editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-11 ਜਥੇਦਾਰ ਚੰਨਣ ਸਿੰਘ ‘ਉਰਾੜਾ’

ਜਥੇਦਾਰ ਸਾਹਿਬ ਬਚਪਨ ਤੋਂ ਹੀ ਅਜ਼ਾਦ ਸੁਭਾਅ ਦੇ ਮਾਲਕ ਸਨ ਤੇ ਅਜ਼ਾਦੀ ਲਹਿਰ ਨਾਲ ਜੁੜੇ ਹੋਏ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤੇ ਸੁਤੰਤਰਤਾ ਲਹਿਰ ਨਾਲ ਬਚਪਨ ਤੋਂ ਜੁੜੇ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਪਦਵੀ ’ਤੇ ਬਿਰਾਜਮਾਨ ਰਹਿ ਚੁੱਕੇ ਜਥੇ. ਚੰਨਣ ਸਿੰਘ ‘ਉਰਾੜਾ’ ਦਾ ਜਨਮ 1902 ਈ: ’ਚ ਸ. ਲਾਲ ਸਿੰਘ ਅਤੇ ਮਾਤਾ ਦਿਆਲ ਕੌਰ ਦੇ ਘਰ ਪਿੰਡ ਉਰਾੜਾ, ਤਹਿ. ਕਸੂਰ, ਜ਼ਿਲ੍ਹਾ ਲਾਹੌਰ ’ਚ ਹੋਇਆ। ਬਾਲ-ਜੁਆਨੀ ਜਥੇ. ਚੰਨਣ ਸਿੰਘ ‘ਉਰਾੜਾ’ ਦੀ ਦੇਸ਼ ਦੀ ਅਜ਼ਾਦੀ ਤੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ’ਚ ਬੀਤੀ। ਜਥੇ. ਚੰਨਣ ਸਿੰਘ ‘ਉਰਾੜਾ’ ਦਾ ਅਨੰਦ ਕਾਰਜ ਵਲਟੋਹਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਇਨ੍ਹਾਂ ਦੇ ਘਰ ਚਾਰ ਸਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ। ਜਥੇਦਾਰ ਸਾਹਿਬ ਬਚਪਨ ਤੋਂ ਹੀ ਅਜ਼ਾਦ ਸੁਭਾਅ ਦੇ ਮਾਲਕ ਸਨ ਤੇ ਅਜ਼ਾਦੀ ਲਹਿਰ ਨਾਲ ਜੁੜੇ ਹੋਏ ਸਨ। 17 ਸਾਲ ਦੀ ਭਰ-ਜੁਆਨੀ ’ਚ ਜ਼ਲ੍ਹਿਆਂ ਵਾਲੇ ਬਾਗ ਦੇ ਸਾਕੇ ਸਮੇਂ ਇਨ੍ਹਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਤੇ ਕੈਦ ਕੱਟੀ। 1923-24 ਈ: ’ਚ ਡਸਕੇ ਦੇ ਮੋਰਚੇ ਸਮੇਂ ਵੀ ਅਕਾਲੀ ਲਹਿਰ ’ਚ ਇਨ੍ਹਾਂ ਨੇ ਇਕ ਸਾਲ ਜੇਲ੍ਹ ਯਾਤਰਾ ਕੀਤੀ। ਜਥੇ. ਚੰਨਣ ਸਿੰਘ ‘ਉਰਾੜਾ’ ਨੂੰ 1924-25 ਈ: ਵਿਚ ਫੇਰੂ ਦੇ ਮੋਰਚੇ ਸਮੇਂ ਸੈਂਟਰਲ ਜੇਲ੍ਹ ਲਾਹੌਰ ’ਚ ਇਕ ਸਾਲ ਦੀ ਕੈਦ ਕੱਟਣੀ ਪਈ ਅਤੇ 100 ਰੁਪਏ ਜ਼ੁਰਮਾਨਾ ਅਦਾ ਕਰਨਾ ਪਿਆ। ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੱਗੇ ਕਿਰਪਾਨ ਦੇ ਮੋਰਚੇ ਸਮੇਂ ਅਟਕ ਜੇਲ੍ਹ ’ਚ ਇਕ ਹਫ਼ਤੇ ਦੀ ਕੈਦ ਕੱਟੀ ਅਤੇ 300 ਰੁਪਏ ਜ਼ੁਰਮਾਨਾ ਭਰਿਆ। 1941 ਈ: ’ਚ ਇਹ ਇਕ ਸਾਲ ਲਈ ਫਿਰ ਨਜ਼ਰਬੰਦ ਰਹੇ। ਜਥੇ. ਚੰਨਣ ਸਿੰਘ ‘ਉਰਾੜਾ’ ਨੇ ਭਾਰਤ ਛੱਡੋ ਅੰਦੋਲਨ ਸਮੇਂ ਸਰਗਰਮੀ ਨਾਲ ਹਿੱਸਾ ਲਿਆ ਅਤੇ 2 ਸਾਲ 9 ਮਹੀਨੇ ਸੈਂਟਰਲ ਜੇਲ੍ਹ ਮੁਲਤਾਨ ’ਚ ਨਜ਼ਰਬੰਦ ਰਹੇ। ਜਥੇ. ਚੰਨਣ ਸਿੰਘ ‘ਉਰਾੜਾ’ ਨੂੰ 1946 ਈ: ’ਚ ਫਿਰ ਗ੍ਰਿਫਤਾਰ ਕਰਕੇ ਇਕ ਸਾਲ ਨਜ਼ਰਬੰਦ ਰੱਖਿਆ ਗਿਆ।

ਆਖਰੀ ਵਾਰ ਦੇਸ਼ ਵੰਡ ਦੇ ਸਮੇਂ 1947 ਈ: ’ਚ ਜਥੇ. ਚੰਨਣ ਸਿੰਘ ‘ਉਰਾੜਾ’ ਨੂੰ ਸੁਰੱਖਿਆ ਐਕਟ ਅਧੀਨ ਗ੍ਰਿਫਤਾਰ ਕੀਤਾ ਗਿਆ ਤੇ ਤਿੰਨ ਮਹੀਨੇ ਸੈਂਟਰਲ ਜੇਲ੍ਹ ਲਾਹੌਰ ’ਚ ਬੰਦੀ ਰੱਖਿਆ ਗਿਆ। ਦੇਸ਼ ਵੰਡ ਉਪਰੰਤ ਜਥੇ. ਚੰਨਣ ਸਿੰਘ ‘ਉਰਾੜਾ’ ਨੂੰ ਸ. ਸੰਪੂਰਨ ਸਿੰਘ ਦੇ ਯਤਨਾਂ ਸਦਕਾ ਵਲਟੋਹਾ ਪਹੁੰਚਾਇਆ ਗਿਆ। ਦੇਸ਼ ਵੰਡ ਉਪਰੰਤ ਜਥੇ. ਚੰਨਣ ਸਿੰਘ ‘ਉਰਾੜਾ’ ਪਰਵਾਰ ਸਮੇਤ ਦਾਊਦਪੁਰਾ ਨੇੜੇ ਵਲਟੋਹਾ ਵੱਸ ਗਏ, ਜਿਥੇ ਇਨ੍ਹਾਂ ਦੇ ਪੁੱਤ-ਪੋਤਰੇ ਹੁਣ ਵੀ ਆਪੋ-ਆਪਣੇ ਕਾਰੋਬਾਰਾਂ ’ਚ ਮਸ਼ਰੂਫ ਹਨ। ਜਥੇ. ਚੰਨਣ ਸਿੰਘ ‘ਉਰਾੜਾ’ ਦੇ ਪੁੱਤ-ਪੋਤਰਿਆਂ ਦੇ ਦੱਸਣ ਅਨੁਸਾਰ 1953 ਈ: ਵਿਚ ਜਥੇ. ਚੰਨਣ ਸਿੰਘ ਤੇ ਇਨ੍ਹਾਂ ਦੇ ਭਤੀਜੇ ਨੂੰ ਬਹੋੜੂ ਪੁਲ ’ਤੇ ਨੇੜੇ ਅੰਮ੍ਰਿਤਸਰ, ਬੱਸ ’ਚੋਂ ਕੱਢ ਕੇ ਕਤਲ ਕਰ ਦਿੱਤਾ ਗਿਆ। ਇਹ ਕਤਲ ਇਨ੍ਹਾਂ ਦੇ ਸ਼ਰੀਕੇ ਵਿੱਚੋਂ ਹੀ ਕੀਤੇ ਗਏ।

ਚੰਨਣ ਸਿੰਘ ‘ਉਰਾੜਾ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਰੀਕਾਰਡ ਮੁਤਾਬਿਕ ਜਥੇ. ਚੰਨਣ ਸਿੰਘ ‘ਉਰਾੜਾ’ 18 ਮਾਰਚ, 1950 ਤੋਂ 26 ਨਵੰਬਰ, 1950 ਤੀਕ ਸ਼੍ਰੋਮਣੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨਗੀ ਪਦ ’ਤੇ ਸ਼ੋਭਨੀਕ ਰਹੇ। 