ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਸਦੀਵੀ ਧਰਮ ਗ੍ਰੰਥ ਹੈ ਜੋ ਕਿ ਹਰ ਸਿੱਖ ਲਈ ਕੇਂਦਰੀ ਧੁਰੇ ਵਜੋਂ ਕਾਰਜ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ’ ‘ਰੱਬੀ ਬਾਣੀ’ ਜਾਂ ‘ਧੁਰ ਕੀ ਬਾਣੀ’ ਕਿਹਾ ਜਾਂਦਾ ਹੈ ਜੋ ਸਦੀਵੀ ਗੁਰੂ ਵਜੋਂ ਜਾਣੀ ਜਾਂਦੀ ਹੈ ਅਤੇ ਜਿਸ ਦੇ ਅਨੁਸਾਰ ਹਰ ਇਕ ਸਿੱਖ ਆਪਣੀ ਜੀਵਨ-ਜਾਚ ਨਿਰਧਾਰਤ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਅਤੇ ਆਧਾਰ ’ਤੇ ਜੇਕਰ ਸਿੱਖ ਲਈ ਮੂਲ ਸਿਧਾਂਤਾਂ ਦੀ ਗੱਲ ਕਰਨੀ ਹੋਵੇ ਤਾਂ ਤਿੰਨ ਪ੍ਰਮੁੱਖ ਸਿਧਾਂਤ ਮੂਲ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੇ ਹਨ – ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ। ਇਹ ਤਿੰਨੇ ਸਿਧਾਂਤ ਸਿੱਖ ਨੂੰ ਜਿੱਥੇ ਆਦਰਸ਼ਕ ਮਾਰਗ ’ਤੇ ਚਲਾਉਣ ਦੇ ਪ੍ਰੇਰਨਾ-ਸ੍ਰੋਤ ਵਜੋਂ ਉਭਰ ਕੇ ਸਾਹਮਣੇ ਆਉਂਦੇ ਹਨ ਉਥੇ ਨੈਤਿਕ ਜੀਵਨ-ਜਾਚ ਵੀ ਨਿਰਧਾਰਤ ਕਰਦੇ ਹਨ। ਇਨ੍ਹਾਂ ਮੂਲ ਸਿਧਾਂਤਾਂ ਬਾਰੇ ਸੰਖੇਪ ਤੌਰ ’ਤੇ ਇਥੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨਾਮ ਜਪਣਾ :
ਨਾਮ ਜਪਣਾ ਦੋ ਸ਼ਬਦਾਂ ਦੇ ਸੁਮੇਲ ਦਾ ਪ੍ਰਗਟਾਵਾ ਹੈ- ਨਾਮ ਅਤੇ ਜਾਪ। ‘ਨਾਮ’ ਸ਼ਬਦ ਦੋ ਰੂਪਾਂ ਵਿਚ ਸਾਹਮਣੇ ਆਇਆ ਹੈ, ਇਕ ਹੈ ਵਸਤੂਵਾਚਕ ਜਿਵੇਂ ਮਨੁੱਖ, ਬੈਲ, ਪਹਾੜ ਆਦਿ ਅਤੇ ਦੂਜਾ ਹੈ ਭਾਵਵਾਚਕ ਜਿਵੇਂ ਸੁੰਦਰਤਾ, ਕਠੋਰਤਾ, ਭਲਮਾਨਸਊ, ਭਰੱਪਣ ਆਦਿ। ਗੁਰਬਾਣੀ ਵਿਚ ਨਾਮ ਕਰਤਾਰ ਅਤੇ ਉਸ ਦਾ ਹੁਕਮਬੋਧਕ ਸ਼ਬਦ ਵੀ ਹੈ ਜਿਸ ਰਾਹੀਂ ਉਸ ਦੇ ਸਰੂਪ ਦਾ ਵਰਨਣ ਕਰਨ ਦੇ ਨਾਲ-ਨਾਲ ਉਸ ਦੀ ਮਹਿਮਾ ਦਾ ਗਾਇਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ‘ਜਪ’ ਸ਼ਬਦ ਦਾ ਭਾਵ ਹੈ ਕਿਸੇ ਨੂੰ ਯਾਦ ਕਰਨਾ ਜਾਂ ਮਨ ਵਿਚ ਚੇਤੇ ਰੱਖਣਾ। ਗੁਰਬਾਣੀ ਪਰਮਾਤਮਾ ਦਾ ਨਾਮ ਯਾਦ ਰੱਖਣ ’ਤੇ ਜ਼ੋਰ ਦਿੰਦੀ ਹੈ ਜੋ ਕਿ ਮਨੁੱਖ ਨੂੰ ਅਧਿਆਤਮਕ ਅਤੇ ਸਦਾਚਾਰਕ ਮਾਰਗ ਦਾ ਧਾਰਨੀ ਬਣਾਉਣ ਦਾ ਕਾਰਜ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਜਪੁ’ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਜਾਪੁ’ ਸਿੱਧੇ ਤੌਰ ’ਤੇ ਪਰਮਾਤਮਾ ਦਾ ਨਾਮ ਜਪਣ ਅਤੇ ਸਦਾਚਾਰਕ ਜੀਵਨ ਦਾ ਧਾਰਨੀ ਹੋਣ ’ਤੇ ਜ਼ੋਰ ਦਿੰਦੀਆਂ ਹਨ।
ਨਾਮ-ਸਿਮਰਨ ਵਿਅਕਤੀ ਦੀ ਰੋਜ਼ਾਨਾ ਜੀਵਨ-ਜਾਚ ਵਿਚ ਸ਼ੁੱਧੀ ਪ੍ਰਦਾਨ ਕਰਨ ਦਾ ਕਾਰਜ ਕਰਦਾ ਹੈ। ਇਹ ਜਿੱਥੇ ਇਕ ਪਾਸੇ ਪਰਮਾਤਮਾ ਨਾਲ ਜੋੜੀ ਰੱਖਣ ਵਿਚ ਸਹਾਈ ਹੁੰਦਾ ਹੈ ਉਥੇ ਜੀਵਨ ਵਿਚ ਸੱਚਾਈ ਅਤੇ ਇਮਾਨਦਾਰੀ ਦੇ ਕਾਰਜ ਕਰਨ ਦਾ ਉੱਦਮ ਵੀ ਪ੍ਰਦਾਨ ਕਰਦਾ ਹੈ। ਨਾਮ-ਸਿਮਰਨ ਦੀਆਂ ਪੰਜ ਅਵਸਥਾਵਾਂ ਹਨ : ਪਹਿਲੀ ‘ਨਾਮ’ ਦਾ ਭਾਵ ‘ਵਾਹਿਗੁਰੂ’ ਸ਼ਬਦ ਦਾ ਮੂੰਹ ਨਾਲ ਲਗਾਤਾਰ ਜਾਪ। ਦੂਜੀ, ਨਾਮ ਦਾ ਮਨ ਵਿਚ ਵੱਸ ਜਾਣਾ। ਤੀਜੀ ਪ੍ਰਭੂ ਦੇ ਮਿਲਾਪ ਲਈ ਤਾਂਘ-ਜਿਵੇਂ ਕਿ ਇਕ ਪਤਨੀ ਆਪਣੇ ਪ੍ਰਿਆ ਦੀ ਉਡੀਕ ਕਰਦੀ ਹੈ। ਚੌਥੀ, ਸਭ ਥਾਈਂ ਵਾਹਿਗੁਰੂ ਜੀ ਦੇ ਦੀਦਾਰ ਕਰਨੇ। ਆਖਰੀ ਅਵਸਥਾ ਹੈ ਸਰਬ-ਸ਼ਕਤੀਮਾਨ ਪਰਮਾਤਮਾ ਨਾਲ ਇਕਮਿਕ ਹੋ ਜਾਣਾ।
‘ਸਿੱਖ ਰਹਿਤ ਮਰਯਾਦਾ’ ਹਰ ਇਕ ਸਿੱਖ ਲਈ ‘ਜੀਵਨ-ਜਾਚ’ ਨਿਰਧਾਰਤ ਕਰਨ ਵਾਲੀ ਸੇਧ ਪ੍ਰਦਾਨ ਕਰਦੀ ਹੈ, ਜਿਸ ਵਿਚ ਕਿਹਾ ਗਿਆ ਹੈ- ‘ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ ਨਾਮ ਜਪੇ’। ਇਸ ਤੋਂ ਇਲਾਵਾ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨ ਦਾ ਵਿਧਾਨ ਹੈ। ਇਕਾਂਤ ਅਤੇ ਸ਼ਾਂਤ ਅਵਸਥਾ ਵਿਚ ਇਸ ਕਾਰਜ ਨੂੰ ਕਰਨ ਉਪਰੰਤ ਸੰਗਤ ਵਿਚ ਜੁੜ ਕੇ ਗੁਰਬਾਣੀ ਦੇ ਅਭਿਆਸ ਦੀ ਤਾਕੀਦ ਕੀਤੀ ਗਈ ਹੈ। ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਗੁਰਬਾਣੀ ਦਾ ਅਸਰ ਸਾਧਸੰਗਤ ਵਿਚ ਬੈਠਿਆਂ ਵਧੇਰੇ ਹੁੰਦਾ ਹੈ ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ-ਮੇਲ ਦੇ ਅਸਥਾਨਾਂ- ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰੇ ਤੇ ਸਾਧਸੰਗਤ ਵਿਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ। ਗੁਰਦੁਆਰਾ ਸਾਹਿਬਾਨ ਵਿਚ ਆਮ ਤੌਰ ’ਤੇ ਸਵੇਰ ਦੀ ਸਭਾ ਸਮੇਂ ਆਸਾ ਦੀ ਵਾਰ ਗਾਇਨ ਕਰਨ ਦਾ ਵਿਧਾਨ ਪ੍ਰਚੱਲਤ ਹੈ। ਇਸ ਤਰ੍ਹਾਂ ਗੁਰਮਤਿ ਵਿਚ ਨਾਮ- ਸਿਮਰਨ ਦੇ ਦੋ ਪਹਿਲੂ ਉੱਘੜ ਕੇ ਸਾਹਮਣੇ ਆਉਂਦੇ ਹਨ, ਇਕ ਹੈ ਇਕਾਂਤ ਵਿਚ ਨਾਮ ਦਾ ਜਾਪ ਅਤੇ ਦੂਜਾ ਹੈ ਸੰਗਤ ਵਿਚ ਇਸ ਦਾ ਅਭਿਆਸ ਕਰਨਾ ਤਾਂ ਕਿ ਮਾਇਆ ਵਿਚ ਉਦਾਸ ਵਾਲਾ ਜੀਵਨ-ਆਦਰਸ਼ ਕਾਇਮ ਰੱਖਿਆ ਜਾ ਸਕੇ।
ਨਾਮ-ਸਿਮਰਨ ਦਾ ਅਭਿਆਸ ਸਿੱਖ ਨੂੰ ਜੀਵਨ ਦੇ ਹਰ ਮੋੜ ’ਤੇ ਪ੍ਰਭੂਮੁਖੀ ਬਣਾਈ ਰੱਖਣ ਦਾ ਕਾਰਜ ਕਰਦਾ ਹੈ। ਸਿੱਖ ਧਰਮ ਦੇ ਉਦਗਮ ਸਮੇਂ ਭਾਰਤ ਵਿਚ ਹਿੰਦੂ ਪਰੰਪਰਾਵਾਂ ਦਾ ਬੋਲਬਾਲਾ ਸੀ ਜਿੱਥੇ ਮਨੁੱਖੀ ਜੀਵਨ ਨੂੰ ਚਾਰ ਆਸ਼ਰਮਾਂ ਵਿਚ ਵੰਡ ਕੇ ਵੇਖਿਆ ਜਾਂਦਾ ਸੀ- ਬ੍ਰਹਮਚਰਯ, ਗ੍ਰਿਹਸਤ, ਵਾਨਪ੍ਰਸਥ ਅਤੇ ਸੰਨਿਆਸ। ਜੀਵਨ ਦੇ ਪਹਿਲੇ ਹਿੱਸੇ ਵਿਚ ਵਿੱਦਿਆ ਗ੍ਰਹਿਣ ਕਰਨ ਦਾ, ਦੂਜੇ ਹਿੱਸੇ ਵਿਚ ਦੁਨੀਆਂਦਾਰੀ ਨਿਭਾਉਣ ਦਾ, ਤੀਜੇ ਹਿੱਸੇ ਵਿਚ ਧਾਰਮਿਕ ਕਾਰਜਾਂ ਪ੍ਰਤੀ ਰੁਚੀ ਧਾਰਨ ਕਰਨ ਦਾ ਅਤੇ ਚੌਥੇ ਹਿੱਸੇ ਵਿਚ ਇਕਾਂਤਵਾਸ ਹੋ ਕੇ ਧਰਮ ਦਾ ਮਾਰਗ ਧਾਰਨ ਕਰਨ ਦਾ ਵਿਧਾਨ ਆਮ ਤੌਰ ’ਤੇ ਪ੍ਰਚੱਲਤ ਸੀ। ਸਿੱਖ ਧਰਮ ਵਿਚ ਇਨ੍ਹਾਂ ਚਾਰ ਆਸ਼ਰਮਾਂ ਦਾ ਇਸ ਪ੍ਰਸੰਗ ਵਿਚ ਮਹੱਤਵ ਨਾ ਮੰਨਦੇ ਹੋਏ ਜੀਵਨ ਦੇ ਅਰੰਭ ਤੋਂ ਹੀ ਧਾਰਮਿਕ ਮਾਰਗ ਅਪਣਾਉਣ ’ਤੇ ਜ਼ੋਰ ਦਿੱਤਾ ਗਿਆ ਅਤੇ ਇਸ ਵਿਚ ਪ੍ਰਭੂ ਦੇ ਨਾਮ-ਸਿਮਰਨ ਦੁਆਲੇ ਸਮੁੱਚੀ ਜੀਵਨ-ਜਾਚ ਨਿਰਧਾਰਤ ਕਰਨ ਦਾ ਮਾਰਗ ਦਰਸਾਇਆ ਗਿਆ। ਇਨ੍ਹਾਂ ਅਰਥਾਂ ਵਿਚ ਨਾਮ-ਸਿਮਰਨ ਜਿੱਥੇ ਮਨੁੱਖ ਨੂੰ ਪ੍ਰਭੂ ਨਾਲ ਜੋੜ ਕੇ ਅਧਿਆਤਮਕ ਵਿਕਾਸ ਦਾ ਕਾਰਜ ਕਰਦਾ ਹੈ ਉਥੇ ਜੀਵਨ ਦੇ ਹਰ ਮੋੜ ’ਤੇ ਮਨੁੱਖੀ ਮਨ ਨੂੰ ਬੇਕਾਬੂ ਹੋਣ ਤੋਂ ਰੋਕ ਕੇ ਸਦਾਚਾਰਕ ਜੀਵਨ ਦਾ ਧਾਰਨੀ ਬਣਾਉਂਦਾ ਹੈ ਜਿਸ ਨਾਲ ਸਮੁੱਚਾ ਜੀਵਨ-ਪੰਧ ਇੱਕੋ ਜਿਹੇ ਸਮਤਲ ਪੱਧਰ ਦਾ ਅਧਿਕਾਰੀ ਬਣਦਾ ਹੈ ਜਿਸ ਨੂੰ ਨਾ ਤਾਂ ਦੁਨਿਆਵੀ ਚਕਾਚੌਂਧ ਪ੍ਰਭਾਵਤ ਕਰਦੀ ਹੈ ਅਤੇ ਨਾ ਹੀ ਮਨ ਵਿਚ ਭਟਕਣ ਪੈਦਾ ਹੁੰਦੀ ਹੈ।
ਨਾਮ-ਸਿਮਰਨ ਇਕ ਅਜਿਹੀ ਨਿਰੰਤਰ ਪ੍ਰਕਿਰਿਆ ਹੈ ਜੋ ਹਰ ਵੇਲੇ ਮਨੁੱਖ ਨੂੰ ਪਰਮਾਤਮਾ ਦੀ ਹੋਂਦ ਮਨ ਵਿਚ ਵਸਾਈ ਰੱਖਣ ਦਾ ਕਾਰਜ ਕਰਦੀ ਹੈ। ਕਿਸੇ ਵੀ ਵਸਤੂ ਜਾਂ ਹਸਤੀ ਦੀ ਚੇਸ਼ਟਾ ਉਸ ਪ੍ਰਤੀ ਗਿਆਨ ਹਾਸਲ ਕਰਨ ਦੀ ਰੁਚੀ ਉਜਾਗਰ ਕਰਦੀ ਹੈ। ਨਾਮ-ਸਿਮਰਨ ਸਿੱਖ ਦੇ ਜੀਵਨ ਦਾ ਕੇਂਦਰੀ ਧੁਰਾ ਹੈ। ਕਈ ਵਾਰ ਸਾਧਕ ਦੇ ਮਨ ਵਿਚ ਇਹ ਵਿਚਾਰ ਆਉਂਦਾ ਹੈ ਕਿ ਜਿਹੜਾ ਕਾਰਜ ਜੀਵਨ ਦੇ ਧੁਰੇ ਵਜੋਂ ਕੀਤਾ ਜਾ ਰਿਹਾ ਹੈ, ਉਸ ਦੇ ਹੋਰ ਪਹਿਲੂਆਂ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਨਾਮ ਜਪਣ ਵਾਲੇ ਸਾਧਕ ਦੇ ਮਨ ਵਿਚ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਨਾਮ ਕੀ ਹੈ? ਜਾਂ ਨਾਮ ਜਪਣ ਦਾ ਸਹੀ ਤੇ ਸੁਯੋਗ ਤਰੀਕਾ ਕੀ ਹੋ ਸਕਦਾ ਹੈ? ਸਿੱਖ ਸਾਧਕ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਗੁਰਬਾਣੀ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਤਕ ਇਸ ਬਾਰੇ ਜੋ ਵੀ ਖੋਜ-ਵਿਚਾਰ ਸਾਹਮਣੇ ਆਈ ਹੈ ਉਸ ਅਨੁਸਾਰ ਕਿਹਾ ਗਿਆ ਹੈ ਕਿ ਨਾਮ ਗਿਆਨ-ਇੰਦਰੀਆਂ ਦਾ ਵਿਸ਼ਾ ਨਹੀਂ, ਨਾਮ ਇਕ ਅਨੁਭਵੀ ਤਜ਼ਰਬਾ ਹੈ, ਇਹ ਇਕ ਅਹਿਸਾਸ ਹੈ, ਸੁਆਦ ਹੈ। ਇਸ ਲਈ ਇਸ ਨੂੰ ਅੱਖਰਾਂ ਵਿਚ ਨਹੀਂ ਦੱਸਿਆ ਜਾ ਸਕਦਾ ਹੈ। ਨਾਮ ਸ੍ਰਿਸ਼ਟੀ ਦੀ ਜ਼ਰ੍ਹੇ-ਜ਼ਰ੍ਹੇ ਵਿਚ ਮੌਜੂਦ ਹੈ ਜਿਸ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਜੋ ਵੀ ਵਸਤੂ ਜਾਂ ਹਸਤੀ ਇਸ ਦੁਨਿਆਵੀ ਜਗਤ ਦਾ ਹਿੱਸਾ ਬਣਦੀ ਹੈ ਉਹ ‘ਨਾਮਧਰੀਕ’ ਹੋ ਜਾਂਦੀ ਹੈ:
ਜੇਤਾ ਕੀਤਾ ਤੇਤਾ ਨਾਉ॥
ਵਿਣੁ ਨਾਵੈ ਨਾਹੀ ਕੋ ਥਾਉ॥ (ਪੰਨਾ 4)
