editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-25 ਪ੍ਰੋ. ਕਿਰਪਾਲ ਸਿੰਘ ਬਡੂੰਗਰ

ਆਪ ਦਿਨ-ਰਾਤ ਸਾਹਿਤ ਪੜ੍ਹਦੇ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਕ੍ਰਾਂਤੀਕਾਰੀ ਤਰੀਕੇ ਨਾਲ ਅਵਾਜ਼ ਉਠਾਉਂਦੇ ਤੇ ਬੇਬਾਕੀ ਨਾਲ ਲਿਖਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਸਿੱਖੀ ਗੁਣਾਂ ਨਾਲ ਓਤ-ਪੋਤ, ਵਿੱਦਿਆ ਪ੍ਰੇਮੀ, ਉੱਘੇ ਲੇਖਕ, ਵਿਦਵਾਨ ਬੁਲਾਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਪਦਵੀ ’ਤੇ ਸੁਸ਼ੋਭਿਤ ਰਹਿ ਚੁੱਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਜਨਮ 14 ਜਨਵਰੀ, 1942 ਈ: ਨੂੰ ਪਿਤਾ ਡਾ. ਗੁਰਚਰਨ ਸਿੰਘ ਜੀ ਤੇ ਮਾਤਾ ਇੰਦਰ ਕੌਰ ਜੀ ਦੇ ਘਰ ਪਿੰਡ ਬਡੂੰਗਰ ਜ਼ਿਲ੍ਹਾ ਪਟਿਆਲਾ ’ਚ ਹੋਇਆ। ਮੁਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਇਨ੍ਹਾਂ ਨੇ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ਖਾਲਸਾ ਕਾਲਜ, ਪਟਿਆਲਾ ਤੋਂ ਬੀ.ਏ. ਦੀ ਡਿਗਰੀ ਪ੍ਰਾਪਤ ਕਰ ਕੇ ਮਹਿੰਦਰਾ ਕਾਲਜ, ਪਟਿਆਲਾ ਤੋਂ ਐੱਮ.ਏ. ਅੰਗਰੇਜ਼ੀ ਕੀਤੀ। ਇਨ੍ਹਾਂ ਨੇ ਪੜ੍ਹਾਈ ਦੌਰਾਨ ਵਿਦਿਆਰਥੀ ਸਰਗਰਮੀਆਂ ਵਿਚ ਹਿੱਸਾ ਲੈਂਦਿਆਂ ਵਿਦਿਆਰਥੀ ਲੀਡਰ ਵਜੋਂ ਨਾਮਣਾ ਖੱਟਿਆ।

ਆਪ ਦਿਨ-ਰਾਤ ਸਾਹਿਤ ਪੜ੍ਹਦੇ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਕ੍ਰਾਂਤੀਕਾਰੀ ਤਰੀਕੇ ਨਾਲ ਅਵਾਜ਼ ਉਠਾਉਂਦੇ ਤੇ ਬੇਬਾਕੀ ਨਾਲ ਲਿਖਦੇ ਹਨ । ਆਪ ਪਬਲਿਕ ਹੈਲਥ, ਮਿਊਂਸਪਲ ਕਮੇਟੀ ਤੇ ਭਾਸ਼ਾ ਵਿਭਾਗ ਪੰਜਾਬ ’ਚ ਵੱਖ-ਵੱਖ ਅਹੁਦਿਆਂ ’ਤੇ ਕਾਰਜਸ਼ੀਲ ਰਹੇ। ਇਨ੍ਹਾਂ ਨੇ ਕੁਝ ਸਮਾਂ ਹਾਇਰ ਸੈਕੰਡਰੀ ਸਕੂਲ ਲੋਪੋਕੇ ਵਿਖੇ ਲੈਕਚਰਾਰ ਵਜੋਂ ਸੇਵਾ ਕੀਤੀ ਅਤੇ ਫਿਰ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਪ੍ਰਾਧਿਆਪਕ ਵਜੋਂ ਸੇਵਾ ਕਰਦੇ ਰਹੇ। ਇਨ੍ਹਾਂ ਦਾ ਅਨੰਦ ਕਾਰਜ ਬੀਬੀ ਨਿਰਮਲ ਕੌਰ ਜੀ ਨਾਲ ਹੋਇਆ। ਇਨ੍ਹਾਂ ਨੇ ਪਰਵਾਰ ਨੂੰ ਸਿੱਖੀ ਸੰਸਕਾਰ ਦੇਣ ਦੇ ਸਾਰਥਕ ਯਤਨ ਕੀਤੇ, ਜਿਸ ਦੇ ਮਿੱਠੇ ਸੁਖਾਵੇਂ ਫਲ ਵਜੋਂ ਇਨ੍ਹਾਂ ਦੇ ਬੱਚੇ-ਬੱਚੀਆਂ, ਪੋਤੇ-ਪੋਤਰੀਆਂ ਤੇ ਦੋਹਤੇ-ਦੋਹਤਰੀਆਂ ਸਿੱਖੀ ਸਰੂਪ ਵਿਚ ਰਹਿ ਕੇ ਸਮਾਜ ਵਿਚ ਇਨ੍ਹਾਂ ਦਾ ਸਿਰ ਉੱਚਾ ਕਰ ਰਹੇ ਹਨ। ਪ੍ਰੋ. ਬਡੂੰਗਰ ਸਾਹਿਬ ਨੇ ਆਪਣੇ ਬੌਧਿਕ ਚਰਿੱਤਰ ਤੇ ਬਹੁਪੱਖੀ ਗੁਣਾਂ ਦੇ ਬਲਬੂਤੇ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਡੂੰਘੇ ਧਾਰਮਿਕ ਸੰਸਕਾਰਾਂ ਵਾਲੇ ਪ੍ਰੋ. ਬਡੂੰਗਰ ਸਾਹਿਬ ਹੋਰੀਂ ਪੰਥਕ ਜਜ਼ਬੇ ਨਾਲ ਸਰਸ਼ਾਰ ਹਨ। ਰਾਜਨੀਤਿਕ ਗਤੀਵਿਧੀਆਂ ’ਚ ਸ਼ਾਮਲ ਹੋਣ ਕਰਕੇ ਅਕਾਲੀ ਦਲ (ਦਿਹਾਤੀ) ਪਟਿਆਲਾ ਦੇ ਜਨਰਲ ਸਕੱਤਰ ਬਣੇ।

ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਐਮਰਜੈਂਸੀ ਮੋਰਚੇ ਸਮੇਂ ਵੱਡੇ ਜਥੇ ਦੀ ਅਗਵਾਈ ਕਰ ਕੇ ਜੇਲ੍ਹ ਯਾਤਰਾ ਵੀ ਕੀਤੀ। ਮੇਰਠ ਗੁਰਦੁਆਰੇ ਦੇ ਮੋਰਚੇ, ਕਪੂਰੀ ਮੋਰਚੇ, ਧਰਮ ਯੁੱਧ ਮੋਰਚੇ ਸਮੇਂ ਲੰਮਾ ਸਮਾਂ ਜੇਲ੍ਹ ਯਾਤਰਾ ਕੀਤੀ। ਇਨ੍ਹਾਂ ਨੇ 1990 ਈ: ਵਿਚ ਸਮਾਣਾ ਹਲਕੇ ਤੋਂ ਐਮ.ਐਲ.ਏ. ਦੀ ਚੋਣ ਲੜੀ। ਬਰਨਾਲਾ ਸਰਕਾਰ ਦੌਰਾਨ ਇਨ੍ਹਾਂ ਨੂੰ ਅਕਾਲੀ ਦਲ ਦੇ ਆਰਗੇਨਾਈਜ਼ਿੰਗ ਸਕੱਤਰ ਹੋਣ ਦਾ ਮਾਣ ਹਾਸਲ ਹੋਇਆ ਅਤੇ 1996 ਈ: ਵਿਚ ਬਤੌਰ ਸਕੱਤਰ, ਸ਼੍ਰੋਮਣੀ ਅਕਾਲੀ ਦਲ ਵਜੋਂ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਦੀ ਬੌਧਿਕ ਪ੍ਰਤਿਭਾ ਨੇ ਅਕਾਲੀ ਰਾਜਨੀਤੀ ਨੂੰ ਆਦਰਸ਼ਕ ਸੇਧ ਦੇਣ ਵਿਚ ਭਰਵਾਂ ਹਿੱਸਾ ਪਾਇਆ। ਆਪ ਆਪਣੀ ਸੂਖਮਤਾ ਅਤੇ ਸਹਿਜ ਸਦਕਾ ਸਿਰਮੌਰ ਆਗੂਆਂ ਵਿਚ ਸ਼ਾਮਲ ਹੋਏ। ਉਸਾਰੂ ਕਾਰਜ-ਸ਼ੈਲੀ ਸਦਕਾ ਪਹਿਲੀ ਬਾਦਲ ਸਰਕਾਰ ਸਮੇਂ ਓ.ਐੱਸ.ਡੀ. ਦੇ ਵਿਸ਼ੇਸ਼ ਅਹੁਦੇ ’ਤੇ ਬਿਰਾਜਮਾਨ ਹੋ ਕੇ ਇਨ੍ਹਾਂ ਨੇ ਸਰਕਾਰੀ ਕਾਰਜ ਪ੍ਰਣਾਲੀ ’ਚ ਸੁਚਾਰੂ ਭੂਮਿਕਾ ਨਿਭਾਈ। ਆਪ ਆਪਣੇ ਸਿਰੜ, ਸਿਦਕ, ਇਮਾਨਦਾਰੀ, ਮਿਹਨਤ ਅਤੇ ਦੂਰਦਰਸ਼ੀ ਸੋਚ ਅਤੇ ਨਿਰਸੁਵਾਰਥੀ ਭਾਵਨਾ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਨਿਰੰਤਰ ਨਿਸ਼ਕਾਮ ਸੇਵਾ ਕਰ ਰਹੇ ਹਨ।1997 ਈ: ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਤੌਰ ਚੋਣ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਵਿਚ ਸੇਵਾ ਨਿਭਾਅ ਕੇ ਨਾਮਣਾ ਖੱਟਿਆ।

