editor@sikharchives.org
Sri Guru Granth Sahib Ji Da Shand-Parband

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛੰਦ-ਪ੍ਰਬੰਧ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਵਿ-ਕਲਾ ਤੇ ਸੰਗੀਤ-ਕਲਾ ਨਾਮੀ ਦੋਵੇਂ ਕੋਮਲ ਹੁਨਰ ਆਪਣੀਆਂ ਸ਼ਾਖਾਂ-ਪ੍ਰਸ਼ਾਖਾਂ ਸਮੇਤ ਇੱਕੋ ਥਾਵੇਂ ਘੁਲ-ਮਿਲ ਕੇ ਇਕੱਤਰ ਹੋਏ ਮਿਲਦੇ ਹਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਬਾਣੀ ਦੇ ਬੋਹਿਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਮਹਾਂਵਾਕ ਹਨ:

ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ॥ (ਪੰਨਾ 434)

ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ॥  (ਪੰਨਾ 660)

ਇਨ੍ਹਾਂ ਵਾਕਾਂ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਸ਼ਾਇਰ ਅਥਵਾ ਕਵੀ ਕਹਿਣ-ਕਹਾਉਣ ਵਿਚ ਕਿਤਨਾ ਵੱਡਾ ਫ਼ਖ਼ਰ ਸਮਝਦੇ ਸਨ। ਕਾਰਨ ਇਸ ਦਾ ਇਹੋ ਹੈ ਕਿ ਕਵਿਤਾ ਅਤੇ ਸੰਗੀਤ ਦੋਵੇਂ ਕੋਮਲ ਹੁਨਰੀ ਗੁਣ, ਜੋ ਇਕ ਦੂਜੇ ਤੋਂ ਕਿਸੇ ਤਰ੍ਹਾਂ ਨਿਖੇੜੇ ਨਹੀਂ ਜਾ ਸਕਦੇ, ਨਾ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚ ਹੀ, ਸਗੋਂ ਬਾਕੀ ਦੇ ਸਾਰੇ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਵਿਚ ਵੀ ਚੰਗੀ ਤਰ੍ਹਾਂ ਘੁਲੇ-ਮਿਲੇ ਹੋਏ ਮਿਲਦੇ ਹਨ।

ਛੰਦ ਤੇ ਕਵਿਤਾ ਦੋਵੇਂ ਆਧਾਰ ਤੇ ਆਧੇਯ ਦੇ ਨਿਆਇ ਅਨੁਸਾਰ ਪਰਸਪਰ ਜੁੱਗੜਿਆਂ ਤੋਂ ਗੂੜ੍ਹਾ ਸੰਬੰਧ ਰੱਖਦੇ ਚਲੇ ਆ ਰਹੇ ਹਨ। ਵੇਦਕ ਸ਼੍ਰੁਤੀਆਂ ਜੋ ਸਾਡੇ ਦੇਸ਼ ਦੀ ਸਭ ਤੋਂ ਪੁਰਾਣੀ ਕਾਵਿ-ਰਚਨਾ ਅਥਵਾ ਸਾਹਿਤਕ ਸੰਪਤੀ ਦੇ ਉੱਤਮ ਪ੍ਰਮਾਣ ਹਨ, ਛੰਦਾਂ ਵਿਚ ਹੋਣ ਕਰਕੇ ਹੀ ਛਾਂਦਸ ਕਹੀਆਂ ਜਾਂਦੀਆਂ ਹਨ। ਪ੍ਰੋਫੈਸਰ ਰਘੁਨੰਦਨ ਸ਼ਾਸਤ੍ਰੀ ਦੇ ਕਥਨ ਅਨੁਸਾਰ, ‘ਰਿਗਵੇਦ ਵਿਚ ਪ੍ਰਧਾਨ ਸੱਤ ਛੰਦ ਵਰਤੇ ਗਏ ਹਨ: (1) ਗਾਇਤ੍ਰੀ, (2) ਉਸ਼ਣਿਕ, (3) ਅਨੁਸ਼ਟੁਪ, (4) ਬ੍ਰਿਹਤੀ, (5) ਪੰਕਤਿ, (6) ਤ੍ਰਿਸ਼ਟੁਭ ਅਤੇ (7) ਜਗਤੀ। (ਸਬੂਤ ਲਈ ਦੇਖੋ, ਹਿੰਦੀ ਛੰਦ ਪ੍ਰਕਾਸ਼, 1952, ਸਫ਼ੇ 5-6) ਇਸੇ ਕਰਕੇ ਛੰਦ ਸ਼ਾਸਤਰ ਨੂੰ, ਜਿਵੇਂ ਕਿ ਸੰਗੀਤ ਗੰਧਰਵ ਵੇਦ ਦੇ ਨਾਂ ਹੇਠ ਦੂਜਾ ਉਪਵੇਦ ਹੈ, ਵਿਆਕਰਨ ਤੇ ਨਿਰੁਕਤ ਦੇ ਨਾਲ ਹੀ ਵੇਦਾਂ ਦਾ ਪੰਜਵਾਂ ਅੰਗ {ਵੇਦਾਂਗ ਛੇ ਹਨ : (1) ਸ਼ਿਕਸ਼ਾ, (2) ਕਲਪ, (3) ਵਿਆਕਰਨ, (4) ਜੋਤਿਸ਼, (5) ਛੰਦ ਸ਼ਾਸਤ੍ਰ ਤੇ (6) ਨਿਰੁਕਤ (ਵੇਦਕ ਸ਼ਬਦ-ਕੋਸ਼)} ਮੰਨਿਆ ਹੈ।

ਕਵਿਤਾ ਲਈ ਛੰਦ-ਪ੍ਰਬੰਧ ਭਾਰਤੀ ਵਿਚਾਰਧਾਰਾ ਦੇ ਅਧੀਨ ਇਕ ਪ੍ਰਕਾਰ ਦੀ ਧਰਮ-ਤੁਲਾ ਹੈ। ਜਿਸ ਕਵਿਤਾ ਵਿਚ ਛੰਦ-ਭੰਗ, ਸ਼ਬਦ-ਭੰਗ, ਅਰਥ-ਭੰਗ, ਵਾਕ-ਭੰਗ, ਲੈਅ-ਭੰਗ, ਰਸ-ਭੰਗ ਜਾਂ ਸਪੱਸ਼ਟ ਚਿੰਤਨ ਦਾ ਦੋਸ਼ ਹੋਵੇ, ਉਹ ਕਵਿਤਾ, ਕਵਿਤਾ ਨਹੀਂ ਅਖਵਾ ਸਕਦੀ। ਸਾਡੇ ਕਾਵਿ-ਸ਼ਾਸਤਰ  ਦੀ ਇਹੋ ਸਭ ਤੋਂ ਵੱਡੀ ਪਰਖ-ਕਸਵੱਟੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਖ ਦੇ ਇਸ ਨੁਕਤਾ ਨਿਗਾਹ ਤੋਂ ਆਪਣੇ ਆਪ ਵਿਚ ਹਰ ਤਰ੍ਹਾਂ ਪੂਰਨ ਹੈ।

ਲੱਗਭਗ ਸਾਰੀ ਦੀ ਸਾਰੀ ਗੁਰਬਾਣੀ, ਜਿਵੇਂ ਕਿ ਸਾਹਿਤ-ਖੋਜੀਆਂ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਮਾਲੂਮ ਹੈ, ਪੁਰਾਣੇ ਢੰਗ ਦੀ ਸਿੱਧੀ ਤੇ ਸਰਲ (ਠੇਠ) ਪੰਜਾਬੀ ਬੋਲੀ ਵਿਚ ਹੈ, ਭਾਵੇਂ ਕਈ ਹੋਰ ਪ੍ਰਚੱਲਤ ਪ੍ਰਾਦੇਸ਼ਿਕ ਬੋਲੀਆਂ ਦੇ ਸ਼ਬਦ-ਪ੍ਰਮਾਣ ਵੀ ਇਸ ਵਿਚ ਕਿਸੇ ਹੱਦ ਤਕ ਮਿਲਦੇ ਹਨ, ਪਰ ਉਹ ਬੜੇ ਘੱਟ ਹਨ। ਪੰਜਾਬੀ ਬੋਲੀ ਦਾ ਲੱਗਭਗ ਸਾਰਾ ਹੀ ਛੰਦ-ਪ੍ਰਬੰਧ ਬ੍ਰਿਜ ਭਾਸ਼ਾ ਜਾਂ ਰਾਸ਼ਟਰ ਭਾਸ਼ਾ ਹਿੰਦੀ ਵਾਂਙੂੰ ਸਿੱਧਾ ਪ੍ਰਾਕ੍ਰਿਤ ਜਾਂ ਅਪਭ੍ਰੰਸ਼ ਭਾਸ਼ਾ ਦੀ ਦੇਣ ਹੈ। ਪਹਿਲੇ ਪਹਿਲ ਪ੍ਰਾਕ੍ਰਿਤ ਤੇ ਅਪਭ੍ਰੰਸ਼, ਜਿੱਥੋਂ ਕਿ ਪੰਜਾਬੀ ਦੀ ਉਤਪਤੀ ਹੋਈ, ਦਾ ਛੰਦ-ਪ੍ਰਬੰਧ ਬੋਧੀ ਤੇ ਜੈਨੀ ਕਵੀਆਂ ਨੇ ਅਪਣਾਇਆ ਸੀ। ਬੋਧੀ ਕਵੀਆਂ ਦੀ ਦੋਹਾਵਲੀ ਤੇ ਜੈਨ ਕਵੀਆਂ ਵਿੱਚੋਂ ਇਸ ਬਾਰੇ ਆਚਾਰਯ ਸ੍ਰੀ ਹੇਮ ਚੰਦ੍ਰ (12ਵੀਂ ਸਦੀ) ਦਾ ਨਾਮ ਵਧੇਰੇ ਪ੍ਰਸਿੱਧ ਹੈ। ਸ੍ਰੀ ਹੇਮ ਚੰਦ੍ਰ ਦੇ ਪ੍ਰਾਕ੍ਰਿਤ ਵਿਆਕਰਨ ਅਤੇ ਰਾਜਸਥਾਨੀ ਦੇ ਲੋਕ-ਗੀਤ ‘ਢੋਲਾ ਮਾਰੂ ਰਾ ਦੂਹਾ’ ਦੇ ਦੋਹੇ (ਦੋਹੜੇ) ਅਥਵਾ ਸਲੋਕ ਵਿਚਾਰਨਯੋਗ ਹਨ, ਜਿਵੇਂ:

ਪਾਪੀਹਉ ਪੀਉ ਪੀਉ ਚਵੈ…
ਸੀਆਲੇ ਤਉ ਸੀਅ ਪੜੇ ਊਨ੍ਹਾਲੇ ਲੂ ਵਾਇ।

ਇਹ ਅਪਭ੍ਰੰਸ਼ ਮੂਲਕ ਸ਼ਬਦ-ਸਲੋਕ ਜਾਂ ਦੋਹਰੇ ਈਸਾ ਦੀ ਸੱਤਵੀਂ ਸਦੀ ਤੋਂ ਲੈ ਕੇ 16ਵੀਂ ਸਦੀ ਤਕ ਸਿੱਧਾਂ, ਨਾਥਾਂ ਅਥਵਾ ਜੋਗੀਆਂ ਦੀਆਂ ਅਧਿਆਤਮਕ ਰਚਨਾਂਵਾਂ ਵਿੱਚੋਂ ਵੀ ਕਾਫ਼ੀ ਗਿਣਤੀ ਵਿਚ ਮਿਲਦੇ ਹਨ, ਜਿਵੇਂ ਕਿ ਪ੍ਰਸਿੱਧ ਜੋਗੀ ਮਛੰਦ੍ਰ ਨਾਥ, ਗੋਰਖ ਨਾਥ, ਚਰਪਟ ਨਾਥ, ਭਰਥਰੀ, ਗੋਪੀ ਚੰਦ, ਬਾਲ ਨਾਥ ਅਥਵਾ ਬਾਲ ਗੁੰਦਾਈਂ ਦੀਆਂ ਰਚਨਾਂਵਾਂ ਸ਼ਬਦ-ਸ਼ਲੋਕਾਂ ਜਾਂ ਫੁਟਕਲ ਪਦਿਆਂ ਵਜੋਂ ਦਿੱਤੇ ਜਾ ਸਕਦੇ ਹਨ। ਇਹ ਸਿੱਧ, ਨਾਥ ਅਥਵਾ ਕੰਨ-ਪਾਟੇ ਜੋਗੀ ਭਾਰਤੀ ਇਤਿਹਾਸ ਪ੍ਰਸਿੱਧ ਭਗਤੀ ਲਹਿਰ ਦੇ ਮੋਢੀ ਸਨ। ਇਨ੍ਹਾਂ ਜੋਗੀਆਂ ਦੇ ਧਾਰਮਿਕ ਖ਼ਿਆਲਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿਧ ਗੋਸਟਿ (ਰਾਗ ਰਾਮਕਲੀ), ਦਖਣੀ ਓਅੰਕਾਰ (ਰਾਗ ਰਾਮਕਲੀ) ਆਦਿ ਵਿਚ ਪਾਈ ਜਾਂਦੀ ਹੈ। ਸਿੱਧ ਜੋਗੀ ਪਹਿਲੇ ਪਹਿਲ ਆਪਣੀ ਬਾਣੀ ਰਾਗ ਰਾਮਕਲੀ, ਧਨਾਸਰੀ ਆਦਿ ਵਿਚ ਕਿਵੇਂ ਲਿਖਦੇ ਸਨ ਤੇ ਉਨ੍ਹਾਂ ਦੀਆਂ ਸ਼ਕਤੀ ਰੂਪ ਚੇਲੀਆਂ ਸੰਗੀਤ ਦੇ ਸਾਜ਼ (ਵੀਣਾ ਆਦਿ) ਚੁੱਕੀ ਉਨ੍ਹਾਂ ਦੇ ਪਿੱਛੇ-ਪਿੱਛੇ ਕਿਵੇਂ ਫਿਰਦੀਆਂ ਸਨ ਅਤੇ ਉਨ੍ਹਾਂ ਦਾ ਛੰਦ-ਪ੍ਰਬੰਧ ਕਿਹੋ ਜਿਹਾ ਸੀ, ਜਿਸ ਨੂੰ ਕਿ ਪਿੱਛੋਂ ਰਾਧਾ ਵੱਲਭੀ ਸੰਪ੍ਰਦਾਇ ਜਾਂ ਕ੍ਰਿਸ਼ਨ-ਭਗਤੀ-ਸ਼ਾਖ ਰਾਹੀਂ ਸਾਰੇ ਹੀ ਭਗਤੀ-ਧਾਰਾ ਦੇ ਸੰਤ-ਕਵੀਆਂ ਨੇ ਅਪਣਾਇਆ, ਉਸ ਦਾ ਪਤਾ ਗੁਰਬਾਣੀ ਦਾ ਮਨਨ ਤੇ ਵਿਚਾਰ ਪੂਰਵਕ ਅਧਿਐਨ ਕਰਨ ਤੋਂ ਚੰਗੀ ਤਰ੍ਹਾਂ ਲੱਗਦਾ ਹੈ।

