editor@sikharchives.org

ਗੁਰੂ ਸਾਹਿਬਾਨ ਦੀ ਬਾਣੀ ਵਿਚ ਵਿਦਿਤ ਤੇ ਉਪਦੇਸ਼ਿਤ ਸਭਿਆਚਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਸਭਿਆਚਾਰ ਦਾ ਮੁਖ ਸੋਮਾ ਤੇ ਮੂਲ-ਆਧਾਰ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਸਭਿਆਚਾਰ ਦਾ ਮੁਖ ਸੋਮਾ ਤੇ ਮੂਲ-ਆਧਾਰ ਹਨ। ਇਨ੍ਹਾਂ ਵਿਚ ਵਿਦਿਤ ਤੇ ਉਪਦੇਸ਼ਿਤ ਸਭਿਆਚਾਰ ਕਈ ਹੋਰ ਪੱਖੋਂ ਵੀ ਬੜਾ ਵਿਸ਼ੇਸ਼ ਤੇ ਵਿਲੱਖਣ ਹੈ।

ਇਸ ਦੇ ਤੱਤ, ਅੰਸ਼, ਨਾਂ ਤੇ ਲੱਛਣ ਆਦਿ ਬਾਰੇ ਇਨ੍ਹਾਂ ਵਿਚ ਹੀ ਜੋ ਸ਼ੁਭ ਸੰਕੇਤ ਵਰਤਿਆ ਹੋਇਆ ਜਾਪਦਾ ਹੈ, ਉਹ ਮੇਰੀ ਜਾਚੇ, ਇਨ੍ਹਾਂ ਦੇ ਪਾਵਨ ਤੇ ਮਹਾਨ ਸੰਪਾਦਕ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੇਠ ਲਿਖੇ ਬਚਨਾਂ ਅਨੁਸਾਰ ‘ਨਾਮ-ਆਚਾਰ’ ਹੈ:

ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ॥ (ਪੰਨਾ 405)

ਨਾਮੁ ਹਮਾਰੈ ਸਗਲ ਆਚਾਰ॥
ਨਾਮੁ ਹਮਾਰੈ ਨਿਰਮਲ ਬਿਉਹਾਰ॥ (ਪੰਨਾ 1145)

ਇਸ ਅਨੂਠੇ ‘ਆਚਾਰ’ ਨੂੰ ਗ੍ਰਹਿਣ ਕਰਨ ਦਾ ਸਾਧਨ ਅਤੇ ਉਸ ਲਈ ਲੋੜੀਂਦੀ ਅਗਵਾਈ ਦਾ ਮਾਧਿਅਮ ਇਨ੍ਹਾਂ ਦੇ ਮੋਢੀ ਤੇ ਮਹਾਨ ਬਾਣੀਕਾਰ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਕਥਨਾਂ ਮੁਤਾਬਕ, ‘ਈਸ਼ਵਰੀ’ ਸ਼ਬਦ ਅਤੇ ਸਤਿਗੁਰੂ ਦੀ  ‘ਸਿੱਖਿਆ’ ਦੱਸਿਆ ਹੋਇਆ ਜਾਪਦਾ ਹੈ:

ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ॥
ਗੁਰਮੁਖਿ ਓਅੰਕਾਰਿ ਸਚਿ ਸਮਾਇਆ॥ (ਪੰਨਾ 1285)

ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ॥ (ਪੰਨਾ 19)

ਇਉਂ ਇਸ ਅਧਿਆਤਮ-ਰੁਚਿਤ ਤੇ ਨਾਮ-ਆਧਾਰਿਤ ਸਭਿਆਚਾਰ ਨੂੰ ‘ਨਾਮ-ਆਚਾਰ’ ਜਾਂ ‘ਸ਼ਬਦ-ਸਭਿਆਚਾਰ’ ਕਹਿਣਾ ਤੇ ਮੰਨਣਾ ਉਚਿਤ ਤੇ ਅਨੁਕੂਲ ਪ੍ਰਤੀਤ ਹੁੰਦਾ ਹੈ। ‘ਸਿੱਖ ਸਭਿਆਚਾਰ’ ਵੀ ਤਾਂ, ਅਸਲ ਵਿਚ, ਇਹੋ ਸੱਚਾ-ਸੁੱਚਾ  ‘ਚੱਜ-ਆਚਾਰ’ ਹੀ ਹੈ।

ਸਿੱਖ ਧਰਮ ਦੇ ਅਤੀ ਪਾਵਨ ਤੇ ਸਦੀਵੀ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਰਬ-ਸ੍ਰੇਸ਼ਟ ਧਰਮ ਉਸ ਧਰਮ ਨੂੰ ਮੰਨਿਆ ਹੋਇਆ ਹੈ, ਜੋ ਹਰੀ-ਸਿਮਰਨ ਤੋਂ ਇਲਾਵਾ, ਸ਼ੁਭ ਆਚਾਰ ਦਾ ਵੀ ਵਿਸ਼ਵਾਸੀ ਤੇ ਅਨੁਯਾਈ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਸਗਲ ਕ੍ਰਿਆ ਮਹਿ ਊਤਮ ਕਿਰਿਆ॥
ਸਾਧਸੰਗਿ ਦੁਰਮਤਿ ਮਲੁ ਹਿਰਿਆ॥ (ਪੰਨਾ 266)

ਇਨ੍ਹਾਂ ਦੀ ਸਿੱਖਿਆ ਤੇ ਸੰਦੇਸ਼ ਦਾ ਮੂਲ ਧੁਰਾ ਤੇ ਮੁਖ ਮਨੋਰਥ ਵੀ ਤਾਂ ਇਹੋ ਦੋਹਰੀ ਅਮਲੀ ਕਿਰਿਆ ਹੀ ਜਾਪਦਾ ਹੈ:

ਪਹਿਲੀ: ਜੀਵ ਆਤਮਾ (ਭਾਵ ਮਨੁੱਖ) ਨੂੰ ਪਰਮ-ਆਤਮਾ (ਭਾਵ ਪ੍ਰਭੂ) ਨਾਲ ਜੋੜਨਾ, ਜਿਸ ਦਾ ਸਾਧਨ ‘ਪ੍ਰੇਮਾ ਭਗਤੀ’ ਦੱਸਿਆ ਗਿਆ ਹੈ।

ਦੂਜੀ: ਮਨੁੱਖ ਨੂੰ ਮਨੁੱਖ ਨਾਲ ਜੋੜਨਾ ਤੇ ਜੁੜੇ ਰੱਖਣਾ; ਜਿਸ ਦਾ ਸਾਧਨ ‘ਸ਼ੁਭ ਆਚਾਰ’ ਜਾਂ ‘ਸਦਾਚਾਰ’ ਦਰਸਾਇਆ ਹੋਇਆ ਹੈ।

ਇਨ੍ਹਾਂ ਦੇ ਇਸ ਸਿਧਾਂਤ ਅਤੇ ਇਸ ਉੱਤੇ ਅਮਲ ਅਨੁਸਾਰ, ਇਨ੍ਹਾਂ ਦੋਹਾਂ ਕਿਰਿਆਵਾਂ-ਭਗਤੀ ਤੇ ਸਦਾਚਾਰ-ਦਾ ਸੁਮੇਲ ਹੀ ਜੀਵਨ ਦੀ ਸੰਪੂਰਨਤਾ, ਸਫ਼ਲਤਾ ਤੇ ਕਲਿਆਣਤਾ ਦੀ ਗਾਰੰਟੀ ਜਾਪਦਾ ਹੈ:

ਸਤ ਸੰਤੋਖਿ ਰਹਹੁ ਜਨ ਭਾਈ॥
ਖਿਮਾ ਗਹਹੁ ਸਤਿਗੁਰ ਸਰਣਾਈ॥
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ॥ (ਪੰਨਾ 1030)

ਅਰਥਾਤ ਸੱਚ, ਸਬਰ, ਸਿਦਕ ਤੇ ਦਇਆ ਵਰਗੇ ਸ਼ੁਭ ਗੁਣ ਧਾਰਦਿਆਂ, ਸਤਿਗੁਰੂ ਦੀ ਸ਼ਰਨ ਗ੍ਰਹਿਣ ਕਰਦਿਆਂ ਅੰਤਰ ਆਤਮਾ ਨੂੰ ਸਮਝ ਕੇ ਪਰਮਾਤਮਾ ਨੂੰ ਅਨੁਭਵਦਿਆਂ ਗੁਰੂ ਦੀ ਕਿਰਪਾ ਤੇ ਅਗਵਾਈ ਸਦਕੇ ਮੁਕਤੀ ਪ੍ਰਾਪਤ ਹੋ ਸਕਦੀ ਹੈ। ਇਨ੍ਹਾਂ ਦੋਹਾਂ ਕਿਰਿਆਵਾਂ ਨੂੰ ਇਕ ਦੂਜੇ ਦੇ ਪੂਰਕ ਅਤੇ ਅਨਿੱਖੜ ਅੰਗ ਦੱਸਦਿਆਂ, ਸ੍ਰੀ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੀ ਤੀਜੀ ਜੋਤਿ, ਸ੍ਰੀ ਗੁਰੂ ਅਮਰਦਾਸ ਜੀ, ਨੇ ਹੀ ਇਹ ਫ਼ਰਮਾਇਆ ਹੋਇਆ ਹੈ ਕਿ ਆਪਣੇ ਅੰਦਰ ਅਮਲੀ ਗੁਣ ਪੈਦਾ ਕਰ ਕੇ ਹੀ ਨਾਮ ਅਤੇ ਭਗਤੀ ਪ੍ਰਾਪਤ ਹੋ ਸਕਦੀ ਹੈ:

ਵਿਣੁ ਗੁਣ ਕੀਤੇ ਭਗਤਿ ਨ ਹੋਇ॥ (ਪੰਨਾ 4)

ਸਾਚੀ ਬਾਣੀ ਸੂਚਾ ਹੋਇ॥
ਗੁਣ ਤੇ ਨਾਮੁ ਪਰਾਪਤਿ ਹੋਇ॥ (ਪੰਨਾ 361)

ਇਸ ਪਾਵਨ ਤੇ ਅਦੁੱਤੀ ਧਰਮ ਗ੍ਰੰਥ ਜੀ ਦੇ ਸੰਪਾਦਕ ਜੀ ਨੇ ਵੀ ਇਸ ਅਨੂਠੇ ਸਭਿਆਚਾਰ, ਨਾਮ ਤੇ ਸਦਾਚਾਰ ਆਧਾਰਿਤ ਜੀਵਨ-ਜਾਚ ਦਾ ਨੀਂਹ ਪੱਥਰ ਇਹੋ ਦੋਵੇਂ ਕਿਰਿਆਵਾਂ ਦੱਸਦਿਆਂ, ਇਨ੍ਹਾਂ ਦੋਹਾਂ ਉੱਤੇ ਇੱਕੋ-ਜਿਹਾ ਬਲ ਵੀ ਦਿੰਦਿਆਂ ਅਤੇ ਇਨ੍ਹਾਂ ਦੀ ਪੈਰਵੀ ਲਾਜ਼ਮੀ ਵਿਦਤ ਕਰਦਿਆਂ, ਇਉਂ ਸਮਝਾਇਆ ਹੋਇਆ ਹੈ:

ਉਸਤਤਿ ਮਨ ਮਹਿ ਕਰਿ ਨਿਰੰਕਾਰ॥
ਕਰਿ ਮਨ ਮੇਰੇ ਸਤਿ ਬਿਉਹਾਰ॥ (ਪੰਨਾ 281)

ਇਸੇ ਲਈ ਇਸ ਸਭਿਆਚਾਰ ਦੇ ਇਨ੍ਹਾਂ ਪਾਵਨ ਸੰਚਾਲਕਾਂ ਅਤੇ ਪਰਵਕਤਿਆਂ ਨੇ ਪਰਮ-ਆਤਮਾ (ਭਾਵ ਈਸ਼ਵਰ) ਵਾਸਤੇ ‘ਪਤੀ’ ਅਤੇ ਜੀਵ-ਆਤਮਾ (ਭਾਵ ਮਨੁੱਖ) ਵਾਸਤੇ ‘ਪਤਨੀ’ ਦੇ ਪ੍ਰਤੀਕ ਵਰਤਦਿਆਂ, ਹਰ ਮਨੁੱਖ ਨੂੰ ਇਸ ਗੱਲ ਦਾ ਯਕੀਨ ਦੁਆਇਆ ਹੋਇਆ ਹੈ ਕਿ ਉਹ, ਭਾਵੇਂ ਮਰਦ ਹੋਵੇ ਜਾਂ ਇਸਤਰੀ, ਮੁਕਤੀ, ਮੋਖ, ਨਿਸਤਾਰਾ ਜਾਂ ਪਰਮਗਤੀ ਵਾਹਿਗੁਰੂ ਦੀ ਕਿਰਪਾ ਅਤੇ ਸਤਿਗੁਰੂ ਦੀ ਅਗਵਾਈ ਸਦਕੇ, ਇਸੇ ਜੀਵਨ ਦੌਰਾਨ, ਆਪਣੇ ਸਮਾਜਿਕ ਤਾਣੇ-ਬਾਣੇ ਵਿਚ ਵਿਚਰਦਿਆਂ, ਸਾਧਾਰਨ ਘਰੋਗੀ ਜੀਵਨ ਜਿਉਂਦਿਆਂ, ਪ੍ਰਭੂ ਦੇ ਭੈ-ਭਾਉ-ਭਾਣੇ ਵਿਚ ਰਹਿੰਦਿਆਂ, ਸ਼ੁਭ ਗੁਣ ਧਾਰਦਿਆਂ ਅਤੇ ਨੇਕ ਅਮਲ ਕਰਦਿਆਂ, ਸਹਿਜੇ ਹੀ ਪ੍ਰਾਪਤ ਕਰ ਸਕਦਾ ਹੈ:

ਭਉ ਭਗਤਿ ਕਰਿ ਨੀਚੁ ਸਦਾਏ॥
ਤਉ ਨਾਨਕ ਮੋਖੰਤਰੁ ਪਾਏ॥ (ਪੰਨਾ 470)

ਸਤਿਗੁਰ ਕੀ ਐਸੀ ਵਡਿਆਈ॥
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥ (ਪੰਨਾ 661)

ਪਰ ਸ਼ਰਤ ਇਹ ਹੈ ਕਿ ਉਹ ਇਸ ਹਦਾਇਤ:

ਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ॥ (ਪੰਨਾ 1070)

ਅਨੁਸਾਰ, ਜੀਵਨ ਅਤੇ ਉਸ ਦੇ ਫ਼ਰਜ਼ਾਂ ਤੇ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਸੰਨਿਆਸ ਧਾਰਨ ਜਾਂ ਬਨਵਾਸ ਲੈਣ ਦੀ ਥਾਂ ਸੰਸਾਰ ਵਿਚ ਰਹਿੰਦਿਆਂ, ਬਾਕਾਇਦਾ ਜੀਂਦਿਆਂ, ਥੀਂਦਿਆਂ, ਛੱਪੜ ਵਿਚ ‘ਨਿਰਾਲਮ’ ਵਸ-ਰਸ ਰਹੇ ਕੰਵਲ ਅਤੇ ਨਦੀ ਵਿਚ ਅਭਿੱਜ ਤਰ ਰਹੀ ਮੁਰਗ਼ਾਬੀ ਵਾਂਗ, ਸੰਸਾਰਿਕਤਾ ਤੋਂ ਨਿਰਲੇਪ ਰਹਿ ਕੇ, ਉਪਰੋਕਤ ਗਾਡੀਰਾਹ ਮੁਤਾਬਿਕ ਆਪਣਾ ਜੀਵਨ-ਨਿਰਬਾਹ ਇਉਂ ਕਰਦਾ ਜਾਏ:

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ (ਪੰਨਾ 938)

ਇਉਂ ਇਹ ਸਭਿਆਚਾਰ ਨਾ ਤਾਂ ਸਿੱਧਾਂ ਦੇ ‘ਪਰਵਿਰਤੀ (ਭੋਗ ਜਾਂ ਰਾਗ) ਮਾਰਗ’ ਦਾ ਧਾਰਨੀ ਹੈ ਅਤੇ ਨਾ ਹੀ ਨਾਥਾਂ ਦੇ ‘ਨਿਰਵਿਰਤੀ (ਜੋਗ ਜਾਂ ਵੈਰਾਗ) ਮਾਰਗ’ ਦਾ ਅਨੁਯਾਈ ਹੈ। ਇਸ ਦੇ ਸੰਚਾਲਕ ਭਾਣੇ:

ਦੋਵੈ ਤਰਫਾ ਉਪਾਇ ਇਕੁ ਵਰਤਿਆ॥
ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ॥
ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ॥ (ਪੰਨਾ 1280)

ਅਰਥਾਤ, ਵਾਹਿਗੁਰੂ ਸੰਸਾਰੀ ਤੇ ਤਿਆਗੀ ਵਾਲੇ ਦੋਵੇਂ ਪਾਸੇ ਆਪੇ ਉਪਜਾਅ ਕੇ, ਉਨ੍ਹਾਂ ਵਿਚ ਆਪੇ ਸਾਂਝਾ ਹੋ ਵਰਤ ਰਿਹਾ ਹੈ। ਇਸ ਲਈ ਉਨ੍ਹਾਂ ਦੋਹਾਂ ਵਿਚਾਲੇ ਕੋਈ ਝਗੜਾ ਤਾਂ ਨਹੀਂ ਹੋਣਾ ਚਾਹੀਦਾ ਪਰ ਵੇਦ-ਬਾਣੀ ਦੇ ਖਿਆਲ ਚਲਾ ਕੇ ਇਨ੍ਹਾਂ ਵਿਚਕਾਰ ਵਾਦ-ਵਿਵਾਦ ਪੈਦਾ ਕਰ ਦਿੱਤਾ ਗਿਆ ਹੈ। ਤਦੇ ਤਾਂ, ਸੰਸਾਰੀ ਤੇ ਤਿਆਗੀ ਦੋਹਾਂ ਧਿਰਾਂ ਵਿਚ ਧਰਮ ਰਾਹ-ਦਸੇਰੇ ਤੇ ਨਿਰਣਾਇਕ ਦੇ ਤੌਰ ’ਤੇ ਵਿਚਰ ਰਿਹਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਿਤ ਸਭਿਆਚਾਰ ਇਨ੍ਹਾਂ ਦੋਹਾਂ ਮਾਰਗਾਂ ਦੇ ਵਾਦ-ਵਿਵਾਦ ਵਿਚ ਪੈਣ ਦੀ ਥਾਂ, ਸੰਸਾਰਿਕਤਾ ਤੇ ਅਧਿਆਤਮਿਕਤਾ ਦੇ ਅਜਿਹੇ ਸੁਮੇਲ ਭਾਵ ‘ਸਹਿਜ ਮਾਰਗ’ ਦਾ ਧਾਰਨੀ ਹੈ, ਜੋ ਇਕਦਮ ਸਰਲ, ਸੁਭਾਵਿਕ, ਸੰਤੁਲਿਤ ਅਤੇ ਸਰਬ-ਸ੍ਰੇਸ਼ਟ ਜੀਵਨ-ਜਾਚ ਦਾ ਲਖਾਇਕ ਹੈ। ਇਹ ਮਨੁੱਖਾ ਜੀਵਨ ਦੇ ਮੂਲ ਸਰੋਕਾਰਾਂ ਅਤੇ ਹਿੱਤਾਂ ਨਾਲ ਸਬੰਧਿਤ ਹੈ ਅਤੇ ਇਸ ਦਾ ਮੁੱਖ ਮੰਤਵ ਮਨੁੱਖ ਦੀ ਅਧਿਆਤਮਿਕ ਤੇ ਸਦਾਚਾਰਕ ਅਗਵਾਈ ਤੋਂ ਲੋੜੀਂਦੀ ਸਹਾਇਤਾ ਕਰਦਿਆਂ, ਉਸ ਨੂੰ ਸਦਾ ਖਿੜਿਆ-ਫੁਲਿਆ ਤੇ ਚੜ੍ਹਦੀ ਕਲਾ ਵਿਚ ਰੱਖਣਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਮੰਤਵ ਦੀ ਪੂਰਤੀ ਲਈ ਮਨੁੱਖ ਨੂੰ ਦੋ ਅਦੁੱਤੀ ਤਿੰਨ-ਨੁਕਤੀਏ ਫਾਰਮੂਲੇ ਵੀ ਬਖ਼ਸ਼ ਕੇ, ਉਨ੍ਹਾਂ ਦੀ ਅਮਲੀ ਵਰਤੋਂ ਵੀ ਸਮਝਾਈ ਹੋਈ ਹੈ। ਪਹਿਲੇ ਵਿਚ ‘ਨਾਮ ਜਪਣਾ’, ‘ਕਿਰਤ ਕਰਨਾ’ ਅਤੇ ‘ਵੰਡ ਛਕਣਾ’ ਦੀ ਹਦਾਇਤ ਹੈ। ਉਨ੍ਹਾਂ ਨੇ ਤਾਂ ਇਸ ਗੱਲ ਦਾ ਭਰੋਸਾ ਵੀ ਦੁਆਇਆ ਹੋਇਆ ਹੈ ਕਿ ਇਸ ਉੱਤੇ ਅਮਲ ਕਰਨ ਅਤੇ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਸਮਝਦਿਆਂ ਪਾਪ ਛੱਡਣ ਤੇ ਔਗੁਣ ਤਿਆਗਣ ਨਾਲ, ਨਾ ਕੇਵਲ ਉਪਰੋਕਤ ਮਾਰਗ ਦੀ ਸੋਝੀ ਹੀ ਪ੍ਰਾਪਤ ਹੋ ਜਾਂਦੀ ਹੈ, ਸਗੋਂ ਨਰਕ-ਨਿਵਾਸ ਤੇ ਉਸ ਦੇ ਤਸੀਹਿਆਂ ਤੋਂ ਵੀ ਬਚਿਆ ਜਾ ਸਕਦਾ ਹੈ:

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)

ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ॥
ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ॥ (ਪੰਨਾ 461)

ਅਜਿਹੀਆਂ ਮਿਹਰਾਂ ਅਤੇ ਇਨ੍ਹਾਂ ਦੇ ਕਰਣਹਾਰ ਦੀ ਪ੍ਰਾਪਤੀ ਲਈ ਜਾ ਕੋਈ ਧਾਰਮਿਕ ਮਰਯਾਦਾ ਨਿਭਾਉਣ ਵਾਸਤੇ ਜੀਵਨ ਅਤੇ ਉਸ ਦੇ ਫ਼ਰਜ਼ਾਂ ਤੇ ਜ਼ਿੰਮੇਵਾਰੀਆਂ ਤੋਂ ਬੇਮੁਖ ਹੋਣ, ਘਰ-ਬਾਰ ਤਿਆਗਣ, ਭੇਖ-ਪਾਖੰਡ ਧਾਰਨ, ਜੰਗਲ-ਬੇਲੇ ਗਾਹੁਣ ਅਤੇ ਪਹਾੜੀ ਕੰਦਰਾਂ ਵਿਚ ਭਟਕਣ ਆਦਿ ਦੀ ਕੋਈ ਲੋੜ ਨਹੀਂ।

ਸ੍ਰੀ ਗੁਰੂ ਤੇਗ ਬਹਾਦਰ ਜੀ ਅਨੁਸਾਰ ਉਹ ਸਰਬ-ਵਿਆਪਕ ਪ੍ਰਭੂ ਸਦਾ ਸਾਡੇ ਨਾਲ, ਸਾਡੇ ਅੰਗ-ਸੰਗ ਹੈ; ਸਾਡੇ ਧੁਰ ਅੰਦਰ ਇਵੇਂ ਵਸ ਰਿਹਾ ਹੈ, ਜਿਵੇਂ ਫੁੱਲ ਵਿਚ ਵਾਸ਼ਨਾ ਅਤੇ ਸ਼ੀਸ਼ੇ ਵਿਚ ਛਾਇਆ ਵਸ ਰਹੀ ਹੁੰਦੀ ਹੈ। ਸੋ, ਉਸ ਨੂੰ ਬਾਹਰ ਢੂੰਡਣ ਦੀ ਥਾਂ, ਆਪਣੇ ਮਨ ਵਿੱਚੋਂ ਹੀ ਖੋਜਣ-ਭਾਲਣ ਦੀ ਨਸੀਹਤ ਕਰਦਿਆਂ, ਉਨ੍ਹਾਂ ਨੇ ਵੀ ਇਉਂ ਫ਼ਰਮਾਇਆ ਹੋਇਆ ਹੈ:

ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥1॥ ਰਹਾਉ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥ (ਪੰਨਾ 684)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਿਤ ਇਸ ਕਿਰਿਆਤਮਕ (Practical) ਸਭਿਆਚਾਰ ਤੇ ਅਨੂਠੀ ਜੀਵਨ-ਜਾਚ ਨੇ ਮਨੁੱਖ ਨੂੰ ਆਪਣੇ ਮਾਲਕ-ਪ੍ਰਭੂ ਦਾ ਨਾਮ ਜਪਣ ਲਈ ਘਰ-ਬਾਰ ਤਿਆਗਣ ਜਾਂ ਮੋਨ ਧਾਰਨ, ਧੂਣੀ ਰਮਾਣ ਜਾਂ ਹੱਥ ਉੱਤੇ ਹੱਥ ਰੱਖ ਕੇ ਬੈਠੇ ਰਹਿਣ ਦੀ ਥਾਂ, ਤਨੋਂ-ਮਨੋਂ ਕਿਰਤ-ਕਮਾਈ ਕਰਨ ਤੇ ਉਸ ਦਾ ਨਾਮ ਜਪਣ ਲਈ ਪ੍ਰੇਰਦਿਆਂ ਆਖਿਆ ਹੈ:

ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ॥ (ਪੰਨਾ 595)

ਇਸ ਤੋਂ ਛੁੱਟ ਉਸ ਨੂੰ ਭਰਵਾਂ ਉਤਸ਼ਾਹ ਤੇ ਹੱਲਾਸ਼ੇਰੀ ਦਿੰਦਿਆਂ ਅਤੇ ਸਹੀ ਤੇ ਸੁਖਾਲੀ ਜੀਵਨ-ਜੁਗਤੀ ਦੱਸਦਿਆਂ, ਪ੍ਰਭੂ ਨਾਲ ਮੇਲ-ਪ੍ਰਾਪਤੀ ਅਤੇ ਸੁਖੀ ਤੇ ਨਿਸ਼ਚਿੰਤ ਜੀਵਨ ਜਿਊਣ ਦਾ ਰਾਹ ਵੀ ਇਉਂ ਦਰਸਾਇਆ ਹੋਇਆ ਹੈ:

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ (ਪੰਨਾ 522)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਿਤ ਅਧਿਆਤਮਕਤਾ ਤੇ ਸੰਸਾਰਿਕਤਾ, ਪਰਵਿਰਤੀ ਤੇ ਨਿਵਰਤੀ, ਗ੍ਰਿਹਸਤ ਤੇ ਉਦਾਸ ਅਤੇ ਭਗਤੀ ਤੇ ਸਦਾਚਾਰ ਦੇ ਇਸ ਸੁਮੇਲ ਅਤੇ ਉਸ ਦੀ ਅਮਲੀ ਵਰਤੋਂ ਨਾਲ ਸਬੰਧਿਤ ਇਹ ਸੰਦੇਸ਼ ਤੇ ਉਪਦੇਸ਼ ਕੇਵਲ ਪੰਜਾਬ ਜਾਂ ਹਿੰਦੁਸਤਾਨ ਲਈ ਹੀ ਨਹੀਂ, ਸਗੋਂ ਸਮੂਹ ਮਨੁੱਖਤਾ ਦੇ ਸਮਾਜਿਕ ਜੀਵਨ ਤੇ ਸਭਿਆਚਾਰਕ ਵਿਧਾਨ ਨੂੰ ਇਕ ਭਾਰੀ ਤੇ ਯਾਦਗਾਰੀ, ਕ੍ਰਾਂਤੀਕਾਰੀ ਤੇ ਕਲਿਆਣਕਾਰੀ ਦੇਣ ਹੈ।

ਗ੍ਰਿਹਸਤੀ ਜੀਵਨ ਦੀ ਸ੍ਰੇਸ਼ਟਤਾ, ਮਹਾਨਤਾ ਤੇ ਲਾਭਦਾਇਕਤਾ ਨੂੰ ਇਉਂ ਉਜਾਗਰ ਕਰਦਿਆਂ, ਇਸ ਦੇ ਧੁਰੇ ਜਾਂ ਚੂਲ, ਭਾਵ ਇਸਤਰੀ ਦੇ ਸਥਾਨ ਤੇ ਸਨਮਾਨ ਨੂੰ ਵੀ ਜਿਵੇਂ ਪ੍ਰਗਟਾਇਆ ਤੇ ਉਚਿਆਇਆ ਗਿਆ ਹੈ, ਉਹ ਵੀ ਇਸ ਸਭਿਆਚਾਰ ਦੀ ਇਕ ਬੜੀ ਅਹਿਮ ਤੇ ਅਛੂਤੀ ਦੇਣ ਹੈ। ਸਦੀਆਂ ਤੋਂ ਤ੍ਰਿਸਕਾਰੀ ਤੇ ਧਿਰਕਾਰੀ ਹੋਈ ਇਸਤਰੀ ਜਾਤੀ ਦੇ ਅਸਲ ਸਥਾਨ ਤੇ ਯੋਗਦਾਨ ਨੂੰ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਿਆਨਿਆ ਹੋਇਆ ਹੈ, ਉਹ ਵੀ ਆਪਣੀ ਮਿਸਾਲ ਆਪ ਹੈ। ਇਸ ਨੂੰ ਮਨੁੱਖਾ ਜੀਵਨ ਦੀ ਕੇਵਲ ਪੂਰਨਤਾ ਹੀ ਨਹੀਂ, ਆਰੰਭਤਾ ਤੇ ਪੂਰਕਤਾ ਦਾ ਵੀ ਸੁਭਾਗੀ ਮੰਨਦਿਆਂ ਫ਼ਰਮਾਇਆ ਹੈ:

ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ (ਪੰਨਾ 879)

ਅਰਥਾਤ ਇਸਤਰੀ ਨੂੰ ਨਿੰਦਣ, ਭੰਡਣ ਤੇ ਨਿਰਾਦਰਣ ਵਾਲਿਆਂ ਅਤੇ ਕੇਵਲ ਲਿੰਗ-ਭੇਦ ਕਾਰਨ ਉਸ ਨਾਲ ਅਨਿਆਂ, ਕੁਵਰਤੋਂ ਤੇ ਵਿਤਕਰਾ ਕਰਨ ਵਾਲਿਆਂ ਨੂੰ ਸੰਬੋਧਨ ਕਰਦਿਆਂ, ਇਹ ਦਲੀਲਾਂ ਤੇ ਵੰਗਾਰਾਂ ਭਰੀ ਆਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਇਉਂ ਬੁਲੰਦ ਤੇ ਕਾਨੀਬੰਦ ਹੈ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਅਰਥਾਤ, ਇਸਤਰੀ ਦੇ ਗਰਭ ਵਿਚ ਹੀ ਨਿੰਮੀਦਾ ਹੈ ਅਤੇ ਇਸਤਰੀ ਦੇ ਉਦਰ ਤੋਂ ਹੀ ਜੰਮੀਦਾ ਹੈ। ਇਸਤਰੀ ਨਾਲ ਹੀ ਮੰਗਣੀ ਤੇ ਵਿਆਹ ਹੁੰਦਾ ਹੈ ਅਤੇ ਇਸਤਰੀ ਤੋਂ ਹੀ ਸੰਸਾਰ ਦਾ ਰਸਤਾ ਤੇ ਰਿਸ਼ਤਾ ਚੱਲਦਾ ਹੈ। ਭਾਵ ਮਨੁੱਖ ਸ਼੍ਰੇਣੀ ਤੇ ਮਨੁੱਖੀ ਸਭਿਅਤਾ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਇਸਤਰੀ ਨਾਲ ਹੀ ਗ੍ਰਿਹ ਪ੍ਰਬੰਧ ਚਲਦਾ ਹੈ, ਉਸੇ ਦੁਆਰਾ ਸਮਾਜ ਦੀ ਸਥਾਪਨਾ ਹੁੰਦੀ ਹੈ ਅਤੇ ਉਸ ਦੀ ਹਸਤੀ ਕਾਇਮ ਤੇ ਬਰਕਰਾਰ ਰਹਿੰਦੀ ਹੈ। ਸੋ, ਜਿਸ ਇਸਤਰੀ ਦੇ ਉਦਰ ਤੋਂ ਮਹਾਨ ਤੇ ਪਰਤਾਪੀ ਲੋਕ (ਅਵਤਾਰ ਤੇ ਪੈਗ਼ੰਬਰ, ਬਾਦਸ਼ਾਹ ਤੇ ਬਹਾਦਰ ਇਤਿਆਦਿ) ਵੀ ਜਨਮ ਲੈਂਦੇ ਹਨ, ਉਸ ਨੂੰ ਮੰਦਾ ਤੇ ਮਾੜਾ ਕਿਉਂ ਆਖਿਆ ਜਾਏ ਅਤੇ ਨੀਵਾਂ ਤੇ ਅਪਵਿੱਤਰ ਕਿਉਂ ਸਮਝਿਆ ਜਾਏ?

ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ (ਪੰਨਾ 473)

ਅਰਥਾਤ, ਚੇਤੇ ਰੱਖੋ ਕਿ ਇਤਨੇ ਗੁਣਾਂ ਤੇ ਦਿੱਤਾਂ-ਦੇਣਾਂ ਦੀ ਧਾਰਨੀ ਇਸਤਰੀ ਦੀ ਉਤਪਤੀ ਵੀ ਇਸੇ ਇਸਤਰੀ ਤੋਂ ਹੀ ਹੁੰਦੀ ਹੈ ਅਤੇ ਉਸ ਤੋਂ ਬਿਨਾਂ ਕਿਸੇ ਵੀ ਮਨੁੱਖ ਦੀ ਪੈਦਾਇਸ਼ ਕਦੇ ਵੀ ਨਾ ਹੋਈ ਹੈ ਅਤੇ ਨਾ ਹੀ ਹੋ ਸਕਦੀ ਹੈ। ਭਾਵ ਜਿਹੜੇ ਮਰਦ ਇਸ ਇਸਤਰੀ ਨੂੰ ਮੰਦਾ ਕਹਿੰਦੇ ਤੇ ਨੀਵਾਂ ਮੰਨਦੇ ਹਨ, ਉਹ ਆਪ ਵੀ ਤਾਂ ਉਸੇ ਇਸਤਰੀ ਤੋਂ ਹੀ ਪੈਦਾ ਹੋਏ ਹੁੰਦੇ ਹਨ। ਸੋ, ਉਹ ਉਸੇ ਇੱਕੋ ਸੋਮੇ ਤੋਂ ਉਪਜ ਕੇ ਉਸੇ ਤੋਂ ਜੰਮ ਪਲ ਕੇ, ਉਸ ਨੂੰ ਨੀਚ, ਮਾੜਾ ਤੇ ਅਪਵਿੱਤਰ ਕਿਵੇਂ ਕਹਿ ਸਕਦੇ ਹਨ ਅਤੇ ਉਹ ਆਪ ਉਸ ਨਾਲੋਂ ਕਿਵੇਂ ਚੰਗੇਰੇ ਤੇ ਉਚੇਰੇ ਹੋਣ ਦਾ ਦਾਅਵਾ ਕਰ ਸਕਦੇ ਹਨ? ਹਕੀਕਤ ਤਾਂ ਇਹ ਹੈ ਕਿ ਕੇਵਲ ਸਤਿ-ਸਰੂਪ ਪਰਮਾਤਮਾ ਹੀ ਇੱਕੋ-ਇਕ ਅਜਿਹੀ ਹਸਤੀ ਹੈ ਜੋ ‘ਸੈਭੰ’ ਹੋਣ ਕਰਕੇ ਕਿਸੇ ਇਸਤਰੀ ਤੋਂ ਬਿਨਾਂ ਉਪਜਿਆ ਤੇ ਹਰ ਥਾਂ ਵਸਿਆ ਹੋਇਆ ਹੈ।

ਇਸਤਰੀ ਲਈ ਅਜਿਹੀ ਨਿੰਦਾ, ਘ੍ਰਿਣਾ, ਵਿਤਕਰਾ, ਅਨਿਆਂ ਤੇ ਨਿਰਾਦਰੀ- ਪੂਰਤ ਵਤੀਰੇ ਦਾ ਕਾਰਨ ਮਰਦ ਦੀ ਹਉਮੈ, ਸੂਗ ਬਿਰਤੀ, ਉੱਚਤਵੀ ਭਾਵਨਾ ਤੇ ਸਵੈ-ਅਭਿਮਾਨੀ ਰੁਚੀ ਦੱਸਿਆ ਗਿਆ ਹੈ ਅਤੇ ਉਸ ਨੂੰ ਇਉਂ ਸਮਝਾਇਆ ਵੀ ਹੋਇਆ ਹੈ:

ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥ (ਪੰਨਾ 473)

ਸੁਣਿ ਗਲਾ ਗੁਰ ਪਹਿ ਆਇਆ॥
ਨਾਮੁ ਦਾਨੁ ਇਸਨਾਨੁ ਦਿੜਾਇਆ॥ (ਪੰਨਾ 73)

ਅਰਥਾਤ, ‘ਸਚੁ ਧਰਮਸਾਲ’ (ਸੱਚ ਉੱਤੇ ਆਧਾਰਿਤ ਸਤਿਸੰਗ) ਦੀ ਕਾਇਮੀ ਬਾਰੇ ਆਮ ਲੋਕਾਂ ਵਿਚ ਹੋ ਰਹੀਆਂ ਗੱਲਾਂ ਸੁਣ ਕੇ, ਜੇ ਕੋਈ ਸਤਿਗੁਰੂ ਦੇ ਪਾਸ ਆਇਆ ਹੈ, ਉਨ੍ਹਾਂ ਨੇ ਉਸ ਨੂੰ ਨਾਮ ਜਪਣ, ਵੰਡ ਛਕਣ ਅਤੇ ਤਨ-ਮਨ ਕਰ ਕੇ ਪਵਿੱਤਰ ਰਹਿਣ ਦੀ ਸਿੱਖਿਆ ਦ੍ਰਿੜ੍ਹ ਕਰਵਾ ਦਿੱਤੀ ਹੈ।

ਇਉਂ ਇਹ ਪਾਵਨ ਤ੍ਰਿਬੇਣੀ ਤੇ ਇਸ ਨਾਲ ਸੰਬੰਧਿਤ ਜੀਵਨ-ਜਾਚ ਦੀ ਪਾਲਣਾ ਹੀ ਮਨੁੱਖ ਦੀ ਆਤਮਿਕ ਪਵਿੱਤਰਤਾ, ਮਾਨਸਿਕ ਸੁਚੇਤਤਾ ਤੇ ਸਰੀਰਕ ਸਵੱਛਤਾ; ਹਉਮੈ; ਹੰਕਾਰ ਤੇ ਵਿਸ਼ੇ-ਵਿਕਾਰਾਂ ਦੀ ਨਵਿਰਤੀ; ਅੰਤੇ ਮੁਕਤੀ ਤੇ ਪ੍ਰਭੂ- ਮਿਲਣੀ ਲਈ ਉੱਤਮ ਤੇ ਸੁਚਤਮ ਸਾਧਨ ਹੈ। ਇਸ ਦੇ ਮੁਕਾਬਲੇ ’ਤੇ ਭਾਂਤ-ਭਾਂਤ ਦੇ ਸਾਧਕਾਂ, ਜੋਗੀਆਂ, ਭੋਗੀਆਂ, ਤਿਆਗੀਆਂ, ਫ਼ਕੀਰਾਂ, ਜਤੀਆਂ, ਸਤੀਆਂ, ਪਾਂਧਿਆਂ ਤੇ ਜੋਤਸ਼ੀਆਂ ਆਦਿ ਵੱਲੋਂ ਭਿੰਨ-ਭਿੰਨ ਜੁਗਤਾਂ ਅਤੇ ਸਾਧਨ ਇਉਂ ਨਿਸਫਲ ਸਾਬਤ ਹੁੰਦੇ ਦੱਸੇ ਹੋਏ ਹਨ:

ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ॥
ਗੁਰ ਕਾ ਸਬਦੁ ਨ ਚੀਨ੍‍ਹੀ ਤਤੁ ਸਾਰੁ ਨਿਰੰਤਰ॥3॥
ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ॥
ਅੰਤਰਿ ਵਸਤੁ ਨ ਜਾਣਨੀ੍ ਘਟਿ ਬ੍ਰਹਮੁ ਲੁਕਾਣਾ॥4॥
ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ॥
ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ॥5॥
ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ॥
ਬਿਨੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ॥6॥
ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ॥
ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ॥ (ਪੰਨਾ 419)

ਅਰਥਾਤ, ਉਹ ਆਪਣੇ ਘਰ-ਬਾਰ ਛੱਡ ਕੇ, ਪ੍ਰਭੂ ਦੀ ਭਾਲ ਅਤੇ ਮੁਕਤੀ ਦੀ ਪ੍ਰਾਪਤੀ ਲਈ ਉਨ੍ਹਾਂ ਵਾਂਗ ਹੀ ਹਰੀ-ਨਾਮ ਤੇ ਗੁਰ-ਉਪਦੇਸ਼ ਤੋਂ ਹੀਣੇ ਅਤੇ ਪ੍ਰਭੂ ਦੀ ਪ੍ਰੇਮਾ-ਭਗਤੀ ਤੋਂ ਵਿਰਵੇ ਹੋਣ ਕਰਕੇ ਦੇਸ਼-ਦੇਸ਼ਾਂਤਰਾਂ ਵਿਚ ਭਉਂਦੇ ਫਿਰਨ ਦੇ ਬਾਵਜੂਦ, ਪਰਮਾਤਮਾ ਨੂੰ ਨਹੀਂ ਪਛਾਣਦੇ; ਸਦਾ ਪੁਰਾਣ ਪੜ੍ਹਦੇ-ਉਚਾਰਦੇ ਰਹਿਣ ਦੇ ਬਾਵਜੂਦ, ਆਪਣੇ ਅੰਦਰ ਦੀ ਵਸਤੂ ਨੂੰ ਨਹੀਂ ਜਾਣਦੇ; ਵਣਾਂ ਵਿਚ ਤਪ ਕਰਨ ਅਤੇ ਤੀਰਥਾਂ ਵਿਚ ਵਸਣ ਦੇ ਬਾਵਜੂਦ, ਆਪਣੇ ਆਪੇ ਨੂੰ ਨਹੀਂ ਸਿਆਣਦੇ; ਐਵੇਂ ਹੀ ਭਰਮਦੇ ਤੇ ਭਟਕਦੇ ਰਹਿੰਦੇ ਹਨ; ਅਤੇ ਇੰਨਾ ਵੀ ਨਹੀਂ ਸਮਝਦੇ ਕਿ ਉਹ ਕਾਹਦੇ ਲਈ, ਕਿਸ ਕਰਕੇ ਉਦਾਸੀਨ ਤੇ ਤਿਆਗੀ ਬਣੇ ਹੋਏ ਹਨ। ਪਰੰਤੂ, ਉਨ੍ਹਾਂ ਦੇ ਟਾਕਰੇ ’ਤੇ, ਉਹ ਘਰਬਾਰੀ ਭਾਵ ਗ੍ਰਿਹਸਤੀ ਲੋਕ ਹਨ ਜੋ ਸਤਿਗੁਰੂ ਦੀ ਸਿੱਖਿਆ ਲੈ ਕੇ ਉਸ ਉੱਤੇ ਅਮਲ ਕਰ ਰਹੇ ਹਨ; ਹਰੀ-ਨਾਮ ਪ੍ਰਾਪਤ ਕਰਕੇ ਉਸ ਦਾ ਅਭਿਆਸ ਕਰ ਰਹੇ ਹਨ; ਜੀਵਨ ਨੇਕੀ, ਨੇਕ ਕਮਾਈ ਤੇ ਲੋਕ-ਭਲਾਈ ਵਿਚ ਬਤੀਤ ਕਰ ਰਹੇ ਹਨ ਤੇ ਮਨ ਤਨ ਦੀ ਪਵਿੱਤਰਤਾ ਲਈ ਸ਼ੁਭ ਆਚਰਨ ਤੇ ‘ਸ਼ੁੱਧਤਾ ਰੂਪੀ ਇਸ਼ਨਾਨ’ ਦਾ ਸੁਭਾਗ ਪ੍ਰਾਪਤ ਕਰ ਰਹੇ ਹਨ, ਅਤੇ ਇਉਂ ‘ਪ੍ਰੇਮਾ ਭਗਤੀ’ ਤੇ ‘ਨਿਰਮਲ ਕਰਣੀ’ ਸਦਕੇ ਸੁਚੇਤ ਅਤੇ ਆਪਣੇ ਨਿਸ਼ਚੇ ਤੇ ਨਿਸ਼ਾਨੇ ਉੱਤੇ ਦ੍ਰਿੜ੍ਹ ਰਹਿ ਕੇ ਸੁਖੀ-ਸੁਖਾਲੀ ਵਿਚਰ ਰਹੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਪਦੇਸ਼ਿਤ ਇਹ ਜੀਵਨ-ਜਾਚ ਤੇ ਨਾਮ-ਆਧਾਰਿਤ ਸਭਿਆਚਾਰ ਅਤੇ ਇਸ ਦਾ ਦੂਜਾ ਮੁਖ ਅੰਗ, ਸਦਾਚਾਰ, ਕਿਸੇ ਉਪਰੋਕਤ ਤਿਆਗੀ, ਵਿਰਾਗੀ, ਭਾਂਜਵਾਦੀ ਜਾਂ ਇਕਾਂਤਵਾਦੀ ਮਨੁੱਖ ਦੀ ਥਾਂ, ਹਰ ਸਮੇਂ ਤੇ ਸਥਾਨ ਦੇ ਜਨ-ਸਾਧਾਰਨ, ਸੰਸਾਰੀ ਤੇ ਗ੍ਰਿਹਸਤੀ ਮਨੁੱਖ ਅਤੇ ਉਸ ਦੇ ਨਿਤਾਪ੍ਰਤਿ ਜੀਵਨ ਨਾਲ ਸਬੰਧਿਤ ਹੈ। ਨਾਲੇ ਇਹ ਕੇਵਲ ਵਿਅਕਤਕ ਹੀ ਨਹੀਂ, ਸਗੋਂ ਉਸ ਦੇ ਸਮੂਹਿਕ ਜੀਵਨ ਨਾਲ ਵੀ ਤੁਅੱਲਕ ਰੱਖਦਾ ਹੈ।

ਇਸ ਦੇ ਵਿਧਾਨ ਵਿਚ ਉਪਰ-ਵਰਣਿਤ ਗ੍ਰਿਹਸਤ ਜੀਵਨ ਨੂੰ ਸੁੱਚਾ, ਸੁਖੀ ਤੇ ਸਾਵਾਂ-ਪੱਧਰਾ ਰੱਖਣ ਲਈ ਪਰ-ਇਸਤਰੀ ਗਮਨ ਤੇ ਪਰ-ਪੁਰਸ਼ ਰਵਣ ਦੀ ਸਖ਼ਤ ਮਨਾਹੀ ਹੈ ਕਿਉਂਕਿ ਇਹ ਔਗੁਣ ਨਿਰਾ ਆਚਰਨ ਲਈ ਹੀ ਨਹੀਂ, ਸਗੋਂ ਸਮਾਜਿਕ ਮਰਯਾਦਾ ਲਈ ਵੀ ਅਤਿ ਹਾਨੀਕਾਰਕ ਹੈ। ਪੰਜਵੇਂ ਪਾਤਸ਼ਾਹ ਨੇ ਇਸੇ ਲਈ ਇਸ ਨੂੰ ਜ਼ਹਿਰੀਲੇ ਸੱਪ ਦੇ ਡੰਗ ਨਾਲ ਤੁਲਨਾਇਆ ਹੋਇਆ ਹੈ:

ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥ (ਪੰਨਾ 403)

ਇਸ ਘੋਰ ਪਾਪ ਤੇ ਕੁਰਹਿਤ ਤੋਂ ਹੋੜਦਿਆਂ ਅਤੇ ਧਰਮਰਾਜ ਦਾ ਡਰਾਵਾ ਦਿੰਦਿਆਂ ਤੇ ਚਿਤ੍ਰਗੁਪਤ ਦੀ ਲੇਖਾ-ਮੰਗ ਤੋਂ ਵੀ ਖ਼ਬਰਦਾਰ ਕਰਦਿਆਂ, ਫ਼ਰਮਾਇਆ ਹੈ:

ਰੇ ਨਰ ਕਾਇ ਪਰ ਗ੍ਰਿਹਿ ਜਾਇ॥
ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ॥ (ਪੰਨਾ 1001)

ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ॥
ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ॥ (ਪੰਨਾ 616)

ਅਜਿਹੀਆਂ ਮਨਾਹੀਆਂ ਤੇ ਚੇਤਾਵਨੀਆਂ ਕੇਵਲ ਪਰਾਏ ਮਰਦ ਅਤੇ ਪਰਾਈ ਇਸਤਰੀ ਨਾਲ ਕੁਸੰਗ ਉੱਤੇ ਹੀ ਆਇਦ ਨਹੀਂ, ਸਗੋਂ ਹਰ ਪਰਾਈ ਵਸਤੂ ਦੀ ਦੁਰਵਰਤੋਂ ਜਾਂ ਨਾਜਾਇਜ਼ ਕਬਜ਼ੇ ਉੱਤੇ ਵੀ ਲਾਗੂ ਹਨ। ਜਿਵੇਂ:

ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ॥ (ਪੰਨਾ 379)

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਪੰਨਾ 141)

ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ॥ (ਪੰਨਾ 139)

ਇਸ ਦੇ ਨਾਲ ਹੀ ਅਜਿਹੀਆਂ ਸਦਾਚਾਰਕ ਨਸੀਹਤਾਂ ਵੀ ਇਉਂ ਕੀਤੀਆਂ ਹੋਈਆਂ ਹਨ, ਜੋ ਸਮਾਜਿਕ ਰਿਸ਼ਤੇ ਤੇ ਸਭਿਆਚਾਰਕ ਕਦਰਾਂ ਕਾਇਮ ਰੱਖਣ ਲਈ ਅਤੀ ਜ਼ਰੂਰੀ ਹਨ। ਜਿਵੇਂ:

ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ॥ (ਪੰਨਾ 1249)

ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ॥ (ਪੰਨਾ 199)

ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ 142)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਦਾਚਾਰਕ ਤੇ ਸਭਿਆਚਾਰਕ ਵਿਧਾਨ ਵਿਚ ਅਜਿਹੇ ਗੁਣ ਗ੍ਰਹਿਣ ਕਰਨ ਅਤੇ ਔਗੁਣ ਤਿਆਗਣ ਉੱਤੇ ਵੀ ਚੋਖਾ ਬਲ ਦਿੱਤਾ ਹੋਇਆ ਹੈ। ਸੱਚਾ, ਸੁੱਚਾ ਤੇ ਸੁਖਾਵਾਂ ਜੀਵਨ ਜੀਉਣ ਵਾਸਤੇ ਔਗੁਣਾਂ ਤੇ ਵਿਸ਼ੇ-ਵਿਕਾਰਾਂ ਤੋਂ ਬਚਣ ਲਈ ਥਾਂ-ਪੁਰ-ਥਾਂ ਉਪਦੇਸ਼ਿਆ ਵੀ ਹੋਇਆ ਹੈ:

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ (ਪੰਨਾ 488)

ਛੋਡਹੁ ਕਾਮ ਕ੍ਰੋਧੁ ਬੁਰਿਆਈ॥
ਹਉਮੈ ਧੰਧੁ ਛੋਡਹੁ ਲੰਪਟਾਈ॥ (ਪੰਨਾ 1026)

ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ॥
ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ॥ (ਪੰਨਾ 1255)

ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ॥
ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ॥ (ਪੰਨਾ 595)

ਇਸ ਦੇ ਉਲਟ, ਇਨ੍ਹਾਂ ਤੋਂ ਕੰਨੀ ਬਚਾਉਣ ਨਾਲ, ਇਉਂ ਸੁਖ ਹੀ ਸੁਖ ਨਸੀਬ ਹੁੰਦਾ ਦੱਸਿਆ ਹੈ:

ਪਰਹਰਿ ਪਾਪੁ ਪਛਾਣੈ ਆਪੁ॥
ਨਾ ਤਿਸੁ ਸੋਗੁ ਵਿਜੋਗੁ ਸੰਤਾਪੁ॥ (ਪੰਨਾ 935)

ਔਗੁਣਾਂ ਦੇ ਮੁਕਾਬਲੇ ’ਤੇ, ਸ਼ੁਭ ਗੁਣ ਧਾਰਨ ਲਈ ਵੀ ਇਸੇ ਤਰ੍ਹਾਂ ਦੀ ਬੜੀ ਜ਼ੋਰਦਾਰ ਪ੍ਰੇਰਨਾ ਕੀਤੀ ਹੋਈ ਹੈ। ਜਿਵੇਂ:

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ (ਪੰਨਾ 470)

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਪੰਨਾ 136)

ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥ (ਪੰਨਾ 474)

ਜਿਥੈ ਜਾਇ ਬਹੀਐ ਭਲਾ ਕਹੀਐ (ਪੰਨਾ 566)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਿਤ ਤੇ ਉਪਦੇਸ਼ਿਤ ਇਹ ਸਭਿਆਚਾਰ ਇਸ ਸਿਧਾਂਤ ਦਾ ਵੀ ਅਨੁਸਾਰੀ ਹੈ ਕਿ ਮਨੁੱਖ ਵਿਚ ਗੁਣ ਤੇ ਔਗੁਣ ਮੁੱਢੋਂ ਹੀ ਮੌਜੂਦ ਹਨ। ਮਨੁੱਖ ਦੀਆਂ ਸ਼ਕਤੀਆਂ, ਇੱਛਾਵਾਂ ਤੇ ਭਾਵਨਾਵਾਂ ਦੀ ਸੰਜਮੀ ਤੇ ਸੁਯੋਗ ਵਰਤੋਂ ਉਨ੍ਹਾਂ ਨੂੰ ਗੁਣ ਬਣਾ ਦਿੰਦੀ ਹੈ ਅਤੇ ਅਯੋਗ, ਅਸਾਵੀਂ ਤੇ ਅਸੁਭਾਵਿਕ ਵਰਤੋਂ ਜਾਂ ਦੁਰਵਰਤੋਂ ਉਨ੍ਹਾਂ ਨੂੰ ਔਗੁਣਾਂ ਦਾ ਰੂਪ ਦੇ ਦਿੰਦੀ ਹੈ:

ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ॥ (ਪੰਨਾ 936)

ਜਿਵੇਂ ‘ਪੁੰਨ’ ਤੇ ‘ਪਾਪ’ ਧਰਮ-ਸ਼ਾਸਤਰ ਦੇ ਸੰਕੇਤ ਹਨ, ਤਿਵੇਂ ‘ਗੁਣ’ ਤੇ ‘ਔਗੁਣ’ ਆਚਾਰ-ਸ਼ਾਸਤਰ ਦੇ ਸੰਕੇਤ ਹਨ। ਮਨੁੱਖ ਦਾ ਲੋਕ ਤੇ ਪਰਲੋਕ ਸੰਵਾਰਨ ਲਈ ਸ਼ੁਭ ਗੁਣਾਂ ਦਾ ਗ੍ਰਹਿਣ ਅਤੇ ਔਗੁਣਾਂ ਦਾ ਤਿਆਗ ਹਰ ਸਮੇਂ ਤੇ ਸਥਿਤੀ ਦੀ ਬੁਨਿਆਦੀ ਲੋੜ ਤੇ ਮੰਗ ਹੈ। ਇਸੇ ਲਈ ਮਨੁੱਖ ਨੂੰ ਔਗੁਣ ਛੱਡਣ ਤੇ ਗੁਣ ਗ੍ਰਹਿਣ ਕਰਨ ਅਤੇ ਹੋਰਨਾਂ ਨਾਲ ਉਨ੍ਹਾਂ ਦੀ ਸਾਂਝ ਪਾਉਣ ਲਈ ਵੀ ਪ੍ਰੇਰਦਿਆਂ, ਇਉਂ ਫ਼ਰਮਾਇਆ ਹੈ:

ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ॥ (ਪੰਨਾ 418)

ਜੇ ਗੁਣ ਹੋਵਨਿ੍ ਸਾਜਨਾ ਮਿਲਿ ਸਾਝ ਕਰੀਜੈ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (ਪੰਨਾ 765-66)

ਅਤੇ ਇਸ ਗੱਲ ਦਾ ਯਕੀਨ ਵੀ ਦੁਆਇਆ ਗਿਆ ਹੈ ਕਿ ਇਉਂ ਕਰਨ ਨਾਲ, ਅਜਿਹੇ ਔਗੁਣ ਮਨੁੱਖ ਦਾ ਖਹਿੜਾ ਆਪੇ ਛੱਡ ਦਿੰਦੇ ਹਨ:

ਗੁਣਾ ਕੀ ਰਾਸਿ ਸੰਗ੍ਰਹੈ ਅਵਗਣ ਕਢੈ ਵਿਡਾਰਿ॥ (ਪੰਨਾ 1087)

ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ॥
ਪੂਰੇ ਗੁਰ ਕੈ ਸਬਦਿ ਸਮਾਹਿ॥ (ਪੰਨਾ 361)

ਇਹ ਕਾਰਜ ਗੁਰੂ ਦੇ ਸ਼ਬਦ ਵਿਚ ਸਮਾਈ ਤੋਂ ਇਲਾਵਾ, ਉਤਮ ਸੰਗਤ ਦਾ ਸੁਭਾਗ ਮਾਣਨ ਨਾਲ ਵੀ ਭਲੀ-ਭਾਂਤ ਨਜਿੱਠਿਆ ਜਾ ਸਕਦਾ ਹੈ:

ਊਤਮ ਸੰਗਤਿ ਊਤਮੁ ਹੋਵੈ॥
ਗੁਣ ਕਉ ਧਾਵੈ ਅਵਗਣ ਧੋਵੈ॥ (ਪੰਨਾ 414)

ਸ਼ੁਭ ਗੁਣਾਂ ਦੇ ਧਾਰਨੀ ਮਨੁੱਖ ਜਦੋਂ ਆਪੋ ਵਿਚ ਮਿਲਦੇ-ਜੁਲਦੇ ਹਨ ਤਾਂ ਸ਼ੁਭ ਗੁਣਾਂ ਦੀ ਸਾਂਝ ਪਾ ਕੇ, ਉਹ ਹੋਰ ਗੁਣਵੰਤ ਤੇ ਲਾਭਵੰਤ ਹੋ ਜਾਂਦੇ ਹਨ:

ਗੁਣੀ ਗੁਣੀ ਮਿਲਿ ਲਾਹਾ ਪਾਵਸਿ ਗੁਰਮੁਖਿ ਨਾਮਿ ਵਡਾਈ॥ (ਪੰਨਾ 1127)

ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ॥ (ਪੰਨਾ 1087)

ਉਹ ਕੇਵਲ ਆਪ ਹੀ ਲਾਹੇਵੰਦ ਨਹੀਂ ਹੁੰਦੇ, ਸਗੋਂ ਹੋਰਨਾਂ ਨੂੰ ਵੀ ਉਪਦੇਸ਼ਦਿਆਂ ਗੁਣਵੰਤ ਤੇ ਵਡਭਾਗੀ ਬਣਾ ਦਿੰਦੇ ਹਨ:

ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ॥
ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ॥ (ਪੰਨਾ 755)

ਸ਼ੁਭ ਗੁਣਾਂ ਦੀ ਅਜਿਹੀ ਸਾਂਝ ਪਰਸਪਰ ਸੁਖ-ਆਨੰਦ ਦਾ ਸੋਮਾ ਅਤੇ ਪ੍ਰਭੂ-ਮਿਲਣੀ ਦਾ ਸਾਧਨ ਵੀ ਬਣ ਜਾਂਦੀ ਹੈ:

ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ॥ (ਪੰਨਾ 756)

ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ॥ (ਪੰਨਾ 936)

ਇਸ ਦੇ ਉਲਟ, ਅਜਿਹੇ ਗੁਣਾਂ ਤੋਂ ਵਿਹੂਣੇ ਤੇ ਔਗੁਣਹਾਰੇ ਲੋਕ ਰੱਬ ਨਾਲ ਮੇਲ ਪ੍ਰਾਪਤ ਕਰਨਾ ਤਾਂ ਕਿਤੇ ਰਿਹਾ, ਵਿਸ਼ੇ-ਵਿਕਾਰਾਂ ਵਿਚ ਗ੍ਰਸੇ ਹੋਏ ਝੂਰ-ਝੂਰ ਕੇ ਮਰ ਜਾਂਦੇ ਹਨ:

ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ॥
ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ॥ (ਪੰਨਾ 27)

ਗੁਣ ਵਿਹੂਣ ਮਾਇਆ ਮਲੁ ਧਾਰੀ॥
ਵਿਣੁ ਗੁਣ ਜਨਮਿ ਮੁਏ ਅਹੰਕਾਰੀ॥ (ਪੰਨਾ 367)

ਇਸ ਸਭਿਆਚਾਰ ਦੇ ਵਿਧਾਨ ਅਨੁਸਾਰ, ਉਨ੍ਹਾਂ ਭਾਵ ‘ਅਉਗਣਵੰਤਿਆਂ’ ਨੂੰ ਮਰਨ ਤੋਂ ਬਾਅਦ ਆਪਣੇ ਅਜਿਹੇ ਔਗੁਣਾਂ ਤੇ ਮੰਦ-ਕਰਮਾਂ ਦਾ ਫਲ ਅਵੱਸ਼ ਭੋਗਣਾ ਪੈਂਦਾ ਹੈ; ਕਿਉਂਕਿ-

ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ (ਪੰਨਾ 470)

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (ਪੰਨਾ 134)

ਦੁਨੀਆ ਦੋਸੁ ਰੋਸੁ ਹੈ ਲੋਈ॥
ਅਪਨਾ ਕੀਆ ਪਾਵੈ ਸੋਈ॥ (ਪੰਨਾ 1161)

ਪਰ ਕਮਾਲ ਇਹ ਹੈ ਕਿ ਇਸ ਦੁਖਦਾਈ ਮੌਤ ਤੇ ਲੇਖੇ-ਜੋਖੇ ਤੋਂ ਛੋਟ ਮਿਲਣ ਦਾ ਰਾਹ ਵੀ ਨਾਲ ਹੀ ਦੱਸ ਦਿੱਤਾ ਗਿਆ ਹੈ ਜੋ ਜੀਉਂਦੇ-ਜੀਅ ਆਪਣੇ ਪਿਛਲੇ ਔਗੁਣਾਂ ਦੇ ਤਿਆਗ, ਪਸ਼ਚਾਤਾਪ ਅਤੇ ਪ੍ਰਭੂ ਅੱਗੇ ਕੀਤੀਆਂ ਅਜਿਹੀਆਂ ਅਰਜ਼ੋਈਆਂ ਕਰਨ ਵਿਚ ਇਉਂ ਵਿਦਿਤ ਹੈ:

ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ॥
ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ॥ (ਪੰਨਾ 882)

ਮਾਨੁ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ॥
ਹਮ ਅਪਰਾਧੀ ਸਦ ਭੂਲਤੇ ਤੁਮ੍‍ ਬਖਸਨਹਾਰੇ॥1॥ ਰਹਾਉ॥
ਹਮ ਅਵਗਨ ਕਰਹ ਅਸੰਖ ਨੀਤਿ ਤੁਮ੍‍ ਨਿਰਗੁਨ ਦਾਤਾਰੇ॥
ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ ਹਮਾਰੇ॥2॥
ਤੁਮ੍‍ ਦੇਵਹੁ ਸਭੁ ਕਿਛੁ ਦਇਆ ਧਾਰਿ ਹਮ ਅਕਿਰਤਘਨਾਰੇ॥
ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ॥3॥
ਤੁਝ ਤੇ ਬਾਹਰਿ ਕਿਛੁ ਨਹੀ ਭਵ ਕਾਟਨਹਾਰੇ॥
ਕਹੁ ਨਾਨਕ ਸਰਣਿ ਦਇਆਲ ਗੁਰ ਲੇਹੁ ਮੁਗਧ ਉਧਾਰੇ॥ (ਪੰਨਾ 809)

ਸੋ, ਅਜਿਹਾ ਆਚਾਰ-ਵਿਧਾਨ ਹੀ ਇਸ ਵਿਲੱਖਣ ਜੀਵਨ-ਜੁਗਤ ਤੇ ਸਭਿਆਚਾਰ ਦਾ ਮੂਲ ਆਧਾਰ ਜਾਪਦਾ ਹੈ। ਇਸ ਨੇ ਤਾਂ ਸੱਚ ਦੀ ਕਮਾਈ ਉੱਤੇ ਜ਼ੋਰ ਦਿੰਦਿਆਂ, ਸੱਚੇ-ਸੁੱਚੇ ਆਚਾਰ-ਵਿਹਾਰ ਨੂੰ ਸਚਾਈ ਉੱਤੇ ਵੀ ਤਰਜੀਹ ਦੇਣ ਅਤੇ ਉਸ ਨੂੰ ਸਮਾਜੀ ਆਦਰਸ਼ ਪ੍ਰਦਾਨਣ ਦੀ ਵੀ ਕ੍ਰਾਂਤੀਕਾਰੀ ਪਹਿਲ ਕੀਤੀ ਹੋਈ ਹੈ:

ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ॥ (ਪੰਨਾ 322)

ਕਿਉਂਕਿ:

ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ॥
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ 62)

ਅਰਥਾਤ, ਆਪੋ-ਆਪਣੇ ਮਨ ਦੀਆਂ ਹੱਠ ਵਾਲੀਆਂ ਅਕਲਾਂ ਭਾਵੇਂ ਅਨੇਕ ਹੋਣ ਅਤੇ ਵੇਦਾਂ-ਸ਼ਾਸਤਰਾਂ ਦੇ ਪੜ੍ਹੇ-ਸੁਣੇ ਵਿਚਾਰ ਵੀ ਭਾਵੇਂ ਕਈ ਹੋਣ, ਇਸ ਤਰ੍ਹਾਂ ਦੇ ਭਾਵੇਂ ਕਈ ਹੋਰ ਉਪਰਾਲੇ ਵੀ ਕੀਤੇ ਜਾਣ; ਪਰ ਉਹ ਸਾਰੇ ਆਤਮਾ ਲਈ ਬੰਧਨ ਬਣ ਜਾਂਦੇ ਹਨ। ਪਰੰਤੂ, ਮੁਕਤੀ ਦਾ ਦੁਆਰਾ ਤਾਂ ਕੇਵਲ ਗੁਰੂ ਦੁਆਰਾ ਹੀ ਮਿਲਦਾ ਹੈ। ਪਰਮ ਸੱਚ ਤੋਂ ਸਭ ਕੁਝ ਨੀਵਾਂ ਹੈ। ਪਰ ਸੱਚ ਤੋਂ ਵੀ ਉੱਚੀ ਸੱਚ ਦੀ ਰਹਿਣੀ ਭਾਵ ਸ਼ੁਭ ਆਚਾਰ-ਵਿਹਾਰ ਹੈ, ਜੋ ਲੋਕ-ਪ੍ਰਲੋਕ ਵਿਚ ਸੁਰਖਰੂਈ ਪ੍ਰਾਪਤੀ ਦਾ ਸਫਲ ਸਾਧਨ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਿਤ ਤੇ ਉਪਦੇਸ਼ਿਤ ਸਭਿਆਚਾਰ ਦਾ ਇਕ ਹੋਰ ਵਿਸ਼ੇਸ਼ ਅੰਸ਼ ‘ਸੇਵਾ’ ਹੈ। ਸਿਰਜਣਹਾਰ ਵਾਹਿਗੁਰੂ ਦੀ ਸੇਵਾ, ਰਾਹ-ਦਸੇਰੇ ਸਤਿਗੁਰੂ ਦੀ ਸੇਵਾ, ਸਾਥੀ ਮਨੁੱਖਾਂ ਦੀ ਸੇਵਾ।

ਜਿੱਥੋਂ ਤਕ ਵਾਹਿਗੁਰੂ ਤੇ ਸਤਿਗੁਰੂ ਦੀ ਸੇਵਾ ਦਾ ਸਬੰਧ ਹੈ, ਉਸ ਲਈ ਹਰੀ-ਸਿਮਰਨ ਤੇ ਹਰੀ-ਜੱਸ ਕਰਨ ਦੀ ਤਾਕੀਦ ਕੀਤੀ ਹੋਈ ਹੈ। ਕਿਉਂਕਿ:

ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕੁ ਨਿਧਾਨਾ॥
ਪਾਰਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰਿ ਪਰਾਨਾ॥ (ਪੰਨਾ 672)

ਸਚਾ ਸਤਿਗੁਰੁ ਸੇਵਿ ਸਚੁ ਸਮਾ੍ਲਿਆ॥ (ਪੰਨਾ 1284)

ਗੁਰ ਸੇਵਾ ਬਿਨੁ ਭਗਤਿ ਨ ਹੋਵੀ ਕਿਉ ਕਰਿ ਚੀਨਸਿ ਆਪੈ॥ (ਪੰਨਾ 1013)

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਨੁਸਾਰ ਤਾਂ:

ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ॥ (ਪੰਨਾ 902)

ਉਸ ਮਨੁੱਖ ਨੇ ਮਾਨੋ ਸਾਰੇ ਧਰਮ-ਕਰਮ ਕਰ ਲਏ ਹੁੰਦੇ ਹਨ ਜਿਸ ਨੇ ਹਰੀ- ਪਰਮਾਤਮਾ ਦਾ ਜੱਸ ਗਾਇਆ ਹੁੰਦਾ ਹੈ। ਪਰਮਾਤਮਾ ਦਾ ਸਿਮਰਨ ਤੇ ਸਿਫ਼ਤ-ਸਲਾਹ ਕਰਨੀ ਇਸ ਲਈ ਵੀ ਜ਼ਰੂਰੀ ਦੱਸੀ ਹੋਈ ਹੈ ਕਿ ਇਹ ਮਨੁੱਖ ਨੂੰ ਅਕ੍ਰਿਤਘਣਤਾ ਤੋਂ ਵੀ ਬਚਾਉਂਦੀ ਹੈ: 

ਜਿਸ ਕਾ ਦੀਆ ਪੈਨੈ ਖਾਇ॥
ਤਿਸੁ ਸਿਉ ਆਲਸੁ ਕਿਉ ਬਨੈ ਮਾਇ॥ (ਪੰਨਾ 195)

ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ॥
ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ॥ (ਪੰਨਾ 16)

ਇਸ ਸਭਿਆਚਾਰ ਦੇ ਮਿਆਰ ਮੁਤਾਬਕ, ਕੇਵਲ ਉਹੀਓ ਸੇਵਾ ਉੱਤਮ, ਸਫਲ, ਸਕਾਰਥੀ ਅਤੇ ਪਰਵਾਨ ਹੈ ਜੋ ਤਨੋ-ਮਨੋ, ਖੁਸ਼ੀ-ਖੁਸ਼ਾਲੀ ਕੀਤੀ ਜਾਂਦੀ ਹੈ ਅਤੇ ਜੋ ਹਰੀ ਦੇ ਨਾਮ ਨਾਲ ਸਾਡਾ ਚਿਤ ਜੋੜਦੀ ਹੈ:

ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ॥ (ਪੰਨਾ 638)

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥

ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥ (ਪੰਨਾ 644)

ਅਤੇ ਅਜਿਹੀ ਸੇਵਾ ਕਰੇ ਬਿਨਾਂ ‘ਮੇਵੇ’ ਦੀ ਕੋਈ ਆਸ ਰੱਖਣੀ ਵੀ ਨਿਰਾਰਥ ਹੈ:

ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ॥  (ਪੰਨਾ 354)

ਸਿਮਰਨ ਦੇ ਨਾਲ ਸੇਵਾ ਨੂੰ ਇਸ ਲਈ ਵੀ ਜੋੜ ਦਿੱਤਾ ਗਿਆ ਜਾਪਦਾ ਹੈ ਕਿ ਸੇਵਾ ਕਰਨ ਨਾਲ ਮਨੁੱਖੀ ਮਨ ਸੰਤੁਲਿਤ ਤੇ ਸਹਿਨਸ਼ੀਲ ਰਹਿੰਦਾ ਹੈ; ਉਸ ਦੇ ਸੁਭਾਅ ਵਿਚ ਨਿਮਰਤਾ ਤੇ ਜ਼ੁਬਾਨ ਵਿਚ ਮਿਠਾਸ ਆ ਜਾਂਦੀ ਹੈ; ਅਤੇ ਉਹ ਰੱਬ ਦੀ ਰਜ਼ਾ ਉੱਤੇ ਰਾਜ਼ੀ ਹੁੰਦਿਆਂ, ਉਸ ਦੀਆਂ ਮਿਹਰਾਂ ਦਾ ਸ਼ਾਕਰ ਬਣਿਆ ਰਹਿੰਦਾ ਹੈ। ਇਹ ਸੇਵਾ ਤੇ ਹੁਕਮ ਦੀ ਪਾਲਣਾ ਹੀ ਉਸ ਨੂੰ ਪ੍ਰਭੂ ਅਤੇ ਪਰਮਪਦ ਦੀ ਪ੍ਰਾਪਤੀ ਦਾ ਭਾਗੀ ਬਣਾ ਦਿੰਦੀ ਹੈ:

ਸੇਵਕ ਕਉ ਸੇਵਾ ਬਨਿ ਆਈ॥
ਹੁਕਮੁ ਬੂਝਿ ਪਰਮ ਪਦੁ ਪਾਈ॥ (ਪੰਨਾ 292)

ਹੁਕਮੁ ਬੂਝੈ ਸੋ ਸੇਵਕੁ ਕਹੀਐ॥
ਬੁਰਾ ਭਲਾ ਦੁਇ ਸਮਸਰਿ ਸਹੀਐ॥ (ਪੰਨਾ 1076)

ਇਸ ਦੇ ਉਲਟ, ਮਾਨ-ਅਭਿਮਾਨ ਵਿਚ ਗ਼ਲਤਾਨ ਬੰਦੇ ਨੂੰ ਅਜਿਹਾ ‘ਸੇਵਕ’ ਕਦੇ ਨਹੀਂ ਕਿਹਾ ਜਾਂ ਮੰਨਿਆ ਜਾ ਸਕਦਾ:

ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ॥ (ਪੰਨਾ 51)

ਇਸ ਦੇ ਨਾਲ ਹੀ, ਗਿਣਤੀਆਂ-ਮਿਣਤੀਆਂ ਵਿਚਾਰਦਿਆਂ ਜਾਂ ਹਉਮੈ ਵਿਚ ਵਿਚਰਦਿਆਂ ਕੀਤੀ ਹੋਈ ਸੇਵਾ ਥਾਂਇ ਨਹੀਂ ਪੈਂਦੀ ਦੱਸੀ ਗਈ ਹੈ:

ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ॥ (ਪੰਨਾ 1246)

ਵਿਚਿ ਹਉਮੈ ਸੇਵਾ ਥਾਇ ਨ ਪਾਏ॥ (ਪੰਨਾ 1070)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪ੍ਰਭੂ ਦੀ ਪ੍ਰਾਪਤੀ ਵੀ ਅਜਿਹੀ ਸੇਵਾ ਕਰੇ ਬਿਨਾਂ ਮੁਮਕਿਨ ਨਹੀਂ:

ਬਿਨੁ ਸੇਵਾ ਕਿਨੈ ਨ ਪਾਇਆ ਦੂਜੈ ਭਰਮਿ ਖੁਆਈ॥ (ਪੰਨਾ 1011)

ਇਸੇ ਲਈ ਗੁਰੂ ਸਾਹਿਬ ਨੇ ਇਸ ਲੋਕ, ਭਾਵ ਦੁਨੀਆਂ ਵਿਚ ਆਪਣਾ ਜੀਵਨ ਸਕਾਰਥਾ ਕਰਨ ਅਤੇ ਪਰਲੋਕ, ਭਾਵ ਅਗਲੀ ਦੁਨੀਆਂ ਵਿਚ ਰੱਬ ਦੇ ਦਰਬਾਰ ਵਿਖੇ ਸਨਮਾਨ-ਪੂਰਤ ਸਥਾਨ ਤੇ ਆਤਮਿਕ ਅਨੰਦ ਦਾ ਹੁਲਾਰਾ ਪ੍ਰਾਪਤ ਕਰਨ ਲਈ ਅਜਿਹੀ ਸੇਵਾ ਨੂੰ ਹੀ ਸਫਲ ਸਾਧਨ ਦੱਸਦਿਆਂ, ਇਸ ਦੇ ਨਾਲ ਹੀ ਇਉਂ ਫ਼ਰਮਾ ਦਿੱਤਾ ਹੈ:

ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥
ਕਹੁ ਨਾਨਕ ਬਾਹ ਲੁਡਾਈਐ॥ (ਪੰਨਾ 26)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਜੱਵਲਿਤ ਅਜਿਹੇ ਉਦਾਰ, ਸਰਬ-ਸਾਂਝੇ ਤੇ ਸਰਬ-ਹਿਤਕਾਰੀ ਸਭਿਆਚਾਰ ਨੂੰ ਵਿਕਸਾਉਣ ਤੇ ਪਰਸਾਰਣ ਲਈ ਜੋ ਵਿਧੀ ਤੇ ਜੁਗਤੀ ਦੱਸੀ ਗਈ ਹੈ, ਉਹ ਵੀ ਵਿਲੱਖਣ ਹੈ। ਉਹ ਮਨੁੱਖ ਨੂੰ ਮਨੁੱਖ ਨਾਲ ਜੋੜਨ ਤੇ ਜੁੜੇ ਰੱਖਣ ਅਤੇ ਪਰਸਪਰ ਵੈਰ-ਵਿਰੋਧ ਮਿਟਾਉਣ ਲਈ ਵਾਦ-ਵਿਵਾਦ (disputation, polemics) ਦੀ ਥਾਂ, ਸਦਭਾਵਨਾ ਤੇ ਸਰਬ-ਸਾਂਝ ਦ੍ਰਿੜਾਉਣ ਵਾਲੇ ਸੰਵਾਦ, ਗੋਸ਼ਟ, ਵਾਰਤਾਲਾਪ ਜਾਂ ਵਿਚਾਰ-ਵਟਾਂਦਰੇ (dialoges, conversation) ਦੀ ਧਾਰਨੀ ਹੈ।

ਇਸ ਦੇ ਪਾਵਨ ਸੰਚਾਲਕ ਜੀ ਨੇ ਤਾਂ ਇਸ ਦੀ ਲੋੜ ਤੇ ਲਾਭ ਨੂੰ ਮੁਖ ਰਖਦਿਆਂ, ਖੁਦ ਆਪ ਵੀ ਇਹੋ ਜੁਗਤ ਵਰਤੀ ਸੀ ਜਿਵੇਂ ਕਿ ਉਨ੍ਹਾਂ ਦੀ ਅਦੁੱਤੀ ਰਚਨਾ, ‘ਸਿਧ ਗੋਸਟਿ’ ਤੋਂ ਵੀ ਵਿਦਿਤ ਹੈ। ਉਨ੍ਹਾਂ ਨੇ ਤਾਂ ਹਰ ਮਨੁੱਖ ਨੂੰ ਇਹੋ ਵਿਧੀ ਅਪਣਾਉਣ ਲਈ ਪ੍ਰੇਰਦਿਆਂ ਬੜੇ ਸਪਸ਼ਟ ਸ਼ਬਦਾਂ ਵਿਚ ਇਉਂ ਸਮਝਾਇਆ ਵੀ ਹੈ:

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਪੰਨਾ 661)

ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੇਠ ਲਿਖੇ ਕਥਨਾਂ ਅਨੁਸਾਰ, ਇਸ ਵਿਚ ਉਲਝਣ ਨਾਲ ਬੜੇ ਹਾਨੀਕਾਰਕ ਵੈਰ, ਵਿਰੋਧ ਅਤੇ ਝਗੜੇ ਪੈਦਾ ਹੋ ਜਾਂਦੇ ਹਨ:

ਕਲਹਿ ਬੁਰੀ ਸੰਸਾਰਿ ਵਾਦੇ ਖਪੀਐ॥ (ਪੰਨਾ 142)

ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਮੁਤਾਬਕ, ਇਨ੍ਹਾਂ ਵਿਚ ਉਲਝਣ ਦਾ ਲਾਭ ਵੀ ਤਾਂ ਕੋਈ ਨਹੀਂ; ਕਿਉਂਕਿ:

ਵਾਦਿ ਵਿਰੋਧਿ ਨ ਪਾਇਆ ਜਾਇ॥
ਮਨੁ ਤਨੁ ਫੀਕਾ ਦੂਜੈ ਭਾਇ॥ (ਪੰਨਾ 230)

ਕਮਾਲ ਇਹ ਵੀ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ, ਅਜਿਹੀ ਨਸੀਹਤ ਕਰਦਿਆਂ ਅਤੇ ਅਜਿਹੇ ਵੈਰ-ਵਿਰੋਧ ਤੇ ਵਾਦ-ਵਿਵਾਦ ਤੋਂ ਬਚਣ ਦਾ ਰਾਹ ਵੀ ਦੱਸਦਿਆਂ ਇਉਂ ਫ਼ਰਮਾਇਆ ਹੋਇਆ ਹੈ:

ਬਾਦੀ ਬਿਨਸਹਿ ਸੇਵਕ ਸੇਵਹਿ ਗੁਰ ਕੈ ਹੇਤਿ ਪਿਆਰੀ॥ (ਪੰਨਾ 911)

ਪਰੰਤੂ, ਇਸ ਭਾਵ ਸੰਵਾਦੀ ਵਿਧੀ-ਵਿਧਾਨ ਉੱਤੇ ਅਮਲ ਕਰਨ ਲਈ ਇਹ ਮੰਨ ਲੈਣਾ ਅਤਿ ਜ਼ਰੂਰੀ ਹੈ ਕਿ ਸਾਰੇ ਮਨੁੱਖ ਇੱਕੋ ਸਿਰਜਨਹਾਰ ਦੀ ਉਪਜ ਹਨ; ਇਸੇ ਕਰਕੇ ਉਹ ਇਕ-ਸਮਾਨ ਤੇ ਇਕ-ਦੂਜੇ ਦੇ ਭੈਣ-ਭਰਾ ਹਨ:

ਏਕੁ ਪਿਤਾ ਏਕਸ ਕੇ ਹਮ ਬਾਰਿਕ (ਪੰਨਾ 611)

ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥ (ਪੰਨਾ 504)

ਅਤੇ ਇਸੇ ਕਾਰਨ ਉਨ੍ਹਾਂ ਸਾਰਿਆਂ ਦਾ ਇਸ਼ਟ ਅਤੇ ਧਰਮ-ਈਮਾਨ ਵੀ ਇੱਕੋ ਹੈ:

ਕਹੁ ਨਾਨਕ ਗੁਰਿ ਖੋਏ ਭਰਮ॥
ਏਕੋ ਅਲਹੁ ਪਾਰਬ੍ਰਹਮ॥ (ਪੰਨਾ 897)

ਏਕੋ ਧਰਮੁ ਦ੍ਰਿੜੈ ਸਚੁ ਕੋਈ॥
ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ (ਪੰਨਾ 1188)

ਇਸੇ ਅਟੱਲ ਸੱਚਾਈ ਨੂੰ ਸਵੀਕਾਰ ਕਰਦਿਆਂ, ਹਰ ਮਨੁੱਖ ਨੂੰ ਇਹ ਕੁਝ ਸਮਝਣਾ, ਮੰਨਣਾ ਤੇ ਐਲਾਨਣਾ ਵੀ ਪਏਗਾ:

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)

ਇਸੇ ਕਰਕੇ ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਿਸੇ ਪਰਾਏ ਤੇ ਅਣਜਾਣ ਮਨੁੱਖ ਨਾਲ ਵੀ ਬੁਰਾ ਵਰਤਾਉ ਕਰਨ ਦੀ ਚਿਤਵਨੀ ਹੀ ਮਨ ਤੋਂ ਮਿਟਾ ਦੇਣੀ ਪਏਗੀ:

ਪਰ ਕਾ ਬੁਰਾ ਨ ਰਾਖਹੁ ਚੀਤ॥
ਤੁਮ ਕਉ ਦੁਖੁ ਨਹੀ ਭਾਈ ਮੀਤ॥ (ਪੰਨਾ 368)

ਇਸੇ ਵਾਸਤੇ ਸਾਰੀ ਮਾਨਵਤਾ ਨੂੰ ਆਪਣਾ ਸੱਜਣ-ਸਬੰਧੀ ਵੇਖਣ ਮੰਨਣ ਦਾ ਸੁਭਾਅ ਬਣਾਉਣ ਦੀ ਪ੍ਰੇਰਨਾ ਵੀ ਇਨ੍ਹਾਂ ’ਚ ਇਉਂ ਕਾਨੀਬੰਦ ਹੈ:

ਮਨ ਅਪੁਨੇ ਤੇ ਬੁਰਾ ਮਿਟਾਨਾ॥
ਪੇਖੈ ਸਗਲ ਸ੍ਰਿਸਟਿ ਸਾਜਨਾ॥ (ਪੰਨਾ 266)

ਇਨ੍ਹਾਂ ਦੀ ਪਾਲਣਾ ਦੇ ਨਾਲ-ਨਾਲ, ਜੀਵਨ-ਮਨੋਰਥ ਦੀ ਪ੍ਰਾਪਤੀ ਲਈ ਉਸ ਜੀਵਨ-ਜੁਗਤ ਉੱਤੇ ਵੀ ਅਮਲ ਕਰਨਾ ਜ਼ਰੂਰੀ ਦੱਸਿਆ ਹੋਇਆ ਹੈ ਜੋ ਇਸ ਪਾਵਨ ਤੇ ਅਦੁੱਤੀ ਗ੍ਰੰਥ ਸਾਹਿਬ ਦੇ ਸੰਪਾਦਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਉਂ ਕਾਨੀਬੰਦ ਕੀਤੀ ਹੋਈ ਹੈ:

ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ॥
ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ॥ (ਪੰਨਾ 51)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਿਤ ਤੇ ਉਪਦੇਸ਼ਿਤ ਇਸ ਸਭਿਆਚਾਰ ਦੇ ਵਿਧਾਨ ਤੇ ਆਦਰਸ਼ ਅਨੁਸਾਰ, ਮਨੁੱਖ ਲਈ ਅਜਿਹੇ ਬੁਨਿਆਦੀ ਗੁਣਾਂ ਦਾ ਧਾਰਨੀ ਹੋਣ ਤੋਂ ਇਲਾਵਾ, ਸਮਦ੍ਰਿਸ਼ਟ ਤੇ ਪਰਉਪਕਾਰੀ ਹੋਣਾ ਵੀ ਹੋਰ ਜ਼ਰੂਰੀ ਹੈ:

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ॥ (ਪੰਨਾ 730)

ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ॥
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ॥ (ਪੰਨਾ 272)

ਉਸ ਮਨੁੱਖ ਦਾ ਸਰੀਰ ਹੀ ਨਿਸਫਲ ਦੱਸਿਆ ਹੋਇਆ ਹੈ ਜੋ ਪਰਉਪਕਾਰ ਕਰਨ ਵਿਚ ਤਤਪਰ ਨਹੀਂ ਹੁੰਦਾ, ਲੋਕ-ਭਲਾਈ ਦੇ ਕੰਮਾਂ ਵਿਚ ਸ਼ਾਮਲ ਨਹੀਂ ਹੁੰਦਾ ਅਤੇ ਆਪਣੇ ਜਾਂ ਪਰਾਏ ਲੋੜਵੰਦਾਂ ਦੀ ਲੋੜੀਂਦੀ ਸਹਾਇਤਾ ਨਹੀਂ ਕਰਦਾ:

ਮਿਥਿਆ ਤਨ ਨਹੀ ਪਰਉਪਕਾਰਾ॥ (ਪੰਨਾ 269)

