ਕਲਾਕਾਰ, ਸਾਹਿਤਕਾਰ, ਖੋਜਕਾਰ ਜਾਂ ਆਲੋਚਕ ਜਮਾਂਦਰੂ ਹੁੰਦੇ ਹਨ ਜਾਂ ਸਿਖਲਾਈ ਅਤੇ ਮਿਹਨਤ ਨਾਲ ਵੀ ਕੋਈ ਕਲਾਕਾਰ ਬਣ ਸਕਦਾ ਹੈ? ਇਸ ਪ੍ਰਸ਼ਨ ਉੱਪਰ ਕਈਆਂ ਚਿਰਾਂ ਤੋਂ ਅਤੇ ਕਈਆਂ ਰੂਪਾਂ ਵਿਚ ਬਹਿਸ ਹੁੰਦੀ ਆਈ ਹੈ ਪਰ ਅੰਤਿਮ ਨਿਰਣਾ ਅੱਜ ਤਾਈਂ ਨਹੀਂ ਹੋ ਸਕਿਆ ਅਤੇ ਸ਼ਾਇਦ ਹੋ ਵੀ ਨਾ ਸਕੇ। ਇਸ ਦਾ ਇਕ ਕਾਰਨ ਇਹ ਹੈ ਕਿ ਵਿਹਾਰ ਵਿਚ ਦੋਹਾਂ ਹੀ ਸੂਰਤਾਂ ਵਿਚ ਪ੍ਰਤਿਭਾ ਦਾ ਹੋਣਾ ਲਾਜ਼ਮੀ ਹੈ। ਪ੍ਰਤਿਭਾ ਹੋਵੇ ਤਾਂ ਪ੍ਰਤੀਕੂਲ ਹਾਲਾਤ ਵਿਚ ਵੀ ਕਲਾਕਾਰ ਅੱਗੇ ਨਿਕਲ ਜਾਂਦਾ ਹੈ ਅਤੇ ਪ੍ਰਤਿਭਾ ਨਾ ਹੋਣ ਦੀ ਸੂਰਤ ਵਿਚ ਸਿਖਲਾਈ ਜਾਂ ਮਿਹਨਤ ਵੀ ਕਿਸੇ ਕੰਮ ਨਹੀਂ ਆਉਂਦੀ। ਪ੍ਰਤਿਭਾ ਅਤੇ ਸਿਖਲਾਈ ਰਲ ਜਾਣ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ।
ਕਿਸੇ ਵੀ ਵਿਅਕਤੀ ਉੱਪਰ ਉਸ ਦੇ ਘਰ-ਪਰਵਾਰ, ਅਧਿਆਪਕਾਂ, ਆਲੇ-ਦੁਆਲੇ, ਦੋਸਤਾਂ-ਮਿੱਤਰਾਂ ਅਤੇ ਪੁਸਤਕਾਂ ਦੇ ਪ੍ਰਭਾਵ ਬੜੇ ਸਹਿਜ ਅਤੇ ਵਿਆਪਕ ਹਨ। ਜੇ ਇਹ ਕਹਿ ਲਿਆ ਜਾਵੇ ਕਿ ਕਿਸੇ ਵੀ ਸ਼ਖ਼ਸੀਅਤ ਦਾ ਵਿਕਾਸ ਹੀ ਇਨ੍ਹਾਂ ਪ੍ਰਭਾਵਾਂ ਅਧੀਨ ਹੁੰਦਾ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ। ਪਿੱਛਲਝਾਤ ਪਾਉਂਦਿਆਂ ਮੈਨੂੰ ਇਹ ਲੱਗਣ ਲੱਗ ਪੈਂਦਾ ਹੈ ਕਿ ਅਧਿਐਨ, ਖੋਜ ਅਤੇ ਅਧਿਆਪਨ ਸ਼ਾਇਦ ਮੇਰਾ ਮੁਕੱਦਰ ਸੀ, ਵਿਸ਼ੇਸ਼ ਕਰਕੇ ਸਾਹਿਤਕ ਖੋਜ। ਮੈਨੂੰ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਮੇਰੀ ਖੋਜ ਰੁਚੀ ਨੂੰ ਜਾਗ੍ਰਿਤ ਕਰਨ ਵਿਚ ਜਿਨ੍ਹਾਂ ਪੁਸਤਕਾਂ ਦਾ ਮੇਰੇ ਉੱਪਰ, ਬਚਪਨ ਵਿਚ ਵਧੇਰੇ ਪ੍ਰਭਾਵ ਪਿਆ, ਉਨ੍ਹਾਂ ਵਿਚ ਗਿ. ਸੋਹਣ ਸਿੰਘ ਸੀਤਲ ਰਚਿਤ ‘ਸੀਤਲ ਕਿਰਣਾਂ’ ਇਕ ਹੈ। ਕਵਿਤਾ ਵਿਚ ਛੰਦ, ਲੈਅ, ਸੰਗੀਤ ਆਦਿ ਦੇ ਮਹੱਤਵ ਨੂੰ ਸਮਝਣ ਅਤੇ ਦ੍ਰਿੜ੍ਹ ਕਰਨ ਵਿਚ ਇਸੇ ਪੁਸਤਕ ਨੇ ਅਰੰਭਲੀ ਭੂਮਿਕਾ ਨਿਭਾਈ। ਮੇਰੇ ਵਿਚ ਖੋਜ ਰੁਚੀ ਤਾਂ ਸ਼ਾਇਦ ਪਹਿਲਾਂ ਤੋਂ ਹੀ ਸੀ ਪਰ ਉਪਰੋਕਤ ਪੁਸਤਕ ਨੇ ਮੈਨੂੰ ਸਾਹਿਤ (ਕਵਿਤਾ) ਦੇ ਨਾਲ-ਨਾਲ ਇਤਿਹਾਸ, ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਪੜ੍ਹਨ ਦੀ ਚੇਟਕ ਲਾਈ। ਪੰਜਾਬੀ ਸਾਹਿਤ ਤੋਂ ਬਾਅਦ ਜੇਕਰ ਕੋਈ ਹੋਰ ਮੇਰੀ ਦਿਲਚਸਪੀ ਦਾ ਵਿਸ਼ਾ ਹੈ ਤਾਂ ਉਹ ਮੱਧਕਾਲੀ ਪੰਜਾਬ ਦਾ ਇਤਿਹਾਸ ਹੈ। ਜੇਕਰ ਮੈਂ ਪੰਜਾਬੀ ਦਾ ਅਧਿਆਪਕ ਨਾ ਹੁੰਦਾ ਤਾਂ ਸ਼ਾਇਦ ਇਤਿਹਾਸ ਦਾ ਅਧਿਆਪਕ ਹੁੰਦਾ। ਦੋਹਾਂ ਹੀ ਸੂਰਤਾਂ ਵਿਚ ਖੋਜ ਦਾ ਕੰਮ ਤਾਂ ਹੋਣਾ ਹੀ ਸੀ।
ਆਪਣੇ ਬਚਪਨ ਦੀਆਂ ਬਾਕੀ ਯਾਦਾਂ ਨੂੰ ਲਿਖਣ ਦਾ ਕੰਮ ਕਿਸੇ ਹੋਰ ਮੌਕੇ ਉੱਪਰ ਛੱਡ ਕੇ ਅੱਜ ਮੈਂ ਆਪਣੇ ਬਾਲ-ਮਨ ਉੱਪਰ ‘ਸੀਤਲ ਕਿਰਣਾਂ’ ਦਾ ਜਿਵੇਂ ਅਤੇ ਜਿਸ ਰੂਪ ਵਿਚ ਪ੍ਰਭਾਵ ਪਿਆ, ਜਿਸ ਕਰਕੇ ਮੇਰੀ ਮੱਧਕਾਲੀ ਪੰਜਾਬੀ ਸਾਹਿਤ ਵਿਚ ਖੋਜ ਕਰਨ ਦੀ ਰੁਚੀ ਪੈਦਾ ਹੋਈ, ਇਸ ਬਾਰੇ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਅੱਜ ਤੋਂ ਚਾਲੀ ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਸਾਂ। ਮੈਨੂੰ ਪੜ੍ਹਨ ਲਈ ਨੇੜੇ ਦੇ ਹੀ ਇਕ ਪਿੰਡ ਵਿਚ ਜਾਣਾ ਪੈਂਦਾ ਸੀ। ਹਫ਼ਤੇ ਦੇ ਆਖ਼ਰੀ ਦਿਨ ਭਾਵ ਹਰ ਸਨਿੱਚਰਵਾਰ ਅੱਧੀ ਛੁੱਟੀ ਤੋਂ ਬਾਅਦ ਸਕੂਲ ਵਿਚ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਹੁੰਦਾ ਸੀ। ਮੈਨੂੰ ਇਹ ਪ੍ਰੋਗਰਾਮ ਵੇਖਣ ਦੀ ਇਸ ਕਰਕੇ ਜ਼ਿਆਦਾ ਉਤਸੁਕਤਾ ਹੁੰਦੀ ਕਿਉਂਕਿ ਇਸ ਵਿਚ ਦੋ ਵਿਦਿਆਰਥੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਪ੍ਰਸੰਗ ਸੁਣਾਉਂਦੇ ਸਨ। ਇਸ ਪ੍ਰਸੰਗ ਵਿਚ ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਅਤੇ ਭਾਈ ਤਾਰੂ ਸਿੰਘ ਵਿਚਕਾਰ ਵਾਰਤਾਲਾਪ ਸੀ। ਝੋਕ ਛੰਦ ਵਿਚ ਲਿਖੇ ਇਸ ਪ੍ਰਸੰਗ ਵਿਚ ਭਾਈ ਤਾਰੂ ਸਿੰਘ ਨੂੰ ਸੂਬਾ ਸਿੱਖੀ ਸਿਦਕ ਛੱਡ ਕੇ ਮੁਸਲਮਾਨ ਬਣ ਕੇ ਜਾਨ ਬਚਾਉਣ ਦੀ ਪ੍ਰੇਰਨਾ ਦਿੰਦਾ ਹੈ ਪਰ ਤਾਰੂ ਸਿੰਘ ਆਪਣੇ ਅਕੀਦੇ ’ਤੇ ਅਡੋਲ ਅਤੇ ਅਡਿੱਗ ਰਹਿ ਕੇ ਦ੍ਰਿੜ੍ਹਤਾ ਨਾਲ ਸੂਬੇ ਦੀਆਂ ਗੱਲਾਂ ਨੂੰ ਨਕਾਰਦਾ ਹੋਇਆ ਸ਼ਹਾਦਤ ਨੂੰ ਤਰਜੀਹ ਦਿੰਦਾ ਹੈ।
ਇਕ ਵਿਦਿਆਰਥੀ ਨੇ ਸੂਬਾ ਬਣ ਜਾਣਾ ਤੇ ਦੂਜੇ ਨੇ ਭਾਈ ਤਾਰੂ ਸਿੰਘ। ਦੋਵਾਂ ਰਲ ਕੇ ਖ਼ੂਬ ਰੰਗ ਬੰਨ੍ਹਣਾ। ਇੰਞ ਲੱਗਣਾ ਜਿਵੇਂ ਕਚਹਿਰੀ ਦਾ ਦ੍ਰਿਸ਼ ਸੱਚਮੁਚ ਸਾਕਾਰ ਹੋ ਗਿਆ ਹੋਵੇ। ਇਹ ਦੋਵੇਂ ਵਿਦਿਆਰਥੀ ਮੈਥੋਂ ਉਮਰ ਵਿਚ ਵੱਡੇ ਸਨ। ਜਿਸ ਵਿਦਿਆਰਥੀ ਨੇ ਭਾਈ ਤਾਰੂ ਸਿੰਘ ਦੇ ਜਵਾਬ ਬੋਲਣੇ, ਉਹ ਵਿਦਿਆਰਥੀ ਆਸ-ਪਾਸ ਏਨਾ ਮਕਬੂਲ ਹੋਇਆ ਕਿ ਲੋਕੀਂ ਉਸ ਦਾ ਅਸਲੀ ਨਾਂ ਹਰਭਜਨ ਸਿੰਘ ਛੱਡ ਕੇ ਉਸ ਨੂੰ ਤਾਰੂ ਸਿੰਘ ਹੀ ਬੁਲਾਉਣ ਲੱਗ ਪਏ। ਇਕ ਦਿਨ ਮੈਂ ਹਰਭਜਨ ਸਿੰਘ ਕੋਲੋਂ ਪੁੱਛ ਹੀ ਲਿਆ ਕਿ ਤੁਸੀਂ ਜਿਹੜਾ ਸ਼ਹੀਦੀ ਪ੍ਰਸੰਗ ਸੁਣਾਉਂਦੇ ਹੋ, ਉਹ ਕਿਹੜੀ ਕਿਤਾਬ ਵਿੱਚੋਂ ਹੈ। ਉਸ ਨੇ ਦੱਸਿਆ ਕਿ ਉਹ ਢਾਡੀ ਸੋਹਣ ਸਿੰਘ ਸੀਤਲ ਰਚਿਤ ‘ਸੀਤਲ ਕਿਰਣਾਂ’ ਵਿੱਚੋਂ ਹੈ। ਇਹੀ ਭਾਈ ਹਰਭਜਨ ਸਿੰਘ ਅੱਜਕਲ੍ਹ ਇਕ ਕਵੀਸ਼ਰੀ ਜਥੇ ਦਾ ਮੋਢੀ ਹੈ। ਮੇਰਾ ਬਾਪ ਭਾਵੇਂ ਪੜ੍ਹਿਆ-ਲਿਖਿਆ ਨਹੀਂ ਸੀ ਪਰ ਧਾਰਮਿਕ ਰੁਚੀਆਂ ਦਾ ਮਾਲਕ ਸੀ ਅਤੇ ਉਸ ਨੂੰ ਦੀਵਾਨ ਜਾਂ ਢਾਡੀ ਦਰਬਾਰ ਸੁਣਨ ਦਾ ਬਹੁਤ ਸ਼ੌਕ ਸੀ। ਨੇੜੇ-ਤੇੜੇ ਕਿਧਰੇ ਵੀ ਜਦ ਅਜਿਹੇ ਦੀਵਾਨਾਂ ਦਾ ਪਤਾ ਲੱਗਣਾ, ਖ਼ਾਸ ਕਰਕੇ ਜੇ ਗਿ. ਸੋਹਣ ਸਿੰਘ ਸੀਤਲ ਨੇ ਆਉਣਾ ਹੁੰਦਾ, ਉਸ ਨੇ ਜ਼ਰੂਰ ਸੁਣਨ ਜਾਣਾ। ਇਕਲੌਤਾ ਪੁੱਤਰ ਹੋਣ ਕਰਕੇ ਮੇਰੇ ਨਾਲ ਮੋਹ ਵੀ ਕੁਝ ਜ਼ਿਆਦਾ ਹੀ ਸੀ। ਇਸ ਲਈ ਕਦੀ-ਕਦੀ ਮੈਨੂੰ ਵੀ ਆਪਣੇ ਨਾਲ ਲੈ ਜਾਣਾ। ਅਜਿਹੇ ਹੀ ਇਕ ਮੌਕੇ ਅਸੀਂ ਦੋਵੇਂ ਪਿਉ-ਪੁੱਤਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਆਏ। ਉਨ੍ਹੀਂ ਦਿਨੀਂ ਬਜ਼ਾਰ ਮਾਈ ਸੇਵਾਂ ਪੁਸਤਕਾਂ ਦਾ ਵੱਡਾ ਬਜ਼ਾਰ ਹੋਇਆ ਕਰਦਾ ਸੀ। ਭੀੜ ਜ਼ਿਆਦਾ ਹੋਣ ਕਰਕੇ ਅਸੀਂ ਬਜ਼ਾਰ ਮਾਈ ਸੇਵਾਂ ਵਿੱਚੋਂ ਪੈਦਲ ਹੀ ਜਾ ਰਹੇ ਸਾਂ। ਕਿਤਾਬਾਂ ਦੀਆਂ ਦੁਕਾਨਾਂ ਦੇ ਬੋਰਡ ਪੜ੍ਹ ਕੇ ਮੈਂ ਆਪਣੇ ਪਿਤਾ ਕੋਲ ‘ਸੀਤਲ ਕਿਰਣਾਂ’ ਦੀ ਫ਼ਰਮਾਇਸ਼ ਕਰ ਦਿੱਤੀ। ਸੀਤਲ ਦੇ ਪ੍ਰਸ਼ੰਸਕ ਤਾਂ ਉਹ ਅੱਗੇ ਹੀ ਸਨ, ਇਸ ਲਈ ਪੁਸਤਕ ਦੀ ਭਾਲ ਸ਼ੁਰੂ ਹੋ ਗਈ। ਇਕ-ਦੋ ਥਾਵਾਂ ’ਤੇ ਪਤਾ ਕੀਤਾ ਪਰ ਕਿਤਾਬ ਨਾ ਲੱਭੀ। ਮੇਰਾ ਹਠ ਵੇਖ ਕੇ ਸ਼ਾਇਦ ਉਨ੍ਹਾਂ ਨੂੰ ਲੱਗਾ ਕਿ ਜਮਾਤ ਵਿਚ ਲੱਗੀ ਹੋਣੀ ਹੈ, ਇਸ ਲਈ ਸਾਰਾ ਬਜ਼ਾਰ ਗਾਹ ਮਾਰਿਆ। ਕਿਤਾਬ ਫਿਰ ਨਾ ਲੱਭੀ। ਨਿਰਾਸ਼ ਤਾਂ ਮੈਂ ਜ਼ਰੂਰ ਹੋਇਆ ਪਰ ‘ਸੀਤਲ ਕਿਰਣਾਂ’ ਮਨ ਦੀ ਤਹਿ ਵਿਚ ਮਹਿਫੂਜ਼ ਹੋ ਚੁੱਕੀ ਸੀ।
ਫਿਰ ਬਾਅਦ ਵਿਚ ਇਹ ਕਿਤਾਬ ਲੈ ਕੇ ਰੱਖ ਲਈ ਜੋ ਅੱਜ ਵੀ ਮੇਰੀ ਜ਼ਾਤੀ ਲਾਇਬ੍ਰੇਰੀ ਵਿਚ ਮੌਜੂਦ ਹੈ। ਜਦ ਮੈਂ ਪੰਜਾਬੀ ਰਵਾਨਗੀ ਨਾਲ ਪੜ੍ਹਨ ਲੱਗਿਆ ਤਾਂ ਸਿਆਲੀਆਂ ਰਾਤਾਂ ਨੂੰ ਮੇਰੇ ਘਰਦਿਆਂ ਨੇ ‘ਸੀਤਲ ਕਿਰਣਾਂ’ ਵਿੱਚੋਂ ਕਿਸੇ ਪ੍ਰਸੰਗ ਦੀ ਫ਼ਰਮਾਇਸ਼ ਕਰ ਦੇਣੀ ਅਤੇ ਮੈਂ ਉਹ ਹੇਕ ਲਾ ਕੇ ਸੁਣਾਉਣਾ। ਉਪਰੋਕਤ ਭਾਈ ਤਾਰੂ ਸਿੰਘ ਦੇ ਸ਼ਹੀਦੀ ਪ੍ਰਸੰਗ ਤੋਂ ਬਿਨਾਂ ਇਸ ਪੁਸਤਕ ਵਿੱਚੋਂ ਜਿਹੜਾ ਇਕ ਹੋਰ ਪ੍ਰਸੰਗ ਮੈਨੂੰ ਜ਼ਿਆਦਾ ਪਸੰਦ ਸੀ, ਉਹ ਸੀ ‘ਗੱਡੀ ਪੰਜਾ ਸਾਹਿਬ’। ਇਸ ਗੱਡੀ ਵਿਚ ਅਕਾਲੀ ਮੋਰਚਿਆਂ ਸਮੇਂ ਫੜੇ ਗਏ ਵਰਕਰਾਂ ਨੂੰ ਅਟਕ ਜੇਲ੍ਹ ਭੇਜਦੇ ਸਮੇਂ ਪੰਜਾ ਸਾਹਿਬ ਵਿਖੇ ਗੱਡੀ ਰੋਕ ਕੇ ਲੰਗਰ ਛਕਾਉਣ ਦਾ ਜ਼ਿਕਰ ਸੀ।
ਜਦ ‘ਸੀਤਲ ਕਿਰਣਾਂ’ ਦੇ ਪ੍ਰਸੰਗ ਇਕ-ਇਕ ਕਰਕੇ ਮੁੱਕ ਗਏ ਅਤੇ ਇਕ ਤੋਂ ਵੱਧ ਵਾਰ ਸੁਣੇ ਗਏ ਤਾਂ ਮੇਰੇ ਮਾਪਿਆਂ ਦੀ ਜਗਿਆਸਾ ਹੋਰ ਕੁਝ ਪੜ੍ਹਨ-ਸੁਣਨ ਦੀ ਜਾਗੀ। ਮੇਰੇ ਪਿਤਾ ਜੀ ਦੱਸਦੇ ਹੁੰਦੇ ਸੀ ਕਿ ਜਦ ਉਹ ਛੋਟੀ ਉਮਰ ਦੇ ਸੀ ਤਾਂ ਮੇਰਾ ਤਾਇਆ ਧਨੀ ਰਾਮ ਚਾਤ੍ਰਿਕ ਦੇ ਕਿੱਸੇ ਘਰ ਵਿਚ ਪੜ੍ਹਿਆ ਕਰਦਾ ਸੀ ਜਿਸ ਨੂੰ ਉਹ ਬੜੇ ਸ਼ੌਕ ਨਾਲ ਸੁਣਦੇ। ਸੁਣਨ ਦੀ ਉਸ ਦੀ ਇਹ ਭੁੱਖ ਹੁਣ ਹੋਰ ਵੀ ਚਮਕ ਪਈ ਸੀ ਕਿਉਂਕਿ ਇਸ ਦੀ ਤ੍ਰਿਪਤੀ ਉਨ੍ਹਾਂ ਨੂੰ ਪੁੱਤਰ ਕੋਲੋਂ ਘਰ ਵਿਚ ਸੌਖਿਆਂ ਹੀ ਹੋਣ ਲੱਗ ਪਈ ਸੀ। ਸਾਡੇ ਘਰ ਵਿਚ ਪੱਥਰ ਦੇ ਛਾਪੇ ਦੀ ਇਕ ਜਨਮਸਾਖੀ ਸੰਭਾਲੀ ਪਈ ਸੀ। ਮਾਪਿਆਂ ਦੀ ਇੱਛਾ ਪੂਰਤੀ ਲਈ ਮੈਂ ਉਹ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਉਸ ਵਿੱਚੋਂ ਰੋਜ਼ ਰਾਤ ਨੂੰ ਕੁਝ ਸਾਖੀਆਂ ਪੜ੍ਹ ਕੇ ਸੁਣਾਉਣੀਆਂ। ਜਿਸ ਸਫ਼ੇ ਉੱਪਰੋਂ ਪੜ੍ਹਨਾ ਬੰਦ ਕਰ ਦੇਣਾ, ਉਥੇ ਕਾਗਜ਼ ਦਾ ਨਿਸ਼ਾਨੀ ਵਜੋਂ ਇਕ ਛੋਟਾ ਜਿਹਾ ਟੁਕੜਾ ਰੱਖ ਦੇਣਾ ਤਾਂ ਜੋ ਅਗਲੇ ਦਿਨ ਉਸ ਸਫ਼ੇ ਤੋਂ ਹੀ ਸ਼ੁਰੂ ਕੀਤਾ ਜਾ ਸਕੇ। ਉਨ੍ਹੀਂ ਦਿਨੀਂ ਮੇਲਿਆਂ- ਮੁਸਾਬਿਆਂ ਵਿਚ ਕਿੱਸੇ ਗਾ ਕੇ ਵੇਚਣ ਦਾ ਰਿਵਾਜ ਵੀ ਆਮ ਸੀ। ਗਾਇਣ ਨਾਲ ਸਧਾਰਨ ਭਾਂਤ ਦੀ ਤੁਕਬੰਦੀ ਵੀ ਬੜਾ ਰੰਗ ਬੰਨ੍ਹ ਦਿੰਦੀ। ਸਾਡੇ ਲਾਗੇ ਹੀ ਛੇਹਰਟਾ ਸਾਹਿਬ ਵਿਖੇ ਹਰ ਮਹੀਨੇ ਪੰਚਮੀ ਲੱਗਦੀ। ਖ਼ਾਸ ਕਰਕੇ ਬਸੰਤ ਪੰਚਮੀ ਤਾਂ ਅੱਜ ਵੀ ਓਨੀ ਹੀ ਮਸ਼ਹੂਰ ਹੈ। ਮੈਂ ਬਸੰਤ ਪੰਚਮੀ ਵੇਖਣ ਜਾਣਾ ਤਾਂ ਕਿੱਸੇ ਖਰੀਦ ਕੇ ਲੈ ਆਉਣੇ। ਦਰਦ-ਫਿਰਾਕ ਵਾਲੇ ਕਿੱਸਿਆਂ ਦਾ ਆਪਣਾ ਹੀ ਰੰਗ ਹੈ। ਕਾਦਰਯਾਰ ਦਾ ‘ਪੂਰਨ ਭਗਤ’ ਅਤੇ ਦੌਲਤ ਰਾਮ ਦਾ ‘ਰੂਪ ਬਸੰਤ’ ਮੇਰੇ ਮਨਭਾਉਂਦੇ ਕਿੱਸੇ ਸਨ, ਜਿਨ੍ਹਾਂ ਨੂੰ ਪੜ੍ਹ ਕੇ ਸੁਣਾਉਣਾ ਮੇਰਾ ਰੋਜ਼ ਦਾ ਸ਼ੁਗਲ ਸੀ।
‘ਸੀਤਲ ਕਿਰਣਾਂ’ ਅਤੇ ‘ਜਨਮਸਾਖੀ’ ਨੇ ਮੇਰੇ ਅੰਦਰ ਇਤਿਹਾਸ, ਖਾਸ ਕਰਕੇ ਸਿੱਖ ਇਤਿਹਾਸ ਪੜ੍ਹਨ ਦੀ ਚੇਟਕ ਲਾ ਦਿੱਤੀ। ਇਸ ਲਈ ਪਹਿਲਾਂ ਕਾਲਜ ਅਤੇ ਫਿਰ ਯੂਨੀਵਰਸਿਟੀ ਦੀ ਪੜ੍ਹਾਈ ਤੋਂ ਬਾਅਦ ਜਦ ਪੀ.ਐੱਚ.ਡੀ. ਕਰਨ ਲਈ ਵਜ਼ੀਫਾ ਮਿਲਿਆ ਤਾਂ ਮੇਰੀ ਇੱਛਾ ਇਹੋ ਸੀ ਕਿ ਕੋਈ ਅਜਿਹਾ ਖੋਜ ਵਿਸ਼ਾ ਚੁਣਿਆ ਜਾਵੇ ਜੋ ਸਾਹਿਤ ਅਤੇ ਇਤਿਹਾਸ ਦੋਹਾਂ ਨਾਲ ਜੁੜਦਾ ਹੋਵੇ। ਅਜਿਹਾ ਹੀ ਹੋਇਆ। ਕਵੀ ਸੌਂਧਾ ਜਿਸ ਉੱਪਰ ਮੇਰਾ ਪੀ.ਐੱਚ.ਡੀ. ਖੋਜ ਕਾਰਜ ਸੀ, ਉਸ ਨੇ ‘ਗੁਰਪ੍ਰਣਾਲੀ’ ‘ਬਾਬਾ ਬੁੱਢਾ ਬੰਸਾਵਲੀ’, ‘ਅੰਮ੍ਰਿਤਸਰ ਮਹਿਮਾ’ ਆਦਿ ਰਚਨਾਵਾਂ ਵੀ ਲਿਖੀਆਂ ਸਨ, ਜਿਨ੍ਹਾਂ ਵਿਚ ਇਤਿਹਾਸ ਦੀ ਸੁਰ ਭਾਰੂ ਸੀ। ਮੈਂ ਇਹ ਕੰਮ ਇਸ ਕਰਕੇ ਖੁਸ਼ਅਸਲੂਬੀ ਨਾਲ ਕਰ ਸਕਿਆ ਕਿਉਂਕਿ ਇਤਿਹਾਸ ਦੀ ਲਗਨ ਪਹਿਲਾਂ ਤੋਂ ਹੀ ਮੇਰੇ ਮਨ ਵਿਚ ਸੀ। ਇਸ ਖੋਜ-ਪ੍ਰਬੰਧ ਉੱਪਰ ਡਿਗਰੀ ਤਾਂ ਮਿਲੀ ਹੀ ਮਿਲੀ, ਇਸ ਨੂੰ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਮਾਹਰਾਨਾ ਰਾਇ ਲੈ ਕੇ ਆਪ ਛਾਪਿਆ।
