editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-20 ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’

ਆਪ ਨੇ ਨਿਤਨੇਮ ਅਤੇ ਆਸਾ ਕੀ ਵਾਰ ਤੋਂ ਇਲਾਵਾ ਕਈ ਬਾਣੀਆਂ ਤੇ ਗੁਰਬਾਣੀ ਦੇ ਅਨੇਕਾਂ ਸ਼ਬਦ ਜ਼ੁਬਾਨੀ ਯਾਦ ਕੀਤੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਰੋਮ-ਰੋਮ ਤੋਂ ਸਮਰਪਿਤ, ਸੁਹਿਰਦ ਧਾਰਮਿਕ, ਰਾਜਸੀ, ਸਮਾਜਿਕ ਆਗੂ, ਪ੍ਰਬੁੱਧ ਵਕਤਾ, ਦਰਸ਼ਨੀ ਗੁਰਸਿੱਖ, ਲੰਮੇਰਾ ਸਮਾਂ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਤੇ ਸਿੱਖਾਂ ਦੀ ਸਿਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਹੁਣ ਤੀਕ ਦੇ ਸਭ ਤੋਂ ਵਧੇਰੇ ਸਮਾਂ ਪ੍ਰਧਾਨਗੀ ਪਦ ‘ਤੇ ਸੁਸ਼ੋਭਿਤ ਰਹੇ ਸਨਮਾਨਿਤ ਸ਼ਖ਼ਸੀਅਤ, ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਬਾਰੇ, ਜੇ ਮੇਰੇ ਵਾਸਤੇ ਲਿਖਣਾ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਕਾਰਨ, ਮੈਂ ਟੌਹੜਾ ਸਾਹਿਬ ਜੀ ਦੀ ਜੀਵਨ-ਜਾਚ ਦਾ ਕਾਇਲ ਹਾਂ। ਮੈਨੂੰ ਟੌਹੜਾ ਸਾਹਿਬ ਦੇ ਨਜ਼ਦੀਕ ਰਹਿਣ, ਉਨ੍ਹਾਂ ਨਾਲ ਕੰਮ ਕਰਨ, ਉਨ੍ਹਾਂ ਨੂੰ ਸੁਣਨ ਤੇ ਉਨ੍ਹਾਂ ਬਾਰੇ ਪੜ੍ਹਨ ਦਾ ਵੀ ਮੌਕਾ ਮਿਲਿਆ। ਉਨ੍ਹਾਂ ਬਾਰੇ ਬਹੁਤ ਕੁਝ ਲਿਖਿਆ ਗਿਆ, ਲਿਖਿਆ ਜਾਵੇਗਾ, ਖੋਜ ਕਾਰਜ ਹੋਣਗੇ ਪਰ ਸਮੇਂ ਦੇ ਨਾਲ, ਕਿਉਂਕਿ ਸਮਾਂ ਕਈ ਵੇਰ ਸਮੇਂ ਸਿਰ, ਸੱਚ ਬੋਲਣ ਦੀ ਇਜਾਜ਼ਤ ਨਹੀਂ ਦਿੰਦਾ!

ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਦਾ ਜਨਮ 24 ਸਤੰਬਰ, 1924 ਨੂੰ ਸਰਦਾਰ ਦਲੀਪ ਸਿੰਘ ਤੇ ਸਰਦਾਰਨੀ ਬਸੰਤ ਕੌਰ ਦੇ ਘਰ ਪਿੰਡ ਟੌਹੜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ‘ਚ ਸਧਾਰਨ ਕਿਸਾਨ ਪਰਵਾਰ ਵਿਚ ਹੋਇਆ। ਅਜੇ ਢਾਈ ਸਾਲ ਦੀ ਬਾਲ ਵਰੇਸ ਦੇ ਹੀ ਸਨ ਕਿ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਟੌਹੜਾ ਸਾਹਿਬ ਦਾ ਪਾਲਣ-ਪੋਸਣ ਉਨ੍ਹਾਂ ਦੇ ਮਾਮਾ ਜੀ ਨੇ ਕੀਤਾ ਜੋ ਕਿ ਅਕਾਲੀ ਲਹਿਰ ਦੇ ਸਰਗਰਮ ਵਰਕਰ ਸਨ। ਟੌਹੜਾ ਸਾਹਿਬ ਨੇ ਅੱਖਰ-ਗਿਆਨ ਪ੍ਰਾਇਮਰੀ ਸਕੂਲ ਡਕੋਂਦਾ ਤੋਂ ਪ੍ਰਾਪਤ ਕਰ, ਪਬਲਿਕ ਸਕੂਲ ਚਰਨਾਰਥਲ ਤੋਂ ਅਠਵੀਂ ਦਾ ਇਮਤਿਹਾਨ ਪਾਸ ਕੀਤਾ। ਘਰ ਤੋਂ ਸਕੂਲ ਦੂਰ ਹੋਣ ‘ਤੇ ਪਰਵਾਰਿਕ-ਆਰਥਿਕ ਮਜਬੂਰੀਆਂ ਕਾਰਨ ਟੌਹੜਾ ਸਾਹਿਬ ਬਾਕਾਇਦਾ ਰੂਪ ਵਿਚ ਵਿੱਦਿਆ ਪ੍ਰਾਪਤ ਨਾ ਕਰ ਸਕੇ ਪਰ ਕੁਝ ਸਮਾਂ ਸੰਸਕ੍ਰਿਤ ਵਿੱਦਿਆਲਾ ਪਟਿਆਲਾ ਤੋਂ ਸੰਸਕ੍ਰਿਤ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਟੌਹੜਾ ਸਾਹਿਬ ਨੇ ਜੁਆਨੀ ਦੇ ਕੁਝ ਸਾਲ ਖੇਤੀਬਾੜੀ ਦੇ ਮੁਸ਼ੱਕਤ ਭਰੇ ਧੰਦੇ ਨੂੰ ਨਿਭਾਇਆ। 13 ਸਾਲ ਦੀ ਉਮਰੇ, 1937 ਈ: ਵਿਚ ਟੌਹੜਾ ਸਾਹਿਬ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਗੁਰੂ ਪਰਵਾਰ ਦੇ ਮੈਂਬਰ ਬਣ, ਗੁਰਬਾਣੀ ਦੇ ਨੇਮੀ ਤੇ ਪ੍ਰੇਮੀ ਬਣ ਗਏ। ਅਕਾਲ ਦੇ ਪੁਜਾਰੀ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ 1938 ਈ: ‘ਚ ਅਕਾਲੀ ਦਲ ‘ਚ ਭਰਤੀ ਹੋ ਗਏ।

