editor@sikharchives.org

ਸਿੱਖੀ ਦਾ ਕੇਸਾਂ ਨਾਲ ਸੰਬੰਧ

ਕੇਸਾਂ ਸ਼ਸਤ੍ਰਾਂ ਬਿਨ ਆਧਾ ਮਨੁੱਖ ਹੈ, ਸਾਰਾ ਮਨੁੱਖ ਤਬ ਹੀ ਹੋਤਾ ਹੈ ਜਬ ਕੇਸਾਂ ਸ਼ਸਤਰਾਂ ਸਹਿਤ ਹੋਤਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਤਿਗੁਰਾਂ ਦਾ ਸਿਦਕੀ ਸਿੱਖ ਕਿਉਂਕਿ ਉਨ੍ਹਾਂ ਦੇ ਹੁਕਮ-ਆਦੇਸ਼ ਦਾ ਪਾਬੰਦ ਹੈ ਅਤੇ ਉਸ ਉੱਤੇ ਉਹ ਬਚਪਨ ਤੋਂ ਹੀ ਸ਼ਰਧਾ ਤੇ ਸਿਦਕ ਨਾਲ ਪਹਿਰਾ ਦੇ ਰਿਹਾ ਹੈ, ਇਸ ਲਈ ਉਸ ਭਾਣੇ ਇਨ੍ਹਾਂ ਬਾਰੇ ਕੋਈ ਵਾਦ-ਵਿਵਾਦ ਜਾਂ ਵਾਲ ਦੀ ਖੱਲ ਲਾਹੁਣੀ ਦਲੀਲਬਾਜ਼ੀ ਦੀ ਕੋਈ ਲੋੜ ਜਾਂ ਗੁੰਜਾਇਸ਼ ਨਹੀਂ; ਸਗੋਂ ਉਸ ਨੂੰ ਇਹ ਠੀਕ ਤੇ ਸ਼ੋਭਨੀਕ ਵੀ ਨਹੀਂ ਜਾਪਦੀ। ਸਤਿਗੁਰੂ ਦਾ ਇਸ ਸੰਬੰਧੀ ਅਟੱਲ ਹੁਕਮ ਉਸ ਨੂੰ ਕੇਸਾਂ ਦੀ ਕਿਸੇ ਕਿਸਮ ਦੀ ਬੇਅਦਬੀ, ਛੇੜ-ਛਾੜ ਜਾਂ ਕਟਾਈ-ਮੁੰਨਾਈ ਤੋਂ ਕਤੱਈ ਤੌਰ ’ਤੇ ਹੋੜਦਾ ਹੈ ਅਤੇ ਇਸ ਦੀ ਉਲੰਘਣਾ ਨੂੰ ਸਭ ਤੋਂ ਪਹਿਲੀ ‘ਬੱਜਰ ਕੁਰਹਿਤ’ ਦੱਸਦਾ ਹੈ।

