editor@sikharchives.org
Nihung Singh

ਨਿਹੰਗ ਸਿੰਘ

ਨਿਹੰਗ ਸਿੰਘ ਸਿੱਖਾਂ ਦੀ ਇਕ ਅਜਿਹਾ ਹਰਾਵਲ ਦਸਤਾ ਹੈ ਜਿਹੜਾ ਕਿ ਬਾਣੇ ਅਤੇ ਸ਼ਸਤਰਾਂ ਨਾਲ ਪ੍ਰੇਮ ਕਰਨ ਵੱਜੋਂ ਪ੍ਰਸਿਧੀ ਪ੍ਰਾਪਤ ਕਰ ਗਿਆ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੀ ਗਈ ਇਸ ਅਕਾਲੀ ਫੌਜ ਨੇ ਗੁਰ-ਸਿਧਾਂਤ ਅਨੁਸਾਰ ਸੱਚਾਈ ਅਤੇ ਸਦਾਚਾਰ ਦਾ ਪੱਲਾ ਫੜ ਕੇ ਭਾਰਤ ਦੀਆਂ ਬਹੂ-ਬੇਟੀਆਂ ਨੂੰ ਬਚਾਉਣ ਦੇ ਨਾਲ-ਨਾਲ ਇਸ ਮੁਲਕ ਦੇ ਲੋਕਾਂ ਦੀ ਰਾਖੀ ਕਰਦੇ ਹੋਏ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਹਮਲਾਵਰਾਂ ਦੇ ਦਰਵਾਜੇ ਭਾਰਤ ਵਿਚ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੇ ਸਨ। ਦੱਰਾ ਖੈਬਰ ਤੋਂ ਲੈ ਕੇ ਜਮਨਾ ਤੱਕ ਦੇ ਇਲਾਕੇ ਵਿਚ ਵੱਸਦੇ ਆਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਇਹਨਾਂ ਦਾ ਮਹੱਤਵਪੂਰਨ ਯੋਗਦਾਨ ਹੈ। ਇਹਨਾਂ ਦੁਆਰਾ ਪ੍ਰਦਾਨ ਕੀਤੀ ਗਈ ਸੁਰੱਖਿਆ ਪ੍ਰਣਾਲੀ ਨੂੰ ‘ਰਾਖੀ ਪ੍ਰਬੰਧ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਦਿੱਲੀ ਵਿਖੇ ਵਾਪਰੀ ਘਟਨਾ ਨੇ ਭਾਰਤੀ ਮੀਡੀਏ ਦਾ ਧਿਆਨ ਨਿਹੰਗ ਸਿੰਘਾਂ ਵੱਲ ਖਿੱਚਿਆ ਹੈ ਅਤੇ ਹੁਣ ਵਿਭਿੰਨ ਮੀਡੀਆ ਚੈਨਲ ਅਤੇ ਅਖ਼ਬਾਰਾਂ ਵਾਲੇ ਨਿਹੰਗ ਸਿੰਘਾਂ ਦੇ ਪਿਛੋਕੜ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਏ ਹਨ।

ਨਿਹੰਗ ਇਕ ਐਸਾ ਸ਼ਬਦ ਹੈ ਜਿਸ ਦੀ ਵਰਤੋਂ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਹੈ। ਭਾਈ ਕਾਨ੍ਹ ਸਿੰਘ ਨਾਭਾ ਇਸ ਸ਼ਬਦ ਦੇ ਅਰਥ ਕਰਦੇ ਹੋਏ ਕਹਿੰਦੇ ਹਨ, “ਪੂਰਣ ਰਹਿਤਵਾਨ, ਪਰੋਪਕਾਰੀ, ਨਿਸੰਗ, ਉਦਾਰਾਤਮਾ ਸੂਰਵੀਰ, ਪਰਿਸ਼੍ਰਮੀ ਸਿੰਘਾਂ ਦੀ, ਜੋ ਉੱਚਾ ਦੁਮਾਲਾ ਰੱਖਦੇ ਤੇ ਨੀਲੇ ਵਸਤ੍ਰ ਪਹਿਨਦੇ ਤਥਾ ਸ਼ਸ਼ਤਰਾਂ ਨਾਲ ਭੂਸ਼ਿਤ ਰਹਿੰਦੇ ਹਨ, ਨਿਹੰਗ ਸੰਗਯਾ ਹੈ।”

ਬਚਿਤ੍ਰ ਨਾਟਕ ਵਿਚ ਗੁਰੂ ਗੋਬਿੰਦ ਸਿੰਘ ਜੀ ਅਕਾਲੀ ਸਿੰਘਾਂ ਲਈ ‘ਨਿਹੰਗ’ ਸ਼ਬਦ ਵਰਤਦੇ ਹੋਏ ਉਨ੍ਹਾਂ ਲਈ ਪ੍ਰਸੰਸਾ ਯੁਕਤ ਸ਼ਬਦ ਵਰਤਦੇ ਹਨ ਜਿਵੇਂ ‘ਗੱਜੇ ਨਿਹੰਗ’, ‘ਬਿਚਰੇ ਨਿਹੰਗ’, ‘ਜੁੱਝੇ ਨਿਹੰਗ’ ਆਦਿ।

ਸਿੱਖ ਧਰਮ ਵਿਚ ਇਸ ਸ਼ਬਦ ਦੇ ਅਰਥਾਂ ਦਾ ਵਿਸਤਾਰ ਹੋਇਆ ਹੈ। ਸਿੱਖ ਧਰਮ ਵਿਚ ਨਿਹੰਗ ਨੂੰ ਨਿਰਭਉ ਤਾਂ ਮੰਨਿਆ ਹੀ ਗਿਆ ਹੈ ਪਰ ਨਾਲ ਹੀ ਉਹ ਪਰਉਪਕਾਰੀ, ਸੇਵਕ ਅਤੇ ਸਹਿਜ ਦਾ ਪ੍ਰਤੀਕ ਹੈ ਜਿਹੜਾ ਕਿ ਪਰਮਾਤਮਾ ਦੀ ਰਜ਼ਾ ਵਿਚ ਜੀਵਨ ਬਸਰ ਕਰਨ ਵਾਲਾ, ਕੁਦਰਤ ਦੇ ਨਿਯਮਾਂ ਦਾ ਪਾਲਣ ਕਰਨ ਵਾਲਾ, ਲੋਕਾਈ ਨੂੰ ਪ੍ਰੇਮ ਕਰਨ ਵਾਲਾ, ਯੁੱਧ ਸਮੇਂ ਸੂਰਬੀਰ ਦੇ ਜੌਹਰ ਦਿਖਾਉਂਦਾ ਹੈ।

