ਸਿੱਖ ਧਰਮ ਦੇ ਪ੍ਰਵਾਨਿਤ ਪੰਜ ਤਖ਼ਤਾਂ (ਸ੍ਰੀ ਅਕਾਲ ਤਖ਼ਤ, ਸ੍ਰੀ ਅੰਮ੍ਰਿਤਸਰ; ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਸ੍ਰੀ ਅਬਚਲ ਨਗਰ, (ਨਾਂਦੇੜ) ਵਿੱਚੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਇਕ ਤਖ਼ਤ ਵਜੋਂ ਮਾਨਤਾ ਪ੍ਰਾਪਤ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666-1708 ਈ.) ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਚਮਕੌਰ ਸਾਹਿਬ, ਮਾਛੀਵਾੜਾ, ਦੀਨਾ ਕਾਂਗੜ, ਮੁਕਤਸਰ, ਲੱਖੀ ਜੰਗਲ ਆਦਿ ਅਨੇਕ ਨਗਰਾਂ ਨੂੰ ਆਪਣੇ ਚਰਨ-ਕਮਲਾਂ ਨਾਲ ਵਰਸਾਉਂਦੇ ਹੋਏ 1705 ਈ. ਵਿਚ ਚੌਧਰੀ ਡੱਲੇ ਦੀ ਤਲਵੰਡੀ ਆ ਬਿਰਾਜੇ। ਇਥੇ ਆਪ ਨੇ ਇਕ ਉੱਚੀ ਥੇੜੀ ’ਤੇ ਬੈਠ ਕੇ ਅਰਾਮ ਕੀਤਾ ਅਤੇ ਆਪਣਾ ਕਮਰਕੱਸਾ ਖੋਲ੍ਹਿਆ, ਜਿਸ ਕਰਕੇ ਇਸ ਪਵਿੱਤਰ ਧਰਤੀ ਨੂੰ ਦਮਦਮਾ ਸਾਹਿਬ ਵਜੋਂ ਜਾਣਿਆ ਜਾਣ ਲੱਗਾ। ਇਥੋਂ ਹੀ ਦਸਮੇਸ਼ ਪਿਤਾ ਨੇ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕਰ ਕੇ ਇਸ ਨੂੰ ‘ਤਖ਼ਤ’ ਵਜੋਂ ਮਾਨਤਾ ਪ੍ਰਦਾਨ ਕੀਤੀ, ਇਸ ਦੀ ਸਨਦ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੋਹਰ ਵੀ ਦੁਰਲੱਭ ਵਸਤੂ ਵਜੋਂ ਵੇਖੀ ਜਾ ਸਕਦੀ ਹੈ।
ਇਹ ਇਤਿਹਾਸਕ ਅਤੇ ਧਾਰਮਿਕ ਨਗਰੀ ਬਠਿੰਡਾ ਰਾਮਾ ਸੜਕ ਉੱਤੇ ਬਠਿੰਡਾ ਤੋਂ 28 ਕਿਲੋਮੀਟਰ ਅਤੇ ਰਾਮਾ ਤੋਂ 13 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਸ ਕਸਬੇ ਨੂੰ ਰੇਲਵੇ ਲਾਈਨ ਨਾਲ ਜੋੜਨ ਦੀ ਮੰਗ ਵੀ ਸਮੇਂ-ਸਮੇਂ ਸਿਰ ਜ਼ੋਰਦਾਰ ਢੰਗ ਨਾਲ ਉਠਾਈ ਗਈ ਹੈ ਅਤੇ ਸਾਲ 2006 ਈ. ਵਿਚ ਤਤਕਾਲਿਕ ਕੇਂਦਰੀ ਰੇਲਵੇ ਮੰਤਰੀ ਸ੍ਰੀ ਲਾਲੂ ਪ੍ਰਸਾਦ ਯਾਦਵ ਨੇ ਸਿੱਖਾਂ ਦੀ ਇਸ ਜਾਇਜ਼ ਮੰਗ ਨੂੰ ਮੰਨਣ ਦਾ ਐਲਾਨ ਵੀ ਕਰ ਦਿੱਤਾ ਸੀ। ਸੰਭਵ ਹੈ ਕਿ ਨਿਕਟ ਭਵਿੱਖ ਵਿਚ ਸਿੱਖ ਪੰਥ ਦੇ ਪੰਜੇ ਤਖ਼ਤ ਰੇਲਵੇ ਲਾਈਨ ਨਾਲ ਜੁੜ ਜਾਣ, ਤਾਂ ਕਿ ਸਿੱਖ-ਸੰਗਤ ਨੂੰ ਇਨ੍ਹਾਂ ਦੇ ਦਰਸ਼ਨ-ਦੀਦਾਰ ਵਿਚ ਕੋਈ ਪਰੇਸ਼ਾਨੀ ਨਾ ਹੋਵੇ।
