ਇਤਿਹਾਸ ਨੇ ਪੰਜਾਬੀਆਂ ਵਿਚ ਕੁਝ ਅਜਿਹੇ ਔਗੁਣ ਪੈਦਾ ਕਰ ਦਿੱਤੇ ਹਨ, ਜਿਨ੍ਹਾਂ ਨੇ ਸਮੇਂ-ਸਮੇਂ ਕਈਆਂ ਸੰਕਟਾਂ ਨੂੰ ਜਨਮ ਦਿੱਤਾ ਹੈ, ਪਰ ਇਨ੍ਹਾਂ ਵਿੱਚੋਂ ਸਭ ਤੋਂ ਪੁਰਾਣਾ ਤੇ ਤਿੱਖਾ ਸਭਿਆਚਾਰਕ ਸੰਕਟ ਹੈ। ਸਭਿਆਚਾਰਕ ਸੰਕਟ ਇਕ ਬਹੁਪੱਖੀ ਵਰਤਾਰਾ ਹੈ, ਪਰ ਅੱਜ ਅਸੀਂ ਇਥੇ ਇਸ ਦੇ ਕੇਵਲ ਭਾਸ਼ਾਈ ਪ੍ਰਸੰਗ ਦੀ ਹੀ ਗੱਲ ਕਰਨੀ ਚਾਹਾਂਗੇ। ਪੰਜਾਬੀਆਂ ਵੱਲੋਂ ਆਪਣੀ ਜ਼ਬਾਨ ਦੀ ਕਦਰ ਨਾ ਕਰਨ ਅਤੇ ਹੁਕਮਰਾਨਾਂ ਦੀ ਜ਼ਬਾਨ ਨੂੰ ਆਪਣੀ ਜ਼ਬਾਨ ਸਮਝ ਲੈਣ ਦੀ ਭੁੱਲ ਵੱਲ, ਸਭ ਤੋਂ ਪਹਿਲਾ ਸੰਕੇਤ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਵਿਚ ਕੀਤਾ ਹੈ :
ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ॥
ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ॥
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ॥
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥ (ਪੰਨਾ 1191)
ਸ੍ਰੀ ਗੁਰੂ ਨਾਨਕ ਦੇਵ ਜੀ ਇਕ ਥਾਂ ਹੋਰ ਖੱਤਰੀਆਂ ਵੱਲੋਂ ਆਪਣੇ ਪਰੰਪਰਾਗਤ ਕਰਮ ਨੂੰ ਤਿਆਗ ਕੇ ਮੁਸਲਮਾਨਾਂ ਦੇ ਸਭਿਆਚਾਰ ਅਤੇ ਉਨ੍ਹਾਂ ਦੀ ਭਾਸ਼ਾ ਦੇ ਦਿਲ-ਦਾਦਾ ਬਣ ਬੈਠਣ ਉੱਪਰ ਵਿਅੰਗ ਕੱਸਦੇ ਹੋਏ ਫ਼ਰਮਾਉਂਦੇ ਹਨ ਕਿ ਮੁਸਲਮਾਨਾਂ ਦੀ ਰਾਜਨੀਤਿਕ ਗ਼ੁਲਾਮੀ ਨੇ ਖੱਤਰੀਆਂ ਨੂੰ ਜ਼ਿਹਨੀ ਤੌਰ ’ਤੇ ਉਨ੍ਹਾਂ ਦਾ ਗ਼ੁਲਾਮ ਬਣਾ ਛੱਡਿਆ ਹੈ। ਉਨ੍ਹਾਂ ਨੇ ਮੁਸਲਮਾਨਾਂ ਦੀ ਬੋਲੀ (ਫ਼ਾਰਸੀ) ਗ੍ਰਹਿਣ ਕਰ ਲਈ ਹੈ। ਇਕ ਪਾਸੇ ਮੁਸਲਮਾਨਾਂ ਨੂੰ ਮਲੇਛ ਆਖਣਾ ਤੇ ਦੂਜੇ ਪਾਸੇ ਆਪਣੀ ਬੋਲੀ ਤੋਂ ਬੇਮੁਖ ਹੋ ਕੇ ਉਨ੍ਹਾਂ ਦੀ ਬੋਲੀ ਨੂੰ ਅਪਣਾ ਲੈਣਾ ਕਿੱਧਰ ਦੀ ਦਾਨਾਈ ਹੈ? ਉਨ੍ਹਾਂ ਦਾ ਫ਼ਰਜ਼ ਤਾਂ ਇਹ ਸੀ ਕਿ ਉਹ ਆਪਣੇ ਦੇਸ਼ ਦਾ ਧਰਮ, ਸਭਿਆਚਾਰ ਅਤੇ ਬੋਲੀ ਨੂੰ ਬਚਾ ਕੇ ਰੱਖਦੇ, ਪਰ ਉਨ੍ਹਾਂ ਦੀ ਅਣਗਹਿਲੀ ਕਰਕੇ ਆਮ ਜਨਤਾ ਧੜਾ-ਧੜ ਇਸਲਾਮ ਦੇ ਪ੍ਰਭਾਵ ਹੇਠ ਆ ਗਈ ਸੀ :
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ॥ (ਪੰਨਾ 663)
ਪਾਵਨ ਬਾਣੀ ਰਚਣ, ਭਗਤ-ਬਾਣੀ ਇਕੱਠੀ ਕਰਨ ਅਤੇ ਫਿਰ ਇਸ ਸਾਰੇ ਸੰਗ੍ਰਹਿ ਨੂੰ ਇਕ ਪ੍ਰਸਤਾਵਿਤ ਗ੍ਰੰਥ ਤਿਆਰ ਕਰਨ ਦੀ ਯੋਜਨਾ ਤਹਿਤ ਗੁਰੂ ਸਾਹਿਬ ਤਕ ਪੁੱਜਦਾ ਕਰਨ ਦਾ ਵਿਚਾਰ, ਨਿਰਸੰਦੇਹ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੀ। ਇਸ ਵਿਚਾਰ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦੀ ਨੀਂਹ ਰੱਖੀ ਕਿਉਂਕਿ ਧਰਮ-ਗ੍ਰੰਥ ਕਿਸੇ ਵੀ ਧਰਮ ਨੂੰ ਸਿਧਾਂਤਕ ਅਗਵਾਈ ਦੇਣ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਧਰਮ-ਗ੍ਰੰਥ ਵਿਚਲੇ ਵਿਚਾਰ ਹੀ ਇਕ ਧਰਮ ਨੂੰ ਦੂਜੇ ਧਰਮ ਤੋਂ ਨਿਖੇੜ ਕੇ ਉਸ ਦੀ ਵੱਖਰਤਾ ਕਾਇਮ ਕਰਦੇ ਹਨ। ਕਿਸੇ ਵੀ ਵਿਚਾਰਧਾਰਾ ਦੀ ਸਾਰਥਕਤਾ ਦੀ ਪਰਖ ਇਸ ਗੱਲ ਤੋਂ ਕੀਤੀ ਜਾਂਦੀ ਹੈ ਕਿ ਉਸ ਨੇ ਕਿਸ ਕਿਸਮ ਦਾ ਵਿਅਕਤੀ ਅਤੇ ਸਮਾਜ ਪੈਦਾ ਕੀਤਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨ ਦੁਆਰਾ ਨਿਰਧਾਰਿਤ ਬੁਨਿਆਦੀ ਸਿਧਾਂਤ ਅਤੇ ਇਕ ਆਦਰਸ਼ਕ ਸਿੱਖ (ਗੁਰਮੁਖ) ਦੀ ਜੀਵਨ-ਜਾਚ ਦੇ ਗੁਰ ਦੱਸੇ ਗਏ ਹਨ। ਸੰਖੇਪ ਵਿਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਗੁਰਸਿੱਖ ਦੀ ਦੀਨ ਤੇ ਦੁਨੀਆਂ ਦੀ ਹਰ ਪੱਖੋਂ ਅਗਵਾਈ ਕਰਨ ਵਾਲਾ ਪਹਿਲਾ ਰਹਿਤਨਾਮਾ ਹੈ।
ਬਾਣੀ ਇਕ ਭਾਸ਼ਾਈ ਰਚਨਾ ਹੈ, ਇਸ ਲਈ ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਭਾਸ਼ਾਈ ਸੰਕਲਪ ਨੂੰ ਜਾਣਨਾ ਨਿਹਾਇਤ ਜ਼ਰੂਰੀ ਹੈ। ਬਾਣੀ ਸਾਧਾਰਨ ਮਨੁੱਖਾਂ ਦੇ ਕਲਿਆਣ ਹਿਤ ਲਿਖੀ ਗਈ, ਇਸ ਲਈ ਇਹ ਸਮੂਹ ਨੂੰ ਸੰਬੋਧਿਤ ਵੀ ਹੈ। ਸਿੱਖ ਧਰਮ ਇਕ ਸਮੂਹਿਕ ਧਰਮ ਹੈ, ਵਿਅਕਤੀਗਤ ਧਰਮ ਨਹੀਂ। ਸਮੂਹ ਅਥਵਾ ਲੋਕਾਂ ਦੀ ਭਾਸ਼ਾ ਵਿਚ ਹੀ ਬਾਣੀ ਦੀ ਰਚਨਾ ਕਰਨਾ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭਾਸ਼ਾ ਸੰਕਲਪ ਸੀ, ਇਸੇ ਲਈ ਉਹ ਫ਼ਰਮਾਉਂਦੇ ਹਨ ਕਿ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ, ਉਹ ਸਾਰੇ ਸੁਣੋ :
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ॥
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ॥ (ਪੰਨਾ 465)
ਇਕ ਥਾਂ ਹੋਰ ਸ੍ਰੀ ਗੁਰੂ ਅਰਜਨ ਦੇਵ ਜੀ ਨਾਮ ਜਪਣ ਦੀ ਵਿਧੀ ਨੂੰ ਇਕ ਸਮੂਹਿਕ ਕਰਮ ਦੱਸਦੇ ਹਨ :
ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ॥
ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ॥ (ਪੰਨਾ 520)