ਗੁਰਬਾਣੀ ਵਿਚ ਪਰਮਾਤਮਾ ਦੇ ਨਾਮ ਨੂੰ ਹੀ ਸੱਚਾ ਤੇ ਸ੍ਰੇਸ਼ਟ ਮੰਨਿਆ ਗਿਆ ਹੈ ਜੋ ਕਿ ਸਿੱਖ ਨੂੰ ਦੁਨਿਆਵੀ ਭਵਸਾਗਰ ਵਿੱਚੋਂ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੈ। ਪਰਮਾਤਮਾ ਦਾ ਨਾਮ-ਸਿਮਰਨ ਕਿਵੇਂ ਕੀਤਾ ਜਾਵੇ ਇਹ ਵੀ ਹੁਣ ਤਕ ਵਿਚਾਰ ਦਾ ਵਿਸ਼ਾ ਬਣਿਆ ਹੋਇਆ ਹੈ। ਵੱਖ-ਵੱਖ ਪਹਿਲੂਆਂ ਤੋਂ ਨਾਮ-ਸਿਮਰਨ ਦੇ ਅਭਿਆਸ ਦੀ ਵਿਧੀ ਦਾ ਵਿਖਿਆਨ ਕੀਤਾ ਜਾਂਦਾ ਹੈ। ਮਾਲਾ ਫੇਰਨੀ, ਇਕਾਂਤਵਾਸ ਹੋ ਕੇ ਪ੍ਰਭੂ-ਬੰਦਗੀ ਕਰਨੀ, ਲਗਾਤਾਰ ਪ੍ਰਭੂ ਦਾ ਨਾਮ ਲੈਂਦੇ ਰਹਿਣਾ ਆਦਿ ਕਿਸੇ ਨਾ ਕਿਸੇ ਰੂਪ ਵਿਚ ਨਾਮ-ਸਿਮਰਨ ਦੇ ਅਭਿਆਸ ਦੇ ਧਾਰਨ ਕੀਤੇ ਮਾਰਗ ਵੇਖਣ-ਸੁਣਨ ਨੂੰ ਮਿਲਦੇ ਹਨ। ਗੁਰਮਤਿ ਵਿਚ ਇਨ੍ਹਾਂ ਵਿੱਚੋਂ ਕੋਈ ਵੀ ਮਾਰਗ ਪ੍ਰਵਾਨ ਕੀਤਾ ਨਹੀਂ ਮਿਲਦਾ ਕਿਉਂਕਿ ਨਾਮ ਦੇ ਸਿਮਰਨ ਨੂੰ ਤੋਤਾ-ਰਟਨੀ ਨਹੀਂ ਮੰਨਿਆ ਜਾਂਦਾ ਜਿਸ ਵਿਚ ਜਿਸ ਵੀ ਵਸਤੂ ਜਾਂ ਹਸਤੀ ਦਾ ਨਾਮ ਲਿਆ ਜਾਵੇ ਉਹ ਪ੍ਰਗਟ ਹੋ ਜਾਂਦੀ ਹੈ। ਇਹ ਗੁਰੂ ਦੀ ਬਖ਼ਸ਼ਿਸ਼ ਅਤੇ ਹਿਰਦੇ ਵਿਚ ਨਾਮ ਵਸਾਉਣ ਰਾਹੀਂ ਸੰਭਵ ਹੈ।
ਗੁਰਮਤਿ ਵਿਚ ਸਮਾਜਿਕ ਜੀਵਨ ਦੀ ਹੋਂਦ ਨੂੰ ਪ੍ਰਮੁਖਤਾ ਦਿੱਤੀ ਗਈ ਹੈ ਅਤੇ ਸਮਾਜਿਕ ਕਾਰਜ ਕਰਦੇ ਹੋਏ ਮਨ ਅਤੇ ਬੁੱਧੀ ਨੂੰ ਸ਼ੁੱਧ ਰੱਖਣ ਦੀ ਤਾਕੀਦ ਕੀਤੀ ਗਈ ਹੈ। ਮਨ ਅਤੇ ਬੁੱਧੀ ਨੂੰ ਸ਼ੁੱਧ ਰੱਖਣ ਲਈ ਨਾਮ-ਸਿਮਰਨ ’ਤੇ ਜ਼ੋਰ ਦਿੱਤਾ ਗਿਆ ਹੈ। ਸਮਾਜਿਕ ਜੀਵਨ ਵਿਚ ਮਨੁੱਖ ਕਈ ਤਰ੍ਹਾਂ ਦੇ ਕਾਰਜ ਕਰਦਾ ਹੈ। ਇਹ ਦੁਨਿਆਵੀ ਕਾਰਜ ਮਨੁੱਖ ਦੇ ਸਮਾਜਿਕ ਜੀਵਨ ਦਾ ਵਸੀਲਾ ਬਣਦੇ ਹਨ। ਦੁਨਿਆਵੀ ਕਾਰਜ ਕਰਦੇ ਹੋਏ ਵਿਅਕਤੀ ਆਪਣਾ ਜੀਵਨ-ਉਦੇਸ਼ ਯਾਦ ਰੱਖੇ ਅਤੇ ਉਸ ਤਕ ਪਹੁੰਚਣ ਲਈ ਲਗਾਤਾਰ ਕਾਰਜ ਕਰਦਾ ਰਹੇ, ਇਸ ਲਈ ਨਾਮ ਦਾ ਜਾਪ ਜੀਵਨ ਦੇ ਜ਼ਰੂਰੀ ਅੰਗ ਵਜੋਂ ਸਹਾਇਤਾ ਕਰਦਾ ਹੈ। ਪਰਮਾਤਮਾ ਦਾ ਜਾਪ ਮਨੁੱਖੀ ਜੀਵਨ ਵਿਚ ਪਰਮਾਤਮਾ ਦੀ ਸੋਝੀ ਦ੍ਰਿੜ੍ਹ ਕਰਾਉਣ ਦਾ ਕਾਰਜ ਕਰਦਾ ਹੈ। ਭਾਈ ਜੋਧ ਸਿੰਘ ਕਹਿੰਦੇ ਹਨ- ‘ਨਾਮ ਦਾ ਜਾਪ ਮਨ ਵਿਚ ਨਾਮ ਦਾ ਖਿਆਲ ਉਪਜਾਉਣ ਦਾ ਕਾਰਨ ਬਣਦਾ ਹੈ। ਮਨ ਵਿਚ ਨਾਮ ਦਾ ਖਿਆਲ ਉਪਜਾਉਣ ਲਈ ਜਪੁ ਇਕ ਵਸੀਲਾ ਹੈ। ਘੜੀ-ਘੜੀ ਜਪੁ ਕਰਨਾ ਉਸ ਖਿਆਲ ਨੂੰ ਮਨ ਵਿਚ ਢੇਰ ਚਿਰ ਕਾਇਮ ਰੱਖਣ ਦਾ ਯਤਨ ਹੈ।’ ਨਾਮ ਮਨੁੱਖ ਦੇ ਮਨ ਵਿਚ ਪਹਿਲਾਂ ਤੋਂ ਹੀ ਮੌਜੂਦ ਹੈ, ਉਸ ਨੂੰ ਉਜਾਗਰ ਕਰਨ ਲਈ ਉਸ ਦਾ ਵਾਰ-ਵਾਰ ਸਿਮਰਨ ਕਰਨਾ ਪੈਂਦਾ ਹੈ।
ਨਾਮ-ਸਿਮਰਨ ਨੂੰ ਗੁਣਾਂ ਦਾ ਖਜ਼ਾਨਾ ਮੰਨਿਆ ਗਿਆ ਹੈ ਇਸ ਨਾਲ ਜਿੱਥੇ ਮਨੁੱਖ ਦੇ ਮਨ ਵਿਚ ਗੁਣਾਂ ਦਾ ਸੰਚਾਰ ਹੁੰਦਾ ਹੈ ਉਥੇ ਨਾਲ ਹੀ ਔਗੁਣਾਂ ਦਾ ਵਿਨਾਸ਼ ਵੀ ਹੋ ਜਾਂਦਾ ਹੈ। ਨਾਮ ਮਨੁੱਖ ਦੇ ਮਨ ਨੂੰ ਸ਼ਾਂਤੀ ਅਤੇ ਅਨੰਦ ਪ੍ਰਦਾਨ ਕਰਨ ਦੇ ਨਾਲ- ਨਾਲ ਸਮੂਹ ਦੁੱਖਾਂ ਤੋਂ ਨਿਜਾਤ ਦਿਵਾਉਂਦਾ ਹੈ। ਦੁੱਖਾਂ ਤੋਂ ਨਿਜਾਤ ਦਿਵਾਉਣ ਦਾ ਭਾਵ ਇਹ ਨਹੀਂ ਕਿ ਦੁੱਖ ਮਨੁੱਖ ਨੂੰ ਲੱਗਦੇ ਹੀ ਨਹੀਂ, ਬਲਕਿ ਨਾਮ-ਸਿਮਰਨ ਨਾਲ ਦੁਨਿਆਵੀ ਦੁੱਖ ਮਨੁੱਖ ਦੇ ਮਨ ਨੂੰ ਪ੍ਰਭਾਵਤ ਨਹੀਂ ਕਰ ਸਕਦੇ। ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਨੀ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ ਜਿਨ੍ਹਾਂ ਨੇ ਨਾਮ ਦੀ ਬਰਕਤ ਨਾਲ ਦੁਨਿਆਵੀ ਦੁੱਖਾਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਪਰ ਧਾਰਮਿਕ ਅਤੇ ਸਮਾਜਿਕ ਉਦੇਸ਼ ਦੀ ਦ੍ਰਿੜ੍ਹਤਾ ਕਾਇਮ ਰੱਖੀ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥ (ਪੰਨਾ 358)
ਮਨੁੱਖ ਦੁਆਰਾ ਧਰਮ ਦੇ ਧਾਰਨ ਕੀਤੇ ਚਿੰਨ੍ਹ ਉਸ ਦੇ ਧਾਰਮਿਕ ਅਤੇ ਸਦਾਚਾਰੀ ਹੋਣ ਦਾ ਸੰਕੇਤ ਕਰਦੇ ਹਨ। ਇਹ ਬਾਹਰੀ ਚਿੰਨ੍ਹ ਅਤੇ ਭੇਖ ਵਿਅਕਤੀ ਦੇ ਦੁਨਿਆਵੀ ਧਾਰਮਿਕ ਮਾਰਗ ਦਾ ਪ੍ਰਗਟਾਵਾ ਵੀ ਕਰਦੇ ਹਨ, ਪਰ ਇਹ ਬਾਹਰੀ ਭੇਖ ਵਿਅਕਤੀ ਦੇ ਅੰਦਰੂਨੀ ਜੀਵਨ ਨੂੰ ਬਦਲਣ ਜਾਂ ਮਨ ਨੂੰ ਸ਼ੁੱਧ ਕਰਨ ਵਿਚ ਕੋਈ ਯੋਗਦਾਨ ਪਾ ਸਕਦੇ ਹਨ, ਇਹ ਨਿਸ਼ਚੇ ਨਾਲ ਨਹੀਂ ਕਿਹਾ ਜਾ ਸਕਦਾ ਹੈ। ਸ੍ਰੀ ਗੁਰੁ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਨ, ਵਚਨ ਅਤੇ ਕਰਮ ਰਾਹੀਂ ਸਿਮਰਨ ਨਾਲ ਜੁੜ ਕੇ ਹੀ ਮਨੁੱਖ ਪਰਮਗਤਿ ਦੇ ਮਾਰਗ ਦਾ ਪਾਂਧੀ ਹੋ ਸਕਦਾ ਹੈ, ਕੇਵਲ ਬਾਹਰੀ ਦਿਖਾਵੇ ਵਿਅਰਥ ਸਾਬਤ ਹੁੰਦੇ ਹਨ:
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ॥ (ਪੰਨਾ 467)
ਨਾਮ-ਸਿਮਰਨ ਕਰਨ ਵਾਲੇ ਸਿੱਖ ਨੂੰ ‘ਗੁਰਮੁਖ’ ਕਿਹਾ ਜਾਂਦਾ ਹੈ ਅਤੇ ਨਾਮ-ਵਿਹੂਣੇ ਦੀ ਤੁਲਨਾ ਮਨਮੁਖ ਨਾਲ ਕੀਤੀ ਜਾਂਦੀ ਹੈ। ਨਾਮ-ਸਿਮਰਨ ਸਿੱਖ ਦੇ ਜੀਵਨ ਦੀਆਂ ਅਗਲੀਆਂ ਪਉੜੀਆਂ ਨੂੰ ਪ੍ਰਭਾਵਤ ਕਰਦਾ ਹੈ ਜਿਨ੍ਹਾਂ ਵਿੱਚੋਂ ਕਿਰਤ ਕਰਨ ਅਤੇ ਵੰਡ ਛਕਣ ਦੀ ਪਰੰਪਰਾ ਨੂੰ ਸੇਧ ਮਿਲਦੀ ਹੈ।
ਕਿਰਤ ਕਰਨੀ :
ਨਾਮ ਇਸ ਲਈ ਜਪਿਆ ਜਾਂਦਾ ਹੈ ਤਾਂ ਕਿ ਮਨ ਪਰਮਾਤਮਾ ਨਾਲ ਜੁੜਿਆ ਰਹੇ ਅਤੇ ਕਿਰਤ ਇਸ ਲਈ ਕੀਤੀ ਜਾਂਦੀ ਹੈ ਤਾਂ ਕਿ ਮਨ ਵਿਚ ਸਮਾਜਿਕ ਕਾਰਜਾਂ ਪ੍ਰਤੀ ਰੁਚੀ ਪੈਦਾ ਹੋਵੇ ਅਤੇ ਜੀਵਨ ਗੁਜ਼ਾਰਨ ਦਾ ਸਾਧਨ ਕਾਇਮ ਰਹਿ ਸਕੇ। ਕਿਹਾ ਜਾਂਦਾ ਹੈ ਕਿ ਅਰੋਗ ਸਰੀਰ ਵਿਚ ਹੀ ਸਵਸਥ ਮਨ ਨਿਵਾਸ ਕਰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਨਾਮ ਜਪਣ ਵਾਲਾ ਸਰੀਰ ਚੁਸਤ-ਦਰੁਸਤ ਅਤੇ ਤੰਦਰੁਸਤ ਹੋਵੇ। ਨਾਮ-ਸਿਮਰਨ ਮਨ ਨੂੰ ਨਿਰੋਗ ਕਰਦਾ ਹੈ ਅਤੇ ਵਿਅਕਤੀ ਦੀਆਂ ਸਰੀਰਿਕ ਕਿਰਿਆਵਾਂ ਨੂੰ ਰੋਗ-ਮੁਕਤ ਕਰਨ ਵਿਚ ਸਹਾਈ ਹੁੰਦੀਆਂ ਹਨ। ਸਿੱਖ ਕੌਮ ਕਿਰਤੀਆਂ ਦੀ ਕੌਮ ਹੈ ਇਸ ਵਿਚ ਕਿਸਾਨ, ਲੁਹਾਰ, ਤਰਖਾਣ, ਹਲਵਾਈ, ਦਰਜੀ ਆਦਿ ਕਹਾਉਣ ਵਾਲੇ ਸਭ ਤਰ੍ਹਾਂ ਦੇ ਮਿਹਨਤੀ ਲੋਕਾਂ ਦੀ ਭਰਮਾਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪ੍ਰਚੱਲਤ ਆਸ਼ਰਮ-ਵਿਵਸਥਾ ਵਿਚ ਕੇਵਲ ਗ੍ਰਿਹਸਤੀ ਹੀ ਕਿਰਤ ਕਰਦਾ ਸੀ ਜੋ ਕਿ ਜੀਵਨ ਦੇ ਕੇਵਲ 25% ਹਿੱਸੇ ਨਾਲ ਸੰਬੰਧਿਤ ਸੀ ਅਤੇ ਜੀਵਨ ਦਾ 75% ਸਮਾਂ ਕਿਰਤ ਤੋਂ ਰਹਿਤ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਆਖਰੀ ਸਮੇਂ ਵਿਚ ਧਾਰਮਿਕ ਕਿਰਿਆਵਾਂ ਕਰਨ ਦੀ ਥਾਂ ਜੀਵਨ ਦੇ ਹਰ ਮੋੜ ’ਤੇ ਧਾਰਮਿਕ ਜੀਵਨ ਜਿਊਣ ਦੀ ਪ੍ਰੇਰਨਾ ਕੀਤੀ। ਜਿਹੜਾ ਸਮਾਂ ਜੀਵਨ ਵਿਚ ਧਰਮ ਕਮਾਉਣ ਦਾ ਮੰਨਿਆ ਗਿਆ, ਉਸ ਸਮੇਂ ਗੁਰੂ ਜੀ ਨੇ ਕਰਤਾਰਪੁਰ ਵਿਖੇ ਆ ਕੇ ਖੇਤੀ ਦਾ ਕਾਰਜ ਕੀਤਾ। ਕਿਰਤ ਨੂੰ ਧਾਰਮਿਕ ਜੀਵਨ ਨਾਲ ਜੋੜ ਕੇ ਸਮਾਜ ਨੂੰ ਸੰਤੁਲਿਤ ਦਿਸ਼ਾ ਵੱਲ ਮੋੜਿਆ ਗਿਆ ਜਿਸ ਨਾਲ ਵਿਅਕਤੀ ਜੀਵਨ ਦੇ ਹਰ ਮੋੜ ’ਤੇ ਧਰਮ-ਕਰਮ ਦੇ ਨਿਯਮ ਨੂੰ ਕਾਇਮ ਰੱਖਿਆ ਜਾ ਸਕੇ। ਸਮਾਜ ਵਿਚ ਰਹਿੰਦੇ ਹੋਏ ਕਿਰਤ ਕਰਨ ਦਾ ਜੋ ਮਾਡਲ ਗੁਰੂ ਸਾਹਿਬਾਨ ਨੇ ਪੇਸ਼ ਕੀਤਾ ਉਹ ਪ੍ਰਚੱਲਤ ਸਮਾਜਿਕ ਪਰੰਪਰਾਵਾਂ ਨਾਲੋਂ ਬਿਲਕੁਲ ਭਿੰਨ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤਿੰਨ ਭਾਰਤੀ ਪਰੰਪਰਾਵਾਂ ਪ੍ਰਚੱਲਤ ਸਨ- ਹਿੰਦੂ, ਜੈਨ ਅਤੇ ਬੁੱਧ। ਹਿੰਦੂ ਧਰਮ ਵਿਚ ਇਕ ਪਾਸੇ ਬ੍ਰਾਹਮਣ ਧਾਰਮਿਕ ਸ਼੍ਰੇਣੀ ਦਾ ਬੋਲਬਾਲਾ ਸੀ ਜੋ ਕੇਵਲ ਦਿੱਤੇ ਜਾਣ ਵਾਲੇ ਦਾਨ ਨਾਲ ਨਿਰਵਾਹ ਕਰਦੀ ਸੀ ਅਤੇ ਦੂਜੇ ਪਾਸੇ ਜੋਗੀਆਂ ਅਤੇ ਹੋਰ ਸਿਧ-ਸਾਧਕਾਂ ਦੀ ਸ਼੍ਰੇਣੀ ਨੇ ਸਮਾਜ ਵਿਚ ਪੈਰ ਪਸਾਰੇ ਹੋਏ ਸਨ। ਇਨ੍ਹਾਂ ਜੋਗੀਆਂ ਦਾ ਗੁਜਰ-ਬਸਰ ਗ੍ਰਿਹਸਤੀਆਂ ’ਤੇ ਨਿਰਭਰ ਸੀ ਅਤੇ ਇਹ ਰਿਧੀਆਂ-ਸਿਧੀਆਂ ਦੀ ਪ੍ਰਾਪਤੀ ਵੱਲ ਰੁਚਿਤ ਹੋਣ ਕਰਕੇ ਹੋਰ ਕੋਈ ਕਾਰਜ ਨਹੀਂ ਸਨ ਕਰਦੇ। ਹਿੰਦੂ ਧਰਮ ਦੇ ਬਰਾਬਰ ਹੀ ਜੈਨ ਅਤੇ ਬੁੱਧ ਧਰਮ ਦੀਆਂ ਪਰੰਪਰਾਵਾਂ ਮੌਜੂਦ ਸਨ ਜਿਨ੍ਹਾਂ ਦੀ ਪ੍ਰਮੁੱਖ ਧਾਰਮਿਕ ਸ਼੍ਰੇਣੀ ਨੂੰ ਭਿਖੂ ਕਿਹਾ ਜਾਂਦਾ ਸੀ। ਇਹ ਕੋਈ ਵੀ ਕਿਰਤ ਨਹੀਂ ਸਨ ਕਰਦੇ ਅਤੇ ਗ੍ਰਿਹਸਤੀ ਸ਼੍ਰਾਵਕਾਂ ’ਤੇ ਨਿਰਭਰ ਕਰਦੇ ਸਨ।