ਤਲਵੰਡੀ ਸਾਬੋ ਵਿਖੇ ਦੁਸ਼ਟ-ਦਮਨ ਗੁਰੂ ਜੀ ਨੇ ਕੁਝ ਸਮਾਂ ਵਿਸ਼ਰਾਮ ਕੀਤਾ ਜਿਸ ਦੌਰਾਨ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਭਾਈ ਮਨੀ ਸਿੰਘ ਦੇ ਹੱਥੋਂ ਤਿਆਰ ਕਰਵਾਈ, ਜਿਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸੰਮਲਿਤ ਕਰਕੇ ਇਸ ਗ੍ਰੰਥ ਨੂੰ ਸੰਪੂਰਨਤਾ ਪ੍ਰਦਾਨ ਕੀਤੀ ਗਈ। ‘ਨਵੀਨ ਪੰਥ ਪ੍ਰਕਾਸ਼’ ਦੇ ਕਰਤਾ ਨੇ ਇਸ ਸਮੁੱਚੇ ਪ੍ਰਕਰਣ ਨੂੰ ਕਾਵਿਮਈ ਸ਼ਬਦਾਂ ਵਿਚ ਇਉਂ ਬਿਆਨਿਆ ਹੈ:
ਅਬ ਦਰਬਾਰ ਦਮਦਮਾ ਜਹਾਂ।
ਤੰਬੂ ਲਗਵਾ ਕੈ ਗੁਰ ਤਹਾਂ।
ਮਨੀ ਸਿੰਘ ਕੋ ਲਿਖਨ ਬਠੈ ਕੈ।
ਗੁਰੁ ਨਾਨਕ ਕਾ ਧਿਆਨ ਧਰੈ ਕੈ।
ਨਿਤ ਪ੍ਰਤਿ ਗੁਰੂ ਉਚਾਰੀ ਜੈਸੇ।
ਬਾਣੀ ਲਿਖੀ ਮਨੀ ਸਿੰਘ ਤੈਸੇ।
ਬੀੜ ਆਦਿ ਗੁਰੁ ਗ੍ਰੰਥੈ ਜੇਹੀ।
ਕਰੀ ਦਸਮ ਗੁਰ ਤਿਆਰ ਉਜੇਹੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ/ਸੰਪੂਰਨਤਾ ਤਖ਼ਤ ਸਾਹਿਬ ਦੇ ਨਜ਼ਦੀਕ ਹੀ ਸੁਸ਼ੋਭਿਤ ਗੁਰਦੁਆਰਾ ਲਿਖਣਸਰ ਵਿਖੇ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਸਰੂਪ ਨੂੰ ‘ਦਮਦਮੀ ਬੀੜ’ ਵਜੋਂ ਜਾਣਿਆ ਜਾਂਦਾ ਹੈ। ਇਥੇ ਹੀ ਗੁਰੂ ਸਾਹਿਬ ਨੇ ਬਚੀ ਹੋਈ ਸਿਆਹੀ ਅਤੇ ਕਲਮਾਂ ਪ੍ਰਵਾਹ ਕੇ ਇਸ ਨਗਰੀ ਨੂੰ ‘ਗੁਰੂ ਕੀ ਕਾਸੀ’ ਹੋਣ ਦਾ ਵਰਦਾਨ ਦਿੱਤਾ। ‘ਗੁਰਬਿਲਾਸ ਪਾਤਸ਼ਾਹੀ ਦਸਵੀਂ’ ਵਿਚ ਇਹ ਵਿਚਾਰ ਪ੍ਰਗਟ ਕੀਤੇ ਗਏ ਹਨ:
ਇਹ ਹੈ ਪ੍ਰਗਟ ਹਮਾਰੀ ਕਾਸੀ।
ਪੜ ਹੈਂ ਇਹਾਂ ਢੋਰ ਮਤਿਰਾਸੀ।
ਲੇਖਕ ਗੁਨੀ ਕਵਿੰਦ ਗਿਆਨੀ।
ਬੁਧਿ ਸਿੰਧ ਹ੍ਵੈ ਹੈ ਇਤ ਆਨੀ।
ਤਿਨ ਕੇ ਕਾਰਨ ਕਲਮ ਗਢ,
ਦੇਤ ਪ੍ਰਗਟ ਹਮ ਡਾਰ।
ਸਿਖ ਸਖਾ ਇਤ ਪੜੈਗੇ,
ਹਮਰੋ ਕਈ ਹਜਾਰ। (ਅਧਿਆਇ 23)
