‘ਹੋਲਾ ਮਹੱਲਾ’ ਸਿੱਖਾਂ ਦਾ ਇਕ ਅਹਿਮ ਦਿਹਾੜਾ ਹੈ ਜੋ ਕਿ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਸਿੱਖ ਹੋਲੀ ਦੇ ਪਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ ਕਿਉਂਕਿ ਲੋਕਾਂ ਨੇ ਇਕ-ਦੂਜੇ ’ਤੇ ਰੰਗ, ਗੰਦ-ਮੰਦ ਸੁੱਟਣ, ਖਰੂਦ ਮਚਾਉਣ, ਸ਼ਰਾਬ ਪੀਣ, ਮੰਦਾ ਬੋਲਣ ਆਦਿ ਘਟੀਆ ਹਰਕਤਾਂ ਨੂੰ ਹੋਲੀ ਦਾ ਅੰਗ ਸਮਝ ਛੱਡਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਵੇਂ ਤਰੀਕੇ ਨਾਲ ਮਨਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਅਣਖ ਨੂੰ ਜਗਾ ਕੇ, ਉਨ੍ਹਾਂ ਦੇ ਮਨਾਂ ਅੰਦਰ ਚੜ੍ਹਦੀ ਕਲਾ ਦਾ ਅਹਿਸਾਸ ਪੈਦਾ ਕਰਨ ਲਈ, ਹੋਲੀ ਨੂੰ ‘ਹੋਲੇ ਮਹੱਲੇ’ ਦੇ ਰੂਪ ਵਿਚ ਮਨਾਉਣ ਦੀ ਰੀਤ ਚਲਾਈ। ਚੇਤ ਵਦੀ ਏਕਮ, ਸੰਮਤ 1757 (1700 ਈ:) ਨੂੰ ਦਸਮ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਹੋਲਗੜ੍ਹ’ ਦੇ ਸਥਾਨ ’ਤੇ ਪਹਿਲੀ ਵਾਰ ‘ਹੋਲਾ ਮਹੱਲਾ’ ਮਨਾਇਆ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਦਸਮੇਸ਼ ਪਿਤਾ ਨੇ ‘ਹੋਲੇ ਮਹੱਲੇ’ ਨੂੰ ਸੁਤੰਤਰ ਸਿੱਖ ਸੋਚ ਅਨੁਸਾਰ ਮਨਾਉਣ ਦਾ ਅਰੰਭ ਖਾਲਸਾ ਪੰਥ ਦੀ ਸਿਰਜਣਾ ਤੋਂ ਤੁਰੰਤ ਬਾਅਦ ਕੀਤਾ ਤਾਂ ਕਿ ਖੁਦ-ਮੁਖਤਿਆਰ ਖਾਲਸਾ, ਆਪਣੀ ਵਿਲੱਖਣ ਹੋਂਦ-ਹਸਤੀ ਅਨੁਸਾਰ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਦਿਨ-ਦਿਹਾਰ ਵਿਲੱਖਣ ਤੇ ਨਿਰਾਲੇ ਰੂਪ ਵਿਚ ਮਨਾ, ਆਪਣੀ ਸੁਤੰਤਰ ਹੋਂਦ ਤੇ ਨਿਆਰੇਪਨ ਦਾ ਪ੍ਰਗਟਾਵਾ ਕਰ ਸਕੇ। ਗੁਰਦੇਵ ਦਾ ਆਸ਼ਾ ਪੰਜਾਬੀਆਂ ਦੇ ਮਨਾਂ ਵਿੱਚੋਂ ਗ਼ੁਲਾਮੀ ਦੇ ਅੰਸ਼ ਨੂੰ ਮੂਲੋਂ ਹੀ ਖ਼ਤਮ ਕਰਨਾ ਸੀ ਤਾਂ ਕਿ ਉਹ ਸੋਚ-ਵਿਚਾਰ ਤੇ ਵਿਵਹਾਰ ਵਿਚ ਸੁਤੰਤਰ ਹੋ ਕੇ ਵਿਚਰ ਸਕਣ।
