editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-26 ਜਥੇਦਾਰ ਅਵਤਾਰ ਸਿੰਘ ਜੀ

ਜਥੇਦਾਰ ਅਵਤਾਰ ਸਿੰਘ ਜੀ ਲੱਗਭਗ 30 ਸਾਲ ਤੋਂ ਗੁਰਦੁਆਰਾ ਪ੍ਰਬੰਧ ਤੇ ਸੇਵਾ ਨਾਲ ਨਿਰੰਤਰ ਜੁੜੇ ਹੋਏ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਪਹਿਲੇ ਚਾਂਸਲਰ, ਮੈਂਬਰ ਕੋਰ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਦੇ ਗਿਆਤਾ, ਕੀਰਤਨ ਪ੍ਰੇਮੀ, ਗੁਰਮੁਖ-ਦਰਸ਼ਨੀ ਸ਼ਖ਼ਸੀਅਤ, ਖੁਸ਼ਕਿਸਮਤ, ਹਸਮੁਖ-ਮਿਲਣਸਾਰ ਸੁਭਾਉ ਦੇ ਮਾਲਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਪਦਵੀ ’ਤੇ ਨਿਰੰਤਰ ਪੰਜਵੀਂ ਵਾਰ ਸੁਸ਼ੋਭਿਤ ਹੋਣ ਵਾਲੀ ਸ਼ਖ਼ਸੀਅਤ ਜਥੇਦਾਰ ਅਵਤਾਰ  ਸਿੰਘ ਦਾ ਜਨਮ 03 ਜਨਵਰੀ, 1943 ਨੂੰ ਸ. ਹਰਬੰਸ ਸਿੰਘ ਤੇ ਮਾਤਾ ਕਿਸ਼ਨ ਕੌਰ ਦੇ ਘਰ ਸਰਗੋਧਾ (ਪਾਕਿਸਤਾਨ) ’ਚ ਹੋਇਆ। ਦੇਸ਼ ਵੰਡ ਉਪਰੰਤ ਇਨ੍ਹਾਂ ਦਾ ਪਰਵਾਰ ਪਹਿਲਾਂ ਮੁਸਤਫਾਬਾਦ ਫਿਰ ਰੁੜਕੀ ਅਖੀਰ ਜਗਰਾਓਂ ਅਬਾਦ ਹੋਇਆ। ਗੁਰਸਿੱਖੀ ਜੀਵਨ-ਜਾਚ ਦੀ ਘਾੜ੍ਹਤ ਘੜ੍ਹਨ ਵਿਚ ਇਨ੍ਹਾਂ ਦੇ ਪਰਵਾਰਿਕ ਵਾਤਾਵਰਨ ਨੇ ਚੋਖਾ ਯੋਗਦਾਨ ਪਾਇਆ। ਇਹ ਪ੍ਰਾਇਮਰੀ ਵਿੱਦਿਆ ਦੀ ਪ੍ਰਾਪਤੀ ਉਪਰੰਤ ਉਚੇਰੀ ਵਿੱਦਿਆ ਲਈ ਖਾਲਸਾ ਨੈਸ਼ਨਲ ਹਾਈ ਸਕੂਲ, ਲੁਧਿਆਣਾ ਵਿਖੇ ਦਾਖਲ ਹੋਏ।ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ’ਚ ਸਕੂਲ ਦੀ ਪੜ੍ਹਾਈ ਸਮੇਂ ਜਥੇਦਾਰ ਅਵਤਾਰ ਸਿੰਘ ਨੇ ਵਜੀਫਾ ਪ੍ਰਾਪਤ ਕੀਤਾ। ਐਫ.ਐਸ.ਸੀ. (ਨਾਨ ਮੈਡੀਕਲ) ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਤੋਂ ਕਰਨ ਉਪਰੰਤ ਇਨ੍ਹਾਂ ਨੂੰ ਭਾਰਤੀ ਜੀਵਨ ਬੀਮਾ ਨਿਗਮ ’ਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ 1970 ਈ: ’ਚ ਉਚੇਰੀ ਪਦਵੀ ਤੋਂ ਸੇਵਾ ਮੁਕਤ ਹੋਏ।

