editor@sikharchives.org
Guru Granth Sahib Ji

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ-ਕਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਸੰਸਾਰ ਦੇ ਇਤਿਹਾਸ ਵਿਚ ਇਕ ਬਹੁਤ ਵੱਡਾ ਰੂਹਾਨੀ ਵਰਤਾਰਾ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਸੰਸਾਰ ਦੇ ਇਤਿਹਾਸ ਵਿਚ ਇਕ ਬਹੁਤ ਵੱਡਾ ਰੂਹਾਨੀ ਵਰਤਾਰਾ ਸੀ। ਭਾਈ ਸੰਤੋਖ ਸਿੰਘ ਜੀ ‘ਗੁਰ ਪ੍ਰਤਾਪ ਸੂਰਜ’ ਵਿਚ ਦੱਸਦੇ ਹਨ ਕਿ ਆਉਣ ਵਾਲੇ ਸਮੇਂ (ਭਵਿੱਖ) ਨੂੰ ਤਾਰਨ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਆਪ ਲਿਖਦੇ ਹਨ:

ਹੇਤ ਭਵਿਖਯਤ ਤਾਰਿਬੇ ਰਚਿਓ ਗ੍ਰੰਥ ਸ਼੍ਰੁਤਿ ਸਾਰ।
ਸ੍ਰੀ ਅਰਜਨ ਪਗ ਕਮਲ ਪਰ ਨਮਸਕਾਰ ਸਿਰ ਧਾਰਿ॥ (ਰਾਸਿ 10:1:7)

ਪ੍ਰਿੰਸੀਪਲ ਹਰਿਭਜਨ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਹੁੰਦੀ ਪੱਤ੍ਰਿਕਾ ‘ਨਾਨਕ ਪ੍ਰਕਾਸ਼ ਪੱਤ੍ਰਿਕਾ’ ਦੇ ਦਸੰਬਰ 1976 ਦੇ ਅੰਕ ਵਿਚ ਛਪੇ ਆਪਣੇ ਖੋਜ-ਪੱਤਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ’ ਵਿਚ ਬਹੁਤ ਸੁੰਦਰ ਸ਼ਬਦਾਂ ਵਿਚ ਲਿਖਦੇ ਹਨ:

‘ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੇਡੇ ਆਕਾਰ ਵਾਲੇ ਗ੍ਰੰਥ ਦੇ, ਜਿਸ ਦਾ ‘ਗਿਆਨ’ ਹਮੇਸ਼ਾਂ ਲਈ ਮਨੁੱਖ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਆਰਥਿਕ ਸਮੱਸਿਆਵਾਂ ਦਾ ਕੁਲੀ ਤੇ ਸਦੀਵੀ ਹੱਲ ਹੋਵੇ, ਪਵਿੱਤਰ ਕਲਾਮ ਨੂੰ ਇਕੱਤਰ ਕਰਨਾ ਕਠਿਨ ਸੀ, ਤਾਂ ਇਨ੍ਹਾਂ ਦੈਵੀ-ਰਚਨਾਵਾਂ ਨੂੰ ਵਿਸ਼ੇਸ਼ ਜੋੜਾਂ, ਸ਼ੈਲੀ ਤੇ ਵਿਆਕਰਣਕ ਆਦਿ ਨੇਮਾਂ ਹੇਠ ਵਿਉਂਤਬੱਧ ਕਰ ਕੇ ਸੰਪਾਦਨ ਕਰਨਾ ਕਿਤੇ ਵੱਧ ਕਠਿਨ। ਜਿਸ ਪ੍ਰਬੀਨਤਾ ਤੇ ਮੌਲਕ ਸੰਪਾਦਨ-ਕਲਾ-ਢੰਗ ਨਾਲ ਸ਼ਾਂਤੀ-ਪੁੰਜ ਸਤਿਗੁਰੂ ਨੇ ਮਨੁੱਖ-ਮਾਤਰ ਦੀ ਸਦੀਵੀ ਭਲਾਈ ਲਈ ਇਹ ਅਦੁੱਤੀ ਕਾਰਜ ਸਿਰੰਜਾਮ ਦਿੱਤਾ, ਉਹ ਆਪ ਜਿਹੇ ਦੈਵੀ, ਸਰਬ-ਸਾਂਝੇ, ਬ੍ਰਹਮ-ਗਿਆਨੀ, ‘ਬਾਣੀ ਦੇ ਬੋਹਿਥ ਤੇ ਪ੍ਰਤੱਖ ਹਰੀ-ਸਰੂਪ’ ਵਿਅਕਤੀ ਦੇ ਹਿੱਸੇ ਹੀ ਆ ਸਕਦਾ ਸੀ।’

ਸੱਚਮੁਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ-ਕਲਾ ਮਨੁੱਖੀ ਬੁੱਧੀ ਨੂੰ ਵਿਸਮਾਦ ਵਿਚ ਲੈ ਕੇ ਆਉਣ ਵਾਲੀ ਹੈ। ਇਸ ਅਥਾਹ ਅਤੇ ਦੈਵੀ-ਕਲਾ ਨੂੰ ਕੁਝ ਹਦ ਤੱਕ ਸਮਝ ਸਕਣ ਲਈ ਕੁਝ ਨੁਕਤਿਆਂ ’ਤੇ ਆਧਾਰਿਤ ਇਸ ਲੇਖ ਵਿਚ ਤੁੱਛ ਜਿਹਾ ਯਤਨ ਕੀਤਾ ਜਾ ਰਿਹਾ ਹੈ।

ਮੰਗਲਾਚਰਨ

ਪੁਰਾਤਨ-ਕਾਵਿ ਵਿਚ ਮੰਗਲਾਚਰਨ ਦੀ ਪਰੰਪਰਾ ਆਮ ਰਹੀ ਹੈ। ਕਵੀ ਅਤੇ ਕਿੱਸਾਕਾਰ ਆਪਣੀਆਂ ਰਚਨਾਵਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਧਿਆਉਂਦੇ ਆਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਰ ਇਕ ਨਵੇਂ ਰਾਗ ਦੇ ਅਰੰਭ ਵਿਚ; ਬਾਣੀ ਦੇ ਰਚਣਹਾਰ ਦੀ ਤਬਦੀਲੀ ਹੋਣ ’ਤੇ, ਸ਼ਬਦਾਂ ਦੇ ਸੰਗ੍ਰਹਿ ਵਿਚ ‘ਪਦਿਆਂ’ ਜਾਂ ‘ਘਰੁ’ ਆਦਿ ਦੀ ਤਬਦੀਲੀ ਹੋਣ ’ਤੇ ਪੂਰੇ ਜਾਂ ਸੰਖੇਪ ਮੂਲ-ਮੰਤਰ ਦੀ ਵਰਤੋਂ ਕੀਤੀ ਗਈ ਹੈ। ੴ ਤੋਂ ਲੈ ਕੇ ਗੁਰ ਪ੍ਰਸਾਦਿ ਤਕ ਪੂਰਾ ਮੂਲ-ਮੰਤਰ, ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ (ਸੰਖੇਪ ਮੂਲ-ਮੰਤਰ), ੴ ਸਤਿ ਨਾਮੁ ਗੁਰ ਪ੍ਰਸਾਦਿ (ਸੰਖੇਪ ਮੂਲ-ਮੰਤਰ), ੴਸਤਿ ਗੁਰ ਪ੍ਰਸਾਦਿ (ਸੰਖੇਪ ਮੂਲ- ਮੰਤਰ) ਅਤੇ ੴ (ਬਹੁਤ ਹੀ ਸੰਖੇਪ ਮੂਲ-ਮੰਤਰ) ਵਜੋਂ ਮੰਗਲਾਚਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪੰਜ ਰੂਪਾਂ ਵਿਚ ਦਰਜ ਹੈ। ੴ ਤੋਂ ਲੈ ਕੇ ਗੁਰ ਪ੍ਰਸਾਦਿ ਤਕ ਪੂਰਾ ਮੂਲ-ਮੰਤਰ ਇਉਂ ਹੈ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਇਹ ਮੰਨਿਆ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਇਸੇ ਮੂਲ-ਮੰਤਰ ਦੀ ਵਿਆਖਿਆ ਹੈ। ਮਨੁੱਖ ਦੇ ਅਧਿਆਤਮਕ, ਸਮਾਜਿਕ, ਰਾਜਨੀਤਕ, ਆਰਥਿਕ ਅਤੇ ਹੋਰ ਵੀ ਸਾਰੇ ਪੱਖ ਇਸ ਮੂਲ-ਮੰਤਰ ਦੇ ਕਲਾਵੇ ਵਿਚ ਆ ਜਾਂਦੇ ਹਨ। ਇਸ ਮੂਲ-ਮੰਤਰ ਵਿਚ ਖੰਡਾਂ-ਬ੍ਰਹਿਮੰਡਾਂ ਸਹਿਤ ਅਤੇ ਖੰਡਾਂ-ਬ੍ਰਹਿਮੰਡਾਂ ਤੋਂ ਪਰ੍ਹੇ ਵਿਆਪਕ ਸਦੀਵੀ, ਸਰਬ-ਸ਼ਕਤੀ ਅਤੇ ਸਰਬ-ਗੁਣ-ਸੰਪੰਨ ਪਰਮ-ਹਸਤੀ ਪਰਮਾਤਮਾ ਦਾ ਬਿਆਨ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਗ, ਬਾਣੀ ਦੇ ਰਚਣਹਾਰ, ਸ਼ਬਦਾਂ ਜਾਂ ਪਦਿਆਂ ਅਤੇ ਘਰੁ ਆਦਿ ਦੀ ਤਬਦੀਲੀ ਸਮੇਂ ਕਿਸੇ ਨਾ ਕਿਸੇ ਰੂਪ ਵਿਚ ੴ ਦੇ ਮੰਗਲਾਚਰਨ ਨੂੰ ਦਰਜ ਕਰਨ ਦਾ ਢੰਗ ਵਰਤ ਕੇ ਇਹ ਦਰਸਾਇਆ ਹੈ ਕਿ ਇਸ ਗ੍ਰੰਥ ਦੀ ਸਾਰੀ ਬਾਣੀ ੴ ਨੂੰ, ਭਾਵ ਪਰਮਾਤਮਾ ਨੂੰ ਹੀ ਸਮਰਪਿਤ ਹੈ। ‘ਧੁਰ ਕੀ ਬਾਣੀ’ ਅਤੇ ਦੈਵੀ-ਗੁਣਾਂ ਨਾਲ ਭਰਪੂਰ ਬਾਣੀ ਲਈ ਇਹੀ ਢੁਕਵਾਂ ਮੰਗਲਾਚਰਨ ਹੋ ਸਕਦਾ ਸੀ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਮੂਲ-ਮੰਤਰ ਦੇ ਹਰ ਰੂਪ ਵਿਚ ੴ ਪੱਕੇ ਤੌਰ ’ਤੇ ਮੌਜੂਦ ਹੈ। ਬਹੁਤ ਸੰਖੇਪ ਰੂਪ ਨੂੰ ਛੱਡ ਕੇ ਬਾਕੀ ਚਾਰ ਰੂਪਾਂ ਵਿਚ ‘ਗੁਰ ਪ੍ਰਸਾਦਿ’ ਹਰ ਵਾਰੀ ਸ਼ਾਮਲ ਹੈ। ਗੁਰੂ ਸਾਹਿਬ ਇਹ ਆਸ਼ਾ ਦਰਸਾਉਣਾ ਚਾਹੁੰਦੇ ਹਨ ਕਿ ੴ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਰਾਹੀਂ ਹੀ ਹੋ ਸਕਦੀ ਹੈ। ਮੂਲ-ਮੰਤਰ ਦੇ ਬਾਕੀ ਰਹਿੰਦੇ ਸ਼ਬਦ ਪਰਮਾਤਮਾ ਦੇ ਗੁਣਾਂ ਅਰਥਾਤ ਬੁਨਿਆਦੀ ਸੰਕਲਪਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹਨ। ਇਹ ੴ ਵਿਚ ਆਪੇ ਹੀ ਆ ਜਾਂਦੇ ਹਨ। ਇਸ ਲਈ ਗੁਰੂ ਸਾਹਿਬ ਵੱਲੋਂ ਮੂਲ-ਮੰਤਰ ਨੂੰ ਬਾਣੀ ਵਿਚ ਥਾਂ-ਥਾਂ ਸੰਪਾਦਿਤ ਕਰਦੇ ਸਮੇਂ ਮਹਾਨ ਸੰਪਾਦਨ-ਕਲਾ ਦਾ ਪ੍ਰਤੱਖ ਪ੍ਰਮਾਣ ਦਿੱਤਾ ਗਿਆ ਹੈ। ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ ਅਤੇ ਸੈਭੰ ਵਿਸ਼ੇਸ਼ਣ ਉਸ ਇੱਕੋ-ਇੱਕ ਪਰਮ-ਹਸਤੀ ਭਾਵ ੴ ਦੇ ਹੀ ਵਿਸ਼ੇਸ਼ਣ ਹਨ ਅਤੇ ਇਨ੍ਹਾਂ ਵਿਸ਼ੇਸ਼ਣਾਂ ਭਾਵ ਗੁਣਾਂ ਵਾਲੇ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਹੈ ‘ਗੁਰ ਪ੍ਰਸਾਦਿ’ ਭਾਵ ਗੁਰੂ ਦੀ ਕਿਰਪਾ ਨਾਲ।