ਪ੍ਰੋ. ਬਡੂੰਗਰ ਸਾਹਿਬ ਨੇ ਆਪਣੇ ਰਾਜਨੀਤਿਕ ਰੁਝੇਵਿਆਂ ਦੇ ਹੁੰਦਿਆਂ ਆਪਣੀ ਅੰਦਰੂਨੀ ਬੌਧਿਕ ਤੇ ਮੌਲਿਕ ਪ੍ਰਤਿਭਾ ਨੂੰ ਸਦਜੀਵਤ ਰੱਖਿਆ ਹੈ। ਸਿੱਖ ਇਤਿਹਾਸ, ਗੁਰਮਤਿ ਵਿਚਾਰਧਾਰਾ, ਸਿੱਖ ਰਹਿਤ ਮਰਯਾਦਾ ਅਤੇ ਤਤਕਾਲੀ ਕੌਮੀ ਤੇ ਪੰਥਕ ਮਾਮਲਿਆਂ ਬਾਰੇ ਆਪ ਨੇ ਨਿੱਠ ਕੇ ਚਿੰਤਨ ਕੀਤਾ ਹੈ ਤੇ ਸੈਂਕੜੇ ਮਿਆਰੀ ਲੇਖ ਪ੍ਰਕਾਸ਼ਿਤ ਕਰਵਾਏ ਹਨ। ਸਮਕਾਲੀ ਸਮਾਜ ਨੂੰ ਚੰਗੀ ਸੇਧ ਦੇਣ ਦਾ ਇਨ੍ਹਾਂ ਦਾ ਸੁਹਿਰਦ ਉੱਦਮ ਸਲਾਹੁਣਯੋਗ ਹੈ। ਪ੍ਰੋ. ਬਡੂੰਗਰ ਸਾਹਿਬ ਨੇ ‘ਗੁਰਮਤਿ ਸਭਿਆਚਾਰ’ ਤੇ ਸਿੱਖੀ ਜੀਵਨ ‘ਗੁਰਮਤਿ ਵਿਚਾਰ’ ਅਤੇ ‘ਜਿਨ੍ਹਾਂ ਧਰਮ ਨਹੀਂ ਹਾਰਿਆ’ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਤੇ ਗੁਰਮਤਿ ਸਾਹਿਤ ਪਰੰਪਰਾ ਨੂੰ ਹੋਰ ਅਮੀਰ ਤੇ ਖੁਸ਼ਹਾਲ ਬਣਾਉਣ ’ਚ ਭਰਪੂਰ ਹਿੱਸਾ ਪਾਇਆ ਹੈ।

1996 ਈ: ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਆਮ ਚੋਣਾਂ ਸਮੇਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਮੈਂਬਰ, ਸ਼੍ਰੋਮਣੀ ਕਮੇਟੀ ਨਾਮਜ਼ਦ ਕੀਤੇ ਗਏ। 27 ਨਵੰਬਰ, 2001 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਨਾ ਚੋਣ ਸਮੇਂ ਸ. ਇੰਦਰਪਾਲ ਸਿੰਘ ਦਿੱਲੀ, ਮੈਂਬਰ ਸ਼੍ਰੋਮਣੀ ਕਮੇਟੀ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਨਾਂ ਪ੍ਰਧਾਨਗੀ ਪਦ ਵਾਸਤੇ ਪੇਸ਼ ਕੀਤਾ। ਸ. ਸਰੂਪ ਸਿੰਘ ਮੈਂਬਰ, ਸ਼੍ਰੋਮਣੀ ਕਮੇਟੀ ਨੇ ਸ. ਸੁਖਦੇਵ ਸਿੰਘ ਭੌਰ ਦਾ ਨਾਂ ਪ੍ਰਧਾਨਗੀ ਪਦਵੀ ਵਾਸਤੇ ਪੇਸ਼ ਕਰ ਦਿੱਤਾ। ਦੋ ਨਾਂ ਪੇਸ਼ ਹੋਣ ’ਤੇ ਵੋਟਾਂ ਰਾਹੀਂ ਪ੍ਰਧਾਨ, ਸ਼੍ਰੋਮਣੀ ਕਮੇਟੀ ਦੀ ਚੋਣ ਕੀਤੀ ਗਈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ 112 ਅਤੇ ਸ. ਸੁਖਦੇਵ ਸਿੰਘ ਭੌਰ ਨੂੰ 56 ਵੋਟ ਪ੍ਰਾਪਤ ਹੋਏ। ਇਸ ਤਰ੍ਹਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਤਿਕਾਰਤ ਅਹੁਦੇ ’ਤੇ ਬਿਰਾਜਮਾਨ ਹੋਏ।