08 ਅਪ੍ਰੈਲ, 1932 ਨੂੰ ਗੁਰਦੁਆਰਾ ਐਕਟ ਦੀ ਦਫਾ 44 (4) ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਮੈਂਬਰਾਂ ਦੀ ਇਕੱਤ੍ਰਤਾ ਪੰਜਾਬ ਸਰਕਾਰ ਦੇ ਸੱਦੇ 11 ਵਜੇ ਟਾਊਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅੰਕ ਨੰ:63 ਅਨੁਸਾਰ ਜਥੇ. ਚੰਨਣ ਸਿੰਘ (ਢਿੱਲੋਂ), ਪਿੰਡ ਉਰਾੜਾ, ਤਹਿਸੀਲ ਕਸੂਰ (ਲਾਹੌਰ) ਤੋਂ ਹਾਜ਼ਰ ਸਨ। 17 ਜੂਨ, 1933; 02 ਅਕਤੂਬਰ, 1934; 13 ਜੂਨ, 1936; 28 ਨਵੰਬਰ, 1937 ਅਤੇ 09 ਅਕਤੂਬਰ, 1938 ਨੂੰ ਹੋਈਆਂ ਜਨਰਲ ਇਕੱਤ੍ਰਤਾਵਾਂ ਸਮੇਂ ਜਥੇ. ਚੰਨਣ ਸਿੰਘ ‘ਉਰਾੜਾ’ ਅੰਤ੍ਰਿਗ ਕਮੇਟੀ ਮੈਂਬਰ ਚੁਣੇ ਗਏ।

29 ਅਕਤੂਬਰ, 1935 ਨੂੰ ਸਰਕਾਰ ਦੇ ਫਿਰਕੇਦਾਰੀ ਫੈਸਲੇ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਇਜਲਾਸ ਬੁਲਵਾਇਆ। ਇਸ ਸਮੇਂ ਗੁਰਦੁਆਰਾ ਸ਼ਹੀਦ ਗੰਜ, ਕਿਰਪਾਨ ਦਾ ਮਸਲਾ ਤੇ ਮੁਸਲਿਮ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ, ਜਿਸ ਵਿਚ ਜਥੇ. ਚੰਨਣ ਸਿੰਘ ‘ਉਰਾੜਾ’ ਤੇ ਸ. ਅਰਜਨ ਸਿੰਘ ਲਾਹੌਰ ਵਾਲਿਆਂ ਨੇ ਕਿਹਾ ਕਿ ਇਸ ਮੋਰਚੇ ਵਿਚ ਕੁਰਬਾਨੀ ਦੇਣ ਲਈ ਲਾਹੌਰ ਜ਼ਿਲ੍ਹਾ ਸਭ ਤੋਂ ਅੱਗੇ ਹੋਵੇਗਾ। 25 ਅਪ੍ਰੈਲ, 1936 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵੀਂ ਚੋਣ ਉਪਰੰਤ ਪਹਿਲਾ ਜਨਰਲ ਇਜਲਾਸ ਹੋਇਆ, ਜਿਸ ’ਚ ਜਥੇ. ਚੰਨਣ ਸਿੰਘ ‘ਉਰਾੜਾ’, ਡਾ. ਰਾਜਾ ਗੰਜ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ ਤੋਂ ਹਾਜ਼ਰ ਸਨ।

28 ਮਈ, 1948 ਨੂੰ ਨਵੀਂ ਚੋਣ ਉਪਰੰਤ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਸਮੇਂ ਜਥੇ. ਚੰਨਣ ਸਿੰਘ ‘ਉਰਾੜਾ’ ਨੂੰ ਮੈਂਬਰ ਸ਼੍ਰੋਮਣੀ ਕਮੇਟੀ ਨਾਮਜ਼ਦ ਕੀਤਾ ਗਿਆ। ਸ. ਸ਼ਮਸ਼ੇਰ ਸਿੰਘ ‘ਅਸ਼ੋਕ’ ਦੀ ਲਿਖਤ ਅਨੁਸਾਰ ਇਸ ਸਮੇਂ ਜਥੇਦਾਰ ਸਾਹਿਬ ਐਮ.ਐਲ.ਏ. ਵੀ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਜਨਰਲ ਸਮਾਗਮ 26 ਫਰਵਰੀ, 1950 ਨੂੰ ਜਥੇ. ਊਧਮ ਸਿੰਘ ਦੀ ਪ੍ਰਧਾਨਗੀ ’ਚ ਅਰੰਭ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਸਰਬ-ਸੰਮਤੀ ਨਾਲ ਪ੍ਰਵਾਨ ਕਰਦਾ ਹੈ ਕਿ ਸਮਝੌਤੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਅੰਤ੍ਰਿੰਗ ਮੈਂਬਰਾਂ ਦਾ ਸਾਰਾ ਮਾਮਲਾ ਜਥੇ. ਚੰਨਣ ਸਿੰਘ ‘ਉਰਾੜਾ’ ਦੇ ਹਵਾਲੇ ਕੀਤਾ ਜਾਂਦਾ ਹੈ। ਜਥੇ. ਊਧਮ ਸਿੰਘ ਨੇ ਕਿਹਾ ਕਿ ਜਿਸ ਤਰ੍ਹਾ ਅਸਾਂ ਸਭ ਕੁਝ ਜਥੇ. ਚੰਨਣ ਸਿੰਘ ‘ਉਰਾੜਾ’ ਦੇ ਹਵਾਲੇ ਕੀਤਾ ਹੈ ਤੇ ਅਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ, ਜੋ ਫੈਸਲਾ ਉਹ ਕਰਨ ਉਸ ਨੂੰ ਸਿਰੇ ਚੜ੍ਹਾਉਣਾ ਚਾਹੀਦਾ ਹੈ।

ਇਸ ਉਪਰੰਤ ਸ. ਬਾਲ ਸਿੰਘ ਮੈਂਬਰ, ਸ਼੍ਰੋਮਣੀ ਕਮੇਟੀ ਜ਼ਿਲ੍ਹਾ ਸ਼ੇਖੂਪੁਰਾ ਦੇ ਅਕਾਲ ਚਲਾਣੇ ’ਤੇ ਅਫਸੋਸ ਦਾ ਮਤਾ ਕੀਤਾ ਗਿਆ। ਜਥੇ. ਚੰਨਣ ਸਿੰਘ ‘ਉਰਾੜਾ’ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਹਾਂ ਧੜਿਆਂ ਨੇ ਮੇਰੀ ਡਿਊਟੀ ਲਗਾਈ ਗਈ ਹੈ ਕਿ ਮੈਂ ਇਨ੍ਹਾਂ ਦੇ ਆਪਸੀ ਮਤਭੇਦ ਗੱਲਬਾਤ ਕਰਕੇ ਮੁਕਾਉਂਦਿਆਂ ਤੇ ਜੇ ਗੱਲਬਾਤ ਕਰਕੇ ਨਾ ਮੁੱਕਣ ਤਾਂ ਸਾਲਸੀ ਫੈਸਲਾ ਦਿਆਂ, ਇਸ ਲਈ ਮੈਂ ਚੇਅਰਮੈਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੀਟਿੰਗ ਦੋ ਘੰਟਿਆਂ ਲਈ ਮੁਲਤਵੀ ਕਰ ਦਿੱਤੀ ਜਾਵੇ ਤੇ ਮੁੜ ਕੇ ਇਜਲਾਸ ਤਿੰਨ ਵਜੇ ਸ਼ੁਰੂ ਹੋਵੇ। ਚੇਅਰਮੈਨ ਸਾਹਿਬ ਨੇ ਹਾਊਸ ਦੀ ਰਾਏ ਲਈ ਅਤੇ ਸਾਰਿਆਂ ਮੈਂਬਰਾਂ ਦੇ ਸਹਿਮਤੀ ਪ੍ਰਗਟ ਕਰਨ ’ਤੇ ਇਜਲਾਸ ਦੋ ਘੰਟੇ ਲਈ ਮੁਲਤਵੀ ਕਰ ਦਿੱਤਾ।