ਰਾਗ-ਮੁਕਤ ਅਤੇ ਰਾਗ-ਬੱਧ ਬਾਣੀ ਦੀ ਤਰਤੀਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗ-ਮੁਕਤ ਬਾਣੀ ਸ਼ੁਰੂ ਵਿਚ ਵੀ ਹੈ ਅਤੇ ਸਮਾਪਤੀ ਸਮੇਂ ਵੀ। ਅਰੰਭ ਵਿਚ ‘ਜਪੁ’ ਬਾਣੀ ਦਰਜ ਹੈ। ਇਸ ਬਾਣੀ ਨੂੰ ਬਹੁਤ ਸਾਰੇ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੂਮਿਕਾ ਜਾਂ ਉਥਾਨਕਾ ਮੰਨਦੇ ਹਨ। ਸੰਪਾਦਿਤ ਗ੍ਰੰਥਾਂ ਵਿਚ ਮੁੱਖ-ਸ਼ਬਦ, ਸੰਪਾਦਕੀ, ਭੂਮਿਕਾ ਜਾਂ ਉਥਾਨਕਾ ਦਾ ਆਪਣਾ ਹੀ ਮਹੱਤਵ ਹੁੰਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਜਪੁ’ ਬਾਣੀ ਨੂੰ ‘ਸਿੱਖਾਂ ਦੇ ਨਿਤਨੇਮ ਦਾ ਮੂਲ’ ਦੱਸਿਆ ਹੈ। ਭਾਵੇਂ ਇਹ ਬਾਣੀ ਰਾਗਾਂ ਵਿਚ ਸ਼ਾਮਲ ਨਹੀਂ ਕੀਤੀ ਗਈ ਪਰ ਆਪਣੇ ਛੰਦ-ਪ੍ਰਬੰਧ ਕਰਕੇ ਇਹ ਸਰੋਦੀ ਰਸ ਨਾਲ ਭਰਪੂਰ ਹੈ। ਇਸ ਨੂੰ ਪੂਰੇ ਕਾਵਿਕ-ਰਸ ਨਾਲ ਗਾਇਆ ਜਾ ਸਕਦਾ ਹੈ। ਇਸ ਬਾਣੀ ਦੀ ਰਚਨਾ ਪਿੰਗਲ-ਸ਼ਾਸਤਰ ਅਥਵਾ ਭਾਰਤੀ ਕਾਵਿ-ਸ਼ਾਸਤਰ ਦੇ ਨਿਯਮਾਂ ਮੁਤਾਬਕ ਲੈਅ-ਬੱਧ ਕਾਵਿ-ਸ਼ੈਲੀ ਦਾ ਅਤਿਅੰਤ ਸੁੰਦਰ ਨਮੂਨਾ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1 ਤੋਂ 8 ਤਕ ਦਰਜ ਹੈ। ਇਸ ਬਾਣੀ ਵਿਚ ਪਉੜੀ ਛੰਦ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਵਿਚ 38 ਪਉੜੀਆਂ ਹਨ। ਇਸ ਬਾਣੀ ਦੇ ਅਰੰਭ ਵਿਚ ਅਤੇ ਅੰਤ ਵਿਚ ਇਕ-ਇਕ ਸਲੋਕ ਵੀ ਦਰਜ ਹੈ। ਪੰਨਾ 8 ’ਤੇ ਹੀ ‘ਸੋਦਰੁ’ ਬਾਣੀ ਸ਼ੁਰੂ ਹੁੰਦੀ ਹੈ। ਭਾਵੇਂ ਇਥੋਂ ਰਾਗਾਂ ਦੀ ਤਰਤੀਬ ਸ਼ੁਰੂ ਨਹੀਂ ਹੁੰਦੀ ਪਰ ਇਹ ਬਾਣੀ ਰਾਗ ਆਸਾ ਵਿੱਚੋਂ ਲਈ ਹੋਣ ਕਰਕੇ ਰਾਗ-ਮੁਕਤ ਬਾਣੀ ਨਹੀਂ ਹੈ। ਪੰਨਾ 1353 ਤੋਂ ਸਲੋਕ ਸਹਸਕ੍ਰਿਤੀ ਮਹਲਾ 1 ਨਾਲ ਦੁਬਾਰਾ ਫਿਰ ਰਾਗ-ਮੁਕਤ ਬਾਣੀ ਦਰਜ ਹੈ। ਸਲੋਕ ਸਹਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ,  ਸਲੋਕ  ਭਗਤ  ਕਬੀਰ ਜੀ, ਸਲੋਕ ਸ਼ੇਖ ਫਰੀਦ ਜੀ, ਸਵਯੇ, ਸਲੋਕ ਵਾਰਾਂ ਤੇ ਵਧੀਕ, ਸਲੋਕ ਮਹਲਾ 9, ਮੁੰਦਾਵਣੀ ਮਹਲਾ 5, ਸਲੋਕ ਮਹਲਾ 5 ਅਤੇ ਰਾਗ ਮਾਲਾ, ਇਹ ਸਾਰੀ ਬਾਣੀ ਰਾਗ-ਮੁਕਤ ਬਾਣੀ ਹੈ ਅਤੇ ਇਹ ਬਾਣੀ ਪੰਨਾ 1353 ਤੋਂ ਲੈ ਕੇ ਪੰਨਾ 1430 ਤਕ ਦਰਜ ਹੈ। ਇਸ ਤਰ੍ਹਾਂ ਰਾਗ-ਮੁਕਤ ਬਾਣੀ ਦੇ ਕੁੱਲ 86 ਪੰਨੇ ਬਣਦੇ ਹਨ ਅਤੇ ਰਾਗ-ਬੱਧ ਬਾਣੀ ਦੇ ਕੁੱਲ 1344 ਬਣਦੇ ਹਨ। ਸਲੋਕ, ਗਾਥਾ, ਫੁਨਹੇ, ਚਉਬੋਲੇ ਅਤੇ ਸਵਯੇ ਭਾਵੇਂ ਰਾਗ-ਮੁਕਤ ਬਾਣੀ ਦਾ ਹਿੱਸਾ ਹਨ ਪਰ ਇਹ ਸਾਰੀ ਬਾਣੀ ਲੈਅ-ਬੱਧ ਅਤੇ ਛੰਦ-ਬੱਧ ਹੈ। ਇਸ ਲਈ ਇਹ ਬਾਣੀ ਰਾਗ-ਮੁਕਤ ਹੋਣ ਦੇ ਬਾਵਜੂਦ ਗਾਇਨ ਕੀਤੇ ਜਾਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਰਾਗ-ਬੱਧ ਬਾਣੀ ਵਿਚ ਬਾਈ ਵਾਰਾਂ ਵੀ ਸ਼ਾਮਲ ਹਨ ਪਰ ਇਨ੍ਹਾਂ ਵਾਰਾਂ ਵਿਚ ਵੀ ਪਉੜੀਆਂ ਤੋਂ ਪਹਿਲਾਂ ਸਲੋਕ ਦਰਜ ਕੀਤੇ ਗਏ ਹਨ।

