editor@sikharchives.org
ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ

ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ

ਹੁਣ ਤਕ ਛਪੀਆਂ ਸਾਰੀਆਂ ਲਿਖ਼ਤਾਂ 18 ਵੀਂ ਸਦੀ ਦੇ ਸਿੱਖ ਕਿਰਦਾਰ ਨੂੰ ਪੇਸ਼ ਕਰਦੀਆਂ ਹਨ। ਜਿਨ੍ਹਾਂ ਵਿਚ ਸਿੱਖ ਕਿਰਦਾਰ ਨੂੰ ਬਹੁਤ ਸੋਹਣੇ ਢੰਗ ਨਾਲ ਉਭਾਰਿਆ ਗਿਆ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਕਿਸੇ ਸਮੇਂ ਸਰਦਾਰ ਨਾਹਰ ਸਿੰਘ ਐੱਮ. ਏ. ਹੁਣਾਂ ਕਿਹਾ ਸੀ, ਸਿੱਖ ਇਤਿਹਾਸ ਨਾਲ ਕੇਵਲ ਕੋਈ ਸਿੱਖ ਸਿਧਾਂਤ ਦਾ ਜਾਣੂ ਸਿੱਖ ਹੀ ਇਨਸਾਫ ਕਰ ਸਕਦਾ ਹੈ। ਤਵਾਰੀਖ਼ ਇਸ ਗੱਲ ਦੀ ਗਵਾਹ ਹੈ ਕਿ ਸਿੱਖਾਂ ਨੇ ਇਤਹਾਸ ਸਿਰਜਿਆ ਬਹੁਤ ਪਰ ਉਸਨੂੰ ਆਪਣੀ ਕਲਮ ਨਾਲ ਲਿਖਿਆ ਬਹੁਤਾ ਮੁਸਲਮਾਨਾਂ, ਹਿੰਦੂਆਂ ਤੇ ਗੋਰਿਆਂ ਨੇ, ਉਪਰੋਂ ਸਿਤਮ ਜ਼ਰੀਫ਼ੀ ਇਹ ਕਿ ਰਾਜਨੀਤਿਕ, ਮਜ਼ਹਬੀ ਨਫ਼ਰਤ ਕਰਕੇ ਸਿੱਖ ਤਵਾਰੀਖ਼ ਦੇ ਨੈਣ ਨਕਸ਼ ਵਿਗਾੜ ਦਿੱਤੇ ਗਏ। ਭਲਾ ਹੋਵੇ ਸ.ਰਤਨ ਸਿੰਘ ਭੰਗੂ, ਗਿਆਨੀ ਗਿਆਨ ਸਿੰਘ ਹੁਣਾਂ ਦਾ ਜਿਨ੍ਹਾਂ ਸਿੱਖ ਇਤਹਾਸਕਾਰੀ ਦਾ ਬੀਜ ਬੀਜਿਆ। ਸ. ਕਰਮ ਸਿੰਘ ਇਤਿਹਾਸਕਾਰ ਨੇ ਸਭ ਤੋਂ ਪਹਿਲ੍ਹਾਂ ਤੱਥ ਅਧਾਰਿਤ ਸਿੱਖ ਇਤਿਹਾਸਕਾਰੀ ਦੀ ਨੀਂਹ ਰੱਖੀ, ਜਿਸਨੂੰ ਅੱਗੇ ਬਾਵਾ ਪ੍ਰੇਮ ਸਿੰਘ ਹੋਤੀ, ਗੰਡਾ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, ਰਣਧੀਰ ਸਿੰਘ ਆਦਿ ਨੇ ਤੋਰਿਆ। ਇਨ੍ਹਾਂ ਵਿਦਵਾਨਾਂ ਤੋਂ ਅਗਲੀ ਨਸਲ ਦਾ ਸਿੱਖ ਇਤਿਹਾਸਕਾਰ ਹੈ, ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ। ਮਾਝੇ ਦਾ ਇਹ ਸਰਦਾਰ ਜ਼ਿੰਦਗੀ ਦੇ ਨੌ ਦਹਾਕੇ ਪੂਰੇ ਕਰ ਚੁੱਕਾ ਹੈ। ਸਿੱਖ ਇਤਿਹਾਸ ’ਤੇ ਉਹ ਵੀ ਖ਼ਾਸ ਤੌਰ ’ਤੇ 18ਵੀਂ ਸਦੀ ਦਾ ਇਨ੍ਹਾਂ ਦੀ ਰੂਹ ਦੀ ਖ਼ੁਰਾਕ ਹੈ। ਗੁਰਮੁਖੀ, ਹਿੰਦੀ, ਅੰਗਰੇਜ਼ੀ, ਉਰਦੂ, ਫ਼ਾਰਸੀ, ਅਰਬੀ ਜ਼ੁਬਾਨਾਂ ਦਾ ਮਾਹਰ ਇਹ ਦਾਨਿਸ਼ਵਰ ਹੁਣ ਤੱਕ ਪੰਜ ਕਿਤਾਬਾਂ ਤੇ ਬੇਅੰਤ ਲੇਖ ਸਿੱਖ ਇਤਹਾਸ ਦੀ ਝੋਲੀ ਪਾ ਚੁੱਕਾ ਹੈ।

