editor@sikharchives.org
ਸਿੱਖ ਸੱਭਿਆਚਾਰ ਅਤੇ ਬਾਣੀ

ਸਿੱਖ ਸੱਭਿਆਚਾਰ ਅਤੇ ਬਾਣੀ

ਗੁਰਬਾਣੀ ਵਿਚ ਇਹ ਸਮਰੱਥਾ ਹੈ ਕਿ ਇਸ ਦੇ ਅਨੁਸਾਰੀ ਹੋ ਕੇ ਚੱਲਣ ਨਾਲ ਮਨੁੱਖ ਸਹੀ ਅਰਥਾਂ ਵਿਚ ਸੱਭਿਅਕ ਬਣਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ‘ਸਭਯ’ ਸ਼ਬਦ ਦੇ ਅਰਥ ਸਭਾ ਵਿਚ ਬੈਠਣ ਲਾਇਕ, ਅਦਬ ਅਤੇ ਇਲਮ ਸਿੱਖਿਆ ਹੋਇਆ, ਤਹਿਜ਼ੀਬ ਯਾਫਤਾ ਕੀਤੇ ਹਨ। ਇਸੇ ਤਰ੍ਹਾਂ ਆਪ ਜੀ ਨੇ ‘ਸਭਯਤਾ’ ਸ਼ਬਦ ਦੇ ਅਰਥ ਸਭਾ ਵਿਚ ਬੈਠਣ- ਬੋਲਣ ਦੀ ਯੋਗਤਾ, ਲਿਆਕਤ, ਭਲਮਣਸਊ, ਸ਼ਰਾਫ਼ਤ, ਤਹਿਜ਼ੀਬ ਕੀਤੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਤ ‘ਪੰਜਾਬੀ ਯੂਨੀਵਰਸਿਟੀ ਪੰਜਾਬੀ-ਅੰਗਰੇਜ਼ੀ ਕੋਸ਼’ ਵਿਚ ਸੱਭਿਅਤਾ ਜਾਂ ਸੱਭਿਆਚਾਰ ਦੇ ਅਰਥਾਂ ਲਈ ਅੰਗਰੇਜ਼ੀ ਦੇ ਸ਼ਬਦ Culture, civilization, decency, good, manners, civility, cultured conduct or behavior, moral living ਦੱਸੇ ਹਨ। ਉਪਰੋਕਤ ਅਰਥਾਂ ਤੋਂ ਸਪੱਸ਼ਟ ਹੈ ਕਿ ਸੱਭਿਅਤਾ ਜਾਂ ਸੱਭਿਆਚਾਰ ਦਾ ਮੁੱਖ ਗੁਣ ਆਚਰਨ ਜਾਂ ਸਦਾਚਾਰ ਹੈ। ਪ੍ਰਸਿੱਧ ਵਿਦਵਾਨ ਅਤੇ ਨਿਬੰਧਕਾਰ ਐਮਰਸਨ ਨੇ ਆਪਣੇ ਲੇਖ ‘ਸੱਭਿਅਤਾ’ ਵਿਚ ਬਹੁਤ ਹੀ ਸੁੰਦਰ ਲਿਖਿਆ ਹੈ, “ਮਨੁੱਖ ਦੀ ਭਾਈਚਾਰਕ ਉੱਨਤੀ ਅਤੇ ਸੁਧਾਰ ਲਈ ਸਭ ਤੋਂ ਜ਼ਰੂਰੀ ਚੀਜ਼ ਮਨੁੱਖੀ ਆਚਰਨ ਹੈ। ਗੰਭੀਰ ਆਚਰਨ ਤੋਂ ਬਿਨਾਂ ਕੋਈ ਸੱਭਿਅਤਾ ਉੱਚੀ ਹੋ ਹੀ ਨਹੀਂ ਸਕਦੀ।… ਉਚੇਰੀ ਸੱਭਿਅਤਾ ਦਾ ਨਿਸ਼ਾਨਾ ਰੱਖਣ ਵਾਲੀ ਕਿਸੇ ਕੌਮ ਲਈ ਸਦਾਚਾਰ ਸਭ ਤੋਂ ਵਧੀਕ ਲੋੜੀਂਦੀ ਜ਼ਰੂਰੀ ਚੀਜ਼ ਹੈ।” ਐਮਰਸਨ ਨੇ ਆਪਣੇ ਇਸ ਲੇਖ ਵਿਚ ਸੱਭਿਅਤਾ ਲਈ ਆਚਰਨ, ਵਿੱਦਿਆ, ਸਵੈ-ਸਤਿਕਾਰ, ਆਤਮਿਕ-ਜੀਵਨ, ਦੇਸ਼-ਭਗਤੀ, ਵਧੀਆ ਰਾਜ ਪ੍ਰਬੰਧ, ਇਸਤਰੀ ਜਾਤੀ ਦਾ ਸਨਮਾਨ, ਸੰਚਾਰ-ਸਾਧਨ, ਵਿਗਿਆਨਕ ਤਰੱਕੀ, ਆਪਣੇ ਸੱਭਿਆਚਾਰ ਪ੍ਰਤੀ ਪਿਆਰ ਆਦਿ ਗੁਣ ਜ਼ਰੂਰੀ ਦੱਸੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਮਨੁੱਖ ਦੇ ਜੀਵਨ ਦੇ ਹਰ ਪੱਖ ਨੂੰ ਚੰਗਾ ਬਣਾਉਣ ਲਈ ਉਪਦੇਸ਼ ਦਿੱਤਾ ਗਿਆ ਹੈ। ਗੁਰਬਾਣੀ ਵਿਚ ਇਹ ਸਮਰੱਥਾ ਹੈ ਕਿ ਇਸ ਦੇ ਅਨੁਸਾਰੀ ਹੋ ਕੇ ਚੱਲਣ ਨਾਲ ਮਨੁੱਖ ਸਹੀ ਅਰਥਾਂ ਵਿਚ ਸੱਭਿਅਕ ਬਣਦਾ ਹੈ। ਸੰਗਤੀ ਰੂਪ ਵਿਚ ਅਜਿਹੇ ਗੁਰਮੁਖ ਇਕ ਉੱਚੇ-ਸੁੱਚੇ ਸਮਾਜ ਦੀ ਸਿਰਜਨਾ ਕਰਨ ਦੇ ਯੋਗ ਹੁੰਦੇ ਹਨ। ਸ਼ਰਾਫ਼ਤ ਅਤੇ ਤਹਿਜ਼ੀਬ ਸਿੱਖਣ ਲਈ ਗੁਰਬਾਣੀ ਸਾਡੀ ਕਦਮ-ਕਦਮ ’ਤੇ ਅਗਵਾਈ ਕਰਦੀ ਹੈ। ਮਨੁੱਖਾਂ ਦੀ ਬੋਲ-ਚਾਲ, ਰਹਿਣੀ-ਬਹਿਣੀ, ਰੀਤਾਂ-ਰਸਮਾਂ, ਭਾਸ਼ਾ, ਪਹਿਰਾਵਾ, ਖਾਣ-ਪੀਣ, ਜੀਵਨ ਦੇ ਸੰਸਕਾਰ ਆਦਿ ਦਾ ਸੁਮੇਲ ਹੋ ਕੇ ਹੀ ਸੱਭਿਆਚਾਰ ਦਾ ਰੂਪ ਬਣਦਾ ਹੈ। ਜਿਹੜਾ ਸੱਭਿਆਚਾਰ ਗੁਰਬਾਣੀ ਦੀ ਸਿੱਖਿਆ ਦੁਆਰਾ ਸਿਰਜਿਆ ਗਿਆ ਹੈ, ਉਸ ਨੂੰ ਸਿੱਖ ਸੱਭਿਆਚਾਰ ਆਖਿਆ ਜਾ ਸਕਦਾ ਹੈ।