ਸਰਕਾਰੀ ਰਿਕਾਰਡ ਰਿਆਸਤ ਪਟਿਆਲਾ ਦੀ ਉਰਦੂ ਵਿਚ ਛਪੀ 24 ਅਗਸਤ 1903 ਈ. ਦੀ ਲਿਖਤ ਤੋਂ ਵੀ ਦਮਦਮਾ ਸਾਹਿਬ ਦੀ ਪ੍ਰਮਾਣਿਕਤਾ ਸਪੱਸ਼ਟ ਹੁੰਦੀ ਹੈ:
“ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਬੜਾ ਮਸ਼ਹੂਰ ਕਾਬਲ ਤੈਜੀਮ ਵ ਤਕਰੀਮ ਖਿਆਲ ਕੀਤਾ ਜਾਤਾ ਹੈ।… ਯਹ ਉਸ ਜਗ੍ਹਾ ਬਨਾਇਆ ਗਿਆ ਥਾ ਯਹਾਂ ਸੰਮਤ 1762 ਮੇਂ ਵਾਹਿਦ ਸਰਦਾਰ ਡਲਾ ਰਈਸ ਤਲਵੰਡੀ ਸਾਬੋ ਕੇ ਗੁਰੂ ਮਹਾਰਾਜ ਨੇ 9 ਮਾਹ ਤਕ ਕਿਆਮ ਫ਼ਰਮਾਇਆ ਥਾ। ਔਰ ਉਸ ਵਕਤ ਆਦਿ ਗ੍ਰੰਥ ਲਿਖਕਰ ਤਹਿਰੀਰ ਫ਼ਰਮਾਇਆ। ਜਿਸ ਤਲਾਬ ਪਰ ਕਲਮ ਬਨਾਈ ਥੀ ਉਸਕਾ ਨਾਮ ਲਿਖਣਸਰ ਹੈ। ਔਰ ਅਬ ਭੀ ਜਹਾਂ ਕੇ ਬਹਿਜ ਬੁੰਗੋਂ ਕੇ ਮਹੰਤ ਖ਼ੁਸ਼ਨਵੀਸ ਹੈਂ। ਜੋ ਆਦਿ ਗ੍ਰੰਥ ਸਾਹਿਬ ਕੀ ਤਹਿਰੀਰ ਕਾ ਕਾਮ ਕਰਤੇ ਹੈਂ। ਜਹਾਂ ਕਾ ਲਿਖਾ ਹੂਆ ਯਾ ਮੁਜਮਾ ਕੀਆ ਹੂਆ ਦਰਬਾਰ ਸਾਹਿਬ ਦੂਸਰੀ ਜਗਹੋਂ ਮੇਂ ਮੁਸਤਨਿਦ ਖਿਆਲ ਕੀਆ ਜਾਤਾ ਹੈ।” (ਪੰਨਾ 64)
ਡਾ. ਟਰੰਪ ਦੇ ਕਥਨ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵਿਸ਼ਰਾਮ ਦੌਰਾਨ ਹੀ 1706 ਈ. ਦੀ ਵਿਸਾਖੀ ਨੂੰ ਕਰੀਬ ਇਕ ਲੱਖ ਵੀਹ ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ ਸੀ। ਇਸੇ ਕਾਰਨ ਵਿਸਾਖੀ ਦਾ ਜੋੜ ਮੇਲਾ ਇਸ ਪਵਿੱਤਰ ਸਰਜ਼ਮੀਨ ਉੱਤੇ ਹਰ ਸਾਲ ਭਾਰੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਅਸਥਾਨ ’ਤੇ ਹਰ ਮਹੀਨੇ ਦੀ ਮੱਸਿਆ ਅਤੇ ਹਰ ਐਤਵਾਰ ਨੂੰ ਅੰਮ੍ਰਿਤ-ਸੰਚਾਰ ਹੁੰਦਾ ਹੈ। 29 ਜਨਵਰੀ 2006 ਈ. ਨੂੰ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਅੰਮ੍ਰਿਤ-ਸੰਚਾਰ ਕੀਤਾ ਗਿਆ ਸੀ।