ਪ੍ਰਿੰਸੀਪਲ ਸਵਰਨ ਸਿੰਘ ਹੁਣਾਂ ਦਾ ਜਨਮ 11 ਅਗਸਤ 1930 ਈਸਵੀ ਨੂੰ ਮਾਝੇ ਪੱਟੀ ਇਲਾਕੇ ਦੇ ਘੁੱਗ ਵੱਸਦੇ ਪਿੰਡ ਚੂਸਲੇਵਾੜ ਵਿਚ ਸ.ਅਰਜਨ ਸਿੰਘ ਹੁਣਾਂ ਦੇ ਘਰ ਮਾਤਾ ਬਲਵੰਤ ਕੌਰ ਦੀ ਕੁੱਖੋਂ ਹੋਇਆ। ਇਨ੍ਹਾਂ ਦੇ ਵੱਡ ਵੱਡੇਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਖਡੂਰ ਸਾਹਿਬ ਤੋਂ ਉੱਠ ਕੇ ਇਸ ਪਿੰਡ ਵਿਚ ਆਣ ਆਬਾਦ ਹੋਏ ਸਨ। ਸ.ਅਰਜਨ ਸਿੰਘ ਹੁਣੀ ਆਪਣੇ ਪਿੰਡ ਦੇ ਵਾਹਿਦ ਇਕੋ ਇਕ ਆਦਮ ਸਨ, ਜੋ ਗੁਰਮੁੱਖੀ ਦੇ ਨਾਲ-ਨਾਲ ਅੰਗਰੇਜ਼ੀ, ਉਰਦੂ, ਫ਼ਾਰਸੀ ਵੀ ਜਾਣਦੇ ਸਨ। ਇਨ੍ਹਾ ਹੀ ਨਹੀਂ ਸਗੋਂ ਖਾਲਸਾ ਕਾਲੇਜ ਦੇ ਪ੍ਰਿੰਸੀਪਲ ਵਾਦਨ ਨਾਲ ਵੀ ਉਨ੍ਹਾਂ ਦੇ ਬਹੁਤ ਚੰਗੇ ਤਾਅਲੁਕਾਤ ਸਨ। ਸ.ਅਰਜਨ ਸਿੰਘ ਹੁਣਾਂ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਘਰ ਵਿਚ ਚਾਰ ਅਖ਼ਬਾਰ ਆਉਂਦੇ ਸਨ, ਇਸ ਤੋਂ ਇਲਾਵਾ ਕੌਮੀ ਰਸਾਲੇ ਤੇ ਉਰਦੂ, ਫ਼ਾਰਸੀ, ਗੁਰਮੁਖੀ ਆਦਿ ਜ਼ੁਬਾਨਾਂ ਦੀਆਂ ਕਿਤਾਬਾਂ ਦੀ ਵੀ ਭਰਮਾਰ ਸੀ। ਪ੍ਰਿੰਸੀਪਲ ਸਵਰਨ ਸਿੰਘ ਹੁਣੀ ਮੰਨਦੇ ਨੇ ਕਿ ਫ਼ਾਰਸੀ ਉਰਦੂ ਦੀ ਦਾਤ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ। ਪੜ੍ਹਨ ਲਈ ਪਹਿਲ੍ਹਾਂ ਪਿੰਡ ਦੇ ਗੁਰੂ ਘਰ ਦੇ ਭਾਈ ਦਇਆਲ ਸਿੰਘ ਹੁਣਾਂ ਦੇ ਕੋਲ ਪਰ ਉਨ੍ਹਾਂ ਦੇ ਸਖ਼ਤ ਸੁਭਾਅ ਤੋ ਉਕਤਾ ਕੇ ਜਾਣਾ ਬੰਦ ਕਰ ਦਿੱਤਾ। ਤਕਰੀਬਨ 1935-36 ਈਸਵੀ ਵਿਚ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਦਾਖ਼ਲ ਹੋਏ। 6ਵੀ ਤੋਂ 10ਵੀਂ ਤੱਕ ਦੀ ਪੜ੍ਹਾਈ ਪੱਟੀ ਤੋਂ ਕੀਤੀ। ਇਥੇ ਕੁਝ ਸਮੇਂ ਲਈ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲੇ ਵੀ ਆਪ ਦੇ ਹਮ ਜਮਾਤੀ ਰਹੇ। ਸਿੱਖ ਇਤਹਾਸ ਬਾਰੇ ਪੜ੍ਹਨ ਦੀ ਚੇਟਕ ਘਰ ਤੋਂ ਲੱਗੀ ਸੀ। ਗਰੈਜੂਏਸ਼ਨ ਸਿੱਖ ਨੈਸ਼ਨਲ ਕਾਲੇਜ ਕਾਦੀਆਂ ਤੋਂ ਕੀਤੀ ਤੇ ਅੰਗਰੇਜ਼ੀ ਲਿਟਰੇਚਰ ਵਿਚ ਐੱਮ. ਏ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੁਕਾਮਲ ਕੀਤੀ। ਇਸ ਸਮੇਂ ਵਿਚ ਬੀ.ਐੱਡ ਵੀ ਕਰ ਲਈ। ਫਿਰ 1962-63 ਵਿਚ ਫ਼ੌਜ ਦੇ ਤੋਪਖਾਨੇ ਵਿਚ ਬਤੌਰ ਕਮਿਸ਼ਨ ਅਫ਼ਸਰ ਭਰਤੀ ਹੋਏ। ਇਸ ਸਮੇਂ ਵਿਚ ਆਪ ਨੂੰ ਪੂਰਾ ਮੁਲਕ ਘੁੰਮਣ ਦਾ ਮੌਕਾ ਮਿਲਿਆ ਤੇ ਨਾਲ ਹੀ ਆਪਣੇ ਇਤਿਹਾਸ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਵਸੀਲੇ ਵੀ ਮਿਲੇ।

ਇਸ ਸਮੇਂ ਵਿਚ ਪੂਨਾ, ਪਟਨਾ, ਅਲੀਗੜ੍ਹ, ਲਖਨਊ, ਦਿੱਲੀ, ਬਰੇਲੀ, ਗਵਾਲੀਅਰ, ਅਮੀਨਾਬਾਦ ਆਦਿ ਦੀਆਂ ਫੌਜੀ ਤੇ ਪਬਲਿਕ ਲਾਇਬ੍ਰੇਰੀਆਂ ਵਿਚੋਂ ਸਿੱਖ ਇਤਹਾਸ ਨਾਲ ਸਬੰਧਿਤ ਕਾਫੀ ਨਕਲਾਂ ਤਿਆਰ ਕੀਤੀਆਂ ਤੇ ਨਾਲ ਕੁਤਬ ਫਰੋਸ਼ਾਂ ਦੇ ਕੋਲੋਂ ਮੂੰਹ ਮੰਗੀਆਂ ਰਕਮਾਂ ਦੇ ਪੁਰ ਪੁਰਾਣੇ ਖਰੜੇ ਵੀ ਖ਼ਰੀਦਦੇ ਰਹੇ। ਇਕ ਵਾਰ ਗਵਾਲੀਅਰ ਆਪ ਨੂੰ ਕਾਜੀ ਨੂਰ ਮੁਹੰਮਦ ਵਾਲਾ ਜੰਗਨਾਮਾ ਮਿਲ ਗਿਆ, ਜਿਸਦੀ ਕੀਮਤ ਉਸ ਵਕਤ ਉਸਨੇ 350 ਕਹੀ, ਰਕਮ ਆਪ ਕੋਲ ਹੈ ਨਹੀ ਸੀ ਪੂਰੀ ਸੋ ਆਪਣੀ ਘੜ੍ਹੀ ਉਸ ਵਕਤ ਉਸ ਕੋਲ ਰੱਖ ਕੇ ਕਿਤਾਬ ਦੀ ਰੋਕ ਕਰ ਲਈ ਕਿ ਮਹੀਨੇ ਬਾਅਦ ਆ ਕੇ ਪੈਸੇ ਦੇ ਕੇ ਕਿਤਾਬ ਅਤੇ ਘੜੀ ਲੈ ਜਾਵਾਂਗਾ, ਜੇ ਨਾ ਆ ਸਕਿਆ ਤਾਂ ਕਿਤਾਬ ਦੇ ਨਾਲ ਘੜੀ ਵੀ ਕੁਤਬ ਫਰੋਸ਼ ਦੀ ਹੀ ਹੋਵੇਗੀ। ਇਸ ਨੂੰ ਹੀ ਕਹਿੰਦੇ ਨੇ ਇਸ਼ਕ । 8 ਸਾਲ ਫੌਜ ਦੀ ਨੌਕਰੀ ਤੋਂ ਬਾਅਦ 1970 ਵਿਚ ਬਤੌਰ ਕੈਪਟਨ ਰਿਟਾਇਰਮੈਂਟ ਲੈ ਲਈ ’ਤੇ ਪਿੰਡ ਆ ਗਏ। ਹੁਣ ਆਪ ਨੇ ਬਤੌਰ ਅਧਿਆਪਕ ਘਰਿਆਲਾ (ਪੱਟੀ) ਦੇ ਸਕੂਲ ਵਿਚ ਪੜ੍ਹਾਉਣਾ ਸ਼ੁਰੂ ਕੀਤੀ। ਛੁੱਟੀਆਂ ਦੇ ਦਿਨ੍ਹਾਂ ਵਿਚ ਪੰਜਾਬ ਦੇ ਪਿੰਡਾਂ ਨਾਲ ਲਗਦੇ ਵੱਡੇ ਸ਼ਹਰਾਂ ਵਿਚੋਂ ਸਿੱਖ ਇਤਿਹਾਸ ਨਾਲ ਸਬੰਧਿਤ ਜਾਣਕਾਰੀ ’ਤੇ ਕਿਤਾਬਾਂ ਇਕੱਠੀਆਂ ਕਰਨ ਤੁਰ ਪੈਂਦੇ। ਇਸ ਸਮੇਂ ਵਿਚ ਆਪ ਦੀ ਸਾਂਝ ਸ. ਸ਼ਮਸ਼ੇਰ ਸਿੰਘ ਅਸ਼ੋਕ, ਡਾ. ਜਸਵੰਤ ਸਿੰਘ ਨੇਕੀ, ਸ. ਭਾਨ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ ਆਦਿ ਨਾਲ ਪਈ, ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਪੂਰਾ ਸਹਿਯੋਗ ਦਿੰਦੇ ਰਹੇ। 