵਿਅੰਜਨਾਂ ਦੇ ਅਰੰਭ ਵਿਚ ਕ੍ਰਮਬੱਧ ਕਰ ਦਿੱਤਾ ਸੀ। ਉਸੇ ਤਰ੍ਹਾਂ ਇਸ ਦੇ ‘ਹ’ ਅੱਖਰ ਨੂੰ ਇਸ ਦੀ 34ਵੀਂ ਥਾਉਂ ਕੱਢ ਕੇ ‘ਸ’ ਤੋਂ ਬਾਅਦ ਪੰਜਵੀਂ ਥਾਂ ’ਤੇ ਟਿਕਾ ਦਿੱਤਾ ਸੀ ਅਤੇ ਇਉਂ ਗੁਰਬਾਣੀ ਤੇ ਗੁਰ-ਇਤਿਹਾਸ ਨੂੰ ਸ਼ੁੱਧ ਤੇ ਵਿਗਿਆਨਕ ਰੂਪ ਵਿਚ ਲਿਖੇ ਜਾਣ ਦੇ ਹੋਰ ਯੋਗ ਤੇ ਸਮਰੱਥ ਬਣਾ ਦਿੱਤਾ ਸੀ। ਇਸ ਦਾ ਨਾਂ ‘ਗੁਰਮੁਖੀ’ ਵੀ ਉਨ੍ਹਾਂ ਦੇ ਸਮੇਂ ਪ੍ਰਚਲਿਤ ਹੋਇਆ ਸੀ। ਨਾਲੇ ਗੁਰਬਾਣੀ ਤੇ ਗੁਰ-ਇਤਿਹਾਸ ਲਿਖਣ ਲਈ ਇਸ ਦੀ ਵੱਡੇ ਪੱਧਰ ’ਤੇ ਵਰਤੋਂ ਅਤੇ ਪ੍ਰਚਾਰ-ਪ੍ਰਸਾਰ ਵੀ ਉਦੋਂ ਹੀ ਸ਼ੁਰੂ ਹੋਇਆ ਸੀ। ਇਸ ਦੇ ਕੁਝ ਅੱਖਰਾਂ ਦੀ, ਕਿਸੇ-ਨਾ-ਕਿਸੇ ਰੂਪ ਵਿਚ ਪੂਰਵ ਹੋਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰੰਤੂ ਹੁਣ ਤਕ ਉਪਲਬਧ ਸਮੱਗਰੀ ਤੇ ਜਾਣਕਾਰੀ ਨੂੰ ਮੁੱਖ ਰਖਦਿਆਂ, ਇਸ ਪਾਵਨ ਬਾਣੀ ਵਿਚ ਵਰਤੀ ਹੋਈ ਸੰਪੂਰਨ ਵਰਣਮਾਲਾ ਦੇ ਰੂਪ, ਕ੍ਰਮ ਤੇ ਉਚਾਰਨ ਨੂੰ ਅਜਿਹੇ ਰੰਦੇ-ਸੰਵਾਰੇ ਰੂਪ ਵਿਚ, ਲਿਖਤੀ ਤੌਰ ’ਤੇ ਇਕ ਸੰਪੂਰਨ ਰਚਨਾ ਲਈ, ਇਉਂ ਵਰਤਣ ਦੀ ਪਹਿਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਕੀਤੀ ਹੋਈ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 432 ਤੋਂ 434 ਤਕ ਆਸਾ ਦੇ ਰਾਗ-ਭਾਗ ਵਿਚ ਅੰਕਿਤ ਹੈ। ਇਸ ਵਿਚ ਉਨ੍ਹਾਂ ਦਾ ਸੰਦੇਸ਼ ਤੇ ਉਪਦੇਸ਼, ਸਿਧਾਂਤ ਤੇ ਸਿੱਖਿਆ ਇਨ੍ਹਾਂ ਅੱਖਰਾਂ ਦੀ ਵਰਤੋਂ ਆਸਰੇ ਜਾਂ ਉਨ੍ਹਾਂ ਪ੍ਰਥਾਏ ਕਾਨੀਬੰਦ ਹੈ। ਇਤਨੀ ਸੰਖੇਪ ਤੇ ਸੰਕੁਚਿਤ ਕਿਰਤ ਹੋਣ ਦੇ ਬਾਵਜੂਦ, ਇਹ ਉਨ੍ਹਾਂ ਦੇ ਮੂਲ ਧਾਰਮਿਕ, ਦਾਰਸ਼ਨਿਕ ਤੇ ਅਧਿਆਤਮਕ ਸਿਧਾਂਤ ਪ੍ਰਸਤੁਤ ਕਰਨ ਵਿਚ ਸਫ਼ਲ ਅਤੇ ਸਾਰਥਕ ਹੈ।