ਜਥੇਦਾਰ ਅਵਤਾਰ ਸਿੰਘ ਜੀ ਦਾ ਅਨੰਦ ਕਾਰਜ ਬੀਬੀ ਮਹਿੰਦਰ ਕੌਰ ਨਾਲ 1961 ਈ: ’ਚ ਲੁਧਿਆਣਾ ਵਿਖੇ ਹੋਇਆ। ਇਨ੍ਹਾਂ ਦੇ ਘਰ ਤਿੰਨ ਸਪੁੱਤਰਾਂ ਤੇ ਇੱਕ ਸਪੁੱਤਰੀ ਨੇ ਜਨਮ ਲਿਆ ਜੋ ਆਪੋ-ਆਪਣੇ ਕਾਰੋਬਾਰਾਂ ’ਚ ਮਸਰੂਫ਼ ਹਨ। ਬਚਪਨ ਤੋਂ ਹੀ ਧਾਰਮਿਕ ਰੁਚੀ ਤੇ ਸਿੱਖ ਵਿਚਾਰਧਾਰਾ ਦੀ ਸੂਝ ਤੇ ਸਮਝ ਹੋਣ ਕਰਕੇ ਧਾਰਮਿਕ ਕਾਰਜਾਂ ਨੂੰ ਸਮਰਪਿਤ ਭਾਵਨਾ ਨਾਲ ਕਰਦੇ ਹਨ। ਇਨ੍ਹਾਂ ਨੇ 1979 ਤੋਂ 1988 ਈ: ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਮਿਲਰਗੰਜ, ਲੁਧਿਆਣਾ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ। ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਦਾ ਨਿਰਮਾਣ ਕਾਰਜ ਇਨ੍ਹਾਂ ਨੇ 1985 ਈ: ’ਚ ਕਰਵਾਇਆ ਹੁਣ ਜਿਸ ਆਦਰਸ਼ਕ ਪ੍ਰਬੰਧ ਇਕ ਮਿਸਾਲ ਹੈ। ਜਥੇਦਾਰ ਅਵਤਾਰ ਸਿੰਘ ਜੀ ਲੱਗਭਗ 30 ਸਾਲ ਤੋਂ ਗੁਰਦੁਆਰਾ ਪ੍ਰਬੰਧ ਤੇ ਸੇਵਾ ਨਾਲ ਨਿਰੰਤਰ ਜੁੜੇ ਹੋਏ ਹਨ। ਗੁਰੂ-ਘਰ ਦੀ ਸੇਵਾ ਤੋਂ ਇਲਾਵਾ ਇਨ੍ਹਾਂ ਨੇ ਗੁਰੂ ਨਾਨਕ ਮਾਰਕੀਟ ਲੁਧਿਆਣਾ ਦਾ ਨਿਰਮਾਣ ਕਾਰਜ ਕਰਵਾਇਆ ਅਤੇ ਗੁਰਮਤਿ ਗਿਆਨ ਤੇ ਵਿੱਦਿਆ ਦੇ ਪਸਾਰ ਲਈ 1999 ਈ: ’ਚ ਖਾਲਸਾ ਪੰਥ ਦੇ 300 ਸਾਲਾ ਸਿਰਜਣਾ ਦਿਵਸ ਸਮੇਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੀ ਅਰੰਭਤਾ ਕੀਤੀ ਜੋ ਵਿਕਾਸ ਕਰ ਸੀਨੀਅਰ ਸੈਕੰਡਰੀ ਸਕੂਲ ਵਜੋਂ ਨਾਮਣਾ ਖੱਟ ਰਿਹਾ ਹੈ।

ਜਥੇਦਾਰ ਅਵਤਾਰ ਸਿੰਘ ਜੀ ਧਾਰਮਿਕ, ਸਮਾਜਿਕ, ਰਾਜਨੀਤਿਕ ਗਤੀਵਿਧੀਆਂ ਦੀ ਲਗਨ ਸਦਕਾ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਵਾਂਗ ਵਿਚਰਦੇ ਹਨ। ਇਨ੍ਹਾਂ ਵੱਲੋਂ ਪੰਥਕ ਸੇਵਾਵਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਕਰਕੇ ਕਈ ਵਾਰ ਜੇਲ੍ਹ ਯਾਤਰਾ ਵੀ ਕਰਨੀ ਪਈ ਪਰ ਇਨ੍ਹਾਂ ਪੰਥਕ ਸੇਵਾ ਤੋਂ ਕਦੇ ਮੁਖ ਨਹੀਂ ਮੋੜਿਆ। ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਸਧਾਰਨ ਮੈਂਬਰ ਤੋਂ ਸੇਵਾ ਅਰੰਭ ਕਰਕੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪਦਵੀ ਦਾ ਸਫਰ, ਸਫਲਤਾ ਸਹਿਤ ਸਫਲਾ ਕੀਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਆਮ ਚੋਣਾਂ 2004 ਈ: ਵਿਚ ਹੋਈਆਂ ਤਾਂ ਜਥੇਦਾਰ ਅਵਤਾਰ ਸਿੰਘ ਲੁਧਿਆਣਾ ਪੱਛਮੀ ਹਲਕੇ ਤੋਂ ਪੰਥਕ ਟਿਕਟ ’ਤੇ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੇ ਗਏ। ਇੱਕ ਸਾਲ ਬਾਅਦ 23 ਅਕਤੂਬਰ, 2005 ਦਾ ਦਿਨ ਇਨ੍ਹਾਂ ਦੀ ਜ਼ਿੰਦਗੀ ਦਾ ਇਤਿਹਾਸਿਕ ਦਿਨ ਹੋ ਨਿਬੜਿਆ ਜਦ ਇਨ੍ਹਾਂ ਨੂੰ ਪਹਿਲੀ ਵਾਰ ਸਰਬ-ਸੰਮਤੀ ਨਾਲ ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ ਜਾਣ ਦਾ ਮਾਣ ਹਾਸਿਲ ਹੋਇਆ। ਕੇਵਲ ਇੱਕ ਸਾਲ ਮੈਂਬਰ ਸ਼੍ਰੋਮਣੀ ਕਮੇਟੀ ਰਹਿਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਪਦਵੀ ’ਤੇ ਬਿਰਾਜਮਾਨ ਹੋਣਾ ਜਥੇਦਾਰ ਅਵਤਾਰ ਸਿੰਘ ’ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਬਖ਼ਸ਼ਿਸ਼ ਹੀ ਕਹੀ ਜਾ ਸਕਦੀ ਹੈ। ਗੁਰੂ ਦਰ-ਘਰ ਤੋਂ ਵਰੋਸਾਏ ਜਥੇਦਾਰ ਅਵਤਾਰ ਸਿੰਘ ਜੀ ਨੂੰ ਪ੍ਰਧਾਨਗੀ ਪਦਵੀ ’ਤੇ ਬਿਰਾਜਮਾਨ ਹੋਣ ਦਾ ਪੰਜਵੀਂ ਵਾਰ ਨਿਰੰਤਰ ਮਾਣ-ਸਤਿਕਾਰ ਹਾਸਲ ਹੋਇਆ। ਜਥੇਦਾਰ ਅਵਤਾਰ ਸਿੰਘ ਸਵੀਕਾਰਦੇ ਹਨ ਕਿ ਮੈਨੂੰ ਇਹ ਪਦਵੀ ਗੁਰੂ ਬਖ਼ਸ਼ਿਸ਼ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਫ਼ਾਦਾਰੀ ਤੇ ਸਮਰਪਿਤ ਭਾਵਨਾ ਕਰਕੇ ਪ੍ਰਾਪਤ ਹੋਈ ਤੇ ਕਰਤਾ ਪੁਰਖ ਵਾਹਿਗੁਰੂ ਹੀ ਮੇਰੇ ਪਾਸੋਂ ਪੰਥਕ ਸੇਵਾ ਸਫਲੀ ਕਰਵਾ ਰਿਹਾ ਹੈ।

ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਰਤਨ-ਪਰੰਪਰਾ ਤੇ ਮਰਯਾਦਾ ਦੀ ਪੂਰਨ ਸੂਝ-ਬੂਝ ਹੈ। ਉਨ੍ਹਾਂ ਨੇ ਪ੍ਰਧਾਨਗੀ ਪਦਵੀ ਸੰਭਾਲਦਿਆਂ ਹੀ ਸ੍ਰੀ ਹਰਿਮੰਦਰ ਸਾਹਿਬ ’ਚ ਪੁਰਾਤਨ ਕੀਰਤਨ ਪਰੰਪਰਾ ਨੂੰ ਬਹਾਲ ਕਰਨ ਲਈ ਤੰਤੀ ਸਾਜਾਂ ਨਾਲ ਕੀਰਤਨ ਅਰੰਭ ਕਰਵਾਇਆ। ਨਸ਼ਿਆਂ, ਪਤਿਤਪੁਣੇ ਤੇ ਭਰੂਣ-ਹੱਤਿਆ ਆਦਿ ਸਮਾਜਿਕ ਬੁਰਾਈਆਂ ਦੇ ਵਿਰੁੱਧ ਤੇ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਲਹਿਰ ਅਰੰਭ ਕੀਤੀ।ਅੰਮ੍ਰਿਤ ਛਕੋ ਲਹਿਰ ਚਲਾ ਕੇ ਹਰ ਪ੍ਰਾਂਤ ’ਚ ਅੰਮ੍ਰਿਤ-ਸੰਚਾਰ ਸਮਾਗਮ ਕਰਵਾਏ। ਇਕੱਲੇ ਜੰਮੂ ਕਸ਼ਮੀਰ ’ਚ ਹੀ 30 ਹਜ਼ਾਰ ਤੋਂ ਵਧੇਰੇ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾਇਆ।

ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਾਸਤੇ ਜਥੇਦਾਰ ਅਵਤਾਰ ਸਿੰਘ ਨੇ ਜਿੰਨਾ ਦੇਸ਼-ਵਿਦੇਸ਼ ’ਚ ਸਫਰ ਕੀਤਾ ਹੈ ਉਹ ਵੀ ਇਕ ਕੀਰਤੀਮਾਨ ਹੈ। ਸਰੀਰਿਕ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਉਹ ਹਰ ਧਾਰਮਿਕ ਸਮਾਗਮ ਸਮੇਂ ਪਹੁੰਚਣ ਲਈ ਯਤਨਸ਼ੀਲ ਹੁੰਦੇ ਹਨ। ਇਨ੍ਹਾਂ ਦੇ ਉੱਦਮ ਉਤਸ਼ਾਹ ਸਦਕਾ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਿੱਖ-ਮਿਸ਼ਨ ਸਥਾਪਿਤ ਹੋਏ ਹਨ। ਜਥੇਦਾਰ ਅਵਤਾਰ ਸਿੰਘ ਜੀ ਦੇ ਪ੍ਰਧਾਨਗੀ ਕਾਰਜਕਾਲ ਸਮੇਂ ਸਿੱਖ ਮਿਸ਼ਨ ਜੰਮੂ, ਸਿੱਖ ਮਿਸ਼ਨ ਦਿੱਲੀ, ਸਿੱਖ ਮਿਸ਼ਨ ਹੈਦਰਾਬਾਦ, ਸਿੱਖ ਮਿਸ਼ਨ ਕਾਸ਼ੀਪੁਰ, ਉਤਰਾਖੰਡ; ਸਿੱਖ ਮਿਸ਼ਨ ਰਾਏਪੁਰ, ਛੱਤੀਸਗੜ੍ਹ; ਸਿੱਖ ਮਿਸ਼ਨ ਗੰਗਾ ਨਗਰ, ਰਾਜਸਥਾਨ; ਸਿੱਖ ਮਿਸ਼ਨ, ਗੁਰਦੁਆਰਾ ਪਲਾਹ ਸਾਹਿਬ ਹਿਮਾਚਲ; ਸਿੱਖ ਮਿਸ਼ਨ ਇੰਦੋਰ ਆਦਿ ਸਥਾਪਿਤ ਕੀਤੇ ਗਏ । ਧਰਮ ਪ੍ਰਚਾਰ ਲਹਿਰ ਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਅਰੰਭ ਕੀਤੀਆਂ ਗਈਆਂ ਜੋ ਸਫਲਤਾ ਪੂਰਵਕ ਚਲ ਰਹੀਆਂ ਹਨ। ਅੰਮ੍ਰਿਤ ਸੰਚਾਰ, ਨਗਰ ਕੀਰਤਨ, ਢਾਡੀ ਦਰਬਾਰ, ਪਾਠ ਬੋਧ ਸਮਾਗਮਾਂ, ਰਾਗਾਂ ਅਧਾਰਿਤ ਕੀਰਤਨ ਦਰਬਾਰ, ਮੈਡੀਕਲ ਕੈਂਪਾਂ, ਵਿਦਿਆਰਥੀ ਕੈਂਪਾਂ, ਗ੍ਰੰਥੀ ਤੇ ਪਾਠੀ ਸਿੰਘਾਂ ਦੇ ਕੈਂਪ ਲਗਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ।

ਜਥੇਦਾਰ ਅਵਤਾਰ ਸਿੰਘ ਜੀ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਗੁਰੂ-ਪੰਥ ਨਾਲ ਸੰਬੰਧਿਤ ਸ਼ਤਾਬਦੀਆਂ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚੌਥੀ ਸ਼ਹੀਦੀ ਸ਼ਤਾਬਦੀ 16 ਜੂਨ, 2006, ਸ੍ਰੀ ਅਕਾਲ ਤਖਤ ਸਾਹਿਬ ਦਾ 400 ਸਾਲਾ ਸਿਰਜਣਾ ਦਿਵਸ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਸੰਪੂਰਨਤਾ ਦਿਵਸ, ਬਾਬਾ ਬੁੱਢਾ ਜੀ ਦੀ ਜਨਮ ਸ਼ਤਾਬਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਸ਼ਤਾਬਦੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਫਤਿਹ ਦਿਵਸ ਦੀ ਸ਼ਤਾਬਦੀ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਸ਼ਹੀਦ ਬਾਬਾ ਦੀਪ ਸਿੰਘ ਨਿਵਾਸ, ਪ੍ਰਬੰਧਕੀ ਬਲਾਕ ਤੇ ਐਨ.