ਕਿਸੇ ਵੀ ਗੁਰਸਿੱਖ ਵਾਸਤੇ ਸਤਿਗੁਰੂ ਦਾ ਇਹ ਹੁਕਮ ਕੋਈ ਜ਼ਬਾਨੀ ਜਾਂ ਵਕਤੀ ਬੋਲ-ਚਾਲ ਜਾਂ ਕਥਾ-ਕਹਾਣੀ ਦਾ ਹਿੱਸਾ ਨਹੀਂ। ਇਹ ਤਾਂ ਉਨ੍ਹਾਂ ਦੇ ਅਜਿਹੇ ਨਿਸ਼ਚਿਤ ਲਿਖਤੀ ਬਚਨਾਂ ਦਾ ਭਾਗ ਹੈ ਜੋ ਉਨ੍ਹਾਂ ਦੇ ਆਪਣੇ ਸਮੇਂ ਤੋਂ ਹੀ ਨਿਰੰਤਰ ਲਿਖਤੀ ਰੂਪ ਵਿਚ ਪ੍ਰਾਪਤ ਹਨ। ਹੁਣ ਤਕ ਪ੍ਰਾਪਤ ਸਾਰੀਆਂ ਸੰਬੰਧਿਤ ਸਮਕਾਲੀ ਜਾਂ ਨਿਕਟ-ਸਮਕਾਲੀ ਇਤਿਹਾਸਕ ਲਿਖਤਾਂ ਇਸ ਤੱਥ ਦੀ ਸਪੱਸ਼ਟ ਸ਼ਾਹਦੀ ਭਰਦੀਆਂ ਹਨ ਕਿ ਸਿੱਖ ਅਤੇ ਸਿੱਖੀ ਦਾ ਕੁਦਰਤ ਦੀ ਇਸ ਵਿਲੱਖਣ ਤੇ ਕਾਇਮ- ਦਾਇਮ ਦਾਤ, ਕੇਸਾਂ ਨਾਲ ਸੰਬੰਧ ਜਮਾਂਦਰੂ ਅਤੇ ਅਨਿੱਖੜ ਹੈ। ਇਹ ਸਿੱਖ ਧਰਮ ਦਾ ਬੁਨਿਆਦੀ ਸ਼ਨਾਖਤੀ ਨਿਸ਼ਾਨ ਹਨ, ਉਸ ਦਾ ਮੂਲ ਤੇ ਵਿਆਪਕ ਪਛਾਣ-ਚਿੰਨ੍ਹ ਹਨ। ਇਹ ਸਤਿਗੁਰਾਂ ਦੇ ਨਾਮ-ਲੇਵਿਆਂ ਦੀ ਪਹਿਲੀ ਤੇ ਪ੍ਰਮੁੱਖ ਸ਼ਰਤ ਤੇ ਜ਼ਰੂਰੀ ਅੰਸ਼ ਹਨ; ਉਨ੍ਹਾਂ ਦਾ ਸਭ ਤੋਂ ਉੱਘੜਵਾਂ ਤੇ ਨਿਸ਼ਚਿਤ ਲੱਛਣ ਹਨ। ਉਨ੍ਹਾਂ ਦੇ ਮੂੰਹ-ਮੁਹਾਂਦਰੇ ਦੀ ਪ੍ਰਥਮ ਤੇ ਸਾਫ਼-ਸਪੱਸ਼ਟ, ਨਿਆਰੀ ਤੇ ਨਿਵੇਕਲੀ, ਝਟਪਟੀ ਤੇ ਇਕਦਮੀ ਪਛਾਣ ਹਨ।

ਮਿਸਾਲ ਵਜੋਂ, ਉਪਰੋਕਤ ਕੁਝ ਇਤਿਹਾਸਕ ਕਿਰਤਾਂ ਵਿੱਚੋਂ ਲਈਆਂ ਤੇ ਕਾਲ-ਕ੍ਰਮ ਅਨੁਸਾਰ ਹੇਠਾਂ ਲਿਖੀਆਂ ਟੂਕਾਂ ਉਪਰੋਕਤ ਕਥਨ ਦੀ ਅਚੂਕ ਤੇ ਅਕੱਟ ਸਾਖ ਭਰਦੀਆਂ ਹਨ:

1. ਹਜ਼ੂਰੀ ਰਹਿਤਨਾਮਾ ਕ੍ਰਿਤ ਭਾਈ ਚਉਪਾ ਸਿੰਘ, ਅਨੰਦਪੁਰ – ਮਿਤੀ 1702 ਈ. (ਲਪ.) ਵਿੱਚੋਂ ਹਦਾਇਤ ਨੰ: 138:
“ਸਿੱਖੀ ਕੇਸਾਂ ਸਾਸਾਂ ਕੀ. ।”

