editor@sikharchives.org
Sri Guru Granth Sahib Ji : Lok Kaav De Mahaan Srot

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਲੋਕ-ਕਾਵਿ ਦੇ ਮਹਾਨ ਸ੍ਰੋਤ

ਲੋਕ-ਕਾਵਿ ਉਹ ਕਾਵਿ ਹੁੰਦਾ ਹੈ ਜਿਹੜਾ ਲੋਕਾਂ ਦੀਆਂ ਭਾਵਨਾਵਾਂ, ਰਹੁ-ਰੀਤਾਂ ਅਤੇ ਲੋਕ-ਸਭਿਆਚਾਰ ਦਾ ਪ੍ਰਗਟਾਵਾ ਕਰਦਾ ਹੋਵੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੋਕ-ਕਾਵਿ ਦੇ ਮਹਾਨ ਸ੍ਰੋਤ ਹਨ। ਲੋਕ-ਕਾਵਿ ਉਹ ਕਾਵਿ ਹੁੰਦਾ ਹੈ ਜਿਹੜਾ ਲੋਕਾਂ ਦੀਆਂ ਭਾਵਨਾਵਾਂ, ਰਹੁ-ਰੀਤਾਂ ਅਤੇ ਲੋਕ-ਸਭਿਆਚਾਰ ਦਾ ਪ੍ਰਗਟਾਵਾ ਕਰਦਾ ਹੋਵੇ। ਇਸ ਵਿਚ ਪ੍ਰਚੱਲਤ ਲੋਕ-ਕਾਵਿ ਦੇ ਵੱਖ-ਵੱਖ ਕਾਵਿ- ਰੂਪ-ਲੋਕ-ਸੰਗੀਤ, ਲੋਕ-ਸ਼ੈਲੀ ਅਤੇ ਲੋਕ-ਭਾਸ਼ਾ ਦਾ ਹੋਣਾ ਜ਼ਰੂਰੀ ਹੁੰਦਾ ਹੈ। ਇਹ ਕਾਵਿ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਜਾਂਦਾ ਹੈ ਅਤੇ ਲੋਕ-ਉਕਤੀਆਂ, ਲੋਕ-ਅਖਾਣਾਂ ਅਤੇ ਲੋਕ-ਮੁਹਾਵਰਿਆਂ ਦੇ ਰੂਪ ਵਿਚ ਲੋਕਾਂ ਦੀ ਆਮ ਬੋਲ-ਚਾਲ ਦਾ ਹਿੱਸਾ ਬਣ ਜਾਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਅਤੇ ਪਵਿੱਤਰ ਬਾਣੀ ਵਿਚ ਲੋਕ-ਕਾਵਿ ਦੇ ਹੇਠ ਲਿਖੇ ਰੂਪ ਦੇਖਣ ਨੂੰ ਮਿਲਦੇ ਹਨ:

ੳ) ਸਮੇਂ ਅਤੇ ਰੁੱਤਾਂ ਨਾਲ ਸੰਬੰਧਿਤ ਕਾਵਿ-ਰੂਪ ਜਿਵੇਂ ਬਾਰਹਮਾਹ, ਸਤਵਾਰਾ, ਦਿਨ ਰੈਣਿ, ਪਹਰੇ, ਰੁਤੀ, ਥਿਤੀ ਆਦਿ।
ਅ) ਅੱਖਰਾਂ ਨਾਲ ਸੰਬੰਧਿਤ ਕਾਵਿ-ਰੂਪ ਜਿਵੇਂ ਬਾਵਨ ਅਖਰੀ ਅਤੇ ਪਟੀ।
ੲ) ਲੋਕ-ਧਾਰਾ, ਲੋਕ-ਰੀਤਾਂ ਅਤੇ ਲੋਕ-ਵਿਸ਼ਵਾਸਾਂ ਨਾਲ ਸੰਬੰਧਿਤ ਕਾਵਿ- ਰੂਪ ਜਿਵੇਂ ਵਾਰ, ਛੰਤ, ਘੋੜੀਆਂ, ਅਲਾਹਣੀਆਂ, ਸਦੁ, ਕਰਹਲੇ, ਰਹੋਆ, ਮੁੰਦਾਵਣੀ, ਆਰਤੀ, ਬਿਰਹੜੇ, ਵਣਜਾਰਾ ਆਦਿ।
ਸ) ਕਾਵਿ-ਬਣਤਰ ਪੱਖੋਂ ਕਾਵਿ-ਰੂਪ ਜਿਵੇਂ ਕਾਫੀ, ਪਦੇ, ਸਲੋਕ, ਦੋਹਰਾ, ਡਖਣਾ, ਪਉੜੀ, ਅਸਟਪਦੀ, ਚਉਪਦੇ, ਤਿਪਦੇ, ਦੁਪਦੇ, ਪੰਚਪਦੇ, ਸੋਲਹੇ, ਫੁਨਹੇ, ਸਵਈਆ ਆਦਿ।

ਕਿੰਨਾ ਮਹਾਨ ਖ਼ਜ਼ਾਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕਰ ਕੇ ਸਾਨੂੰ ਬਖ਼ਸ਼ਿਆ ਹੈ! ਕਿੰਨੀ ਤਰਤੀਬ ਨਾਲ ਗੁਰਬਾਣੀ ਦੇ ਕਾਵਿ-ਰੂਪਾਂ ਨੂੰ ਅਤੇ ਛੰਦ-ਪ੍ਰਬੰਧ ਨੂੰ ਸਜਾਇਆ ਗਿਆ ਹੈ! ਬੁੱਧੀ ਦੰਗ ਰਹਿ ਜਾਂਦੀ ਹੈ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੁੱਤੀ ਸੰਪਾਦਨ-ਕਲਾ ਦਾ ਅਨੰਦ ਮਾਣਦੇ ਹਾਂ। ਹੁਣ ਅਸੀਂ ਉਪਰੋਕਤ ਕਾਵਿ-ਰੂਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਵਿਚਾਰਨ ਦਾ ਕੁਝ ਯਤਨ ਕਰਾਂਗੇ।

ੳ) ਸਮੇਂ ਅਤੇ ਰੁੱਤਾਂ ਨਾਲ ਸੰਬੰਧਿਤ ਕਾਵਿ-ਰੂਪ :

ਬਾਰਹਮਾਹਾ ਅਰਥਾਤ ਬਾਰਾਮਾਹ ਇਕ ਬਹੁਤ ਹੀ ਪ੍ਰਸਿੱਧ ਕਾਵਿ-ਰੂਪ ਹੈ। ਹਿੰਦੀ ਅਤੇ ਸੰਸਕ੍ਰਿਤ ਦੇ ਕਵੀਆਂ ਨੇ ਇਸ ਕਾਵਿ-ਰੂਪ ਦੀ ਬਹੁਤ ਵਰਤੋਂ ਕੀਤੀ ਹੈ। ਬਾਰ੍ਹਾਂ ਮਹੀਨਿਆਂ ਦਾ ਸੰਬੰਧ ਸੂਰਜ ਦੀ ਦਿਸ਼ਾ ਨਾਲ ਹੈ। ਸੂਰਜ ਬਾਰ੍ਹਾਂ ਰਾਸ਼ੀਆਂ ਵਿੱਚੋਂ ਗੁਜ਼ਰਦਾ ਹੈ। ਉਸ ਦਾ ਇਹ ਗੁਜ਼ਰਨਾ ਧਰਤੀ ਦੇ ਸੂਰਜ ਦੁਆਲੇ ਘੁੰਮਣ ਕਰਕੇ ਹੈ। ਰਾਸ਼ੀ ਬਦਲਣ ਦੇ ਪਹਿਲੇ ਦਿਨ ਨੂੰ ਸੰਕ੍ਰਾਂਤਿ ਜਾਂ ਸੰਗਰਾਂਦ ਆਖਿਆ ਜਾਂਦਾ ਹੈ। ਸਾਡੇ ਦੇਸ਼ ਵਿਚ ਵੱਖ-ਵੱਖ ਧਰਮਾਂ ਦੇ ਲੋਕ ਆਪਣੇ-ਆਪਣੇ ਢੰਗ ਨਾਲ ਇਸ ਦਿਨ ਦੀ ਪਵਿੱਤਰਤਾ ਨੂੰ ਸਵੀਕਾਰਦੇ ਹਨ। ਗੁਰੂ ਸਾਹਿਬ ਨੇ ‘ਬਾਰਹਮਾਹਾ ਮਾਝ’ ਵਿਚ ਮਹੀਨਿਆਂ ਦੇ ਨਾਵਾਂ ਨਾਲ ਹਰੀ ਦਾ ਨਾਮ ਜਪਣ ਅਤੇ ਸ਼ੁਭ ਕਰਮ ਕਰਨ ਦੀ ਸਿੱਖਿਆ ਦਿੱਤੀ ਹੈ। ਗੁਰਮਤਿ ਅਨੁਸਾਰ ਉਹ ਸਾਰੇ ਮਹੀਨੇ, ਦਿਨ, ਪਲ, ਥਿਤ, ਵਾਰ, ਘੜੀ ਭਲੇ ਹਨ ਜਿਨ੍ਹਾਂ ਵਿਚ ਪਰਮਾਤਮਾ ਦੀ ਕਿਰਪਾ ਸਦਕਾ ਮਨੁੱਖ ਉਸ ਦੇ ਨਾਮ ਨਾਲ ਜੁੜਦਾ ਹੈ। ਗੁਰੂ ਸਾਹਿਬ ਜੀ ਦਾ ਪਵਿੱਤਰ ਫ਼ਰਮਾਨ ਹੈ:

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ॥ (ਪੰਨਾ 136)

ਰਾਗ ਤੁਖਾਰੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ‘ਬਾਰਹਮਾਹਾ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਸ਼ੋਭਿਤ ਹੈ। ਇਸ ਬਾਣੀ ਵਿਚ ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਉਹ ਮਹੀਨੇ, ਰੁੱਤਾਂ, ਥਿੱਤਾਂ, ਵਾਰ, ਘੜੀਆਂ, ਪਲ ਆਦਿ ਸ਼ੁਭ ਹਨ ਜਦੋਂ ਪਰਮਾਤਮਾ ਨਾਲ ਮਨੁੱਖ ਦਾ ਮਿਲਾਪ ਹੁੰਦਾ ਹੈ। ਮਨੁੱਖ ਦੇ ਸਾਰੇ ਕਾਰਜਾਂ ਨੂੰ ਸੰਵਾਰਨ ਵਾਲਾ ਉਹ ਇੱਕੋ-ਇੱਕ ਪਰਮਾਤਮਾ ਹੈ ਅਤੇ ਉਹੀ ਸਾਰੀਆਂ ਵਿਧੀਆਂ ਅਤੇ ਉਪਾਵਾਂ ਦਾ ਮਾਲਕ ਹੈ। ਆਪ ਜੀ ਦਾ ਫ਼ਰਮਾਨ ਹੈ:

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ॥
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ॥
ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ॥ (ਪੰਨਾ 1109)