ਆਰ.ਆਈ ਨਿਵਾਸ ਨਿਰਮਾਣ ਕਾਰਜ ਤੋਂ ਇਲਾਵਾ ਅਨੇਕਾਂ ਸਕੂਲਾਂ, ਕਾਲਜਾਂ ਦਾ ਉਦਘਾਟਨ ਕਰਨ ਦਾ ਸੁਭਾਗ ਵੀ ਜਥੇਦਾਰ ਅਵਤਾਰ ਸਿੰਘ ਜੀ ਨੂੰ ਪ੍ਰਾਪਤ ਹੋਇਆ। ਇਨ੍ਹਾਂ ਨੇ ਭਾਰਤ ਸਰਕਾਰ, ਵੱਖ-ਵੱਖ ਦੇਸ਼ਾਂ ਦੇ ਦੂਤ-ਘਰਾਂ ਤੇ ਯੂ.ਐਨ.ਓ. ਤਕ ਪੱਤਰ ਲਿਖ ਕੇ ਸਿੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ।

ਜਥੇਦਾਰ ਅਵਤਾਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਅਰੰਭੇ ਕਾਰਜਾਂ ਨੂੰ ਸੰਪੂਰਨ ਕਰਵਾਇਆ ਗਿਆ। ਦੋ ਸਾਲਾ ਪੱਤਰ ਵਿਹਾਰ ਕੋਰਸ, ਧਰਮ ਪ੍ਰਚਾਰ ਲਹਿਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਅਰੰਭਤਾ, ਡਾਇਰੈਕਟੋਰੇਟ ਆਫ ਐਜੂਕੇਸ਼ਨ ਸਥਾਪਿਤ ਕਰਨਾ, ਗੁਰਮਤਿ ਸਾਹਿਤ ਦੀ ਛਪਾਈ ਲਈ ਗੋਲਡਨ ਆਫਸੈੱਟ ਪ੍ਰੈੱਸ ਦਾ ਵਿਸਥਾਰ, ਨਵੀਂ ਕਰੋੜਾਂ ਰੁਪਇਆਂ ਵਾਲੀ ਆਧੁਨਿਕ ਮਸ਼ੀਨ, ਵਿਰਸੇ ਤੇ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ, ਦਰਸ਼ਨ ਇਸ਼ਨਾਨ ਲਈ ਆਈਆਂ ਸੰਗਤਾਂ ਵਾਸਤੇ ਨਿਵਾਸ ਤੇ ਸਹੂਲਤਾਂ, ਹਿਸਾਬ ਕਿਤਾਬ ਨੂੰ ਪਾਰਦਰਸ਼ੀ ਕਰਨਾ, ਸ਼੍ਰੋਮਣੀ ਕਮੇਟੀ ਆਡਿਟ ਨੂੰ ਮੁਕੰਮਲ ਕਰਾਉਣਾ, ਸ੍ਰੀ ਹਰਿਮੰਦਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਾਲੀ ਟੱਚ ਸਕਰੀਨ, ਕੰਪਿਊਟਰ ਲਗਾਉਣੇ ਆਦਿ ਇਤਿਹਾਸਿਕ ਮਹੱਤਤਾ ਵਾਲੇ ਕਾਰਜ ਜਥੇਦਾਰ ਅਵਤਾਰ ਸਿੰਘ ਨੇ ਕਰਵਾਏ।

10 ਮਾਰਚ, 1945 ਨੂੰ ਜਨਰਲ ਇਕੱਤਰਤਾ ਸਮੇਂ ਪਹਿਲੀ ਵਾਰ ਸਿੱਖ ਯੂਨੀਵਰਸਿਟੀ ਦੀ ਲੋੜ ’ਤੇ ਕਾਇਮੀ ਵਾਸਤੇ ਮਤਾ ਕੀਤਾ ਗਿਆ ਸੀ। ਜਥੇਦਾਰ ਅਵਤਾਰ ਸਿੰਘ ਨੂੰ ਇਹ ਮਾਣ ਹਾਸਲ ਹੈ ਕਿ ਉਹ ਪਹਿਲਾਂ ਹੋਏ ਮਤਿਆਂ ਨੂੰ ਅਮਲ ’ਚ ਲਿਆਉਣ ’ਚ ਕਾਮਯਾਬ ਹੋਏ। ਪਹਿਲੀ ਸਤੰਬਰ, 2008 ਨੂੰ ਸ. ਪਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ, ਪੰਜਾਬ ਤੇ ਜਥੇਦਾਰ ਅਵਤਾਰ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਦਾ ਮਾਣ ਸਤਿਕਾਰ ਹਾਸਲ ਹੋਇਆ। ਜਥੇਦਾਰ ਅਵਤਾਰ ਸਿੰਘ ਨੂੰ 800 ਸਾਲ ਪੁਰਾਣੀ ਵਿਸ਼ਵ ਪ੍ਰਸਿੱਧ ਕੈਂਬਰਿਜ ਯੂਨੀਵਰਸਿਟੀ, ਲੰਡਨ ਨਾਲ 21 ਜੁਲਾਈ, 2009 ਨੂੰ ਸਮਝੌਤਾ ਕਰਨ ਦਾ ਮਾਣ ਪ੍ਰਾਪਤ ਹੋਇਆ,ਜਿਸ ਵਿਚ ਹਰ ਸਾਲ 5 ਸਿੱਖ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਵਜੀਫੇ ਦਿੱਤੇ ਜਾਣਗੇ।ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਇੰਸਜ਼ ਐਂਡ ਰੀਸਰਚ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪੈਰੀਂ ਖੜ੍ਹੇ ਕਰਨ ’ਚ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਰੁਚੀ ਲਈ। ਇਨ੍ਹਾਂ ਦੇ ਯਤਨਾਂ ਸਦਕਾ ਐਮ. ਬੀ. ਬੀ. ਐਸ. ਦੇ ਵਿਦਿਆਰਥੀਆਂ ਦੀਆਂ ਸੀਟਾਂ ਵਧ ਕੇ 50 ਤੋਂ 100 ਅਤੇ ਪੀ.ਜੀ. ਦੇ ਵਿਦਿਆਰਥੀਆਂ ਦੀਆਂ ਸੀਟਾਂ ਦੀ ਗਿਣਤੀ 9 ਤੋਂ 43 ਹੋ ਗਈ ਹੈ। ਘੱਟ-ਗਿਣਤੀ ਕੋਟੇ ਦੀ ਬਹਾਲੀ ਵੀ ਇਨ੍ਹਾਂ ਦੇ ਸਮੇਂ ਹੀ ਹੋਈ। ਸਤਿਕਾਰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੀ ਇਕਸਾਰਤਾ ਤੇ ਇਕਸੁਰਤਾ ਨੂੰ ਬਣਾਈ ਰੱਖਣ ਤੇ ਸਤਿਕਾਰਤ ਪਵਿੱਤਰ ਸਰੂਪਾਂ ਦੇ ਵਪਾਰੀਕਰਨ ਨੂੰ ਰੋਕਣ ਲਈ ਜਥੇਦਾਰ ਅਵਤਾਰ ਸਿੰਘ ਜੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਕਾਨੂੰਨ ਪਾਸ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਪ੍ਰਕਾਸ਼ਿਤ ਨਹੀਂ ਕਰ ਸਕੇਗਾ।

ਕੇਂਦਰੀ ਸਿੱਖ ਅਜਾਇਬ-ਘਰ ’ਚ 20ਵੀਂ ਸਦੀ ਦੇ ਮਹਾਨ ਸਿੱਖ ਪ੍ਰਚਾਰਕ ਤੇ ਜਰਨੈਲ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਤਸਵੀਰ ਸੁਸ਼ੋਭਿਤ ਕਰਨ ਦਾ ਸੁਭਾਗ ਵੀ ਜਥੇਦਾਰ ਅਵਤਾਰ ਸਿੰਘ ਜੀ ਨੂੰ ਹੀ ਪ੍ਰਾਪਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਵ-ਪ੍ਰਵਾਨਿਤ ਟੀਕਾ ਤਿਆਰ ਕਰਨ ਲਈ ਨਵੇਂ ਖੋਜ-ਕੇਂਦਰ ਦੀ ਸਥਾਪਨਾ ਕੀਤੀ ਗਈ।