ਰਾਗ-ਬੱਧ ਬਾਣੀ ਪੰਨਾ 8 ਤੋਂ ਸ਼ੁਰੂ ਹੋ ਜਾਂਦੀ ਹੈ ਭਾਵੇਂ ਬਾਕਾਇਦਾ ਤੌਰ ’ਤੇ ਰਾਗ ਪੰਨਾ 14 ਤੋਂ ਸਿਰੀ ਰਾਗ ਨਾਲ ਅਰੰਭ ਹੁੰਦੇ ਹਨ। ਪੰਨਾ 8-9 ’ਤੇ ਸੋਦਰੁ ਰਾਗ ਆਸਾ ਮਹਲਾ 1 ਸ਼ਬਦ ਦਰਜ ਹੈ। ਇਥੋਂ ‘ਸੋਦਰੁ’ ਬਾਣੀ ਸ਼ੁਰੂ ਹੁੰਦੀ ਹੈ ਜੋ ਕਿ ਸ਼ਾਮ ਦੇ ਸਮੇਂ ਦੀ ਨਿਤਨੇਮ ਦੀ ਬਾਣੀ ਹੈ। ਇਸ ਤੋਂ ਅੱਗੇ ‘ਸੋਹਿਲਾ’ ਬਾਣੀ ਹੈ ਜੋ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਪੜ੍ਹੀ ਜਾਣ ਵਾਲੀ ਨਿਤਨੇਮ ਦੀ ਬਾਣੀ ਹੈ। ਇਸ ਤਰ੍ਹਾਂ ਪੰਨਾ 1 ਤੋਂ 13 ਤਕ ਤਿੰਨ ਬਾਣੀਆਂ ਜਪੁ, ਸੋਦਰੁ ਅਤੇ ਸੋਹਿਲਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਿਸ਼ੇਸ ਤੌਰ ’ਤੇ ਦਰਜ ਕੀਤੀਆਂ ਹਨ ਜਿਹੜੀਆਂ ਕਿ ਨਿਤਨੇਮ ਦੀਆਂ ਬਾਣੀਆਂ ਹਨ। ‘ਸੋਦਰੁ’ ਅਤੇ ‘ਸੋਹਿਲਾ’ ਬਾਣੀਆਂ ਦੇ ਸ਼ਬਦ ਅੱਗੇ ਜਾ ਕੇ ਸੰਬੰਧਿਤ ਰਾਗਾਂ ਵਿਚ ਵੀ ਦਰਜ ਹਨ। ਇਨ੍ਹਾਂ ਤਿੰਨਾਂ ਬਾਣੀਆਂ ਦੇ ਨਿਤਨੇਮ ਦਾ ਹਿੱਸਾ ਹੋਣ ਦੀ ਪਰੰਪਰਾ ਅਤੇ ਮਰਯਾਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਦੇ ਸਮੇਂ ਸਥਾਪਤ ਹੋ ਚੁੱਕੀ ਸੀ ਇਸੇ ਕਰਕੇ ਹੀ ਗੁਰੂ ਸਾਹਿਬ ਨੇ ਅਪਾਰ ਕਿਰਪਾ ਕਰ ਕੇ ਇਨ੍ਹਾਂ ਬਾਣੀਆਂ ਨੂੰ ਵਿਸ਼ੇਸ਼ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਵਿਚ ਹੀ ਅੰਕਿਤ ਕਰ ਦਿੱਤਾ। ਇਹ ਆਪ ਜੀ ਦੀ ਦੂਰ-ਦ੍ਰਿਸ਼ਟੀ ਭਰੀ ਸੰਪਾਦਨ-ਕਲਾ ਸਦਕਾ ਹੀ ਸੰਭਵ ਹੋਇਆ ਹੈ।

ਕਰਤਾਰਪੁਰ ਆਗਮਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਤਿਸੰਗਤ ਵਿਚ ਵਿਸ਼ੇਸ਼ ਬਾਣੀਆਂ ਦੀ ਨਿਤਨੇਮ ਦੀ ਮਰਯਾਦਾ ਮੌਜੂਦ ਹੋਣ ਬਾਰੇ ਭਾਈ ਗੁਰਦਾਸ ਜੀ ਸਪੱਸ਼ਟ ਲਿਖਦੇ ਹਨ:

ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਾਰਾ।
ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ।
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। (ਵਾਰ 1:38)

ਇਕ ਥਾਂ ਹੋਰ ਭਾਈ ਸਾਹਿਬ ਜੀ ਲਿਖਦੇ ਹਨ:

ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ।
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ। (ਵਾਰ 6:3)

‘ਸੋਦਰੁ’ ਅਤੇ ‘ਸੋਹਿਲਾ’ ਬਾਣੀਆਂ ਨੂੰ ਸੰਪਾਦਿਤ ਕਰਨ ਦਾ ਵੇਰਵਾ ਇਸ ਤਰ੍ਹਾਂ ਹੈ:

(1) ਸੋ ਦਰੁ ਰਾਗੁ ਆਸਾ ਮਹਲਾ 1 ਸੋ ਦਰੁ ਤੇਰਾ ਕੇਹਾ ਪੰਨਾ 8-9 ਅਤੇ 347- 48;
(ਮਾਮੂਲੀ ਫ਼ਰਕ ਨਾਲ ਇਹ ਸ਼ਬਦ ‘ਜਪੁ’ ਬਾਣੀ ਵਿਚ 27ਵੀਂ ਪਉੜੀ ਵਜੋਂ ਵੀ ਅੰਕਿਤ ਹੈ।)
(2) ਆਸਾ ਮਹਲਾ 1 ਸੁਣਿ ਵਡਾ ਆਖੈ ਸਭੁ ਕੋਇ ਪੰਨਾ 9 ਅਤੇ 348;
(3) ਆਸਾ ਮਹਲਾ 1 ਆਖਾ ਜੀਵਾ ਵਿਸਰੈ ਮਰਿ ਜਾਉ ਪੰਨਾ 9-10 ਅਤੇ 349;
(4) ਗੂਜਰੀ ਮਹਲਾ 4 ਹਰਿ ਕੇ ਜਨ ਸਤਿਗੁਰ ਸਤਪੁਰਖਾ ਪੰਨਾ 10 ਅਤੇ 492;
(5) ਗੂਜਰੀ ਮਹਲਾ 5 ਕਾਹੇ ਰੇ ਮਨ ਚਿਤਵਹਿ ਉਦਮੁ ਪੰਨਾ 10 ਅਤੇ 495;
(6) ਆਸਾ ਮਹਲਾ 4 ਸੋ ਪੁਰਖੁ ਨਿਰੰਜਨੁ ਪੰਨਾ 10-11 ਅਤੇ 348;
(7) ਆਸਾ ਮਹਲਾ 4 ਤੂੰ ਕਰਤਾ ਸਚਿਆਰੁ ਮੈਡਾ ਸਾਂਈ ਪੰਨਾ 11-12 ਅਤੇ 365;
(8) ਆਸਾ ਮਹਲਾ 1 ਤਿਤੁ ਸਰਵਰੜੈ ਭਈਲੇ ਪੰਨਾ 12 ਅਤੇ 357;
(9) ਆਸਾ ਮਹਲਾ 5 ਭਈ ਪਰਾਪਤਿ ਮਾਨੁਖ ਦੇਹੁਰੀਆ ਪੰਨਾ 12 ਅਤੇ 378;
(10)ਸੋਹਿਲਾ ਗਉੜੀ ਦੀਪਕੀ ਮਹਲਾ 1 ਜੈ ਘਰਿ ਕੀਰਤਿ ਆਖੀਐ ਪੰਨਾ 12 ਅਤੇ 157;
(11) ਆਸਾ ਮਹਲਾ 1 ਛਿਅ ਘਰ ਛਿਅ ਗੁਰ ਛਿਅ ਉਪਦੇਸ ਪੰਨਾ 12-13 ਅਤੇ 357;
(12) ਧਨਾਸਰੀ ਮਹਲਾ 1 ਗਗਨ ਮੈ ਥਾਲੁ ਪੰਨਾ 13 ਅਤੇ 663;
(13) ਗਉੜੀ ਪੂਰਬੀ ਮਹਲਾ 4 ਕਾਮਿ ਕਰੋਧਿ ਨਗਰੁ ਬਹੁ ਭਰਿਆ ਪੰਨਾ 13 ਅਤੇ 171;
(14) ਗਉੜੀ ਪੂਰਬੀ ਮਹਲਾ 5 ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਪੰਨਾ 13 ਅਤੇ 205;

ਰਾਗ-ਬੱਧ ਬਾਣੀ 31 ਰਾਗਾਂ ਵਿਚ ਦਰਜ ਹੈ ਅਤੇ ‘ਰਾਗ ਮਾਲਾ’ ਵਿਚ ਰਾਗਾਂ ਦੀ ਨਾਮਾਵਲੀ ਦਿੱਤੀ ਗਈ ਹੈ।

