editor@sikharchives.org

ਸ਼ੇਰੇ-ਪੰਜਾਬ ਤੇ ਉਨ੍ਹਾਂ ਦਾ ਰਾਜ-ਦਰਬਾਰ

ਅੰਗਰੇਜ਼ ਕਰਨੈਲ, ਸਰ ਚਾਰਲਜ਼ ਗਫ ਦੇ ਬਿਆਨ ਮਿਤੀ 1897 ਈ. ਦੇ ਸ਼ਬਦਾਂ ਵਿਚ "ਰਣਜੀਤ ਸਿੰਘ ਇਕ ਅਨੋਖੇ ਤੇ ਅਭਰਿੱਠ ਇਨਸਾਨ ਸਨ।"
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

(ਸਮਕਾਲੀ ਇਤਿਹਾਸਕਾਰਾਂ, ਬਦੇਸ਼ੀ ਸਫ਼ੀਰਾਂ ਤੇ ਸਫ਼ਰਨਾਮਾਕਾਰਾਂ ਦੇ ਅੱਖੀਂ-ਡਿੱਠੇ ਬਿਆਨਾਂ ਅਨੁਸਾਰ)

 ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਕ ਅਜਿਹੇ ਸੁਤੰਤਰ ਤੇ ਸ਼ਕਤੀਸ਼ਾਲੀ ਸਮਰਾਟ ਸਨ ਜਿਨ੍ਹਾਂ ਨੂੰ ਉਦੋਂ ਦੇ ਹਿੰਦੁਸਤਾਨ ਦਾ ਸਭ ਤੋਂ ਉੱਘਾ, ਤਕੜਾ ਤੇ ਸਿਰਕੱਢ ਸ਼ਾਸਕ ਮੰਨਿਆ ਗਿਆ ਸੀ; ਉਨ੍ਹਾਂ ਨੂੰ ਮਿਸਰ ਦੇ ਮੁਹੰਮਦ ਅਲੀ ਤੇ ਫ਼ਰਾਂਸ ਦੇ ਨੈਪੋਲੀਅਨ ਨਾਲ ਤੁਲਨਾਉਂਦਿਆਂ ਫ਼ਰਾਂਸੀਸੀ ਸਫ਼ੀਰ ਵਿਕਟਰ ਯਖਮੋਂ ਨੇ ਆਪਣੇ ਦੇਸ਼ ਦੀ ਸਰਕਾਰ ਤੇ ਜਨਤਾ ਨੂੰ ਅਕਤੂਬਰ 1829 ਵਿਚ ਲਿਖ ਭੇਜੀ ਚਿੱਠੀ ਰਾਹੀਂ ਦੱਸਿਆ ਸੀ: “ਰਣਜੀਤ ਸਿੰਘ ਇਕ ਬਿਲਕੁਲ ਆਜ਼ਾਦ ਬਾਦਸ਼ਾਹ ਹਨ ਅਤੇ ਏਸ਼ੀਆ ਵਿਚ ਬਰਤਾਨੀਆਂ ਤੋਂ ਬਾਅਦ, ਸਭ ਤੋਂ ਭਾਰੀ ਰਾਜ-ਸ਼ਕਤੀ ਦੇ ਮਾਲਕ ਹਨ।” (ਲੈਟਰਜ਼ ਫ਼ਰਾਮ ਇੰਡੀਆ, ਲੰਡਨ, 1834, ਪੰਨਾ 251)