ਆਪ ਨੇ ਨਿਤਨੇਮ ਅਤੇ ਆਸਾ ਕੀ ਵਾਰ ਤੋਂ ਇਲਾਵਾ ਕਈ ਬਾਣੀਆਂ ਤੇ ਗੁਰਬਾਣੀ ਦੇ ਅਨੇਕਾਂ ਸ਼ਬਦ ਜ਼ੁਬਾਨੀ ਯਾਦ ਕੀਤੇ। ਜੁਆਨੀ ਸਮੇਂ ਉਨ੍ਹਾਂ ਨੂੰ ਅੰਮ੍ਰਿਤ-ਸੰਚਾਰ ਸਮਾਗਮਾਂ ਸਮੇਂ ਵੀ ਪੰਜਾਂ ਪਿਆਰਿਆਂ ‘ਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਰਜ-ਕਾਲ ਸਮੇਂ ਵੀ ਕਈ ਵਾਰ ਅੰਮ੍ਰਿਤ-ਸੰਚਾਰ ਸਮਾਗਮਾਂ ‘ਚ ਸ਼ਾਮਲ ਹੁੰਦੇ ਰਹੇ। ਗਿਆਨੀ ਵਰਿਆਮ ਸਿੰਘ ਜੀ ਦੇ ਸਾਥੀ ਵਜੋਂ ਕੀਰਤਨ ਕਰਨ ਸਦਕਾ, ਇਲਾਕੇ ‘ਚ ਪ੍ਰਸਿੱਧ ਰਾਗੀ ਵਜੋਂ ਪਹਿਚਾਣ ਬਣੀ। ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਦਾ ਅਨੰਦ ਕਾਰਜ 16 ਸਾਲ ਦੀ ਉਮਰ ‘ਚ ਬੀਬੀ ਜੋਗਿੰਦਰ ਕੌਰ ਜੀ ਨਾਲ ਪਟਿਆਲਾ ‘ਚ ਹੋਇਆ। ਉਨ੍ਹਾਂ ਦੇ ਘਰ ਇਕ ਸਪੁੱਤਰ ਨੇ ਜਨਮ ਲਿਆ ਜੋ ਕੁਝ ਸਮੇਂ ਬਾਅਦ ਅਕਾਲ ਚਲਾਣਾ ਕਰ ਗਿਆ। ਫਿਰ ਉਨ੍ਹਾਂ ਨੇ ਆਪਣੀ ਧਰਮ ਸੁਪਤਨੀ ਦੀ ਭੈਣ ਦੀ ਲੜਕੀ ਕੁਲਦੀਪ ਕੌਰ ਨੂੰ ਗੋਦ ਲੈ ਲਿਆ ਜਿਸ ਦਾ ਅਨੰਦ ਕਾਰਜ ਸ. ਹਰਮੇਲ ਸਿੰਘ ਨਾਲ ਹੋਇਆ, ਜੋ ਪਟਿਆਲੇ ‘ਚ ਨਿਵਾਸ ਰੱਖਦੇ ਹਨ।

ਤੀਖਣ ਬੁੱਧੀ ਸਦਕਾ ਉਨ੍ਹਾਂ ਨੇ 1942 ਈ: ‘ਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦਾ ਇਮਤਿਹਾਨ ਪਾਸ ਕੀਤਾ। 20 ਸਾਲ ਦੀ ਭਰ ਜੁਆਨੀ ‘ਚ ਟੌਹੜਾ ਸਾਹਿਬ ਨੇ ਪਹਿਲੀ ਵੇਰ ਜੇਲ੍ਹ-ਯਾਤਰਾ ਕੀਤੀ ਤੇ ਫਿਰ ਅਕਾਲੀ ਦਲ ਵੱਲੋਂ ਲੱਗੇ ਹਰ ਮੋਰਚੇ ਸਮੇਂ ਇਸ ਨੇਮ ਨੂੰ ਸਿਦਕ-ਭਰੋਸੇ ਨਾਲ ਨਿਭਾਇਆ। ਅਨੁਸ਼ਾਸਤ ਸਿੱਖੀ ਜੀਵਨ, ਸਖ਼ਤ ਮਿਹਨਤ, ਨਿਰ-ਸੁਆਰਥੀ ਜਜ਼ਬੇ ਨੂੰ ਤੱਕਦਿਆਂ ਸਮੇਂ ਦੇ ਅਕਾਲੀ ਆਗੂਆਂ ਨੇ ਟੌਹੜਾ ਸਾਹਿਬ ਨੂੰ 1948 ਈ: ‘ਚ ਰਿਆਸਤੀ ਅਕਾਲੀ ਦਲ ਦੇ ਸਕੱਤਰ ਹੋਣ ਦਾ ਮਾਣ ਬਖ਼ਸ਼ਿਸ਼ ਕੀਤਾ। ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਸਾਦਗੀ, ਸੰਜਮ ਤੇ ਸਮੇਂ ਦੀ ਪਾਬੰਦੀ ਦੇ ਸੁਭਾਅ ਤੇ ਪਾਰਟੀ ਪ੍ਰਤੀ ਸਮਰਪਣ ਦੀ ਭਾਵਨਾ ਕਰਕੇ 1952 ਈ: ‘ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਚੁਣੇ ਗਏ। ‘ਜਥੇਦਾਰ’ ਸ਼ਬਦ ਟੌਹੜਾ ਸਾਹਿਬ ਦੀ ਸ਼ਖ਼ਸੀਅਤ ਨਾਲ ਪੂਰਨ ਤੌਰ ‘ਤੇ ਸੁਮੇਲ ਖਾਂਦਾ ਤੇ ਖੂਬ ਫੱਬਦਾ ਸੀ। 1959 ਈ: ਵਿਚ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਹੋਣ ਦਾ ਮਾਣ ਪ੍ਰਾਪਤ ਹੋਇਆ।