ਪ੍ਰਧਾਨ ਸਾਹਿਬ ਦੇ ਸੁਹਿਰਦ ਯਤਨਾ ਸਦਕਾ ਹੀ ਇਤਿਹਾਸਿਕ ਸਿੱਖ ਇਮਾਰਤਾਂ ਤੇ ਵਿਰਸੇ ਨੂੰ ਸੰਭਾਲਣ ਲਈ ਵਿਸ਼ੇ ਮਾਹਰਾਂ ਨਾਲ ਸੰਪਰਕ ਕਰ ਕੇ ਵਿਰਾਸਤੀ ਇਮਾਰਤਾਂ ਨੂੰ ਹੂ-ਬ-ਹੂ ਸੰਭਾਲਣ ਦਾ ਕਾਰਜ ਅਰੰਭਿਆ ਗਿਆ, ਜਿਸ ਤਹਿਤ ਦਰਸ਼ਨੀ ਡਿਉੜੀ ਸ੍ਰੀ ਹਰਿਮੰਦਰ ਸਾਹਿਬ, ਬੁੰਗਾ ਰਾਮਗੜੀਆ, ਗੁਰਦੁਆਰਾ ਬਾਬਾ ਅਟੱਲ ਰਾਇ ਜੀ, ਬਾਰਾਂਦਰੀ ਆਦਿ ਦੀ ਸੰਭਾਲ ਕੀਤੀ ਜਾ ਰਹੀ ਹੈ। ਦੀਵਾਨ ਟੋਡਰ ਮੱਲ ਦੀ ਇਤਿਹਾਸਿਕ ਜਹਾਜ਼ ਹਵੇਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਲਈ ਗਈ ਹੈ, ਜਿਸ ਨੂੰ ਸੰਭਾਲਿਆ ਜਾਵੇਗਾ। ਵਾਤਾਵਰਨ ’ਚ ਆ ਰਹੀ ਤਬਦੀਲੀ ਸਮੁੱਚੀ ਮਾਨਵਤਾ ਵਾਸਤੇ ਘਾਤਕ ਸਾਬਤ ਹੋ ਰਹੀ ਹੈ। ਵਾਤਾਵਰਨ ਦੇ ਸਮਤੋਲ ਨੂੰ ਬਣਾਈ ਰੱਖਣ ’ਚ ਦਰੱਖਤ ਸਭ ਤੋਂ ਵੱਧ ਸਹਾਇਕ ਹਨ। ਇਨ੍ਹਾਂ ਦੀ ਸੁਚੱਜੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਨੇ ਇਸ ਕਾਰਜ ’ਚ ਵਡਮੁੱਲਾ ਯੋਗਦਾਨ ਪਾਇਆ ਤੇ ਪਾ ਰਹੀ ਹੈ।

ਪ੍ਰਧਾਨ ਸਾਹਿਬ ਦੇ ਨਿਰਦੇਸ਼ਾਂ ’ਤੇ ਸਿੱਖ ਇਤਿਹਾਸ ਰੀਸਰਚ ਬੋਰਡ ਦਾ ਨਵੀਨੀਕਰਨ ਕੀਤਾ ਗਿਆ। ਪੁਰਾਤਨ ਵਡਮੁੱਲੇ ਸਾਹਿਤ ਨੂੰ ਸੰਭਾਲਣ ਲਈ ਫਿਊਮੀਗ੍ਰੇਸ਼ਨ ਚੈਂਬਰ ਸਥਾਪਿਤ ਕੀਤਾ ਗਿਆ ਅਤੇ ਹੱਥ-ਲਿਖਤ ਪਾਵਨ ਬੀੜਾਂ ਤੇ ਦੁਰਲੱਭ ਪੁਸਤਕਾਂ ਦੀ ਸੰਭਾਲ ਲਈ ਡਿਜ਼ੀਟਲਾਈਜ਼ੇਸ਼ਨ ਕਰਵਾਈ ਜਾ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ-ਇਸ਼ਨਾਨ ਵਾਸਤੇ ਆਈਆਂ ਸੰਗਤਾਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ, ਏਅਰ ਪੋਰਟ ਤੇ ਬੱਸ ਸਟੈਂਡ ਤੋਂ ਫ੍ਰੀ ਬੱਸ ਸੇਵਾਵਾਂ ’ਚ ਵਾਧਾ ਕੀਤਾ ਗਿਆ ਅਤੇ ਨੇੜਲੇ ਇਤਿਹਾਸਿਕ ਅਸਥਾਨਾਂ ਦੇ ਦਰਸ਼ਨਾਂ ਵਾਸਤੇ ਦੋ ਬੱਸਾਂ ਦੀ ਸੇਵਾ ਅਰੰਭ ਕੀਤੀ ਗਈ।

ਨਾਮਵਰ ਸਿੱਖ ਸ਼ਖ਼ਸੀਅਤਾਂ ਤੇ ਵਿਦਵਾਨਾਂ ਜਿਵੇਂ, ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਨੂੰ ਪੰਥ-ਰਤਨ ਦੀ ਉਪਾਧੀ, ਡਾ. ਰਘਬੀਰ ਸਿੰਘ (ਬੈਂਸ), ਉੱਘੇ ਕਾਨੂੰਨਦਾਨ ਸ. ਹਰਦੇਵ ਸਿੰਘ ਮੱਤੇਵਾਲ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ, ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ, ਪ੍ਰਿੰ. ਕਰਤਾਰ ਸਿੰਘ, ਸ. ਪਵਿਤ ਸਿੰਘ ਆਦਿ ਦਾ ਵਿਸ਼ੇਸ਼ ਸਨਮਾਨ ਤੇ ਸਤਿਕਾਰ ਕਰਨ ਦਾ ਸੁਭਾਗ ਵੀ ਜਥੇਦਾਰ ਅਵਤਾਰ ਸਿੰਘ ਜੀ ਨੂੰ ਪ੍ਰਾਪਤ ਹੋਇਆ ।