ਸ੍ਰੀ ਗੁਰੂ ਗ੍ਰੰਥ ਸਾਹਿਬ ਮੱਧਕਾਲੀਨ ਗ੍ਰੰਥਾਂ ਵਿੱਚੋਂ ਦੀਰਘਾਕਾਰੀ ਰਚਨਾ ਹੈ। ਇਸ ਵਿਚ ਇਕ ਤੋਂ ਵਧੀਕ ਬਾਣੀਕਾਰਾਂ ਦੀ ਬਾਣੀ ਸ਼ਾਮਲ ਹੈ। ਇਸ ਵੱਡ-ਅਕਾਰੀ ਰਚਨਾ ਦੇ ਛੰਦ-ਪ੍ਰਬੰਧ ਨੂੰ ਨਿਮਨ-ਅੰਕਿਤ ਨੁਕਤਿਆਂ ਵਿਚ ਵੰਡ ਕੇ ਵਿਚਾਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ:
1. ਬਾਣੀ ਅਤੇ ਕਾਵਿ-ਛੰਦ;
2. ਬਾਣੀ ਅਤੇ ਸੰਗੀਤ-ਛੰਦ;
3. ਬਾਣੀ ਅਤੇ ਛੰਦ-ਸਰੂਪ;
4. ਛੰਦ-ਵਿਧਾਨ ਦੀ ਪਰੰਪਰਾ;
5. ਬਾਣੀ ਅਤੇ ਛੰਦ-ਵਿਧਾਨ;
6. ਬਾਣੀ ਵਿਚ ਛੰਦ-ਵਰਤੋਂ;
7. ਬਾਣੀ ਅਤੇ ਛੰਦ-ਕੌਸ਼ਲ;
8. ਬਾਣੀਕਾਰਾਂ ਦੀ ਛੰਦ-ਵਿਸ਼ਿਅਕ ਮੌਲਿਕਤਾ।
1. ਬਾਣੀ ਅਤੇ ਕਾਵਿ-ਛੰਦ
ਬਾਣੀ, ਬਾਣੀਕਾਰਾਂ ਦੀ ਦਰਸ਼ਨ-ਮੂਲਕ ਰਚਨਾ ਹੈ ਜਿਸ ਦੀ ਪੇਸ਼ਕਾਰੀ ਦੋ ਮੁੱਖ ਬੰਦਿਸ਼ਾਂ ਰਾਹੀਂ ਹੋਈ ਹੈ। ਪਹਿਲੀ ਰਾਗ ਤੇ ਦੂਸਰੀ ਛੰਦ। ਰਾਗ-ਬੰਦਿਸ਼ ਦੇ ਅਧੀਨ ਸਾਰੀ ਰਾਗਬੱਧ ਬਾਣੀ ਆਉਂਦੀ ਹੈ ਤੇ ਛੰਦ-ਬੰਦਿਸ਼ ਦੇ ਅੰਤਰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਛਲੇਰਾ ਭਾਗ ਜੋ ਪੰਨਾ 1353-1430 ਉੱਪਰ ਸਮਾਪਤ ਹੁੰਦਾ ਹੈ। ਰਾਗਬੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ 31 ਰਾਗਾਂ ਵਿਚ ਰੂਪਮਾਨ ਹੋਈ ਹੈ ਤੇ ਛੰਦ-ਬੰਦਿਸ਼ ਦੇ ਅਧੀਨ ਨਿਮਨ-ਅੰਕਿਤ ਬਾਣੀ:
(ੳ) 1. ਸਲੋਕ ਸਹਸਕ੍ਰਿਤੀ ਮਹਲਾ 1 ਅਤੇ 5;
2. ਗਾਥਾ ਮਹਲਾ 5;
3. ਫੁਨਹੇ ਮਹਲਾ 5।
(ਅ) 1. ਸਲੋਕ ਭਗਤ ਕਬੀਰ ਜੀ ਕੇ ਤੇ ਸਲੋਕ ਸੇਖ ਫਰੀਦ ਕੇ;
2. ਸਵਈਏ ਸ੍ਰੀ ਮੁਖਬਾਕ੍ਹ ਮਹਲਾ 5 ਤੇ ਸਵਈਏ ਮਹਲਾ 1,2,3,4, 5 ਕੇ;
(ੲ) 1. ਚਉਬੋਲੇ ਮਹਲਾ 5;
2. ਸਲੋਕ ਮਹਲਾ 9;
3. ਮੁੰਦਾਵਣੀ ਮਹਲਾ 5।
ਸੁਆਲ ਹੋ ਸਕਦਾ ਹੈ, ਕੀ ਉੱਪਰ ਸੰਕੇਤਕ ਬਾਣੀ ਹੀ ਕਾਵਿ-ਛੰਤ ਰਾਹੀਂ ਰੂਪਮਾਨ ਹੋਈ ਹੈ? ਉੱਤਰ ਹੋਵੇਗਾ, ਨਹੀਂ। ਦਰਅਸਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿਚ ਛੰਦ-ਵਰਤੋਂ ਹੋਈ ਹੈ। ਫ਼ਰਕ ਕੇਵਲ ਇਤਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖ਼ੀਰਲਾ ਭਾਗ ਰਾਗ-ਬੰਦਿਸ਼ ਤੋਂ ਮੁਕਤ ਹੋ ਕੇ ਨਿਰੋਲ ਕਾਵਿ-ਛੰਦਾਂ ਰਾਹੀਂ ਰੂਪਮਾਨ ਹੋਇਆ ਹੈ। ਇਸ ਤੋਂ ਉਲਟ ਰਾਗਬੱਧ ਬਾਣੀ ਦੀ ਪ੍ਰਮੁੱਖ ਜੁਗਤ ਰਾਗ ਹੈ ਤੇ ਕਾਵਿ-ਛੰਦ ਗੌਣ ਰੂਪ ਵਿਚ ਵਰਤਿਆ ਗਿਆ ਹੈ। ਸੁਆਲ ਹੈ, ਬਾਣੀ ਤੇ ਕਾਵਿ-ਛੰਦ ਦਾ ਆਪਸੀ ਸੰਬੰਧ ਕੀ ਹੈ?
ਛੰਦ ਮੁਖ-ਧੁਨੀ ਦੀ ਨਿਯਮਿਤ ਰਚਨਾ ਹੈ, ਇਸ ਨੂੰ ਛੰਦ ਆਚਾਰੀਆਂ ਨੇ ਬੈਖਰੀ ਧੁਨੀ-ਸਮੂਹ ਕਿਹਾ ਹੈ। ਪਰੰਪਰਾ ਤੋਂ ਇਹ ਤੱਥ ਸਰਬ-ਵਿਖਿਆਤ ਹੈ ਕਿ ਸ਼੍ਰਿਸ਼ਟਾ ਜਿਤਨਾ ਮਹਾਨ ਹੋਵੇਗਾ, ਰਚਨਾ ਉਤਨੀ ਹੀ ਮਹਿਮਾ ਮਈ ਹੋਵੇਗੀ। ਇਹ ਸੰਕਲਪ ਆਦਿ-ਕਾਲ ਤੋਂ ਤੁਰਿਆ ਆ ਰਿਹਾ ਹੈ ਕਿ ਛੰਦ ਦਾ ਰਚਣਹਾਰ ਹੀ ਕਵੀ-ਪਦ ਨੂੰ ਪ੍ਰਾਪਤ ਹੁੰਦਾ ਹੈ ਪਰ ਬਾਣੀਕਾਰ ਤਾਂ ਕਵੀ-ਪਦ ਤੋਂ ਉਚੇਰੇ ਹਨ ਤੇ ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਰਚਨਾ ਕਾਵਿ ਨਾ ਹੋ ਕੇ ਬਾਣੀ ਹੈ ਤੇ ਇਹ ਨਿਰੋਲ ਛੰਦ ਦੀ ਕੈਦ ਨਾ ਹੋ ਕੇ ਰਾਗ ਨਾਲ ਜੁੜ ਗਈ ਹੈ। ਕਾਵਿ-ਭਾਸ਼ਾ ਦਾ ਪ੍ਰਾਣ ਰਾਗ ਹੈ। ਰਾਗ-ਧੁਨੀ, ਸ਼ਬਦਾਂ ਅਤੇ ਲੋਕ-ਨਿਵਾਸੀਆਂ ਦੇ ਹਿਰਦੇ ਵਿਚ ਪਰਸਪਰ ਸਨੇਹ ਅਤੇ ਮਮਤਾ ਦਾ ਸੰਬੰਧ ਸਥਾਪਤ ਕਰਦੀ ਹੈ। ਉਂਞ ਤਾਂ ਧੁਨੀ ਪਸ਼ੂ ਦੀ ਬੋਲੀ ਵਿਚ, ਪਵਨ-ਸੰਚਰਣ ਵਿਚ, ਮੇਘ ਗਰਜਨਾ ਵਿਚ, ਪਾਣੀ ਦੇ ਪ੍ਰਵਾਹ ਵਿਚ, ਯੰਤਰ ਦੇ ਚੱਲਣ ਅਤੇ ਵਾਦਯ ਯੰਤਰਾਂ ਵਿਚ ਵੀ ਹੁੰਦੀ ਹੈ ਪਰੰਤੂ ਛੰਦ ਦੀ ਸੀਮਾ ਮਨੁੱਖ ਦੁਆਰਾ ਉਚਰਿਤ ਧੁਨੀ ਦੇ ਘੇਰੇ ਤਕ ਹੀ ਸੀਮਤ ਹੈ। ਛੰਦ ਉਹ ਬੈਖਰੀ (ਮਨੁੱਖ ਉਚਰਿਤ) ਪ੍ਰਤੱਖੀ-ਕ੍ਰਿਤੀ ਧੁਨੀ ਹੈ ਜੋ ਨਿਰੰਤਰ ਤਰੰਗ-ਭੰਗਿਮਾ ਦੇ ਸਹਾਰੇ ਪ੍ਰਸੰਨਤਾ ਦੇ ਭਾਵ ਅਤੇ ਅਰਥ ਦੀ ਅਭਿਵਿਅੰਜਨਾ ਕਰਦੀ ਹੈ। ਅਜੋਕਾ ਵਿਗਿਆਨ ਵੀ ਇਸ ਤੱਥ ਨਾਲ ਸਹਿਮਤ ਹੈ ਕਿ ਧੁਨੀ ਤਰੰਗਾਂ ਵਿਚ ਹੀ ਪ੍ਰਸਾਰਿਤ ਹੁੰਦੀ ਹੈ। ਇਹ ਧੁਨੀ ਜਲ-ਲਹਿਰਾਂ ਦੇ ਉੱਠਣ-ਡਿੱਗਣ ਵਾਂਗ ਗਤੀਮੂਲਕ ਹੁੰਦੀ ਹੈ। ਮਨੁੱਖੀ ਧੁਨੀ ਇਕਰਸ ਗਤੀ ਵਾਲੀ ਨਹੀਂ ਹੁੰਦੀ ਜਦ ਤਕ ਇਸ ਵਿਚ ਤਰੰਗ-ਭੰਗਿਮਾ ਨਾ ਹੋਵੇ। ਖੰਡਿਤ ਲੈਅ ਵਿਚ ਮਨੁੱਖ ਦੇ ਵਿਸ਼ੇਸ਼ ਭਾਵਾਂ ਨੂੰ ਜਗਾਉਣ ਦੀ ਸ਼ਕਤੀ ਵੀ ਨਹੀਂ ਹੁੰਦੀ। ਭੰਗਿਮਾ ਦਾ ਅਰਥ ਧੁਨੀ ਦਾ ਉੱਪਰ-ਥੱਲੇ ਹੋਣਾ ਹੈ, ਟੁੱਟਣਾ ਨਹੀਂ। ਤਰੰਗ ਹੀ ਛੰਦ ਦੇ ਅਖੰਡ ਪ੍ਰਭਾਵ ਦਾ ਰਾਜ਼ ਹੈ। ਭਾਵ ਅਤੇ ਧੁਨੀ ਵਿਚਾਲੇ ਛੰਦ, ਤਰੰਗਾਂ ਵਿਚ ਉਥਾਨ-ਪਤਨ ਕਰਦਾ ਹੋਇਆ ਕਾਵਿ ਦੀ ਪ੍ਰਾਥਮਿਕ ਲੈਅ ਦਾ ਨਿਰਮਾਣ ਕਰਦਾ ਹੈ। ਬਾਣੀ ਆਪਣੇ ਪ੍ਰਗਟਾਅ ਵਿਚ ਪ੍ਰਾਥਮਿਕ ਲੈਅ ਉੱਪਰ ਹੀ ਸਮਾਪਤ ਨਹੀਂ ਹੋ ਜਾਂਦੀ ਸਗੋਂ ਸੰਗੀਤ ਨਾਲ ਜੁੜ ਕੇ ਹਿਰਦੇ ਨੂੰ ਅਨੰਦ ਤਰੰਗਿਤ ਕਰ ਦੇਂਦੀ ਹੈ। ਇਹੀ ਕਾਰਨ ਹੈ ਕਿ ਬਾਣੀ-ਸੰਸਾਰ ਵਿਚ ਸੰਗੀਤ ਨੂੰ ਪਹਿਲ ਦਿੱਤੀ ਗਈ ਹੈ। ਭਾਵ ਅਤੇ ਛੰਦ ਦੇ ਸੰਜੋਗ ਨਾਲ ਤਿਆਰ ਹੋਈ ਆਧਾਰ-ਭੂਮੀ ਨੂੰ ਸੰਗੀਤ ਦੀ ਪਾਹ ਦੇ ਕੇ ਬਾਣੀ ਕੀਰਤਨ-ਗਾਇਨ ਰਾਹੀਂ ਜਨ-ਸਾਧਾਰਨ ਦੇ ਹਿਰਦਿਆਂ ਨੂੰ ਰਸ-ਰੂਪ ਕਰ ਦੇਂਦੀ ਹੈ। ਕੁੱਲ ਮਿਲਾ ਕੇ, ਬਾਣੀ ਸਿਰਜਣ ਦੀ ਮੂਲ ਵਫ਼ਾ ਗਿਆਨ-ਮੂਲਕ ਅਨੰਦ-ਸਿਰਜਣਾ ਨਾਲ ਹੈ। ਕਾਵਿ-ਛੰਦ ਦਾ ਇਸ ਅਨੰਦ-ਸਿਰਜਣਾ ਵਿਚ ਦੁਜੈਲਾ ਸਥਾਨ ਹੈ। ਜ਼ਾਹਿਰ ਹੈ, ਪ੍ਰਮੁੱਖ ਜੁਗਤ ਰਾਗ ਦੇ ਸੁਮੇਲ ਸਦਕਾ ਹੀ ਕਾਵਿ-ਛੰਦ ਆਪਣੀ ਮੰਤਵ-ਸਿਧੀ ਨੂੰ ਪ੍ਰਾਪਤ ਹੁੰਦਾ ਹੈ।
2. ਬਾਣੀ ਅਤੇ ਸੰਗੀਤ-ਛੰਦ