ਰਾਗ ਬਿਲਾਵਲ ਵਿਚ ਹਫ਼ਤੇ ਦੇ ਵਾਰਾਂ ਦੇ ਨਾਵਾਂ ਨੂੰ ਲੈ ਕੇ ‘ਵਾਰ ਸਤ’ ਜਾਂ ‘ਸਤਵਾਰਾ’ ਨਾਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ। ਇਸ ਕਾਵਿ-ਰੂਪ ਸਤਵਾਰੇ ਦੀ ਵਰਤੋਂ ਕਰਦੇ ਹੋਏ ਗੁਰੂ ਸਾਹਿਬ ਨੇ ਆਦਿਤਵਾਰ (ਐਤਵਾਰ), ਸੋਮਵਾਰਿ, ਮੰਗਲਿ, ਬੁਧਵਾਰਿ, ਵੀਰਵਾਰਿ, ਸੁਕ੍ਰਵਾਰਿ ਅਤੇ ਛਨਿਛਰਵਾਰਿ ਦੇ ਨਾਂ ਲਿਖੇ ਹਨ। ਦਿਨਾਂ ਨਾਲ ਲੋਕਾਂ ਦੇ ਮਨਾਂ ਵਿਚ ਕਈ ਭਰਮ-ਭੁਲੇਖੇ ਅਤੇ ਵਹਿਮ ਜੁੜੇ ਹੋਏ ਸਨ। ਗੁਰਮਤਿ ਅਨੁਸਾਰ ਕੋਈ ਵੀ ਦਿਨ ਚੰਗਾ ਜਾਂ ਮਾੜਾ ਨਹੀਂ। ਚੰਗਿਆਈ ਜਾਂ ਬੁਰਿਆਈ ਤਾਂ ਮਨੁੱਖ ਦੇ ਕੀਤੇ ਜਾਣ ਵਾਲੇ ਕੰਮਾਂ ਵਿਚ ਹੈ। ਵੀਰਵਾਰ ਬਾਰੇ ਗੁਰੁ ਸਾਹਿਬ ਜੀ ਭਰਮਾਂ ਦਾ ਖੰਡਨ ਕਰਦੇ ਹੋਏ ਫ਼ਰਮਾਉਂਦੇ ਹਨ:

ਵੀਰਵਾਰਿ ਵੀਰ ਭਰਮਿ ਭੁਲਾਏ॥
ਪ੍ਰੇਤ ਭੂਤ ਸਭਿ ਦੂਜੈ ਲਾਏ॥ (ਪੰਨਾ 841)

ਇਸੇ ਤਰ੍ਹਾਂ ਸਨਿੱਚਰਵਾਰ ਨਾਲ ਜੁੜੇ ਵਹਿਮਾਂ ਦਾ ਖੰਡਨ ਵੀ ਕੀਤਾ ਗਿਆ ਹੈ:

ਛਨਿਛਰਵਾਰਿ ਸਉਣ ਸਾਸਤ ਬੀਚਾਰੁ॥
ਹਉਮੈ ਮੇਰਾ ਭਰਮੈ ਸੰਸਾਰੁ॥ (ਪੰਨਾ 841)

ਰਾਗ ਗਉੜੀ ਵਿਚ ‘ਵਾਰ ਕਬੀਰ ਜੀਉ ਕੇ’ ਸਿਰਲੇਖ ਹੇਠ ਹਫ਼ਤੇ ਦੇ ਨਾਵਾਂ ਨੂੰ ਆਧਾਰ ਬਣਾ ਕੇ ਸਤਵਾਰਾ ਕਾਵਿ-ਰੂਪ ਵਰਤ ਕੇ ਬਾਣੀ ਦੀ ਰਚਨਾ ਭਗਤ ਕਬੀਰ ਜੀ ਨੇ ਕੀਤੀ ਹੈ। ਇਸ ਬਾਣੀ ਵਿਚ ਆਪ ਜੀ ਨੇ ਦਿਨਾਂ ਦੇ ਨਾਂ ਆਦਿਤ, ਸੋਮਵਾਰਿ, ਮੰਗਲਵਾਰ, ਬੁਧਵਾਰਿ, ਬ੍ਰਿਹਸਪਤਿ, ਸੁਕ੍ਰਿਤ ਅਤੇ ਥਾਵਰ (ਸਨਿੱਚਰਵਾਰ) ਕਰ ਕੇ ਲਿਖੇ ਹਨ। ਇਸ ਬਾਣੀ ਰਾਹੀਂ ਆਪ ਜੀ ਨੇ ਭਗਤੀ ਕਰਨ, ਬਾਣੀ ਨਾਲ ਜੁੜਨ, ਪੰਜ ਵਿਕਾਰਾਂ ’ਤੇ ਕਾਬੂ ਪਾਉਣ, ਗਿਆਨ ਦੀ ਪ੍ਰਾਪਤੀ ਕਰਨ ਅਤੇ ਪਰਮਾਤਮਾ ਨਾਲ ਮਿਲਾਪ ਕਰਨ ਦਾ ਰਸਤਾ ਦੱਸਿਆ ਹੈ।

ਚੌਦਾਂ ਥਿਤਾਂ ਅਤੇ ਮੱਸਿਆ ਜਾਂ ਪੁੰਨਿਆ ਦਾ ਸੰਬੰਧ ਚੰਦਰਮਾ ਨਾਲ ਹੈ। ਹਨੇਰੇ ਅਤੇ ਚਾਨਣੇ ਪੱਖ ਦੀਆਂ ਵਦੀਆਂ ਅਤੇ ਸੁਦੀਆਂ ਦੀਆਂ ਥਿਤਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬਾਨ ਨੇ ‘ਥਿਤੀ’ ਬਾਣੀ ਦੀ ਰਚਨਾ ਕੀਤੀ ਹੈ। ਇਹ ਕਾਵਿ-ਰੂਪ ਰਾਗ ਬਿਲਾਵਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਤੇ ਰਾਗ ਗਉੜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀ ਰਚਨਾ ਕਰਨ ਲਈ ਵਰਤਿਆ ਹੈ। ਏਕਮ, ਦੂਜੈ, ਤ੍ਰਿਤੀਆ, ਚਉਥਿ, ਪੰਚਮੀ, ਖਸਟੀ, ਸਪਤਮੀ, ਅਸਟਮੀ, ਨਉਮੀ, ਦਸਮੀ, ਏਕਾਦਸੀ, ਦੁਆਦਸੀ, ਤੇਰਸਿ, ਚਉਦਸਿ, ਅਮਾਵਸਿਆ ਦੇ ਰੂਪ ਵਿਚ ਰਾਗੁ ਬਿਲਾਵਲ ਵਿਚ ਦਰਜ ਬਾਣੀ ‘ਥਿਤੀ’ ਵਿਚ ਥਿੱਤਾਂ ਦੇ ਨਾਂ ਦਰਜ ਕੀਤੇ ਗਏ ਹਨ। ਥੋੜ੍ਹੇ-ਬਹੁਤ ਅੰਤਰ ਨਾਲ ਇਹੀ ਥਿੱਤਾਂ ਮਹਲਾ ਪੰਜਵਾਂ ਨੇ ਰਾਗੁ ਗਉੜੀ ਵਿਚ ‘ਥਿੰਤੀ’ ਬਾਣੀ ਦੀ ਰਚਨਾ ਕਰਦਿਆਂ ਲਿਖੀਆਂ ਹਨ। ਉਥੇ ਇਹ ਏਕਮ, ਦੁਤੀਆ, ਤ੍ਰਿਤੀਆ, ਚਤੁਰਥਿ, ਪੰਚਮਿ, ਖਸਟਮਿ, ਸਪਤਮਿ, ਅਸਟਮੀ, ਨਉਮੀ, ਦਸਮੀ, ਏਕਾਦਸੀ, ਦੁਆਦਸੀ, ਤ੍ਰਉਦਸੀ, ਚਉਦਹਿ, ਅਮਾਵਸ ਅਤੇ ਪੂਰਨਮਾ ਕਰਕੇ ਦਰਜ ਹਨ। ਥਿੱਤਾਂ ਨਾਲ ਸੰਬੰਧਿਤ ਇਸ ਕਾਵਿ-ਰੂਪ ਥਿਤੀ ਨੂੰ ਵਰਤਦਿਆਂ ਗੁਰੂ ਸਾਹਿਬਾਨ ਨੇ ਪਰਮਾਤਮਾ ਦੀ ਭਗਤੀ ਨੂੰ ਹੀ ਕੇਂਦਰ-ਬਿੰਦੂ ਰੱਖਿਆ ਹੈ। ‘ਏਕਮ ਏਕੰਕਾਰ ਨਿਰਾਲਾ’, ‘ਏਕਦਾਸੀ ਇਕ ਰਿਦੈ ਵਸਾਵੈ’, ‘ਸਪਤਮੀ ਸਤੁ ਸੰਤੋਖੁ ਸਰੀਰਿ’, ਆਦਿ ਪਵਿੱਤਰ ਕਥਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਗੁਰਬਾਣੀ ਵਿਚ ਲੋਕ-ਕਾਵਿ ਦਾ ਚਾਹੇ ਕੋਈ ਵੀ ਰੂਪ ਵਰਤਿਆ ਜਾ ਰਿਹਾ ਹੈ ਤਾਂ ਵਿਸ਼ਾ ਉਹੀ ਹੈ ਪਰਮਾਤਮਾ ਦੀ ਭਗਤੀ ਅਤੇ ਜੀਵਨ ਦੀ ਸ਼ੁੱਧਤਾ। ਭਗਤ ਕਬੀਰ ਜੀ ਦੀ ‘ਥਿਤੀ’ ਰਚਨਾ ਰਾਗ ਗਉੜੀ ਵਿਚ ਪੰਨਾ 343-44 ’ਤੇ ਦਰਜ ਹੈ ਅਤੇ ਇਸ ਬਾਣੀ ਦਾ ਵਿਸ਼ਾ ਵੀ ਪਰਮਾਤਮਾ ਦੀ ਭਗਤੀ ਹੀ ਰੱਖਿਆ ਗਿਆ ਹੈ। ਇਸ ਬਾਣੀ ਵਿਚ ਆਪ ਜੀ ਨੇ ਥਿੱਤਾਂ ਦੇ ਨਾਂ ਅੰਮਾਵਸ, ਪਰਿਵਾ, ਦੁਤੀਆ, ਤ੍ਰਿਤੀਆ, ਚਉਥਹਿ, ਪਾਂਚੈ, ਛਠਿ, ਸਾਤੈਂ, ਅਸਟਮੀ, ਨਉਮੀ, ਦਸਮੀ, ਏਕਾਦਸੀ, ਬਾਰਸਿ, ਤੇਰਸਿ, ਚਉਦਸਿ ਅਤੇ ਪੂਨਿਉ ਵਰਤੇ ਹਨ। ਭਗਤ ਕਬੀਰ ਜੀ ਨੇ ਫ਼ਰਮਾਇਆ ਹੈ ਕਿ ਜੋ ਵਿਅਕਤੀ ਥਿਤਾਂ ਵਾਰਾਂ ਦੇ ਚੰਗੇ ਮਾੜੇ ਹੋਣ ਦੇ ਚੱਕਰਾਂ ਵਿਚ ਪੈਂਦਾ ਹੈ ਉਹ ਨਾ ਉਰਵਾਰ ਜੋਗਾ (ਇਸ ਲੋਕ ਜੋਗਾ) ਅਤੇ ਨਾ ਪਾਰ ਜੋਗਾ (ਪਰਲੋਕ ਜੋਗਾ) ਰਹਿੰਦਾ ਹੈ। ਆਪ ਜੀ ਦਾ ਫ਼ਰਮਾਨ ਹੈ:

ਪੰਦ੍ਰਹ ਥਿੰਤੀ ਸਾਤ ਵਾਰ॥
ਕਹਿ ਕਬੀਰ ਉਰਵਾਰ ਨ ਪਾਰ॥ (ਪੰਨਾ 343)

ਸਮੇਂ ਨਾਲ ਹੀ ਸੰਬੰਧਿਤ ਬਾਣੀ ਹੈ ‘ਦਿਨ ਰੈਣਿ’। ਰਾਗ ਮਾਝ ਵਿਚ ਇਹ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਹੈ। ਇਸ ਕਾਵਿ-ਰੂਪ ਵਿਚ ਵੀ ਗੁਰੂ ਸਾਹਿਬ ਆਪਣੀ ਰੂਹਾਨੀਅਤ ਦੀ ਗੱਲ ਨੂੰ ਮੁੱਖ ਰੱਖਦੇ ਹਨ। ਪਵਿੱਤਰ ਫ਼ਰਮਾਨ ਹੈ:

ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ॥
ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ॥ (ਪੰਨਾ 137)

ਦਿਨ-ਰਾਤ ਜਿਸ ਨੂੰ ਹਰੀ ਦਾ ਨਾਮ ਨਹੀਂ ਵਿੱਸਰਦਾ ਉਸ ਦੇ ਸਭ ਦੁੱਖ ਕੱਟੇ ਜਾਂਦੇ ਹਨ ਅਤੇ ਉਹ ਹਰਿਆ-ਭਰਿਆ ਹੋ ਜਾਂਦਾ ਹੈ।

ਛੇ ਰੁੱਤਾਂ ’ਤੇ ਆਧਾਰਿਤ ਕਾਵਿ-ਰੂਪ ‘ਰੁਤੀ’ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿਚ ਵਰਤ ਕੇ ਹਰੇਕ ਰੁੱਤ ਦੇ ਕੁਦਰਤੀ ਸੁਭਾਅ ਨੂੰ ਚਿਤਰਿਆ ਹੈ। ਇਸ ਬਾਣੀ ਦੇ ਸ਼ੁਰੂ ਵਿਚ ਹੀ ਗੁਰੂ ਸਾਹਿਬ ਨੇ ਆਪਣਾ ਮੂਲ-ਆਸ਼ਾ ਪਹਿਲਾਂ ਹੀ ਪ੍ਰਗਟ ਕਰ ਦਿੱਤਾ ਹੈ:

ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ॥
ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ॥ (ਪੰਨਾ 927)

ਅਨੰਦਮਈ ਬਸੰਤ ਰੁੱਤ ਦੇ ਮਹੀਨੇ ਚੇਤ ਅਤੇ ਵੈਸਾਖ ਦੱਸੇ ਹਨ, ਗ੍ਰੀਖਮ ਰੁੱਤ ਵਿਚ ਜੇਠ ਅਤੇ ਹਾੜ ਮਹੀਨਿਆਂ ਦੀ ਤਪਸ਼ ਦੱਸੀ ਹੈ; ਰੁਤਿ ਬਰਸੁ (ਵਰਖਾ ਰੁੱਤ) ਦੇ ਮਹੀਨਿਆਂ ਸਾਵਣ ਅਤੇ ਭਾਦਵੇ (ਭਾਦਉ) ਵਿਚ ਜਲਥਲ ਹੋਣ ਦਾ ਚਿਤਰਨ ਹੈ; ਰੁੱਤ ਸਰਦ ਦੇ ਠੰਢੇ ਅਤੇ ਸਜੀਲੇ ਮਹੀਨਿਆਂ ਅੱਸੂ ਅਤੇ ਕੱਤਕ ਦਾ ਜ਼ਿਕਰ ਹੈ; ਰੁੱਤ ਸਿਸੀਅਰ (ਸਿਆਲ) ਦੇ ਮਹੀਨੇ ਪੋਹ-ਮੱਘਰ ਦੀ ਸੀਤਲਤਾ ਦਾ ਬਿਆਨ ਹੈ ਅਤੇ ਹਿਮਕਰ (ਪਛੇਤਰੀ ਸਰਦੀ) ਦੇ ਮਹੀਨਿਆਂ ਮਾਘ-ਫੱਗਣ ਦੀ ਮਨ-ਭਾਉਂਦੀ ਮਿੱਠੀ ਰੁੱਤ ਦਾ ਜ਼ਿਕਰ ਹੈ।

ਸਮੇਂ ਦੀ ਚਾਲ ਨਾਲ ਸੰਬੰਧਿਤ ਇਕ ਹੋਰ ਪ੍ਰਸਿੱਧ ਕਾਵਿ-ਰੂਪ ‘ਪਹਰੇ’ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਅੰਕਿਤ ਹੈ। ਤੁਖਾਰੀ ਰਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿਰੀਰਾਗੁ ਵਿਚ ਵੀ ਮਹਲਾ ਪਹਿਲਾ ਦੀ ਬਾਣੀ ‘ਪਹਰੇ’ ਸਿਰਲੇਖ ਹੇਠ ਦਰਜ ਹੈ। ਰਾਤ ਦੇ ਚਾਰ ਪਹਿਰ ਹੁੰਦੇ ਹਨ। ਗੁਰੂ ਸਾਹਿਬ ਨੇ ਇਨ੍ਹਾਂ ਚਾਰ ਪਹਿਰਾਂ ਦੇ ਰੂਪ ਵਿਚ ਮਨੁੱਖ ਦੀ ਜ਼ਿੰਦਗੀ ਦੇ ਚਾਰ ਪਹਿਰ ਬਿਆਨ ਕੀਤੇ ਹਨ। ਇਸ ਬਾਣੀ ਵਿਚ ਗੁਰੂ ਸਾਹਿਬ ਨੇ ਮਨੁੱਖ ਨੂੰ ‘ਵਣਜਾਰਿਆ ਮਿਤ੍ਰਾ’ ਕਹਿ ਕੇ ਸੰਬੋਧਨ ਕੀਤਾ ਹੈ। ਵਣਜਾਰਾ ਆਪਣੀ ਪੂੰਜੀ ਦੀ ਸੰਭਾਲ ਵਿਚ ਰਾਤ ਦਾ ਇਕ-ਇਕ ਪਹਿਰ ਜਾਗ ਕੇ ਕੱਢਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਮਨੁੱਖ ਨੂੰ ਸਮਝਾਉਂਦੇ ਹਨ ਕਿ ਉਹ ਨਾਮ ਦੀ ਪੂੰਜੀ ਨੂੰ ਸੰਭਾਲ ਲਵੇ। ਸਿਰੀਰਾਗੁ ਦੇ ਪਹਿਰਿਆਂ ਵਿਚ ਚਾਰ ਪਹਿਰਿਆਂ ਦੀ ਵੰਡ ਗੁਰੂ ਸਾਹਿਬ ਨੇ ਇਸ ਤਰ੍ਹਾਂ ਕੀਤੀ ਹੈ:-

ਪਹਿਲੈ ਪਹਰੈ – ਹੁਕਮਿ ਪਇਆ ਗਰਭਾਸਿ
ਦੂਜੈ ਪਹਰੈ – ਵਿਸਰਿ ਗਇਆ ਧਿਆਨੁ
ਤੀਜੈ ਪਹਰੈ – ਧਨ ਜੋਬਨ ਸਿਉ ਚਿਤੁ
ਚਉਥੈ ਪਹਰੈ – ਲਾਵੀ ਆਇਆ ਖੇਤੁ (ਪੰਨਾ 75)

ਤੁਖਾਰੀ ਰਾਗ ਵਿਚ ਰਾਤ ਅਤੇ ਨੀਂਦ ਦੀ ਅਵਸਥਾ ਨੂੰ ਲੈ ਕੇ ਮਨੁੱਖ ਦੇ ਮਨ ਅਤੇ ਜੀਵਨ ਦੀਆਂ ਅਵਸਥਾਵਾਂ ਦਾ ਵਰਣਨ ਕੀਤਾ ਗਿਆ ਹੈ।

ਅ) ਅੱਖਰਾਂ ਨਾਲ ਸੰਬੰਧਿਤ ਕਾਵਿ-ਰੂਪ

ਕਿਸੇ ਵੀ ਭਾਸ਼ਾ ਦੀ ਵਰਣਮਾਲਾ ਨੂੰ ਲੈ ਕੇ ਕਾਵਿ-ਰਚਨਾ ਕਰਨ ਦੀ ਪ੍ਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ। ਅੱਖਰਾਂ ਵਿੱਚੋਂ ਡੂੰਘੇ ਅਰਥਾਂ ਦੀ ਭਾਲ ਮਨੁੱਖ ਲਈ ਹਮੇਸ਼ਾਂ ਦਿਲਚਸਪੀ ਦਾ ਵਿਸ਼ਾ ਰਿਹਾ ਹੈ। ਇਸ ਕਾਵਿ-ਰੂਪ ਦੇ ਭਾਰਤੀ ਸਾਹਿਤ ਵਿਚ ਕਈ ਰੂਪ ਜਿਵੇਂ ਬਾਵਨ ਅਖਰੀ, ਬਾਵਨੀ, ਕਕਹਿਰਾ, ਪਟੀ, ਪੈਂਤੀਸ ਅਖਰੀ ਆਦਿ ਮਿਲਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਬਾਵਨ ਅਖਰੀ’ ਸਿਰਲੇਖ ਹੇਠ ਭਗਤ ਕਬੀਰ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਬਾਣੀਆਂ ਦਰਜ ਹਨ। ਰਾਗ ਗਉੜੀ ਵਿਚ ‘ਬਾਵਨ ਅਖਰੀ’ ਕਾਵਿ-ਰੂਪ ਤਹਿਤ ਭਗਤ ਕਬੀਰ ਜੀ ਦੇ 45 ਛੰਦ ਦਰਜ ਹਨ ਅਤੇ ਇਸੇ ਰਾਗ ਵਿਚ ਮਹਲਾ ਪੰਜਵਾਂ ਦੇ ਇਸ ਕਾਵਿ-ਰੂਪ ਵਿਚ 55 ਛੰਦ ਅੰਕਿਤ ਹਨ।