ਬਾਣੀ ਦਰਜ  ਕਰਨ  ਦੀ  ਤਰਤੀਬ

ਰਾਗਾਂ ਵਿਚ ਬਾਣੀ ਦਰਜ ਕਰਦੇ ਸਮੇਂ ਬਾਣੀ ਦੇ ਰਚਨਹਾਰਿਆਂ ਦਾ ਬਾਕਾਇਦਾ ਕ੍ਰਮ ਰੱਖਿਆ ਗਿਆ ਹੈ। ਗੁਰੂ ਸਾਹਿਬਾਨ ਦੀ ਬਾਣੀ ਕ੍ਰਮਵਾਰ ਮਹਲਾ 1,2,3,4,5 ਅਤੇ 9 ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੀ ਗਈ ਹੈ। ਮਹਲਾ 9 ਦੀ ਬਾਣੀ ਤੋਂ ਬਾਅਦ ਭਗਤ ਸਾਹਿਬਾਨ ਦੀ ਬਾਣੀ ਅੰਕਿਤ ਕੀਤੀ ਗਈ ਹੈ। ਹਰੇਕ ਰਾਗ ਵਿਚ ਦਰਜ ਭਗਤ ਸਾਹਿਬਾਨ ਦੀ ਬਾਣੀ ਦਰਜ ਕਰਨ ਸਮੇਂ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਪਹਿਲਾਂ ਦਰਜ ਹੈ। ਇਸ ਦਾ ਮੁੱਖ ਕਾਰਨ ਇਹੀ ਜਾਪਦਾ ਹੈ ਕਿ ਸਾਰੇ ਭਗਤ ਸਾਹਿਬਾਨ ਵਿੱਚੋਂ ਭਗਤ ਕਬੀਰ ਜੀ ਦੀ ਬਾਣੀ ਸਾਰਿਆਂ ਤੋਂ ਵੱਧ ਹੈ। ਸਾਰੇ ਰਾਗਾਂ ਵਿਚ ਸਾਰੇ ਭਗਤ ਸਾਹਿਬਾਨ ਦੀ ਬਾਣੀ ਸ਼ਾਮਲ ਨਾ ਹੋਣ ਕਰਕੇ ਇਨ੍ਹਾਂ ਬਾਣੀ ਦੇ ਰਚਨਹਾਰਿਆਂ ਦੀ ਕੋਈ ਪੱਕੀ ਅਤੇ ਨਿਸ਼ਚਿਤ ਤਰਤੀਬ ਸਥਾਪਿਤ ਨਹੀਂ ਹੋ ਸਕੀ। ਫਿਰ ਵੀ ਆਮ ਤੌਰ ’ਤੇ ਇਨ੍ਹਾਂ ਚਾਰ ਭਗਤ ਸਾਹਿਬਾਨ ਦਾ ਕ੍ਰਮ ਇਸ ਤਰ੍ਹਾਂ ਰੱਖਿਆ ਗਿਆ ਹੈ: ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤ੍ਰਿਲੋਚਨ ਜੀ। ਇਨ੍ਹਾਂ ਉਪਰੰਤ ਜਿਨ੍ਹਾਂ-ਜਿਨ੍ਹਾਂ ਰਾਗਾਂ ਵਿਚ ਵੱਖ-ਵੱਖ ਭਗਤ ਸਾਹਿਬਾਨ ਦੇ ਸ਼ਬਦ ਆਉਂਦੇ ਹਨ, ਦਰਜ ਕੀਤੇ ਗਏ ਹਨ। ਕੁੱਲ ਪੰਦਰਾਂ ਭਗਤ ਸਾਹਿਬਾਨ ਵਿੱਚੋਂ ਬਾਕੀ ਗਿਆਰ੍ਹਾਂ ਭਗਤ ਸਾਹਿਬਾਨ ਹਨ: ਭਗਤ ਬੇਣੀ ਜੀ, ਭਗਤ ਧੰਨਾ ਜੀ, ਭਗਤ ਸਧਨਾ ਜੀ, ਭਗਤ ਸੂਰਦਾਸ ਜੀ, ਭਗਤ ਜੈਦੇਵ ਜੀ, ਭਗਤ ਪਰਮਾਨੰਦ ਜੀ, ਭਗਤ ਰਾਮਾਨੰਦ ਜੀ, ਭਗਤ ਪੀਪਾ ਜੀ, ਭਗਤ ਸੈਣ ਜੀ, ਭਗਤ ਭੀਖਣ ਜੀ ਅਤੇ ਸ਼ੇਖ ਫਰੀਦ ਜੀ। ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗ-ਬੱਧ ਬਾਣੀ ਵਿਚ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਭਾਈ ਸੁੰਦਰ ਜੀ ਦੀ ਬਾਣੀ ਵੀ ਅੰਕਿਤ ਹੈ। ਇਹ ਗੁਰੂ-ਘਰ ਦੇ ਨਿਕਟਵਰਤੀ ਸ਼ਰਧਾਲੂ ਹੋਏ ਹਨ ਅਤੇ ਇਨ੍ਹਾਂ ਦੀ ਬਾਣੀ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਹੀ ਢੁਕਵੇਂ ਸਥਾਨ ’ਤੇ ਅੰਕਿਤ ਕੀਤੀ ਹੋਈ ਹੈ ਅਤੇ ਇਹ ਬਾਣੀ ਵੀ ਭਗਤ ਸਾਹਿਬਾਨ ਦੀ ਬਾਣੀ ਤੋਂ ਪਹਿਲਾਂ ਦਰਜ ਹੈ। ਇਨ੍ਹਾਂ ਮਹਾਂਪੁਰਸ਼ਾਂ ਨੂੰ ਭਗਤ ਸਾਹਿਬਾਨ ਦੀ ਬਾਣੀ ਵਿਚ ਦਰਜ ਨਾ ਕਰਨ ਪਿੱਛੇ ਖ਼ਿਆਲ ਇਹੀ ਜਾਪਦਾ ਹੈ ਕਿ ਸਮੁੱਚੀ ਭਗਤੀ ਲਹਿਰ ਦੇ ਭਗਤ ਸਾਹਿਬਾਨ ਦੀ ਬਾਣੀ ਨੂੰ ਵੱਖਰੇ ਅਤੇ ਨਿਵੇਕਲੇ ਤੌਰ ’ਤੇ ਹੀ ਦਰਜ ਕਰਨ ਬਾਰੇ ਗੁਰੂ ਸਾਹਿਬ ਨੇ ਸੋਚਿਆ ਹੋਵੇਗਾ। ਇਹ ਗੁਰੂ ਸਾਹਿਬ ਦੀ ਸੰਪਾਦਨ-ਕਲਾ ਦੀ ਮਹਾਨਤਾ ਹੈ ਕਿ ਅਜਿਹੇ ਸੰਪਾਦਕੀ ਫ਼ੈਸਲੇ ਬੜੀ ਦੂਰ-ਅੰਦੇਸ਼ੀ ਅਤੇ ਸਪੱਸ਼ਟਤਾ ਨੂੰ ਮੁੱਖ ਰੱਖ ਕੇ ਕੀਤੇ ਗਏ ਹਨ।

ਪੰਨਾ 1353 ਤੋਂ ਰਾਗ-ਮੁਕਤ ਬਾਣੀ ਨੂੰ ਦਰਜ ਕਰਦਿਆਂ ਵੀ ਬਾਣੀ ਦੇ ਰਚਨਹਾਰਿਆਂ ਦੀ ਤਰਤੀਬ ਨੂੰ ਜਿਉਂ ਦਾ ਤਿਉਂ ਰੱਖਣ ਦਾ ਯਤਨ ਕੀਤਾ ਗਿਆ ਹੈ। ਸਲੋਕ ਸਹਸਕ੍ਰਿਤੀ ਮਹਲਾ 1 ਤੋਂ ਬਾਅਦ ਸਲੋਕ ਸਹਸਕ੍ਰਿਤੀ ਮਹਲਾ 5, ਗਾਥਾ ਮਹਲਾ 5, ਫੁਨਹੇ ਮਹਲਾ 5, ਚਉਬੋਲੇ ਮਹਲਾ 5, ਬਾਣੀਆਂ ਦਰਜ ਹਨ। ਇਸ ਤੋਂ ਬਾਅਦ ਪੰਨਾ 1364 ’ਤੇ ਸਲੋਕ ਭਗਤ ਕਬੀਰ ਜੀ ਅਤੇ ਫਿਰ ਸਲੋਕ ਸ਼ੇਖ ਫਰੀਦ ਜੀ ਦੇ ਅੰਕਿਤ ਕੀਤੇ ਗਏ ਹਨ। ਇਨ੍ਹਾਂ ਸਲੋਕਾਂ ਉਪਰੰਤ ਸਵੱਈਏ ਦਰਜ ਹਨ, ਪਹਿਲਾਂ ਮਹਲਾ 5 ਦੇ ਅਤੇ ਫਿਰ ਭੱਟ ਸਾਹਿਬਾਨ ਦੇ। ਭੱਟ ਸਾਹਿਬਾਨ ਦੇ ਸਵੱਈਆਂ ਦੀ ਤਰਤੀਬ ਵੀ ਮਹਲੇ ਪਹਿਲੇ ਕੇ, ਮਹਲੇ ਦੂਜੇ ਕੇ, ਮਹਲੇ ਤੀਜੇ ਕੇ, ਮਹਲੇ ਚਉਥੇ ਕੇ ਅਤੇ ਮਹਲੇ ਪੰਜਵੇ ਕੇ ਰੱਖੀ ਗਈ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਇਸ ਤੋਂ ਬਾਅਦ ਦਰਜ ਹਨ ਅਤੇ ਫਿਰ ਮੁੰਦਾਵਣੀ ਮਹਲਾ 5, ਸਲੋਕ ਮਹਲਾ 5 ਅਤੇ ਰਾਗ ਮਾਲਾ ਅੰਕਿਤ ਹਨ। ਜੇਕਰ ਮੂਲ-ਮੰਤਰ ਮੰਗਲਾਚਰਨ ਹੈ ਤਾਂ ਮੁੰਦਾਵਣੀ ਨੂੰ ਸਾਰੰਸ਼ ਕਿਹਾ ਜਾ ਸਕਦਾ ਹੈ।

