editor@sikharchives.org
Sri Guru Granth Sahib Vich Nibandh-Kav

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਬੰਧ-ਕਾਵਿ

ਖਾਕਾ, ਉੱਘੜਦੇ, ਵੇਗ, ਸਰੋਦ, ਗੋਂਦ, ਪਰੁੱਤਾ, ਵਿੱਕੋਲਿਤਰੇ, ਅਲੌਕਿਕ, ਅਨਾਹਤ, ਨਿਰਾਰਥਕ, ਝਲਕਾਰੇ, ਨਿਸ਼ੰਗ, ਅਨੂਪਮ,
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਨਿਬੰਧ

‘ਨਿਬੰਧ’ ਸੰਸਕ੍ਰਿਤ ਦਾ ਸ਼ਬਦ ਹੈ। ਪ੍ਰਾਚੀਨ ਸਮਿਆਂ ਵਿਚ ਲੋਕੀ ਭੋਜ-ਪੱਤਰਾਂ ਉੱਤੇ ਲਿਖ ਕੇ ਉਨ੍ਹਾਂ ਨੂੰ ਇਕ ਥਾਂ ਸਿਉਂ ਕੇ ਇਕੱਠਿਆਂ ਕਰ ਲੈਂਦੇ ਸਨ। ਇਸ ਕਿਰਿਆ ਨੂੰ ‘ਨਿਬੰਧ’ ਆਖਿਆ ਜਾਂਦਾ ਸੀ। ਪੰਜਾਬੀ ਵਿਚ ਇਸ ਅਰਥ ਵਿਚ ਸ਼ਬਦ ‘ਬੀੜ’ ਹੈ। ਵੱਖ-ਵੱਖ ਪੱਤਰਿਆਂ ਨੂੰ ਇਕੱਠਿਆਂ ਕਰ ਕੇ ਇਕ ਥਾਂ ਸਿਉਣ ਦੀ ਕਿਰਿਆ ਨੂੰ ‘ਬੀੜਨਾ’ ਕਹਿੰਦੇ ਹਨ। ਇਸ ਤੋਂ ਸ਼ਬਦ ‘ਬੀੜ’ ਬਣਿਆ ਹੈ।

ਸਮੇਂ ਦੇ ਗੇੜ ਨਾਲ ‘ਨਿਬੰਧ’ ਸ਼ਬਦ ਦੇ ਅਰਥਾਂ ਨੇ ਕਈ ਰੂਪ ਵਟਾਏ ਤੇ ਇਸ ਸ਼ਬਦ ਦੀ ਵਰਤੋਂ ਸਾਹਿਤ-ਰਚਨਾ ਲਈ ਹੋਣ ਲੱਗ ਪਈ। ਹਰ ਪ੍ਰਕਾਰ ਦੀ ਸਾਹਿਤ ਰਚਨਾ ਨਿਬੰਧ ਅਖਵਾਉਣ ਲੱਗੀ। ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਕਿਸੇ ਵੀ ਸਾਹਿਤ ਰਚਣ ਲਈ ਵੱਖ-ਵੱਖ ਪੱਤਰਿਆਂ ’ਤੇ ਲਿਖ ਕੇ ਜਾਂ ਵੱਖ-ਵੱਖ ਖ਼ਿਆਲਾਂ ਨੂੰ ਉਲੀਕ ਕੇ ਇਕ ਥਾਂ ਇਕੱਠਾ ਕਰਨ ਜਾਂ ਬੀੜਨ ਦੀ ਕਿਰਿਆ ਜ਼ਰੂਰੀ ਸੀ।

‘ਹਿੰਦੀ ਸ਼ਬਦ ਸਾਗਰ’ (ਪ੍ਰਕਾਸ਼ਕ ਕਾਸ਼ੀ ਨਗਰੀ ਪਰਚਾਰਨੀ ਸਭਾ) ਵਿਚ ਇਸ ਸ਼ਬਦ ਦੇ ਅਰਥ ‘ਮਹਾਨ ਕੋਸ਼’ ਵਿਚ ਦਿੱਤੇ ਦੂਜੇ ਅਰਥ ਨਾਲ ਮਿਲਦੇ ਹਨ। ਉੱਤੇ ਲਿਖਿਆ ਹੈ ਕਿ ‘ਨਿਬੰਧ ਉਹ ਵਿਆਖਿਆ ਹੈ ਜਿਸ ਵਿਚ ਅਨੇਕ ਮਤਾਂ ਦਾ ਸੰਗ੍ਰਹਿ ਹੋਵੇ।’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜੇਕਰ ਅਨੇਕਾਂ ਮਤਾਂ ਦੀ ਵਿਆਖਿਆ ਨਹੀਂ ਤਾਂ ਘੱਟੋ ਘੱਟ ਇਹ ਅਨੇਕਾਂ ਬਾਣੀਕਾਰਾਂ (ਗੁਰੂ ਸਾਹਿਬਾਨ, ਭਗਤ ਸਾਹਿਬਾਨ ਤੇ ਭੱਟ ਸਾਹਿਬਾਨ ਆਦਿ) ਦੇ ਵਿਚਾਰਾਂ ਦਾ ਸੰਗ੍ਰਹਿ ਜ਼ਰੂਰ ਹੈ।

ਨਿਬੰਧ ਦਾ ਪ੍ਰਚੱਲਤ ਭਾਵ

ਅਜੋਕੇ ਸਾਹਿਤ-ਮੰਡਲ ਵਿਚ ਨਿਬੰਧ ਦਾ ਪ੍ਰਚੱਲਤ ਭਾਵ ਕੁਝ ਇਸ ਤਰ੍ਹਾਂ ਹੈ: “ਅਜਿਹਾ ਲੇਖ ਜਿਸ ਵਿਚ ਪਰੰਪਰਾਗਤ ਵਿਚਾਰਾਂ ਦੇ ਨਾਲ-ਨਾਲ ਲੇਖਕ ਆਪਣੇ ਨਿੱਜੀ ਵਿਚਾਰਾਂ, ਭਾਵਾਂ ਅਤੇ ਮਨੋਬਿਰਤੀਆਂ ਦਾ ਪ੍ਰਗਟਾਉ ਆਪਣੀ ਭਾਸ਼ਾ ਤੇ ਸ਼ੈਲੀ ਦੁਆਰਾ ਕਰਦਾ ਹੈ।”1 ਜਾਂ ਇਉਂ ਕਹੋ ਕਿ “ਕਿਸੇ ਵਸਤੂ, ਵਿਅਕਤੀ, ਘਟਨਾ ਜਾਂ ਸਿਧਾਂਤ ਦੇ ਸਬੰਧ ਵਿਚ ਕੁਝ ਲੜੀਵਾਰ ਵਿਚਾਰਾਂ ਨੂੰ ਲਿਪੀਬੱਧ ਕਰਨ ਦਾ ਨਾਂ ਨਿਬੰਧ ਹੈ।”

ਅੰਗਰੇਜ਼ੀ ਭਾਸ਼ਾ ਵਿਚ ਨਿਬੰਧ ਦੇ ਅਰਥਾਂ ਵਿਚ ਸ਼ਬਦ ਹੈ Essay, ਜੋ ਕਿ ਫ਼ਰਾਂਸੀਸੀ ਦੇ ਸ਼ਬਦ ESSAI ਦਾ ਹੀ ਵਟਵਾਂ ਰੂਪ ਹੈ। ਫ਼ਰਾਂਸੀਸੀ ਮੂਲ ਸ਼ਬਦ ਦਾ ਭਾਵ ਹੈ ਕੋਸ਼ਿਸ਼ ਜਾਂ ਯਤਨ। ਪਰ ਹੁਣ ਅਜੋਕੇ ਸਾਹਿਤ ਦੇ ਅਰਥਾਂ ਵਿਚ ਅੰਗਰੇਜ਼ੀ ਦੇ ਸਾਹਿਤਕਾਰਾਂ ਨੇ ਇਸ ਸ਼ਬਦ ਦੀ ਤਾਰੀਫ਼ ਇਉਂ ਕੀਤੀ ਹੈ:

A literary composition on some special subject, ana-lytical, expositary critically or reflective and personal, com- monly briefer and less complete and formal than a trea- ties.”2

ਅਜੋਕੇ ਨਿਬੰਧ ਜਾਂ Essay ਦੀ ਵਿਆਖਿਆ ਵੱਖ-ਵੱਖ ਚਿੰਤਕਾਂ ਤੇ ਵਿਦਵਾਨਾਂ ਨੇ ਵੱਖੋ-ਵੱਖਰੀ ਕੀਤੀ ਹੈ। ਕੋਈ ਇਸ ਨੂੰ ‘ਮਨ ਦਾ ਖੁੱਲ੍ਹਾ ਵਹਾਅ’ ਕਹਿੰਦਾ ਹੈ ਤੇ ਕੋਈ ਕਹਿੰਦਾ ਹੈ ਕਿ ਇਸ ਦਾ ਖਾਕਾ ਅਮਿਥਵਾਂ ਹੈ। ਵਿਸ਼ੇ, ਰੂਪ, ਸ਼ੈਲੀ ਤੇ ਹੋਰ ਪੱਖਾਂ ਤੋਂ ਵੀ ਇਹ ਇਤਨਾ ਵੰਨ-ਸੁਵੰਨਾ ਹੈ ਕਿ ਇਸ ਬਾਰੇ ਕਿਸੇ ਖਾਸ ਨੇਮ ਤੇ ਤਰਤੀਬ ਵਿਚ ਕਹਿਣਾ ਅਸੰਭਵ ਹੈ।3
ਨਿਬੰਧ ਦੀ ਕੋਈ ਭੀ ਤਾਰੀਫ਼ ਕੀਤੀ ਜਾਏ ਜਾਂ ਇਸ ਦੇ ਗੁਣ ਕੁਝ ਵੀ ਮਿੱਥੇ ਜਾਣ, ਅਜੋਕੇ ਸਾਹਿਤ-ਖੇਤਰ ਵਿਚ ਇਹ ਗੱਲ ਆਮ ਤੌਰ ’ਤੇ ਪ੍ਰਵਾਨਿਤ ਹੈ ਕਿ ਨਿਬੰਧ ਕਿਸੇ ਭੀ ਵਿਸ਼ੇ ਜਾਂ ਵਸਤੂ ਤੇ ਕਿਸੇ ਵਿਸ਼ੇ ਦੀ ਸ਼ਾਖਾ ’ਤੇ ਇਕ ਖਾਸ ਆਕਾਰ ਵਿਚ ਲਿਖਿਆ ਲੇਖ ਕਿਹਾ ਜਾ ਸਕਦਾ ਹੈ।

ਨਿਬੰਧ ਕਾਵਿ- ਕਵਿਤਾ ਵਿਚ ਲਿਖੇ ਨਿਬੰਧ ਦਾ ਨਾਮ ਹੈ ਨਿਬੰਧ-ਕਾਵਿ। ਵਾਰਤਕ ਵਿਚ ਲਿਖੇ ਨਿਬੰਧ ਤੇ ਨਿਬੰਧ-ਕਾਵਿ ਵਿਚ ਕੇਵਲ ਇਹੋ ਅੰਤਰ ਨਹੀਂ ਕਿ ਪਹਿਲਾ ਵਾਰਤਕ ਵਿਚ ਹੈ ਤੇ ਦੂਜਾ ਕਵਿਤਾ ਵਿਚ। ਪਰ ਜਿਵੇਂ ਵਾਰਤਕ ਵਿਚ ਨਿਬੰਧ ਦੇ ਗਿਣੇ-ਮਿਥੇ ਲੱਛਣ ਨਹੀਂ ਹਨ, ਇਸੇ ਤਰ੍ਹਾਂ ਨਿਬੰਧ-ਕਾਵਿ ਦੀ ਭੀ ਕੋਈ ਬੱਝਵੀਂ ਤਾਰੀਫ਼ ਨਹੀਂ ਕੀਤੀ ਜਾ ਸਕਦੀ। ਨਿਬੰਧ-ਕਾਵਿ ਇਕ ਪ੍ਰਬੰਧ-ਕਾਵਿ ਹੈ। ਪਰ ਹਰ ਪ੍ਰਬੰਧ-ਕਾਵਿ ਨਿਬੰਧ-ਕਾਵਿ ਨਹੀਂ। ਨਿਬੰਧ-ਕਾਵਿ ਦੀ ਤਾਰੀਫ਼ ਇਉਂ ਕੀਤੀ ਜਾ ਸਕਦੀ ਹੈ:

“ਕਿਸੇ ਖਾਸ ਵਿਸ਼ੇ ਨਾਲ ਸੰਬੰਧਿਤ ਉਹ ਲੰਮੇਰੀ ਕਾਵਿ-ਰਚਨਾ ਜਿਸ ਦੇ ਵਿਚਾਰ ਲੜੀਵਾਰ, ਜ਼ੰਜੀਰ ਦੀਆਂ ਕੜੀਆਂ ਵਾਂਙੂੰ ਅਗਾਂਹ ਤੁਰਨ ਤੇ ਕਿਸੇ ਖਾਸ ਆਦਰਸ਼ ਨੂੰ ਛੂਹਣ।”

ਅਜਿਹੀ ਰਚਨਾ ਦਾ ਕ੍ਰਮ ਅੱਗੇ-ਪਿੱਛੇ ਨਹੀਂ ਕੀਤਾ ਜਾ ਸਕਦਾ। ਇਸ ਨੂੰ ਵਿਚਾਰ-ਪ੍ਰਧਾਨ ਨਿਬੰਧ-ਕਾਵਿ ਵੀ ਕਿਹਾ ਜਾ ਸਕਦਾ ਹੈ। ਇਸ ਵਿਚ ਕੋਈ ਪਾਤਰ ਨਹੀਂ ਉਸਰਦੇ, ਸਗੋਂ ਵਿਚਾਰ ਹੀ ਅਗਾਂਹ ਤੁਰਦੀ ਹੈ। ਇਤਿਹਾਸ ਜਾਂ ਮਿਥਿਹਾਸ ਨਹੀਂ ਹੁੰਦਾ। ਵਿਚਾਰ ਤੋਰਨ ਲਈ ਜਾਂ ਉਦਾਹਰਣ ਵਾਸਤੇ ਇਤਿਹਾਸ ਜਾਂ ਮਿਥਿਹਾਸ ਦੇ ਹਵਾਲੇ ਭਾਵੇਂ ਹੋਣ, ਕਥਾ ਜਾਂ ਕਹਾਣੀ ਨਹੀਂ ਹੁੰਦੀ, ਵਿਚਾਰ ਦੀ ਸਪੱਸ਼ਟਤਾ ਜਾਂ ਪ੍ਰਸ਼ਨੋਤਰੀ ਰੂਪ ਵਿਚ ਗਿਆਨ-ਚਰਚਾ ਜਾਂ ਗੋਸ਼ਟੀ ਭਾਵੇਂ ਹੋਵੇ। ਪਰ ਗੋਸ਼ਟੀ ਵਿਚ ਕਿਸੇ ਨਾਟਕ ਵਾਂਗ ਪਾਤਰ ਨਹੀਂ ਹੁੰਦੇ, ਕੇਵਲ ਖ਼ਿਆਲਾਂ ਦੀ ਉਸਾਰੀ ਲਈ ਸੱਚੀ ਜਾਂ ਕਲਪਿਤ ਗੋਸ਼ਟੀ ਕਰਨ ਵਾਲੇ ਪਾਤਰ ਲਏ ਜਾਂਦੇ ਹਨ। ਪਰ ਵਿਚਾਰ-ਚਰਚਾ ਨਾਲ ਵਿਚਾਰ ਉਸਰਦੀ ਹੈ, ਪਾਤਰ ਨਹੀਂ ਉੱਘੜਦੇ।

ਕਿਸੇ ਨਿਬੰਧ-ਕਾਵਿ ਵਿਚ ਜੋ ਭੀ ਵਿਸ਼ਾ ਲਿਆ ਜਾਏ ਉਸ ਦਾ ਸੂਤਰਬੱਧ ਹੋਣਾ ਤਾਂ ਜ਼ਰੂਰੀ ਹੈ ਹੀ, ਉਸ ਦਾ ਨਿਭਾਅ ਵੀ ਸੰਪੂਰਨ ਹੋਣਾ ਚਾਹੀਦਾ ਹੈ। ਭਾਵੇਂ ਛੰਦ ਤੇ ਤੁਕਾਂਤ ਬਦਲਣੇ ਰਹਿਣ; ਅਲੰਕਾਰ ਤੇ ਉਪਮਾਵਾਂ ਰਾਹੀਂ ਰਸ ਤੇ ਰੰਗ ਕਾਇਮ ਰੱਖਿਆ ਜਾਏ, ਉਸ ਵਿਚ ਇਕ ਬੱਝਵਾਂ ਵੇਗ ਤੇ ਸਰੋਦ ਵੀ ਲੋੜੀਂਦਾ ਹੈ।

ਕਾਵਿਕ ਗੁਣਾਂ ਕਰਕੇ ਨਿਬੰਧ-ਕਾਵਿ ਦੀ ਪਰਖ ਕੇਵਲ ਵਿਸ਼ੇ ਜਾਂ ਵਿਸ਼ੇ ਦੀ ਉਸਾਰੀ ਉੱਪਰ ਹੀ ਨਿਰਭਰ ਨਹੀਂ, ਕਾਵਿਕ ਖ਼ੂਬੀਆਂ ’ਤੇ ਭੀ ਆਧਾਰਿਤ ਹੈ। ਨਿਬੰਧ-ਕਾਵਿ ਵਿਚ ਸ਼ਿੰਗਾਰ ਜਾਂ ਹੋਰ ਅਜਿਹੇ ਰਸ ਨਹੀਂ ਵਰਤੇ ਜਾਂਦੇ ਜਿਨ੍ਹਾਂ ਨਾਲ ਜਜ਼ਬਾ ਤਾਂ ਉਭਰੇ ਪਰ ਵਿਚਾਰ ਪਛੜ ਜਾਣ। ਵਾਰਤਕ ਵਿਚ ਲਿਖੇ ਨਿਬੰਧ ਦੇ ਸਾਰੇ ਗੁਣ ਜਾਂ ਲੱਛਣ ਨਿਬੰਧ-ਕਾਵਿ ’ਤੇ ਲਾਗੂ ਨਹੀਂ ਹੋ ਸਕਦੇ। ਵਾਰਤਕ ਵਿਚ ਜੇ ਕੋਈ ਸ਼ਬਦ ਮੁੜ-ਮੁੜ ਕੇ ਦੁਹਰਾਇਆ ਜਾਏ ਤਾਂ ਇਹ ਔਗੁਣ ਹੈ ਤੇ ਚੰਗੀ ਵਾਰਤਕ ਦੀ ਨਿਸ਼ਾਨੀ ਨਹੀਂ, ਪਰ ਇਕ ਨਿਬੰਧ-ਕਾਵਿ ਵਿਚ ਕਈ ਵਾਰੀ ਇੱਕੇ ਸ਼ਬਦ ਦੀ ਮੁੜ-ਮੁੜ ਕੇ ਵਰਤੋਂ ਸੰਗੀਤਕ ਲੈਅ ਤੇ ਰਸ ਪੈਦਾ ਕਰਦੀ ਹੈ। (ਜਿਵੇਂ ਕਿ ਜਪੁਜੀ ਸਾਹਿਬ ਦੀਆਂ ਕਈ ਪਉੜੀਆਂ ਜਾਂ ਤਾਂ ਇੱਕੋ ਸ਼ਬਦ ਨਾਲ ਸ਼ੁਰੂ ਹੁੰਦੀਆਂ ਹਨ ਜਾਂ ਇੱਕੋ ਸ਼ਬਦ ਨਾਲ ਖ਼ਤਮ ਹੁੰਦੀਆਂ ਹਨ।) ਵਾਰਤਕ ਨਿਬੰਧ ਵਿਚ ਕਈ ਵਾਰ ਰੁੱਖਾਪਣ ਭਾਵੇਂ ਆ ਜਾਵੇ ਨਿਬੰਧ-ਕਾਵਿ ਵਿਚ ਦਰਸ਼ਨ ਤੇ ਵਿਚਾਰ ਦੇ ਬਾਵਜੂਦ ਰੁੱਖਾਪਣ ਨਹੀਂ ਆਉਣਾ ਚਾਹੀਦਾ।

ਕਾਮਯਾਬ ਨਿਬੰਧ ਭਾਵੇਂ ਵਾਰਤਕ ਵਿਚ ਹੋਵੇ ਤੇ ਭਾਵੇਂ ਕਵਿਤਾ ਵਿਚ, ਉਸ ਦਾ ਅਸਰ ਚਿਰ-ਰਹਿਣਾ ਹੁੰਦਾ ਹੈ। ਉਸ ਵਿਚ ਅੰਕਿਤ ਕਈ ਵਿਚਾਰ ਹਵਾਲੇ ਬਣ ਕੇ ਵਰਤੀਣ ਲੱਗ ਜਾਂਦੇ ਹਨ ਅਤੇ ਕਈ ਤਾਂ ਮੁਹਾਵਰੇ ਬਣ ਜਾਂਦੇ ਹਨ। ਪਰ ਇਹ ਇਕ ਨਿਬੰਧ-ਕਾਵਿ ਦੀ ਹੀ ਖ਼ੂਬੀ ਹੈ ਕਿ ਸਾਰੇ ਦਾ ਸਾਰਾ ਨਿਬੰਧ ਕਾਵਿਕ ਗੁਣਾਂ ਕਰਕੇ ਹਜ਼ਾਰਾਂ ਲੋਕਾਂ ਨੂੰ ਯਾਦ ਹੋ ਸਕਦਾ ਹੈ। ਇਸ ਦੀਆਂ ਜਿਊਂਦੀਆਂ-ਜਾਗਦੀਆਂ ਮਿਸਾਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਹਨ। ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਆਦਿ ਲੰਬੀਆਂ ਪਾਵਨ ਬਾਣੀਆਂ ਹਨ, ਜੋ ਕਿ ਹਜ਼ਾਰਾਂ-ਲੱਖਾਂ ਨੂੰ ਯਾਦ ਹਨ। ‘ਅੰਮ੍ਰਿਤ ਬਚਨ’ ਚਾਹੇ ਉਹ ਨਜ਼ਮ ਵਿਚ ਹਨ ਜਾਂ ਨਸਰ ਵਿਚ, ਉਨ੍ਹਾਂ ਵਿਚ ਬਹੁਤ ਹੀ ਨੇੜਤਾ ਆ ਜਾਂਦੀ ਹੈ। ਪ੍ਰੋ. ਪੂਰਨ ਸਿੰਘ ਦੇ ਇਹ ਸ਼ਬਦ ਕਿਤਨੇ ਭਾਵਪੂਰਤ ਹਨ: ‘ਨਸਰ ਤੇ ਨਜ਼ਮ ਵਿਚ ਫ਼ਰਕ ਬੜਾ ਘੱਟ ਰਹਿ ਜਾਂਦਾ ਹੈ ਜਦ ਕਿ ਅਨੁਭਵੀ ਪੁਰਸ਼ਾਂ ਦੇ ਵਚਨਾਂ ਦੀ ਮਿੱਠਤ ਦੀ ਗੋਂਦ ਹੋਵੇ। ਅੰਮ੍ਰਿਤ ਬਚਨ ਨਸਰ ਵਿਚ ਹੀ ਨਜ਼ਮ ਹਨ  ਤੇ ਨਜ਼ਮ ਵਿਚ ਰੱਬੀ ਗੀ  ਹਨ।’ ਹੈ ਭੀ ਠੀਕ; ਉੱਚੇ-ਸੁੱਚੇ ਬੋਲ ਤੇ ਦਰਸ਼ਨ-ਭਰਪੂਰ ਵਿਚਾਰ ਭਾਵੇਂ ਕਵਿਤਾ ਦੇ ਜਾਮੇ ਵਿਚ ਹਨ ਤੇ ਭਾਵੇਂ ਵਾਰਤਕ ਰੂਪ ਵਿਚ, ਉਨ੍ਹਾਂ ਦੀ ਕੀਮਤ ਇੱਕੋ ਜਿਹੀ ਹੀ ਹੈ।

ਪਰ ਇਕ ਨਿਬੰਧ-ਕਾਵਿ ਦੀ ਸਮਰੱਥਾ ਉਸ ਦੇ ਪ੍ਰਬੰਧ-ਕਾਵਿ ਹੋਣ ਵਿਚ ਹੈ। ਨਿਬੰਧ-ਕਾਵਿ ਦੀਆਂ ਵੱਖ-ਵੱਖ ਟੁਕੜੀਆਂ ਕਿਸੇ ਇਕ ਵਿਸ਼ੇ ਨੂੰ ਲੈ ਕੇ ਉਸ ਵੱਲ ਤੁਰਦੀਆਂ ਹਨ, ਉਸ ਦੀ ਇਕ-ਇਕ ਤੁਕ ਇਕ-ਇਕ ਖ਼ਿਆਲ ਨੂੰ ਉਸਾਰਨ ਵਿਚ ਸਹਾਈ ਹੁੰਦੀ ਹੈ ਤੇ ਇਕ-ਇਕ ਖ਼ਿਆਲ ਉਸ ਸਾਰੇ ਵਿਸ਼ੇ ਨੂੰ ਨਿਭਾਉਣ ਲਈ ਘੜਿਆ ਜਾਂਦਾ ਹੈ। ਜੇ ਵਾਰਤਕ ਨਿਬੰਧ ਵਿਚ ਇਕ-ਇਕ ਖ਼ਿਆਲ ਲਈ ਪੈਰ੍ਹੇ ਬਣਦੇ ਹਨ ਤਾਂ ਨਿਬੰਧ-ਕਾਵਿ ਵਿਚ ਬੰਦ, ਜਿਨ੍ਹਾਂ ਨਾਲ ਤੁਕਾਂਤ ਤੇ ਕਈ ਵਾਰੀ ਛੰਤ ਰੂਪ ਵੀ ਬਦਲ ਜਾਂਦਾ ਹੈ, ਪਰ ਸ਼ੈਲੀ ਤੇ ਖ਼ਿਆਲਾਂ ਦੀ ਲੜੀ ਨੂੰ ਕਾਇਮ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਦੀ ਸਭ ਤੋਂ ਵਧੀਆ ਮਿਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸ਼ਾਇਦ ਜਪੁਜੀ ਸਾਹਿਬ ਹੈ, ਜਿਸ ਵਿਚ ਨਿਬੰਧ-ਕਾਵਿ ਦੇ ਐਸੇ ਗੁਣ ਹਨ ਜੋ ਕਿ ਇਸ ਨੂੰ ਅਤਿ ਕਾਮਯਾਬ ਬਣਾਉਂਦੇ ਹਨ।

ਇਹ ਨਿਸਚਿਤ ਹੈ ਕਿ ਕਿਸੇ ਬੋਲੀ ਦੇ ਸਾਹਿਤ ਵਿਚ ਵੱਖ-ਵੱਖ ਵਿਸ਼ਿਆਂ ’ਤੇ ਨਿਬੰਧ-ਕਾਵਿਕ ਰੂਪ ਵਿਚ ਪਹਿਲਾਂ ਉਚਾਰਨ ਹੋਏ। ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਵਿਚ ਹਜ਼ਾਰਾਂ ਹੀ ਨਿਬੰਧ-ਕਾਵਿ ਮਿਲਦੇ ਹਨ। ਇੰਞ ਹੀ ਅੰਗਰੇਜ਼ੀ ਤੇ ਹੋਰ ਬਦੇਸ਼ੀ ਬੋਲੀਆਂ ਵਿੱਚੋਂ ਵੀ ਕਈ ਨਿਬੰਧ-ਕਾਵਿ ਲੱਭ ਸਕਦੇ ਹਨ। ਪੋਪ ਵੱਲੋਂ ਉਚਾਰਨ ਕੀਤਾ ਇਕ ਨਿਬੰਧ-ਕਾਵਿ Essay On Man ਤਾਂ ਬਹੁਤ ਹੀ ਪ੍ਰਸਿੱਧ ਹੈ। ਇਹ Essay ਭਾਵ ਨਿਬੰਧ ਹੈ ਤੇ ਹੈ ਕਵਿਤਾ ਵਿਚ। ਇੰਞ ਹੀ ਹੋਰ ਅਨੇਕ ਮਿਸਾਲਾਂ ਲੱਭ ਸਕਦੀਆਂ ਹਨ।

ਆਧੁਨਿਕ ਰੂਪ ਵਿਚ ਪੰਜਾਬੀ ਵਿਚ ਵਾਰਤਕ ਨਿਬੰਧ ਵਧੇਰੇ ਕਰਕੇ ਸਾਨੂੰ ਅੰਗਰੇਜ਼ੀ ਸਾਹਿਤ ਦੀ ਦੇਣ ਹੈ, ਪਰ ਪੰਜਾਬੀ ਵਿਚ ਨਿਬੰਧ-ਕਾਵਿ ਸੰਸਕ੍ਰਿਤ ਜਾਂ ਬ੍ਰਿਜਭਾਸ਼ਾ ਦੀ ਦੇਣ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਬੰਧ-ਕਾਵਿ

ਸ੍ਰੀ ਗੁਰੂ ਗ੍ਰੰਥ ਸਾਹਿਬ ਲੜੀਬੱਧ ਵਿਚਾਰਾਂ ਵਿਚ ਪਰੁੱਤਾ ਹੋਇਆ ਕੋਈ ਮਹਾਂ-ਕਾਵਿ ਜਾਂ ਸਮੁੱਚੇ ਤੌਰ ’ਤੇ ਇਕ ਪ੍ਰਬੰਧ-ਕਾਵਿ ਜਾਂ ਨਿਬੰਧ-ਕਾਵਿ ਨਹੀਂ। ਇਸ ਵਿਚ ਪ੍ਰਬੰਧ-ਕਾਵਿ ਹਨ ਤੇ ਨਿਬੰਧ-ਕਾਵਿ ਵੀ। ਚੂੰਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਖ-ਵੱਖ ਸਮਿਆਂ ਵਿਚ ਰਚੀ ਗਈ ਵੱਖ-ਵੱਖ ਮਹਾਂਪੁਰਸ਼ਾਂ ਦੀ ਬਾਣੀ ਦਾ ਸੰਗ੍ਰਹਿ ਹੈ ਇਸ ਲਈ ਇਸ ਵਿਚ ਕਈ ਥਾਈਂ ਖ਼ਿਆਲਾਂ ਦਾ ਦੁਹਰਾਅ ਹੈ ਤੇ ਕਈ ਥਾਈਂ ਇੱਕੋ ਭਾਵ ਦੇ ਕਈ-ਕਈ ਸ਼ਬਦ ਹਨ। ਕਈ ਥਾਈਂ ਇਕ ਖ਼ਿਆਲ ਨੂੰ ਸਪੱਸ਼ਟ ਕਰਨ ਲਈ ਜਾਂ ਪਾਠਕ ਦੇ ਮਨ ਅੰਦਰ ਵਸਾਉਣ ਵਾਸਤੇ ਵੱਖ-ਵੱਖ ਅਨੇਕਾਂ ਮਿਸਾਲਾਂ ਦਿੱਤੀਆਂ ਗਈਆਂ ਹਨ।
 
ਦਰਅਸਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਦਿਆਂ ਤੇ ਸਲੋਕਾਂ ਆਦਿ ਦੇ ਰੂਪ ਵਿਚ ਵਿੱਕੋਲਿਤਰੇ ਅਨੇਕਾਂ ਖ਼ਿਆਲ, ਜੋ ਕਈ ਥਾਈਂ ਗੰਭੀਰ ਹਨ ਤੇ ਕਈ ਥਾਈਂ ਸਰਲ, ਸਾਗਰ ਵਿਚ ਪਏ ਮੋਤੀਆਂ ਵਾਂਗ ਛੁਪੇ ਪਏ ਹਨ। ਇਨ੍ਹਾਂ ਨਿੱਕੀਆਂ ਰਚਨਾਂਵਾਂ ਨੂੰ ‘ਸ਼ਬਦ’ ਕਹਿੰਦੇ ਹਨ, ਪਰ ਕਈ ਲੜੀਬੱਧ ਲੰਬੀਆਂ ਰਚਨਾਂਵਾਂ ਹਨ। ਕਈ ਲੰਬੀਆਂ ਰਚਨਾਂਵਾਂ ‘ਬਾਣੀਆਂ’ ਕਹੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕੁ ਬਾਣੀਆਂ ਨਿਬੰਧ-ਕਾਵਿ ਦੀ ਕਸਵੱਟੀ ’ਤੇ ਪੂਰੀਆਂ ਉਤਰਦੀਆਂ ਹਨ।

ਕੁਝ ਕੁ ਨਿੱਕੀਆਂ ਬਾਣੀਆਂ ਵੀ ਹਨ ਜੋ ਨਾ ਤਾਂ ਸ਼ਬਦ ਕਹੀਆਂ ਜਾ ਸਕਦੀਆਂ ਹਨ ਤੇ ਨਾ ਹੀ ਸੰਪੂਰਨ ਰੂਪ ਵਿਚ ਬਾਣੀਆਂ ਹਨ। ਕੁਝ ਕੁ ਅਜਿਹੀਆਂ ਨਿੱਕੀਆਂ ਬਾਣੀਆਂ ਉੱਤੇ ਵੱਡੀਆਂ ਬਾਣੀਆਂ ਵਾਂਗ ਸਿਰਲੇਖ ਵੀ ਹਨ, ਜੋ ਕਿ ਉਨ੍ਹਾਂ ਵਿਚਲੇ ਵਿਸ਼ੇ ਤੇ ਵਸਤੂ ਦਾ ਸੁਝਾਅ ਦਿੰਦੇ ਹਨ। ਜਿਵੇਂ: ਸੋਦਰੁ, ਆਰਤੀ, ਪਹਰੇ, ਅਲਾਹਣੀਆਂ, ਕੁਚਜੀ, ਸੁਚਜੀ, ਸੋ ਪੁਰਖੁ, ਸਦੁ ਆਦਿ। ਕੁਝ ਕੁ ਅਜਿਹੇ ਲੰਬੇ ਸ਼ਬਦ ਹਨ ਜਿਨ੍ਹਾਂ ਉੱਪਰ ਵੱਖਰੇ ਸਿਰਲੇਖ ਨਹੀਂ ਲਿਖੇ ਹੋਏ। ਇਨ੍ਹਾਂ ਨਿੱਕੀਆਂ ਬਾਣੀਆਂ ਤੇ ਵੱਡੇ ਸ਼ਬਦਾਂ ਨੂੰ ਨਿੱਕੇ-ਨਿੱਕੇ ਨਿਬੰਧ-ਕਾਵਿ ਕਿਹਾ ਜਾ ਸਕਦਾ ਹੈ। ਡਾ. ਤਾਰਨ ਸਿੰਘ ਨੇ ਆਪਣੀ ਪੁਸਤਕ ‘ਗੁਰੂ ਨਾਨਕ ਚਿੰਤਨ ਤੇ ਕਲਾ’ (ਪੰਨਾ 85) ਵਿਚ ਇਹੋ ਜਿਹੀਆਂ ਨਿੱਕੀਆਂ ਬਾਣੀਆਂ ਤੇ ਲੰਬੇ ਸ਼ਬਦਾਂ ਨੂੰ ‘ਸਮੱਸਿਆਵੀ ਕਾਵਿ’ ਲਿਖਿਆ ਹੈ। ਅਸਲ ਵਿਚ ਇਨ੍ਹਾਂ ਬਾਣੀਆਂ ਆਦਿ ਦੇ ਸਿਰਲੇਖਾਂ ਵਿੱਚੋਂ ਕਈ ਲੋਕ-ਕਾਵਿ-ਰੂਪਾਂ ਦੇ ਨਾਮ ਹਨ ਪਰ ਇਨ੍ਹਾਂ ਵਿੱਚੋਂ ਕੁਝ ਕੁ ਰਚਨਾਂਵਾਂ ਤਾਂ ਸੱਚਮੁੱਚ ਨਿੱਕੇ- ਨਿੱਕੇ ਨਿਬੰਧ-ਕਾਵਿ ਲੱਗਦੀਆਂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿੱਕੇ ਨਿਬੰਧ-ਕਾਵਿ

ਇਨ੍ਹਾਂ ਨਿੱਕੇ-ਨਿੱਕੇ ਨਿਬੰਧ-ਕਾਵਾਂ ਵਿੱਚੋਂ ਕੁਝ ਇਕ ’ਤੇ ਸੰਖੇਪ ਜਿਹੀ ਵਿਚਾਰ ਕਰਦੇ ਹਾਂ।

ਸੋਦਰੁ: ਸੋਦਰੁ ਦਾ ਸ਼ਬਦ ਜੋ ਕਿ ਇਕ ਸੰਖੇਪ ਨਿਬੰਧ-ਕਾਵਿ ਹੈ, ਸਿਰਫ਼ ਜਪੁਜੀ ਸਾਹਿਬ ਦੇ ਲੰਮੇਰੇ ਨਿਬੰਧ-ਕਾਵਿ ਦਾ ਹਿੱਸਾ ਹੀ ਨਹੀਂ ਸਗੋਂ ਰਹਿਰਾਸ ਤੇ ਰਾਗ ਆਸਾ ਵਿਚ ਵੀ ਆਇਆ ਹੈ ਭਾਵੇਂ ਕਿ ਇਨ੍ਹਾਂ ਵਿਚਕਾਰ ਨਾਂਮਾਤਰ ਸ਼ਬਦਾਂ ਨੂੰ ਪਰਿਵਰਤਤ ਕੀਤਾ ਹੋਇਆ ਹੈ। ਇਸ ਸ਼ਬਦ ਵਿਚ ਪ੍ਰਭੂ ਦੇ ਦਰ ਦਾ ਨਕਸ਼ਾ ਤੇ ਉਸ ਪ੍ਰਭੂ ਅੱਗੇ ਖੜ੍ਹੇ ਅਨੇਕਾਂ ਜੀਵ-ਜੰਤਾਂ ਤੇ ਪ੍ਰਕਿਰਤੀ ਦਾ ਅਲੌਕਿਕ ਦ੍ਰਿਸ਼ ਖਿੱਚਿਆ ਹੈ। ਇਹ ਬ੍ਰਹਿਮੰਡਕ ਵਿਸ਼ਾਲਤਾ ਦਾ ਇਕ ਬੇਮਿਸਾਲ ਸ਼ਬਦ ਹੈ। ਇਸ ਵਿਚ ਸਾਰੇ ਬ੍ਰਹਿਮੰਡ ਦੇ ਪ੍ਰਬੰਧ ਲਈ ਰਾਗਾਤਮਕਤਾ ਨੂੰ ਕਾਰਨ ਦਰਸਾਇਆ ਹੈ। ਪਰਮਾਤਮਾ ਸਭ ਦੀ ਸੰਭਾਲ ਕਰ ਰਿਹਾ ਹੈ। ਉਸ ਦੀ ਰਜ਼ਾ ਵਿਚ ਰਹਿਣਾ ਤੇ ਉਸ ਦੀ ਰਾਗਾਤਮਕਤਾ ਨਾਲ ਇਕ-ਸੁਰ ਹੋਣਾ ਹੀ ਭਗਤੀ ਹੈ। ਇੰਞ ਪ੍ਰਤੀਤ ਹੁੰਦਾ ਹੈ ਕਿ ਪਰਮਾਤਮਾ  ਕਿਸੇ ਇਕ ਖਾਸ ਕੇਂਦਰ ਤੋਂ ਸਾਰੇ ਬ੍ਰਹਿਮੰਡ ਨੂੰ ਕਿਸੇ ਮਿਥੇ ਪ੍ਰਬੰਧ ਹੇਠ ਚਲਾ ਰਿਹਾ ਹੈ।

ਸੋ ਪੁਰਖੁ: ਇੰਞ ਹੀ ‘ਸੋ ਪੁਰਖੁ’ ਦਾ ਸ਼ਬਦ, ਜੋ ਕਿ ਪੰਜ ਬੰਦਾਂ ਦਾ ਲੰਬਾ ਸ਼ਬਦ ਹੈ, ਵਿਚ ਵੀ ਇਕ ਖ਼ਿਆਲ ਉਸਾਰਿਆ ਗਿਆ ਹੈ ਕਿ ਉਹ ਅਕਾਲ ਪੁਰਖ ਅਗੰਮ, ਅਪਾਰ ਤੇ ਸਿਰਜਣਹਾਰ ਹੈ ਤੇ ਉਸ ਦੀ ਆਰਾਧਨਾ ਕਰਨ ਵਾਲੇ ਸੁਖ ਤੇ ਸ਼ਾਂਤੀ ਦੀ ਪ੍ਰਾਪਤੀ ਕਰਦੇ ਹਨ। ਇਹ ਸ਼ਬਦ ਵੀ ਰਹਿਰਾਸ ਸਾਹਿਬ ਤੇ ਆਸਾ ਰਾਗ ਵਿਚ ਦੋ ਥਾਈਂ ਅੰਕਿਤ ਹੈ।

ਆਰਤੀ: ‘ਆਰਤੀ’ ਦਾ ਇਕ ਸ਼ਬਦ ਜੋ ਕਿ ਰਾਤ ਦੀ ਬਾਣੀ ‘ਸੋਹਿਲਾ’ ਦਾ ਹਿੱਸਾ ਹੈ ਤੇ ਧਨਾਸਰੀ ਰਾਗ ਵਿਚ ਵੀ ਅੰਕਿਤ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਅਲੌਕਿਕ ਖ਼ਿਆਲ ਦ੍ਰਿਸ਼ਟੀਗੋਚਰਾ ਲਿਆਂਦਾ ਹੈ। ਆਪ ਨੇ ਉਸ ਅਕਾਲ ਪੁਰਖ ਦੀ ਅਨਾਹਤ ਆਰਤੀ ਹੁੰਦੀ ਦੱਸੀ ਹੈ।

ਪਹਰੇ: ਇਹ ਵੀ ਇਕ ਨਿੱਕਾ ਨਿਬੰਧ ਹੀ ਹਨ। ਇਥੇ ਉਮਰ ਨੂੰ ਦਿਨ ਜਾਂ ਰਾਤ ਨਾਲ ਉਪਮਾ ਦਿੱਤੀ ਗਈ ਹੈ ਅਤੇ ਦੱਸਿਆ ਹੈ ਕਿ ਇਨ੍ਹਾਂ ਦਿਨ ਜਾਂ ਰਾਤ ਦੇ ਪਹਿਰ ਭਾਵ ਅੱਡ-ਅੱਡ ਹਿੱਸੇ ਬਾਲਪਨ, ਜਵਾਨੀ, ਬੁਢੇਪਾ ਆਦਿ ਹਨ, ਜੋ ਕਿ ਖੇਡਣ ਕੁੱਦਣ, ਕਾਮਾਦਕ ਰਸਾਂ, ਧਨ ਤੇ ਪਦਵੀ ਆਦਿ ਦੇ ਲਾਲਚ ਵਿਚ ਹੀ ਬੀਤ ਜਾਂਦੇ ਹਨ। ਵਿਚਾਰ ਇਹ ਹੈ ਕਿ ਜੀਵਨ ਬਹੁਤ ਜ਼ਰੂਰੀ ਹੈ, ਇਸ ਨੂੰ ਨਿਰਾਰਥਕ ਨਹੀਂ ਬਿਤਾਉਣਾ ਚਾਹੀਦਾ। ਜੀਵਨ ਦਾ ਅਸਲ ਮੰਤਵ ਪ੍ਰਭੂ-ਮਿਲਾਪ ਹੈ, ਉਸ ਲਈ ਹੀ ਸਾਨੂੰ ਯਤਨ ਕਰਨਾ ਚਾਹੀਦਾ ਹੈ।

ਅਲਾਹਣੀਆਂ: ਆਮ ਪੰਜਾਬੀ ਭਾਵ ਅਨੁਸਾਰ ਅਲਾਹਣੀਆਂ ਮੌਤ ਦੇ ਗੀਤ ਹਨ। ਇਹ ਕਿਸੇ ਦੀ ਮੌਤ ਸਮੇਂ ਹੀ ਗਾਏ ਜਾਂਦੇ ਹਨ, ਪਰ ਗੁਰੂ ਸਾਹਿਬਾਨ ਦੀਆਂ ਅਲਾਹਣੀਆਂ ਵੱਖਰੀਆਂ ਹਨ, ਇਹ ਹਨ ਅਧਿਆਤਮਕ। ਇਨ੍ਹਾਂ ਵਿੱਚ ਇਕ ਵਿਸ਼ਾ-ਵਸਤੂ ਹੈ। ਆਮ ਅਲਾਹਣੀਆਂ ਵਾਂਗ ਇਨ੍ਹਾਂ ਦਾ ਸਮੁੱਚਾ ਪ੍ਰਭਾਵ ਨਿਰਾਸ਼ਤਾ ਵਾਲਾ ਨਹੀਂ ਪੈਂਦਾ, ਭਾਵ ਵਾਯੂਮੰਡਲ ਮੌਤ ਦਾ ਹੀ ਬੱਝਦਾ ਹੈ ਪਰ ਉਪਦੇਸ਼ ਇਹ ਹੈ ਕਿ ਮੌਤ ਨੂੰ ਖਿੜੇ-ਮੱਥੇ ਸਹਾਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮੌਤ ਤੋਂ ਪਹਿਲਾਂ ਹੀ ਮਰ ਨਹੀਂ ਜਾਣਾ ਚਾਹੀਦਾ। ਅਲਾਹਣੀਆਂ ਵਿਚ ਇਹ ਭੇਦ ਹੀ ਦੱਸਿਆ ਹੈ ਕਿ ਮਾਇਆਧਾਰੀ ਤੇ ਗੁਰਮੁਖ ਵਿਚ ਕੀ ਫ਼ਰਕ ਹੈ, ਆਮ ਮਨੁੱਖ ਦੀ ਮੌਤ ਤੇ ਸ਼ਹੀਦ ਦੀ ਮੌਤ ਵਿਚ ਕੀ ਅੰਤਰ ਹੈ! ਅਲਾਹਣੀਆਂ ਮੌਤ ਦੇ ਵਿਸ਼ੇ ’ਤੇ ਅਧਿਆਤਮਕ ਪੱਖ ਤੋਂ ਨਿਬੰਧ-ਕਾਵਿ ਹਨ।

ਕੁਚਜੀ ਤੇ ਸੁਚਜੀ: ਇੰਞ ਹੀ ਕੁਚਜੀ ਤੇ ਸੁਚਜੀ ਵਿਚ ਮਾੜੇ ਆਚਾਰ ਵਾਲਿਆਂ ਦੀਆਂ ਕਮਜ਼ੋਰੀਆਂ, ਗ਼ਲਤ ਰੁਚੀਆਂ, ਔਗੁਣ ਤੇ ਭੈੜੇ ਸੁਭਾਵ, ਜੋ ਪ੍ਰਭੂ-ਮਿਲਾਪ ਵਿਚ ਵਿਘਨ ਪਾਉਂਦੇ ਹਨ ਤੇ ਚੰਗੇ ਆਚਾਰ ਵਾਲੇ ਦੇ ਸ਼ੁਭ ਗੁਣ, ਚੰਗਿਆਈਆਂ ਤੇ ਗਹਿਰ-ਗੰਭੀਰ ਸੁਭਾਅ ਜੋ ਪ੍ਰਭੂ-ਮਿਲਾਪ ਵਿਚ ਸਹਾਈ ਹੁੰਦੇ ਹਨ, ਦਰਸਾਏ ਹਨ।
 