ਸਿੱਖ ਸੱਭਿਆਚਾਰ ਦਾ ਬਾਹਰਲਾ ਦਿੱਸਦਾ ਰੂਪ ‘ਸਾਬਤ-ਸੂਰਤ’ ਅਤੇ ਦਸਤਾਰ ਹੈ। ਦਾੜ੍ਹੀ-ਕੇਸ ਰੱਖਣੇ, ਕੇਸਕੀ ਅਤੇ ਦਸਤਾਰ ਦੀ ਵਰਤੋਂ ਕਰਨੀ ਅਤੇ ਅੰਮ੍ਰਿਤਧਾਰੀ ਹੋਣਾ ਬਾਹਰੀ ਸਿੱਖ ਸੱਭਿਆਚਾਰ ਹੈ। ਨਾਵਾਂ ਨਾਲ ‘ਸਿੰਘ’ ਅਤੇ ‘ਕੌਰ’ ਲਾਉਣਾ ਵੀ ਇਸ ਦੀ ਅਹਿਮ ਨਿਸ਼ਾਨੀ ਹੈ। ਸਾਬਤ-ਸੂਰਤ ਭਾਵ ਕੇਸਾਧਾਰੀ ਹੋਣ ਅਤੇ ਦਸਤਾਰ ਸਜਾਉਣ ਸਬੰਧੀ ਆਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਬਾਕਾਇਦਾ ਦਰਜ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਫ਼ਰਮਾਨ ਹੈ:

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ॥ (ਪੰਨਾ 1084)

ਭਗਤ ਨਾਮਦੇਵ ਜੀ ਪਰਮਾਤਮਾ ਦੇ ਰੂਪ ਨੂੰ ਇਉਂ ਬਿਆਨ ਕਰਦੇ ਹਨ:

ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ॥ (ਪੰਨਾ 727)

ਕੰਘਾ ਕੇਸਾਂ ਦੀ ਸਫਾਈ ਅਤੇ ਸਾਂਭ-ਸੰਭਾਲ ਲਈ ਹੈ। ਸਿਹਤ ਦੇ ਨਿਯਮਾਂ ਪੱਖੋਂ ਦੰਦਾਂ ਦੇ ਬੁਰਸ਼ ਵਾਂਗ ਕੰਘਾ ਵੀ ਹਰ ਇਕ ਦੇ ਕੋਲ ਵੱਖਰਾ-ਵੱਖਰਾ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਆਪਣੇ ਜੂੜੇ ਨਾਲ ਰੱਖਣਾ ਹੀ ਮੁਨਾਸਿਬ ਹੈ।

ਕੜਾ ਅਨੁਸ਼ਾਸਨ ਅਤੇ ਗੁਰੂ ਦੇ ਹੁਕਮ ਵਿਚ ਬੱਝ ਕੇ ਰਹਿਣ ਦਾ ਪ੍ਰਤੀਕ ਹੈ। ਕੜੇ ਵਾਲਾ ਹੱਥ ਸਿੱਖ ਨੂੰ ਹਮੇਸ਼ਾਂ ਬੁਰਾ ਕੰਮ ਅਤੇ ਕਿਸੇ ਨਾਲ ਜ਼ਿਆਦਤੀ ਕਰਨ ਤੋਂ ਰੋਕਦਾ ਹੈ। ਕਛਹਿਰਾ ਨੰਗੇਜ਼ ਨੂੰ ਢੱਕਣ ਲਈ ਇਕ ਉੱਤਮ ਬਸਤਰ ਹੈ ਅਤੇ ਨਾਲ ਹੀ ਜਤ-ਸਤ ਦਾ ਸੂਚਕ ਹੈ। ਚਿੰਨ੍ਹ ਵਜੋਂ ਕਿਰਪਾਨ ਸਵੈ-ਰਖਿਆ ਅਤੇ ਜ਼ੁਲਮ ਦੇ ਟਾਕਰੇ ਦਾ ਪ੍ਰਤੀਕ ਹੈ ਅਤੇ ਮਨੁੱਖ ਵਿਚ ਅਣਖ, ਬਹਾਦਰੀ ਅਤੇ ਦ੍ਰਿੜ੍ਹਤਾ ਵਰਗੇ ਗੁਣ ਪੈਦਾ ਕਰਨ ਲਈ ਇਕ ਸੂਚਕ ਹੈ।

ਨਿਤਨੇਮ ਰਾਹੀਂ ਵਿਅਕਤੀ ਗੁਰਬਾਣੀ ਨਾਲ ਜੁੜਦਾ ਹੈ ਅਤੇ ਸਤਿਸੰਗਤ ਰਾਹੀਂ ਸਿਮਰਨ, ਸੇਵਾ ਅਤੇ ਪਰਉਪਕਾਰ ਦੇ ਗੁਣ ਉਸ ਵਿਚ ਪ੍ਰਵੇਸ਼ ਕਰਦੇ ਹਨ। ਪੰਜ ਕਕਾਰ ਅਤੇ ਨਿਤਨੇਮ ਕਿਸੇ ਵਿਖਾਵੇ ਲਈ ਨਹੀਂ ਹਨ। ਇਨ੍ਹਾਂ ਦੇ ਮੁਤਾਬਕ ਜੀਵਨ ਨੂੰ ਢਾਲਣਾ ਹੀ ਇਸ ਰਹਿਤ ਮਰਯਾਦਾ ਦਾ ਉਦੇਸ਼ ਹੈ। ਪੰਜ ਕਕਾਰਾਂ ਨੂੰ ਧਾਰਨ ਕਰ ਕੇ ਗੁਰਬਾਣੀ ਵਿਚ ਦੱਸੇ ਗੁਣਾਂ ’ਤੇ ਚੱਲਣਾ ਜ਼ਰੂਰੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਗੁਰਸਿੱਖ ਦੇ ਜੀਵਨ ਦੀ ਰਹਿਤ ਬਾਰੇ ਪਵਿੱਤਰ ਫ਼ਰਮਾਨ ਹੈ:

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ (ਪੰਨਾ 305)

ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥ (ਪੰਨਾ 1383)

ਪੰਜ ਕਕਾਰਾਂ ਨਾਲ ਜੁੜੇ ਸਿਧਾਂਤ ਅਤੇ ਗੁਣ ਵੀ ਜੀਵਨ ਵਿਚ ਹੋਣੇ ਜ਼ਰੂਰੀ ਹਨ। ਅਸਲ ਵਿਚ ਚਿੰਨ੍ਹ ਹਮੇਸ਼ਾਂ ਹੀ ਕਿਸੇ ਅੰਤਰੀਵੀ ਅਰਥ ਦਾ ਪ੍ਰਤੀਕ ਹੁੰਦੇ ਹਨ। ਪ੍ਰੋ. ਪੂਰਨ ਸਿੰਘ ਜੀ ਆਪਣੀ ਪੁਸਤਕ ‘ਸਪਿਰਟ ਆਫ਼ ਦੀ ਸਿੱਖਸ’ ਦੇ ਪੰਨਾ 13 ਦੇ ਪ੍ਰਤੀਕਵਾਦ ਬਾਰੇ ਬੜਾ ਸੁੰਦਰ ਲਿਖਦੇ ਹਨ:

‘Symbolism is dead if the feeling is absent, and if feel- ing is there, it cannot live without creating its own clay. To think of a genuine religious feeling without its cherished symbolism is to think of a soul without a body.’

ਭਾਵ ਜੇ ਭਾਵਨਾ ਨਾ ਹੋਵੇ ਤਾਂ ਪ੍ਰਤੀਕਵਾਦ ਨਿਰਜਿੰਦ ਹੁੰਦਾ ਹੈ ਅਤੇ ਜੇ ਭਾਵਨਾ ਹੋਵੇ ਤਾਂ ਇਹ ਆਪਣੀ ਭੌਤਿਕ ਦੇਹ ਸਿਰਜੇ ਬਿਨਾਂ ਨਹੀਂ ਰਹਿ ਸਕਦੀ। ਕਿਸੇ ਸ਼ੁੱਧ ਧਾਰਮਿਕ ਭਾਵਨਾ ਬਾਰੇ ਉਸ ਦੇ ਪਿਆਰ ਨਾਲ ਪਾਲੇ ਪ੍ਰਤੀਕਵਾਦ ਤੋਂ ਬਿਨਾਂ ਸੋਚਣਾ ਇੰਞ ਹੈ ਜਿਵੇਂ ਕਿਸੇ ਸਰੀਰ ਤੋਂ ਬਿਨਾਂ ਆਤਮਾ ਬਾਰੇ ਸੋਚਣਾ।

ਵਿਚਾਰ, ਬਚਨ ਅਤੇ ਕਰਮ ਦਾ ਆਪਸ ਵਿਚ ਪੂਰਾ ਤਾਲਮੇਲ ਹੋਵੇ, ਕਥਨੀ ਅਤੇ ਕਰਨੀ ਵਿਚ ਸੁਮੇਲ ਹੋਵੇ ਤਾਂ ਹੀ ਗੁਰਸਿੱਖ ਦਾ ਜੀਵਨ ਗੁਰਬਾਣੀ ਦੇ ਅਨੁਕੂਲ ਅਤੇ ਸਿੱਖ ਸੱਭਿਆਚਾਰ ਦੇ ਅਨੁਕੂਲ ਮੰਨਿਆ ਜਾ ਸਕਦਾ ਹੈ। ਕਰਨੀ ਦੀ ਮਹੱਤਤਾ ਗੁਰਬਾਣੀ ਦੇ ਪਵਿੱਤਰ ਫ਼ਰਮਾਨ ਰਾਹੀਂ ਇਉਂ ਦਰਸਾਈ ਗਈ ਹੈ:

ਜਹ ਕਰਣੀ ਤਹ ਪੂਰੀ ਮਤਿ॥
ਕਰਣੀ ਬਾਝਹੁ ਘਟੇ ਘਟਿ॥ (ਪੰਨਾ 25)

ਸਚੀ ਰਹਤ ਸਚਾ ਸੁਖੁ ਪਾਏ॥ (ਪੰਨਾ 1343)

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥(ਪੰਨਾ 1245)

ਉਪਰੋਕਤ ਫ਼ਰਮਾਨ ਜ਼ਾਹਿਰਾ ਤੌਰ ’ਤੇ ਪੰਜ ਕਕਾਰ ਧਾਰਨ ਕਰਨ ਦੇ ਨਾਲ-ਨਾਲ ਗੁਰਸਿੱਖਾਂ ਨੂੰ ਹੱਕ ਦੀ ਕਮਾਈ ਖਾਣ ਲਈ, ਵੰਡ ਕੇ ਛਕਣ ਲਈ, ਨਾਮ ਜਪਣ ਲਈ ਅਤੇ ਗੁਰਬਾਣੀ ਦੇ ਅਨੁਸਾਰ ਜੀਵਨ ਜੀਣ ਲਈ ਪ੍ਰੇਰਦੇ ਹਨ।