ਭਗਤ ਕਬੀਰ ਜੀ ਨੇ ਅੱਖਰਾਂ ਦੀ ਮਹੱਤਤਾ ਦੱਸਦੇ ਹੋਏ ਕਿਹਾ ਹੈ ਕਿ ਇਨ੍ਹਾਂ ਬਾਵਨ ਅੱਖਰਾਂ ਵਿਚ ਤਿੰਨਾਂ ਲੋਕਾਂ ਦੀ ਗੱਲ ਹੈ ਅਤੇ ਇਨ੍ਹਾਂ ਅੱਖਰਾਂ ਰਾਹੀਂ ਪਦਾਰਥਕ ਸੰਸਾਰ ਦਾ ਬਿਆਨ ਹੋ ਸਕਦਾ ਹੈ ਪਰ ਪਰਮਾਤਮਾ ਇਨ੍ਹਾਂ ਅੱਖਰਾਂ ਤੋਂ ਪਰ੍ਹੇ ਹੈ। ਆਪ ਫ਼ਰਮਾਉਂਦੇ ਹਨ:

ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ॥
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ॥ (ਪੰਨਾ 340)

ਅੱਖਰਾਂ ਦਾ ਉਚਾਰਨ ਜਿਵੇਂ ਅਸੀਂ ਹੁਣ ਗੁਰਮੁਖੀ ਅੱਖਰਾਂ ਦਾ ਕਰਦੇ ਹਾਂ, ਉਵੇਂ ਹੀ ਭਗਤ ਕਬੀਰ ਜੀ ਨੇ ਲਿਖਿਆ ਹੈ ਜਿਵੇਂ ਕਕਾ, ਖਖਾ, ਗਗਾ, ਘਘਾ, ਙੰਙਾ, ਚਚਾ, ਛਛਾ, ਜਜਾ, ਝਝਾ, ਞੰਞਾ ਆਦਿ।

ਰਾਗ ਗਉੜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਅੱਖਰਾਂ ਦੀ ਮਹਿਮਾ ਇਸ ਤਰ੍ਹਾਂ ਬਿਆਨ ਕਰਦੇ ਹਨ:

ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ॥
ਅਖਰ ਕਰਿ ਕਰਿ ਬੇਦ ਬੀਚਾਰੇ॥
ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ॥
ਅਖਰ ਨਾਦ ਕਥਨ ਵਖ੍ਹਾਨਾ॥
ਅਖਰ ਮੁਕਤਿ ਜੁਗਤਿ ਭੈ ਭਰਮਾ॥
ਅਖਰ ਕਰਮ ਕਿਰਤਿ ਸੁਚ ਧਰਮਾ॥
ਦ੍ਰਿਸਟਿਮਾਨ ਅਖਰ ਹੈ ਜੇਤਾ॥
ਨਾਨਕ ਪਾਰਬ੍ਰਹਮ ਨਿਰਲੇਪਾ॥ (ਪੰਨਾ 261)

ਭਗਤ ਕਬੀਰ ਜੀ ਵਾਂਙ ਹੀ ਗੁਰੂ ਸਾਹਿਬ ਅੱਖਰਾਂ ਦੀ ਮਹਾਨਤਾ ਅਤੇ ਵਿਸ਼ਾਲਤਾ ਬਿਆਨ ਕਰਦੇ ਹਨ ਪਰ ਸਿਧਾਂਤ ਉਹੀ ਪੇਸ਼ ਕਰਦੇ ਹਨ ਕਿ ਪਰਮਾਤਮਾ ਇਨ੍ਹਾਂ ਦ੍ਰਿਸ਼ਟਮਾਨ ਅੱਖਰਾਂ ਤੋਂ ਨਿਰਲੇਪ ਹੈ। ਉਸ ਦਾ ਬਿਆਨ ਇਨ੍ਹਾਂ ਅੱਖਰਾਂ ਵਿਚ ਨਹੀਂ ਹੋ ਸਕਦਾ। ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ‘ਬਾਵਨ ਅਖਰੀ’ ਵਿਚ ਅੱਖਰਾਂ ਦੀ ਤਰਤੀਬ ਭਿੰਨ ਹੈ ਪਰ ਉਚਾਰਨ ਪੱਖੋਂ ਅੱਖਰਾਂ ਨੂੰ ਆਧੁਨਿਕ ਗੁਰਮੁਖੀ ਅੱਖਰਾਂ ਦੇ ਉਚਾਰਨ ਵਾਂਙ ਲਿਖਿਆ ਗਿਆ ਹੈ ਜਿਵੇਂ ਸਸਾ, ਧਧਾ, ਙੰਙਾ, ਲਲਾ ਆਦਿ।

ਅੱਖਰਾਂ ’ਤੇ ਆਧਾਰਿਤ ਕਾਵਿ-ਰੂਪ ‘ਪਟੀ’ ਆਸਾ ਰਾਗ ਵਿਚ ਮਹਲਾ 1 ਅਤੇ ਮਹਲਾ 3 ਨੇ ਗੁਰਬਾਣੀ-ਰਚਨਾ ਲਈ ਵਰਤਿਆ ਹੈ। ਮੁਹਾਰਨੀ ਦੇ ਪ੍ਰਸਿੱਧ ਬੋਲੇ ‘ਅਯੋ ਅਙੈ, ਕਾਖੈ ਘੰਙੈ, ਰੀਰੀ ਲਲੀ, ਸਿਧੰ ਙਾਇਐ’ ਇਸ ਬਾਣੀ ਵਿਚ ਵਰਤੇ ਗਏ ਹਨ। ਇਸ ਤਰ੍ਹਾਂ ਮੁਹਾਰਨੀ ਦੇ ਇਨ੍ਹਾਂ ਬੋਲਿਆਂ ਨੂੰ ਸੁਰੱਖਿਅਤ ਰੂਪ ਵਿਚ ਗੁਰੂ ਸਾਹਿਬ ਨੇ ਸੰਭਾਲ ਲਿਆ ਹੈ। ਗੁਰਮੁਖੀ ਦੇ ਅੱਖਰਾਂ ਨੂੰ ਉਚਾਰਨ ਮੁਤਾਬਿਕ ਛਛਾ, ਬਬਾ, ਜਜਾ, ਕਕਾ, ਤਤਾ, ਭਭਾ, ਵਵਾ, ਧਧਾ ਆਦਿ ਕਰਕੇ ਲਿਖਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਸੈ, ਈਵੜੀ, ਊੜੈ, ਙੰਙੈ, ਕਕੈ, ਖਖੈ, ਗਗੈ ਆਦਿ ਕਰਕੇ ਲਿਖਿਆ ਹੈ। ਵਿਸ਼ਾ ਇਸ ਬਾਣੀ ਦਾ ਉਹੀ ਇਕ ਓਅੰਕਾਰ ਹੀ ਹੈ। ਪਰਮਾਤਮਾ ਹੀ ਸਾਰੀ ਬਾਣੀ ਦਾ ਕੇਂਦਰੀ ਧੁਰਾ ਹੈ ਅਤੇ ਸਾਰੀ ਗੁਰਬਾਣੀ ਇਸ ਧੁਰੇ ਦੁਆਲੇ ਘੁੰਮਦੀ ਹੈ। ਪਵਿੱਤਰ ਫ਼ਰਮਾਨ ਹੈ:

ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ॥ (ਪੰਨਾ 432)

ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਹਿਰਦੇ ਵਿਚ ਵਸਾਉਣ ਲਈ ਅੱਖਰ ਦੇ ਬਹਾਨੇ ਕਿਹਾ ਗਿਆ ਹੈ:

ਰਾਰੈ ਰਾਮੁ ਚਿਤਿ ਕਰਿ ਮੂੜੇ ਹਿਰਦੈ ਜਿਨ੍‍ ਕੈ ਰਵਿ ਰਹਿਆ॥ (ਪੰਨਾ 435)