ਭਾਵੇਂ ਇਹ ਪੂਰੇ ਅਰਥਾਂ ਵਿਚ ਨਿਬੰਧ-ਕਾਵਿ ਤਾਂ ਨਹੀਂ ਕਿਉਂਕਿ ਇਨ੍ਹਾਂ ਵਿੱਚੋਂ ‘ ਕਾਫੀ’ ਕਾਵਿ-ਰੂਪ ਦੇ ਝਲਕਾਰੇ ਮਿਲਦੇ ਹਨ। ਪਰ ਕੁਚਜੀ ਤੇ ਸੁਚਜੀ ਸਿਰਲੇਖ ਹੇਠਾਂ ਸ਼ਬਦਾਂ ਨੂੰ ਇਕੱਠਿਆਂ ਪੜ੍ਹਨ ਨਾਲ ਇਹ ਚੰਗੇ ਤੇ ਮੰਦੇ ਆਚਾਰ ਭਾਵ ਸਦਾਚਾਰ ਤੇ ਦੁਰਾਚਾਰ ਦਾ ਇਕ ਚੰਗਾ ਤੁਲਨਾਤਮਕ ਅਧਿਐਨ ਹੈ।

ਗੁਰਬਾਣੀ ਵਿੱਚੋਂ ਕਈ ਹੋਰ ਸ਼ਬਦ ਜੋ ਕਿਸੇ ਸਿਰਲੇਖ ਹੇਠ ਤਾਂ ਨਹੀਂ ਹਨ ਪਰ ਲੱਗਦੇ ਨਿੱਕੇ-ਨਿੱਕੇ ਨਿਬੰਧ ਹਨ, ਮਿਲ ਸਕਦੇ ਹਨ। ਜਿਵੇਂ ਮਾਰੂ ਰਾਗ ਵਿਚ ਚੌਵੀ ਪਦਿਆਂ ਦੀ ਇਕ ਪਾਵਨ ਬਾਣੀ ਰੂਪ ਰਚਨਾ, ਜੋ ‘ਜੋਗੀ ਅੰਦਰਿ ਜੋਗੀਆ ਤੂੰ ਭੋਗੀ ਅੰਦਰਿ ਭੋਗੀਆ’ ਦੀ ਤੁਕ ਨਾਲ ਸ਼ੁਰੂ ਹੁੰਦੀ ਹੈ, ਇਕ ਚੰਗੀ ਮਿਸਾਲ ਹੈ। ਇਸ ਲੰਬੇ ਸ਼ਬਦ ਵਿਚ ਨਾ ਕੇਵਲ ਪ੍ਰਭੂ-ਉਸਤਤੀ ਹੀ ਹੈ, ਸਗੋਂ ਗੁਰੂ, ਸਤਿਸੰਗਤ, ਬਾਣੀ ਤੇ ਹੋਰ ਕਈ ਅੰਗਾਂ ਨੂੰ ਉਜਾਗਰ ਕੀਤਾ ਗਿਆ ਹੈ। ਮਿਠਾਸ ਤੇ ਵਿਸ਼ਾਲਤਾ ਨਾਲ ਲਿਪਟੀ ਹੋਈ ਇਹ ਪਾਵਨ ਬਾਣੀ ਰੂਪ ਰਚਨਾ ਇਕ ਨਿੱਕਾ ਜਿਹਾ ਨਿਬੰਧ ਹੀ ਤਾਂ ਹੈ।

ਆਸਾ ਕੀ ਵਾਰ ਵਿਚ ਵਿਸਮਾਦ ਵਾਲੇ, ਹਉ ਵਾਲੇ, ਸੂਤਕ ਵਾਲੇ ਤੇ ਭੰਡ ਵਾਲੇ ਸਲੋਕ ਨਿੱਕੇ-ਨਿੱਕੇ ਨਿਬੰਧ ਜਾਪਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਪੂਰਨ ਨਿਬੰਧ-ਕਾਵਿ

ਗੁਰਬਾਣੀ ਵਿਚ ਨਿੱਕੇ-ਨਿੱਕੇ ਨਿਬੰਧ-ਕਾਵਿ ਤਾਂ ਸੈਂਕੜੇ ਹੀ ਹਨ ਪਰ ਸੰਪੂਰਨ ਰੂਪ ਵਿਚ ਨਿਬੰਧ-ਕਾਵਿ ਲੰਬੀਆਂ ਬਾਣੀਆਂ ਵਿਚ ਹੀ ਹਨ। ਅੱਗੇ ਹੁਣ ਅਸੀਂ ਚਾਰ ਵੱਡੇ ਨਿਬੰਧ-ਕਾਵਿ ਰੂਪੀ ਪਾਵਨ ਬਾਣੀਆਂ ’ਤੇ ਵਿਚਾਰ ਕਰਦੇ ਹਾਂ। ਉਹ ਹਨ- ਜਪੁਜੀ ਸਾਹਿਬ, ਸਿਧ ਗੋਸਟਿ, ਸੁਖਮਨੀ ਸਾਹਿਬ ਤੇ ਅਨੰਦ ਸਾਹਿਬ। ਪਹਿਲੀਆਂ ਦੋ ਬਾਣੀਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਹਨ, ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਅਤੇ ਅਨੰਦ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ ਹੈ।

ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਦੇ ਵਿਸ਼ੇਸ਼ ਗੁਣਾਂ ਦਾ ਜ਼ਿਕਰ ਕਰਦੇ ਹੋਏ ਪ੍ਰੋ. ਸੀਤਾ ਰਾਮ ਬਾਹਰੀ ਨੇ ਲਿਖਿਆ ਹੈ, ‘(ਗੁਰੂ) ਨਾਨਕ (ਸਾਹਿਬ) ਦਾ-ਫ਼ਲਸਫ਼ਾ ਵਿਵੇਕ ਅਤੇ ਤਰਕ ਵਾਂਗ ਨਿਸ਼ੰਗ ਤੇ ਦ੍ਰਿੜ੍ਹ ਹੈ; ਸਰਸ ਕਾਵਿ ਵਾਂਗ ਸਜੀਵ ਤੇ ਰਾਗ ਭਰਪੂਰ ਹੈ, ਨਿਰਵੈਰ ਸ਼ਰਧਾ ਵਾਂਗ ਇਹ ਅਡੋਲ ਤੇ ਇਕਾਗਰ ਹੈ। ਸੁੱਚੇ ਮਨ ਦੀ ਪਵਿੱਤਰਤਾ, ਸੁੰਨ ਗਗਨ ਦੀ ਜੋਤ ਤੇ ਅਨਾਹਤ ਸੰਗੀਤ ਨੇ ਇਸ ਵਿਚ ਕਿਸੇ ਨਿਰਭੈ ਸ਼ੇਰ ਦੇ ਦਿਲ ਦੀ ਧੜਕਣ ਅਤੇ ਕਿਸੇ ਉੱਚੀਆਂ ਉਡਾਰੀਆਂ ਵਾਲੇ ਬਾਜ਼ ਦੀ ਨੀਝ ਪਾ ਦਿੱਤੀ ਹੈ। ਪਰ ਇਸ ਫ਼ਲਸਫ਼ੇ ਦਾ ਪ੍ਰਕਾਸ਼ ਉਸ ਨਿਮਾਣੀ ਸਾਧ-ਭਾਸ਼ਾ ਵਿਚ ਹੋਇਆ ਹੈ ਜੋ ਉਚੇਰੇ ਗਿਆਨ ਤੇ ਅਨੰਦ ਨੂੰ ਸੱਚਮੁੱਚ ਸੁਰਗਾਂ ਤੋਂ ਉਤਾਰ ਕੇ ਕਿਰਸਾਨਾਂ, ਕਾਮਿਆਂ ਤੇ ਸਾਧਾਰਨ ਜਨਾਂ ਦੀ ਬੁੱਕਲ ਵਿਚ ਪਾ ਦਿੰਦੀ ਹੈ।’ (‘ਨਾਨਕ-ਬਾਣੀ ਵਿਚ ਫ਼ਲਸਫ਼ਾ’, ਪੰਨਾ 9, ਪ੍ਰਕਾਸ਼ਕ ਪੰਜਾਬੀ ਵਿਭਾਗ, ਪੰਜਾਬ)

ਉੱਤਰੀ ਭਾਰਤ ਵਿਚ ਗੁਰੂ ਨਾਨਕ ਸਾਹਿਬ ਜੀ ਪਹਿਲੇ ਧਰਮ-ਪ੍ਰਵਰਤਕ ਸਨ ਜਿਨ੍ਹਾਂ ਨੇ ਲੋਕ-ਭਾਸ਼ਾ ਵਿਚ ਗੰਭੀਰ ਦਾਰਸ਼ਨਿਕ ਬਾਣੀਆਂ ਉਚਾਰੀਆਂ। ਆਪ ਦੀਆਂ ਪ੍ਰਸਿੱਧ ਦਾਰਸ਼ਨਿਕ ਬਾਣੀਆਂ ਹਨ: ਜਪੁਜੀ ਸਾਹਿਬ, ਸਿਧ ਗੋਸਟਿ, ਦੱਖਣੀ ਓਅੰਕਾਰ, ਆਸਾ ਕੀ ਵਾਰ, ਮਾਰੂ ਸੋਲਹੇ ਆਦਿ। ਪਹਿਲੀਆਂ ਦੋਵੇਂ ਸਭ ਤੋਂ ਵੱਧ ਦਾਰਸ਼ਨਿਕ ਹਨ ਤੇ ਨਿਬੰਧ-ਕਾਵਿ ਵੀ।

1. ਜਪੁਜੀ ਸਾਹਿਬ :

ਜਪੁਜੀ ਸਾਹਿਬ ਵਿਚਾਰ-ਪ੍ਰਧਾਨ ਸੂਤ੍ਰਿਕਾ ਬਾਣੀ ਹੈ। ਇਹ ਬਾਣੀ ਵਿਚਾਰ ਕਰਕੇ ਬਹੁਤ ਵੱਡਾ ਮਹੱਤਵ ਰੱਖਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਇਸ ਉਤਕ੍ਰਿਸ਼ਟ ਰਚਨਾ ਨੂੰ ਸਾਰੀ ਬਾਣੀ ਦਾ ਤੱਤ ਤੇ ਸਿਰਮੌਰ ਮੰਨਿਆ ਜਾਂਦਾ ਹੈ। ਵਿਚਾਰ ਤੇ ਕਲਾ ਦੋਹਾਂ ਹੀ ਪੱਖਾਂ ਤੋਂ ਇਹ ਸਰਬ-ਸ੍ਰੇਸ਼ਟ ਬਾਣੀ ਹੈ। ਸਿੱਖ ਧਰਮ ਦੇ ਮੂਲ ਸਿਧਾਂਤ ਤੇ ਬੁਨਿਆਦੀ ਨੇਮ ਇਸ ਬਾਣੀ ਵਿਚ ਅੰਕਿਤ ਹਨ। ਜਪੁਜੀ ਸਾਹਿਬ ਦੀ ਹੀ ਵਿਚਾਰਾਤਮਕ ਵਿਆਖਿਆ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੀਤੀ ਗਈ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੀ ਬਾਣੀ ਜਪੁਜੀ ਦੇ ਮੁੱਢਲੇ ਵਿਚਾਰਾਂ ਦਾ ਹੀ ਵਿਸਥਾਰ ਤੇ ਨਿਰੂਪਣ ਹੈ।

ਜਪੁਜੀ ਸਾਹਿਬ ਦਾ ਕੇਂਦਰੀ ਵਿਸ਼ਾ ਉਸ ‘ਸਚੁ’ ਰੂਪ ਕਰਤਾ ਪੁਰਖ ਦੀ ਵਿਆਖਿਆ ਹੈ ਜਿਸ ਨੂੰ ਆਦਿ ਸਲੋਕ- ‘ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’ ਵਿਚ ਚਾਰ ਵੇਰ ‘ਸਚੁ’ ਕਹਿ ਕੇ ਸਚਾਈ ਤੇ ਕੇਵਲ ਸਚਾਈ ਹੀ ਦੱਸਿਆ ਹੈ ਜੋ ਸਦਾ ਕਾਇਮ ਹੈ, ਸਮੇਂ ਤੇ ਸਥਾਨ ਨਾਲ ਬਦਲਦੀ ਨਹੀਂ, ਜੋ ਕਿਰਤਮ ਨਹੀਂ ਸਗੋਂ ਕਰਤਾ ਹੈ। ਇਸੇ ‘ਸਚੁ’ ਸਰੂਪ ਦੀ ਵਿਆਖਿਆ ਜਪੁਜੀ ਸਾਹਿਬ ਦੇ ਅਰੰਭ ਵਿਚ ਪਹਿਲਾਂ ਦਿੱਤੇ ਮੂਲ ਮੰਤ੍ਰ ਵਿਚ ‘ਸਤਿ ਨਾਮੁ’ ਤੇ ਹੋਰ ਵਿਸ਼ੇਸ਼ਣਾਂ ਵਿਚ ਦਿੱਤੀ ਗਈ ਹੈ।

ਜਪੁਜੀ ਸਾਹਿਬ ਦੇ ਆਦਿ ਤੇ ਅੰਤਲੇ ਸਲੋਕਾਂ ਤੇ ਵਿਚਲੀਆਂ ਅਠੱਤੀ ਪਉੜੀਆਂ ਮਿਲਾ ਕੇ ਇਸ ਬਾਣੀ ਦੇ ਕੁੱਲ ਚਾਲੀ ਬੰਦ ਹਨ। ਇਹ ਸਾਰੇ ਬੰਦ ਇਕ ਸੁੰਦਰ ਮਾਲਾ ਦੇ ਮਣਕਿਆਂ ਵਾਂਗ ਪਰੋਏ ਪਏ ਹਨ- ਮੂਲ ਮੰਤ੍ਰ ਸ਼੍ਰੋਮਣੀ ਮਣਕਾ ਹੈ। ਇਹ ਸਾਰੀ ਬਾਣੀ ਚਾਰ-ਚਾਰ ਪਉੜੀਆਂ ਦੀਆਂ ਦਸ ਮੰਜ਼ਲਾਂ ਵਿਚ ਵੰਡੀ ਜਾ ਸਕਦੀ ਹੈ। ‘ਸੁਣਿਐ’, ‘ਮੰਨੈ’, ‘ਅਸੰਖ’, ਤੇ ‘ਆਦੇਸ’ ਵਾਲੀਆਂ ਚਾਰ-ਚਾਰ ਇਕੱਠੀਆਂ ਪਉੜੀਆਂ ਵਿਚ ਤਾਂ ਇਹ ਤਰਤੀਬ ਸਾਫ਼ ਪਈ ਦਿੱਸਦੀ ਹੈ। ਇੰਞ ਇਹ ਇਕ ਪ੍ਰਬੰਧ ਹੇਠ ਪ੍ਰਬੰਧ-ਕਾਵਿ ਹੈ ਤੇ ਚੂੰਕਿ ਇਸ ਬਾਣੀ ਦੀਆਂ ਸਾਰੀਆਂ ਪਉੜੀਆਂ ਵਿਚ ਵਿਚਾਰ-ਸੰਗਲੀ ਅਵੱਸ਼ ਹੈ ਇਸ ਲਈ ਇਹ ਇਕ ਨਿਬੰਧ-ਕਾਵਿ ਹੈ।

ਇਸ ਬਾਣੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸਚੁ’ ਦੀ ਪਰਿਭਾਸ਼ਾ ਦੇ ਕੇ ‘ਸਚਿਆਰ’ ਬਣਨ ਦੇ ਸਾਧਨ ਦਰਸਾਏ ਹਨ। ਪਹਿਲੀ ਪਉੜੀ ਵਿਚ ਹੀ ਇਹ ਪ੍ਰਸ਼ਨ ਹੈ ਕਿ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ’? ਇਸੇ ਪਉੜੀ ਵਿਚ ਹੁਣ ਤੀਕ ਅਜ਼ਮਾਏ ਜਾ ਚੁੱਕੇ ਤਰੀਕਿਆਂ ਦਾ ਮੁਲਾਂਕਣ ਕਰ ਕੇ ਫਿਰ ਆਪਣਾ ਤਰੀਕਾ ਦੱਸਿਆ ਹੈ। ਇਕ ਚੰਗੇ ਨਿਬੰਧ ਵਾਂਗ ਇਸ ਬਾਣੀ ਦਾ ਅਰੰਭ ਸਿੱਧਾ ਹੈ, ਸਪੱਸ਼ਟ ਹੈ ਤੇ ਇਸ ਪ੍ਰਸ਼ਨ ਦੁਆਰਾ ਕੀਲਣ ਵਾਲਾ ਹੈ। ਸੰਖੇਪਤਾ ਤੇ ਇਕਸੁਰਤਾ ਕਿਸੇ ਭੀ ਨਿਬੰਧ ਦੇ ਚੰਗੇ ਗੁਣ ਹਨ ਤੇ ਜਪੁਜੀ ਸਾਹਿਬ ਇਨ੍ਹਾਂ ਗੁਣਾਂ ਦਾ ਇਕ ਅਦੁੱਤੀ ਨਮੂਨਾ ਹੈ। ‘ਸਚਿਆਰ’ ਹੋਣ ਦਾ ਸਾਧਨ ਦੱਸਦੇ ਹੋਏ ਗੁਰੂ ਜੀ ਨੇ ‘ਹੁਕਮ’ ਦੀ ਮਹੱਤਤਾ ਦਰਸਾਈ ਹੈ ਤੇ ਫਿਰ ਗੁਰੂ ਦੀ ਮਹਾਨਤਾ ਉਜਾਗਰ ਕੀਤੀ ਹੈ, ਜਿਸ ਦੁਆਰਾ ਕਿ ਹੁਕਮ ਦੀ ਸੋਝੀ ਮਿਲਦੀ ਹੈ। ਗੁਰੂ ਦੀ ਸਿੱਖਿਆ ਸੁਣਨ, ਮੰਨਣ ਤੇ ਪ੍ਰਵਾਣ ਹੋਣ ਦੇ ਸਾਰੇ ਹੀ ਪੱਖ ਦੱਸੇ ਹਨ। ਪ੍ਰਭੂ-ਮਿਲਾਪ ਦਾ ਪ੍ਰਮੁਖ ਸਾਧਨ ਭਗਤੀ ਦੱਸਿਆ ਹੈ ਜੋ ਕਿ ਗੁਰੂ ਦੁਆਰਾ ਪ੍ਰਾਪਤ ਹੁੰਦੀ ਹੈ। ਭਗਤੀ ਨੂੰ ਗਿਆਨ ਤੇ ਦਰਸ਼ਨ ਨਾਲੋਂ ਵੱਖਰਾ ਨਿਖੇੜਿਆ ਹੈ। ਉਸ ਵੇਲੇ ਦੇ ਪ੍ਰਚੱਲਤ ਮਤਾਂ ਦਾ ਮੁਲਾਂਕਣ ਵੀ ਕੀਤਾ ਹੈ ਤੇ ਸਦਾਚਾਰਕ ਕੀਮਤਾਂ ਦੇ ਸੁਝਾਅ ਦਿੱਤੇ ਹਨ। ਫਿਰ ਅਧਿਆਤਮਕ ਉਨਤੀ ਦੇ ਵੱਖ-ਵੱਖ ਪੜਾਅ ਧਰਮ, ਗਿਆਨ, ਸਰਮ ਤੇ ਕਰਮ ਖੰਡਾਂ ਨੂੰ ਦੱਸ ਕੇ ਸਚਿਆਰ ਦੀ ਸਰਬ-ਸ੍ਰੇਸ਼ਟ ‘ਸਚ-ਖੰਡ’ ਦੀ ਅਕਥਨੀਯ ਪਦਵੀ ਨਾਲ  ਪਰੀਚਤ ਕਰਵਾਇਆ ਹੈ। ਇਹੋ ਕੇਂਦਰੀ ਵਿਸ਼ਾ ਹੈ ਤੇ ਆਦਿ ਤੋਂ ਲੈ ਕੇ ਅੰਤ ਤਕ ਗੁਰੂ ਜੀ ਨੇ ਇਸ ਨੂੰ ਕਾਮਯਾਬੀ ਨਾਲ ਨਿਭਾਇਆ ਹੈ। ਇਸੇ ਵਿਸ਼ੇ ਦੇ ਇਰਦ-ਗਿਰਦ ਹੋਰ ਖ਼ਿਆਲ ਗੁੰਦੇ ਪਏ ਹਨ ਜੋ ਇਸ ਦੀ ਉਸਾਰੀ ਵਿਚ ਸਹਾਈ ਹੋ ਰਹੇ ਹਨ।

ਚੂੰਕਿ ਇਕ ਖਾਸ ਦਰਸ਼ਨ ਨੂੰ ਨਿਰੂਪਣ ਕਰਨਾ ਇਸ ਬਾਣੀ ਦਾ ਮੁੱਖ ਉਦੇਸ਼ ਹੈ, ਇਸ ਲਈ ਦਾਰਸ਼ਨਿਕ ਪੱਖ ਤੋਂ ਇਹ ਰਚਨਾ ਸਰਬੋਤਮ ਹੈ। ਇਸ ਦੇ ਬਾਵਜੂਦ ਇਹ ਪਾਵਨ ਬਾਣੀ ਨਿਰਾ ਦਰਸ਼ਨ ਹੀ ਨਹੀਂ ਹੈ, ਸਗੋਂ ਇਸ ਵਿਚ ਰਹੱਸਵਾਦੀ ਅੰਸ਼ ਵੀ ਭਰਪੂਰ ਹੈ। ਕਵਿਤਾ ਵਿਚ ਦਲੀਲ ਦੀ ਉਹ ਥਾਂ ਨਹੀਂ ਜੋ ਕਿ ਵਾਰਤਕ ਵਿਚ ਹੈ। ਇਕ ਵਾਰਤਕ ਨਿਬੰਧ ਵਿਚ ਦਲੀਲਾਂ ਦੁਆਰਾ ਹੀ ਖ਼ਿਆਲਾਂ ਦੀ ਉਸਾਰੀ ਹੁੰਦੀ ਹੈ, ਪਰ ਨਿਬੰਧ-ਕਾਵਿ ਵਿਚ ਕਾਵਿਕ-ਦਲੀਲ (Poetic Logic) ਹੁੰਦੀ ਹੈ। ਨਸਰ ਵਾਲੀ ਦਲੀਲ ਨਜ਼ਮ ਨੂੰ ਪਤਲਾ ਕਰ ਦਿੰਦੀ ਹੈ। ਰਹੱਸਵਾਦੀ ਤੇ ਅਧਿਆਤਮਕ ਕਵੀ ਦਲੀਲ ਦੀ ਘੱਟ ਤੋਂ ਘੱਟ ਵਰਤੋਂ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਐਸੇ ਨਿਪੁੰਨ ਕਲਾਕਾਰ ਹਨ ਕਿ ਉਨ੍ਹਾਂ ਨੂੰ ਇਹ ਗਿਆਨ ਹੈ ਕਿ ਕਿੱਥੇ ਦਲੀਲ ਰਾਹੀਂ ਉਹ ਆਪਣੇ ਵਿਚਾਰਾਂ ਵਿਚ ਸ਼ਕਤੀ ਤੇ ਭਰਪੂਰ ਅਸਰ ਪੈਦਾ ਕਰ ਸਕਦੇ ਹਨ। ਮਿਸਾਲ ਵਜੋਂ:

ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥
ਜੇ ਕੋ ਬੁਝੈ ਹੋਵੈ ਸਚਿਆਰੁ॥
 ਧਵਲੈ ਉਪਰਿ ਕੇਤਾ ਭਾਰੁ॥
ਧਰਤੀ ਹੋਰੁ ਪਰੈ ਹੋਰੁ ਹੋਰੁ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ (ਪੰਨਾ 3)