ਬੋਲੀ ਅਤੇ ਬੋਲ-ਚਾਲ ਸੱਭਿਆਚਾਰ ਦਾ ਪ੍ਰਮੁੱਖ ਅੰਗ ਹਨ। ਹੋਰ ਜੀਵਾਂ ਨਾਲੋਂ ਮਨੁੱਖ ਇਸ ਕਰਕੇ ਵੀ ਉੱਤਮ ਹੈ ਕਿ ਇਸ ਦੇ ਕੋਲ ਆਪਣੇ ਵਿਚਾਰ ਪ੍ਰਗਟਾਉਣ ਲਈ ਬੋਲੀ ਜਾਂ ਭਾਸ਼ਾ ਮੌਜੂਦ ਹੈ। ਹਰ ਇਕ ਇਲਾਕੇ ਦੀ ਆਪੋ-ਆਪਣੀ ਭਾਸ਼ਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਭਾਸ਼ਾਵਾਂ ਦਾ ਸੰਗਮ ਬਹੁਤ ਹੀ ਰਮਣੀਕ ਨਜ਼ਾਰਾ ਪੇਸ਼ ਕਰਦਾ ਹੈ। ਇਹ ਬਾਣੀ ਅੰਮ੍ਰਿਤਮਈ ਅਤੇ ਮਿੱਠੀ ਹੈ। ਇਸ ਮਿੱਠੀ ਬਾਣੀ ਨੂੰ ਪੜ੍ਹਨ ਅਤੇ ਸੁਣਨ ਵਾਲੇ ਦੀ ਮਨ ਦੀ ਕਠੋਰਤਾ ਖ਼ਤਮ ਹੋ ਜਾਂਦੀ ਹੈ। ਇਸ ਮਿੱਠੀ ਬਾਣੀ ਨੂੰ ਪੜ੍ਹਨ ਅਤੇ ਸੁਣਨ ਵਾਲਾ ਵਿਅਕਤੀ ਆਮ ਬੋਲ-ਚਾਲ ਵਿਚ ਕੁਰੱਖਤ ਜਾਂ ਕਠੋਰ ਨਹੀਂ ਹੋ ਸਕਦਾ। ਬੋਲ-ਚਾਲ ਬਾਰੇ ਗੁਰਬਾਣੀ ਦੇ ਪਵਿੱਤਰ ਫ਼ਰਮਾਨ ਹਨ:

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ (ਪੰਨਾ 473)

ਬਹੁਤਾ ਬੋਲਣੁ ਝਖਣੁ ਹੋਇ॥ (ਪੰਨਾ 661)

ਗੰਢੁ ਪਰੀਤੀ ਮਿਠੇ ਬੋਲ॥ (ਪੰਨਾ 143)

ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥ (ਪੰਨਾ 149)

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ (ਪੰਨਾ 488)

ਆਪਣੇ ਤੋਂ ਗਰੀਬ, ਕਮਜ਼ੋਰ ਅਤੇ ਅਜਨਬੀਆਂ ਪ੍ਰਤੀ ਰੁੱਖਾ ਬੋਲਣਾ ਇਕ ਆਮ ਗੱਲ ਹੈ। ਨਿੰਦਿਆ ਦਾ ਰਸ ਲੈਣ ਦੀ ਮਾੜੀ ਆਦਤ ਵੀ ਸਾਡੀ ਬੋਲ-ਚਾਲ ਦਾ ਹਿੱਸਾ ਬਣੀ ਹੋਈ ਹੈ ਅਤੇ ਵਾਦ-ਵਿਵਾਦ ਵਿਚ ਪੈਣਾ ਇਕ ਆਮ ਆਦਤ ਹੈ। ਗੁਰਬਾਣੀ ਵਿਚ ਇਨ੍ਹਾਂ ਦੋਹਾਂ ਆਦਤਾਂ ਤੋਂ ਵਰਜਿਆ ਗਿਆ ਹੈ। ਮਿਠਬੋਲੜੇ ਪਰਮਾਤਮਾ ਦੀ ਸਿਫ਼ਤ-ਸਲਾਹ ਵਿਚ ਮਿੱਠੀ ਬਾਣੀ ਸੁਣਨ, ਗਾਉਣ ਅਤੇ ਪੜ੍ਹਨ ਵਾਲੇ ਵਿਅਕਤੀਆਂ ਦੀ ਜ਼ਬਾਨ ਤੇ ਮਿਠਾਸ ਹੀ ਸ਼ੋਭਦੀ ਹੈ। ਗਾਲ੍ਹਾਂ ਅਤੇ ਕੌੜੇਪਨ ਤੋਂ ਬੋਲਚਾਲ ਨੂੰ ਮੁਕਤ ਕਰ ਕੇ ਹੀ ਸਿੱਖ ਸੱਭਿਆਚਾਰ ਗੁਰਬਾਣੀ ਦੇ ਅਨੁਕੂਲ ਮੰਨਿਆ ਜਾ ਸਕਦਾ ਹੈ।

ਖਾਣ-ਪੀਣ ਦੇ ਮਾਮਲੇ ਵਿਚ ਗੁਰਬਾਣੀ ਸਾਨੂੰ ਨਸ਼ਿਆਂ ਤੋਂ ਬਾਕਾਇਦਾ ਰੋਕਦੀ ਹੈ। ਇਸ ਤੋਂ ਇਲਾਵਾ ਉਸ ਕਿਸਮ ਦੇ ਖਾਣ-ਪੀਣ ਦੀ ਸਿੱਖਿਆ ਦਿੱਤੀ ਗਈ ਹੈ, ਜਿਸ ਦੇ ਨਾਲ ਸਰੀਰ ਨੂੰ ਵੀ ਨੁਕਸਾਨ ਨਾ ਹੋਵੇ ਅਤੇ ਨਾ ਹੀ ਮਨ ਵਿਚ ਵਿਕਾਰ ਪੈਦਾ ਹੋਣ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਫ਼ਰਮਾਨ ਹੈ:

ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ 16)

ਨਸ਼ਿਆਂ ਦੀ ਨਿਖੇਧੀ ਕਰਦੇ ਹੋਏ ਗੁਰਬਾਣੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਪਵਿੱਤਰ ਫ਼ਰਮਾਨ ਹੈ:

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (ਪੰਨਾ 554)