ਉਹ ਤਾਂ ਇਕ ਅਜਿਹੇ ਪਰਬੀਨ, ਪਰਤਾਪੀ ਤੇ ਸੁਪ੍ਰਸਿੱਧ ਬਾਦਸ਼ਾਹ ਸਨ ਜਿਨ੍ਹਾਂ ਦੇ ਦਰਬਾਰ ਦੀ ਸ਼ਾਨ-ਸ਼ੌਕਤ ਹਰ ਦੇਸੀ-ਬਦੇਸ਼ੀ ਦੀਆਂ ਅੱਖਾਂ ਚੁੰਧਿਆ ਰਹੀ ਸੀ ਅਤੇ ਜਿਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਇਕ ਸਮਕਾਲੀ ਜਰਮਨ ਦਰਸ਼ਕ, ਕਰਨਲ ਸਟੇਨਬਾਖ ਨੇ ਲਿਖਿਆ ਸੀ : “ਇਸ ਵਿਚ ਉਹ ਸਭ ਕੁਝ ਮੌਜੂਦ ਸੀ ਜੋ ਇਨਸਾਨੀ ਤਸੱਵਰ ਮਨੁੱਖੀ ਮਹਾਨਤਾ ਦੇ ਸੰਬੰਧ ਵਿਚ ਕਿਆਸ ਕਰ ਸਕਦਾ ਹੈ; ਜੋ ਅਤਿ ਉਮਾਹੂ ਕਲਪਨਾ ਸ਼ਾਹੀ ਸ਼ਾਨ ਦੀ ਸਿਖਰ ਨੂੰ ਪ੍ਰਗਟਾਉਣ ਲਈ ਚਿਤਾਰ ਸਕਦੀ ਹੈ। ਯੂਰਪ ਦੇ ਸ਼ਾਇਦ ਹੀ ਕਿਸੇ ਰਾਜ-ਦਰਬਾਰ ਕੋਲ ਉਹੋ ਜਿਹੇ ਕੀਮਤੀ ਹੀਰੇ ਤੇ ਜਵਾਹਰ ਮੌਜੂਦ ਹੋਣ ਜਿਹੋ ਜਿਹੇ ਲਾਹੌਰ ਦਰਬਾਰ ਦੇ ਖ਼ਜ਼ਾਨੇ ਵਿਚ ਸੰਚਿਤ ਹਨ।” (ਪੰਜਾਬ, ਏ ਬ੍ਰੀਫ਼ ਅਕਾਊਂਟ ਆਫ਼ ਦੀ ਕੰਟਰੀ ਆਫ਼ ਦੀ ਸਿੱਖਸ, ਲੰਡਨ, 1846, ਪੰਨਾ 16-17) ਜਿੱਥੋਂ ਤਕ ਉਸ ਦਰਬਾਰ ਨਾਲ ਸੰਬੰਧਤ ਬੰਦਿਆਂ ਦੀ ਆਨ-ਸ਼ਾਨ ਦਾ ਤੁਅੱਲਕ ਹੈ, ਡਾ. ਕੇ.ਕੇ. ਖੁਲਰ ਨੇ ਲਿਖਿਆ ਹੈ: “ਸਾਰੇ ਅੰਗਰੇਜ਼ੀ ਬਿਰਤਾਂਤਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਉਸ ਵਿਚ ਸ਼ਾਮਲ ਪੁਰਸ਼ਾਂ ਦੀਆਂ ਅਤਿ ਸੁੰਦਰ ਸੂਰਤਾਂ ਤੇ ਅਤਿ ਵਧੀਆ ਪੁਸ਼ਾਕਾਂ ਦੀ ਸ਼ਾਨ-ਸ਼ੌਕਤ ਸਦਕਾ, ਦੁਨੀਆਂ ਦੇ ਸਭ ਸ਼ਾਹੀ ਦਰਬਾਰਾਂ ਤੋਂ ਬਾਜ਼ੀ ਲੈ ਗਿਆ ਸੀ।” (ਮਹਾਰਾਜਾ ਰਣਜੀਤ ਸਿੰਘ, ਨਵੀਂ ਦਿੱਲੀ, 1980, ਪੰਨਾ 196) ਅਤੇ ਜਿੱਥੋਂ ਤਕ ਉਸ ਵਿਚ ਕਾਇਮ ਜ਼ਬਤ, ਬਾਕਾਇਦਗੀ ਤੇ ਅਦਬ- ਆਦਾਬ ਦਾ ਸੰਬੰਧ ਹੈ, ਸੰਨ 1823 ਤੋਂ 1846 ਤਕ ਲੁਧਿਆਣੇ ਰਹੇ ਕੈਪਟਨ ਵੇਡ, ਈਸਟ ਇੰਡੀਆ ਕੰਪਨੀ ਦੇ ਪੋਲੀਟੀਕਲ ਅਸਿਸਟੈਂਟ ਨੇ ਰੈਜ਼ੀਡੈਂਟ ਮੈਟਕਾਫ਼ ਵੱਲ ਦਿੱਲੀ ਭੇਜੀ ਆਪਣੀ ਰਿਪੋਰਟ (ਮਿਤੀ 1 ਅਗਸਤ, 1827) ਵਿਚ ਲਿਖਿਆ ਸੀ: “ਸਾਰੀ ਸਭਾ ਦੇ ਜ਼ਬਤ ਤੇ ਬਾਕਾਇਦਗੀ, ਅਮੀਰਾਂ-ਵਜ਼ੀਰਾਂ ਦਾ ਮਹਾਰਾਜੇ ਲਈ ਮਾਣ-ਸਨਮਾਨ ਅਤੇ ਉਨ੍ਹਾਂ ਦੇ ਇਕ-ਦੂਜੇ ਲਈ ਅਦਬ-ਆਦਾਬ ਦੀ ਸ਼ਲਾਘਾ ਨਾ ਕਰਨੀ ਨਾ ਮੁਮਕਿਨ ਸੀ। ਕਿਸੇ ਗੁਸਤਾਖ਼ ਬੇਤਕੱਲਫ਼ੀ, ਘਬਰਾਹਟ ਜਾਂ ਘੜਮੱਸ ਦਾ ਨਾਂ-ਨਿਸ਼ਾਨ ਵੀ ਨਹੀਂ ਸੀ। ਹਰ ਕਿਸੇ ਨੂੰ ਆਪਣੀ ਥਾਂ ਤੇ ਪਦਵੀ ਦਾ ਪਤਾ ਸੀ; ਹਰ ਕੋਈ ਆਪਣੇ ਫ਼ਰਜ਼ ਤੇ ਜ਼ਿੰਮੇਵਾਰੀ ਤੋਂ ਸੁਚੇਤ ਸੀ।” (ਚਿੱਠੀ ਨੰ: 3, ਜਿਲਦ 33, ਰੇਂਜ 125, ਮਿਤੀ 12-10-1827)