ਇਸ ਦਾ ਕੇਂਦਰੀ-ਭਾਵ ਇਸ ਦੇ ਦੋਤੁਕੀਏ ਰਹਾਉ ਵਿਚ ਇਉਂ ਸੂਚਿਤ ਹੈ:

ਮਨ ਕਾਹੇ ਭੂਲੇ ਮੂੜ ਮਨਾ॥
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ॥ (ਪੰਨਾ 432)

ਅਰਥਾਤ, ਹੇ ਮਨ, ਹੇ ਮੂਰਖ ਮਨ! ਤੂੰ ਕਿਉਂ ਤੇ ਕਿਸ ਲਈ ਭੁੱਲਿਆ ਫਿਰਦਾ ਏਂ। ਇਸ ਲਈ ਕਿ ਤੂੰ ਆਪਣੇ ਆਪ ਨੂੰ ਬਹੁਤ ਪੜ੍ਹਿਆ-ਲਿਖਿਆ ਸਮਝ ਰਿਹਾ ਏਂ। ਚੇਤੇ ਰੱਖ, ਹੇ ਭਾਈ! ਜਦੋਂ ਤੂੰ ਕਰਮਾਂ ਦਾ ਲੇਖਾ ਚੁਕਾ ਦੇਵੇਂਗਾ ਤਦੋਂ ਤੂੰ ਪੜ੍ਹਿਆ-ਲਿਖਿਆ ਸਮਝਿਆ ਜਾਵੇਂਗਾ।

ਅਜਿਹੇ ਪਰਮਾਰਥਕ ਅਰਥਾਂ ਦੀ ਲਖਾਇਕ ਇਸ ਪਾਵਨ ਬਾਣੀ ‘ਪਟੀ’ ਦੇ ਸਾਰੇ ਸਵਰਾਂ ਤੇ ਵਿਅੰਜਨਾਂ ਵਿਚ ਉਨ੍ਹਾਂ ਦੇ ਕਈ ਸਿਧਾਂਤਾਂ ਤੇ ਸਿੱਖਿਆਵਾਂ ਨੂੰ, ਮਿਸਾਲ ਵਜੋਂ ਇਉਂ ਪ੍ਰਗਟਾਇਆ ਤੇ ਵਿਖਿਆਇਆ ਹੋਇਆ ਹੈ:

1. ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ, ਪਾਲਣਹਾਰ ਤੇ ਬਿਨਾਸਣਹਾਰ ਕੇਵਲ ਇੱਕੋ ਪਰਮਾਤਮਾ ਹੀ ਹੈ ਜੋ ਸਤਿ-ਸਰੂਪ, ਸਰਬ-ਵਿਆਪਕ ਅਤੇ ਸਰਬ-ਦਾਤਾਰ ਹੈ:

ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ॥ (ਪੰਨਾ 432)

ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ॥ (ਪੰਨਾ 433)

2. ਉਸ ਦੀ ਉਸਤਤ ਕਰਨ, ਉਸ ਦੀ ਸ਼ਰਨ ਧਾਰਨ, ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣ ਅਤੇ ਸੱਚ ਦੀ ਕਮਾਈ ਤੇ ਨਿਸ਼ਕਾਮ ਸੇਵਾ ਕਰਨ ਨਾਲ ਸਹੀ ਗਿਆਨ, ਸੁਖ-ਅਨੰਦ ਤੇ ਮੁਕਤੀ ਪ੍ਰਾਪਤ ਹੋ ਸਕਦੀ ਹੈ:

ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨ੍‍ੀ ਸਚੁ ਕਮਾਇਆ॥ (ਪੰਨਾ 432)

ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੍‍ ਕਾ ਚਿਤੁ ਲਾਗਾ॥
ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ॥ (ਪੰਨਾ 433)

ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ॥ (ਪੰਨਾ 433)

3. ਅਜਿਹੀ ਜੀਵਨ-ਜਾਚ ਦਾ ਧਾਰਨੀ ਮਨੁੱਖ ਸਮਦ੍ਰਿਸ਼ਟ ਹੁੰਦਾ ਹੈ ਅਤੇ ਸਾਰੇ ਮਨੁੱਖਾਂ ਨੂੰ ਇੱਕੋ ਪ੍ਰਭੂ ਦੀ ਉਤਪਤ ਤੇ ਉਸੇ ਦੀ ਜੋਤਿ ਤੋਂ ਪ੍ਰਜ੍ਵਲਤ ਜਾਣ ਕੇ ਬੁਰੇ ਭਲੇ ਨੂੰ ਸਮਾਨ ਸਮਝਦਾ ਹੈ:

ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ॥ (ਪੰਨਾ 432)

ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ॥ (ਪੰਨਾ 432)

ਇਸ ਰਚਨਾ ਦੇ ਵਿਸ਼ੇ-ਵਸਤੂ ਦੀ ਸੁਰ ਆਸ਼ਾਵਾਦੀ ਹੈ ਅਤੇ ਇਹ ਮਨੁੱਖ ਨੂੰ ਝੂਰਨ ਤੇ ਪਸ਼ੇਮਾਨ ਹੋਣ ਤੋਂ ਹੋੜਦਿਆਂ ਇਸ ਗੱਲ ਦਾ ਯਕੀਨ ਦੁਆਉਂਦੀ ਹੈ ਕਿ ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਹੈ, ਉਸ ਦੀ ਪਾਲਣਾ-ਪੋਸ਼ਣਾ ਦਾ ਪ੍ਰਬੰਧ ਵੀ ਉਸ ਨੇ ਇਉਂ ਆਪੇ ਕੀਤਾ ਹੋਇਆ ਹੈ:

ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ॥
ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ॥ (ਪੰਨਾ 433)

ਇਸੇ ਲਈ ਇਹ ਉਸ ਨੂੰ ਕੇਵਲ ਉਸੇ ਰਾਜ਼ਕ ਤੇ ਸਰਬ-ਦਾਤਾਰ ਪ੍ਰਭੂ ਨੂੰ ਹੀ ਚਿਤਾਰਨ ਅਤੇ ਉਸੇ ਦਾ ਨਾਮ ਧਿਆਉਣ ਤੇ ਉਸ ਦਾ ਲਾਭ ਕਮਾਉਣ ਲਈ ਇਉਂ ਹਲੂਣਦੀ ਹੈ:

ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ॥
ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ॥ (ਪੰਨਾ 434)

ਇਸ ਦੇ ਨਾਲ ਹੀ ਇਹ ਉਸ ਨੂੰ ਆਪਣੀ ਕੂਣ-ਕਸਰ ਜਾਂ ਦੁੱਖ-ਤਕਲੀਫ਼ ਲਈ ਹੋਰਨਾਂ ਨੂੰ ਦੋਸ਼ੀ ਕਹਿਣ ਜਾਂ ਮੰਨਣ ਤੋਂ ਵੀ ਹੋੜਦੀ ਹੈ ਅਤੇ ਆਪਣੇ ਅਮਲ ਨੇਕ ਤੇ ਸਹੀ ਰੱਖਣ ਲਈ ਪ੍ਰੇਰਦੀ ਹੈ ਕਿਉਂਕਿ ਅੰਤ ਨਿਬੇੜਾ ਤਾਂ ਉਨ੍ਹਾਂ ਦੇ ਚੰਗੇ-ਮੰਦੇ ਹੋਣ ਉੱਤੇ ਹੀ ਨਿਰਭਰ ਹੈ:

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ (ਪੰਨਾ 433)

