editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-21 ਸ. ਬਲਦੇਵ ਸਿੰਘ ਜੀ ‘ਸਿਬੀਆ’

ਸ਼ਾਂਤ-ਸਹਿਜ ਸੁਭਾਅ ਦੇ ਮਾਲਕ, ਇਮਾਨਦਾਰ, ਵਿੱਦਿਆ-ਪ੍ਰੇਮੀ, ਕੁਝ ਕਰ ਗੁਜ਼ਰਨ ਦੀ ਭਾਵਨਾ ਰੱਖਣ ਵਾਲੇ, ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਪਦਵੀ ’ਤੇ ਸੁਸ਼ੋਭਿਤ ਰਹਿ ਚੁੱਕੇ ਸ. ਬਲਦੇਵ ਸਿੰਘ ਜੀ 'ਸਿਬੀਆ' ਦਾ ਜਨਮ ਪਹਿਲੀ ਜਨਵਰੀ, 1937 ਨੂੰ ਸ. ਜਗੀਰ ਸਿੰਘ ਜੀ ਤੇ ਮਾਤਾ ਪੰਜਾਬ ਕੌਰ ਜੀ ਦੇ ਘਰ ਪਿੰਡ ਨੰਦਗੜ੍ਹ ਤਹਿਸੀਲ ਤੇ ਜ਼ਿਲ੍ਹਾ ਮੁਕਤਸਰ ’ਚ ਹੋਇਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ਼ਾਂਤ-ਸਹਿਜ ਸੁਭਾਅ ਦੇ ਮਾਲਕ, ਇਮਾਨਦਾਰ, ਵਿੱਦਿਆ-ਪ੍ਰੇਮੀ, ਕੁਝ ਕਰ ਗੁਜ਼ਰਨ ਦੀ ਭਾਵਨਾ ਰੱਖਣ ਵਾਲੇ, ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਪਦਵੀ ’ਤੇ ਸੁਸ਼ੋਭਿਤ ਰਹਿ ਚੁੱਕੇ ਸ. ਬਲਦੇਵ ਸਿੰਘ ਜੀ ‘ਸਿਬੀਆ’ ਦਾ ਜਨਮ ਪਹਿਲੀ ਜਨਵਰੀ, 1937 ਨੂੰ ਸ. ਜਗੀਰ ਸਿੰਘ ਜੀ ਤੇ ਮਾਤਾ ਪੰਜਾਬ ਕੌਰ ਜੀ ਦੇ ਘਰ ਪਿੰਡ ਨੰਦਗੜ੍ਹ ਤਹਿਸੀਲ ਤੇ ਜ਼ਿਲ੍ਹਾ ਮੁਕਤਸਰ ’ਚ ਹੋਇਆ। ਇਨ੍ਹਾਂ ਅੱਖਰ ਗਿਆਨ ਤੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰ, ਖਾਲਸਾ ਹਾਈ ਸਕੂਲ ਮੁਕਤਸਰ ਤੋਂ ਦਸਵੀਂ ਦਾ ਇਮਤਿਹਾਨ ਪਾਸ ਕੀਤਾ। ਗਰੈਜੂਏਸ਼ਨ ਮਹਿੰਦਰਾ ਕਾਲਜ ਪਟਿਆਲਾ ਤੋਂ ਕਰ ਕੇ ਸ. ਸਿਬੀਆ ਨੇ ਐਲ.ਐਲ.ਬੀ. ਦੀ ਡਿਗਰੀ ਪ੍ਰਾਪਤ ਕੀਤੀ। ਸ. ਬਲਦੇਵ ਸਿੰਘ ਜੀ ‘ਸਿਬੀਆ’ ਦਾ ਅਨੰਦ ਕਾਰਜ 11 ਨਵੰਬਰ, 1963 ਨੂੰ ਸਰਦਾਰਨੀ ਹਰਜੀਤ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਦੋ ਬੱਚਿਆਂ ਤੇ ਦੋ ਬੱਚੀਆਂ ਨੇ ਜਨਮ ਲਿਆ, ਜਿਨ੍ਹਾਂ ਨੂੰ ਇਨ੍ਹਾਂ ਨੇ ਖੂਬ ਪੜ੍ਹਾਇਆ-ਲਿਖਾਇਆ ਤੇ ਕਾਰੋਬਾਰੀ ਬਣਾਇਆ। ਲੋਕ-ਹਿਤਾਂ ’ਚ ਸ. ਬਲਦੇਵ ਸਿੰਘ ਜੀ ‘ਸਿਬੀਆ’ ਨੇ ਵਕਾਲਤ ਦਾ ਕਾਰਜ ਮੁਕਤਸਰ ਵਿਖੇ ਅਰੰਭ ਕੀਤਾ ਜੋ ਨਿਰੰਤਰ ਜਾਰੀ ਹੈ। ਅੱਜਕਲ੍ਹ ਇਹ ਆਪਣੇ ਪਰਵਾਰ ਸਮੇਤ ਕੋਟਕਪੂਰਾ ਰੋਡ ਮੁਕਤਸਰ ਵਿਖੇ ਨਿਵਾਸ ਰੱਖ ਰਹੇ ਹਨ।

ਸਿੱਖਾਂ ਦੀ ਸਿਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ 1979 ਈ: ’ਚ ਹੋਈਆਂ ਜਨਰਲ ਚੋਣਾਂ ਸਮੇਂ ਸ. ਬਲਦੇਵ ਸਿੰਘ ਜੀ ‘ਸਿਬੀਆ’ ਹਲਕਾ ਮੁਕਤਸਰ ਤੋਂ ਮੈਂਬਰ, ਸ਼੍ਰੋਮਣੀ ਕਮੇਟੀ ਚੁਣੇ ਗਏ। ਇਨ੍ਹਾਂ ਦੇ ਸ਼ਖ਼ਸੀ ਗੁਣਾਂ, ਵਿੱਦਿਆ ਪ੍ਰੇਮੀ ਸੁਭਾਅ ਤੇ ਵਕਾਲਤ ਦੇ ਕਾਰਜਾਂ ਪ੍ਰਤੀ ਸਮਰਪਿਤ ਭਾਵਨਾ ਨੂੰ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਦੀ ਪਾਰਖੂ ਅੱਖ ਨੇ ਪਹਿਚਾਣ ਲਿਆ ਤੇ ਇਨ੍ਹਾਂ ਨੂੰ 1979 ਈ: ’ਚ ਹੋਈ ਸਲਾਨਾ ਚੋਣ ਸਮੇਂ ਜਨਰਲ ਸਕੱਤਰ ਹੋਣ ਦਾ ਮਾਣ ਦਿੱਤਾ। 1981 ਈ: ’ਚ ਸ. ਬਲਦੇਵ ਸਿੰਘ ਜੀ ‘ਸਿਬੀਆ’ ਸ਼੍ਰੋਮਣੀ ਕਮੇਟੀ ਦੇ ਸੀਨੀ. ਮੀਤ ਪ੍ਰਧਾਨ ਚੁਣੇ ਗਏ। 1982 ਈ: ’ਚ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਨੂੰ ਜੇਲ੍ਹ ਯਾਤਰਾ ਕਰਨੀ ਪਈ ਤਾਂ ਸ. ਬਲਦੇਵ ਸਿੰਘ ਜੀ ‘ਸਿਬੀਆ’ ਕਾਰਜਕਾਰੀ ਪ੍ਰਧਾਨ, ਸ਼੍ਰੋਮਣੀ ਕਮੇਟੀ ਵਜੋਂ ਕਾਰਜਸ਼ੀਲ ਰਹੇ।

1982 ਈ: ’ਚ ਪੰਜਾਬ ਦੇ ਹਾਲਾਤ ਖੁਸ਼ਗਵਾਰ ਨਹੀਂ ਸਨ। ਏਸ਼ੀਅਨ ਖੇਡਾਂ ਸਮੇਂ ਬਹੁਤ ਸਾਰੇ ਸਿੱਖਾਂ ’ਤੇ ਕੇਂਦਰ ਤੇ ਹਰਿਆਣਾ ਸਰਕਾਰ ਨੇ ਵਧੀਕੀਆਂ ਕੀਤੀਆਂ। ਇਸ ਦੇ ਰੋਸ ਵਜੋਂ ਸ. ਬਲਦੇਵ ਸਿੰਘ ਜੀ ‘ਸਿਬੀਆ’ ਨੇ ਵੀ ਦਿੱਲੀ ’ਚ ਗ੍ਰਿਫਤਾਰੀ ਦਿੱਤੀ। ਇਨ੍ਹਾਂ ਨੂੰ ਕੁਝ ਸਮਾਂ ਬੰਦੀ ਰੱਖਿਆ ਗਿਆ ਤੇ ਫਿਰ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਆਏ। ਇਨ੍ਹਾਂ ਨੇ ਸ਼ਸ਼ਤਰ ਵਿੱਦਿਆ ਲਈ ਹਰ ਇਕ ਗੁਰਦੁਆਰੇ ਵਿਚ ਬਜਟ ਨਿਯਤ ਕੀਤਾ ਅਤੇ ਗਤਕਾ ਸਿਖਲਾਈ ਸ਼ੁਰੂ ਕਰਵਾਈ। ਇਨ੍ਹਾਂ ਆਤਮਿਕ ਸ਼ਾਂਤੀ, ਸ਼ੁੱਧਤਾ ਤੇ ਸੇਵਾ ਭਾਵਨਾ ਕਰਕੇ ਸਮੁੱਚੀ ਅੰਤ੍ਰਿੰਗ ਕਮੇਟੀ ਸਮੇਤ ਰੋਜ਼ਾਨਾ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਲੰਗਰ ’ਚ ਬਰਤਨ ਸਾਫ਼ ਕਰਨ ਦੀ ਸੇਵਾ ਸ਼ੁਰੂ ਕੀਤੀ। ਕਾਫੀ ਸਮਾਂ ਇਹ ਸੇਵਾ ਜਾਰੀ ਰੱਖੀ ਪਰ ਕਿਧਰੇ ਵੀ ਇਸ ਸੇਵਾ ਸੰਬੰਧੀ ਖ਼ਬਰ ਜਾਂ ਤਸਵੀਰ ਪ੍ਰਕਾਸ਼ਿਤ ਨਹੀਂ ਹੋਣ ਦਿੱਤੀ। ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਜਿਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਸ. ਬਲਦੇਵ ਸਿੰਘ ‘ਸਿਬੀਆ’ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਲਿਆ।1989 ਈ: ’ਚ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧ ਨੂੰ ਚੁਸਤ-ਦਰੁੱਸਤ ਕਰਨ ਵਾਸਤੇ ਇਕ ਵਿਸ਼ੇਸ਼ ਅਧਿਕਾਰਾਂ ਵਾਲੀ ਕਮੇਟੀ ਗਠਨ ਕੀਤੀ, ਜਿਸ ਦੇ ਸ. ਬਲਦੇਵ ਸਿੰਘ ਜੀ ‘ਸਿਬੀਆ’ ਮੁਖੀ ਸਨ। ਦੋ ਸਾਲ ਤੀਕ ਇਸ ਕਮੇਟੀ ਨੇ ਕਾਫ਼ੀ ਸਲਾਹੁਣਯੋਗ ਕਾਰਜ ਕੀਤੇ।

28 ਨਵੰਬਰ, 1990 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਨਾ ਚੋਣ ਸਮੇਂ, ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਨੇ ਸ. ਬਲਦੇਵ ਸਿੰਘ ‘ਸਿਬੀਆ’ ਦਾ ਨਾਂ ਪ੍ਰਧਾਨ, ਸ਼੍ਰੋਮਣੀ ਕਮੇਟੀ ਵਜੋਂ ਪੇਸ਼ ਕੀਤਾ ਜੋ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਸ. ਬਲਦੇਵ ਸਿੰਘ ‘ਸਿਬੀਆ’ ਨੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾਪ੍ਰਬੰਧਕਕਮੇਟੀ ਦਾ ਅਹੁਦਾ ਬੜੀ ਨਿਮਰਤਾ ਤੇ ਅਧੀਨਗੀ ਨਾਲ ਪ੍ਰਵਾਨ ਕਰਦਿਆਂ, ਟੌਹੜਾ ਸਾਹਿਬ ਤੇ ਸਮੂਹ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ। ਪਹਿਲੀ ਜਨਵਰੀ, 1991 ਨੂੰ ਪਹਿਲੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਸ. ਬਲਦੇਵ ਸਿੰਘ ਜੀ ‘ਸਿਬੀਆ’ ਪ੍ਰਧਾਨ, ਸ਼੍ਰੋਮਣੀ ਕਮੇਟੀ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਅਤੇ ਸੰਗਰੂਰ ਵਿਖੇ ਨਵਾਂ ਧਰਮ ਪ੍ਰਚਾਰ ਸੈਂਟਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ। 24 ਫਰਵਰੀ, 1991 ਨੂੰ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਾਸਤੇ ਪ੍ਰਚਾਰਕ ਤਿਆਰ ਕਰਨ ਲਈ, ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ, ਤਲਵੰਡੀ ਸਾਬੋ ਦੀ ਸ਼ੁਭ ਅਰੰਭਤਾ ਪ੍ਰਧਾਨ ਸਾਹਿਬ ਵੱਲੋਂ ਕੀਤੀ ਗਈ। ਇਸ ਸਮੇਂ ਹੀ ਖਾਲਸਾ ਕਾਲਜ ਪਟਿਆਲਾ ਨੂੰ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧ ਵਿਚ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ’ਚ ਸਲਾਹੁਣਯੋਗ ਸੁਧਾਰ ਕੀਤੇ, ਨਵੇਂ ਗਰੇਡ ਨਿਸ਼ਚਤ ਕੀਤੇ। ਸ੍ਰੀ ਅੰਮ੍ਰਿਤਸਰ ਵਿਖੇ ਗੋਲਡਨ ਆਫ਼ਸੈੱਟ ਪ੍ਰੈਸ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਲਾਈ ਗਈ। ਇਹ ਸ਼੍ਰੋਮਣੀ ਕਮੇਟੀ ਦਾ ਪਹਿਲਾ ਆਫ਼ਸੈੱਟ ਛਾਪਾਖਾਨਾ ਸੀ ਜਿੱਥੇ ਹਰ ਪ੍ਰਕਾਰ ਦਾ ਧਾਰਮਿਕ ਸਾਹਿਤ ਛਾਪਿਆ ਜਾਣ ਲੱਗਾ।