 ਜਿੱਥੋਂ ਤਕ ਮਹਾਰਾਜੇ ਦੇ ਆਪਣੇ ਜਾਹੋ-ਜਲਾਲ ਦਾ ਸੰਬੰਧ ਹੈ, ਬਹੁਤ ਸਾਰੇ ਸਮਕਾਲੀ ਬਿਰਤਾਂਤਕਾਰਾਂ, ਇਤਿਹਾਸਕਾਰਾਂ ਅਤੇ ਸਫ਼ਰਨਾਮਾਕਾਰਾਂ ਆਦਿ ਨੇ ਆਪੋ- ਆਪਣੀਆਂ ਪੁਸਤਕਾਂ ਵਿਚ ਹੇਠ ਲਿਖੇ ਅਨੁਸਾਰ ਇਕ ਵਚਿੱਤਰ ਜਾਂ ਵਿਲੱਖਣ, ਅਨੂਠਾ ਜਾਂ ਅਨੋਖਾ, ਅਸਾਧਾਰਨ ਜਾਂ ਗ਼ੈਰ-ਮਾਮੂਲੀ ਹਸਤੀ ਮੰਨਿਆ ਹੈ। ਜਿਵੇਂ:

  • ਇੰਗਲੈਂਡ ਦੇ ਬਾਦਸ਼ਾਹ ਵਿਲੀਅਮ ਦੇ ਸਫ਼ੀਰ ਜਾਂ ਰਾਜਦੂਤ, ਸਰ ਅਲੈਗਜ਼ੈਂਡਰ ਬਰਨਜ਼ ਦੇ ਬਿਆਨ ਮਿਤੀ 1831 ਈ. ਅਨੁਸਾਰ “ਰਣਜੀਤ ਸਿੰਘ, ਹਰ ਪੱਖੋਂ ਇਕ ਅਸਾਧਾਰਨ ਹਸਤੀ ਹਨ। ਮੈਂ ਉਨ੍ਹਾਂ ਦੇ ਫ਼ਰਾਂਸੀਸੀ ਅਫਸਰਾਂ ਨੂੰ (ਜੋ ਸਭ ਲਾਗਲੀਆਂ ਰਾਜ ਸ਼ਕਤੀਆਂ ਤੋਂ ਜਾਣੂ ਹਨ) ਇਹ ਕਹਿੰਦਿਆਂ ਸੁਣਿਆ ਹੈ ਕਿ ਕੁਸਤਨਤੁਨੀਆ (ਟਰਕੀ) ਤੋਂ ਲੈ ਕੇ ਹਿੰਦੁਸਤਾਨ ਤਕ ਉਨ੍ਹਾਂ ਦਾ ਕੋਈ ਵੀ ਸਾਨੀ ਜਾਂ ਸਮਰੂਪ ਕਿਤੇ ਵੀ ਨਹੀਂ।” (ਟਰੈਵਲਜ਼ ਇਨਟੂ ਬੁਖਾਰਾ, ਲੰਡਨ, 1834, ਜਿਲਦ 1, ਪੰਨਾ 140)
  • ਫ਼ਰਾਂਸ ਦੀ ਸਰਕਾਰ ਵੱਲੋਂ ਭੇਜੇ ਹੋਏ ਪ੍ਰਤੀਨਿਧ, ਫਰੈਂਚ ਨੈਚਰਲ ਹਿਸਟਰੀ ਮਿਊਜ਼ੀਅਮ ਦੇ ਪ੍ਰਸਿੱਧ ਵਿਗਿਆਨੀ ਵਿਕਟਰ ਯਖਮੋਂ ਦੇ ਬਿਆਨ ਮਿਤੀ 1831 ਈ. ਮੁਤਾਬਕ “ਉਹ ਲਗਭਗ ਪਹਿਲੇ ਅਜਿਹੇ ਘੋਖੀ ਤੇ ਹਰ ਗੱਲ ਜਾਣਨ ਲਈ ਉਤਸੁਕ ਹਿੰਦੁਸਤਾਨੀ ਹਨ ਜੋ ਮੈਂ ਕਦੇ ਡਿੱਠੇ-ਭਾਖੇ ਹਨ। (ਲੈਟਰਜ਼ ਫ਼ਰਾਮ ਇੰਡੀਆ, ਡਿਸਕਰਾਈਬਿੰਗ ਏ ਜਰਨੀ, ਜਿਲਦ 2, ਪੰਨਾ 22)