ਕਾਵਿ-ਆਚਾਰੀਆਂ ਨੇ ਕਾਵਿ ਨੂੰ ਮੋਟੇ ਤੌਰ ’ਤੇ ਦੋ ਭਾਗਾਂ ਵਿਚ ਵੰਡਿਆ ਹੈ। ਇਕ ਉਹ, ਜੋ ਗਾਇਆ ਜਾਂਦਾ ਹੈ। ਦੂਸਰਾ ਉਹ, ਜਿਸ ਦਾ ਉਚਾਰਨ ਕੀਤਾ ਜਾਂਦਾ ਹੈ। ਗਾਈ ਜਾਣ ਵਾਲੀ ਰਚਨਾ ਤਾਂ ਆਪਣੇ ਸੰਗੀਤ ਕਰਕੇ ਮਧੁਰ ਹੋਵੇਗੀ ਹੀ ਪਰ ਉਚਾਰੀ ਜਾਣ ਵਾਲੀ ਰਚਨਾ ਵਿਚ ਮਿਠਾਸ ਦੀ ਉਤਪਤੀ ਛੰਦ ਦੇ ਯੋਗ ਨਾਲ ਹੁੰਦੀ ਹੈ। ਬਾਣੀ-ਸਿਰਜਣਾ ਦੀ ਲਾਜ਼ਮੀ ਸ਼ਰਤ ਉਸ ਦਾ ਕੀਰਤਨ ਗਾਇਨ ਹੈ। ਬਾਣੀਕਾਰ ਇਸ ਪੱਖੋਂ ਸੁਚੇਤ ਨਜ਼ਰ ਆਉਂਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰੂ- ਬਾਣੀ ਜਾਂ ਭਗਤ-ਬਾਣੀ ਆਪਣੀ ਰੂਪ-ਜੁਗਤ ਵਿਚ ਰਾਗ-ਬੰਦਿਸ਼ ਦੀ ਅਨੁਸਾਰੀ ਹੀ ਰਹੀ ਹੈ। ਇਥੋਂ ਹੀ ਇਹ ਟੋਹ ਪ੍ਰਾਪਤ ਹੁੰਦੀ ਹੈ ਕਿ ਬਾਣੀ ਦੇ ਗਾਇਨ ਵਿਚ ਵਿਸ਼ੇਸ਼ ਮਧੁਰਤਾ ਭਰਨ ਲਈ ਰਾਗ-ਸੰਕੇਤ ਬਾਣੀ ਦੇ ਅਰੰਭ ਵਿਚ ਹੀ ਕਰ ਦਿੱਤਾ ਗਿਆ ਹੈ। ਹੁਣ ਸੁਆਲ ਹੋ ਸਕਦਾ ਹੈ, ਜੇ ਬਾਣੀ ਨਿਰੋਲ ਗਾਇਨ ਦੀ ਵਸਤੂ ਹੈ ਤਾਂ ਛੰਦ-ਵਰਤੋਂ ਦੀ ਕੀ ਲੋੜ ਸੀ? ਗੁਰੂ ਸਾਹਿਬਾਨ ਅਨੰਦ-ਸੰਚਾਰ ਦੀਆਂ ਜੁਗਤਾਂ ਤੋਂ ਜਾਣੂ ਹੀ ਨਹੀਂ ਸਨ ਸਗੋਂ ਗੁਰੂ ਸਾਹਿਬਾਨ ਤਾਂ ਉਨ੍ਹਾਂ ਦੀ ਵਰਤੋਂ ਜਨ-ਸਾਧਾਰਨ ਦੇ ਲਾਭ ਹਿਤ ਵੀ ਕਰਦੇ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਜਿੱਥੇ ਰਾਗ-ਸੰਕੇਤ ਰਚਨਾ ਦੇ ਅਰੰਭ ਵਿਚ ਦਿੱਤਾ ਉੱਤੇ ਨਾਲ ਹੀ ਪਦਾ ਅਤੇ ਤੁਕ-ਸੰਕੇਤ ਵੀ। ਪਦਾ-ਸੰਕੇਤ ਦਾ ਸੰਬੰਧ ਕਾਵਿ-ਛੰਦ ਨਾਲ ਹੈ ਪਰ ਕਾਵਿ-ਛੰਦ ਤਕ ਹਰ ਸਾਧਾਰਨ ਪਾਠਕ ਦੀ ਪਹੁੰਚ ਨਹੀਂ ਹੋ ਸਕਦੀ ਸੀ ਪਰ ਤੁਕ-ਸੰਕੇਤ ਜਾਂ ਲੈਅ-ਚਾਲ ਰਾਹੀਂ ਸਭ ਦੀ ਰਸਾਈ ਹੋ ਸਕਦੀ ਹੈ। ਇਸੇ ਕਰਕੇ ਰਾਗ-ਬੰਦਿਸ਼ ਵਾਲੀ ਬਾਣੀ ਉੱਪਰ ਤੁਕ-ਸੰਕੇਤ ਦਿੱਤੇ ਗਏ ਹਨ। ਪਰ ਉਹੋ ਬਾਣੀ ਜੋ ਰਾਗ-ਬੰਦਿਸ਼ ਤੋਂ ਮੁਕਤ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਤਿਮ ਭਾਗ ਹੈ, ਉਸ ਉੱਪਰ ਤੁਕ-ਸੰਕੇਤ ਅਲੋਪ ਹਨ। ਇਥੋਂ ਹੀ ਇਕ ਹੋਰ ਅੰਤਰ-ਦ੍ਰਿਸ਼ਟੀ ਵੀ ਪ੍ਰਾਪਤ ਹੁੰਦੀ ਹੈ। ਗੁਰਬਾਣੀ ਗਾਇਨ ਰਾਗ ਦੇ ਸਹਾਰੇ ਹੋ ਸਕਦਾ ਹੈ ਤੇ ਉਚਾਰਨ ਛੰਦ-ਚਾਲ ਨੂੰ ਧਿਆਨ ਵਿਚ ਰੱਖ ਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਗਉੜੀ ਸੁਖਮਨੀ ਮਹਲਾ 5’ ਵਿਚ 17 ਤਰ੍ਹਾਂ ਦੀ ਚੌਪਈ ਹੈ। ਚੌਪਈ ਦੀ ਲੈਅ ਪਾਠਕਾਂ ਜਾਂ ਸੰਗਤ ਦੇ ਇਤਨੀ ਮੂੰਹ ਚੜ੍ਹੀ ਹੋਈ ਹੈ ਕਿ ਹਰ ਗੁਰਦੁਆਰੇ ਵਿਚ ਇਸ ਵੱਡ-ਆਕਾਰੀ ਰਚਨਾ ਦਾ ਪਾਠ-ਉਚਾਰਨ ਬਹੁਤ ਸਹਿਜ ਪਰ ਲੈਅ-ਮੁਖ ਹੋ ਕੇ ਕੀਤਾ ਜਾਂਦਾ ਹੈ। ਬਲਕਿ ਜੇ ਇਹ ਕਿਹਾ ਜਾਏ ਕਿ ਅੱਜ ਵੀ ਸਾਡੇ ਧਰਮ-ਅਸਥਾਨਾਂ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਮੁਹਾਰਤ ਦਾ ਰਾਜ਼ ਇਸ ਦੀ ਛੰਦ-ਚਾਲ ਕਰਕੇ ਹੈ ਤਾਂ ਗ਼ਲਤ ਨਹੀਂ ਹੋਵੇਗਾ। ਗੁਰਬਾਣੀ ਦਾ ਪਾਠ ਜੇ ਛੰਦ-ਚਾਲ ਨੂੰ ਧਿਆਨ ਵਿਚ ਰੱਖ ਕੇ ਲੈਅ-ਮੁਖ ਉਚਾਰਨ ਕੀਤਾ ਜਾਏ ਤਾਂ ਇਹ ਵੀ ਇਕ ਵਿਸ਼ੇਸ਼ ਪ੍ਰਕਾਰ ਦੇ ਅਨੰਦ ਦੀ ਸਿਰਜਣਾ ਕਰਦੀ ਹੈ। ਤੇ ਜੇ ਉਸੇ ਨੂੰ ਹੀ ਸੰਗੀਤ ਦੀ ਪਾਹ ਦਿੱਤੀ ਜਾਏ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੈ।
ਸੰਗੀਤ-ਸ਼ਾਸਤਰੀ ਦ੍ਰਿਸ਼ਟੀ ਤੋਂ ਅਹਿਲਾਦਕ ਨਾਦ-ਵਿਸ਼ੇਸ਼ ਦਾ ਨਾਮ ਸੰਗੀਤ ਹੈ। ਸੰਗੀਤ ਦਾ ਆਧਾਰ-ਭੂਤ ਤੱਤ ਨਾਦ ਹੈ ਜੋ ਵਰਨ-ਉਚਾਰ ਦਾ ਮੂਲ ਕਾਰਨ ਹੈ। ਵਰਨ-ਉਚਾਰ ਦਾ ਵਿਸ਼ੇਸ਼ ਕੰਮ ਹੀ ਛੰਦ ਦਾ ਨਿਯਮਕ ਕਾਰਨ ਹੈ। ਤਾਤਵਿਕ ਦ੍ਰਿਸ਼ਟੀ ਤੋਂ ਛੰਦ ਅਤੇ ਸੰਗੀਤ ਦੋਵੇਂ ਇਕ ਦੂਜੇ ਤੋਂ ਭਿੰਨ ਨਹੀਂ। ਸਗੋਂ ਦੋਹਾਂ ਦਾ ਪ੍ਰਭਾਵ ਅਨੰਦਾਤਮਕ ਹੈ। ਸੰਗੀਤ ਦੇ ਉਤਪਾਦਕ ਕਾਰਨ ਵਿੱਚੋਂ ਛੰਦ ਇਕ ਮਹੱਤਵਪੂਰਨ ਕਾਰਨ ਹੈ। ਸੰਗੀਤ-ਸ਼ਾਸਤਰੀਆਂ ਨੇ ਗਾਉਣ ਦੀਆਂ ਦੋ ਪ੍ਰਮੁੱਖ ਵਿਧੀਆਂ ਮੰਨੀਆਂ ਹਨ: ਪਹਿਲੀ ਲੈਆਤਮਕ ਤੇ ਦੂਸਰੀ ਸੁਰਾਤਮਕ। ਪਹਿਲੀ ਸ਼੍ਰੇਣੀ ਦਾ ਸੰਬੰਧ ਤਾਲ ਨਾਲ ਹੈ ਤੇ ਦੂਸਰੀ ਦਾ ਰਾਗ ਨਾਲ। ਤਾਲ ਦਾ ਆਧਾਰ ਲੈਆਤਮਕਤਾ ਹੈ ਤੇ ਇਸ ਦਾ ਸਿੱਧਾ ਸੰਬੰਧ ਛੰਦ ਨਾਲ ਹੈ। ਰਾਗ ਵਿਚ ਸੁਰ-ਸਮੂਹ ਦਾ ਯੋਗ ਹੁੰਦਾ ਹੈ ਤੇ ਉਸ ਦੀ ਆਧਾਰਸ਼ਿਲਾ ਲੈਅ ਹੁੰਦੀ ਹੈ। ਹਰ ਰਾਗ ਵਿਚ ਤਾਲ ਦੀ ਟੇਕ ਲਈ ਜਾਂਦੀ ਹੈ। ਇਥੇ ਤਾਲ ਦਾ ਅਰਥ ਮੱਧ, ਦ੍ਰੁਤ ਜਾਂ ਵਿਲੰਬਿਤ ਨਹੀਂ ਸਗੋਂ ਛੰਦ ਦੀ ਲੈਅ ਨੂੰ ਬਹਿਰ ਦੇ ਅਰਥਾਂ ਵਿਚ ਗ੍ਰਹਿਣ ਕੀਤਾ ਗਿਆ ਹੈ।
ਇਥੇ ਇਕ ਗੱਲ ਹੋਰ ਵੀ ਧਿਆਨਯੋਗ ਹੈ, ਸੰਗੀਤ ਨਾਲੋਂ ਕਵਿਤਾ ਦਾ ਘੇਰਾ ਵਿਸਤ੍ਰਿਤ ਹੁੰਦਾ ਹੈ। ਛੰਦ, ਸੰਗੀਤ ਅਤੇ ਸ਼ਬਦ ਦੇ ਸੰਜੋਗ ਨਾਲ ਮਾਨਵੀ ਮਨੋਸਥਿਤੀ ਨੂੰ ਪ੍ਰਤੀਕਾਤਮਕ ਰੂਪ ਪ੍ਰਦਾਨ ਕਰਨ ਦੇ ਸਮਰੱਥ ਹੈ। ਛੰਦ, ਉਸ ਸ਼ਬਦਾਵਲੀ ਨੂੰ ਆਪਣੀ ਸੁਰ-ਧਾਰਾ ਵਿਚ ਵਹਾ ਕੇ, ਸਰਲਤਾ ਨਾਲ, ਅਨੁਭਵ ਲੜੀ ਨੂੰ ਵੇਗ ਸਹਿਤ ਗਤੀਮਾਨ ਕਰ ਸਕਦਾ ਹੈ ਤੇ ਨਾਲ ਹੀ ਭਾਵ ਨੂੰ ਹੋਰ ਤਗੜਾ ਕਰ ਕੇ ਅਨੰਦ ਨੂੰ ਪੈਦਾ ਕਰਦਾ ਹੈ। ਛੰਦ, ਸ਼ਬਦ ਦੇ ਅਰਥ ਦੀ ਤਰਜਮਾਨੀ ਕਰਨ ਵਿਚ ਸਹਾਇਤਾ ਹੀ ਨਹੀਂ ਕਰਦਾ ਸਗੋਂ ਤੀਬਰ ਸੰਵੇਦਨਾ ਨੂੰ ਸੰਗਠਿਤ ਕਰ ਕੇ ਸੰਗੀਤ ਵਿਚ ਬੁਲਾਉਂਦਾ ਹੋਇਆ ਮਨ ਦੇ ਥਕੇਵੇਂ ਨੂੰ ਵੀ ਦੂਰ ਕਰਦਾ ਹੈ: ਛੰਦ ਦੀ ਲੈਅ ਸੰਗੀਤ ਦਾ ਹੀ ਇਕ ਰੂਪ ਹੈ। ਛੰਦ, ਸ਼ਬਦ ਦੇ ਅਰਥ-ਰੂਪ ਨੂੰ ਸੰਗੀਤ-ਸੁਰ ਦੀ ਸੰਵੇਦਨਾ ਨਾਲ ਵੀ ਜੋੜਦਾ ਹੈ। ਇਹੀ ਕਾਰਨ ਹੈ ਕਿ ਬਾਣੀਕਾਰਾਂ ਨੇ ਆਪਣੀ ਅਧਿਆਤਮਕ ਅਨੁਭੂਤੀ ਨੂੰ ਛੰਦ ਦਾ ਜਾਮਾ ਵੀ ਪੁਆਇਆ ਹੈ ਤੇ ਸੰਗੀਤ ਸੁਰਾਂ ’ਤੇ ਵੀ ਝੁਲਾਇਆ ਹੈ। ਪਰ ਬਲ ਹਰ ਹਾਲ ਵਿਚ ਰੱਬੀ-ਪ੍ਰੀਤ ਉੱਪਰ ਹੀ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੰਦ-ਵਰਤੋਂ ਦਾ ਸਥਾਨ ਦੁਜੈਲਾ ਹੈ ਤੇ ਰਾਗ-ਬੰਦਿਸ਼ ਦਾ ਸਥਾਨ ਪ੍ਰਾਥਮਿਕ। ਪਰ ਧਿਆਨ ਯੋਗ ਨੁਕਤਾ ਤਾਂ ਇਹ ਹੈ ਕਿ ਬਾਣੀਕਾਰਾਂ ਨੇ ਪਰਾ-ਪ੍ਰਾਥਮਿਕ ਸਥਾਨ ਤਾਂ ਪ੍ਰਭੂ-ਪ੍ਰੀਤ ਲੋਚਾ ਜਾਂ ਅਨੁਭੂਤੀ ਨੂੰ ਹੀ ਦਿੱਤਾ ਹੈ। ਇਸੇ ਅਨੁਭੂਤੀ ਦਾ ਗਾਇਨ ਰਾਗ-ਬੰਦਿਸ਼ ਰਾਹੀਂ ਵੀ ਹੋਇਆ ਹੈ ਤੇ ਛੰਦ-ਵਿਸ਼ੇਸ਼ ਦੀ ਵਰਤੋਂ ਰਾਹੀਂ ਵੀ।
3. ਬਾਣੀ ਅਤੇ ਛੰਦ-ਸਰੂਪ
ਵੈਦਿਕ ਕਾਲ ਵਿਚ ਛੰਦ, ਸਤ੍ਰੋਤ ਦੇ ਅਰਥ ਵਿਚ ਵਰਤਿਆ ਜਾਂਦਾ ਸੀ। ਪਾਣਿਨੀ ਨੇ ਛੰਦ ਦਾ ਅਰਥ ‘ਅਹਿਲਾਦਨ’ ਕੀਤਾ ਹੈ। ‘ਛੰਦੋਗ ਉਪਨਿਸ਼ਦ’ ਵਿਚ ਛੰਦ ਦਾ ਸੰਬੰਧ ਅਛਾਦਨ ਨਾਲ ਜੋੜਿਆ ਗਿਆ ਹੈ ਜਿਸ ਦਾ ਅਰਥ ਹੈ, ਢੱਕਣਾ। ਪਿੰਗਲ ਆਚਾਰੀਆਂ ਨੇ ‘ਪਿੰਗਲ-ਛੰਦ-ਸੂਤ੍ਰਮ’ ਵਿਚ ਛੰਦ ਨੂੰ ਅੱਖਰ-ਸੰਖਿਆ ਦਾ ਪ੍ਰਮਾਣ ਮੰਨਿਆ ਹੈ। ‘ਨਾਟ-ਸ਼ਾਸਤਰ’ ਵਿਚ ਭਰਤਮੁਨੀ ਨੇ ਛੰਦ ਦੇ ਦੋ ਪ੍ਰਕਾਰੀ ਅਰਥ ਕੀਤੇ ਹਨ। ਪਹਿਲਾ, ਛੰਦ ਇਕ ਵਿਸ਼ੇਸ਼ ਵਰਨ-ਕ੍ਰਮ ਨਾਲ ਸੰਬੰਧ ਰੱਖਦਾ ਹੈ। ਦੂਸਰਾ, ਛੰਦ ਇਕ ਵਿਸ਼ੇਸ਼ ਤਾਲ ਦਾ ਧਾਰਨੀ ਹੁੰਦਾ ਹੈ ਜਿਸ ਦਾ ਸੰਬੰਧ ਸੰਗੀਤ ਨਾਲ ਹੁੰਦਾ ਹੈ। ਹੁਣ ਸੁਆਲ ਪੈਦਾ ਹੋ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੰਦ ਨੂੰ ਕਿਸ ਰੂਪ ਵਿਚ ਗ੍ਰਹਿਣ ਕੀਤਾ ਗਿਆ ਹੈ?