ਸਮਾਜ ਵਿਚ ਪ੍ਰਚੱਲਤ ਕਾਰਜ-ਪ੍ਰਣਾਲੀ ਭ੍ਰਿਸ਼ਟ ਹੋ ਚੁਕੀ ਸੀ ਅਤੇ ਨਿਆਂ ਦੇਣ ਵਾਲੇ ਅਧਿਕਾਰੀ ਲੁੱਟ-ਖਸੁੱਟ ਦੇ ਕੰਮ ਵਿਚ ਲੱਗੇ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਮਾਜ ਵਿਚ ਜਿੱਥੇ ਰਾਜੇ ਤੇ ਉਨ੍ਹਾਂ ਦੇ ਅਧਿਕਾਰੀ ਲੋਕਾਂ ਦੀ ਲੁੱਟ-ਖਸੁੱਟ ਕਰ ਰਹੇ ਸਨ ਉਥੇ ਨਾਲ ਹੀ ਬਾਹਰੀ ਹਮਲੇ ਵੀ ਲਗਾਤਾਰ ਹੋ ਰਹੇ ਸਨ। ਹਮਲਾਵਰਾਂ ਦਾ ਟੀਚਾ ਵੀ ਲੁੱਟ-ਖਸੁੱਟ ਤਕ ਸੀਮਿਤ ਸੀ ਅਤੇ ਇਥੋਂ ਲੁੱਟੇ ਹੋਏ ਧਨ-ਦੌਲਤ ਨਾਲ ਵਾਪਸ ਆਪਣੇ ਮੁਲਕ ਵਿਚ ਜਾ ਕੇ ਐਸ਼ੋ-ਇਸ਼ਰਤ ਦਾ ਰੁਝਾਨ ਪ੍ਰਚੱਲਤ ਸੀ। ਸਮਾਜ ਵਿੱਚੋਂ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਉੱਡ ਚੁੱਕੀਆਂ ਸਨ, ਇਸਤਰੀਆਂ ਦੀ ਬੇਪਤੀ ਹੋ ਰਹੀ ਸੀ ਅਤੇ ਕੂੜ ਦਾ ਬੋਲਬਾਲਾ ਸੀ। ਇਕ ਆਮ ਕਹਾਵਤ ਹੈ ਕਿ ‘ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ’ ਜਿਸ ਦਾ ਭਾਵ ਹੈ ਬਗ਼ੈਰ ਮਿਹਨਤ ਅਤੇ ਲੁੱਟ-ਖਸੁੱਟ ਰਾਹੀਂ ਹਾਸਲ ਕੀਤੀ ਵਸਤੂ ਦੀ ਨਾ ਤਾਂ ਕੋਈ ਕਦਰ ਹੁੰਦੀ ਹੈ ਅਤੇ ਨਾ ਹੀ ਉਸ ਤੋਂ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਅਜਿਹੀ ਪ੍ਰਚੱਲਤ ਸਮਾਜਿਕ ਅਤੇ ਰਾਜਨੀਤਿਕ ਵਿਵਸਥਾ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੁੱਟ-ਖਸੁੱਟ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਕਿਹਾ :
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਪੰਨਾ 141)
ਧਰਮ ਹਰ ਇਕ ਮਨੁੱਖ ਦੇ ਜੀਵਨ ਦਾ ਅਹਿਮ ਅੰਗ ਹੈ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਧਰਮ ਵਿਅਕਤੀ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਤ ਕਰਦਾ ਹੈ। ਵਿਅਕਤੀ ਦੁਆਰਾ ਕੀਤੀਆਂ ਜਾਂਦੀਆਂ ਧਾਰਮਿਕ ਕਿਰਿਆਵਾਂ ਸਮਾਜਿਕ ਜੀਵਨ ਨੂੰ ਪ੍ਰਭਾਵਤ ਕਰਦੀਆਂ ਹਨ। ਜੇਕਰ ਸਮਾਜ ਵਿਚ ਬੁਰਾਈਆਂ ਧਾਰਮਿਕ ਕਿਰਿਆਵਾਂ ਕਾਰਨ ਪੈਦਾ ਹੋਣ ਤਾਂ ਇਨ੍ਹਾਂ ਨੂੰ ਦੂਰ ਵੀ ਧਾਰਮਿਕ ਚੇਤਨਾ ਦੁਆਰਾ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਵਿਚ ਸਮਾਜ ਵਿਚ ਧਾਰਮਿਕ ਆਗੂਆਂ ਦੁਆਰਾ ਕੀਤੇ ਜਾ ਰਹੇ ਕਾਰਜ ਨਿਰਾਰਥਕ ਸਿੱਧ ਹੋ ਰਹੇ ਸਨ ਜੋ ਕਿ ਸਮਾਜ ਨੂੰ ਸਹੀ ਧਾਰਮਿਕ ਚੇਤਨਾ ਤੋਂ ਜਾਣੂ ਕਰਾਉਣ ਦੀ ਬਜਾਏ ਆਪਣੇ ਵੱਲ ਮੋੜ ਕੇ ਉਨ੍ਹਾਂ ਦੀ ਲੁੱਟ-ਖਸੁੱਟ ਕਰ ਰਹੇ ਸਨ। ਸਮਾਜ ਵਿਚਲੇ ਅਜਿਹੇ ਧਾਰਮਿਕ ਆਗੂਆਂ ਦੀ ਅਸਲੀਅਤ ਲੋਕਾਂ ਸਾਹਮਣੇ ਉਜਾਗਰ ਕਰਦੇ ਹੋਏ ਗੁਰੂ ਜੀ ਨੇ ਕਿਹਾ:
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥ (ਪੰਨਾ 662)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਵਿਚ ਕਿਰਤ ਕਰਨ ਦਾ ਰੁਝਾਨ ਪੈਦਾ ਕੀਤਾ। ਉਦਾਸੀਆਂ ਉਪਰੰਤ ਕਰਤਾਰਪੁਰ ਵਿਖੇ ਖੇਤੀ ਦਾ ਕਾਰਜ ਅਰੰਭਿਆ ਅਤੇ ਧਰਮ ਦੀ ਕਿਰਤ ਦੇ ਨਿਯਮ ਨੂੰ ਅਮਲੀ ਜਾਮਾ ਪਹਿਨਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਅਤੇ ਇਸ ਵਿਚ ਭਗਤ ਸਾਹਿਬਾਨ ਅਤੇ ਭੱਟ ਸਾਹਿਬਾਨ ਦੀ ਬਾਣੀ ਵੀ ਸ਼ਾਮਲ ਕਰ ਦਿੱਤੀ। ਸਮੁੱਚੀ ਬਾਣੀ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਦੇ ਨਿਯਮ ਨੂੰ ਦ੍ਰਿੜ੍ਹ ਕਰਾਉਂਦੀ ਹੈ। ਧਰਮ-ਕਿਰਤ ਜਿੱਥੇ ਵਿਅਕਤੀ ਦੇ ਮਨ ਨੂੰ ਅਧਿਆਤਮਕ ਵਿਕਾਸ ਦੀ ਦਿਸ਼ਾ ਪ੍ਰਦਾਨ ਕਰਦੀ ਹੈ ਉਥੇ ਸੰਜਮ ਦੀ ਭਾਵਨਾ ਵੀ ਉਜਾਗਰ ਕਰਦੀ ਹੈ। ਲੁੱਟ-ਖਸੁੱਟ ਰਾਹੀਂ ਬਹੁਤ ਸਾਰੀਆਂ ਵਸਤਾਂ ਇੱਕੋ ਹੱਲੇ ਹਾਸਲ ਕੀਤੀਆਂ ਜਾ ਸਕਦੀਆਂ ਹਨ, ਪਰ ਧਰਮ-ਕਿਰਤ ਰਾਹੀਂ ਜੀਵਨ ਦੀਆਂ ਲੋੜਾਂ ਦੀ ਪੂਰਤੀ ਹੌਲੀ-ਹੌਲੀ ਹੁੰਦੀ ਹੈ। ਫ਼ਰਕ ਕੇਵਲ ਇਤਨਾ ਹੈ ਕਿ ਲੁੱਟ-ਖਸੁੱਟ ਨਾਲ ਨਾ ਤਾਂ ਮਨ ਨੂੰ ਸ਼ਾਂਤੀ ਹਾਸਲ ਹੋ ਸਕਦੀ ਹੈ ਅਤੇ ਨਾ ਹੀ ਜੀਵਨ ਵਿਚ ਸੰਜਮ ਪ੍ਰਫੁੱਲਤ ਹੋ ਸਕਦਾ ਹੈ। ਗੁਰਬਾਣੀ ਵਿਚ ਧਰਮ-ਕਿਰਤ ਦਾ ਜੋ ਮਾਡਲ ਪੇਸ਼ ਕੀਤਾ ਗਿਆ ਹੈ ਉਹ ਜਿੱਥੇ ਮਨੁੱਖ ਨੂੰ ਸੰਜਮੀ ਬਣਾਉਂਦਾ ਹੈ ਉਥੇ ਆਦਰਸ਼ ਸਮਾਜ ਦੀਆਂ ਜੜ੍ਹਾਂ ਮਜ਼ਬੂਤ ਅਤੇ ਪ੍ਰਫੁੱਲਤ ਕਰਨ ਵਿਚ ਸਹਾਈ ਹੁੰਦਾ ਹੈ। ਭਗਤ ਕਬੀਰ ਜੀ ਧਰਮ-ਕਿਰਤ ਪ੍ਰਤੀ ਚੇਤਨਾ ਉਜਾਗਰ ਕਰਦੇ ਹੋਏ ਕਹਿੰਦੇ ਹਨ:
ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ॥
ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ॥ (ਪੰਨਾ 1374)
ਆਪਣੀਆਂ ਉਦਾਸੀਆਂ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਜੀ ਦੇ ਘਰ ਗਏ ਜੋ ਕਿ ਤਰਖਾਣ ਦਾ ਕੰਮ ਕਰਦਾ ਸੀ। ਉਥੇ ਰਹਿੰਦੇ ਹੋਏ ਗੁਰੂ ਜੀ ਨੂੰ ਮਲਕ ਭਾਗੋ ਵੱਲੋਂ ਬ੍ਰਹਮ-ਭੋਜ ਦਾ ਸੱਦਾ ਦਿੱਤਾ ਗਿਆ। ਗੁਰੂ ਜੀ ਮਲਕ ਭਾਗੋ ਦੇ ਘਰ ਨਾ ਗਏ, ਦੁਬਾਰਾ ਬੁਲਾਉਣ ’ਤੇ ਜਦੋਂ ਗੁਰੂ ਜੀ ਉਸ ਕੋਲ ਗਏ ਤਾਂ ਉਸ ਨੇ ਗੁਰੂ ਜੀ ਨੂੰ ਬ੍ਰਹਮ-ਭੋਜ ’ਤੇ ਨਾ ਆਉਣ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਕਿਹਾ ਕਿ ਤੇਰੇ ਪਕਵਾਨ ਗਰੀਬਾਂ ਦੀ ਖੂਨ-ਪਸੀਨੇ ਦੀ ਕਮਾਈ ਦੀ ਲੁੱਟ-ਖਸੁੱਟ ਨਾਲ ਤਿਆਰ ਹੋਏ ਹਨ ਜਿਨ੍ਹਾਂ ਵਿੱਚੋਂ ਲਹੂ ਨਜ਼ਰੀਂ ਪੈਂਦਾ ਹੈ। ਦੂਜੇ ਪਾਸੇ ਭਾਈ ਲਾਲੋ ਜੀ ਮਿਹਨਤ ਅਤੇ ਇਮਾਨਦਾਰੀ ਦੀ ਕਮਾਈ ਵਿੱਚੋਂ ਸਾਨੂੰ ਜੋ ਕੁਝ ਛਕਾਉਂਦਾ ਹੈ ਉਹ ਦੁੱਧ ਸਮਾਨ ਲੱਗਦਾ ਹੈ। ਇਸ ਸਾਖੀ ਤੋਂ ਸਪੱਸ਼ਟ ਹੈ ਕਿ ਗੁਰੂ ਜੀ ਅਮੀਰ-ਗਰੀਬ ਵਿਚ ਫ਼ਰਕ ਨਹੀਂ ਸਮਝਦੇ, ਫ਼ਰਕ ਕੇਵਲ ਇਤਨਾ ਹੈ ਕਿ ਧਨ-ਦੌਲਤ ਗਰੀਬਾਂ ਅਤੇ ਕਮਜ਼ੋਰਾਂ ਨੂੰ ਦਬਾ ਕੇ ਹਾਸਲ ਨਾ ਕੀਤੀ ਹੋਵੇ। ਗੁਰੂ ਜੀ ਲਈ ਹਰ ਕਿਸੇ ਵੱਲੋਂ ਪਰੋਸਿਆ ਉਹ ਭੋਜਨ ਵਧੀਆ ਹੈ, ਜੋ ਧਰਮ-ਕਿਰਤ ਰਾਹੀਂ ਤਿਆਰ ਕੀਤਾ ਗਿਆ ਹੋਏ।
ਵੰਡ ਛਕਣਾ :
ਮਨੁੱਖ ਜਿਸ ਸਮਾਜ ਦਾ ਹਿੱਸਾ ਹੈ ਉਥੇ ਅਮੀਰ-ਗਰੀਬ ਦੋਵੇਂ ਤਰ੍ਹਾਂ ਦੇ ਲੋਕ ਵੇਖਣ ਨੂੰ ਮਿਲਦੇ ਹਨ। ਹਰ ਦੇਸ਼ ਅਤੇ ਕੌਮ ਵਿਚ ਇਹ ਵਰਗ-ਵੰਡ ਸਪੱਸ਼ਟ ਵੇਖਣ ਨੂੰ ਮਿਲਦੀ ਹੈ। ਆਧੁਨਿਕ ਸਮਾਜ ਵਿਚ ਤਰੱਕੀ ਦੇ ਨਾਮ ’ਤੇ ਜੋ ਨਿਯਮ ਘੜੇ ਜਾ ਰਹੇ ਹਨ ਉਨ੍ਹਾਂ ਵਿਚ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਅਮੀਰ ਦੇਸ਼ਾਂ ਨੂੰ ਵਿਕਸਿਤ ਅਤੇ ਤਰੱਕੀ ਕਰ ਰਹੇ ਮੁਲਕਾਂ ਨੂੰ ਵਿਕਾਸਸ਼ੀਲ ਦੇਸ਼ ਕਿਹਾ ਜਾਂਦਾ ਹੈ। ਵਿਕਸਿਤ ਦੇਸ਼ ਵਿਕਾਸਸ਼ੀਲ ਮੁਲਕਾਂ ਵਿੱਚੋਂ ਧਨ ਕਮਾ ਕੇ ਹੋਰ ਅਮੀਰ ਹੋ ਰਹੇ ਹਨ ਅਤੇ ਵਿਕਾਸਸ਼ੀਲ ਦੇਸ਼ ਗ਼ਰੀਬੀ ਅਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਅਮੀਰ-ਗ਼ਰੀਬ ਵਿਚ ਪਾੜਾ ਘਟਣ ਦੀ ਬਜਾਏ ਵਧ ਰਿਹਾ ਹੈ। ਅਜਿਹਾ ਰੁਝਾਨ ਦੇਸ਼ਾਂ ਵਿਚ ਹੀ ਨਹੀਂ ਬਲਕਿ ਆਮ ਲੋਕਾਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਮਲਕ ਭਾਗੋ ਅਤੇ ਭਾਈ ਲਾਲੋ ਜੀ ਦੇ ਪ੍ਰਤੀਨਿਧ ਅਜੋਕੇ ਸਮਾਜ ਵਿਚ ਆਮ ਵੇਖਣ ਨੂੰ ਮਿਲ ਜਾਂਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਵਧ ਰਹੇ ਇਸ ਪਾੜੇ ਨੂੰ ਘਟਾਉਣ ਦਾ ਯਤਨ ਕੀਤਾ। ਆਪ ਜੀ ਨੇ ਜਿੱਥੇ ਸਮਾਜ ਦੇ ਦੋਵੇਂ ਪ੍ਰਮੁੱਖ ਵਰਗਾਂ ਨੂੰ ਕਿਰਤ ਕਰਨ ਦਾ ਸੰਦੇਸ਼ ਦਿੱਤਾ ਉਥੇ ਧਰਮ-ਕਿਰਤ ਵਿੱਚੋਂ ਗਰੀਬਾਂ ਅਤੇ ਲੋੜਵੰਦਾਂ ਲਈ ਵੰਡ ਕੇ ਛਕਣ ਦਾ ਵਿਧਾਨ ਕਾਇਮ ਕੀਤਾ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਗੁਰਮਤਿ ਫ਼ਿਲਾਸਫ਼ੀ ਪਰਮਾਤਮਾ ਦੇ ਕੇਂਦਰੀ ਧੁਰੇ ਦੁਆਲੇ ਘੁੰਮਦੀ ਹੈ। ਸਿੱਖਾਂ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪ੍ਰਮੁੱਖ ਰਚਨਾ ‘ਜਪੁ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿਚ ਦਰਜ ਕੀਤੀ ਗਈ ਹੈ, ਜੋ ਕਿ ਨਿਤਨੇਮ ਅਤੇ ਅੰਮ੍ਰਿਤ ਛਕਾਉਣ ਦੀਆਂ ਬਾਣੀਆਂ ਵਿਚ ਵੀ ਪਹਿਲੇ ਸਥਾਨ ’ਤੇ ਹੈ ਇਸ ਦੇ ਆਰੰਭ ਵਿਚ ਜੋ ਮੂਲ-ਮੰਤਰ ਦਰਜ ਕੀਤਾ ਮਿਲਦਾ ਹੈ ਉਹ ਪਰਮਾਤਮਾ ਦੇ ਗੁਣ ਬਿਆਨ ਕਰਦਾ ਹੈ। ਮੂਲ ਮੰਤਰ ਨੂੰ ‘ਜਪੁ’ ਬਾਣੀ ਦਾ ਸਾਰ ਮੰਨਿਆ ਜਾਂਦਾ ਹੈ ਅਤੇ ਇਸ ਬਾਣੀ ਵਿਚਲੇ ਵਿਖਿਆਨ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨੂੰ ਪਰਿਭਾਸ਼ਤ ਕਰਨ ਵਾਲੇ ਹਨ। ਇਸ ਤਰ੍ਹਾਂ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਦਰਸ਼ਨ ਦਾ ਧੁਰਾ ਪਰਮਾਤਮਾ ਨੂੰ ਮੰਨਿਆ ਗਿਆ ਅਤੇ ਤਿੰਨ ਪ੍ਰਮੁੱਖ ਸਿਧਾਂਤਾਂ ਵਿਚ ਵੀ ਸਭ ਤੋਂ ਪਹਿਲਾਂ ਇਸ ਨੂੰ ਰੱਖ ਕੇ ਇਸ ਦਾ ਜਾਪ ਕਰਨ ਦੀ ਪ੍ਰੇਰਨਾ ਪੈਦਾ ਕੀਤੀ ਗਈ ਹੈ। ਪਰਮਾਤਮਾ ਦਾ ਨਾਮ-ਸਿਮਰਨ ਮਨੁੱਖ ਦੇ ਅੰਤਰੀਵੀ ਵਿਕਾਸ ਨਾਲ ਸੰਬੰਧਿਤ ਹੈ ਅਤੇ ਬਾਕੀ ਦੋ ਨਿਯਮ ਬਾਹਰੀ ਤੌਰ ’ਤੇ ਵੇਖਣ ਨੂੰ ਮਿਲਦੇ ਹਨ ਜਿਨ੍ਹਾਂ ਦੀ ਦਿਸ਼ਾ ਅੰਤਰੀਵੀ ਅਧਿਆਤਮਕ ਵਿਕਾਸ ਨੂੰ ਵਿਕਸਿਤ ਕਰਨ ਵਾਲੀ ਹੋਣੀ ਚਾਹੀਦੀ ਹੈ।