ਰਤਨ ਸਿੰਘ ਭੰਗੂ ਉਹਨਾਂ ਸਿੰਘਾਂ ਦੇ ਪਰਿਵਾਰ ਨਾਲ ਸੰਬੰਧਿਤ ਸੀ ਜਿਹੜੇ ਪੰਥ ਲਈ ਆਪਣਾ ਸਭ ਕੁੱਝ ਵਾਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ। ਇਸ ਦੇ ਦਾਦਾ ਸ. ਮਤਾਬ ਸਿੰਘ ਮੀਰਾਂਕੋਟੀਏ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਦਾ ਕੇਵਲ ਸਿਰ ਹੀ ਨਹੀਂ ਸੀ ਵੱਢਿਆ ਬਲਕਿ ਉਸ ਦੀਆਂ ਫ਼ੌਜਾਂ ਨੂੰ ਲਲਕਾਰਦੇ ਹੋਏ ਉਹ ਰਾਜਸਥਾਨ ਵਿਚ ਗੰਗਾਨਗਰ ਤੋਂ ਕੋਈ 75-80 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਸਿੰਘਾਂ ਦੀ ਸ਼ਰਨਗਾਹ ਬੁੱਢਾ ਜੌਹੜ ਨਾਮਕ ਸਥਾਨ ‘ਤੇ ਉਸ ਦਾ ਸਿਰ ਲੈ ਗਏ ਸਨ। ਇਸ ਘਟਨਾ ਨੇ ਸਮੁੱਚੀ ਮੁਗ਼ਲੀਆ ਹਕੂਮਤ ਵਿਚ ਜਿਥੇ ਡਰ ਦੀ ਭਾਵਨਾ ਪੈਦਾ ਕਰ ਦਿੱਤੀ ਸੀ ਉਥੇ ਧਾਰਮਿਕ ਅਤੇ ਅਮਨ ਪਸੰਦ ਲੋਕਾਂ ਦੇ ਮਨ ਵਿਚ ਖ਼ੁਸ਼ੀ ‘ਤੇ ਜੋਸ਼ ਦੀ ਲਹਿਰ ਉਜਾਗਰ ਕਰ ਦਿੱਤੀ ਸੀ।

ਨਿਹੰਗ ਸਿੰਘਾਂ ਦੇ ਪਰਿਵਾਰ ਨਾਲ ਸੰਬੰਧਿਤ ਹੋਣ ਕਰ ਕੇ ਰਤਨ ਸਿੰਘ ਭੰਗੂ ਉਹਨਾਂ ਦੇ ਗੁਣ-ਔਗੁਣਾਂ ਨੂੰ ਭਲੀਭਾਂਤ ਜਾਣਦਾ ਸੀ, ਉਹਨਾਂ ਦੇ ਗੁਣਾਂ ਦਾ ਵਿਖਿਆਨ ਕਰਦੇ ਹੋਏ ਉਹ ਦੱਸਦਾ ਹੈ:

ਨਿਹੰਗ ਕਹਾਵੈ ਸੋ ਪੁਰਸ਼ ਦੁਖ ਸੁਖ ਮੰਨੇ ਨ ਅੰਗ।
ਜਿਮ ਦੁਖ ਸੁਖ ਦੇਹੀ ਨ ਮੰਨੇ ਉਸ ਕਹੈਂ ਬਿਦੇਹੀ ਚੰਗ।
ਜਹਾਂ ਜੁੱਧ ਕੀ ਜਾਗਾ ਹੋਇ।
ਮਰਨੈ ਕੈ ਡਰ ਟਰੈ ਨ ਸੋਇ।
ਜਹਾਂ ਪੰਥ ਪੈ ਬਡ ਪਵੈ ਭੀਰ।
ਡਾਹੈ ਆਪ ਜਾਇ ਤਹਾਂ ਸਰੀਰ।
ਜਹਾਂ ਜੁੱਧ ਕੀ ਜਾਗਾ ਹੋਇ।
ਫੜ ਨਿਸ਼ਾਨ ਆਪ ਅੱਗੇ ਹੋਇ।
ਸਾਥ ਨਗਾਰਾ ਘੁਰਦਾ ਜਾਵੈ।
ਜਾਇ ਲੜਾਈ ਮੂਹਰੈ ਪਾਵੈ।
ਨਿਹੰਗ ਸਿੰਘਾਂ ਦਾ ਬਾਣਾ ਅਤੇ ਰਹਿਤ