12 ਨਵੰਬਰ, 2002 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ, ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਦੀ ਚੋਣ ਸਮੇਂ ਸ. ਜੋਰਾ ਸਿੰਘ ਮਾਨ, ਮੈਂਬਰ ਸ਼੍ਰੋਮਣੀ ਕਮੇਟੀ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਨਾਂ ਪ੍ਰਧਾਨਗੀ ਪਦਵੀ ਵਾਸਤੇ ਪੇਸ਼ ਕੀਤਾ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਤ ਵੀਰ ਸਿੰਘ ਮੱਦੋਕੇ ਦਾ ਨਾਂ ਪ੍ਰਧਾਨਗੀ ਅਹੁਦੇ ਵਾਸਤੇ ਪੇਸ਼ ਕਰ ਦਿੱਤਾ। ਵੋਟਾਂ ਪੈਣ ’ਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ 91 ਅਤੇ ਸੰਤ ਵੀਰ ਸਿੰਘ ਮੱਦੋਕੇ ਨੂੰ 68 ਵੋਟ ਪ੍ਰਾਪਤ ਹੋਏ। ਇਸ ਤਰ੍ਹਾਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਦੂਸਰੀ ਵਾਰ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਤ ਅਹੁਦੇ ’ਤੇ ਬਿਰਾਜਮਾਨ ਹੋਣ ਦਾ ਮਾਣ-ਸਤਿਕਾਰ ਪ੍ਰਾਪਤ ਹੋਇਆ ।

ਪੜ੍ਹੇ ਲਿਖੇ ਪ੍ਰਧਾਨ ਹੋਣ ਕਰਕੇ ਵਿਸ਼ਵ-ਵਿਆਪੀ ਸਿੱਖ ਭਾਈਚਾਰੇ ਨੇ ਬਡੂੰਗਰ ਸਾਹਿਬ ਦੀ ਪ੍ਰਧਾਨਗੀ ਕਾਰਜਸ਼ੈਲੀ ਨੂੰ ਕਾਫੀ ਸਲਾਹਿਆ। ਬਡੂੰਗਰ ਸਾਹਿਬ ਨੇ ਵਿੱਦਿਅਕ ਅਦਾਰਿਆਂ ਵਿਚ ਵਧੀਆ ਵਿੱਦਿਅਕ ਮਾਹੌਲ ਸਿਰਜਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ, ਜਿਸ ਦੇ ਬਹੁਤ ਸਾਰਥਕ ਨਤੀਜੇ ਸਾਹਮਣੇ ਆਏ। ਬਡੂੰਗਰ ਸਾਹਿਬ ਨੇ ਕੌਮਾਂਤਰੀ ਸਿੱਖ ਸਮੱਸਿਆਵਾਂ ਦੇ ਹੱਲ ਲਈ ਕੌਮਾਂਤਰੀ ਪੱਧਰ ਦਾ ਰਾਜਨੀਤੀ ਤੋਂ ਮੁਕਤ ਸਲਾਹਕਾਰ ਬੋਰਡ ਬਣਾਉਣ ਦੀ ਯੋਜਨਾ ਬਣਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਮੇਂ ‘ਸਹਿਜਧਾਰੀ ਸਿੱਖ’ ਦੇ ਬੁਰਕੇ ਹੇਠ ਗੈਰ-ਸਿੱਖਾਂ ਦੀਆਂ ਵੋਟਾਂ ਬਣਾਉਣ ਦਾ ਬਡੂੰਗਰ ਸਾਹਿਬ ਨੇ ਆਪਣੇ ਪ੍ਰਧਾਨਗੀ ਕਾਰਜਕਾਲ ’ਚ ਡਟਵਾਂ ਵਿਰੋਧ ਕੀਤਾ ਅਤੇ ਸਮੂਹ ਧਾਰਮਿਕ, ਸਮਾਜਿਕ, ਰਾਜਨੀਤਿਕ, ਨਿਹੰਗ ਜਥੇਬੰਦੀਆਂ ਤੇ ਪੰਥ-ਦਰਦੀਆਂ ਨੂੰ ਸਮੇਂ ਦੀ ਸਰਕਾਰ ਦੀਆਂ ਇਨ੍ਹਾਂ ਕੋਝੀਆਂ ਨੀਤੀਆਂ ਦਾ ਮੂੰਹ ਤੋੜਵਾਂ ਜੁਆਬ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਰਥਨ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ।