ਗੁਰਮਤਿ ਵਿਦਵਾਨ ਇਸ ਤੱਥ ਪ੍ਰਤੀ ਇਕਮਤ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੁਰਾਣੇ ਢੰਗ ਦੀ ਸਿੱਧੀ-ਸਾਦੀ, ਸਰਲ ਬੋਲੀ ਵਿਚ ਹੈ। ਮੋਟੇ ਤੌਰ ’ਤੇ ਵਿਦਵਾਨਾਂ ਨੇ ਇਸ ਨੂੰ ਸਾਧੂਕੜੀ ਭਾਸ਼ਾ ਦਾ ਨਾਮ ਦਿੱਤਾ ਹੈ । ਪੰਜਾਬੀ ਬੋਲੀ ਦਾ ਲੱਗਭਗ ਸਾਰਾ ਛੰਦ-ਪ੍ਰਬੰਧ ਪ੍ਰਾਕ੍ਰਿਤ ਜਾਂ ਅਪਭ੍ਰੰਸ਼ ਦੀ ਦੇਣ ਹੈ, ਸੰਸਕ੍ਰਿਤ ਦੀ ਨਹੀਂ। ਭਾਸ਼ਾ ਦੇ ਦੌਰ ਵਿਚ ਸੰਸਕ੍ਰਿਤ ਉੱਪਰ ਇਕ ਅਜਿਹਾ ਸਮਾਂ ਵੀ ਆਇਆ ਜਦੋਂ ਉਹ ਨਿਯਮਾਂ ਦੇ ਘੇਰੇ ਵਿਚ ਇਸ ਤਰ੍ਹਾਂ ਘਿਰ ਗਈ ਜਿਵੇਂ ਕੋਈ ਰਾਜਾ ਕਿਲ੍ਹੇ ਵਿਚ ਬੰਦ ਹੋ ਜਾਵੇ। ਉਸੇ ਤੋਂ ਸਮੇਂ ਅਨੁਸਾਰ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਬੋਲੀਆਂ ਹੋਂਦ ਵਿਚ ਆਈਆਂ। ਇਹ ਲੋਕ-ਮਨਾਂ ਤਕ ਗਹਿਰੀ ਰਸਾਈ ਰੱਖਦੀਆਂ ਸਨ ਤੇ ਸ਼ਾਇਦ ਇਹੀ ਕਾਰਨ ਹੈ ਕਿ ਇਨ੍ਹਾਂ ਦਾ ਪਿੰਗਲ ਵੀ ਪੰਜਾਬੀ ਭਾਸ਼ਾ ਨਾਲ ਗਹਿਰੀ ਸਾਂਝ ਰੱਖਦਾ ਹੈ। ਸੰਸਕ੍ਰਿਤ ਦੇ ਵੈਦਿਕ ਛੰਦ ਜ਼ਿਆਦਾਤਰ ਵਰਣਿਕ ਹੀ ਹੁੰਦੇ ਸਨ ਤੇ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਦੇ ਨਿਰੇ ਮਾਤ੍ਰਿਕ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਣਿਕ ਅਤੇ ਮਾਤ੍ਰਿਕ ਦੋਹਾਂ ਤਰ੍ਹਾਂ ਦੇ ਛੰਦ ਵਰਤੇ ਗਏ ਹਨ ਪਰ ਵਧੇਰੇ ਵਰਤੋਂ ਮਾਤ੍ਰਿਕ ਛੰਦਾਂ ਦੀ ਹੀ ਹੋਈ ਹੈ।
ਕੁੱਲ ਮਿਲਾ ਕੇ ਹ੍ਰਸਵ ਅਤੇ ਦੀਰਘ ਅੱਖਰਾਂ ਦੇ ਕ੍ਰਮ-ਪਰਿਵਰਤਨ ਅਤੇ ਕ੍ਰਮ- ਨਿਰਧਾਰਨ ਸਦਕਾ ਹਰ ਕਿਸਮ ਦੇ ਅੱਗੋਂ ਅਨੇਕਾਂ ਛੰਦ ਬਣ ਜਾਂਦੇ ਹਨ। ਧਿਆਨ ਜੋਗ ਤੱਥ ਤਾਂ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਵੀ ਕਿਸਮ ਦਾ ਨਕਾਰਨ ਨਹੀਂ ਹੋਇਆ ਬਲਕਿ ਗੁਰਬਾਣੀ ਵਿਚ ਸਭ ਤਰ੍ਹਾਂ ਦੇ ਛੰਦਾਂ ਦੀ ਵਰਤੋਂ ਹੋਈ ਹੈ।
4. ਛੰਦ-ਵਿਧਾਨ ਦੀ ਪਰੰਪਰਾ
ਵੈਦਿਕ ਸ਼੍ਰੁਤੀਆਂ ਸਾਡਾ ਸਭ ਤੋਂ ਪ੍ਰਾਚੀਨਤਮ ਸਾਹਿਤ ਹੈ। ਇਹ ਛੰਦਾਂ ਵਿਚ ਹੋਣ ਕਰਕੇ ਹੀ ਛਾਂਦਸ ਕਹੀਆਂ ਜਾਂਦੀਆਂ ਹਨ। ਇਥੋਂ ਹੀ ਇਕ ਟੋਹ ਪ੍ਰਾਪਤ ਹੁੰਦੀ ਹੈ, ਪੁਰਾਤਨ ਧਰਮ-ਗ੍ਰੰਥ ਛੰਦਾਂ ਰਾਹੀਂ ਹੀ ਰੂਪਮਾਨ ਹੋਏ ਹਨ। ਜਿਸ ਸਮੇਂ ਇਨ੍ਹਾਂ ਦੀ ਰਚਨਾ ਹੋਈ ਉਸ ਸਮੇਂ ਲੋਕਾਂ ਵਿਚ ਹ੍ਰਸਵ ਅਤੇ ਦੀਰਘ ਅੱਖਰਾਂ ਦੇ ਧੁਨੀ-ਸੰਗੀਤ ਦਾ ਪ੍ਰਚਾਰ ਨਹੀਂ ਸੀ। ਸੁਰਾਂ ਦੇ ਅਰੋਹ-ਅਵਰੋਹ ਦੁਆਰਾ ਹੀ ਵੇਦ-ਮੰਤਰਾਂ ਦਾ ਗਿਆਨ ਹੁੰਦਾ ਸੀ। ਅੱਖਰ ਨੂੰ ਇਕ ਇਕਾਈ ਮੰਨ ਕੇ ਉਨ੍ਹਾਂ ਦੀ ਗਣਨਾ ਦੇ ਆਧਾਰ ’ਤੇ ਅੱਖਰ-ਛੰਦ ਦੀ ਯੋਜਨਾ ਕੀਤੀ ਜਾਂਦੀ ਸੀ। ਗਾਇਤ੍ਰੀ ਪ੍ਰਾਚੀਨਤਮ ਛੰਦ ਮੰਨਿਆ ਗਿਆ ਹੈ। ਇਸ ਛੰਦ ਦੇ ਤਿੰਨ ਚਰਣ ਹਨ, ਹਰ ਇਕ ਚਰਣ ਦੇ ਅੱਠ-ਅੱਠ ਅੱਖਰਾਂ ਦੇ ਕ੍ਰਮ ਨਾਲ ਚੌਵੀ ਅੱਖਰ ਬਣਦੇ ਸੀ। ਅੱਗੇ ਚੱਲ ਕੇ ਤਿੰਨ ਚਰਣਾਂ ਦੀ ਬਜਾਏ ਜਦੋਂ ਇਸ ਦੇ ਅੱਠ-ਅੱਠ ਅੱਖਰਾਂ ਵਾਲੇ ਚਾਰ ਚਰਣ ਹੋ ਗਏ ਤਾਂ ਇਹੀ ਛੰਦ ਅਨੁਸ਼ਠਪ ਕਹਾਇਆ। ਦਰਅਸਲ, ਅੱਖਰਾਂ ਨੂੰ ਵਧਾ-ਘਟਾ ਕੇ ਜਾਂ ਚਰਣ-ਮਾਤਰਾਂ ਦੇ ਵਧਾ-ਘਟਾ ਨਾਲ ਅਨੇਕ ਛੰਦ ਹੋਂਦ ਵਿਚ ਆਏ। ਇਸੇ ਤਰ੍ਹਾਂ ਮਾਤਰਾਂ-ਭੇਦ ਤੇ ਚਰਣ-ਭੇਦ ਨਾਲ ਮਾਤ੍ਰਿਕ ਛੰਦਾਂ ਨੇ ਵੰਨ-ਸੁਵੰਨ ਰੂਪ ਗ੍ਰਹਿਣ ਕੀਤਾ।
ਵਰਣਿਕ ਅਤੇ ਮਾਤ੍ਰਿਕ ਛੰਦਾਂ ਤੋਂ ਇਲਾਵਾ ਭਾਰਤੀ ਛੰਦ-ਸ਼ਾਸਤਰ ਵਿਚ ਯਤੀ ਦੀ ਵੀ ਵਿਸ਼ੇਸ਼ਤਾ ਰਹੀ ਹੈ। ਯਤੀ ਕਾਰਨ, ਕੇਵਲ ਛੰਦਾਂ ਦੇ ਸਰੂਪ ਵਿਚ ਹੀ ਅੰਤਰ ਨਹੀਂ ਆਉਂਦਾ ਸੀ ਸਗੋਂ ਉਸ ਦੇ ਅਨੇਕ ਭੇਦ ਵੀ ਸਾਹਮਣੇ ਆਉਂਦੇ ਸਨ। ਯਤੀ ਦਾ ਈਜਾਦ ਪਾਠ-ਸੁਵਿਧਾ ਨੂੰ ਮੁੱਖ ਰੱਖ ਕੇ ਹੋਇਆ ਜਾਪਦਾ ਹੈ। ਯਤੀ ਦਾ ਵਿਸਤਾਰ ਹੀ ਅੱਗੋਂ ਜਾ ਕੇ ਤੁਕ-ਪ੍ਰਬੰਧ ਨੂੰ ਪ੍ਰਾਪਤ ਹੋਇਆ। ਸੰਸਕ੍ਰਿਤ ਛੰਦ-ਸ਼ਾਸਤਰ ਵਿਚ ਯਤੀ ਦਾ ਉਲੇਖ ਨਹੀਂ ਮਿਲਦਾ। ਇਸ ਤੋਂ ਇਹ ਅਨੁਮਾਨ ਲਾਉਣਾ ਗ਼ਲਤ ਹੋਵੇਗਾ ਕਿ ਸੰਸਕ੍ਰਿਤ ਭਾਸ਼ਾ ਦੇ ਕਵੀ ਯਤੀ ਤੋਂ ਅਨਜਾਣ ਸਨ ਪਰ ਇਤਨਾ ਜ਼ਰੂਰ ਹੈ ਕਿ ਉਨ੍ਹਾਂ ਨੇ ਯਤੀ ਦੀ ਵਰਤੋਂ ਬੜੀ ਵਿਰਲੀ ਕੀਤੀ ਹੈ। ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਭਾਸ਼ਾਵਾਂ ਦੇ ਕਵੀਆਂ ਨੇ ‘ਯਤੀ’ ਨੂੰ ਆਪਣੇ ਛੰਦ-ਕੌਸ਼ਲ ਦਾ ਸਥਾਈ ਅੰਗ ਬਣਾ ਲਿਆ। ਇਸ ਤਰ੍ਹਾਂ ਸਮੇਂ ਅਨੁਸਾਰ ਯਤੀ ਤਤਕਾਲੀਨ ਛੰਦ-ਸ਼ਾਸਤਰ ਵਿਚ ਵੀ ਪ੍ਰਵੇਸ਼ ਕਰ ਗਈ। ਸੰਖੇਪ ਵਿਚ, ਵੈਦਿਕ ਕਾਲ ਤੋਂ ਆਧੁਨਿਕ ਭਾਰਤੀ ਆਰੀਆਈ ਭਾਸ਼ਾਵਾਂ ਦੇ ਜਨਮ-ਕਾਲ ਤਕ ਵਰਨ, ਚਰਣ, ਮਾਤਰਾਂ-ਪਰਿਮਾਣ ਅਤੇ ਯਤੀ ਦੀ ਦ੍ਰਿਸ਼ਟੀ ਤੋਂ ਅਨੇਕਾਂ ਛੰਦ ਸਾਹਮਣੇ ਆਏ। ਇਹ ਸਾਰੇ ਛੰਦ ਗੁਰਮਤਿ ਸਾਹਿਤ ਨੂੰ ਵਿਰਾਸਤ ਵਿਚ ਮਿਲੇ। ਭਗਤੀ ਕਾਲ ਵਿਚ ਇਨ੍ਹਾਂ ਦਾ ਘੇਰਾ ਕਾਫ਼ੀ ਵਧ ਚੁੱਕਾ ਸੀ।
ਭਗਤੀ-ਕਾਲੀਨ ਗਿਆਨ-ਮਾਰਗੀ ਸ਼ਾਖਾ ਦੇ ਬਾਣੀਕਾਰਾਂ ਨੇ ਸਿੱਧ-ਨਾਥ ਪਰੰਪਰਾ ਦਾ ਅਨੁਸਰਣ ਕਰਦੇ ਹੋਏ ਦੋਹੇ ਦੀ ਵਰਤੋਂ ਅਰੰਭ ਕਰ ਦਿੱਤੀ ਸੀ। ਦੂਜੇ ਪਾਸੇ ਪ੍ਰੇਮ-ਮਾਰਗੀ ਬਾਣੀਕਾਰਾਂ ਨੇ ਦੋਹਾ ਚੌਪਈ ਨੂੰ ਅਪਣਾਇਆ ਸੀ। ਚੌਪਈ ਜਿੱਥੇ ਪ੍ਰਬੰਧ-ਪ੍ਰਵਾਹ ਦੇ ਅਨੁਕੂਲ ਸਾਬਤ ਹੋਈ ਸੀ ਉੱਤੇ ਦੋਹਾ ਸੰਗੀਤ ਦੀ ਇਕਰਸਤਾ ਉੱਤੇ ਵਿਜੈ ਪਾਉਣ ਲਈ ਸਹਾਇਕ ਸਿੱਧ ਹੋਇਆ। ਇਸ ਤਰ੍ਹਾਂ ਛੰਦ-ਪ੍ਰਬੰਧ ਦੀ ਪਰੰਪਰਾ ਹੌਲੀ-ਹੌਲੀ ਸਥਾਪਤ ਹੁੰਦੀ ਗਈ। ਗੁਰੂ ਸਾਹਿਬਾਨ ਨੂੰ ਜੋ ਛੰਦ ਆਪਣੀ ਸਾਹਿਤ-ਪਰੰਪਰਾ ਵਿੱਚੋਂ ਪ੍ਰਾਪਤ ਹੋਏ ਉਨ੍ਹਾਂ ਵਿੱਚੋਂ ਰੋਲਾ, ਸੋਰਠਾ, ਹਰਗੀਤਕਾ, ਸਵਈਆ, ਛਪੈ, ਚੌਪਈ, ਦੋਹਰਾ ਆਦਿ ਵਿਸ਼ੇਸ਼ ਹਨ। ਇਨ੍ਹਾਂ ਵਿੱਚੋਂ ਚੌਪਈ, ਦੋਹਾ, ਸੋਰਠਾ, ਛਪੈ, ਸਵਈਆ ਅਤੇ ਕਬਿੱਤ ਆਦਿ ਛੰਦਾਂ ਨੂੰ ਸਾਰਿਆਂ ਰਸਾਂ ਦੇ ਅਨੁਕੂਲ ਮੰਨਿਆ ਗਿਆ ਹੈ। ਡਾ. ਪੁਤੂ ਲਾਲ ਅਤੇ ਡਾ. ਮਗੇਂਦਰ ਕੁਮਾਰ ਦੋਵੇਂ ਹੀ ਇਸ ਤੱਥ ਨਾਲ ਸਹਿਮਤ ਹਨ। ਛੰਦਾਂ ਦੀ ਅਨੇਕਤਾ ਅਤੇ ਭੇਦ-ਪ੍ਰਕਾਰ ਵਿਚ ਨਾ ਉਲਝ ਕੇ ਹੁਣ ਇਹ ਜਾਣਨਾ ਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਛੰਦਾਂ ਦੀ ਸਿਰਜਣਾ ਸਮੇਂ ਗੁਰੂ ਸਾਹਿਬਾਨ ਨੇ ਕਿਸ ਛੰਦ-ਵਿਧਾਨ ਦੀ ਪਾਲਣਾ ਕੀਤੀ ਹੈ।
5. ਬਾਣੀ ਅਤੇ ਛੰਦ-ਵਿਧਾਨ