700 ਸਾਲਾਂ ਤੋਂ ਗ਼ੁਲਾਮ, ਨਿਰਬਲ, ਨਿਤਾਣੀ, ਸਾਹਸਹੀਣ ਤੇ ਗ਼ੁਲਾਮ ਮਾਨਸਿਕਤਾ ਦੇ ਆਦੀ ਹੋ ਚੁੱਕੇ ਭਾਰਤੀਆਂ ਵਿਚ ਜਬਰ-ਜ਼ੁਲਮ ਦੇ ਖ਼ਿਲਾਫ਼ ਲੜਨ- ਮਰਨ ਦੀ ਸ਼ਕਤੀ ਭਰਨ ਲਈ ਗੁਰਦੇਵ-ਪਿਤਾ ਵੱਲੋਂ ਚੁੱਕਿਆ ਗਿਆ ਇਹ ਇਤਿਹਾਸਿਕ ਇਨਕਲਾਬੀ ਕਦਮ ਸੀ। ਹੋਲੀ ਭਾਰਤ ਦਾ ਮੌਸਮੀ ਤਿਉਹਾਰ ਹੈ ਜੋ ਬਸੰਤ-ਬਹਾਰ ਦੀ ਆਗਮਨ ਦੀ ਖੁਸ਼ੀ ਵਿਚ ਮਨਾਉਣਾ ਸ਼ੁਰੂ ਹੋਇਆ। ਪੋਖ ਤੁਖਾਰ ਦੇ ਮੌਸਮ ਕਾਰਨ ਸਾਰੇ ਪਾਸੇ ਵੈਰਾਨਗੀ ਤੇ ਪੱਤਝੜ ਹੁੰਦੀ ਹੈ। ਮੌਸਮ ਦੇ ਬਦਲ ਜਾਣ ਨਾਲ ਸਾਰੀ ਕੁਦਰਤ ਆਪਣੇ ਨਵੇਂ ਨਿਵੇਕਲੇ ਰੰਗ ਵਿਚ ਰੰਗੀ ਜਾਂਦੀ ਹੈ। ਕੁਦਰਤੀ ਪੁੰਗਾਰ, ਸੁਹੱਪਣ ਤੇ ਮੌਸਮੀ ਰੰਗਾਂ ਦਾ ਰੰਗ ਮਾਨਣ ਤੇ ਕੁਦਰਤ ਦੇ ਮੌਲਣ ਨੂੰ ਖੁਸ਼ਆਮਦੀਦ ਕਹਿਣ ਵਾਸਤੇ ‘ਹੋਲੀ’ ਦਾ ਦਿਨ ਖੁਸ਼ੀ-ਖੇੜੇ ਵਜੋਂ ਮਨਾਉਣਾ ਸ਼ੁਰੂ ਕੀਤਾ ਹੋਵੇਗਾ।
ਹੋਲੀ ਦਾ ਸੰਬੰਧ ਪੁਰਾਤਨ ਕਹਾਣੀ ਅਨੁਸਾਰ ਹਰਨਾਖਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਸਬਕ ਸਿਖਾਉਣ ਵਾਸਤੇ ਵਿਉਂਤ ਉਲੀਕੀ ਕਿ ਪ੍ਰਹਿਲਾਦ ਨੂੰ ਅੱਗ ਵਿਚ ਸਾੜਿਆ ਜਾਵੇ। ਕਿਹਾ ਜਾਂਦਾ ਹੈ ਕਿ ਹਰਨਾਖਸ਼ ਦੀ ਭੈਣ ਹੋਲਿਕਾ ਨੂੰ ਵਰ ਪ੍ਰਾਪਤ ਸੀ ਕਿ ਉਸ ਨੂੰ ਅਗਨੀ ਸਾੜਦੀ ਨਹੀਂ। ਇਸ ਲਈ ਹਰਨਾਖਸ਼ ਨੇ ਪ੍ਰਹਿਲਾਦ ਨੂੰ ਹੋਲਿਕਾ ਦੀ ਗੋਦ ਵਿਚ ਬਿਠਾ ਕੇ ਚਿਖਾ ’ਤੇ ਬਿਠਾ ਦਿੱਤਾ। ਜਦ ਅੱਗ ਲਾਈ ਗਈ ਤਾਂ ਪ੍ਰਭੂ ਪਰਮਾਤਮਾ ਨੇ ਆਪਣੇ ਭਗਤ ਪ੍ਰਹਿਲਾਦ ਨੂੰ ਬਚਾ ਲਿਆ ਪਰ ਹੋਲਿਕਾ ਸੜ ਗਈ। ਹੋਲਿਕਾ ਦੇ ਸੜ ਜਾਣ ਦੇ ਪ੍ਰਤੀਕ ਵਜੋਂ ਇਸ ਦਿਨ ਅੱਗ ਬਾਲੀ ਜਾਂਦੀ ਹੈ। ਗੁਰਬਾਣੀ ਵਿਚ ਪਾਵਨ ਸਬਦ ਅੰਕਤ ਹੈ :
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ॥
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ॥ (ਪੰਨਾ 451)