ਚੌਧਰੀ ਡੱਲੇ ਦੀਆਂ ਸ਼ੇਖੀਆਂ ਅਤੇ ਮਾਣ ਤੋੜਨ ਲਈ ਗੁਰੂ ਸਾਹਿਬ ਨੇ ਲਾਹੌਰ ਦੇ ਵਾਸੀ ਭਾਈ ਉਦੇ ਸਿੰਘ ਵੱਲੋਂ ਭੇਟ ਕੀਤੀ ਬੰਦੂਕ ਦੀ ਪਰਖ ਕਰਨ ਲਈ ਉਹਨੂੰ ਆਪਣੇ ਯੋਧੇ ਭੇਜਣ ਲਈ ਕਿਹਾ, ਪਰ ਡੱਲੇ ਦੇ ਯੋਧੇ ਅਣਿਆਈ ਮੌਤ ਮਰਨ ਤੋਂ ਜਵਾਬ ਦੇ ਗਏ, ਤਾਂ ਗੁਰੂ ਜੀ ਨੇ ਕਿਸੇ ਸਿੱਖ ਨੂੰ ਬੰਦੂਕ ਦੀ ਪਰਖ ਵਾਸਤੇ ਅੱਗੇ ਆਉਣ ਲਈ ਹੁਕਮ ਦਿੱਤਾ। ਗੁਰੂ ਜੀ ਦਾ ਬਚਨ ਸੁਣ ਕੇ ਇਕ ਦੀ ਥਾਂ ਦੋ ਸਿੱਖ, ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ, ਜੋ ਪਿਉ-ਪੁੱਤਰ ਸਨ, ਬੰਦੂਕ ਦੇ ਸਾਹਮਣੇ ਆ ਖਲੋਤੇ। ਗੁਰੂ ਜੀ ਨੇ ਬੰਦੂਕ ਦਾ ਨਿਸ਼ਾਨਾ ਉਨ੍ਹਾਂ ਦੇ ਉੱਪਰੋਂ ਲੰਘਾ ਦਿੱਤਾ। ਇਹ ਕੌਤਕ ਵੇਖ ਕੇ ਡੱਲੇ ਨੇ ਆਪਣਾ ਆਪਾ ਗੁਰੂ ਜੀ ਦੇ ਅੱਗੇ ਸਮਰਪਿਤ ਕਰ ਦਿੱਤਾ। ਗੁਰੂ ਜੀ ਨੇ ਉਸ ਉੱਤੇ ਬਖ਼ਸ਼ਿਸ਼ ਕੀਤੀ ਅਤੇ ਉਸ ਨੂੰ ਆਪਣੀਆਂ ਕੁਝ ਨਿਸ਼ਾਨੀਆਂ (ਦੋ ਦਸਤਾਰਾਂ-ਇਕ ਵੱਡੀ, ਇਕ ਛੋਟੀ; ਤੇਗਾ, ਸ੍ਰੀ ਸਾਹਿਬ, ਵੱਡਾ ਚੋਲਾ, ਛੋਟਾ ਚੋਲਾ, ਬਾਜ਼ ਦੀ ਡੋਰ, ਰੇਬ ਪਜਾਮਾ, ਮਾਤਾ ਸਾਹਿਬ ਕੌਰ ਦਾ ਰੇਬ ਪਜ਼ਾਮਾ) ਪ੍ਰਦਾਨ ਕੀਤੀਆਂ, ਜਿਨ੍ਹਾਂ ਦੇ ਦਰਸ਼ਨ ਹਰ ਰੋਜ਼ ਚੌਧਰੀ ਡੱਲੇ ਦੇ ਖਾਨਦਾਨ ਵੱਲੋਂ ਸਵੇਰ ਤੋਂ ਸ਼ਾਮ ਤਕ ਸੰਗਤਾਂ ਨੂੰ ਆਪਣੇ ਘਰ ਵਿਚ ਕਰਵਾਏ ਜਾਂਦੇ ਹਨ।
ਤਖ਼ਤ ਸਾਹਿਬ ’ਤੇ ਜਿਹੜੀਆਂ ਯਾਦਗਾਰੀ ਵਸਤਾਂ ਹਨ, ਉਹ ਇਸ ਤਰ੍ਹਾਂ ਹਨ (ਇਨ੍ਹਾਂ ਵਸਤਾਂ ਦੇ ਵੀ ਹਰ ਰੋਜ਼ ਸੰਗਤਾਂ ਨੂੰ ਦੋ ਵੇਲੇ (ਸਵੇਰੇ 7/8 ਵਜੇ; ਰਾਤ 8/9 ਵਜੇ ਗਰਮੀਆਂ/ਸਰਦੀਆਂ) ਦਰਸ਼ਨ ਕਰਵਾਏ ਜਾਂਦੇ ਹਨ): ਬੰਦੂਕ (ਜਿਸ ਨਾਲ ਗੁਰੂ ਜੀ ਨੇ ਭਾਈ ਬੀਰ ਸਿੰਘ, ਭਾਈ ਧੀਰ ਸਿੰਘ ਦੀ ਪਰਖ ਕੀਤੀ ਸੀ); ਸ਼ੀਸ਼ਾ (ਇਸ ਉੱਤੇ ‘ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ’ ਉਕਰਿਆ ਹੋਇਆ ਹੈ), ਤੇਗਾ ਬਾਬਾ ਦੀਪ ਸਿੰਘ, ਮੋਹਰ ਤਖ਼ਤ ਸਾਹਿਬ (ਇਹ ਮੋਹਰ ਤਖ਼ਤ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮਿਆਂ ਉੱਤੇ ਲਾਈ ਜਾਂਦੀ ਸੀ, ਅਜਿਹਾ ਇਕ ਹੁਕਮਨਾਮਾ ਚੇਤਰ ਸੁਦੀ ਦੂਜ ਸੰਮਤ 1875 ਬਿਕ੍ਰਮੀ ਦਾ ਲਿਖਿਆ ਅਜੇ ਵੀ ਸੁਰੱਖਿਅਤ ਹੈ; ਇਸ ਉੱਤੇ ਇਹ ਸ਼ਬਦ ਅੰਕਿਤ ਹਨ: ਅਕਾਲ ਸਹਾਇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਜਗ੍ਹਾ ਤਖ਼ਤ ਸ੍ਰੀ ਦਮਦਮਾ ਜੀ) ਅਤੇ ਸ੍ਰੀ ਸਾਹਿਬ ਪਾਤਿਸ਼ਾਹੀ ਦਸਵੀਂ। ਇਸੇ ਹੀ ਪਾਵਨ ਅਤੇ ਪੁਨੀਤ ਭੂਮੀ ਉੱਤੇ ਗੁਰੂ-ਦਰਬਾਰ ਸੁਸ਼ੋਭਿਤ ਸੀ। ਜਦੋਂ ਦਿੱਲੀ ਤੋਂ ਗੁਰੂ ਮਹਿਲ (ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ) ਭਾਈ ਮਨੀ ਸਿੰਘ ਸਮੇਤ ਹਾਜ਼ਰ ਹੋਏ। ਮਾਤਾਵਾਂ ਨੂੰ ਭਰੇ ਦਰਬਾਰ ਵਿਚ ਆਪਣੇ ਬੇਟੇ (ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ) ਨਜ਼ਰ ਨਾ ਆਏ ਤਾਂ ਉਨ੍ਹਾਂ ਨੇ ਗੁਰੂ ਜੀ ਤੋਂ ਪੁੱਤਰਾਂ ਬਾਰੇ ਪੁੱਛ ਕੀਤੀ। ਦਸਮੇਸ਼ ਪਿਤਾ ਨੇ ਇਕੱਤ੍ਰਿਤ ਖਾਲਸਾ ਸੰਗਤ ਵੱਲ ਸੰਕੇਤ ਕਰ ਕੇ ਫ਼ਰਮਾਇਆ:
ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ।
ਇਸ ਅਸਥਾਨ ਤੇ ਅੱਜਕਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਸੁਸ਼ੋਭਿਤ ਹੈ। ਜੋ ਹੋਰ ਇਤਿਹਾਸਕ ਅਤੇ ਪਾਵਨ ਗੁਰ-ਅਸਥਾਨ ਤਲਵੰਡੀ ਸਾਬੋ ਵਿਖੇ ਮੌਜੂਦ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਗੁਰਦੁਆਰਾ ਸ੍ਰੀ ਦਮਦਮਾ ਸਾਹਿਬ:
ਇਹ ਅਸਥਾਨ ਤਖ਼ਤ ਸਾਹਿਬ ਦੇ ਨੇੜੇ ਹੀ ਹੈ ਜਿਥੇ ਗੁਰੂ ਜੀ ਸਭ ਤੋਂ ਪਹਿਲਾਂ ਆ ਕੇ ਬਿਰਾਜਮਾਨ ਹੋਏ ਸਨ।
ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਨੌਵੀਂ:
ਇਹ ਪਾਵਨ ਅਸਥਾਨ ਤਖ਼ਤ ਸਾਹਿਬ ਅਤੇ ਗੁਰਦੁਆਰਾ ਦਮਦਮਾ ਸਾਹਿਬ ਦੇ ਵਿਚਕਾਰ ਹੈ। ਇਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਆ ਕੇ ਬਿਰਾਜਮਾਨ ਹੋਏ ਸਨ।
ਗੁਰਦੁਆਰਾ ਲਿਖਣਸਰ ਸਾਹਿਬ :