ਜਿੱਥੋਂ ਤਕ ਇਸ ਬਾਣੀ, ਭਾਵ ‘ਪਟੀ’ ਦੇ ਰੂਪ ਤੇ ਬਣਤ ਦਾ ਸਬੰਧ ਹੈ, ਇਹ ਉਪਰੋਕਤ ‘ਰਹਾਉ’ ਤੋਂ ਇਲਾਵਾ, ਦੋ-ਦੋ ਤੁਕਾਂ ਦੇ 35 ਪਦਾਂ ਜਾਂ ਬੰਦਾਂ ਦੀ ਧਾਰਨੀ ਹੈ। ਇਨ੍ਹਾਂ ਦੀ ਬੰਦਸ਼ ਦੋਹਿਰੇ ਜਾਂ ਦਵੱਯੇ ਦੀ ਬਣਤ ਨਾਲ ਮੇਲ ਖਾਂਦੀ ਹੈ ਪਰ ਇਹ ਉਨ੍ਹਾਂ ਦੀ ਮਾਤ੍ਰਿਕ ਕੈਦ ਤੋਂ ਮੁਕਤ ਹੈ।

ਵਰਣਮਾਲਾ-ਆਧਾਰਿਤ ਹੋਣ ਦੇ ਬਾਵਜੂਦ ਇਸ ਦਾ ਬਿਆਨ ਸਰਲ, ਰਵਾਂ ਤੇ ਰਸਦਾਇਕ ਹੈ। ਗੁਰੂ ਸਾਹਿਬ ਨੇ ਇਸ ਨੂੰ ਸਮਾਪਣ ਲੱਗਿਆਂ, ਆਪਣੇ ਆਪ ਨੂੰ ‘ਸ਼ਾਇਰ’ ਭਾਵ ਕਵੀ, ਵਿਦਤ ਕਰਦਿਆਂ ਫ਼ੁਰਮਾਇਆ ਹੈ:

ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ॥ (ਪੰਨਾ 434)

ਇਹ ਪਾਵਨ ਕਥਨ ਹੀ ਉਨ੍ਹਾਂ ਦੇ ਪ੍ਰਭੂ ਦੀ ਸਰਬ-ਸ਼ਕਤੀਮਾਨਤਾ ਵਿਚ ਅਟੱਲ ਵਿਸ਼ਵਾਸ, ਸਵੈ-ਚੇਤਨਤਾ, ਅਨੁਭਵੀ ਪ੍ਰੋੜ੍ਹਤਾ ਅਤੇ ਕਾਵਿ-ਪ੍ਰਤਿਭਾ ਦੀ ਵਿਕਸਤਾ ਦੀ ਭਰਪੂਰ ਸਾਖ ਭਰਦਾ ਹੈ।6

ਇਸ ਬਾਣੀ ਦਾ ਬਿਆਨ ਭਾਵਪੂਰਤ ਤੇ ਅਲੰਕ੍ਰਿਤ ਹੈ। ਅਨੁਪ੍ਰਾਂਸ (alliteration) ਦੀ ਵਰਤੋਂ ਨੇ, ਮਿਸਾਲ ਵਜੋਂ, ਖ਼ੂਬ ਰੰਗ ਬੰਨ੍ਹਿਆ ਹੋਇਆ ਹੈ; ਜਿਵੇਂ ਇਸ ਦੀ ਇਹ ਪਹਿਲੀ ਤੁਕ ਹੀ ਤਿੰਨ ਸ਼ਬਦਾਂ ਤੋਂ ਸਿਵਾ ਸਾਰੀ ਅਨੁਪ੍ਰਾਂਸੀ ਹੈ:

ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ॥ (ਪੰਨਾ 432)

ਇਉਂ ਹੀ ਹੇਠਲੀ ਤੁਕ ਵਿਚ ‘ਮਾ’ ਧੁਨੀ ਦੀ ਅਜਿਹੀ ਸੁਘੜ ਵਰਤੋਂ ਨੇ ਇਸ ਦੀ ਆਭਾ ਤੇ ਭਾਵ-ਪੂਰਨਤਾ ਵਿਚ ਹੋਰ ਵਾਧਾ ਕੀਤਾ ਹੋਇਆ ਹੈ:

ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ॥ (ਪੰਨਾ 434)

ਬੱਬੇ ਅੱਖਰ ਦੁਆਰਾ ਸ੍ਰਿਸ਼ਟੀ ਦੀ ਰਚਨਾ, ਇਸ ਦੇ ਸਿਰਜਣਹਾਰ ਤੇ ਉਸ ਦੇ ਪ੍ਰਬੰਧ ਆਦਿ ਨੂੰ ਕੇਵਲ ਦੋ ਤੁਕਾਂ ਵਿਚ ਹੀ ਚੌਪੜ ਦੀ ਖੇਡ ਰਾਹੀਂ ਇਉਂ ਬਿਆਨਣ ਤੇ ਮੂਰਤਿਆਉਣ ਵਿਚ ਤਾਂ ਮਾਨੋ ਕਮਾਲ ਕਰ ਦਿੱਤਾ ਹੈ:

ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ॥
ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ॥ (ਪੰਨਾ 433-34)

ਇਸ ਰਚਨਾ ਦੀਆਂ ਕਈ ਤੁਕਾਂ ਜਾਂ ਤੁਕਾਂਗ ਅਟੱਲ ਸੱਚਾਈਆਂ ਤੇ ਅਜਿਹੀ ਕਹਾਵਤੀ ਤੁਕ ਦੀਆਂ ਧਾਰਨੀ ਹਨ ਕਿ ਸਹਿਜੇ ਹੀ ਮੂੰਹ ਚੜ੍ਹ ਜਾਣ ਦੀ ਸਮਰੱਥਾ ਰੱਖਦੀਆਂ ਹਨ। ਉਦਾਹਰਣ ਵਜੋਂ:

ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍‍ ਕਉ ਭਉ ਪਇਆ॥ (ਪੰਨਾ 434)

ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ॥ (ਪੰਨਾ 434)

…ਜੋ ਕਿਛੁ ਕਰਣਾ ਸੁ ਕਰਿ ਰਹਿਆ॥   (ਪੰਨਾ 434)

ਅੱਜ ਤੋਂ ਪੰਜ ਸੌ ਵਰ੍ਹੇ ਪਹਿਲਾਂ ਦੀ ਰਚੀ ਹੋਈ ਹੋਣ ਦੇ ਬਾਵਜੂਦ ਇਸ ਬਾਣੀ ਦੀ ਬੋਲੀ ਦਾ ਮੁਹਾਵਰਾ ਵਰਤਮਾਨ ਪੰਜਾਬੀ ਨਾਲ ਮੇਲ ਖਾਂਦਾ ਹੈ। ਮਿਸਾਲ ਵਜੋਂ ਹੇਠ ਲਿਖੇ ਪਦ ਦੀ ਸ਼ਬਦਾਵਲੀ, ਮੇਰੀ ਜਾਚੇ, ਕਿਸੇ ਅਜੋਕੇ ਪੜ੍ਹੇ-ਲਿਖੇ ਪੰਜਾਬੀ ਨੂੰ ਔਖੀ ਜਾਂ ਓਪਰੀ ਨਹੀਂ ਜਾਪੇਗੀ:

ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ॥
ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ॥ (ਪੰਨਾ 433)

ਉਂਞ ਇਸ ਵਿਚ ਕਿਤੇ-ਕਿਤੇ ਕਈ ਹੋਰ ਬੋਲੀਆਂ ਦੇ ਉਦੋਂ ਪ੍ਰਚਲਿਤ ਸ਼ਬਦ ਵੀ ਆਪਣੇ ਤੱਤਸਮ ਜਾਂ ਤਦਭਵ ਰੂਪ ਵਿਚ ਸਮੋਏ ਹੋਏ ਹਨ। ਜਿਵੇਂ ਪੁਰਤਗਾਲੀ8 ਦਾ ਸਾਬੂਣ (ਪਦ ਨੰ. 5) ਅਰਬੀ-ਫ਼ਾਰਸੀ ਦੇ ‘ਕਰਮ’ (ਪਦ ਨੰ. 10), ਅਮਰ (ਪਦ ਨੰ. 33), ਰਿਜਕ (ਪਦ ਨੰ. 12), ਖੁੰਦਕਾਰ (ਪਦ ਨੰ. 6)। ਸੰਸਕ੍ਰਿਤ ਦੇ ‘ਜਾਨ’ (ਪਦ ਨੰ. 10) ਗਯਾਨ ਭੋਂ ਅਤੇ ‘ਟੰਚ’ (ਪਦ ਨੰ. 14) ਚੰਡ ਤੋਂ ‘ਸ਼ਾਹੇ ਆਲਮ’ (ਅਰਥਾਤ ਦੁਨੀਆਂ ਦਾ ਪਾਤਸ਼ਾਹ) ਵਰਗੀ ਫ਼ਾਰਸੀ ਤਰਕੀਬ ਵੀ ਪਦ ਪਦ ਨੰ. 6 ਵਿਚ ਇਉਂ ਵਿਦਮਾਨ ਹੈ:

ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ॥  (ਪੰਨਾ 432)

ਪਰਮਾਤਮਾ ਲਈ ਹਿੰਦੂਵੀ ਤੇ ਮੁਸਲਮਾਣੀ ਦੋਵੇਂ ਨਾਂ ਵਰਤੇ ਹੋਏ ਹਨ: ਜਿਵੇਂ ਹਿੰਦੂਵੀ : ਪਰਮੇਸਰ (ਪਦ ਨੰ. 24), ਵਾਸਦੇਵ (ਪਦ ਨੰ. 32), ਗੋਬਿੰਦ (ਪਦ ਨੰ. 7)।

ਮੁਸਲਮਾਣੀ : ਖੁੰਦਕਾਰ (ਖ਼ੁਦਾਵੰਦਗਾਰ ਲਈ, ਪਦ ਨੰ. 6), ਸਾਹ ਆਲਮ (ਪਦ ਨੰ. 6) ‘ਭੈਣੇ’, ‘ਪ੍ਰਾਣੀ’ ਤੇ ‘ਰਾਇਆ’ ਵਰਗੇ ਵਰਤੇ ਹੋਏ ਆਮ ਸੰਬੋਧਨਾਂ ਤੋਂ ਇਲਾਵਾ ਸ਼ੁਰੂ ਵਿਚ ਹੀ ਇਕ ਹੋਰ ਸੰਬੋਧਨ, ‘ਬੀਰ’ ਭਾਵ ‘ਹੇ ਵੀਰ’ ਦੀ ਹੇਠ- ਵਰਣਿਤ ਵਰਤੋਂ ਬੜੀ ਰਸੀਲੀ ਤੇ ਅਨੂਠੀ ਜਾਪਦੀ ਹੈ:

ਜਬ ਲੇਖਾ ਦੇਵਹਿ ਬੀਰਾ ਤਉ ਪੜਿਆ॥ (ਪੰਨਾ 432)

ਹਵਾਲੇ :

1. ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸੰਕਲਿਤ ਤੇ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਮ੍ਰਿਤਸਰ-1604; ਰਾਗ ਤੁਖਾਰੀ, ਛੰਤ ਮਹਲਾ 1, ਬਾਰਹ ਮਾਹਾ, ਪੰਨੇ 1107-1110.
2. ਉਕਤ, ਰਾਗ ਰਾਮਕਲੀ ਦਖਣੀ ਓਅੰਕਾਰੁ, ਮਹਲਾ 1, ਪੰਨੇ 929-938.
3. ਉਕਤ, ਓਅੰਕਾਰ, ਮਹਲਾ 1, ਪੰਨਾ 938.
4. ਉਕਤ, ਰਾਗ ਆਸਾ, ਮਹਲਾ 3, ਪਟੀ, ਪੰਨੇ 434 ਤੋਂ 435.
5. ਉਕਤ, ਰਾਗ ਭੈਰਉ, ਮਹਲਾ 3, ਪੰਨਾ 1133.
6. ਇਸ ਸਬੰਧ ਵਿਚ ਹੋਰ ਵੇਖੋ : ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ॥ (ਪੰਨਾ 660)
7. ਇਤਫ਼ਾਕ ਨਾਲ ਜਿਸ ਕਾਲਜ (ਗਾਰਡਨ ਕਾਲਜ, ਰਾਵਲਪਿੰਡੀ, ਪਾਕਿਸਤਾਨ) ਤੋਂ ਮੈਂ ਆਪਣੀ ਪਹਿਲੀ ਐਮ.ਏ. (ਅੰਗਰੇਜ਼ੀ) ਦੀ ਪੜ੍ਹਾਈ-ਲਿਖਾਈ ਕੀਤੀ ਸੀ, ਉਸ ਦਾ ਇਹ ਮਾਟੋ ਜਾਂ ਨੀਤੀ ਵਾਕ ਵੀ ਇਸੇ ਭਾਵ ਦਾ ਲਖਾਇਕ ਸੀ:
 Seek and ye shall find.
8. ਬੰਗਾਲ ਦੇ ਸੁਪ੍ਰਸਿੱਧ ਭਾਸ਼ਾ ਵਿਗਿਆਨੀ, ਪ੍ਰੋਫੈਸਰ ਡਾ. ਸੁਕਰਮਰਸੈਨ ਦੀ ਮੈਨੂੰ ਪੂਨੇ ਦੀ ਇਕ ਕਾਨਫਰੰਸ ਦੌਰਾਨ ਦਿੱਤੀ ਮਿਹਰਬਾਨ ਦੱਸ ਅਨੁਸਾਰ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Harnam Singh Shan
ਸਾਬਕਾ ਮੁਖੀ ਸਿੱਖ ਸਟੱਡੀਜ਼ ਵਿਭਾਗ -ਵਿਖੇ: ਪੰਜਾਬ ਯੂਨੀਵਰਸਿਟੀ