ਇਥੇ ਦਲੀਲ ਹੈ, ਪਰ ਇਸ ਦਲੀਲ ਨੇ ਜ਼ਰਾ ਜਿਤਨਾ ਵੀ ਰੁੱਖਾਪਣ ਜਾਂ ਪਤਲਾਪਣ ਨਹੀਂ ਲਿਆਂਦਾ, ਸਗੋਂ ਵਿਚਾਰਾਂ ਨੂੰ ਦ੍ਰਿੜ੍ਹਤਾ ਦਿੱਤੀ ਹੈ।

ਇਸ ਦਰਸ਼ਨ ਭਰਪੂਰ ਬਾਣੀ ਵਿਚ ਦਲੀਲ ਨਾਲੋਂ ਅਨੁਭਵ ਅਤੇ ਅਨੁਭਵ ਨਾਲੋਂ ਵੀ ‘ਸ਼ਬਦ’ ਦੀ ਕਿਧਰੇ ਵੱਧ ਮਹਾਨਤਾ ਹੈ। ਕਲਪਨਾ ਬਿੰਬ ਘੜਨ ਵਿਚ ਤੇ ਰੂਪ-ਰੰਗ-ਰਸ ਚਿਤਰਨ ਵਿਚ ਭਾਵੇਂ ਸਹਾਈ ਹੋਵੇ, ਯਥਾਰਥ ਗਿਆਨ-ਪ੍ਰਾਪਤੀ ਤੇ ਗਿਆਨ ਦਰਸਾਉਣ ਲਈ ਸਾਧਨ ਨਹੀਂ ਬਣ ਸਕਦੀ। ਕਲਪਨਾ ਬਾਣੀ ਦੀ ਪ੍ਰਾਪਤੀ ਦਾ ਸਾਧਨ ਨਹੀਂ, ਬਾਣੀ ਤਾਂ ਸ਼ਬਦ ਦੁਆਰਾ ਮਨ ਵਿਚ ਪ੍ਰਕਾਸ਼ਮਾਨ ਹੁੰਦੀ ਹੈ। ਸ਼ਬਦ ਕੀ ਹੈ? ਸ਼ਬਦ ਪ੍ਰਭੂ-ਦਰਸ਼ਨ ਹੈ, ਜੋ ਕਿ ਸਾਖਿਆਤ ਪੇਖਣ ਤੇ ਨਿੱਜੀ ਤਜਰਬੇ ਵਿੱਚੋਂ ਫੁਟਦਾ ਹੈ। ਕਲਪਨਾ ਦਾ ਆਧਾਰ ਸਾਡੇ ਇੰਦਰਿਆਂ ਦੁਆਰਾ ਗਿਆਨ ਹੈ ਪਰ ਸ਼ਬਦ ਦਾ ਆਧਾਰ ਸਾਡੀ ਆਤਮਾ ਹੈ:

ਜਤੁ ਪਾਹਾਰਾ ਧੀਰਜੁ ਸੁਨਿਆਰੁ॥
ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ॥ (ਪੰਨਾ 8)

ਸ਼ਬਦ ਦੀ ਸਾਰ ਅਤੇ ਇਸ ਉੱਪਰ ਅਮਲ ਵਾਸਤੇ ਜ਼ਬਤ ਦੀ ਲੋੜ ਹੈ। ਇਹ ਜ਼ਬਤ ਤੇ ਨੇਮ ‘ਸਿਮਰਨ’ ਦੁਆਰਾ ਪ੍ਰਾਪਤ ਹੁੰਦਾ ਹੈ। ਅਨੁਭਵ ਤੇ ਗਿਆਨ ਇਕ ਦੂਜੇ ’ਤੇ ਨਿਰਭਰ ਤੇ ਆਧਾਰਿਤ ਹਨ, ਇਥੇ ਅਨੁਭਵ ਨੂੰ ਲਿਖਤੀ ਜਾਮਾ ਹਿਰਦੇ ਰੂਪੀ ਸੱਚੀ ‘ਟਕਸਾਲ’ ਦੁਆਰਾ ਪਾ ਕੇ ਸ਼ਬਦ ਨੂੰ ਘੜਿਆ ਜਾਂਦਾ ਦਿਖਾਇਆ ਹੈ।

ਸੰਖੇਪਤਾ ਜਪੁਜੀ ਸਾਹਿਬ ਦੀਆਂ ਕਾਵਿਕ ਖ਼ੂਬੀਆਂ ਵਿੱਚੋਂ ਇਕ ਵਿਸ਼ੇਸ਼ ਖ਼ੂਬੀ ਹੈ। ਲੜੀਵਾਰ ਖ਼ਿਆਲਾਂ ਦੀ ਤੋਰ ਇਕ ਹੋਰ ਗੁਣ ਹੈ। ਜਪੁਜੀ ਸਾਹਿਬ ਦੀ ਹਰ ਪਉੜੀ ਵਿਚ ਕੇਂਦਰੀ ਵਿਸ਼ੇ ਨੂੰ ਇਕਦਮ ਉਲੀਕਿਆ ਗਿਆ ਹੈ। ਕਿਧਰੇ ਉਥਾਨਕਾ ਨਹੀਂ ਬੰਨ੍ਹੀ। ਇੱਕੋ ਸਾਹ ਕਈ ਪ੍ਰਕਾਰ ਦੇ ਜੀਵ-ਜੰਤ, ਵਿਸ਼ੇਸ਼ਣ, ਗੁਣ-ਔਗੁਣ ਤੇ ਨਾਮ ਆਦਿ ਗਿਣੇ ਗਏ ਹਨ। ਸੁਣਿਐ, ਮੰਨੈ, ਪੰਚ, ਅਸੰਖ, ਕੇਤੇ, ਅਮੁਲ, ਸੋਦਰ ਆਦਿ ਪਉੜੀਆਂ ਦੀਆਂ ਕਈ ਤੁਕਾਂ ਵਿਚ ਮੁੜ-ਮੁੜ ਇੱਕੋ ਸ਼ਬਦ ਦਾ ਦੁਹਰਾਅ ਲੈਅ, ਤਾਲ ਤੇ ਰਾਗਾਤਮਕ ਵਾਯੂਮੰਡਲ ਉਸਾਰਦਾ ਹੈ। ਇਕ ਵਾਰਤਕ ਤੇ ਨਿਬੰਧ ਵਿਚ ਲਫ਼ਜ਼ਾਂ ਦਾ ਮੁੜ-ਮੁੜ ਵਰਤਣਾ ਭਾਵੇਂ ਇਕ ਔਗੁਣ ਹੈ ਪਰ ਨਿਬੰਧ-ਕਾਵਿ ਵਿਚ ਤਾਂ ਇਹ ਹੋਰ ਹੀ ਰਸ ਬੰਨ੍ਹਦੇ ਹਨ, ਇਕ ਸਰੋਦ ਦਾ ਪ੍ਰਭਾਵ ਪੈਦਾ ਕਰਦੇ ਹਨ। ਇੰਞ ਹੀ ਕਈ ਵਾਰੀ ਇੱਕੋ ਤੁਕ ਦਾ ਮੁੜ-ਮੁੜ ਕੇ ਦੁਹਰਾਅ ਵੀ ਪਉੜੀਆਂ ਦੀ ਲੜੀ ਬਣਾਉਣ ਤੇ ਸੰਗੀਤਕ ਲੈਅ ਪੈਦਾ ਕਰਨ ਵਿਚ ਬਹੁਤ ਸਹਾਈ ਹੁੰਦਾ ਹੈ, ਜਿਵੇਂ ਇਹ ਤੁਕਾਂ ਮੁੜ-ਮੁੜ ਕੇ ਦੁਹਰਾਈਆਂ ਗਈਆਂ ਹਨ:

ਨਾਨਕ ਭਗਤਾ ਸਦਾ ਵਿਗਾਸੁ॥
ਸੁਣਿਐ ਦੂਖ ਪਾਪ ਕਾ ਨਾਸੁ॥ (ਪੰਨਾ 2)

ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ ਮਨਿ ਕੋਇ॥ (ਪੰਨਾ 3)

ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥ (ਪੰਨਾ 3)

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ (ਪੰਨਾ 7)

ਬੇਅੰਤ ਕਾਵਿਕ-ਗੁਣਾਂ ਵਿਚ ਗੁੰਦਿਆ ਹੋਇਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਫ਼ਲਸਫ਼ਾ ਮਿ. ਕਾਂਤ ਤੇ ਮਿ. ਵਰਜਿਲ ਦੇ ਫ਼ਲਸਫ਼ੇ ਵਾਂਗ ਰਸਹੀਣ ਤੇ ਮਹੀਨ ਨਹੀਂ ਅਤੇ ਦਿਮਾਗ਼ ’ਤੇ ਭਾਰੂ ਨਹੀਂ ਬਣਦਾ ਸਗੋਂ ਭਾਉ-ਭਗਤੀ ਦੀ ਚਾਸ਼ਨੀ ਨਾਲ ਰਸਿਆ ਹੋਇਆ ਗਿਆਨ ਦੇ ਨਾਲ ਅਜੀਬ ਸੁਆਦ ਭੀ ਦੇਂਦਾ ਹੈ। ਅਮਰ ਬਚਨਾਂ ਵਿਚ ਅੰਮ੍ਰਿਤ ਗੁੱਝਾ ਹੋਇਆ ਹੈ, ਜਿਸ ਨੂੰ ਜਿਤਨੀ ਵਾਰ ਪੀਓ ਮਿਠਾਸ ਤੇ ਰਸ ਮਿਲਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਨਿਬੰਧ-ਕਾਵਿ ਦਾ ਇਕ ਹੋਰ ਗੁਣ ਵੀ ਹੈ। ਉਹ ਇਹ ਕਿ ਜਿੱਥੇ ਗੁਰੂ ਜੀ ਜ਼ਰੂਰੀ ਸਮਝਦੇ ਹਨ, ਆਪਣਾ ਸਿਧਾਂਤ ਪੇਸ਼ ਕਰਨ ਲਈ ਪਹਿਲਾਂ ਪਿੜ ਬੰਨ੍ਹਦੇ ਹਨ; ਜਦ ਪਿੜ ਤਿਆਰ ਹੋ ਜਾਂਦਾ ਹੈ ਤਾਂ ਆਪਣਾ ਖ਼ਿਆਲ ਪੇਸ਼ ਕਰਦੇ ਹਨ ਜਿਵੇਂ ਪਹਿਲੀ ਪਉੜੀ ਵਿਚ, ਨਾਟਕੀ ਢੰਗ ਨਾਲ ਵਿਚਾਰ ਅਰੰਭੇ ਹਨ। ਪਹਿਲਾਂ ਦੱਸਦੇ ਹਨ ਕਿ ਇਹ ਭੀ ਨਹੀਂ, ਇਹ ਭੀ ਨਹੀਂ… ਤੇ ਫਿਰ ਪ੍ਰਸ਼ਨ ਕੀਤੇ ਹਨ-‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ?’ ਇਹ ਪ੍ਰਸ਼ਨ ਪਾਠਕ ਦੇ ਮਨ ਵਿਚ ਉਤਸੁਕਤਾ ਪੈਦਾ ਕਰਦੇ ਹਨ ਤੇ ਉਹ ਜਾਣਨਾ ਚਾਹੁੰਦਾ ਹੈ ਕਿ ਇਨ੍ਹਾਂ ਦਾ ਉੱਤਰ ਕੀ ਹੈ। ਅਗਲੀਆਂ ਪੰਕਤੀਆਂ ਵਿਚ ਗੁਰੂ ਜੀ ਆਪਣਾ ਸਿਧਾਂਤ ਪੇਸ਼ ਕਰਦੇ ਹਨ। ਇੰਞ ਪ੍ਰਸ਼ਨੋਤਰੀ ਢੰਗ ਨਾਲ ਪ੍ਰਭਾਵ ਸਾਧਾਰਨ ਤਰੀਕੇ ਨਾਲੋਂ ਕਈ ਗੁਣਾ ਹੋ ਜਾਂਦਾ ਹੈ। ਇਹ ਤਰੀਕਾ ਜਪੁਜੀ ਸਾਹਿਬ ਵਿਚ ਗੁਰੂ ਜੀ ਨੇ ਹੋਰ ਭੀ ਕੁਝ ਕੁ ਥਾਈਂ ਵਰਤਿਆ ਹੈ। ਦੇਖੋ:

ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ?
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ?… (ਪੰਨਾ 2)

ਧਵਲੈ ਉਪਰਿ ਕੇਤਾ ਭਾਰੁ ?
ਧਰਤੀ ਹੋਰੁ ਪਰੈ ਹੋਰੁ ਹੋਰੁ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ ?…  (ਪੰਨਾ 3)

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ? (ਪੰਨਾ 4)

ਮਿ. ਹੁਡਸਨ ਅਨੁਸਾਰ : “ਉਸ ਨੂੰ ਕਹਿਣ ਲਈ ਆਪਣੀ ਹੀ ਸ਼ੈਲੀ ਲੱਭ ਪੈਂਦੀ ਹੈ ਜਿਸ ਨੇ ਕੁਝ ਨਿੱਜੀ ਤਜਰਬੇ ਵਿੱਚੋਂ ਕਹਿਣਾ ਹੋਵੇ।” (“A man who has something really personal to say will seldom fail to find a really personal way in which to say it.”) ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ’ਤੇ ਇੰਨ-ਬਿੰਨ ਠੀਕ ਉਤਰਦੀ ਹੈ। ਉਨ੍ਹਾਂ ਪਾਸ ਆਪਣੇ ਆਤਮਕ ਤਜਰਬੇ ਵਿੱਚੋਂ ਪ੍ਰਾਪਤ ਕੀਤੇ ਅਸਲ ਨਿੱਜੀ ਵਿਚਾਰ ਹਨ ਤੇ ਉਨ੍ਹਾਂ ਦਾ ਕਹਿਣ-ਢੰਗ ਵੀ ਆਪਣਾ ਨਿੱਜੀ ਹੀ ਹੈ।

ਗੁਰੂ ਨਾਨਕ ਸਾਹਿਬ ਦੀ ਇਸ ਅਮਰ ਦਰਸ਼ਨ ਭਰਪੂਰ ਤੇ ਵਿਚਾਰ-ਪ੍ਰਧਾਨ ਪਾਵਨ ਬਾਣੀ ਵਿਚ ਸ਼ਕਤੀ ਉਤਪੰਨ ਕਰਨ ਵਾਲੇ ਤੇ ਜੀਵਨ ਨੂੰ ਹਲੂਣਾ ਦੇਣ ਵਾਲੇ ਸਾਰੇ ਹੀ ਗੁਣ ਮੌਜੂਦ ਹਨ। ਇਸ ਨਿਬੰਧ-ਕਾਵਿ ਦਾ ਆਦਿ, ਇਸ ਦੀ ਉਸਾਰੀ ਤੇ ਇਸ ਦਾ ਅੰਤ, ਸਾਰੇ ਹੀ ਸਫ਼ਲਤਾ ਨਾਲ ਨਿਭਾਏ ਗਏ ਹਨ। ਸ਼ਬਦਾਵਲੀ ਤੇ ਅਲੰਕਾਰ ਅਜਿਹੇ ਹਨ ਕਿ ਖ਼ਿਆਲਾਂ ਨੂੰ ਉਸਾਰਨ ਤੇ ਵਿਸ਼ੇ ਨੂੰ ਅਗਾਂਹ ਤੋਰਨ ਵਿਚ ਸਹਾਈ ਹੁੰਦੇ ਹਨ ਤੇ ਆਤਮਕ ਸ਼ਕਤੀ ਪੈਦਾ ਕਰਨ ਵਿਚ ਵੀ ਮਦਦ ਦਿੰਦੇ ਹਨ। ਪਰ ਗੁਰੂ ਨਾਨਕ ਸਾਹਿਬ ਦੀ ਇਸ ਯੋਗਤਾ ਤੇ ਸਾਰਥਾ ਦਾ ਗੁੱਝਾ ਭੇਦ ‘ਸ਼ਬਦ’ ਨਾਲ ਸੁਰਤ ਜੁੜਨ, ਨਿੱਜੀ ਅਨੁਭਵ ਤੇ ਜ਼ਾਤੀ ਤਜਰਬੇ ਦੇ ਨਾਲ-ਨਾਲ ਵਿਸ਼ਾਲ ਗਿਆਨ ਹੈ। ਵਿਚਾਰਾਂ ਦੀ ਭਰਪੂਰਤਾ ਤੇ ਮੌਲਿਕਤਾ ਨੇ ਆਪ ਦੇ ਦਰਸ਼ਨ ਤੇ ਸ਼ੈਲੀ ਵਿਚ ਵੀ ਆਪਣਾ ਰੂਪ ਭਰਿਆ ਹੈ। ਇਹ ਠੀਕ ਹੈ ਕਿ ਅਸਲ ਸ਼ਕਤੀ ਜੋ ਉਨ੍ਹਾਂ ਦੀ ਬਾਣੀ ਵਿਚ ਲੁਕੀ ਹੋਈ ਹੈ ਉਹ ਉਨ੍ਹਾਂ ਦੀ ਆਤਮਕ ਸੁਰਤ ਤੇ ਬਲਵਾਨ ਵਿਚਾਰਾਂ ਕਰਕੇ ਹੈ। ਸੱਚੇ ਵਿਚਾਰਾਂ, ਨਿੱਜੀ ਤੇ ਅਜ਼ਮਾਏ ਹੋਏ ਤਜਰਬਿਆਂ ਦਾ ਅਸਰ ਵੀ ਸੱਚ ਜਿੱਡਾ ਹੈ। ਆਪ ਦੇ ਸੱਚੇ ਵਿਚਾਰ ਨਿੱਜੀ ਪਰਖੇ ਹੋਏ ਹੀ ਨਹੀਂ ਹਨ, ਸਗੋਂ ਵਿਸ਼ਾਲ ਰੂਪ ਵਿਚ ਪ੍ਰਵਾਨਿਤ ਵੀ ਹਨ।

2. ਸਿਧ   ਗੋਸਟਿ

‘ਗੋਸ਼ਟ’ ਦਾ ਅਰਥ ਹੈ ਬਹਿਸ ਜਾਂ ਵਿਚਾਰ-ਚਰਚਾ। ‘ਸਿਧ ਗੋਸਟਿ’ ਦਾ ਭਾਵ ਹੈ ਸਿੱਧਾਂ ਨਾਲ ਹੋਈ ਗਿਆਨ-ਚਰਚਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਪਾਵਨ ਬਾਣੀ ਰਾਮਕਲੀ ਰਾਗ ਵਿਚ ਇਕ ਬੜੀ ਮਹਾਨ ਰਚਨਾ ਹੈ। ਇਸ ਬਾਣੀ ਵਿਚ ਸਿੱਖ ਮਤ ਤੇ ਯੋਗ ਮਤ ਦਾ ਤੁਲਨਾਤਮਕ ਅਧਿਐਨ ਹੈ। ਗੁਰੂ ਸਾਹਿਬ ਦੇ ਜੋ ਸਿਧਾਂ ਤੇ ਜੋਗੀਆਂ ਨਾਲ ਵਿਚਾਰ-ਵਟਾਂਦਰੇ ਹੁੰਦੇ ਰਹੇ ਉਨ੍ਹਾਂ ਦਾ ਸਾਰ ਰੂਪ 73 (ਤਿਹੱਤਰ) ਬੰਦਾਂ ਵਿਚ ਅੰਕਤ ਕਰ ਕੇ ਇਸ ਰਚਨਾ ਦਾ ਨਾਮ ‘ਸਿਧ ਗੋਸਟਿ’ ਰੱਖਿਆ ਹੈ। ਇਸ ਵਿਚ ਖਾਸ ਤੌਰ ’ਤੇ ਹਠ ਜੋਗ ਤੇ ਨਾਮ-ਸਿਮਰਨ ਦੇ ਵਿਚਾਰ ਸਵਿਸਥਾਰ ਦੇ ਕੇ ਹਠ ਤੇ ਤਿਆਗ ਦੇ ਮੁਕਾਬਲੇ ’ਤੇ ਭਗਤੀ ਅਤੇ ਨਾਮ-ਮਾਰਗ ਦੀ ਪ੍ਰੇਰਨਾ ਦਿੱਤੀ ਗਈ ਹੈ।

‘ਗੋਸ਼ਟ’ ਸੰਸਾਰ ਸਾਹਿਤ ਵਿਚ ਪ੍ਰਾਚੀਨ ਸਮਿਆਂ ਤੋਂ ਉਪਸਥਿਤ ਹੈ। ਸੁਕਰਾਤ ਤੇ ਪਲੈਟੋ ਦੀਆਂ ਗੋਸ਼ਟਾਂ ਪ੍ਰਸਿੱਧ ਹਨ। ਮਹਾਤਮਾ ਬੁੱਧ, ਹਜ਼ਰਤ ਈਸਾ ਮਸੀਹ ਤੇ ਹੋਰ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਵਿਚ ਕਈ ਗੋਸ਼ਟਾਂ ਦਾ ਜ਼ਿਕਰ ਆਉਂਦਾ ਹੈ। ਸੰਸਕ੍ਰਿਤ ਦੇ ਦਾਰਸ਼ਨਿਕ ਸਾਹਿਤ ਵਿਚ ਵੀ ਇਹ ਪਰਪਾਟੀ ਦਿੱਸਦੀ ਹੈ। ਗੀਤਾ ਵਿਚ ਸ੍ਰੀ ਕ੍ਰਿਸ਼ਨ ਤੇ ਅਰਜਨ ਦੀ ਗੱਲ-ਬਾਤ ਦੀ ਇਕ ਗੋਸ਼ਟ ਰਚਨਾ ਹੈ। ਪ੍ਰਾਚੀਨ ਪੰਜਾਬੀ ਸਾਹਿਤ ਵਿਚ ਵੀ ਗੋਸ਼ਟਾਂ ਦਾ ਇਕ ਨਿਵੇਕਲਾ ਤੇ ਵਿਸ਼ੇਸ਼ ਅਸਥਾਨ ਹੈ। ਗੋਸ਼ਟ ਦੇ ਢੰਗ ਨਾਲ ਦਰਸ਼ਨ ਨੂੰ ਨਿਰੂਪਣ ਕਰਨ ਦਾ ਵੱਡਾ ਲਾਭ ਇਹ ਹੈ ਕਿ ਕਿਸੇ ਸਿਧਾਂਤ ਜਾਂ ਮਤ ਬਾਰੇ ਬੌਧਕ ਪੱਖ ਤੋਂ ਸੂਖਮ ਤੋਂ ਸੂਖਮ ਨੁਕਤਿਆਂ ਦਾ ਭਲੀ ਪ੍ਰਕਾਰ ਵਿਸ਼ਲੇਸ਼ਣ ਤੇ ਨਿਰਣੈ ਹੋ ਜਾਂਦਾ ਹੈ। ਇਕ ਲਾਭ ਇਹ ਭੀ ਹੈ ਕਿ ਦੋ ਜਾਂ ਦੋ ਤੋਂ ਵੱਧ ਪਾਤਰਾਂ ਦੀ ਆਪੋ ਵਿਚ ਦੀ ਗਿਆਨ-ਚਰਚਾ ਨਾਲ ਇਕ ਤਾਂ ਸਿਧਾਂਤ ਦੇ ਵੱਖ-ਵੱਖ ਪੱਖ ਰੂਪਮਾਨ ਹੁੰਦੇ ਤੁਰੇ ਜਾਂਦੇ ਹਨ ਤੇ ਦੂਜਾ, ਪਾਠਕ ਰੁੱਖਾਪਣ ਅਨੁਭਵ ਨਹੀਂ ਕਰਦਾ।