1975 ਈਸਵੀ ਵਿਚ ਆਪ ਦਾ ਪਹਿਲਾ ਲੇਖ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਾਰੇ ਵਿਚ ਖੇਮਕਰਨ ਤੋਂ ਛਪਿਆ। ਇਸ ਤੋਂ ਪਿਛੋਂ ਤੇ ਕਲਮ ਦਾ ਪਰਵਾਹ ਨਿਰੰਤਰ ਤੁਰ ਪਿਆ, ਸੂਰਾ ਮੈਗਜ਼ੀਨ ਵਿਚ ਕਈ ਕਿਸ਼ਤਾਂ ਵਿਚ 18ਵੀਂ ਸਦੀ ਦੇ ਸਿੱਖ ਇਤਹਾਸ ਨਾਲ ਸਬੰਧਿਤ ਆਪਦੇ ਲੇਖ ਛਪਦੇ ਰਹੇ।

ਖਾਲਸਾ ਕਾਲੇਜ ਅੰਮ੍ਰਿਤਸਰ ਨੇ ਗਣੇਸ਼ ਦਾਸ ਵਡੇਹਰਾ ਦੀ ਫ਼ਾਰਸੀ ਕਿਤਾਬ ‘ਚਹਾਰ ਬਾਗ ਪੰਜਾਬ ‘ਛਾਪੀ, ਜਿਸ ਵਿਚ ਗੁਰੂ ਸਾਹਿਬਾਨ ਬਾਰੇ ਗੁਮਰਾਹਕੁਨ ਬਿਆਨਾਤ ਸਨ, ਜਿਨ੍ਹਾਂ ਦੀ ਟਿੱਪਣੀਆਂ ਦੇ ਰੂਪ ਵਿਚ ਕੋਈ ਸੁਧਾਈ ਜਾਂ ਮੁਰਾਮਤ ਨਹੀ ਕੀਤੀ ਗਈ ਸੀ। ਜਦ ਉਹ ਕਿਤਾਬ ਆਪਦੇ ਹੱਥ ਲੱਗੀ ਤਾਂ ਆਪ ਨੇ ਉਨ੍ਹਾਂ ਗੁਮਰਾਹਕੁੰਨ ਬਿਆਨਾਤ ਦਾ ਗੁਰਮੁਖੀ, ਅੰਗਰੇਜ਼ੀ ਤਰਜ਼ਮਾ ਕਰਕੇ ਭਾਈ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਕੋਲ ਪਹੁੰਚ ਕੀਤੀ, ਉਨ੍ਹਾਂ ਨੇ ਝੱਟ ਇਸਤੇ ਪੈਰਵਾਈ ਕਰਦਿਆਂ ਕਾਲਜ ਵਾਲਿਆਂ ਤੋਂ ਕਿਤਾਬ ਵਾਪਸ ਕਰਵਾਈ। ਇਸ ਦੇ ਨਾਲ ਅਰੁਣ ਸ਼ੋਰੀ ਦੇ ਸਿੱਖਾਂ ਖਿਲਾਫ ਤੋਲੇ ਕੁਫਰ ਦਾ ਜਵਾਬ ਵੱਡੀਆਂ ਸਭਾਵਾਂ ਵਿਚ ਆਪ ਜੀ ਵਲੋਂ ਦਿੱਤਾ ਜਾਂਦਾ ਰਿਹਾ। 19 ਸਾਲ ਘਰਿਆਲਾ ਸਕੂਲ ‘ਚ ਪੜ੍ਹਾਉਣ ਤੋਂ ਬਾਅਦ ਆਪ ਰਿਟਾਇਰ ਹੋਣ ਤੋਂ ਬਾਅਦ ਤਕਰੀਬਨ 10 ਸਾਲ ਪੱਟੀ ਦੇ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਹੇ। ਇਥੋਂ ਰਿਟਾਇਰਮੈਂਟ ਲੈ ਕੇ ਆਪ ਨਿਰੰਤਰ ਸਿੱਖ ਇਤਿਹਾਸ ਦੇ ਖੋਜ ਕਾਰਜ ਵਿਚ ਲੱਗੇ ਹੋਏ ਹਨ। 1984 ਦੇ ਘੱਲੂਘਾਰੇ ਦੇ ਅਤੇ ਬਾਅਦ ਦੇ ਸ਼ਹੀਦਾਂ ਬਾਰੇ ਵੀ ਆਪ ਨੇ ਕਾਫੀ ਮਸਾਲਾ ਇਕੱਠਾ ਕੀਤਾ ਹੋਇਆ ਹੈ। ਸ. ਸਵਰਨ ਸਿੰਘ ਹੁਣੀ ਇਤਹਾਸਿਕ ਲਿਖਤਾਂ ਦੇ ਨਾਲ-ਨਾਲ ਸਥਾਨਕ ਰਵਾਇਤਾਂ ਦੀ ਪੁਣ ਛਾਣ ਕਰਕੇ ਤੱਤ ਕੱਢਣ ਦੀ ਸਮਰੱਥਾ ਰੱਖਦੇ ਹਨ। ਆਪ ਦੇ ਪ੍ਰਕਾਸ਼ਕ ਦੇ ਬੋਲਾਂ ਅਨੁਸਾਰ ‘ਹੱਥ ਵਿਚ ਕੰਪਾਸ ਫੜੀ ਜਦ ਉਹ ਕੁੱਪ ਰਹੀੜੇ ਦੀਆਂ ਉੁਜਾੜਾਂ ਛਾਣਦੇ ਹਨ, ਤਾਂ ਇੰਝ ਜਾਪਦਾ ਹੈ, ਜਿਵੇਂ ਉਹ ਸ਼ਹੀਦਾਂ ਦੀ ਰੱਤ ਨਾਲ ਗੜੁਚ ਉਥੋਂ ਦੀ ਮਿੱਟੀ ਦੀ ਖੁਸ਼ਬੋ ਨੂੰ ਆਪਣੇ ਪਿੰਡੇ ‘ਤੇ ਮਹਿਸੂਸ ਕਰ ਕੇ ਇਤਿਹਾਸ ਦੀ ਗੁਆਚੀ ਤੰਦ ਨੂੰ ਵਧੇਰੇ ਮਜ਼ਬੂਤੀ ਨਾਲ ਫੜਨ ਦੇ ਸਮਰੱਥ ਹੋ ਗਏ ਹਨ।’ 90 ਸਾਲ ਦੀ ਉਮਰ ਵਿਚ ਪ੍ਰਿੰਸੀਪਲ ਸਵਰਨ ਸਿੰਘ ਹੁਣੀ ਸਿੱਖ ਇਤਿਹਾਸ ਦੀ ਲਿਖਾਈ ਵਿਚ ਪੂਰੇ ਜ਼ਜ਼ਬੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖ ਕੌਮ ਦੇ ਸ਼ਹੀਦਾਂ ਦਾ ਕਰਜ਼ ਚੁਕਾਣ ਲਈ ਇਕ ਜੀਵਨ ਤਾਂ ਕੀ, ਕਈ ਜੀਵਨ ਵੀ ਥੋੜੇ ਹਨ।

ਪ੍ਰਿੰਸੀਪਲ ਸਵਰਨ ਸਿੰਘ ਹੁਣਾਂ ਨੇ ਸਿੱਖ ਇਤਿਹਾਸ ਨਾਲ ਸਬੰਧਿਤ ਮਸਾਲਾ ਤੇ ਕਾਫੀ ਇਕੱਠਾ ਕੀਤਾ ਹੈ। ਆਪ ਦੇ ਖੋਜ ਭਰਪੂਰ ਲੇਖ ਕਈ ਰਸਾਲਿਆਂ ਤੇ ਅਖ਼ਬਾਰਾਂ ਵਿਚ ਛੱਪਦੇ ਰਹੇ ਹਨ, ਹੁਣ ਤੱਕ ਆਪ ਨੇ ਹੇਠ ਲਿਖੀਆਂ ਪੰਜ ਕਿਤਾਬਾਂ ਸਿੱਖ ਇਤਿਹਾਸ ਦੀ
ਝੋਲੀ ਵਿਚ ਪਾਈਆਂ ਹਨ:-

1. ਸ਼ਹੀਦੀ ਸਾਕਾ ਭਾਈ ਤਾਰੂ ਸਿੰਘ (ਮਾਰਚ, 1997)
2. ਸ਼ਹੀਦੀ ਭਾਈ ਤਾਰਾ ਸਿੰਘ ਵਾਂ (ਮਾਰਚ, 1997)
3. ਮੱਸੇ ਰੰਘੜ ਨੂੰ ਕਰਨੀ ਦਾ ਫਲ( ਮਾਰਚ, 1997)
4. ਅਬਦਾਲੀ, ਸਿੱਖ ਤੇ ਵੱਡਾ ਘੱਲੂਘਾਰਾ (ਜੁਲਾਈ, 2013)
5. ਪਹਿਲਾ ਘੱਲੂਘਾਰਾ (ਜੁਲਾਈ 2018)

ਇਸ ਤੋਂ ਬਿਨ੍ਹਾਂ ਅਜੇ ‘ਭੂਰਿਆਂ ਵਾਲੇ ਰਾਜੇ ਕੀਤੇ’, ‘ਗੁਰੂ ਅਰਜਨ ਦੇਵ ਜੀ ਦੇ ਕਾਤਲਾਂ ਦੇ ਮੁਹਾਂਦਰੇ’,‘1857 ਦਾ ਗ਼ਦਰ ਜੰਗੇ-ਇ-ਆਜ਼ਾਦੀ ਨਹੀ’, ‘ਬ੍ਰਾਹਮਣਾਂ ਦਾ ਮਾਨਵਤਾ ਘਾਤ’, ‘ ਝੂਠ ਦੇ ਪੁਜਾਰੀਓ ਸੱਚ ਇਹ ਹੈ’,‘ ਆਦਿ ਵੀ ਛੱਪਣਗੇ।

ਹੁਣ ਤਕ ਛਪੀਆਂ ਸਾਰੀਆਂ ਲਿਖ਼ਤਾਂ 18 ਵੀਂ ਸਦੀ ਦੇ ਸਿੱਖ ਕਿਰਦਾਰ ਨੂੰ ਪੇਸ਼ ਕਰਦੀਆਂ ਹਨ। ਜਿਨ੍ਹਾਂ ਵਿਚ ਸਿੱਖ ਕਿਰਦਾਰ ਨੂੰ ਬਹੁਤ ਸੋਹਣੇ ਢੰਗ ਨਾਲ ਉਭਾਰਿਆ ਗਿਆ ਹੈ। ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਤੇ ਸ਼ਹੀਦੀ ਭਾਈ ਤਾਰਾ ਸਿੰਘ ਵਾਂ ਵਿਚ ਇਨ੍ਹਾਂ ਘਰਬਾਰੀ ਸਿੱਖਾਂ ਦੁਆਰਾ ਰਾਠ ਸਿੱਖਾਂ ਦੀ ਮਦਦ ਕਰਨ ਤੇ ਆਸੇ ਪਾਸੇ ਦੇ ਮਜ਼ਲੂਮਾਂ ਦੀ ਬਾਂਹ ਫੜ੍ਹਨ ਦਾ ਜ਼ਿਕਰ ਇਨ੍ਹਾਂ ਰੋਅਬਦਾਰ ਢੰਗ ਨਾਲ ਕੀਤਾ ਗਿਆ ਹੈ ਕਿ ਤੁਹਾਨੂੰ ਸਾਰਾ ਕੁਝ ਤੁਹਾਡੀਆਂ ਅੱਖਾਂ ਸਾਹਮਣੇ ਵਰਦਾ ਦਿਖਾਈ ਦਿੰਦਾ ਹੈ। ਫਿਰ ਮਾਝੇ ਦੇ ਉਨ੍ਹਾਂ ਕੁਝ ਸਰਕਾਰੀ ਮੁਖਬਰਾਂ ਦੀ ਫਹਿਰਸਤ ਵੀ ਦਿੱਤੀ ਹੈ ਜੋ ਸਰਕਾਰ ਦੇ ਜ਼ਰ ਖ਼ਰੀਦ ਗੁਲਾਮ ਬਣਕੇ ਇਨ੍ਹਾਂ ਗੁਰੂਕਿਆਂ ਨੂੰ ਸ਼ਹੀਦ ਕਰਵਾਉਂਦੇ ਰਹੇ ਹਨ। ਸਿੱਖ ਦਾ ਗੁਰੂ ਪ੍ਰਤੀ ਭਰੋਸਾ ਤੇ ਸਿੱਖ ਸਿਧਾਂਤ ਲਈ ਪ੍ਰਪਕਤਾ ਦਿਖਾਉਂਦਿਆਂ ਆਪਣੇ ਜੀਵਨ ਦੀ ਅਹੂਤੀ ਹਸ ਕੇ ਦੇਣੀ, ਗੁਰੂ ਤੇ ਸਿੱਖ ਪ੍ਰੇਮ ਨੂੰ ਉਜਾਗਰ ਕਰਨ ਵਿਚ ਵੀ ਇਤਹਾਸਕਾਰ ਕਾਇਮ ਰਿਹਾ ਹੈ। ‘ ਮੱਸੇ ਰੰਗੜ ਨੂੰ ਕਰਨੀ ਦਾ ਫਲ; ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖਾਂ ਤੇ ਹੋਏ ਬੇਇੰਤਹਾ ਜ਼ੁਲਮ ਦੀ ਘੜੀ ਨੂੰ ਜ਼ਕਰੀਆ ਖਾਂ ਦੇ ਲਾਹੌਰ ਦਾ ਗਵਰਨਰ ਬਣਨ ਤੋਂ ਲੈ ਕਿ ਭਾਈ ਮਤਾਬ ਸਿੰਘ ਮੀਰਾਂਕੋਟ ਦੇ ਪੁਤਰ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਇਤਿਹਾਸ ਨੂੰ ਚਿਤਰਿਆ ਗਿਆ ਹੈ। ਜਦ ਅਬਦੁ- ਸਮਦ ਖਾਂ ਤੋਂ ਲਾਹੌਰ ਦਾ ਪਰਗਣਾ ਨ ਸੰਭਾਲਿਆ ਗਿਆ ਤੇ ਥਾਂ ਪੁਰ ਥਾਂ ਬਗਾਵਤਾਂ ਹੋਣ ਲੱਗੀਆਂ ਤਾਂ ਉਸਦੇ ਪੁਤਰ ਜ਼ਕਰੀਆ ਖਾਂ ਨੂੰ ਲਾਹੌਰ ਦਾ ਗਵਰਨਰ ਬਣਾਇਆ ਗਿਆ, ਉਸਨੇ ਬਾਕੀ ਸਭ ਤੇ ਤਾਂ ਕਾਬੂ ਪਾ ਲਿਆ ਪਰ ਸਿੱਖਾਂ ਦੇ ਬਾਗੀਆਨਾਂ ਸੁਭਾਅ ਨੂੰ ਉਹ ਨਾ ਖ਼ਤਮ ਕਰ ਸਕਿਆ, ਇਸ ਲਈ ਉਸਨੇ ਸਾਮ ਦਾਮ ਭੇਦ ਦੰਡ ਸਭ ਹਥਕੰਡੇ ਵਰਤੇ ਪਰ ਗੱਲ ਨ ਬਣੀ। ਜਦ ਨਾਦਰ ਸ਼ਾਹ ਦੇ ਵੀ ਸਿੱਖ ਸਰਦਾਰਾਂ ਨੇ ਨਾਸੀਂ ਧੂਆਂ ਦਿੱਤਾ ਤਾਂ ਉਸਨੇ ਜ਼ਕਰੀਏ ਤੋਂ ਸਿੱਖਾਂ ਬਾਰੇ ਜੋ ਵਾਕਫੀਅਤ ਹਾਸਿਲ ਕੀਤੀ ਉਸਦੇ ਆਧਾਰ ਤੇ ਉਸਨੇ ਜ਼ਕਰੀਏ ਖਾਂ ਨੂੰ ਕਿਹਾ ਕਿ ਤੈਨੂੰ ਮੇਰੀ ਸਹਾਇਤਾ ਮਿਲੇਗੀ ਤੂੰ ਇਨ੍ਹਾਂ ਨੂੰ ਖਤਮ ਕਰ ਨਹੀਂ ਇਹਨਾਂ ਤੇਰੇ ਪੈਰਾਂ ਥੱਲੋਂ ਜ਼ਮੀਨ ਕੱਢੀ ਲੈ। ਜ਼ਕਰੀਆਂ ਖਾਂ ਹੁਣ ਸਿੱਖਾਂ ਦੀ ਰਤ ਦਾ ਭੁਖਾ ਹੋ ਗਿਆ ਤੇ ਉਸਨੇ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖੇ, ਦਰਬਾਰ ਸਾਹਿਬ ਦੇ ਸਰੋਵਰ ‘ਚ ਕਿਸੇ ਸਿੱਖ ਨੂੰ ਨ ਇਸ਼ਨਾਨ ਕਰਨ ਦੇਣ ਲਈ ਚੌਂਕੀ ਬਿਠਾ ਦਿੱਤੀ, ਮੱਸੇ ਰੰਗੜ ਮੰਡਿਆਲੀ ਵਾਲੇ ਨੇ ਦਰਬਾਰ ਸਾਹਿਬ ਪਲੰਘ ਡਾਹ ਲਿਆ, ਉਸਦੀ ਕਰਨੀ ਦੀ ਸਜਾ ਬੁੱਢੇ ਜੌਹੜ ਤੋਂ ਆ ਕੇ ਭਾਈ ਮਤਾਬ ਸਿੰਘ ਮੀਰਾਂਕੋਟ ਤੇ ਸੁਖਾ ਸਿੰਘ ਮਾੜੀ ਕੰਬੋ ਨੇ ਦਿੱਤੀ । ਜ਼ਕਰੀਏ ਨੇ ਫਿਰ ਮਤਾਬ ਸਿੰਘ ਮੀਰਾਂਕੋਟ ਵਾਲੇ ਦੇ ਪਰਿਵਾਰ ਦੀ ਸੂਹ ਕਿਵੇਂ ਹਰਭਗਤ ਨਿਰੰਜਨੀਏ ਦੁਆਰਾ ਕੱਢ ਉਸਦੇ ਇਕਲੌਤੇ ਪੁਤ ਰਾਇ ਸਿੰਘ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤੇ ਨੱਥੇ ਖਹਿਰੇ ਨੇ ਆਪਣੇ ਯਾਰ ਨਾਲ ਕੀਤੇ ਕੌਲ ਨੂੰ ਪਗਾਉਣ ਲਈ ਆਪਣਾ ਆਪਾ ਵਾਰਿਆ, ਇਸ ਕਿਤਾਬ ਨੂੰ ਪੜ੍ਹ ਕੇ ਪਤਾ ਲੱਗਦਾ ਹੈ।

ਪਹਿਲਾ ਘੱਲੂਘਾਰਾ’ ਇਸ ਕਿਤਾਬ ਅੰਦਰ ਨੇ ਲਖਪਤ ਰਾਏ ਉਰਫ ਲੱਖੂ ਭੱਸੂ ਦੇ ਜ਼ੁਲਮਾਂ ਨੂੰ ਬਿਆਨ ਕੀਤਾ ਹੈ, ਕਿਵੇਂ ਉਸਨੇ ਤੇ ਉਸਦੇ ਭਰਾ ਨੇ ਸਿੱਖਾਂ ਖਿਲਾਫ ਮੁਹਿਮਾਂ ਸ਼ੁਰੂ ਕੀਤੀਆਂ, ਉਸਦੇ ਭਰਾ ਜਸਪਤ ਰਾਏ ਦੇ ਸਿੱਖਾਂ ਹੱਥੋਂ ਕਤਲ ਹੋਣ ਪਿਛੋਂ ਕਿਵੇਂ ਉਹ ਗੁਰੂ ਘਰ ਦਾ ਦੋਖੀ ਬਣਿਆ ਤੇ ਉਸਨੇ ਗੁਰੂ ਕੀ ਬਾਣੀ ਦੀਆਂ ਪੋਥੀਆਂ, ਦੀ ਬੇਹੁਰਮਤੀ ਕੀਤੀ ,ਸਿੱਖਾਂ ਦਾ ਖੋਰਾ ਖੋਜ ਮਿਟਾਉਣ ਲਈ ਸਹੁੰ ਚੁਕੀ, ਕਾਹਨੂੰਵਾਨ ਦੀ ਛੰਭ ਦੇ ਹਮਲਾ, ਫੜੇ ਸਿੱਖਾਂ ਨੂੰ ਲਾਹੌਰ ਲਿਆ ਕੇ ਸ਼ਹੀਦ ਕਰਨਾ, ਕੁਝ ਦਿਨ੍ਹਾਂ ‘ਚ 10 ਤੋਂ 15 ਹਜ਼ਾਰ ਸਿੱਖਾਂ ਦੇ ਸ਼ਹੀਦ ਹੋ ਜਾਣ ਦੀ ਇਸ ਘਟਨਾਂ ਨੂੰ ਸਿਖ ਤਵਾਰੀਖ ਪਹਿਲੇ ਘੱਲੂਘਾਰੇ ਦੇ ਨਾਮ ਤੋਂ ਜਾਣਦੀ ਹੈ। ਇਸ ਕਿਤਾਬ ਵਿਚ ਇਸ ਤੋਂ ਪਹਿਲ੍ਹਾਂ ਛੱਪੀਆਂ ਇਸ ਘਟਨਾਂ ਨਾਲ ਸਬੰਧਿਤ ਕਿਤਾਬਾਂ ਨਾਲੋਂ ਕਾਫੀ ਕੁਝ ਨਵਾਂ ਹੈ, ਖ਼ਾਸ ਤੌਰ ਲਖਪਤ ਰਾਏ ਦਾ ਪੂਰਾ ਇਤਿਹਾਸ ।