ਹੋਲੀ ਦੇ ਦਿਨ ਲੋਕ ਇਕ-ਦੂਸਰੇ ’ਤੇ ਰੰਗ ਸੁੱਟ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਪਰ ਦੁਨਿਆਵੀ ਲੋਕਾਂ ਬਸੰਤ ਰੁੱਤ ਦੇ ਚੜ੍ਹਾਓ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਨੂੰ ਭੁੱਲ ਕੇ ਰਵਾਇਤ ਅਨੁਸਾਰ ਕੇਵਲ ਰੰਗ ਸੁੱਟਣਾ, ਗੰਦ ਸੁੱਟਣਾ ਹੀ ਹੋਲੀ ਮਨਾਉਣਾ ਸਮਝ ਲਿਆ। ਸਦੀਆਂ ਤੋਂ ਗ਼ੁਲਾਮੀ ਤੇ ਗਰੀਬੀ ਕਾਰਨ ਭਾਰਤੀਆਂ ਦੀ ਮਾਨਸਿਕ ਹਾਲਤ ਬਹੁਤ ਹੀ ਪਸਤ ਹੋ ਚੁੱਕੀ ਸੀ, ਜਿਸ ਨੂੰ ਨਵੇਂ ਰੱਬੀ ਰੰਗ ਵਿਚ ਰੰਗਣ ਲਈ ਸਿੱਖ ਗੁਰੂ ਸਾਹਿਬਾਨ ਜੀ ਨੇ ਨਵੀਂ ਬਹਾਰ ਦੇ ਇਸ ਦਿਨ ਨੂੰ ‘ਜੀ ਆਇਆਂ’ ਕਹਿਣ ਵਾਸਤੇ ਪ੍ਰਭੂ-ਭਗਤਾਂ ਦੀ ਸੰਗਤ ਵਿਚ ਮਿਲ ਕੇ ਹੋਲੀ ਮਨਾਉਣ ਦੀ ਤਾਕੀਦ ਕੀਤੀ। ਤਾਂ ਕਿ ਅਸੀਂ ਸਾਰੇ ਦੁਨਿਆਵੀ ਰੰਗਾਂ ਦੀ ਥਾਂ ਰੂਹਾਨੀ ਰੰਗਾਂ ਵਿਚ ਰੰਗੇ ਜਾਈਏ:
ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥
ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥ (ਪੰਨਾ 1180)
‘ਹੋਲਾ’ ਸ਼ਬਦ ‘ਹੋਲੀ’ ਦਾ ਧੜੱਲੇਦਾਰ ਬਦਲਵਾਂ ਰੂਪ ਹੈ ਜੋ ਡਿੱਗਿਆਂ- ਢੱਠਿਆਂ ਦੇ ਹਿਰਦੇ ਅੰਦਰ ਉਤਸ਼ਾਹ ਤੇ ਹੁਲਾਸ ਪੈਦਾ ਕਰਦਾ ਹੈ। ਸਿੱਖਾਂ ਨੇ ਉਸ ਸਮੇਂ ਦੇ ਲੋਕਾਂ ਦੇ ਮਨਾਂ ’ਚ ਚੜ੍ਹਦੀ ਕਲਾ ਤੇ ਸੂਰਬੀਰਤਾ ਦਾ ਜਜ਼ਬਾ ਭਰਨ ਲਈ ਅਨੇਕਾਂ ਅਜਿਹੇ ‘ਬੋਲੇ’ ਪ੍ਰਚਲਿਤ ਕੀਤੇ ਹਨ, ਜਿਨ੍ਹਾਂ ਨੂੰ ‘ਖ਼ਾਲਸਾਈ ਬੋਲੇ’ ਕਿਹਾ ਜਾਂਦਾ ਹੈ, ਜਿਸ ਤਰ੍ਹਾਂ ‘ਇੱਕ’ ਨੂੰ ‘ਸਵਾ ਲੱਖ’ ਕਹਿਣਾ, ‘ਮੌਤ’ ਨੂੰ ‘ਚੜ੍ਹਾਈ ਕਰਨਾ’, ‘ਤੇਗ’ ਨੂੰ ‘ਤੇਗਾ’,‘ਦੇਗ’ ਨੂੰ ‘ਦੇਗਾ’, ‘ਦਸਤਾਰ’ ਨੂੰ ‘ਦਸਤਾਰਾ’, ‘ਮੁੱਛਾਂ’ ਨੂੰ ‘ਮੁਛਹਿਰਾ’, ‘ਦਾੜ੍ਹੀ’ ਨੂੰ ‘ਦਾੜ੍ਹਾ’ ਆਦਿ । ਇਸੇ ਤਰ੍ਹਾਂ ਹੋਲੀ ਨੂੰ ‘ਹੋਲਾ’ ਕਹਿਣਾ ਸਿੱਖਾਂ ਦੀ ਵਿਲੱਖਣਤਾ ਅਤੇ ਚੜ੍ਹਦੀ ਕਲਾ ਦੀ ਭਾਵਨਾ ਨੂੰ ਪ੍ਰਗਟਾਉਂਦਾ ਹੈ। ਕਵੀ ਨਿਹਾਲ ਸਿੰਘ ਦੇ ਸ਼ਬਦਾਂ ਵਿਚ :
ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ,
ਛਕਾ ਪ੍ਰਸਾਦ ਸਜਾ ਦਸਤਾਰਾ ਅਰੁ ਕਰਦੌਨਾ ਟੋਲਾ ਹੈ,
ਸੁਭਟ ਸੁਚਾਲਾ ਅਰ ਲਖ ਬਾਹਾ, ਕਲਗਾ ਸਿੰਘ ਸੁਚੋਲਾ ਹੈ,
ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ‘ਹੋਲਾ’ ਹੈ।
‘ਹੋਲੀ’ ਤੋਂ ‘ਹੋਲਾ ਮਹੱਲਾ’ ਕੇਵਲ ਸ਼ਬਦ ਜੋੜ ਦੀ ਤਬਦੀਲੀ ਨਹੀਂ, ਇਹ ਤਾਂ ਗ਼ੁਲਾਮ ਮਾਨਸਿਕਤਾ ਤੋਂ ਅਜ਼ਾਦ ਸੋਚ-ਵਿਚਾਰ ਤੇ ਵਿਵਹਾਰ ਦੀ ਤਬਦੀਲੀ ਦਾ ਪ੍ਰਗਟਾਅ ਹੈ।
ਭਾਰਤ ਸਦੀਆਂ ਤੀਕ ਵਿਦੇਸ਼ੀ ਹਮਲਾਵਰਾਂ ਦਾ ਗ਼ੁਲਾਮ ਰਿਹਾ। ਇਹੀ ਕਾਰਨ ਹੈ ਕਿ ਭਾਰਤੀਆਂ ਦੇ ਸ਼ੌਕ, ਮੌਜ-ਮੇਲੇ ਤੇ ਤਿਉਹਾਰ ਵੀ ਗ਼ੁਲਾਮੀ ਵਾਲੀ ਮਾਨਸਿਕਤਾ ਨੂੰ ਰੂਪਮਾਨ ਕਰਦੇ ਹਨ। ਭਾਰਤੀ ਲੋਕ ਤਨ, ਮਨ, ਧਰਮ, ਸਮਾਜ ਤੇ ਰਾਜਸੀ ਸੋਚ ਕਰਕੇ ਗ਼ੁਲਾਮ ਸਨ। ਗ਼ੁਲਾਮੀ ਦੀ ਦਲ-ਦਲ ’ਚੋਂ ਅਜ਼ਾਦ ਸੋਚ, ਸੁਤੰਤਰ ਹੋਂਦ- ਹਸਤੀ ਤੇ ਨਿਆਰੇਪਨ ਨੂੰ ਪ੍ਰਗਟ ਕਰਨਾ ਸੱਚਮੁਚ ਅਦਭੁਤ ਕਰਾਮਾਤ ਸੀ। ਇਹ ਚਿੜੀਆਂ ਤੋਂ ਬਾਜ਼ ਤੁੜਾਉਣ, ਇੱਕ ਨੂੰ ਸਵਾ ਲੱਖ ਨਾਲ ਲੜਾਉਣ ਤੇ ਅਸੰਭਵ ਨੂੰ ਸੰਭਵ ਕਰਨ ਦੇ ਤੁਲ ਸੀ। ਊਚ-ਨੀਚ, ਭਰਮ-ਭੇਖ, ਜਾਤ-ਪਾਤ, ਕਰਮ-ਵੰਡ, ਰੰਗ-ਨਸਲ ਦੇ ਹਰ ਤਰ੍ਹਾਂ ਦੇ ਵਿਤਕਰਿਆਂ, ਵਖਰੇਵਿਆਂ ਨੂੰ ਦੂਰ ਕਰ, ਸਾਹਿਬ-ਏ- ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਭੂਸੱਤਾ-ਸੰਪਨ, ਸੁਤੰਤਰ ਸੋਚ-ਵਿਚਾਰ, ਵਿਹਾਰ ਲਈ ਖਾਲਸਾ ਫ਼ੌਜ ਦੀ ਸਥਾਪਨਾ ਕੀਤੀ। ਗੁਰਦੇਵ ਪਿਤਾ ਨੇ ਭਾਰਤੀਆਂ ਨੂੰ ਖ਼ੂਨ ਦੀ ਹੋਲੀ, ਅਜ਼ਾਦੀ, ਸੁਤੰਤਰਤਾ, ਸਵੈਮਾਣ, ਸਵੈਹੋਂਦ ਦੇ ਪ੍ਰਗਟਾਅ ਲਈ ਖਾਲਸਾਈ ਖੇਡਾਂ ਖੇਡਣ ਲਈ ਮੈਦਾਨ ਤਿਆਰ ਕਰ ਕੇ ਦਿੱਤਾ।