ਗੁਰਬਾਣੀ ਦੇ ਪਵਿੱਤਰ ਆਦੇਸ਼ਾਂ ਦੇ ਬਾਵਜੂਦ ਸ਼ਰਾਬ ਅਤੇ ਹੋਰ ਨਸ਼ੇ ਸਾਡੇ ਸੱਭਿਆਚਾਰ ਵਿਚ ਪ੍ਰਧਾਨ ਬਣੇ ਹੋਏ ਹਨ। ਜੰਮਣ ਦੀ ਖੁਸ਼ੀ ਹੋਵੇ, ਮੰਗਣੀ ਦੀ ਖੁਸ਼ੀ ਹੋਵੇ ਜਾਂ ਵਿਆਹ ਦਾ ਮੌਕਾ ਹੋਵੇ; ਸ਼ਰਾਬ ਜੱਗਾਂ ਵਿਚ ਪਾ ਕੇ ਵਰਤਾਈ ਜਾਂਦੀ ਹੈ। ਹੁਣ ਤਾਂ ਗੀਤ ਲਿਖਣ ਵਾਲੇ ਅਤੇ ਗਾਉਣ ਵਾਲੇ ਬੜੇ ਮਾਣ ਨਾਲ ਸ਼ਰਾਬ ਦੀ ਉਸਤਤਿ ਕਰਦੇ ਹਨ। ਗਾਲ੍ਹਾਂ, ਸ਼ਰਾਬ ਅਤੇ ਅਸ਼ਲੀਲਤਾ ਨਾਲ ਸਾਡੇ ਸੱਭਿਆਚਾਰ ਨੂੰ ਜੋੜ ਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਸਾਰੇ ਕੁਝ ਨੂੰ ਕਿਸੇ ਤਰ੍ਹਾਂ ਵੀ ਪੰਜਾਬੀ ਜਾਂ ਸਿੱਖ ਸੱਭਿਆਚਾਰ ਨਹੀਂ ਕਿਹਾ ਜਾ ਸਕਦਾ। ਸਿੱਖ ਸੱਭਿਆਚਾਰ ਤਾਂ ਅਮੀਰ ਭਾਸ਼ਾ, ਅਮੀਰ ਸਾਹਿਤ ਅਤੇ ਅਮੀਰ ਵਿਰਸੇ ਵਾਲਾ ਸੱਭਿਆਚਾਰ ਹੈ। ਇਸ ਨੂੰ ਹੇਠਲੇ ਪੱਧਰ ’ਤੇ ਲਿਜਾਣਾ ਕਿਸੇ ਤਰ੍ਹਾਂ ਵੀ ਸ਼ੋਭਾ ਨਹੀਂ ਦਿੰਦਾ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅੱਗੇ ਆ ਕੇ ਸਿੱਖ ਸੱਭਿਆਚਾਰ ਦੇ ਸਹੀ ਰੂਪ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਦੀ ਲੋੜ ਹੈ। ਨਸ਼ੇ, ਅਸ਼ਲੀਲਤਾ ਅਤੇ ਸ਼ੋਰ-ਪ੍ਰਦੂਸ਼ਣ ਤੋਂ ਸਿੱਖ ਸੱਭਿਆਚਾਰ ਨੂੰ ਨਿਰਲੇਪ ਕਰਨ ਦੀ ਸਖ਼ਤ ਜ਼ਰੂਰਤ ਹੈ।

ਦਲੇਰੀ, ਬਹਾਦਰੀ ਅਤੇ ਸੂਰਮਤਾਈ ਸੱਚਮੁਚ ਹੀ ਬੜੇ ਵੱਡੇ ਗੁਣ ਹਨ। ਇਹ ਨਰ-ਚੰਗਿਆਈਆਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦੀ ਲੋੜ ਸੱਚ, ਨਿਆਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੁੰਦੀ ਹੈ। ਪਰ ਉਂਞ ਹੀ ਲੜਾਈ-ਝਗੜਿਆਂ ਵਿਚ ਪੈ ਕੇ, ਸ਼ਰਾਬਾਂ ਪੀ ਕੇ, ਲਲਕਾਰੇ ਮਾਰ ਕੇ, ਗਰੀਬ ਅਤੇ ਕਮਜ਼ੋਰ ਲੋਕਾਂ ਨੂੰ ਡਰਾ ਕੇ ਇਹ ਗੁਣ ਪ੍ਰਗਟ ਨਹੀਂ ਹੁੰਦੇ। ਇਸ ਤਰ੍ਹਾਂ ਕਰਨ ਨਾਲ ਸਾਡੇ ਸੱਭਿਆਚਾਰ ਦਾ ਮੂੰਹ-ਮੱਥਾ ਵਿਗੜਦਾ ਹੈ। ਦੇਸ਼ ਵਿਚ ਅਤੇ ਵਿਦੇਸ਼ਾਂ ਵਿਚ ਸਾਡਾ ਅਕਸ ਮਾੜਾ ਬਣਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਬਹਾਦਰੀ ਅਤੇ ਸੂਰਮਤਾਈ ਬਾਰੇ ਵੀ ਪੂਰੀ ਤਰ੍ਹਾਂ ਅਗਵਾਈ ਕਰਦੀ ਹੈ। ਜੀਵਨ ਦੇ ਸਾਰੇ ਪੱਖਾਂ ਵਿਚ ਅਗਵਾਈ ਦੇਣ ਵਾਲੀ ਬਾਣੀ ਵਿਚ ਸੂਰਮਤਾਈ ਅਤੇ ਬਹਾਦਰੀ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਗਈ ਹੈ:

ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥ (ਪੰਨਾ 86)

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥(ਪੰਨਾ 679)

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥  (ਪੰਨਾ 1105)

ਹੰਕਾਰ ਨੂੰ ਮਾਰਨਾ, ਹਰੀ ਦੇ ਰੰਗ ਵਿਚ ਰੰਗੇ ਜਾਣਾ ਅਤੇ ਗਰੀਬਾਂ ਲਈ ਲੜਨਾ ਹੀ ਸਹੀ ਅਰਥਾਂ ਵਿਚ ਸੂਰਮਤਾਈ ਹੈ। ਪੰਜ ਚੋਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ’ਤੇ ਕਾਬੂ ਕਰਨਾ ਹੀ ਅਸਲ ਲੜਾਈ ਹੈ। ਇਸ ਅਧਿਆਤਮਕ ਸੰਘਰਸ਼ ਵਿਚ ਪੈ ਕੇ ਹੀ ਮਨੁੱਖ ਗੁਰਮੁਖ ਬਣਦਾ ਹੈ। ਇਸ ਲਈ ਸਿੱਖ ਸੱਭਿਆਚਾਰ ਦਲੇਰੀ, ਦ੍ਰਿੜ੍ਹਤਾ ਅਤੇ ਬਹਾਦਰੀ ਵਾਲਾ ਸੱਭਿਆਚਾਰ ਹੈ, ਜਿਹੜਾ ਪਰਮਾਤਮਾ ਦੇ ਨਾਮ ਵਿਚ ਰੰਗਿਆ ਹੋਇਆ ਹੈ ਅਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪ੍ਰਭਾਵ ਤੋਂ ਉੱਪਰ ਉੱਠਿਆ ਹੋਇਆ ਹੈ। ਇਹ ਸੱਭਿਆਚਾਰ ਮਾਦਾ-ਚੰਗਿਆਈਆਂ, ਮਿੱਠਤ, ਨਿਮਰਤਾ, ਸੇਵਾ, ਖਿਮਾ, ਦਇਆ ਅਤੇ ਹਮਦਰਦੀ ਨਾਲ ਵੀ ਭਰਪੂਰ ਹੈ। ਇਸ ਕਰਕੇ ਇਹ ਕਦੇ ਵੀ ਇਕ-ਪਾਸੜ ਹੋ ਕੇ ਨਹੀਂ ਚੱਲ ਸਕਦਾ। ਇਹ ਤਾਂ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਅਤੇ ਮਿਲ ਕੇ ਚੱਲਣ ਵਾਲਾ ਸੱਭਿਆਚਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ-ਸਾਂਝੀ ਹੈ ਅਤੇ ਸਾਰੇ ਸੰਸਾਰ ਵਾਸਤੇ ਹੈ। ਇਸ ਲਈ ਨਫ਼ਰਤ, ਲੜਾਈ ਜਾਂ ਈਰਖਾ ਲਈ ਇਸ ਬਾਣੀ ’ਤੇ ਆਧਾਰਤ ਸਿੱਖ ਸੱਭਿਆਚਾਰ ਵਿਚ ਕੋਈ ਥਾਂ ਨਹੀਂ ਹੋ ਸਕਦੀ।