ਮਨੁੱਖ ਜਿਸ ਸਮਾਜ ਵਿਚ ਰਹਿੰਦਾ ਹੈ ਉਸ ਤੋਂ ਉਹ ਪ੍ਰਭਾਵਤ ਹੋਏ ਬਗ਼ੈਰ ਨਹੀਂ ਰਹਿ ਸਕਦਾ। ਜੇਕਰ ਸਮਾਜ ਵਿਚ ਆਲੇ-ਦੁਆਲੇ ਦੇ ਲੋਕ ਅਮੀਰ ਸ਼੍ਰੇਣੀ ਨਾਲ ਸੰਬੰਧਿਤ ਹੋਣ ਤਾਂ ਉਸ ਦਾ ਮਨ ਵੀ ਉਹੋ ਜਿਹਾ ਹੋਵੇਗਾ, ਉਸ ਨੂੰ ਨਾ ਤਾਂ ਗਰੀਬ ਸ਼੍ਰੇਣੀ ਦਾ ਬਹੁਤਾ ਗਿਆਨ ਹੋਵੇਗਾ ਅਤੇ ਨਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਕੋਈ ਜਾਣਕਾਰੀ ਹੀ ਹੋਵੇਗੀ। ਉਸ ਨੂੰ ਸਮਾਜ ਦੇ ਹਰ ਵਿਅਕਤੀ ਚੰਗੇ ਘਰਾਣੇ ਨਾਲ ਸੰਬੰਧਿਤ ਅਤੇ ਖਾਂਦਾ-ਪੀਂਦਾ ਨਜ਼ਰ ਆਵੇਗਾ। ਇਸ ਦੇ ਉਲਟ ਜਿਹੜਾ ਵਿਅਕਤੀ ਗਰੀਬ ਵਰਗ ਨਾਲ ਸੰਬੰਧਿਤ ਹੈ ਉਸ ਲਈ ਤਾਂ ਜੀਵਨ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨਾ ਵੀ ਦੂਰ ਦੀ ਗੱਲ ਹੋਵੇਗਾ। ਨਾ ਤਾਂ ਅਮੀਰ ਵਿਅਕਤੀ ਗਰੀਬ ਮਨੁੱਖ ਦੀਆਂ ਲੋੜਾਂ ਪ੍ਰਤੀ ਚੇਤੰਨ ਹੁੰਦਾ ਹੈ ਅਤੇ ਨਾ ਹੀ ਗਰੀਬ ਮਨੁੱਖ ਅਮੀਰ ਵਿਅਕਤੀਆਂ ਦੀਆਂ ਭਾਵਨਾਵਾਂ ਤੋਂ ਜਾਣੂ ਹੁੰਦਾ ਹੈ। ਜਦੋਂ ਤਕ ਦੋਵੇਂ ਵਰਗ ਇਕ ਦੂਜੇ ਦੇ ਨੇੜੇ ਨਹੀਂ ਆਉਂਦੇ, ਸਮਾਜ ਵਿਕਾਸ ਨਹੀਂ ਕਰ ਸਕਦਾ। ਗੁਰੂ ਸਾਹਿਬਾਨ ਨੇ ਦੋਵੇਂ ਵਰਗਾਂ ਨੂੰ ਇਕ ਪਲੇਟਫਾਰਮ ’ਤੇ ਲਿਆਉਣ ਦਾ ਕਾਰਜ ਕੀਤਾ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦੇ ਹੋਏ ਦੋਵਾਂ ਨੂੰ ਇਕ ਪਰਮਾਤਮਾ ਦੀ ਅੰਸ਼ ਦੱਸਿਆ। ਜੇਕਰ ਸਮਾਜ ਦਾ ਵਿਕਾਸ ਕਰਨਾ ਹੈ ਤਾਂ ਦੋਵੇਂ ਵਰਗਾਂ ਨੂੰ ਮਿਲਜੁਲ ਕੇ ਰਹਿਣਾ ਅਤੇ ਕਾਰਜ ਕਰਨਾ ਪਵੇਗਾ। ਗੁਰੂ ਸਾਹਿਬਾਨ ਨੇ ਸ਼ਖ਼ਸੀ ਜੀਵਨ ਦੀ ਥਾਂ ਥਾਂ ਭਾਈਚਾਰਕ ਜੀਵਨ ਨੂੰ ਪ੍ਰਮੁੱਖਤਾ ਪ੍ਰਦਾਨ ਕੀਤੀ ਜਿਸ ਵਿਚ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੀ ਭਾਵਨਾ ਕਾਇਮ ਕੀਤੀ ਗਈ ਜਿੱਥੇ ਸਭ ਨੂੰ ਵੰਡ ਕੇ ਛਕਣ ਲਈ ਪ੍ਰੇਰਿਤ ਕੀਤਾ ਗਿਆ:
ਖਾਵਹਿ ਖਰਚਹਿ ਰਲਿ ਮਿਲਿ ਭਾਈ॥
ਤੋਟਿ ਨ ਆਵੈ ਵਧਦੋ ਜਾਈ॥ (ਪੰਨਾ 186)
ਅਮੀਰ ਅਤੇ ਗਰੀਬ ਦੋਵੇਂ ਇੱਕੋ ਕਾਰਜ ਲਈ ਵੰਡ ਛਕਣ ਦੇ ਵਿਧਾਨ ਨੂੰ ਅਪਣਾਉਣ ਲੱਗੇ ਤਾਂ ਪ੍ਰਸ਼ਨ ਇਹ ਹੋ ਸਕਦਾ ਹੈ ਕਿ ਦੋਵੇਂ ਵਰਗਾਂ ਵਿਚ ਵਿੱਥ ਬਹੁਤ ਜ਼ਿਆਦਾ ਹੈ ਇਸ ਲਈ ਕੌਣ ਕਿੰਨਾ ਦਾਨ ਦੇਵੇ? ਇਸ ਕਾਰਜ ਲਈ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਜੋ ਵਿਧਾਨ ਪ੍ਰਚੱਲਤ ਕੀਤਾ ਉਸ ਅਨੁਸਾਰ ਹਰ ਇਕ ਵਰਗ ਨਾਲ ਸੰਬੰਧਿਤ ਵਿਅਕਤੀ ਆਪਣੀ ਧਰਮ-ਕਿਰਤ ਦਾ ਦਸਵਾਂ ਹਿੱਸਾ ਗੁਰੂ-ਘਰ ਭੇਟ ਕਰੇ ਤਾਂ ਕਿ ਸਮਾਜਿਕ ਵਿਕਾਸ ਦੇ ਕਾਰਜਾਂ ਵਿਚ ਹਰ ਕੋਈ ਯੋਗਦਾਨ ਪਾ ਸਕੇ ਅਤੇ ਸਰਬੱਤ ਦੇ ਭਲੇ ਹਿਤ ਅਰੰਭ ਕੀਤੇ ਕਾਰਜ ਨਿਰਵਿਘਨ ਅਤੇ ਨਿਰੰਤਰ ਜਾਰੀ ਰੱਖੇ ਜਾ ਸਕਣ। ਵੰਡ ਛਕਣ ਦੇ ਸਿਧਾਂਤ ਨੂੰ ਪ੍ਰਮੁੱਖਤਾ ਪ੍ਰਦਾਨ ਕਰਦੇ ਹੋਏ ਗਰੀਬਾਂ ਅਤੇ ਲੋੜਵੰਦਾਂ ਲਈ ਧਰਮਸ਼ਾਲਾਵਾਂ ਕਾਇਮ ਕੀਤੀਆਂ ਗਈਆਂ, ਹਸਪਤਾਲ ਖੋਲ੍ਹੇ ਗਏ, ਲੰਗਰ ਚਲਾਏ ਗਏ, ਮੁਫ਼ਤ ਨਿਵਾਸ ਦਾ ਪ੍ਰਬੰਧ ਕੀਤਾ ਗਿਆ, ਅੱਖਰ ਦਾਨ ਲਈ ਵਿਦਿਅਕ ਅਦਾਰੇ ਕਾਇਮ ਕੀਤੇ ਗਏ। ਸੰਗਤੀ ਧਰਮ ਵਿਚ ‘ਆਪਿ ਤਰੈ ਸੰਗਤਿ ਸਭ ਉਧਰੈ’ ਦੇ ਸੰਦੇਸ਼ ਅਨੁਸਾਰ ਦੂਜੇ ਵਿਅਕਤੀਆਂ ਨੂੰ ਉੱਚਾ ਚੁੱਕਣ ਅਤੇ ਬਰਾਬਰੀ ਦੀ ਭਾਵਨਾ ਪੈਦਾ ਕਰਨ ਲਈ ਯਤਨ ਕੀਤੇ ਗਏ। ਵਿਅਕਤੀਗਤ ਪ੍ਰਮੁੱਖਤਾ ਵਾਲੀਆਂ ਸਾਰੀਆਂ ਸੰਭਾਵਨਾਵਾਂ ਰੱਦ ਕਰ ਦਿੱਤੀਆਂ ਗਈਆਂ ਅਤੇ ‘ਸ਼ਬਦ’ ਨੂੰ ‘ਗੁਰੂ’ ਦਾ ਦਰਜਾ ਪ੍ਰਦਾਨ ਕਰ ਕੇ ਇਸ ਨੂੰ ਸਰਬਸਾਂਝੀ ਗੁਰਬਾਣੀ ਦੇ ਰੂਪ ਵਿਚ ਪ੍ਰਗਟ ਅਤੇ ਪ੍ਰਚਾਰਿਤ ਕੀਤਾ ਗਿਆ। ਗੁਰੂ ਅੱਗੇ ਅਰਪਿਤ ਕੀਤੀ ਭੇਟਾ ਸਮੁੱਚੀ ਲੋਕਾਈ ਦੇ ਭਲੇ ਹਿਤ ਰਾਖਵੀਂ ਕਰ ਦਿੱਤੀ ਗਈ।