ਭਾਰਤੀ ਲੋਕ ਉਸ ਸਮੇਂ ਘਰ-ਪਰਵਾਰ ਵਿਚ ਹੀ ਰੰਗ, ਗੰਦ-ਮੰਦ ਆਪਣਿਆਂ ’ਤੇ ਸੁੱਟ ਕੇ ਮਨ-ਪਰਚਾਵਾ ਕਰਦੇ ਸਨ।ਰਵਾਇਤੀ ਹੋਲੀ ਤੇ ਲੱਠਮਾਰ ਹੋਲੀ ਨਾਲ ਭਾਰਤੀ ਇਸਤਰੀਆਂ ਦੀ ਇੱਜ਼ਤ ਗਜ਼ਨੀ ਦੇ ਬਜ਼ਾਰਾਂ ’ਚੋਂ ਨਿਲਾਮ ਹੋਣ ਤੋਂ ਬਚ ਨ ਸਕੀ।
‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ ਮੁਤਾਬਕ ‘ਮਹੱਲਾ’ ਅਰਬੀ ਦੇ ਸ਼ਬਦ ‘ਮਹੱਲਹੋ’ ਦਾ ਤਦਭਵ ਹੈ, ਜਿਸ ਦਾ ਭਾਵ ਉਸ ਸਥਾਨ ਤੋਂ ਹੈ, ਜਿੱਥੇ ‘ਫ਼ਤਹ’ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ‘ਹੋਲੇ ਮਹੱਲੇ’ ਵਾਲੇ ਦਿਨ ਖ਼ਾਲਸੇ ਨੂੰ ਦੋ ਦਲਾਂ ਵਿਚ ਵੰਡ ਕੇ, ਦਸਮ ਪਾਤਸ਼ਾਹ ਮਸਨੂਈ (ਨਕਲੀ) ਯੁੱਧ ਕਰਵਾਇਆ ਕਰਦੇ ਸਨ। ਇਕ ਦਲ ਨਿਸ਼ਚਿਤ ਸਥਾਨ ’ਤੇ ਕਾਬਜ਼ ਹੋ ਜਾਂਦਾ, ਦੂਜਾ ਉਸ ’ਤੇ ਹਮਲਾ ਕਰ ਕੇ ਕਿਲ੍ਹਾ ਖੋਹਣ ਦਾ ਯਤਨ ਕਰਦਾ। ਇਸ ਤਰ੍ਹਾਂ ਨਕਲੀ ਯੁੱਧ ਦੁਆਰਾ ਯੁੱਧ-ਜੁਗਤੀ ਅਤੇ ਪੈਂਤਰੇਬਾਜ਼ੀ ਦਾ ਅਭਿਆਸ ਹੁੰਦਾ। ਯੁੱਧ ਦੇ ਨਗਾਰੇ ਵੱਜਦੇ, ਹਥਿਆਰਾਂ ਦਾ ਟਕਰਾਓ ਹੁੰਦਾ, ਜੈਕਾਰੇ ਗੂੰਜਦੇ ਅਤੇ ‘ਫ਼ਤਹ’ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ। ਜਿਹੜਾ ਦਲ ਜਿੱਤ ਪ੍ਰਾਪਤ ਕਰਦਾ ਉਸ ਨੂੰ ਗੁਰਦੇਵ ਪਿਤਾ, ਗੁਰੂ-ਦਰਬਾਰ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਕਰਦੇ। ਫਿਰ ਉੱਥੇ ਹੀ ਦਰਬਾਰ ਸੱਜਦਾ ਅਤੇ ਸ਼ਸਤਰਧਾਰੀ ਸਿੰਘ ਆਪੋ-ਆਪਣੇ ਕਰਤੱਬ ਵਿਖਾਉਂਦੇ। ਪਹਿਲਾਂ ‘ਮਹੱਲਾ’ ਸ਼ਬਦ ਇਸੇ ਭਾਵ ਵਿਚ ਵਰਤਿਆ ਜਾਂਦਾ ਰਿਹਾ ਪਰ ਹੌਲੀ-ਹੌਲੀ ਇਹ ਸ਼ਬਦ ਉਸ ਜਲੂਸ ਲਈ ਪ੍ਰਚਲਿਤ ਹੋ ਗਿਆ ਜੋ ‘ਫ਼ਤਹ’ ਉਪਰੰਤ ਫ਼ੌਜੀ ਸੱਜ-ਧੱਜ ਅਤੇ ਨਗਾਰਿਆਂ ’ਤੇ ਚੋਟ ਨਾਲ ਨਿਕਲਦਾ। ‘ਹੋਲੇ ਮਹੱਲੇ’ ਦੇ ਜਲੂਸ ਦੀ ਪ੍ਰਥਾ ਹੁਣ ਤਕ ਜਾਰੀ ਹੈ। ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗ਼ੁਲਾਮੀ ਅਤੇ ਹਕੂਮਤੀ ਜਬਰ ਵਿਰੁੱਧ ਲੋਕ-ਮਨਾਂ ਅੰਦਰ ਨਵਾਂ ਉਤਸ਼ਾਹ ਅਤੇ ਕੁਰਬਾਨੀ ਦਾ ਜਜ਼ਬਾ ਭਰਨ ਲਈ ‘ਹੋਲੀ’ ਨੂੰ ‘ਹੋਲੇ’ ਦਾ ਰੂਪ ਦਿੱਤਾ।