  • ਬਰਤਾਨਵੀ ਹਿੰਦ ਦੇ ਉਦੋਂ ਦੇ ਗਵਰਨਰ ਜਰਨਲ ਦੇ ਮਿਲਟਰੀ ਸੈਕੇਟਰੀ, ਮਿਸਟਰ ਵਿਲੀਅਮ ਆਸਬੋਰਨ ਦੇ ਬਿਆਨ ਮਿਤੀ 1831 ਈ. ਅਨੁਸਾਰ “ਕੋਈ ਵੀ ਬੰਦਾ ਰਣਜੀਤ ਸਿੰਘ ਦੇ ਇਕ ਬਹੁਤ ਹੀ ਗ਼ੈਰਮਾਮੂਲੀ ਇਨਸਾਨ ਹੋਣ ਦਾ ਅਹਿਸਾਸ ਗ੍ਰਹਿਣ ਕਰੇ ਬਿਨਾਂ ਨਹੀਂ ਰਹਿ ਸਕਦਾ। ਮੈਂ ਤਾਂ ਉਨ੍ਹਾਂ ਨੂੰ ਜਿਤਨਾ ਜ਼ਿਆਦਾ ਵੇਖਦਾ ਤੇ ਵਿਚਾਰਦਾ ਹਾਂ, ਉਹ ਮੈਨੂੰ ਉਤਨੇ ਹੀ ਜ਼ਿਆਦਾ ਅਸਾਧਾਰਨ ਮਨੁੱਖ ਪ੍ਰਤੀਤ ਹੁੰਦੇ ਹਨ। (ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ, ਲੰਡਨ 1840, ਪੰਨਾ 32 ਤੇ 35)
  • ਪ੍ਰਸਿੱਧ ਇਤਿਹਾਸਕਾਰ ਜਾਰਜ ਮਾਰਸ਼ਮੈਨ ਦੇ ਬਿਆਨ ਮਿਤੀ 1867 ਈ. ਮੁਤਾਬਕ “ਉਹ ਆਪਣੇ ਸਮੇਂ ਵਿਚ, ਕੁਸਤਨਤੁਨੀਆ (ਟਰਕੀ) ਤੇ ਪੀਕਿੰਗ (ਚੀਨ) ਵਿਚਲੇ ਖੇਤਰ ਦੇ ਸਭ ਤੋਂ ਵਿਲੱਖਣ ਇਨਸਾਨ ਸਨ।” (ਹਿਸਟਰੀ ਆਫ਼ ਇੰਡੀਆ, ਜਿਲਦ 1, ਪੰਨਾ 39)
  • ਅੰਗਰੇਜ਼ ਕਰਨੈਲ, ਸਰ ਚਾਰਲਜ਼ ਗਫ ਦੇ ਬਿਆਨ ਮਿਤੀ 1897 ਈ. ਦੇ ਸ਼ਬਦਾਂ ਵਿਚ “ਰਣਜੀਤ ਸਿੰਘ ਇਕ ਅਨੋਖੇ ਤੇ ਅਭਰਿੱਠ ਇਨਸਾਨ ਸਨ।” (ਦੀ ਸਿੱਖਸ ਐਂਡ ਦੀ ਸਿੱਖ ਵਾਰਜ਼, ਜਿਲਦ 4, ਪੰਨਾ 39, ਲੰਡਨ, 1897)
  • ਅੰਗਰੇਜ਼ ਜਰਨੈਲ, ਸਰ ਜਾਨ ਗਾਰਡਨ ਦੇ ਬਿਆਨ ਮਿਤੀ 1904 ਈ. ਅਨੁਸਾਰ ਵੀ “ਰਣਜੀਤ ਸਿੰਘ ਇਕ ਬੇਮਿਸਾਲ ਸ਼ਖ਼ਸੀਅਤ ਸਨ।” (ਦੀ ਸਿੱਖਸ, ਲੰਡਨ, 1904, ਪੰਨਾ 110)

ਤਦੇ ਤਾਂ ਪੰਜਾਬ ਅਤੇ ਇਸ ਦੇ ਇਸ ਅਨੂਠੇ ਬਾਦਸ਼ਾਹ ਦੇ ਅਜਿਹੇ ਵਸਫ਼ਾਂ ਤੇ ਵਡਿਆਈਆਂ ਦਾ ਜ਼ਿਕਰ ਕੇਵਲ ਦੇਸ਼ ਵਿਚ ਹੀ ਨਹੀਂ, ਬਦੇਸ਼ਾਂ ਵਿਚ ਵੀ ਆਮ ਹੋ ਰਿਹਾ ਸੀ।

ਤਦੇ ਤਾਂ ਉਸ ਨਾਲ ਦੋਸਤਾਨਾ ਸੰਬੰਧ ਕਾਇਮ ਕਰਨ ਲਈ ਸਿਰਫ਼ ਇੰਗਲੈਂਡ ਦਾ ਬਾਦਸ਼ਾਹ ਹੀ ਨਹੀਂ, ਰੂਸ ਤੇ ਫ਼ਰਾਂਸ ਦੇ ਬਾਦਸ਼ਾਹ ਵੀ ਬਲਾਈਆਂ ਲੈ ਰਹੇ ਸਨ। ਤਦੇ ਤਾਂ ਹਿੰਦੁਸਤਾਨ ਦੇ ਕੇਵਲ ਹਿੰਦੂ ਸਿੱਖ ਰਾਜੇ ਹੀ ਨਹੀਂ, ਮੁਸਲਮਾਨ ਹਾਕਮ ਵੀ ਉਸ ਦੀ ਸ਼ਰਨ ਤੇ ਸਹਾਇਤਾ ਲੈਂਦੇ ਅਤੇ ਉਸ ਦੀ ਦੋਸਤੀ ਦਾ ਦਮ ਭਰਦੇ ਨਜ਼ਰ ਆ ਰਹੇ ਸਨ।