ਮਰਹੂਮ ਸਰਦਾਰ ਸਰਵਨ ਸਿੰਘ ਅਤੇ ਸਰਦਾਰਨੀ ਤੇਜ ਕੌਰ ਦੇ ਪੁੱਤਰ ਹਰਨਾਮ ਸਿੰਘ ਦਾ ਜਨਮ 1923 ਵਿੱਚ ਪਿੰਡ ਧਮਾਲ ਵਿੱਚ ਹੋਇਆ ਸੀ ਰਾਵਲਪਿੰਡੀ, ਜੋ ਹੁਣ ਪੱਛਮੀ ਪੰਜਬ, ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਕਿੱਤੇ ਦੀ ਬਜਾਏ ਵਧੇਰੇ ਧਰਮ, ਲੋਕਧਾਰਾ ਅਤੇ ਧਰਮ ਨਿਰਪੱਖ ਸਾਹਿਤ ਦੇ ਇਤਿਹਾਸ ਬਾਰੇ ਸਮਰਪਣ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ (1948-58) ਵਿੱਚ ਸੰਪਾਦਕ ਵਜੋਂ ਕੀਤੀ । ਉਹ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਵਿਭਾਗ (1959-62) ਦੇ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ 'ਤੇ ਪਹੁੰਚ ਗਏ ਅਤੇ ਫਿਰ ਗੁਰੂ ਨਾਨਕ ਚੇਅਰ ਅਤੇ ਸਿੱਖ ਸਟੱਡੀਜ਼ ਵਿਭਾਗ (1972-84) ਦੇ ਮੁਖੀ ਵਜੋਂ ਪਹੁੰਚ ਗਏ।

1 ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸੰਕਲਿਤ ਤੇ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਮ੍ਰਿਤਸਰ-1604; ਰਾਗ ਤੁਖਾਰੀ, ਛੰਤ ਮਹਲਾ 1, ਬਾਰਹ ਮਾਹਾ, ਪੰਨੇ 1107-1110.
2 ਉਕਤ, ਰਾਗ ਰਾਮਕਲੀ ਦਖਣੀ ਓਅੰਕਾਰੁ, ਮਹਲਾ 1, ਪੰਨੇ 929-938.
3 ਉਕਤ, ਓਅੰਕਾਰ, ਮਹਲਾ 1, ਪੰਨਾ 938.
4 ਉਕਤ, ਰਾਗ ਆਸਾ, ਮਹਲਾ 3, ਪਟੀ, ਪੰਨੇ 434 ਤੋਂ 435.
6 ਇਸ ਸਬੰਧ ਵਿਚ ਹੋਰ ਵੇਖੋ : ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ॥ (ਪੰਨਾ 660)
8 ਬੰਗਾਲ ਦੇ ਸੁਪ੍ਰਸਿੱਧ ਭਾਸ਼ਾ ਵਿਗਿਆਨੀ, ਪ੍ਰੋਫੈਸਰ ਡਾ. ਸੁਕਰਮਰਸੈਨ ਦੀ ਮੈਨੂੰ ਪੂਨੇ ਦੀ ਇਕ ਕਾਨਫਰੰਸ ਦੌਰਾਨ ਦਿੱਤੀ ਮਿਹਰਬਾਨ ਦੱਸ ਅਨੁਸਾਰ।
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)