ਭਗਤੀ ਲਹਿਰ ਦੇ ਆਦਿ-ਕਵੀਆਂ ਵਿੱਚੋਂ ਆਪ ਚਾਹੇ ਮਛੰਦ੍ਰ ਨਾਥ ਦੀ ਰਚਨਾ ਪੜ੍ਹੋ ਜਾਂ ਉਸ ਦੇ ਚੇਲੇ ਗੋਰਖ, ਚਰਪਟ ਆਦਿ ਦੀ, ਫੇਰ ਆਪ ਨੂੰ ਉਸ ਵਿੱਚੋਂ ਰਾਗ, ਤਾਲ, ਸੁਰ ਤੇ ਲੈਅ ਦੇ ਨਾਲ ਹੀ ਪ੍ਰਾਕ੍ਰਿਤ ਅਥਵਾ ਅਪਭ੍ਰੰਸ਼ ਦੇ ਪਰਿਵਰਤਨਸ਼ੀਲ ਛੰਦ-ਪ੍ਰਬੰਧ ਦੀ ਵੀ ਪੂਰੀ-ਪੂਰੀ ਝਲਕ ਮਿਲੇਗੀ। ਰਾਗ, ਘਰ ਤੇ ਸ਼ਬਦ-ਸਲੋਕ ਵੀ ਲੱਗਭਗ ਉਸੇ ਵਜ਼ਨ ਦੇ, ਜਿਵੇਂ ਕਿ ਸੋਲ੍ਹਵੀਂ ਸਦੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਆਦਿ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਜਾਂ ਮਹਾਂਕਵੀ ਸੂਰਦਾਸ ਜੀ ਦੀ ਅਧਿਆਤਮਕ ਰਚਨਾ ਦੇ ਮਿਲਦੇ ਹਨ। ਸਬੂਤ ਵਜੋਂ ਸਿਰੀਰਾਗੁ, ਗਉੜੀ, ਧਨਾਸਰੀ, ਰਾਮਕਲੀ ਆਦਿ ਰਾਗਾਂ ਦੇ ਹਰ ਪ੍ਰਕਾਰ ਦੇ ਉਦਾਹਰਣ ਪੇਸ਼ ਕੀਤੇ ਜਾ ਸਕਦੇ ਹਨ। ਸਿੱਧਾਂ ਦੀ ਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਪਰਸਪਰ ਵਿਚਾਰਧਾਰਾ ਦਾ ਕਿਤਨਾ ਫ਼ਰਕ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਕਾਬਲਤਨ ਕਿਤਨੀ ਮਹਾਨ ਹੈ, ਇਹ ਇਕ ਵੱਖਰੀ ਆਲੋਚਨਾ ਦਾ ਵਿਸ਼ਾ ਹੈ ਜੋ ਇਸ ਮਜ਼ਮੂਨ ਨਾਲ ਏਨਾ ਸੰਬੰਧ ਨਹੀਂ ਰੱਖਦਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਵਿ-ਕਲਾ ਤੇ ਸੰਗੀਤ-ਕਲਾ ਨਾਮੀ ਦੋਵੇਂ ਕੋਮਲ ਹੁਨਰ ਆਪਣੀਆਂ ਸ਼ਾਖਾਂ-ਪ੍ਰਸ਼ਾਖਾਂ ਸਮੇਤ ਇੱਕੋ ਥਾਵੇਂ ਘੁਲ-ਮਿਲ ਕੇ ਇਕੱਤਰ ਹੋਏ ਮਿਲਦੇ ਹਨ। ਇਨ੍ਹਾਂ ਕੋਮਲ ਹੁਨਰਾਂ ਦੀ ਵੱਡੀ ਪਛਾਣ ਇਹੋ ਹੈ ਕਿ ਕਵਿਤਾ ਰਸਾਤਮਕ ਤੇ ਛੰਦਮਈ ਹੋਣ ਕਰਕੇ ਸ਼ਬਦ-ਰੂਪ ਹੁੰਦੀ ਹੈ ਤੇ ਸੰਗੀਤ ਰਾਗਾਤਮਕ ਹੋਣ ਕਰਕੇ ਧੁਨੀ-ਰੂਪ। ਕਾਵਿ ਕੀ ਹੈ, ਇਸ ਬਾਰੇ ‘ਸਾਹਿਤ ਦਰਪਣਕਾਰ’ ਦਾ ਕਥਨ ਹੈ:

रसात्मकं वाक्यं काव्यम्‌।

ਅਰਥਾਤ- ਰਸ ਰੂਪ ਵਾਕ ਹੀ ਕਾਵਿ ਹੈ।

ਅਤੇ ਸੰਗੀਤ ਰਤਨਾਕਰ ਦੇ ਕਥਨ ਅਨੁਸਾਰ ਸੰਗੀਤ ਉਹ ਕਲਾ ਹੈ ਜਿਸ ਵਿਚ ਗੀਤ (ਅਰਥਾਤ-ਰਸਾਤਮਕ ਵਾਕ ਰੂਪ ਕਵਿਤਾ), ਵਾਦ੍ਯ (ਸਾਜ਼-ਸਿਤਾਰ, ਤਾਊਸ ਆਦਿ) ਤੇ ਨ੍ਰਿਤ੍ਯ (ਨਾਚ) ਇਹ ਤਿੰਨੇ ਸ਼ਾਮਲ ਹੋਣ, ਜਿਵੇਂ ਕਿ ਉਕਤੀ ਹੈ:

गीत वाद्यं तथाा नृत्यं त्रयं संगीतमुच्यते।

ਜਗਤ-ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਵਿ ਤੇ ਸੰਗੀਤ ਦੇ ਇਨ੍ਹਾਂ ਕੋਮਲ ਹੁਨਰਾਂ ਨੂੰ ਚੰਗੀ ਤਰ੍ਹਾਂ ਸਮਝਿਆ ਤੇ ਬੁੱਝਿਆ ਹੋਇਆ ਸੀ ਜਿਸ ਕਰਕੇ ਇਸ ਸੰਬੰਧ ਵਿਚ ‘ਸਲੋਕ ਵਾਰਾਂ ਤੇ ਵਧੀਕ’ (ਮਹਲਾ 1) ਦੇ ਸਿਰਲੇਖ ਹੇਠ ਉਨ੍ਹਾਂ ਦਾ ਸਾਰ ਕਥਨ ਹੈ :

ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ॥
ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥
ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥ (ਪੰਨਾ 1411)

ਅਰਥਾਤ- ਅਜਿਹੇ ਅਨਪੜ੍ਹ ਲੋਕੀਂ ਅਸਲ ਵਿਚ ਗਧੇ ਹਨ, ਜੋ ਨਾ ਨਾਦ (ਸੁਰ ਤਾਲ), ਨਾ ਵੇਦ (ਗਿਆਨ) ਤੇ ਨਾ ਗੀਤਾਂ ਦੇ ਰਸ ਨੂੰ ਜਾਣਦੇ ਹਨ, ਅਤੇ ਨਾ ਏਨੀ ਬੁਧਿ ਤੇ ਅਕਲ ਹੀ ਉਨ੍ਹਾਂ ਦੇ ਦਿਮਾਗ ਵਿਚ ਹੈ ਜਿਸ ਕਰਕੇ ਅੱਖਰ ਦੇ ਭੇਦ ਅਥਵਾ ਵਿੱਦਿਆ ਨੂੰ ਹੀ ਸਮਝ ਸਕਦੇ ਹੋਣ ਤੇ ਫੇਰ ਵੀ ਗਰਬ ਤੇ ਹੰਕਾਰ ਦੇ ਲੱਦੇ ਹੋਏ ਫਿਰਦੇ ਹਨ।

ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਜਾਂ-ਨਸ਼ੀਨ ਸਿੱਖ ਗੁਰੂ ਸਾਹਿਬਾਨ ਨੇ ਕਾਵਿ ਤੇ ਸੰਗੀਤ ਦੇ ਇਸ ਕੋਮਲ ਹੁਨਰ ਨੂੰ ਆਪਣੀ ਬਾਣੀ ਵਿਚ ਕਿਸ ਖ਼ੂਬਸੂਰਤੀ ਨਾਲ ਛੋਹਿਆ ਹੈ, ਇਹ ਗੱਲ ਹੋਰ ਵੀ ਵਿਚਾਰ ਯੋਗ ਹੈ: ਬ੍ਰਿਜ ਭਾਸ਼ਾ ਜਾਂ ਹਿੰਦੀ-ਪੰਜਾਬੀ ਦੇ ਛੰਦ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਸਿੱਧੇ ਪ੍ਰਾਕ੍ਰਿਤ ਜਾਂ ਅਪਭ੍ਰੰਸ਼ ਭਾਸ਼ਾ ਤੋਂ ਲਏ ਗਏ ਹਨ, ਸੰਸਕ੍ਰਿਤ ਤੋਂ ਨਹੀਂ। ਇਹ ਇਸ ਕਾਰਨ ਕਿ ਸੰਸਕ੍ਰਿਤ (ਸੰਸਕਾਰੀ ਹੋਈ ਬੋਲੀ ਹੋਣ ਕਰਕੇ) ਵਿਆਕਰਨ ਦੀ ਇਕ ਅਜਿਹੀ ਕਿਲ੍ਹੇਬੰਦੀ ਵਿਚ ਘਿਰੀ ਹੋਈ ਹੈ, ਜਿੱਥੇ ਨਾ ਕੋਈ ਚੀਜ਼ ਕਿਸੇ ਤਰ੍ਹਾਂ ਅੰਦਰ ਜਾ ਸਕਦੀ ਹੈ ਤੇ ਨਾ ਅੰਦਰੋਂ ਬਾਹਰ ਆ ਸਕਦੀ ਹੈ। ਇਸੇ ਕਰਕੇ ਸੰਸਕ੍ਰਿਤ ਵਿਚ ਕਿਸੇ ਪਰਿਵਰਤਨ ਦੀ ਆਸ ਨਹੀਂ ਕੀਤੀ ਜਾ ਸਕਦੀ। ਪ੍ਰਾਕ੍ਰਿਤ ਤੇ ਅਪਭ੍ਰੰਸ਼ ਦੋਵੇਂ ਅਜਿਹੀਆਂ ਜਨਤਕ ਬੋਲੀਆਂ ਹਨ, ਜੋ ਸਮਾਂ ਪਾ ਕੇ ਹਮੇਸ਼ਾਂ ਬਦਲਦੀਆਂ ਰਹੀਆਂ ਹਨ। ਇਨ੍ਹਾਂ ਬੋਲੀਆਂ                ਦਾ ਪਿੰਗਲ ਵੀ ਇਸੇ ਕਾਰਨ ਪੰਜਾਬੀ ਨਾਲ ਲਹੂ ਤੇ ਮਾਸ ਦੀ ਬੜੀ ਗਹਿਰੀ ਸਾਂਝ ਰੱਖਦਾ ਹੈ। ਸੰਸਕ੍ਰਿਤ ਦੇ ਪਿੰਗਲ ਦੀ ਸਾਡੀ ਬੋਲੀ ਨਾਲ ਉਹ ਸਾਂਝ ਨਹੀਂ ਹੈ। ਪ੍ਰਮਾਣ ਵਜੋਂ ਸੰਸਕ੍ਰਿਤ ਦੇ ਗਾਯਤ੍ਰੀ, ਅਨੁਸ਼ਟੁਪ ਆਦਿ ਵਰਣਿਕ ਛੰਦ, ਪ੍ਰਾਕ੍ਰਿਤ ਤੇ ਅਪਭ੍ਰੰਸ਼ ਦੇ ਦੋਹੇ, ਸੋਰਠੇ, ਛਪੈ ਆਦਿ ਮਾਤ੍ਰਿਕ ਛੰਦਾਂ ਨਾਲ ਇਕ ਅਲੱਗ ਸ਼੍ਰੇਣੀ ਦੇ ਹੋਣ ਕਰਕੇ ਕਿਸੇ ਤਰ੍ਹਾਂ ਮੇਲ ਨਹੀਂ ਖਾਂਦੇ, ਜਿਸ ਕਰਕੇ ਓਪਰੇ ਹਨ। ਇਸ ਤੋਂ ਬਿਨਾਂ ਸੰਸਕ੍ਰਿਤ ਵਿਚ ਹਰੇਕ ਛੰਦ ਦੇ ਤੁਕਾਂਤ ਦਾ ਬੇ-ਮੇਲ, ਜਿਵੇਂ ਕਿ ਬਾਲਮੀਕੀ ਰਾਮਾਇਣ, ਮਹਾਂਭਾਰਤ ਆਦਿ ਗ੍ਰੰਥਾਂ ਵਿੱਚੋਂ ਸ਼ਲੋਕਾਂ ਦੇ ਪ੍ਰਮਾਣ ਮਿਲਦੇ ਹਨ, ਮੇਰੇ ਇਸ ਕਥਨ ਨੂੰ ਹੋਰ ਵੀ ਪੁਸ਼ਟ ਕਰਦੇ ਹਨ। ਪ੍ਰਾਕ੍ਰਿਤ ਤੇ ਅਪਭ੍ਰੰਸ਼ ਦੇ ਸ਼ਬਦ-ਸ਼ਲੋਕ ਹਿੰਦੀ ਤੇ ਪੰਜਾਬੀ ਦਾ ਜਾਮਾ ਪਹਿਨ ਕੇ ਇੱਕੋ ਜਿਹੀ ਦੱਖ ਦਿੰਦੇ ਹਨ। ਸ਼ੇਖ ਫ਼ਰੀਦ ਜੀ ਤੇ ਭਗਤ ਕਬੀਰ ਜੀ ਅਥਵਾ ਹੋਰ ਸੰਤਾਂ-ਭਗਤਾਂ ਦੀ ਬਾਣੀ, ਜੋ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ, ਇਸੇ ਪ੍ਰਕਾਰ ਦੇ ਸ਼ਬਦ-ਸ਼ਲੋਕਾਂ ਦਾ ਨਮੂਨਾ ਦੱਸਦੀ ਹੈ।