2.ਪਰਚੀਆਂ ਕ੍ਰਿਤ ਸਾਧੂ ਸੇਵਾ ਦਾਸ ਉਦਾਸੀ, ਨਾਂਦੇੜ – ਮਿਤੀ 1708 ਈ. ਵਿੱਚੋਂ, ਪਰਚੀ ਨੰ: 18:
“ਜੋ ਮੇਰਾ ਸਿੱਖ ਹੋਵੈਗਾ, ਸੋ ਕੇਸਾਂ ਬਿਨਾਂ ਅਰ ਸ਼ਸਤ੍ਰਾਂ ਬਿਨਾਂ ਨ ਰਹੇਗਾ।
ਕੇਸਾਂ ਸ਼ਸਤ੍ਰਾਂ ਬਿਨ ਆਧਾ ਮਨੁੱਖ ਹੈ, ਸਾਰਾ ਮਨੁੱਖ ਤਬ ਹੀ ਹੋਤਾ ਹੈ ਜਬ ਕੇਸਾਂ ਸ਼ਸਤਰਾਂ ਸਹਿਤ ਹੋਤਾ ਹੈ।”

3. ਸ੍ਰੀ ਗੁਰੂ ਸੋਭਾ ਕ੍ਰਿਤ ਸ੍ਰੀ ਚੰਦਰਸੈਨ ਸੈਨਾਪਤੀ, ਵਜ਼ੀਰਾਬਾਦ-ਮਿਤੀ 1711 ਈ. ਵਿੱਚੋਂ, ਕਾਂਡ ਨੰ: 5, ਪਦ. ਨੰ 30:
“…ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿੱਖ ਸਹੀ, ਨਾ ਮਾਨੇਗਾ ਹੁਕਮ ਸੋ ਤੋ ਹੋਵੇਗਾ ਬਿਹਾਲਸਾ।
… ਹੁੱਕਾ ਨਾ ਪੀਵੈ, ਸੀਸ ਦਾੜ੍ਹੀ ਨਾ ਮੁੰਡਾਵੈ, ਸੋ ਤੋ ਵਾਹਿਗੁਰੂ, ਵਾਹਿਗੁਰੂ, ਗੁਰੂ ਜੀ ਕਾ ਖ਼ਾਲਸਾ।”

4. ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਕ੍ਰਿਤ ਭਾਈ ਕੇਸਰ ਸਿੰਘ ਛਿੱਬਰ, ਜੰਮੂ-ਮਿਤੀ 1769 ਈ. ਵਿੱਚੋਂ, ਕਾਂਡ ਨੰ: 10, ਪਦ 290-292:

i. “ਅਤੇ ਪੰਥ ਕੀਤਾ ਜੁਦਾ, ਨੀਸ਼ਾਨੀ ਕੇਸ ਲਾਏ।”
ii. “ਨਾਈ ਦਾ ਹੱਥ ਸੀਸ ਚਿਹਰੇ ਨ ਲਗਾਣਾ ਪਾਵੈ, ਕੇਸਾਧਾਰੀ ਗੁਰੂ ਕਾ ਪੰਥ ਕਹਾਵੈ।”

5. ਮਾਖ਼ਿਜੇ ਤਵਾਰੀਖੈ ਸਿੱਖਾਂ ਸੰਪਾਦਿਤ ਵੱਲੋਂ ਡਾ. ਗੰਡਾ ਸਿੰਘ, ਅੰਮ੍ਰਿਤਸਰ- ਮਿਤੀ 1949 ਈ. ਵਿੱਚੋਂ, ਪੰਨਾ ਨੰ: 89:

“ਨਿਸ਼ਾਨੇ ਸਿੱਖੀ ਈਂ ਪੰਜ ਹਰਫ਼ ਕਾਫ਼,
ਹਰਗਿਜ਼ ਨ ਬਾਸ਼ੰਦ ਈਂ ਪੰਜ ਮੁਆਫ਼।
ਕੜਾ, ਕਾਰਦੋ, ਕੱਛ, ਕੰਘਾ, ਬਿਦਾਂ,
ਬਿਲਾ ਕੇਸ ਹੇਚ ਅੰਦ ਜੁਮਲਾ ਨਿਸ਼ਾਂ।”

