ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਸਰਬੋਤਮ ਧਰਮ ਗ੍ਰੰਥ ਹੈ ਜਿਸ ਦੀ ਰੌਸ਼ਨੀ ਵਿਚ ਸਿੱਖ ਜੀਵਨ-ਜਾਚ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਨਾਲ ਹੀ ਇਸ ਦੀ ਅਗਵਾਈ ਵਿਚ ਸਿੱਖ-ਮਸਲਿਆਂ ਦਾ ਹੱਲ ਲੱਭਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੱਖ-ਵੱਖ ਜਾਤਾਂ, ਕੌਮਾਂ, ਨਸਲਾਂ, ਭੂਗੋਲਿਕ ਖਿੱਤਿਆਂ ਨਾਲ ਸੰਬੰਧਿਤ ਭਗਤ ਸਾਹਿਬਾਨ ਅਤੇ ਭੱਟਾਂ ਦੀ ਵੀ ਬਾਣੀ ਦਰਜ ਹੈ, ਇਸ ਵਿਚ ਸਮੁੱਚੀ ਲੋਕਾਈ ਦਾ ਮਾਰਗ-ਦਰਸ਼ਨ ਕਰਨ ਵਾਲੀਆਂ ਸੰਭਾਵਨਾਵਾਂ ਸਪੱਸ਼ਟ ਉਜਾਗਰ ਹੁੰਦੀਆਂ ਹਨ। ਇਥੇ ਉਨ੍ਹਾਂ ਵਿੱਚੋਂ ਕੁਝ ਇਕ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
੧. ਧਾਰਮਿਕ ਏਕਤਾ : ਸਮਾਜ ਵਿਚ ਵੱਖ-ਵੱਖ ਵਿਅਕਤੀ ਆਪੋ ਆਪਣੇ ਇਸ਼ਟ ਦੁਆਰਾ ਦਰਸਾਏ ਮਾਰਗ ’ਤੇ ਚੱਲਣ ਦਾ ਯਤਨ ਕਰਦੇ ਹਨ ਅਤੇ ਹਰ ਧਰਮ ਦੇ ਪਾਂਧੀ ਨੂੰ ਆਪਣੇ ਇਸ਼ਟ ਦੇ ਮਾਰਗ-ਦਰਸ਼ਨ ਵਿਚ ਹੀ ਸੱਚ ਦੀ ਪ੍ਰਾਪਤੀ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਕਰਨ ਨਾਲ ਕਈ ਵਾਰੀ ਵਖਰੇਵੇਂ ਵੀ ਪੈਦਾ ਹੋ ਜਾਂਦੇ ਹਨ ਜੋ ਕਿ ਸਮਾਜਿਕ ਏਕਤਾ ਲਈ ਖ਼ਤਰੇ ਦਾ ਕਾਰਨ ਬਣਦੇ ਹਨ। ਗੁਰਬਾਣੀ ਮਨੁੱਖ ਦੇ ਮਨ ਵਿੱਚੋਂ ਵਖਰੇਵੇਂ ਦੂਰ ਕਰਨ ਦੀ ਸੇਧ ਦਿੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਧਰਮ ਤਾਂ ਇੱਕ ਹੀ ਹੈ ਅਤੇ ਜੋ ਵਿਅਕਤੀ ਉਸ ਸੱਚਾਈ ’ਤੇ ਚੱਲਦਾ ਹੈ, ਉਹੀ ਧਰਮੀ ਹੈ। ਗੁਰੂ ਦੇ ਦੱਸੇ ਹੋਏ ਰਾਹ ’ਤੇ ਚੱਲ ਕੇ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਹਰ ਇਕ ਜੁਗ ਵਿਚ ਪ੍ਰਭੂ ਇੱਕੋ ਜਿਹਾ ਰਹਿੰਦਾ ਹੈ ਅਤੇ ਉਸ ਵਿਚ ਕਿਸੇ ਕਿਸਮ ਦਾ ਬਦਲਾਉ ਨਹੀਂ ਆਉਂਦਾ :
ਏਕੋ ਧਰਮੁ ਦ੍ਰਿੜੈ ਸਚੁ ਕੋਈ॥
ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ (ਪੰਨਾ ੧੧੮੮)
ਹਿੰਦੂ ਸਮਾਜ ਵਿਚ ਵੱਖ-ਵੱਖ ਵਰਗਾਂ ਨੇ ਵੱਖ-ਵੱਖ ਮਾਰਗ ਦਰਸਾਏ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਕਹਿੰਦੇ ਹਨ ਕਿ ਵੱਖ-ਵੱਖ ਮਾਰਗਾਂ ਰਾਹੀਂ ਸਮਾਜ ਵਿਚ ਏਕਤਾ ਨਹੀਂ ਕਾਇਮ ਰਹਿ ਸਕਦੀ। ਪਰ ਜੇ ਕਿਸੇ ਮਨੁੱਖ ਨੂੰ ਇਨ੍ਹਾਂ ਵੱਖ-ਵੱਖ ਮਾਰਗਾਂ ਦੀ ਸੋਝੀ ਹੋ ਜਾਵੇ ਤਾਂ ਇਹ ਸਭ ਮਾਰਗ ਉਸੇ ਵਿਅਕਤੀ ਰਾਹੀਂ ਵੀ ਪ੍ਰਗਟ ਹੋ ਸਕਦੇ ਹਨ:
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ॥
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ (ਪੰਨਾ ੪੬੯)
ਸ੍ਰੀ ਗੁਰੂ ਅਰਜਨ ਦੇਵ ਜੀ ਦੁਨੀਆਂ ਦੇ ਸਮੂਹ ਧਰਮਾਂ ਦੀਆਂ ਪਰਿਭਾਸ਼ਾਵਾਂ ਦਾ ਨਿਚੋੜ ਪੇਸ਼ ਕਰਦੇ ਹੋਏ ਕਹਿੰਦੇ ਹਨ ਕਿ ਪਰਮਾਤਮਾ ਦਾ ਨਾਮ ਜਪਣਾ ਅਤੇ ਨਿਰਮਲ ਕਰਮ ਕਰਨੇ ਹੀ ਸਰਵੋਤਮ ਧਰਮ ਹੈ :
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ ੨੬੬)
ਗੁਰੂ ਸਾਹਿਬਾਨ ਨੇ ਧਰਮ ਦੀ ਏਕਤਾ ਦਾ ਸਿਧਾਂਤ ਪ੍ਰਗਟ ਕਰਦੇ ਹੋਏ ਸਪੱਸ਼ਟ ਕੀਤਾ ਕਿ ਸੱਚ ਹਰ ਧਰਮ ਦਾ ਆਧਾਰ ਹੈ ਅਤੇ ਪ੍ਰਭੂ ਦੇ ਸੱਚੇ ਨਾਮ ਦੇ ਆਸਰੇ ਹੀ ਇਸ ਦੁਨਿਆਵੀ ਭਵਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬਾਨ ਨੇ ਹਰ ਧਰਮ ਦੇ ਵਿਅਕਤੀ ਨੂੰ ਆਪਣੇ ਧਰਮ ਵਿਚ ਪੱਕੇ ਰਹਿਣ ਅਤੇ ਦੂਜਿਆਂ ਦਾ ਸਤਿਕਾਰ ਕਰਨ ਦਾ ਮਾਰਗ ਦਰਸਾਇਆ। ਇਸੇ ਕਰਕੇ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਉੱਤੇ ਨਜ਼ਰ ਮਾਰਦੇ ਹਾਂ ਤਾਂ ਗੁਰੂ ਸਾਹਿਬ ਸੱਚ ਦੇ ਮਾਰਗ ਦੀ ਗੱਲ ਦ੍ਰਿੜ੍ਹਾਉਂਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਅਜਿਹੇ ਸਚਾਈ ਰੂਪੀ ਧਰਮ ਦੀ ਰੂਪ-ਰੇਖਾ ਵਾਲੇ ਮਾਰਗ ’ਤੇ ਕੋਈ ਵਿਰਲਾ ਹੀ ਚੱਲ ਸਕਦਾ ਹੈ ਅਤੇ ਜੋ ਚੱਲਦਾ ਹੈ ਉਹ ਸ੍ਰੇਸ਼ਟ ਹੈ :
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ॥ (ਪੰਨਾ ੬੨੨)