ਪੰਜਾਬ ਸਰਕਾਰ ਵੱਲੋਂ ਸ਼ਰਾਬ ਦੀ ਖੁੱਲ੍ਹੀ ਵਿਕਰੀ ਤੇ ਪੱਛਮ ਦੀ ਤਰ੍ਹਾਂ ਜੂਏ ਘਰ ਖੋਲਣ ਦੀ ਨੀਤੀ ਦਾ ਪ੍ਰੋ. ਬਡੂੰਗਰ ਨੇ ਡੱਟਵਾਂ ਵਿਰੋਧ ਕੀਤਾ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਮਾਂ ਬੋਲੀ ਪੰਜਾਬੀ ਦੀ ਥਾਂ ਅੰਗਰੇਜ਼ੀ ’ਚ ਚਲਾਉਣ ਦੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਖਤ ਨਿਖੇਧੀ ਕੀਤੀ ਤੇ ਪੰਜਾਬ ਸਰਕਾਰ ਦੀ ਪੰਜਾਬੀ ਭਾਸ਼ਾ ਪ੍ਰਤੀ ਕੀਤੀ ਕਾਰਵਾਈ ’ਤੇ ਨਿੰਦਾ ਦਾ ਪ੍ਰਸਤਾਵ ਪਾਸ ਕੀਤਾ। ਇਕ ਵਿਸ਼ੇਸ਼ ਮਤੇ ਰਾਹੀਂ ਬਿਆਨ “ਘੱਟ ਗਿਣਤੀਆਂ ਨੂੰ ਬਹੁਗਿਣਤੀ ਦੀ ਰਹਿਮੋ-ਕਰਮ ਤੇ ਰਹਿਣਾ ਪਵੇਗਾ”, ਦੀ ਸਖਤ ਨਿਖੇਧੀ ਕੀਤੀ ਤੇ ਕਿਹਾ ਕਿ ਅਜਿਹਾ ਬਿਆਨ ਭਾਰਤੀ ਸੰਵਿਧਾਨ ਦਾ ਘੋਰ ਨਿਰਾਦਰ ਹੈ। 13 ਮਈ, 2003 ਨੂੰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਮਕਾਲੀ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ‘ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ’ ਦੇ ਕਾਰਕੁੰਨਾਂ ਵੱਲੋਂ ਗੁਰੂ ਸਾਹਿਬਾਨ ਪ੍ਰਤੀ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਦਾ ਸਖਤ ਨੋਟਿਸ ਲਿਆ ਜਾਵੇ ਅਤੇ ਮੰਗ ਕੀਤੀ ਕਿ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦੀ ਕਿਸੇ ਨੂੰ ਆਗਿਆ ਨਾ ਦਿੱਤੀ ਜਾਵੇ। ਬਡੂੰਗਰ ਸਾਹਿਬ ਨੇ ਅਖੌਤੀ ਸਾਧ ਨੂਰਮਹਿਲੀਏ, ਭਨਿਆਰੇ ਵਾਲੇ ਦੇ ਪਾਖੰਡ ਜਾਲ ਤੋਂ ਨਿਜਾਤ ਪ੍ਰਾਪਤ ਕਰਨ ਲਈ ਵਿਸ਼ੇਸ ਜਾਗ੍ਰਿਤੀ ਲਹਿਰ ਚਲਾਈ । ਗੁਰਮਤਿ ਗਿਆਨ ਦੇ ਪ੍ਰਚਾਰ ਪ੍ਰਸਾਰ ਵਾਸਤੇ ਹਿੰਦੀ ਭਾਸ਼ਾ ਵਿਚ “ਗੁਰਮਤਿ ਗਿਆਨ” ਨਾਮੀ ਤ੍ਰੈ ਮਾਸਿਕ ਪਰਚਾ ਜਾਰੀ ਕੀਤਾ ਜੋ ਹੁਣ ਵਿਕਾਸ ਕਰਦਾ ਹੋਇਆ ਮਾਸਿਕ ਹੋ ਗਿਆ ਹੈ। ਪ੍ਰੋ. ਬਡੂੰਗਰ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਇਕ ਸਿੱਖ ਪ੍ਰਤੀਨਿਧ ਵਫਦ ਅਫਗਾਨਿਸਤਾਨ ਭੇਜਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉੱਥੋਂ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਤੇ ਨਵ-ਉਸਾਰੀ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਕਾਰਜਸ਼ੀਲ ਹੋ ਸਕੇ।

5 ਜਨਵਰੀ, 2002 ਨੂੰ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮੇਂ ਵਧਾਈ ਸੰਦੇਸ਼ ’ਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨਿਵੇਕਲੀ ਸ਼ੁਰੂਆਤ ਕੀਤੀ ਕਿ ਸਿੱਖ ਸਮਾਜ ਅੰਦਰ ਫੈਲ ਰਹੀਆਂ ਬੁਰਾਈਆਂ, ਭਰੂਣ- ਹੱਤਿਆ, ਨਸ਼ਿਆਂ ਦੀ ਭਰਮਾਰ ਅਤੇ ਪਤਿਤਪੁਣੇ ਦੀ ਮਾਰੂ ਬੀਮਾਰੀ ਨੂੰ ਜੜੋਂ ਪੁੱਟਣ ਲਈ ਗੁਰੂ ਆਸ਼ੇ ਅਨੁਸਾਰ ਸਿੰਘ ਸਭਾ ਲਹਿਰ ਵਾਂਗ ਦੂਜੀ ਸਿੱਖ ਜਾਗ੍ਰਿਤੀ ਲਹਿਰ ਚਲਾਈਏ ਅਤੇ ਪ੍ਰਚੰਡ ਕਰੀਏ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਯਤਨਾਂ ਸਦਕਾ ਬੱਬਰ ਅਕਾਲੀ ਲਹਿਰ ਦਾ ਭਾਰਤ ਦੀ ਅਜ਼ਾਦੀ ’ਚ ਯੋਗਦਾਨ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਤੇ ਸਮਾਗਮ ਕੀਤਾ ਗਿਆ ਅਤੇ ਬੱਬਰ ਅਕਾਲੀ ਲਹਿਰ ਦੇ ਵਾਰਸਾਂ ਨੂੰ ਪਹਿਲੀ ਵਾਰ ਸਨਮਾਨ ਤੇ ਸਤਿਕਾਰ ਦਿੱਤਾ ਗਿਆ। ਸੁਤੰਤਰ ਸਿੱਖ ਹੋਂਦ, ਹਸਤੀ ਤੇ ਸੋਚ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਵੈਸਾਖੀ ਦੇ ਦਿਹਾੜੇ ’ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਜਾਰੀ ਕਰਨ ਦਾ ਸੁਭਾਗ ਵੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਹੀ ਪ੍ਰਾਪਤ ਹੋਇਆ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਸਮੇਂ ਹੀ 6 ਜੂਨ, 2003 ਨੂੰ 20ਵੀਂ ਸਦੀ ਦੇ ਮਹਾਨ ਪ੍ਰਚਾਰਕ ਤੇ ਜਰਨੈਲ ਸੰਤ-ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸ਼ਹੀਦ ਕਰਾਰ ਦਿੱਤਾ ਗਿਆ ਅਤੇ ਸ਼ਹੀਦੀ ਯਾਦਗਾਰ ਉਸਾਰਨ ਦਾ ਫੈਸਲਾ ਕੀਤਾ ਗਿਆ ਅਤੇ ਸ਼ਹੀਦਾਂ ਦੇ ਵਾਰਸਾਂ ਤੇ ਪਰਵਾਰਾਂ ਨੂੰ ਸਨਮਾਨ ਸਤਿਕਾਰ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮੀਰੀ-ਪੀਰੀ ਦੇ ਪ੍ਰਤੀਕ ਨਵੇਂ ਨਿਸ਼ਾਨ ਸਾਹਿਬ ਝੁਲਾਉਣ ਦਾ ਸੁਭਾਗ ਵੀ ਪ੍ਰੋ. ਕਿਰਪਾਲ ਸਿੰਘ ਜੀ ਬਡੂੰਗਰ ਨੂੰ ਪ੍ਰਾਪਤ ਹੋਇਆ। ਇਨ੍ਹਾਂ ਇਤਿਹਾਸਿਕ ਕਾਰਜਾਂ ਦੀ ਲੋਕਾਈ ਨੇ ਭਰਪੂਰ ਪ੍ਰਸੰਸਾ ਕੀਤੀ।

