editor@sikharchives.org
Sri Guru Granth Sahib Vich Rag Badh Kirtan Da Mahatav

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗਬਧ ਕੀਰਤਨ ਦਾ ਮਹੱਤਵ

ਗੁਰਬਾਣੀ ਦੀ ਰਾਗਬਧ ਕੀਰਤਨ-ਪਰੰਪਰਾ ਖ਼ੁਦ ਗੁਰੂ ਨਾਨਕ ਸਾਹਿਬ ਜੀ ਨੇ ਹੀ ਅਰੰਭ ਕਰ ਦਿੱਤੀ ਸੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਅਮਰਦਾਸ ਜੀ ਰਾਮਕਲੀ ਰਾਗ ਵਿਚਲੀ ਬਾਣੀ ‘ਅਨੰਦੁ’ ਦੀ ਪਹਿਲੀ ਪਉੜੀ ਵਿਚ ਸਤਿਗੁਰੂ ਦੀ ਪ੍ਰਾਪਤੀ ਤੋਂ ਮਿਲੇ ਅਨੰਦ ਦਾ ਵੇਰਵਾ ਦਿੰਦੇ ਹੋਏ ਫ਼ਰਮਾਉਂਦੇ ਹਨ:

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ॥
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ॥
ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ॥
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ॥   (ਪੰਨਾ 917)

ਸਹਿਜ ਅਵਸਥਾ ਰਾਹੀਂ ਸਤਿਗੁਰੂ ਦੀ ਪ੍ਰਾਪਤੀ ਹੋਣ ’ਤੇ ਅਜਿਹਾ ਅਨੰਦ ਪ੍ਰਾਪਤ ਹੁੰਦਾ ਹੈ ਕਿ ਅਮੋਲਕ ਰਾਗ ਆਪਣੇ ਪਰਵਾਰਾਂ (ਰਾਗਣੀਆਂ ਅਤੇ ਪੁੱਤਰਾਂ) ਸਮੇਤ ਹਰੀ ਦੀ ਸਿਫ਼ਤ-ਸਲਾਹ ਦੇ ਸ਼ਬਦ ਗਾਇਨ ਕਰਨ ਲਈ ਆ ਪਹੁੰਚਦੇ ਹਨ। ਅਨੰਦੁ ਸਾਹਿਬ ਵਿਚ ਹੀ ਗੁਰੂ ਜੀ ਨੇ ਸਤਿਗੁਰੂ ਦੇ ਪਿਆਰੇ ਸਿੱਖਾਂ ਨੂੰ ਸੱਚੀ ਬਾਣੀ ਭਾਵ ਗੁਰੂ ਦੀ ਬਾਣੀ ਨੂੰ ਗਾਉਣ ਦਾ ਸੱਦਾ ਵੀ ਦਿੱਤਾ ਹੋਇਆ ਹੈ।

ਜਗਤ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਜਪੁ’ ਬਾਣੀ ਵਿਚ ‘ਨਾਨਕ ਗਾਵੀਐ ਗੁਣੀ ਨਿਧਾਨੁ’ ਕਹਿਣ ਤੋਂ ਬਾਅਦ ਫ਼ਰਮਾਇਆ ਹੈ:

ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥  (ਪੰਨਾ 2)