ਬਾਣੀ ਦੀ ਤਰਤੀਬ ਦਾ ਇਕ ਹੋਰ ਪਹਿਲੂ ਇਹ ਵੀ ਹੈ ਕਿ ਬਾਣੀ ਦੇ ਕ੍ਰਮ, ਕਾਵਿ-ਰੂਪ, ਪਦੇ, ਛੰਦ ਆਦਿ ਨੂੰ ਮੁੱਖ ਰੱਖ ਕੇ ਵੀ ਤਰਤੀਬ ਦਿੱਤੀ ਗਈ ਹੈ। ਰਾਗ ਮਾਰੂ ਦੀ ਬਾਣੀ ਦੀ ਤਰਤੀਬ ਇਸ ਤਰ੍ਹਾਂ ਹੈ: ਚਉਪਦੇ, ਅਸਟਪਦੀਆਂ, ਸੋਲਹੇ, ਵਾਰ ਮਹਲਾ 3, ਵਾਰ ਮਹਲਾ 5, ਬਾਣੀ ਕਬੀਰ ਜੀਉ ਕੀ, ਬਾਣੀ ਨਾਮਦੇਉ ਜੀਉ ਕੀ, ਬਾਣੀ ਜੈਦੇਉ ਕੀ ਅਤੇ ਬਾਣੀ ਰਵਿਦਾਸ ਜੀਉ ਕੀ। ਰਾਗ ਗਉੜੀ ਵਿਚ ਬਾਣੀ ਦੀ ਤਰਤੀਬ ਇਸ ਤਰ੍ਹਾਂ ਹੈ: ਚਉਪਦੇ, ਦੁਪਦੇ, ਅਸਟਪਦੀਆਂ, ਛੰਤ, ਬਾਵਨ ਅਖਰੀ ਮ: 5, ਸੁਖਮਨੀ ਮ: 5, ਥਿਤੀ ਗਉੜੀ ਮ: 5, ਗਉੜੀ ਕੀ ਵਾਰ ਮ: 4, ਗਉੜੀ ਕੀ ਵਾਰ ਮ: 5, ਕਬੀਰ ਜੀ (ਚਉਪਦੇ, ਪੰਚਪਦੇ, ਅਸਟਪਦੀ, ਬਾਵਨ ਅਖਰੀ, ਥਿੰਤੀ ਅਤੇ ਵਾਰ 7), ਨਾਮਦੇਉ ਜੀ, ਰਵਿਦਾਸ ਜੀ। ਆਮ ਤੌਰ ’ਤੇ ਸਾਰੇ ਰਾਗਾਂ ਵਿਚ ਬਾਣੀ ਦੀ ਤਰਤੀਬ ਉੱਪਰ ਦਰਸਾਏ ਦੋ ਰਾਗਾਂ ਦੀ ਬਾਣੀ ਮੁਤਾਬਿਕ ਹੀ ਹੈ। ਪਹਿਲਾਂ ਪਦੇ (ਚਉਪਦੇ, ਦੁਪਦੇ, ਤਿਪਦੇ), ਫਿਰ ਅਸਟਪਦੀਆਂ, ਫਿਰ ਛੰਤ, ਫਿਰ ਸਿਰਲੇਖ ਵਾਲੀਆਂ ਬਾਣੀਆਂ, ਫਿਰ ਵਾਰਾਂ ਅਤੇ ਫਿਰ ਭਗਤ ਸਾਹਿਬਾਨ ਦੀ ਬਾਣੀ। ਜਿੱਥੇ ਲੋੜ ਪਈ ਹੈ ਭਗਤ ਕਬੀਰ ਜੀ ਦੀ ਬਾਣੀ ਨੂੰ ਵੀ ਇਸੇ ਤਰਤੀਬ ਵਿਚ ਦਰਜ ਕੀਤਾ ਗਿਆ ਹੈ।

ਤਰਤੀਬ ਦਾ ਤੀਜਾ ਪਹਿਲੂ ਇਹ ਵੀ ਹੈ ਕਿ ਬਾਣੀ ਦੇ ਹਰੇਕ ਰਚਨਹਾਰੇ ਦੀ ਬਾਣੀ ਚਾਹੇ ਉਹ ਪਦਿਆਂ ਵਿਚ ਹੈ, ਚਾਹੇ ਅਸਟਪਦੀਆਂ ਵਿਚ ਅਤੇ ਚਾਹੇ ਛੰਤ ਵਿਚ, ਉਸ ਨੂੰ ਤਰਤੀਬ ਦਿੰਦਿਆਂ ਰਾਗ ਨਾਲ ਸੰਬੰਧਿਤ ‘ਘਰੁ’ ਦਾ ਵੀ ਖ਼ਿਆਲ ਰੱਖਿਆ ਗਿਆ ਹੈ। ਜੇਕਰ ਮਹਲਾ 4 ਦੀ ਬਾਣੀ ਦੇ ਚਉਪਦੇ ਦਰਜ ਕੀਤੇ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਘਰੁ 1 ਅਤੇ ਫਿਰ ਘਰੁ 2 ਦੇ ਚਉਪਦਿਆਂ ਅਨੁਸਾਰ ਅੰਕਿਤ ਕੀਤਾ ਗਿਆ ਹੈ (ਰਾਗ ਭੈਰਉ ਪੰਨਾ 1134-1135)। ਜਿਵੇਂ ਰਾਗ ਕਾਨੜਾ ਵਿਚ ਪੰਨਾ 1298 ’ਤੇ ਮਹਲਾ 5 ਦੇ ਚਉਪਦੇ ਸ਼ੁਰੂ ਹੁੰਦੇ ਹਨ, ਇਨ੍ਹਾਂ ਚਉਪਦਿਆਂ ਨੂੰ ਘਰੁ 2 (1298), ਘਰੁ 3 (1300), ਘਰੁ 4 (1301), ਘਰੁ 8 (1305), ਘਰੁ 9 (1306), ਘਰੁ 10 (1307) ਅਤੇ ਘਰੁ 11 (1307)

ਪੰਨਿਆਂ ’ਤੇ ਅਲੱਗ-ਅਲੱਗ ਅਤੇ ਤਰਤੀਬਵਾਰ ਅੰਕਿਤ ਕੀਤਾ ਹੋਇਆ ਹੈ। ਇਸ ਤਰ੍ਹਾਂ ਰਾਗ ਦੇ ਸਤਾਰ੍ਹਾਂ ਘਰਾਂ ਵਿੱਚੋਂ ਕਿਸ ਘਰ ਵਿਚ ਸ਼ਬਦ ਨੂੰ ਗਾਉਣਾ ਹੈ, ਦਰਸਾ ਕੇ ਅੰਕਾਂ ਦੀ ਵਧਦੀ ਗਿਣਤੀ ਅਨੁਸਾਰ ਹੀ ਤਰਤੀਬ ਦਿੱਤੀ ਗਈ ਹੈ।

ਅੰਕਾਂ ਦਾ ਵੇਰਵਾ (ਸ਼ਬਦਾਂ ਦੀ  ਗਿਣਤੀ)

ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਗੁਰੂ ਸਾਹਿਬ ਨੇ ਅੰਕਾਂ ਦੀ ਵਧਦੀ ਗਿਣਤੀ ਭਾਵੇਂ ਉਹ ‘ਮਹਲਾ’ ਦੇ ਸੰਬੰਧ ਵਿਚ ਹੈ ਅਤੇ ਭਾਵੇਂ ‘ਘਰੁ’ ਦੇ ਸੰਬੰਧ ਵਿਚ ਦੀ ਤਰਤੀਬ ਕਾਇਮ ਰੱਖੀ ਹੈ। ਇਸੇ ਤਰ੍ਹਾਂ ਆਪ ਜੀ ਨੇ ਵੱਖ-ਵੱਖ ਕਾਵਿ-ਬਣਤਰਾਂ ਵਿਚ ਦਰਜ ਬਾਣੀ ਦੇ ਅੰਕਾਂ ਦੀ ਗਿਣਤੀ ਵੀ ਦਰਜ ਕੀਤੀ ਹੈ। ਜੇਕਰ ਚਉਪਦੇ ਦਰਜ ਕੀਤੇ ਜਾ ਰਹੇ ਹਨ ਤਾਂ ਮਹਲਾ 1 ਦੇ ਕਿੰਨੇ, ਮਹਲਾ 2 ਦੇ ਕਿੰਨੇ, ਮਹਲਾ 3 ਦੇ ਕਿੰਨੇ, ਮਹਲਾ 4 ਦੇ ਕਿੰਨੇ ਅਤੇ ਮਹਲਾ 5 ਦੇ ਕਿੰਨੇ ਹੋ ਗਏ ਹਨ, ਨਾਲੋ-ਨਾਲ ਗਿਣਤੀ ਦਰਜ ਹੈ। ਇਸ ਦੇ ਨਾਲ ਹੀ ਤੀਸਰੇ ਗੁਰੂ ਸਾਹਿਬਾਨ ਦੇ ਪਦੇ ਕਿੰਨੇ ਹੋ ਗਏ ਉਸ ਦਾ ਕੁੱਲ ਜੋੜ ਵੀ ਦਰਜ ਹੈ। ਉਦਾਹਰਣ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 175 ’ਤੇ ਇਸ ਤਰ੍ਹਾਂ ਅੰਕ  ਦਰਜ ਹਨ: 4॥6॥20॥18॥32॥70 (ਵੀਹ ਪਦੇ ਮ: 1 ਦੇ, ਅਠਾਰ੍ਹਾਂ ਪਦੇ ਮ: 3 ਦੇ, 32 ਪਦੇ ਮਹਲਾ 4 ਦੇ, ਕੁੱਲ ਪਦੇ 70)। ਇਸ ਤਰ੍ਹਾਂ ਗਉੜੀ ਗੁਆਰੇਰੀ ਦੇ ਪੰਨਾ 218 ’ਤੇ ਗਿਣਤੀ ਦਰਜ ਹੈ 4॥4॥172 (ਇਥੇ 172 ਪਦੇ ਮ: 5 ਦੇ ਹਨ)। ਪੰਨਾ 220 ’ਤੇ ਮਹਲਾ 9 ਦੇ 9 ਸ਼ਬਦ ਦਸਮੇਸ਼ ਜੀ ਵੱਲੋਂ ਮਹਲਾ 9ਵਾਂ ਦੀ ਬਾਣੀ ਦਰਜ ਕਰਵਾਉਣ ਸਮੇਂ ਦਰਜ ਹੋਏ ਅਤੇ ਗਿਣਤੀ ਇਉਂ ਦਿੱਤੀ ਹੋਈ ਹੈ 2॥9॥251 (ਭਾਵ ਮ:1 ਦੇ 20, ਮ: 3 ਦੇ 18, ਮ: 4 ਦੇ 32, ਮ: 5 ਦੇ 172 ਅਤੇ ਮ: 9 ਦੇ 9, ਕੁੱਲ ਪਦੇ ਹੋ ਗਏ 251)। ਇਸੇ ਤਰ੍ਹਾਂ ਅਸਟਪਦੀਆਂ ਦੀ ਗਿਣਤੀ ਕੀਤੀ ਗਈ ਹੈ। ਭਗਤ ਸਾਹਿਬਾਨ ਦੀ ਬਾਣੀ ਵਿਚ ਅੰਕਾਂ ਦੀ ਗਿਣਤੀ ਦਰਜ ਹੈ ਪਰ ਇਕ ਤੋਂ ਵੱਧ ਭਗਤ ਸਾਹਿਬਾਨ ਦੇ ਸ਼ਬਦਾਂ ਦਾ ਆਪਸ ਵਿਚ ਕੁੱਲ ਜੋੜ ਨਹੀਂ ਕੀਤਾ ਗਿਆ। ਇਨ੍ਹਾਂ ਅੰਕਾਂ ਦਾ ਵੇਰਵਾ ਦੇਣ ਦਾ ਮੰਤਵ ਇਕ ਤਾਂ ਸ਼ਬਦਾਂ, ਪਦਿਆਂ, ਅਸਟਪਦੀਆਂ, ਸਲੋਕਾਂ ਆਦਿ ਦੀ ਗਿਣਤੀ ਕਰਨ ਤੋਂ ਹੈ, ਦੂਜਾ ਇਹ ਵੀ ਹੈ ਕਿ ਵਿਚ-ਵਿਚਾਲੇ ਕੋਈ ਸ਼ਬਦਾਂ ਦਾ ਵਾਧਾ-ਘਾਟਾ ਕੀਤੇ ਜਾ ਸਕਣ ਦੀ ਕੋਈ ਗੁੰਜਾਇਸ਼ ਗੁਰੂ ਸਾਹਿਬ ਜੀ ਨੇ ਨਹੀਂ ਰਹਿਣ ਦਿੱਤੀ। ਰਾਗ-ਵਿੱਦਿਆ ਦੇ ਨਾਲ-ਨਾਲ ਅੰਕ-ਵਿੱਦਿਆ ਵਿਚ ਨਿਪੁੰਨ ਇਸ ਸੰਪਾਦਨ- ਕਲਾ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਦੀਵੀ ਤੌਰ ’ਤੇ ਕਿਸੇ ਅਦਲਾ-ਬਦਲੀ ਦੀ ਸੰਭਾਵਨਾ ਤੋਂ ਮੁਕਤ ਕਰ ਕੇ ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕਰ ਕੇ ਪੂਰੀ ਤਰ੍ਹਾਂ ਸੰਪੂਰਨ ਬਣਾ ਦਿੱਤਾ ਹੈ।