(ੲ) ਲੋਕ-ਧਾਰਾ, ਲੋਕ-ਰੀਤਾਂ ਅਤੇ ਲੋਕ-ਵਿਸ਼ਵਾਸਾਂ ਨਾਲ ਸੰਬੰਧਿਤ ਕਾਵਿ-ਰੂਪ

ਮਨੁੱਖ ਦੀ ਜ਼ਿੰਦਗੀ ਖੁਸ਼ੀ-ਗ਼ਮੀ, ਸੁਖ-ਦੁੱਖ ਅਤੇ ਜਨਮ-ਮੌਤ ਦਾ ਸੁਮੇਲ ਹੈ। ਬੱਚੇ ਦੇ ਜਨਮ ਦੀ ਖੁਸ਼ੀ ਮਨਾਈ ਜਾਂਦੀ ਹੈ। ਕੁੜਮਾਈ ਅਤੇ ਵਿਆਹ ਦੀਆਂ ਰਸਮਾਂ ਵੀ ਖੁਸ਼ੀ ਭਰਪੂਰ ਹੁੰਦੀਆਂ ਹਨ। ਵਿਛੋੜਾ ਮਨੁੱਖ ਲਈ ਦੁੱਖ ਦਾ ਕਾਰਨ ਹੁੰਦਾ ਹੈ। ਇਸੇ ਤਰ੍ਹਾਂ ਮੌਤ ਸਮੇਂ ਵੀ ਆਮ ਮਨੁੱਖ ਰੋਣ-ਧੋਣ ਲੱਗ ਜਾਂਦੇ ਹਨ। ਇਨ੍ਹਾਂ ਸਾਰੇ ਮੌਕਿਆਂ ’ਤੇ ਵੱਖ-ਵੱਖ ਤਰ੍ਹਾਂ ਦੇ ਗੀਤ ਗਾਏ ਜਾਂਦੇ ਹਨ। ਛੰਦ, ਸਿਠਣੀਆਂ, ਘੋੜੀਆਂ ਆਦਿ ਖੁਸ਼ੀ ਸਮੇਂ ਗਾਏ ਜਾਣ ਵਾਲੇ ਲੋਕ-ਕਾਵਿ ਦੇ ਪ੍ਰਚੱਲਤ ਰੂਪ ਹਨ। ਵੈਣ, ਅਲਾਹਣੀਆਂ, ਸੱਦ ਆਦਿ ਮੌਤ ਦੇ ਸਮੇਂ ਨਾਲ ਸੰਬੰਧਿਤ ਲੋਕ-ਗੀਤਾਂ ਦੀ ਵੰਨਗੀ ਹਨ। ਬਿਰਹੜੇ, ਕਰਹਲੇ, ਵਣਜਾਰਾ ਆਦਿ ਕਾਵਿ-ਰੂਪ ਵਿਛੋੜੇ ਦੇ ਸਮੇਂ ਨਾਲ ਸੰਬੰਧ ਰੱਖਦੇ ਹਨ। ਘਰ ਦੇ ਜੀਆਂ ਤੋਂ ਦੂਰ ਹੋ ਕੇ ਪਰਦੇਸ-ਭ੍ਰਮਣ ਸਮੇਂ ਮਨੁੱਖ ਵਿਛੋੜੇ ਦੇ ਅਹਿਸਾਸਾਂ ਵਿੱਚੋਂ ਗੁਜ਼ਰਦਾ ਹੈ। ਯੁੱਧ ਸਮੇਂ ਜਾਂ ਯੁੱਧ ਤੋਂ ਬਾਅਦ ਬੀਰ-ਰਸ ਨਾਲ ਭਰਪੂਰ ਲੋਕ-ਕਾਵਿ ਦਾ ਰੂਪ ‘ਵਾਰ’ ਬੜਾ ਹੀ ਮਹੱਤਵਪੂਰਨ ਲੋਕ-ਕਾਵਿ ਹੈ। ਆਪਣੇ ਇਸ਼ਟ ਦੀ ਪੂਜਾ ਅਤੇ ਸਿਫ਼ਤ-ਸਲਾਹ ਲਈ ਭਜਨ ਜਾਂ ਸ਼ਬਦ ਗਾਉਣਾ ਅਤੇ ਆਰਤੀ ਕਰਨਾ ਵੀ ਇਕ ਧਾਰਮਿਕ ਅਨੁਸ਼ਠਾਨ ਅਤੇ ਲੋਕ-ਰੀਤ ਹੈ। ਬੁਝਾਰਤਾਂ ਦੇ ਰੂਪ ਵਿਚ, ਟੱਪਿਆਂ ਦੇ ਰੂਪ ਵਿਚ ਅਤੇ ਬੋਲੀਆਂ ਦੇ ਰੂਪ ਵਿਚ ਲੋਕ-ਕਾਵਿ ਦੇ ਨਿੱਕੇ-ਨਿੱਕੇ ਆਕਾਰ ਦੇ ਗੀਤ ਮਨੁੱਖ ਦੇ ਜੀਵਨ ਦਾ ਅਹਿਮ ਹਿੱਸਾ ਹਨ। ‘ਮੁੰਦਾਵਣੀ’ ਬੁਝਾਰਤ ਰੂਪ ਵਿਚ ਮੰਨਿਆ ਜਾਣ ਵਾਲਾ ਇਕ ਕਾਵਿ-ਰੂਪ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਉਪਰੋਕਤ ਸਾਰੇ ਲੋਕ-ਕਾਵਿ-ਰੂਪ ਬੜੀ ਖ਼ੂਬਸੂਰਤੀ ਨਾਲ ਵਰਤੇ ਗਏ ਹਨ। ਛੰਦ ਨੂੰ ਗੁਰਬਾਣੀ ਵਿਚ ਛੰਤ ਕਰਕੇ ਲਿਖਿਆ ਗਿਆ ਹੈ। ਛੰਦਾਂ ਦੇ ਅਨੇਕਾਂ ਰੂਪ ਬਾਣੀ ਦੇ ਰਚਨਹਾਰਿਆਂ ਨੇ ਆਪਣੀ ਬਾਣੀ ਵਿਚ ਵਰਤ ਕੇ ਚਮਤਕਾਰੀ ਰੰਗ ਦਿਖਾਏ ਹਨ। ਲੋਕ-ਸਾਹਿਤ ਵਿਚ ਛੰਦ ਵਿਸ਼ੇਸ਼ ਕਿਸਮ ਦੇ ਪ੍ਰੇਮ-ਗੀਤਾਂ ਕਰਕੇ ਪ੍ਰਸਿੱਧ ਹਨ। ਇਹ ਲੰਮੀ ਹੇਕ ਨਾਲ ਇਸਤਰੀਆਂ ਦੁਆਰਾ ਖੁਸ਼ੀ ਦੇ ਮੌਕੇ ਗਾਏ ਜਾਂਦੇ ਹਨ। ਗੁਰਬਾਣੀ ਵਿਚ ਇਨ੍ਹਾਂ ਛੰਦਾਂ ਦੀਆਂ ਤੁਕਾਂ ਦੇ ਅੰਤ ਵਿਚ ਰਾਮ, ‘ਰਾਮ ਰਾਜੇ ਜਾਂ ਬਲਿਰਾਮ ਜੀਓ’ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਹਰੇਕ ਛੰਦ ਵਿਚ ਚਾਰ ਬੰਦ ਹੁੰਦੇ ਹਨ ਪਰ ਕਿਤੇ ਵੱਧ ਵੀ ਹੋ ਸਕਦੇ ਹਨ। ਸਰੋਦੀ ਅਤੇ ਲੈਆਤਮਕ ਹੋਣਾ ਇਨ੍ਹਾਂ ਛੰਦਾਂ ਦਾ ਕੇਂਦਰੀ ਗੁਣ ਹੈ। ਬਾਣੀ ਦੇ ਰਚਣਹਾਰਿਆਂ ਨੇ ਇਸ ਲੋਕ-ਕਾਵਿ ਦੇ ਰੂਪ ਵਿਚ ਆਪਣੇ ਆਪ ਨੂੰ ਇਸਤਰੀ ਦੇ ਰੂਪ ਵਿਚ ਚਿਤਰਦੇ ਹੋਏ ਪਰਮਾਤਮਾ ਰੂਪੀ ਕੰਤ ਦੇ ਦਰਸ਼ਨਾਂ ਦੀ ਲੋਚਾ ਲਈ ਤਾਂਘ ਪ੍ਰਗਟ ਕੀਤੀ ਹੈ। ਵਿਆਹ, ਜੰਞ, ਮਿਲਾਪ ਆਦਿ ਦੇ ਮੌਕਿਆਂ ਦਾ ਵਰਣਨ ਕਰ ਕੇ ਆਪਣੀ ਪਰਮਾਤਮਾ ਨਾਲ ਮਿਲਾਪ ਦੀ ਖੁਸ਼ੀ ਨੂੰ ਇਨ੍ਹਾਂ ਛੰਦਾਂ ਰਾਹੀਂ ਦਰਸਾਇਆ ਹੈ। ਪਵਿੱਤਰ ਗੁਰਬਾਣੀ ਦੀ ਇਕ ਉਦਾਹਰਣ ਪਰਮਾਤਮਾ ਅਤੇ ਆਤਮਾ ਦੇ ਮਿਲਾਪ ਦੀ ਖੁਸ਼ੀ ਨੂੰ ਇਉਂ ਪ੍ਰਗਟ ਕਰਦੀ ਹੈ:

ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ॥
ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ॥ (ਪੰਨਾ 435-36)

ਇਕ ਸੁਹਾਗਣ ਔਰਤ ਭਾਵ ਗੁਰਮੁਖ ਵੱਲੋਂ ਇਕ ਨਵ-ਜੋਬਨ ਵਾਲੀ ਔਰਤ (ਜਗਿਆਸੂ) ਨੂੰ ਮਿਲਾਪ ਲਈ ਪ੍ਰੇਰਨਾ ਇਨ੍ਹਾਂ ਪਵਿੱਤਰ ਵਾਕਾਂ ਵਿਚ ਦਿੱਤੀ ਗਈ ਹੈ। ਇਸ ਤਰ੍ਹਾਂ ਗੁਰਬਾਣੀ ਦੇ ਮੂਲ ਵਿਸ਼ੇ ਨੂੰ ਇਨ੍ਹਾਂ ਛੰਦਾਂ ਰਾਹੀਂ ਬੜੀ ਕਾਵਿਕ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਵਿਆਹ ਸਮੇਂ ਲਾੜੇ ਨੂੰ ਘੋੜੀ ’ਤੇ ਬਿਠਾ ਕੇ ਲਾੜੇ ਦੀਆਂ ਭੈਣਾਂ, ਭਰਜਾਈਆਂ ਅਤੇ ਹੋਰ ਰਿਸ਼ਤੇਦਾਰ ਇਸਤਰੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ। ਇਹ ਗੀਤ ਘੋੜੀਆਂ ਕਰਕੇ ਪ੍ਰਸਿੱਧ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਰਾਗ ਵਡਹੰਸ ਵਿਚ ਇਸ ਕਾਵਿ-ਰੂਪ ਨੂੰ ਬੜੀ ਗਹਿਰਾਈ ਭਰੀ ਕਲਾ ਨਾਲ ਵਰਤਿਆ ਹੈ। ਗੁਰੂ ਸਾਹਿਬ ਇਥੇ ਮਨੁੱਖ ਦੀ ਦੇਹੀ ਨੂੰ ਘੋੜੀ ਦੇ ਰੂਪ ਵਿਚ ਬਿਆਨ ਕਰਦੇ ਹਨ। ਘੋੜੀ ਦੇ ਨਾਲ ਹੀ ਕਾਠੀ, ਲਗਾਮ ਅਤੇ ਚਾਬੁਕ ਨੂੰ ਰੂਪਕਾਂ ਦੇ ਤੌਰ ’ਤੇ ਬੜੀ ਖ਼ੂਬਸੂਰਤੀ ਨਾਲ ਵਰਤਿਆ ਗਿਆ ਹੈ। ਪਵਿੱਤਰ ਫ਼ਰਮਾਨ ਹਨ:

ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ॥ (ਪੰਨਾ 579)

ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ॥…
ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ॥
ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ॥… (ਪੰਨਾ 575-76)

ਘੋੜੀ ਰੂਪੀ ਦੇਹ ’ਤੇ ਚੰਗਿਆਈ ਦੀ ਕਾਠੀ ਪਾ ਕੇ ਮੂੰਹ ਵਿਚ ਸੰਜਮ ਦੀ ਲਗਾਮ ਦੇ ਕੇ ਅਤੇ ਗੁਰੂ ਦੇ ਸ਼ਬਦ ਦੀ ਚੋਟ ਭਾਵ ਚਾਬੁਕ ਨਾਲ ਇਸ ਘੋੜੀ ਦੀ ਸਵਾਰੀ ਕਰ ਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।

ਅਲਾਹਣੀਆਂ ਇਕ ਬੜਾ ਹੀ ਪ੍ਰਸਿੱਧ ਸ਼ੋਕ-ਗੀਤ ਦਾ ਰੂਪ ਹੈ। ਇਹ ਸ਼ੋਕ-ਗੀਤ ਕਿਸੇ ਦੀ ਮੌਤ ਸਮੇਂ ਉਸ ਦੀ ਸਿਫ਼ਤ ਕਰਦਿਆਂ ਹੋਇਆਂ ਗਾਏ ਜਾਂਦੇ ਹਨ। ਵੈਣਾਂ ਦੇ ਰੂਪ ਵਿਚ ਅਲਾਹਣੀਆਂ ਗਾਉਣ ਦਾ ਰਿਵਾਜ ਹੈ। ਰਾਗ ਵਡਹੰਸ ਵਿਚ ਹੀ ਗੁਰੂ ਸਾਹਿਬ ਨੇ ਇਸ ਲੋਕ-ਕਾਵਿ ਰੂਪ ਨੂੰ ਕਾਇਆ ਅਤੇ ਹੰਸ ਦੇ ਵਿਛੋੜੇ ਦੇ ਮੌਕੇ ਨੂੰ ਪ੍ਰਗਟਾਉਣ ਲਈ ਵਰਤਿਆ ਹੈ:

ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ॥ (ਪੰਨਾ 579)