27 ਮਾਰਚ, 1991 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਇਜਲਾਸ ਸ. ਬਲਦੇਵ ਸਿੰਘ ਸਿਬੀਆ ਦੀ ਪ੍ਰਧਾਨਗੀ ’ਚ ਹੋਇਆ, ਜਿਸ ਵਿਚ ਸਲਾਨਾ ਬਜਟ ਪਾਸ ਕਰਨ ਤੋਂ ਇਲਾਵਾ ਮਹੱਤਵਪੂਰਨ ਫ਼ੈਸਲੇ ਲਏ ਗਏ। ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਪੁਨਰਗਠਨ ਕਰਨ, ਫਤਿਹਗੜ੍ਹ ਸਾਹਿਬ ਵਿਖੇ ਇੰਜੀਨੀਅਰਿੰਗ ਕਾਲਜ ਲਈ ਵਿਸ਼ੇਸ਼ ਫੰਡ ਕਾਇਮ ਕਰਨ, ਝੂਠੇ ਪੁਲਿਸ ਮੁਕਾਬਲਿਆਂ ਵਿਰੁੱਧ ਮਤਾ, ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੇਪਰ ਮਿੱਲ ਲਾਉਣ, ਘਿਓ ਅਤੇ ਸੁੱਕੇ ਦੁੱਧ, ਸਿਰੋਪਾਉ ਦੀ ਲੋੜ ਨੂੰ ਪੂਰਿਆਂ ਕਰਨ ਲਈ ਆਪਣਾ ਕਾਰਖਾਨਾ ਲਾਉਣ ਦਾ ਫ਼ੈਸਲਾ ਲਿਆ ਗਿਆ ਪਰ ਬਹੁਤ ਸਾਰੀਆਂ ਯੋਜਨਾਵਾਂ ਸਮੇਂ ਦੀ ਗਰਦਿਸ਼ ਹੇਠ ਦਫ਼ਨ ਹੋ ਗਈਆਂ।

ਇਨ੍ਹਾਂ ਦੇ ਪ੍ਰਧਾਨਗੀ ਕਾਰਜਕਾਲ ਸਮੇਂ ਹੀ ਕੇਂਦਰ ਸਰਕਾਰ ਤੋਂ ਮੈਡੀਕਲ ਤੇ ਇੰਜੀਨੀਅਰਿੰਗ ਕਾਲਜ ਖੋਲ੍ਹਣ ਲਈ ਆਗਿਆ ਮੰਗੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਬੈਂਕ ਖੋਲ੍ਹਣ ਸੰਬੰਧੀ ਵੀ ਗੰਭੀਰ ਵਿਚਾਰ-ਚਰਚਾ ਹੋਈ। ਪੰਜਾਬ ’ਚ ਵਿਧਾਨ ਸਭਾ ਚੋਣਾਂ ਕਰਾਉਣ ਲਈ ਮਤਾ ਪਾਸ ਕੀਤਾ ਗਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ, ਜਥੇਦਾਰ ਲੱਖਾ ਸਿੰਘ ਦੇ ਅਕਾਲ ਚਲਾਣੇ ’ਤੇ ਸ਼ੋਕ ਮਤਾ ਕੀਤਾ ਗਿਆ। 06 ਅਗਸਤ,1991 ਨੂੰ ਸ. ਬਲਦੇਵ ਸਿੰਘ ਜੀ ‘ਸਿਬੀਆ’ ਦੀ ਪ੍ਰਧਾਨਗੀ ’ਚ ਧਰਮ ਪ੍ਰਚਾਰ ਕਮੇਟੀ ਦੀ ਹੋਈ ਮੀਟਿੰਗ ਸਮੇਂ ਸ. ਬੀਰਸੁਖਪਾਲ ਸਿੰਘ ਮੈਂਬਰ, ਧਰਮ ਪ੍ਰਚਾਰ ਕਮੇਟੀ ਅਤੇ ਸ. ਸਤਨਾਮ ਸਿੰਘ ਜਲੰਧਰ ਮੈਂਬਰ, ਸ਼੍ਰੋਮਣੀ ਕਮੇਟੀ ਦੇ ਪੰਥ-ਦੋਖੀਆਂ ਵੱਲੋਂ ਕੀਤੇ ਨਿਰਦਈ ਕਤਲਾਂ ਦੀ ਨਿੰਦਾ ਕੀਤੀ ਗਈ।