ਇੱਥੇ ਇਹ ਗੱਲ ਵਰਣਨਯੋਗ ਹੈ ਕਿ ਉਸ ਸਮੇਂ ਬਾਦਸ਼ਾਹ ਔਰੰਗਜ਼ੇਬ ਵੱਲੋਂ 1687 ਈ: ’ਚ ਜਾਰੀ ਕੀਤੇ ਫੁਰਮਾਨ ਅਨੁਸਾਰ ਹਿੰਦੁਸਤਾਨੀ ਲੋਕਾਂ ਨੂੰ ਟੱਲ ਖੜਕਾਉਣ, ਸ਼ਸਤਰ ਧਾਰਨ ਕਰਨ, ਘੋੜ-ਸਵਾਰੀ ਕਰਨ ਅਤੇ ਦਸਤਾਰ ਸਜਾਉਣ ਦੀ ਸਖ਼ਤ ਮਨਾਹੀ ਸੀ। ਦਸਤਾਰ ਕੇਵਲ ਉਹੋ ਹੀ ਸਜਾ ਸਕਦਾ ਸੀ, ਜਿਸ ਨੂੰ ਬਾਦਸ਼ਾਹ ਵੱਲੋਂ ਦਰਬਾਰੀ ਬਖ਼ਸ਼ੀ ਜਾਵੇ। ਘੋੜੇ ਦੀ ਸਵਾਰੀ, ਨਿਸ਼ਾਨ, ਨਗਾਰਾ ਅਤੇ ਫ਼ੌਜ ਰੱਖਣੀ ਹਕੂਮਤ ਵਿਰੁੱਧ ਬਗਾਵਤ ਦੇ ਤੁਲ ਸੀ, ਜਿਸ ਦੀ ਸਜ਼ਾ ਮੌਤ ਅਤੇ ਘਰ- ਘਾਟ ਦੇ ਉਜਾੜੇ ਨੂੰ ਸੱਦਾ ਦੇਣ ਦੇ ਤੁਲ ਸੀ। ਇਸੇ ਕਰਕੇ ਆਮ ਲੋਕ ਹਕੂਮਤੀ ਜਬਰ ਵਿਰੁੱਧ ਮੂੰਹ ਨਹੀਂ ਖੋਲ੍ਹਦੇ ਸਨ। ਗੁਰੂ ਜੀ ਨੇ ਲੋਕਾਂ ਨੂੰ ਮਾਨਸਿਕ ਤੌਰ ’ਤੇ ਬਲਵਾਨ ਬਣਾਉਣ ਲਈ ਹਰ ਸੰਭਵ ਯਤਨ ਕੀਤਾ। ਪ੍ਰਚਲਿਤ ਤਿਉਹਾਰਾਂ ਨੂੰ ਨਵੇਂ ਤਰੀਕੇ ਨਾਲ ਮਨਾਉਣਾ ਇਸੇ ਲੜੀ ਦੀ ਕੜੀ ਹੈ, ਜਿਨ੍ਹਾਂ ਨੂੰ ਆਮ ਲੋਕ ਘਟੀਆ ਅਤੇ ਪਿਛਾਂਹਖਿੱਚੂ ਤਰੀਕੇ ਨਾਲ ਮਨਾਉਂਦੇ ਚਲੇ ਆ ਰਹੇ ਸਨ। ਹੁਣ ਤੇਗਾਂ-ਤਲਵਾਰਾਂ, ਨਿਸ਼ਾਨ, ਨਗਾਰੇ ਅਤੇ ਘੋੜਿਆਂ ਦੇ ਨਜ਼ਾਰੇ ਖ਼ਾਲਸੇ ਦੇ ਤਿਉਹਾਰ ਬਣ ਗਏ। ਹਕੂਮਤ ਦੀਆਂ ਨਜ਼ਰਾਂ ਵਿਚ ਸੰਗੀਨ ਜੁਰਮ ਸਮਝੀਆਂ ਜਾਂਦੀਆਂ ‘ਜੰਗੀ-ਮਸ਼ਕਾਂ’ ਖ਼ਾਲਸੇ ਦੀਆਂ ਰਵਾਇਤੀ ਖੇਡਾਂ ਬਣ ਗਈਆਂ। ਗ਼ੁਲਾਮੀ ਦੀ ‘ਬੂ’ ਜਿਨ੍ਹਾਂ ਲੋਕਾਂ ਦਾ ਦਮ ਘੁੱਟ ਰਹੀ ਸੀ ਉਹੀ ਜਬਰ-ਜ਼ੁਲਮ ਦੇ ਖ਼ਿਲਾਫ਼ ਜੂਝਣ ਲਈ ਮੈਦਾਨ-ਏ-ਜੰਗ ਵਿਚ ਨਿੱਤਰਨ ਲੱਗੇ। ਇਨ੍ਹਾਂ ਜੰਗੀ ਮਸ਼ਕਾਂ ਤੇ ਸਿੱਖਾਂ ਦੀ ਚੜ੍ਹਦੀ ਕਲ੍ਹਾ ਸਦਕਾ ਹੀ ਪੰਜਾਬ ਦੀ ਧਰਤੀ ’ਤੇ ਵਿਦੇਸ਼ੀ ਹਮਲਾਵਰਾਂ ਵੱਲੋਂ ਹੋਣ ਵਾਲੇ ਨਿੱਤ ਦੇ ਹਮਲੇ ਸਦਾ ਲਈ ਬੰਦ ਹੋ ਗਏ।