ਖੋਜ ਦੇ ਵਿਹਾਰਕ ਖੇਤਰ ਵਿਚ ਕੰਮ ਕਰਦਿਆਂ ਅੱਜ ਮੇਰੀ ਪੱਕੀ ਰਾਇ ਹੈ ਕਿ ਮੱਧਕਾਲੀ ਸਾਹਿਤ ਦੀ ਖੋਜ, ਇਤਿਹਾਸ ਦੀ ਸਮਝ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਕਾਰਨ ਇਸ ਦਾ ਇਹ ਹੈ ਕਿ ਮੱਧਕਾਲ ਵਿਚ ਕਵਿਤਾ ਤੇ ਇਤਿਹਾਸ ਆਪਸ ਵਿਚ ਇਸ ਤਰ੍ਹਾਂ ਸਮਾਏ ਹੋਏ ਹਨ ਕਿ ਦੋਹਾਂ ਨੂੰ ਨਿਖੇੜਨਾ ਅਸੰਭਵ ਹੈ। ਅੱਜ ਮੱਧਕਾਲੀ ਸਾਹਿਤ ਦੀ ਖੋਜ ਵਿਚ ਖੋਜਾਰਥੀਆਂ ਦੀ ਰੁਚੀ ਘਟ ਰਹੀ ਹੈ ਤਾਂ ਉਸ ਦਾ ਇਕ ਪ੍ਰਮੁੱਖ ਕਾਰਨ ਉਸ ਦੀ ਇਤਿਹਾਸ ਪ੍ਰਤੀ ਲਾ-ਇਲਮੀ ਹੈ। ਮੇਰੀਆਂ ਪ੍ਰਕਾਸ਼ਿਤ ਪੁਸਤਕਾਂ ‘ਸਾਹਿਤ ਅਵਲੋਕਨ’ (1990), ‘ਮੱਧਕਾਲੀ ਪੰਜਾਬੀ ਸਾਹਿਤ : ਤੱਥ ਅਤੇ ਸ੍ਰੋਤ’ (1998), ‘ਗੁਰੂ ਗ੍ਰੰਥ ਸਾਹਿਬ : ਸੰਪਾਦਨ ਦਾ ਪਿਛੋਕੜ’ (2006) ਅਦਿ ਵਿਚ ਕਈ ਲੇਖ ਅਜਿਹੇ ਹਨ, ਜਿਨ੍ਹਾਂ ਵਿਚ ਇਤਿਹਾਸ ਦੀ ਸਮਝ ਦਾ ਵੀ ਅਸਲ ਦਖ਼ਲ ਹੈ। ਮੇਰੇ ਇਕ ਵਿਦਿਆਰਥੀ ਨੇ ‘ਕੇਸਰ ਸਿੰਘ ਛਿੱਬਰ ਦੀ ਪੰਜਾਬੀ ਸਾਹਿਤ ਨੂੰ ਦੇਣ’ ਵਿਸ਼ੇ ਉੱਪਰ ਪੀ.ਐੱਚ.ਡੀ. ਕੀਤੀ ਹੈ। ਜਦ ਅਸੀਂ ਉਹ ਕੰਮ ਕਰ ਰਹੇ ਸੀ ਤਾਂ ਸਾਨੂੰ ਪਤਾ ਲੱਗਾ ਕਿ ਕੇਸਰ ਸਿੰਘ ਛਿੱਬਰ ਦੇ ਪੋਤਰੇ ਮਿਹਰ ਸਿੰਘ ਛਿੱਬਰ (ਮਿਹਰ ਸਿੰਘ ਗੁਜਰਾਤੀ) ਨੇ ‘ਪੰਜਾਬ ਦਾ ਰਉਸ਼ਨ ਕਿੱਸਾ’ ਨਾਂ ਥੱਲੇ ਇਕ ਕਿੱਸਾ ਲਿਖਿਆ ਹੈ। ਸਾਡੇ ਮਨ ਵਿਚ ਇਸ ਕਿੱਸੇ ਨੂੰ ਵੇਖਣ ਦੀ ਇੱਛਾ ਜਾਗੀ ਪਰ ਮੁਸ਼ਕਿਲ ਇਹ ਸੀ ਕਿ ਇਹ ਇੰਡੀਆ ਆਫ਼ਿਸ ਲਾਇਬ੍ਰੇਰੀ, ਲੰਡਨ ਵਿਖੇ ਪਿਆ ਸੀ ਅਤੇ ਇਸ ਦੀ ਪ੍ਰਤੀਲਿਪੀ ਵੀ ਇਹੋ ਇੱਕੋ ਇੱਕ ਸੀ। ਖ਼ੈਰ ਅਸੀਂ ਜਤਨ ਕਰ ਕੇ ਉਹ ਕਿੱਸਾ, ਜੋ ਉਦੋਂ ਹੱਥ-ਲਿਖਤ ਰੂਪ ਵਿਚ ਹੀ ਸੀ, ਲੰਡਨ ਤੋਂ ਮੰਗਵਾਇਆ। ਪੜ੍ਹਨ ਤੋਂ ਪਤਾ ਲੱਗਾ ਕਿ ਇਸ ਕਿੱਸੇ ਦੀਆਂ ਦੂਜੀਆਂ ਵਿਸ਼ੇਸ਼ਤਾਵਾਂ ਤੋਂ ਬਿਨਾਂ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਇਹ ਦੂਜੇ ਐਂਗਲੋ ਸਿੱਖ ਯੁੱਧ ਬਾਰੇ ਕਾਫ਼ੀ ਰੌਸ਼ਨੀ ਪਾਉਂਦਾ ਹੈ। ਪਹਿਲੀ ਐਂਗਲੋ ਸਿੱਖ ਲੜਾਈ ਬਾਰੇ ਤਾਂ ਸ਼ਾਹ ਮੁਹੰਮਦ, ਮਟਕ ਆਦਿ ਕਵੀਆਂ ਦੇ ਬਿਰਤਾਂਤ ਮਿਲ ਜਾਂਦੇ ਹਨ ਪਰ ਦੂਜੇ ਬਾਰੇ ਅਜਿਹੇ ਕਿੱਸੇ ਦਾ ਮਿਲਣਾ ਯਕੀਨਨ ਨਵੀਂ ਤੇ ਮੁੱਲਵਾਨ ਗੱਲ ਸੀ। ਇਸ ਕਿੱਸੇ ਬਾਰੇ ਇਕ ਵਿਸਤ੍ਰਿਤ ਖੋਜ-ਪੱਤਰ ਮੇਰੀਆਂ ਉਪਰੋਕਤ ਪੁਸਤਕਾਂ ਵਿੱਚੋਂ ਕਿਸੇ ਇਕ ਵਿਚ ਸ਼ਾਮਲ ਹੈ।
ਅੱਜ ਜਦ ਮੈਂ ਪਿੱਛਲਝਾਤ ਪਾ ਕੇ ਵੇਖਦਾ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਮੈਨੂੰ ਸਾਹਿਤ ਅਤੇ ਇਤਿਹਾਸ ਦੀ ਖੋਜ ਵੱਲ ਤੋਰਨ ਵਿਚ ‘ਸੀਤਲ ਕਿਰਣਾਂ’ ਦਾ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿਚ ਕਾਰਜਸ਼ੀਲ ਜ਼ਰੂਰ ਹੈ। ਉਂਞ ਵੀ ਮਨੋਵਿਗਿਆਨੀ ਕਹਿੰਦੇ ਹਨ ਕਿ ਬਚਪਨ ਵਿਚ ਪਏ ਪ੍ਰਭਾਵਾਂ ਤੋਂ ਮਨੁੱਖ ਸਾਰੀ ਉਮਰ ਮੁਕਤ ਨਹੀਂ ਹੋ ਸਕਦਾ। ਇਸ ਲਈ ਜੇ ਮੈਂ ਭਵਿੱਖ ਵਿਚ ਵੀ ਸਾਹਿਤ ਅਤੇ ਇਤਿਹਾਸ ਦੀ ਖੋਜ ਤੋਂ ਪਿੱਛਾ ਨਾ ਛੁਡਾ ਸਕਾਂ ਤਾਂ ਇਹ ਮੇਰੇ ਬਾਲ-ਮਨ ਉੱਪਰ ਉਕਰੇ ‘ਸੀਤਲ ਕਿਰਣਾਂ’ ਦੇ ਪ੍ਰਭਾਵ ਦਾ ਹੀ ਨਤੀਜਾ ਸਮਝਿਆ ਜਾਣਾ ਚਾਹੀਦਾ ਹੈ।
ਲੇਖਕ ਬਾਰੇ
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/November 1, 2007
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/September 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/May 1, 2010