ਸੰਸਕ੍ਰਿਤ ਦੇ ਵੇਦਕ ਛੰਦ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਧੁਨੀ ਪ੍ਰਧਾਨ ਹੋਣ ’ਤੇ ਵੀ ਵਰਣਿਕ ਹੀ ਹੁੰਦੇ ਹਨ ਤੇ ਪ੍ਰਾਕ੍ਰਿਤ ਜਾਂ ਅਪਭ੍ਰੰਸ਼ ਦੇ ਛੰਦ ਨਿਰੇ ਮਾਤ੍ਰਿਕ। ਹਿੰਦੀ ਜਾਂ ਪੰਜਾਬੀ ਵਿਚ ਮਾਤ੍ਰਿਕ ਛੰਦਾਂ ਦਾ ਪ੍ਰਵਾਹ ਇਨ੍ਹਾਂ ਦੇ ਪ੍ਰਾਕ੍ਰਿਤ ਜਾਂ ਅਪਭ੍ਰੰਸ਼- ਮੂਲਕ ਹੋਣ ਕਰਕੇ ਹੀ ਚੱਲਿਆ ਹੈ ਜਿਸ ਕਰਕੇ ਹਿੰਦੀ-ਪੰਜਾਬੀ ਦਾ ਛੰਦ-ਸ਼ਾਸਤਰ ਪ੍ਰਾਕ੍ਰਿਤ ਜਾਂ ਅਪਭ੍ਰੰਸ਼-ਮੂਲਕ ਹੀ ਹੈ। ਸੋ ਇਸੇ ਕਾਰਨ ਹਿੰਦੀ-ਪੰਜਾਬੀ ਦੇ ਮਾਤ੍ਰਿਕ ਛੰਦ ਅਨੁਪ੍ਰਾਂਸ ਅਤੇ ਕਾਫ਼ੀਏ (ਤੁਕਾਂਤ) ਦੇ ਨੁਕਤਾ-ਨਿਗਾਹ ਤੋਂ ਤਿੰਨ ਕਿਸਮ ਦੇ ਹਨ: (1) ਸਮ, (2) ਵਿਖਮ ਤੇ (3) ਅਰਧ ਵਿਖਮ ਜਾਂ ਵਿਖਮ ਸਮ। ਜਿਨ੍ਹਾਂ ਛੰਦਾਂ ਵਿਚ ਚਾਰੇ ਚਰਣ ਇੱਕੋ ਤੋਲ ਜਾਂ ਰਹਾਉ ਦੇ ਹੋਣ, ਉਹ ਸਮ ਹੁੰਦੇ ਹਨ, ਜਿਵੇਂ ਸਵੈਯਾ, ਚੌਪਈ ਆਦਿ ਤੇ ਜਿਨ੍ਹਾਂ ਛੰਦਾਂ ਵਿਚ ਪਹਿਲਾ ਪਾਦ ਤੀਜੇ ਪਾਦ ਦੇ ਸਮਾਨ ਹੋਵੇ ਤੇ ਦੂਜਾ ਪਾਦ ਚੌਥੇ ਪਾਦ ਦੇ ਸਮਾਨ, ਜਿਵੇਂ- ਸੋਰਠਾ, ਦੋਹਰਾ, ਸਲੋਕ ਆਦਿ, ਉਹ ਅਰਧ ਸਮ ਜਾਂ ਵਿਖਮ ਛੰਦ ਕਹੇ ਜਾਂਦੇ ਹਨ। ਇਸੇ ਤਰ੍ਹਾਂ ਜੋ ਛੰਦ ਨਾ ਸਮ ਹੋਣ ਤੇ ਨਾ ਅਰਧ ਸਮ ਉਹ ਵਿਖਮ ਛੰਦਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਵਿਖਮ ਛੰਦਾਂ ਵਿਚ ਬਿਸ਼ਨ ਪਦੇ, ਛਪੈ ਆਦਿ ਚਾਰ ਤੋਂ ਵਧੀਕ ਚਰਣਾਂ ਦੇ ਛੰਦ ਹੁੰਦੇ ਹਨ। ਇਹ ਤਿੰਨਾਂ ਹੀ ਕਿਸਮਾਂ ਦੇ ਮਾਤ੍ਰਿਕ ਛੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਹੋਏ ਆਮ ਮਿਲਦੇ ਹਨ।

ਛੰਦਾਂ ਦੀ ਇਸ ਵਿਚਾਰ ਤੋਂ ਅਗਾਂਹ ਲੰਘ ਕੇ ਜੇ ਸਮੁੱਚੇ ਤੌਰ ’ਤੇ ਛੰਦਾਂ ਦੇ ਜਾਤੀ ਭੇਦ ਨੂੰ ਲਈਏ ਤਾਂ ਕੁੱਲ ਛੰਦ ਤਿੰਨ ਵਰਗਾਂ ਵਿਚ ਵੰਡੇ ਜਾ ਸਕਦੇ ਹਨ: (1) ਮਾਤ੍ਰਿਕ ਛੰਦ, (2) ਵਰਣਿਕ ਛੰਦ ਤੇ (3) ਗਣਿਕ ਛੰਦ। ਮਾਤ੍ਰਿਕ ਛੰਦਾਂ ਵਿਚ ਪ੍ਰਤੀ ਚਰਣ ਮਾਤਰਾਂ ਦੀ ਗਿਣਤੀ ਪ੍ਰਧਾਨ ਹੁੰਦੀ ਹੈ ਤੇ ਵਰਣਿਕ ਛੰਦਾਂ ਵਿਚ ਵਰਣਾਂ ਜਾਂ ਅੱਖਰਾਂ ਦੀ। ਇਸੇ ਤਰ੍ਹਾਂ ਗਣਿਕ ਛੰਦ, ਜੋ ਆਮ ਵਰਤੋਂ ਵਿਚ ਨਾ ਆਉਣ ਕਰਕੇ ਕੁਝ ਓਪਰੇ ਹੁੰਦੇ ਜਾ ਰਹੇ ਹਨ, ਗਣਾਂ (ਮਗਣ, ਸਸਸ, ਭਗਣ ਸ ਿਆਦਿ) ਦੇ ਹਿਸਾਬ ਨਾਲ ਚੱਲਦੇ ਹਨ। ਪੰਜਾਬੀ ਵਿਚ ਮਾਤ੍ਰਿਕ ਛੰਦਾਂ ਦਾ ਮੁੱਢ ਤੋਂ ਹੀ ਬਹੁਤਾ ਪ੍ਰਚਾਰ ਰਿਹਾ ਹੈ ਜਿਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਚਾਲ੍ਹੀ ਤੋਂ ਉੱਪਰ ਵੱਖੋ-ਵੱਖ ਕਿਸਮ ਦੇ ਮਾਤ੍ਰਿਕ ਛੰਦ ਵਰਤੇ ਹੋਏ, ਖੋਜ ਕਰਨ ’ਤੇ ਮਿਲਦੇ ਹਨ, ਜਿਵੇਂ ਛਵਿ, ਉਮਾਹਾ, ਉਪਮਾਨ, ਅਸ਼ਟਪਦੀ, ਅਤਿ-ਗੀਤਾ, ਗੀਤਾ, ਅਮ੍ਰਿਤਘਟ, ਦੋਹਰਾ, ਸੋਰਠਾ, ਸਟਪਟਾ, ਸਵੈਯਾ, ਸੁਖਦਾ, ਸੁਕਾਵਯ, ਸ਼ੰਕਰ, ਹਰਿਗੀਤਾ, ਹਾਕਲ, ਹੰਸਗਤਿ, ਕਲਸ, ਕਾਫੀ, ਘਨਕਲਾ, ਚਿਤ੍ਰਕਲਾ, ਚਉਬੋਲਾ, ਛਪੈ, ਝੂਲਣਾ, ਡੱਖਣਾ, ਤਾਟੰਕ, ਤੋਮਰ, ਦੁਵੈਯਾ, ਦੰਡਕਲਾ, ਨਿਸ਼ਾਨੀ, ਪਉੜੀ, ਪਦਾ, ਬਿਸ਼ਨ ਪਦਾ, ਪੰਚਾਨਨ, ਪੰਚਬਦਨਾ, ਪ੍ਰਮਾਣਿਕਾ, ਪੁਨਹਾ, ਰੱਡ, ਰਾਧਿਕਾ, ਰੂਆਮਲ, ਰੋਲਾ ਆਦਿ। ਵਰਣਿਕ ਛੰਦਾਂ ਵਿਚ ਕਬਿੱਤ ਜਾਂ ਮਨਹਰ ਸਵੈਯੇ ਆਦਿ ਦੇ ਨਮੂਨੇ ਵੀ ਭੱਟ ਸਾਹਿਬਾਨ ਦੇ ਸਵੈਯਾਂ ਵਿੱਚੋਂ ਮਿਲਦੇ ਹਨ। ਇਸੇ ਤਰ੍ਹਾਂ ਗਣਿਕ ਛੰਦ ਵੀ ਬਹੁਤੇ ਭੱਟ ਸਾਹਿਬਾਨ ਨੇ ਹੀ ਆਪਣੀ ਬਾਣੀ ਵਿਚ ਕਈ ਥਾਵੇਂ ਵਰਤੇ ਹਨ, ਜਿਨ੍ਹਾਂ ਦੇ ਉਦਾਹਰਣ ਅੱਗੇ ਚੱਲ ਕੇ ਦਿੱਤੇ ਜਾਣਗੇ।

ਸਿੱਖ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਦੀ ਪਾਵਨ ਬਾਣੀ ਵਿਚ ਚੂੰਕਿ ਬਹੁਤੇ ਮਾਤ੍ਰਿਕ ਛੰਦ ਹੀ ਪ੍ਰਧਾਨ ਹਨ ਤੇ ਪੰਜਾਬੀ ਸਾਹਿਤ ਵਿਚ ਵੀ ਇਨ੍ਹਾਂ ਮਾਤ੍ਰਿਕ ਛੰਦਾਂ ਦਾ ਹੀ ਪੁਰਾਤਨ ਸਮੇਂ ਤੋਂ ਰਿਵਾਜ ਹੈ, ਸੋ ਇਸ ਲਈ ਇਥੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਮਾਤ੍ਰਿਕ ਛੰਦਾਂ ਬਾਰੇ ਹੀ ਵਿਚਾਰ ਕੀਤੀ ਜਾਂਦੀ ਹੈ।
 
ਮਾਤ੍ਰਿਕ ਛੰਦ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਵੱਖੋ-ਵੱਖ ਕਿਸਮਾਂ ਦੇ ਹਨ ਤੇ ਉਹ ਵੀ 10 ਮਾਤਰਾਂ ਤੋਂ ਲੈ ਕੇ 63 ਮਾਤਰਾਂ ਤਕ ਗਿਣਤੀ ਰੱਖਣ ਵਾਲੇ ਛੰਦ, ਜਿਨ੍ਹਾਂ ਵਿੱਚੋਂ ਪਹਿਲੀ ਕਿਸਮ ਦੇ ਤਿੰਨ ਛੰਦ-ਸ਼ਲੋਕ, ਦੋਹਾ ਤੇ ਸੋਰਠਾ ਦੋ-ਦੋ ਚਰਣਾਂ ਦੇ ਹਨ ਤੇ ਬਾਕੀ ਦੂਜੀ ਕਿਸਮ ਦੇ ਚੌਪਈ, ਉਗਾਹਾ, ਉਪਮਾਨ, ਸਵੈਯਾ ਆਦਿ ਚਾਰ-ਚਾਰ ਚਰਣਾਂ ਦੇ। ਇਸ ਤੋਂ ਅੱਗੇ ਚੱਲ ਕੇ ਕਈ ਛੰਦ ਪੰਜ-ਪੰਜ ਚਰਣਾਂ ਤੋਂ ਲੈ ਕੇ 10- 10 ਚਰਣਾਂ ਦੇ ਵੀ ਹਨ, ਜਿਵੇਂ ਪਉੜੀ, ਕਲਸ, ਛਪੈ, ਰਡ ਆਦਿ। ਇਥੇ ਅਸੀਂ ਪਹਿਲਾਂ ਦੋ-ਦੋ ਚਰਣਾਂ ਦੇ ਛੰਦ ਹੀ ਦੇਖਣੇ ਹਨ।

ਇਨ੍ਹਾਂ ਛੰਦਾਂ ਵਿੱਚੋਂ ਦੋਹਰਾ ਅਥਵਾ ਸਲੋਕ ਜਾਂ ਸੋਰਠਾ ਵਧੇਰੇ ਮਸ਼ਹੂਰ ਹਨ। ਬਾਈ ਵਾਰਾਂ, ਸਲੋਕ ਵਾਰਾਂ ਤੇ ਵਧੀਕ, ਭਗਤ ਕਬੀਰ ਜੀ, ਸ਼ੇਖ ਫ਼ਰੀਦ ਜੀ ਤੇ ਮਹਲਾ 9 ਦੇ ਸਲੋਕਾਂ ਵਿੱਚੋਂ ਦੋਹਰੇ ਤੇ ਸੋਰਠੇ ਦੇ ਅਨੇਕਾਂ ਉਦਾਹਰਣ ਮਿਲਦੇ ਹਨ, ਜਿਵੇਂ:

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥ (ਪੰਨਾ 140)

ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ॥
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ॥ (ਪੰਨਾ 1426)

ਫਰੀਦਾ ਜਿਨੀ੍ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥ (ਪੰਨਾ 1381)

ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ॥
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ॥ (ਪੰਨਾ 1429)

ਇਥੇ ਇਨ੍ਹਾਂ ਸਲੋਕਾਂ (ਦੋਹਰਿਆਂ) ਦੇ ਦੋਹਾਂ ਚਰਣਾਂ ਵਿਚ ਪਹਿਲਾ ਵਿਸਰਾਮ 13 ਮਾਤਰਾਂ ਪਰ ਹੈ ਤੇ ਦੂਜਾ ਵਿਸਰਾਮ 11 ਮਾਤਰਾਂ ਪਰ ਅਤੇ ਅੰਤ ਗੁਰੁ ਲਘੁ (si) ਰੱਖਿਆ ਹੈ। ਭਗਤ ਕਬੀਰ ਜੀ ਤੇ ਸ਼ੇਖ ਫ਼ਰੀਦ ਜੀ ਦੇ ਸਲੋਕਾਂ ਵਿੱਚੋਂ ਹੋਰ ਵੀ ਇਸ ਕਿਸਮ ਦੇ ਅਨੇਕਾਂ ਉਦਾਹਰਣ ਮਿਲਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਦੇ ਕਥਨ ਅਨੁਸਾਰ, ‘ਗੁਰਬਾਣੀ ਵਿਚ ਗੁਰੂ ਜੀ ਨੇ ਪੰਜ ਕਿਸਮ ਦੇ ਦੋਹਰੇ ਵਰਤੇ ਹਨ ਜਿਨ੍ਹਾਂ ਦੇ ਨਾਂ ਹਨ : ਚਲ (ਬਲ), ਚਾਰਣੀ (ਪਯੋਧਰ), ਨਰ, ਸ਼੍ਯੇਨ ਤੇ ਮੰਡੂਕ (ਦੋਹਰਾ)।’ (ਸਬੂਤ ਲਈ ਦੇਖੋ, ਉਨ੍ਹਾਂ ਦੀ ਪੁਸਤਕ ‘ਗੁਰੁ ਛੰਦ ਦਿਵਾਕਰ’, 1924 ਈ., ਸਫ਼ੇ 215-17) ਪੰਡਿਤ ਰਘੁਨੰਦਨ ਸ਼ਾਸਤ੍ਰੀ ਦੇ ਕਥਨ ਅਨੁਸਾਰ, ‘ਦੋਹਰਾ ਵੇਦਾਂ ਦੇ ਛੰਤ ਗਾਇਤ੍ਰੀ ਤੋਂ ਵਿਗਸ ਕੇ ਅਨੁਸ਼ਟੁਪ ਤੇ ਅਨੁਸ਼ਟੁਪ ਤੋਂ ਪ੍ਰਾਕ੍ਰਿਤ ਜਾਂ ਅਪਭ੍ਰੰਸ਼ ਦਾ ਮਾਤ੍ਰਿਕ ਛੰਦ ਗਾਥਾ, ਫੇਰ ਗਾਥਾ ਤੋਂ ਆਰਯ ਤੇ ਆਰਯਾ ਤੋਂ ਹਿੰਦੀ ਵਿਚ ਪਹੁੰਚ ਕੇ ਦੋਹਾ (ਦੋਹਰਾ) ਬਣ ਗਿਆ।’ (ਦੇਖੋ, ਹਿੰਦੀ ਛੰਦ ਪ੍ਰਕਾਸ਼, 1952, ਸਫ਼ਾ 9) ਪਰ ਇਹ ਪਰਿਵਰਤਨ ਕਿਉਂ ਤੇ ਕਿਵੇਂ ਹੋਇਆ ਜਦ ਕਿ ਵੇਦਕ ਮੰਤਰ ਵਰਣਿਕ ਹਨ ਅਤੇ ਵਰਣਿਕ ਮੰਤਰਾਂ ਜਾਂ ਸ਼ਲੋਕਾਂ ਦੇ ਵਜ਼ਨ ਮਾਤ੍ਰਿਕ ਦੋਹਰੇ ਦੇ ਅਨੁਪ੍ਰਾਂਸ, ਤੁਕਾਂਤ ਜਾਂ ਕਾਫ਼ੀਏ ਨਾਲ ਉੱਕਾ ਹੀ ਮੇਲ ਨਹੀਂ ਖਾਂਦੇ। ਵੈਸੇ ਗਾਇਤ੍ਰੀ ਛੰਦ ਵਰਣਿਕ ਤੇ ਦੋਹਰਾ ਮਾਤ੍ਰਿਕ ਹੋਣ ਕਰਕੇ ਇਨ੍ਹਾਂ ਵਿੱਚੋਂ ਇਕ ਦੂਜੇ ਦੇ ਵਿਕਾਸ ਜਾਂ ਰੂਪ-ਪਰਿਵਰਤਨ ਦੀ ਕਦੇ ਆਸ ਵੀ ਨਹੀਂ ਕੀਤੀ ਜਾ ਸਕਦੀ।

ਦੋਹਰਾ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਜੇ ਉਲਟਾ ਕਰ ਦਿੱਤਾ ਜਾਵੇ ਤਾਂ ਉਹ ਸੋਰਠਾ ਛੰਦ ਬਣ ਜਾਂਦਾ ਹੈ:

ਦੋਹਾ ਉਲਟਾ ਜਾਨ,
ਔਰ ਬਾਤ ਦੂਜੀ ਨਹੀਂ।
ਪਿੰਗਲ ਕਹਿਓ ਵਖਾਨ,
ਛੰਦ ਸੋਰਠਾ ਹੋਤ ਹੈ॥ (ਰੂਪ ਦੀਪ)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸੋਰਠੇ ਦਾ ਸਭ ਤੋਂ ਪਹਿਲਾ ਉਦਾਹਰਣ ਜਪੁ ਜੀ ਸਾਹਿਬ ਵਿੱਚੋਂ ਮਿਲਦਾ ਹੈ, ਜਿਵੇਂ ਕਿ ਕਥਨ ਹੈ:

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ॥
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥ (ਪੰਨਾ 5)

ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ (ਨੌਵੇਂ ਪਾਤਸ਼ਾਹ) ਦਾ ਸਲੋਕ:

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥
ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ॥ (ਪੰਨਾ 1428)

ਅਥਵਾ ਸ਼ੇਖ ਫਰੀਦ ਜੀ ਦੇ ਸਲੋਕਾਂ ਵਿੱਚੋਂ ਇਹ ਵਾਕ:

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥ (ਪੰਨਾ 1384)

ਸੋਰਠਾ ਛੰਦ ਦੇ ਹੀ ਅਤਿ ਸੁਹਣੇ ਉਦਾਹਰਣ ਹਨ।

ਹੁਣ ਅੱਗੇ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਤਿੰਨ ਜਾਂ ਚਾਰ ਚਰਣਾਂ ਅਥਵਾ ਤੁਕਾਂ ਦੇ ਛੰਦ ਤੇ ਉਨ੍ਹਾਂ ਦੇ ਕ੍ਰਮ ਅਨੁਸਾਰ ਵੇਰਵੇ। ਚਾਰ ਚਰਣਾਂ ਦੇ ਛੋਟੇ ਛੰਦਾਂ ਵਿੱਚੋਂ ਇਕ ਛੰਦ ਹੈ ਛਵਿ, ਜੋ 10 ਮਾਤਰਾਂ ਦਾ ਹੁੰਦਾ ਹੈ। ਇਸ ਵਿਚ ਪ੍ਰਤੀ ਚਰਣ 10 ਮਾਤਰਾਂ ਤੇ ਤਿੰਨ ਚਰਣਾਂ ਤੋਂ ਬਿਨਾਂ ਹੋਰ ਕੋਈ ਪਾਬੰਦੀ ਸਿਵਾਇ ਇਸ ਨਿਯਮ ਦੇ ਨਹੀਂ ਕਿ ਅੰਤ ਇਕ ਯਗਣ (iss), ਜਾਂ ਦੋ ਗੁਰੁ (ss) ਹੁੰਦੇ ਹਨ, ਜਿਵੇਂ:

ਸਗਲ ਬਟਰੀਆ॥
ਬਿਰਖ ਇਕ ਤਰੀਆ॥
ਬਹੁ ਬੰਧਹਿ ਪਰੀਆ॥ (ਪੰਨਾ 537)

ਫਿਰ ਇਸੇ ਤਰ੍ਹਾਂ ਇਸ ਤੋਂ ਅੱਗੇ 14 ਮਾਤਰਾਂ ਤੋਂ ਲੈ ਕੇ 63 ਮਾਤਰਾਂ ਤਕ ਵੱਖੋ- ਵੱਖ ਕਿਸਮ ਦੇ ਮਾਤ੍ਰਿਕ ਛੰਦਾਂ ਦੇ ਕੁਝ ਚੋਣਵੇਂ ਉਦਾਹਰਣ ਉਨ੍ਹਾਂ ਦੇ ਲੱਛਣਾਂ ਸਹਿਤ ਕ੍ਰਮ ਅਨੁਸਾਰ ਇਸ ਤਰ੍ਹਾਂ ਹਨ:

(ੳ) ਹਾਕਲ ਛੰਦ– ਲੱਛਣ : ਚਾਰ ਚਰਣ; ਪ੍ਰਤੀ ਚਰਣ 14 ਮਾਤਰਾਂ, 9-5 ਪਰ ਵਿਸਰਾਮ; ਅੰਤ ਦੋ ਗੁਰੁ (ss); ਉਦਾਹਰਣ :

ਪੜਿ ਪੁਸਤਕ ਸੰਧਿਆ ਬਾਦੰ॥
ਸਿਲ ਪੂਜਸਿ ਬਗੁਲ ਸਮਾਧੰ॥
ਮੁਖਿ ਝੂਠ ਬਿਭੂਖਣ ਸਾਰੰ॥
ਤ੍ਰੈਪਾਲ ਤਿਹਾਲ ਬਿਚਾਰੰ॥ (ਪੰਨਾ 470)

(ਅ) ਹੰਸੁਗਤਿ ਛੰਦ – ਲੱਛਣ : ਤਿੰਨ ਚਰਣ; ਪ੍ਰਤੀ ਚਰਣ 20 ਮਾਤਰਾਂ; 11- 19 ਪਰ ਵਿਸਰਾਮ; ਅੰਤ ਰਗਣ (ssi); ਉਦਾਹਰਣ :

ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ॥
ਮੰਨੇ ਨਾਉ ਬਿਸੰਖ ਦਰਗਹ ਪਾਵਣਾ॥
ਖਾਲਕ ਕਉ ਆਦੇਸੁ ਢਾਢੀ ਗਾਵਣਾ॥
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ॥ (ਪੰਨਾ 148)

(ੲ) ਸੁਖਦਾ ਛੰਦ – ਲੱਛਣ : ਚਾਰ ਚਰਣ, ਪ੍ਰਤੀ ਚਰਣ 22 ਮਾਤਰਾਂ, 12- 10 ਪਰ ਵਿਸਰਾਮ; ਅੰਤ ਇਕ ਗੁਰੂ (ਸ); ਉਦਾਹਰਣ:

ਉਤੰਗੀ ਪੈਓਹਰੀ ਗਹਿਰੀ ਗੰਭੀਰੀ॥
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ॥
ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ॥
ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ॥ (ਪੰਨਾ 1410)

(ਸ) ਸੁਕਾਵਯ– ਲੱਛਣ : ਚਾਰ ਚਰਣ, ਪ੍ਰਤੀ ਚਰਣ 24 ਮਾਤਰਾਂ, 13-11 ਪਰ ਵਿਸਰਾਮ; ਅੰਤ ਗੁਰੁ ਲਘੁ (si); ਉਦਾਹਰਣ :

ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ॥
ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ॥…
ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ॥
ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ॥ (ਪੰਨਾ 1014)

(ਹ) ਰੂਪ ਮਾਲਾ ਛੰਦ – ਲੱਛਣ : ਚਾਰ ਚਰਣ; ਪ੍ਰਤੀ ਚਰਣ 24 ਮਾਤਰਾਂ ਪਹਿਲਾ ਵਿਸਰਾਮ 14 ਮਾਤਰਾਂ ਪਰ ਤੇ ਦੂਜਾ ਵਿਸਰਾਮ 10 ਮਾਤਰਾਂ ਪਰ; ਅੰਤ ਗੁਰੁ ਲਘੁ (si); ਉਦਾਹਰਣ :

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍‍ਣਹਾਰੁ॥
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ॥
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ॥
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ॥ (ਪੰਨਾ 468)

(ਕ) ਸ਼ੰਕਰ ਛੰਦ– ਲੱਛਣ : ਚਾਰ ਚਰਣ; ਪ੍ਰਤੀ ਚਰਣ 26 ਮਾਤਰਾਂ; 16-10 ਪਰ ਵਿਸਰਾਮ; ਅੰਤ ਗੁਰੁ ਲਘੁ ((si); ਉਦਾਹਰਣ :

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ॥1॥
ਮਾਧੋ ਅਬਿਦਿਆ ਹਿਤ ਕੀਨ॥
ਬਿਬੇਕ ਦੀਪ ਮਲੀਨ॥1॥ ਰਹਾਉ॥
ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ॥
ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ॥2॥ (ਪੰਨਾ 486)

(ਖ) ਉਗਾਹਾ ਛੰਦ – ਲੱਛਣ : ਪ੍ਰਤੀ ਚਰਣ 26 ਮਾਤਰਾਂ; 15-11 ਪਰ ਵਿਸਰਾਮ; ਅੰਤ ਗੁਰੁ ਲਘੁ (si); ਉਦਾਹਰਣ :

ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ॥
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ॥ (ਪੰਨਾ 301)

(ਗ) ਸਾਰ ਛੰਦ – ਲੱਛਣ: ਚਾਰ ਚਰਣ; ਪ੍ਰਤੀ ਚਰਣ 28 ਮਾਤਰਾਂ; 16-12 ਪਰ ਵਿਸਰਾਮ; ਅੰਤ ਦੋ ਗੁਰੁ (ss); ਉਦਾਹਰਣ:

ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਨ ਦੂਜਾ ਭਾਈ॥
ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ॥…
ਜਿਸਹਿ ਬੁਝਾਏ ਸੋਈ ਬੂਝੈ ਬਿਨੁ ਬੂਝੇ ਕਿਉ ਰਹੀਐ॥
ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ॥ (ਪੰਨਾ 334)

ਸਾਰ ਛੰਦ ਵਾਂਙ ਹੀ ਦੁਵੈਯਾ ਤੇ ਲਲਿਤ ਪਦ ਵੀ ਪ੍ਰਤੀ ਚਰਣ 28 ਮਾਤਰਾਂ ਦੇ ਹੁੰਦੇ ਹਨ, ਪਰ ਦੁਵੈਯੇ ਦੇ ਅੰਤ ਵਿਚ ਇਕ ਗੁਰੁ (ਸ) ਹੋਣ ਕਰਕੇ ਇਹ ਛੰਦ ਕਿਸੇ ਹੋਰ ਛੰਦ ਦੇ ਮੇਲ ਤੋਂ ਸੁਤੰਤਰ ਰਹਿੰਦਾ ਹੈ, ਪਰ ਲਲਿਤ ਪਦ ਦੇ ਅੰਤ ਦੋ ਗੁਰੁ ਹੋਣ ਕਰਕੇ ਉਹ ਦੁਵੈਯੇ ਦਾ ਅੰਗ ਹੀ ਬਣ ਜਾਂਦਾ ਹੈ।

(ਘ) ਮਾਤ੍ਰਿਕ ਸਵੈਯਾ– ਲੱਛਣ : ਚਾਰ ਚਰਣ; ਪ੍ਰਤੀ ਚਰਣ 31 ਮਾਤਰਾਂ (24 ਅੱਖਰ); 16-15 ਪਰ ਵਿਸਰਾਮ; ਅੰਤ ਗੁਰੁ ਲਘੁ (si); ਉਦਾਹਰਣ:

ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ॥
ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ॥… (ਪੰਨਾ 489)

ਸਵੈਯੇ ਦਾ ਦੂਜਾ ਰੂਪ 32 ਮਾਤਰਾਂ ਦਾ ਦੇਖਣ ਵਿਚ ਆਉਂਦਾ ਹੈ ਜਿਸ ਦੇ ਅੰਤ ਦੋ ਗੁਰੁ (ss) ਹੁੰਦੇ ਹਨ, ਜਿਵੇਂ :-

ਅੰਮ੍ਰਿਤੁ ਨਾਮੁ ਤੁਮਾ੍ਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ॥
ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ॥…
ਤੁਮ੍‍ਰੀ ਕ੍ਰਿਪਾ ਤੇ ਭਇਓ ਸਾਧਸੰਗੁ ਏਹੁ ਕਾਜੁ ਤੁਮ੍‍ ਆਪਿ ਕੀਓ॥
ਦਿੜੁ ਕਰਿ ਚਰਣ ਗਹੇ ਪ੍ਰਭ ਤੁਮ੍‍ਰੇ ਸਹਜੇ ਬਿਖਿਆ ਭਈ ਖੀਓ॥ (ਪੰਨਾ 382)

ਤੇ ਸਾਧੂ ਹਰਿ ਮੇਲਹੁ ਸੁਆਮੀ ਜਿਨ ਜਪਿਆ ਗਤਿ ਹੋਇ ਹਮਾਰੀ॥
ਤਿਨ ਕਾ ਦਰਸੁ ਦੇਖਿ ਮਨੁ ਬਿਗਸੈ ਖਿਨੁ ਖਿਨੁ ਤਿਨ ਕਉ ਹਉ ਬਲਿਹਾਰੀ॥…
ਤਿਨ ਮਤਿ ਊਤਮ ਤਿਨ ਪਤਿ ਊਤਮ ਜਿਨ ਹਿਰਦੈ ਵਸਿਆ ਬਨਵਾਰੀ॥
ਤਿਨ ਕੀ ਸੇਵਾ ਲਾਇ ਹਰਿ ਸੁਆਮੀ ਤਿਨ ਸਿਮਰਤ ਗਤਿ ਹੋਇ ਹਮਾਰੀ॥ (ਪੰਨਾ 1135)

ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਖੋਜ ਕਰਨ ’ਤੇ ਸਵੈਯੇ ਦੇ ਬਾਣ, ਬੀਰ, ਦੰਡ ਕਾਲ ਆਦਿ ਕਈ ਹੋਰ ਭੇਦ ਵੀ ਨਿਕਲ ਆਉਂਦੇ ਹਨ।

ਇਹ ਹਨ ਤਿੰਨ ਜਾਂ ਚਾਰ ਚਰਣਾਂ ਦੇ ਛੋਟੇ-ਵੱਡੇ ਛੰਦਾਂ ਦੇ ਨਾਂ, ਲੱਛਣ ਤੇ ਉਦਾਹਰਣ। ਹੁਣ ਅਸੀਂ ਇਥੋਂ ਅੱਗੇ ਪੰਜ ਚਰਣਾਂ ਤੋਂ ਲੈ ਕੇ ਦਸ ਚਰਣਾਂ ਤਕ ਅਤਿ ਵੱਡੇ ਜਾਂ ਲੰਮੇਰੇ ਛੰਦਾਂ ਦੇ ਕੁਝ ਵੇਰਵੇ ਦੇਣੇ ਜ਼ਰੂਰੀ ਸਮਝਦੇ ਹਾਂ ਤਾਂ ਕਿ ਗੁਰਬਾਣੀ ਵਿਚ ਆਏ ਛੰਦਾਂ ਦੀ ਖੋਜ ਬਾਰੇ ਪੰਜਾਬੀ ਪ੍ਰੇਮੀਆਂ ਦੀ ਦਿਲਚਸਪੀ ਹੋਰ ਵੀ ਅੱਗੇ ਵਧੇ। ਗੁਰਬਾਣੀ ਵਿਚ ਆਏ ਕੁਝ ਕੁ ਅਜਿਹੇ ਵੱਡੇ ਜਾਂ ਲੰਮੇਰੇ ਛੰਦ ਕ੍ਰਮ ਅਨੁਸਾਰ ਇਹ ਹਨ: (1) ਕਲਸ, (2) ਛਪੈ, (3) ਰਡ, (4) ਝੂਲਨਾ, (5) ਪਉੜੀ ਤੇ (6) ਪਦਾ (ਬਿਸ਼ਨ ਪਦਾ)। ਇਨ੍ਹਾਂ ਵਿੱਚੋਂ ਪਹਿਲੇ ਦੋਵੇਂ ਛੰਦ ਕਲਸ ਤੇ ਛਪੈ ਸੰਯੁਕਤ (ਜੁੜਵੇਂ) ਜਾਂ ਦੂਹਰੇ ਛੰਦ ਹਨ ਤੇ ਬਾਕੀ ਚਾਰੇ ਛੰਦ ਪਉੜੀ, ਝੂਲਨਾ ਪਦਾ ਤੇ ਰੱਡ ਇਕਹਿਰੇ। ਭਾਵ ਇਸ ਕਥਨ ਦਾ, ਜਿਵੇਂ ਕਿ ਅੱਗੇ ਪ੍ਰਮਾਣ ਦਿੱਤੇ ਜਾਂਦੇ ਹਨ, ਯਥਾ ਕ੍ਰਮ ਇਸ ਪ੍ਰਕਾਰ ਹੈ:

(1) ਕਲਸ ਛੰਦ – ਉੱਲਾਸ, ਹੁਲਾਸ, ਚੌਪਈ, ਸਵੈਯੇ ਜਾਂ ਪਾਦਾਕੁਲਕ ਨਾਂ ਦੇ ਦੋ-ਦੋ ਛੰਦਾਂ ਦਾ ਸੰਯੁਕਤ ਰੂਪ। ‘ਦਸਮ ਗ੍ਰੰਥ’ ਵਿਚ ਇਹ ਛੰਦ ਚੌਪਈ ਤੇ ਤ੍ਰਿਭੰਗੀ ਦੇ ਮੇਲ ਤੋਂ ਬਣਿਆ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚੌਪਈ ਤੇ ਸਵੈਯੇ ਤੋਂ ਬਣੇ ਕਲਸ ਛੰਦ ਦਾ ਪ੍ਰਮਾਣ ਮਿਲਦਾ ਹੈ। ਲੱਛਣ- ਅੱਠ ਚਰਣ; ਪਹਿਲੇ ਚਾਰ ਚਰਣ ਚੌਪਈ ਦੇ ਤੇ  ਬਾਕੀ ਪਿਛਲੇ ਚਾਰ ਚਰਣ ਸਵੈਯੇ  ਦੇ, ਜਿਵੇਂ ਕਿ ਉਦਾਹਰਣ ਹੈ:

ਸਤਿਗੁਰੁ ਸੇਵਿ ਪਰਮ ਪਦੁ ਪਾਯਉ॥
ਅਬਿਨਾਸੀ ਅਬਿਗਤੁ ਧਿਆਯਉ॥
ਤਿਸੁ ਭੇਟੇ ਦਾਰਿਦ੍ਰੁ ਨ ਚੰਪੈ॥
ਕਲ੍ਹ ਸਹਾਰੁ ਤਾਸੁ ਗੁਣ ਜੰਪੈ॥
ਜੰਪਉ ਗੁਣ ਬਿਮਲ ਸੁਜਨ ਜਨ ਕੇਰੇ ਅਮਿਅ ਨਾਮੁ ਜਾ ਕਉ ਫੁਰਿਆ॥
ਇਨਿ ਸਤਗੁਰੁ ਸੇਵਿ ਸਬਦ ਰਸੁ ਪਾਯਾ ਨਾਮੁ ਨਿਰੰਜਨ ਉਰਿ ਧਰਿਆ॥
ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ॥
ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥ (ਪੰਨਾ 1396)

(2) ਛਪੈ ਛੰਦ : (ਰੋਲਾ ਤੇ ਉੱਲਾਲ ਛੰਦ ਦਾ ਰਲ ਗੱਡ) ਲੱਛਣ- ਛੇ ਚਰਣ; ਪਹਿਲੀਆਂ ਚਾਰ ਤੁਕਾਂ ਰੋਲੇ ਛੰਦ ਦੀਆਂ ਤੇ ਬਾਕੀ ਅੰਤਲੀਆਂ ਦੋ ਤੁਕਾਂ ਉੱਲਾਲ ਦੀਆਂ। ਛੇ ਚਰਣਾਂ ਜਾਂ ਪੈਰਾਂ ਵਾਲਾ ਛੰਦ ਹੋਣ ਕਰਕੇ ਹੀ ਇਸ ਦੀ ਛਪੈ (ਛਪਯ) ਛੰਦ ਸੰਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਕਥਨ ਅਨੁਸਾਰ, ‘ਪੰਜ ਕਿਸਮ ਦੇ ਛਪਯ ਛੰਦ ਮਿਲਦੇ ਹਨ, ਜਿਵੇਂ:- (1) ਮਲਯ ਛਪੈ (ਜਿਸ ਵਿਚ 25 ਗੁਰੁ ਤੇ 102 ਲਘੁ ਹੋਣ), (2) ਕਰਤਲ ਛਪੈ (ਜਿਸ ਵਿਚ 28 ਗੁਰੁ ਤੇ 96 ਲਘੁ ਹੋਣ), (3) ਸਾਰਸ ਛਪੈ (ਜਿਸ ਵਿਚ 34 ਗੁਰੁ ਤੇ 84 ਲਘੁ ਹੋਣ), (4) ਬਾਰਣ ਛਪੈ (ਜਿਸ ਵਿਚ 41 ਗੁਰੁ ਤੇ 70 ਲਘੁ ਹੋਣ), ਅਤੇ (5) ਰੋਲ ਹੰਸਾ ਛਪੈ (ਜਿਸ ਵਿਚ ਕੁੱਲ 144 ਮਾਤਰਾਂ ਹੋਣ ਤੇ ਅੰਤ ਵਿਚ ਉੱਲਾਲ ਦੀ ਥਾਵੇਂ ਦੋਹਰਾ ਛੰਦ ਹੋਵੇ)।’ ਇਨ੍ਹਾਂ ਵਿੱਚੋਂ ਮੈਂ ਏਥੇ ਦੋ ਛਪਯਾਂ ਦੇ ਉਦਾਹਰਣ ਦੇਣੇ ਉਚਿਤ ਸਮਝਦਾ ਹਾਂ, ਜੋ ਕ੍ਰਮ ਅਨੁਸਾਰ ਇਸ ਪ੍ਰਕਾਰ ਹਨ:

(ੳ) ਸਾਰਸ ਛਪੈ – (34  ਗੁਰੁ ਤੇ 84  ਲਘੁ):

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ॥
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥
ਸੁਖਦੇਉ ਪਰੀਖ੍ਹਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ॥
ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ॥  (ਪੰਨਾ 1390)

(ਅ) ਰੋਲ ਹੰਸਾ ਛਪੈ – (ਕੁਲ ਮਾਤਰਾਂ 144, ਅੰਤ ਦੋਹਰਾ):

ਅਮਿਅ ਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ॥
ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ॥
ਸਦਾ ਸੁਖੁ ਮਨਿ ਵਸੈ ਦੁਖੁ ਸੰਸਾਰਹ ਖੋਵੈ॥
ਗੁਰੁ ਨਵ ਨਿਧਿ ਦਰੀਆਉ ਜਨਮ ਹਮ ਕਾਲਖ ਧੋਵੈ॥
ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ॥ (ਪੰਨਾ 1392)

(3) ਰੱਡ ਛੰਦ (ਅਤਿ ਵਿਖਮ)- ਲੱਛਣ : ਚਾਰ ਚਰਣ; ਪਹਿਲੇ ਚਰਣ ਦੀਆਂ 42 ਮਾਤਰਾਂ; 16-12-14 ਪਰ ਵਿਸਰਾਮ; ਤੇ ਦੂਜੇ ਚਰਣ ਦੀਆਂ 26 ਮਾਤਰਾਂ; 11-15 ਪਰ ਵਿਸਰਾਮ ਤੇ ਅੰਤ ਦੋ ਚਰਣ ਦੋਹਰੇ ਦੇ। ਇਹ ਛੰਦ ਸੰਯੁਕਤ ਛੰਦਾਂ ਵਿਚ ਅਤਿ ਵਿਖਮ ਗਿਣਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਤਰਗਤ ਭੱਟਾਂ ਦੇ ਸਵੈਯਾਂ ਵਿੱਚੋਂ ਇਸ ਦੇ ਉਦਾਹਰਣ ਮਿਲਦੇ ਹਨ, ਜਿਵੇਂ:

ਜਿਸਹਿ ਧਾਰ੍ਹਿਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ॥
ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ॥
ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ॥
ਸੋਈ ਏਕੁ ਨਾਮੁ ਹਰਿ ਨਾਮੁ ਸਤਿ ਪਾਇਓ ਗੁਰ ਅਮਰ ਪ੍ਰਗਾਸੁ॥ (ਪੰਨਾ 1399)

(4) ਝੋਲਨਾ (ਝੂਲਨਾ) ਛੰਦ- ਲੱਛਣ : ਪੰਜ ਚਰਣ; ਪਹਿਲਾ ਚਰਣ 19 ਮਾਤਰਾਂ ਦਾ; 10-9 ਪਰ ਵਿਸਰਾਮ; ਬਾਕੀ ਚਾਰ ਚਰਣ 39 ਮਾਤਰਾਂ ਦੇ; ਪ੍ਰਤੀ ਚਰਣ 19-20 ਜਾਂ 20-19 ਮਾਤਰਾਂ ਪਰ ਵਿਸਰਾਮ; ਅੰਤ ਦੋ ਲਘੁ ਜਾਂ ਗੁਰੁ; ਉਦਾਹਰਣ:

ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪਿ ਸਤਿ ਕਰਿ॥
ਅਗਮ ਗੁਨ ਜਾਨੁ ਨਿਧਾਨੁ ਹਰਿ ਮਨਿ ਧਰਹੁ ਧ੍ਹਾਨੁ ਅਹਿਨਿਸਿ ਕਰਹੁ ਬਚਨ ਗੁਰ ਰਿਦੈ ਧਰਿ॥
ਫੁਨਿ ਗੁਰੂ ਜਲ ਬਿਮਲ ਅਥਾਹ ਮਜਨੁ ਕਰਹੁ ਸੰਤ ਗੁਰਸਿਖ ਤਰਹੁ ਨਾਮ ਸਚ ਰੰਗ ਸਰਿ॥
ਸਦਾ ਨਿਰਵੈਰੁ ਨਿਰੰਕਾਰੁ ਨਿਰਭਉ ਜਪੈ ਪ੍ਰੇਮ ਗੁਰ ਸਬਦ ਰਸਿ ਕਰਤ ਦ੍ਰਿੜੁ ਭਗਤਿ ਹਰਿ॥
ਮੁਗਧ ਮਨ ਭ੍ਰਮੁ ਤਜਹੁ ਨਾਮੁ ਗੁਰਮੁਖਿ ਭਜਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਸਤਿ ਕਰਿ॥ (ਪੰਨਾ 1400)

ਕਈ ਪੁਰਾਣੇ ਕਵੀਆਂ ਨੇ ਝੂਲਨੇ ਛੰਦ ਨੂੰ ਬੈਂਤ ਅਥਵਾ ਪੁਕਾਰ ਛੰਦ ਦਾ ਹੀ ਰੂਪ ਕਲਪਿਆ ਹੈ, ਜਿਵੇਂ ਕਿ ਹੱਥ ਲਿਖਤ ਹੀਰ, ਅਹਿਮਦ ਗੁੱਜਰ ਦੇ ਪ੍ਰਾਰੰਭ ਵਿਚ ਹੀ ਇਸ ਦੇ ਪ੍ਰਮਾਣ ਮਿਲਦੇ ਹਨ। (ਦੇਖੋ, ਮੋਤੀ ਬਾਗ ਰਾਜ ਭਵਨ ਪੁਸਤਕਾਲਯ,ਪਟਿਆਲਾ, ਹੱਥ ਲਿਖਿਤ ਪ੍ਰਤੀ ਨੰ: 82)
 
(5) ਪਉੜੀ – ਇਕ ਪ੍ਰਕਾਰ ਦਾ ਵਾਰ ਅਥਵਾ ਜੁੱਧ ਕਾਵਿ ਦਾ ਛੰਦ-ਵਜ਼ਨ ਜਿਸ ਵਿਚ ਕਿ ਜੰਗਨਾਮੇ ਲਿਖੇ ਜਾਂਦੇ ਹਨ। (ਦੇਖੋ, ਨਜਾਬਤ ਦੀ ਵਾਰ ਨਾਦਰਸ਼ਾਹ) ਮਰਾਠੀ ਵਿਚ ਪਉੜੀਆਂ ਦਾ ਹੀ ਦੂਜਾ ਨਾਮ ‘ਪਵਾੜੇ’ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਈ ਵਾਰਾਂ (ਸ੍ਰੀ ਰਾਗ ਕੀ ਵਾਰ, ਵਾਰ ਮਾਝ ਆਦਿ) ਦੀਆਂ ਪਉੜੀਆਂ, ਭਾਈ ਗੁਰਦਾਸ ਕ੍ਰਿਤ ਵਾਰਾਂ ਗਿਆਨ ਰਤਨਾਵਲੀ, ਪੰਜਾਬੀ ਬੋਲੀ ਵਿਚ ਕਵੀ ਜਾਨ ਕਾਇਮ ਖ਼ਾਨੀ ਕ੍ਰਿਤ ਅਲਿਫ਼ ਖ਼ਾਨ ਦੀ ਪਉੜੀ ਆਦਿ ਰਚਨਾਂਵਾਂ ਇਸ ਕਿਸਮ ਦੇ ਵੀਰ ਰਸੀ ਛੰਦਾਂ ਦੇ ਹੀ ਨਮੂਨੇ ਹਨ। ਭਾਈ ਕਾਨ੍ਹ ਸਿੰਘ ਨਾਭਾ ਦੇ ਕਥਨ ਅਨੁਸਾਰ, ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਕਿਸਮ ਦੀਆਂ ਛੋਟੀਆਂ-ਵੱਡੀਆਂ ਪਉੜੀਆਂ ਮਿਲਦੀਆਂ ਹਨ, ਜਿਵੇਂ- ਚੌਪਈ ਦਾ ਇਕ ਰੂਪ, ਜੋ 4 ਜਾਂ 8 ਚਰਣਾਂ ਦਾ ਹੁੰਦਾ ਹੈ, ਇਸੇ ਤਰ੍ਹਾਂ (1) ਸੁਗੀਤਾ, (2) ਨਿਸ਼ਾਨੀ (ਰਾਧਿਕਾ) ਤੇ (3) ਬੀਰ ਛੰਦ ਦੇ ਰੂਪ ਵਿਚ ਵੀ ਚੌਪਈ ਮਿਲਦੀ ਹੈ। ਲੱਛਣ ਸਾਰੀਆਂ ਹੀ ਕਿਸਮਾਂ ਦੇ, ਉਨ੍ਹਾਂ ਦੇ ਛੰਦ-ਵਜ਼ਨ ਅਨੁਸਾਰ ਵੱਖੋ-ਵੱਖ ਹਨ। ਏਥੇ ਪਹਿਲਾਂ ਪੰਜ ਚਰਣਾਂ ਦੀ ਪਉੜੀ ਦਾ ਨਮੂਨਾ ਦਿੰਦਾ ਹਾਂ ਤੇ ਫੇਰ ਉਸ ਤੋਂ ਪਿੱਛੋਂ 8 ਚਰਣਾਂ ਦੀ ਵੱਡੀ ਚੌਪਈ ਰੂਪ ਪਉੜੀ ਦਾ।

(ੳ) ਪੰਜ ਚਰਣਾਂ ਦੀ ਪਉੜੀ; ਪਹਿਲੇ ਚਾਰ ਚਰਣ 13+16 ਮਾਤਰਾਂ ’ਤੇ ਛੇਕੜ ਪੰਜਵੇਂ ਚਰਣ ਦੀਆਂ 15 ਮਾਤਰਾਂ; ਅੰਤ ਦੋ ਗੁਰੁ (ss):

ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥
ਮੂਰਖੈ ਨਾਲਿ ਨ ਲੁਝੀਐ॥  (ਪੰਨਾ 473)

(ਅ) ਅੱਠ ਚਰਣਾਂ ਦੀ ਪਉੜੀ; ਪ੍ਰਤੀ ਚਰਣ 12-9 ਪਰ ਵਿਸਰਾਮ, ਅੰਤ ਲਘੁ ਗੁਰੁ (is):

ਆਪੀਨੈ੍ ਆਪੁ ਸਾਜਿ ਆਪੁ ਪਛਾਣਿਆ॥
ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ॥
ਵਿਣੁ ਥੰਮਾ੍ ਗਗਨੁ ਰਹਾਇ ਸਬਦੁ ਨੀਸਾਣਿਆ॥
ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ॥
ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ॥
ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ॥
ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ॥
ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥ (ਪੰਨਾ 1279)

ਇਨ੍ਹਾਂ ਦੋਹਾਂ ਪਉੜੀਆਂ ਵਿਚ ਕ੍ਰਮ ਅਨੁਸਾਰ 134 ਤੇ 174 ਮਾਤਰਾਂ ਹਨ ਅਤੇ ਮਾਤ੍ਰਿਕ ਤੋਲ-ਵਜ਼ਨ ਵੀ ਸਿਵਾਇ ਪਹਿਲੀ ਪਉੜੀ ਦੀ ਆਖ਼ਰੀ ਤੁਕ ਦੇ, ਜਿਸ ਦੀਆਂ 15 ਮਾਤਰਾਂ ਹਨ, ਬਾਕੀ ਸਾਰੀਆਂ ਪਉੜੀਆਂ ਦੇ 19-20 ਦੇ ਫ਼ਰਕ ਨੂੰ ਇਕ ਪਾਸੇ ਰੱਖ ਕੇ, ਸਿਲਸਿਲੇਵਾਰ ਲਗਭਗ ਇਕਸਾਰ ਹੀ ਹਨ। ਏਦੂੰ ਬਿਨਾਂ ਕਈ ਹੋਰ ਲੰਮੇ ਵਜ਼ਨ ਦੀਆਂ ਪਉੜੀਆਂ, ਜਿਵੇਂ ਕਿ ਸੋਰਠਿ ਕੀ ਵਾਰ ਮਹਲਾ 4, ਵਿੱਚੋਂ 16ਵੀਂ ਪਉੜੀ ਅਤੇ ਬਿਲਾਵਲ ਕੀ ਵਾਰ ਮਹਲਾ 4 ਵਿੱਚੋਂ 6ਵੀਂ ਪਉੜੀ ਦੇ ਉਦਾਹਰਣ ਮਿਲਦੇ ਹਨ, ਕ੍ਰਮ ਅਨੁਸਾਰ ਗਿਣਤੀ ਵਿਚ 203 ਤੋਂ 254 ਮਾਤਰਾਂ ਤਕ ਵੀ ਜਾ ਅਪੜਦੀਆਂ ਹਨ। ਚੁਨਾਂਚਿ ਬਿਲਾਵਲ ਕੀ ਵਾਰ ਵਿੱਚੋਂ ਲੰਮੀ ਪਉੜੀ ਦਾ ਇਕ ਉਦਾਹਰਣ 254 ਮਾਤਰਾਂ ਦਾ ਹੈ, ਜਿਵੇਂ:

ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ
ਤਿਤਨੇ ਸਭਿ ਹਰਿ ਕੇ ਕੀਏ॥
ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ॥
ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ
ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ
ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ॥
ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ
ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ॥
ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ
ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ॥ (ਪੰਨਾ 851)

ਇਸ ਤੋਂ ਪਿੱਛੋਂ ਬਹੁਤੀਆਂ ਤੁਕਾਂ ਵਾਲੇ ਲੰਮੇ ਛੰਦਾਂ ਵਿੱਚੋਂ ਪਦ ਜਾਂ ਪਦੇ ਇਕ ਖਾਸ ਅਹਿਮੀਅਤ ਰੱਖਦੇ ਹਨ। ਇਹੋ ਪਦੇ ਬ੍ਰਿਜ ਭਾਸ਼ਾ ਜਾਂ ਹਿੰਦੀ ਵਿਚ ਬਿਸ਼ਨੁ ਪਦ ਅਥਵਾ ਬਿਸ਼ਨ ਪਦੇ ਅਖਵਾਉਂਦੇ ਹਨ। ਭਗਤ ਕਵੀ ਸੂਰਦਾਸ ਦਾ ‘ਸੂਰ ਸਾਗਰ’, ਜੋ ਅਨੇਕਾਂ ਰਾਗ-ਰਾਗਣੀਆਂ ਨਾਲ ਅਲੰਕ੍ਰਿਤ ਹੈ, ਇਨ੍ਹਾਂ ਹੀ ਬਿਸ਼ਨ ਪਦੇ ਛੰਦਾਂ ਵਿਚ ਲਿਖਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵੀ ਗੁਰੂ ਸਾਹਿਬਾਨ ਨੇ ਇਸ ਛੰਦ-ਵਜ਼ਨ ਨੂੰ ਕਈ ਥਾਵੇਂ ਬੜੀ ਖੁਲ੍ਹ-ਦਿਲੀ ਨਾਲ ਅਪਣਾਇਆ ਹੈ, ਜਿਵੇਂ ਕਿ ਮੁਖ਼ਤਲਿਫ਼ ਪਦਿਆਂ ਵਿੱਚੋਂ ਮੁਖ਼ਤਲਿਫ ਉਦਾਹਰਣ ਮਿਲਦੇ ਹਨ। ਬਿਸ਼ਨ ਪਦੇ ਦਾ ਸਿੱਧਾ ਸਾਦਾ ਲੱਛਣ ਹੈ- ਛੇ ਚਰਣ; ਪ੍ਰਤੀ ਚਰਣ 28-29 ਮਾਤਰਾਂ, ਅੰਤ ਗੁਰੁ ਲਘੁ ਜਾਂ ਇਕ ਅਥਵਾ ਦੋ ਗੁਰੁ ਅਤੇ ਪਹਿਲਾ ਚਰਣ, ਟੇਕ ਰੂਪ ਹੋਣ ਕਰਕੇ 15 ਮਾਤਰਾਂ ਦਾ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਕ ਪਦੇ ਦਾ ਉਦਾਹਰਣ ਹੈ:

ਜਨ ਕੀ ਪੈਜ ਸਵਾਰੀ ਆਪ॥
ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ॥1॥ ਰਹਾਉ॥
 
ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ॥
ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ॥1॥
ਅੰਗੀਕਾਰੁ ਕੀਓ ਮੇਰੈ ਕਰਤੈ ਗੁਰ ਪੂਰੇ ਕੀ ਵਡਿਆਈ॥
ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ॥ (ਪੰਨਾ 500)

ਇਸ ਤੋਂ ਬਿਨਾਂ ‘ਰਾਗ ਸਾਰੰਗ ਮਹਲਾ 1’ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁਝ ਪਦੇ 10 ਚਰਣਾਂ ਦੇ ਵੀ ਮਿਲਦੇ ਹਨ, ਜਿਵੇਂ:

ਅਪੁਨੇ ਠਾਕੁਰ ਕੀ ਹਉ ਚੇਰੀ॥
ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ॥ (ਪੰਨਾ 1197)

ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ॥
ਜਿਹਵਾ ਸਾਦੁ ਨ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ॥ (ਉਹੀ)

ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ॥
ਸਤਿਗੁਰ ਬਚਨਿ ਮੇਰੋ ਮਨੁ ਮਾਨਿਆ ਹਰਿ ਪਾਏ ਪ੍ਰਾਨ ਅਧਾਰਾ॥ (ਪੰਨਾ 1197-98)

ਸ੍ਰੀ ਗੁਰੂ ਤੇਗ ਬਹਾਦਰ ਜੀ (ਨੌਵੇਂ ਪਾਤਸ਼ਾਹ) ਦੇ ਸ਼ਬਦ ਤਾਂ ਲੱਗਭਗ ਸਾਰੇ ਹੀ ਬਿਸ਼ਨ ਪਦਿਆਂ ਦੇ ਰੂਪ ਵਿਚ ਹਨ, ਜਿਵੇਂ:

ਸਾਧੋ ਇਹੁ ਮਨੁ ਗਹਿਓ ਨ ਜਾਈ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ॥ (ਪੰਨਾ 219)

ਸਾਧੋ ਇਹੁ ਤਨੁ ਮਿਥਿਆ ਜਾਨਉ॥
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ॥ (ਪੰਨਾ 1186)

ਮਾਤ੍ਰਿਕ ਛੰਦਾਂ ਤੋਂ ਪਿੱਛੋਂ ਫੇਰ ਵਾਰੀ ਆਉਂਦੀ ਹੈ ਵਰਣਿਕ ਛੰਦਾਂ ਦੀ। ਇਹ ਵਰਣਿਕ ਛੰਦ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਪਹਿਲੇ ਪਹਿਲ ਵੇਦਕ ਸਮੇਂ ਵਿਚ ਰਿਗਵੇਦ ਦੇ ਮੰਤਰਾਂ ਰਾਹੀਂ ਗਾਇਤ੍ਰੀ, ਅਨੁਸ਼ਟੁਪ, ਜਗਤੀ ਆਦਿ ਛੰਦਾਂ ਦਾ ਰੂਪ ਧਾਰ ਕੇ ਵਜੂਦ ਵਿਚ ਆਏ,ਪਰ ਪਿੱਛੋਂ ਭਾਖਾ ਤੇ ਪੰਜਾਬੀ ਵਿਚ ਇਨ੍ਹਾਂ ਰਾਹੀਂ ਕਬਿੱਤ, ਸਵੈਯਾ ਆਦਿ ਵਰਣਿਕ ਛੰਦਾਂ ਦਾ ਵਿਕਾਸ ਕਿਵੇਂ ਹੋਇਆ, ਇਹ ਕੁਝ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਕਬਿੱਤ, ਘਨਾਛਰੀ ਜਾਂ ਮਨਹਰ, ਜਿਵੇਂ ਕਿ ਪਿੰਗਲ ਦੇ ਅਨੁਸਾਰ ਵਜ਼ਨ ਤੋਂ ਪਤਾ ਲੱਗਦਾ ਹੈ, ਹਮੇਸ਼ਾ ਚਾਰ ਚਰਣਾਂ ਦੇ ਹੁੰਦੇ ਹਨ ਤੇ ਹਰੇਕ ਚਰਣ ਵਿਚ 31-32 ਅੱਖਰ ਰੱਖਣ ਦਾ ਆਮ ਰਿਵਾਜ ਹੈ। ਪਹਿਲਾ ਵਿਸਰਾਮ 8-8 ਜਾਂ 16 ਅੱਖਰਾਂ ਉੱਤੇ ਹੁੰਦਾ ਹੈ ਤੇ ਦੂਜਾ ਵਿਸਰਾਮ 15 ਜਾਂ 8-8 ਅੱਖਰਾਂ ਦੇ ਕ੍ਰਮ ਮੂਜਬ 16 ਅੱਖਰਾਂ ਪਰ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦਾ ਸੰਸਕ੍ਰਿਤ ਦੇ ਕਿਸੇ ਛੰਦ ਨਾਲ ਮੇਲ ਨਹੀਂ ਮਿਲਦਾ, ਫੇਰ ਇਹ ਉਸ ਦੇ ਕਿਸੇ ਛੰਦ ਦਾ ਵਿਗਸਿਆ ਰੂਪ ਕਿਵੇਂ ਮੰਨਿਆ ਜਾ ਸਕਦਾ ਹੈ। ਬਹੁਤੇ (ਘਣੇ) ਅੱਖਰਾਂ ਦਾ ਹੋਣ ਕਰਕੇ ਹਿੰਦੀ ਵਿਚ ਕਬਿੱਤ ਜਾਂ ਮਨਹਰ ਦਾ ਦੂਜਾ ਨਾਮ ਹੈ ਘਨਾਛਰੀ ਛੰਦ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਬਿੱਤ ਦਾ ਇਕ ਉਦਾਹਰਣ ਇਹ ਹੈ:

ਜਾ ਕਉ ਮੁਨਿ ਧ੍ਹਾਨੁ ਧਰੈ ਫਿਰਤ ਸਗਲ ਜੁਗ ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ॥
ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ॥
ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ॥
ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ॥ (ਪੰਨਾ 1404)

ਕਬਿੱਤ ਵਾਂਙੂੰ ਸਵੈਯਾ ਵੀ ਭਾਵੇਂ ਮਾਤ੍ਰਿਕ ਤੇ ਵਰਣਿਕ ਛੰਦ ਹੈ, ਪਰ ਇਸ ਵਿਚ ਕਈ ਵਾਰ ‘ਗਣ’ ਸ਼ਾਮਲ ਹੋਣ ’ਤੇ ਇਹ ਗਣਿਕ ਰੂਪ ਵੀ ਧਾਰਨ ਕਰ ਲੈਂਦਾ ਹੈ। ਵਰਣਿਕ ਸਵੈਯਾ 22, 23, 24 ਜਾਂ 25 ਵਰਣਾਂ ਅਥਵਾ ਅੱਖਰਾਂ ਦਾ ਹੁੰਦਾ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਅੰਤ ਵਿਚ ਦੋ ਗੁਰੁ ਜਾਂ ਲਘੁ ਗੁਰੁ ਅਥਵਾ ਗੁਰੁ ਲਘੁ ਰੱਖਣ ਦੀ ਮਰਯਾਦਾ ਹੈ। ਗਣਿਕ ਸਵੈਯੇ ਵਿਚ ਸੱਤ ਜਾਂ ਅੱਠ ਗਣ (ਸਗਣ, ਭਗਣ ਆਦਿ) ਹੁੰਦੇ ਹਨ ਤੇ ਅੰਤ ਦੋ ਗੁਰੁ (ss) ਜਾਂ ਲਘੁ ਗੁਰੁ (is) ਰੱਖੇ ਜਾਂਦੇ ਹਨ। ਕੁਝ ਵਰਣਿਕ ਤੇ ਗਣਿਕ ਸਵੈਯਾਂ ਦੇ ਉਦਾਹਰਣ ਇਹ ਹਨ:

(ੳ) ਦ੍ਰੁਮੁਲ ਸਵੈਯਾ – ਲੱਛਣ : ਚਾਰ ਚਰਣ; ਪ੍ਰਤੀ ਚਰਣ 8 ਸਗਣ (iis) (24 ਅੱਖਰ); ਉਦਾਹਰਣ:-

ਮਥੁਰਾ ਭਨਿ ਭਾਗ ਭਲੇ ਉਨ੍‍ ਕੇ ਮਨ ਇਛਤ ਹੀ ਫਲ ਪਾਵਤ ਹੈ॥ (ਪੰਨਾ 1404)

(ਅ) ਅਰਸਾਤ ਸਵੈਯਾ– ਲੱਛਣ : ਚਾਰ ਚਰਣ; ਪ੍ਰਤੀ ਚਰਣ 7 ਭਗਣ (ssi); (22 ਅੱਖਰ) ਅੰਤ ਗੁਰੁ; (s); ਉਦਾਹਰਣ:

ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ॥ (ਪੰਨਾ 1409)

(ੲ) ਸੁੰਦਰੀ ਸਵੈਯਾ– ਲੱਛਣ : ਚਾਰ ਚਰਣ, ਪ੍ਰਤੀ ਚਰਣ 8 ਸਗਣ, (25 ਅੱਖਰ) ਅੰਤ ਗੁਰੁ s; ਉਦਾਹਰਣ :

ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ॥
ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ॥
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥
ਜਪ੍ਹਉ ਜਿਨ੍‍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥ (ਪੰਨਾ 1409)

ਗੁਰਬਾਣੀ ਸੰਗੀਤ ਰੂਪ ਹੋਣ ਕਰਕੇ ਇਸ ਵਿਚ ਮਾਤਰਾਂ ਜਾਂ ਅੱਖਰਾਂ ਦੀ ਪ੍ਰਧਾਨਤਾ ਨਹੀਂ, ਸਗੋਂ ਧੁਨੀ ਤੇ ਸੁਰ ਦੀ ਪ੍ਰਧਾਨਤਾ ਹੈ, ਇਸ ਲਈ ਇਸ ਦੇ ਛੰਦ-ਪ੍ਰਬੰਧ ਨੂੰ ਸਮਝਣ ਲਈ ਜੇ ਅਸੀਂ ਸੁਰ ਜਾਂ ਧੁਨੀ ਤੋਂ ਕੰਮ ਲਈਏ ਤਾਂ ਛੰਦ ਦੇ ਕ੍ਰਮ ਅਨੁਸਾਰ ਇਸ ਦੀਆਂ ਮਾਤਰਾਂ, ਗਣਾਂ ਜਾਂ ਵਰਣਾਂ (ਅੱਖਰਾਂ) ਦਾ ਸਹੀ ਹਿਸਾਬ ਸਾਨੂੰ ਸਹਿਜੇ ਹੀ ਸਮਝ ਵਿਚ ਆ ਸਕਦਾ ਹੈ, ਨਹੀਂ ਤਾਂ ਅਨੇਕ ਥਾਵੀਂ ਭੁਲੇਖਾ ਪੈ ਜਾਣ ਦਾ ਡਰ ਹੈ। ਜਿਵੇਂ; ‘ਸਵਈਏ ਮਹਲੇ ਪੰਜਵੇਂ ਕੇ 5’ ਵਿੱਚੋਂ ਹੀ ਭੱਟਾਂ ਦੇ ਧੁਨੀ ਮੂਲਕ ਉਦਾਹਰਣ ਦਿੱਤੇ ਗਏ ਹਨ।