ਮੌਤ ਇਕ ਅਟੱਲ ਸਚਾਈ ਹੈ। ਇਸ ਦੇਹੀ ਨੇ ਇਕ ਨਾ ਇਕ ਦਿਨ ਬਿਨਸ ਜਾਣਾ ਹੈ। ਗੁਰੂ ਸਾਹਿਬ ਨੇ ਮੌਤ ਸਮੇਂ ਰੋਣ ਨੂੰ ਵਿਅਰਥ ਦੱਸਿਆ ਹੈ। ਆਪ ਪੁੱਛਦੇ ਹਨ ਕਿ ਕਿਸ ਨੂੰ ਰੋਇਆ ਜਾਵੇ, ਇਹ ਤਾਂ ਪਰਮਾਤਮਾ ਵੱਲੋਂ ਪਾਈ ਗਈ ਬਾਜੀ ਭਾਵ ਖੇਡ ਹੈ। ਗਾਫ਼ਲ ਸੰਸਾਰ ਮਾਇਆ ਕਰਕੇ ਅਤੇ ਆਪਣੀਆਂ ਲੋੜਾਂ ਕਰਕੇ ਮਰਨ ਵਾਲੇ ਨੂੰ ਰੋਂਦਾ ਹੈ। ਗੁਰੂ ਸਾਹਿਬ ਇਥੇ ਮਰਨ ਦਾ ਢੰਗ ਵੀ ਦੱਸਦੇ ਹਨ ਜਿਸ ਨਾਲ ਮਨੁੱਖ ਅਮਰ ਹੋ ਜਾਂਦਾ ਹੈ ਭਾਵ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ। ਪਵਿੱਤਰ ਫ਼ਰਮਾਨ ਹੈ:

ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ॥ (ਪੰਨਾ 580)

ਬਹਾਦਰਾਂ ਵਾਂਗ ਪੰਜੇ ਵਿਕਾਰਾਂ ਨੂੰ ਮਾਰ ਕੇ ਪਰਮਾਤਮਾ ਨਾਲ ਇਸ ਢੰਗ ਨਾਲ ਜੁੜਿਆ ਜਾਵੇ ਕਿ ਮੌਤ ਉਪਰੰਤ ਮਨੁੱਖ ਪਰਮਾਤਮਾ ਕੋਲ ਪ੍ਰਵਾਨ ਹੋ ਜਾਵੇ ਅਤੇ ਉਸ ਦਾ ਜਨਮ-ਮਰਨ ਮੁੱਕ ਜਾਵੇ।

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਸਮੇਂ ਆਪ ਜੀ ਦੇ ਪੜੋਤੇ ਬਾਬਾ ਸੁੰਦਰ ਜੀ ਨੇ ਬਾਣੀ ‘ਸਦੁ’ ਉਚਾਰੀ। ‘ਸਦੁ’ ਦਾ ਭਾਵ ਹੈ ਸੱਦਾ ਜਾਂ ਮਰਨ ਦਾ ਬੁਲਾਵਾ। ਗੁਰੂ ਸਾਹਿਬ ਨੇ ਜੋਤੀ ਜੋਤਿ ਸਮਾਉਣ ਸਮੇਂ ਜੋ ਉਪਦੇਸ਼ ਦਿੱਤਾ ਉਹ ਬਾਬਾ ਸੁੰਦਰ ਜੀ ਨੇ ਇਸ ਕਾਵਿ-ਰੂਪ ਨੂੰ ਵਰਤ ਕੇ ਸਾਡੇ ਸਾਹਮਣੇ ਪ੍ਰਗਟ ਕੀਤਾ ਹੈ। ਗੁਰੂ ਸਾਹਿਬ ਨੇ ਅਲਾਹਣੀਆਂ ਦੀ ਬਾਣੀ ਵਾਂਗ ਹੀ ਮੌਤ ਉਪਰੰਤ ਰੋਣ ਤੋਂ ਰੋਕਿਆ ਹੈ ਅਤੇ ਪਰਮਾਤਮਾ ਦੀ ਸਿਫ਼ਤ-ਸਲਾਹ ਦਾ ਕੀਰਤਨ ਕਰਨ ਦਾ ਉਪਦੇਸ਼ ਕੀਤਾ ਹੈ:

ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ॥…
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥  (ਪੰਨਾ 923)

ਬਿਰਹੜੇ ਗੀਤ ਦਾ ਉਹ ਰੂਪ ਹੈ ਜਿਸ ਵਿਚ ਬਿਰਹਾ ਜਾਂ ਵਿਛੋੜੇ ਦਾ ਜ਼ਿਕਰ ਹੋਵੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਕਾਵਿ-ਰੂਪ ਨੂੰ ਮਨੁੱਖ ਅਤੇ ਪਰਮਾਤਮਾ ਦੇ ਆਪਸੀ ਵਿਛੋੜੇ ਨੂੰ ਚਿਤਰਨ ਲਈ ਵਰਤਿਆ ਹੈ। ਆਪ ਜੀ ਫ਼ਰਮਾਉਂਦੇ ਹਨ:

ਜੋ ਜੀਅ ਤੁਝ ਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ॥
ਜਿਸੁ ਤੂੰ ਮੇਲਹਿ ਸੋ ਮਿਲੈ ਪਿਆਰੇ ਤਿਸ ਕੈ ਲਾਗਉ ਪਾਇ॥ (ਪੰਨਾ 431)

ਪਰਮਾਤਮਾ ਨਾਲੋਂ ਵਿੱਛੜ ਕੇ ਮਨੁੱਖ ਜਨਮ-ਮਰਨ ਦੇ ਚੱਕਰ ਵਿਚ ਰਹਿੰਦਾ ਹੈ। ਉਸ ਦੇ ਨਾਲ ਮਿਲਾਪ ਕਰਵਾ ਦੇਣ ਵਾਲੇ ਦੇ ਵੀ ਪੈਰੀਂ ਪੈਣਾ ਬਣਦਾ ਹੈ। ਇਹ ਉਪਕਾਰ ਕੇਵਲ ਅਤੇ ਕੇਵਲ ਗੁਰੂ ਹੀ ਕਰ ਸਕਦਾ ਹੈ। ਇਹ ਉਪਕਾਰ ਸਾਡੇ ’ਤੇ ਗੁਰਬਾਣੀ ਦੇ ਰੂਪ ਵਿਚ ਗੁਰੂ ਸਾਹਿਬ ਦਿਆਲਤਾ ਨਾਲ ਬਖਸ਼ਿਸ਼ ਕਰ ਰਹੇ ਹਨ। ‘ਕਰਹਲੇ’ ਅਤੇ ‘ਵਣਜਾਰਾ’ ਕਾਵਿ-ਰੂਪ ਉਨ੍ਹਾਂ ਪ੍ਰਦੇਸੀ ਮਨੁੱਖਾਂ ਦੇ ਜੀਵਨ ਨੂੰ ਪ੍ਰਗਟ ਕਰਦੇ ਹਨ ਜਿਹੜੇ ਆਪਣੇ ਜੀਵਨ-ਨਿਰਬਾਹ ਲਈ ਅਤੇ ਵਪਾਰ ਲਈ ਆਪਣਾ ਘਰ ਛੱਡ ਕੇ ਦੂਰ-ਦੁਰਾਡੇ ਜਾਂਦੇ ਹਨ। ਕਰਹਲ ਊਠ ਨੂੰ ਕਹਿੰਦੇ ਹਨ। ਰਾਜਸਥਾਨੀ ਅਤੇ ਸਿੰਧੀ ਭਾਸ਼ਾ ਨਾਲ ਇਸ ਸ਼ਬਦ ਦਾ ਸੰਬੰਧ ਹੈ। ਊਠਾਂ ਵਾਲੇ ਸੌਦਾਗਰ ਰਸਤੇ ਵਿਚ ਊਠਾਂ ਨੂੰ ਹੱਕਦੇ ਹੋਏ ਕਰਹਲੇ ਰੂਪੀ ਗੀਤ ਗਾਉਂਦੇ ਹਨ। ਗਉੜੀ ਰਾਗ ਵਿਚ ਸ੍ਰੀ ਗੁਰੂ ਰਾਮਦਾਸ ਜੀ ਨੇ ਮਨ ਨੂੰ ਪਰਦੇਸੀ ਅਤੇ ਕਰਹਲਾ ਕਹਿ ਕੇ ਸੰਬੋਧਨ ਕੀਤਾ ਹੈ। ਉਪਦੇਸ਼ ਕੀਤਾ ਹੈ ਕਿ ਕਰਹਲੇ ਰੂਪੀ ਮਨ ਨੂੰ ਆਪਣੀ ਮੰਜ਼ਿਲ ਪਰਮਾਤਮਾ ਵੱਲ ਜਾਣਾ ਚਾਹੀਦਾ ਹੈ। ਪਵਿੱਤਰ ਫ਼ਰਮਾਨ ਹੈ:

ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ॥
ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ॥ (ਪੰਨਾ 235)

ਵਣਜਾਰੇ ਵੀ ਆਪਣੇ ਵਣਜ ਲਈ ਦੂਰ-ਦੂਰ ਜਾਂਦੇ ਹਨ। ਆਪਣੀ ਪੂੰਜੀ ਦੀ ਰਾਖੀ ਲਈ ਰਾਤਾਂ ਨੂੰ ਜਾਗਦੇ ਹਨ। ਗੁਰੂ ਸਾਹਿਬ ਨੇ ਸਿਰੀਰਾਗੁ ਵਿਚ ਕਾਵਿ-ਰੂਪ ‘ਵਣਜਾਰਾ’ ਰਾਹੀਂ ਮਨੁੱਖ ਨੂੰ ‘ਵਣਜਾਰਿਆ ਮਿਤ੍ਰਾ’ ਨਾਲ ਸੰਬੋਧਨ ਕਰ ਕੇ ਨਾਮ ਦੀ ਪੂੰਜੀ ਨੂੰ ਸੰਭਾਲਣ ਦਾ ਉਪਦੇਸ਼ ਦਿੱਤਾ ਹੈ।