ਉਸ ਯੁੱਗ ’ਚ ਬ੍ਰਾਹਮਣਾਂ ਨੇ ਧਰਮ-ਕਰਮ ਦੇ ਕੰਮਾਂ ਵਿਚ ਆਪਣੀ ਇਜਾਰਾਦਾਰੀ ਕਾਇਮ ਰੱਖਣ ਲਈ ਬਾਣੀ (ਗ੍ਰੰਥ), ਭਾਸ਼ਾ ਅਤੇ ਲਿਪੀ ਬਾਰੇ ਕਈ ਮਿੱਥਾਂ ਪ੍ਰਚਲਤ ਕਰ ਰੱਖੀਆਂ ਸਨ। ਇਨ੍ਹਾਂ ਵਿਚ ਇਕ ਮਿੱਥ ਇਹ ਵੀ ਸੀ ਕਿ ਹਿੰਦੂ ਧਰਮ-ਗ੍ਰੰਥ ਸੰਸਕ੍ਰਿਤ ਵਿਚ ਹੋਣ ਕਰਕੇ ਇਹ ਦੇਵ-ਬਾਣੀ ਹੈ, ਸੰਸਕ੍ਰਿਤ ਦੇਵ-ਭਾਸ਼ਾ ਹੈ ਅਤੇ ਦੇਵਨਾਗਰੀ ਦੇਵ-ਲਿਪੀ ਹੈ। ਇਨ੍ਹਾਂ ਵਿਚ ‘ਦੇਵ’ ਸ਼ਬਦ ਗੌਰਤਲਬ ਹੈ। ਅਜਿਹਾ ਕਰ ਕੇ ਚਤੁਰ ਬ੍ਰਾਹਮਣਾਂ ਨੇ ਇਨ੍ਹਾਂ ਨਾਲ ਦਿੱਬਤਾ (divinity) ਅਤੇ ਪਵਿੱਤਰਤਾ ਜੋੜ ਦਿੱਤੀ। ਇਸੇ ਧਾਰਨਾ ਅਧੀਨ ਹੀ ਇਨ੍ਹਾਂ ਗ੍ਰੰਥਾਂ ਤੋਂ ਬਿਨਾਂ ਕਿਸੇ ਹੋਰ ਗ੍ਰੰਥ, ਭਾਸ਼ਾ ਅਤੇ ਲਿਪੀ ਵਿਚ ਲਿਖੀ ਗਈ ਚੀਜ਼ ਪਵਿੱਤਰ ਨਾ ਹੋਣ ਕਰਕੇ ਧਰਮ-ਕਰਮ ਦੇ ਕੰਮਾਂ ਲਈ ਪ੍ਰਵਾਨ ਨਹੀਂ ਸੀ ਹੋ ਸਕਦੀ। ਬ੍ਰਾਹਮਣਾਂ ਨੇ ਸੰਸਕ੍ਰਿਤ ਤੋਂ ਵਿਕਸਿਤ ਹੋਈਆਂ ਆਮ ਲੋਕਾਂ ਵੱਲੋਂ ਬੋਲੀਆਂ ਜਾਣ ਵਾਲੀਆਂ ਬੋਲੀਆਂ/ਭਾਸ਼ਾਵਾਂ ਨੂੰ ਅਪਭ੍ਰੰਸ਼ ਦਾ ਨਾਂ ਦਿੱਤਾ, ਜਿਸ ਦਾ ਸ਼ਾਬਦਿਕ ਅਰਥ ਹੈ: ਗਿਰਨਾ, ਡਿੱਗਣਾ ਜਾਂ ਵਿਗੜਿਆ ਹੋਇਆ।
ਉਪਰੋਕਤ ਸਵਰਣ ਭਾਂਤ ਦੀਆਂ ਮਿੱਥਾਂ ਨੂੰ ਤੋੜ ਕੇ ਲੋਕਾਂ ਦੀ ਭਾਸ਼ਾ ਵਿਚ ਰਚੀਆਂ ਗਈਆਂ ਰਚਨਾਂਵਾਂ (ਗ੍ਰੰਥ) ਨੂੰ ਪ੍ਰਵਾਨਗੀ ਦਿਵਾਉਣੀ ਗੁਰੂ ਸਾਹਿਬਾਨ ਦੇ ਲੋਕ-ਕਲਿਆਣ ਦੇ ਆਸ਼ਿਆਂ ਵਿੱਚੋਂ ਪ੍ਰਮੁੱਖ ਆਸ਼ਾ ਸੀ। ਇਥੇ ਇਹ ਦੁਹਰਾਉਣ ਦੀ ਲੋੜ ਨਹੀਂ ਕਿ ਗੁਰੂ ਸਾਹਿਬਾਨ ਨੇ ਬੇਸ਼ੁਮਾਰ ਉਨ੍ਹਾਂ ਮਿੱਥਾਂ ਦਾ ਖੰਡਨ ਕੀਤਾ ਜੋ ਤਤਕਾਲੀ ਧਰਮ, ਸਮਾਜ ਅਤੇ ਸਭਿਆਚਾਰ ਲਈ ਹਾਨੀਕਾਰਕ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਇਸੇ ਮਿੱਥ-ਖੰਡਨ ਦਾ ਇਕ ਨਿੱਗਰ ਉਪਰਾਲਾ ਹੈ।