ਸੁਖ ਭਾਵ ਅਨੰਦ ਦੀ ਪ੍ਰਾਪਤੀ ਦਾ ਮਾਰਗ ਹੀ ਇਹ ਹੈ ਕਿ ਗੁਰਬਾਣੀ ਨੂੰ ਗਾਵਿਆ ਅਤੇ ਸੁਣਿਆ ਜਾਵੇ ਅਤੇ ਮਨ ਵਿਚ ਗੁਰਬਾਣੀ ਦਾ ਪਿਆਰ ਉਪਜ ਕੇ ਦੁੱਖਾਂ ਦਾ ਨਾਸ਼ ਹੋਵੇ, ਫਿਰ ਸੁਖ ਦੀ ਪ੍ਰਾਪਤੀ ਹੋਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਧੇਰੇ ਬਾਣੀ ਬਾਕਾਇਦਾ ਰਾਗਾਂ ਵਿਚ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੁੱਖ 31 ਰਾਗ ਹਨ। ਰਾਗਾਂ ਅਨੁਸਾਰ ਬਾਣੀ ਨੂੰ ਤਰਤੀਬਵਾਰ ਸੰਪਾਦਿਤ ਕੀਤਾ ਗਿਆ ਹੈ। ਹਰੇਕ ਸ਼ਬਦ ਦੇ ਸ਼ੁਰੂ ਵਿਚ ਬਾਕਾਇਦਾ ਤੌਰ ’ਤੇ ਰਾਗ ਦਾ ਨਾਂ ਦਰਜ ਹੈ। ਕਿਸੇ ਕਿਸਮ ਦੇ ਭੁਲੇਖੇ ਦੀ ਕਿਤੇ ਕੋਈ ਗੁੰਜਾਇਸ਼ ਹੀ ਨਹੀਂ ਹੈ। ਰਾਗ ਗਉੜੀ ਵਿਚ ਬਾਣੀ ਦਰਜ ਕਰਦਿਆਂ ਵਿਸ਼ੇਸ਼ ਤੌਰ ’ਤੇ ਗਉੜੀ ਗੁਆਰੇਰੀ, ਗਉੜੀ ਪੂਰਬੀ ਦੀਪਕੀ, ਗਉੜੀ ਬੈਰਾਗਣਿ, ਗਉੜੀ ਪੂਰਬੀ, ਗਉੜੀ ਮਾਝ, ਗਉੜੀ, ਗਉੜੀ ਚੇਤੀ, ਗਉੜੀ ਮਾਲਾ ਆਦਿ ਦਾ ਸੰਕੇਤ ਵੱਖਰੇ ਤੌਰ ’ਤੇ ਸੰਬੰਧਿਤ ਸ਼ਬਦਾਂ ਤੋਂ ਪਹਿਲਾਂ ਦਰਜ ਹੈ ਤਾਂ ਕਿ ਕੀਰਤਨ ਕਰਨ ਵਾਲੇ ਲਈ ਸਪੱਸ਼ਟਤਾ ਰਹੇ ਕਿ ਕੋਈ ਸ਼ਬਦ ਕਿਵੇਂ ਅਤੇ ਕਿਸ ਬੰਦਿਸ਼ ਵਿਚ ਗਾਇਆ ਜਾਣਾ ਹੈ। ਇਸੇ ਤਰ੍ਹਾਂ ਰਾਗ ਆਸਾ ਵਿਚ ਰਾਗਣੀ ‘ਆਸਾਵਰੀ’ ਦਾ ਉਲੇਖ ਹੈ। ਕੀਰਤਨ ਕਰਨ ਵਾਲਿਆਂ ਲਈ ਆਸਾ ਦੀ ਵਾਰ ਦੇ ਸ਼ੁਰੂ ਵਿਚ ‘ਟੁੰਡੇ ਅਸਰਾਜੇ ਕੀ ਧੁਨੀ’ ਲਿਖ ਕੇ ਦੱਸ ਦਿੱਤਾ ਗਿਆ ਹੈ ਕਿ ਇਸ ਵਾਰ ਦੀਆਂ ਪਉੜੀਆਂ ਉਸ ਸੁਰ ਵਿਚ ਗਾਉਣੀਆਂ ਹਨ ਜਿਸ ਸੁਰ ਵਿਚ ਟੁੰਡੇ ਅਸਰਾਜੇ ਦੀ ਵਾਰ ਗਾਈ ਜਾਂਦੀ ਹੈ। ਗੂਜਰੀ ਕੀ ਵਾਰ ਮ: 3 ਦੇ ਅਰੰਭ ਵਿਚ ਗਾਇਨ ਕਰਨ ਵਾਲਿਆਂ ਲਈ ਸੰਦੇਸ਼ ਦਰਜ ਹੈ ‘ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ’। ਵਡਹੰਸ ਕੀ ਵਾਰ ਮ: 4 ਨੂੰ ‘ਲਲਾਂ ਬਹਲੀਮਾ ਕੀ ਧੁਨਿ’ ’ਤੇ ਗਾਉਣ ਦਾ ਆਦੇਸ਼ ਕੀਤਾ ਗਿਆ ਹੈ। ਰਾਮਕਲੀ ਕੀ ਵਾਰ ਮ: 3 ਦੇ ਨਾਲ ਗਾਉਣ ਲਈ ‘ਜੋਧੈ ਵੀਰੈ ਪੂਰਬਾਣੀ ਕੀ ਧੁਨੀ’ ਦਰਜ ਹੈ। ਸਾਰੰਗ ਕੀ ਵਾਰ ਮ: 4 ਨੂੰ ‘ਰਾਇ ਮਹਮੇ ਹਸਨੇ ਕੀ ਧੁਨਿ’ ’ਤੇ ਗਾਉਣ ਦੀ ਹਦਾਇਤ ਕੀਤੀ ਗਈ ਹੈ। ਵਾਰ ਮਲਾਰ ਕੀ ਮਹਲਾ 1 ਦੇ ਨਾਲ ‘ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ’ ਦਰਜ ਹੈ। ਇਸੇ ਤਰ੍ਹਾਂ ਕਾਨੜੇ ਕੀ ਵਾਰ ਮ: 4 ਦੇ ਨਾਲ ‘ਮੂਸੇ ਕੀ ਵਾਰ ਕੀ ਧੁਨਿ’ ਦਾ ਸੰਕੇਤ ਦਿੱਤਾ ਗਿਆ ਹੈ। ਵਾਰਾਂ ਨੂੰ ਕੀਰਤਨ ਕਰਨ ਲੱਗਿਆਂ ਰਾਗ ਵਿਚ ਗਾਉਂਦੇ ਸਮੇਂ ਵਾਰਾਂ ਦੀਆਂ ਪ੍ਰਚਲਿਤ ਲੋਕ-ਧੁਨਾਂ ’ਤੇ ਗਾਉਣ ਦੇ ਸੰਕੇਤ ਗੁਰੂ ਸਾਹਿਬਾਨ ਦੀ ਸੰਗੀਤ-ਸ਼ਾਸਤਰ ਪ੍ਰਤੀ ਡੂੰਘੀ ਅਤੇ ਅਥਾਹ ਪ੍ਰਪੱਕਤਾ ਦਾ ਪ੍ਰਗਟਾਵਾ ਕਰਦੇ ਹਨ। ਗੁਰਬਾਣੀ ਦੇ ਕੀਰਤਨ ਨੂੰ ਸਹੀ ਰਾਗ ਵਿਚ, ਸਹੀ ਸੁਰ ਵਿਚ ਅਤੇ ਸਹੀ ਧੁਨ ਵਿਚ ਕਿਵੇਂ ਕਰਨਾ ਹੈ, ਇਸ ਬਾਰੇ ਗੁਰੂ ਸਾਹਿਬਾਨ ਗੰਭੀਰ ਰੂਪ ਵਿਚ ਸੁਚੇਤ ਸਨ। ਕੋਈ ਸ਼ਬਦ, ਕੋਈ ਵਾਰ, ਕੋਈ ਪਉੜੀ, ਕੋਈ ਅਸ਼ਟਪਦੀ ਅਤੇ ਕੋਈ ਬਾਣੀ ਰਾਗ ਦੇ ਸੰਕੇਤ ਤੋਂ ਬਿਨਾਂ ਨਹੀਂ ਛੱਡੀ ਗਈ, ਬਸ਼ਰਤੇ ਕਿ ਉਹ ਰਾਗ ਵਿਚ ਦਰਜ ਹੋਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੋ-ਦੋ ਰਾਗਾਂ ਦਾ ਮਿਲਾਪ ਵੀ ਦਰਜ ਹੈ। ਰਾਗੁ ਬਸੰਤੁ ਵੱਖਰੇ ਤੌਰ ’ਤੇ ਵੀ ਹੈ ਅਤੇ ‘ਬਸੰਤੁ ਹਿੰਡੋਲੁ’ ਦੇ ਮਿਲਾਪ ਦੇ ਤੌਰ ’ਤੇ ਵੀ ਦਰਜ ਹੈ। ਇਸੇ ਤਰ੍ਹਾਂ ਰਾਗ ‘ਪਰਭਾਤੀ ਬਿਭਾਸ’ ਵਿਚ ਪ੍ਰਭਾਤੀ ਵੱਖਰੇ ਤੌਰ ’ਤੇ ਰਾਗ ਵਜੋਂ ਦਰਜ ਹੈ ਅਤੇ ਪ੍ਰਭਾਤੀ ਬਿਭਾਸ ਜਾਂ ਬਿਭਾਸ ਪ੍ਰਭਾਤੀ ਵਜੋਂ ਵੀ ਰਾਗਬਧ ਸ਼ਬਦ ਦਰਜ ਹਨ। ‘ਗੁਰੂ ਅਮਰਦਾਸ ਰਾਗ ਰਤਨਾਵਲੀ’ ਪੁਸਤਕ ਦੇ ਕਰਤਾ ਪ੍ਰੋ. ਤਾਰਾ ਸਿੰਘ ਜੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਗ੍ਰੰਥ ਹਨ ਜਿਨ੍ਹਾਂ ਵਿਚ ਇੰਨੇ ਮਿਸ਼ਰਤ ਰਾਗ ਨਾਮ ਪ੍ਰਾਪਤ ਹਨ। ਇਹ ਇਸ ਪਵਿੱਤਰ ਗ੍ਰੰਥ ਦੀ ਸੰਗੀਤ ਦੇ ਖੇਤਰ ਵਿਚ ਇਕ ਨਵੀਨ ਅਤੇ ਵਿਲੱਖਣ ਦੇਣ ਕਹੀ ਜਾ ਸਕਦੀ ਹੈ। ਇਸੇ ਪੁਸਤਕ ਦੇ ਕਰਤਾ ਨੇ ‘ਰਾਗੁ ਮਾਝ’ ਨੂੰ ਗੁਰੂ ਸਾਹਿਬਾਨ ਵੱਲੋਂ ਭਾਰਤੀ ਸੰਗੀਤ ਨੂੰ ‘ਇਕ ਅਨੂਪਮ ਦੇਣ’ ਕਰਾਰ ਦਿੱਤਾ ਹੈ। ਇਲਾਕੇ ਮਾਝੇ ਦੀ ਇਕ ਲੋਕ-ਧੁਨ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੀ ਰਬਾਬ ਦੀ ਮਿੱਠੀ ਸੁਰ ਵਿਚ ਇਲਾਹੀ ਬਾਣੀ ਦੇ ਗਾਇਨ ਲਈ ਵਰਤ ਕੇ ਇਸ ਨੂੰ ‘ਰਾਗ ਮਾਝ’ ਦਾ ਨਾਮ ਦੇ ਦਿੱਤਾ ਅਤੇ ਬਾਅਦ ਵਿਚ ਬਾਕੀ ਗੁਰੂ ਸਾਹਿਬਾਨ ਨੇ ਵੀ ਆਪਣੀ ਬਾਣੀ ਦੀ ਰਚਨਾ ਇਸ ਰਾਗ ਵਿਚ ਕੀਤੀ। ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਭਗਤ ਸਾਹਿਬਾਨ ਦੀ ਬਾਣੀ ਵੀ ਵੱਖ-ਵੱਖ ਸੰਬੰਧਿਤ ਰਾਗਾਂ ਵਿਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਤ ਕੀਤੀ ਹੈ।

