ਭਗਤ ਸੈਣ ਜੀ ਭਗਤੀ ਲਹਿਰ ਦੇ ਉਨ੍ਹਾਂ ਪੰਦਰ੍ਹਾਂ ਭਗਤ ਸਾਹਿਬਾਨ ਰੂਪੀ ਮਾਲਾ ਦੇ ਮੋਤੀ ਹਨ ਜਿਨ੍ਹਾਂ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਦਾ ਮਾਣ ਪ੍ਰਾਪਤ ਹੋਇਆ। ਭਗਤ ਸੈਣ ਜੀ ਨੇ ਮੱਧਕਾਲ ਦੇ ਸਮੇਂ ਵਿਚ ਰਾਜਨੀਤਿਕ ਪ੍ਰਬੰਧ ਦੇ ਡਰ ਦੇ ਪਰਛਾਵੇਂ ਥੱਲੇ ਜੀਵਨ ਵਿਅਰਥ ਗੁਆਉਣ ਵਾਲੇ ਭਾਰਤੀਆਂ ਵਿਚ ਪ੍ਰਭੂ-ਭਗਤੀ ਦੇ ਨਿਰਮਲ ਭਾਵਾਂ ਦਾ ਸੰਚਾਰ ਕਰ ਕੇ ਉਨ੍ਹਾਂ ਨੂੰ ਆਤਮ-ਸਨਮਾਨ ਨਾਲ ਜੀਵਨ ਗੁਜ਼ਾਰਨ ਦੀ ਪ੍ਰੇਰਨਾ ਦਿੱਤੀ।
ਭਗਤ ਸੈਣ ਜੀ ਦੇ ਜੀਵਨ ਸੰਬੰਧੀ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਇੰਨਾ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਜੀਵਨ-ਕਾਲ ਸੰਨ 1390 ਈ. ਤੋਂ ਲੈ ਕੇ 1440 ਈ. ਤਕ ਹੈ। ਆਪ ਜੀ ਦੇ ਪਿਤਾ ਦਾ ਨਾਮ ਸ਼੍ਰੀ ਮੁਕੰਦ ਰਾਏ ਅਤੇ ਮਾਤਾ ਦਾ ਨਾਮ ਮਾਤਾ ਜੀਵਨ ਦੇਈ ਸੀ। ਇਹ ਪਰਵਾਰ ਅਖੌਤੀ ਨਾਈ ਜਾਤ ਨਾਲ ਸੰਬੰਧਿਤ ਸੀ।
ਆਪ ਜੀ ਨੂੰ 10 ਸਾਲ ਦੀ ਉਮਰ ਵਿਚ ਆਪ ਦੀ ਭੂਆ ਮਾਤਾ ਸ਼ੋਭੀ ਦੇਈ ਦੇ ਕੋਲ ਲਾਹੌਰ ਭੇਜ ਦਿੱਤਾ ਗਿਆ। ਲਾਹੌਰ ਸ਼ਹਿਰ ਆਪ ਜੀ ਲਈ ਆਪਣਾ ਪਰਵਾਰਿਕ ਅਤੇ ਜਾਤੀਗਤ ਕਾਰੋਬਾਰ ਸਿੱਖਣ ਦਾ ਸਥਾਨ ਬਣਿਆ। ਲਾਹੌਰ ਵਿਚ ਆਪ ਜੀ ਨੇ ਰਹੀਮ ਖਾਨ ਨਾਮ ਦੇ ਵਿਅਕਤੀ ਨੂੰ ਆਪਣਾ ਜੱਦੀ-ਪੁਸ਼ਤੀ ਕੰਮ ਸਿੱਖਣ ਲਈ ਆਪਣਾ ਉਸਤਾਦ ਧਾਰਿਆ। ਆਪ ਜੀ ਨੇ ਆਪਣੇ ਉਸਤਾਦ ਦਾ ਮਨ ਨਿਮਰਤਾ, ਮਿੱਠੀ ਬੋਲੀ, ਸੇਵਾ, ਸਮਰਪਣ ਅਤੇ ਆਗਿਆਕਾਰੀ ਸੁਭਾਅ ਆਦਿ ਦੇ ਗੁਣਾਂ ਦੇ ਨਾਲ ਜਿੱਤ ਲਿਆ। ਇਸ ਤਰ੍ਹਾਂ ਆਪ ਆਪਣੇ ਨਾਈ ਦੇ ਕਾਰੋਬਾਰ ਵਿਚ ਨਿਪੁੰਨ ਹੋ ਗਏ।