ਦੋਬਾਰਾ ਇਜਲਾਸ ਸ਼ੁਰੂ ਹੋਣ ’ਤੇ ਜਥੇ. ਊਧਮ ਸਿੰਘ ਨੇ ਕਿਹਾ ਕਿ ਕਾਫੀ ਦੇਰ ਤੋਂ ਸਾਡੀ ਇਹ ਖਾਹਿਸ਼ ਹੈ ਕਿ ਪੰਥ ਵਿਚ ਏਕਤਾ ਹੋਵੇ, ਇਹ ਹੈ ਵੀ ਜ਼ਰੂਰੀ ਕਿਉਂਕਿ ਦੇਸ਼ ਤੇ ਕੌਮ ਦੇ ਮੌਜੂਦਾ ਹਾਲਾਤ ਏਕਤਾ ਤੇ ਵਧੇਰੇ ਮਜ਼ਬੂਤੀ ਦੀ ਮੰਗ ਕਰਦੇ ਹਨ। ਮੈਂ ਚੂੰਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਾਂ, ਇਸ ਲਈ ਮੈਂ ਅਤੇ ਮੇਰੇ ਸਾਥੀ ਜ਼ਰੂਰੀ ਸਮਝਦੇ ਹਨ ਕਿ ਆਪਣੇ ਸਾਥੀਆਂ ਅਤੇ ਸਾਰੇ ਹਾਊਸ ਨੂੰ ਅਪੀਲ ਕਰਾਂ ਕਿ ਸਾਰਾ ਮਾਮਲਾ ਜਥੇ. ਚੰਨਣ ਸਿੰਘ ਦੇ ਹਵਾਲੇ ਕਰ ਦੇਣ ਤੇ ਜੋ ਚਾਹੁਣ ਫੈਸਲਾ ਕਰ ਦੇਣ। ਗਿਆਨੀ ਕਰਤਾਰ ਸਿੰਘ ਨੇ ਕਿਹਾ ਕਿ ਜਥੇ. ਚੰਨਣ ਸਿੰਘ ਜੋ ਫੈਸਲਾ ਕਰਨਗੇ ਉਹ ਭਾਵੇਂ ਮੈਨੂੰ ਪਸੰਦ ਹੋਵੇ ਜਾਂ ਨਾ, ਮੈਂ ਉਸ ਦਾ ਪਾਬੰਦ ਹੋਵਾਂਗਾ ਤੇ ਆਪਣੇ ਸਾਥੀਆਂ ਨੂੰ ਵੀ ਕਹਾਂਗਾ ਕਿ ਉਹ ਇਸ ਦੇ ਪਾਬੰਦ ਰਹਿਣ।

ਜਥੇ. ਚੰਨਣ ਸਿੰਘ ‘ਉਰਾੜਾ’ ਨੇ ਕਿਹਾ ਕਿ ਮੈਂ ਕਾਫੀ ਕੋਸ਼ਿਸ਼ ਕੀਤੀ ਹੈ ਭਾਵੇਂ ਗੱਲ ਹਾਲੇ ਤਕ ਨਿਬੜੀ ਨਹੀਂ ਪਰ ਨਿਬੜ ਜ਼ਰੂਰ ਜਾਏਗੀ। ਮਾਮਲਾ ਜਿਹੜਾ ਮੇਰੇ ਹੱਥ ਵਿਚ ਦਿੱਤਾ ਗਿਆ ਹੈ, ਮੈਂ ਇਸ ਨੂੰ ਇਸ ਤਰ੍ਹਾਂ ਨਜਿੱਠਣ ਦੀ ਕੋਸ਼ਿਸ਼ ਕਰਾਂਗਾ, ਜਿਸ ਨਾਲ ਪੰਥ ਚੜ੍ਹਦੀਆਂ ਕਲਾਂ ਵਿਚ ਜਾਵੇ। ਕੁਝ ਦਿਨਾਂ ਤੀਕ ਮੈਂ ਅੰਤ੍ਰਿੰਗ ਕਮੇਟੀ ਤੇ ਅਹੁਦੇਦਾਰਾਂ ਦੀ ਚੋਣ ਕਰਾਂਗਾ। ਅੱਜ ਦੀ ਇਕੱਤ੍ਰਤਾ ਵਿਚ ਬਜਟ ਪਾਸ ਕਰ ਦਿੱਤਾ ਜਾਵੇ। ਜੋ ਮੁਕੱਦਮੇ ਦੋਹਾਂ ਧਿਰਾਂ ਨੇ ਇਕ ਦੂਜੇ ਉੱਪਰ ਕੀਤੇ ਹਨ, ਉਹ ਵੀ ਵਾਪਸ ਲੈ ਲਏ ਜਾਣ। ਹਵਾਲਾ ਤਾਂ ਨਹੀਂ ਮਿਲਦਾ ਪਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ 18 ਮਾਰਚ, 1950 ਨੂੰ ਜਥੇ. ਚੰਨਣ ਸਿੰਘ ‘ਉਰਾੜਾ’ ਨੂੰ ਪ੍ਰਧਾਨ, ਸ਼੍ਰੋਮਣੀ ਕਮੇਟੀ ਸਵੀਕਾਰ ਕਰ ਲਿਆ ਗਿਆ ਹੋਵੇ। ਸੁਣਨ ’ਚ ਆਇਆ ਹੈ ਕਿ ਇਨ੍ਹਾਂ ਨੇ ਆਪਣੇ ਆਪ ਨੂੰ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਲਾਨ ਦਿੱਤਾ ਜਿਸ ਨੂੰ ਦੋਨਾਂ ਧਿਰਾਂ ਨੇ ਪ੍ਰਵਾਨ ਕਰ ਲਿਆ। 1950 ਈ. ’ਚ ਹੋਇਆ ਮਤਾ ਨੰ: 3486 ਇਸ ਗੱਲ ਦੀ ਪੁਸ਼ਟੀ ਕਰਦਾ ਹੈ: “ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਸੰਬੰਧੀ ਸਰਵਿਸ ਸਬ-ਕਮੇਟੀ ਨੀਯਤ ਕੀਤੀ ਗਈ ਜਿਸ ਵਿਚ ਇਨ੍ਹਾਂ ਦੇ ਨਾਮ ਨਾਲ ਪ੍ਰਧਾਨ ਸ਼ਬਦ ਅੰਕਿਤ ਹੈ: 1) ਜਥੇ. ਚੰਨਣ ਸਿੰਘ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , 2) ਸ. ਬਸੰਤ ਸਿੰਘ ਮੋਗਾ ਸੀਨੀਅਰ ਮੀਤ ਪ੍ਰਧਾਨ, 3) ਮਾਸਟਰ ਅਜੀਤ ਸਿੰਘ ਜੂਨੀਅਰ ਮੀਤ ਪ੍ਰਧਾਨ ਆਦਿ।

20 ਅਗਸਤ, 1950 ਨੂੰ ਜਥੇ. ਚੰਨਣ ਸਿੰਘ ‘ਉਰਾੜਾ’ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸਮੇਂ ਫੈਸਲਾ ਕੀਤਾ ਗਿਆ ਕਿ ਦੇਸ਼ ਵੰਡ ਤੋਂ ਬਾਅਦ ਪਹਿਲੀ ਵੇਰੀ ਹੋ ਰਹੀ ਆਦਮ ਗਿਣਤੀ (ਮਰਦਮਸ਼ੁਮਾਰੀ) ਜੋ 09 ਫਰਵਰੀ, 1951 ਤੋਂ 01 ਮਾਰਚ, 1951 ਤੀਕ ਹੋ ਰਹੀ, ਸਮੇਂ ਆਪਣੀ ਗਿਣਤੀ ਠੀਕ-ਠਾਕ ਦਰਜ ਕਰਵਾਈ ਜਾਵੇ। ਮਰਦਮ ਸ਼ੁਮਾਰੀ ਬਾਰੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀਆਂ ਸਿੰਘਾਂ ਤੇ ਰਾਗੀਆਂ ਨੂੰ ਵਿਸ਼ੇਸ਼ ਪੱਤਰ ਰਾਹੀਂ ਸੁਚੇਤ ਕੀਤਾ ਗਿਆ।10 ਅਕਤੂਬਰ, 1950 ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਗੁਰਦਾਸਪੁਰ ’ਚ ਆਏ ਹੜ੍ਹਾਂ ਕਾਰਨ,ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਸ੍ਰੀ ਦਰਬਾਰ ਸਾਹਿਬ ਵੱਲੋਂ ਦਸ ਹਜ਼ਾਰ ਰੁਪਏ ਤੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵੱਲੋਂ 20 ਹਜ਼ਾਰ ਰੁਪਏ ਲੰਗਰ ਲਾਉਣ ਲਈ ਦਿੱਤੇ ਗਏ ਅਤੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ 6 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਜਥੇ. ਚੰਨਣ ਸਿੰਘ ‘ਉਰਾੜਾ’ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼ਾਮਲ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਮਾਗਮ 26 ਨਵੰਬਰ, 1950 ਨੂੰ ਜਥੇ. ਚੰਨਣ ਸਿੰਘ ‘ਉਰਾੜਾ’ ਦੀ ਪ੍ਰਧਾਨਗੀ ਹੇਠ ਅਰੰਭ ਹੋਇਆ, ਜਿਸ ਵਿਚ 114 ਮੈਂਬਰ ਹਾਜ਼ਰ ਸਨ। ਸਭ ਤੋਂ ਪਹਿਲਾਂ ਮਹੰਤ ਪ੍ਰੇਮ ਸਿੰਘ ਮੁਰਾਲਾ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਮ. ਐਲ. ਏ ਦੇ ਅਕਾਲ ਚਲਾਣੇ ’ਤੇ ਅਫਸੋਸ ਦਾ ਮਤਾ ਕੀਤਾ ਗਿਆ ਤੇ ਉਨ੍ਹਾਂ ਦੇ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।

ਸ. ਈਸ਼ਰ ਸਿੰਘ ਮਝੈਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਨਾਂ ਪੇਸ਼ ਕਰਨ ਤੋਂ ਪਹਿਲਾਂ ਮੈਂ ਜਥੇਦਾਰ ਚੰਨਣ ਸਿੰਘ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਉਸ ਸਮੇਂ ਇਹ ਕਾਰਜ ਸੰਭਾਲਿਆ ਜਦੋਂ ਹੁਣ ਜਿਹੇ ਹਾਲਾਤ ਨਹੀਂ ਸਨ। ਜਥੇ. ਚੰਨਣ ਸਿੰਘ ‘ਉਰਾੜਾ’ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਜਿਸ ਸਥਾਨ ’ਤੇ ਮੈਂ ਪਹੁੰਚਣਾ ਚਾਹੁੰਦਾ ਸੀ, ਗੁਰੂ ਮਹਾਰਾਜ ਨੇ ਮੈਨੂੰ ਪਹੁੰਚਾ ਦਿੱਤਾ। ਸ. ਈਸ਼ਰ ਸਿੰਘ ਮਝੈਲ ਨੇ ਜਥੇ. ਊਧਮ ਸਿੰਘ ਦਾ ਨਾਂ ਪੇਸ਼ ਕੀਤਾ ਹੈ, ਕੋਈ ਹੋਰ ਨਾਮ ਪੇਸ਼ ਨਹੀਂ ਹੋਇਆ। ਇਸ ਲਈ ਮੈਂ ਜਥੇ. ਊਧਮ ਸਿੰਘ ਨੂੰ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਲਾਨ ਕਰਦਾ ਹਾਂ। ਇਸ ਤਰ੍ਹਾਂ ਜਥੇ. ਚੰਨਣ ਸਿੰਘ ‘ਉਰਾੜਾ’ ਦਾ ਪ੍ਰਧਾਨਗੀ ਕਾਰਜ ਕਾਲ ਸੰਪੂਰਨ ਹੋ ਗਿਆ। ਦੇਸ਼ ਦੀ ਅਜ਼ਾਦੀ ਲਹਿਰ ’ਚ ਇਨ੍ਹਾਂ ਵੱਲੋਂ ਪਾਏ ਯੋਗਦਾਨ ਕਰਕੇ ਇਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ‘ਤਾਮਰ ਪੱਤਰ’ ਪ੍ਰਦਾਨ ਕੀਤਾ ਗਿਆ। ਇਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)