ਨਿਹੰਗ ਸਿੰਘਾਂ ਦਾ ਬਾਣਾ ਇਹਨਾਂ ਦੀਆਂ ਪੁਰਾਤਨ ਰਵਾਇਤਾਂ ਦਾ ਪ੍ਰਗਟਾਵਾ ਕਰਦਾ ਹੈ। ਇਹਨਾਂ ਦਾ ਰਵਾਇਤੀ ਬਾਣਾ ਸਮੇਂ ਦੀ ਪ੍ਰਸਥਿਤੀਆਂ ਵਿਚੋਂ ਪ੍ਰਗਟ ਹੋਇਆ ਮੰਨਿਆ ਜਾਂਦਾ ਹੈ। ਇਸ ਸੰਬੰਧੀ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੀਲੇ ਬਾਣੇ ਅਤੇ ਦੁਮਾਲੇ ਵਿਚ ਗੁਰੂ ਸਾਹਿਬ ਕੋਲ ਆਇਆ ਤਾਂ ਉਸ ਦਾ ਸੁੰਦਰ ਪੁਸ਼ਾਕਾ ਦੇਖ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਇਹ ਬਾਣਾ ਅਕਾਲੀ ਸਿੰਘਾਂ ਲਈ ਯੋਗ ਹੋਵੇਗਾ ਅਤੇ ਗੁਰੂ ਜੀ ਦੇ ਸਿੰਘਾਂ ਨੇ ਉਹ ਬਾਣਾ ਧਾਰਨ ਕਰ ਲਿਆ। ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਢਿਲਵਾਂ ਪਿੰਡ ਵਿਖੇ ਸੋਢੀ ਕੌਲ ਦੇ ਗ੍ਰਹਿ ਵਿਖੇ ਨਿਵਾਸ ਕੀਤਾ ਤਾਂ ਉਹਨਾਂ ਉਥੇ ਚਿੱਟੀ ਪੁਸ਼ਾਕ ਪਹਿਨੀ ਅਤੇ ਨੀਲੀ ਸਾੜ ਦਿੱਤੀ। ਜਦੋਂ “ਗੁਰੂ ਜੀ ਪਾਸ ਓਸ ਨੀਲੇ ਕੱਪੜੇ ਦੀ ਇਕ ਲੀਰ ਰਹਿ ਗਈ, ਉਸ ਨੂੰ ਭੀ ਸਾੜਨ ਲੱਗੇ ਤਾਂ ਭਾਈ ਮਾਨ ਸਿੰਘ ਨੇ ਓਹ ਲੀਰ ਗੁਰੂ ਸਾਹਿਬਾਂ ਪਾਸੋਂ ਮੰਗ ਕੇ ਆਪਣੇ ਸੀਸ ਪੁਰ ਬੰਨ ਲਈ। ਸਜੀ ਹੋਈ ਵੇਖ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਏਹੋ ਜੇਹੇ ਨੀਲੇ ਬਸਤ੍ਰ ਧਾਰਨ ਕਰਨ ਵਾਲਾ ਤੇਰਾ ਪੰਥ ਚੱਲੇਗਾ। ਸੋ ਨਿਹੰਗ ਸਿੰਘ ਓਥੋਂ ਆਪਣੇ ਪੰਥ ਦਾ ਪ੍ਰਵਿਰਤ ਹੋਣਾ ਦੱਸਦੇ ਹਨ।”

ਨਿਹੰਗ ਸਿੰਘਾਂ ਦੇ ਬਾਣੇ ਦੇ ਅਰੰਭ ਸੰਬੰਧੀ ਇਕ ਵਿਚਾਰ ਇਹ ਦਿੱਤਾ ਜਾਂਦਾ ਹੈ ਕਿ ਬਾਬਾ ਨੈਣਾ ਸਿੰਘ ਅਕਾਲੀ ਦੁਮਾਲੇ ਵਾਲੀ ਦਸਤਾਰ ਸਜਾਉਂਦਾ ਸੀ ਜਿਸ ਤੋਂ ਇਹ ਪਰੰਪਰਾ ਨਿਹੰਗ ਸਿੰਘਾਂ ਵਿਚ ਪ੍ਰਚਲਿਤ ਹੋ ਗਈ। ਬਾਬਾ ਨੈਣਾ ਸਿੰਘ ਨਿਹੰਗ ਦੁਆਰਾ ਸਿਰ ‘ਤੇ ਦੁਮਾਲਾ ਸਜਾਉਣ ਦੀ ਅਰੰਭ ਹੋਈ ਪਰੰਪਰਾ ਦਾ ਜ਼ਿਕਰ ਕਰਦੇ ਹੋਏ ਭਾਈ ਕਾਨ੍ਹ ਸਿੰਘ ਦੱਸਦੇ ਹਨ ਕਿ “ਬਾਬਾ ਨੈਣਾ ਸਿੰਘ ਅਕਾਲੀ ਨੇ ਫ਼ੌਜ ਦੇ ਨਿਸ਼ਾਨਚੀ ਸਿੰਘਾਂ ਦੇ ਸਿਰ ਉੱਚੇ ਦੁਮਾਲੇ ਕਰ ਕੇ ਉਨ੍ਹਾਂ ਤੇ ਫਰਹਰੇ ਝੁਲਾ ਦਿੱਤੇ ਸਨ ਜਿਸ ਤੋਂ ਨਿਸ਼ਾਨ (ਉੱਚਾ ਦੁਮਾਲਾ) ਹੱਥ ਫੜਨ ਦੀ ਲੋੜ ਨਾ ਰਹੇ। ਦੁਮਾਲੇ ਵਾਲਾ ਸਿੰਘ ਹੀ ਨਿਸ਼ਾਨ ਸਮਝਿਆ ਜਾਵੇ, ਅਰ ਨਿਸ਼ਾਨ ਤੋਂ ਹੱਥ ਵੇਹਲੇ ਹੋਣ ਕਰ ਕੇ ਉਹ ਤਲਵਾਰ, ਬੰਦੂਕ ਆਦਿ ਸ਼ਸਤਰ ਭੀ ਆਸਾਨੀ ਨਾਲ ਵਰਤ ਸਕੇ।”

ਨਿਹੰਗ ਸਿੰਘ ਸਿੱਖਾਂ ਦੀ ਇਕ ਅਜਿਹਾ ਹਰਾਵਲ ਦਸਤਾ ਹੈ ਜਿਹੜਾ ਕਿ ਬਾਣੇ ਅਤੇ ਸ਼ਸਤਰਾਂ ਨਾਲ ਪ੍ਰੇਮ ਕਰਨ ਵੱਜੋਂ ਪ੍ਰਸਿਧੀ ਪ੍ਰਾਪਤ ਕਰ ਗਿਆ ਹੈ। ਸ਼ਸਤਰ ਇਹਨਾਂ ਦੇ ਬਾਣੇ ਦਾ ਅਟੁੱਟ ਅੰਗ ਹਨ ਜਿਨ੍ਹਾਂ ਨੂੰ ਸਜਾ ਕੇ ਇਹ ਫ਼ਖ਼ਰ ਮਹਿਸੂਸ ਕਰਦੇ ਹਨ। ਕਿਹਾ ਜਾਂਦਾ ਹੈ ਕਿ ਨਿਹੰਗ ਸਿੰਘ ਬਾਣਾ ਨਿਹੰਗ ਸਿੰਘਾਂ ਦੀ ਸ਼ਾਨ ਅਤੇ ਪਹਿਚਾਨ ਦਾ ਪ੍ਰਤੀਕ ਹੈ ਜਿਸ ਵਿਚੋਂ ਅਧਿਆਤਮਿਕ ਉੱਚਤਾ, ਸਮਾਜਿਕ ਬਰਾਬਰੀ ਤੇ ਸਾਦਗੀ ਅਤੇ ਜੁਝਾਰੂ ਚਿੰਨ੍ਹਾਂ ਦਾ ਪ੍ਰਗਟਾਵਾ ਵਿਸ਼ੇਸ਼ ਤੌਰ ‘ਤੇ ਪ੍ਰਗਟ ਹੁੰਦਾ ਹੈ।

ਰਤਨ ਸਿੰਘ ਭੰਗੂ ਕਹਿੰਦਾ ਹੈ ਕਿ ਸਿੰਘਾਂ ਦਾ ਜਨਮ ਹੀ ਜੰਗਾਂ ਯੁੱਧਾਂ ਲਈ ਹੋਇਆ ਹੈ। ਗੁਰੂ ਸਾਹਿਬ ਨੇ ਇਸ ਨੂੰ ਖੰਡੇ ਨਾਲ ਗੁੜ੍ਹਤੀ ਦਿੱਤੀ ਹੈ ਅਤੇ ਸ਼ਸਤਰ ਸਿੰਘਾਂ ਦੇ ਜੀਵਨ ਦਾ ਅਟੁੱਟ ਅੰਗ ਹਨ। ਆਪਣੇ ਪਹਿਰਾਵੇ ਅਤੇ ਗੁਣਾਂ ਕਰਕੇ ਇਹ ਕਿਤੇ ਵੀ ਲੁਕ ਨਹੀਂ ਸਕਦੇ।

ਰਤਨ ਸਿੰਘ ਭੰਗੂ ਅੱਗੇ ਕਹਿੰਦਾ ਹੈ ਕਿ ਖ਼ਾਲਸਾ ਪੰਥ ਦੀ ਸਿਰਜਨਾ ਸਮੇਂ ਗੁਰੂ ਜੀ ਨੇ ਪਹਿਲਾਂ ਪੰਜ ਸਿੰਘਾਂ ਨੂੰ ਰਹਿਤ ਦੱਸੀ ਅਤੇ ਫਿਰ ਉਨ੍ਹਾਂ ਨੂੰ ਸ਼ਸਤਰ ਧਾਰਨ ਕਰਵਾਏ। ਸ਼ਸਤਰਾਂ ਦੀ ਖੁਲ੍ਹੀ ਵਰਤੋਂ ਕਰਨ ਦੀ ਬਜਾਏ ਉਹਨਾਂ ਦਾ ਮੂੰਹ ਅਕਾਲ ਪੁਰਖ ਦੀ ਭਾਵਨਾ ਵੱਲ ਸੇਧਿਤ ਕਰ ਦਿੱਤਾ:

ਯੌ ਕਹਿਕੈ ਸ੍ਰੀ ਸਤਿਗੁਰੁ ਗਲ ਤੇਗੋ ਦੀਨੋ ਪਾਇ।
ਕਰਦ ਚਕਰ ਸਿਰ ਪਰ ਧਰੇਂ ਮੁਖੋਂ ਅਕਾਲ ਜਪਾਇ।

ਸ਼ਸਤਰਧਾਰੀ ਖ਼ਾਲਸਾ ਕਦੇ ਵੀ ਅਕਾਲ ਪੁਰਖ ਦੇ ਮਾਰਗ ਤੋਂ ਦੂਰ ਨਹੀਂ ਜਾ ਸਕਦਾ। ਸ਼ਸਤਰ ਅਤੇ ਸ਼ਾਸਤਰ ਦੇ ਸੁਮੇਲ ਨੇ ਸਿੰਘਾਂ ਨੂੰ ਸਤਿ-ਕਰਤਾਰੀ ਅਤੇ ਸਦਾਚਾਰੀ ਮਾਰਗ ਦਾ ਧਾਰਨੀ ਬਣਾ ਦਿੱਤਾ ਸੀ।

ਕੇਵਲ ਬਾਣੇ ਕਰਕੇ ਹੀ ਨਿਹੰਗ ਸਿੰਘਾਂ ਦਾ ਸਤਿਕਾਰ ਨਹੀਂ ਸੀ। ਬਲਕਿ ਨਿਹੰਗ ਸਿੰਘਾਂ ਨੇ ਆਪਣੇ ਜੀਵਨ ਵਿਚ ਉੱਚੇ ਇਖ਼ਲਾਕੀ ਗੁਣਾਂ ਦਾ ਸੰਚਾਰ ਕਰ ਲਿਆ ਸੀ ਜਿਸ ਤੋਂ ਹਰ ਆਮ ਖ਼ਾਸ ਅਤੇ ਵਿਰੋਧੀ ਵੀ ਪ੍ਰਭਾਵਿਤ ਹੋਏ ਬਗੈਰ ਨਹੀਂ ਸੀ ਰਹਿੰਦਾ। ਤਤਕਾਲੀ ਸਮੇਂ ਵਿਚ ਜਦੋਂ ਮੁਲਕ ਭਾਰੀ ਗੜਬੜ, ਬੇਚੈਨੀ ਅਤੇ ਅਸ਼ਾਂਤੀ ਦਾ ਸ਼ਿਕਾਰ ਸੀ ਤਾਂ ਕਿਸੇ ਗ਼ੈਰ ਵਿਅਕਤੀ ‘ਤੇ ਤਾਂ ਕੀ ਆਪਣਿਆਂ ‘ਤੇ ਵੀ ਸ਼ੱਕ ਹੋਣ ਲੱਗ ਪੈਂਦਾ ਸੀ, ਉਸ ਸਮੇਂ ਨਿਹੰਗ ਸਿੰਘਾਂ ਦੀ ਸ਼ਖ਼ਸੀਅਤ ਦਾ ਅਜਿਹਾ ਪ੍ਰਭਾਵ ਲੋਕ-ਮਨਾਂ ਤੇ ਉਕਰਿਆ ਹੋਇਆ ਸੀ ਕਿ ਜਿਸ ਵਿਚੋਂ ਮਾਨਵਤਾ ਲਈ ਪਿਆਰ, ਇਸਤਰੀ ਲਈ ਸਤਿਕਾਰ ਅਤੇ ਦੁਸ਼ਮਣ ਲਈ ਵੰਗਾਰ ਦੀ ਭਾਵਨਾ ਪ੍ਰਗਟ ਹੁੰਦੀ ਸੀ। ਗੁਰੂ ਸਾਹਿਬ ਦੁਆਰਾ ਪ੍ਰਗਟ ਕੀਤੇ ਉੱਚੇ ਆਦਰਸ਼ਾਂ ਦੀ ਪਾਲਣਾ ਕਰਦੇ ਹੋਏ ਇਹ ਪਰਉਪਕਾਰੀ ਕਾਰਜਾਂ ਹਿਤ ਆਪਣਾ ਜੀਵਨ ਬਸਰ ਕਰ ਰਹੇ ਸਨ।