ਕਾਰੋਬਾਰ ਵਿਚ ਕੁਸ਼ਲਤਾ ਪ੍ਰਾਪਤ ਕਰਨ ਉਪਰੰਤ ਆਪ ਜੀ ਨੇ ਬਾਧਵਗੜ੍ਹ ਦੇ ਰਾਜੇ ਦੀ ਨੌਕਰੀ ਕੀਤੀ। ਆਪ ਜੀ ਦੇ ਜ਼ਿੰਮੇ ਮੁੱਖ ਰੂਪ ਵਿਚ ਰਾਜੇ ਨੂੰ ਇਸ਼ਨਾਨ ਕਰਾਉਣ, ਉਸ ਦੇ ਕੱਪੜਿਆਂ ਦੀ ਸੰਭਾਲ, ਮੁੱਠੀ-ਚਾਪੀ ਅਤੇ ਹਾਸੇ-ਮਜ਼ਾਕ ਦੁਆਰਾ ਉਸ ਦੀ ਸਰੀਰਿਕ, ਮਾਨਸਿਕ ਅਤੇ ਦਿਮਾਗੀ ਥਕਾਨ ਨੂੰ ਦੂਰ ਕਰਨ ਅਤੇ ਉਸ ਦੇ ਨਹੁੰ ਕੱਟਣ ਵਰਗੇ ਕੰਮ ਸਨ। ਜਿਨ੍ਹਾਂ ਨੂੰ ਆਪ ਜੀ ਕੁਸ਼ਲਤਾ ਸਹਿਤ ਪੂਰੀ ਦਿਲਚਸਪੀ ਲੈ ਕੇ ਨਿਭਾਉਂਦੇ ਰਹੇ ਜਿਸ ਨਾਲ ਆਪ ਜੀ ਨੇ ਆਪਣੇ ਰਾਜੇ ਰੂਪ ਸੰਸਾਰਕ ਸਵਾਮੀ ਦਾ ਮਨ ਜਿੱਤ ਲਿਆ।
ਭਗਤ ਸੈਣ ਜੀ ਦਾ ਮਨ ਰਾਜੇ ਦੀ ਨੌਕਰੀ ਕਰਦੇ-ਕਰਦੇ ਹੀ ਪ੍ਰਭੂ-ਭਗਤੀ ਵੱਲ ਆਕਰਸ਼ਿਤ ਹੋ ਗਿਆ। ਆਪਣੇ ਜ਼ਿੰਮੇ ਲੱਗੇ ਕੰਮ ਕਰਦੇ ਹੋਏ ਉਨ੍ਹਾਂ ਦਾ ਧਿਆਨ ਪ੍ਰਭੂ-ਭਗਤੀ ਵਿਚ ਲੀਨ ਰਹਿੰਦਾ। ਜਦੋਂ ਵੀ ਸਮਾਂ ਮਿਲਦਾ ਆਪ ਆਤਮ-ਗਿਆਨੀਆਂ ਅਤੇ ਸਾਧੂ-ਸੰਤਾਂ ਨਾਲ ਅਧਿਆਤਮਕ ਵਿਚਾਰਾਂ ਕਰਦੇ। ਇਸੇ ਵਕਤ ਹੀ ਆਪ ਜੀ ਨੇ ਭਗਤ ਰਾਮਾਨੰਦ ਜੀ ਦੀ ਰੂਹਾਨੀ ਅਗਵਾਈ ਪ੍ਰਾਪਤ ਕੀਤੀ ਅਤੇ ਆਪ ਜੀ ਭਗਤ ਕਬੀਰ ਜੀ ਦੇ ਗੁਰੂ-ਭਾਈ ਬਣੇ। ਇਕ ਦਿਨ ਆਪ ਗਿਆਨ-ਚਰਚਾ ਵਿਚ ਇੰਨੇ ਲੀਨ ਹੋਏ ਕਿ ਰਾਜ-ਦਰਬਾਰ ਵਿਚ ਹਾਜ਼ਰ ਹੋਣਾ ਯਾਦ ਹੀ ਨਾ ਰਿਹਾ। ਬਾਅਦ ਵਿਚ ਯਾਦ ਆਉਂਦਿਆਂ ਹੀ ਆਪਣੇ ਕੰਮ ਪ੍ਰਤੀ ਨਿਯਮਬੱਧਤਾ ਅਤੇ ਪ੍ਰਤੀਬੱਧਤਾ ਦੀ ਘਾਟ ਦੇ ਸੁਆਲ ’ਤੇ ਚਿੰਤਤ ਹੋ ਗਏ। ਆਪ ਜੀ ਨੂੰ ਰਾਜੇ ਦੀ ਨਰਾਜ਼ਗੀ ਦਾ ਖ਼ਿਆਲ ਸਤਾਉਣ ਲੱਗਾ। ਪਰੰਤੂ ਰਾਜ-ਦਰਬਾਰ ਵਿਚ ਪਹੁੰਚ ਕੇ ਆਪਣੇ ਸੰਸਾਰਿਕ ਸਵਾਮੀ ਰਾਜੇ ਨੂੰ ਆਮ ਨਾਲੋਂ ਵੀ ਜ਼ਿਆਦਾ ਖੁਸ਼ ਪਾ ਕੇ ਆਪ ਜੀ ਦਾ ਪ੍ਰਭੂ-ਭਗਤੀ ਵਿਚ ਵਿਸ਼ਵਾਸ ਹੋਰ ਵੀ ਵਧ ਗਿਆ ਅਤੇ ਇਸ ਤਰ੍ਹਾਂ ਆਪ ਜੀ ਨੇ ਆਪਣਾ ਜੀਵਨ ਪ੍ਰਭੂ- ਭਗਤੀ ਨੂੰ ਹੀ ਸਮਰਪਿਤ ਕਰ ਦਿੱਤਾ। ਆਪ ਜੀ ਨੂੰ ਮਹਿਸੂਸ ਹੋਇਆ ਕਿ ਜਦੋਂ ਅਸੀਂ ਪ੍ਰਭੂ-ਭਗਤੀ ਵਿਚ ਲੀਨ ਹੁੰਦੇ ਹਾਂ ਤਾਂ ਪਰਮਾਤਮਾ ਖੁਦ ਸਾਡੀਆਂ ਮੁਸ਼ਕਲਾਂ ਦਾ ਹੱਲ ਕਰ ਦਿੰਦਾ ਹੈ। ਉਹ ਪ੍ਰਭੂ ਜੋ ਸਾਰਿਆਂ ਦਾ ਸਵਾਮੀ ਹੈ, ਉਸ ਨੂੰ ਆਪਣੇ ਆਪ ਨੂੰ ਸਮਰਪਿਤ ਕਰਨਾ ਉਚਿਤ ਹੈ। ਇਸ ਘਟਨਾ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਕਲਮਬੱਧ ਕੀਤਾ ਹੈ:
ਸੁਣਿ ਪਰਤਾਪੁ ਕਬੀਰ ਦਾ ਦੂਜਾ ਸਿਖੁ ਹੋਆ ਸੈਣੁ ਨਾਈ।
ਪ੍ਰੇਮ ਭਗਤਿ ਰਾਤੀ ਕਰੈ ਭਲਕੈ ਰਾਜ ਦੁਆਰੈ ਜਾਈ।
ਆਏ ਸੰਤ ਪਰਾਹੁਣੇ ਕੀਰਤਨੁ ਹੋਆ ਰੈਣਿ ਸਬਾਈ।
ਛਡਿ ਨ ਸਕੈ ਸੰਤ ਜਨ ਰਾਜ ਦੁਆਰ ਨ ਸੇਵ ਕਮਾਈ।
ਸੈਣ ਰੂਪਿ ਹਰਿ ਜਾਇ ਕੈ ਆਇਆ ਰਾਣੈ ਨੋ ਰੀਝਾਈ।
ਸਾਧ ਜਨਾਂ ਨੋ ਵਿਦਾ ਕਰਿ ਰਾਜ ਦੁਆਰਿ ਗਇਆ ਸਰਮਾਈ।
ਰਾਣੈ ਦੂਰਹੁੰ ਸਦਿ ਕੈ ਗਲਹੁੰ ਕਵਾਇ ਖੋਲਿ ਪੈਨ੍ਹਾਈ।
ਵਸਿ ਕੀਤਾ ਹਉਂ ਤੁਧੁ ਅਜੁ ਬੋਲੈ ਰਾਜਾ ਸੁਣੈ ਲੁਕਾਈ।
ਪਰਗਟੁ ਕਰੈ ਭਗਤਿ ਵਡਿਆਈ॥ (ਵਾਰ 10:16)
ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਾਚੀਨ ਯੁੱਗ ਤੋਂ ਲੈ ਕੇ ਮੱਧ ਯੁੱਗ ਤਕ ਪ੍ਰਭੂ-ਨਾਮ ਦਾ ਸਹਾਰਾ ਲੈ ਕੇ ਅਧਿਆਤਮਕ ਖੇਤਰ ਵਿਚ ਜ਼ਿਕਰ ਯੋਗ ਪ੍ਰਾਪਤੀਆਂ ਕਰਨ ਵਾਲੇ ਕਈ ਵਿਅਕਤੀਆਂ ਦਾ ਭਾਵ-ਭਿੰਨਾ ਵਰਣਨ ਕੀਤਾ ਹੈ, ਜਿਸ ਵਿਚ ਭਗਤ ਸੈਣ ਜੀ ਦਾ ਨਾਮ ਵੀ ਸ਼ਾਮਲ ਹੈ। ਭਗਤ ਜੀ ਦੁਆਰਾ ਸੇਵਾ-ਸਿਮਰਨ ਰਾਹੀਂ ਆਤਮ-ਉਧਾਰ ਦਾ ਜ਼ਿਕਰ ਕਰਦੇ ਹੋਏ ਗੁਰੂ ਸਾਹਿਬ ਨੇ ਮਨੁੱਖ-ਮਾਤਰ ਨੂੰ ਸੇਵਾ-ਸਿਮਰਨ ਦੇ ਰਾਹ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ ਹੈ:
ਨਾਈ ਉਧਰਿਓ ਸੈਨੁ ਸੇਵ॥
ਮਨੁ ਡੀਗਿ ਨ ਡੋਲੈ ਕਹੂੰ ਜਾਇ॥
ਮਨ ਤੂ ਭੀ ਤਰਸਹਿ ਸਰਣਿ ਪਾਇ॥ (ਪੰਨਾ 1192)