ਜਥੇਦਾਰ ਅਵਤਾਰ ਸਿੰਘ ਨੇ ਜੂਨ,1984 ’ਚ ਸ੍ਰੀ ਦਰਬਾਰ ਸਾਹਿਬ ਤੇ ਹੋਰ ਧਾਰਮਿਕ ਅਸਥਾਨਾਂ ’ਤੇ ਵਾਪਰੇ ਘੱਲੂਘਾਰੇ ਸਮੇਂ ਧਰਮੀ ਫੌਜੀਆਂ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਸਨ, ਨੂੰ ਸੇਵਾ ਤੇ ਸਹਾਇਤਾ ਦੇਣ ’ਚ ਖੁੱਲ੍ਹਦਿਲੀ ਦਿਖਾਈ।ਇਨ੍ਹਾਂ ਨੇ ਜੋਧਪੁਰ ਦੇ ਨਜ਼ਰਬੰਦੀਆਂ ਦੀ ਵੀ ਹਰ ਸੰਭਵ ਸਹਾਇਤਾ ਕੀਤੀ।

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ, ਅਖੌਤੀ ਡੇਰਾ ਸੱਚਾ ਸੌਦਾ, ਮਾਲਵੇ ਦੇ ਹਰਿਮੰਦਰ (ਮਸਤੂਆਣੇ), ਪ੍ਰੋ. ਦਰਸ਼ਨ ਸਿੰਘ, ਨਾਨਕਸ਼ਾਹੀ ਕੈਲੰਡਰ, ਭਗਤ ਰਵਿਦਾਸ ਜੀ ਦੇ ਪੈਰੋਕਾਰਾਂ, ਆਸ਼ੂਤੋਸ਼ ਦੇ ਚੇਲਿਆਂ ਆਦਿ ਮਸਲਿਆਂ ਨੂੰ ਵੀ ਸੁਲਝਾਉਣ ’ਚ ਵੀ ਕਾਫ਼ੀ ਯਤਨਸ਼ੀਲ ਰਹੇ। ਵਿਸ਼ਵ ਵਿਆਪੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ, ਸਿੱਖਾਂ ਦੀ ਦਸਤਾਰ, ਕੇਸਾਂ, ਕਿਰਪਾਨ ਤੇ ਪਤਿਤਪੁਣਾ, ਭਰੂਣ ਹੱਤਿਆ, ਹਰਿਆਣਾ ਦੀ ਵੱਖਰੀ ਕਮੇਟੀ ਦੇ ਮਸਲੇ ਵਿਰੁੱਧ ਉਚੇਚੇ ਤੌਰ ’ਤੇ ਲਹਿਰ ਚਲਾਈ ਤੇ ਵਿਦੇਸ਼ੀ ਦੂਤਘਰਾਂ ਦਾ ਘਿਰਾਉ ਤਕ ਖੁਦ ਕੀਤਾ।

ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਪ੍ਰਚਾਰ ਦੌਰੇ ਕਰਨ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਪਾਕਿਸਤਾਨ ਆਦਿ ਦੇਸ਼ਾਂ ’ਚ ਜਾਣ ਦਾ ਅਵਸਰ ਵੀ ਪ੍ਰਾਪਤ ਹੋਇਆ। ਹਊਮੈ-ਹੰਕਾਰ ਤੋਂ ਰਹਿਤ ਸਾਫ-ਦਿਲ, ਮਿਲਣਸਾਰ, ਸ਼ਰਧਾ- ਭਾਵਨਾ ਨਾਲ ਭਰਪੂਰ ਜਥੇਦਾਰ ਅਵਤਾਰ ਸਿੰਘ ਨੂੰ ਧਾਰਮਿਕ ਮਾਮਲਿਆਂ ਦੀ ਸੂਖਮ ਸੂਝ ਤੇ ਸਮਝ ਹੈ। ਅੱਜਕੱਲ੍ਹ ਜਥੇਦਾਰ ਅਵਤਾਰ ਸਿੰਘ 407 ਏ, ਮਾਡਲ ਟਾਉਨ ਐਕਸਟੈਨਸ਼ਨ, ਲੁਧਿਆਣਾ ਵਿਖੇ ਆਪਣੇ ਬੱਚਿਆਂ ਸਮੇਤ ਨਿਵਾਸ ਰੱਖ ਰਹੇ ਹਨ । ਗੁਰੂ ਕਰੇ ਇਹ ਸਿਹਤਯਾਬ ਰਹਿਣ ਤੇ ਕੌਮ ਦੀ ਨਿਰੰਤਰ ਸੇਵਾ ਕਰਦੇ ਰਹਿਣ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)