ਸਿੱਖ ਸੱਭਿਆਚਾਰ ‘ਬਿਬੇਕ ਬੁਧਿ’ ਵਾਲਾ ਸੱਭਿਆਚਾਰ ਹੈ। ਗਿਆਨ ਅਤੇ ਵਿੱਦਿਆ ਦੀ ਮਹਿਮਾ ਗੁਰਬਾਣੀ ਵਿਚ ਬਹੁਤ ਥਾਵਾਂ ’ਤੇ ਦਰਜ ਹੈ। ਗੁਰਬਾਣੀ ਆਪਣੇ-ਆਪ ਵਿਚ ਗਿਆਨ ਦਾ ਅਥਾਹ ਸਾਗਰ ਹੈ। ਫਿਰ ਗੁਰਬਾਣੀ ਪੜ੍ਹਨ-ਸੁਣਨ ਵਾਲਾ ਅਨਪੜ੍ਹ ਜਾਂ ਗੰਵਾਰ ਕਿਵੇਂ ਰਹਿ ਸਕਦਾ ਹੈ? ਲਿਆਕਤ, ਸ਼ਰਾਫ਼ਤ ਅਤੇ ਤਹਿਜ਼ੀਬ ਕਿਸੇ ਵੀ ਸੱਭਿਆਚਾਰ ਦੇ ਮੁੱਖ ਲੱਛਣ ਹੁੰਦੇ ਹਨ। ਸਾਨੂੰ ਵੀ ਗੁਰਬਾਣੀ ਦੇ ਅਨੁਸਾਰੀ ਹੋ ਕੇ ਇਨ੍ਹਾਂ ਗੁਣਾਂ ਨਾਲ ਆਪਣੇ ਜੀਵਨ ਨੂੰ ਭਰਪੂਰ ਕਰਨਾ ਚਾਹੀਦਾ ਹੈ।