ਇਕ ਹੋਰ ਪਾਵਨ ਸ਼ਬਦ ਵਿਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਕੇਵਲ ਉਨ੍ਹਾਂ ਮੱਧਕਾਲੀਨ ਭਗਤ-ਜਨਾਂ ਦਾ ਹੀ ਜ਼ਿਕਰ ਕੀਤਾ ਹੈ ਜਿਨ੍ਹਾਂ ਦੀ ਅਖੌਤੀ ਜਾਤ ਉਸ ਜਾਤ-ਪਾਤ ਵਿਚ ਉਲਝੇ ਹੋਏ ਸਮਾਜਿਕ-ਸਭਿਆਚਾਰਕ ਸਮਾਜ ਵਿਚ ਨੀਵੀਂ ਸਮਝੀ ਜਾਂਦੀ ਸੀ ਅਤੇ ਜਾਤ ਦੇ ਨਾਲ-ਨਾਲ ਉਨ੍ਹਾਂ ਦੇ ਕੰਮ ਨੂੰ ਵੀ ਅਖੌਤੀ ਉੱਚੀਆਂ ਜਾਤਾਂ ਵਾਲੇ ਲੋਕਾਂ ਦੁਆਰਾ ਘਿਰਣਾ ਨਾਲ ਦੇਖਿਆ ਜਾਂਦਾ ਸੀ। ਉਨ੍ਹਾਂ ਅਖੌਤੀ ਜਾਤਾਂ ਅਤੇ ਕੰਮਾਂ ਦਾ ਸਨਮਾਨ ਸਹਿਤ ਉਲੇਖ ਕਰਦੇ ਹੋਏ ਗੁਰੂ ਜੀ ਨੇ ਉਨ੍ਹਾਂ ਭਗਤ-ਜਨਾਂ ਨੂੰ ਭਗਤੀ-ਸਾਧਨਾ ਅਤੇ ਆਮ ਲੋਕਾਂ ਵਿਚ ਉਨ੍ਹਾਂ ਦੀ ਲੋਕਪ੍ਰਿਅਤਾ ਦਾ ਇਤਿਹਾਸਕ ਤੱਥ ਵੀ ਸਾਡੇ ਦ੍ਰਿਸ਼ਟੀਗੋਚਰ ਕੀਤਾ ਹੈ। ਭਗਤ ਸੈਣ ਜੀ ਦੇ ਬਾਰੇ ਫ਼ਰਮਾਨ ਕੀਤਾ ਹੈ:
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥ (ਪੰਨਾ 487)
ਭਗਤ ਸੈਣ ਜੀ ਦਾ ਇਕ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨੇ 695 ਉੱਪਰ ਧਨਾਸਰੀ ਰਾਗ ਵਿਚ ਅੰਕਿਤ ਕੀਤਾ ਹੈ ਜਿਸ ਵਿਚ ਭਗਤ ਜੀ ਨੇ ਆਰਤੀ ਕਾਵਿ-ਰੂਪ ਦੁਆਰਾ ਸਰਬ-ਵਿਆਪਕ ਪ੍ਰਭੂ ਦੀ ਉਸਤਤ ਕੀਤੀ ਹੈ ਜੋ ਕਿ ਗੁਰਮਤਿ ਦੀ ਨਿਰਗੁਣ ਭਗਤੀ-ਧਾਰਾ ਦਾ ਇਕ ਅਟੁੱਟ ਅੰਗ ਮੰਨੀ ਜਾਣੀ ਚਾਹੀਦੀ ਹੈ। ਇਸ ਪਾਵਨ ਸ਼ਬਦ ਵਿਚ ਭਗਤ ਜੀ ਨੇ ਸਪੱਸ਼ਟ ਕਥਨ ਕੀਤਾ ਹੈ ਕਿ ਹੇ ਪ੍ਰਭੂ ਮਾਲਕ! ਤੂੰ ਹੀ ਮੇਰੇ ਲਈ ਆਰਤੀ ਕਰਨ ਲਈ ਉੱਤਮ ਦੀਵਾ ਅਤੇ ਪਵਿੱਤਰ ਲੋਅ ਜਾਂ ਲਾਟ ਹੈਂ ਅਤੇ ਇਹ ਕੇਂਦਰੀ ਭਾਵ ਉਜਾਗਰ ਕੀਤਾ ਹੈ ਕਿ ਜੋ ਮਨੁੱਖ ਕਰਮ-ਕਾਂਡ ਦੀਆਂ ਬਾਹਰੀ ਵਿਧੀਆਂ ਦਾ ਤਿਆਗ ਕਰਦੇ ਹੋਏ ਸਰਬ-ਵਿਆਪਕ ਪ੍ਰਭੂ ਨੂੰ ਸਾਰੀ ਕੁਦਰਤ ਵਿਚ ਰਚਿਆ ਹੋਇਆ ਮਹਿਸੂਸ ਕਰਦੇ ਹੋਏ ਪ੍ਰੇਮਾ ਭਗਤੀ ਦੀ ਭਾਵਨਾ ਨਾਲ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕਰਦਾ ਹੈ ਉਹ ਅਸਲ ਰੂਹਾਨੀ ਅਨੰਦ ਦਾ ਅਨੁਭਵ ਪ੍ਰਾਪਤ ਕਰਦਾ ਹੈ ਅਤੇ ਇਸ ਤਰ੍ਹਾਂ ਆਪਣੇ ਜੀਵਨ-ਉਦੇਸ਼ ਵਿਚ ਸਫਲ ਹੁੰਦਾ ਹੈ:
ਧੂਪ ਦੀਪ ਘ੍ਰਿਤ ਸਾਜਿ ਆਰਤੀ॥
ਵਾਰਨੇ ਜਾਉ ਕਮਲਾ ਪਤੀ॥1॥
ਮੰਗਲਾ ਹਰਿ ਮੰਗਲਾ॥
ਨਿਤ ਮੰਗਲੁ ਰਾਜਾ ਰਾਮ ਰਾਇ ਕੋ॥1॥ ਰਹਾਉ॥
ਊਤਮੁ ਦੀਅਰਾ ਨਿਰਮਲ ਬਾਤੀ॥
ਤੁਹˆØੀ ਨਿਰੰਜਨੁ ਕਮਲਾ ਪਾਤੀ॥2॥
ਰਾਮਾ ਭਗਤਿ ਰਾਮਾਨੰਦੁ ਜਾਨੈ॥
ਪੂਰਨ ਪਰਮਾਨੰਦੁ ਬਖਾਨੈ॥3॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ॥
ਸੈਨੁ ਭਣੈ ਭਜੁ ਪਰਮਾਨੰਦੇ॥4॥2॥ (ਪੰਨਾ 695)
ਲੇਖਕ ਬਾਰੇ
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/October 1, 2007
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/October 1, 2007
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/February 1, 2008
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/June 1, 2008
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/July 1, 2008
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/August 1, 2009
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/April 1, 2010
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/June 1, 2010
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/December 1, 2010