ਉਚਾਰਨ : ਛੰਦ ਦਾ ਆਧਾਰ ਵਰਨ ਅਤੇ ਮਾਤਰਾਂ ਹਨ। ਲਘੁ ਅਤੇ ਦੀਰਘ ਮਾਤਰਾਂ ਦਾ ਗਿਆਨ ਹੋਣ ਨਾਲ ਹੀ ਛੰਦ-ਵਿਸ਼ੇਸ਼ ਦੇ ਸਰੂਪ ਦਾ ਨਿਤਾਰਾ ਨਹੀਂ ਹੋ ਜਾਂਦਾ ਸਗੋਂ ਛੰਦ-ਵਿਧਾਨ ਦਾ ਬੁਨਿਆਦੀ ਨੇਮ ਹੈ, ਛੰਦ-ਵਿਸ਼ੇਸ਼ ਦਾ ਸ਼ੁੱਧ ਪਾਠ ਤੇ ਇਹ ਲਿਖਤ ਅਨੁਸਾਰ ਨਹੀਂ ਹੁੰਦਾ, ਸਗੋਂ ਉਸ ਦੇ ਉਚਾਰਨ ਅਨੁਸਾਰ ਹੁੰਦਾ ਹੈ। ਛੰਦ-ਵਿਸ਼ੇਸ਼ ਦੇ ਪਾਠ ਦੀ ਸ਼ੁੱਧਤਾ ਨੂੰ ਧਿਆਨ ਵਿਚ ਰੱਖਦੇ ਹੋਏ ਕਦੀ-ਕਦੀ ਲਘੁ ਨੂੰ ਗੁਰੁ ਅਤੇ ਗੁਰੁ ਨੂੰ ਲਘੁ ਉਚਾਰਨਾ ਪੈਂਦਾ ਹੈ। ਬਾਣੀਕਾਰਾਂ ਨੇ ਇਸ ਨੇਮ ਉੱਪਰ ਖ਼ਾਸਾ ਬਲ ਦਿੱਤਾ ਹੈ। ਉਨ੍ਹਾਂ ਦੀ ਬਾਣੀ-ਰਚਨਾ ਵਿੱਚੋਂ ਅਨੇਕਾਂ ਬਾਣੀ-ਪਦ ਅਜਿਹੇ ਮਿਲਦੇ ਹਨ ਜਿਨ੍ਹਾਂ ਦਾ ਪਾਠ-ਉਚਾਰਨ ਇਸ ਨੇਮ ਅਨੁਸਾਰ ਕਰਨਾ ਪੈਂਦਾ ਹੈ।
ਤੁਕ : ਛੰਦ-ਚਰਣ ਦਾ ਦੂਸਰਾ ਨਾਮ ਬਾਣੀਕਾਰਾਂ ਦੀ ਤੁਕ ਕਰਕੇ ਆਇਆ ਹੈ। ਤੁਕ ਦੇ ਅਧੀਨ ਹੀ ਪੰਕਤੀ ਵਿਸ਼ੇਸ਼ ਵਿਚ ਆਇਆ ਠਹਿਰਾਉ ਯਤੀ ਅਤੇ ਵਿਸਰਾਮ ਕਰਕੇ ਜਾਣਿਆ ਜਾਂਦਾ ਹੈ। ਯਤੀ ਦੀ ਚਾਲ ਤੋਂ ਹੀ ਛੰਦ-ਚਾਲ ਦਾ ਪਤਾ ਲੱਗਦਾ ਹੈ। ਅਨੇਕ ਵਾਰ ਕਿਸੇ ਸ਼ਬਦ ਨੂੰ ਤੋੜ ਕੇ ਯਤੀ ਲਗਾਈ ਜਾਂਦੀ ਹੈ। ਅਜਿਹਾ ਛੰਦ-ਚਾਲ ਦੇ ਨੇਮ ਕਰਕੇ ਕੀਤਾ ਜਾਂਦਾ ਹੈ। ਕਦੀ-ਕਦੀ ਯਤੀ ਦੀ ਵਰਤੋਂ ਪਦ ਜਾਂ ਚਰਣ ਦਾ ਨਿਖੇੜਾ ਕਰਨ ਲਈ ਵੀ ਹੁੰਦੀ ਹੈ ਜਿਹਾ ਕਿ ਦੁਪਦੇ, ਇਕਤੁਕੇ, ਚਉਪਦੇ, ਪੰਚਪਦੇ, ਤਿਤੁਕੇ ਆਦਿ।
ਪਲੁਤ : ਗੁਰਬਾਣੀ ਦੀ ਮੁੱਖ ਬੰਦਿਸ਼ ਰਾਗ ਹੋਣ ਕਰਕੇ ਕਈ ਵਾਰ ਗਾਇਨ ਦੀ ਲੈਅ ਅਤੇ ਤਾਲ ਅਨੁਸਾਰ ਦੀਰਘ ਅੱਖਰ ਪਲੁਤ ਕਰ ਲਏ ਜਾਂਦੇ ਹਨ। ਪਲੁਤ ਦਾ ਅਰਥ ਹੈ ਇਕ ਮਾਤਰਾਂ ਨੂੰ ਵਧਾ ਕੇ ਤਿੰਨ ਮਾਤਰਾਂ ਤਕ ਗਿਣਨਾ। ਵਿਆਕਰਨ ਅਨੁਸਾਰ ਪਲੁਤ ਦੀਆਂ ਤਿੰਨ ਮਾਤਰਾਂ ਹੁੰਦੀਆਂ ਹਨ। ਸੰਗੀਤ ਮਤ ਅਨੁਸਾਰ ਪਲੁਤ ਦੀਆਂ ਮਾਤਰਾਂ ਤਿੰਨ ਤੋਂ ਪੰਜ ਤਕ ਵੀ ਹੋ ਸਕਦੀਆਂ ਹਨ। ਪਲੁਤ ਦਾ ਨਿਸ਼ਾਨ ਬਿੰਦੂ (.) ਹੈ। ਜਿਤਨੀਆਂ ਮਾਤਰਾਂ ਵਧਾਉਣੀਆਂ ਹੁੰਦੀਆਂ ਹਨ ਰਚਣਹਾਰ ਉਤਨੇ ਬਿੰਦੂ ਲਗਾ ਦਿੰਦਾ ਹੈ। ਇਸ ਨੇਮ ਦੀ ਵਰਤੋਂ ਵਧੇਰੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਲੋਕ ਸਹਸਕ੍ਰਿਤੀ ਅਤੇ ਗਾਥਾ ਵਿਚ ਹੋਈ ਹੈ।
ਇਜ਼ਾਫ਼ਤ : ਛੰਦ-ਵਿਧਾਨ ਦੇ ਅਨੁਸਾਰ ਛੰਦ-ਤੋਲ ਨੂੰ ਪੂਰਾ ਕਰਨ ਲਈ ਇਜ਼ਾਫ਼ਤ ਦੀ ਵਰਤੋਂ ਕੀਤੀ ਜਾਂਦੀ ਹੈ। ਇਜ਼ਾਫ਼ਤ ਦਾ ਅਰਥ ਹੈ ਉਹ ਮਾਤਰਾ ਜੋ ਸਿਹਾਰੀ ਅਤੇ ਲਾਂ ਦੇ ਦਰਮਿਆਨ ਹੁੰਦੀ ਹੈ। ਦਰਅਸਲ, ਇਹ ਮਾਤਰਾ ਫ਼ਾਰਸੀ ਦੀ ਗ਼ਜ਼ਲ ਅਤੇ ਬੈਂਤ ਵਿਚ ਵਰਤੀ ਜਾਂਦੀ ਹੈ। ਇਸ ਦਾ ਨਿਸ਼ਾਨ ( ੇ) ਵਰਗਾ ਹੀ ਹੁੰਦਾ ਹੈ। ਛੰਦ-ਚਾਲ ਅਨੁਸਾਰ ਇਸ ਨੂੰ ਲਘੁ ਗੁਰੁ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਨੇਮ ਦੀ ਵਰਤੋਂ ਪਦਿਆਂ ਅਤੇ ਛੰਤਾਂ ਵਿਚ ਵਿਆਪਕ ਹੈ। ਵਾਰਾਂ ਦੀਆਂ ਪਉੜੀਆਂ ਵਿਚ ਵੀ ਇਸ ਨੇਮ ਦੀ ਵਰਤੋਂ ਸੰਘਣੀ ਮਾਤਰਾ ਵਿਚ ਹੋਈ ਹੈ।
ਮਾਤਰਾਂ-ਤੋਲ ਬੰਧਨ-ਮੁਕਤ : ਗੁਰਬਾਣੀ ਦੇ ਸੰਗੀਤ-ਪ੍ਰਬੰਧ ਨੇ ਗੁਰਬਾਣੀ ਰਚਨਾ ਦੇ ਸਰੂਪ ਵਿਚ ਵੰਨ-ਸੁਵੰਨਤਾ ਪੈਦਾ ਕੀਤੀ ਹੈ। ਛੰਤ-ਸਰੂਪ ਦੀ ਦ੍ਰਿਸ਼ਟੀ ਤੋਂ ਗੁਰਬਾਣੀ ਦੀਆਂ ਤੁਕਾਂ ਅਨੇਕ ਥਾਈਂ ਵੱਧ-ਘੱਟ ਨਜ਼ਰ ਆਉਂਦੀਆਂ ਹਨ। ਇਸ ਦਾ ਕਾਰਨ ਹੈ, ਗੁਰਬਾਣੀ ਦੇ ਛੰਦ ਰਾਗ ਦੀਆਂ ਸੁਰਾਂ, ਅਲਾਪ, ਟੇਕ, ਅੰਤਰਾ ਆਦਿ ਨੂੰ ਮੁੱਖ ਰੱਖ ਕੇ ਰਚੇ ਗਏ ਹਨ। ਇਹੀ ਕਾਰਨ ਹੈ ਕਿ ਛੰਦ-ਮਾਤਰਾਂ ਦੀ ਗਿਣਤੀ ਕਰਦੇ ਸਮੇਂ ਅਨੇਕ ਵਾਰ ਜਨ, ਦਾਸ, ਕਹੁ, ਕਹੈ, ਨਾਨਕ ਆਦਿ ਸ਼ਬਦਾਂ ਨੂੰ ਛੰਦ-ਮਾਤਰਾਂ ਤੋਂ ਬਾਹਰ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਪਿਆਰਿਆ, ਮਿਤ੍ਰਾ, ਵਣਜਾਰਿਆ ਮਿਤ੍ਰਾ, ਮੇਰੀ ਜਿੰਦੁੜੀਏ, ਜੀਉ ਰਾਮ, ਰਾਮ ਰਾਜੇ ਆਦਿ ਸ਼ਬਦ ਵੀ ਛੰਦ-ਮਾਤਰਾਂ ਵਿਸ਼ੇਸ਼ ਵਿਚ ਨਹੀਂ ਗਿਣੇ ਜਾਂਦੇ।
ਰਹਾਉ : ਇਸ ਤੋਂ ਛੁੱਟ, ਰਹਾਉ-ਧਾਰਨੀ ਚਰਣ ਜਾਂ ਤੁਕ ਦਾ ਤੋਲ ਕਈ ਵਾਰ ਪਦ ਦੀ ਮਾਤਰਾਂ-ਸੰਖਿਆ ਤੋਂ ਬਾਹਰ ਮੰਨਿਆ ਜਾਂਦਾ ਹੈ ਤੇ ਇਸੇ ਕਰਕੇ ਰਹਾਉ-ਧਾਰਨੀ ਤੁਕ ਆਪਣੇ ਛੰਦ-ਵਜ਼ਨ ਵਿਚ ਛੰਦ-ਵਿਸ਼ੇਸ਼ ਤੋਂ ਵੱਖਰਾ ਹੁੰਦਾ ਹੈ। ਇਸ ਨੇਮ ਦੀ ਵਰਤੋਂ ਲੋਕ-ਰੂਪਾਂ ਦੀ ਤਰਜ਼ ’ਤੇ ਰਚੀਆਂ ਬਾਣੀਆਂ ਵਿਚ ਵਿਸ਼ੇਸ਼ ਕਰਕੇ ਹੋਈ ਹੈ। ਪਦਾ-ਰੂਪ ਤਾਂ ਇਸ ਨੇਮ ਨਾਲ ਭਰਿਆ ਪਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜੇ ਕਾਵਿ-ਰੂਪ ਦੀ ਦ੍ਰਿਸ਼ਟੀ ਤੋਂ ਵਾਚੀਏ ਤਾਂ ਸਭ ਤੋਂ ਅਧਿਕ ਬਾਣੀ ਪਦਾ-ਰੂਪ ਵਿਚ ਰੂਪਮਾਨ ਹੋਈ ਹੈ। ਇਹੀ ਇੱਕੋ ਇੱਕ ਅਜਿਹਾ ਰੂਪ ਹੈ ਜਿਸ ਦੀ ਵਰਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਛੱਡ ਕੇ ਬਾਕੀ ਦੇ ਸਭ ਗੁਰੂ ਸਾਹਿਬਾਨ ਨੇ ਕੀਤੀ ਹੈ। ਇਸ ਤੋਂ ਇਲਾਵਾ ਭਗਤ ਸਾਹਿਬਾਨ ਨੇ ਵੀ ਇਸ ਰੂਪ ਦੀ ਵਰਤੋਂ ਸੰਘਣੀ ਮਾਤਰਾਂ ਵਿਚ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੂਪਮਾਨ ਹੋਏ ਇਕੱਤੀ ਰਾਗਾਂ ਵਿਚ ਇਸ ਕਾਵਿ-ਰੂਪ ਦੀ ਵਰਤੋਂ ਹੋਈ ਹੈ। ਪਦਾ-ਰੂਪ ਵਿਚ ਰਹਾਉ-ਵਰਤੋਂ ਵਿਸ਼ੇਸ਼ ਮਹੱਤਵ ਦੀ ਅਧਿਕਾਰੀ ਹੈ। ਬਲਕਿ ਜੇ ਇਹ ਕਿਹਾ ਜਾਏ, ਪਦਾ-ਰੂਪ ਦੀ ਸੰਰਚਨਾ ਰਹਾਉ- ਉਪਯੋਗ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੂਪਮਾਨ ਹੀ ਨਹੀਂ ਹੋਈ ਤਾਂ ਗ਼ਲਤ ਨਹੀਂ ਹੋਵੇਗਾ। ਪਦਾ-ਰੂਪ ਵਿਚ ਰਹਾਉ ਹੀ ਤਾਂ ਇਕ ਅਜਿਹੀ ਕਾਵਿ-ਜੁਗਤ ਹੈ ਜਿਸ ਦਾ ਸੰਬੰਧ ਰਾਗ-ਵਿਸ਼ੇਸ਼ ਦੀ ਟੇਕ ਨਾਲ ਹੁੰਦਾ ਹੈ। ਸੰਖੇਪ ਵਿਚ ਰਹਾਉ ਅਤੇ ਪਦਾ-ਰੂਪ ਦਾ ਸੰਬੰਧ ਅਟੁੱਟ ਹੈ।