ਬਾਣੀ ਦੇ ਰਚਨਹਾਰੇ ਸੰਗੀਤ ਦੀਆਂ ਡੂੰਘਾਈਆਂ ਤੋਂ ਜਾਣੂ ਸਨ। ਇਸੇ ਕਰਕੇ ਰਾਗ ਦੇ ਵੇਰਵੇ ਦੇ ਨਾਲ-ਨਾਲ ਸਤਾਰਾਂ ਘਰਾਂ ਵਿੱਚੋਂ ਘਰ ਦਾ ਵੇਰਵਾ ਬਾਕਾਇਦਾ ਦਰਜ ਹੈ ਕਿ ਕਿਸ ਸ਼ਬਦ ਨੂੰ ਕਿਸ ਘਰ ਵਿਚ ਗਾਉਣਾ ਹੈ। ਕਈ ਥਾਵਾਂ ’ਤੇ ਘਰ ਦੇ ਨਾਲ-ਨਾਲ ‘ਪੜਤਾਲ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਪੜਤਾਲ ਤੋਂ ਭਾਵ ਹੈ: ਪਰਤਾਓ ਤਾਲ, ਗਾਉਂਦੇ ਸਮੇਂ ਇਸ ਵਿਚ ਮੁੜ-ਮੁੜ ਤਾਲ ਪਰਤਾਈਦਾ ਹੈ। ਇਉਂ ਰਾਗਾਂ ਦਾ ਵੇਰਵਾ, ਧੁਨੀਆਂ ਦਾ ਵੇਰਵਾ ਅਤੇ ਇਥੋਂ ਤਕ ਕਿ ਘਰਾਂ ਦਾ ਵੇਰਵਾ ਦੇ ਕੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਬਾਣੀ ਦੇ ਰਾਗਬਧ ਕੀਰਤਨ ਲਈ ਸਪੱਸ਼ਟ ਮਾਰਗ ਦਰਸਾ ਦਿੱਤਾ ਗਿਆ ਹੈ। ਕਿਸੇ ਕਿਸਮ ਦੇ ਟਪਲੇ, ਵਾਦ-ਵਿਵਾਦ ਜਾਂ ਭੁਲੇਖੇ ਲਈ ਕੋਈ ਗੁੰਜਾਇਸ਼ ਹੀ ਨਹੀਂ ਛੱਡੀ ਗਈ। ਪੂਰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗੀਤ-ਪ੍ਰਬੰਧ ਵੀ ਪੂਰਨ ਹੈ। ਇਸ ਲਈ ਹੁਣ ਲੋੜ ਹੈ ਕਿ ਰਾਗਬਧ ਕੀਰਤਨ ਕਰਨ ਲਈ ਸਿੱਖਿਆ ਦੇ ਪ੍ਰਬੰਧ ਕੀਤੇ ਜਾਣ ਤਾਂ ਕਿ ਗੁਰਬਾਣੀ ਦੀ ਰਾਗ-ਬਧ ਕੀਰਤਨ ਦੀ ਪਰੰਪਰਾ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਅਤੇ ਪ੍ਰਚਾਰਿਤ ਕੀਤਾ ਜਾ ਸਕੇ।

ਗੁਰਬਾਣੀ ਦੀ ਰਾਗਬਧ ਕੀਰਤਨ-ਪਰੰਪਰਾ ਖ਼ੁਦ ਗੁਰੂ ਨਾਨਕ ਸਾਹਿਬ ਜੀ ਨੇ ਹੀ ਅਰੰਭ ਕਰ ਦਿੱਤੀ ਸੀ। ਭਾਈ ਗੁਰਦਾਸ ਜੀ ਉਦਾਸੀਆਂ ਦੇ ਦੌਰਾਨ ਬਗਦਾਦ-ਗਮਨ ਸਮੇਂ ਬਾਰੇ ਲਿਖਦੇ ਹਨ:

ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ 1:35)

ਰਬਾਬ ਅਤੇ ਬਾਣੀ ਦਾ ਮੇਲ ਹੀ ਰਾਗਬਧ ਕੀਰਤਨ ਦਾ ਅਰੰਭ ਸੀ। ਹਰੀ ਦੇ ਕੀਰਤਨ ਦਾ ਜ਼ਿਕਰ ਕਰਦੇ ਹੋਏ ਹੀ ਭਾਈ ਸਾਹਿਬ ਪਹਿਲੀ ਵਾਰ ਦੀ ਸਤਾਈਵੀਂ ਪਉੜੀ ਵਿਚ ਕਥਨ ਕਰਦੇ ਹਨ:

ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ। (ਵਾਰ 1:27)

ਜਦੋਂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ ਉਦਾਸੀਆਂ ਤੋਂ ਬਾਅਦ ਰਹਿਣ ਲੱਗੇ ਤਾਂ ਉਥੋਂ ਦੀ ਮਰਯਾਦਾ ਬਾਰੇ ਵੀ ਭਾਈ ਗੁਰਦਾਸ ਜੀ ਇਸ ਤਰ੍ਹਾਂ ਲਿਖਦੇ ਹਨ:

ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਾਰਾ।
ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ।
ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। (ਵਾਰ 1:38)

ਜ਼ਾਹਰ ਹੈ ਕਿ ਬਾਣੀ ਦਾ ਉਚਾਰਨਾ ਅਤੇ ਗਾਉਣਾ ਕਰਤਾਰਪੁਰ ਦੀ ਧਰਤੀ ’ਤੇ ਜਾਰੀ ਸੀ। ਕੀਰਤਨ ਦੇ ਨਾਲ-ਨਾਲ ਗਿਆਨ-ਗੋਸਟ ਅਤੇ ਵਿਚਾਰ-ਚਰਚਾ ਵੀ ਹੁੰਦੀ ਰਹਿੰਦੀ ਸੀ। ਇਸ ਤਰ੍ਹਾਂ ਪਾਠ, ਕਥਾ ਅਤੇ ਕੀਰਤਨ ਤਿੰਨਾਂ ਦੀ ਅਹਿਮੀਅਤ ਨੂੰ ਅਮਲੀ ਰੂਪ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਨਿਤਨੇਮ ਵਜੋਂ ਲਾਗੂ ਕਰ ਦਿੱਤਾ ਸੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਕੀਰਤਨ ਦੇ ਰਾਹੀਂ ਗੁਰਸਿੱਖਾਂ ਦੁਆਰਾ ਹੰਸਾਂ ਵਾਂਗ ਰਤਨ-ਪਦਾਰਥਾਂ ਨੂੰ ਭੁੰਚਣ ਦੀ ਗੱਲ ਵੀ ਕੀਤੀ ਹੋਈ ਹੈ ਅਤੇ ਕੀਰਤਨ ਦੇ ਰਸ ਨੂੰ ਕਮਾਦ ਦੇ ਰਸ ਤੋਂ ਉੱਪਰ ਦੱਸਿਆ ਹੈ। ਗੁਰੂ ਸਾਹਿਬਾਨ ਦੇ ਸਿੱਖਾਂ ਬਾਰੇ ਵੇਰਵਾ ਦਿੰਦਿਆਂ ਭਾਈ ਗੁਰਦਾਸ ਜੀ ਨੇ ਕੀਰਤਨ ਕਰਨ ਵਾਲੇ ਸਿੱਖਾਂ ਦਾ ਵੀ ਜ਼ਿਕਰ ਕੀਤਾ ਹੈ। ਪਹਿਲੀ ਪਾਤਸ਼ਾਹੀ ਦੇ ਸਿੱਖਾਂ ਵਿਚ ਭਾਈ ਮਰਦਾਨਾ ਜੀ ਦਾ ਜ਼ਿਕਰ ਹੈ:

ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ। (ਵਾਰ 11:13)

ਤੀਜੀ ਪਾਤਸ਼ਾਹੀ ਦੇ ਸਮੇਂ ਭਾਈ ਪਾਂਧਾ ਜੀ ਅਤੇ ਭਾਈ ਬੂਲਾ ਜੀ ਨੂੰ ਗੁਰਬਾਣੀ ਦੇ ਕੀਰਤਨੀਏ ਅਤੇ ਲਿਖਾਰੀ ਵਜੋਂ ਬਿਆਨ ਕੀਤਾ ਹੈ:

ਪਾਂਧਾ ਬੂਲਾ ਜਾਣੀਐ ਗੁਰਬਾਣੀ ਗਾਇਣੁ ਲੇਖਾਰੀ। (ਵਾਰ 11:16)

ਇਸੇ ਤਰ੍ਹਾਂ ਪੰਜਵੀਂ ਪਾਤਸ਼ਾਹੀ ਦੇ ਸਮੇਂ ਦੇ ਦੋ ਕੀਰਤਨੀਏ ਸਿੱਖਾਂ ਦਾ ਵਿਸ਼ੇਸ਼ ਜ਼ਿਕਰ ਹੈ:

ਝਾਂਝੂ ਅਤੇ ਮੁਕੰਦੁ ਹੈ ਕੀਰਤਨੁ ਕਰੈ ਹਜੂਰਿ ਕਿਦਾਰਾ। (ਵਾਰ 11:18)

ਛੇਵੀਂ ਪਾਤਸ਼ਾਹੀ ਸਮੇਂ ਬਾਰੇ ਲਿਖਿਆ ਹੈ:

ਸੁਹੰਢੈ ਮਾਈਆ ਲੰਮੁ ਹੈ ਸਾਧ ਸੰਗਤਿ ਗਾਵੈ ਗੁਰਬਾਣੀ। (ਵਾਰ 11:31)

ਭਾਵ ਸੁਹੰਢੇ ਪਿੰਡ ਦੇ ਵਿਚ ਮਾਈਆ ਲੰਮ ਜੀ ਸਾਧਸੰਗਤ ਵਿਚ ਗੁਰਬਾਣੀ ਦਾ ਕੀਰਤਨ ਕਰਦੇ ਸਨ।

ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਪ੍ਰਚਲਿਤ ਸਾਜ਼ਾਂ ਦਾ ਵੇਰਵਾ ਵੀ ਦਿੱਤਾ ਹੈ:

ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ। (ਵਾਰ 24:4)

ਤਾਲ ਭਾਵ ਖੜਤਾਲਾਂ ਜਾਂ ਤਾਲ ਕੈਂਸੀਆਂ, ਮ੍ਰਿਦੰਗ ਭਾਵ ਜੋੜੀਆਂ ਅਤੇ ਰਬਾਬ ਸਾਜ਼ਾਂ ਦੇ ਨਾਲ ਗੁਰੂ ਸਾਹਿਬ ਜੀ ਖ਼ੁਦ ਬਾਣੀ ਦਾ ਗਾਇਨ ਕਰਦੇ ਸਨ।

ਗੁਰੂ ਅਰਜਨ ਦੇਵ ਜੀ ਬਾਰੇ ਭਾਈ ਸਾਹਿਬ ਵਰਣਨ ਕਰਦੇ ਹਨ:

ਗੁਰਬਾਣੀ ਭੰਡਾਰੁ ਭਰਿ ਕੀਰਤਨੁ ਕਥਾ ਰਹੈ ਰੰਗ ਰਤਾ।
ਧੁਨਿ ਅਨਹਦਿ ਨਿਝਰੁ ਝਰੈ ਪੂਰਨ ਪ੍ਰੇਮ ਅਮਿਓ ਰਸ ਮਤਾ। (ਵਾਰ 24:19)

ਭਾਵ ਗੁਰੂ ਅਰਜਨ ਦੇਵ ਜੀ ਗੁਰਬਾਣੀ ਦੇ ਖਜ਼ਾਨੇ ਨੂੰ ਭਰਪੂਰ ਕਰਨ ਵਾਲੇ ਸਨ। ਆਪ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਅਤੇ ਬਾਣੀ ਨੂੰ ਇਕੱਠਾ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਵੀ ਕੀਤਾ। ਆਪ ਜੀ ਕੀਰਤਨ ਅਤੇ ਕਥਾ ਦੇ ਰੰਗ ਵਿਚ ਰੰਗੇ ਹੋਏ ਸਨ ਭਾਵ ਆਪ ਜੀ ਦੀ ਸਤਿਸੰਗਤ ਵਿਚ ਗੁਰਬਾਣੀ ਦੇ ਕੀਰਤਨ ਅਤੇ ਕਥਾ ਦੀ ਬਾਰਿਸ਼ ਹੁੰਦੀ ਹੀ ਰਹਿੰਦੀ ਸੀ। ਭਾਈ ਗੁਰਦਾਸ ਜੀ ਦੇ ਹਵਾਲੇ ਨਾਲ ਉਪਰੋਕਤ ਸਾਡਾ ਕੁਝ ਬਿਆਨ ਕਰਨ ਦਾ ਭਾਵ ਇਹ ਹੈ ਕਿ ਗੁਰੂ ਸਾਹਿਬਾਨ ਨੇ ਖ਼ੁਦ ਰਾਗਬਧ ਕੀਰਤਨ ਦੀ ਸਰਪ੍ਰਸਤੀ ਕੀਤੀ ਅਤੇ ਗੁਰਸਿੱਖਾਂ ਨੂੰ ਕੀਰਤਨ ਵਰਗੇ ਨਿਰਮੋਲਕ ਹੀਰੇ ਦੀ ਦਾਤ ਬਖਸ਼ੀ।

ਗੁਰ-ਇਤਿਹਾਸ ਵਿਚ ਭੱਟ ਸਾਹਿਬਾਨ ਦੀ ਕੀਰਤਨ ਨੂੰ ਦੇਣ ਕਿਵੇਂ ਭੁਲਾਈ ਜਾ ਸਕਦੀ ਹੈ? ਕੀਰਤਨ ਕਰਦੇ-ਕਰਦੇ ਉਹ ਗੁਰਬਾਣੀ ਦੇ ਰਸ ਵਿਚ ਇੰਨੇ ਗੜੂੰਦ ਹੋ ਗਏ ਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਉਸਤਤਿ ਵਿਚ ਸਵਈਆਂ ਦੀ ਝੜੀ ਲਾ ਦਿੱਤੀ। ਉਹ ਸਵੱਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਹਿੱਸਾ ਬਣ ਕੇ ਸਦਾ-ਸਦਾ ਲਈ ਅਮਰ ਹੋ ਗਏ।

ਗੁਰਮਤਿ ਸੰਗੀਤ ਦੀ ਸਰਪ੍ਰਸਤੀ ਕਰਦਿਆਂ ਗੁਰੂ ਸਾਹਿਬਾਨ ਨੇ ਸਾਜ਼ਾਂ ਦੇ ਖੇਤਰ ਵਿਚ ਵੀ ਆਪਣੀ ਮਹਾਨ ਦੇਣ ਦੇ ਕੇ ਗੁਰਸਿੱਖਾਂ ਨੂੰ ਰਬਾਬ ਅਤੇ ਸਰੰਦੇ ਦੀ ਬਖਸ਼ਿਸ਼ ਕੀਤੀ। ਭਾਈ ਮਰਦਾਨਾ ਜੀ ਦੀ ਰਬਾਬ ਅਤੇ ਆਪ ਜੀ ਦੀ ਵੰਸ਼ ਦੇ ਰਬਾਬੀ ਕੀਰਤਨੀਏ ਗੁਰਮਤਿ ਸੰਗੀਤ ਦੀ ਪਰੰਪਰਾ ਦਾ ਮਹਾਨ ਖ਼ਜ਼ਾਨਾ ਹਨ। ਪ੍ਰੋ. ਤਾਰਾ ਸਿੰਘ ਜੀ ਨੇ ਆਪਣੀ ਪੁਸਤਕ ‘ਗੁਰੂ ਅਮਰਦਾਸ ਰਤਨਾਵਲੀ’ ਵਿਚ ਦੱਸਿਆ ਹੈ ਕਿ ਗੁਰੂ ਅਮਰਦਾਸ ਜੀ ਨੇ ‘ਸਰੰਦਾ’ ਈਜਾਦ ਕੀਤਾ ਅਤੇ ਪੰਜਵੀਂ ਪਾਤਸ਼ਾਹੀ ਨੇ ਇਸ ਨੂੰ ਆਪਣੀ ਤਜਵੀਜ਼ ਅਨੁਸਾਰ ਬਣਵਾ ਕੇ ਗੁਰਸਿੱਖ ਰਾਗੀਆਂ ਨੂੰ ਬਖਸ਼ਿਆ ਅਤੇ ਵਜਾਉਣਾ ਵੀ ਸਿਖਾਇਆ। ਇਸ ਪੁਸਤਕ ਵਿਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸਰੰਦੇ ਦਾ ਜ਼ਿਕਰ ਹੈ ਜੋ ਮੰਡੀ ਸ਼ਹਿਰ (ਹਿਮਾਚਲ ਪ੍ਰਦੇਸ਼) ਦੇ ਗੁਰਦੁਆਰਾ ਸਾਹਿਬ ਵਿਚ ਸੁਰੱਖਿਅਤ ਹੈ। ਇਹ ਤੱਥ ਇਸ ਗੱਲ ਨੂੰ ਹੋਰ ਵੀ ਉਜਾਗਰ ਕਰਦੇ ਹਨ ਕਿ ਗੁਰੂ ਸਾਹਿਬਾਨ ਗੁਰਮਤਿ ਸੰਗੀਤ ਦੀ ਧਾਰਾ ਨੂੰ ਅੱਗੇ ਲਿਜਾਣ ਅਤੇ ਵਿਕਸਿਤ ਕਰਨ ਵਿਚ ਕਿੰਨੀ ਡੂੰਘੀ ਦਿਲਚਸਪੀ ਰੱਖਦੇ ਰਹੇ!