1984 ਈ: ’ਚ ਵਾਪਰੇ ਘੱਲੂਘਾਰੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਸਰਕਾਰ ਵੱਲੋਂ ਤਹਿਸ-ਨਹਿਸ ਕਰ ਦਿੱਤੀ ਗਈ ਸੀ, ਜਿਸ ਦੀ ਕਾਰ-ਸੇਵਾ 1987 ਈ: ’ਚ ਵਾਪਰੇ ਘਟਨਾ-ਕ੍ਰਮ ਤੋਂ ਰੁਕੀ ਪਈ ਸੀ, ਜਿਸ ਨੂੰ ਸ. ਬਲਦੇਵ ਸਿੰਘ ਜੀ ‘ਸਿਬੀਆ’ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਮਦਮੀ ਟਕਸਾਲ ਤੋਂ ਸ਼ੁਰੂ ਕਰਵਾਈ। ਪੁਲਿਸ ਤਸ਼ੱਦਦ ਤੇ ਸਰਕਾਰੀ ਜਬਰ ਦਾ ਸੁਚਾਰੂ ਢੰਗ ਨਾਲ ਮੁਕਾਬਲਾ ਕਰਨ ਲਈ ਇਨ੍ਹਾਂ ਨੇ ‘ਜਬਰ ਵਿਰੋਧੀ ਐਕਸ਼ਨ ਕਮੇਟੀ’ ਬਣਾਈ, ਜਿਸ ਵਿਚ ਵੱਖ-ਵੱਖ ਅਕਾਲੀ ਦਲਾਂ ਤੇ ਜਥੇਬੰਦੀਆਂ ਦੇ ਪ੍ਰਤੀਨਿਧ ਸ਼ਾਮਲ ਕੀਤੇ ਗਏ। ਸ. ਸਿਬੀਆ ਦੇ ਇਸ ਕਾਰਜ ਦੀ ਸ. ਬਰਜਿੰਦਰ ਸਿੰਘ ‘ਹਮਦਰਦ’ ਮੁੱਖ ਸੰਪਾਦਕ ਰੋਜ਼ਾਨਾ ਅਜੀਤ ਨੇ ‘ਸਾਂਝਾ ਸੰਘਰਸ਼’ ਸੰਪਾਦਕੀ ਲੇਖ ਲਿਖ ਕੇ ਵਿਸ਼ੇਸ਼ ਪ੍ਰਸ਼ੰਸਾ ਕੀਤੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਬਹੁਤੇ ਗੁਰਦੁਆਰਿਆਂ ਦੀਆਂ ਇਮਾਰਤਾਂ ਦਾ ਨਵ-ਨਿਰਮਾਣ ਕਾਰ-ਸੇਵਾ ਵਾਲੇ ਬਾਬੇ ਕਰਦੇ ਹਨ। ਇਸ ਸੰਬੰਧ ਵਿਚ ਸਿਬੀਆ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਆਪਣੇ ਨਿਰਮਾਣ ਵਿਭਾਗ ਨੂੰ ਚੁਸਤ-ਦਰੁੱਸਤ ਕਰਨ ਦਾ ਯਤਨ ਕੀਤਾ ਅਤੇ ਇਕ ਇੰਜੀਨਿਅਰਿੰਗ ਵਿੰਗ ਕਾਇਮ ਕੀਤਾ ਤਾਂ ਜੋ ਹਰ ਗੁਰਦੁਆਰਾ ਸਾਹਿਬ ਤੇ ਸੰਬੰਧਿਤ ਇਮਾਰਤਾਂ ਦੀ ਮਾਸਟਰ ਪਲਾਨ ਤਿਆਰ ਕਰਨ ਉਪਰੰਤ ਹੀ ਉਸਾਰੀ ਕੀਤੀ ਜਾਵੇ। ਇਨ੍ਹਾਂ ਨੇ ਮੁਕਤਸਰ ਵਿਖੇ ਬਠਿੰਡਾ ਰੋਡ ਉੱਪਰ ਅਕਾਲੀ ਮਾਰਕੀਟ ਅਤੇ ਅਬੋਹਰ ਰੋਡ ਵਿਖੇ ਮਾਈ ਭਾਗੋ ਦੇ ਨਾਮ ਪੁਰ ਕਲੋਨੀ ਬਣਵਾਈ। ਇਸ ਤਰ੍ਹਾਂ ਸ. ਬਲਦੇਵ ਸਿੰਘ ਜੀ ‘ਸਿਬੀਆ’ ਦੇ ਇਕ ਸਾਲ ਦੇ ਪ੍ਰਧਾਨਗੀ ਕਾਰਜ ਕਾਲ ਸਮੇਂ ਕਈ ਨਵੀਆਂ ਯੋਜਨਾਵਾਂ ਉਲੀਕੀਆਂ ਗਈਆਂ ਭਾਵੇਂ ਕਿ ਉਨ੍ਹਾਂ ਸਾਰੀਆਂ ਨੂੰ ਅਮਲੀ ਰੂਪ ਨਾ ਦਿੱਤਾ ਜਾ ਸਕਿਆ।