ਸ੍ਰੀ ਗੁਰੂ ਅਰਜਨ ਦੇਵ ਜੀ ਅਨੁਸਾਰ, ਹਰੀ-ਪਰਮਾਤਮਾ ਨੂੰ ਜਾਣਨ ਤੇ ਧਿਆਵਣ ਵਾਲਾ ਆਦਰਸ਼ਕ ਮਨੁੱਖ ਤਾਂ ਹਰ ਕਿਸੇ ਉੱਤੇ ਦਇਆਵਾਨ ਹੁੰਦਾ ਹੈ, ਉਸ ਤੋਂ ਕਿਸੇ ਦਾ ਕਿਸੇ ਤਰ੍ਹਾਂ ਦਾ ਵੀ ਬੁਰਾ ਨਹੀਂ ਹੁੰਦਾ। ਉਹ ਹਮੇਸ਼ਾਂ ਸਭ ਨੂੰ ਇੱਕੋ-ਜਿਹਾ ਵੇਖਣ ਵਾਲਾ ਹੁੰਦਾ ਹੈ ਅਤੇ ਉਸ ਦੀ ਨਜ਼ਰ ਹਰ ਕਿਸੇ ਲਈ ਸੁਖ, ਸ਼ਾਂਤੀ ਤੇ ਖੁਸ਼ੀ ਵਰਸਾਉਣ ਵਾਲੀ ਹੁੰਦੀ ਹੈ। ਉਸ ਦੇ ਹਿਰਦੇ ਵਿਚ ਹਲੀਮੀ ਤੇ ਨਿਮਰਤਾ ਸਮਾਈ ਰਹਿੰਦੀ ਹੈ ਅਤੇ ਪਰਉਪਕਾਰ ਦਾ ਸੁਤੇ-ਸਿਧ ਉਮਾਹ ਬਣਿਆ ਰਹਿੰਦਾ ਹੈ, ਭਾਵ ਜਿਵੇਂ ਕੋਈ ਚਸ਼ਮਾ ਉਮਾਹੂ ਜਲ ਦਿੰਦਾ ਰਹਿੰਦਾ ਹੈ, ਤਿਵੇਂ ਉਸ ਦੇ ਹਿਰਦੇ ਤੋਂ ਪਰਉਪਕਾਰ ਵੀ ਸਹਿਜ-ਸੁਭਾਅ ਫੁਟਦਾ ਤੇ ਝਰਦਾ ਰਹਿੰਦਾ ਹੈ:

ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ॥
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ॥
ਬ੍ਰਹਮ ਗਿਆਨੀ ਸਦਾ ਸਮਦਰਸੀ॥
ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ॥
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ॥
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ॥
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥3॥
ਬ੍ਰਹਮ ਗਿਆਨੀ ਏਕ ਊਪਰਿ ਆਸ॥
ਬ੍ਰਹਮ ਗਿਆਨੀ ਕਾ ਨਹੀ ਬਿਨਾਸ॥
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ॥
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥ (ਪੰਨਾ 273)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਅਜਿਹੀਆਂ ਕਦਰਾਂ-ਕੀਮਤਾਂ ਅਤੇ ਅਜਿਹੇ ਸਦਾਚਾਰਕ ਤੇ ਸਭਿਆਚਾਰਕ ਗੁਣਾਂ-ਵਸਫਾਂ ਦਾ ਧਾਰਨੀ ਮਨੁੱਖ ‘ਚੜ੍ਹਦੀ ਕਲਾ’ ਤੇ ‘ਸਰਬੱਤ ਦਾ ਭਲਾ’ ਵਾਲੇ ਸਿੱਖ-ਸਿਧਾਂਤਾਂ ਦਾ ਆਦਰਸ਼ ਨਮੂਨਾ, ਪ੍ਰਤੀਨਿਧ ਤੇ ਪਰਵਰਤਕ ਹੁੰਦਾ ਹੈ। ਉਹ ਠੀਕ ਅਰਥਾਂ ਵਿਚ ਪਰਸੁਆਰਥੀ ਹੁੰਦਾ ਹੈ। ਉਹ ਹਰ ਕਿਸੇ ਦਾ ਭਲਾ ਚਾਹੁਣ ਵਿਚ ਹੀ ਆਪਣਾ ਭਲਾ ਸਮਝਦਾ ਹੈ ਅਤੇ ਪਰਾਏ ਹਿਤ ਨੂੰ ਆਪਣੇ ਹਿਤ ਖਿਆਲਦਾ ਹੈ। ਉਹ ਆਪਣੇ ਸਾਥੀ ਮਨੁੱਖਾਂ ਦੇ ਹਿਰਦਿਆਂ ਵਿਚ ਵੀ ਹਰੀ ਦਾ ਨਾਮ ਵਸਾਉਂਦਾ ਹੈ, ਉਨ੍ਹਾਂ ਦੇ ਸਾਰੇ ਔਗੁਣ ਦੂਰ ਕਰਕੇ ਪਰਉਪਕਾਰ ਦਾ ਭਾਗੀ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਅਜਿਹੀ ਜਾਚ ਤੇ ਦਾਤ ਬਖ਼ਸ਼ ਕੇ ਸਦਾ ‘ਚੜ੍ਹਦੀ ਕਲਾ’ ਵਿਚ ਵਿਚਰਾਈ ਰੱਖਦਾ ਹੈ:

ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ॥
ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ॥ (ਪੰਨਾ 218)

ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਚਾਲਿਤ ਸਭਿਆਚਾਰ ਅਤੇ ਉਸ ਦੀ ਸੰਘਿਤਾ ਦਾ ਸਰੋਕਾਰ ਮਨੁੱਖ ਦੀ ਕੇਵਲ ਸ਼ਖ਼ਸੀ ਜਾਂ ਵਿਅਕਤਕ ਭਲਾਈ ਤੇ ਵਿਕਾਸ ਤਕ ਹੀ ਸੀਮਿਤ ਨਹੀਂ। ਇਹ ਤਾਂ ਉਸ ਦੀ ਸਮੂਹ ਜਾਤੀ ਦੀ ਸਮੂਹਿਕ ਭਲਾਈ, ਉਨਤੀ ਤੇ ਪ੍ਰਫੁੱਲਤਾ ਦਾ ਵੀ ਇੱਛਕ ਤੇ ਉਸ ਲਈ ਯਤਨਸ਼ੀਲ ਹੈ। ਇਸ ਵਿਚ ਮਨੁੱਖਾ ਜੀਵਨ ਦੇ ਕਿਸੇ ਵੀ ਪੱਖ-ਪਹਿਲੂ ਨੂੰ, ਕਿਸੇ ਵੀ ਸ਼੍ਰੇਣੀ-ਵਿਅਕਤੀ ਨੂੰ ਅੱਖੋਂ-ਓਹਲੇ ਨਹੀਂ ਕੀਤਾ ਗਿਆ। ਇਹ ਹਰ ਸਮੇਂ, ਸਥਿਤੀ ਤੇ ਸਥਾਨ; ਹਰ ਦੇਸ਼, ਕੌਮ, ਰੰਗ-ਨਸਲ ਅਤੇ ਮਤ-ਸਿਧਾਂਤ ਆਦਿ ਨਾਲ ਜੁੜੇ ਹੋਏ ਮਨੁੱਖ ਦੀ ਅਧਿਆਤਮਕ ਭਾਵਨਾ, ਸਦਾਚਾਰਕ ਮਰਯਾਦਾ ਤੇ ਸਭਿਆਚਾਰਕ ਪਰੰਪਰਾ ਨਾਲ ਸਬੰਧਿਤ ਹੈ। ਇਹ ਇਸ ਲਈ ਕਿ ਇਹ ਇਸ ਸਭਿਆਚਾਰ ਦੇ ਪਾਵਨ ਸੰਚਾਲਕਾਂ ਦੇ ਹੇਠ-ਲਿਖੇ ਐਲਾਨੀਆਂ ਕਥਨਾਂ ਵਿਚ ਕਾਨੀਬੰਦ ਇਸ ਦ੍ਰਿੜ੍ਹ ਵਿਸ਼ਵਾਸ ਦਾ ਅਨੁਸਾਰੀ ਹੈ:

ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ॥ (ਪੰਨਾ 62)

ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥2॥
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (ਪੰਨਾ 671)

ਇਸੇ ਲਈ ਇਨ੍ਹਾਂ ਰਾਹੀਂ ਸਾਰੀ ਸ੍ਰਿਸ਼ਟੀ ਦੇ ਸਿਰਜਨਹਾਰ ਪਰਮਾਤਮਾ ਨੂੰ ਕੀਤੀਆਂ ਹੋਈਆਂ ਇਹੋ ਜਿਹੀਆਂ ਅਪੀਲਾਂ ਤੇ ਅਰਜ਼ੋਈਆਂ ਸਾਰੇ ਜਗਤ ਤੇ ਸਮੂਹ ਮਨੁੱਖਤਾ ਲਈ ਭਰਪੂਰ ਅੰਨ-ਜਲ ਦੀ ਬਖ਼ਸ਼ਿਸ਼, ਉਸ ਦੇ ਦੁੱਖ-ਕਸ਼ਟ ਦੀ ਨਵਿਰਤੀ, ਉਸ ਦੀ ਸੁਖ-ਸ਼ਾਂਤੀ ਅਤੇ ਭਲੇ ਦੇ ਨਿਸਤਾਰੇ ਵਾਸਤੇ ਸਨਿਮਰ ਮੰਗਾਂ ਨਾਲ ਸਬੰਧ ਰੱਖਦੀਆਂ ਹਨ:

ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ॥ (ਪੰਨਾ 652)

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)

ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ॥
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ॥ (ਪੰਨਾ 1251)

ਇਉਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਿਤ ਤੇ ਉਪਦੇਸ਼ਿਤ ਇਹ ਸਭਿਆਚਾਰ ਅਤੇ ਇਸ ਨਾਲ ਸਬੰਧਿਤ ਸੰਦੇਸ਼ ਤੇ ਉਪਦੇਸ਼ ਇਨ੍ਹਾਂ ਵਿਚ ਹੀ ਅੰਕਿਤ ਇਸ ਤਸਦੀਕ ਮੁਤਾਬਿਕ, ਸਰਬ-ਕਾਲੀ, ਸਰਬ-ਦੇਸ਼ੀ, ਸਰਬ-ਸਾਂਝਾ ਤੇ ਸਰਬ-ਹਿਤਕਾਰੀ ਹੈ:

ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ (ਪੰਨਾ 647)

ਤਦੇ ਤਾਂ ਇਹ, ਇਸ ਦੇ ਸੰਚਾਲਕ ਅਤੇ ਸੰਘਿਤਾ (ਸੰਗ੍ਰਹਿ) ਵਿਲੱਖਣ ਹਨ, ਮਹੱਤਵਪੂਰਨ ਹਨ, ਆਪਣੀ ਮਿਸਾਲ ਆਪ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Harnam Singh Shan
ਸਾਬਕਾ ਮੁਖੀ ਸਿੱਖ ਸਟੱਡੀਜ਼ ਵਿਭਾਗ -ਵਿਖੇ: ਪੰਜਾਬ ਯੂਨੀਵਰਸਿਟੀ

ਮਰਹੂਮ ਸਰਦਾਰ ਸਰਵਨ ਸਿੰਘ ਅਤੇ ਸਰਦਾਰਨੀ ਤੇਜ ਕੌਰ ਦੇ ਪੁੱਤਰ ਹਰਨਾਮ ਸਿੰਘ ਦਾ ਜਨਮ 1923 ਵਿੱਚ ਪਿੰਡ ਧਮਾਲ ਵਿੱਚ ਹੋਇਆ ਸੀ ਰਾਵਲਪਿੰਡੀ, ਜੋ ਹੁਣ ਪੱਛਮੀ ਪੰਜਬ, ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਕਿੱਤੇ ਦੀ ਬਜਾਏ ਵਧੇਰੇ ਧਰਮ, ਲੋਕਧਾਰਾ ਅਤੇ ਧਰਮ ਨਿਰਪੱਖ ਸਾਹਿਤ ਦੇ ਇਤਿਹਾਸ ਬਾਰੇ ਸਮਰਪਣ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ (1948-58) ਵਿੱਚ ਸੰਪਾਦਕ ਵਜੋਂ ਕੀਤੀ । ਉਹ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਵਿਭਾਗ (1959-62) ਦੇ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ 'ਤੇ ਪਹੁੰਚ ਗਏ ਅਤੇ ਫਿਰ ਗੁਰੂ ਨਾਨਕ ਚੇਅਰ ਅਤੇ ਸਿੱਖ ਸਟੱਡੀਜ਼ ਵਿਭਾਗ (1972-84) ਦੇ ਮੁਖੀ ਵਜੋਂ ਪਹੁੰਚ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)