ਬੀਰ-ਰਸ ਨਾਲ ਭਰਪੂਰ ‘ਵਾਰਾਂ’ ਲੋਕ-ਕਾਵਿ ਵਿਚ ਬੜੀ ਅਹਿਮੀਅਤ ਰੱਖਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਬਾਈ ਵਾਰਾਂ’ ਦਰਜ ਹਨ। ਇਨ੍ਹਾਂ ਵਾਰਾਂ ਵਿਚ ਪਉੜੀਆਂ ਦੇ ਰੂਪ ਵਿਚ ਛੰਦ ਦਰਜ ਹਨ ਅਤੇ ਨਾਲ ਹੀ ਸਲੋਕ ਵੀ ਸ਼ਾਮਲ ਕੀਤੇ ਗਏ ਹਨ। ਬਚ ਗਏ ਸਲੋਕਾਂ ਨੂੰ ‘ਸਲੋਕ ਵਾਰਾਂ ਤੇ ਵਧੀਕ’ ਲਿਖ ਕੇ ਦਰਜ ਕੀਤਾ ਗਿਆ ਹੈ। ਆਸਾ ਕੀ ਵਾਰ ਦਾ ਗਾਇਨ ਨਿੱਤ ਗੁਰਦੁਆਰਾ ਸਾਹਿਬਾਨ ਵਿਚ ਰਾਗੀ ਸਿੰਘਾਂ ਵੱਲੋਂ ਕੀਤਾ ਜਾਂਦਾ ਹੈ। ਇਨ੍ਹਾਂ ਵਾਰਾਂ ਵਿਚ ਗੁਰੂ ਸਾਹਿਬਾਨ ਨੇ ਪੰਜ ਵਿਕਾਰਾਂ ਅਤੇ ਸਮਾਜ ਦੀਆਂ ਪ੍ਰਚੱਲਤ ਬੁਰਾਈਆਂ ਅਰਥਾਤ ਗ਼ਲਤ ਰੀਤਾਂ-ਰਸਮਾਂ ਦੇ ਵਿਰੁੱਧ ਸੰਘਰਸ਼ ਨੂੰ ਛੇੜਿਆ ਹੈ। ਇਸ ਤਰ੍ਹਾਂ ਇਨ੍ਹਾਂ ਵਾਰਾਂ ਵਿਚ ਅਧਿਆਤਮਕ ਯੁੱਧ ਅਤੇ ਅਧਿਆਤਮਕ ਸੰਘਰਸ਼ ਦੀ ਗੱਲ ਕੀਤੀ ਗਈ ਹੈ। ਇਸ ਸੰਖੇਪ ਲੇਖ ਵਿਚ ਵਾਰਾਂ ਬਾਰੇ ਲਿਖਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ। ਇਸ ਬਾਰੇ ਅਨੇਕਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਇਨ੍ਹਾਂ ਵਾਰਾਂ ਨੂੰ ਗੁਰੂ ਸਾਹਿਬਾਨ ਨੇ ਪ੍ਰਚੱਲਤ ਲੋਕ-ਵਾਰਾਂ ਦੀਆਂ ਧੁਨੀਆਂ ’ਤੇ ਗਾਉਣ ਦੇ ਵੀ ਆਦੇਸ਼ ਕੀਤੇ ਹੋਏ ਹਨ। ਇਸ ਕਾਵਿ-ਰੂਪ ਵਿਚ ਗੁਰੂ ਸਾਹਿਬਾਨ ਦਾ ਗਿਆਨ ਅਥਾਹ ਸਮੁੰਦਰ ਦੀ ਨਿਆਈਂ ਹੈ। ਬਸ ਵਾਹ ਵਾਹ ਹੀ ਕਰਨੀ ਬਣਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1429 ’ਤੇ ‘ਮੁੰਦਾਵਣੀ ਮਹਲਾ 5’ ਦਰਜ ਹੈ। ਇਸ ਨੂੰ ਗੁਰੂ ਸਾਹਿਬ ਵੱਲੋਂ ਲਾਈ ਗਈ ਮੋਹਰ ਵੀ ਕਿਹਾ ਜਾ ਸਕਦਾ ਹੈ। ਇਹ ਇਕ ਬੁਝਾਰਤ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਥਾਲ ਵਿਚ ਕਿੰਨੀਆਂ ਅਮੋਲਕ ਵਸਤਾਂ ਪਈਆਂ ਹੋਈਆਂ ਹਨ! ਇਸ ਦਾ ਪਾਠ ਇਸ ਤਰ੍ਹਾਂ ਹੈ:

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ॥ (ਪੰਨਾ 1429)

ਗਉੜੀ ਬੈਰਾਗਣਿ ਰਾਗ ਵਿਚ ‘ਰਹੋਆ’ ਰੂਪੀ ਕਾਵਿ-ਰੂਪ ਨੂੰ ਵਰਤਿਆ ਗਿਆ ਹੈ। ਇਸਤਰੀਆਂ ਇਸ ਗੀਤ ਦੇ ਰੂਪ ਨੂੰ ਵਿਆਹਾਂ ਸਮੇਂ ਲੰਮੀ ਧਾਰਨਾ ਨਾਲ ਗਾਉਂਦੀਆਂ ਹਨ। ਇਸੇ ਤਰ੍ਹਾਂ ਆਰਤੀ ਗਾਉਣ ਦਾ ਧਾਰਮਿਕ ਪੱਖ ਤੋਂ ਰਿਵਾਜ ਬਹੁਤ ਪੁਰਾਣਾ ਹੈ। ਗੁਰੂ ਸਾਹਿਬਾਨ ਨੇ ਅਤੇ ਭਗਤ ਸਾਹਿਬਾਨ ਨੇ ਆਰਤੀ ਨੂੰ ਬੜੀ ਵਿਸ਼ਾਲਤਾ ਦਾ ਰੂਪ ਦਿੱਤਾ ਹੈ। ਹਵਾ, ਸੂਰਜ, ਚੰਦਰਮਾ, ਤਾਰੇ, ਬ੍ਰਹਿਮੰਡ ਆਦਿ ਸਾਰੇ ਹੀ ਪਰਮਾਤਮਾ ਦੀ ਆਰਤੀ ਵਿਚ ਲੱਗੇ ਦਿਖਾਏ ਹਨ।

(ਸ) ਕਾਵਿ-ਬਣਤਰ ਦੇ ਪੱਖੋਂ ਕਾਵਿ-ਰੂਪ

ਕਾਵਿ-ਬਣਤਰ ਦੇ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਾਫੀ, ਪਦੇ, ਸਲੋਕ, ਦੋਹਰਾ, ਡਖਣਾ, ਪਉੜੀ, ਅਸਟਪਦੀਆਂ, ਚਉਪਦੇ, ਤਿਪਦੇ, ਦੁਪਦੇ, ਪੰਚਪਦੇ, ਸੋਲਹੇ, ਫੁਨਹੇ, ਸਵਈਏ ਆਦਿ ਕਾਵਿ-ਰੂਪਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਅਤੇ ਪੇਸ਼ ਕੀਤਾ ਗਿਆ ਹੈ। ਸੂਫ਼ੀ-ਕਾਵਿ ਵਿਚ ਕਾਫ਼ੀ ਦੇ ਕਾਵਿ-ਰੂਪ ਦੀ ਬੜੀ ਮਹੱਤਤਾ ਹੈ। ‘ਕਾਫ਼ੀ’ ਅਰਬੀ ਭਾਸ਼ਾ ਦਾ ਸ਼ਬਦ ਹੈ। ਇਸ ਕਾਵਿ-ਰੂਪ ਵਿਚ ਸਥਾਈ ਤੁਕ ਵਾਲੀ ਧਾਰਨਾ ਹੁੰਦੀ ਹੈ। ਰਾਗ ਆਸਾ, ਤਿਲੰਗ, ਸੂਹੀ ਅਤੇ ਮਾਰੂ ਵਿਚ ਮਹਲਾ 1, ਮਹਲਾ 5 ਅਤੇ ਮਹਲਾ 9 ਦੀਆਂ ਕਾਫੀਆਂ ਦਰਜ ਹਨ। ‘ਪਦਾ’ ਸੰਸਕ੍ਰਿਤ ਵਿਚ ਛੰਦਬੱਧ ਰਚਨਾ ਨੂੰ ਕਿਹਾ ਜਾਂਦਾ ਹੈ। ਰਾਗ ਗੂਜਰੀ ਵਿਚ ਭਗਤ ਜੈਦੇਵ ਜੀ ਦਾ ਸੰਸਕ੍ਰਿਤਮਈ ਗੀਤ ‘ਪਦਾ’ ਦਰਜ ਕੀਤਾ ਗਿਆ ਹੈ। ਸਲੋਕ ਦੋਹਰਾ ਅਤੇ ਡਖਣਾ ਦੋ-ਦੋ ਤੁਕਾਂ ਵਾਲੇ ਕਾਵਿ-ਰੂਪ ਹਨ। ਸੰਸਕ੍ਰਿਤ ਭਾਸ਼ਾ ਵਿਚ ਸਲੋਕ ਇਕ ਛੰਦ ਦਾ ਨਾਮ ਹੈ। ਸਾਧ-ਭਾਸ਼ਾ ਵਿਚ ਸਲੋਕ ਦੋਹਰੇ ਦੇ ਰੂਪ ਵਿਚ ਮਿਲਦੇ ਹਨ। ਬਾਬਾ ਫਰੀਦ ਜੀ, ਭਗਤ ਕਬੀਰ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ। ‘ਬਾਈ ਵਾਰਾਂ’ ਵਿਚ ਵੀ ਪਉੜੀਆਂ ਦੇ ਨਾਲ-ਨਾਲ ਗੁਰੂ ਸਾਹਿਬਾਨ ਦੇ ਰਚੇ ਹੋਏ ਸਲੋਕ ਸ਼ਾਮਲ ਕੀਤੇ ਹੋਏ ਹਨ। ਸੁਖਮਨੀ ਸਾਹਿਬ ਵਿਚ ਵੀ ਅਸਟਪਦੀਆਂ ਦੇ ਅਰੰਭ ਵਿਚ ਇਕ-ਇਕ ਸਲੋਕ ਦਰਜ ਹੈ। ਸਲੋਕ ਕਾਵਿ-ਰੂਪ ਗਾਗਰ ਵਿਚ ਸਾਗਰ ਬੰਦ ਕਰਨ ਵਾਲਾ ਕਾਵਿ-ਰੂਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਸਲੋਕਾਂ ਦੇ ਵਿਸ਼ਿਆਂ ਦੀ ਵੰਨ-ਸੁਵੰਨਤਾ ਅਚੰਭਿਤ ਕਰਨ ਵਾਲੀ ਹੈ। ਜੀਵਨ ਦੇ ਬਹੁਤ ਸਾਰੇ ਖੇਤਰਾਂ ਨਾਲ ਇਹ ਸਲੋਕ ਸੰਬੰਧਿਤ ਹਨ।

‘ਪਉੜੀ’ ਬਹੁਤ ਹੀ ਪ੍ਰਸਿੱਧ ਕਾਵਿ-ਰੂਪ ਹੈ। ਪੰਜਾਬੀ ਬੀਰ-ਕਾਵਿ ਦੀ ਇਕ ਖਾਸ ਬਹਿਰ ਹੈ। ਇਸ ਵਿਚ ਬਹੁਤ ਕਿਸਮਾਂ ਦੇ ਛੰਦਾਂ ਦੀ ਵਰਤੋਂ ਹੋਈ ਮਿਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਕ ਰਚਨਾ ਜਪੁ ਜੀ ਸਾਹਿਬ ਇਸੇ ਕਾਵਿ-ਰੂਪ ਦੀ ਵਰਤੋਂ ਕਰਕੇ ਰਚੀ ਗਈ ਹੈ। ਗੁਰਬਾਣੀ ਵਿਚ ਦਰਜ ਬਾਈ ਵਾਰਾਂ ਵਿਚ ਪਉੜੀਆਂ ਜ਼ਿਆਦਾ ਹਨ। ਪਉੜੀ ਦਾ ਗਾਇਨ ਅਲੱਗ ਤੌਰ ’ਤੇ ਪਖਾਵਜ ਦੀ ਗਤ ਰੋਕ ਕੇ ਉੱਚੀ ਆਵਾਜ਼ ਵਿਚ ਕੀਤਾ ਜਾਂਦਾ ਹੈ ਤਾਂ ਕਿ ਇਸ ਦੇ ਅਰਥ ਸੁਣਨ ਵਾਲਿਆਂ ਨੂੰ ਸਿੱਧੇ ਤੌਰ ’ਤੇ ਸਪੱਸ਼ਟ ਹੋ ਜਾਣ।