ਸੰਸਕ੍ਰਿਤ ਗ੍ਰੰਥਾਂ, ਭਾਸ਼ਾ ਅਤੇ ਦੇਵਨਾਗਰੀ ਲਿਪੀ ਦੇ ਸਮਾਨਾਂਤਰ ਸੰਕਲਪ ਦੇਣ ਅਤੇ ਇਨ੍ਹਾਂ ਨਾਲ ਜੁੜੇ ਆਦਰ-ਮਾਣ ਅਤੇ ਦਿੱਬਤਾ ਨੂੰ ਪ੍ਰਵਾਨਗੀ ਦਿਵਾਉਣ ਲਈ ਗੁਰੂ ਸਾਹਿਬਾਨ ਨੇ ਉਚੇਚੇ ਯਤਨ ਕੀਤੇ। ਇਸੇ ਲਈ ਅਸੀਂ ਵੇਖਦੇ ਹਾਂ ਕਿ ਗੁਰੂ ਸਾਹਿਬਾਨ ਨੇ ਸ਼ਬਦ/ਬਾਣੀ/ਗੁਰਬਾਣੀ ਅਤੇ ਪੋਥੀ ਆਦਿ ਸ਼ਬਦ ਵਰਤ ਕੇ ਜਗਿਆਸੂ ਦੇ ਮਨ ਵਿਚ ਉੱਠਣ ਵਾਲੇ ਤਮਾਮ ਭਰਮਾਂ ਦਾ ਨਿਵਾਰਣ ਕੀਤਾ ਹੈ। ਇਥੇ ਇਹ ਖਾਸ ਕਰਕੇ ਉਲੇਖਯੋਗ ਹੈ ਕਿ ਗੁਰਬਾਣੀ ਦੇ ਮਹੱਤਵ ਨੂੰ ਦ੍ਰਿੜ੍ਹ ਕਰਨ ਕਰਾਉਣ ਦਾ ਅਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਸ਼ੁਰੂ ਕਰ ਦਿੱਤਾ ਸੀ, ਜੋ ਪਿਛਲੇ ਗੁਰੂ ਸਾਹਿਬਾਨ ਤਕ ਵੀ ਜਾਰੀ ਰਿਹਾ। ਉਦਾਹਰਣ ਵਜੋਂ :
ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ॥
ਜਿਨਿ ਪੀਤੀ ਤਿਸੁ ਮੋਖ ਦੁਆਰ॥ (ਪੰਨਾ 1275)
ਸਭਿ ਨਾਦ ਬੇਦ ਗੁਰਬਾਣੀ॥
ਮਨੁ ਰਾਤਾ ਸਾਰਿਗਪਾਣੀ॥ (ਪੰਨਾ 879)
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥ (ਪੰਨਾ 935)
ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਬਾਣੀ ਪੜ੍ਹਨ, ਸੁਣਨ ਜਾਂ ਜਾਣਨ ਦਾ ਮਹਾਤਮ ਇਨ੍ਹਾਂ ਸ਼ਬਦਾਂ ਵਿਚ ਅੰਕਿਤ ਕੀਤਾ ਹੈ :
ਗੁਰਬਾਣੀ ਸੁਣਿ ਮੈਲੁ ਗਵਾਏ॥
ਸਹਜੇ ਹਰਿ ਨਾਮੁ ਮੰਨਿ ਵਸਾਏ॥1॥ਰਹਾਉ॥
ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ॥
ਅੰਤਰਿ ਸਾਂਤਿ ਸਹਜਿ ਸੁਖੁ ਪਾਏ॥…
ਨ ਸਬਦੁ ਬੂਝੈ ਨ ਜਾਣੈ ਬਾਣੀ॥
ਮਨਮੁਖਿ ਅੰਧੇ ਦੁਖਿ ਵਿਹਾਣੀ॥ (ਪੰਨਾ 665)