6. ਬਾਣੀ ਵਿਚ ਛੰਦ-ਵਰਤੋਂ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਦਿਆਂ ਇਹ ਤੱਥ ਸਪੱਸ਼ਟ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਮੁੱਖ ਸਿਰਲੇਖ ਰਾਗ-ਸੰਕੇਤਕ ਹਨ ਤੇ ਉਪ-ਸਿਰਲੇਖ ਨੂੰ ਕਾਵਿ-ਰੂਪ ਦੇ ਅਰਥਾਂ ਵਿਚ ਵਰਤਿਆ ਗਿਆ ਹੈ, ਕਾਵਿ-ਛੰਦ ਦੇ ਅਰਥਾਂ ਵਿਚ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗਬੱਧ ਬਾਣੀ ਵਿਚ ਛੰਦ- ਸੰਕੇਤ ਅਲੋਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਝ ਅਜਿਹੇ ਸਿਰਲੇਖ ਵੀ ਹਨ ਜੋ ਕਾਵਿ-ਛੰਦ ਹੋਣ ਦਾ ਭੁਲੇਖਾ ਪਾਉਂਦੇ ਹਨ ਜਿਹਾ ਕਿ ਸਲੋਕ, ਪਉੜੀ, ਛੰਤ, ਅਸਟਪਦੀ, ਸੋਲਹਾ ਆਦਿ ਪਰ ਵਿਵੇਚਨ ਉਪਰੰਤ ਇਹ ਭੁਲੇਖਾ ਦੂਰ ਹੋ ਜਾਂਦਾ ਹੈ। ਸਲੋਕ ਨੂੰ ਦੋਹਰੇ ਦਾ ਪ੍ਰਯਾਇ ਮੰਨਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਲੋਕਾਂ ਨੂੰ ਜੇ ਇਸ ਦ੍ਰਿਸ਼ਟੀ ਤੋਂ ਵਾਚਿਆ ਜਾਵੇ ਤਾਂ ਇਨ੍ਹਾਂ ਸਾਰਿਆਂ ਵਿਚ ਦੋਹਰਾ-ਚਾਲ ਨਹੀਂ ਹੈ। ਇਸੇ ਤਰ੍ਹਾਂ ਪਉੜੀ ਸਿਰਲੇਖ ਦੇ ਅੰਤਰਗਤ ਵੀ ਹੋਰ ਕਈ ਛੰਦਾਂ ਦੀ ਵਰਤੋਂ ਕੀਤੀ ਗਈ ਹੈ ਜਿਹਾ ਕਿ ਗੂਜਰੀ ਕੀ ਵਾਰ ਮਹਲਾ 5 ਦੀਆਂ ਪਉੜੀਆਂ ਹੰਸਗਤੀ ਛੰਦ ਵਿਚ ਹਨ। ਜ਼ਾਹਿਰ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਹ ਉਪ- ਸਿਰਲੇਖ ਜੋ ਛੰਦ-ਵਿਸ਼ੇਸ਼ ਦੇ ਸੰਕੇਤਕ ਹੋ ਸਕਦੇ ਹਨ, ਉਨ੍ਹਾਂ ਦੇ ਅਧੀਨ ਵੀ ਹੋਰ ਅਨੇਕ ਛੰਦਾਂ ਦੀ ਰਚਨਾ ਹੋਈ ਹੈ। ਇਸੇ ਤੋਂ ਹੀ ਇਹ ਮਤ ਦ੍ਰਿੜ੍ਹ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਲੋਕ, ਪਉੜੀ, ਛੰਤ, ਚਉਪਦਾ, ਅਸਟਪਦੀ, ਸੋਲਹਾ ਅਤੇ ਵਾਰ ਆਦਿ ਨੂੰ ਕਾਵਿ-ਰੂਪ ਦੇ ਅਰਥਾਂ ਵਿਚ ਗ੍ਰਹਿਣ ਕੀਤਾ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੁੱਖ ਸਿਰਲੇਖ ਰਾਗ-ਸੰਕੇਤਕ ਤਾਂ ਹੈ ਹੀ, ਇਸ ਦੇ ਨਾਲ ਕਾਵਿ-ਰੂਪ ਅਤੇ ਤੁਕ-ਸੰਕੇਤ ਵੀ ਦਿੱਤੇ ਗਏ ਹਨ। ਉਦਾਹਰਣ ਵਜੋਂ ‘ਸੋਰਠਿ ਮਹਲਾ 5 ਚਉਪਦੇ ਚਉਤੁਕੇ’ ਇਥੇ ਸੋਰਠਿ ਰਾਗ ਸੰਕੇਤਕ ਹੈ। ਮਹਲਾ 5 ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕਰਤਾ-ਸੰਕੇਤਕ, ਚਉਪਦਾ ਕਾਵਿ-ਰੂਪ ਦਾ ਸੰਕੇਤਕ ਤੇ ਚਉਤੁਕੇ ਚਾਰ ਤੁਕਾਂ ਵਾਲੇ ਬੰਦਾਂ ਦਾ ਸੰਕੇਤਕ ਹੈ। ਧਿਆਨ ਰਹੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤੁਕ ਅਤੇ ਚਰਣ ਪ੍ਰਯਾਇ ਰੂਪ ਵਿਚ ਵਰਤੇ ਗਏ ਹਨ। ਤੁਕ-ਮਾਤਰਾਂ ਛੰਦ-ਵੰਨਗੀ-ਵਿਕਾਸ-ਕ੍ਰਮ ਵਿਚ ਵਿਸ਼ੇਸ ਸਥਾਨ ਰੱਖਦੀ ਹੈ। ਗੁਰੂ ਸਾਹਿਬਾਨ ਜਿੱਥੇ ਸ੍ਰੋਤਾ ਦੀ ਸੁਰੁਚੀ ਨੂੰ ਧਿਆਨ ਵਿਚ ਰੱਖਦੇ ਰਹੇ ਹਨ ਉੱਤੇ ਜਨ-ਸਾਧਾਰਨ ਦੀ ਸੁਵਿਧਾ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜੇ ਅੰਕਿਤ ਕਰਨ ਦੀ ਦ੍ਰਿਸ਼ਟੀ ਤੋਂ ਵਾਚੀਏ ਤਾਂ ਹਰ ਰਾਗ ਵਿਚ ਪਹਿਲਾਂ ਪਦਿਆਂ ਨੂੰ ਦਰਜ ਕੀਤਾ ਗਿਆ ਹੈ। ਉਸ ਤੋਂ ਬਾਅਦ ਅਸਟਪਦੀਆਂ, ਫਿਰ ਛੰਦ, ਫਿਰ ਰਚਨਾ-ਵਿਸ਼ੇਸ਼ ਜੋ ਆਕਾਰ ਵਿਚ ਲੰਮੀ ਹੋ ਸਕਦੀ ਹੈ ਤੇ ਛੋਟੀ ਵੀ। ਆਮ ਤੌਰ ’ਤੇ ਇਹ ਰਚਨਾਂਵਾਂ ਲੋਕ-ਰੂਪਾਂ ਨੂੰ ਰੂਪਮਾਨ ਕਰਦੀਆਂ ਹਨ। ਅੰਤ ਵਿਚ ਵਾਰਾਂ ਦਰਜ ਕੀਤੀਆਂ ਜਾਂਦੀਆਂ ਹਨ। ਜਦੋਂ ਸਭ ਗੁਰੂ ਸਾਹਿਬਾਨ ਦੀ ਬਾਣੀ ਰਾਗ-ਵਿਸ਼ੇਸ਼ ਵਿਚ ਦਰਜ ਹੋ ਜਾਵੇ ਤਾਂ ਅੰਤ ਵਿਚ ਭਗਤ ਸਾਹਿਬਾਨ ਦੀ ਬਾਣੀ ਦਰਜ ਕੀਤੀ ਜਾਂਦੀ ਹੈ। ਧਿਆਨ ਰਹੇ, ਬਾਣੀ ਦਰਜ ਕਰਦੇ ਸਮੇਂ ਰੂਪ- ਵਿਸ਼ੇਸ਼ ਦੇ ਅੰਤਰਗਤ ਮਹਲਾ-ਕ੍ਰਮ ਦੇ ਨੇਮ ਨੂੰ ਵੀ ਨਿਬਾਹਿਆ ਜਾਂਦਾ ਹੈ।
ਸੰਖੇਪ ਵਿਚ ਪਦਿਆਂ ਨੂੰ ਮੁਕਤਕ ਕਾਵਿ ਦੇ ਅੰਤਰਗਤ ਰੱਖਿਆ ਜਾ ਸਕਦਾ ਹੈ। ਇਨ੍ਹਾਂ ਪਦਿਆਂ ਦੇ ਉਪ-ਸਿਰਲੇਖ ਨਾਲ ਭਾਵੇਂ, ਇਕਪਦਾ, ਦੁਪਦਾ, ਤਿਪਦਾ, ਚਉਪਦਾ, ਪੰਚਪਦਾ ਆਦਿ ਸੰਕੇਤ ਦਿੱਤਾ ਜਾਂਦਾ ਹੈ ਪਰ ਇਕ ਪਦ ਦੇ ਇਕ ਬੰਦ ਲਈ ਤੁਕ- ਸੰਖਿਆ ਨਿਯਮਤ ਨਹੀਂ, ਇਸ ਦੀ ਗਿਣਤੀ ਬਾਣੀਕਾਰ ਦੀ ਮਰਜ਼ੀ ਅਨੁਸਾਰ ਹੋ ਸਕਦੀ ਹੈ। ਕੁੱਲ ਮਿਲਾ ਕੇ, ਬਾਣੀਕਾਰ ਪਦਾ-ਰੂਪ ਵਿਚ ਕਿਸੇ ਬੰਧਨ ਨੂੰ ਸਵੀਕਾਰ ਨਹੀਂ ਕਰਦੇ। ਉਂਞ ਇਨ੍ਹਾਂ ਪਦਿਆਂ ਵਿਚ ਦੋਹਰਾ, ਘਨਕਲਾ, ਲਲਿਤਪਦੁ, ਛਵਿ, ਚੌਪਈ, ਕਲਸ, ਸਾਰ ਆਦਿ ਦੀ ਵਰਤੋਂ ਵਿਸ਼ੇਸ਼ ਕਰਕੇ ਹੋਈ ਹੈ। ਇਸ ਤੋਂ ਛੁਟ, ਗਉੜੀ ਰਾਗ ਦੇ ਪਦਿਆਂ ਵਿਚ ਉਲਾਸ, ਚੌਪਈ, ਸਰਸੀ ਅਤੇ ਸਵੈਯਾ ਛੰਦ ਦੀ ਵਰਤੋਂ ਹੋਈ ਹੈ। ਆਸਾ ਰਾਗ ਵਿਚ ਸੁਗੀਤਾ, ਉਲਾਸ, ਉਪਮਾਨ, ਅੰਮ੍ਰਿਤ ਘਟ, ਨਿੱਤਾ ਸਵੈਯਾ, ਪਉੜੀ, ਚੌਪਈ ਅਤੇ ਅਨੰਤ ਤੁਕਾ ਛੰਦ ਦੀ ਵਰਤੋਂ ਹੋਈ ਹੈ। ਇਸੇ ਤਰ੍ਹਾਂ ਮਾਰੂ ਰਾਗ ਵਿਚ ਸਾਰ, ਨਿੱਤਾ ਅਤੇ ਸ਼ੰਕਰ ਛੰਦ ਦੀ ਵਰਤੋਂ ਹੋਈ ਹੈ। ਇਸ ਤੋਂ ਛੁਟ ਸੋਰਠਿ ਰਾਗ ਵਿਚ ਹਾਕਲ, ਟੋਡੀ ਵਿਚ ਅਨੰਤ ਤੁਕਾ, ਬਿਲਾਵਲ ਵਿਚ ਰਾਧਕਾ ਆਦਿ ਦਾ ਉਪਯੋਗ ਹੋਇਆ ਹੈ। ਧਿਆਨ ਰਹੇ, ਉੱਪਰ ਸੰਕੇਤਕ ਛੰਦ ਦਾ ਸੰਬੰਧ ਕਿਸੇ ਇਕ ਰਾਗ ਨਾਲ ਨਹੀਂ ਸਗੋਂ ਇਨ੍ਹਾਂ ਦੀ ਵਰਤੋਂ ਤਾਂ ਅਨੇਕ ਵਾਰ ਵੱਖੋ-ਵੱਖ ਰਾਗਾਂ ਵਿਚ ਹੋਈ ਹੈ। ਨਾਲੇ, ਇਨ੍ਹਾਂ ਛੰਦਾਂ ਦਾ ਸੰਬੰਧ ਕਿਸੇ ਇਕ ਕਾਵਿ-ਰੂਪ ਨਾਲ ਨਹੀਂ ਸਗੋਂ ਇਨ੍ਹਾਂ ਦੀ ਵਰਤੋਂ ਅਸਟਪਦੀਆਂ, ਛੰਤਾਂ, ਵਾਰਾਂ ਆਦਿ ਵਿਚ ਵੀ ਹੋਈ ਹੈ। ਇਸ ਵਿਚ ਸੰਦੇਹ ਨਹੀਂ ਕਿ ਕਿਧਰੇ-ਕਿਧਰੇ ਛੰਦ ਆਪਣੀ ਵਿਲੱਖਣ ਛਾਪ ਲਾਉਂਦੇ ਹਨ। ਮਿਸਾਲ ਵਜੋਂ ਵਾਰਾਂ ਵਿਚ ਦੋ ਕਾਵਿ-ਰੂਪਾਂ ਦੀ ਵਰਤੋਂ ਹੋਈ ਹੈ-ਸਲੋਕ ਅਤੇ ਪਉੜੀਆਂ। ਵਾਰਾਂ ਦੇ ਸਲੋਕ ਜ਼ਿਆਦਾ ਕਰਕੇ ਦੋਹਾ ਅਤੇ ਸੋਰਠਾ ਵਿਚ ਲਿਖੇ ਗਏ ਹਨ ਤੇ ਪਉੜੀਆਂ ਨਿਸ਼ਾਨੀ ਛੰਦ ਦੇ ਵਿਭਿੰਨ ਭੇਦਾਂ ਵਿਚ। ਕੁਝ ਕੁ ਉਦਾਹਰਣਾਂ ਪੇਸ਼ ਹਨ:
ਗਉੜੀ ਕੀ ਵਾਰ ਮਹਲਾ 5 : ਸਲੋਕ ਦੋਹਰਾ ਅਤੇ ਸੋਰਠਾ ਪਉੜੀਆਂ-ਨਿਸ਼ਾਨੀ
ਗੂਜਰੀ ਕੀ ਵਾਰ ਮਹਲਾ 4: ਸਲੋਕ ਦੋਹਰਾ ਪਉੜੀਆਂ-ਹੰਸਗਤੀ
ਜੈਤਸਰੀ ਕੀ ਵਾਰ ਮਹਲਾ 5: ਸਲੋਕ ਦੋਹਰਾ ਅਤੇ ਸੋਰਠਾ ਪਉੜੀਆਂ-ਦਟਪਟਾ
ਰਾਮਕਲੀ ਕੀ ਵਾਰ ਮਹਲਾ 5: ਸਲੋਕ ਦੋਹਰਾ ਅਤੇ ਕੁਕੁੰਭਾ ਪਉੜੀਆਂ-ਹੰਸਗਤੀ
ਬਸੰਤ ਕੀ ਵਾਰ ਮਹਲਾ 5 : ਪਉੜੀਆਂ-ਨਿਸ਼ਾਨੀ
ਇਸ ਤੋਂ ਇਲਾਵਾ ਕੁਝ ਰਚਨਾਂਵਾਂ ਅਜਿਹੀਆਂ ਹਨ, ਜਿਨ੍ਹਾਂ ਵਿਚ ਛੰਦ ਵਿਸ਼ੇਸ਼ ਦੀ ਵਰਤੋਂ ਹੋਈ ਹੈ। ਉਦਾਹਰਣ ਵਜੋਂ:
ਪਹਰੈ : ਕਲਸ;
ਦਿਨ ਰੈਣਿ : ਗੀਤਾ;
ਬਾਰਹਮਾਹ : ਦੋਹਰਾ;
ਬਾਵਨ ਅਖਰੀ : ਸਲੋਕ ਦੋਹਰੇ ਵਿਚ ਤੇ ਪਉੜੀਆਂ ਚੌਪਈ ਅਤੇ ਦੋਹਰੇ ਵਿਚ;
ਸੁਖਮਨੀ: ਸਲੋਕ ਦੋਹਰੇ ਤੇ ਅਸਟਪਦੀਆਂ ਚੌਪਈ ਵਿਚ;
ਥਿਤੀ: ਸਲੋਕ ਦੋਹਰੇ ਤੇ ਪਉੜੀਆਂ ਚੌਪਈ ਵਿਚ;
ਬਿਰਹੜੇ: ਅੰਮ੍ਰਿਤਘਟ;
ਗੁਣਵੰਤੀ: ਵਿਖਮ ਉਲਾਲ;
ਰੁਤੀ : ਸਲੋਕ ਦੋਹਰਾ (ਛੰਦ ਕਲਸ);
ਅੰਜਲੀਆਂ: ਘਨਕਲਾ;
ਸੋਲਹੇ: ਘਨਕਲਾ;
ਫੁਨਹਾ: ਪੁਨਹਾ ਜਾਂ ਫੁਨਹਾ;
ਚਉਬੋਲੇ: ਦੋਹਰਾ;