ਗੁਰਬਾਣੀ ਦੇ ਰਾਗਬਧ ਕੀਰਤਨ ਦੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਹੁਤ ਸਾਰੇ ਪੰਨਿਆਂ ’ਤੇ ਦਰਜ ਹੈ। ਰਾਗਾਂ ਦੀ ਧੰਨਤਾ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਫ਼ਰਮਾਨ  ਹਨ:

ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ॥ (ਪੰਨਾ 958)

ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ॥ (ਪੰਨਾ 821)

ਉਹ ਰਾਗ ਕਿੰਨੇ ਧੰਨ ਹਨ, ਸੁੰਦਰ ਹਨ, ਜਿਨ੍ਹਾਂ ਨੂੰ ਅਲਾਪਣ ਨਾਲ ਸਭ ਤਰ੍ਹਾਂ ਦੀ ਪਿਆਸ ਮਿਟ ਜਾਂਦੀ ਹੈ! ਇਹ ਅਨਮੋਲ ਰਾਗ ਇਸ ਕਰਕੇ ਧੰਨ ਹਨ ਕਿਉਂਕਿ ਇਨ੍ਹਾਂ ਰਾਗਾਂ ਵਿਚ ਹਰੀ ਦੇ ਜਨ ਪਰਮਤਮਾ ਦੇ ਗੁਣਾਂ ਨੂੰ ਗਾਉਂਦੇ ਅਤੇ ਅਲਾਪਦੇ ਹਨ। ਗੁਰੂ ਸਾਹਿਬ ਗੁਰਸਿੱਖਾਂ ਨੂੰ ਇਹ ਸੁੰਦਰ ਰਾਗ ਅਲਾਪਣ ਦਾ ਉਪਦੇਸ਼ ਕਰਦੇ ਹਨ। ‘ਰਾਗ’ ਸ਼ਬਦ ਦਾ ਅਰਥ ‘ਪ੍ਰੇਮ’ ਵੀ ਕੀਤਾ ਜਾਂਦਾ ਹੈ। ਅਸਲ ਵਿਚ ਸਿਫ਼ਤ-ਸਲਾਹ ਕੀਤੀ ਹੀ ਪ੍ਰੇਮ ਦੇ ਰੰਗ ਵਿਚ ਜਾ ਸਕਦੀ ਹੈ। ਬਿਨਾਂ ਪ੍ਰੇਮ ਸਿਫ਼ਤ-ਸਲਾਹ ਕੋਈ ਅਰਥ ਹੀ ਨਹੀਂ ਰੱਖਦੀ। ਇਸ ਲਈ ਖੁਸ਼ੀ, ਪਿਆਰ ਅਤੇ ਅਨੰਦ ਦਾ ਪ੍ਰਗਟਾਵਾ ਰਾਗ ਰਾਹੀਂ ਗਾ ਕੇ ਹੀ ਹੋ ਸਕਦਾ ਹੈ। ਪੰਛੀ ਖੁਸ਼ੀ ਵਿਚ ਚਹਿਚਹਾਉਂਦੇ ਹਨ। ਮੋਰ, ਪਪੀਹੇ ਕਾਲੀਆਂ ਘਟਾਵਾਂ ਨੂੰ ਦੇਖ ਕੇ ਝੂਮਦੇ ਅਤੇ ਗਾਉਂਦੇ ਹਨ। ਕੋਇਲ ਤਰ੍ਹਾਂ-ਤਰ੍ਹਾਂ ਦੇ ਅੰਬਾਂ ਨੂੰ ਦੇਖ ਕੇ ਕੂ-ਕੂ ਕਰਦੀ ਹੈ। ਖੁਸ਼ੀ ਅਤੇ ਅਨੰਦ ਦਾ ਪ੍ਰਗਟਾਵਾ ਮਨੁੱਖ-ਮਾਤਰ ਵੀ ਗਾ ਕੇ ਹੀ ਕਰਦੇ ਹਨ।

ਭਾਈ ਸੰਤੋਖ ਸਿੰਘ ਜੀ ‘ਗੁਰ ਪ੍ਰਤਾਪ ਸੂਰਜ’ ਵਿਚ ਗੁਰਬਾਣੀ ਦੇ ਪ੍ਰਵਾਹ ਦੀ ਤੁਲਨਾ ਮੇਘ ਨਾਲ ਕਰਦੇ ਹਨ। ਆਪ ਲਿਖਦੇ ਹਨ:

ਸਤਿਗੁਰ ਬਾਨੀ ਮੇਘ ਸਮਾਨਾ।
ਬਰਖੈ ਚਹੁੰਦਿਸ਼ ਬਿਖੈ ਮਹਾਨਾ।
ਬਨ ਕੇ ਪਸ਼ੂ ਪੰਛੀ ਸੁਖ ਪਾਵਹਿਂ।
ਕਰਹਿਂ ਪਾਨ ਅਰੁ ਤਪਤ ਮਿਟਾਵਹਿਂ। (ਰਾਸਿ 1:46)

ਜਿਵੇਂ ਪਸ਼ੂ-ਪੰਛੀ ਵਰਖਾ ਤੋਂ ਸੁਖ ਪ੍ਰਾਪਤ ਕਰਦੇ ਹਨ ਤਿਵੇਂ ਹੀ ਗੁਰਸਿੱਖ ਵੀ ਗੁਰਬਾਣੀ ਦੀ ਵਰਖਾ ਤੋਂ ਅਨੰਦਿਤ ਹੁੰਦੇ ਹਨ। ਅਨੰਦ ਅਤੇ ਸਿਫ਼ਤ-ਸਲਾਹ ਦੋਹਾਂ ਦਾ ਸੰਬੰਧ ਆਪ-ਮੁਹਾਰੇ ਹੀ ਕਵਿਤਾ, ਗੀਤ ਅਤੇ ਸੰਗੀਤ ਨਾਲ ਜਾ ਜੁੜਦਾ ਹੈ। ਕਵਿਤਾ ਵਲਵਲਿਆਂ ਦੀ ਉਪਜ ਹੈ। ਕਵਿਤਾ ਭਾਵਨਾ ਦੀ ਉਪਜ ਹੈ। ਵਲਵਲੇ ਅਤੇ ਭਾਵਨਾ ਸੰਗੀਤ ਪੈਦਾ ਕਰਦੇ ਹਨ। ਇਸ ਤੱਥ ਨੂੰ ਭਾਈ ਸੰਤੋਖ ਸਿੰਘ ਜੀ ਦੇ ਹਵਾਲੇ ਨਾਲ ਇਥੇ ਬਿਆਨ ਕਰਨਾ ਬਣਦਾ ਹੈ:

ਕਵਿਤਾ ਬਿਨ ਕੀਰਤਿ ਕਹਾਂ, ਜਸੁ ਬਿਨਾ ਨ ਦਾਨਾ।
ਮੁਕਤਿ ਕਹਾਂ ਬਿਨ ਪ੍ਰਭੂ ਕੇ, ਸੁਰ ਬਿਨਾ ਨ ਗਾਨਾ। (ਰਾਸਿ 3:38)

ਕਵਿਤਾ ਬਿਨਾਂ ਕੀਰਤ ਨਹੀਂ ਅਤੇ ਸੁਰ ਬਿਨਾਂ ਗੀਤ ਨਹੀਂ। ਇਹ ਇਕ ਬਹੁਤ ਵੱਡੀ ਸਚਾਈ ਹੈ। ਬੇਸੁਰਾ ਗੀਤ ਅਤੇ ਹੇਠਲੇ ਪੱਧਰ ਦੀ ਸ਼ਬਦਾਵਲੀ ਵਾਲਾ ਗੀਤ ਦੋਵੇਂ ਹੀ ਗੀਤ ਕਹਾਉਣ ਦੇ ਹੱਕਦਾਰ ਨਹੀਂ ਹਨ। ਸੁਰ ਅਤੇ ਸ਼ਬਦ ਦੋਹਾਂ ਦਾ ਸੁੰਦਰ ਮੇਲ ਹੀ ਗੀਤ ਬਣਾਉਂਦਾ ਹੈ। ਗੁਰਬਾਣੀ ਦਾ ਕੀਰਤਨ ਰੂਹਾਨੀਅਤ ਨਾਲ ਭਰੇ ਸ਼ਬਦਾਂ ਅਤੇ ਉੱਤਮ ਰਾਗਾਂ ਦੇ ਸੁਮੇਲ ਦਾ ਨਾਂ ਹੈ। ਫਿਰ ਕਿਉਂ ਨਹੀਂ ਅਜਿਹਾ ਕੀਰਤਨ ਮੁਰਦਿਆਂ ਵਿਚ ਜਾਨ ਪਾ ਸਕਦਾ? ਇਸ ਕੀਰਤਨ ਨੂੰ ਗਾਉਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਪਵਿਤ ਅਤੇ ਪੁਨੀਤ ਹੋ ਜਾਂਦੇ ਹਨ। ਗੁਰਬਾਣੀ ਰੂਹਾਨੀਅਤ ਨਾਲ ਭਰਪੂਰ ਰਚਨਾ ਹੈ ਅਤੇ ਇਹ ਰੂਹਾਨੀ ਰਚਨਾ ਪਰਮਾਤਮਾ ਦੇ ਕੀਰਤਨ ਦਾ ਆਧਾਰ ਹੈ। ਕਾਨੜਾ ਰਾਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਨ ਕਰਦੇ ਹਨ:

ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ॥
ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ॥ (ਪੰਨਾ 1300)

ਹਰੀ ਦੇ ਕੀਰਤਨ ਨੂੰ ਗਾਉਣ ਅਤੇ ਸੁਣਨ ਵਾਲਿਆਂ ਦੀ ਦੁਰਮਤਿ ਨੱਸ ਜਾਂਦੀ ਹੈ। ਉਹ ਪਵਿੱਤਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਸਭ ਮਨੋਰਥ ਪੂਰੇ ਹੋ ਜਾਂਦੇ ਹਨ। ਗੁਰੂ ਸਾਹਿਬ ਗੁਰਬਾਣੀ ਰਾਹੀਂ ਸਾਨੂੰ ਇਹ ਵੀ ਸਮਝਾਉਂਦੇ ਹਨ ਕਿ ਕਲਯੁਗ ਵਿਚ ਕੀਰਤਨ ਹੀ ਪ੍ਰਧਾਨ ਹੈ। ਭਾਵ ਕੀਰਤਨ ਦਾ ਮਾਰਗ ਹੀ ਪਰਮਾਤਮਾ ਦੀ ਪ੍ਰਾਪਤੀ ਲਈ ਸਰਬ-ਸ੍ਰੇਸ਼ਟ ਮਾਰਗ ਹੈ। ਕੀਰਤਨ ਹੀ ਇਹ ਸਮਰੱਥਾ ਰੱਖਦਾ ਹੈ ਕਿ ਭੱਜ-ਨੱਠ ਦੇ ਇਸ ਯੁੱਗ ਵਿਚ ਮਨ ਨੂੰ ਇਕਾਗਰ ਕਰਨ ਵਿਚ ਸਹਾਈ ਹੋ ਸਕੇ। ਕੀਰਤਨ ਦਾ ਅਨੰਦ ਹੀ ਮਨ ਦੀ ਬੇਚੈਨੀ ਦਾ ਇਲਾਜ ਕਰ ਸਕਦਾ ਹੈ। ਸੰਗੀਤ ਨਾਲ ਮਨੋਵਿਗਿਆਨਕ ਰੋਗਾਂ ਦਾ ਇਲਾਜ ਕਰਨ ਦੀ ਪੱਧਤੀ ਵਿਗਿਆਨ ਮੰਨਦਾ ਹੈ। ਸੰਗੀਤ ਵਿਚ ਮਨ ਨੂੰ ਟਿਕਾਉਣ ਦੀ ਸਮਰੱਥਾ ਮੌਜੂਦ ਹੈ। ਗੁਰੂ ਸਾਹਿਬ ਫ਼ਰਮਾਉਂਦੇ ਹਨ:

ਕਲਜੁਗ ਮਹਿ ਕੀਰਤਨੁ ਪਰਧਾਨਾ॥
ਗੁਰਮੁਖਿ ਜਪੀਐ ਲਾਇ ਧਿਆਨਾ॥ (ਪੰਨਾ 1075)

ਕੀਰਤਨੁ ਨਿਰਮੋਲਕ ਹੀਰਾ॥
ਆਨੰਦ ਗੁਣੀ ਗਹੀਰਾ॥ (ਪੰਨਾ 893)

ਜੋ ਜਨੁ ਕਰੈ ਕੀਰਤਨੁ ਗੋਪਾਲ॥
ਤਿਸ ਕਉ ਪੋਹਿ ਨ ਸਕੈ ਜਮਕਾਲੁ॥ (ਪੰਨਾ 867)

ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥ (ਪੰਨਾ 642)

ਉਪਰੋਕਤ ਪਵਿੱਤਰ ਫ਼ਰਮਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੋਰ ਅਨੇਕਾਂ ਫ਼ਰਮਾਨ ਸਾਨੂੰ ਸਮਝਾਉਂਦੇ ਹਨ ਕਿ ਹਰੀ ਦੀ ਕੀਰਤ ਭਾਵ ਕੀਰਤਨ ਵਿਚ ਆਪਣੇ ਮਨਾਂ ਨੂੰ ਜੋੜੀਏ ਅਤੇ ਅਨੰਦ ਦੀ ਪ੍ਰਾਪਤੀ ਕਰੀਏ। ਮਨਾਂ ਨੂੰ ਜੋੜਨ ਲਈ ਇਕਾਗਰਤਾ ਅਤੇ ਸਾਵਧਾਨੀ ਜ਼ਰੂਰੀ ਹੈ। ਸੰਗਤ ਵਿਚ ਸੁਚੇਤ ਅਤੇ ਸਾਵਧਾਨ ਹੋ ਕੇ ਬੈਠਣਾ ਜ਼ਰੂਰੀ ਹੈ। ਕੀਰਤਨ ਕਰਨ ਵੇਲੇ ਰਾਗੀ ਵੀ ਸਾਵਧਾਨ ਬੈਠੀ ਸੰਗਤ ਨੂੰ ਰੀਝ ਕੇ ਕੀਰਤਨ ਸੁਣਾ ਸਕਦੇ ਹਨ। ਭਾਈ ਗੁਰਦਾਸ ਜੀ ਦੇ ਕਬਿਤ ਨੰ: 566 ਅਤੇ 567 ਕੀਰਤਨ ਨੂੰ ਸਾਵਧਾਨ ਹੋ ਕੇ ਸੁਣਨ ਦਾ ਸੰਦੇਸ਼ ਦਿੰਦੇ ਹਨ। ਇਨ੍ਹਾਂ ਦੋਹਾਂ ਕਬਿੱਤਾਂ ਦਾ ਭਾਵ ਦੱਸਦੇ ਹੋਏ ਭਾਈ ਵੀਰ ਸਿੰਘ ਜੀ ਬਹੁਤ ਸੁੰਦਰ ਲਿਖਦੇ ਹਨ : “ਸੰਗਤ ਵਿਚ ਗੁਰ ਸ਼ਬਦ ਦੇ ਸੁਣਨ ਦੀ ਸਾਵਧਾਨਤਾ ਤੇ ਪ੍ਰੇਮ ਨੂੰ ਵੇਖ ਕੇ ਕੀਰਤਨੀਏ ਨੂੰ ਰੀਝ ਆਉਂਦੀ ਹੈ, ਉਹ ਮਨ ਜੋੜ ਕੇ ਗਾਉਂਦਾ ਹੈ। ਤਦ ਸੰਗਤ ਦੀ ਅਨੰਦ ਮੰਗਲ ਹੋ ਲਿਵ ਲੱਗ ਜਾਂਦੀ ਹੈ।”