੨. ਧਾਰਮਿਕ ਸਹਿਣਸ਼ੀਲਤਾ : ਅਜੋਕੇ ਸਮਾਜ ਦੇ ਵਿਕਾਸ ਨਾਲ ਹਰ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਵਿਚ ਜਿੱਥੇ ਵਾਧਾ ਹੋਇਆ ਹੈ ਉਥੇ ਨਾਲ ਹੀ ਇਕ ਧਰਮ ਦੇ ਵਿਅਕਤੀ ਦੂਜੇ ਧਰਮ ਦੇ ਵਿਅਕਤੀ ਦੇ ਵੀ ਨੇੜੇ ਆਏ ਹਨ। ਦੋ ਧਰਮਾਂ ਦੇ ਵਿਅਕਤੀਆਂ ਦੀ ਨੇੜਤਾ ਨੇ ਇਕ ਦੂਜੇ ਪ੍ਰਤੀ ਪ੍ਰੇਮ ਦੀ ਭਾਵਨਾ ਪ੍ਰਗਟ ਕਰਨ ਦੀ ਥਾਂ ਨਫ਼ਰਤ ਨੂੰ ਜਨਮ ਦਿੱਤਾ। ਇਸ ਦੀ ਉਦਾਹਰਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪ੍ਰਚਲਿਤ ਸਮਾਜ ਦੇ ਦੋ ਪ੍ਰਮੁੱਖ ਧਰਮਾਂ ਦੇ ਇਕ ਦੂਜੇ ਪ੍ਰਤੀ ਵਰਤਾਉ ਤੋਂ ਵੇਖੀ ਜਾ ਸਕਦੀ ਹੈ ਜਿਸ ਵਿਚ ਹਿੰਦੂ ਮੁਸਲਮਾਨਾਂ ਨੂੰ ‘ਮਲੇਛ’ ਅਤੇ ਮੁਸਲਮਾਨ ਹਿੰਦੂਆਂ ਨੂੰ ‘ਕਾਫਰ’ ਵਰਗੇ ਤੀਖਣ ਅਤੇ ਘ੍ਰਿਣਤ ਸ਼ਬਦਾਂ ਨਾਲ ਸੰਬੋਧਨ ਕਰਦੇ ਸਨ। ਹਿੰਦੂਆਂ ਅਤੇ ਮੁਸਲਮਾਨਾਂ ਦੀ ਇਸ ਖਿੱਚੋਤਾਣ ਦਾ ਜ਼ਿਕਰ ਕਰਦੇ ਹੋਏ ਭਾਈ ਗੁਰਦਾਸ ਜੀ ਦੱਸਦੇ ਹਨ :
ਚਾਰਿ ਵਰਨ ਚਾਰਿ ਮਜਹਬਾਂ ਜਗ ਵਿਚਿ ਹਿੰਦੂ ਮੁਸਲਮਾਣੇ।
ਖੁਦੀ ਬਖੀਲਿ ਤਕਬਰੀ ਖਿੰਚੋਤਾਣ ਕਰਨਿ ਧਿਙਾਣੇ।
ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ।
ਸੁੰਨਤਿ ਮੁਸਲਮਾਣ ਦੀ ਤਿਲਕ ਜੰਞੂ ਹਿੰਦੂ ਲੋਭਾਣੇ।
ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਭੁਲਾਣੇ।
ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸੈਤਾਣੇ।
ਸਚੁ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ। (ਵਾਰ ੧.੨੧)
ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਹਾਕਮ ਸ਼੍ਰੇਣੀ ਦੀ ਧਾਰਮਿਕ ਅਸਹਿਣਸ਼ੀਲਤਾ ਦਾ ਪ੍ਰਤੀਕ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਧਰਮ ਨਾਲ ਸੰਬੰਧਿਤ ਵਿਅਕਤੀ ਨੂੰ ਧਾਰਮਿਕ ਸਹਿਣਸ਼ੀਲਤਾ ਦਾ ਉਪਦੇਸ਼ ਦਿੱਤਾ ਗਿਆ ਹੈ ਤਾਂ ਜੋ ਹਰ ਧਰਮ ਨਾਲ ਸੰਬੰਧਿਤ ਵਿਅਕਤੀ ਆਪਣੇ ਧਰਮ ਦੀਆਂ ਧਾਰਮਿਕ ਕ੍ਰਿਆਵਾਂ ਆਜ਼ਾਦ ਰੂਪ ਵਿਚ ਕਰ ਸਕਣ। ਨੌਵੇਂ ਗੁਰੂ ਜੀ ਦੀ ਸ਼ਹਾਦਤ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਧਰਮ ਧਾਰਮਕ ਸੁਤੰਤਰਤਾ ਹਰ ਇਕ ਵਿਅਕਤੀ ਦਾ ਜਨਮਸਿੱਧ ਅਧਿਕਾਰ ਮੰਨਦਾ ਹੈ ਅਤੇ ਇਸ ਧਰਮ ਵਿਚ ਧਾਰਮਿਕ ਅਸਹਿਣਸ਼ੀਲਤਾ ਨੂੰ ਕੋਈ ਸਥਾਨ ਪ੍ਰਾਪਤ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ-ਪਰਿਵਰਤਨ ਦੀ ਥਾਂ ਧਰਮ ਵਿਚ ਦ੍ਰਿੜ੍ਹਤਾ ਦੀ ਗੱਲ ਪ੍ਰਪੱਕ ਕੀਤੀ ਅਤੇ ਨਾਲ ਹੀ ਆਪਣੇ ਧਰਮ ਵਿਚ ਪੱਕੇ ਰਹਿਣ ਲਈ ਕਿਹਾ। ਗੁਰੂ ਜੀ ਨੇ ਇਹ ਵੀ ਦ੍ਰਿੜ੍ਹ ਕਰਵਾਇਆ ਕਿ ਹਿੰਦੂ ਅਤੇ ਮੁਸਲਮਾਨ ਸਮੇਤ ਉਹ ਸਭ ਲੋਕ ਮੁਬਾਰਕ ਹਨ ਜੋ ਸੱਚ ਵੱਲ ਲੱਗੇ ਹੋਏ ਹਨ ਅਤੇ ਸਚਿਆਰ ਬਣਨ ਲਈ ਯਤਨਸ਼ੀਲ ਹਨ:
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ॥ (ਪੰਨਾ ੧੪੨)
ਦੁਨੀਆਂ ਵਿਚ ਧਰਮ ਦੇ ਵੱਖ-ਵੱਖ ਮਾਰਗ ਸਾਹਮਣੇ ਆਉਂਦੇ ਹਨ ਅਤੇ ਹਰ ਧਰਮ ਨੂੰ ਮੰਨਣ ਵਾਲੇ ਲੋਕ ਆਪਣੇ ਮਾਰਗ ਨੂੰ ਸਭ ਤੋਂ ਸੱਚਾ ਅਤੇ ਸ਼ੁੱਧ ਸਮਝਦੇ ਹਨ। ਗੁਰੂ ਸਾਹਿਬਾਨ ਦੀ ਨਜ਼ਰ ਵਿਚ ਉਹ ਸਭ ਮਾਰਗ ਜੋ ਮਨੁੱਖ ਨੂੰ ਪਰਮਸਤਿ ਦਾ ਰਾਹ ਵਿਖਾਉਂਦੇ ਹਨ ਸਹੀ ਹਨ। ਸ੍ਰੀ ਗੁਰੂ ਅਮਰਦਾਸ ਜੀ ਵੀ ਪਰਮਾਤਮਾ ਅੱਗੇ ਇਹੀ ਬੇਨਤੀ ਕਰਦੇ ਹਨ ਕਿ ਹੇ ਮਾਲਕ ਜੀਓ! ਵਿਕਾਰਾਂ ਦੇ ਦੁੱਖਾਂ ਵਿਚ ਸੜ ਰਹੀ ਲੋਕਾਈ ਨੂੰ ਜਿਸ ਵੀ ਮਾਰਗ ਤੋਂ ਬਚਾ ਸਕਦੇ ਹੋ ਬਚਾ ਲਓ :
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ ੮੫੩)
ਸ੍ਰੀ ਗੁਰੂ ਅਰਜਨ ਦੇਵ ਜੀ ਧਾਰਮਿਕ ਸਹਿਹੋਂਦ ਅਤੇ ਸਹਿਣਸ਼ੀਲਤਾ ਦਾ ਪ੍ਰਗਟਾਵਾ ਕਰਦੇ ਹੋਏ ਸਪੱਸ਼ਟ ਸ਼ਬਦਾਂ ਵਿਚ ਕਹਿੰਦੇ ਹਨ :
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ ੯੭)
ਧਾਰਮਿਕ ਸਹਿਣਸ਼ੀਲਤਾ ਦੀ ਜੋ ਮਿਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਪੇਸ਼ ਕੀਤੀ ਗਈ ਹੈ ਉਹ ਸਮੁੱਚੀ ਦੁਨੀਆਂ ਵਿਚ ਅਦੁੱਤੀ ਹੈ। ਗੁਰੂ ਜੀ ਕਹਿੰਦੇ ਹਨ ਕਿ ਸਮੁੱਚੀ ਲੋਕਾਈ ਵੱਖ-ਵੱਖ ਫਿਰਕਿਆਂ, ਜਾਤਾਂ,ਨਸਲਾਂ ਅਤੇ ਕੌਮਾਂ ਵਿਚ ਵੰਡੀ ਹੋਣ ਦੇ ਬਾਵਜੂਦ ਵੀ ਪਰਮਾਤਮਾ ਦੀ ਅੰਸ਼ ਹੋਣ ਕਰਕੇ ਇੱਕ ਹੈ :
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥2॥
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥ (ਪੰਨਾ 671)
ਵੱਖ-ਵੱਖ ਧਰਮਾਂ ਦੇ ਲੋਕਾਂ ਨਾਲ ਮੇਲ-ਜੋਲ ਸਮਾਜਿਕ ਅਤੇ ਅਧਿਆਤਮਕ ਵਿਕਾਸ ਦੀ ਦਿਸ਼ਾ ਨਿਰਧਾਰਤ ਕਰੇ, ਇਹੀ ਜੀਵਨ-ਉਦੇਸ਼ ਗੁਰਬਾਣੀ ਵਿਚ ਦ੍ਰਿੜ੍ਹ ਕਰਵਾਇਆ ਗਿਆ ਹੈ। ਧਾਰਮਿਕ ਸਹਿਣਸ਼ੀਲਤਾ ਦੀ ਜੋ ਉਦਾਹਰਣ ਭਾਈ ਘਨੱਈਆ ਜੀ ਨੇ ਅਨੰਦਪੁਰ ਸਾਹਿਬ ਦੇ ਯੁੱਧ ਵਿਚ ਪੇਸ਼ ਕੀਤੀ ਉਹ ਦੁਨੀਆਂ ਦੇ ਇਤਿਹਾਸ ਦੀ ਸਰਬੋਤਮ ਮਿਸਾਲ ਹੈ। ਦਸਮ ਪਾਤਸ਼ਾਹ ਜੀ ਨੇ ਉਸ ਦੁਆਰਾ ਕੀਤੀ ਸੇਵਾ ਨੂੰ ਗੁਰੂ ਦੀ ਸਿੱਖਿਆ ਦੇ ਅਨੁਸਾਰੀ ਮੰਨਦੇ ਹੋਏ ਮੋਹਰ ਲਾਈ ਅਤੇ ਅੱਗੇ ਤੋਂ ਅਜਿਹੀ ਸੇਵਾ ਵਿਚ ਦ੍ਰਿੜ੍ਹਤਾ ਪੂਰਵਕ ਜੁਟੇ ਰਹਿਣ ਦਾ ਅਸ਼ੀਰਵਾਦ ਦਿੱਤਾ। ਭਾਈ ਘਨੱਈਆ ਜੀ ਦੁਆਰਾ ਕੀਤੀ ਸੇਵਾ ਨੇ ਸਪੱਸ਼ਟ ਕਰ ਦਿੱਤਾ ਕਿ ਗੁਰੂ ਦੀ ਸਿੱਖਿਆ ਦੁਨਿਆਵੀ ਮਨੁੱਖਾਂ ਨੂੰ ਪਰਮਾਤਮਾ ਦੀ ਅੰਸ਼ ਮੰਨਦੇ ਹੋਏ ਭੇਦਭਾਵ ਤੋਂ ਉੱਪਰ ਉੱਠਣ ਦੀ ਪ੍ਰੇਰਨਾ ਕਰਦੀ ਹੈ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ ੧੨੯੯)
ਗੁਰੂ ਸਾਹਿਬਾਨ ਦੁਆਰਾ ਦਰਸਾਏ ਧਾਰਮਿਕ ਸਹਿਣਸ਼ੀਲਤਾ ਦੇ ਮਾਰਗ ਨੇ ਭਾਰਤ ਵਿਚ ਵਿਚਰ ਰਹੀਆਂ ਦੋਵੇਂ ਪ੍ਰਮੁੱਖ ਕੌਮਾਂ, ਹਿੰਦੂ ਅਤੇ ਮੁਸਲਮਾਨ, ਨੂੰ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕੀਤਾ ਜਿੱਥੇ ‘ਮਲੇਛ’ ਅਤੇ ‘ਕਾਫਰ’ ਵਰਗੇ ਨਫਰਤ ਭਰਪੂਰ ਸ਼ਬਦਾਂ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਸੀ।
੩. ਸਦਾਚਾਰਕ ਜੀਵਨ ’ਤੇ ਜ਼ੋਰ : ਕਿਸੇ ਵੀ ਸਮਾਜ ਦਾ ਵਿਕਾਸ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਥੇ ਰਹਿਣ ਵਾਲੇ ਲੋਕਾਂ ਦਾ ਆਚਰਣਕ ਜੀਵਨ ਕਿਹੋ ਜਿਹਾ ਹੈ। ਜਿਸ ਸਮਾਜ ਵਿਚ ਭ੍ਰਿਸ਼ਟਾਚਾਰ ਅਤੇ ਦੁਰਾਚਾਰ ਦਾ ਬੋਲਬਾਲਾ ਹੈ ਉਥੇ ਹਮੇਸ਼ਾਂ ਅਰਾਜਕਤਾ ਅਤੇ ਅਸਥਿਰਤਾ ਪ੍ਰਧਾਨ ਰਹੇਗੀ। ਅਨਿਆਂ ਭਰਪੂਰ ਰਾਜ-ਪ੍ਰਣਾਲੀ ਵੀ ਸਮਾਜ ਵਿਚ ਅਨੈਤਿਕਤਾ ਅਤੇ ਅਸ਼ਾਂਤੀ ਨੂੰ ਜਨਮ ਦਿੰਦੀ ਹੈ ਜਿਸ ਨਾਲ ਸਮਾਜ ਦਾ ਸਦਾਚਾਰਕ ਪੱਖ ਪਤਨ ਵੱਲ ਚਲਾ ਜਾਂਦਾ ਹੈ। ਇਸ ਦੇ ਉਲਟ ਜਿਸ ਸਮਾਜ ਵਿਚ ਨੈਤਿਕਤਾ ਅਤੇ ਸਦਾਚਾਰ ਦਾ ਬੋਲਬਾਲਾ ਹੈ ਉਥੇ ਆਮ ਲੋਕਾਂ ਦਾ ਜੀਵਨ ਵਿਕਾਸ ਦੀ ਦਿਸ਼ਾ ਵੱਲ ਕੇਂਦਰਿਤ ਹੁੰਦਾ ਹੈ। ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਉਹ ਕਿਹੜੀਆਂ ਸੰਭਾਵਨਾਵਾਂ ਹਨ ਜੋ ਸਮਾਜ ਵਿਚ ਸਦਾਚਾਰਕ ਕਦਰਾਂ-ਕੀਮਤਾਂ ਨੂੰ ਪਤਨ ਵੱਲ ਲੈ ਜਾਂਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ ਕਿ ਜਦੋਂ ਸਮਾਜ ਵਿੱਚੋਂ ਧਰਮ ਅਤੇ ਸ਼ਰਮ ਅਲੋਪ ਹੋ ਜਾਂਦੇ ਹਨ ਅਤੇ ਝੂਠ ਦਾ ਬੋਲਬਾਲਾ ਹੋ ਜਾਂਦਾ ਹੈ ਤਾਂ ਸਮਾਜ ਵਿਚ ਸਦਾਚਾਰਕ ਕੀਮਤਾਂ ਦਾ ਪਤਨ ਅਰੰਭ ਹੋ ਜਾਂਦਾ ਹੈ :
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ (ਪੰਨਾ ੭੨੨)
ਸਰਮ ਧਰਮ ਕਾ ਡੇਰਾ ਦੂਰਿ॥
ਨਾਨਕ ਕੂੜੁ ਰਹਿਆ ਭਰਪੂਰਿ॥ (ਪੰਨਾ ੪੭੧)
ਵਿਅਕਤੀ ਦਾ ਸਮਾਜਿਕ ਜੀਵਨ ਸਮਾਜ ਵਿਚਲੇ ਸਦਾਚਾਰ ਦੀ ਦਿਸ਼ਾ ਨਿਰਧਾਰਤ ਕਰਦਾ ਹੈ। ਸਿੱਖ ਧਰਮ ਦੀ ਰਹਿਤ ਮਰਯਾਦਾ ਵਿਚ ਚਾਰ ਬੱਜਰ ਕੁਰਹਿਤਾਂ ਮੰਨੀਆਂ ਗਈਆਂ ਹਨ – (੧) ਕੇਸਾਂ ਦੀ ਬੇਅਦਬੀ, (੨) ਕੁੱਠਾ ਖਾਣਾ, (੩) ਤੰਮਾਕੂ ਦਾ ਸੇਵਨ, (੪) ਪਰ-ਪੁਰਸ਼/ ਪਰ-ਇਸਤਰੀ ਦਾ ਗਮਨ। ਇਹ ਸਾਰੀਆਂ ਕੁਰਹਿਤਾਂ ਵਿਅਕਤੀ ਨੂੰ ਅੰਦਰੂਨੀ ਅਤੇ ਬਾਹਰੀ ਤੌਰ ’ਤੇ ਪ੍ਰਭਾਵਤ ਕਰਦੀਆਂ ਹਨ। ਬਾਹਰੀ ਤੌਰ ’ਤੇ ਇਹ ਧਾਰਮਿਕ ਅਤੇ ਸਮਾਜਿਕ ਭਾਈਚਾਰੇ ਵਿਚ ਵਿਅਕਤੀ ਨੂੰ ਸ਼ਰਮਿੰਦਾ ਕਰਦੀਆਂ ਹਨ। ਅੰਦਰੂਨੀ ਤੌਰ ’ਤੇ ਇਹ ਵਿਅਕਤੀ ਨੂੰ ਗੁਰੂ ਦੀ ਆਗਿਆ ਪਾਲਣ ਨਾ ਕਰਨ ਦੀ ਭੁੱਲ ਦਾ ਅਹਿਸਾਸ ਕਰਾਉਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਭਰੂਣ-ਹੱਤਿਆ ਅਤੇ ਏਡਜ਼ ਵਰਗੀਆਂ ਬੀਮਾਰੀਆਂ ਸਮਾਜ ਲਈ ਖ਼ਤਰੇ ਦੀ ਘੰਟੀ ਵਜਾ ਰਹੀਆਂ ਹਨ ਜੋ ਕਿ ਸਮਾਜਿਕ ਅਧੋਗਤੀ ਦਾ ਇਕ ਵੱਡਾ ਕਾਰਨ ਬਣ ਗਈਆਂ ਹਨ। ਅੰਕੜੇ ਦੱਸਦੇ ਹਨ ਕਿ ਸਮਾਜ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਚਿੰਤਾਜਨਕ ਹਾਲਤ ਤਕ ਘਟ ਗਈ ਹੈ। ਪੁਰਾਣੇ ਸਮਿਆਂ ਵਿਚ ਵੀ ਲੜਕੀ ਨੂੰ ਜੰਮਦੇ ਹੀ ਮਾਰ ਦੇਣ ਦੀ ਪ੍ਰਥਾ ਪ੍ਰਚੱਲਤ ਸੀ। ਲੜਕੀ ਦਾ ਜਾਂ ਤਾਂ ਜੰਮਦੀ ਦਾ ਹੀ ਗਲਾ ਦਬਾ ਦਿੱਤਾ ਜਾਂਦਾ ਜਾਂ ਨਦੀ ਵਿਚ ਰੋੜ੍ਹ ਦਿੱਤਾ ਜਾਂਦਾ ਜਾਂ ਫਿਰ ਘੜੇ ਆਦਿ ਵਿਚ ਬੰਦ ਕਰ ਕੇ ਉਸ ਤੋਂ ਛੁਟਕਾਰਾ ਪਾਉਣ ਦੀ ਪ੍ਰਥਾ ਪ੍ਰਚਲਿਤ ਸੀ। ਅਜੋਕੇ ਸਮੇਂ ਵਿਚ ਸਾਇੰਸ ਦੀ ਉੱਨਤੀ ਨਾਲ ਇਸ ਦਾ ਦੁਰਉਪਯੋਗ ਵੀ ਸਾਹਮਣੇ ਆਇਆ ਅਤੇ ਲੜਕੀਆਂ ਨੂੰ ਪੇਟ ਦੇ ਅੰਦਰ ਹੀ ਮਾਰ ਦੇਣ ਦਾ ਕੰਮ ਸ਼ੁਰੂ ਹੋ ਗਿਆ। ਸਮਾਜ ਨੇ ਇਸ ਹੋਰ ਡਾਕਟਰੀ ਉਦੇਸ਼ਾਂ ਦੀ ਪੂਰਤੀ ਹਿੱਤ ਹੋਂਦ ’ਚ ਆਈ ਇਸ ਵਿਗਿਆਨਕ ਤਕਨੀਕ ਦਾ ਵੱਡੇ ਪੱਧਰ ’ਤੇ ਦੁਰਉਪਯੋਗ ਸ਼ੁਰੂ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ‘ਸੋ ਕਿਉ ਮੰਦਾ ਆਖੀਐ’ ਵਾਲੀ ਸਿੱਖਿਆ ਨੂੰ ਪਾਸੇ ਸੁੱਟਦੇ ਹੋਏ ਸਮਾਜਿਕ ਪਤਨ ਦਾ ਅਰੰਭ ਆਪਣੇ ਹੱਥੀਂ ਕਰ ਲਿਆ। ਇਸ ਨਾਲ ਸਮਾਜਿਕ ਅਸੰਤੁਲਨ ਤਾਂ ਪੈਦਾ ਹੋ ਹੀ ਚੁੱਕਾ ਹੈ ਅਤੇ ਜੇਕਰ ਭਰੂਣ-ਹੱਤਿਆ ਨੂੰ ਰੋਕਿਆ ਨਾ ਗਿਆ ਤਾਂ ਸਮਾਜਿਕ ਅਸੰਤੁਲਨ ਬਹੁਤ ਹੀ ਵਧ ਜਾਵੇਗਾ ਅਤੇ ਨਾਲ ਹੀ ਇਹ ਰੁਝਾਨ ਸਮਾਜਿਕ ਅਰਾਜਕਤਾ ਅਤੇ ਅਸ਼ਾਂਤੀ ਦਾ ਵੱਡਾ ਕਾਰਨ ਬਣ ਜਾਵੇਗਾ। ਗ੍ਰਿਹਸਤ ਨੂੰ ਸਮਾਜਕ ਅਤੇ ਅਧਿਆਤਮਕ ਵਿਕਾਸ ਦਾ ਅੰਗ ਮੰਨਦੇ ਹੋਏ ਅਨੰਦ ਕਾਰਜ ਦੀ ਰਸਮ ਕੀਤੀ ਜਾਂਦੀ ਹੈ :
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ (ਪੰਨਾ ੭੭੩)
ਗ੍ਰਿਹਸਤੀ ਧਰਮ ਵਿਚ ਪ੍ਰਵੇਸ਼ ਕੁਦਰਤ ਦੇ ਨਿਯਮਾਂ ਦਾ ਪਾਲਣ ਕਰਨ ਵੱਲ ਚੁੱਕਿਆ ਗਿਆ ਕਦਮ ਹੈ। ਕੁਦਰਤ ਦਾ ਨਿਯਮ ਹੈ ਕਿ ਇਸ ਵਿਚ ਮੌਜੂਦ ਹਰ ਵਸਤੂ ਉਤਪਤੀ ਤੇ ਵਿਕਾਸ ਦੀ ਦਿਸ਼ਾ ਵੱਲ ਲਗਾਤਾਰ ਵਧ ਰਹੀ ਹੈ ਜਿਵੇਂ ਇਕ ਬੀਜ ਤੋਂ ਦਰਖਤ ਅਤੇ ਦਰਖਤ ਤੋਂ ਅੱਗੇ ਹੋਰ ਬੀਜ ਤਿਆਰ ਹੁੰਦੇ ਹਨ ਜੋ ਕਿ ਅੱਗੇ ਹੋਰ ਦਰਖਤ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ। ਉਹੀ ਬੀਜ ਕੁਦਰਤ ਵਿਚ ਸ਼ੁਭ ਮੰਨੇ ਜਾਂਦੇ ਹਨ ਜੋ ਪ੍ਰਫੁਲਤ ਹੁੰਦੇ ਹਨ, ਅਜਿਹੇ ਬੀਜਾਂ ਤੋਂ ਤਿਆਰ ਰੁੱਖਾਂ ਦੀ ਹੀ ਪ੍ਰਸੰਸਾ ਕੀਤੀ ਜਾਂਦੀ ਹੈ। ਇਹ ਬੀਜ ਕੁਦਰਤ ਦੇ ਨਿਯਮਾਂ ਦਾ ਪਾਲਣ ਕਰ ਕੇ ਕੁਦਰਤ ਦੀ ਸ਼ੋਭਾ ਵਧਾਉਂਦੇ ਹਨ, ਇਹੀ ਉਨ੍ਹਾਂ ਦਾ ਧਰਮ ਹੈ। ਇਸੇ ਤਰ੍ਹਾਂ ਗ੍ਰਿਹਸਤ ਦੇ ਨਿਯਮਾਂ ਦਾ ਪਾਲਣ ਕਰਨ ਲਈ ਜ਼ਰੂਰੀ ਹੈ ਪਰਵਾਰ ਨੂੰ ਅੱਗੇ ਤੋਰਨਾ। ਪਰਵਾਰ ਨੂੰ ਇਸਤਰੀ ਤੋਂ ਬਗ਼ੈਰ ਅੱਗੇ ਨਹੀਂ ਤੋਰਿਆ ਜਾ ਸਕਦਾ। ਲੜਕੀ ਦਾ ਪੇਟ ਵਿਚ ਹੀ ਪਤਾ ਲੱਗਣ ਉੱਤੇ ਜਾਂ ਲੜਕੀ ਨੂੰ ਜੰਮਣ ਤੋਂ ਬਾਅਦ ਮਾਰਨ ਵਾਲੇ ਨੂੰ ‘ਸਿੱਖ ਰਹਿਤ ਮਰਯਾਦਾ’ ਵਿਚ ‘ਤਨਖਾਹੀਆ’ ਕਿਹਾ ਗਿਆ ਹੈ : “ਨੜੀ ਮਾਰ (ਹੁੱਕਾ ਪੀਣ ਵਾਲਾ), ਕੁੜੀ ਮਾਰ, ਸਿਰਗੁੰਮ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ” (ਰਹਿਤ ਮਰਯਾਦਾ, ਪੰਨਾ ੨੭)।
ਭਰੂਣ-ਹੱਤਿਆ ਤੋਂ ਇਲਾਵਾ ਏਡਜ਼ ਜੋ ਕਿ ਸਮਾਜ ਵਿਚ ਮਾਰੂ ਸਥਿਤੀ ਪੈਦਾ ਕਰ ਰਹੀ ਹੈ। ਅਖ਼ਬਾਰੀ ਅੰਕੜੇ ਦੱਸਦੇ ਹਨ ਕਿ ਦੇਸ਼ ਭਰ ਵਿਚ ਲੱਗਭਗ ੫.੧ ਮਿਲੀਅਨ ਲੋਕ ਇਸ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹਨ। ਇਕ ਅੰਦਾਜ਼ੇ ਮੁਤਾਬਕ ੫ ਲੱਖ ਤੋਂ ਵਧੇਰੇ ਟਰੱਕ ਡਰਾਈਵਰ ਅਤੇ ਉਨ੍ਹਾਂ ਦੇ ਸਹਾਇਕ ਇਸ ਬੀਮਾਰੀ ਤੋਂ ਪੀੜਿਤ ਹਨ। ਡਰ ਅਤੇ ਸ਼ਰਮ ਕਾਰਨ ਇਸ ਬੀਮਾਰੀ ਤੋਂ ਪੀੜਤ ਲੋਕ ਅੱਗੇ ਨਹੀਂ ਆ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਮਾਜ ਵਿਚ ਅਜਿਹੀ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਮਨੁੱਖ ਨੂੰ ਪ੍ਰੇਰਿਤ ਕਰਦੀਆਂ ਹਨ। ਏਡਜ਼ ਫੈਲਣ ਦਾ ਇਕ ਤਰੀਕਾ ਪਰ-ਪੁਰਸ਼/ ਪਰ-ਇਸਤਰੀ ਨਾਲ ਸੰਬੰਧ ਪੈਦਾ ਹੋਣਾ ਮੰਨਿਆ ਗਿਆ ਹੈ ਜੋ ਕਿ ਅੱਗੇ ਜਾ ਕੇ ਉਸ ਵਿਅਕਤੀ ਦੇ ਆਪਣੇ ਪਰਵਾਰ ਨੂੰ ਵੀ ਬਰਬਾਦ ਕਰ ਦਿੰਦੀ ਹੈ। ਗੁਰਬਾਣੀ ਸਪਸ਼ਟ ਤੌਰ ’ਤੇ ਸਿੱਖ ਨੂੰ ਇਹ ਜੀਵਨ-ਜਾਚ ਪੇਸ਼ ਕਰਦੀ ਹੈ ਕਿ ਉਹ ਆਪਣੀ ਪਤਨੀ ਤੋਂ ਇਲਾਵਾ ਬਾਕੀ ਸਮੂਹ ਇਸਤਰੀਆਂ ਨਾਲ ਭੈਣਾਂ ਵਾਲਾ ਵਿਹਾਰ ਰੱਖੇ। ਭਾਈ ਗੁਰਦਾਸ ਜੀ ਕਥਨ ਕਰਦੇ ਹਨ :
ਏਕਾ ਨਾਰੀ ਜਤੀ ਹੋਇ ਪਰਨਾਰੀ ਧੀ ਭੈਣ ਵਖਾਣੈ। (ਵਾਰ ੬:੮)