ਸਵਈਏ: ਰੋਲਾ, ਛਪੈ, ਸਵੈਯਾ, ਜਲਹਰਣ, ਘਨਾਕਸ਼ਰੀ; ਸਲੋਕ ਵਾਰਾਂ ਤੇ ਵਧੀਕ;
ਮੁੰਦਾਵਣੀ: ਸਾਰ।
ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਝ ਅਜਿਹੇ ਰਾਗ ਹਨ ਜਿਨ੍ਹਾਂ ਵਿਚ ਇਕ ਹੀ ਛੰਦ ਦੀ ਵਰਤੋਂ ਕੀਤੀ ਗਈ ਹੈ। ਦੂਜੀ ਤਰ੍ਹਾਂ ਦੇ ਉਹ ਰਾਗ ਹਨ ਜਿਨ੍ਹਾਂ ਵਿਚ ਛੰਦਾਂ ਦੀ ਵੰਨ-ਸੁਵੰਨਤਾ ਰੂਪਮਾਨ ਹੋਈ ਹੈ। ਤੀਜੀ ਤਰ੍ਹਾਂ ਦੇ ਉਹ ਰਾਗ ਹਨ ਜਿਨ੍ਹਾਂ ਵਿਚ ਉਨ੍ਹਾਂ ਛੰਦਾਂ ਦੀ ਵਰਤੋਂ ਕੀਤੀ ਗਈ ਹੈ ਜੋ ਇਕ ਤੋਂ ਵਧੀਕ ਰਾਗਾਂ ਵਿਚ ਵਰਤੇ ਗਏ ਹਨ ਜਾਂ ਜਿਨ੍ਹਾਂ ਛੰਦਾਂ ਦੀ ਵਾਰਵਾਰਤਾ (ਡਰੲਤੁੲਨਚੇ) ਅਧਿਕ ਹੈ। ਇਹ ਆਮ ਕਰਕੇ ਬਹੁਤੇ ਰਾਗਾਂ ਵਿਚ ਦੁਹਰਾਏ ਜਾਂਦੇ ਹਨ।
7. ਬਾਣੀਕਾਰਾਂ ਦਾ ਛੰਦ-ਕੌਸ਼ਲ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੱਖ ਬੰਦਿਸ਼ ਰਾਗ ਹੈ। ਰਾਗਬੱਧ ਬਾਣੀਆਂ ਵਿਚ ਛੰਦ-ਵਰਤੋਂ ਤਾਂ ਹੋਈ ਹੈ ਪਰ ਸੰਕੇਤ ਹਮੇਸ਼ਾਂ ਰਾਗ ਦਾ ਹੀ ਦਿੱਤਾ ਗਿਆ ਹੈ। ਛੰਦ- ਸੰਕੇਤ ਦੀ ਅਣਹੋਂਦ ਕਰਕੇ ਇਕ ਛੰਦ ਨੂੰ ਲੱਭਣ ਲਈ ਖਾਸੇ ਜਤਨ ਦੀ ਲੋੜ ਹੈ। ਛੰਦ ਦੇ ਮਾਮਲੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਥਾਹ ਸਮੁੰਦਰ ਹੈ। ਬਾਣੀ ਦਾ ਪਾਠ ਕਰਦੇ ਜਾਓ, ਜਿੱਥੇ ਕਿਧਰੇ ਕਿਸੇ ਛੰਦ ਦਾ ਸਰੂਪ ਢੁਕ ਗਿਆ ਸਮਝੋ ਛੰਦ ਲੱਭ ਪਿਆ। ਜਾਂ ਫਿਰ ਇੱਕੋ ਹੀ ਛੰਦ ਦੇ ਉਪਭੇਦਾਂ ਦੀ ਵਰਤੋਂ ਹੁੰਦੀ ਹੈ। ਛੰਦ ਦੇ ਭੇਦ ਵੀ ਅਨੰਤ ਹਨ। ਇਹ ਮਾਤਰਾਂ, ਵਰਨ, ਯਤੀ, ਚਰਣ ਅਤੇ ਤੁਕਾਂਤ ਦੇ ਭੇਦ ਕਰਕੇ ਅਨੇਕਾਂ ਰੂਪ ਧਾਰਨ ਕਰ ਲੈਂਦਾ ਹੈ। ਅਸਲ ਵਿਚ ਇਨ੍ਹਾਂ ਸਾਰਿਆਂ ਭੇਦਾਂ ਦਾ ਗਿਆਤਾ ਹੋ ਕੇ ਹੀ ਗੁਰੂ-ਬਾਣੀ ਦਾ ਸਹੀ ਛੰਦ-ਵਿਵੇਚਨ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਯਮਿਤ ਰੂਪ ਵਿਚ ਛੰਦ-ਵਿਵੇਚਨ ਕਿਸੇ ਇਕ ਖੋਜੀ ਨੇ ਵੀ ਨਹੀਂ ਕੀਤਾ। ਇਹ ਗੱਲ ਧਿਆਨਯੋਗ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ‘ਗੁਰੁ ਛੰਦ ਦਿਵਾਕਰ’ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ ਪਰ ਉਨ੍ਹਾਂ ਨੇ ਵੀ ਜਦੋਂ ਬਾਣੀ ਦੀ ਹਰ ਤਰ੍ਹਾਂ ਗੁਣ-ਲੱਛਣਾਂ ਉੱਪਰ ਪੂਰੀ ਉਤਰਦੀ ਮਿਸਾਲ ਨਹੀਂ ਮਿਲੀ ਤਾਂ ਇਕ-ਦੋ ਪੰਕਤੀਆਂ ਤੋਂ ਬਾਅਦ ਬਿੰਦੂ ਲਾ ਕੇ ਕੰਮ ਸਾਰ ਲਿਆ ਹੈ। ਤੇ, ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਇਨ੍ਹਾਂ ਪੰਕਤੀਆਂ ਤੋਂ ਬਾਅਦ ਅਗਲੀਆਂ ਪੰਕਤੀਆਂ ਛੰਦ-ਵਿਸ਼ੇਸ਼ ਅਨੁਸਾਰ ਪੂਰੀਆਂ ਉਤਰਦੀਆਂ ਹਨ, ਉਨ੍ਹਾਂ ਨੂੰ ਉਦਾਹਰਣ ਦੇ ਰੂਪ ਵਿਚ ਪੇਸ਼ ਕਰ ਦਿੱਤਾ ਗਿਆ ਹੈ। ‘ਗੁਰੁ ਛੰਦ ਦਿਵਾਕਰ’ ਦੇ ਬਹੁਤੇ ਉਦਾਹਰਣ ‘ਦਸਮ ਗ੍ਰੰਥ’ ਵਿੱਚੋਂ ਪੇਸ਼ ਕੀਤੇ ਗਏ ਹਨ। ਜਦੋਂ ‘ਦਸਮ ਗ੍ਰੰਥ’ ਵਿੱਚੋਂ ਛੰਦ-ਸਰੂਪ ਅਨੁਸਾਰ ਉਦਾਹਰਣ ਨਹੀਂ ਮਿਲਦਾ ਤਾਂ ਭਾਈ ਕਾਨ੍ਹ ਸਿੰਘ ਨਾਭਾ ਜਾਂ ਤਾਂ ਕਿਸੇ ਸੰਤ ਦੀ ਕਵਿਤਾ ਜਾਂ ਸ੍ਵੈ-ਰਚਿਤ ਕਵਿਤਾ ਦਾ ਉਦਾਹਰਣ ਪੇਸ਼ ਕਰ ਦਿੰਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਗੁਰੁ ਛੰਦ ਦਿਵਾਕਰ’ ਵਿਚ ਮਾਤਰਾਂ-ਗਿਆਨ ਦਾ ਚਰਚਾ ਜ਼ਰੂਰ ਕੀਤਾ ਹੈ ਪਰ ਉਦਾਹਰਣ ਦੀਆਂ ਮਾਤਰਾਂ ਬਹੁਤ ਥਾਈਂ ਵੱਧ-ਘੱਟ ਹਨ ਜੋ ਛੰਦ-ਵਿਧਾਨ ਅਨੁਸਾਰ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਪਾਸੇ ਵਿਹਾਰਕ ਤੌਰ ’ਤੇ ਕੋਈ ਖ਼ਾਸ ਸੰਕੇਤ ਨਹੀਂ ਕੀਤਾ ਗਿਆ। ਛੰਦ-ਮਾਤਰਾਂ ਦੇ ਵਿਧਾਨ ਦੀ ਸਹਾਇਤਾ ਨਾਲ ਜਿੰਨਾ ਕੁ ਵਿਵੇਚਨ ਹੋ ਸਕਿਆ ਹੈ, ਉਸ ਦੇ ਨਤੀਜੇ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਛੰਦ-ਸ਼ਾਸਤਰ ਪ੍ਰਤੀ ਸੁਚੇਤ ਸਨ। ਕਈ ਵਾਰ ਅਜਿਹੇ ਉਦਾਹਰਣ ਵੀ ਸਾਹਮਣੇ ਆਉਂਦੇ ਹਨ ਕਿ ਛੰਦ-ਕਲਾ ਦੀ ਨਿਪੁੰਨਤਾ ਦਾ ਪ੍ਰਦਰਸ਼ਨ ਹੈਰਤ ਵਿਚ ਪਾ ਜਾਂਦਾ ਹੈ। ਮਿਸਾਲ ਵਜੋਂ ਵਰਣਿਕ ਛੰਦਾਂ ਵਿੱਚੋਂ ਕਬਿੱਤ ਅਤੇ ਵਿਖਮ ਛੰਦਾਂ ਵਿੱਚੋਂ ਕਲਸ ਛੰਦ ਦੀ ਵਰਤੋਂ ਹੈਰਾਨਕੁੰਨ ਹੈ। ਕਬਿੱਤ ਦੇ ਅੰਤਰਗਤ ਕਬਿੱਤ ਦੇ ਦੋ ਰੂਪਾਂ- ਰੂਪ ਘਨਾਕਸ਼ਰੀ ਅਤੇ ਜਲਹਰਣ ਦਾ ਨਿਰਬਾਹ ਕਮਾਲ ਦੀ ਕਾਰੀਗਰੀ ਦਾ ਸਬੂਤ ਹੈ। ਇਸ ਛੰਦ ਦੇ ਚਾਰ ਚਰਣਾਂ ਵਿਚ ਜਲਹਰਣ ਦੇ ਦੋ ਰੂਪ ਅਤੇ ਰੂਪ ਘਨਾਕਸ਼ਰੀ ਦੇ ਵੀ ਦੋ ਰੂਪਾਂ ਦਾ ਪ੍ਰਦਰਸ਼ਨ ਬਾਣੀਕਾਰਾਂ ਦੇ ਕੌਸ਼ਲ ਦੀ ਨਿਪੁੰਨਤਾ ਨੂੰ ਰੂਪਮਾਨ ਕਰਦਾ ਹੈ। ਇਸੇ ਤਰ੍ਹਾਂ ਕਲਸ ਛੰਦ ਦਾ ਤੋਲ ‘ਸਰਸਿਅੜੇ ਸਰਸਿਅੜੇ’ (ਪੰਨਾ 453) ਛੰਦ ਦੇ ਤੋਲ ਨੂੰ ਸਮਝਣ ਲਈ ਚੰਗੀ ਖਾਸੀ ਮਿਹਨਤ ਦੀ ਲੋੜ ਹੈ। ਇਸ ਛੰਦ ਦੇ ਛੇ ਚਰਣਾਂ ਵਿਚ ਤਿੰਨ ਵਿਭਿੰਨ ਛੰਦਾਂ ਦੀ ਵਰਤੋਂ ਹੋਈ ਹੈ। ਮਿਸਾਲ ਵਜੋਂ ਦੰਡਕਲਾ ਅਤੇ ਪਦਮਾਵਤੀ ਦੇ ਦੋ-ਦੋ ਰੂਪਾਂ ਦੀ ਵਰਤੋਂ, ਇਸੇ ਛੰਦ ਵਿਚ ਇਜ਼ਾਫ਼ਤ ਦੀ ਵਰਤੋਂ, ਪਲੁਤ ਦੀ ਵਰਤੋਂ, ਦ੍ਰੁਤ ਦੀ ਵਰਤੋਂ ਅਤੇ ਗੁਣਾਂ ਦੀ ਵਰਤੋਂ ਬਾਣੀਕਾਰਾਂ ਦੇ ਕੌਸ਼ਲ ਦੀ ਪ੍ਰਚੰਡਤਾ ਦੀ ਲਖਾਇਕ ਹੈ।
ਬਾਣੀਕਾਰਾਂ ਵਿਚ ਕਈ ਪ੍ਰਕਾਰ ਦੇ ਭਾਵ ਹਨ ਤੇ ਉਹ ਭਾਵਾਂ ਨੂੰ ਵਕ੍ਰਤਾ ਅਥਵਾ ਕਲਾਤਮਕਤਾ ਦੇਣ ਵਿਚ ਨਿਪੁੰਨ ਸਨ। ਛੰਦ-ਸ਼ਾਸਤਰ ਦੇ ਇਸ ਗਿਆਨ ਨੇ ਅਥਵਾ ਛੰਦ-ਵਿਧਾਨ ਦੀ ਵਰਤੋਂ ਨੇ ਪੇਸ਼ਕਾਰੀ ਦੇ ਪੱਖੋਂ ਉਨ੍ਹਾਂ ਦੀ ਬਾਣੀ ਨੂੰ ਸ਼ਕਤੀਸ਼ਾਲੀ ਬਣਾਇਆ ਹੈ, ਬਾਣੀ ਨੂੰ ਵੰਨ-ਸੁਵੰਨਤਾ ਪ੍ਰਦਾਨ ਕੀਤੀ ਹੈ ਤੇ ਪ੍ਰਪੱਕਤਾ ਵੀ। ਬਾਣੀਕਾਰ ਆਪਣੇ ਅਨੁਭਵ ਪ੍ਰਤੀ ਸੁਚੇਤ ਹਨ ਤੇ ਪ੍ਰਗਟਾਵੇ ਪ੍ਰਤੀ ਸਜੱਗ ਵੀ। ਬਾਣੀਕਾਰ ਇੱਕੋ ਬਾਣੀ-ਸ਼ਬਦ ਵਿਚ ਛੰਦ-ਤੋਲ ਬਦਲ ਲੈਂਦੇ ਹਨ ਪਰ ਲੈਅ ਭੰਗ ਨਹੀਂ ਹੁੰਦੀ। ਇਸ ਦਾ ਕਾਰਨ, ਸ਼ਾਇਦ ਬਦਲੇ ਛੰਦ-ਤੋਲ ਤੇ ਵਰਤੋਂ ਕੀਤੇ ਜਾ ਰਹੇ ਛੰਦ-ਤੋਲ ਵਿਚ ਬਹੁਤਾ ਫ਼ਰਕ ਨਹੀਂ ਹੁੰਦਾ ਤੇ ਜਾਂ ਉਹ ਮਿਲਦਾ-ਜੁਲਦਾ ਹੁੰਦਾ ਹੈ। ਖੋਜੀ ਤੇ ਉਹ ਵੀ ਜੋ ਬਹੁਤ ਬਰੀਕੀ ਨਾਲ ਇਸ ਅੰਤਰ ਨੂੰ ਵਾਚ ਰਿਹਾ ਹੋਵੇ, ਉਸੇ ਨੂੰ ਪਤਾ ਲੱਗਦਾ ਹੈ। ਛੰਦ-ਬਹਿਰ ਤੋਂ ਅਨਜਾਣ ਲਈ ਇਸ ਭੇਦ ਨੂੰ ਜਾਣਨਾ ਅਤੀ ਕਨਿਠ ਹੈ। ਗੁਰਬਾਣੀ ਰਚਨਾ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਬਾਣੀਕਾਰ ਨੇ ਛੰਦ-ਮਾਤਰਾਂ ਵਿਸ਼ੇਸ਼ ਵੱਲ ਸਮੁੱਚੇ ਤੌਰ ’ਤੇ ਲੋੜੀਂਦਾ ਧਿਆਨ ਦਿੱਤਾ ਹੈ। ਛੰਦ- ਵਿਧਾਨ ਦੀ ਦ੍ਰਿਸ਼ਟੀ ਤੋਂ ਬਾਣੀਕਾਰਾਂ ਬਾਰੇ ਇਤਨਾ ਕਹਿਣਾ ਹੀ ਬਣਦਾ ਹੈ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਕਿਸੇ ਹੋਰ ਕਾਵਿ-ਪ੍ਰਣਾਲੀ ਦੀ ਅਧੀਨਗੀ ਨਹੀਂ ਕਬੂਲ ਕੀਤੀ, ਇਸੇ ਤਰ੍ਹਾਂ ਛੰਦ-ਵਿਧਾਨ ਦੀ ਸੁਯੋਗ ਵਰਤੋਂ ਤਾਂ ਕੀਤੀ ਹੈ ਪਰ ਸੁਤੰਤਰ ਰਹਿ ਕੇ। ਠੀਕ ਉਸੇ ਤਰ੍ਹਾਂ ਉਨ੍ਹਾਂ ਨੇ ਅਲੰਕਾਰ ਦੀ ਵਰਤੋਂ ਤਾਂ ਕੀਤੀ ਹੈ ਪਰ ਉਨ੍ਹਾਂ ਦੀ ਬਾਣੀ ਅਲੰਕਾਰ-ਮੁਖ ਨਹੀਂ। ਬਾਣੀਕਾਰਾਂ ਨੇ ਛੰਦ-ਉਪਯੋਗ ਤਾਂ ਕੀਤਾ ਹੈ ਪਰ ਉਨ੍ਹਾਂ ਦੀ ਬਾਣੀ ਨੂੰ ਛੰਦ-ਮੁਖ ਰਚਨਾ ਨਹੀਂ ਕਿਹਾ ਜਾ ਸਕਦਾ। ਇਹੀ ਬਾਣੀਕਾਰਾਂ ਦੀ ਵਿਲੱਖਣਤਾ ਵੀ ਹੈ।