ਸੇਵਕ-ਰਾਜਾ, ਪੁੱਤਰ-ਪਿਤਾ ਅਤੇ ਇਸਤਰੀ-ਪਤੀ ਦੇ ਆਪਸੀ ਇਕ-ਦੂਜੇ ਪ੍ਰਤੀ ਧਿਆਨ ਦੀ ਉਦਾਹਰਣ ਦਿੰਦੇ ਹੋਏ ਭਾਈ ਗੁਰਦਾਸ ਜੀ ਸੰਗਤ ਦੇ ਧਿਆਨ ਦੀ ਮਹੱਤਤਾ ਪ੍ਰਗਟਾਉਂਦੇ ਹੋਏ ਲਿਖਦੇ ਹਨ:

ਤੈਸੇ ਗੁਰ ਸਬਦ ਸੁਨਤ ਸ੍ਰੋਤਾ ਸਾਵਧਾਨ ਗਾਵੈ ਰੀਝਿ ਗਾਇਨ ਸਹਜਿ ਲਿਵਲਾਵਹੀ। (ਕਬਿੱਤ 566)

ਨੌਂ ਪ੍ਰਕਾਰ ਦੀ ਭਗਤੀ ਵਿਚ ਪਹਿਲੇ ਨੰਬਰ ’ਤੇ ਸ੍ਰਵਣ ਅਤੇ ਦੂਜੇ ਨੰਬਰ ’ਤੇ ਕੀਰਤਨ ਨੂੰ ਰੱਖਿਆ ਗਿਆ ਹੈ। ਸ੍ਰਵਣ ਦਾ ਭਾਵ ਹੈ ਪਰਮਾਤਮਾ ਦਾ ਜੱਸ ਸੁਣਨਾ ਅਤੇ ਕੀਰਤਨ ਦਾ ਭਾਵ ਹੈ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਨਾ/ਗਾਵੈ ਅਤੇ ਸੁਣਿਐ ਦੋਹਾਂ ਦਾ ਬਰਾਬਰ ਮਹੱਤਵ ਹੈ। ਗਾਉਣ ਵਾਲਾ ਗਾਉਂਦਾ ਵੀ ਹੈ ਅਤੇ ਖ਼ੁਦ ਸੁਣਦਾ ਵੀ ਹੈ। ਇਹ ਵੀ ਇਕ ਸੱਚਾਈ ਹੈ ਕਿ ਵਜਦ ਵਿਚ ਆ ਕੇ ਸੁਣਨ ਵਾਲੇ ਅਕਸਰ ਗਾਉਣ ਵੀ ਲੱਗ ਪੈਂਦੇ ਹਨ। ਇਸ ਤਰ੍ਹਾਂ ਗਾਉਣ ਅਤੇ ਸੁਣਨ ਵਾਲੇ ਵਿਚ ਕੋਈ ਅੰਤਰ ਨਹੀਂ ਰਹਿੰਦਾ। ਕੀਰਤਨ ਕਰਨ ਵਾਲੇ ਰਾਗੀ ਜਦੋਂ ਸੰਗਤ ਨਾਲ ਇਕਸੁਰ ਹੋ ਕੇ ਕੀਰਤਨ ਕਰਦੇ ਹਨ ਤਾਂ ਫਿਰ ਕੀਰਤਨ ਹੀ ਕੀਰਤਨ, ਅਨੰਦ ਹੀ ਅਨੰਦ, ਰਾਗ ਹੀ ਰਾਗ ਚਾਰੇ ਪਾਸੇ ਨਜ਼ਰ ਆਉਂਦਾ ਹੈ। ਇਕਾਗਰਤਾ ਦੇ ਇਸ ਮਾਹੌਲ ਵਿਚ ਕੀਰਤਨ ਕਰਨ ਵਾਲਿਆਂ ਰਾਗੀਆਂ ਅਤੇ ਸੁਣਨ ਵਾਲੇ ਸਰੋਤਿਆਂ ਦੇ ਮਨ ਟਿਕਾਅ ਵਿਚ ਆ ਜਾਂਦੇ ਹਨ। ਮਨਾਂ ਨੂੰ ਟਿਕਾਅ ਵਿਚ ਲਿਆਉਣਾ ਹੀ ਧਰਮ ਦਾ ਮੁੱਖ ਮਨੋਰਥ ਹੈ। ਇਸ ਟਿਕਾਅ ਭਰੀ ਸਹਿਜ ਅਵਸਥਾ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਥਾਂ-ਥਾਂ ਵਡਿਆਈ ਗਾਈ ਗਈ ਹੈ।

ਰਾਗਾਂ ਅਤੇ ਰੁੱਤਾਂ ਦਾ ਆਪਸ ਵਿਚ ਡੂੰਘਾ ਸੰਬੰਧ ਹੈ। ਇਸ ਤੋਂ ਇਲਾਵਾ ਰਾਗਾਂ ਦਾ ਦਿਨ-ਰਾਤ ਦੇ ਵੱਖ-ਵੱਖ ਪਹਿਰਾਂ ਨਾਲ ਵੀ ਸੰਬੰਧ ਹੈ। ਇਨ੍ਹਾਂ ਸੰਬੰਧਾਂ ਦਾ ਪੂਰਾ- ਪੂਰਾ ਧਿਆਨ ਗੁਰਬਾਣੀ ਵਿਚ ਰੱਖਿਆ ਗਿਆ ਹੈ। ਮਲਾਰ ਰਾਗ ਵਰਖਾ ਰੁੱਤ ਨਾਲ ਸੰਬੰਧ ਰੱਖਦਾ ਹੈ। ਇਸ ਰਾਗ ਨਾਲ ਸੰਬੰਧਿਤ ਬਾਣੀ ਵਿਚ ਬੱਦਲਾਂ ਦਾ ਗੱਜਣਾ, ਮੇਘ ਦਾ ਵਰਸਣਾ, ਬਿਜਲੀਆਂ ਦਾ ਚਮਕਣਾ, ਮੋਰ-ਪਪੀਹੇ ਦਾ ਬੋਲਣਾ ਅਤੇ ਰਿਮਝਿਮ ਦਾ ਵਿਸ਼ੇਸ ਜ਼ਿਕਰ ਆਉਂਦਾ ਹੈ। ਪਵਿੱਤਰ ਫ਼ਰਮਾਨ ਹੈ:

ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ॥
ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ॥ (ਪੰਨਾ 1283)

ਇਸੇ ਤਰ੍ਹਾਂ ਬਸੰਤ ਰਾਗ ਬਸੰਤ ਰੁੱਤ ਦਾ ਰਾਗ ਹੈ। ਇਸ ਰਾਗ ਵਿਚ ਬਨਸਪਤੀ ਦੇ ਮੌਲਣ ਦੀ ਗੱਲ ਵਿਸ਼ੇਸ਼ਤਾ ਰੱਖਦੀ ਹੈ। ਗੁਰਬਾਣੀ ਦੇ ਪਵਿੱਤਰ ਫ਼ਰਮਾਨ ਹਨ:

ਮਾਹਾ ਰੁਤੀ ਮਹਿ ਸਦ ਬਸੰਤੁ॥
ਜਿਤੁ ਹਰਿਆ ਸਭੁ ਜੀਅ ਜੰਤੁ॥ (ਪੰਨਾ 1172)

ਬਸੰਤੁ ਚੜਿਆ ਫੂਲੀ ਬਨਰਾਇ॥
ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ॥ (ਪੰਨਾ 1177)