ਉਪਰੋਕਤ ਸਾਰੀ ਵਿਚਾਰ-ਚਰਚਾ ਦਾ ਮਕਸਦ ਸਿਰਫ ਇਹ ਦਰਸਾਉਣਾ ਹੈ ਕਿ ਸਤਿਗੁਰਾਂ ਨੇ ਕਿਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਵਿਚ ਚੜ੍ਹਦੀ ਕਲਾ ਦਾ ਅਹਿਸਾਸ ਜਗਾ ਕੇ, ਉਨ੍ਹਾਂ ਨੂੰ ਜਬਰ-ਜ਼ੁਲਮ ਤੇ ਅਨਿਆਂ ਦੇ ਖ਼ਿਲਾਫ਼ ਜੂਝਣ ਦੇ ਸਮਰੱਥ ਬਣਾਇਆ, ਕਿਸ ਤਰ੍ਹਾਂ ਦੱਬੇ-ਕੁਚਲੇ, ਲਿਤਾੜੇ ਅਤੇ ਸਾਹ-ਸਤਹੀਣ ਲੋਕਾਂ ਵਿਚ ਨਵੀਂ ਰੂਹ ਫੂਕ ਕੇ ਉਨ੍ਹਾਂ ਨੂੰ ਅਣਖ ਨਾਲ ਜੀਣਾ ਸਿਖਾਇਆ। ਇਹ ਸਭ ਗੁਰੂ ਜੀ ਦੀ ਸੁਚੱਜੀ ਤੇ ਸੁਹਿਰਦ ਅਗਵਾਈ ਦੇ ਸਦਕਾ ਹੀ ਸੰਭਵ ਹੋਇਆ। ‘ਹੋਲਾ ਮਹੱਲਾ’ ਹੁਣ ਵੀ ਸਿੱਖ-ਸ਼ਕਤੀ ਦੇ ਪ੍ਰਦਰਸ਼ਨ ਵਜੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹ-ਓ-ਜਲਾਲ ਨਾਲ ਮਨਾਇਆ ਜਾਂਦਾ ਹੈ। ਸ਼ਾਇਦ ਇਹ ਪੰਜਾਬ ਦਾ ਸਭ ਤੋਂ ਵੱਡਾ ਲੋਕ ਇਕੱਠ ਹੋਵੇ। ਇਸ ਸਮੇਂ ਵਿਸ਼ੇਸ਼ ਦੀਵਾਨ ਸੱਜਦੇ ਹਨ ਤੇ ਖਾਲਸਾਈ ਸ਼ਾਨ ਪ੍ਰਗਟ ਕਰਦਾ ‘ਮਹੱਲਾ’ ਚੜ੍ਹਦਾ ਹੈ ਜੋ ਕਿਲਾ ਅਨੰਦਗੜ੍ਹ ਸਾਹਿਬ ਤੋਂ ਅਰੰਭ ਹੋ ਕੇ ਹੋਲਗੜ੍ਹ ਦੇ ਸਥਾਨ ਹੁੰਦਾ ਹੋਇਆ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨ ਹੁੰਦਾ ਹੈ। ਨਿਹੰਗ ਸਿੰਘ ਰਵਾਇਤੀ ਖਾਲਸਾਈ ਬਾਣੇ ਵਿਚ ਖਾਲਸਾਈ ਖੇਡਾਂ ਦੁਆਰਾ ਆਪਣੀ ਗੁਰੂ-ਬਖ਼ਸ਼ੀ ਵਿਲੱਖਣ ਹੋਂਦ-ਹਸਤੀ ਦਾ ਖੂਬਸੂਰਤ ਪ੍ਰਦਰਸ਼ਨ ਚਰਨ ਗੰਗਾ ਦੇ ਕਿਨਾਰੇ ਕਰਦੇ ਹਨ। ‘ਹੋਲੇ ਮਹੱਲੇ’ ਦੇ ਦੀਵਾਨ ਆਮ ਕਰਕੇ ਪਿੰਡਾਂ ਵਿਚ ਸੱਜਦੇ ਸਨ ਜਿਨ੍ਹਾਂ ਵਿਚ ਉੱਚ-ਕੋਟੀ ਦੇ ਢਾਡੀ ਤੇ ਕਵੀਸ਼ਰ ਸਿੱਖ ਇਤਿਹਾਸ ਦੀ ਤਸਵੀਰ ਹੂ-ਬ-ਹੂ ਪ੍ਰਗਟ ਕਰਦੇ ਸਨ, ਜਿਸ ਨਾਲ ਨੌਜੁਆਨੀ ਆਪਣੇ ਅਮੀਰ ਇਤਿਹਾਸ ਤੇ ਵਿਰਾਸਤ ਨਾਲ ਜੁੜਦੀ ਸੀ। ਅੱਜ ਲੋੜ ਹੈ ਇਸ ਪਰੰਪਰਾ ਨੂੰ ਸਥਾਈ ਬਣਾਇਆ ਜਾਵੇ। ਮੈਂ ਨਿੱਜੀ ਰੂਪ ਵਿਚ ਸਿੱਖ ਇਤਿਹਾਸ ਤੇ ਸਿਧਾਂਤਾਂ ਦੀ ਮੁੱਢਲੀ ਜਾਣਕਾਰੀ ਆਪਣੇ ਪਿੰਡ ਖਾਨੋਵਾਲ ’ਚ ਪ੍ਰਸਿੱਧ ਢਾਡੀ ਗਿਆਨੀ ਸੋਹਨ ਸਿੰਘ ਜੀ ਸੀਤਲ ਵੱਲੋਂ ਲੱਗਣ ਵਾਲੇ ਦੀਵਾਨਾਂ ਵਿੱਚੋਂ ਹੀ ਪ੍ਰਾਪਤ ਕੀਤੀ।