ਨਿਹੰਗ ਸਿੰਘਾਂ ਦਾ ਕਿਸੇ ਵੀ ਘਰ ਜਾ ਕੇ ਇਤਨਾ ਕਹਿਣਾ ਹੀ ਕਾਫ਼ੀ ਹੁੰਦਾ ਸੀ ਕਿ ‘ਆਏ ਨੀ ਨਿਹੰਗ, ਬੂਹਾ ਖੋਲ ਦੇ ਨਿਸੰਗ’। ਨਿਹੰਗ ਸਿੰਘਾਂ ਦੀ ਮੌਜੂਦਗੀ ਵਿਚ ਲੋਕ ਸੁਰੱਖਿਅਤ ਮਹਿਸੂਸ ਕਰਦੇ ਸਨ। ਉਸ ਸਮੇਂ ਸ਼ਸਤਰਧਾਰੀ ਸਿੰਘਾਂ ਲਈ ‘ਨਿਹੰਗ ਸਿੰਘ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਇਹਨਾਂ ਤੋਂ ਇਲਾਵਾ ਜਿਤਨੇ ਵੀ ਨਾਨਕ ਪੰਥੀ ਜਾਂ ਸਹਿਜਧਾਰੀ ਗੁਰੂ-ਘਰ ਪ੍ਰਤੀ ਸ਼ਰਧਾ ਰੱਖਦੇ ਸਨ ਉਨ੍ਹਾਂ ਨੂੰ ਸਿੱਖ ਕਿਹਾ ਜਾਂਦਾ ਸੀ। ਜਦੋਂ ਕਿਸੇ ਨਿਹੰਗ ਸਿੰਘ ਨੂੰ ਕਿਸੇ ਵੀ ਵਸਤੂ ਦੀ ਲੋੜ ਹੁੰਦੀ ਸੀ ਤਾਂ ਉਹ ਸਿੱਖਾਂ ਦੇ ਘਰ ਦਾ ਦਰਵਾਜਾ ਖੜਕਾਉਂਦੇ ਸਨ। ਸਿੱਖ ਘਰ ਹੋਵੇ ਜਾਂ ਨਾ ਹੋਵੇ, ਉਸ ਦੀ ਅਰਧਾਂਗਣੀ ਨਿਹੰਗ ਸਿੰਘਾਂ ਪ੍ਰਤੀ ਭੈ-ਰਹਿਤ ਹੋ ਕੇ ਸਤਿਕਾਰ ਪ੍ਰਗਟ ਕਰਦੀ ਹੋਈ ਉਨ੍ਹਾਂ ਨੂੰ ਲੋੜ ਅਨੁਸਾਰ ਦਾਣਾ-ਪਾਣੀ ਅਤੇ ਮਾਇਆ ਭੇਟ ਕਰ ਦਿੰਦੀ ਸੀ।

ਨਿਹੰਗ ਸਿੰਘ ਅਤੇ ਅੰਗਰੇਜ਼

ਅੰਗਰੇਜ਼ਾਂ ਦੇ ਰਾਜ ਵਿਚ ਸਿੱਖ ਰਿਆਸਤਾਂ ਕਾਇਮ ਹੋ ਗਈਆਂ ਸਨ। ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਅੰਗਰੇਜ਼ਾਂ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ 1809 ਵਿਚ ਸੰਧੀ ਵੀ ਕਰਨੀ ਪਈ ਸੀ। ਇਸ ਕਰਕੇ ਅੰਗਰੇਜ਼ਾਂ ਨੂੰ ਰਣਜੀਤ ਸਿੰਘ ਦਾ ਰਾਜ ਹਮੇਸ਼ਾਂ ਰੜਕਦਾ ਰਿਹਾ ਸੀ। ਏਸੇ ਦੇ ਸਿੱਟੇ ਵੱਜੋਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਹਰ ਕੋਨੇ ਦੀ ਖ਼ਬਰ ਰੱਖਣੀ ਅਰੰਭ ਕਰ ਦਿੱਤੀ ਸੀ ਤਾਂ ਕਿ ਪ੍ਰਾਪਤ ਕੀਤੀ ਜਾਣਕਾਰੀ ਨੂੰ ਸਮਾਂ ਆਉਣ ਤੇ ਵਰਤਿਆ ਜਾ ਸਕੇ।

ਨਿਹੰਗ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਅਟੁੱਟ ਅੰਗ ਸਨ ਅਤੇ ਉਸ ਦੇ ਰਾਜ ਦੀਆਂ ਹੱਦਾਂ ਦਾ ਵਿਸਤਾਰ ਕਰਨ ਅਤੇ ਉਹਨਾਂ ਨੂੰ ਕਾਇਮ ਰੱਖਣ ਵਿਚ ਨਿਹੰਗ ਸਿੰਘਾਂ ਦੀ ਵਿਸ਼ੇਸ਼ ਭੂਮਿਕਾ ਸੀ। ਅਕਾਲੀ ਬਾਬਾ ਫ਼ੂਲਾ ਸਿੰਘ ਨਿਹੰਗ ਸਿੰਘਾਂ ਦਾ ਮੁਖੀ ਹੋਣ ਕਰਕੇ ਅੰਗਰੇਜ਼ਾਂ ਦੀ ਖਿੱਚ ਦਾ ਵਿਸ਼ੇਸ਼ ਕਾਰਨ ਸੀ। ਬਹੁਤ ਸਾਰੇ ਅੰਗਰੇਜ਼ ਇਤਿਹਾਸਕਾਰਾਂ ਨੇ ਅਕਾਲੀ ਬਾਬਾ ਫ਼ੂਲਾ ਸਿੰਘ ਅਤੇ ਉਸ ਸਮੇਂ ਦੇ ਨਿਹੰਗ ਸਿੰਘਾਂ ਦੀ ਦਲੇਰੀ, ਹਿੰਮਤ ਅਤੇ ਸੂਰਬੀਰਤਾ ਬਾਰੇ ਵਿਸ਼ੇਸ਼ ਟਿੱਪਣੀਆਂ ਕੀਤੀਆਂ ਹਨ।

ਇਹਨਾਂ ਦੇ ਜੀਵਨ ਆਦਰਸ਼ਾਂ ਵਿਚੋਂ ਪ੍ਰਗਟ ਹੁੰਦੇ ਸਦਗੁਣਾਂ ਦਾ ਵਰਨਨ ਕਰਦੇ ਹੋਏ ਕੈਂਪਬੈਲ ਕਹਿੰਦਾ ਹੈ:

The manners and customs of these sectaries are as peculiar as their personal appearance. When an Akali is going to eat, he is required to shout with a loud voice, ‘Is anyone in want of a meal?’ and, in the unlikely event of anybody coming forward in response to this inquiry, he is to satisfy the hungry stranger before touching food himself.

ਅੰਗਰੇਜ਼ਾਂ ਦੇ ਮਨ ਵਿਚ ਰੜਕ

ਨਿਹੰਗ ਸਿੰਘਾਂ ਨਾਲ ਸਭ ਤੋਂ ਪਹਿਲਾ ਵਾਸਤਾ ਅੰਗਰੇਜ਼ ਅਫ਼ਸਰ ਮੈਟਕਾਫ਼ ਦਾ ਪਿਆ ਸੀ। 1809 ਵਿਚ ਅੰਮ੍ਰਿਤਸਰ ਵਿਖੇ ਸੰਧੀ ਕਰਨ ਆਏ ਇਸ ਅੰਗਰੇਜ਼ ਅਫ਼ਸਰ ਨਾਲ ਮੁਸਲਮਾਨ ਫ਼ੋਜਾਂ ਦੀ ਇਕ ਟੁਕੜੀ ਵੀ ਸੀ ਜਿਸ ਨੇ ਅੰਮ੍ਰਿਤਸਰ ਵਿਖੇ ਤਾਜ਼ੀਆ ਕੱਢਿਆ ਸੀ। ਅੰਮ੍ਰਿਤਸਰ ਦੀ ਪਰੰਪਰਾ ਦੇ ਉਲਟ ਹੁੰਦਾ ਦੇਖ ਅਕਾਲੀ ਫ਼ੂਲਾ ਸਿੰਘ ਨੇ ਉਹਨਾਂ ਨੂੰ ਸਮਝਾਉਣ ਲਈ ਦੋ ਨਿਹੰਗ ਸਿੰਘ ਭੇਜੇ ਸਨ। ਏਸ਼ੀਆ ਵਿਚ ਸਮੇਂ ਦੀ ਸਭ ਤੋਂ ਵੱਡੀ ਤਾਕਤ ਵੱਜੋਂ ਉੱਭਰ ਚੁਕੇ ਅੰਗਰੇਜ਼ਾਂ ਦੀ ਫ਼ੌਜ ਵਿਚ ਸ਼ਾਮਲ ਹੋਣਾ ਬਹੁਤ ਹੀ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ।

ਅੰਗਰੇਜ਼ ਅਫ਼ਸਰ ਨਾਲ ਆਈਆਂ ਮੁਸਲਮਾਨ ਫ਼ੌਜਾਂ ਨੂੰ ਵੀ ਇਸ ਗੱਲ ਦਾ ਪੂਰਨ ਗੁਮਾਨ ਸੀ, ਇਸ ਕਰਕੇ ਉਹਨਾਂ ਨੇ ਸਮਝਾਉਣ ਆਏ ਸਿੰਘਾਂ ਦੀ ਬੇਪਤੀ ਕਰ ਦਿੱਤੀ ਜਿਹੜੀ ਕਿ ਸਿੰਘਾਂ ਦੇ ਮੁਖੀ ਅਕਾਲੀ ਬਾਬਾ ਫ਼ੂਲਾ ਸਿੰਘ ਲਈ ਬਰਦਾਸ਼ਤ ਤੋਂ ਬਾਹਰ ਸੀ। ਇਸ ਨੇ ਉਸੇ ਸਮੇਂ ਮੌਜੂਦ ਥੋੜ੍ਹੇ ਜਿਹੇ ਸਿੰਘਾਂ ਦੇ ਦਲ ਨਾਲ ਉਸ ਮੁਸਲਮਾਨ ਟੁਕੜੀ ਤੇ ਹਮਲਾ ਕਰ ਦਿੱਤਾ ਅਤੇ ਬਹੁਤ ਭਾਰੀ ਫ਼ਸਾਦ ਪੈਦਾ ਹੋ ਗਿਆ ਸੀ। ਕਿਹਾ ਜਾਂਦਾ ਹੈ ਕਿ ਇਸ ਫ਼ਸਾਦ ਵਿਚ ਬਹੁਤ ਸਾਰੇ ਸਿੰਘ ਅਤੇ ਮੁਸਲਮਾਨ ਫ਼ੌਜੀ ਜ਼ਖ਼ਮੀ ਹੋ ਗਏ ਸਨ। ਇਸ ਫ਼ਸਾਦ ਨੂੰ ਖ਼ਤਮ ਕਰਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਆਪ ਦਖ਼ਲ ਦੇਣ ਲਈ ਆਉਣਾ ਪਿਆ ਸੀ।

ਮੈਟਕਾਫ਼ ਦੇ ਮਨ ਤੇ ਇਸ ਘਟਨਾ ਦੀ ਅਜਿਹੀ ਮੋਹਰ ਲੱਗ ਗਈ ਸੀ ਕਿ ਉਸ ਨੇ ਆਪਣੀ ਰਿਪੋਰਟ ਵਿਚ ਵੀ ਅਕਾਲੀ ਨਿਹੰਗਾਂ ਬਾਰੇ ਵਿਸ਼ੇਸ਼ ਟਿੱਪਣੀ ਕੀਤੀ ਸੀ। ਭਾਵੇਂ ਕਿ ਇਹ ਕੋਈ ਸਕਾਰਾਤਮਕ ਟਿੱਪਣੀ ਨਹੀਂ ਸੀ ਪਰ ਫਿਰ ਵੀ ਨਿਹੰਗ ਸਿੰਘਾਂ ਦੀ ਸੂਰਬੀਰਤਾ ਨੇ ਸਮੇਂ ਦੀ ਸਭ ਤੋਂ ਸ਼ਕਤੀਸ਼ਾਲੀ ਫ਼ੌਜ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਆਪਣੀ ਰਿਪੋਰਟ ਵਿਚ ਇਹ ਅਕਾਲੀ ਬਾਬਾ ਫ਼ੂਲਾ ਸਿੰਘ ਨੂੰ ਂੋਟੋਰੋਿੁਸ ਢਰਿੲਬਰੳਨਦ ਲਿਖਦਾ ਹੈ:

1820 ਵਿਚ ਮੈਟਕਾਫ਼ ਨੂੰ ਹੈਨਰੀ ਰਸਲ ਦੀ ਜਗ੍ਹਾ ਹੈਦਰਾਬਾਦ ਦਾ ਰੈਜ਼ੀਡੈਂਟ ਲਾਇਆ ਗਿਆ। ਉਥੇ ਵੀ ਇਸ ਨੇ ਨਿਹੰਗ ਸਿੰਘਾਂ ਨੂੰ ਦੇਖਿਆ ਤਾਂ ਪੁਰਾਣੀਆਂ ਯਾਦਾਂ ਤਾਜਾ ਹੋ ਗਈਆਂ ਸਨ। ਇਸ ਨੇ ਨਿਹੰਗ ਸਿੰਘਾਂ ਨੂੰ ਦੇਖਦਿਆਂ ਹੀ ਇਹ ਰਾਇ ਬਣਾ ਲਈ ਸੀ ਕਿ ਇਹ ਹੈਦਰਾਬਾਦ ਦੀ ਸਥਿਰਤਾ ਅਤੇ ਸ਼ਾਂਤੀ ਲਈ ਖਤਰਾ ਹਨ।

1849 ਵਿਚ ਜਦੋਂ ਹੀ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕੀਤਾ ਤਾਂ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਦਖ਼ਲ ਦੇਣਾ ਅਰੰਭ ਕਰ ਦਿੱਤਾ ਸੀ। ਉਹ ਗੁਰਦੁਆਰਿਆਂ ਵਿਚ ਆਪਣੀ ਮਰਜ਼ੀ ਦੇ ਪ੍ਰਬੰਧਕ ਲਾਉਣ ਅਤੇ ਅੰਮ੍ਰਿਤਸਰ ਵਿਖੇ ਨਿਹੰਗ ਸਿੰਘਾਂ ਦੀ ਪੱਕੀ ਛਾਉਣੀ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹੋ ਗਏ ਸਨ।

ਨਿਹੰਗ ਸਿੰਘ ਖਿੰਡ-ਪੁੰਡ ਗਏ ਸਨ ਅਤੇ ਕੋਈ ਚਾਰਾ ਚੱਲਦਾ ਨਾ ਦੇਖ ਇਹਨਾਂ ਨੇ ਚੱਕਰਵਰਤੀ ਰੁਖ ਧਾਰਨ ਕਰ ਲਿਆ ਸੀ। ਇਹਨਾਂ ‘ਤੇ ਸਖ਼ਤੀਆਂ ਦਾ ਦੌਰ ਅਰੰਭ ਹੋ ਗਿਆ ਸੀ। ਏਸੇ ਸਮੇਂ ਦੌਰਾਨ ਹੀ ਅੰਬਾਲੇ ਕੋਲ ਇਹਨਾਂ ਦੀ ਝੜਪ ਅੰਗਰੇਜ਼ਾਂ ਦੀ ਇਕ ਫ਼ੌਜੀ ਟੁਕੜੀ ਨਾਲ ਹੋ ਗਈ ਸੀ। ਇਸ ਸਮੇਂ ਬਾਬਾ ਹਨੂਮਾਨ ਸਿੰਘ ਇਹਨਾਂ ਦੇ ਜਥੇਦਾਰ ਸਨ। ਨਿਹੰਗ ਸਿੰਘ ਲੜ੍ਹਦੇ ਹੋਏ ਪਟਿਆਲਾ ਰਿਆਸਤ ਵਿਚ ਪ੍ਰਵੇਸ਼ ਕਰ ਗਏ ਸਨ। ਇਥੋਂ ਦੀ ਰਿਆਸਤ ਨੇ ਅੰਗਰੇਜ਼ਾਂ ਦਾ ਸਾਥ ਦਿੰਦੇ ਹੋਏ ਇਹਨਾਂ ਨੂੰ ਖਦੇੜ ਦਿੱਤਾ ਸੀ। ਕਿਸੇ ਪਾਸਿਉਂ ਸਹਾਇਤਾ ਮਿਲਦੀ ਨਾ ਦੇਖ ਇਹਨਾਂ ਨੇ ਨਾਂਦੇੜ ਸਾਹਿਬ ਵੱਲ ਚਾਲੇ ਪਾ ਦਿੱਤੇ ਸਨ, ਇਸ ਸਮੇਂ ਬਾਬਾ ਪ੍ਰਹਿਲਾਦਾ ਸਿੰਘ ਇਹਨਾਂ ਦੇ ਜਥੇਦਾਰ ਸਨ।

ਬਾਬਾ ਪ੍ਰਹਿਲਾਦ ਸਿੰਘ ਪਿੱਛੋਂ ਬਾਬਾ ਗਿਆਨ ਸਿੰਘ ਜਥੇਬੰਦੀ ਦੇ ਮੁੱਖੀ ਬਣੇ ਸਨ। ਲਗਪਗ ਬਾਰਾਂ ਸਾਲ ਉਥੇ ਨਿਵਾਸ ਉਪਰੰਤ ਇਹਨਾਂ ਨੇ ਪੰਜਾਬ ਦਾ ਰੁਖ ਕਰ ਲਿਆ। ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਇਕ ਗੱਡਾ, ਨਿਸ਼ਾਨ ਸਾਹਿਬ, ਧੌਂਸਾ ਅਤੇ ਪੰਜ-ਸੱਤ ਘੋੜੇ ਇਹਨਾਂ ਦੇ ਨਾਲ ਸਨ। ਪੰਜਾਬ ਆ ਕੇ ਇਹਨਾਂ ਨੇ ਗੁਰਦੁਆਰਿਆਂ ਵਿਚ ਪ੍ਰਚਾਰ ਦਾ ਕਾਰਜ ਅਰੰਭ ਕਰ ਦਿੱਤਾ ਸੀ ਜਿਸ ਨਾਲ ਕੁੱਝ ਸਿੰਘ ਇਹਨਾਂ ਦੇ ਜੱਥੇ ਵਿਚ ਸ਼ਾਮਲ ਹੋਣੇ ਅਰੰਭ ਹੋ ਗਏ ਸਨ। ਇਹਨਾਂ ਤੋਂ ਪਿੱਛੋਂ ਬਾਬਾ ਤੇਜਾ ਸਿੰਘ ਦੀ ਅਗਵਾਈ ਵਿਚ ਇਹ ਦਲ ਵੱਧਣਾ ਸ਼ੁਰੂ ਹੋ ਗਿਆ ਸੀ ਜਿਹੜਾ ਕਿ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਸਮੇਂ ਬਹੁਤ ਤਰੱਕੀ ਕਰ ਗਿਆ ਸੀ। ਭਾਵੇਂ ਕਿ ਇਹ ਸ਼ਸਤਰ ਸਜਾਉਂਦੇ ਸਨ ਪਰ ਇਹਨਾਂ ਨੇ ਆਪਣਾ ਧਿਆਨ ਬਾਣੀ ਪੜ੍ਹਨ ਅਤੇ ਗੁਰਮਤਿ ਪ੍ਰਚਾਰ ਹਿਤ ਕੇਂਦਰਿਤ ਕਰ ਲਿਆ ਸੀ।