8. ਬਾਣੀਕਾਰਾਂ ਦੀ ਛੰਦ-ਵਿਸ਼ਿਅਕ ਮੌਲਿਕਤਾ
ਮੱਧਕਾਲ ਦੇ ਭਾਰਤੀ ਸਾਹਿਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਅਜਿਹਾ ਗ੍ਰੰਥ ਹੈ ਜਿਸ ਵਿਚ ਛੰਦ-ਸੰਕੇਤ ਨੂੰ ਪਹਿਲ ਨਹੀਂ ਦਿੱਤੀ ਗਈ ਪਰ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਤੁਕ ਸੰਕੇਤ ਨੂੰ ਬੜੇ ਸਪੱਸ਼ਟ ਰੂਪ ਵਿਚ ਨਿਖੇੜਿਆ ਹੈ। ਬਾਣੀਕਾਰਾਂ ਦਾ ਛੰਤ-ਸੰਕੇਤ ਨਾ ਕਰਨਾ ਤੇ ਤੁਕ-ਸੰਕੇਤ ਦਾ ਦੇਣਾ ਇਕ ਖ਼ਾਸ ਦ੍ਰਿਸ਼ਟੀ ਨੂੰ ਜਨਮ ਦਿੰਦਾ ਹੈ। ਦਰਅਸਲ, ਬਾਣੀ ਸ੍ਰੋਤਾਮੁਖ ਰਚਨਾ ਹੈ। ਸ੍ਰੋਤੇ ਵਿਵਿਧ ਪ੍ਰਕਾਰੀ ਵੀ ਹੋ ਸਕਦੇ ਹਨ, ਬਹੁਤ ਸੂਖਮ ਤੇ ਅਤੀ ਸਰਲ ਵੀ। ਸੁਰੁਚੀਪੂਰਨ ਵੀ ਤੇ ਸਾਧਾਰਨ ਵੀ। ਸੰਗੀਤ ਦੀ ਜਾਣਕਾਰੀ ਹਰ ਇਕ ਦੇ ਵੱਸ ਦੀ ਨਹੀਂ; ਛੰਦ-ਸਰੂਪ ਦਾ ਗਿਆਤਾ ਵੀ ਹਰ ਕੋਈ ਨਹੀਂ। ਪਰ ਤੁਕ ਦੀ ਪਕੜ ਜਨ-ਸਾਧਾਰਨ ਨੂੰ ਵੀ ਹੋ ਸਕਦੀ ਹੈ। ਗੁਰਬਾਣੀ ਕਾਵਿ-ਪ੍ਰਣਾਲੀਆਂ ਨੂੰ ਧਿਆਨ ਵਿਚ ਰੱਖ ਕੇ ਨਹੀਂ, ਗੁਰੂ-ਸੰਗਤ ਨੂੰ ਧਿਆਨ ਵਿਚ ਵਿਚ ਰੱਖ ਕੇ ਉਚਾਰੀ ਗਈ ਹੈ। ਗੁਰੂ-ਸੰਗਤ ਹੀ ਗੁਰੂ ਸਾਹਿਬਾਨ ਦੀ ਸ੍ਰੋਤਾ-ਮੰਡਲੀ ਸੀ। ਲੋਕ-ਮੁਖ ਹੋਣ ਕਰਕੇ ਗੁਰੂ ਸਾਹਿਬਾਨ ਨੇ ਜਿੱਥੇ ਰਾਗ-ਵਿਸ਼ੇਸ਼ ਨੂੰ ਮਹੱਤਵ ਦਿੱਤਾ ਉੱਤੇ ਤੁਕ-ਲੈਅ ਵੀ ਖ਼ਾਸ ਪਦਵੀ ਨੂੰ ਪ੍ਰਾਪਤ ਹੋਈ।
ਤੁਕ-ਲੈਅ ਦਾ ਸਪੱਸ਼ਟ ਸੰਕੇਤ ਇਕ ਹੋਰ ਜੁਗਤ ਰਾਹੀਂ ਵੀ ਸਾਹਮਣੇ ਆਇਆ ਹੈ ਅਤੇ ਉਹ ਹੈ, ਰਹਾਉ-ਜੁਗਤ। ਰਹਾਉ ਰਾਗ ਦੀ ਟੇਕ ਦੀ ਸੰਕੇਤਕ ਹੈ। ਗੁਰਬਾਣੀ ਜਿੱਥੇ ਰਾਗਬੱਧ ਹੈ ਉੱਤੇ ਛੰਦਬੱਧ ਤੇ ਤਾਲਬੱਧ ਵੀ। “ਛੰਦ-ਵਰਤੋਂ ਕਰਦੇ ਸਮੇਂ ਰਾਗ ਅਤੇ ਤਾਲ ਤੇ ਉਸ ਦੇ ਠਹਿਰਾਉ ਨੂੰ ਧਿਆਨ ਵਿਚ ਰੱਖਣਾ ਛੰਦ-ਵਿਧਾਨ ਦੇ ਅਸਲੋਂ ਮੌਲਿਕ ਤੱਤ ਹਨ।”
ਤੁਕ ਦਾ ਜੋੜ ਛੰਦ ਦੇ ਚਰਣਾਂ ਨਾਲ ਵੀ ਹੈ ਤੇ ਛੰਦ ਦੀ ਲੈਅ ਨਾਲ ਵੀ। ਛੰਦ ਗਿਆਨਵਾਨਾਂ ਲਈ ਤੁਕ ਇਕ ਸੰਕੇਤ ਹੈ ਜਿਸ ਦੀ ਸਹਾਇਤਾ ਨਾਲ ਯਤੀ ਦੇ ਤੁਕਾਂਤ ਅਤੇ ਲੈਅ ਨੂੰ ਜਾਣਨ ਉਪਰੰਤ ਛੰਦ-ਵਿਸ਼ੇਸ਼ ਦੇ ਸਰੂਪ ਨੂੰ ਲੱਭਿਆ ਜਾ ਸਕਦਾ ਹੈ। ਛੰਦ-ਸਰੂਪ ਤੋਂ ਅਨਜਾਣ ਪਾਠਕ ਤੁਕ-ਲੈਅ ਅਨੁਸਾਰ ਪਾਠ ਕਰ ਕੇ ਅਨੰਦ ਨੂੰ ਪ੍ਰਾਪਤ ਹੋ ਸਕੇਗਾ। ਇਹੀ ਤਾਂ ਗੁਰੂ ਸਾਹਿਬਾਨ ਦੀ ਛੰਦ ਦੇ ਪੱਖੋਂ ਨਵੀਨਤਾ ਹੈ। ਗੁਰੂ ਬਾਣੀਕਾਰਾਂ ਦੀ ਨਵੀਨਤਾ ਇਕ ਹੋਰ ਪੱਖੋਂ ਵੀ “ਛੰਦ ਨਾਮ ਨੂੰ ਪ੍ਰੋਖ ਰੱਖ ਕੇ ਛੰਦ-ਚਾਲ ਨੂੰ ਪ੍ਰਗਟ ਕਰ ਦਿੱਤਾ ਹੈ।” ਵਿਸ਼ੇਸ਼ਤਾ “ਛੰਦ ਦੇ ਨਾਮ ਜਾਣਨ ਵਿਚ ਨਹੀਂ, ਛੰਦ ਦੀ ਚਾਲ ਜਾਣਨ ਵਿਚ ਹੈ ਤੇ ਉਸ ਤੋਂ ਪ੍ਰਾਪਤ ਅਨੰਦ ਨੂੰ ਮਾਨਣ ਵਿਚ।” ਕਵਿਤਾ ਦਾ ਉਚਾਰਨ ਲੈਅ ਅਨੁਸਾਰ ਕਰਨਾ ਆਪਣੇ ਆਪ ਵਿਚ ਇਕ ਸੁਆਦ ਹੀ ਨਹੀਂ ਸਗੋਂ ਕਾਵਿ-ਰਚਨਾ ਦੀ ਵਿਲੱਖਣਤਾ ਵੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸਾਡੇ ਸਭ ਧਰਮ-ਅਸਥਾਨਾਂ ਉੱਤੇ ਸੁਖਮਨੀ ਸਾਹਿਬ ਦਾ ਪਾਠ ਸਾਰੀ ਸੰਗਤ ਲੈਅਬੱਧ ਹੋ ਕੇ ਕਰਦੀ ਹੈ। ਛੰਦ-ਚਾਲ ਤੋਂ ਜਾਣੂ ਸੱਜਣ ਜਾਣਦੇ ਹਨ ਕਿ ਸੁਖਮਨੀ ਸਾਹਿਬ ਦਾ ਪਾਠ ਚੌਪਈ-ਲੈਅ ਵਿਚ ਕੀਤਾ ਜਾਂਦਾ ਹੈ। ਛੰਦ-ਸਰੂਪ ਤੋਂ ਅਨਜਾਣ ਪਾਠਕ ਸ੍ਰੋਤੇ ਵੀ ਇਸ ਦੇ ਪਾਠ-ਉਚਾਰਨ ਤੋਂ ਉਤਨਾ ਹੀ ਅਨੰਦ ਪ੍ਰਾਪਤ ਕਰਦੇ ਹਨ ਜਿਤਨਾ ਕੋਈ ਛੰਦ-ਵਿਧਾਨ ਦਾ ਗਿਆਤਾ। ‘ਸੁਖਮਨੀ ਸਾਹਿਬ’ ਦੇ ਸਰਵਪ੍ਰਿਯ ਹੋਣ ਦਾ ਇਕ ਪ੍ਰਮੁੱਖ ਕਾਰਨ ਇਸ ਦਾ ਲੈਅ-ਮੁਖ ਉਚਾਰਨ ਵੀ ਹੈ। “ਛੰਦ ਵਿਧਾਨ ਵਿੱਚੋਂ ਛੰਦ-ਚਾਲ ਨੂੰ ਪ੍ਰਮੁੱਖਤਾ ਦੇਣੀ ਗੁਰੂ ਸਾਹਿਬਾਨ ਦੀ ਛੰਦ-ਵਿਧਾਨ ਵਿਚ ਦੂਸਰੀ ਮੌਲਿਕ ਦੇਣ ਹੈ।”
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿੱਥੇ ਰਾਗ-ਬੰਦਿਸ਼ ਨੂੰ ਪ੍ਰਮੁੱਖਤਾ ਮਿਲੀ ਹੈ ਉੱਤੇ ਲੋਕ-ਰੂਪਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਲੋਕ-ਕਾਵਿ ਦੇ ਵੱਖੋ-ਵੱਖ ਰੂਪਾਂ ਦੀ ਅੱਡੋ-ਅੱਡਰੀ ਲੈਅ ਹੈ। ਮਿਸਾਲ ਵਜੋਂ ਅਲਾਹਣੀ ਦੀ ਆਪਣੀ ਲੈਅ ਹੈ ਤੇ ਪਹਰੇ ਦੀ ਆਪਣੀ। ਘੋੜੀਆਂ ਦੀ ਲੈਅ ਛੰਤ ਦੀ ਲੈਅ ਤੋਂ ਵੱਖਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਥਮ ਸਿਰਲੇਖ ਰਾਗ ਦਾ ਹੈ, ਉਪ-ਸਿਰਲੇਖ ਕਾਵਿ-ਰੂਪ ਜਾਂ ਤੁਕ-ਸੰਕੇਤ ਦਾ ਹੈ। ਉਪ-ਦਰ-ਉਪ ਸਿਰਲੇਖ ਲੋਕ-ਰੂਪ ਵਿਸ਼ੇਸ਼ ਦਾ ਸੰਕੇਤਕ ਹੈ। ਘੋੜੀਆਂ, ਅਲਾਹਣੀਆਂ, ਛੰਦ ਅਤੇ ਪਹਰੇ ਜਿੱਥੇ ਆਪੋ-ਆਪਣੇ ਸੰਦਰਭ ਨੂੰ ਉਜਾਗਰ ਕਰਦੇ ਹਨ, ਉੱਤੇ ਇਕ ਖਾਸ ਤਰ੍ਹਾਂ ਦੇ ਲੋਕ-ਵਿਹਾਰ ਦੀ ਥਹੁ ਵੀ ਦਿੰਦੇ ਹਨ। ਇਨ੍ਹਾਂ ਸਾਧਾਰਨ ਲੋਕ-ਰੂਪਾਂ ਨੂੰ ਗੁਰੂ ਸਾਹਿਬਾਨ ਨੇ ਇਕ ਪਾਸੇ, ਛੰਦਾਂ ਵਿਚ ਢਾਲ ਕੇ ਪੇਸ਼ ਕੀਤਾ ਹੈ ਅਤੇ ਦੂਜੇ ਪਾਸੇ, ਰਾਗ-ਬੰਦਿਸ਼ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ। ਲੋਕ-ਕਾਵਿ ਪਹਰੇ ਦੀ ਸੰਬੋਧਨੀ- ਕਾਵਿ ਦੀ ਵੰਨਗੀ ਹੇਠ ਆਉਂਦਾ ਹੈ ਪਰ ਪੰਚਮ ਗੁਰੂ ਜੀ ਨੇ ਇਤਨੇ ਸਰਲ ਲੋਕ-ਰੂਪ ਨੂੰ ਕਲਸ ਛੰਦ ਵਿਚ ਰੂਪਮਾਨ ਕੀਤਾ ਹੈ। ਆਮ ਤੌਰ ’ਤੇ ਕਲਸ ਦੋ ਛੰਦਾਂ ਦੇ ਯੋਗ ਤੋਂ ਬਣਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਸ ਵਿਚ ਦੋ ਛੰਦਾਂ ਦੀ ਵਰਤੋਂ ਕੀਤੀ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿੰਨ ਛੰਦਾਂ ਦੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਪੁੱਜਦਿਆਂ ਛੰਦ-ਕੌਸ਼ਲ ਸੂਖਮ ਤੋਂ ਸੂਖਮਤਰ ਹੁੰਦਾ ਹੋਇਆ ਸੂਖਮਤਮ ਤਕ ਜਾ ਪੁੱਜਾ ਹੈ। ਬਿਰਹੜੇ ਦਾ ਅਰਥ ਹੈ, ਬਿਰਹਾ ਜਾਂ ਸ਼ੋਕ-ਗੀਤ। ਪੰਚਮ ਗੁਰੂ ਜੀ ਨੇ ਇਸ ਨੂੰ ਅੰਮ੍ਰਿਤਘਟ ਛੰਦ-ਚਾਲ ਵਿਚ ਰੂਪਮਾਨ ਕੀਤਾ ਹੈ। ਇਸੇ ਤਰ੍ਹਾਂ ਦਿਨ ਰੈਣਿ, ਗੀਤਾ ਛੰਦ; ਬਾਰਹਮਾਹ, ਦੋਹਰਾ; ਗੁਣਵੰਤੀ, ਉਲਾਲ; ਰੁਤੀ, ਦੋਹਰਾ ਅਤੇ ਕਲਸ, ਅੰਜਲੀਆਂ ਘਨਕਲਾ ਛੰਦ ਵਿਚ ਰੂਪਮਾਨ ਹੋਈਆਂ ਹਨ। ਲੋਕ-ਕਾਵਿ-ਰੂਪਾਂ ਨੂੰ ਰਾਗ-ਬੰਦਿਸ਼ ਤੋਂ ਇਲਾਵਾ ਛੰਦ-ਵਿਧਾਨ ਵਿਚ ਬੰਨ੍ਹ ਕੇ ਪੇਸ਼ ਕਰਨਾ, ਗੁਰੂ ਸਾਹਿਬਾਨ ਦੀ ਨਿੱਗਰ ਕਲਾਕਾਰੀ ਦਾ ਸਬੂਤ ਹੈ। “ਲੋਕ-ਕਾਵਿ-ਰੂਪ ਤੇ ਛੰਦ-ਸਰੂਪਾਂ ਨੂੰ ਇਕ ਥਾਂ ਬੰਨ੍ਹ ਕੇ ਰਾਗ-ਬੰਦਿਸ਼ ਰਾਹੀਂ ਪੇਸ਼ ਕਰਨਾ ਗੁਰੂ ਸਾਹਿਬਾਨ ਦੀ ਤੀਸਰੀ ਮੌਲਿਕ ਦੇਣ ਹੈ।” ਇਸ ਗੱਲ ਦਾ ਪ੍ਰਮਾਣ ਹੈ, ਲੋਕ-ਕਾਵਿ-ਰੂਪਾਂ ਵਿਚ ਰਹਾਉ ਟੇਕ ਦਾ ਅਭਾਵ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੇ ਲੋਕ-ਰੂਪ ਇਸ ਗੱਲ ਦੀ ਸਾਖ ਭਰਦੇ ਹਨ ਕਿ ਉਨ੍ਹਾਂ ਵਿਚ ‘ਰਹਾਉ’ ਦੀ ਵਰਤੋਂ ਨਹੀਂ ਕੀਤੀ ਗਈ। ਇਸੇ ਤੋਂ ਹੀ ਇਹ ਅੰਤਰ-ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ, ਲੋਕ-ਰੂਪ ਰਚਨਾਂਵਾਂ ਵਿਚ ਰਾਗ-ਟੇਕ ਨਾਲੋਂ ਰੂਪ-ਵਿਸ਼ੇਸ਼ ਦੀ ਲੈਅ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ।
ਪ੍ਰਤਿਭਾਵਾਨ ਬੜਾ ਕੁਝ ਨਵਾਂ ਸਿਰਜਦੇ ਤੇ ਪੁਰਾਣਾ ਤੋੜਦੇ ਹਨ। ਗੁਰੂ ਸਾਹਿਬਾਨ ਨੇ ਛੰਦ-ਵਿਧਾਨ ਦੀ ਪਾਲਣਾ ਕਰਨ ਦੇ ਨਾਲ-ਨਾਲ ਨਵੇਂ ਛੰਦਾਂ ਦੀ ਸਿਰਜਣਾ ਵੀ ਕੀਤੀ ਹੈ। ਚੌਪਈ ਦੇ ਦੋ ਤੋਲ ਆਮ ਪ੍ਰਸਿੱਧ ਹਨ। ਪ੍ਰਤੀਚਰਣ 8,7 ਜਾਂ 8,8 ਉੱਤੇ ਵਿਸਰਾਮ ਅਥਵਾ ਪ੍ਰਤੀਚਰਣ 15,16 ਮਾਤਰਾਂ। ਪੰਜਵੇਂ ਗੁਰੂ ਸਾਹਿਬ ਨੇ ਚੌਪਈ ਵਿਚਲੀ ਯਤੀ ਦੇ ਬੰਧਨ ਨੂੰ ਨਹੀਂ ਸਵੀਕਾਰਿਆ। ਇਨ੍ਹਾਂ ਨੇ 8,7 ਜਾਂ 8,8 ਉੱਤੇ ਯਤੀ ਵਾਲੇ ਨਿਯਮ ਨੂੰ ਤੋੜ ਕੇ 15,16 ਉੱਤੇ ਯਤੀ ਲਗਾਈ ਹੈ। ਇਸ ਤਰ੍ਹਾਂ ਪ੍ਰਤੀਚਰਣ 30 ਤੋਂ 32 ਮਾਤਰਾਂ ਦੀ ਵਰਤੋਂ ਕੀਤੀ ਹੈ। ਇਸ ਤੱਥ ਦੀ ਪੁਸ਼ਟੀ ਸੁਖਮਨੀ ਸਾਹਿਬ ਦੀਆਂ ਸਾਰੀਆਂ ਅਸਟਪਦੀਆਂ ਕਰਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ 15,16 ਮਾਤਰਾਂ ਵਾਲੀ ਚੌਪਈ ਦੀ ਵਰਤੋਂ ਕੀਤੀ ਹੈ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ 30,32 ਮਾਤਰਾਂ ਵਾਲੀ ਚੌਪਈ ਦੀ ਵਰਤੋਂ ਕੀਤੀ ਹੈ। ਇਹ ਪੰਚਮ ਗੁਰੂ ਸਾਹਿਬ ਦਾ ਨਿਰੋਲ ਮੌਲਿਕ ਜਤਨ ਹੈ।
ਅੰਤ ਵਿਚ ਛੰਦ ਦੀ ਨਵ-ਰੂਪ ਸਿਰਜਣਾ ਵਿਚ ਪੰਚਮ ਗੁਰੂ ਸਾਹਿਬ ਦੁਆਰਾ ਸਿਰਜਤ ਦੋ ਛੰਦਾਂ ਦਾ ਨਾਮ ਵਿਸ਼ੇਸ਼ ਕਰਕੇ ਲਿਆ ਜਾ ਸਕਦਾ ਹੈ: ਚੌਪਈ ਅਤੇ ਕਲਸ। ਕੁੱਲ ਮਿਲਾ ਕੇ “ਗੁਰੂ ਸਾਹਿਬਾਨ ਦੀ ਛੰਦ-ਦ੍ਰਿਸ਼ਟੀ ਦੇ ਅੰਤਰਗਤ ਰਹਾਉ, ਤੁਕ, ਲੈਅ, ਲੋਕ-ਕਾਵਿ-ਰੂਪਾਂ ਦੀ ਵਰਤੋਂ, ਛੰਦ-ਚਾਲ ਦੀ ਪ੍ਰਮੁੱਖਤਾ ਅਸਲੋਂ ਹੀ ਮੌਲਿਕ ਦੇਣ ਹੈ। ਚੌਪਈ ਅਤੇ ਕਲਸ ਦਾ ਰੂਪ-ਪਰਿਵਰਤਨ ਛੰਦ-ਬਹਿਰ ਦੀ ਗਤੀ ਦਾ ਸੂਚਕ ਹੈ।”
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਛੰਦ-ਵਿਧਾਨ ਪਿੰਗਲ-ਸ਼ਾਸਤਰ ਤੋਂ ਵਧੀਕ ਸੰਗੀਤ-ਸ਼ਾਸਤਰ ਨਾਲ ਸੰਬੰਧਿਤ ਹੈ। ਧਿਆਨ ਯੋਗ ਤੱਥ ਤਾਂ ਇਹ ਹੈ ਕਿ ਛੰਦ-ਪ੍ਰਬੰਧ ਮਾਤਰਾਂ-ਪ੍ਰਬੰਧ ਤੋਂ ਲੈਅ-ਪ੍ਰਬੰਧ ਦਾ ਅਨੁਸਾਰੀ ਹੈ। ਛੰਦ ਵੰਨ-ਸੁਵੰਨਤਾ ਗੁਰਬਾਣੀ ਦਾ ਉੱਘਾ ਲੱਛਣ ਹੈ। ਕਿਸੇ ਛੰਦ-ਵਿਸ਼ੇਸ਼ ਨੂੰ ਕਾਵਿ-ਰੂਪ ਵਿਸ਼ੇਸ਼ ਨਾਲ ਬੰਨ੍ਹਿਆ ਨਹੀਂ ਜਾ ਸਕਦਾ। ਇੱਕੋ ਕਾਵਿ-ਰੂਪ ਅਨੇਕ ਛੰਦਾਂ ਵਿਚ ਮੂਰਤੀਮਾਨ ਹੋਇਆ ਹੈ। ਅਸਟਪਦੀ, ਸਲੋਕ, ਦੁਪਦੇ, ਤਿਪਦੇ, ਚਉਪਦੇ ਆਦਿ ਉਪ-ਸੰਕੇਤਾਂ ਤੋਂ ਇਹ ਭੁਲੇਖਾ ਲੱਗਦਾ ਹੈ ਕਿ ਸ਼ਾਇਦ ਇਹ ਛੰਦ-ਵਿਸ਼ੇਸ਼ ਦੇ ਅਨੁਸਾਰੀ ਹਨ ਪਰ ਵਿਵੇਚਨ ਉਪਰੰਤ ਇਹ ਪਤਾ ਲੱਗਦਾ ਹੈ ਕਿ ਇਹ ਇਕ ਛੰਦ ਦੇ ਅਨੁਸਾਰੀ ਨਹੀਂ ਹਨ ਸਗੋਂ ਇਨ੍ਹਾਂ ਵਿਚ ਵੰਨ-ਸੁਵੰਨੇ ਛੰਦਾਂ ਦੀ ਵੰਨਗੀ ਦਿਖਾਈ ਦਿੰਦੀ ਹੈ। ਗੁਰਬਾਣੀ ਦੀ ਛੰਦ ਦੇ ਪੱਖੋਂ ਸਭ ਤੋਂ ਵੱਡੀ ਵਿਸ਼ੇਸ਼ਤਾ ਲੈਆਤਮਕਤਾ ਹੈ। ਮਾਤਰਾਂ ਗਿਣਤੀ ਦੀ ਪਾਬੰਦੀ ਦੀ ਅਧੀਨਗੀ ਨੂੰ ਕਬੂਲ ਨਹੀਂ ਕੀਤਾ ਗਿਆ। ਛੰਦ-ਵਿਵਿਧਤਾ ਦੀ ਵਰਤੋਂ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਗੁਰੂ ਸਾਹਿਬਾਨ ਛੰਦਾਂ ਦੀ ਵਰਤੋਂ ਛੰਦ-ਕੌਸ਼ਲ ਦੇ ਪ੍ਰਦਰਸ਼ਨ ਲਈ ਕਰਦੇ ਸਨ, ਹਾਲਾਂਕਿ ਕਾਵਿ-ਰੂਪਾਂ, ਲੋਕ-ਰੂਪਾਂ ਜਾ ਪਦਾ-ਰਚਨਾ ਆਦਿ ਵਿਚ ਅਨੇਕ-ਪ੍ਰਕਾਰੀ ਛੰਦਾਂ ਦੀ ਵਰਤੋਂ ਹੋਈ ਹੈ। ਪਰ ਤਾਂ ਵੀ ਉਨ੍ਹਾਂ ਨੂੰ ਛੰਦ-ਮੁਖ ਬਾਣੀਕਾਰ ਨਹੀਂ ਕਿਹਾ ਜਾ ਸਕਦਾ। ਇਸ ਦਾ ਕਾਰਨ ਸਾਫ਼ ਹੈ ਕਿ ਉਹ ਛੰਦ-ਵਿਧਾਨ ਦੇ ਨੇਮਾਂ ਦੇ ਅਭਿਆਸੀ ਜ਼ਰੂਰ ਸਨ, ਉਨ੍ਹਾਂ ਦੇ ਗ਼ੁਲਾਮ ਨਹੀਂ। ਛੰਦ-ਕੌਸ਼ਲ ਵਿਚ ਉਨ੍ਹਾਂ ਦੀ ਖ਼ੁਦਮੁਖਤਿਆਰੀ ਹਉਂ ਦਾ ਦੀਦਾਰ ਅਤੀ ਸੰਘਣਾ ਹੈ ਤੇ ਇਹੀ ਉਨ੍ਹਾਂ ਦੀ ਵਿਲੱਖਣ ਪ੍ਰਾਪਤੀ ਵੀ ਹੈ। ਗੁਰੂ ਸਾਹਿਬਾਨ ਦਾ ਛੰਦ-ਕੌਸ਼ਲ ਉਨ੍ਹਾਂ ਦੀ ਕਮਾਲ ਕਾਰੀਗਰੀ ਦੀ ਥਹੁ ਦੇਂਦਾ ਹੈ। ਉਹ ਇੱਕੋ ਹੀ ਰਚਨਾ ਵਿਚ ਇਕ ਤੋਂ ਵਧੀਕ ਛੰਦਾਂ ਦੀ ਵਰਤੋਂ ਕਰਦੇ ਹਨ ਪਰ ਵਿਸ਼ੇ ਦਾ ਇਕਾਗਰ ਪ੍ਰਭਾਵ ਸਦਾ ਕਾਇਮ ਰਹਿੰਦਾ ਹੈ ਤੇ ਚਿੱਤ ਉਕਤਾਉਂਦਾ ਨਹੀਂ। ਭਰਪੂਰ ਅਨੰਦ- ਸਿਰਜਣ ਉਨ੍ਹਾਂ ਦੀ ਕਲਾ-ਸਿਧੀ ਦਾ ਅਤਿ ਉੱਤਮ ਪ੍ਰਮਾਣ ਹੈ।
ਲੇਖਕ ਬਾਰੇ
ਡਾ. ਮਹਿੰਦਰ ਕੌਰ ਗਿੱਲ ਗੁਰਮਤਿ ਚਿੰਤਨ ਤੇ ਅਧਿਆਪਨ ਦੇ ਖੇਤਰ ਵਿਚ ਲਾਸਾਨੀ ਵਿਦਵਤਾ ਰੱਖਦੇ ਸਨ। ਗੁਰਬਾਣੀ ਦੇ ਸਿਧਾਂਤਕ ਅਤੇ ਵਿਹਾਰਿਕ ਅਧਿਐਨ ਦੀ ਅਕਾਦਮਿਕ ਪਰਿਪਾਟੀ ਬਣਾਉਣ ਵਿੱਚ ਉਹਨਾਂ ਨੇ ਮੁੱਲਵਾਨ ਯੋਗਦਾਨ ਪਾਇਆ ਹੈ। ਗੁਰਮਤਿ ਸਾਹਿਤ ਦੇ ਅਧਿਐਨ, ਆਲੋਚਨਾ ਅਤੇ ਜੀਵਨੀ ਸਾਹਿਤ ਬਾਰੇ ਇਨ੍ਹਾਂ ਨੇ ਲਗਭਗ 35 ਪੁਸਤਕਾਂ ਪੰਜਾਬੀ ਵਿੱਚ ਅਤੇ ਸਿੱਖ ਮਹਿਲਾਵਾਂ ਦੇ ਜੀਵਨ ਸਬੰਧੀ 5 ਪੁਸਤਕਾਂ ਹਿੰਦੀ ਵਿੱਚ ਲਿਖੀਆਂ। ਆਪ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਦੇ ਨਾਲ ਸਨਮਾਨਿਤ ਕੀਤਾ ਗਿਆ।
- ਹੋਰ ਲੇਖ ਉਪਲੱਭਧ ਨਹੀਂ ਹਨ