ਕਈ ਗੋਸ਼ਟਾਂ ਛੰਦਾਬੰਦੀ ਵਿਚ ਹਨ ਤੇ ਕਈ ਵਾਰਤਕ ਵਿਚ ਅਤੇ ਕਈ ਦੋਹਾਂ ਵਿਚ ਰਲੀਆਂ ਮਿਲੀਆਂ। ਪੰਜਾਬੀ ਵਿਚ ਸਭ ਤੋਂ ਪੁਰਾਣੀ ਗੋਸ਼ਟ ਜੋ ਮਿਲਦੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੀ ਰਚਿਤ ‘ਸਿਧ ਗੋਸਟਿ’ ਹੀ ਹੈ। ਇਹ ਛੰਦਾਬੰਦੀ ਵਿਚ ਹੈ। ਸਿਧਾਂ ਨਾਲ ਹੋਈ ਚਰਚਾ ਨੂੰ ਪ੍ਰਸ਼ਨੋਤਰੀ ਰੂਪ ਵਿਚ ਗੁਰੂ ਜੀ ਨੇ ਇਸ ਬਾਣੀ ਵਿਚ ਅੰਕਿਤ ਕੀਤਾ ਹੈ। ਸੁਆਲ ਲੱਗਭਗ ਸਭ ਸਿਧਾਂ ਵੱਲੋਂ ਕੀਤੇ ਗਏ ਹਨ ਤੇ ਉਨ੍ਹਾਂ ਦੇ ਜੁਆਬ ਗੁਰੂ ਸਾਹਿਬ ਨੇ ਦਿੱਤੇ ਹਨ।

ਇਸ ਪਾਵਨ ਬਾਣੀ ਦੇ ਪਹਿਲੇ ਬੰਦ ਵਿਚ ਕੇਵਲ ਇਤਨਾ ਦੱਸਿਆ ਹੈ ਕਿ ਸਿਧਾਂ ਨੇ ਆ ਕੇ ਜੈਕਾਰ ਬੁਲਾਈ ਤੇ ਆਸਣ ਲਗਾ ਕੇ ਬੈਠ ਗਏ। ਕੋਈ ਲੰਬੀ-ਚੌੜੀ ਉਥਾਨਕਾ ਨਹੀਂ ਹੈ। ਪ੍ਰਸ਼ਨ ਤੇ ਉੱਤਰ ਸ਼ੁਰੂ ਹੋ ਜਾਂਦੇ ਹਨ। ਪਹਿਲੇ ਤੇ ਦੂਜੇ ਬੰਦ ਦੇ ਵਿਚਕਾਰ ‘ਰਹਾਉ’ ਵਾਲੀ ਪੰਕਤੀ ਹੈ ਜੋ ਕਿ ਇਸ ਬਾਣੀ ਦਾ ਕੇਂਦਰੀ ਧੁਰਾ ਹੈ ਤੇ ਸਾਰੀ ਗੋਸ਼ਟ ਦਾ ਤੱਤ ਹੈ। ਗੁਰੂ ਸਾਹਿਬ ਇਕ ਬੜੇ ਵੱਡੇ ਪ੍ਰਸ਼ਨ ਦੇ ਰੂਪ ਵਿਚ ਇਹ ਫ਼ਰਮਾਉਂਦੇ ਹਨ ਕਿ:

ਕਿਆ ਭਵੀਐ ਸਚਿ ਸੂਚਾ ਹੋਇ ?
ਸਾਚ ਸਬਦ ਬਿਨੁ ਮੁਕਤਿ ਨ ਕੋਇ॥ (ਪੰਨਾ 938)

ਭਾਵ ਇਹ ਹੈ ਕਿ ਸੱਚ ਤੇ ਹਰੀ-ਜਸ ਬਿਨਾਂ ਦੇਸ਼-ਦੇਸ਼ਾਂਤਰਾਂ ਤੇ ਤੀਰਥਾਂ ’ਤੇ ਭੌਂਦੇ ਫਿਰਨ ਦਾ ਕੀ ਲਾਭ ਹੈ? ਸੱਚਾ ਤਾਂ ਸੱਚ ਦੁਆਰਾ ਹੀ ਹੋਈਦਾ ਹੈ, ਤਾਂ ਤੇ ਸੱਚੇ ਸ਼ਬਦ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੁੰਦੀ।

ਇਸ ਬਾਣੀ ਵਿਚ ਇਸੇ ਸੱਚ ਸ਼ਬਦ ਤੇ ਸੱਚੇ ਨਾਮ ਦੀ ਵਿਆਖਿਆ ਕੀਤੀ ਗਈ ਹੈ। ਜੋਗੀ ਗੁਰੂ ਜੀ ’ਤੇ ਅਨੇਕ ਪ੍ਰਕਾਰ ਦੇ ਸੁਆਲ ਕਰਦੇ ਹਨ। ਇਹ ਪ੍ਰਸ਼ਨ ਗੁਰੂ ਜੀ ਦੇ ਜ਼ਾਤੀ ਜੀਵਨ ਤੇ ਨਿੱਜੀ ਫ਼ਲਸਫ਼ੇ ਨਾਲ ਸੰਬੰਧਿਤ ਹਨ।

ਇਹ ਗੋਸ਼ਟ ਬੜੀ ਗੰਭੀਰ ਵਿਸ਼ੇ ਵਾਲੀ ਹੈ। ਇਹ ਅਤਿਕਥਨੀ ਨਹੀਂ ਹੋਏਗੀ ਕਿ ਪੰਜਾਬੀ ਸਾਹਿਤ ਵਿਚ ਗੰਭੀਰਤਾਪੂਰਨ ਵਿਚਾਰਧਾਰਾ ਵਾਲੀ ਇਸ ਗੋਸ਼ਟ ਤੋਂ ਚੰਗੇਰੀ ਹੋਰ ਕੋਈ ਰਚਨਾ ਨਹੀਂ ਹੈ। ਇਸ ਬਾਣੀ ਦੇ ਨਾਟਕੀ ਸੰਵਾਦ ਬੜੇ ਜ਼ੋਰਦਾਰ ਤੇ ਸਮਰੱਥ ਹਨ। ਮੂਲ ਰੂਪ ਵਿਚ ਇਹ ਗੋਸ਼ਟ ਹੁੰਦਿਆਂ ਹੋਇਆਂ ਵੀ ਵਿਸ਼ੇ-ਉਸਾਰੀ ਤੇ ਖ਼ਿਆਲਾਂ ਦੀ ਗੋਂਦ ਕਰਕੇ ਇਕ ਨਿਬੰਧ-ਕਾਵਿ ਹੈ ਜਿਸ ਵਿਚ ਜੋਗ ਮਤ ਤੇ ਸਿੱਖ ਮਤ ਦਾ ਟਾਕਰਾ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿਧਾਂਤ ਨੂੰ ਬੜੀ ਕਾਮਯਾਬੀ ਨਾਲ ਨਿਰੂਪਣ ਕੀਤਾ ਹੈ।

ਇਸ ਦਾਰਸ਼ਨਿਕ ਬਾਣੀ ਦੀ ਸ਼ੈਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਪਣੀ ਸਹਿਜ ਯੋਗ ਭਰਪੂਰ ਸ਼ਖ਼ਸੀਅਤ ਵਾਂਗ ਨਿਰੋਈ ਤੇ ਆਪਣੀ ਹੀ ਹੈ। ਇਸ ਵਿੱਚੋਂ ਗਿਆਨ ਦੇ ਨਾਲ-ਨਾਲ ਮਿਠਾਸ, ਠਰ੍ਹੰਮਾ, ਵਿਅੰਗ, ਹਾਸ-ਰਸ ਤੇ ਵਿਸ਼ਾਲ ਤਜਰਬੇ ਦੀਆਂ ਝਲਕਾਂ ਪੈਂਦੀਆਂ ਹਨ। ਇਹ ਬਾਣੀ ਗੁਰੂ ਜੀ ਦੇ ਸੁਭਾਅ ਤੇ ਵਿਅਕਤਿਤਵ ਦਾ ਭੀ ਗਿਆਨ ਦੇਂਦੀ ਹੈ। ‘ਖੁਣਸ ਖਾ ਕੇ’ ਆਏ ਜੋਗੀਆਂ ਵੱਲੋਂ ਕੀਤੇ ਪ੍ਰਸ਼ਨਾਂ ਤੋਂ ਗੁਰੂ ਜੀ ਛਿੱਥੇ ਨਹੀਂ ਪੈਂਦੇ ਅਤੇ ਨਾ ਹੀ ਸਾਊਪੁਣੇ ਨੂੰ ਛੱਡ ਕੇ ਕਾਹਲੇ ਹੀ। ਗੁਰੂ ਜੀ ਆਪਣੇ ਉੱਤਰਾਂ ਵਿਚ ਭਾਵੇਂ ਸੱਚੀਆਂ ਤੇ ਖਰੀਆਂ ਗੱਲਾਂ ਕਹਿ ਰਹੇ ਹਨ, ਮਹਾਨਤਾ ਇਹ ਹੈ ਕਿ ਬਚਨ ਬੜੇ ਮਿੱਠੇ ਤੇ ਸਾਵੇਂ ਹਨ। ਇਸ ਬਾਣੀ ਤੋਂ ਇਸ ਦੇ ਕਰਤਾ ਗੁਰੂ ਸਾਹਿਬ ਦਾ ਨਿਸਚਾ ਤੇ ਭਰੋਸਾ ਸਾਫ਼ ਪਿਆ ਦਿੱਸਦਾ ਹੈ।

ਗੁਰੂ ਜੀ ਜੋਗੀਆਂ ਵਿਚ ਆ ਚੁੱਕੀ ਗਿਰਾਵਟ ਨੂੰ ਦਰਸਾਉਂਦੇ ਹਨ ਤੇ ਉਨ੍ਹਾਂ ਨੂੰ ਵੰਗਾਰਦੇ ਵੀ ਹਨ। ਆਪ ਉਨ੍ਹਾਂ ਨੂੰ ਇਹ ਭੀ ਜਤਲਾਉਂਦੇ ਹਨ ਕਿ ਮਾਰਗ ਉਹ ਹੀ ਉੱਚਾ ਹੈ ਜੋ ਜ਼ਾਤੀ ਤੇ ਜਮਾਤੀ ਜੀਵਨ ਨੂੰ ਉੱਚਾ ਤੇ ਪਵਿੱਤਰ ਕਰੇ।

ਜੋਗੀਆਂ ਨਾਲ ਸੰਵਾਦ ਹੋਣ ਕਰਕੇ ਇਹ ਬਾਣੀ ਜੋਗ-ਮਾਰਗ ਦੀ ਸਿਧਾਂਤਕ ਸ਼ਬਦਾਵਲੀ ਨਾਲ ਗੁੰਦੀ ਹੋਈ ਹੈ। ਵਿਸ਼ਾ ਜਪੁਜੀ ਸਾਹਿਬ ਵਾਂਗ ਹੀ ਗੰਭੀਰ ਹੈ, ਪਰ ਇਸ ਰਚਨਾ ਵਿਚ ਸੁਆਲ-ਜੁਆਬ ਦੁਆਰਾ ਕਈ ਸੂਖਮ ਮਸਲਿਆਂ ਦੀਆਂ ਘੁੰਡੀਆਂ ਵੀ ਖੋਲ੍ਹੀਆਂ ਗਈਆਂ ਹਨ। ਇਸ ਬਾਣੀ ਵਿਚ 26 ਤੋਂ 42 ਤੀਕ ਬੰਦਾਂ ਵਿਚ ਜਪੁਜੀ ਦੀਆਂ ‘ਸੁਣਿਐ’ ਤੇ ‘ਮੰਨੈ’ ਦੀਆਂ ਪਉੜੀਆਂ ਦੇ ਵਿਚਾਰ ਪ੍ਰਗਟ ਹੋਏ ਜਾਪਦੇ ਹਨ; ਕਈ ਥਾਈਂ ਜਪੁਜੀ ਸਾਹਿਬ ਵਾਲਾ ਵਾਯੂਮੰਡਲ ਹੀ ਪ੍ਰਤੀਤ ਹੁੰਦਾ ਹੈ, ਪਰ ਚੂੰਕਿ ਇਹ ਗੋਸ਼ਟ ਹੈ ਇਸ ਲਈ ਖ਼ਿਆਲਾਂ ਦੇ ਉਸਾਰਨ ਦਾ ਸਾਧਨ ਹੋਰ ਹੀ ਹੈ।

ਚੂੰਕਿ ਇਹ ਭਾਰਤੀ ਦਰਸ਼ਨ-ਮਾਰਗ ਦੀ ਇਕ ਵਿਚਾਰ-ਪ੍ਰਧਾਨ ਰਚਨਾ ਹੈ ਇਸ ਲਈ ਇਸ ਵਿਚ ਗ਼ੈਰ-ਭਾਰਤੀ ਬੋਲੀ ਫ਼ਾਰਸੀ ਦੀ ਸ਼ਬਦਾਵਲੀ ਦੀ ਵਰਤੋਂ ਅਸਲੋਂ ਹੀ ਨਹੀਂ ਹੈ।
 
ਗੁਰੂ ਜੀ ਅਨੁਸਾਰ ਜੀਵਨ ਇਸ ਤਰ੍ਹਾਂ ਬਤੀਤ ਕਰਨਾ ਚਾਹੀਦਾ ਹੈ ਜਿਵੇਂ ਕਮਲ ਤੇ ਮੁਰਗਾਈ ਜਲ ਵਿਚ ਰਹਿੰਦੇ ਹੋਏ ਜਲ ਤੋਂ ਅਭਿੱਜ ਰਹਿੰਦੇ ਹਨ। ਗੁਰੂ ਜੀ ਦਾ ਸਿਧਾਂਤ ਹੈ ਕਿ ਮਨੁੱਖ ਸੰਸਾਰ ਵਿਚ ਵਿਚਰਦੇ ਹੋਏ ਮਾਇਆ ਤੇ ਬੁਰਾਈ ਤੋਂ ਨਿਰਲੇਪ ਰਹਿ ਸਕਦਾ ਹੈ। ਗੁਰੂ ਅਜਿਹਾ ਮਾਰਗ ਦੱਸਦਾ ਹੈ ਤੇ ਗੁਰੂ ਦੁਆਰਾ ਪ੍ਰਾਪਤ ਹੋਇਆ ਨਾਮ ਹੀ ਮਨੁੱਖ ਨੂੰ ਉੱਚਾ ਤੇ ਸੁੱਚਾ ਰਸਤਾ ਦੱਸਦਾ ਹੈ।

ਜੋ ਵੱਡੇ-ਵੱਡੇ ਪ੍ਰਸ਼ਨ ਸਿੱਧਾਂ ਨੇ ਪੁੱਛੇ ਤੇ ਗੁਰੂ ਜੀ ਨੇ ਜੋ ਉੱਤਰ ਦਿੱਤੇ ਉਨ੍ਹਾਂ ਦਾ ਸੰਖੇਪ ਤੌਰ ’ਤੇ ਸਾਰੰਸ਼ ਇੰਞ ਹੈ:

ਗੁਰੂ ਜੀ ਨੂੰ ਪੁੱਛਿਆ ਗਿਆ ਕਿ ਤੁਹਾਡਾ ਮਾਰਗ ਕਿਹੜਾ ਹੈ ਤੇ ਉਸ ਵਿਚ ਜੀਵਨ-ਉਦੇਸ਼ ਕੀ ਹੈ? ਗੁਰੂ ਜੀ ਦਾ ਉੱਤਰ ਹੈ ਕਿ ਪ੍ਰਭੂ-ਭਗਤੀ ਸਾਡਾ ਧਰਮ ਹੈ, ਮੁਕਤੀ ਉਦੇਸ਼ ਹੈ ਤੇ ਇਸ ਪ੍ਰਯੋਜਨ ਦੀ ਪ੍ਰਾਪਤੀ ਲਈ ਸਾਧਨ ਹੈ ਸ਼ਬਦ, ਜੋ ਕਿ ਗੁਰੂ-ਮਿਲਾਪ ਦੁਆਰਾ ਪ੍ਰਾਪਤ ਹੁੰਦਾ ਹੈ। ਅੱਗੇ ਇਹ ਸੁਆਲ ਹੈ ਕਿ ‘ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ?’ ਇਸ ਦਾ ਉੱਤਰ ਇਹ ਹੈ : ਇਹ ਸੰਸਾਰ-ਸਾਗਰ, ਜਿਸ ਨੂੰ ਤਰ ਕੇ ਲੰਘਣਾ ਕਠਿਨ ਹੈ, ਗ੍ਰਹਿਸਤ ਵਿਚ ਉਦਾਸ ਤੇ ਮਾਇਆ ਵਿਚ ਨਿਰਲੇਪ ਰਿਹਾਂ ਤਰਿਆ ਜਾ ਸਕਦਾ ਹੈ। ਇਹ ਵੀ ਪੁੱਛਿਆ ਗਿਆ ਕਿ ਗੁਰੂ ਦਾ ਦਰ ਕਿਵੇਂ ਲੱਭੇ? ਉੱਤਰ ਮਿਲਿਆ ਕਿ ਪ੍ਰਭੂ-ਕਿਰਪਾ ਨਾਲ ਹੀ ਗੁਰੂ ਦਾ ਮਿਲਾਪ ਹੁੰਦਾ ਹੈ। ਗੁਰੂ ਨਾਮ ਦਿੰਦਾ ਹੈ ਤੇ ਨਾਮ ਮਨ ਨੂੰ ਟਿਕਾਅ ਵਿਚ ਰੱਖਦਾ ਹੈ। ਅੱਗੇ ਚਲ ਕੇ ਗੁਰੂ ਜੀ ਨੇ ਕਿਹਾ ਕਿ ‘ਮਨ ਟੇਕ ਟਿਕਈ’ ਲਈ ਗ੍ਰਹਿਸਤ ਵਿਚ ਰਹਿ ਕੇ ਸਦਾਚਾਰ ਨੂੰ ਕਾਇਮ ਰੱਖਣਾ ਜ਼ਰੂਰੀ ਹੈ। ਇਸ ਜੀਵਨ ਨੂੰ ਸੱਚਾ ਬਲ ਸਦਾਚਾਰ ਹੀ ਦਿੰਦਾ ਹੈ ਕਿਉਂਕਿ ‘ਹਾਟੀ ਬਾਟੀ ਨੀਦ ਨ ਆਵੈ, ਪਰ ਘਰਿ ਚਿਤੁ ਨ ਡੋੁਲਾਈ’। ਅਤੇ ਫਿਰ ਇਹ ਭੀ ਦੱਸਿਆ ਕਿ ‘ਕਾਮ ਕ੍ਰੋਧ ਅਹੰਕਾਰ ਨਿਵਾਰੈ, ਗੁਰ ਕੈ ਸਬਦਿ ਸੁ ਸਮਝ ਪਰੀ’। ਇਹ ਸ਼ਬਦ ਦੀ ਸੋਝੀ ਗੁਰੂ ਹੀ ਦਿੰਦਾ ਹੈ।

ਅੱਗੇ ਚਲ ਕੇ ਜੋਗੀਆਂ ਨੇ ਪੁੱਛ ਕੀਤੀ ਕਿ ਗੁਪਤ ਕੌਣ ਹੈ ਤੇ ਪਰਗਟ ਕੌਣ ਹੈ; ਮੁਕਤ ਕੌਣ ਹੈ ਤੇ ਬੰਧਨ ਵਿਚ ਕੌਣ? ਗੁਰੂ ਜੀ ਦਾ ਉੱਤਰ ਹੈ ਕਿ ‘ਘਟਿ ਘਟਿ’ ਗੁਪਤ ਵੱਸ ਰਿਹਾ ਹੈ। ‘ਅੰਤਰਿ ਬਾਹਰ ਸਬਦ ਸੁ ਜੁਗਤਾ’ ਹੈ। ਗੁਰਮੁਖ ਮੁਕਤ ਹੈ ਤੇ ਮਨਮੁਖ ਬੰਧਨ ਵਿਚ ਹੈ। ਮਨਮੁਖ ਦੁਰਮਤਿ ਵਿਚ ਫਸਿਆ ਪਿਆ ਹੈ। ਦੁਰਮਤਿ ਦੇ ਹਨੇਰੇ ਵਿੱਚੋਂ ਗੁਰੂ ਕਿਰਪਾ ਦੁਆਰਾ ਹੀ ਨਿਕਲਿਆ ਜਾ ਸਕਦਾ ਹੈ।

ਜਦ ਜੋਗੀ ਇਹ ਸੁਆਲ ਕਰਦੇ ਹਨ ਕਿ ‘ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ॥ ਕਿਸੁ ਕਾਰਣਿ ਇਹੁ ਭੇਖੁ ਨਿਵਾਸੀ?’ ਤਾਂ ਗੁਰੂ ਜੀ ਉੱਤਰ ਸਪੱਸ਼ਟ ਹੈ:

ਗੁਰਮੁਖਿ ਖੋਜਤ ਭਏ ਉਦਾਸੀ॥
ਦਰਸਨ ਕੈ ਤਾਈ ਭੇਖ ਨਿਵਾਸੀ॥ (ਪੰਨਾ 939)

ਪ੍ਰਸ਼ਨ ਹੈ ਕਿ ਆਵਾਗਵਨ ਕਿਵੇਂ ਮਿਟਦਾ ਹੈ? ਗੁਰੂ ਜੀ ਵੱਲੋਂ ਉੱਤਰ ਆਪ ਜੀ ਦੇ ਨਿੱਜੀ ਤਜਰਬੇ ਤੇ ਫ਼ਲਸਫ਼ੇ ਦਾ ਤੱਤ ਹੈ:

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ॥
ਅਨਹਤਿ ਰਾਤੇ ਇਹੁ ਮਨੁ ਲਾਇਆ॥
ਮਨਸਾ ਆਸਾ ਸਬਦਿ ਜਲਾਈ॥
ਗੁਰਮੁਖਿ ਜੋਤਿ ਨਿਰੰਤਰਿ ਪਾਈ॥
ਤ੍ਰੈ ਗੁਣ ਮੇਟੇ ਖਾਈਐ ਸਾਰੁ॥
ਨਾਨਕ ਤਾਰੇ ਤਾਰਣਹਾਰੁ॥ (ਪੰਨਾ 940)

ਇਸ ਗੋਸ਼ਟ ਵਿਚ ਪਰਮਾਤਮਾ ਬਾਰੇ ਬੜੇ ਜ਼ਰੂਰੀ ਤੇ ਸੂਖਮ ਸੁਆਲ ਉੱਠਦੇ ਹਨ। ਗੁਰੂ ਜੀ ਸੰਖੇਪ ਰੂਪ ਵਿਚ ਉੱਤਰ ਦਿੰਦਿਆਂ ਕਹਿੰਦੇ ਹਨ ਕਿ ਉਸ ਪ੍ਰਭੂ ਦੇ ਆਦਿ ਦਾ ਕਿਸੇ ਨੂੰ ਕੋਈ ਗਿਆਨ ਨਹੀਂ। ਨਿਰਗੁਣ ਤੋਂ ਸਰਗੁਣ ਸਰੂਪ ਵਿਚ ਉਹ ਆਪ ਹੀ ਹੋ ਜਾਂਦਾ ਹੈ। ਸੱਚ ਰੂਪੀ ਆਤਮਾ, ਪਰਮ ਸੱਚ ਰੂਪੀ ਪਰਮਾਤਮਾ ਵਿੱਚੋਂ ਹੀ ਉਪਜਦੀ ਹੈ ਤੇ ਫਿਰ ਉਸ ਵਿਚ ਹੀ ਜਾ ਕੇ ਲੀਨ ਹੋ ਜਾਂਦੀ ਹੈ।