ਉਨ੍ਹਾਂ ਦੇ ਦੇਹਾਂਤ ਤੋਂ ਅੱਠ ਕੁ ਵਰ੍ਹੇ ਪਹਿਲਾਂ ਭਾਵ ਸੰਨ 1831 ਦੇ ਹਾਲਾਤ ਦਾ ਜਾਇਜ਼ਾ ਲੈਂਦਿਆਂ, ਕੈਪਟਨ ਕਨਿੰਘਮ ਨੇ ਲਿਖਿਆ ਸੀ : “ਮਹਾਰਾਜਾ ਰਣਜੀਤ ਸਿੰਘ ਦੀ ਸ਼ੁਹਰਤ ਹੁਣ ਆਪਣੇ ਸਿਖਰ ਉੱਤੇ ਸੀ ਅਤੇ ਦੂਰ-ਦੁਰਾਡੇ ਦੇਸ਼ਾਂ ਦੇ ਬਾਦਸ਼ਾਹ ਉਨ੍ਹਾਂ ਦੀ ਦੋਸਤੀ ਪ੍ਰਾਪਤ ਕਰਨ ਲਈ ਯਤਨ ਕਰ ਰਹੇ ਸਨ। ਸੰਨ 1829 ਵਿਚ ਬਲੋਚਿਸਤਾਨ ਦੇ ਏਲਚੀ ਉਨ੍ਹਾਂ ਲਈ ਘੋੜੇ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਇਸ ਗੱਲ ਦੀ ਆਸ ਪ੍ਰਗਟ ਕੀਤੀ ਸੀ ਕਿ ਦਰਿਆ ਸਿੰਧ ਦੇ ਪੱਛਮ ਵੱਲ ਵਾਕਿਆ ਹਰੰਦ ਤੇ ਦਜਲ ਦੀਆਂ ਸਰਹੱਦੀ ਚੌਕੀਆਂ ਜੋ ਇਨ੍ਹਾਂ ਦੇ ਬਹਾਵਲਪੁਰੀ ਜਾਗੀਰਦਾਰ ਨੇ ਹੜੱਪ ਲਈਆਂ ਸਨ, ਉਨ੍ਹਾਂ ਦੇ ਖਾਨ ਨੂੰ ਮੋੜ ਦਿੱਤੀਆਂ ਜਾਣ। ਮਹਾਰਾਜਾ ਸਾਹਿਬ ਹਰਾਤ ਦੇ ਸ਼ਾਹ ਮਹਿਮੂਦ ਨਾਲ ਵੀ ਇਸੇ ਤਰ੍ਹਾਂ ਦਾ ਪੱਤਰ- ਵਿਹਾਰ ਕਰ ਰਹੇ ਸਨ।”ਸੰਨ 1830 ਵਿਚ ਉਨ੍ਹਾਂ ਨੂੰ ਗਵਾਲੀਅਰ ਦੀ ਮਹਾਰਾਣੀ ਬੈਜਾ ਬਾਈ ਨੇ ਜਵਾਨ ਸਿੰਧੀਆ ਦੇ ਵਿਆਹ ਸਮਾਗਮ ਨੂੰ ਆਪਣੀ ਮੌਜੂਦਗੀ ਨਾਲ ਨਿਵਾਜਣ ਲਈ ਸੱਦਾ ਭੇਜਿਆ ਸੀ।

ਅੰਗਰੇਜ਼ਾਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਰੂਸ ਨਾਲ ਵੀ ਚਿੱਠੀ-ਪੱਤਰ ਆਰੰਭਿਆ ਹੋਇਆ ਹੈ ਅਤੇ ਉਹ ਆਪ ਵੀ ਆਪਣੇ ਅਸਰ-ਰਸੂਖ ਤੇ ਵਿਹਾਰ-ਵਪਾਰ ਦੇ ਵਾਧੇ ਵਾਸਤੇ, ਉਨ੍ਹਾਂ ਦੀ ਸਹਾਇਤਾ ਲੈਣ ਲਈ ਉਨ੍ਹਾਂ ਦੀ ਚਾਪਲੂਸੀ ਸ਼ੁਰੂ ਕਰਨ ਵਾਲੇ ਸਨ।” (ਏ ਹਿਸਟਰੀ ਆਫ਼ ਦੀ ਸਿੱਖਸ, ਲੰਡਨ, 1849, ਪੰਨਾ 172-73)