‘ਅਬਦਾਲੀ, ਸਿੱਖ ਤੇ ਵੱਡਾ ਘੱਲੂਘਾਰਾ‘ ਕਿਤਾਬ ਲੇਖਕ ਦੀ ਖੋਜ ਦਾ ਸਿੱਖਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ । ਪੰਜਾਬੀ ਵਿਚ ਇਸ ਘਟਨਾਂ ’ਤੇ ਲਿਖੀ ਗਈ ਅੱਜ ਤਕ ਦੀ ਸਰਵੋਤਮ ਕ੍ਰਿਤ ਹੈ। ਇਸ ਵਿਚ ਤਫ਼ਸੀਲ ਵਿਚ ਅਹਿਮਦ ਸ਼ਾਹ ਅਬਦਾਲੀ ਉਥਾਨ ਤੋਂ ਲੈ ਕਿ ਉਸਦੇ ਹਿੰਦ ਤੇ ਕੀਤੇ ਸਭ ਹਮਲਿਆਂ ਤੇ ਖ਼ਾਸ ਤੌਰ ’ਤੇ ਸਿੱਖਾਂ ਤੇ ਕੀਤੇ ਬੇਅੰਤ ਕਤਲੇਆਮ ਤੋਂ ਬਾਅਦ ਵੀ ਸਿੱਖਾਂ ਦਾ ਉਠ ਖੜ੍ਹਨਾ, (1762 ’ਚ ਛੇਂਵੇ ਹੱਲੇ ਵਕਤ ਕੀਤੇ ਗਏ 25-30 ਹਜ਼ਾਰ ਸਿੱਖ, ਇਸਨੂੰ ਵੱਡਾ ਘੱਲੂਘਾਰਾ ਆਖਦੇ ਹਨ) ਹਿੰਦ ਦੇ ਜੇਤੂ ਦਾ ਸਿੱਖਾਂ ਨਾਲ ਸੁਲਾਹ ਕਰਨ ਲਈ ਤਤਪਰ ਹੋਣਾ, ਅਬਦਾਲੀ ਨੂੰ ਸਭ ਤੋਂ ਵੱਧ ਲਿੱਤਰ ਸਿੱਖਾਂ ਦੁਆਰਾ ਫਿਰਨਾ, ਉਸਦੇ ਢਹੇ ਦਿਲ ਨਾਲ ਲਾਹੌਰੋਂ ਨਿਕਲਣਾ ਤੇ ਸਿੱਖਾਂ ਦਾ ਪੰਜਾਬ ਦੇ ਖ਼ੁਦ ਮੁਖਤਿਆਰ ਬਣਨਾ, ਬਿਆਨ ਕੀਤਾ ਗਿਆ ਹੈ। ਪ੍ਰਕਾਸ਼ਕ ਨੇ ਦਰੁਸਤ ਲਿਖਿਆ ਹੈ ‘ਮੁੱਢਲੇ ਫ਼ਾਰਸੀ ਤੇ ਗੁਰਮੁਖੀ ਸਰੋਤਾਂ ਦੇ ਆਧਾਰ ‘ਤੇ ਲਿਖੀ ਇਹ ਪੁਸਤਕ ਸਿੱਖ ਇਤਹਾਸ ਦੇ ਲਹੂ ਭਿੱਜੇ ਅਧਿਆਇ ਨੂੰ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ ਕਿ ਚੜ੍ਹਦੀਕਲਾ ਵਾਲੇ ਪੰਥਕ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਤੇ ਉਚੇਰੇ ਪੰਥਕ ਜਜ਼ਬਾਤ ਪਾਠਕ ਦੇ ਅੰਗ ਸੰਗ ਹੋ ਜਾਂਦੇ ਹਨ। ਆਪਣੀ ਮਿਸਾਲ ਇਹ ਕਿਤਾਬ ਆਪ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬਲਦੀਪ ਸਿੰਘ ਰਾਮੂਵਾਲੀਆ

ਬਲਦੀਪ ਸਿੰਘ ਰਾਮੂੰਵਾਲੀਆ ਨੌਜਵਾਨ ਸਿੱਖ ਲੇਖਕ ਹਨ। ਆਪ ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਲੇਖ ਲਿਖਦੇ ਰਹਿੰਦੇ ਹਨ। ਆਪ ਦੀ ਸਿੱਖ ਇਤਿਹਾਸ ਦੇ ਉੱਤੇ ਚੰਗੀ ਪਕੜ ਹੈ। ਆਪ ਵੱਲੋਂ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਅਤੇ ਲਗਾਤਾਰ ਆਪ ਵੱਲੋਂ ਸਿੱਖ ਪੰਥ ਦੀ ਆਪਣੀ ਕਲਮ ਰਾਹੀ ਸੇਵਾ ਕੀਤੀ ਜਾ ਰਹੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)