ਫਿਰ ਗੁਰੂ ਜੀ ਗੁਰਮੁਖ ਤੇ ਮਨਮੁਖ ਦੇ ਗੁਣ ਅਤੇ ਔਗੁਣ ਦੱਸਦੇ ਹਨ। ‘ਮਨਮੁਖਿ ਭਰਮਿ ਭਵੈ ਬੇਬਾਣਿ’ ਪਰ ‘ਗੁਰਮੁਖ ਪਵਿਤ੍ਰੁ ਪਰਮ ਪਦੁ ਪਾਵੈ’ ਕਿਹਾ ਹੈ। ਮਨਮੁਖ ‘ਸਬਦੁ ਨ ਚੀਨੈ ਲਵੈ ਕੁਬਾਣਿ’ ਵਾਲੀ ਬਿਰਤੀ ਰੱਖਦਾ ਹੈ। ਪਰ ‘ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ’ ਵਾਲੀ ਅਵਸਥਾ ਵਿਚ ਵਿਚਰਦਾ ਹੈ। ਗੁਰਮੁਖ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਹੋਏ ਆਦਰਸ਼ਕ ਗੁਣ ਪੈਦਾ ਕਰਦਾ ਹੈ।

ਅੰਤਲੇ ਬੰਦਾਂ ਵਿਚ ‘ਸੁੰਨ’ ਤੇ ‘ਪਵਣੁ’ ਆਦਿ ਬਾਰੇ ਵਿਚਾਰ ਹਨ। ਇਥੇ ਵਧੇਰੇ ਵਿਚਾਰ ‘ਸਬਦੁ’ ਦੇ ਦੁਆਲੇ ਪਏ ਘੁੰਮਦੇ ਹਨ। ਗੁਰੂ ਜੀ ਨੇ ਦੱਸਿਆ ਕਿ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’। ਇਹ ਵੀ ਸੱਚ ਹੈ ਕਿ ‘ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ।’ ਨਾਮ ਇਕ ਮਹਾਨ ਵਸਤੂ ਹੈ, ਜਿਸ ਦੀ ਸੋਝੀ ਗੁਰੂ ਦੇ ਸ਼ਬਦ ਤੋਂ ਹੀ ਹੁੰਦੀ ਹੈ।

ਅੰਤਲੇ ਬੰਦ ਵਿਚ ਗੁਰੂ ਜੀ ਆਪਣੇ ਨਿੰਮ੍ਰੀ ਭੂਤ ਤੇ ਨਿਰ-ਅਭਿਮਾਨ ਤਰੀਕੇ ਅਨੁਸਾਰ ਇਸ ਗੋਸ਼ਟ ਵਿਚ ਪ੍ਰਾਪਤ ਹੋਈ ਆਪਣੀ ਜਿੱਤ ਦਾ ਪਤਾ ਦਿੰਦੇ ਹਨ।

ਸਾਰੰਸ਼ ਇਹ ਹੈ:

ਹੇ ਨਿਰੰਕਾਰ, ਆਪਣੀ ਗਤਿ-ਮਿਤ ਤੂੰ ਆਪ ਹੀ ਜਾਣਦਾ ਹੈਂ, ਹੋਰ ਕੋਈ ਵਰਣਨ ਨਹੀਂ ਕਰ ਸਕਦਾ। ਤੂੰ ਆਪ ਹੀ ਗੁਪਤ, ਆਪ ਹੀ ਪ੍ਰਗਟ ਹੈਂ ਤੇ ਤੂੰ ਆਪ ਹੀ ਸਾਰੇ ਰੰਗਾਂ ਤੇ ਅਨੰਦਾਂ ਨੂੰ ਮਾਣ ਰਿਹਾ ਹੈਂ। ਸਾਧਨਾ ਕਰਨ ਵਾਲੇ ਸਿਧ, ਚੇਲੇ ਤੇ ਗੁਰੂ ਬਹੁਤੇ ਖੋਜਦੇ ਫਿਰਦੇ ਹਨ। ਇਹ ਹੁਣ ਤੇਰੇ ਹੁਕਮ ਅਨੁਸਾਰ ਨਾਮ ਮੰਗਦੇ ਹਨ ਤੇ ਕਹਿੰਦੇ ਹਨ ਕਿ ਇਹ ਖੈਰ ਪਾਓ। ਅਸੀਂ ਇਹ ਦਰਸ਼ਨ ਜਾਂ ਸਿਧਾਂਤ ਤੋਂ ਕੁਰਬਾਨ ਜਾਂਦੇ ਹਾਂ। ਅਬਿਨਾਸ਼ੀ ਪ੍ਰਭੂ ਨੇ ਇਹ ਖੇਲ ਰਚਾਇਆ ਹੈ ਤੇ ਗੁਰਮੁਖਾਂ ਨੂੰ ਸੋਝੀ ਪਈ ਹੈ। ਸਾਰੇ ਜੁੱਗਾਂ ਵਿਚ ਪਰਮੇਸ਼ਰ ਆਪ ਹੀ ਪਿਆ ਵਰਤਦਾ ਹੈ, ਦੂਜਾ ਹੋਰ ਕੋਈ ਨਹੀਂ, ਜੋ ਸਦਾ ਇੰਞ ਥਿਰ ਹੋਵੇ। ਇਹ ਹੈ ਗਿਆਨ ਤੇ ਭਗਤੀ ਦਾ ਸੁਮੇਲ।

3. ਸੁਖਮਨੀ ਸਾਹਿਬ

ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਕ ਲੰਮੇਰੀ ਪਾਵਨ ਬਾਣੀ ਹੈ। ਇਸ ਵਿਚ 24 ਅਸ਼ਟਪਦੀਆਂ ਤੇ 24 ਸਲੋਕ ਹਨ। ਹਰੇਕ ਸਲੋਕ ਹਰ ਇਕ ਅਸ਼ਟਪਦੀ ਦੇ ਪਹਿਲਾਂ ਹੈ। ਹਰ ਸਲੋਕ ਦੀ ਵਿਆਖਿਆ ਉਸ ਤੋਂ ਬਾਅਦ ਦੀ ਅੰਕਿਤ ਅਸ਼ਟਪਦੀ ਵਿਚ ਹੈ। ਇੰਞ ਕਿਹਾ ਜਾ ਸਕਦਾ ਹੈ ਕਿ ਇਹ ਨਿੱਕੇ-ਨਿੱਕੇ ਚੌਵੀ ਨਿਬੰਧਾਂ ਦਾ ਇਕੱਠੇ ਰੂਪ ਵਿਚ ਇਕ ਲੰਮੇਰਾ ਨਿਬੰਧ ਹੈ। ਹਰ ਅਸ਼ਟਪਦੀ ਵਿਚ ਇਕ-ਇਕ ਖ਼ਿਆਲ ਅੰਕਿਤ ਹੈ ਤੇ ਹਰ ਅਸ਼ਟਪਦੀ ਇਕ ਨਿੱਕਾ ਨਿਬੰਧ-ਕਾਵਿ ਜਾਪਦੀ ਹੈ। ਪਰ ਵੱਖ-ਵੱਖ ਅਸ਼ਟਪਦੀਆਂ ਦੇ ਖ਼ਿਆਲ ਇਕ ਦੂਜੇ ਨਾਲ ਲੜੀਵਾਰ ਪਰੁੱਤੇ ਹੋਏ ਹਨ। ਇਸ ਸੁਖਾਂ ਦੀ ਮਣੀ ਤੇ ਅਮਰ ਪਾਵਨ ਬਾਣੀ ਵਿਚ ਕੇਂਦਰੀ ਵਿਸ਼ਾ ਹੈ ਕਿ ਸਦੀਵੀ ਸੁਖ ਤੇ ਸ਼ਾਂਤੀ ਕੀ ਹੈ ਤੇ ਇਹ ਕਿਵੇਂ ਪ੍ਰਾਪਤ ਹੋਏ। ਜਿਨ੍ਹਾਂ ਨੂੰ ਇਸ ਸੁਖ-ਸ਼ਾਂਤੀ ਦੀ ਪ੍ਰਾਪਤੀ ਹੋ ਗਈ ਹੈ ਉਹ ਸਾਧ-ਸੰਤ ਜਾਂ ਬ੍ਰਹਮ ਗਿਆਨੀ ਕਿਹੋ ਜਿਹੇ ਹਨ? ਇਹੋ ਜਿਹਿਆਂ ਦੀ ਉਸਤਤ ਹੀ ਕਰਨੀ ਬਣਦੀ ਹੈ। ਇਹੋ ਜਿਹੇ ਮਹਾਂਪੁਰਸ਼ਾਂ ਦੀ ਨਿੰਦਾ ਕਰਨ ਵਾਲੇ ਬੇਮੁਖ ਹਨ। ਸੱਚਾ ਸੁਖ ਤੇ ਸਦ- ਰਹਿਣੀ ਸ਼ਾਂਤੀ ਪ੍ਰਭੂ ਦੇ ਹੁਕਮ ਵਿਚ ਹੈ। ਇਸ ਦੀ ਸੂਝ ਸਿਮਰਨ ਦੁਆਰਾ ਹੋ ਸਕਦੀ ਹੈ।

ਅੱਜ ਜਦੋਂ ਦੁਨੀਆਂ ਧੜੇਬਾਜ਼ੀ ਵਿਚ ਵੰਡੀ ਪਈ ਹੈ, ਮਨੁੱਖਤਾ ਦੇ ਅਮਨ ਨੂੰ ਖ਼ਤਰਾ ਹੈ ਤੇ ਇਹ ਨਿਸ਼ਚਿਤ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੀਆਂ ਇਨਸਾਨੀ ਨਸਲਾਂ ਦੀ ਕੀ ਦਸ਼ਾ ਹੋਵੇਗੀ। ਵਿਚਾਰਵਾਨਾਂ ਲਈ ਇਸ ਸੁਆਲ ਦੀ ਅਹਿਮੀਅਤ ਤੇ ਗੌਰਵਤਾ ਬਹੁਤ ਵਧ ਗਈ ਹੈ ਕਿ ਮਨੁੱਖ ਤੇ ਸਮਾਜ ਦੇ ਸਦੀਵੀ ਅਮਨ ਤੇ ਸ਼ਾਂਤੀ ਲਈ ਕਿਹੜਾ ਹੱਲ ਹੋ ਸਕਦਾ ਹੈ? ਜਦ ਤਕ ਮਨੁੱਖ ਨੂੰ ਸ਼ਾਂਤ ਵਾਯੂਮੰਡਲ ਪ੍ਰਾਪਤ ਨਹੀਂ ਹੁੰਦਾ ਉਹ ਉਨਤੀ ਦੇ ਉਚੇਰੇ ਮੰਡਲਾਂ ਨੂੰ ਛੁਹ ਨਹੀਂ ਸਕਦਾ, ਉਹ ਮੰਡਲ ਚਾਹੇ ਆਤਮਕ ਖੰਡ ਬ੍ਰਹਿਮੰਡ ਹਨ, ਚਾਹੇ ਇਸੇ ਸੰਸਾਰ ਵਿਚ ਜੀਵ- ਜੰਤਾਂ ਤੇ ਵਸਤੂਆਂ ਬਾਰੇ ਉਹ ਗਿਆਨ-ਮੰਡਲ, ਜੋ ਅਜੇ ਖੋਜੇ-ਪੜਤਾਲੇ ਨਹੀਂ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਲੋੜੀਂਦੇ ਪ੍ਰਸ਼ਨ ਦਾ ਉੱਤਰ ਸੁਖਮਨੀ ਸਾਹਿਬ ਦੁਆਰਾ ਦਿੱਤਾ ਹੈ। ਇਸ ਦ੍ਰਿਸ਼ਟੀ ਤੋਂ ਇਹ ਇਕ ਜ਼ਰੂਰੀ ਤੇ ਸਰਬ-ਪ੍ਰਵਾਨਿਤ ਬਾਣੀ ਹੈ। ਇਸ ਦੀ ਬੋਲੀ ਸਾਧ-ਭਾਸ਼ਾ ਹੈ, ਜੋ ਕਿ ਲੱਗਭਗ  ਸਾਰੇ ਭਾਰਤ  ਵਿਚ ਸਮਝੀ ਜਾ ਸਕਦੀ ਹੈ। ਇਹੋ ਕਾਰਨ ਹੈ ਕਿ ਇਸ ਦੀ ਅਹਿਮੀਅਤ, ਵਿਸ਼ੇ ਤੇ ਬੋਲੀ ਨੂੰ ਮੁੱਖ ਰੱਖ ਕੇ ਸਾਧੂ ਟੀ. ਐਲ. ਵਾਸਵਾਨੀ ਨੇ ਇਹ ਸੁਝਾਅ ਦਿੱਤਾ ਸੀ ਕਿ ਸੁਖਮਨੀ ਸਾਹਿਬ ਸਕੂਲਾਂ ਤੇ ਕਾਲਜਾਂ ਵਿਚ ਜ਼ਰੂਰੀ ਕੋਰਸ ਹੋਣਾ ਚਾਹੀਦਾ ਹੈ (ਦੇਖੋ ਸਾਧੂ ਟੀ.ਐਲ.ਵਾਸਵਾਨੀ ਦੀ ਕਿਤਾਬ In the Sikh Sanctuary, ਵਿਚ SUKHMANI or PEACE-CHANT, ਪੰਨਾ 46) ਤਾਂ ਜੋ ਇਸ ਦੇ ਅਧਿਐਨ ਨਾਲ ਵਿਦਿਆਰਥੀ ਸ਼ਾਂਤ ਵਾਯੂਮੰਡਲ ਵਿਚ ਵਿਚਰਨਾ ਸਿੱਖ ਸਕਣ ਤੇ ਵਿਸ਼ਵ-ਸ਼ਾਂਤੀ ਵਿਚ ਸਹਾਈ ਹੋਣ ਲਈ ਚੰਗੇ ਮਨੁੱਖ ਬਣ ਸਕਣ।

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿਧਾਂਤ ਇਹ ਹੈ ਕਿ ਮਨੁੱਖੀ ਮਨ ਤੇ ਬੁੱਧੀ ਦੀਆਂ ਤਰੁੱਟੀਆਂ ਤੇ ਮਨੁੱਖੀ ਸਮਾਜ ਦੇ ਆਪੋ ਵਿਚ ਖਹਿ-ਖਹਿ ਮਰਨ ਤੇ ਨਿਤ ਦੇ ਯੁੱਧਾਂ-ਲੜਾਈਆਂ ਦਾ ਕਾਰਨ ਇਨਸਾਨੀ ਮਨ ਤੇ ਆਤਮਾ ਦੇ ਸੰਸਕਾਰਾਂ ਵਿਚ ਲੁਕਿਆ ਹੋਇਆ ਹੈ। ਜਿਤਨਾ ਚਿਰ ਅਚੇਤ ਮਨ ਦੀਆਂ ਰੁਚੀਆਂ ’ਤੇ ਕਾਬੂ ਪਾ ਕੇ ਆਤਮਾ ਦੀਆਂ ਡੂੰਘਾਈਆਂ ਵਿਚ ਪਰਿਵਰਤਨ ਨਹੀਂ ਲਿਆਇਆ ਜਾਂਦਾ, ਉਤਨਾ ਚਿਰ ਬਾਹਰਲੀਆਂ ਮਾਦੀ ਹਾਲਤਾਂ ਵਿਚ ਕੋਈ ਤਬਦੀਲੀ ਮਨੁੱਖ ਲਈ ਉਸ ਅਮਨ ਤੇ ਸ਼ਾਂਤੀ ਦਾ ਸੂਚਕ ਨਹੀਂ ਹੋ ਸਕਦੀ ਜਿਸ ਅਮਨ ਤੇ ਸ਼ਾਂਤੀ ਤੋਂ ਬਿਨਾਂ ਮਨੁੱਖ ਉਸ ਅਵਸਥਾ ’ਤੇ ਪਹੁੰਚ ਸਕੇ ਜਿਸ ਨੂੰ ਕਿ ਪਾਰਗਰਾਮੀ ਮਨੁੱਖੀ ਮੰਡਲ ਕਿਹਾ ਜਾ ਸਕੇ। ਗੁਰੂ ਜੀ ਨੇ ਮਨੁੱਖੀ ਆਤਮਾ ਦੀਆਂ ਡੂੰਘਾਈਆਂ ਵਿਚ ਇਹ ਪਰਿਵਰਤਨ ਲਿਆਉਣ ਲਈ ਸਾਧਨ ਉਹੀ ਦੱਸਿਆ ਹੈ ਜੋ ਕਿ ਸਿੱਖ ਧਰਮ ਦਾ ਕੇਂਦਰੀ ਧੁਰਾ ਹੈ। ਉਹ ਹੈ ਨਾਮ-ਸਿਮਰਨ। ਨਾਮ-ਸਿਮਰਨ ਸਾਧਨ ਭੀ ਹੈ ਤੇ ਆਦਰਸ਼ ਭੀ। ਇਸ ਦੀ ਨੀਂਹ ਉਸ ਅਟੱਲ ਤੇ ਅਮਰ ਸਚਾਈ ਉੱਤੇ ਰੱਖੀ ਹੋਈ ਹੈ ਜਿਸ ਨੂੰ ਸਦੀਆਂ ਤੋਂ ਲੈ ਕੇ ਅਜੋਕੇ ਧਰਮ-ਨੇਤਾਵਾਂ, ਚਿੰਤਕਾਂ ਤੇ ਸਾਧਕਾਂ ਨੇ ਤਜਰਬੇ ਦੀ ਕਸਵੱਟੀ ਉੱਤੇ ਪਰਖ ਕੇ ਠੀਕ ਮੰਨਿਆ ਹੈ।

ਨਾਮ-ਸਿਮਰਨ, ਜਿਸ ’ਤੇ ਸੁਖਮਨੀ ਸਾਹਿਬ ਦੀ ਹਰ ਅਸ਼ਟਪਦੀ ’ਚ ਜ਼ੋਰ ਦਿੱਤਾ ਗਿਆ ਹੈ, ਹੈ ਕੀ? ਸੰਖੇਪ ਸ਼ਬਦਾਂ ਵਿਚ ਇਸ ਸਾਧਨ ਦਾ ਤੱਤ ਇਹ ਹੈ; ਕਿ ਮਨ ਨੂੰ ਨਿੱਤ ਦੇ ਖ਼ਿਆਲੀ ਵਿਤਕਰਿਆਂ ਤੋਂ ਪਵਿੱਤਰ ਤੇ ਸਾਫ਼ ਕੀਤਾ ਜਾਏ, ਫਿਰ ਮਨ ਦੀ ਬਿਰਤੀ ਨੂੰ ਕਿਸੇ ਉੱਚੇ ਮੰਡਲ ’ਤੇ ਕੇਂਦਰਤ ਕੀਤਾ ਜਾਏ। ਇਹ ਇਕਾਗਰਤਾ ਤੇ ਮਨ-ਬਿਰਤੀ ਸੱਚ, ਇਨਸਾਫ਼, ਨੇਕੀ, ਪਰਉਪਕਾਰ ਦੇ ਨਾਲ-ਨਾਲ ਸੱਚੀ-ਸੁੱਚੀ ਕਿਰਤ ਤੇ ਵੈਰ-ਵਿਰੋਧ ਤੋਂ ਦੂਰ ਰਹਿ ਕੇ ਪ੍ਰਾਪਤ ਹੁੰਦੀ ਹੈ। ਇਹ ਪਦਵੀ ਨਿਰਭਉ ਤੇ ਨਿਸ਼ਕਾਮ ਆਦਿ ਗੁਣਾਂ ਕਰਕੇ ਹੀ ਕਾਇਮ ਰਹਿ ਸਕਦੀ ਹੈ।

ਸੁਖਮਨੀ ਸਾਹਿਬ ਦਾ ਵਿਸ਼ਾ ਇਕਦਮ ਹੀ ਪਹਿਲੀ ਅਸ਼ਟਪਦੀ ਦੇ ਸ਼ੁਰੂ ਵਿਚ ਸਪੱਸ਼ਟ ਹੋ ਜਾਂਦਾ ਹੈ। ਆਦਿ ਵਿਚ ਹੀ ਨਾਮ-ਸਿਮਰਨ ਨੂੰ ਅਮਲੀ ਰੂਪ ਵਿਚ ਜੀਵਨ ਅੰਦਰ ਵਸਾਉਣ ਤੇ ਹਿਰਦੇ ਵਿਚ ਗ੍ਰਹਿਣ ਕਰਨ ਦਾ ਉਪਦੇਸ਼ ਹੈ। ਇਸ ਦੀ ਮਹਿਮਾ ਅਪਰੰਪਰ ਦੱਸੀ ਗਈ ਹੈ। ਇਸ ਵਿਚ ਹੀ ਸਾਰੇ ਸੁਖ ਤੇ ਸ਼ਾਂਤੀ ਛੁਪੀ ਪਈ ਹੈ:

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ॥
 ਕਲਿ ਕਲੇਸ ਤਨ ਮਾਹਿ ਮਿਟਾਵਉ॥
ਸਿਮਰਉ ਜਾਸੁ ਬਿਸੁੰਭਰ ਏਕੈ॥
ਨਾਮੁ ਜਪਤ ਅਗਨਤ ਅਨੇਕੈ॥
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ॥
ਕੀਨੇ ਰਾਮ ਨਾਮ ਇਕ ਆਖ੍ਹਰ॥
ਕਿਨਕਾ ਏਕ ਜਿਸੁ ਜੀਅ ਬਸਾਵੈ॥
ਤਾ ਕੀ ਮਹਿਮਾ ਗਨੀ ਨ ਆਵੈ॥ (ਪੰਨਾ 262)

ਸੁਖਮਨੀ ਸਾਹਿਬ ਵਿਚ ਮਨ-ਬਿਰਤੀਆਂ ਤੇ ਖਿੰਡੀਆਂ ਹੋਈਆਂ ਸੁਰਤਾਂ ਤੇ ਕਲਪਨਾ ਨੂੰ ਸਿਮਰਨ ਦੇ ਸਾਧਨ ਦੁਆਰਾ ਜੀਵਨ ਦੇ ਉੱਚੇ-ਸੁੱਚੇ ਆਦਰਸ਼ ਲਈ ਇਕਾਗਰ ਕਰ ਕੇ ਇਕ ਕੇਂਦਰੀ ਨੁਕਤੇ ਉੱਪਰ ਲਿਆਉਣ ਦਾ ਯਤਨ ਕਰਨ ਦਾ ਉਪਦੇਸ਼ ਹੈ। ਜੇ ਇੰਞ ਕਰਨ ਵਾਲੇ ਦੀ ਆਤਮਾ ਪਰਮਾਤਮਾ ਨਾਲ ਅਭੇਦ ਹੋ ਜਾਵੇ ਤਾਂ ਰੋਗੀ ਮਨ ਅਰੋਗ ਹੋ ਕੇ ਭੈ-ਭਰਮਾਂ ਦੇ ਝਮੇਲਿਆਂ ਤੋਂ ਮੁਕਤ ਹੋ ਜਾਂਦਾ ਹੈ। ਇਸ ਅਵਸਥਾ ’ਤੇ ਦੁੱਖ-ਦਰਦ, ਕਲਹ-ਕਲੇਸ਼ ਨਹੀਂ ਰਹਿੰਦੇ ਤੇ ਸਾਰੇ ਦੁਸ਼ਮਨ ਭੱਜ ਜਾਂਦੇ ਹਨ:

ਪ੍ਰਭ ਕੈ ਸਿਮਰਨਿ ਗਰਭਿ ਨ ਬਸੈ॥
ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ॥
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ॥
ਪ੍ਰਭ ਕੈ ਸਿਮਰਨਿ ਦੁਸਮਨੁ ਟਰੈ॥
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ॥
ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ॥
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ॥
ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ॥…
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ॥
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ॥…
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ॥
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ॥   (ਪੰਨਾ 262)

ਜੀਵਨ ਸੰਗਰਾਮ ਦਾ ਨਾਮ ਹੈ। ਜ਼ਿੰਦਗੀ ਵਿਚ ਦੁੱਖਾਂ-ਤਕਲੀਫ਼ਾਂ ਦਾ ਟਾਕਰਾ ਤੇ ਮੁਕਾਬਲਾ ਚੜ੍ਹਦੀ ਕਲਾ ਵਿਚ ਵਿਚਰਦੇ ਹੋਏ ਕਰਨਾ ਬਹਾਦਰੀ ਤੇ ਮਰਦਾਨਗੀ ਹੈ। ਜੀਵਨ ਵਿਚ ਕੇਵਲ ਸਰੀਰਕ ਔਕੜਾਂ ਹੀ ਨਹੀਂ ਹਨ, ਆਤਮਕ ਪੀੜਾਂ ਵੀ ਹਨ। ਕੋਈ ਇਨਸਾਨ ਪੂਰਨ ਤੌਰ ’ਤੇ ਸੁਖੀ ਨਹੀਂ ਹੈ। ਜਦੋਂ ਸਾਡੇ ਪਾਪ ਸਾਡੇ ਸਾਹਮਣੇ ਆ ਖੜੋਂਦੇ ਹਨ ਤਾਂ ਆਤਮਾ ਕੰਬ ਉੱਠਦੀ ਹੈ। ਸਰੀਰ, ਮਨ ਤੇ ਆਤਮਾ ਕਰਕੇ ਨਿਰੋਆ ਜੀਵਨ ਹੀ ਸਹੀ ਅਰਥਾਂ ਵਿਚ ਅਰੋਗੀ ਹੈ। ਆਤਮਕ ਵਿਕਾਸ ਤੇ ਪਰਮਾਰਥਕ ਉਨਤੀ ਦੀਆਂ ਕਈ ਮੰਜ਼ਲਾਂ ਹਨ, ਜਿਨ੍ਹਾਂ ਨੂੰ ਤੈਅ ਕਰਨ ਲਈ ਕਈ ਔਕੜਾਂ ਤੇ ਰੋਕਾਂ ਦਾ ਟਾਕਰਾ ਕਰਨਾ ਪੈਂਦਾ ਹੈ। ਇਨ੍ਹਾਂ ਕਠਿਨਾਈਆਂ ਦਾ ਮੁਕਾਬਲਾ ਕਰਨ ਵੇਲੇ ਸਿਮਰਨ ਦੁਆਰਾ ਪ੍ਰਾਪਤ ਕੀਤੀ ਆਤਮਕ ਸ਼ਕਤੀ ਹੀ ਸਹਾਈ ਹੋ ਸਕਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਗਵਾਹੀ ਇਉਂ ਭਰੀ ਹੈ:

ਜਹ ਮਾਤ ਪਿਤਾ ਸੁਤ ਮੀਤ ਨ ਭਾਈ॥
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ॥
ਜਹ ਮਹਾ ਭਇਆਨ ਦੂਤ ਜਮ ਦਲੈ॥
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ॥
ਜਹ ਮੁਸਕਲ ਹੋਵੈ ਅਤਿ ਭਾਰੀ॥
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ॥…
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ॥
ਹਰਿ ਕਾ ਨਾਮੁ ਜਪਤ ਹੋਇ ਸੁਖੀਆ॥
ਲਾਖ ਕਰੋਰੀ ਬੰਧੁ ਨ ਪਰੈ॥
ਹਰਿ ਕਾ ਨਾਮੁ ਜਪਤ ਨਿਸਤਰੈ॥…
ਜਿਹ ਮਾਰਗਿ ਇਹੁ ਜਾਤ ਇਕੇਲਾ॥
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ॥  (ਪੰਨਾ 264)

ਜੀਵਨ ਇਕ ਲੰਬਾ ਸਫ਼ਰ ਹੈ। ਸੰਸਾਰ-ਯਾਤਰਾ ਲਈ ਓਟ ਤੇ ਆਸਰਾ ਨਾਮ- ਸਿਮਰਨ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ?

ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ॥
ਹਰਿ ਕਾ ਨਾਮੁ ਊਹਾ ਸੰਗਿ ਤੋਸਾ॥
ਜਿਹ ਪੈਡੈ ਮਹਾ ਅੰਧ ਗੁਬਾਰਾ॥
ਹਰਿ ਕਾ ਨਾਮੁ ਸੰਗਿ ਉਜੀਆਰਾ॥
ਜਹਾ ਪੰਥਿ ਤੇਰਾ ਕੋ ਨ ਸਿਞਾਨੂ॥
ਹਰਿ ਕਾ ਨਾਮੁ ਤਹ ਨਾਲਿ ਪਛਾਨੂ॥ (ਪੰਨਾ 264)

ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਨੇ ਨਾਮ ਦੀ ਟੇਕ ਲਈ ਹੈ ਤੇ ਸੁਆਸ-ਸੁਆਸ ਸਿਮਰਨ ਕਰ ਕੇ ਪੁੱਗ ਗਏ ਹਨ ਉਹ ਮਹਾਂਪੁਰਸ਼ ਪੂਜਯ ਹਨ, ਸੰਤ ਹਨ, ਸਾਧ ਹਨ, ਉਹ ਬ੍ਰਹਮ-ਗਿਆਨੀ ਹਨ। ਇਹੋ ਜਿਹੇ ਸਰਬ-ਸ੍ਰੇਸ਼ਟ ਉਤਮ ਵਿਅਕਤੀਆਂ ਦੀ ਉਪਮਾ ਹੀ ਕਰਨੀ ਬਣਦੀ ਹੈ। ਇਹੋ ਜਿਹੇ ਸੰਤਾਂ ਦੀ ਨਿੰਦਾ ਚੰਗੀ ਨਹੀਂ। ‘ਸੰਤ ਕਾ ਨਿੰਦਕ’ ਲੋਕ ਪਰਲੋਕ ਦੋਹੀਂ ਥਾਈਂ ਦੁਰਕਾਰਿਆ ਜਾਂਦਾ ਹੈ, ਅਤੇ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਪਰ ਜਿਨ੍ਹਾਂ ਦਾ ਸਤਿਕਾਰ ਕਰਨਾ ਬਣਦਾ ਹੈ ਉਨ੍ਹਾਂ ਦੀ ਪਛਾਣ ਤੇ ਲੱਛਣ ਕੀ ਹਨ? ਉੱਤਰ ਹੈ:

ਮਨਿ ਸਾਚਾ ਮੁਖਿ ਸਾਚਾ ਸੋਇ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥ (ਪੰਨਾ 272)

ਬ੍ਰਹਮ-ਗਿਆਨੀ ‘ਸਦਾ ਨਿਰਲੇਪ’ ਹੈ। ‘ਸਦਾ ਨਿਰਦੋਖ’ ਹੈ। ਉਹ ਸਭ ਨੂੰ ਸਮਾਨ ਦ੍ਰਿਸ਼ਟੀ ਨਾਲ ਦੇਖਦਾ ਹੈ। ਬ੍ਰਹਮ-ਗਿਆਨੀ ਜਲ ਵਾਂਙੂੰ ਨਿਰਮਲ ਹੈ।
ਬ੍ਰਹਮ-ਗਿਆਨੀ ਦੇ ਗੁਣ ਬੇਸ਼ੁਮਾਰ ਹਨ:

ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ॥
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ॥    (ਪੰਨਾ 272)

ਬ੍ਰਹਮ ਗਿਆਨੀ ਬੰਧਨ ਤੇ ਮੁਕਤਾ॥
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ॥…

ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ॥
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥ (ਪੰਨਾ 273)

ਸੱਚਮੁੱਚ ਬ੍ਰਹਮ-ਗਿਆਨੀ ਦਾ ਦਰਜਾ ਬਹੁਤ ਉੱਚਾ ਹੈ। ਬ੍ਰਹਮ-ਗਿਆਨੀ ਤਾਂ ਆਪ ਪਰਮੇਸ਼ਰ ਹੈ ਕਿਉਂਕਿ ਉਹ ਪਰਮਾਤਮਾ ਨਾਲ ਅਭੇਦ ਹੋ ਚੁੱਕਾ ਹੁੰਦਾ ਹੈ।

ਸੁਖਮਨੀ ਸਾਹਿਬ ਵਿਚ ਆਸ਼ਾਵਾਦੀ ਫ਼ਲਸਫ਼ਾ ਅੰਕਿਤ ਹੈ। ਇਹ ਸਰਲ ਭਾਸ਼ਾ ਵਿਚ ਤੇ ਵਿਸਥਾਰਕ ਢੰਗ ਨਾਲ ਉਚਾਰਨ ਕੀਤੀ ਗਈ ਬਾਣੀ ਹੈ, ਜੋ ਕਿ ਸਰਬ-ਸ਼੍ਰੇਸ਼ਟ ਧਰਮ ਦੀ ਸੋਝੀ ਦਿੰਦੀ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥    (ਪੰਨਾ 266)

ਸਪੱਸ਼ਟ ਹੈ ਕਿ ਇਸ ਬਾਣੀ  ਦੁਆਰਾ ਨਿਰਮਲ ਕਰਮ ਕਰਨ ਤੇ ਹਰੀ ਦਾ ਨਾਮ ਜਪਣ ਦੀ ਪ੍ਰੇਰਨਾ ਮਿਲਦੀ ਹੈ। ਸੁਖਮਨੀ ਸਾਹਿਬ ਨੂੰ ਪੜ੍ਹ ਕੇ, ਵਿਚਾਰ ਕੇ ਤੇ ਇਸ ’ਤੇ ਅਮਲ ਕਰ ਕੇ ਇਨਸਾਨ ਆਪਣੀਆਂ ਸੀਮਤ ਹੱਦਾਂ ਤੋਂ ਉਤਾਂਹ ਉੱਠ ਕੇ ਇਕ ਨਵੇਂ ਮੰਡਲ ਵਿਚ ਵਿਚਰਨ ਲੱਗਦਾ ਹੈ, ਜਿਸ ਦੀਆਂ ਕੀਮਤਾਂ ਵੱਖਰੀਆਂ ਹਨ। ਇਸ ਬਾਣੀ ਵਿਚ ਪ੍ਰਚਾਰੇ ਗਏ ਨਾਮ-ਸਿਮਰਨ ਦੇ ਸਾਧਨ ਦੁਆਰਾ ਮਨੁੱਖ ਆਪਣੀ ਵਿਅਕਤੀਗਤ ਹੈਸੀਅਤ ਵਿਚ ਅਜਿਹੇ ਸਮਾਜਿਕ ਪ੍ਰਬੰਧ ਦੀ ਨੀਂਹ ਰੱਖਣ ਦੀ ਸੋਝੀ ਲੈਂਦਾ ਹੈ ਜਿਸ ਵਿੱਚੋਂ ਸਰੀਰਕ ਭੁੱਖ ਤੇ ਮਾਨਸਿਕ ਦੁੱਖ ਖੰਭ ਲਾ ਕੇ ਉੱਡ ਜਾਣ।

ਸੁਖਮਨੀ ਸਾਹਿਬ ਦਾ ਅਧਿਐਨ ਦੋ ਪੱਖਾਂ ਤੋਂ ਮਨੋਰੰਜਕ ਹੈ। ਇਕ ਤਾਂ ਮਹਾਨ ਆਤਮਕ ਸਾਧਨ ਦਾ ਵਰਣਨ, ਜਿਸ ਦਾ ਸਵਿਸਥਾਰ ਜ਼ਿਕਰ ਉੱਪਰ ਕੀਤਾ ਗਿਆ ਹੈ ਤੇ ਇਸ ਦੇ ਯਮ-ਨਿਯਮਾਂ ਦਾ ਬਿਆਨ ਤੇ ਇਸ ਦੀਆਂ ਵੱਖੋ-ਵੱਖਰੀਆਂ ਮੰਜ਼ਲਾਂ ਦੀ ਵਿਆਖਿਆ। ਦੂਜਾ ਪਹਿਲੂ ਇਸ ਦੇ ਸਾਹਿਤਕ ਸੁਹੱਪਣ ਦਾ ਹੈ, ਇਸ ਦੇ ਛੰਦਾਂ ਦੀ ਅਨੂਪਮ ਰਵਾਨੀ ਤੇ ਇਸ ਦਾ ਜਾਦੂ ਭਰਿਆ ਸੰਗੀਤ। ਸਾਹਿਤ ਤੇ ਕਾਵਿ ਦੇ ਨੁਕਤੇ ਤੋਂ ਸੁਖਮਨੀ ਸਾਹਿਬ ਦੀ ਮਹੱਤਤਾ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਸਦੀਆਂ ਤੋਂ ਪੰਜਾਬੀ, ਸਿੰਧੀ ਤੇ ਹੋਰ ਲੋਕੀਂ ਲੱਖਾਂ ਦੀ ਗਿਣਤੀ ਵਿਚ ਇਸ ਦੇ ਅਧਿਐਨ, ਗਾਇਨ ਅਤੇ ਸ਼੍ਰਵਣ ਦੇ ਆਤਮਕ ਪ੍ਰਭਾਵ ਤੇ ਸੰਗੀਤਕ ਸਵੱਛਤਾ ਰਾਹੀਂ ਸ਼ਾਂਤੀ ਪ੍ਰਾਪਤ ਕਰਦੇ ਆ ਰਹੇ ਹਨ ਤੇ ਕਰਦੇ ਰਹਿਣਗੇ। ਕਿਸੇ ਰਚਨਾ ਦੀ ਵਡਿਆਈ ਦੀ ਸਭ ਤੋਂ ਚੰਗੀ ਕਸਵੱਟੀ ਇਹੋ ਕਹੀ ਜਾ ਸਕਦੀ ਹੈ ਕਿ ਉਸ ਰਚਨਾ ਨੂੰ ਪੜ੍ਹਨ ਵਾਲਾ ਮੁੜ ਉਹ ਨਾ ਰਹੇ ਜੋ ਕਿ ਉਸ ਨੂੰ ਪੜ੍ਹਨ ਤੋਂ ਪਹਿਲਾਂ ਸੀ। ਸੁਖਮਨੀ ਸਾਹਿਬ ਦੀ ਵਿਚਾਰਧਾਰਾ ਦਾ ਇਹ ਪ੍ਰਭਾਵ ਹਰ ਉਸ ਪਾਠਕ ’ਤੇ ਪੈਂਦਾ ਹੈ ਜੋ ਇਸ ਨੂੰ ਮਨ ਲਾ ਕੇ ਪੜ੍ਹਦਾ ਜਾਂ ਸੁਣਦਾ ਹੈ। ਇਸ ਦੀ ਗਵਾਹੀ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ ਹੀ ਪਈ ਮਿਲਦੀ ਹੈ। ਅੰਤਲੀ ਅਸ਼ਟਪਦੀ ਦੇ ਅਖ਼ੀਰਲੇ ਪਦੇ ਵਿਚ ਫ਼ਰਮਾਨ ਹੈ:

ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ॥
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ॥
ਜਨਮ ਮਰਨ ਤਾ ਕਾ ਦੂਖੁ ਨਿਵਾਰੈ॥
ਦੁਲਭ ਦੇਹ ਤਤਕਾਲ ਉਧਾਰੈ॥
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ॥
ਏਕੁ ਨਾਮੁ ਮਨ ਮਾਹਿ ਸਮਾਨੀ॥
ਦੂਖ ਰੋਗ ਬਿਨਸੇ ਭੈ ਭਰਮ॥
ਸਾਧ ਨਾਮ ਨਿਰਮਲ ਤਾ ਕੇ ਕਰਮ॥
ਸਭ ਤੇ ਊਚ ਤਾ ਕੀ ਸੋਭਾ ਬਨੀ॥
ਨਾਨਕ ਇਹ ਗੁਣਿ ਨਾਮੁ ਸੁਖਮਨੀ॥ (ਪੰਨਾ 296)

ਸੱਚਮੁੱਚ ਇਕ ਮਹਾਨ ਵਿਸ਼ੇ ਨੂੰ ਇਕ ਮਹਾਨ ਕਲਾਕਾਰ ਨੇ ਇਕ ਅਮਰ ਰਚਨਾ ਦੇ ਰੂਪ ਵਿਚ ਕਲਮਬੰਦ ਕੀਤਾ ਹੈ। ਇਹ ਨਿਬੰਧ-ਕਾਵਿ ਅਜਿਹੇ ਸੰਗੀਤ ਵਿਚ ਓਤਪੋਤ ਹੈ ਜੋ ਕਿ ਪਹਾੜੀ ਚਸ਼ਮੇ ਵਾਂਗ ਨਿਰਮਲ ਤੇ ਸੀਤਲ ਹੈ, ਜਿਸ ਨੂੰ ਮਨਬਿਰਤੀ ਇਕਾਗਰ ਕਰ ਕੇ ਸਪਰਸ਼ ਕੀਤਿਆਂ ਮਨ ਦੀ ਦਸ਼ਾ ਤੇ ਚਿਤ ਦਾ ਹੁਲਾਸ ਅਕਥਨੀਯ ਹੋ ਜਾਂਦਾ ਹੈ।

4. ਅਨੰਦ ਸਾਹਿਬ

‘ਸਹਿਜ ਤੇ ਅਨੰਦ’ ਨਾਂ ਦੀ ਪੁਸਤਕ ਦੀ ਭੂਮਿਕਾ ਵਿਚ ਡਾ. ਤਾਰਨ ਸਿੰਘ ਨੇ ਠੀਕ ਲਿਖਿਆ ਹੈ ਕਿ “ਪੰਜਾਬੀ ਵਿਚ ਕੋਈ ਸ਼ਬਦ ‘ਅਨੰਦ’ ਸ਼ਬਦ ਦੇ ਭਾਵ ਨੂੰ ਪੂਰੀ ਤਰ੍ਹਾਂ ਨਹੀਂ ਦਰਸਾ ਸਕਦਾ।.   ‘ਅਨੰਦ’ ਸ਼ਬਦ ਆਤਮਾ ਦੀ ਕਿਸੇ ਅਵਸਥਾ ਦਾ ਸੂਚਕ ਹੈ, ਜਿਸ ਅਵਸਥਾ ਵਿਚ ਸ਼ਾਂਤੀ, ਅਡੋਲਤਾ, ਤ੍ਰਿਪਤੀ, ਨਿਰਲੇਪਤਾ, ਕੋਮਲਤਾ ਆਦਿ ਸਾਰੇ ਲੱਛਣ ਉਪਸਥਿਤ ਹਨ ਅਤੇ ਜੋ ਅਵਸਥਾ ਸਥਿਰ ਰਹਿੰਦੀ ਹੈ। ‘ਖੁਸ਼ੀ’ (ਸ਼ਬਦ) ਵਿਚ ਇੰਨਾ ਆਤਮਕ ਭਾਵ ਨਹੀਂ ਹੈ ਜਿੰਨਾ ਮਾਨਸਕ ਹੈ। ਇਸ ਦੇ ਅਰਥ ਇੰਨੇ ਤ੍ਰਿਪਤੀ ਦੇ ਸੂਚਕ ਨਹੀਂ ਜਿੰਨੇ ਇਕ ਸਾਮਯਕ ਪੂਰਤੀ ਦੇ।” ‘

ਅਨੰਦ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਇਹੋ ਆਤਮਕ  ਅਵਸਥਾ  ਦੇ ਝਲਕਾਰੇ ਪੈਂਦੇ ਹਨ। ਇਹ ਨਿੱਜੀ ਅਨੰਦ ਵਿੱਚੋਂ ਫੁਟੀ ਨਦੀ ਵਾਂਗ ਸ਼ਾਂਤੀ ਤੇ ਤ੍ਰਿਪਤੀ ਦਾ ਸੋਮਾ ਹੈ। ਇਹ ਬਾਣੀ ਖੇੜੇ ਤੇ ਹੁਲਾਸ, ਨਿਰਲੇਪਤਾ ਤੇ ਅਡੋਲਤਾ ਦੀ ਜ਼ਾਮਨ ਹੈ। ਇਸ ਦੇ ਰਚਣਹਾਰ ਸ੍ਰੀ ਗੁਰੂ ਅਮਰਦਾਸ ਜੀ ਇਸ ਅਵਸਥਾ ਦੀ ਪੁੱਜੀ ਹੋਈ ਮਹਾਨ ਆਤਮਾ ਹਨ ਤੇ ਇਹ ਉਨ੍ਹਾਂ ਦੇ ਜ਼ਾਤੀ ਤਜਰਬੇ ਦਾ ਇਕ ਪ੍ਰਗਟਾਅ ਹੈ।

ਖੇੜਾ ਤੇ ਖੁਸ਼ੀ ਹਰ ਮਨੁੱਖ ਦੀ ਮੁੱਢਲੀ ਲੋਚਾ ਹੈ ਜਿਸ ਲਈ ਹਰ ਜੀਵ ਕਿਸੇ ਨਾ ਕਿਸੇ ਸ਼ਕਲ ਵਿਚ ਉਪਰਾਲੇ ਪਿਆ ਕਰਦਾ ਹੈ। ਇਸ ਦੁਨੀਆਂ ਦੀ ਸਾਰੀ ਭੱਜ-ਨੱਠ, ਮਾਇਆ ਤੇ ਪਦਵੀ ਦੀ ਪ੍ਰਾਪਤੀ, ਗਿਆਨ ਤੇ ਸ਼ਕਤੀ ਹਾਸਲ ਕਰਨ ਦੇ ਯਤਨ ਸਾਰੇ ਹੀ ਇਸ ਸੁਚੇਤ ਜਾਂ ਅਚੇਤ ਲਾਲਸਾ ਦੀ ਪੂਰਤੀ ਲਈ ਹੀ ਹਨ ਕਿ ਜੀਵਨ ਵਿਚ ਖੁਸ਼ੀ ਹੋਵੇ ਤੇ ਅਸੀਂ ਸੁਖੀ ਹੋਈਏ। ਪਰ ਖੁਸ਼ੀ ਇਕ ਸੀਮਤ ਸਮੇਂ ਲਈ ਹੁੰਦੀ ਹੈ ਪਰ ਅਨੰਦ ਦੀ ਪ੍ਰਾਪਤੀ ਤਾਂ ਸਮਝੋ ਸਦੀਵੀ ਖੇੜੇ ਦੀ ਲਖਾਇਕ ਹੈ। ਆਤਮਕ ਅਨੰਦ ਸਹਿਜ ਦੀ ਅਵਸਥਾ ਹੈ। ਸਹਿਜ ਤੇ ਅਨੰਦ ਇਕੱਠੇ ਹਨ। ਅਨੰਦ ਸਤਿਗੁਰੂ ਦੇ ਮਿਲਾਪ ਕਰਕੇ ਹੈ: ‘ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ’। ਅਤੇ ਸਤਿਗੁਰੂ ਦਾ ਮਿਲਾਪ ਸਹਿਜ ਦੁਆਰ ਹੈ: ‘ਸਤਿਗੁਰੁ ਤ ਪਾਇਆ ਸਹਜ ਸੇਤੀ…॥’ ਸਹਿਜ ਸਾਧਨ ਹੈ ਅਨੰਦ ਦੀ ਪ੍ਰਾਪਤੀ ਦਾ। ਅਨੰਦ ਅਵਸਥਾ ਹੈ। ਅਨੰਦ ਤੇ ਸਹਿਜ ਲਾਜ਼ਮ ਮਜ਼ਮੂਨ ਹਨ। ਇਕ ਦੂਜੇ ਦੇ ਨਾਲ-ਨਾਲ ਹਨ। ਮਨੁੱਖੀ ਸ਼ਖ਼ਸੀਅਤ ਦਾ ਸਿਖਰ ਹੈ ਸਮਾਨਤਾ ਤੇ ਅਡੋਲਤਾ। ਇਸੇ ਅਵਸਥਾ ਨੂੰ ਸਹਿਜ ਦੀ ਅਵਸਥਾ ਕਹਿੰਦੇ ਹਨ। ਸਹਿਜ ਇਕ ਅਜਿਹੇ ਸੁਭਾਅ ਦੀ ਨੀਂਹ ਹੈ ਜੋ ਹਰ ਵੇਲੇ ਹਰ ਥਾਂ ਅਡੋਲ, ਨਿਰਭੈ ਤੇ ਨਿਰਵੈਰ ਹੈ। ਜਿਨ੍ਹਾਂ ਗੁਣਾਂ ਕਰਕੇ ਇਹ ਸਹਿਜ ਦੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਉਹ ਅਨੰਦ ਦੀ ਬਾਣੀ ਵਿਚ ਅੰਕਿਤ ਹੈ।