ਰਤਾ ਅਗੇਰੇ ਜਾ ਕੇ ਸੰਨ 1838 ਦੀ ਸਥਿਤੀ ਨੂੰ ਜੋਖਦਿਆਂ, ਉਸ ਨੇ ਇਹ ਵੀ ਦੱਸਿਆ ਸੀ ਕਿ “ਇਹ ਪ੍ਰਤੱਖ ਸੀ ਕਿ ਰਣਜੀਤ ਸਿੰਘ ਆਪਣੀ ਤਾਂਘ ਤੇ ਟੀਚੇ ਦੀ ਚੋਟੀ ਉੱਤੇ ਪਹੁੰਚ ਚੁਕੇ ਸਨ। ਉਹ ਉਸ ਸਲਤਨਤ ਦੀ ਕਿਸਮਤ ਦੇ ਇਕ ਸਾਲਸ ਵੀ ਮੰਨੇ ਜਾ ਚੁਕੇ ਸਨ ਜੋ ਉਨ੍ਹਾਂ ਦੇ ਪਿਤਾ-ਪਿਤਾਮਿਆਂ ਉੱਤੇ ਬੜਾ ਜਬਰ ਤੇ ਜ਼ੁਲਮ ਵੀ ਕਰਦੀ ਰਹੀ ਸੀ। ਹਿੰਦੁਸਤਾਨ ਦੇ ਬਦੇਸ਼ੀ ਸਿਰਤਾਜ ਵੀ ਉਨ੍ਹਾਂ ਨਾਲ ਵੱਧ ਤੋਂ ਵੱਧ ਆਦਰ-ਭਾਅ ਨਾਲ ਪੇਸ਼ ਆ ਰਹੇ ਸਨ।” (ਉਕਤ, ਪੰਨਾ 199)

 ਕਨਿੰਘਮ ਦਾ ਇਹ ਕਥਨ ਵੀ ਇਕ ਹਕੀਕਤ ਦਾ ਹੀ ਸੱਚਾਵਾਂ ਬਿਆਨ ਹੈ। ਉਸ ਦੇ ਵਤਨ ਦੇ ਬਾਦਸ਼ਾਹ, ਵਿਲੀਅਮ ਚੌਥੇ ਨੇ ਸ਼ੇਰੇ-ਪੰਜਾਬ ਨੂੰ ਸੰਨ 1830-31 ਵਿਚ ਇਕ ਖ਼ਾਸ ਏਲਚੀ, ਸਰ ਅਲੈਗਜੈਂਡਰ ਬਰਨਜ਼ ਰਾਹੀਂ ਮਿੱਤਰਤਾ ਦਾ ਇਕ ਸ਼ਾਨਦਾਰ ਪੱਤਰ ਅਤੇ ਕਈ ਕੀਮਤੀ ਤੋਹਫ਼ੇ ਭੇਜ ਕੇ ਦੋਸਤੀ ਦਾ ਹੱਥ ਵਧਾਇਆ ਸੀ।