ਸ੍ਰੀ ਗੁਰੂ ਰਾਮਦਾਸ ਜੀ ਅਨੁਸਾਰ ਬਾਣੀ ਵਿਚ ਹਰ ਪ੍ਰਕਾਰ ਦੇ ਅੰਮ੍ਰਿਤ ਪਏ ਹਨ ਅਤੇ ਸਤਿਗੁਰੂ ਦੀ ਬਾਣੀ ਨੂੰ ਹਰਫ਼-ਹਰਫ਼ ਸੱਚ ਮੰਨਣ ਦੀ ਤਾਕੀਦ ਕੀਤੀ ਗਈ ਹੈ ਕਿਉਂਕਿ ਇਹ ਦੈਵੀ ਬਚਨ ਹਨ :
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ॥ (ਪੰਨਾ 308)
ਸ਼ਬਦ/ਬਾਣੀ/ਗੁਰਬਾਣੀ/ਪੋਥੀ ਦੀ ਮਹਿਮਾ ਵਿਚ ਸਭ ਤੋਂ ਵੱਧ ਪਾਵਨ ਬਚਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਨ। ਉਨ੍ਹਾਂ ਨੇ ਇਸ ਨੂੰ ਧੁਰ ਕੀ ਬਾਣੀ ਅਤੇ ਸਗਲੀ ਚਿੰਤ ਮਿਟਾਉਣ ਵਾਲੀ ਕਹਿਣ ਦੇ ਨਾਲ-ਨਾਲ ਇਸ ਨੂੰ ਗਾਉਣ, ਸੁਣਨ, ਮੰਨਣ, ਜਾਣਨ (ਬੁੱਝਣ) ਅਤੇ ਕਮਾਉਣ ਵਾਲਿਆਂ ਦੀ ਗਤੀ ਕਰਨ ਵਾਲੀ ਵੀ ਕਿਹਾ ਹੈ। ਗੁਰਬਾਣੀ ਨੂੰ ਹਰ ਪ੍ਰਕਾਰ ਦੇ ਗਿਆਨ ਦਾ ਸੋਮਾ ਮੰਨ ਕੇ ਇਸ ਵਿੱਚੋਂ ਹੀ ਸਭ ਕੁਝ ਤਲਾਸ਼ ਕਰਨ ਦੀ ਨਸੀਹਤ ਬਾਰ-ਬਾਰ ਕੀਤੀ ਗਈ ਹੈ। ਗੁਰਬਾਣੀ ਪਿਉ-ਦਾਦੇ ਦਾ ਖ਼ਜ਼ਾਨਾ ਸੀ, ਜਿਸ ਉੱਪਰ ਹਰ ਅਕੀਦਤਮੰਦ ਦਾ ਬਰਾਬਰ ਅਧਿਕਾਰ ਸੀ।
ਗੁਰੂ ਸਾਹਿਬਾਨ ਦੇ ਲੋਕ-ਮੁੱਖਤਾ ਅਤੇ ਬਾਣੀ ਵਿਚਲੀ ਲੋਕ-ਯੋਗਤਾ ਦੇ ਇਸ ਸੰਕਲਪ ਨੂੰ ਪਿਛਲੇਰੇ ਸਿੱਖ ਲੇਖਕਾਂ ਨੇ ਵੀ ਆਪਣੇ-ਆਪਣੇ ਅੰਦਾਜ਼ ਵਿਚ ਹੋਰ ਵੀ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਅਠਾਰ੍ਹਵੀਂ ਸਦੀ ਦੀ ‘ਸਿੱਖਾਂ ਦੀ ਭਗਤਮਾਲਾ’ ਸਿੱਖ ਧਰਮ, ਸਮਾਜ ਅਤੇ ਸਭਿਆਚਾਰ ਨੂੰ ਸਮਝਣ ਲਈ ਇਕ ਅਤਿਅੰਤ ਮਹੱਤਵਪੂਰਨ ਰਚਨਾ ਹੈ। ਇਸ ਵਿਚਲੀ ਇਕ ਸਾਖੀ ਅਜਿਹੀ ਹੈ ਜੋ ਬ੍ਰਾਹਮਣਾਂ ਵੱਲੋਂ ਬਹੁਤ ਪ੍ਰਚਾਰੀ ਗਈ, ਸੰਸਕ੍ਰਿਤ ਵਾਲੀ ਮਿੱਥ ਦਾ ਬੜੇ ਜ਼ੋਰਦਾਰ ਪਰ ਦਲੀਲਮਈ ਢੰਗ ਨਾਲ ਖੰਡਨ ਕਰਦੀ ਹੈ। ਸਾਖੀ ਅਨੁਸਾਰ ਕਸ਼ਮੀਰ ਦੇ ਪੰਡਤ ਸਿੱਖਾਂ ਨੂੰ ਬਾਣੀ ਨਹੀਂ ਸਨ ਪੜ੍ਹਨ ਦਿੰਦੇ ਕਿਉਂਕਿ ਉਨ੍ਹਾਂ ਦੀ ਨਜ਼ਰ ਵਿਚ ਇਹ ਸੰਸਕ੍ਰਿਤ ਵਿਚ ਨਾ ਹੋਣ ਕਰਕੇ ਪਵਿੱਤਰ ਨਹੀਂ ਸੀ, ਇਸ ਲਈ ਧਰਮ-ਕਰਮ ਦੇ ਕੰਮਾਂ ਲਈ ਪ੍ਰਮਾਣਿਕ ਨਹੀਂ ਸੀ। ਆਪਣੀ ਫ਼ਰਿਆਦ ਲੈ ਕੇ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਅੰਮ੍ਰਿਤਸਰ ਆਏ ਅਤੇ ਉਨ੍ਹਾਂ ਨੂੰ ਆਪਣੀ ਇਹ ਸਮੱਸਿਆ ਦੱਸੀ। ਗੁਰੂ ਜੀ ਨੇ ਉਨ੍ਹਾਂ ਦੇ ਮੋਢੀ ਮਾਧੋਦਾਸ ਨੂੰ ਦੋ ਗੱਲਾਂ ਕਹੀਆਂ। ਪਹਿਲੀ ਇਹ ਕਿ ਉਹ ਪੰਡਤਾਂ ਨੂੰ ਪੁੱਛਣ ਕਿ ਉਹ ਸੰਸਕ੍ਰਿਤ ਗ੍ਰੰਥਾਂ ਦੀ ਵਿਆਖਿਆ ਕਿਸ ਭਾਸ਼ਾ ਵਿਚ ਕਰਦੇ ਹਨ ਕਿਉਂਕਿ ਆਮ ਲੋਕ ਤਾਂ ਸੰਸਕ੍ਰਿਤ ਸਮਝਦੇ ਨਹੀਂ? ਦੂਜੀ ਇਹ ਕਿ ਜੇਕਰ ਘਿਉ ਨੂੰ ਭਾਵੇਂ ਧਾਤ ਦੇ ਬਰਤਨ ਵਿਚ ਪਾਇਆ ਜਾਵੇ, ਭਾਵੇਂ ਮਿੱਟੀ ਦੇ ਬਰਤਨ ਵਿਚ, ਕੀ ਇਸ ਨਾਲ ਘਿਉ ਦੀ ਪਵਿੱਤਰਤਾ ਅਤੇ ਗੁਣਵੱਤਾ ਵਿਚ ਕੋਈ ਫ਼ਰਕ ਆਉਂਦਾ ਹੈ? ਮਹੱਤਵਪੂਰਨ ਗੱਲ ਵਸਤੂ ਦੀ ਹੈ, ਭਾਂਡੇ ਦੀ ਨਹੀਂ। ਵਿਚਾਰ ਜਾਂ ਸਿਧਾਂਤ ਮੁੱਲਵਾਨ ਹਨ, ਭਾਸ਼ਾ ਨਹੀਂ।
‘ਸਿੱਖਾਂ ਦੀ ਭਗਤਮਾਲਾ’ 18ਵੀਂ ਸਦੀ ਦੇ ਅਰੰਭ ਦੀ ਰਚਨਾ ਮੰਨੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਪਿਛੋਕੜ ਵਿਚ ਕੰਮ ਕਰ ਰਿਹਾ ਉਪਰੋਕਤ ਵਿਚਾਰ ਅਠਾਰ੍ਹਵੀਂ ਸਦੀ ਦੇ ਅਖ਼ੀਰ ਅਤੇ ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਵਿਚ ਹੋ ਗੁਜ਼ਰੇ ਕਵੀ ਸੋਂਧਾ ਤਕ ਪੁੱਜਦਾ ਹੈ। ਉਹ ਆਪਣੀ ਇਕ ਰਚਨਾ ‘ਗੁਰ ਉਸਤਤਿ’ ਵਿਚ ਬਾਣੀ, ਭਾਸ਼ਾ ਅਤੇ ਲਿਪੀ ਦੇ ਪ੍ਰਸੰਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਏ ਯੋਗਦਾਨ ਤੋਂ ਜਾਣੂ ਕਰਾਉਂਦਾ ਹੋਇਆ ਕਹਿੰਦਾ ਹੈ ਕਿ ਵੇਦਾਂ ਵਿਚਲੇ ਗਿਆਨ ਨੂੰ ਉਲਟਾਉਣ ਲਈ ਗੁਰੂ ਸਾਹਿਬ ਨੇ ਗੁਰਮੁਖੀ ਅੱਖਰ ਬਣਾਏ। ਇਹ ਅੱਖਰ ਸਿੱਖਣੇ ਇੰਨੇ ਸੌਖੇ ਹਨ ਕਿ ਹਰ ਕੋਈ ਇਨ੍ਹਾਂ ਨੂੰ ਛਿਆਂ ਮਹੀਨਿਆਂ ਵਿਚ ਹੀ ਸਿੱਖ ਸਕਦਾ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਉਪਕਾਰ ਹੈ ਕਿ ਉਨ੍ਹਾਂ ਗੁਰਮੁਖੀ ਅੱਖਰਾਂ ਦਾ ਪੁਲ ਬੰਨ੍ਹ ਕੇ ਸਾਰੀ ਸ੍ਰਿਸ਼ਟੀ ਨੂੰ ਭਉਜਲ ਤੋਂ ਪਾਰ ਉਤਾਰਿਆ ਹੈ :
ਸ੍ਵੈਯਾ : ਏਹਿ ਕੀਆ ਉਪਕਾਰ ਬਡਾ ਗੁਰ, ਅੱਛਰ ਬੇਦਨ ਕੇ ਉਲਟਾਏ।
ਗੁਰਮੁਖੀ ਅਵਰ ਚਾਇ ਕੀਏ, ਜਾ ਕੇ ਸੀਖਨ ਤੇ ਕੋਈ ਕਸਟ ਨ ਪਾਏ।
ਐਸੀ ਹੁਤੀ ਜਗ ਮੈ ਨ ਕਦਾਚਿਤ, ਮੋਹਿ ਸੇ ਨੀਚ ਕੋ ਕਉਨ ਸਿਖਾਏ।
ਖਸਟ ਹੀ ਮਾਸ ਮੋ ਹੋਇ ਪ੍ਰਾਪਤ, ਕੈਸੋ ਹੀ ਬੁਧਿ ਤੇ ਹੀਨ ਕਹਾਏ।
ਦੋਹਰਾ : ਗੁਰ ਨਾਨਕ ਜਗ ਮਹਿ, ਇਹ ਕੀਨਾ ਉਪਕਾਰ।
ਅਖਰ ਕਾ ਪੁਲ ਬਾਧਿ ਕੈ, ਸ੍ਰਿਸਟਿ ਉਤਾਰੀ ਪਾਰ। (ਹੱਥ ਲਿਖਤ ਨੰ: 786, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪਤ੍ਰਾ ਨੰ: 68)
ਲੇਖਕ ਬਾਰੇ
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/November 1, 2007
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/August 1, 2009
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/May 1, 2010