ਕੇਵਲ ਅੰਕਾਂ ਵਿਚ ਹੀ ਨਹੀਂ ਕਿਤੇ-ਕਿਤੇ ਅੱਖਰਾਂ ਵਿਚ ਗਿਣਤੀ ਵੀ ਦਰਜ ਕਰ ਦਿੱਤੀ ਹੈ। ਪੰਨਾ 64 ’ਤੇ ਸਿਰੀਰਾਗੁ ਵਿਚ ਹਿੰਦਸਿਆਂ ਵਿਚ 17 ਲਿਖਣ ਉਪਰੰਤ ਅੱਖਰਾਂ ਵਿਚ ਲਿਖਿਆ ਹੈ: ‘ਮਹਲੇ ਪਹਿਲੇ ਸਤਾਰਹ ਅਸਟਪਦੀਆ॥’ ਪੰਨਾ 96 ’ਤੇ ਅੱਖਰਾਂ ’ਚ ਅੰਕਿਤ ਹੈ ‘ਸਤ ਚਉਪਦੇ ਮਹਲੇ ਚਉਥੇ ਕੇ॥’ ਇਸ ਤਰ੍ਹਾਂ ਪੰਨਾ 228 ’ਤੇ ਲਿਖਿਆ ਹੈ ‘ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ॥’

ਅੰਕਾਂ ਦੀ ਗਿਣਤੀ ਦੇ ਪੱਖ ਤੋਂ ਕੁਝ ਥਾਵਾਂ ’ਤੇ ਚਉਪਦੇ, ਪੰਚਪਦੇ ਆਦਿ ਦੇ ਥੱਲੇ ਛੋਟਾ ਅੰਕ ਪਾ ਕੇ ਉਨ੍ਹਾਂ ਪਦਿਆਂ ਦੀ ਗਿਣਤੀ ਲਿਖੀ ਗਈ ਹੈ। ਪੰਨਾ 326 ’ਤੇ ਭਗਤ ਕਬੀਰ ਜੀ ਪੰਚਪਦੇ2 ਅੰਕਿਤ ਹੈ। ਇਸ ਦਾ ਭਾਵ ਹੈ ਕਿ ਇੱਥੇ ਦੋ ਪੰਚਪਦੇ ਭਗਤ ਕਬੀਰ ਜੀ ਦੇ ਅੰਕਿਤ ਹਨ। ਪੰਨਾ 356 ’ਤੇ ਵੀ ਆਸਾ ਮਹਲਾ 1 ਪੰਚਪਦੇ2 ਅਤੇ ਆਸਾ ਮਹਲਾ 1 ਚਉਪਦੇ4 ਵਜੋਂ ਇਨ੍ਹਾਂ ਪਦਿਆਂ ਦੀ ਗਿਣਤੀ ਦੱਸਣ ਲਈ ਛੋਟੇ ਅੰਕ ਦਰਜ ਹਨ। ਅਚੰਭਾ ਹੁੰਦਾ ਹੈ ਕਿ ਇਹ ਅੰਕ ਦੇਣ ਲਈ, ਅਲੱਗ-ਅਲੱਗ ਜੋੜ ਕਰਨ ਲਈ ਅਤੇ ਫਿਰ ਨਾਲੋ-ਨਾਲ ਕੁੱਲ ਸ਼ਬਦਾਂ ਦਾ ਜੋੜ ਕਰਨ ਲਈ ਕਿੰਨੀ ਅਣਥੱਕ ਲਗਨ ਅਤੇ ਮਿਹਨਤ ਨਾਲ ਇਹ ਪਵਿੱਤਰ ਕਾਰਜ ਗੁਰੂ ਸਾਹਿਬ ਜੀ ਨੇ ਸੰਪੂਰਨ ਕੀਤਾ ਹੈ!

ਅੰਕ ਅਤੇ ਅੱਖਰ ਦੋਵੇਂ ਹੀ ਮਹਾਨ ਅਤੇ ਪਵਿੱਤਰ ਹੋ ਗਏ ਹਨ ਕਿਉਂਕਿ ਇਨ੍ਹਾਂ ਦੀ ਸਦਵਰਤੋਂ ਇਸ ਅਗੰਮੀ ਗ੍ਰੰਥ ਦੀ ਸੰਪਾਦਨਾ ਲਈ ਬੜੀ ਇਕਾਗਰਤਾ ਅਤੇ ਧਿਆਨ ਨਾਲ ਕੀਤੀ ਗਈ ਹੈ। ੴ ਅੰਕ ਅਤੇ ਅੱਖਰ ਦੇ ਸੁੰਦਰ ਸੁਮੇਲ ਤੋਂ ਬਣਿਆ ਹੈ। ਗਣਿਤ ਦਾ ਅੰਕ 1 (ਇਕ) ਪਰਮਾਤਮਾ ਦੇ ਕੇਵਲ ਅਤੇ ਕੇਵਲ ਇੱਕ ਹੋਣ ਦਾ ਸੂਚਕ ਹੈ ਅਤੇ ਅੱਖਰ ਓ ਉਸ ਦੇ ਨਿਰਗੁਣ ਅਤੇ ਸਰਗੁਣ ਦੋਹਾਂ ਤਰ੍ਹਾਂ ਦੇ ਸਰੂਪ ਦਾ ਪ੍ਰਗਟਾਵਾ ਹੈ।

ਉਚਾਰਨ ਸੰਬੰਧੀ ਸੰਕੇਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿਚ ‘ਨਾਨਕ’ ਪਦ ਦੀ ਵਰਤੋਂ ਕੀਤੀ ਹੈ। ਇਹ ਸੰਪੂਰਨ ਸਮਰਪਣ ਦੀ ਭਾਵਨਾ ਤਾਂ ਹੈ ਹੀ ਪਰ ਇਸ ਦਾ ਨਾਲ ਹੀ ਭਾਵ ਇਹ ਵੀ ਹੈ ਕਿ ਸਾਰੇ ਗੁਰੂ ਸਾਹਿਬਾਨ ਵਿਚ ਜੋਤਿ ਇਕ ਹੀ ਹੈ ਅਤੇ ਉਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ। ਫਿਰ ਵੀ ਮ:1, ਮ:2, ਮ:3 ਆਦਿ ਲਿਖ ਕੇ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕਿਸ ਗੁਰੂ- ਜਾਮੇ ਨਾਲ ਕੋਈ ਬਾਣੀ ਸੰਬੰਧਿਤ ਹੈ। ਜੇਕਰ ਮ:1 ਹੀ ਦਰਜ ਕੀਤਾ ਜਾਂਦਾ ਹੈ ਤਾਂ ਮ: ਦਾ ਉਚਾਰਨ ਕੀ ਕਰਨਾ ਹੈ ਅਤੇ 1 ਦਾ ਉਚਾਰਨ ਕੀ ਕਰਨਾ ਹੈ, ਇਸ ਬਾਰੇ ਦੁਬਿਧਾ ਰਹਿੰਦੀ। ਪਰ ਗੁਰੂ ਸਾਹਿਬ ਜੀ ਨੇ ਕਿਸੇ ਕਿਸਮ ਦੀ ਦੁਬਿਧਾ ਨਹੀਂ ਰਹਿਣ ਦਿੱਤੀ ਕਿਉਂਕਿ ਸਤਿਗੁਰੂ ਦਾ ਪਹਿਲਾ ਕੰਮ ਹੀ ਦੁਬਿਧਾ ਦੂਰ ਕਰਨਾ ਹੈ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੀ ਇਹ ਸ਼ਬਦ ਮ:, ਮਹਲ ਅਤੇ ਮਹਲਾ ਕਰਕੇ ਦਰਜ ਹਨ। ਇਸ ਤਰ੍ਹਾਂ ਇਸ ਦੇ ਉਚਾਰਨ ਦੀ ਸਮੱਸਿਆ ਦਾ ਹੱਲ ਦੇ ਦਿੱਤਾ ਗਿਆ ਹੈ ਅਤੇ ਜ਼ਿਆਦਾਤਰ ‘ਮਹਲਾ’ ਸ਼ਬਦ ਹੀ ਵਰਤਿਆ ਗਿਆ ਹੈ। ਰਹੀ ਗੱਲ ਅੰਕ 1, 2 ਦੀ ਤਾਂ ਉਸ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੀ ਸੰਕੇਤ ਮੌਜੂਦ ਹਨ। ਪੰਨਾ 163 ’ਤੇ ਅੰਕਿਤ ਹੈ ‘ਮਹਲਾ 4 ਚਉਥਾ ਚਉਪਦੇ’। ਇਸੇ ਤਰ੍ਹਾਂ ‘ਘਰੁ’ ਵਾਸਤੇ ਵੀ ਉਚਾਰਨ ਲਈ ਸੰਕੇਤ ਦਿੱਤਾ ਹੋਇਆ ਹੈ ‘ਰਾਗੁ ਗੂਜਰੀ ਭਗਤਾ ਕੀ ਬਾਣੀ ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ 2 ਦੂਜਾ।’ ਇਨ੍ਹਾਂ ਸੰਕੇਤਾਂ ਤੋਂ ਸਪੱਸ਼ਟ ਹੈ ਕਿ 1 ਨੂੰ ਪਹਿਲਾ, 2 ਨੂੰ ਦੂਜਾ, 3 ਨੂੰ ਤੀਜਾ ਆਦਿ ਕਰਕੇ ਪੜ੍ਹਨਾ ਹੈ ਭਾਵੇਂ ਇਹ ਅੰਕ ‘ਮਹਲਾ’ ਦੇ ਨਾਲ ਆਉਂਦੇ ਹਨ ਅਤੇ ਭਾਵੇਂ ‘ਘਰੁ’ ਦੇ ਨਾਲ।