ਏਡਜ਼ ਵਾਂਗ ਨਸ਼ੇ ਵੀ ਮਨੁੱਖੀ ਜੀਵਨ ਵਿਚ ਅਸੰਤੁਲਨ ਪੈਦਾ ਕਰਦੇ ਹਨ। ਨਸ਼ਾਯੁਕਤ ਵਿਅਕਤੀ ਦਾ ਪਰਵਾਰ ਤੰਗੀ ਦਾ ਸ਼ਿਕਾਰ ਰਹਿੰਦਾ ਹੈ। ਪਰਵਾਰ ਨੂੰ ਵਧਣ-ਫੁਲਣ ਅਤੇ ਸਮਾਜਿਕ ਵਿਕਾਸ ਵਿਚ ਰੁਕਾਵਟਾਂ ਆਉਂਦੀਆਂ ਹਨ। ਸ੍ਰੀ ਗੁਰੂ ਅਮਰਦਾਸ ਜੀ ਨਸ਼ੇ ਕਰਨ ਵਾਲੇ ਵਿਅਕਤੀ ਦੀ ਹਾਲਤ ਦਾ ਵਰਣਨ ਕਰਦੇ ਹੋਏ ਉਸ ਨੂੰ ਸਮਝਾਉਂਦੇ ਹਨ :
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (ਪੰਨਾ ੫੫੪)
ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜੋਗੀਆਂ ਨੇ ਨਸ਼ਿਆਂ ਦੇ ਸੇਵਨ ਰਾਹੀਂ ਕਰਮਕਾਂਡਾਂ ਨੂੰ ਜਨਮ ਦਿੱਤਾ ਜੋ ਕਿ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਦੇ ਮਾਰਗ ਵੱਲ ਜਾਣ ਤੋਂ ਰੋਕਦਾ ਹੈ :
ਪੋਸਤ ਭੰਗ ਸਰਾਬ ਦਾ ਚਲੈ ਪਿਆਲਾ ਭਗਤ ਭੁੰਚਾਇਆ।
ਵਜਨਿ ਬੁਰਗੂ ਸਿੰਙਆਂ ਸੰਖ ਨਾਦ ਰਹਰਾਸਿ ਕਰਾਇਆ।
ਆਦਿ ਪੁਰਖ ਆਦੇਸ ਕਰਿ ਅਲਖ ਜਗਾਇ ਨ ਅਲਖ ਲਖਾਇਆ। (ਵਾਰ ੩੯:੧੬)
ਇਸ ਤਰ੍ਹਾਂ ਇਹ ਮਨੁੱਖੀ ਵਿਕਾਰ ਮਨੁੱਖ ਨੂੰ ਸਦਾਚਾਰ ਦੇ ਮਾਰਗ ’ਤੇ ਜਾਣ ਤੋਂ ਰੋਕਦੇ ਹਨ। ਬਾਹਰੀ ਤੌਰ ’ਤੇ ਦਿਖਾਈ ਦੇ ਰਹੇ ਇਹ ਅਨੈਤਿਕ ਕਰਮ ਸਮਾਜਿਕ ਕਦਰਾਂ-ਕੀਮਤਾਂ ਵਿਚ ਵਿਘਨ ਪਾਉਂਦੇ ਹਨ। ਗੁਰਬਾਣੀ ਮਨੁੱਖ ਦੇ ਅਨੈਤਿਕ ਕਰਮਾਂ ਦਾ ਮੂਲ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਵਿਚ ਵੇਖਦੀ ਹੈ ਅਤੇ ਸਪੱਸ਼ਟ ਕਰਦੀ ਹੈ ਕਿ ਬਾਹਰੀ ਤੌਰ ’ਤੇ ਦਿਖਾਈ ਦੇ ਰਹੇ ਇਹ ਅਨੈਤਿਕ ਕਰਮ ਆਪਣੇ ਆਪ ਹੀ ਦੂਰ ਹੋ ਜਾਣਗੇ ਜੇ ਕਰ ਵਿਕਾਰਾਂ ’ਤੇ ਕਾਬੂ ਪਾ ਲਿਆ ਜਾਵੇ ਅਤੇ ਗੁਣਾਂ ਨੂੰ ਪ੍ਰਗਟ ਕੀਤਾ ਜਾ ਸਕੇ। ਸ੍ਰੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਪੰਜ ਔਗੁਣਾਂ ਤੋਂ ਦੂਰ ਰਹਿਣ ਲਈ ਪੰਜ ਗੁਣਾਂ (ਸੱਚ, ਧਰਮ, ਗਿਆਨ, ਸ਼ਾਂਤੀ, ਸਹਿਜ) ਨੂੰ ਧਾਰਨ ਕਰਨਾ ਜ਼ਰੂਰੀ ਹੈ :
ਪੰਚ ਮਨਾਏ ਪੰਚ ਰੁਸਾਏ॥
ਪੰਚ ਵਸਾਏ ਪੰਚ ਗਵਾਏ॥ (ਪੰਨਾ ੪੩੦)
(੪) ਵਿਚਾਰ-ਵਟਾਂਦਰੇ ਦੀ ਪਿਰਤ : ਸਮਾਜ ਵਿਚ ਤਰੱਕੀ ਕਾਰਨ ਵੱਖ-ਵੱਖ ਧਰਮਾਂ ਅਤੇ ਫਿਰਕੇ ਦੇ ਲੋਕਾਂ ਦਾ ਆਪਸੀ ਮੇਲਜੋਲ ਵਧਿਆ ਜਿਸ ਨਾਲ ਆਮ ਲੋਕਾਂ ਨੂੰ ਇਕ ਦੂਜੇ ਦੇ ਨੇੜੇ ਆਉਣ ਦਾ ਮੌਕਾ ਮਿਲਿਆ। ਆਮ ਲੋਕਾਂ ਦੇ ਵਟਾਂਦਰੇ ਨਾਲ ਜਿੱਥੇ ਸਮਾਜ ਨੇ ਵਿਕਾਸ ਕੀਤਾ ਉਥੇ ਨਾਲ ਹੀ ਧਾਰਮਕ ਭੇਦ-ਭਾਵ ਵੀ ਸਾਹਮਣੇ ਆਇਆ। ਆਧੁਨਿਕ ਸਮਾਜ ਵਿਚ ਇਸ ਸਮੱਸਿਆ ਨਾਲ ਨਜਿੱਠਣ ਲਈ ਵਿਚਾਰ-ਵਟਾਂਦਰੇ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਦਾ ਵਿਸਤਾਰ ਸਹਿਤ ਵਰਣਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੇਖਣ ਨੂੰ ਮਿਲਦਾ ਹੈ। ਸਿੱਖ ਗੁਰੂ ਸਾਹਿਬਾਨ ਨੇ ਸਿੱਖਾਂ ਅੰਦਰ ਵਿਚਾਰ-ਚਰਚਾ ਦੀ ਨਵੀਂ ਪਿਰਤ ਪਾਈ ਜਿਸ ਰਾਹੀਂ ਪਹਿਲਾਂ ਦੂਜਿਆਂ ਦੇ ਵਿਚਾਰ ਸੁਣੋ, ਫਿਰ ਆਪਣੀ ਗੱਲ ਕਹੋ, ਜੋ ਕਿ ਸਮਕਾਲੀ ਸਮਾਜ ਵਿੱਚੋਂ ਅਲੋਪ ਨਜ਼ਰ ਆ ਰਹੀ ਸੀ। ਵਿਚਾਰ-ਵਟਾਂਦਰੇ ਤੋਂ ਦੂਰ ਸਮਾਜ ਵਿਚ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਵਿਅਕਤੀ ਆਪਣੀ ਗੱਲ ਲੋਕਾਂ ’ਤੇ ਥੋਪ ਰਹੇ ਸਨ ਜਿਸ ਨਾਲ ਸਮਾਜ ਵਿਚ ਅਰਾਜਕਤਾ ਫੈਲ ਰਹੀ ਸੀ। ਮਨੁੱਖੀ ਜੀਵਨ ਦਾ ਸੁਭਾਅ ਹੈ ਕਿ ਜਦੋਂ ਤਕ ਉਹ ਇਸ ਦੁਨਿਆਵੀ ਜਗਤ ਦਾ ਹਿੱਸਾ ਹੈ ਉਦੋਂ ਤਕ ਉਹ ਇਕਾਂਤ ਵਿਚ ਨਹੀਂ ਰਹਿ ਸਕਦਾ, ਭਾਵ ਸਮਾਜ ਵਿਚ ਰਹਿਣ ਕਰਕੇ ਇਕ ਮਨੁੱਖ ਦਾ ਦੂਜੇ ਮਨੁੱਖ ਨਾਲ ਮੇਲਜੋਲ ਵਧਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ :
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਪੰਨਾ ੬੬੧)
ਇਕ ਦੂਜੇ ਨਾਲ ਮੇਲ-ਜੋਲ ਵਿੱਚੋਂ ਗੁਣ ਅਤੇ ਔਗੁਣ ਦੋਵੇਂ ਹੀ ਪ੍ਰਗਟ ਹੁੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੇਲ-ਜੋਲ ਵਿੱਚੋਂ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ:
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (ਪੰਨਾ ੭੬੬)