1960 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀਆਂ ਜਨਰਲ ਚੋਣਾਂ ਸਮੇਂ ਟੌਹੜਾ ਸਾਹਿਬ, ਮੈਂਬਰ ਸ਼੍ਰੋਮਣੀ ਕਮੇਟੀ ਚੁਣੇ ਗਏ ਤੇ ਆਖਰੀ ਸਾਹਾਂ ਤੀਕ ਚੁਣੇ ਹੋਏ ਮੈਂਬਰ ਦੀ ਹੈਸੀਅਤ ‘ਚ ਕ੍ਰਿਆਸ਼ੀਲ ਰਹੇ। ਪਹਿਲੀ ਚੋਣ ਸਮੇਂ ਉਨ੍ਹਾਂ ਨੇ ਚੋਣ-ਫੰਡ ‘ਚੋਂ ਪੰਥ-ਰਤਨ ਮਾਸਟਰ ਤਾਰਾ ਸਿੰਘ ਜੀ ਨੂੰ ਪਾਰਟੀ ਦੇ ਪੈਸੇ ਵਾਪਸ ਕੀਤੇ ਤੇ ਕਿਹਾ ਸੀ ਕਿ ਚੋਣ ਤਾਂ ਮੈਂ ਪੈਦਲ ਤੇ ਸਾਇਕਲ ‘ਤੇ ਚੱਲ ਕੇ ਲੜੀ ਹੈ, ਇਹ ਪੰਥ ਦੀ ਅਮਾਨਤ ਹੈ, ਜੋ ਮੈਂ ਵਾਪਸ ਕਰ ਰਿਹਾ ਹਾਂ। 13 ਮਾਰਚ, 1965 ਨੂੰ ਟੌਹੜਾ ਸਾਹਿਬ ਪਹਿਲੀ ਵੇਰ ਅੰਤ੍ਰਿਗ ਕਮੇਟੀ ਮੈਂਬਰ ਚੁਣੇ ਗਏ। 12 ਨਵੰਬਰ, 1967; 27 ਅਕਤੂਬਰ, 1968; 29 ਨਵੰਬਰ, 1969; 26 ਨਵੰਬਰ, 1970; 10 ਅਕਤੂਬਰ, 1971; ਅਤੇ 23 ਅਕਤੂਬਰ, 1972 ਨੂੰ ਹੋਈਆਂ ਸਾਲਾਨਾਂ ਚੋਣਾਂ ਸਮੇਂ ਟੌਹੜਾ ਸਾਹਿਬ ਅੰਤ੍ਰਿਗ ਕਮੇਟੀ ਮੈਂਬਰ ਚੁਣੇ ਜਾਂਦੇ ਰਹੇ। 30 ਨਵੰਬਰ, 1972 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੰਤ ਚੰਨਣ ਸਿੰਘ ਜੀ ਦੇ ਅਕਾਲ-ਚਲਾਣਾ ਕਰ ਜਾਣ ‘ਤੇ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਨੂੰ ਪ੍ਰਧਾਨ, ਸ਼੍ਰੋਮਣੀ ਕਮੇਟੀ ਥਾਪਿਆ ਗਿਆ। 6 ਜਨਵਰੀ, 1973 ਨੂੰ ਬਕਾਇਦਾ ਪ੍ਰਧਾਨਗੀ ਪਦ ਦੀ ਚੋਣ ਸਮੇਂ ਟੌਹੜਾ ਸਾਹਿਬ, ਪ੍ਰਧਾਨ ਸ਼੍ਰੋਮਣੀ ਕਮੇਟੀ ਚੁਣੇ ਗਏ ਤੇ 31 ਮਾਰਚ, 1973 ਨੂੰ ਪਹਿਲੀ ਵਾਰ ਉਨ੍ਹਾਂ ਦੀ ਪ੍ਰਧਾਨਗੀ ‘ਚ ਬਜਟ ਇਜਲਾਸ ਹੋਇਆ ਤੇ ਫਿਰ ਇਹ ਸਿਲਸਲਾ ਨਿਰੰਤਰ ਜਾਰੀ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਰੀਕਾਰਡ ਅਨੁਸਾਰ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ 6 ਜਨਵਰੀ, 1973 ਤੋਂ 23 ਮਾਰਚ, 1986; 30 ਨਵੰਬਰ, 1986 ਤੋਂ 28 ਨਵੰਬਰ, 1990; 13 ਨਵੰਬਰ, 1991 ਤੋਂ 13 ਅਕਤੂਬਰ, 1996; 20 ਦਸੰਬਰ, 1996 ਤੋਂ 16 ਮਾਰਚ, 1999 ਤੇ ਫਿਰ 27 ਜੁਲਾਈ, 2003 ਤੋਂ 31 ਮਾਰਚ, 2004 ਤੀਕ ਸਿੱਖ ਪਾਰਲੀਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਭ ਤੋਂ ਸਤਿਕਾਰਤ ਉਚ ਅਹੁਦੇ, ਪ੍ਰਧਾਨਗੀ ਪਦ ‘ਤੇ ਸ਼ੋਭਨੀਕ ਰਹੇ। ਇਹ ਗੱਲ ਵੀ ਖਾਸ ਤੌਰ ’ਤੇ ਉਲੇਖਯੋਗ ਹੈ ਕਿ ਇਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਵੀ ਟੌਹੜਾ ਸਾਹਿਬ ਨੂੰ ਰਿਟ ਕਰ ਕੇ ਕਰਵਾਉਣੀਆਂ ਪਈਆਂ। ਪੰਥਕ ਜਜ਼ਬੇ ‘ਚ ਗੜੂੰਦ ਟੌਹੜਾ ਸਾਹਿਬ ਨੂੰ ਜ਼ੀ.ਟੀ.ਵੀ. ਦੇ ਪ੍ਰੋਗਰਾਮ ‘ਆਪ ਕੀ ਅਦਾਲਤ’ ‘ਚ ਪੁੱਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕਦ ਤਕ ਕਰੋਗੇ? ਉਨ੍ਹਾਂ ਦਾ ਗੁਰੂ-ਭਰੋਸੇ ਸਹਿਜ-ਸੁਭਾਵ ਜੁਆਬ ਸੀ ਜਦ ਤੀਕ ਧਰਮਰਾਜ ਨਹੀਂ ਬੁਲਾ ਲੈਂਦਾ! ਇੰਨ-ਬਿੰਨ ਸੱਚ ਸਾਬਿਤ ਹੋਇਆ।

1977 ਈ: ਤੋਂ 1979 ਈ: ਤੀਕ ਲੋਕ ਸਭਾ ਦੇ ਮੈਂਬਰ ਤੇ 1969 ਈ: ਤੋਂ 2004 ਈ: ਦੌਰਾਨ 6 ਵਾਰ ਰਾਜ ਸਭਾ ਦੇ ਮੈਂਬਰ ਚੁਣੇ ਗਏ। 21 ਮਾਰਚ, 1993 ਤੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ, ਅਤੇ 1995 ਤੋਂ ਸਿੱਖ ਐਜੂਕੇਸ਼ਨ ਸੁਸਾਇਟੀ, ਚੰਡੀਗੜ੍ਹ ਦੇ ਪ੍ਰਧਾਨ ਦੇ ਅਹੁਦੇ ‘ਤੇ ਵੀ ਕਾਰਜਸ਼ੀਲ ਰਹੇ। ਤਖ਼ਤ ਸੱਚ-ਖੰਡ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਦੇ ਪ੍ਰਧਾਨ ਤੋਂ ਇਲਾਵਾ ਕਾਫੀ ਲੰਮਾ ਸਮਾਂ ਮੈਂਬਰ ਵੀ ਰਹੇ। ਸਾਰੀਆਂ ਸੇਵਾਵਾਂ ਦਾ ਜ਼ਿਕਰ ਕਰਨਾ ਮੁਸ਼ਕਿਲ ਹੈ।