13 ਨਵੰਬਰ, 1991 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਸਲਾਨਾ ਜਨਰਲ ਸਮਾਗਮ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ’ਚ ਸ਼ੁਰੂ ਹੋਇਆ ਜਿਸ ਵਿਚ ਪ੍ਰਧਾਨ ਸਾਹਿਬ, ਅਹੁਦੇਦਾਰ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਗਈ।ਜਥੇਦਾਰ ਜਗਦੇਵ ਸਿੰਘ ‘ਤਲਵੰਡੀ’ ਨੇ ਪ੍ਰਧਾਨਗੀ ਪਦ ਵਾਸਤੇ ਜਥੇਦਾਰ ਗੁਰਚਰਨ ਸਿੰਘ ‘ਟੋਹੜਾ’ ਦਾ ਨਾਂ ਪੇਸ਼ ਕੀਤਾ, ਜਿਸ ’ਤੇ ਟੌਹੜਾ ਸਾਹਿਬ ਪ੍ਰਧਾਨ ਚੁਣੇ ਗਏ। ਇਸ ਤਰ੍ਹਾਂ ਸ. ਬਲਦੇਵ ਸਿੰਘ ਜੀ ‘ਸਿਬੀਆ’ ਦਾ ਪ੍ਰਧਾਨਗੀ ਕਾਰਜਕਾਲ ਦਾ ਸਮਾਂ ਸੰਪੂਰਨ ਹੋ ਗਿਆ। ਪ੍ਰਧਾਨਗੀ ਦਾ ਅਹੁਦਾ ਛੱਡਣ ਉਪਰੰਤ ਸ. ਬਲਦੇਵ ਸਿੰਘ ਜੀ ‘ਸਿਬੀਆ’ ਨੇ ਸਿਆਸੀ ਸਰਗਰਮੀਆਂ ਤੋਂ ਲੱਗਭਗ ਕਿਨਾਰਾ ਕਰ ਲਿਆ। ਪ੍ਰੋ: ਮਨਜੀਤ ਸਿੰਘ ਜੀ ਕਾਰਜਕਾਰੀ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਯਤਨਾਂ ਸਦਕਾ 1995 ਈ: ’ਚ ‘ਵਿਸ਼ਵ ਸਿੱਖ ਕੌਂਸਲ’ ਹੋਂਦ ਵਿਚ ਆਈ, ਜਿਸ ਦੇ ਸ. ਬਲਦੇਵ ਸਿੰਘ ਜੀ ‘ਸਿਬੀਆ’ ਵਾਈਸ ਚੇਅਰਮੈਨ ਬਣੇ। ਜਸਟਿਸ ਸ. ਕੁਲਦੀਪ ਸਿੰਘ ਜੀ ਵੱਲੋਂ ਚੇਅਰਮੈਨਸ਼ਿਪ ਤੋਂ ਅਸਤੀਫਾ ਦੇਣ ’ਤੇ ਸ. ਬਲਦੇਵ ਸਿੰਘ ਜੀ ‘ਸਿਬੀਆ’ ਵਿਸ਼ਵ ਸਿੱਖ ਕੌਂਸਲ ਦੇ ਚੇਅਰਮੈਨ ਬਣ ਗਏ ਪਰ ਹੁਣ ਵਿਸ਼ਵ ਸਿੱਖ ਕੌਂਸਲ ਦੀ ਹੋਂਦ ਨਾਂ ਮਾਤਰ ਹੀ ਹੈ। 1997 ਈ: ’ਚ ਉਨ੍ਹਾਂ ਨੂੰ ਸ. ਮਨਪ੍ਰੀਤ ਸਿੰਘ ਬਾਦਲ ਵਿਰੁੱਧ ਗਿੱਦੜਬਾਹਾ ਹਲਕੇ ਤੋਂ ਚੋਣ ਲੜਾਈ ਗਈ, ਜਿਸ ਵਿਚ ਜਿੱਤ ਸ. ਮਨਪ੍ਰੀਤ ਸਿੰਘ ਬਾਦਲ ਦੀ ਹੋਈ। ਅੱਜਕਲ੍ਹ ਸ. ਬਲਦੇਵ ਸਿੰਘ ਜੀ ‘ਸਿਬੀਆ’ ਮੁਕਤਸਰ ਵਿਖੇ ਵਕਾਲਤ ਦੇ ਕਾਰਜਾਂ ’ਚ ਮਸਰੂਫ਼ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)