ਇਹ ਅਸਥਾਨ ਤਖ਼ਤ ਸਾਹਿਬ ਨੂੰ ਜਾਂਦਿਆਂ ਸੱਜੇ ਹੱਥ ਹੈ। ਇਥੇ ਹੀ ਬੈਠ ਕੇ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਅਤੇ ਇਸ ਧਰਤੀ ਨੂੰ ‘ਗੁਰੂ ਕੀ ਕਾਸ਼ੀ’ ਦਾ ਵਰਦਾਨ ਦਿੱਤਾ। ਗੁਰਦੁਆਰਾ ਬੀਰ ਸਿੰਘ ਧੀਰ ਸਿੰਘ : ਇਹ ਅਸਥਾਨ ਤਖ਼ਤ ਸਾਹਿਬ ਕੰਪਲੈਕਸ ਤੋਂ ਬਾਹਰ ਖੱਬੇ ਪਾਸੇ ਹੈ, ਜਿਥੇ ਗੁਰੂ ਜੀ ਨੇ ਬੰਦੂਕ ਦੀ ਪਰਖ ਕੀਤੀ ਸੀ। ਤਖ਼ਤ ਸਾਹਿਬ ਨੂੰ ਹੋਰ ਸੁੰਦਰ ਬਣਾਉਣ ਦੇ ਯਤਨ ਵਜੋਂ ਨਵੀਂ ਉਸਾਰੀ ਸ਼ੁਰੂ ਹੋਣ ਵਾਲੀ ਹੈ।
ਗੁਰਦੁਆਰਾ ਜੰਡਸਰ ਸਾਹਿਬ :
ਇਹ ਗੁਰਦੁਆਰਾ ਤਲਵੰਡੀ ਸਾਬੋ ਤੋਂ ਕਰੀਬ ਇਕ ਕਿਲੋਮੀਟਰ ਦੇ ਫਾਸਲੇ ’ਤੇ ਉੱਤਰ-ਪੱਛਮ ਵੱਲ ਸਥਿਤ ਹੈ। ਇਥੇ ਗੁਰੂ ਜੀ ਨੇ ਆਪਣੇ ਸੇਵਕਾਂ ਨੂੰ ਤਨਖਾਹਾਂ ਵੰਡੀਆਂ ਸਨ। ਗੁਰੂ ਸਾਹਿਬ ਨੇ ਇਥੇ ਮੌਜੂਦ ਜੰਡ ਨਾਲ ਘੋੜਾ ਬੰਨ੍ਹਿਆ ਸੀ, ਜਿਸ ਕਰਕੇ ਇਸ ਨੂੰ ਜੰਡਸਰ ਕਿਹਾ ਜਾਂਦਾ ਹੈ।
ਗੁਰਦੁਆਰਾ ਮਾਤਾ ਸੁੰਦਰ ਕੌਰ-ਮਾਤਾ ਸਾਹਿਬ ਕੌਰ ਜੀ :
ਇਹ ਪਾਵਨ ਅਸਥਾਨ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਸੁਸ਼ੋਭਿਤ ਹੈ। ਇਮਾਰਤ ਬਹੁਤ ਸੁੰਦਰ ਅਤੇ ਹਾਲ ਬਹੁਤ ਖੁੱਲ੍ਹਾ-ਡੁੱਲ੍ਹਾ ਹੈ। ਇਥੇ ਦੋਵੇਂ ਮਾਤਾਵਾਂ ਦਿੱਲੀ ਤੋਂ ਪਰਤਣ ਪਿੱਛੋਂ ਪਹੁੰਚੀਆਂ ਸਨ।
ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ:
ਇਹ ਅਸਥਾਨ ਤਖ਼ਤ ਸਾਹਿਬ ਦੇ ਉੱਤਰ ਵੱਲ ਗੁਰੂਸਰ ਸਰੋਵਰ ਦੇ ਕਿਨਾਰੇ ’ਤੇ ਹੈ। ਇਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਦੁਸ਼ਾਲੇ ਵਿਚ ਮਿੱਟੀ ਪਾ ਕੇ ਕਾਰ ਸੇਵਾ ਕੀਤੀ ਸੀ।
ਗੁਰਦੁਆਰਾ ਮਹੱਲਸਰ ਸਾਹਿਬ :
ਇਹ ਅਸਥਾਨ ਤਲਵੰਡੀ-ਬਠਿੰਡਾ ਮਾਰਗ ਉੱਤੇ ਤਖ਼ਤ ਸਾਹਿਬ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਥੇ ਗੁਰੂ ਜੀ ਨੇ ਬੀਰ ਰਸ ਦਾ ਪ੍ਰਤੀਕ ਹੋਲਾ ਮਹੱਲਾ ਖੇਡਿਆ ਸੀ। ਹਰ ਸਾਲ ਵਿਸਾਖੀ ਤੋਂ ਅਗਲੇ ਦਿਨ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਤਖ਼ਤ ਸਾਹਿਬ ਤੋਂ ਚੱਲ ਕੇ ਮਹੱਲਸਰ ਵਿਖੇ ਮਹੱਲਾ ਸੰਪੂਰਨ ਹੁੰਦਾ ਹੈ।
ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਨ ਅਤੇ ਪਹਿਲੇ ਮੁੱਖ ਗ੍ਰੰਥੀ ਸ਼ਹੀਦ ਭਾਈ ਮਨੀ ਸਿੰਘ ਜੀ ਸਨ। ਬਾਬਾ ਦੀਪ ਸਿੰਘ ਜੀ ਨਾਲ ਜੁੜੀਆਂ ਯਾਦਗਾਰਾਂ ਵਿੱਚੋਂ ਤਖ਼ਤ ਸਾਹਿਬ ਵਿਖੇ ਬੁਰਜ, ਭੋਰਾ ਅਤੇ ਖੂਹ ਮੌਜੂਦ ਹੈ।
ਤਲਵੰਡੀ ਸਾਬੋ ਨੂੰ ‘ਗੁਰੂ ਕਾਸ਼ੀ’ ਦਾ ਵਰਦਾਨ ਦਿੱਤੇ ਜਾਣ ਪਿੱਛੋਂ ਇਥੇ ਸਭ ਤੋਂ ਪਹਿਲਾਂ ਉੱਚ-ਵਿਦਿਆ ਦਾ ਕਾਲਜ 13 ਅਪ੍ਰੈਲ 1964 ਈ. ਨੂੰ ‘ਗੁਰੂ ਕਾਸ਼ੀ ਕਾਲਜ’ ਦੇ ਨਾਂ ਹੇਠ ਸਥਾਪਤ ਹੋਇਆ, ਜਿਸ ਦੀ ਸਥਾਪਨਾ ਵਿਚ ਸੰਤ ਫ਼ਤਹਿ ਸਿੰਘ ਜੀ ਦਾ ਵੱਡਾ ਯੋਗਦਾਨ ਸੀ। 20 ਦਸੰਬਰ 1995 ਈ. ਨੂੰ ਇਸ ਦਾ ਪ੍ਰਬੰਧ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੱਥਾਂ ਵਿਚ ਚਲਾ ਗਿਆ ਅਤੇ ਮਈ 2001 ਈ. ਨੂੰ ਯੂਨੀਵਰਸਿਟੀ ਨੇ ਇਸ ਕਾਲਜ ਨੂੰ ਇੰਸਟੀਚਿਊਟ ਕਾਲਜ ਦਾ ਦਰਜਾ ਦੇ ਦਿੱਤਾ। ਇਸ ਦੇ ਮੋਢੀ ਪ੍ਰਿੰਸੀਪਲ ਡਾ. ਹਰਬੰਤ ਸਿੰਘ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਗੁਰੂ ਕਾਸ਼ੀ ਗੁਰਮਤਿ ਵਿਦਿਆਲਾ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ ਸਿੱਖ ਮਿਸ਼ਨਰੀ, ਕੀਰਤਨ-ਸਿਖਲਾਈ ਅਤੇ ਤਬਲਾ ਵਾਦਨ ਦੇ ਕੋਰਸ ਕਰਵਾਏ ਜਾਂਦੇ ਹਨ। ਵਰਤਮਾਨ ਵਿਚ ਇਸ ਸੰਸਥਾ ਨੂੰ ਗੁਰੂ ਕਾਸ਼ੀ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦਾ ਦਰਜਾ ਦੇ ਕੇ ਐਮ.ਏ. (ਗੁਰਮਤਿ) ਦੀ ਸਿਖਲਾਈ ਦੇ ਪ੍ਰਯਤਨ ਜਾਰੀ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਇਥੇ ਗੁਰੂ ਕਾਸ਼ੀ ਕੈਂਪਸ ਦੀ ਸਥਾਪਨਾ ਕੀਤੀ ਗਈ ਹੈ, ਜਿਸ ਵਿਚ ਯੂਨੀਵਰਸਿਟੀ ਸਕੂਲ ਆਫ ਬਿਜ਼ਨਸ ਸਟੱਡੀਜ਼ ਅਤੇ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਗਤੀਸ਼ੀਲ ਹਨ। ਇਸ ਸੰਸਥਾ ਦਾ ਬਹੁਪੱਖੀ ਵਿਕਾਸ ਬੜੀ ਤੇਜ਼ੀ ਨਾਲ ਹੋ ਰਿਹਾ ਹੈ। 