ਸਤਿਕਾਰ ਸੰਬੰਧੀ ਸੰਕੇਤ

ਗੁਰੂ ਸਾਹਿਬਾਨ ਤੋਂ ਇਲਾਵਾ ਜਿਨ੍ਹਾਂ ਪੰਦਰ੍ਹਾਂ ਭਗਤ ਸਾਹਿਬਾਨ ਦੀ ਪਵਿੱਤਰ ਬਾਣੀ ਦਰਜ ਹੈ ਉਨ੍ਹਾਂ ਪ੍ਰਤੀ ਪੂਰਨ ਸਤਿਕਾਰ ਲਈ ਸੰਕੇਤ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਦਰਜ ਕੀਤੇ ਹਨ। ਸਾਨੂੰ ਇਨ੍ਹਾਂ ਬਾਣੀ ਦੇ ਰਚਨਹਾਰਿਆਂ ਪ੍ਰਤੀ ਪੂਰੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਪੰਨਾ 475 ’ਤੇ ਭਗਤ ਸਾਹਿਬਾਨ ਬਾਰੇ ਗੁਰੂ ਸਾਹਿਬ ਜੀ ਨੇ ਪੂਰਨ ਸਤਿਕਾਰ ਪ੍ਰਗਟ ਕਰਦੇ ਹੋਏ ਲਿਖਿਆ ਹੈ: ਰਾਗੁ ਆਸਾ ਬਾਣੀ ਭਗਤਾ ਕੀ॥ ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ॥ ਆਸਾ ਸ੍ਰੀ ਕਬੀਰ ਜੀਉ॥ ਇਸੇ ਤਰ੍ਹਾਂ ਪੰਨਾ 488 ’ਤੇ ਦਰਜ ਹੈ ‘ਆਸਾ ਸੇਖ ਫਰੀਦ ਜੀਉ ਕੀ ਬਾਣੀ’। ਜਿੱਥੇ ਕਿਤੇ ਵੀ ਭਗਤ ਸਾਹਿਬਾਨ ਦੀ ਬਾਣੀ ਦਰਜ ਕੀਤੀ ਹੈ ਉਨ੍ਹਾਂ ਦੇ ਨਾਵਾਂ ਨਾਲ ਜੀ, ਜੀਉ ਅਤੇ ਸ੍ਰੀ ਸ਼ਬਦ ਸਤਿਕਾਰ ਸਹਿਤ ਵਰਤੇ ਹਨ।

ਗਾਇਨ ਸੰਬੰਧੀ ਸੰਕੇਤ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਈ ਵਾਰਾਂ ਵੱਖ-ਵੱਖ ਰਾਗਾਂ ਵਿਚ ਮੌਜੂਦ ਹਨ। ਇਨ੍ਹਾਂ ਵਾਰਾਂ ਵਿੱਚੋਂ ਕੁਝ ਇਕ ਨੂੰ ਉਸ ਸਮੇਂ ਦੀਆਂ ਪ੍ਰਚਲਿਤ ਲੋਕ-ਵਾਰਾਂ ਦੀਆਂ ਧੁਨੀਆਂ ’ਤੇ ਗਾਉਣ ਦਾ ਆਦੇਸ਼ ਗੁਰੂ ਸਾਹਿਬ ਜੀ ਵੱਲੋਂ ਕੀਤਾ ਗਿਆ ਹੈ। ਇਹ ਵੇਰਵਾ ਇਸ ਪ੍ਰਕਾਰ ਹੈ:

(1) ਆਸਾ ਕੀ ਵਾਰ – ਟੁੰਡੇ ਅਸਰਾਜੇ ਕੀ ਧੁਨੀ
(2) ਗੂਜਰੀ ਕੀ ਵਾਰ ਮ: 3 – ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ
(3) ਵਡਹੰਸ ਕੀ ਵਾਰ ਮ: 4 – ਲਲਾਂ ਬਹਲੀਮਾ ਕੀ ਧੁਨਿ
(4) ਰਾਮਕਲੀ ਕੀ ਵਾਰ ਮ: 3 – ਜੋਧੈ ਵੀਰੈ ਪੂਰਬਾਣੀ ਕੀ ਧੁਨੀ
(5) ਸਾਰੰਗ ਕੀ ਵਾਰ ਮ: 4 – ਰਾਇ ਮਹਮੇ ਹਸਨੇ ਕੀ ਧੁਨਿ
(6) ਵਾਰ ਮਲਾਰ ਕੀ ਮਹਲਾ 1 – ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ
(7) ਮਾਝ ਕੀ ਵਾਰ ਮਹਲਾ 1 – ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ
(8) ਗਉੜੀ ਕੀ ਵਾਰ ਮਹਲਾ 5 – ਰਾਇ ਕਮਾਲਦੀ ਮੌਜਦੀ ਕੀ ਵਾਰ ਕੀ ਧੁਨੀ
(9) ਕਾਨੜੇ ਕੀ ਵਾਰ ਮ: 4 – ਮੂਸੇ ਕੀ ਵਾਰ ਕੀ ਧੁਨਿ

ਉਤਾਰਾ ਸ਼ੁੱਧ ਕਰਨ ਦਾ ਸੰਕੇਤ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਵੱਖ-ਵੱਖ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਬਾਣੀ ਦਾ ਉਤਾਰਾ ਕਰਦੇ ਸਮੇਂ ਇਸ ਗੱਲ ਦੀ ਵੀ ਪੜਤਾਲ ਕੀਤੀ ਜਾਂਦੀ ਸੀ ਕਿ ਉਤਾਰਾ ਠੀਕ ਹੋ ਰਿਹਾ ਹੈ ਜਾਂ ਨਹੀਂ। ਜਿਵੇਂ ਪੰਨਾ 383 ’ਤੇ ਸੰਕੇਤ ਹੈ ‘ਸੁਧੁ ਕੀਚੇ’। ਇਸ ਦਾ ਭਾਵ ਹੈ ਕਿ ਉਤਾਰੀ ਗਈ ਬਾਣੀ ਨੂੰ ਅਜੇ ਦੁਬਾਰਾ ਪੜ੍ਹਨ ਦੀ ਲੋੜ ਹੈ ਤਾਂ ਕਿ ਗਲਤੀਆਂ ਠੀਕ ਹੋ ਸਕਣ। ਪੰਨਾ 475 ’ਤੇ ਸੰਕੇਤ ‘ਸੁਧੁ’ ਦਾ ਭਾਵ ਹੈ ਕਿ ਗਲਤੀਆਂ ਠੀਕ ਕਰ ਲਈਆਂ ਗਈਆਂ ਹਨ। ਪੰਨਾ 594 ਅਤੇ ਪੰਨਾ 556 ’ਤੇ ਵੀ ‘ਸੁਧੁ’ ਦਾ ਸੰਕੇਤ ਦਰਜ ਹੈ। ਪੰਨਾ 1094 ’ਤੇ ਵੀ ‘ਸੁਧੁ’ ਸ਼ਬਦ ਅੰਕਿਤ ਹੈ।