ਇਹ ਤਿੰਨੇ ਗੁਣ ਸਮਾਜ ਵਿਚ ਮਿਠਾਸ, ਸਹਿਨਸ਼ੀਲਤਾ, ਸਹਿਯੋਗ, ਸੇਵਾ ਅਤੇ ਪਰਉਪਕਾਰ ਵਰਗੇ ਗੁਣਾਂ ਨੂੰ ਜਨਮ ਦਿੰਦੇ ਹਨ। ਗੁਰਬਾਣੀ ਵਿਚ ਗੁਰਮੁਖ ਦੇ ਗੁਣ ਇਹੀ ਬਿਆਨੇ ਗਏ ਹਨ। ਇਹ ਗੁਣ ਗ੍ਰਹਿਣ ਕਰਨ ਲਈ ਸਾਡੇ ਸੱਭਿਆਚਾਰ ਵਿਚ ਵਿੱਦਿਆ, ਸਾਹਿਤ, ਕਲਾ, ਸੰਗੀਤ ਆਦਿ ਨੂੰ ਵਧੇਰੇ ਅਹਿਮੀਅਤ ਦੇਣ ਦੀ ਲੋੜ ਹੈ। ਕਿੰਨੇ ਅਚੰਭੇ ਦੀ ਗੱਲ ਹੈ ਕਿ ਇਹ ਸਾਰੇ ਖੇਤਰ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਪ੍ਰਮੁੱਖਤਾ ਹਾਸਲ ਕਰੀ ਬੈਠੇ ਹਨ। ਉੱਚਤਮ ਦਰਜੇ ਦੀ ਵਿੱਦਿਆ, ਉੱਚਤਮ ਦਰਜੇ ਦਾ ਸਾਹਿਤ, ਉੱਚਤਮ ਦਰਜੇ ਦੀ ਕਲਾ ਅਤੇ ਉੱਚਤਮ ਦਰਜੇ ਦਾ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖ਼ਸ਼ਿਸ਼ ਸਦਕਾ ਪਹਿਲਾਂ ਹੀ ਸਾਡੇ ਪਾਸ ਅਮੀਰ ਵਿਰਾਸਤ ਵਜੋਂ ਮੌਜੂਦ ਹੈ। ਇਹ ਅਮੀਰ ਵਿਰਾਸਤ ਸਿੱਖ ਸੱਭਿਆਚਾਰ ਨੂੰ ਅਮੀਰੀ ਦਾ ਅਤੇ ਉੱਚਤਮ ਦਾ ਦਰਜਾ ਆਪ-ਮੁਹਾਰੇ ਹੀ ਦੇ ਦਿੰਦੀ ਹੈ। ਸਾਨੂੰ ਆਪਣੇ ਇਸ ਪਵਿੱਤਰ, ਗੰਭੀਰ ਅਤੇ ਅਮੀਰ ਸੱਭਿਆਚਾਰ ’ਤੇ ਮਾਣ ਹੋਣਾ ਚਾਹੀਦਾ ਹੇ ਅਤੇ ਇਸ ਨੂੰ ਹਲਕੇ ਪੱਧਰ ਦੇ ਲੱਛਣਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਗੁਰਬਾਣੀ ਸਾਨੂੰ ਸਹਿਜ ਅਤੇ ਸੰਜਮ ਦੀ ਸਿੱਖਿਆ ਦਿੰਦੀ ਹੈ। ਸਾਨੂੰ ਆਪਣੀਆਂ ਸਮਾਜਿਕ ਅਤੇ ਘਰੇਲੂ ਰੀਤਾਂ-ਰਸਮਾਂ ਨੂੰ ਫ਼ਜ਼ੂਲ-ਖਰਚੀ ਅਤੇ ਵਿਖਾਵੇ ਤੋਂ ਦੂਰ ਰੱਖਣਾ ਚਾਹੀਦਾ ਹੈ। ਖੁਸ਼ੀ ਅਤੇ ਗ਼ਮੀ ਦੇ ਮੌਕੇ ਗੁਰਬਾਣੀ ਦਾ ਓਟ-ਆਸਰਾ ਲੈ ਕੇ ਹੀ ਚੱਲਣਾ ਚਾਹੀਦਾ ਹੈ। ਵਿਆਹ ਦੀ ਪਵਿੱਤਰ ਰਸਮ ਨੂੰ ਦਾਜ-ਦਹੇਜ ਦੇ ਭਾਰ ਨਾਲ ਲੱਦ ਕੇ ਅਪਵਿੱਤਰ ਨਹੀਂ ਕਰਨਾ ਚਾਹੀਦਾ। ਕਰਜ਼ੇ ਚੁੱਕ ਕੇ ਜ਼ਮੀਨਾਂ ਗਹਿਣੇ ਪਾ ਕੇ ਮੰਗਣੀ-ਵਿਆਹ ਸਮੇਂ ਕਾਰਾਂ, ਮੋਟਰਸਾਈਕਲ ਅਤੇ ਹੋਰ ਕੀਮਤੀ ਚੀਜ਼ਾਂ ਦੇਣੀਆਂ ਸਿਆਣਪ ਨਹੀਂ ਹੈ। ਜੇਕਰ ਇਹ ਫਜ਼ੂਲ-ਖਰਚੀ ਨਾ ਕੀਤੀ ਜਾਵੇ ਤਾਂ ਧੀਆਂ ਵੀ ਮਾਪਿਆਂ ਨੂੰ ਭਾਰੀ ਨਹੀਂ ਲੱਗਣਗੀਆਂ। ਕੰਨਿਆਂ ਭਰੂਣ ਹੱਤਿਆ ਵਰਗੇ ਪਾਪ ਸਾਡੇ ਸੱਭਿਆਚਾਰ ਨੂੰ ਕਲੰਕਿਤ ਕਰ ਰਹੇ ਹਨ। ਇਸਤਰੀ ਦਾ ਅਪਮਾਨ ਕਰ ਕੇ ਅਸੀਂ ਅਸੱਭਿਅਕ ਬਣਦੇ ਜਾ ਰਹੇ ਹਾਂ। ਇਹ ਸਭ ਕੁਝ ਸਤਿਗੁਰੂ ਦੇ ਹੁਕਮਾਂ ਦੀ ਘੋਰ ਉਲੰਘਣਾ ਹੈ। ਇਸਤਰੀ ਹੀ ਸਾਡੀ ਮਾਂ ਹੈ। ਇਸਤਰੀ ਹੀ ਸਾਡੀ ਪਤਨੀ ਹੈ। ਇਸਤਰੀ ਹੀ ਸਾਡੀ ਧੀ ਅਤੇ ਭੈਣ ਹੈ। ਇੰਨੇ ਪਵਿੱਤਰ ਅਤੇ ਉੱਚੇ-ਸੁੱਚੇ ਰਿਸ਼ਤਿਆਂ ਵਾਲੀ ਇਸਤਰੀ ਦਾ ਅਪਮਾਨ ਜਾਂ ਉਸ ਦਾ ਜਨਮ ਤੋਂ ਪਹਿਲਾਂ ਹੀ ਘਾਣ ਕਰਨਾ ਬਹੁਤ ਵੱਡਾ ਪਾਪ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸਤਰੀ ਦੇ ਸਤਿਕਾਰ ਵਿਚ ਪਵਿੱਤਰ ਫ਼ਰਮਾਨ ਹੈ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਸਿੱਖ ਸੱਭਿਆਚਾਰ ਨੂੰ ਕਿਰਤ ਸੱਭਿਆਚਾਰ ਨਾਲ ਭਰਪੂਰ ਮੰਨਿਆ ਗਿਆ ਹੈ। ਦਸਾਂ ਨਹੁੰਆਂ ਦੀ ਕਿਰਤ-ਕਮਾਈ ਦਾ ਸਤਿਕਾਰ ਗੁਰਬਾਣੀ ਵਿਚ ਪ੍ਰਬਲ ਰੂਪ ਵਿਚ ਮੌਜੂਦ ਹੈ। ਇਸ ਵਿਚ ਪਰਾਇਆ ਹੱਕ ਖਾਣ ਦੀ ਨਿਖੇਧੀ ਕੀਤੀ ਗਈ ਹੈ ਅਤੇ ਇਸ ਨੂੰ ਖ਼ੂਨ ਪੀਣ ਦੇ ਬਰਾਬਰ ਮੰਨਿਆ ਗਿਆ ਹੈ। ਭਾਈ ਲਾਲੋ ਜੀ ਸੱਚੀ-ਸੁੱਚੀ ਕਿਰਤ ਦੇ ਪ੍ਰਤੀਕ ਬਣ ਚੁੱਕੇ ਹਨ ਅਤੇ ਮਲਕ ਭਾਗੋ ਦੂਜਿਆਂ ਦੀ ਕਿਰਤ- ਕਮਾਈ ਨੂੰ ਲੁੱਟਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਾਣ-ਬੁੱਝ ਕੇ ਵਿਹਲੜਾਂ ਦੀ ਜ਼ਿੰਦਗੀ ਬਤੀਤ ਕਰਨ ਵਾਲੇ ਅਤੇ ਦੂਜਿਆਂ ਦੇ ਹੱਕ ਮਾਰਨ ਵਾਲੇ ਕਦੇ ਵੀ ਸਿੱਖ ਸੱਭਿਆਚਾਰ ਦੇ ਅਨੁਸਾਰੀ ਨਹੀਂ ਕਹੇ ਜਾ ਸਕਦੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੇਠ ਲਿਖੇ ਪਵਿੱਤਰ ਫ਼ਰਮਾਨ ਪਰਾਏ ਹੱਕ ਨੂੰ ਮਾਰਨ ਅਤੇ ਦੂਜਿਆਂ ਦੀ ਕਿਰਤ-ਕਮਾਈ ਦੀ ਲੁੱਟ ਜਾਂ ਭ੍ਰਿਸ਼ਟਾਚਾਰ ਰਾਹੀਂ ਖਾਣ ਦੀ ਸਪੱਸ਼ਟ ਨਿਖੇਧੀ ਕਰਦੇ ਹਨ:

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ (ਪੰਨਾ 141)

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥ (ਪੰਨਾ 140)

ਗੁਰਬਾਣੀ ਇਨਸਾਨੀਅਤ ਅਤੇ ਸਮਾਨਤਾ ਦਾ ਸਬਕ ਸਿਖਾਉਂਦੀ ਹੈ। ਭਾਈ ਘਨੱਈਆ ਜੀ ਇਸ ਦੇ ਪ੍ਰਤੀਕ ਵਜੋਂ ਸਿੱਖ ਇਤਿਹਾਸ ਵਿਚ ਚਮਕਦੇ ਹੋਏ ਸਿਤਾਰੇ ਹਨ। ਮਜ਼ਹਬ, ਜਾਤ, ਨਸਲ, ਸਥਾਨ, ਭਾਸ਼ਾ, ਲਿੰਗ ਆਦਿ ਦੇ ਆਧਾਰ ’ਤੇ ਕੀਤੇ ਜਾਂਦੇ ਵਿਤਕਰਿਆਂ ਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਫ਼ਰਮਾਨ ਹੈ ਕਿ ਜਾਤ ਦੇ ਹੱਥ ਕੁਝ ਨਹੀਂ, ਪਰਖ ਤਾਂ ਸੱਚ ਦੀ ਹੋਣੀ ਹੈ:

ਜਾਤੀ ਦੈ ਕਿਆ ਹਥਿ ਸਚੁ ਪਰਖੀਐ॥ (ਪੰਨਾ 142)

ਭਗਤ ਕਬੀਰ ਜੀ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ਵਿਚ ਵਿਆਪਕ ਇੱਕੋ ਪਰਮਾਤਮਾ ਦੇ ਵਿਦਮਾਨ ਹੋਣ ਦੀ ਗੱਲ ਕਰਦੇ ਹੋਏ ਫ਼ਰਮਾਉਂਦੇ ਹਨ:

ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ॥ (ਪੰਨਾ 483)

ਗੁਰਬਾਣੀ ਕੱਟੜਵਾਦ, ਸੰਪਰਦਾਇਕਤਾ, ਜਾਤ-ਪਾਤ, ਨਸਲ-ਭੇਦ ਆਦਿ ਬੁਰਾਈਆਂ ਨੂੰ ਸਾਰਿਆਂ ਵਿਚ ਇਕ ਪਰਮਾਤਮਾ ਦੀ ਜੋਤ ਦੱਸ ਕੇ ਦੂਰ ਕਰਦੀ ਹੈ। ਸਾਰਿਆਂ ਦਾ ਪਿਤਾ ਇੱਕੋ ਇੱਕ ਪਰਮਾਤਮਾ ਹੋਣ ਕਰਕੇ ਨਫ਼ਰਤ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ। ਇਸ ਤਰ੍ਹਾਂ ਸਿੱਖ ਸੱਭਿਆਚਾਰ ਵਿਚ ਸਮਾਨਤਾ, ਸਾਂਝੀਵਾਲਤਾ ਅਤੇ ਸਹਿਯੋਗ ’ਤੇ ਜ਼ੋਰ ਦਿੱਤਾ ਗਿਆ ਹੈ ਅਤੇ ਇਹ ਸੱਭਿਆਚਾਰ ਸੱਚਮੁਚ ਹੀ ਪ੍ਰੇਮ-ਪਿਆਰ ਅਤੇ ਭਾਈਚਾਰੇ ਦਾ ਸੱਭਿਆਚਾਰ ਹੈ। ਇਹ ਅਨੇਕਤਾ ਵਿਚ ਏਕਤਾ ਨੂੰ ਮੰਨਣ ਵਾਲਾ ਸੱਭਿਆਚਾਰ ਹੈ।

ਜੇਕਰ ਜਨਮ, ਮੌਤ, ਵਿਆਹ ਆਦਿ ਨਾਲ ਜੁੜੇ ਮੌਕਿਆਂ ਨੂੰ ਗੁਰਬਾਣੀ ਦੀ ਸਿੱਖਿਆ ਅਨੁਸਾਰ ਅਮਲੀ ਰੂਪ ਦਿੱਤਾ ਜਾਵੇ ਅਤੇ ਗ੍ਰਿਹਸਤ ਜੀਵਨ ਅਤੇ ਸਮਾਜਿਕ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲ ਲਿਆ ਜਾਵੇ ਤਾਂ ਸੁਭਾਵਿਕ ਹੈ ਕਿ ਸਿੱਖ ਸੱਭਿਆਚਾਰ ਸਾਰੇ ਸੰਸਾਰ ਦੇ ਲਈ ਇਕ ਮਾਡਲ ਸੱਭਿਆਚਾਰ ਬਣ ਸਕੇ। ਸਾਦਗੀ, ਸੰਜਮ, ਕਿਰਤ, ਵੰਡ ਛਕਣ ਆਦਿ ਮਹਾਨ ਗੁਣਾਂ ਸਦਕਾ ਸਿੱਖ ਸੱਭਿਆਚਾਰ ਕੁਦਰਤ ਦੇ ਵਿਧਾਨ ਅਤੇ ਪਰਮਾਤਮਾ ਦੇ ਹੁਕਮ ਵਿਚ ਚੱਲਣ ਦੀ ਤਰਜਮਾਨੀ ਕਰਨ ਦੇ ਸਮਰੱਥ ਹੋ ਸਕਦਾ ਹੈ। ਲੋੜ ਹੈ ਇਸ ਨੂੰ ਪਦਾਰਥਵਾਦ ਦੀ ਦੌੜ, ਫੈਸ਼ਨ ਅਤੇ ਅਸ਼ਲੀਲਤਾ ਦੇ ਪ੍ਰਦੂਸ਼ਣ, ਆਲਸ, ਐਸ਼ਪ੍ਰਸਤੀ, ਅਨਿਆਂ ਅਤੇ ਲੁੱਟ-ਖਸੁੱਟ, ਨਾਬਰਾਬਰੀ ਜਿਹੇ ਔਗੁਣਾਂ ਤੋਂ ਬਚਾ ਕੇ ਰੱਖਣ ਦੀ!

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Sukhdev Singh Shant
ਸੇਵਾ ਮੁਕਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ -ਵਿਖੇ: ਸਹਿਕਾਰਤਾ ਵਿਭਾਗ, ਪੰਜਾਬ ਸਰਕਾਰ

36-ਬੀ, ਰਤਨ ਨਗਰ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)