ਸਿੱਖ ਧਰਮ ਤੋਂ ਪਹਿਲਾਂ ਦਾਨ ਦੇਣ ਦੀ ਪ੍ਰਥਾ ਪ੍ਰਚੱਲਤ ਸੀ ਅਤੇ ਇਹ ਨਿਰੰਤਰ ਅੱਜ ਤਕ ਵੀ ਜਾਰੀ ਹੈ। ਪਹਿਲਾਂ ਦਾਨ ਦੇਣ ਦਾ ਕਾਰਜ ਵੱਡੇ-ਵੱਡੇ ਅਮੀਰ ਲੋਕ ਜਾਂ ਰਾਜੇ-ਮਹਾਰਾਜੇ ਕਰਿਆ ਕਰਦੇ ਸਨ। ਆਪਣੇ ਪਿੱਤਰਾਂ ਨੂੰ ਖੁਸ਼ ਕਰਨ ਲਈ ਦਾਨ ਦਿੱਤਾ ਜਾਂਦਾ ਸੀ, ਜੋ ਕਿ ਅੱਜ ਵੀ ਵੇਖਣ ਨੂੰ ਮਿਲ ਜਾਂਦਾ ਹੈ। ਸਮਾਜ ਵਿਚ ਅੱਜ ਵੀ ਗਰੀਬਾਂ ਅਤੇ ਭੁੱਖਿਆਂ ਨੂੰ ਦਾਨ ਦੇਣ ਦਾ ਕਾਰਜ ਚੱਲ ਰਿਹਾ ਹੈ। ਦਾਨ ਦੇਣ ਦਾ ਜੋ ਸਰੂਪ ਗੁਰਬਾਣੀ ਵਿਚ ਵੇਖਣ ਨੂੰ ਮਿਲਦਾ ਹੈ ਉਹ ਵਿਅਕਤੀਗਤ ਤੌਰ ’ਤੇ ਜਾਂ ਕਿਸੇ ਨੂੰ ਖੁਸ਼ ਕਰਨ ਲਈ ਦਾਨ ਦਿੱਤੇ ਜਾਣ ਨਾਲੋਂ ਭਿੰਨਤਾ ਰੱਖਦਾ ਹੈ। ਵਿਅਕਤੀਗਤ ਤੌਰ ’ਤੇ ਦਿੱਤੇ ਗਏ ਦਾਨ ਸਮੇਂ ਲੈਣ ਅਤੇ ਦੇਣ ਵਾਲੇ ਵਿਚਕਾਰ ਸੰਪਰਕ ਸਥਾਪਤ ਹੋ ਜਾਂਦਾ ਹੈ ਜਿਸ ਨਾਲ ਦਾਨ ਦੇਣ ਵਾਲੇ ਦੇ ਮਨ ਵਿਚ ਹਉਮੈ ਅਤੇ ਦਾਨ ਲੈਣ ਵਾਲੇ ਦੇ ਮਨ ਵਿਚ ਹੀਣ-ਭਾਵਨਾ ਪੈਦਾ ਹੋ ਜਾਂਦੀ ਹੈ। ਸਿੱਖ ਧਰਮ ਵਿਚ ਗੁਰੂ ਅੱਗੇ ਕੀਤੀ ਭੇਟਾ ਵਿਚ ਲੈਣ ਅਤੇ ਦੇਣ ਵਾਲੇ ਵਿਚਕਾਰ ਕਦੇ ਵੀ ਸੰਬੰਧ ਸਥਾਪਤ ਨਹੀਂ ਹੋ ਸਕਦਾ। ਪਤਾ ਨਹੀਂ ਲੱਗਦਾ ਕਿ ਭੇਟ ਕੀਤੀ ਮਾਇਆ ਪਿੰਗਲਵਾੜੇ ਜਾ ਰਹੀ ਹੈ, ਭੂਚਾਲ ਪੀੜਤਾਂ ਲਈ ਵੰਡੀ ਜਾ ਰਹੀ ਹੈ, ਲੰਗਰ ਚਲਾਇਆ ਜਾ ਰਿਹਾ ਹੈ, ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ, ਦਵਾਈਆਂ ਵੰਡਣ ’ਤੇ ਖਰਚ ਕੀਤੀ ਜਾ ਰਹੀ ਹੈ ਜਾਂ ਕਿਸੇ ਹੋਰ ਕਾਰਜ ਲਈ ਵਰਤੀ ਜਾ ਰਹੀ ਹੈ। ਗੁਰੂ-ਘਰ ਹਰ ਅਮੀਰ-ਗਰੀਬ ਆਪਣੀ ਧਰਮ-ਕਿਰਤ ਵਿੱਚੋਂ ਦਸਵੰਧ ਗੁਰੂ ਅੱਗੇ ਭੇਟ ਕਰਕੇ ਨਿਮਰਤਾ ਹਾਸਲ ਕਰਦਾ ਹੈ। ਦਸਵੰਧ ਨਾ ਦੇਣ ਵਾਲੇ ਲਈ ਸਿੱਖੀ ਵਿਚ ਕੋਈ ਸਥਾਨ ਨਹੀਂ ਮੰਨਿਆ ਗਿਆ ਜਿਸ ਦਾ ਜ਼ਿਕਰ ਕਰਦੇ ਹੋਏ ਭਾਈ ਨੰਦ ਲਾਲ ਜੀ ਕਹਿੰਦੇ ਹਨ:
ਦਸਵੰਧ ਗੁਰੁ ਨਹਿ ਦੇਵੈ ਝੂਠ ਬੋਲ ਜੋ ਖਾਇ।
ਕਹੇ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛੂ ਨਾ ਬਿਸਾਹਿ। (ਤਨਖਾਹਨਾਮਾ)
ਸਿੱਖ ਹਰ ਤਰ੍ਹਾਂ ਦੀ ਕਿਰਤ-ਕਮਾਈ ਗੁਰੂ ਦੀ ਬਖਸ਼ਿਸ਼ ਵਜੋਂ ਵੇਖਦੇ ਹਨ ਅਤੇ ਇਸ ਧਰਮ-ਕਿਰਤ ਵਿੱਚੋਂ ਦਸਵੰਧ ਦੇਣਾ ਆਪਣਾ ਧਾਰਮਿਕ ਫ਼ਰਜ਼ ਸਮਝਦੇ ਹਨ। ਸਿੱਖਾਂ ਵਿਚ ਇਹ ਗੱਲ ਆਮ ਪ੍ਰਚੱਲਤ ਹੋ ਗਈ ਹੈ ਕਿ ‘ਦਾਣਾ ਪਾਣੀ ਗੁਰੂ ਦਾ ਟਹਿਲ ਸਿੱਖਾਂ ਦੀ’ ਅਤੇ ‘ਗਰੀਬ ਦਾ ਮੂੰਹ ਗੁਰੂ ਕੀ ਗੋਲਕ’। ਇਹ ਪ੍ਰੇਰਨਾਮਈ ਵਾਕ ਸਿੱਖ ਨੂੰ ਸੇਵਾ-ਭੇਟਾ ਕਰਨ ਲਈ ਪ੍ਰੇਰਿਤ ਕਰਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਧਰਮ-ਕਿਰਤ ਵਿੱਚੋਂ ਵੰਡ ਕੇ ਛਕਣਾ ਹੀ ਭਲਾ ਕਾਰਜ ਹੈ:
ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ। (ਵਾਰ 6:12)
ਵੰਡ ਛਕਣ ਦੀ ਬਿਰਤੀ ਮਨੁੱਖ ਦੇ ਮਨ ਵਿਚ ਲੋਭ ਅਤੇ ਹੰਕਾਰ ਪੈਦਾ ਨਹੀਂ ਹੋਣ ਦਿੰਦੀ, ਦੂਜੇ ਮਨੁੱਖਾਂ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਦੀ ਹੈ, ਅਮੀਰ ਅਤੇ ਗਰੀਬ ਵਿਚ ਪਾੜਾ ਘਟਾਉਂਦੀ ਹੈ, ਮਨ ਵਿਚ ਸੇਵਾ ਅਤੇ ਨਿਮਰਤਾ ਦਾ ਅਹਿਸਾਸ ਜਗਾਉਂਦੀ ਹੈ, ਵਿਅਕਤੀਗਤ ਬਿਰਤੀਆਂ ਨੂੰ ਖ਼ਤਮ ਕਰਕੇ ਸੰਗਤ ਵਿਚ ਰਹਿਣ ਦੀ ਪ੍ਰੇਰਨਾ ਪੈਦਾ ਕਰਦੀ ਹੈ ਅਤੇ ਅਧਿਆਤਮਕ ਵਿਕਾਸ ਦੀ ਦਿਸ਼ਾ ਨਿਰਧਾਰਤ ਕਰਦੀ ਹੈ।
‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਦਾ ਤ੍ਰਿਵੇਣੀ ਸਿਧਾਂਤ ਗੁਰਮਤਿ ਜੀਵਨ-ਜਾਚ ਦਾ ਮੂਲ ਆਧਾਰ ਹੈ। ਇਨ੍ਹਾਂ ਤਿੰਨਾਂ ਦੀ ਹੋਂਦ ਭਾਵੇਂ ਵੱਖ-ਵੱਖ ਰੂਪ ਵਿਚ ਨਜ਼ਰ ਆਉਂਦੀ ਹੈ ਪਰ ਇਹ ਆਪਸ ਵਿਚ ਘੁਲੇ-ਮਿਲੇ ਅਤੇ ਇਕ ਦੂਜੇ ਦੇ ਪੂਰਕ ਹਨ। ਇਹ ਤਿੰਨੇ ਇਕੱਠੇ ਮਿਲ ਕੇ ਕਾਰਜ ਕਰਨ ਤਾਂ ਹੀ ਆਦਰਸ਼ ਸਮਾਜ ਦੀ ਸਿਰਜਣਾ ਹੋ ਸਕਦੀ ਹੈ।
ਲੇਖਕ ਬਾਰੇ
ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/August 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/September 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/November 1, 2010