ਇਹ ਤਾਂ ਰਹੀ ਮਾਤ੍ਰਿਕ, ਵਰਣਿਕ ਜਾਂ ਗਣਿਕ ਛੰਦਾਂ ਦੀ ਵਿਚਾਰ ਤੇ ਹੁਣ ਅਸੀਂ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਨੰਤ ਤੁਕੀ ਜਾਂ Blank Verse ਬਾਣੀ ਵੱਲ ਆਉਂਦੇ ਹਾਂ। ਇਹ ਅਨੰਤ ਤੁਕੀ (Blank Verse) ਕਾਵਿ ਰਚਨਾ ਦਾ ਢੰਗ, ਜਿਵੇਂ ਕਿ ਰਾਜਸਥਾਨ ਦੀ ਨੀਸਾਣੀ ਸਿਰ ਖੁਲ੍ਹੀ ਜਾਂ ਪੰਜਾਬੀ ਦੇ ‘ਦਸਮ ਗ੍ਰੰਥ’ ਵਿਚ ਆਏ ਸਿਰਖੰਡੀ ਛੰਦਾਂ ਤੋਂ ਪਤਾ ਲੱਗਦਾ ਹੈ, ਕੋਈ ਅਜੋਕੀ ਜਾਂ ਇਉਂ ਕਹੋ ਕਿ ਪੱਛਮੀ ਵਿੱਦਿਆ ਦੇ ਅਸਰ ਥੱਲੇ ਸਾਡੇ ਸਾਹਿਤ ਵਿਚ ਆਈ ਨਵੀਂ ਕਾਢ ਨਹੀਂ; ਸਗੋਂ ਏਦੂੰ ਢੇਰ ਚਿਰ ਪਹਿਲਾਂ ਸਿੱਖ ਗੁਰੂ ਸਾਹਿਬਾਨ ਦੇ ਸਮੇਂ ਵਿਚ ਵੀ ਇਹ ਰੀਤਿ ਪ੍ਰਚੱਲਤ ਸੀ, ਜਿਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਇਸ ਅਨੰਤ ਤੁਕੀ ਰਚਨਾ ਜਾਂ ਸੈਲਾਨੀ ਛੰਦ ਦੇ ਉਤਮ ਨਮੂਨੇ ਮਿਲਦੇ ਹਨ, ਜਿਵੇਂ ਕਿ ਉਦਾਹਰਣ ਹੈ:

ਰੂੜੋ ਮਨੁ ਹਰਿ ਰੰਗੋ ਲੋੜੈ॥
ਗਾਲੀ ਹਰਿ ਨੀਹੁ ਨ ਹੋਇ॥ ਰਹਾਉ॥
ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ॥
ਗੁਰ ਮਿਲਿ ਭਰਮੁ ਗਵਾਇਆ ਹੇ॥1॥
ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ॥
ਇਹ ਬਿਧਿ ਨਾਨਕ ਹਰਿ ਨੈਣ ਅਲੋਇ॥ (ਪੰਨਾ 715)

ਗਰਬਿ ਗਹਿਲੜੋ ਮੂੜੜੋ ਹੀਓ ਰੇ॥
ਹੀਓ ਮਹਰਾਜ ਰੀ ਮਾਇਓ॥
ਡੀਹਰ ਨਿਆਈ ਮੋਹਿ ਫਾਕਿਓ ਰੇ॥ (ਉਹੀ)

ਅਨੰਤ ਤੁਕੇ (ਸੈਲਾਨੀ) ਛੰਦ ਦੇ ਇਹ ਦੋ ਛੋਟੇ ਉਦਾਹਰਣ ਹਨ। ਇਸ ਤੋਂ ਵੱਡੇ ਅਨੰਤ ਤੁਕੇ ਛੰਦ ਦਾ ਤੀਜਾ ਉਦਾਹਰਣ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਅਧਿਆਤਮਕ ਰਚਨਾ ‘ਜਪੁ ਜੀ’ ਵਿੱਚੋਂ ਮਿਲਦਾ ਹੈ, ਜਿਵੇਂ :

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ॥
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ॥ (ਪੰਨਾ 5)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਰਾਗ ਤੇ ਬਾਣੀ ਦੋਵੇਂ ਇਕਸੁਰ ਹੋਣ ’ਤੇ ਕਦਮ ਨਾਲ ਕਦਮ ਮੇਲ ਕੇ ਚਲਦੇ ਨਜ਼ਰ ਆਉਂਦੇ ਹਨ। ਪਹਿਲਾਂ ਇਕਹਿਰੇ ਰਾਗ (ਸ੍ਰੀ ਰਾਗ, ਮਾਝ ਆਦਿ); ਫੇਰ ਨਾਲੋ ਨਾਲ ਦੂਹਰੇ ਜਾਂ ਸੰਯੁਕਤ ਰਾਗ (ਗਉੜੀ ਮਾਝ, ਗਉੜੀ ਚੇਤੀ, ਗਉੜੀ ਮਾਲਵਾ, ਆਸਾ ਕਾਫੀ ਆਦਿ) ਤੇ ਉਨ੍ਹਾਂ ਦੇ ਘਰੁ 1 ਤੋਂ 16 ਤਕ; ਦੁਪਦੇ, ਤਿਪਦੇ, ਚਉਪਦੇ, ਪੰਚਪਦੇ ਦੇ ਦੁਤੁਕੇ, ਤਿਤੁਕੇ ਆਦਿ ਸ਼ਬਦਾਂ ਦੇ ਪਦ ਤੇ ਤੁਕ-ਕ੍ਰਮ, ਰਸ ਦੇ ਸੰਚਾਰ ਲਈ ਵਣਜਾਰਾ (ਸਿਰੀਰਾਗੁ ਮਹਲਾ 4), ਦਿਨ ਰੈਣਿ (ਰਾਗ ਮਾਝ ਮਹਲਾ 1), ਕਰਹਲੇ (ਰਾਗ ਗਉੜੀ ਮਹਲਾ 4), ਬਿਰਹੜੇ (ਰਾਗ ਆਸਾ ਮਹਲਾ 5), ਘੋੜੀਆਂ (ਰਾਗ ਵਡਹੰਸ ਮਹਲਾ 4), ਅਲਾਹਣੀਆਂ (ਰਾਗ ਵਡਹੰਸ ਮਹਲਾ 1), ਆਰਤੀ (ਰਾਗ ਧਨਾਸਰੀ ਮਹਲਾ 1), ਕੁਚਜੀ ਤੇ ਸੁਚਜੀ (ਰਾਗ ਸੂਹੀ ਮਹਲਾ 1), ਅਨੰਤ (ਰਾਗ ਰਾਮਕਲੀ ਮਹਲਾ 3), ਸਦੁ (ਰਾਮਕਲੀ) ਆਦਿ। ਸਤਵਾਰੇ, ਪਖਵਾਰੇ, ਬਾਰਹਮਾਹੇ, ਬਾਵਨ ਅਖਰੀਆਂ, ਪਟੀ, ਛਕੇ, ਅਸਟਪਦੀ, ਸੋਹਿਲੇ ਤੇ ਸੋਲਹੇ ਛੰਤ ਆਦਿ ਸਿਰਲੇਖ ਜੋ ਗੁਰਬਾਣੀ ਵਿਚ ਆਏ ਹਨ, ਇਸ ਕਥਨ ਦੇ ਉੱਜਲ ਪ੍ਰਮਾਣ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ ਸਿੱਖ ਗੁਰੂ ਸਾਹਿਬਾਨ ਦੀ ਕੋਮਲ ਹੁਨਰੀ ਕਾਵਿ-ਪ੍ਰਤਿਭਾ ਉਸ ਸਮੇਂ ਕਿਤਨੀ ਸਰਬ-ਪੱਖੀ ਤੇ ਸਰਬ-ਵਿਆਪਕ ਸੀ ਤੇ ਉਹ ਆਤਮਕ ਮੰਡਲਾਂ ਉੱਤੇ ਸਫਲਤਾ ਨਾਲ ਪਰਵਾਜ਼ ਕਰ ਕੇ ਕਿਨ੍ਹਾਂ ਅਛੋਹ ਸਿਖਰਾਂ ਦੀ ਛੁਹ ਪ੍ਰਾਪਤ ਕਰ ਰਹੀ ਸੀ। ਇਹ ਕੇਵਲ ਕਥਨੀ-ਮਾਤਰ ਹੀ ਨਹੀਂ, ਸਗੋਂ ਗੁਰਬਾਣੀ ਵਿੱਚੋਂ ਇਸ ਦੀ ਪੁਸ਼ਟੀ ਲਈ ਕਿਤਨੇ ਹੀ ਅਮਲੀ ਪ੍ਰਮਾਣ ਵੀ ਮਿਲਦੇ ਹਨ, ਜਿਵੇਂ ਕਿ ਗੁਰੂ ਸਾਹਿਬ ਇਨ੍ਹਾਂ ਦੋਹਾਂ ਹੀ ਕੋਮਲ ਹੁਨਰਾਂ (ਕਾਵਿ ਕਲਾ ਤੇ ਸੰਗੀਤ ਕਲਾ) ਨੂੰ ਇੱਕੋ ਜਿਹਾ ਮਾਣ ਦੇ ਕੇ ਪਿਆਰਦੇ ਸਨ:

ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ॥
ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ॥ (ਪੰਨਾ 1290)

ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ॥
ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ॥ (ਪੰਨਾ 920)

ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ॥ (ਪੰਨਾ 1423)

ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ॥ (ਪੰਨਾ 254)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Shamsher Singh Ashok

ਹੱਥ ਲਿਖਤ ਤੇ ਦੁਰਲਭ ਖਰੜਿਆਂ ਦੇ ਸੁਘੜ ਖੋਜੀ, ਕਵੀ, ਅਨੁਵਾਦਕ, ਸੰਪਾਦਕ, ਇਤਿਹਾਸਕਾਰ, ਆਲੋਚਕ ਅਤੇ ਨਿਬੰਧਕਾਰ ਸ.ਸ਼ਮਸ਼ੇਰ ਸਿੰਘ ਅਸ਼ੋਕ (੧੦.੨.੧੯੦੪ - ੧੪.੭.੧੯੮੬) ਕਿਸੇ ਜਾਣ ਪਛਾਣ ਦੇ ਮੁਥਾਜ ਨਹੀ। ਉਹਨਾਂ ਦੀਆ ਤਕਰੀਬਨ ੧੦੦ ਕੁ ਦੇ ਕਰੀਬ ਕਿਤਾਬਾ ਮੌਲਿਕ , ਸੰਪਾਦਨ, ਅਨੁਵਾਦ ਅਤੇ ਖੋਜ ਦੇ ਰੂਪ ਵਿਚ ਪ੍ਰਕਾਸ਼ਿਤ ਹੋਈਆਂ, ਸੈਕੜਿਆਂ ਦੀ ਤਦਾਦ ਚ ਉਨ੍ਹਾਂ ਦੇ ਖੋਜ ਪੱਤਰ ਤੇ ਲੇਖ ਉਸ ਵਕਤ ਦੀਆਂ ਖੋਜ-ਪਤ੍ਰਿਕਾਵਾਂ ਤੇ ਅਖ਼ਬਾਰਾਂ ਚ ਛਪਦੇ ਰਹੇ । ਜੂਨ ੧੯੪੩ ਤੋ ੧੯੪੫ ਤੱਕ ਉਹ ਸਿੱਖ ਨੈਸ਼ਨਲ ਕਾਲਜ ਲਹੌਰ ਵਿਖੇ ਰੀਸਰਚ ਸਕਾਲਰ ਵਜੋ ਕਾਰਜਰਤ ਰਹੇ, ੧੯੪੫ ਤੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਾਹੌਰ ਵਿਖੇ ਰਹਿ ਕੇ ਹੀ ਆਪਣੀਆਂ ਸੇਵਾਵਾਂ ਦਿੰਦੇ ਰਹੇ ,ਮੁਲਕ ਦੀ ਤਕਸੀਮ ਵਕਤ ਕੁਝ ਸਮਾਂ ਅਮ੍ਰਿਤਸਰ ਵਿਖੇ ਕਮੇਟੀ ਅਧੀਨ ਲਾਇਬ੍ਰੇਰੀ ਚ ਵੀ ਸੇਵਾ ਨਿਭਾਈ। ੧੯੪੮ਤੋ ੧੯੫੯ ਤੱਕ ਪਟਿਆਲ਼ਾ ਰਿਆਸਤ ਰਾਹੀਂ ਸਥਾਪਿਤ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ) ਵਿਖੇ ਕੋਸ਼ਕਾਰ ਤੇ ਹੱਥ ਲਿਖਤਾਂ ਦੇ ਖੋਜੀ ਰਹੇ, ੧੯੫੯ ਵਿਚ ਕੁਝ ਸਮਾਂ ਮੋਤੀ ਬਾਗ਼ ਪਟਿਆਲ਼ਾ ਵਿਖੇ ਵੀ ਕਾਰਜ ਕੀਤਾ। ਸਰਦਾਰ ਸਾਹਬ ਹੁਣਾਂ ਦੀ ਮਿਹਨਤ ਤੇ ਲਗਨ ਨੂੰ ਵੇਖਦਿਆਂ ਮਹਿਕਮਾ ਪੰਜਾਬੀ ਵਿਖੇ ਆਪ ਨੂੰ ੧੯੬੦ ਤੋ ੧੯੬੩ ਤਕ ਦੁਬਾਰਾ ਨਿਯੁਕਤ ਕੀਤਾ ਗਿਆ। ਇਸੇ ਸਮੇਂ ਦੌਰਾਨ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਦੂਜੀ ਐਡੀਸ਼ਨ ਦਾ ਸੰਪਾਦਨ ਵੀ ਆਪ ਨੇ ਕੀਤਾ,ਉਥੇ ਹੱਥ ਲਿਖਤਾਂ ਦੀ ਸੂਚੀ ਵੀ ਪ੍ਰਕਾਸ਼ਿਤ ਕੀਤੀ । ਸੰਨ ੧੯੬੪ ਵਿਚਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਖ ਇਤਿਹਾਸ ਰੀਸਰਚ ਬੋਰਡ ਵਿਖੇ ਰੀਸਰਚ ਸਕਾਲਰ ਵਜੋ ਨਿਯੁਕਤ ਕੀਤਾ ।ਜਿਥੇ ੧੯੮੧ ਤੱਕ ਸੇਵਾ ਨਿਭਾਈ ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)