ਮੁੰਦਾਵਣੀ

ਮੂਲ-ਮੰਤਰ ਮੰਗਲਾਚਰਨ ਹੈ, ‘ਜਪੁ’ ਬਾਣੀ ਭੂਮਿਕਾ ਜਾਂ ਉਥਾਨਕਾ ਹੈ, ‘ਮੁੰਦਾਵਣੀ’ ਤੱਤ-ਸਾਰ ਜਾਂ ਸਾਰੰਸ਼ ਹੈ ਅਤੇ ‘ਰਾਗਮਾਲਾ’ ਰਾਗਾਂ ਦੇ ਨਾਂ ਗਿਣਾਉਂਦੀ ਇਕ ਅੰਤਿਕਾ ਹੈ। ਇਸ ਤਰ੍ਹਾਂ ਆਧੁਨਿਕ ਸੰਪਾਦਨ-ਕਲਾ ਦੇ ਪੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੰਗਲਾਚਰਨ, ਭੂਮਿਕਾ, ਸਾਰੰਸ਼ ਅਤੇ ਅੰਤਿਕਾ ਚਾਰੇ ਤੱਤ ਮੌਜੂਦ ਹਨ। ‘ਮੁੰਦਾਵਣੀ’ ਸ਼ਬਦ ਦੇ ਦੋ ਅਰਥ ਬੁਝਾਰਤ ਅਤੇ ਮੋਹਰ ਛਾਪ ਕੀਤੇ ਜਾਂਦੇ ਹਨ। ਬੁਝਾਰਤ ਅਨੁਸਾਰ ਗੁਰੂ ਸਾਹਿਬ ਇਕ ਥਾਲ ਦੀ ਬੁਝਾਰਤ ਪਾਉਂਦੇ ਹਨ ਜਿਸ ਵਿਚ ਤਿੰਨ ਵਸਤਾਂ ਸਤੁ, ਸੰਤੋਖ ਅਤੇ ਵੀਚਾਰ ਪਈਆਂ ਹਨ। ਇਸ ਦੇ ਨਾਲ ਹੀ ਪਰਮਾਤਮਾ ਦਾ ਅੰਮ੍ਰਿਤ-ਰੂਪੀ ਨਾਮ ਰੱਖਿਆ ਹੋਇਆ ਹੈ। ਇਸ ਪਰੋਸੇ ਹੋਏ ਖਾਣੇ ਨੂੰ ਜੇ ਕੋਈ ਖਾ ਲਵੇ ਜਾਂ ਪਚਾ ਲਵੇ ਤਾਂ ਉਸ ਦਾ ਉੱਧਾਰ ਹੋ ਜਾਂਦਾ ਹੈ। ਇਸ ਖਾਣੇ ਨੂੰ ਖਾਣ ਤੋਂ ਬਿਨਾਂ ਮੁਕਤ ਹੋਣ ਲਈ ਹੋਰ ਕੋਈ ਚਾਰਾ ਨਹੀਂ ਹੈ। ਉਹ ਥਾਲ ਕਿਹੜਾ ਹੈ? ਉੱਤਰ ਸਾਫ਼ ਹੈ ਕਿ ਥਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਕੋਈ ਦਸਤਾਵੇਜ਼ ਤਿਆਰ ਕਰਨ ਤੋਂ ਬਾਅਦ ਸਮਰੱਥ ਅਧਿਕਾਰੀ ਦੀ ਮੋਹਰ ਲਾ ਦਿੱਤੀ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਇਹ ਪਾਵਨ ਗ੍ਰੰਥ ਤਿਆਰ ਕਰ ਕੇ ਮੁੰਦਾਵਣੀ ਮ:5 ਨਾਲ ਆਪਣੀ ਮੋਹਰ ਲਾਈ ਹੈ। ਨਿਰਮਾਣਤਾ ਦੀ ਹੱਦ ਦੇਖੋ ਕਿ ਆਪ ਜੀ ਨੇ ਏਨਾ ਵੱਡਾ ਮਹਾਨ ਅਤੇ ਪਵਿੱਤਰ ਗ੍ਰੰਥ ਤਿਆਰ ਕਰ ਕੇ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ॥ ਫ਼ਰਮਾ ਕੇ ਵਾਹਿਗੁਰੂ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੈ ਜਿਸ ਨੇ ਏਨਾ ਵੱਡਾ ਅਤੇ ਪਵਿੱਤਰ ਕਾਰਜ ਸੰਪੂਰਨ ਕਰਵਾਇਆ ਹੈ। ਇਉਂ ਧੰਨਵਾਦ ਰੂਪੀ ਸ਼ਬਦ ਵੀ ਇਸ ਪਵਿੱਤਰ ਗ੍ਰੰਥ ਵਿਚ ਦਰਜ ਕਰ ਦਿੱਤਾ ਗਿਆ ਹੈ।

ਸਿਧਾਂਤਕ ਟਿੱਪਣੀਆਂ ਦੇਣਾ

ਬਾਣੀ ਇਕੱਠੀ ਕਰਨਾ ਅਤੇ ਉਸ ਇਕੱਠੀ ਕੀਤੀ ਬਾਣੀ ਵਿੱਚੋਂ ਗੁਰਮਤਿ ਅਨੁਸਾਰ ਚੋਣ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਉਸ ਦਾ ਉਤਾਰਾ ਕਰਨਾ ਇਕ ਬੜਾ ਵੱਡਾ ਅਤੇ ਕਠਿਨ ਕਾਰਜ ਸੀ। ਕਿਤੇ-ਕਿਤੇ ਖ਼ਿਆਲ ਅਤੇ ਸਿਧਾਂਤ ਦੀ ਵਧੇਰੇ ਸਪੱਸ਼ਟਤਾ ਕਰਨ ਲਈ ਗੁਰੂ ਸਾਹਿਬਾਨ ਨੇ ਵਿਸ਼ੇਸ਼ ਸਲੋਕਾਂ ਦੀ ਰਚਨਾ ਕੀਤੀ। ਇਹ ਸਲੋਕ ਪੰਚਮ ਪਾਤਸ਼ਾਹ ਨੇ ਸੰਪਾਦਨ ਕਰਦਿਆਂ ਸ਼ੇਖ ਫਰੀਦ ਜੀ ਅਤੇ ਭਗਤ ਕਬੀਰ ਜੀ ਦੇ ਸਲੋਕਾਂ ਨਾਲ ਦਰਜ ਕੀਤੇ ਹਨ। ਸੰਪਾਦਕ ਨੂੰ ਇਹ ਅਧਿਕਾਰ ਹੁੰਦਾ ਹੈ ਕਿ ਜਿੱਥੇ ਕਿਤੇ ਲੋੜ ਸਮਝੀ ਜਾਵੇ ਯੋਗ ਟਿੱਪਣੀ ਕੀਤੀ ਜਾਵੇ। ਗੁਰੂ ਸਾਹਿਬ ਜੀ ਨੇ ਇਸ ਅਧਿਕਾਰ ਦੀ ਵਰਤੋਂ ਬਾਖ਼ੂਬੀ ਕੀਤੀ ਹੈ। ਉਦਾਹਰਣਾਂ ਪੇਸ਼ ਹਨ:

ਫਰੀਦਾ ਕਾਲੀਂ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥ (ਪੰਨਾ 1378)

ਮ:3॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ॥
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ॥
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥ (ਪੰਨਾ 1378)

ਸ਼ੇਖ ਫਰੀਦ ਜੀ ਅਨੁਸਾਰ ਜਵਾਨੀ ਵਿਚ ਪਰਮਾਤਮਾ ਦੀ ਭਗਤੀ ਨਾ ਕਰਨ ਵਾਲਿਆਂ ਵਿੱਚੋਂ ਬੁਢਾਪੇ ਸਮੇਂ ਵਿਰਲੇ ਹੀ ਭਗਤੀ ਕਰ ਸਕਦੇ ਹਨ ਪਰ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦੀ ਭਗਤੀ ਤਾਂ ਜਦੋਂ ਕਿਸੇ ਦਾ ਜੀਅ ਕਰੇ ਕਰ ਸਕਦਾ ਹੈ। ਜਵਾਨੀ ਅਤੇ ਬੁਢਾਪੇ ਦਾ ਇਸ ਵਿਚ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਵਿਚਾਰ ਨੂੰ ਸਪੱਸ਼ਟ ਕਰਨ ਲਈ ਗੁਰੂ ਸਾਹਿਬ ਜੀ ਦਾ ਸਲੋਕ ਸ਼ੇਖ ਫਰੀਦ ਜੀ ਦੇ ਸਲੋਕ ਦੇ ਨਾਲ ਹੀ ਦਰਜ ਕਰ ਦਿੱਤਾ ਗਿਆ ਹੈ। ਭਗਤ ਕਬੀਰ ਜੀ ਦਾ ਸਲੋਕ ਹੈ:

ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ॥
ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ॥ (ਪੰਨਾ 1376)

ਇਸ ਸਲੋਕ ਦੇ ਨਾਲ ਮ:3 ਅਤੇ ਮ:5 ਦੇ ਸਲੋਕ ਦਰਜ ਹਨ:

ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ॥
ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ॥
ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ॥
ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ॥ (ਪੰਨਾ 1376)

ਇਹ ਸਲੋਕ ਵੀ ਗੁਰੂ ਸਾਹਿਬ ਨਾਲੋਂ ਵਿਚਾਰ ਦਾ ਵਿਸਥਾਰ ਕਰਨ ਲਈ ਅਤੇ ਸਪੱਸ਼ਟਤਾ ਲਈ ਅੰਕਿਤ ਕੀਤੇ ਗਏ ਹਨ।

ਹੁਣ ਤਕ ਵਿਚਾਰੇ ਗਏ ਸੰਪਾਦਨ-ਕਲਾ ਦੇ ਕੁਝ ਨੁਕਤਿਆਂ ਤੋਂ ਸਾਨੂੰ ਗੁਰੂ ਸਾਹਿਬ ਜੀ ਦੀ ਅਥਾਹ ਅਤੇ ਅਸੀਮਤ ਸੰਪਾਦਨ-ਕਲਾ ਦੇ ਕੁਝ ਝਲਕਾਰੇ ਮਿਲ ਸਕੇ ਹਨ। ਇਸ ਮਹਾਨ ਅਤੇ ਪਵਿੱਤਰ ਗ੍ਰੰਥ ਦੇ ਗਿਆਨ ਅਤੇ ਖੋਜ ਦੀ ਕੋਈ ਸੀਮਾ ਨਹੀਂ ਮਿੱਥੀ ਜਾ ਸਕਦੀ। ਸਾਡਾ ਤਾਂ ਇਸ ਮਹਾਨ, ਅਥਾਹ ਅਤੇ ਅਸੀਮਤ ਸੰਪਾਦਨ-ਕਲਾ ਅੱਗੇ ਸਿਰ ਝੁਕਾਉਣਾ ਹੀ ਬਣਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Sukhdev Singh Shant
ਸੇਵਾ ਮੁਕਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ -ਵਿਖੇ: ਸਹਿਕਾਰਤਾ ਵਿਭਾਗ, ਪੰਜਾਬ ਸਰਕਾਰ

36-ਬੀ, ਰਤਨ ਨਗਰ, ਪਟਿਆਲਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)