ਅਰਥਾਤ “ਅੱਗੋਂ ਤੋਂ ‘ਸਿੱਖ’ ਦੀ ਨਿਸ਼ਾਨੀ ਇਹ ਪੰਜ ‘ਕੱਕਾਰ’ ਹੋਣਗੇ, ਜਿਨ੍ਹਾਂ ਦੀ ਛੋਟ ਕਦੇ ਵੀ ਨਹੀਂ ਦਿੱਤੀ ਜਾ ਸਕੇਗੀ : ਕੜਾ, ਕਿਰਪਾਨ, ਕੱਛ, ਕੰਘਾ ਤੇ ਕੇਸ। ਪਰ ਚੇਤੇ ਰੱਖਣਾ, ਕੇਸਾਂ ਬਿਨਾਂ ਬਾਕੀ ਸਾਰੇ ਨਿਸ਼ਾਨ ਤੁੱਛ ਸਮਝੇ ਜਾਣਗੇ।”

6. ਗੁਰੂ ਕੀਆਂ ਸਾਖੀਆਂ ਕ੍ਰਿਤ ਭੱਟ ਸਰੂਪ ਸਿੰਘ ਕੋਸ਼ਿਸ਼, ਭਾਦਸੋਂ – ਮਿਤੀ 1790 ਈ., ਵਿੱਚੋਂ, ਸਾਖੀ ਨੰ: 59:
ਪਹਿਲੀ ਤੇ ਪ੍ਰਮੁੱਖ ਕੁਰਹਿਤ :

“ਪ੍ਰਿਥਮੇ ਚੋਟੀ ਸੇ ਲੈ ਕੇ ਪਾਉ ਕੇ ਅੰਗੂਠੇ ਤੀਕ ਰੋਮਾਂ ਕੀ ਬੇਅਦਬੀ।”

7. ਗੁਰਬਿਲਾਸ ਪਾਤਸ਼ਾਹੀ 10 ਕ੍ਰਿਤ ਭਾਈ ਸੁੱਖਾ ਸਿੰਘ, ਅਨੰਦਪੁਰ-ਮਿਤੀ 1797 ਈ. ਵਿੱਚੋਂ, ਕਾਂਡ ਨੰ: 23, ਪਦ ਨੰ: 35:

“ਬਿਨਾਂ ਸ਼ਸਤ੍ਰ ਕੇਸੰ, ਨਰੰ ਭੇਡ ਜਾਨੋ।
ਗਹੈ ਕਾਨ ਤਾਕੋ ਕਿਤੇ ਲੇ ਸਿਧਾਨੋ।”

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਤੇ ਸਿੱਖਾਂ ਲਈ ਕੇਸਾਂ ਦੀ ਕਾਇਮੀ, ਸੁਚੱਮ ਤੇ ਸੰਭਾਲ ਬਾਰੇ ਕੀਤੇ ਉਪਰੋਕਤ ਹੁਕਮ ਦੀ ਪਾਲਣਾ ਉੱਤੇ ਅਜਿਹਾ ਵਿਸ਼ੇਸ਼ ਬਲ ਦਿੰਦਿਆਂ, ਉਨ੍ਹਾਂ ਨਾਲ ਆਪਣੇ ਸਬੰਧ ਦੀ ਮੁੱਢਲੀ ਸ਼ਰਤ ਹੀ ਉਨ੍ਹਾਂ ਦਾ ਅਜਿਹਾ ਕਿਰਦਾਰ ਹੀ ਵਿਦਤ ਕਰਦਿਆਂ, ਮਾਨੋ ਐਲਾਨੀਆ ਫ਼ੁਰਮਾਇਆ ਹੋਇਆ ਹੈ:

“ਰਹਿਣੀ ਰਹੈ ਸੋਈ ਸਿੱਖ ਮੇਰਾ।” (ਰਹਿਤਨਾਮਾ ਕ੍ਰਿਤ ਭਾਈ ਪ੍ਰਹਿਲਾਦ ਸਿੰਘ, ਨਾਂਦੇੜ – 1708 ਈ., ਪਦ ਨੰ. 36)

ਸਤਿਗੁਰਾਂ ਦੇ ਸਿਦਕੀ ਸਿੱਖਾਂ ਦਾ ਇਹ ਦ੍ਰਿੜ੍ਹ ਨਿਸ਼ਚਾ ਇਸੇ ਕਰਕੇ ਅਜੇ ਤਕ ਕਾਇਮ ਹੈ ਕਿ ‘ਸਾਬਤ-ਸੂਰਤ ਸਰੂਪ’ ਦੇ ਧਾਰਨੀ ਸਿੱਖ ਵਿਚ ਹੀ ਉਨ੍ਹਾਂ ਦੀ ਬਖਸ਼ੀ ਹੋਈ ‘ਚੜ੍ਹਦੀ ਕਲਾ ਵਾਲੀ ਸਪਿਰਿਟ’ ਕਾਇਮ ਰਹਿ ਸਕਦੀ ਹੈ ਅਤੇ ਇਸੇ ਲਈ ਉਸ ਨੂੰ ਬਰਕਰਾਰ ਰੱਖਣ ਵਾਸਤੇ ਉਹ ਹਰ ਜਬਰ-ਜ਼ੁਲਮ ਦਾ ਟਾਕਰਾ ਕਰਦੇ, ਅਸਹਿ ਤੇ ਅਕਹਿ ਕਸ਼ਟ ਸਹਾਰਦੇ, ਸਿਰ-ਧੜ ਦੀਆਂ ਬਾਜ਼ੀਆਂ ਲਾਉਂਦੇ ਅਤੇ ਖਿੜੇ-ਮੱਥੇ ਸ਼ਹੀਦੀਆਂ ਪਾਉਂਦੇ ਰਹੇ ਹਨ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Harnam Singh Shan
ਸਾਬਕਾ ਮੁਖੀ ਸਿੱਖ ਸਟੱਡੀਜ਼ ਵਿਭਾਗ -ਵਿਖੇ: ਪੰਜਾਬ ਯੂਨੀਵਰਸਿਟੀ

ਮਰਹੂਮ ਸਰਦਾਰ ਸਰਵਨ ਸਿੰਘ ਅਤੇ ਸਰਦਾਰਨੀ ਤੇਜ ਕੌਰ ਦੇ ਪੁੱਤਰ ਹਰਨਾਮ ਸਿੰਘ ਦਾ ਜਨਮ 1923 ਵਿੱਚ ਪਿੰਡ ਧਮਾਲ ਵਿੱਚ ਹੋਇਆ ਸੀ ਰਾਵਲਪਿੰਡੀ, ਜੋ ਹੁਣ ਪੱਛਮੀ ਪੰਜਬ, ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਕਿੱਤੇ ਦੀ ਬਜਾਏ ਵਧੇਰੇ ਧਰਮ, ਲੋਕਧਾਰਾ ਅਤੇ ਧਰਮ ਨਿਰਪੱਖ ਸਾਹਿਤ ਦੇ ਇਤਿਹਾਸ ਬਾਰੇ ਸਮਰਪਣ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ (1948-58) ਵਿੱਚ ਸੰਪਾਦਕ ਵਜੋਂ ਕੀਤੀ । ਉਹ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਵਿਭਾਗ (1959-62) ਦੇ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ 'ਤੇ ਪਹੁੰਚ ਗਏ ਅਤੇ ਫਿਰ ਗੁਰੂ ਨਾਨਕ ਚੇਅਰ ਅਤੇ ਸਿੱਖ ਸਟੱਡੀਜ਼ ਵਿਭਾਗ (1972-84) ਦੇ ਮੁਖੀ ਵਜੋਂ ਪਹੁੰਚ ਗਏ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)