11 ਜੂਨ 1997 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਇਥੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਸਥਾਪਨਾ ਹੋਈ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜਿਜ਼ ਦੇ ਨਾਂ ਹੇਠ ਇਥੇ ਪੋਲੀਟੈਕਨਿਕ, ਇੰਜੀਨੀਅਰਿੰਗ ਅਤੇ ਐਜੂਕੇਸ਼ਨ ਸੰਸਥਾਵਾਂ ਕਾਰਜਸ਼ੀਲ ਹਨ। ਸਭ ਤੋਂ ਪੁਰਾਣੇ ਸਕੂਲਾਂ ਵਿੱਚੋਂ ਖਾਲਸਾ ਸਕੂਲ ਦਾ ਨਾਂ ਵਰਣਨਯੋਗ ਹੈ। ਹੋਰਨਾਂ ਸਕੂਲਾਂ ਵਿੱਚੋਂ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀ.ਸੈ. ਸਕੂਲ, ਟੈਗੋਰ ਪਬਲਿਕ ਸੈਕੰਡਰੀ ਸਕੂਲ, ਯੂਨੀਵਰਸਲ ਪਬਲਿਕ ਸੈਕੰਡਰੀ ਸਕੂਲ ਅਤੇ ਸੇਂਟ ਸੋਲਜਰ ਨੈਸ਼ਨਲ ਪਬਲਿਕ ਸਕੂਲ ਜ਼ਿਕਰਯੋਗ ਸੰਸਥਾਵਾਂ ਹਨ। ਇਨ੍ਹਾਂ ਤੋਂ ਇਲਾਵਾ 50 ਦੇ ਕਰੀਬ ਨਿੱਕੇ-ਵੱਡੇ ਹੋਰ ਪਬਲਿਕ ਸਕੂਲ ਦਮਦਮਾ ਸਾਹਿਬ ਦੇ ‘ਗੁਰੂ ਕੀ ਕਾਸ਼ੀ’ ਹੋਣ ਦੇ ਵਰਦਾਨ ਨੂੰ ਸਾਕਾਰ ਕਰ ਰਹੇ ਹਨ।
ਕਰੀਬ 300 ਵਰ੍ਹੇ ਪਹਿਲਾਂ ਦਸਮੇਸ਼ ਪਿਤਾ ਨੇ ਇਸ ਬੰਜਰ ਭੂਮੀ ਅਤੇ ਪਛੜੇ ਇਲਾਕੇ ਨੂੰ ਜੋ ਵਰਦਾਨ ਬਖਸ਼ਿਸ਼ ਕੀਤੇ ਸਨ, ਉਹ ਸਾਰੇ ਹੀ ਹੌਲੀ-ਹੌਲੀ ਪਰ ਨਿਰੰਤਰ ਪੂਰੇ ਹੋ ਰਹੇ ਹਨ। ਸਮੂਹ ਇਲਾਕਾ ਨਿਵਾਸੀ, ਪੰਜਾਬ ਵਾਸੀ, ਭਾਰਤ ਵਾਸੀ ਅਤੇ ਪੂਰੀ ਦੁਨੀਆਂ ਵਿਚ ਫੈਲੇ ਹੋਏ ਪੰਜਾਬੀ ਅਤੇ ਵਿਸ਼ੇਸ਼ ਤੌਰ ’ਤੇ ਸਿੱਖ, ਸਮੇਂ-ਸਮੇਂ ਸਿਰ ਅਤੇ ਖਾਸ ਕਰਕੇ ਵਿਸਾਖੀ ਦੇ ਪਾਵਨ ਪੁਰਬ ’ਤੇ ਇਸ ਧਰਮੱਗ ਧਰਤੀ ’ਤੇ ਨਤਮਸਤਕ ਹੋ ਕੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਕਰਦੇ ਹਨ।
ਲੇਖਕ ਬਾਰੇ
ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ-151302, ਬਠਿੰਡਾ
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2010
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2010
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2010