ਇਸ ਬਿਰਤੀ ਨਾਲ ਦੂਜੇ ਵਿਅਕਤੀ ਦੁਆਰਾ ਧਾਰਨ ਕੀਤੇ ਚੰਗੇ ਗੁਣਾਂ ਦਾ ਪਤਾ ਲੱਗਦਾ ਹੈ ਅਤੇ ਉਨ੍ਹਾਂ ਨੂੰ ਗ੍ਰਹਿਣ ਕਰਨ ਦਾ ਮੌਕਾ ਮਿਲਦਾ ਹੈ। ਵਿਚਾਰ-ਵਟਾਂਦਰੇ ਰਾਹੀਂ ਚੰਗੇ ਗੁਣਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਵੱਖ-ਵੱਖ ਧਰਮਾਂ ਦੇ ਮੁਖੀਆਂ ਨੂੰ ਮਿਲੇ ਅਤੇ ਵਿਚਾਰ-ਵਟਾਂਦਰੇ ਰਾਹੀਂ ਉਨ੍ਹਾਂ ਦੇ ਮਨ ਬਦਲ ਦਿੱਤੇ। ਬ੍ਰਾਹਮਣਾਂ, ਮੌਲਾਣਿਆਂ ਅਤੇ ਜੋਗੀਆਂ ਨਾਲ ਚਰਚਾ ਦਾ ਮੁੱਖ ਵਿਸ਼ਾ ਸੱਚੇ ਆਚਰਨ ’ਤੇ ਕੇਂਦਰਿਤ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦ੍ਰਿੜ੍ਹਤਾ ਪੂਰਵਕ ਕਿਹਾ ਕਿ ਸੱਚੇ ਆਚਾਰ ਨਾਲ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ :
ਸੁਚਿ ਹੋਵੈ ਤਾ ਸਚੁ ਪਾਈਐ॥ (ਪੰਨਾ ੪੭੨)
ਵਿਚਾਰ-ਵਟਾਂਦਰੇ ਨਾਲ ਕਿਸੇ ਵੀ ਗੱਲ ਦੇ ਤੱਤ ਤਕ ਪੁੱਜਿਆ ਜਾ ਸਕਦਾ ਹੈ। ਅਜੋਕੇ ਸਮੇਂ ਵਿਚ ਵਿਚਾਰ-ਵਟਾਂਦਰੇ ਦਾ ਇਹ ਸੰਕਲਪ ਅੰਤਰ-ਰਾਸ਼ਟਰੀ ਪੱਧਰ ’ਤੇ ਉਜਾਗਰ ਹੋ ਚੁੱਕਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਚਾਰ-ਵਟਾਂਦਰੇ ਦੀ ਪਿਰਤ ਦਾ ਵਿਸਤਾਰ ਸਹਿਤ ਵਰਣਨ ਕੀਤਾ ਗਿਆ ਹੈ ਜੋ ਕਿ ਆਧੁਨਿਕ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਉਂਦਾ ਹੈ।
(੫) ਮਨੁੱਖੀ ਭਾਈਚਾਰਾ : ਗੁਰਬਾਣੀ ਮਨੁੱਖੀ ਵਿਕਾਸ ਲਈ ਭਾਈਚਾਰੇ ਅਤੇ ਏਕਤਾ ਦਾ ਮਾਰਗ ਦਰਸਾਉਂਦੀ ਹੈ। ਸਮੇਂ ਦੇ ਸਮਾਜ ਵਿਚ ਪ੍ਰਚੱਲਿਤ ਆਸ਼ਰਮ-ਵਿਵਸਥਾ ਦਾ ਵਿਰੋਧ ਕਰਦੇ ਹੋਏ ਗੁਰੂ ਸਾਹਿਬਾਨ ਨੇ ਜਿੱਥੇ ਜੀਵਨ ਦੇ ਹਰ ਪਹਿਲੂ ਵਿਚ ਹਰ ਤਰ੍ਹਾਂ ਦੇ ਕੰਮ ਕਰਨ ਦੀ ਪਿਰਤ ਪਾਈ ਅਤੇ ਉਥੇ ਨਾਲ ਹੀ ਸਮਕਾਲੀ ਵਰਨ-ਵਿਵਸਥਾ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਕਿ ਸਭ ਮਨੁੱਖ ਬਰਾਬਰ ਹਨ। ਸਭ ਮਨੁੱਖਾਂ ਵਿਚ ਇੱਕ ਪਰਮਾਤਮਾ ਦੀ ਜੋਤ ਵਿਦਮਾਨ ਹੈ:
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ ੧੩)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਸਮੁੱਚੀ ਮਾਨਵਤਾ ਪਰਮਾਤਮਾ ਦੀ ਰਚਨਾ ਹੈ ਇਸ ਰਚਨਾ ਵਿਚ ਕੋਈ ਊਚ-ਨੀਚ ਅਤੇ ਭੇਦਭਾਵ ਨਹੀਂ ਹੈ। ਮਨੁੱਖਾਂ ਦੁਆਰਾ ਪਾਈਆਂ ਗਈਆਂ ਵੰਡੀਆਂ ਪਰਮਾਤਮਾ ਦੇ ਸਿਧਾਂਤ ਦੇ ਅਨੁਕੂਲ ਨਹੀਂ, ਇਸ ਕਰਕੇ ਗੁਰੂ-ਉਪਦੇਸ਼ ਸਮੂਹ ਜਾਤਾਂ, ਕੌਮਾਂ, ਨਸਲਾਂ ਆਦਿ ਲਈ ਸਾਂਝਾ ਹੈ :
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ ੭੪੭)
ਭਗਤ ਕਬੀਰ ਜੀ ਨੇ ਪਰਮਾਤਮਾ ਦੀ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹੋਏ ਕਿਹਾ :
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ ੧੩੪੯)
ਗੁਰਬਾਣੀ ਨੇ ਮਨੁੱਖਤਾ ਨੂੰ ਦ੍ਰਿੜ੍ਹ ਕਰਾਇਆ ਕਿ ਸੱਚ ਇੱਕ ਹੈ ਅਤੇ ਇਹ ਸੱਚ ਕਿਸੇ ਵੀ ਸਮੇਂ ਅਤੇ ਸਥਾਨ ਵਿਚ ਪ੍ਰਗਟ ਹੋ ਸਕਦਾ ਹੈ। ਭਗਤ ਕਬੀਰ ਜੀ, ਭਗਤ ਫਰੀਦ ਜੀ, ਭਗਤ ਰਾਮਾਨੰਦ ਜੀ, ਭਗਤ ਸਧਨਾ ਜੀ, ਭਗਤ ਪੀਪਾ ਜੀ, ਭਗਤ ਧੰਨਾ ਜੀ ਆਦਿ ਭਗਤ ਸਾਹਿਬਾਨ ਅਤੇ ਭੱਟ ਬਾਣੀਕਾਰਾਂ ਨੇ ਪ੍ਰਗਟ ਹੋਏ ਸੱਚ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਿਚ ਮੋਹਰੀ ਭੂਮਿਕਾ ਨਿਭਾਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਸਮੇਂ ਗੁਰੂ ਸਾਹਿਬਾਨ ਦੇ ਨਾਲ ੧੫ ਭਗਤ ਸਾਹਿਬਾਨ, ੧੧ ਭੱਟ ਸਾਹਿਬਾਨ ਅਤੇ ੪ ਗੁਰੂ ਕੇ ਸਿੱਖਾਂ ਦੀ ਬਾਣੀ ਦਰਜ ਕੀਤੀ। ਬਾਣੀ ਦਰਜ ਕਰਨ ਸਮੇਂ ਕਿਸੇ ਕਿਸਮ ਦੀ ਅਖੌਤੀ ਵਰਗ-ਵੰਡ, ਜਾਤ, ਨਸਲ, ਕੌਮ ਅਤੇ ਭੂਗੋਲਿਕ ਖਿੱਤਿਆਂ ਦੀ ਪਰਵਾਹ ਨਹੀਂ ਕੀਤੀ। ਬਾਣੀ ਦਰਜ ਕਰਨ ਦਾ ਉਦੇਸ਼ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਕਰਨ ਦੇ ਨਾਲ-ਨਾਲ ਪਰਮਾਤਮਾ ਦੀ ਏਕਤਾ ਨੂੰ ਸਥਾਪਤ ਕਰਨਾ ਸੀ।