ਅਨੰਦ ਸਾਹਿਬ ਦੀਆਂ ਚਾਲੀ ਪਉੜੀਆਂ ਹਨ ਤੇ ਹਰ ਪਉੜੀ ਵਿਚ ਇਕ ਨਾ ਇਕ ਐਸੇ ਗੁਣ ਦਾ ਵਰਣਨ ਹੈ ਜਿਸ ਨੂੰ ਗ੍ਰਹਿਣ ਕਰਨ ਨਾਲ ਪੂਰਨ-ਅਨੰਦਮਈ ਸ਼ਖ਼ਸੀਅਤ ਉਸਰਦੀ ਹੈ ਤੇ ਅੰਤ ਪਰਮ-ਅਨੰਦ ਵਿਚ ਜਾ ਸਮਾਈਦਾ ਹੈ।

ਇਹ ਪਾਵਨ ਬਾਣੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਸ਼ਾਹਕਾਰ ਸਵੀਕਾਰੀ ਜਾਂਦੀ ਹੈ, ਜੋ ਕਿ ਉਸੇ ਰਾਗ ਵਿਚ ਅੰਕਿਤ ਹੈ ਜਿਸ ਵਿਚ ‘ਸਿਧ ਗੋਸਟਿ’। ਰਾਮਕਲੀ ਰਾਗ ਦੀਆਂ ਬਾਣੀਆਂ ਵਿੱਚੋਂ ਇਹ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਪਾਵਨ ਬਾਣੀ ਹੈ। ਜਪੁਜੀ ਸਾਹਿਬ ਵਾਂਗ ਇਹ ਸਿੱਖਾਂ ਦੇ ਨਿਤਨੇਮ ਦੀ ਬਾਣੀ ਹੈ। ਇਸ ਪਾਵਨ ਬਾਣੀ ਦਾ ਵਿਸ਼ਾ, ਬੋਲੀ ਤੇ ਇਸ ਦਾ ਨਿਭਾਅ ਸਰਲ ਹਨ। ਕ੍ਰਮਵਾਰ ਚਾਲੀ ਪਉੜੀਆਂ ਵਿਚ ਜੋ ਮਜ਼ਮੂਨ ਹਨ, ਉਹ ਡਾ. ਤਾਰਨ ਸਿੰਘ ਅਨੁਸਾਰ ਇਉਂ ਹਨ : “ਰਾਗਮਈ ਸ਼ਖਸੀਅਤ, ਇਖ਼ਲਾਕੀ ਜੁਰਅਤ, ਸ਼ੁਭ ਚਿਤਵਨ, ਰੁਝੇਵਾਂ, ਸ੍ਵੈ-ਕਾਬੂ, ਆਦਰਸ਼ ਦੀ ਲਗਨ, ਸੁਲਝੀ ਜੀਵਨ-ਜਾਚ, ਨਿਰਮਲ ਮਨ, ਸ੍ਵੈ-ਅਰਪਣ ਜਾਂ ਭੋਲਾ ਭਾਵ, ਲੰਬੀ ਨਦਰ, ਸੰਤੁਸ਼ਟਤਾ, ਮਾਨਵ-ਭਗਤੀ, ਆਪਾ ਵਾਰਨਾ, ਅੰਤਸ਼ਕਰਣ ਦੀ ਅਨੁਸਾਰਤਾ, ਆਤਮ-ਸੰਤੁਸ਼ਟਤਾ, ਪਵਿੱਤਰਤਾ, ਬਿਬੇਕ, ਸੱਚ ਗ੍ਰਹਿਣ, ਅੰਦਰੋਂ ਬਾਹਰੋਂ ਸਮਾਨਤਾ, ਮਨੁੱਖਤਾ, ਮੁਕਤੀ, ਸ਼ੁਭ ਪ੍ਰੇਰਨਾ, ਸੱਚ ਦਾ ਪਿਆਰ, ਹੁਕਮ ਦੀ ਪਛਾਣ, ਸਾਵਾਂਪਣ, ਕ੍ਰਿਤਗਯਤਾ, ਮਾਇਆ ਵੱਲ ਯੋਗ ਵਤੀਰਾ, ਰੋਜ਼ਾਨਾ ਉਨਤੀ, ਜੀਭ ਦਾ ਜ਼ਬਤ, ਅੰਦਰਲੀ ਜੋਤ, ਅੰਤਰ-ਆਤਮੇ ਪ੍ਰਭੂ- ਨਿਵਾਸ, ਸਫਲ ਸਰੀਰ, ਦਿਬ-ਦ੍ਰਿਸ਼ਟਤਾ, ਪਵਿੱਤਰ ਸ੍ਰਵਣ, ਆਤਮ-ਸੂਝ, ਸੱਚ ਪ੍ਰਾਇਣਤਾ ਤੇ ਮਨੋਰਥ ਦੀ ਪ੍ਰਾਪਤੀ।”
 
ਇਹ ਮਨੋਰਥ ਕੀ ਹੈ? ਇਹ ਹੈ ਅਨੰਦ ਦੀ ਪ੍ਰਾਪਤੀ। ਅਨੰਦ ਦੀ ਪ੍ਰਾਪਤੀ ਹੀ ਅਨੰਦ ਸਾਹਿਬ ਦੀ ਬਾਣੀ ਦਾ ਵਿਸ਼ਾ ਹੈ। ਇਸੇ ਲਈ ਇਸ ਬਾਣੀ ਵਿਚ ਮਨੋਵਿਗਿਆਨਕ ਢੰਗ ਨਾਲ ਪਰਮਾਰਥਕ ਤੇ ਇਖ਼ਲਾਕੀ ਸੁਝਾਅ ਦਿੱਤੇ ਗਏ ਹਨ। ਪਰ ਜਿਸ ਆਦਰਸ਼ ਦਾ ਗਿਆਨ ਹੀ ਨਾ ਹੋਵੇ, ਉਸ ਦੀ ਪ੍ਰਾਪਤੀ ਦੇ ਕੀ ਅਰਥ? ਇਸ ਬਾਣੀ ਦੀ ਪਹਿਲੀ ਤੇ ਅੰਤਲੀ ਪਉੜੀ ਵਿਚ ਇਹ ਸੰਕੇਤ ਹੈ ਕਿ ਅਨੰਦ ਕੀ ਹੈ? ਇਸ ਬਾਣੀ ਦੇ ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਸਦੀਵੀ ਖੇੜਾ ਇਕ ਸੰਗੀਤਮਈ ਅਵਸਥਾ ਹੈ, ਇਕ ਅਨਹਦ ਸ਼ਬਦ ਦੀ ਗੁੰਜਾਰ ਹੈ, ਆਪਣੇ ਇਸ਼ਟ ਗੁਰੂ ਨਾਲ ਇਕਸੁਰਤਾ ਹੈ। ਇਹ ਇਕਸੁਰਤਾ ਕੀ ਹੈ? ਇਹੋ ਤਾਂ ਅਨੰਦ ਸਾਹਿਬ ਵਿਚ ਵਿਆਖਿਆ ਕੀਤੀ ਗਈ ਹੈ। ਅਨੰਦ ਸਾਹਿਬ ਵਿਚ ਆਪੇ ਦੀ ਪਛਾਣ, ਇਸ ਜਨਮ ਤੇ ਸਰੀਰ ਦੀ ਮਹਾਨਤਾ ਤੇ ਸਰੀਰਕ ਇੰਦਰੀਆਂ ਦੀ ਯੋਗ ਵਰਤੋਂ, ਗੁਰੂ-ਭਗਤੀ, ਨਾਮ-ਸਿਮਰਨ ਤੇ ਆਸ਼ਾਵਾਦੀ ਦ੍ਰਿਸ਼ਟੀਕੋਣ ਪ੍ਰਤੱਖ ਪਏ ਦਿੱਸਦੇ ਹਨ।

ਹਰ ਰਚਨਾ ਰਚਨਹਾਰ ਦੀ ਸ਼ਖ਼ਸੀਅਤ ਦਾ ਪ੍ਰਤੀਬਿੰਬ ਹੁੰਦੀ ਹੈ। ਇਹ ਗੱਲ ਨਿਬੰਧ ’ਤੇ ਤਾਂ ਹੋਰ ਵੀ ਵਧੇਰੇ ਠੀਕ ਢੁੱਕਦੀ ਹੈ। ਸੰਸਾਰ-ਸਾਹਿਤ ਦੇ ਇਤਿਹਾਸ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਇਕ ਅਨੋਖੀ ਮਿਸਾਲ ਕਾਇਮ ਕਰ ਦਿਖਾਈ ਜਦ ਕਿ ਆਪ ਨੇ ਇਸ ਪਾਵਨ ਬਾਣੀ ਜੋ ਕਿ ਆਪ ਦੀ ਸਭ ਤੋਂ ਪ੍ਰਸਿੱਧ ਤੇ ਉਤਕ੍ਰਿਸ਼ਟ ਰਚਨਾ ਹੈ, ਲੱਗਭਗ 90 ਸਾਲ ਦੀ ਆਯੂ ਵਿਚ ਕਰਕੇ ਵਿਖਾਈ। 72 ਸਾਲ ਦੀ ਉਮਰ ਤੋਂ ਬਾਅਦ ਤਾਂ ਆਪ ਨੇ ਬਾਣੀ ਰਚਣੀ ਸ਼ੁਰੂ ਕੀਤੀ। ਇਹ ਭੀ ਕੋਈ ਸਾਧਾਰਨ ਗੱਲ ਨਹੀਂ। ਸ਼ਬਦ ਦੀ ਪ੍ਰਾਪਤੀ ਦੇ ਮਗਰੋਂ ਨਾਮ-ਸਿਮਰਨ ਦੀ ਘਾਲ-ਕਮਾਈ ਕਰ ਕੇ ਜਿਸ ਸਦੀਵੀ ਅਨੰਦ ਨੂੰ ਹਾਸਲ ਕੀਤਾ, ਉਸੇ ਨੂੰ ਅਨੰਦ ਸਾਹਿਬ ਵਿਚ ਅੰਕਿਤ ਕਰ ਕੇ ਆਪਣੇ ਸਿੱਖਾਂ ਨੂੰ ਅਨੰਦ-ਮਾਰਗ ਦਰਸਾਇਆ ਹੈ। ਇਸ ਅਨੰਦਮਈ ਰਚਨਾ ਦੁਆਰਾ ਸਾਨੂੰ ਗਿਆਨ, ਰਾਗ, ਸ਼ਬਦ, ਵਿਸ਼ਵਾਸ, ਤ੍ਰਿਪਤੀ ਤੇ ਲਿਵ ਦੀ ਸੂਝ ਪੈਂਦੀ ਹੈ ਜੋ ਕਿ ਪਾਪ ਖੰਡਨ ਤੇ ਮੋਹ, ਭਰਮ ਤੇ ਕਾਮਾਦਿਕ ਔਗੁਣਾਂ ਦਾ ਨਾਸ਼ ਕਰ ਕੇ ਨਿਰਮਲ ਮਨ ਦੀ ਪ੍ਰਾਪਤੀ ਕਰਨ ਵਿਚ ਸਹਾਈ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਣੀ ਜੇ ਚੰਗੀ ਤਰ੍ਹਾਂ ਸਮਝ ਕੇ ਮਨ ਵਸਾ ਲਈ ਜਾਵੇ ਤੇ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲਿਆ ਜਾਵੇ ਤਾਂ ਸਭ ਤਰ੍ਹਾਂ ਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੁੰਦਾ ਹੈ, ਜਿਸ ਲਈ ਇਹ ਬਾਣੀ ਚਾਨਣ-ਮੁਨਾਰਾ ਹੈ।

ਅਨੰਦ ਸਾਹਿਬ ਬਾਣੀ ਦਾ ਆਧਾਰ ਸ੍ਰੀ ਗੁਰੂ ਅਮਰਦਾਸ ਜੀ ਦਾ ਨਿੱਤ ਦਾ ਅਜ਼ਮਾਇਆ ਹੋਇਆ ਜੀਵਨ-ਤਜਰਬਾ ਹੈ, ਇਸੇ ਨਿੱਜੀ ਛੋਹ ਕਾਰਨ ਅਨੰਦ ਸਾਹਿਬ ਦੀ ਬਾਣੀ ਵਿਚ ਸ਼ਕਤੀ ਤੇ ਬਲ ਹੈ। ਗੁਰੂ ਜੀ ਨੇ ਗੁਰੂ-ਭਗਤੀ ਤੋਂ ਜੋ ਬਿਰਤੀ ਤੇ ਅਨੁਭਵ ਪ੍ਰਾਪਤ ਕੀਤਾ ਉਸੇ ਦਾ ਉਲੇਖ ਇਸ ਪਾਵਨ ਬਾਣੀ ਵਿਚ ਕੀਤਾ। ਇਸ ਬਾਣੀ ਵਿਚ ‘ਲਬੁ ਲੋਭੁ ਅਹੰਕਾਰੁ’ ਨੂੰ ਪਛਾੜਨ ਤੇ ‘ਖੰਨਿਅਹੁ ਤਿਖੀ ਵਾਲਹੁ ਨਿਕੀ’ ਦੇ ਸਿੱਖੀ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਇਸ ਬਾਣੀ ਦੇ ਪਾਠ ਦੁਆਰਾ ‘ਮਾਇਆ ਮੋਹਨੀ’ ਨੂੰ ਪਛਾੜ ਕੇ ਆਤਮਕ ਸਿਖਰ ਦੀ ਉਸ ਅਵਸਥਾ ’ਤੇ ਪੁੱਜਣ ਦਾ ਉਪਦੇਸ਼ ਮਿਲਦਾ ਹੈ ਜਿੱਥੇ ਕਿ ‘ਸਗਲ ਮਨੋਰਥ ਪੂਰੇ’ ਹੁੰਦੇ ਹਨ। ਤਾਹੀਉਂ ਤਾਂ ਇਸ ਬਾਣੀ ਦੀ ਅਖ਼ੀਰਲੀ ਪਉੜੀ ਵਿਚ ਸਪੱਸ਼ਟ ਤੌਰ ’ਤੇ ਫ਼ਰਮਾਨ ਹੈ:

ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ॥
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ॥
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ॥
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ॥ (ਪੰਨਾ 922)

‘ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ’ ਨਾਮ ਦੀ ਪੁਸਤਕ ਵਿਚ ਡਾ. ਮੋਹਨ ਸਿੰਘ ਨੇ ਲਿਖਿਆ ਹੈ ਕਿ “ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚੋਂ ਪੰਜਾਬੀ ਵਾਰਤਕ ਨਿਖਰਦੀ ਪਈ ਦਿੱਸਦੀ ਹੈ। ਕਾਰਨ ਇਸ ਦਾ ਇਹ ਹੈ ਕਿ ਅੰਮ੍ਰਿਤ ਬਚਨ ਭਾਵੇਂ ਨਜ਼ਮ ਵਿਚ ਹੋਣ ਤੇ ਭਾਵੇਂ ਨਸਰ ਵਿਚ, ਹੈਨ ਅੰਮ੍ਰਿਤ ਬਚਨ ਹੀ।” ਅਤੇ ਡਾਕਟਰ ਤਾਰਨ ਸਿੰਘ ਦੇ ਸ਼ਬਦਾਂ ਵਿਚ, “ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਇਤਨੀ ਦਵੰਦ ਰਹਿਤ ਹੈ ਕਿ ਉਹ ਆਦਰਸ਼ਕ ਵਾਰਤਕ ਵਾਂਗ ਬਲੌਰੀ ਸਪੱਸ਼ਟਤਾ ਦੀ ਧਾਰਨੀ ਹੋ ਨਿਬੜੀ ਹੈ।”

ਸ਼ੈਲੀ ਵਿਚ ਇਕਸਾਰਤਾ, ਸ਼ਬਦ-ਚੋਣ, ਭਾਵ ਤੇ ਬਿੰਬਾਵਲੀ ਹਰ ਇਕ ਦਾ ਪੱਧਰ ਆਦਿ ਤੋਂ ਅੰਤ ਤਕ ਇੱਕੋ ਜਿਹਾ ਰੱਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਲੰਮੀ ਬਾਣੀ ਦੀ ਹਰ ਪਉੜੀ ਵਿਚ ਇੱਕੋ ਜਿਹਾ ਰਸ ਭਰ ਦਿੱਤਾ ਹੈ। ਸਾਰੀ ਬਾਣੀ ਵਿੱਚੋਂ ਉਸ ਬਿਰਹੋਂ ਕੁੱਠੇ ਅਤੇ ਸੇਵਾ ਅਤੇ ਸਿਮਰਨ ਨਾਲ ਨਿਰਮਲ ਕੀਤੇ ਮਨ ਦੀ ਆਵਾਜ਼ ਹੈ ਜਿਸ ਵਿਚ ਕੋਈ ਓਪਰਾਪਨ ਜਾਂ ਬਨਾਵਟ ਨਹੀਂ ਦਿੱਸਦੀ। ਇਸ ਬਾਣੀ ਦੀ ਪੰਜਾਬੀ ਨਿਰੋਲ ਹੈ ਅਤੇ ਇਸ ਵਿਚ ਕੋਈ ਅਜਿਹਾ ਸ਼ਬਦ ਨਹੀਂ ਵਰਤਿਆ ਗਿਆ ਜੋ ਕਿਸੇ ਹੋਰ ਬੋਲੀ ਦਾ ਹੁੰਦੇ ਹੋਏ ਪੰਜਾਬੀ ਰੂਪ ਧਾਰਨ ਨਾ ਕਰ ਗਿਆ ਹੋਵੇ। ਸਰਲਤਾ ਤੇ ਸਪੱਸ਼ਟਤਾ ਇਸ ਬਾਣੀ ਵਿਚ ਇਤਨੀ ਹੈ ਕਿ ਸਾਧਾਰਨ ਮਨੁੱਖ ਵੀ ਇਸ ਨੂੰ ਸੌਖੇ ਹੀ ਸਮਝ ਸਕਦਾ ਹੈ।

ਅਨੰਦ ਸਾਹਿਬ ਦੀ ਹਰ ਪਉੜੀ ਦੀਆਂ ਤੁਕਾਂ ਇੱਕੋ ਜਿਤਨੀਆਂ ਤੇ ਚਾਲ ਇੱਕੋ ਜਿਹੀ ਹੈ। ਹਰ ਪਉੜੀ ਦੀਆਂ ਕ੍ਰਮਵਾਰ ਸਤਰਾਂ ਦਾ ਤੋਲ ਇੱਕੋ ਤੇ ਹਰ ਤੁਕ ਦਾ ਤੁਕਾਂਤ ਰਲਦਾ ਹੈ।

ਅਨੰਦ ਸਾਹਿਬ ਵਿਚ ਸ਼ੁਰੂ ਤੋਂ ਅਖ਼ੀਰ ਤਕ ਇੱਕੋ ਰਸ ਹੈ। ਖ਼ਿਆਲਾਂ ਦੀ ਲੜੀਵਾਰ ਉਸਾਰੀ ਜ਼ਰੂਰ ਹੈ ਪਰ ਉਤਾਰ-ਚੜ੍ਹਾਅ ਨਹੀਂ ਹਨ। ਛੰਦਾਬੰਦੀ ਵਿਚ ਪੂਰਨ ਇਸ ਬਾਣੀ ਦੀਆਂ ਪਉੜੀਆਂ ਦੀ ਚਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਛੰਤਾਂ ਤੇ ਕਾਵਿ-ਰੂਪ ਵਾਲੀ ਚਾਲ ਹੈ। ਦੋ ਸੌ ਪੰਕਤੀਆਂ ਦੀ ਇੱਕੋ ਤੋਲ ਤੇ ਇੱਕੋ ਹੀ ਸ਼ਾਂਤ ਰਸ ਵਿਚ ਭਿੱਜੀ ਇਹ ਪਾਵਨ ਬਾਣੀ ਸੰਜੋਗ ਦੀ ਬਾਣੀ ਹੈ ਤੇ ਡੂੰਘੇ ਸਿੱਖੀ ਭਾਵਾਂ ਤੇ ਰਾਗਮਈ ਵਾਯੂਮੰਡਲ ਵਿਚ ਲਪੇਟੀ ਹੋਈ ਇਕ ਅਨੂਪਮ ਬਾਣੀ ਹੈ।

ਇਸ ਪਾਵਨ ਬਾਣੀ ਦੀ ਸਮਰੱਥਾ ਸੁਖਮਨੀ ਸਾਹਿਬ ਵਾਂਗ ਇਸ ਦੇ ਪ੍ਰਬੰਧ- ਕਾਵਿ ਵਿਚ ਹੈ। ਅਨੰਦ ਸਾਹਿਬ ਦੀ ਬਾਣੀ ਵਿਚ ਹਰ ਸਤਰ ਤੇ ਹਰ ਪਉੜੀ ‘ਅਨੰਦ’ ਦੇ ਵਿਸ਼ੇ ਦੁਆਲੇ ਹੀ ਘੁੰਮਦੀਆਂ ਹਨ। ਇਹ ਅਨੰਦ ਦੀ ਪ੍ਰਤੀਕ ਕਿਵੇਂ ਹੋ ਸਕਦੀ ਹੈ, ਦੇ ਖ਼ਿਆਲਾਂ ਨੂੰ ਹੀ ਲੈ ਕੇ ਚਿਤਰਿਆ ਗਿਆ ਹੈ।

ਜਪੁਜੀ ਸਾਹਿਬ ਤੇ ਸਿਧ ਗੋਸਟਿ ਦਾ ਪ੍ਰਭਾਵ ਵਿਚਾਰਾਤਮਕ, ਬਹੁਪੱਖੀ ਤੇ ਬਹੁ-ਅੰਗੀ ਹੈ, ਪਰ ਅਨੰਦ ਸਾਹਿਬ ਦਾ ਪ੍ਰਭਾਵ ਇੱਕੋ ਹੀ ਨੁਕਤੇ ਦੇ ਗਿਰਦ ਘੁੰਮਦਾ ਹੈ ਜੋ ਕਿ ਇਸ ਬਾਣੀ ਦੀ ਪਹਿਲੀ ਤੁਕ ਵਿਚ ਹੀ ‘ਅਨੰਦ ਭਇਆ ਮੇਰੀ ਮਾਏ’ ਦੇ ਸ਼ਬਦਾਂ ਨਾਲ ਪ੍ਰੀਚਿਤ ਕਰਵਾ ਦਿੱਤਾ ਗਿਆ ਹੈ ਅਤੇ ਇਸੇ ਖ਼ਿਆਲ ਨੂੰ ਅੰਤਲੀ ਪਉੜੀ ਦੇ ਇਨ੍ਹਾਂ ਲਫ਼ਜ਼ਾਂ ਵਿਚ ਸਮੇਟਿਆ ਹੈ :
‘ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ’।

ਅਨੰਦ ਅਨੰਦ ਤਾਂ ਸਭ ਕੋਈ ਕਹਿੰਦਾ ਹੈ ਪਰ ਸੱਚਾ ਅਨੰਦ ਸੱਚੇ ਗੁਰੂ ਦੀ ਸੰਗਤ ਤੇ ਪ੍ਰੇਮ-ਛੁਹ ਤੋਂ ਹੀ ਪ੍ਰਾਪਤ ਹੁੰਦਾ ਹੈ। ਇਹ ਅਨੰਦ ਅਕਥਨੀਯ ਹੈ। ਇਸੇ ਅਕਥਨੀਯ ਅਨੰਦ ਦੇ ਵਾਯੂਮੰਡਲ ਵਿਚ ਗੁੰਦੀ ਹੋਈ ਸਰਲ, ਸਪੱਸ਼ਟ ਤੇ ਇਕਰਸ ਇਹ ਪਾਵਨ ਬਾਣੀ ਦ੍ਰਿੜ੍ਹ ਤੇ ਮਹਾਨ ਰਚਨਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)