ਅਜੋਕੇ ਸਮੇਂ ‘ਹੋਲੇ ਮਹੱਲੇ’ ਦੀ ਮੂਲ-ਭਾਵਨਾ ਨੂੰ ਉਜਾਗਰ ਕਰਨ ਦੀ ਬਹੁਤ ਲੋੜ ਹੈ। ਸਮਾਜ ਵਿਚ ਪ੍ਰਚਲਿਤ ਹੋ ਚੁੱਕੀਆਂ ਅਨੇਕ ਤਰ੍ਹਾਂ ਦੀਆਂ ਨਸ਼ਿਆਂ, ਭਰੂਣ ਹੱਤਿਆ, ਦਹੇਜ, ਵਾਤਾਵਰਣ ਪ੍ਰਦੂਸ਼ਣ ਆਦਿ ਬੁਰਾਈਆਂ ਅਤੇ ਕੁਰੀਤੀਆਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਲੋਕ-ਮਨਾਂ ਅੰਦਰ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਲੋਕਾਂ ਦੀਆਂ ਭਾਵਨਾਵਾਂ ਨੂੰ ਸੌੜੇ, ਸਵਾਰਥੀ ਹਿੱਤਾਂ ਦੀ ਪੂਰਤੀ ਲਈ ਵਰਤਣ ਦੀ ਬਜਾਇ, ਉਨ੍ਹਾਂ ਨੂੰ ਹੱਕ, ਸੱਚ ਤੇ ਇਨਸਾਫ਼ ਦੀ ਸਥਾਪਤੀ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਤਾਂ ਕਿ ਵਰਤਮਾਨ ਸਮੇਂ ਵੀ ‘ਹੋਲਾ ਮਹੱਲਾ’ ਸਿੱਖ ਚੜ੍ਹਦੀ ਕਲਾ ਦਾ ਨਜ਼ਾਰਾ ਪੇਸ਼ ਕਰ ਸਕੇ, ਜਿਸ ਤੋਂ ਪ੍ਰੇਰਨਾ ਉਤਸ਼ਾਹ ਪ੍ਰਾਪਤ ਕਰ, ਨਸ਼ਿਆਂ ਦੀ ਗ਼ੁਲਾਮ ਹੋ ਰਹੀ ਪੰਜਾਬੀ-ਨੌਜੁਆਨੀ ਨੂੰ ਠੱਲ੍ਹ ਪਵੇ। ਮਾਨਸਿਕ ਅਤੇ ਸਰੀਰਕ ਸਿਹਤ ਹੀ ਕੌਮ ਦੀ ਚੜ੍ਹਦੀ ਕਲਾ ਨੂੰ ਪ੍ਰਗਟ ਕਰਦੀ ਹੈ ਜਿਸ ਵੱਲ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਲੇਖਕ ਬਾਰੇ
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/April 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/August 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/January 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/February 1, 2010