ਅਜੋਕੇ ਸਮੇਂ ਵਿਚ ਜਦੋਂ ਇਕ ਮਨੁੱਖ ਦੂਜੇ ਮਨੁੱਖ ਤੋਂ ਸਮਾਜਿਕ ਅਤੇ ਭਾਵਨਾਤਮਕ ਤੌਰ ’ਤੇ ਦੂਰ ਜਾ ਰਿਹਾ ਹੈ ਤਾਂ ਗੁਰੂ ਗ੍ਰੰਥ ਸਾਹਿਬ ’ਚ ਅੰਕਿਤ ਪਾਵਨ ਬਾਣੀ ਮਨੁੱਖ ਨੂੰ ਇਹ ਸੇਧ ਅਤੇ ਅਗਵਾਈ ਪ੍ਰਦਾਨ ਕਰਦੀ ਹੈ ਕਿ ਉਹ ਸਮਾਜ ਵਿਚ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰੇ। ਪਰਵਾਰ, ਕੌਮ, ਦੇਸ਼ ਅਤੇ ਵਿਦੇਸ਼, ਜਿੱਥੇ ਵੀ ਮਨੁੱਖ ਗੁਜ਼ਰ-ਬਸਰ ਕਰ ਰਿਹਾ ਹੈ ਉਥੇ ਹੀ ਆਪਸੀ ਪ੍ਰੇਮ ਅਤੇ ਮਿਲਵਰਤਨ ਦੀ ਭਾਵਨਾ ਪੈਦਾ ਕਰੇ ਤਾਂ ਹੀ ਸਮਾਜ ਵਿਚ ਅਹਿੰਸਾ, ਸ਼ਾਂਤੀ ਅਤੇ ਸੰਤੁਲਨ ਕਾਇਮ ਰਹਿ ਸਕਦਾ ਹੈ। ਘਰੇਲੂ ਲੋੜਾਂ ਦੀ ਪੂਰਤੀ ਅਤੇ ਖੁਸ਼ਹਾਲੀ ਲਈ ਦੇਸ਼-ਵਿਦੇਸ਼ਾਂ ਵਿਚ ਜਾ ਵੱਸੇ ਹਰ ਮਨੁੱਖ ਲਈ ਗੁਰਬਾਣੀ ਸਮਾਜਿਕ ਭਾਈਚਾਰੇ ਦੀ ਭਾਵਨਾ ਕਾਇਮ ਰੱਖਣ ’ਤੇ ਜ਼ੋਰ ਦਿੰਦੀ ਹੈ ਅਤੇ ਨਾਲ ਹੀ ਦੂਜੇ ਧਰਮਾਂ ਨਾਲ ਮਿਲਵਰਤਨ ’ਤੇ ਜੋ਼ਰ ਦਿੰਦੀ ਹੋਈ ਸਪੱਸ਼ਟ ਕਰਦੀ ਹੈ ਕਿ ਆਪਣੇ ਧਰਮ ਵਿਚ ਪੱਕੇ ਰਹੋ ਅਤੇ ਦੂਜਿਆਂ ਦੇ ਧਰਮ ਦਾ ਸਤਿਕਾਰ ਕਰੋ।
(੬) ਮਨੁੱਖੀ ਅਧਿਕਾਰ : ਹਰ ਮਨੁੱਖ ਦੇ ਕੋਈ ਨਾ ਕੋਈ ਸਮਾਜਿਕ, ਆਰਥਿਕ, ਧਾਰਮਿਕ, ਕਾਨੂੰਨੀ, ਸਦਾਚਾਰਕ ਅਤੇ ਸਿੱਖਿਆ ਦੇ ਅਧਿਕਾਰ ਹੁੰਦੇ ਹਨ। ਹਰ ਮਨੁੱਖ ਇਹ ਚਾਹੁੰਦਾ ਹੈ ਕਿ ਧਾਰਮਿਕ ਪੱਧਰ ’ਤੇ ਉਸ ਨੂੰ ਧਾਰਮਿਕ ਕ੍ਰਿਆਵਾਂ ਕਰਨ, ਸਮਾਜ ਵਿਚ ਬਰਾਬਰੀ ਦੀ ਭਾਵਨਾ ਦਾ ਹਿੱਸੇਦਾਹ ਹੋਣ, ਆਰਥਿਕ ਤੌਰ ’ਤੇ ਮਿਹਨਤ ਦਾ ਪੂਰਾ ਮੁੱਲ ਗ੍ਰਹਿਣ ਕਰਨ, ਕਾਨੂੰਨੀ ਪੱਧਰ ’ਤੇ ਨਿਆਂ ਹਾਸਲ ਕਰਨ, ਸਦਾਚਾਰ ਵਜੋਂ ਉਸ ਦੀ ਸਲਾਹ ਪ੍ਰਭਾਵਸ਼ਾਲੀ ਹੋਣ ਅਤੇ ਸਿੱਖਿਆ ਪੱਖੋਂ ਪੜ੍ਹਾਈ ਦਾ ਅਧਿਕਾਰ ਹਾਸਲ ਹੋਣਾ ਚਾਹੀਦਾ ਹੈ।
ਇਥੇ ਇਹ ਵਰਣਨਯੋਗ ਹੈ ਕਿ ‘ਚਾਹੀਦਾ’ ਦਾ ਅਰਥ ‘ਹੋਣਾ’ ਨਹੀਂ ਹੈ ਭਾਵ ਮਨੁੱਖ ਕਈ ਤਰ੍ਹਾਂ ਦੇ ਅਧਿਕਾਰ ਹਾਸਲ ਕਰਨਾ ਚਾਹੁੰਦਾ ਹੈ ਪਰ ਉਸ ਨੂੰ ਉਹ ਅਧਿਕਾਰ ਹਾਸਲ ਨਹੀਂ ਹੁੰਦੇ। ਸਮਾਜ ਦੇ ਦੂਜੇ ਪ੍ਰਭਾਵਸ਼ਾਲੀ ਅਤੇ ਤਾਕਤਵਰ ਵਰਗ ਮਨੁੱਖੀ ਅਧਿਕਾਰਾਂ ਵਿਚ ਵਿਘਨ ਪਾਉਂਦੇ ਨਜ਼ਰ ਆਉਂਦੇ ਹਨ। ਇਹ ਪ੍ਰਭਾਵਸਾ਼ਲੀ ਵਰਗ ਹਰ ਹੀਲੇ ਅਤੇ ਜੋ਼ਰ ਨਾਲ ਆਪਣੀ ਗ਼ਲਤ ਗੱਲ ਮਨਵਾਉਣੀ ਅਤੇ ਦੂਜਿਆਂ ਦੀ ਸਹੀ ਗੱਲ ਨੂੰ ਗ਼ਲਤ ਸਾਬਤ ਕਰਨ ਵਿਚ ਜੋ਼ਰ ਲਾ ਦਿੰਦੇ ਹਨ। ਅਜਿਹੀ ਸਥਿਤੀ ਭਾਰਤ ਵਰਗੇ ਦੇਸ਼ ਵਿਚ ਵੱਖ-ਵੱਖ ਸਮਿਆਂ ਵਿਚ ਵੇਖਣ ਨੂੰ ਮਿਲਦੀ ਹੈ। ਅਜਿਹੇ ਹੀ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਇਕ ਪ੍ਰਸਿੱਧ ਉਦਾਹਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਾਹਮਣੇ ਆਉਂਦੀ ਹੈ ਜਿਸ ਦਾ ਵਰਣਨ ਗੁਰੂ ਗ੍ਰੰਥ ਸਾਹਿਬ ਵਿਚ ਕਰਦੇ ਹੋਏ ਗੁਰੂ ਜੀ ਕਹਿੰਦੇ ਹਨ:
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ (ਪੰਨਾ ੭੧੭)
ਸਮੇਂ ਦੀ ਹਕੂਮਤ ਦਾ ਇਹ ਫਰਜ਼ ਹੈ ਕਿ ਉਹ ਆਪਣੀ ਪਰਜਾ ਦੇਸ਼ ਵਾਸੀਆਂ ਦੀ ਰੱਖਿਆ ਕਰੇ, ਉਨ੍ਹਾਂ ਨੂੰ ਨਿਆਂ ਦੇਵੇ ਅਤੇ ਬਾਹਰੀ ਹਮਲਿਆਂ ਤੋਂ ਬਚਾਏ। ਜੇਕਰ ਸਮੇਂ ਦੀ ਹਕੂਮਤ ਆਪਣੀ ਪਰਜਾ ਨੂੰ ਬਚਾਉਣ ਅਤੇ ਨਿਆਂ ਦੇਣ ਵਿਚ ਅਸਫਲ ਰਹਿੰਦੀ ਹੈ ਤਾਂ ਦੇਸ਼-ਵਾਸੀਆਂ ਦੇ ਮਨਾਂ ਵਿਚ ਅਸ਼ਾਂਤੀ ਅਤੇ ਅਰਾਜਕਤਾ ਦੀ ਭਾਵਨਾ ਫੈਲ ਜਾਂਦੀ ਹੈ ਜੋ ਕਿ ਦੇਸ਼ ਨੂੰ ਕਮਜੋ਼ਰ ਕਰਨ ਲਈ ਜ਼ਿੰਮੇਵਾਰ ਹੁੰਦੀ ਹੈ। ਕਿਸੇ ਵੀ ਦੇਸ਼ ਦੀ ਅੰਦਰੂਨੀ ਸਥਿਤੀ ਉੱਤੇ ਹੀ ਬਾਹਰੀ ਹਮਲੇ ਨਿਰਭਰ ਕਰਦੇ ਹਨ ਜੇਕਰ ਦੇਸ਼-ਵਾਸੀ ਦੇਸ਼ ਨੂੰ ਪ੍ਰੇਮ ਕਰਦੇ ਹਨ ਤਾਂ ਵੱਡੀਆਂ ਤੋਂ ਵੱਡੀਆਂ ਤਾਕਤਾਂ ਵੀ ਉਸ ਦੇਸ਼ ’ਤੇ ਹਮਲਾ ਕਰਨ ਤੋਂ ਝਿਜਕਦੀਆਂ ਹਨ। ਅਸ਼ੋਕ ਦੀ ਕਾਲਿੰਗਾ ’ਤੇ ਜਿੱਤ ਖੂਨੀ ਯੁੱਧ ਦੀ ਗਵਾਹੀ ਭਰਦੀ ਹੈ ਜਿਸ ਵਿਚ ਅਸੋ਼ਕ ਦੀਆਂ ਭਾਰੀ ਫੌਜਾਂ ਦਾ ਮੁਕਾਬਲਾ ਕਾਲਿੰਗਾ ਦੇ ਹਰ ਆਮ ਨਾਗਰਿਕ ਨੇ ਕੀਤਾ ਜਿਸ ਨਾਲ ਅਸੋ਼ਕ ਨੂੰ ਕਾਲਿੰਗਾ ਜਿੱਤਣ ਵਿਚ ਮੁਸ਼ਕਲ ਪੇਸ਼ ਆਈ। ਅਸ਼ੋਕ ਨੇ ਆਪਣੀ ਤਾਕਤ ਨਾਲ ਕਾਲਿੰਗਾ ’ਤੇ ਬਾਹਰੀ ਤੌਰ ’ਤੇ ਨਜ਼ਰ ਆਉਣ ਵਾਲੀ ਜਿੱਤ ਹਾਸਲ ਕਰ ਲਈ ਪਰ ਇਸ ਬੇਹੱਦ ਖੂਨੀ ਯੁੱਧ ਨੇ ਉਸ ਦਾ ਜੀਵਨ ਹੀ ਬਦਲ ਦਿੱਤਾ। ਕਾਲਿੰਗਾ ਦੇ ਯੁੱਧ ਨੇ ਸਾਬਤ ਕਰ ਦਿੱਤਾ ਕਿ ਮਨੁੱਖੀ ਅਧਿਕਾਰਾਂ ਦੇ ਪਾਲਣ ਨਾਲ ਹੀ ਕੋਈ ਦੇਸ਼ ਮਜ਼ਬੂਤ ਹੁੰਦਾ ਹੈ। ਬਾਬਰ ਦੇ ਭਾਰਤ ਤੇ ਹਮਲੇ ਸਮੇਂ ਇਥੋਂ ਦੇ ਸ਼ਾਸਕ ਆਪਣੀ ਪਰਜਾ ਨੂੰ ਨਿਆਂ ਅਤੇ ਸੁਰੱਖਿਆ ਦੇਣ ਵਿਚ ਅਸਫਲ ਰਹੇ। ਇਥੋਂ ਦੇ ਹਾਕਮਾਂ ਦੀ ਤਸਵੀਰ ਪੇਸ਼ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਦੇ ਹਨ:
ਕਾਜੀ ਹੋਇ ਕੈ ਬਹੈ ਨਿਆਇ॥
ਫੇਰੇ ਤਸਬੀ ਕਰੇ ਖੁਦਾਇ॥
ਵਢੀ ਲੈ ਕੈ ਹਕੁ ਗਵਾਏ॥ (ਪੰਨਾ ੯੫੧)