ਬਰਤਾਨਵੀ ਹਿੰਦ ਦੇ ਦੋ ਗਵਰਨਰ ਜਨਰਲ ਲਾਰਡ ਬੈਂਟਿਕ ਤੇ ਲਾਰਡ ਆਕਲੈਂਡ ਅਤੇ ਉਦੋਂ ਦੇ ਕਮਾਂਡਰ-ਇਨ-ਚੀਫ਼, ਸਰ ਹੈਨਰੀ ਫ੍ਰੇਨ, ਸ਼ੇਰੇ-ਪੰਜਾਬ ਨਾਲ ਮੇਲ- ਮਿਲਾਪ ਤੇ ਵਿਚਾਰ-ਵਟਾਂਦਰੇ ਲਈ ਕ੍ਰਮਵਾਰ 1831, 1837 ਤੇ 1838 ਵਿਚ, ਪੰਜਾਬ ਰਾਜ ਦੇ ਸ਼ਹਿਰਾਂ- ਲਾਹੌਰ, ਫ਼ਿਰੋਜ਼ਪੁਰ ਤੇ ਰੋਪੜ ਵਿਚ ਖ਼ੁਦ ਆਪ ਆਏ ਸਨ। 26 ਅਕਤੂਬਰ, 1831 ਨੂੰ ਰੋਪੜ ਵਿਖੇ ਹੋਈ ਲਾਰਡ ਬੈਂਟਿਕ ਨਾਲ ਮੁਲਾਕਾਤ ਦੀ ਆਨ-ਸ਼ਾਨ ਤਾਂ ਜਗਤੀ ਚਰਚਾ ਦਾ ਵਿਸ਼ਾ ਬਣ ਗਈ ਸੀ; ਅਤੇ ਮੌਕੇ ਦੇ ਬਦੇਸ਼ੀ ਗਵਾਹਾਂ ਨੇ ਇਸ ਨੂੰ ‘ਪੰਜਾਬ ਦਾ ਸਵਰਨ ਖੇਤਰ’ ਦੱਸਿਆ ਤੇ ਲਿਖਿਆ ਸੀ। (ਫ੍ਰੇਨ, ਫਾਈਵ ਯੀਅਰਜ਼ ਇਨ ਇੰਡੀਆ, ਲੰਡਨ, 1845, ਕਾਂਡ 7-10) ਜਿੱਥੋਂ ਤਕ ਇਨ੍ਹਾਂ ਮੁਲਾਕਾਤਾਂ ਨੂੰ ਇਉਂ ਪ੍ਰਬੰਧਣ ਵਾਲੇ ਮਹਾਰਾਜੇ ਦਾ ਸੰਬੰਧ ਹੈ, ਮਗਰਲੇ ਗਵਰਨਰ ਜਨਰਲ ਲਾਰਡ ਆਕਲੈਂਡ ਨੇ ਸੰਨ 1838 ਵਿਚ ਉਨ੍ਹਾਂ ਨੂੰ “ਸਾਡਾ (ਭਾਵ ਅੰਗਰੇਜ਼ਾਂ ਦਾ) ਸਭ ਤੋਂ ਤਾਕਤਵਰ ਤੇ ਕਦਰਯੋਗ ਦੋਸਤ” ਮੰਨਿਆ ਸੀ। (ਆਕਲੈਂਡ ਦਾ ਨੋਟ, ਮਿਤੀ 12 ਮਈ, 1838)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Harnam Singh Shan
ਸਾਬਕਾ ਮੁਖੀ ਸਿੱਖ ਸਟੱਡੀਜ਼ ਵਿਭਾਗ -ਵਿਖੇ: ਪੰਜਾਬ ਯੂਨੀਵਰਸਿਟੀ

ਮਰਹੂਮ ਸਰਦਾਰ ਸਰਵਨ ਸਿੰਘ ਅਤੇ ਸਰਦਾਰਨੀ ਤੇਜ ਕੌਰ ਦੇ ਪੁੱਤਰ ਹਰਨਾਮ ਸਿੰਘ ਦਾ ਜਨਮ 1923 ਵਿੱਚ ਪਿੰਡ ਧਮਾਲ ਵਿੱਚ ਹੋਇਆ ਸੀ ਰਾਵਲਪਿੰਡੀ, ਜੋ ਹੁਣ ਪੱਛਮੀ ਪੰਜਬ, ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਕਿੱਤੇ ਦੀ ਬਜਾਏ ਵਧੇਰੇ ਧਰਮ, ਲੋਕਧਾਰਾ ਅਤੇ ਧਰਮ ਨਿਰਪੱਖ ਸਾਹਿਤ ਦੇ ਇਤਿਹਾਸ ਬਾਰੇ ਸਮਰਪਣ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ (1948-58) ਵਿੱਚ ਸੰਪਾਦਕ ਵਜੋਂ ਕੀਤੀ । ਉਹ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਵਿਭਾਗ (1959-62) ਦੇ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ 'ਤੇ ਪਹੁੰਚ ਗਏ ਅਤੇ ਫਿਰ ਗੁਰੂ ਨਾਨਕ ਚੇਅਰ ਅਤੇ ਸਿੱਖ ਸਟੱਡੀਜ਼ ਵਿਭਾਗ (1972-84) ਦੇ ਮੁਖੀ ਵਜੋਂ ਪਹੁੰਚ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)