1973 ਈ: ਵਿਚ ਜਿਸ ਸਮੇਂ ਟੌਹੜਾ ਸਾਹਿਬ ਪਹਿਲੀ ਵੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਣੇ ਤਾਂ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਗਿਣਤੀ ਦੇ ਸਕੂਲ ਤੇ ਇਕ ਇੰਜੀਨਿਅਰਿੰਗ ਕਾਲਜ ਹੀ ਚਲਾ ਰਹੀ ਸੀ।ਉਨ੍ਹਾਂ ਦੇ ਕਾਰਜਕਾਲ ਵਿਚ ਪਵਿੱਤਰ ਇਤਿਹਾਸਿਕ ਸਰੋਵਰਾਂ ਦੀਆਂ ਕਾਰ-ਸੇਵਾਵਾਂ ਅਰੰਭ ਹੋਈਆਂ, ਇਤਿਹਾਸਿਕ ਗੁਰਦੁਆਰਿਆਂ ਦੀਆਂ ਇਮਾਰਤਾਂ ਦਾ ਨਵ-ਨਿਰਮਾਣ ਕਾਰਜ, ਗੁਰਪੁਰਬ ਤੇ ਸ਼ਤਾਬਦੀਆਂ ਵੱਡੀ ਪੱਧਰ ‘ਤੇ ਮਨਾਉਣ ਦੀ ਪਿਰਤ ਸਥਾਪਿਤ ਹੋਈ।ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਜੀ.ਟੀ. ਰੋਡ, ਸ੍ਰੀ ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਮਹਿਤਾ ਰੋਡ, ਵੱਲਾ, ਸ੍ਰੀ ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਰੀਸਰਚ, ਜੀ.ਟੀ. ਰੋਡ, ਸ੍ਰੀ ਅੰਮ੍ਰਿਤਸਰ, ਮੀਰੀ-ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ਼ਾਹਾਬਾਦ ਮਾਰਕੰਡਾ (ਹਰਿਆਣਾ), ਬਾਬਾ ਬੰਦਾ ਸਿੰਘ ਬਹਾਦਰ ਇੰਜੀਨਿਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਅਤੇ ਅਨੇਕਾਂ ਡਿਗਰੀ ਕਾਲਜ ਅਤੇ ਪਬਲਿਕ ਸਕੂਲ ਹੋਂਦ ਵਿਚ ਆਏ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ‘ਚ ਸ਼੍ਰੋਮਣੀ ਕਮੇਟੀ ਦੀ ਪਹਿਚਾਣ ਬਣੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦਾ ਵੱਡਾ ਪਬਲੀਕੇਸ਼ਨ ਅਦਾਰਾ ਬਣੀ। ਦਿੱਲੀ ਸਿੱਖ ਗੁਰਦੁਆਰਾ ਐਕਟ 1971 ਨੂੰ ਬਣਾਉਣ ਵਿਚ ਟੌਹੜਾ ਸਾਹਿਬ ਦਾ ਵਿਸ਼ੇਸ਼ ਹੱਥ ਸੀ। ਉਨਾਂ ਦੇ ਯਤਨਾਂ ਸਦਕਾ ਹੀ ਗੁਰਦੁਆਰਿਆਂ ਤੋਂ ਲੱਗੀ ਸੀਲਿੰਗ ਹਟੀ। 24 ਜੂਨ, 1975 ਨੂੰ ਦੇਸ਼ ਭਰ ਵਿਚ ਲੱਗੀ ਐਮਰਜੈਂਸੀ ਦਾ ਵਿਰੋਧ ਸਭ ਤੋਂ ਪਹਿਲੇ ਤੇ ਵਧੇਰੇ ਸਿੱਖਾਂ ਵੱਲੋਂ ਕੀਤਾ ਗਿਆ, ਜਿਸ ਦੇ ਨੇਤਾ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਸਨ। ਕੋਈ ਮੋਰਚਾ ਟੌਹੜਾ ਸਾਹਿਬ ਦੇ ਜੀਵਨ ਦਾ ਅਜਿਹਾ ਨਹੀਂ, ਜਿਸ ਵਿਚ ਉਨ੍ਹਾਂ ਨੇ ਗ੍ਰਿਫਤਾਰੀ ਦੇ ਕੇ ਕੈਦ ਨਾ ਕੱਟੀ ਹੋਵੇ।

ਉਨ੍ਹਾਂ ਦੀ ਮਿਹਨਤ, ਲਗਨ, ਤੀਖਣ ਬੁੱਧੀ ਤੇ ਸੁਹਿਰਦ ਯਤਨਾਂ ਸਦਕਾ ਹੀ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਸਿੱਖਾਂ ਦੀ ਪਾਰਲੀਮੈਂਟ, ਸ਼੍ਰੋਮਣੀ ਸਿੱਖ ਸੰਸਥਾ ਹੋਣ ਦਾ ਮਾਣ ਸਤਿਕਾਰ ਹਾਸਲ ਹੋਇਆ। ਟੌਹੜਾ ਛੋਟਾ ਜਿਹਾ ਪਿੰਡ ਸੀ, ਜਿਸ ‘ਚ ਪ੍ਰਾਇਮਰੀ ਸਕੂਲ ਵੀ ਨਹੀਂ ਸੀ। ਜਥੇਦਾਰ ਟੌਹੜਾ ਦੀ ਅਨੂਠੀ ਸ਼ਖ਼ਸੀਅਤ ਸਦਕਾ ਹੀ ਇਸ ਪਿੰਡ ਦੀ ਵਿਸ਼ਵ-ਵਿਆਪੀ ਅਤੇ ਖਾਸ ਕਰਕੇ ਸਿੱਖ ਭਾਈਚਾਰੇ ‘ਚ ਨਿਵੇਕਲੀ ਪਹਿਚਾਣ ਬਣੀ। ਆਖਰੀ ਪਲਾਂ ਤੀਕ ਵੀ ਟੌਹੜਾ ਸਾਹਿਬ ਟੌਹੜਾ ਪਿੰਡ ‘ਚ ਆਪਣੇ ਬਾਲਿਆਂ ਵਾਲੇ ਘਰ ‘ਚ ਨਿਵਾਸ ਰੱਖਦੇ ਰਹੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੰਨੀ ਵੇਰ ਪ੍ਰਧਾਨ ਬਣਨਾ ਟੌਹੜਾ ਸਾਹਿਬ ਦੀ ਲੋੜ ਹੀ ਨਹੀਂ ਸਗੋਂ ਸਮਕਾਲੀ ਹਾਲਾਤ ਦੀ ਮਜਬੂਰੀ ਤੇ ਜ਼ਰੂਰਤ ਵੀ ਸੀ। ਟੌਹੜਾ ਸਾਹਿਬ ਰਾਜਾਂ ਦੀ ਅੰਦਰੂਨੀ ਖੁਦ-ਮੁਖਤਿਆਰੀ ਦੇ ਹੱਕ ਵਿਚ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਜੋਕੇ ਰਾਜਨੀਤਿਕ ਵਾਤਾਵਰਨ ‘ਚ ‘ਹਲੇਮੀ ਰਾਜ’ ਸੰਭਵ ਨਹੀਂ। ਸਮਕਾਲੀ ਹਾਲਾਤ ਦੀਆਂ ਮਜਬੂਰੀਆਂ ਕਰਕੇ ਟੌਹੜਾ ਸਾਹਿਬ ਸਿੱਖ ਕੌਮ, ਪੰਜਾਬ ਤੇ ਪੰਜਾਬੀਅਤ ਬਾਰੇ ਉਹ ਕੁਝ ਨਹੀ ਕਰ ਸਕੇ ਜੋ ਕਰਨਾ ਸੋਚਦੇ ‘ਤੇ ਲੋਚਦੇ ਸਨ। ਸਮੇਂ-ਸਥਾਨ ਦੀਆਂ ਮਜਬੂਰੀਆਂ ਦੀ ਕਲਰਾਠੀ ਧਰਤੀ ‘ਚ ਉੱਗੇ ਗੁਲਾਬ ਟੌਹੜਾ ਸਾਹਿਬ ਸਿਆਸੀ ਮਜਬੂਰੀਆਂ ਕਾਰਨ ਕੁਮਲਾ ਗਏ । ਟੌਹੜਾ ਸਾਹਿਬ ਸੋਚਦੇ ਸਨ ਕਿ ਸਿੱਖ ਸਿਆਸਤ, ਸਿੱਖ ਸਿਧਾਂਤਾਂ ਤੇ ਜਜ਼ਬਿਆਂ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਇਹੀ ਕਾਰਨ ਸੀ ਕਿ ਉਨ੍ਹਾਂ ਦੀ ਬਹੁਤੀ ਸ਼ਕਤੀ ਸਿੱਖ ਸਿਆਸਤ ਨੂੰ ਸਿੱਖ ਜਜ਼ਬਿਆਂ ਨਾਲ ਜੋੜਨ ‘ਚ ਹੀ ਗੁਜ਼ਰ ਗਈ। ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਅਕਾਲੀ ਕਹਾਉਣ ਵਾਲਿਆਂ ਲਈ ਕੇਵਲ ਅਕਾਲ ਦਾ ਪੁਜਾਰੀ ਹੋਣਾ ਜ਼ਰੂਰੀ ਹੈ ਪਰ ਸਰਕਾਰ ਚਲਾਉਣ ਵਾਸਤੇ ਧਰਮ ਨਿਰਪੱਖ ਹੋਣਾ ਮਜਬੂਰੀ ਹੈ। ਦਰਵੇਸ਼, ਦਾਨਸ਼ਵਰ, ਸਿੱਖ ਨੇਤਾ ਟੌਹੜਾ ਸਾਹਿਬ ਸਿੱਖ ਵਿਦਵਾਨਾਂ, ਵਿਚਾਰਵਾਨਾਂ ਤੇ ਬੁੱਧੀਜੀਵੀਆਂ ਦੇ ਕਦਰਦਾਨ ਸਨ।ਟੌਹੜਾ ਸਾਹਿਬ ਹੀ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਪੰਥ ਦਾ ਰੋਸ਼ਨ ਦਿਮਾਗ ਆਗੂ, ਸਿਆਸਤ ਦਾ ਭੀਸ਼ਮ ਪਿਤਾਮਾ, ਬਾਬਾ ਬੋਹੜ ਤੇ ਆਦਰਸ਼ਕ ਸਿੱਖ ਨੇਤਾ ਦੇ ਤਖੱਲਸ ਮਿਲੇ ਪਰ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਕਾਮਰੇਡ, ਮੌਕਾਪ੍ਰਸਤ ਤੇ ਦਗੇਬਾਜ਼ ਤੀਕ ਵੀ ਕਹਿ ਜਾਂਦੇ ਅਤੇ ਉਹ ਹੱਸ ਕੇ ਜਰ ਲੈਂਦੇ ਸਨ।

ਪੰਥ ਦੇ ਰੋਸ਼ਨ ਦਿਮਾਗ ਆਗੂ ਵਜੋਂ ਜਾਣੇ ਜਾਂਦੇ ਰਹੇ ਜਥੇਦਾਰ ਟੌਹੜਾ ਸਾਹਿਬ ਨੂੰ ਰਾਜਸ਼ਾਹੀ, ਰਜਵਾੜਾਸ਼ਾਹੀ, ਜਿਮੀਂਦਾਰੀ ਪ੍ਰਥਾ, ਅਖੌਤੀ ਸਾਧਵਾਦ, ਡੇਰਾਵਾਦ ਵਿਰੁੱਧ ਲੰਮਾ ਸੰਘਰਸ਼ ਕਰਨਾ ਪਿਆ। ਲੰਮੇਰਾ ਸੰਘਰਸ਼ਮਈ ਜੀਵਨ ਹੋਣ ਕਰਕੇ ਉਨ੍ਹਾਂ ਦੇ ਬੋਲਾਂ ‘ਚੋਂ ਗੁਰਬਾਣੀ ਦੀ ਖੁਸ਼ਬੋਈ, ਸਿੱਖੀ ਸਿਧਾਂਤਾਂ ਪ੍ਰਤੀ, ਪ੍ਰਤੀਬੱਧਤਾ, ਪੰਥਪ੍ਰਸਤੀ, ਪੰਜਾਬ ਤੇ ਪੰਜਾਬੀਅਤ ਲਈ ਦਰਦ ਬੋਲਦਾ ਹੋਇਆ ਪ੍ਰਗਟ ਹੁੰਦਾ ਸੀ। ਜੀਵਨ ਭਰ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਉਤਰਾਵਾਂ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਰ ਜਵਾਰ- ਭਾਟਿਆਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਵਾਰ ਸ਼ਾਂਤ ਸਾਗਰਾਂ ਦੀ ਥਾਹ ਪਾਉਣੀ ਪਈ। ਸਿੱਖ ਜਜ਼ਬਾਤਾਂ ਦੀ ਤਰਜਮਾਨੀ ਜੋ ਟੌਹੜਾ ਸਾਹਿਬ ਕਰ ਗਏ ਹਨ ਉਹ ਇਕ ਮਿਸਾਲ ਹੈ। ਟੌਹੜਾ ਸਾਹਿਬ ਨੂੰ ਮਿਲਣ ਵਾਸਤੇ ਅੰਮ੍ਰਿਤ ਵੇਲੇ ਜਾਗਣਾ ਪੈਂਦਾ, ਕਿਉਕਿ ਟੌਹੜਾ ਸਾਹਿਬ ਤਿਆਰ-ਬਰ-ਤਿਆਰ ਹੋ ਕੇ ਸਵੇਰੇ 6 ਵਜੇ ਆਏ ਮਹਿਮਾਨਾਂ ਨੂੰ ਮਿਲਦੇ ਸਨ। ਸੂਰਜਮੁਖੀ ਸਿੱਖ ਟੌਹੜਾ ਸਾਹਿਬ ਦੀ ਜੀਵਨ-ਜਾਚ ਨਾਲ ਕਦਮ ਮਿਲਾ ਕੇ ਨਹੀਂ ਸਨ ਚੱਲ ਸਕਦੇ। ਸਫੇਦ ਲਿਬਾਸ, ਨੀਲੀ ਦਸਤਾਰ, ਚਿਹਰੇ ਦੀ ਗੰਭੀਰਤਾ ਤੇ ਨੈਣਾਂ ਦਾ ਤੇਜ਼, ਸਫੇਦ ਦਾਹੜਾ, ਟੌਹੜਾ ਸਾਹਿਬ ਦੀ ਸ਼ਖ਼ਸੀਅਤ ਨੂੰ ਬਿਆਨ ਕਰਨ ‘ਚ ਕਾਫੀ ਸਹਾਈ ਹੁੰਦਾ। ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਦੀ ਬਹੁਪੱਖੀ ਸ਼ਖ਼ਸੀਅਤ ਦੇ ਨੇੜਿਓਂ ਦਰਸ਼ਨ ਕਰਨ ਨੂੰ ਮਨ ਲੋਚਦਾ, ਵਿਚਾਰ ਸ੍ਰਵਣ ਕਰਨ ਨੂੰ ਮਨ ਤਰਸਦਾ ਸੀ। ਟੌਹੜਾ ਸਾਹਿਬ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਸਤਿਕਾਰ, ਰੋਅਬ ਤੇ ਤੇਜ਼-ਪ੍ਰਤਾਪ ਨੂੰ ਸੇਵਾਦਾਰ ਤੋਂ ਸਕੱਤਰ, ਸ਼੍ਰੋਮਣੀ ਕਮੇਟੀ ਤੀਕ ਕਬੂਲ ਕਰਦੇ ਸਨ। ਉਨ੍ਹਾਂ ਦਾ ਫੋਨ ਸੁਣਨ ਸਮੇਂ ਸੰਬੰਧਿਤ ਅਧਿਕਾਰੀ ਚੈਨ ਨਾਲ ਨਹੀਂ ਸੀ ਬੈਠ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰਾਂ ‘ਚ ਆਈ ਖਾਮੋਸ਼ੀ ਟੌਹੜਾ ਸਾਹਿਬ ਦੀ ਆਮਦ ਨੂੰ ਮੂਕ ਭਾਸ਼ਾ ‘ਚ ਪ੍ਰਸਤੁਤ ਕਰਦੀ। ਟੌਹੜਾ ਸਾਹਿਬ ਦੇ ਪੰਥਕ ਬੋਲਿਆਂ ਦਾ ਅਸਰ ਕੇਵਲ ਪੰਜਾਬ ਤੀਕ ਹੀ ਸੀਮਤ ਨਹੀਂ ਸਗੋਂ ਕੇਂਦਰ ਸਰਕਾਰ ਵੀ ਉਨ੍ਹਾਂ ਨੂੰ ਤਰਜੀਹ ਦੇਂਦੀ ਸੀ। ਟੌਹੜਾ ਸਾਹਿਬ ਸਮੇਂ ਸਿਰ ਬੋਲਦੇ ਸਨ ਤੇ ਹਰ ਬੋਲ ਖਬਰ ਹੁੰਦਾ।

ਅਪ੍ਰੈਲ, 1978 ‘ਚ ਵਾਪਰੇ ਨਿਰੰਕਾਰੀ ਕਾਂਡ, ਜੂਨ, 1984 ‘ਚ ਵਾਪਰੇ ਘੱਲੂਘਾਰੇ, ਆਪ੍ਰੇਸ਼ਨ ਬਲੈਕ ਥੰਡਰ ਨੇ ਵੀ ਟੋਹੜਾ ਸਾਹਿਬ ਨੂੰ ਗਹਿਰੇ ਮਾਨਸਿਕ ਜ਼ਖਮ ਦਿੱਤੇ। ਕਿਸਾਨਾਂ ਦੇ ਕੰਗਾਲੀਕਰਣ ਤੇ ਖੁਦਕਸ਼ੀਆਂ ਦੇ ਰਸਤੇ ’ਤੇ ਲੈ ਜਾਣ ਵਾਲੀਆਂ ਕਿਸਾਨਮਾਰੂ ਨੀਤੀਆਂ ਤੇ ਮਜ਼ਦੂਰਾਂ ਦੀਆਂ ਮਜਬੂਰੀਆਂ ਤੋਂ ਟੌਹੜਾ ਸਾਹਿਬ ਭਲੀ- ਭਾਂਤ ਜਾਣੂ ਸਨ। ਵਿੱਦਿਅਕ ਢਾਂਚੇ ‘ਚ ਆਈ ਗਿਰਾਵਟ, ਨਕਲ, ਨੰਗੇਜ ਤੇ ਨਸ਼ਿਆਂ ਦੇ ਘੁਣ ਨਾਲ ਪੰਜਾਬ ਤੇ ਪੰਜਾਬੀਅਤ ਦਾ ਜੋ ਨੁਕਸਾਨ ਹੋਇਆ ਉਸ ਤੋਂ ਬੇਹਦ ਨਿਰਾਸ਼ ਸਨ। ਉਹ ਕਹਿੰਦੇ ਸਨ ਕਿ ਸਰੀਰਿਕ ਨਸ਼ੇ ਬਹੁਤ ਮਾੜੇ ਹਨ ਪਰ ਇਹ ਕੇਵਲ ਸਰੀਰ ਨੂੰ ਗਾਲਦੇ ਹਨ ਪਰ ਕਈ ਵਾਰ ਹਕੂਮਤ ਦਾ ਨਸ਼ਾ ਕੌਮਾਂ ਨੂੰ ਬਰਬਾਦ ਕਰ ਦਿੰਦਾ ਹੈ। ਪੰਜਾਬ ਦੇ ਬਿਖੜੇ ਦਿਨਾਂ ‘ਚ ਜਿਤਨੇ ਵੀ ਡੈਪੂਟੇਸ਼ਨ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਨੂੰ ਮਿਲਣ ਗਏ ਉਨ੍ਹਾਂ ਵਿਚ ਟੌਹੜਾ ਸਾਹਿਬ ਦੀ ਹਾਜ਼ਰੀ ਲਾਜ਼ਮੀ ਸੀ। ਜਿਸ ਬੇਬਾਕੀ ਨਾਲ ਸਿੱਖਾਂ ਤੇ ਪੰਜਾਬ ਦੇ ਮਸਲਿਆਂ ਬਾਰੇ ਵਾਰਤਾਲਾਪ ਕਰਨ ਦਾ ਹੁਨਰ ਤੇ ਸਮਰੱਥਾ ਟੌਹੜਾ ਸਾਹਿਬ ਪਾਸ ਸੀ ਉਹ ਕਿਸੇ ਹੋਰ ਪਾਸ ਨਹੀਂ ਸੀ। ਟੌਹੜਾ ਸਾਹਿਬ ਕਹਿੰਦੇ ਸਨ ਕਿ ਕੇਂਦਰ ਸਰਕਾਰ ਪੰਜਾਬ ਤੇ ਸਿੱਖਾਂ ਪ੍ਰਤੀ ਸੁਹਿਰਦ ਨਹੀਂ, ਐਵੇਂ ਗੱਲਬਾਤ ਰਾਹੀਂ ਡਰਾਮੇਬਾਜ਼ੀ ਕਰਦੀ ਹੈ। ਮਾਂ-ਬੋਲੀ ਪੰਜਾਬੀ ਤੇ ਪੰਜਾਬੀ ਸਭਿਆਚਾਰ ‘ਚ ਆ ਰਹੇ ਨਿਘਾਰ ਤੋਂ ਵੀ ਪਰੇਸ਼ਾਨ ਸਨ ਟੌਹੜਾ ਸਾਹਿਬ। ਉਨ੍ਹਾਂ ਦੀ ਗ਼ੈਰ-ਹਾਜ਼ਰੀ ‘ਚ ਪ੍ਰਬੰਧਕੀ ਊਣਤਾਈਆਂ ਕਰਕੇ ਦਫ਼ਤਰ ਵੱਲੋਂ ਪੰਥ-ਪ੍ਰਸਿੱਧ ਕਥਾਵਾਚਕ ਗਿਆਨੀ ਸੰਤ ਸਿੰਘ ਜੀ ਮਸਕੀਨ ਤੇ ਅਮਰੀਕਨ ਸਿੱਖਾਂ ਨਾਲ ਹੋਏ ਘਟੀਆ ਵਿਵਹਾਰ ਤੇ ਬਦਸਲੂਕੀ ਦੀ ਟੌਹੜਾ ਸਾਹਿਬ ਨੇ ਲਿਖਤੀ ਮੁਆਫੀ ਮੰਗੀ। ਉਨ੍ਹਾਂ ਦੇ ਮੁਆਫੀਨੁਮਾ ਪੱਤਰ ਨੂੰ ਪੜ੍ਹ ਕੇ ਗਿਆਨੀ ਸੰਤ ਸਿੰਘ ਜੀ ਮਸਕੀਨ ਵੀ ਅੱਖਾਂ ਭਰ ਆਏ।

ਜੀਵਨ ਸੰਗਰਾਮ ਦੌਰਾਨ ਟੌਹੜਾ ਸਾਹਿਬ ਨੂੰ ਬਹੁਤ ਸਾਰੀਆਂ ਮੁਸ਼ਕਲਾਂ, ਰੁਕਾਵਟਾਂ, ਦੁਸ਼ਵਾਰੀਆਂ, ਅਣਸੁਖਾਵੇਂ ਹਾਲਾਤ ਤੇ ਬਿਖੜੇ ਪੈਂਡਿਆਂ ਨੂੰ ਨੰਗੇ ਪੈਰੀਂ ਤਹਿ ਕਰਨਾ ਪਿਆ ਪਰ ਉਹ ਹਮੇਸ਼ਾਂ ਸਦ-ਜਾਗਤ ਗੁਰਸਿੱਖ ਵਜੋਂ, ਚੜ੍ਹਦੀ ਕਲ੍ਹਾ ‘ਚ ਵਿਚਰਦੇ ਰਹੇ। ਟੌਹੜਾ ਸਾਹਿਬ ਪੰਥਕ ਬਾਗ ‘ਚ ਬਹਾਰ ਤੇ ਖੇੜਾ ਦੇਖਣਾ ਲੋਚਦੇ ਸਨ। ਉਨ੍ਹਾਂ ਦੇ ਵਿਰੋਧੀਆਂ ਵੱਲੋਂ ਉਨ੍ਹਾਂ ‘ਤੇ ਜਾਨ-ਲੇਵਾ ਹਮਲੇ ਵੀ ਕਰਵਾਏ ਗਏ, ਉਨ੍ਹਾਂ ਦੇ ਪਿਆਰੇ ਸਾਥੀ ਸ਼ਹੀਦ ਵੀ ਹੋਏ ਪਰ ਉਨ੍ਹਾਂ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ। ਪੰਥਕ ਜਜ਼ਬਿਆਂ ਤੇ ਮਸਲਿਆਂ ਦੇ ਦਫ਼ਨ ਹੋਣ ਕਾਰਨ ਟੌਹੜਾ ਸਾਹਿਬ ਉਦਾਸ, ਉਦਰੇਵੇਂ ਤੇ ਅਕੇਵੇਂ ‘ਚ ਸਨ। ਜ਼ਿੰਦਗੀ ਦੇ ਆਖ਼ਰੀ ਵਰ੍ਹੇ ਜਥੇਦਾਰ ਟੌਹੜਾ ਸਾਹਿਬ ਖੁਸ਼ਮਿਜਾਜ਼ ਤੇ ਹੱਸਮੁਖ ਨਹੀਂ ਰਹੇ। ਉਹ ਉਦਾਸ, ਗ਼ਮਗੀਨ ਤੇ ਚਿੰਤਤ ਦਿਖਾਈ ਦਿੰਦੇ ਸਨ। ਉਹ ਹਰੇਕ ਨੂੰ ਮਿਲਣਾ ਲੋਚਦੇ ਸਨ ਪਰ ਅਖੌਤੀ ਨੇੜਲੇ, ਆਮ ਬੰਦੇ ਨੂੰ ਨੇੜੇ ਨਾ ਢੁੱਕਣ ਦਿੰਦੇ। ਜਥੇਦਾਰ ਹਰਬੰਸ ਸਿੰਘ ਮੰਝਪੁਰ ਦੀ ਪ੍ਰਬਲ ਇੱਛਾ ਸੀ ਕਿ ਉਨ੍ਹਾਂ ਦੀ ਜੀਵਨ- ਕਹਾਣੀ ਰੀਕਾਰਡ ਹੋ ਸਕੇ, ਉਨ੍ਹਾਂ ਮੈਨੂੰ ਵੀ ਇਸ ਕਾਰਜ ਲਈ ਪ੍ਰੇਰਿਆ ਪਰ ਅਸੀਂ ਕਾਮਯਾਬ ਨਾ ਹੋ ਸਕੇ ਤੇ ਸਾਥੋਂ ਸਦੀ ਦਾ ਸਿੱਖ ਇਤਿਹਾਸ ਜਾਂਦਾ ਰਿਹਾ, ਜਿਸ ਦਾ ਹਮੇਸ਼ਾਂ ਅਫ਼ਸੋਸ ਰਹੇਗਾ। 1999 ਈ: ‘ਚ ਲੀਡਰਸ਼ਿਪ ਦੇ ਵਿਚਾਰਾਂ ਦੇ ਵਖਰੇਵੇਂ ਕਾਰਨ ਟੌਹੜਾ ਸਾਹਿਬ ਨੂੰ ਅਕਾਲੀ ਦਲ ’ਚੋਂ ਵੀ ਕੱਢ ਦਿੱਤਾ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਤਿਕਾਰਤ ਪਦਵੀ ਤੋਂ ਵੀ ਹਟਾ ਦਿੱਤਾ ਗਿਆ। ਇਨ੍ਹਾਂ ਹਾਲਾਤਾਂ ਦਾ ਸੰਤਾਪ ਦੋਹਾਂ ਧਿਰਾਂ ਨੂੰ ਭੁਗਤਣਾ ਪਿਆ ਤੇ ਲਾਹਾ ਕਾਂਗਰਸ ਲੈ ਗਈ। ਟੌਹੜਾ ਸਾਹਿਬ ਦੀ ਇੱਛਾ ਸੀ ਕਿ ‘ਪੰਥ ਤੰਤਰ’ ਸਥਾਪਿਤ ਹੋ ਸਕੇ ਕਿਉਂਕਿ ਉਹ ਜਾਣਦੇ ਸਨ ਕਿ ‘ਗੁਰੂ-ਪੰਥ’ ਨੇ ਹੀ ‘ਗੁਰੂ ਜੋਤਿ’ ਦੇ ਅਧੀਨ ਅਗਵਾਈ ਕਰਨੀ ਹੈ। ਪਰ ਉਨ੍ਹਾਂ ਨੂੰ ਦਰਦ ਸੀ ਕਿ ਪੰਥਕ ਚਾਓ-ਪੰਥਕ ਅਖਵਾਉਣ ਵਾਲਿਆਂ ‘ਚੋਂ ਘਟ ਰਿਹਾ ਹੈ। ਆਖਰੀ ਵੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ, ਉਹ ਕਦੇ ਪ੍ਰਸੰਨਚਿਤ ਨਜ਼ਰ ਨਹੀਂ ਆਏ ਸਗੋਂ ਉਨ੍ਹਾਂ ਨੂੰ ਨੇੜ੍ਹਿਉਂ ਤੱਕਿਆਂ ਇਹ ਮਹਿਸੂਸ ਹੁੰਦਾ ਸੀ ਕਿ ਉਨ੍ਹਾਂ ਦੇ ਸਵੈ-ਮਾਣ ਨੂੰ ਭਾਰੀ ਠੇਸ ਪਹੁੰਚੀ ਹੈ, ਜਿਸ ਦੀ ਪੀੜ ਉਨ੍ਹਾਂ ਦੇ ਉਤਰੇ ਹੋਏ ਚਿਹਰੇ ਤੋਂ ਦਿਖਾਈ ਦਿੰਦੀ ਸੀ। ਉਨ੍ਹਾਂ ਨੂੰ ਅਹਿਸਾਸੇ-ਕਮਤਰੀ ਨੇ ਘੇਰਿਆ ਹੋਇਆ ਸੀ। ਜੋ ਉਹ ਕਰਨਾ ਲੋਚਦੇ ਤੇ ਸੋਚਦੇ ਸਨ ਉਹ ਕਰ ਨਾ ਸਕੇ। ਟੌਹੜਾ ਸਾਹਿਬ ਉਦਾਸ ਸਨ ਕਿ ਉਨ੍ਹਾਂ ਨੂੰ ਖਾਲਸੇ ਦੀ ਤੀਸਰੀ ਇਤਿਹਾਸਿਕ ਸ਼ਤਾਬਦੀ ਸਮੇਂ ਪੰਥ ਦੀ ਅਗਵਾਈ ਕਰਨ ਤੋਂ ਦੂਰ ਕਰ ਦਿੱਤਾ ਗਿਆ। ਸ਼ਾਇਦ ਕੁਦਰਤ ਦੇ ਕਰਤੇ ਨੂੰ ਇਹੀ ਮਨਜ਼ੂਰ ਸੀ! 2004 ਈ: ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਤਾਬਦੀ ਮੌਕੇ ਪ੍ਰਧਾਨ ਸਾਹਿਬ ਦਾ ਸੰਦੇਸ਼ ਈ.ਟੀ.ਸੀ ਚੈਨਲ ਨੂੰ ਰੀਕਾਰਡ ਕਰਾਉਣ ਦਾ ਸੁਭਾਗ ਦਾਸ ਨੂੰ ਪ੍ਰਾਪਤ ਹੋਇਆ ਤੇ ਇਹੀ ਸੰਦੇਸ਼ ਆਖਰੀ ਹੋ ਨਿੱਬੜਿਆ। ਇਹ ਵੀ ਅਜੀਬ ਇਤਫ਼ਾਕ ਹੀ ਸੀ ਕਿ ਟੌਹੜਾ ਸਾਹਿਬ ਦੇ ਪਹਿਲੀ ਵੇਰ ਪ੍ਰਧਾਨ ਬਣਨ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਅਰੰਭ ਹੋਈ ਸੀ ਅਤੇ ਉਨ੍ਹਾਂ ਦੇ ਕਾਰਜ-ਕਾਲ ਦੀ ਸੰਪੂਰਨਤਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੀ ਕਾਰ-ਸੇਵਾ ਅਰੰਭ ਕਰਨ ਨਾਲ ਹੀ ਹੋਈ। 25 ਮਾਰਚ ਨੂੰ ਅੰਮ੍ਰਿਤ-ਸਰੋਵਰ, ਸ੍ਰੀ ਅੰਮ੍ਰਿਤਸਰ ਦੀ ਕਾਰ-ਸੇਵਾ ਅਰੰਭ ਕਰਦੇ, ਕਰਤੇ ਨਾਲ ਅਭੇਦ ਹੋਣ ਲਈ ਤਿਆਰ ਹੋ ਗਏ। 31 ਮਾਰਚ, 2004 ਦੀ ਅੱਧੀ ਰਾਤ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਇਸ ਨਾਸ਼ਮਾਨ ਤੇ ਚਲਾਇਮਾਨ ਸੰਸਾਰ ਨੂੰ ਆਖਰੀ ਫਤਹ ਬੁਲਾ, ਗੁਰੂ-ਚਰਨਾਂ ‘ਚ ਜਾ ਬਿਰਾਜੇ। ਜੀਉਂਦੇ ਜੀਅ ਤੇ ਅਕਾਲ-ਚਲਾਣੇ ਉਪਰੰਤ ਜੋ ਮਾਣ-ਸਤਿਕਾਰ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਨੂੰ ਮਿਲਿਆ ਉਸ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਸਿੱਖ ਨੇਤਾਵਾਂ ਤੋਂ ਇਲਾਵਾ ਦੇਸ਼ ਦੀ ਹਰ ਪਾਰਟੀ, ਧਾਰਮਿਕ, ਸਮਾਜਿਕ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾ-ਸਤਿਕਾਰ ਭੇਟ ਕੀਤਾ। ਟੌਹੜਾ ਸਾਹਿਬ ਦੇ ਗੁਰਪੁਰੀ ਪਿਆਨਾ ਕਰ ਜਾਣ ‘ਤੇ ਜਿੱਥੇ ਸਕੇ-ਸਨਬੰਧੀ, ਰਿਸ਼ਤੇਦਾਰ, ਸੱਜਣ-ਮਿੱਤਰ, ਸਨੇਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਤੇ ਅਧਿਕਾਰੀ ਰੋਏ, ਉੱਥੇ ਦੁਸ਼ਮਣ ਵੀ ਗ਼ਮਗੀਨ ਚਿਹਰਿਆਂ ਤੇ ਨਮ ਅੱਖਾਂ ਨਾਲ ਅੰਤਿਮ ਯਾਤਰਾ ‘ਚ ਸ਼ਾਮਲ ਹੋਏ। ਸਰੀਰਕ ਤੌਰ ‘ਤੇ ਉਹ ਸਾਨੂੰ ਸਭਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਪਰ ਸਿੱਖ-ਸੋਚ ਅਨੁਸਾਰ ਜਿਵੇਂ ਉਨ੍ਹਾਂ ਜੀਵਨ ਗੁਜ਼ਾਰਿਆ ਉਹ ਬਹੁਤ ਸਾਰੇ ਗੁਰੂ ਨਾਨਕ ਨਾਮ-ਲੇਵਾ ਗੁਰਸਿੱਖਾਂ ਵਾਸਤੇ ਪ੍ਰੇਰਨਾ-ਸ੍ਰੋਤ ਰਹੇਗਾ!

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)