‘ਅਸਟਪਦੀ’ ਕਾਵਿ-ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਸੁਖਮਨੀ ਸਾਹਿਬ ਦੀਆਂ 24 ਅਸਟਪਦੀਆਂ ਦਾ ਪਾਠ ਮਨੁੱਖ ਨੂੰ ਸੁਖ ਅਤੇ ਸ਼ਾਂਤੀ ਪ੍ਰਦਾਨ ਕਰਨ ਦੇ ਸਮਰੱਥ ਹੈ। ਇਸ ਕਾਵਿ-ਰੂਪ ਦੇ ਚਰਣ-ਪ੍ਰਬੰਧ ਵਿਚ ਅੱਠ ਪਦੇ ਜਾਂ ਅੱਠ ਬੰਦ ਪਾਏ ਜਾਂਦੇ ਹਨ। ਇਹ ਬੰਦ ਦੋ, ਤਿੰਨ, ਚਾਰ, ਪੰਜ ਜਾਂ ਛੇ ਤੁਕਾਂ ਦੇ ਵੀ ਹੋ ਸਕਦੇ ਹਨ। ਸੁਖਮਨੀ ਸਾਹਿਬ ਵਿਚ ਦਸ ਤੁਕਾਂ ਦੇ ਪਦੇ ਵੀ ਰਚੇ ਗਏ ਹਨ। ਤੋਲ ਅਤੇ ਵਜ਼ਨ ਸਾਰੀ ਗੁਰਬਾਣੀ ਵਿਚ ਅਸਟਪਦੀਆਂ ਦਾ ਇਕ ਨਹੀਂ ਹੈ ਸਗੋਂ ਭਾਂਤ-ਸੁਭਾਂਤਾ ਹੈ। ਜਿਵੇਂ ਅੱਠ ਪਦੇ ਅਸਟਪਦੀ ਬਣਾਉਂਦੇ ਹਨ ਉਸੇ ਤਰ੍ਹਾਂ ਚਾਰ ਪਦਿਆਂ ਨਾਲ ਚਉਪਦੇ, ਤਿੰਨ ਨਾਲ ਤਿਪਦੇ, ਦੋ ਨਾਲ ਦੁਪਦੇ, ਪੰਜ ਨਾਲ ਪੰਚਪਦੇ ਅਤੇ ਸੋਲਾਂ ਪਦਿਆਂ ਨਾਲ ਸੋਲਹੇ ਗੁਰਬਾਣੀ ਵਿਚ ਰਚੇ ਗਏ ਹਨ।

‘ਫੁਨਹੇ’ ਕਾਵਿ-ਰੂਪ ‘ਪੁਨਹ’ ਤੋਂ ਬਣਿਆ ਹੈ। ‘ਪੁਨਹ’ ਦਾ ਭਾਵ ਹੈ ਜਿਸ ਵਿਚ ਕੋਈ ਸ਼ਬਦ ਮੁੜ-ਮੁੜ ਕੇ ਦੁਹਰਾਇਆ ਜਾਵੇ। ਹਿੰਦੀ ਸਾਹਿਤ ਵਿਚ ਇਸ ਕਾਵਿ-ਰੂਪ ਨੂੰ ‘ਅੜਿੱਲ’ ਆਖਿਆ ਜਾਂਦਾ ਹੈ। ਇਸ ਕਾਵਿ-ਰੂਪ ਵਿਚ ਮਹਲਾ 5 ਦੇ 23 ਛੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ੁਸੋਭਿਤ ਹਨ। ਇਨ੍ਹਾਂ ਵਿਚ ‘ਹਰਿ ਹਾਂ’ (ਹੇ ਹਰੀ) ਸ਼ਬਦ ਮੁੜ-ਮੁੜ ਕੇ ਆਉਂਦਾ ਹੈ।

‘ਸਵੈਯਾ’ ਜਾਂ ‘ਸਵਈਆ’ ਇਕ ਬਹੁਤ ਹੀ ਹਰਮਨ ਪਿਆਰਾ ਅਤੇ ਵਿਸ਼ੇਸ਼ ਛੰਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਚੇ ਹੋਏ 20 ਸਵਈਏ ਹਨ। ਗਿਆਰ੍ਹਾਂ ਭੱਟ ਸਾਹਿਬਾਨ ਦੇ ਰਚੇ ਹੋਏ 123 ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਾ ਬਣੇ ਹੋਏ ਹਨ। ਸਵਈਆਂ ਵਿਚ ਉਪਮਾ, ਸਿਫ਼ਤ-ਸਲਾਹ ਅਤੇ ਗੁਰਮਤਿ ਦੇ ਸਿਧਾਂਤ ਸੰਕੇਤਕ ਰੂਪ ਵਿਚ ਦੇਖਣ ਨੂੰ ਮਿਲਦੇ ਹਨ।

‘ਗਾਥਾ’ ਨਾਮ ਦੀ ਰਚਨਾ ਅਤੇ ‘ਸਹਸਕ੍ਰਿਤੀ ਸਲੋਕ’ ਦੋ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਵਿਚ ਸੰਸਕ੍ਰਿਤ ਭਾਸ਼ਾ ਦੇ ਬਦਲੇ ਹੋਏ ਰੂਪ ਦੇਖਣ ਨੂੰ ਮਿਲਦੇ ਹਨ। ‘ਸਹਸਕ੍ਰਿਤੀ ਸਲੋਕ ਮਹਲਾ 5’ ਦਾ ਇਕ ਸੁੰਦਰ ਨਮੂਨਾ ਇਸ ਤਰ੍ਹਾਂ ਹੈ:

ਨਹ ਬਿਲੰਬ ਧਰਮੰ ਬਿਲੰਬ ਪਾਪੰ॥
ਦ੍ਰਿੜੰਤ ਨਾਮੰ ਤਜੰਤ ਲੋਭੰ॥
ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖ੍ਹਿਣ॥ (ਪੰਨਾ 1354)

ਧਰਮ ਦਾ ਕੰਮ ਕਰਨ ਲਈ ਦੇਰ ਨਾ ਕਰੀਏ, ਦੇਰ ਕਰਨੀ ਹੈ ਤਾਂ ਪਾਪ ਕਰਨ ਵਿਚ ਕਰੀਏ। ਨਾਮ ਨੂੰ ਦ੍ਰਿੜ੍ਹ ਕਰ ਕੇ ਲੋਭ ਨੂੰ ਛੱਡੀਏ ਅਤੇ ਸਤਸੰਗਤਿ ਦੀ ਸ਼ਰਨ ਪੈ ਕੇ ਸਾਰੇ ਦੁੱਖਾਂ-ਕਲੇਸ਼ਾਂ ਦਾ ਨਾਸ਼ ਕਰੀਏ। ਇਸ ਪਵਿੱਤਰ ਉਪਦੇਸ਼ ਦਾ ਪਾਲਣ ਕਰ ਕੇ ਅਸੀਂ ਆਪਣਾ ਲੋਕ-ਪਰਲੋਕ ਸੁਹੇਲਾ ਕਰ ਸਕਦੇ ਹਾਂ।

‘ਗਾਥਾ’ ਬਾਰੇ ਗੁਰੂ ਸਾਹਿਬ ਆਪ ਹੀ ਕਹਿੰਦੇ ਹਨ ਕਿ ਇਸ ਗੂੜ੍ਹ ਭਾਸ਼ਾ ਨੂੰ ਵਿਰਲੇ ਜਨ ਹੀ ਸਮਝ ਸਕਦੇ ਹਨ। ਪਵਿੱਤਰ ਫ਼ਰਮਾਨ ਹੈ:

ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ॥
ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ॥
ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ॥ (ਪੰਨਾ 1360)

ਪਰਮਾਤਮਾ ਦੀ ਕਥਾ ਸਦਕਾ ਮਨੁੱਖ ਦਾ ਹੰਕਾਰ ਮਰ ਜਾਂਦਾ ਹੈ। ਪੰਜ ਦੁਸ਼ਮਣ ਭਾਵ ਪੰਜ ਵਿਕਾਰ ਖ਼ਤਮ ਹੋ ਜਾਂਦੇ ਹਨ। ਹਰੀ ਦੇ ਨਾਮ ਦਾ ਬਾਣ ਇਨ੍ਹਾਂ ਵਿਕਾਰਾਂ ’ਤੇ ਸਿੱਧਾ ਹਮਲਾ ਕਰਦਾ ਹੈ।

ਇਉਂ ਇਸ ਸਾਰੀ ਵਿਚਾਰ ਤੋਂ ਸਾਨੂੰ ਭਲੀ-ਭਾਂਤ ਨਜ਼ਰ ਆ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਥਾਲ ਵਿਚ ਅਧਿਆਤਮਵਾਦ ਦੇ ਨਾਲ-ਨਾਲ ਸਾਡੇ ਲੋਕ- ਸਭਿਆਚਾਰ ਦਾ ਕਿੰਨਾ ਵੱਡਾ ਅਨਮੋਲ ਖ਼ਜ਼ਾਨਾ ਪਿਆ ਹੈ ਜਿਸ ਦੀ ਜਿੰਨੀ ਵੀ ਸਿਫ਼ਤ ਕਰੀਏ ਥੋੜ੍ਹੀ ਹੈ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਅਨੇਕ ਤੁਕਾਂ ਲੋਕ-ਮੁਹਾਵਰੇ ਦਾ ਹਿੱਸਾ ਬਣ ਚੁੱਕੀਆਂ ਹਨ। ਅਨੇਕਾਂ ਪੰਜਾਬੀ ਕਵੀਆਂ ਅਤੇ ਲੇਖਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਾਵਿ-ਕਲਾ ਦੇ ਪੱਖੋਂ ਪ੍ਰਭਾਵਿਤ ਕੀਤਾ ਹੈ। ਇਸ ਅਨਮੋਲ ਖ਼ਜ਼ਾਨੇ ਵਿਚ ਅਣਗਿਣਤ ਹੀਰੇ-ਮੋਤੀ ਲੁਕੇ ਪਏ ਹਨ। ਸ੍ਰੀ ਗੁਰੂ ਅਮਰਦਾਸ ਜੀ ਰਾਗ ਸੋਰਠਿ ਕੀ ਵਾਰ ਵਿਚ ਗੁਰਬਾਣੀ ਦੇ ਮਹਾਨ ਖ਼ਜ਼ਾਨੇ ਬਾਰੇ ਫ਼ਰਮਾਨ ਕਰ ਰਹੇ ਹਨ:

ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ॥ (ਪੰਨਾ 645)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Sukhdev Singh Shant
ਸੇਵਾ ਮੁਕਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ -ਵਿਖੇ: ਸਹਿਕਾਰਤਾ ਵਿਭਾਗ, ਪੰਜਾਬ ਸਰਕਾਰ

36-ਬੀ, ਰਤਨ ਨਗਰ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)