ਇਸ ਤਰ੍ਹਾਂ ਇਹ ਪੰਥ ਪੰਜਾਬ ਵਿਚ ਬਹੁਤ ਵੱਧ ਗਿਆ ਸੀ ਅਤੇ ਮੌਜੂਦਾ ਸਮੇਂ ਵਿਚ ਲਗਪਗ ਹਰ ਇਕ ਇਤਿਹਾਸਿਕ ਗੁਰਦੁਆਰੇ ਕੋਲ ਇਹਨਾਂ ਦੀਆਂ ਛਾਉਣੀਆਂ ਕਾਇਮ ਹਨ। ਛਾਉਣੀਆਂ ਕਾਇਮ ਕਰਨ ਦੇ ਨਾਲ-ਨਾਲ ਇਹਨਾਂ ਨੇ ਸਕੂਲਾਂ ਅਤੇ ਕਾਲਜਾਂ ਰਾਹੀਂ ਵਿੱਦਿਆ ਪ੍ਰਦਾਨ ਕਰਨ ਵਿਚ ਵੀ ਦੀਰਘ ਰੁਚੀ ਦਿਖਾਈ ਹੈ।

1984 ਵਿਚ ਬਾਬਾ ਸੰਤਾ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਰਵਾਈ ਗਈ ਕਾਰ-ਸੇਵਾ ਨੇ ਨਿਹੰਗ ਸਿੰਘਾਂ ਪ੍ਰਤਿ ਰੋਸ ਦੀ ਭਾਵਨਾ ਵਿਚ ਚੌਖਾ ਵਾਧਾ ਕੀਤਾ ਸੀ। ਨਿਹੰਗ ਬਾਣੇ ਵਿਚ ਪੂਹਲਾ ਸਿੰਘ ਦੀਆਂ ਕਰਤੂਤਾਂ ਨੇ ਇਹਨਾਂ ਪ੍ਰਤਿ ਨਕਾਰਾਤਮਿਕ ਭਾਵਨਾ ਪੈਦਾ ਕਰਨ ਵਿਚ ਯੋਗਦਾਨ ਪਾਇਆ ਹੈ।

ਕੁਝ ਇਕ ਘਟਨਾਵਾਂ ਨੂੰ ਛੱਡ ਕੇ ਜੇਕਰ ਨਿਹੰਗ ਸਿੰਘ ਦੇ ਸਮੁੱਚੇ ਕਿਰਦਾਰ ਨੂੰ ਸਾਹਮਣੇ ਰੱਖ ਕੇ ਦੇਖਿਆ ਜਾਵੇ ਤਾਂ ਹਾਲੇ ਵੀ ਇਹ ਆਮ ਲੋਕਾਂ ਵਿਚ ਸਤਿਕਾਰ ਪ੍ਰਾਪਤ ਕਰਦੇ ਹਨ। ਬਾਣੀ ਅਤੇ ਬਾਣੇ ਦੇ ਧਾਰਨੀ ਬਹੁਤ ਸਾਰੇ ਨਿਹੰਗ ਸਿੰਘ ਆਮ ਤੌਰ ‘ਤੇ ਆਪਣੀਆਂ ਛਾਉਣੀਆਂ ਵਿਚ ਹੀ ਜੀਵਨ ਬਸਰ ਕਰਦੇ ਹਨ ਅਤੇ ਆਮ ਲੋਕਾਂ ਨਾਲ ਇਹਨਾਂ ਦਾ ਰਾਬਤਾ ਬਹੁਤ ਘੱਟ ਹੋਣ ਕਰਕੇ ਜਦੋਂ ਨਿਹੰਗ ਬਾਣੇ ਵਾਲੇ ਕਿਸੇ ਸਿੰਘ ਰਾਹੀਂ ਕੋਈ ਨਕਾਰਾਤਮਿਕ ਘਟਨਾ ਸਾਹਮਣੇ ਆਉਂਦੀ ਹੈ ਤਾਂ ਸਮੂਹ ਦਲਾਂ ਨੂੰ ਸ਼ੱਕ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਣ ਲੱਗ ਪੈਂਦਾ ਹੈ, ਇਸ ਧਾਰਨਾ ਨੂੰ ਬਦਲਣ ਦੀ ਲੋੜ ਹੈ।

ਬਾਹਰਲੇ ਮੁਲਕਾਂ ਵਿਚ ਬਹੁਤ ਸਾਰੇ ਨਿਹੰਗ ਸਿੰਘ ਬਾਣੇ ਦੇ ਧਾਰਨੀ ਹੋ ਕੇ ਟੈਕਨਾਲੋਜੀ ਅਤੇ ਹੋਰ ਵਿੱਦਿਆ ਗ੍ਰਹਿਣ ਕਰ ਰਹੇ ਹਨ ਪਰ ਪੰਜਾਬ ਦੇ ਨਿਹੰਗ ਸਿੰਘਾਂ ਨੂੰ ਇਸ ਪਾਸੇ ਕਿਵੇਂ ਤੋਰਿਆ ਜਾਵੇ, ਵਰਤਮਾਨ ਸਮੇਂ ਵਿਚ ਇਸ ਪਾਸੇ ਯਤਨਸ਼ੀਲ ਹੋਣ ਦੀ ਵਧੇਰੇ ਲੋੜ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)