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿੑ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿੑ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ ੧੨੮੮)
ਸਮਾਜ ਦੀ ਅਜਿਹੀ ਅਵਸਥਾ ਮਨੁੱਖੀ ਜੀਵਨ ਦਾ ਅਧਿਆਤਮਕ ਅਤੇ ਸਦਾਚਾਰਕ ਵਿਕਾਸ ਰੋਕ ਦਿੰਦੀ ਹੈ। ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਲੱਗਦਾ ਹੈ ਅਤੇ ਸਮਾਜਕ ਵਿਵਸਥਾ ਤਹਿਸ-ਨਹਿਸ ਹੋ ਜਾਂਦੀ ਹੈ। ਗੁਰੂ ਜੀ ਨੇ ਪਤਨ ਵੱਲ ਜਾ ਰਹੀ ਰਾਜਨੀਤਿਕ ਸ਼ਕਤੀ ਨੂੰ ਸਦਾਚਾਰ ਵੱਲ ਮੋੜਨ ਲਈ ਆਮ ਲੋਕਾਂ ਨੂੰ ਵੰਗਾਰ ਦਿੰਦੇ ਹੋਏ ਕਿਹਾ :
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ ੧੪੨)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੋਕਾਂ ਨੂੰ ਅੱਗੇ ਆਉਣ ਦੀ ਵੰਗਾਰ ਦਿੱਤੀ ਅਤੇ ਨਾਲ ਹੀ ਇਹ ਸਪੱਸ਼ਟ ਕਰ ਦਿੱਤਾ ਕਿ ਜੋ ਵੀ ਵਿਅਕਤੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੁੰਦਾ ਹੈ ਉਹ ਆਪਣੀ ਜਾਨ ਦੀ ਪਰਵਾਹ ਨਾ ਕਰੇ :
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ ੧੪੧੨)
ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਖਾਲਸੇ ਦਾ ਜੀਵਨ ਉਦੇਸ਼ ਨਿਰਧਾਰਤ ਕੀਤਾ ਗਿਆ ਕਿ ਉਹ ਗ਼ਰੀਬਾਂ ਅਤੇ ਨਿਤਾਣਿਆਂ ਦੀ ਰਾਖੀ ਲਈ ਵਚਨਬੱਧ ਰਹੇਗਾ। ਭਾਈ ਨੰਦ ਲਾਲ ਜੀ ਖਾਲਸੇ ਦੀ ਮਨੁੱਖੀ ਅਧਿਕਾਰਾਂ ਪ੍ਰਤੀ ਦ੍ਰਿੜ੍ਹਤਾ ਦਾ ਵਰਣਨ ਕਰਦੇ ਹੋਏ ਕਹਿੰਦੇ ਹਨ :
ਖਾਲਸਾ ਸੋਇ ਸ਼ਸਤਰ ਕੋ ਧਾਰੈ॥
ਖਾਲਸਾ ਸੋਇ ਦੁਸ਼ਟ ਕੋ ਮਾਰੈ॥ (ਤਨਖਾਹਨਾਮਾ, ੫੪)
ਮਨੁੱਖੀ ਅਧਿਕਾਰਾਂ ਦਾ ਜੋ ਰੂਪ ਅੱਜ ਨਜ਼ਰ ਆ ਰਿਹਾ ਹੈ ਉਹ ਪਹਿਲੇ ਸਮਾਜ ਵਿਚ ਕਿਤੇ ਵੀ ਨਜ਼ਰ ਨਹੀਂ ਆਉਂਦਾ। ਪਹਿਲੇ ਸਮਿਆਂ ਵਿਚ ਦ੍ਰਿਸ਼ਟ ਤੌਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਸੀ ਅਤੇ ਪ੍ਰਤੱਖ ਤੌਰ ’ਤੇ ਉਸ ਦਾ ਜੁਆਬ ਦਿੱਤਾ ਜਾਂਦਾ ਸੀ। ਅਜੋਕੇ ਸਮੇਂ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਸੂਖ਼ਮ ਤਕਨੀਕਾਂ ਸਾਹਮਣੇ ਆਈਆਂ ਹਨ ਜਿੱਥੇ ਲੋਕਤੰਤਰੀ ਪ੍ਰਕਿਰਿਆ ਵਿਚ ਦੇਸ਼ ਦੇ ਕਈ ਆਗੂ ਹੀ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ। ਅਜਿਹੇ ਸਮੇਂ ਲੋਕਾਂ ਨੂੰ ਵੀ ਨਵੇਂ ਤੌਰ-ਤਰੀਕਿਆਂ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਆਬ ਦੇਣਾ ਚਾਹੀਦਾ ਹੈ, ਭਾਵ ਲੋਕਤੰਤਰ ਵਿਚ ਚੁਣਨ ਦੀ ਪ੍ਰਕਿਰਿਆ ਸਮੇਂ ਇਨ੍ਹਾਂ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ। ਭ੍ਰਿਸ਼ਟ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਕਥਿਤ ਆਗੂਆਂ ਦਾ ਟਾਕਰਾ ਕਰਨ ਲਈ ਜਨ-ਚੇਤਨਾ ਦੀ ਲੋੜ ਪੈਂਦੀ ਹੈ। ਗੁਰਬਾਣੀ ਅਜਿਹੀ ਹੀ ਜਨ-ਚੇਤਨਾ ਉਜਾਗਰ ਕਰਨ ਦਾ ਮਾਰਗ ਦਰਸਾਉਂਦੀ ਹੈ। ਇਸ ਦੇ ਨਾਲ ਹੀ ਗੁਰਬਾਣੀ ਦੁਨੀਆਂ ਵਿਚ ਕਿਤੇ ਵੀ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪ੍ਰਤੀ ਚੇਤਨਾ ਪੈਦਾ ਕਰਨ ਵਿਚ ਯੋਗਦਾਨ ਪਾ ਰਹੀ ਹੈ। ਦੁਨੀਆਂ ਦੇ ਜਿਸ ਵੀ ਕੋਨੇ ਵਿਚ ਗੁਰੂ ਦੇ ਨਾਮ-ਲੇਵਾ ਸਿੱਖ ਬੈਠੇ ਹਨ ਉਹ ਉਸ ਆਪਣੇ-ਆਪਣੇ ਦੇਸ਼ ਦੇ ਕਾਨੂੰਨੀ ਢਾਂਚੇ ਅੰਦਰ ਰਹਿ ਕੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਸਕਦੇ ਹਨ ਅਤੇ ਇਸ ਸੰਬੰਧੀ ਪ੍ਰੇਰਨਾ ਅਤੇ ਅਗਵਾਈ ਪ੍ਰਦਾਨ ਕਰਨ ਵਿਚ ਗੁਰਬਾਣੀ ਅਹਿਮ ਭੂਮਿਕਾ ਨਿਭਾਉਂਦੀ ਹੈ। ਗੁਰਬਾਣੀ ਸਮੁੱਚੀ ਦੁਨੀਆਂ ਦਾ ਸਦਾਚਾਰਕ ਸਮਾਜ ਸਿਰਜਣ ਵਿਚ ਚਾਨਣ-ਮੁਨਾਰੇ ਵਜੋਂ ਕੰਮ ਕਰਦੀ ਹੈ:
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ (ਪੰਨਾ ੬੭)
ਲੇਖਕ ਬਾਰੇ
ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/August 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/September 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/November 1, 2010