ਜਲ, ਹਰਿਆਵਲ ਅਤੇ ਫੁਲਣਾ-ਫਲਣਾ ਜ਼ਿੰਦਗੀ ਦੇ ਸੂਚਕ ਹਨ। ਮਨੁੱਖ ਦੀ ਜ਼ਿੰਦਗੀ ਹਰੀ ਰੂਪੀ ਜਲ ’ਤੇ ਹੀ ਆਧਾਰਿਤ ਹੈ। ਹਰੀ ਦੇ ਨਾਲ ਚਿੱਤ ਲਾ ਕੇ ਮਨੁੱਖ ਉਸੇ ਤਰ੍ਹਾਂ ਹਰਾ ਹੁੰਦਾ ਹੈ ਜਿਵੇਂ ਜਲ ਦੇ ਨਾਲ ਬਨਸਪਤੀ ਹਰੀ ਹੁੰਦੀ ਹੈ। ਗੁਰਬਾਣੀ ਰਾਗ ਅਤੇ ਰੁੱਤ ਦੇ ਮਾਧਿਅਮ ਰਾਹੀਂ ਆਪਣੇ ਕੇਂਦਰੀ ਵਿਸ਼ੇ ਨੂੰ ਦ੍ਰਿੜ੍ਹ ਕਰਵਾਉਂਦੀ ਹੈ ਕਿ ਮਨੁੱਖ ਦਾ ਅਸਲ ਜੀਵਨ ਹਰੀ ਦੇ ਨਾਮ ਵਿਚ ਜੀਣ ਨਾਲ ਹੀ ਹੈ। ਬਿਲਾਵਲ ਰਾਗ ਖੁਸ਼ੀ ਦਾ ਰਾਗ ਹੈ, ਮਲਾਰ ਰਾਗ ਸੀਤਲਤਾ ਦਾ ਰਾਗ ਹੈ ਅਤੇ ਸ੍ਰੀ ਰਾਗ ਰਾਗਾਂ ਵਿੱਚੋਂ ਸਿਰਮੌਰ ਰਾਗ ਹੈ। ਰਾਗਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਹੇਠ ਲਿਖੇ ਫ਼ਰਮਾਨ ਦਰਜ ਹਨ:

ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ (ਪੰਨਾ 83)

ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ॥
ਸਤਸੰਗਤਿ ਸਿਉ ਮਿਲਦੋ ਰਹੈ ਸਚੇ ਧਰੇ ਪਿਆਰੁ॥ (ਪੰਨਾ 1087)

ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥
ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ॥ (ਪੰਨਾ 1283)

ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ॥ (ਪੰਨਾ 1419)

ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ॥ (ਪੰਨਾ 849)

ਰਾਗਾਂ ਦੇ ਰਾਹੀਂ ਗੁਰਬਾਣੀ ਸੱਚ ਨਾਲ, ਸ਼ਬਦ ਨਾਲ,  ਸਤਿਸੰਗਤ ਨਾਲ, ਸਤਿਗੁਰੂ ਨਾਲ ਅਤੇ ਪਰਮਾਤਮਾ ਨਾਲ ਪਿਆਰ ਪਾਉਣ ਦਾ ਉਪਦੇਸ਼ ਕਰਦੀ ਹੈ। ਅਨੰਦ, ਸੁਖ ਅਤੇ ਸ਼ਾਂਤੀ ਦੀ ਪ੍ਰਾਪਤੀ ਕੇਵਲ ਅਤੇ ਕੇਵਲ ਇਸ ਪ੍ਰੀਤ ਦੇ ਰਾਹੀਂ ਹੀ ਸੰਭਵ ਹੈ।

ਰਾਗ ਮਾਲਾ ਰਾਗਾਂ ਦੀ ਨਾਮਾਵਲੀ ਹੈ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ‘ਮਹਾਨ ਕੋਸ਼’ ਵਿਚ ਇਸ ਰਚਨਾ ਵਿਚ ਦਰਜ ਛੇ ਰਾਗਾਂ, ਇਨ੍ਹਾਂ ਰਾਗਾਂ ਦੀਆਂ ਪੰਜ-ਪੰਜ ਰਾਗਣੀਆਂ ਅਤੇ ਇਨ੍ਹਾਂ ਰਾਗਾਂ ਦੇ ਅੱਠ-ਅੱਠ ਪੁੱਤਰਾਂ ਦਾ ਜ਼ਿਕਰ ਵੇਰਵੇ ਸਹਿਤ ਦਰਸਾਇਆ ਹੈ। ਛੇ ਮੁੱਖ ਰਾਗ ਭੈਰਉ, ਮਾਲ ਕਉਸਕ, ਹਿੰਡੋਲ, ਦੀਪਕ, ਸਿਰੀ ਰਾਗ ਅਤੇ ਮੇਘ ਰਾਗ ਵਜੋਂ ਦਰਜ ਹਨ। ਭਾਰਤੀ ਸੰਗੀਤ ਸ਼ਾਸਤਰ ਵਿਚ ਛੇ ਰਾਗ ਹੀ ਪ੍ਰਮੁੱਖ ਮੰਨੇ ਜਾਂਦੇ ਹਨ ਭਾਵੇਂ ਕਿ ਵੱਖ-ਵੱਖ ਗ੍ਰੰਥਾਂ ਵਿਚ ਇਨ੍ਹਾਂ ਦੇ ਨਾਵਾਂ ਪ੍ਰਤੀ ਵਖਰੇਵੇਂ ਮਿਲਦੇ ਹਨ। ਰਾਗਣੀਆਂ ਅਤੇ ਰਾਗਾਂ ਦੇ ਪੁੱਤਰਾਂ ਦੇ ਵੇਰਵੇ ਵੀ ਸੰਗੀਤ ਨਾਲ ਸੰਬੰਧਿਤ ਗ੍ਰੰਥਾਂ ਵਿਚ ਦਰਜ ਹਨ।

ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਰਾਗਾਂ ਦੇ ਮਹੱਤਵ ਬਾਰੇ, ਰਾਗਾਂ ਦੇ ਨਾਵਾਂ ਬਾਰੇ, ਰਾਗਾਂ ਅਤੇ ਰੁੱਤਾਂ ਦੇ ਸੰਬੰਧ ਬਾਰੇ, ਰਾਗਾਂ ਅਤੇ ਦਿਨ-ਰਾਤ ਦੇ ਪਹਿਰਾਂ ਦੇ ਸੰਬੰਧ ਬਾਰੇ, ਰਾਗਾਂ ਦੇ ਕੇਂਦਰੀ ਸੁਭਾਅ ਬਾਰੇ, ਸਾਜ਼ਾਂ ਬਾਰੇ, ਰਾਗਬਧ ਕੀਰਤਨ ਕਰਨ ਬਾਰੇ ਅਤੇ ਕੀਰਤਨ ਦੇ ਕਲਯੁਗ ਵਿਚ ਮਹੱਤਵ ਬਾਰੇ ਬੜਾ ਕੁਝ ਪ੍ਰਾਪਤ ਹੈ। ਸੰਗੀਤ-ਸ਼ਾਸਤਰ ਦੇ ਖੇਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਮਹਾਨ ਅਤੇ ਪਵਿੱਤਰ ਸੋਮੇ ਵਜੋਂ ਇਸ ਖੇਤਰ ਦੇ ਖੋਜੀਆਂ ਲਈ ਰਹਿਨੁਮਾਈ ਕਰਨ ਦੇ ਸਮਰੱਥ ਹਨ। ਗੁਰਬਾਣੀ ਨੇ ਰਾਗ-ਵਿੱਦਿਆ ਦੀ ਸਦਵਰਤੋਂ ਕਰਦੇ ਹੋਏ ਆਪਣੇ ਕੇਂਦਰੀ ਬਿੰਦੂ ਪਰਮਾਤਮਾ ਦੀ ਬਾਤ ਸਾਡੇ ਅੱਗੇ ਬਾਰ-ਬਾਰ ਪਾਈ ਹੈ। ਹੁਣ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਰਾਗਬਧ ਕੀਰਤਨ ਰਾਹੀਂ ਹਰੀ ਦੀ ਸਿਫ਼ਤ-ਸਲਾਹ ਗਾਈਏ ਅਤੇ ਸੁਣੀਏ ਤਾਂ ਕਿ ਸਾਡਾ ਜੀਵਨ ਸਫ਼ਲਾ ਹੋ ਸਕੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Sukhdev Singh Shant
ਸੇਵਾ ਮੁਕਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ -ਵਿਖੇ: ਸਹਿਕਾਰਤਾ ਵਿਭਾਗ, ਪੰਜਾਬ ਸਰਕਾਰ

36-ਬੀ, ਰਤਨ ਨਗਰ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)