ਬਡੂੰਗਰ ਸਾਹਿਬ ਨੇ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਨਿਰਮਾਣ ਕਾਰਜ ਕਰਵਾਇਆ। ਇਨ੍ਹਾਂ ਨੇ ਆਪਣੇ ਪ੍ਰਧਾਨਗੀ ਕਾਰਜਕਾਲ ਸਮੇਂ ਹੀ ਗਿਆਨੀ ਦਿੱਤ ਸਿੰਘ ਯਾਦਗਾਰੀ ਪੁਰਸਕਾਰ ਤੇ ਸਨਮਾਨ ਹਰ ਸਾਲ ਇਕ ਸਿੱਖ ਵਿਦਵਾਨ ਨੂੰ ਦੇਣ ਦੀ ਪਿਰਤ ਤੋਰੀ ਅਤੇ ਪਹਿਲਾ ਸਨਮਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੂੰ ਪ੍ਰਦਾਨ ਕੀਤਾ ਗਿਆ। ਸਿੱਖੀ ਸਿਧਾਂਤਾਂ ਦੇ ਪ੍ਰਚਾਰ-ਪ੍ਰਸਾਰ ਵਾਸਤੇ ਸਿੰਘ ਸਹਿਬਾਨ ਦੀ ਅਗਵਾਈ ਵਿਚ ਪੰਜ ਪ੍ਰਚਾਰ ਕੇਂਦਰ ਸਥਾਪਿਤ ਕੀਤੇ। ਸਮਾਜਿਕ ਬੁਰਿਆਈਆਂ ਤੋਂ ਜਾਗਰੂਕ ਕਰਨ ਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਨੇਕਾਂ ਵਿਚਾਰ ਗੋਸ਼ਟੀਆਂ ਕੀਤੀਆਂ ਗਈਆਂ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਧਾਰਮਿਕ ਸਲਾਹਕਾਰ ਕਮੇਟੀ ਦਾ ਨਵ ਗਠਨ ਕੀਤਾ ਗਿਆ। ਇਨ੍ਹਾਂ ਨੇ ਫਰਾਂਸ ’ਚ ਸਿੱਖ ਦਸਤਾਰ ਦੇ ਸਿੱਖ ਮਸਲੇ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ, ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਪੱਤਰ ਲਿਖ ਕੇ ਭਾਰਤ ਸਰਕਾਰ ਨੂੰ ਦਬਾਅ ਬਣਾਉਣ ਲਈ ਬੇਨਤੀ ਕੀਤੀ ਗਈ।

ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਨੂੰ ਮੈਡੀਕਲ ਕੌਂਸਲ ਆਫ ਇੰਡੀਆ ਵੱਲੋਂ ਮਾਨਤਾ ਵੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਸਮੇਂ ਹੀ ਪ੍ਰਾਪਤ ਹੋਈ। ਇਨ੍ਹਾਂ ਦੇ ਕਾਰਜਕਾਲ ਸਮੇਂ ਹੀ ਪੰਥ ਦੇ ਪ੍ਰਸਿੱਧ ਢਾਡੀ ਗਿ. ਸੋਹਣ ਸਿੰਘ ਸੀਤਲ ਦੀ ਯਾਦ ’ਚ ਢਾਡੀ ਕਾਲਜ ਦਾ ਨੀਂਹ ਪੱਥਰ ਗੁਰੂ ਕੀ ਵਡਾਲੀ (ਸ੍ਰੀ ਅੰਮ੍ਰਿਤਸਰ) ਵਿਖੇ ਰੱਖਿਆ ਗਿਆ। ਪ੍ਰੋ. ਬਡੂੰਗਰ ਨੇ ਹੀ ਤ੍ਰੈ ਸ਼ਤਾਬਦੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ (ਸ੍ਰੀ ਅੰਮ੍ਰਿਤਸਰ) ਦਾ ਨੀਂਹ ਪੱਥਰ ਵੀ ਰੱਖਿਆ। ਖਾਲਸਾਈ ਖੇਡਾਂ ਕਰਾਉਣ ਦੀ ਇਤਿਹਾਸਿਕ ਪਿਰਤ ਵੀ ਪ੍ਰੋ. ਬਡੂੰਗਰ ਦੇ ਪ੍ਰਧਾਨਗੀ ਕਾਰਜ ਕਾਲ ਸਮੇਂ ਹੀ ਅਰੰਭ ਹੋਈ। ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦੇਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਪੋਰਟ ਕੇਂਦਰ ਸਰਕਾਰ ਨੂੰ ਪ੍ਰੋ. ਬਡੂੰਗਰ ਦੇ ਸਮੇਂ ਹੀ ਭੇਜੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਾਉਣ ਲਈ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਸਿਰਿਓਂ ਸਿੱਖ ਇਤਿਹਾਸ ਨੂੰ ਕਲਮਬੰਦ ਕਰਾਉਣ ਦੀ ਯੋਜਨਾ ਬਣਾਈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਸਮੂਹ ਮਿਸ਼ਨਰੀ ਕਾਲਜਾਂ ਦੇ ਸਿਲੇਬਸ ਨੂੰ ਇਕਸਾਰ ਕਰਨ ਦਾ ਬੀੜਾ ਚੁੱਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਨਾਲ ਸੰਬੰਧਿਤ ਅਦਾਰਿਆਂ ਦੇ ਮੁਲਾਜ਼ਮਾਂ ਦੇ ਰਿਫਰੈਸ਼ਰ ਕੋਰਸ ਲਾਉਣੇ ਸ਼ੁਰੂ ਕੀਤੇ ਅਤੇ ਸਟਾਫ ਟ੍ਰੇਨਿੰਗ ਕਾਲਜ ਅਰੰਭ ਕਰਨ ਦਾ ਐਲਾਨ ਕੀਤਾ। ਝੰਡਾ ਲੁਬਾਣਾ ਵਿਖੇ ਮਾਤਾ ਸਾਹਿਬ ਕੌਰ ਜੀ ਦੀ ਯਾਦ ਵਿਚ ਲੜਕੀਆਂ ਦਾ ਕਾਲਜ ਅਰੰਭ ਕਰਨ ਦਾ ਫੈਸਲਾ ਵੀ ਪ੍ਰੋ. ਬਡੂੰਗਰ ਸਾਹਿਬ ਦੀ ਪ੍ਰਧਾਨਗੀ ਸਮੇਂ ਹੀ ਲਿਆ ਗਿਆ।

29 ਮਾਰਚ, 2003 ਨੂੰ ਸਲਾਨਾ ਬਜਟ ਸਮਾਗਮ ਦੀ ਪ੍ਰਧਾਨਗੀ ਕਰਨ ਅਤੇ ਲਿਬਨਾਨ ਦੀ ਸੰਗਤ ਵੱਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਵਾਸਤੇ ਪ੍ਰਸ਼ਾਦੇ ਬਣਾਉਣ ਵਾਲੀ ਮਸ਼ੀਨ ਭੇਟ ਕੀਤੀ ਗਈ ਜਿਸ ਦੀ ਅਰੰਭਤਾ ਪ੍ਰੋ. ਸਾਹਿਬ ਨੇ ਕੀਤੀ। ਭਗਤ ਸੈਨ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕਰਨ ਦਾ ਸੁਭਾਗ ਵੀ ਪ੍ਰੋ. ਸਾਹਿਬ ਨੂੰ ਹੀ ਪ੍ਰਾਪਤ ਹੋਇਆ। 14 ਅਪ੍ਰੈਲ, 2002 ਨੂੰ ‘ਇਤਿਹਾਸਿਕ ਯਾਦਗਾਰਾਂ ਸਥਾਪਤੀ ਕਮੇਟੀ’ ਦਾ ਗਠਨ ਕੀਤਾ ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਪ੍ਰਸਿੱਧ ਇਤਿਹਾਸਕਾਰਾਂ ਨੂੰ ਸ਼ਾਮਲ ਕੀਤਾ ਗਿਆ ਜਿਸ ਦਾ ਮਨੋਰਥ ਇਤਿਹਾਸਿਕ ਘੱਲੂਘਾਰਿਆਂ ਤੇ ਘਟਨਾਵਾਂ ਨਾਲ ਸੰਬੰਧਿਤ ਯਾਦਗਾਰਾਂ ਨੂੰ ਸਥਾਪਿਤ ਕਰਨਾ ਸੀ। 30 ਮਾਰਚ, 2007 ਨੂੰ ਪ੍ਰੋ. ਬਡੂੰਗਰ ਸਾਹਿਬ ਨੇ ਸਲਾਨਾ ਬਜਟ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਲਾਨਾ ਬਜਟ ਪਾਸ ਕਰਵਾਇਆ। ਗਿਆਨੀ ਕੇਵਲ ਸਿੰਘ ਜਥੇਦਾਰ, ਸ੍ਰੀ ਦਮਦਮਾ ਸਾਹਿਬ ਵੱਲੋਂ ਅਸਤੀਫਾ ਦੇਣ ਕਾਰਨ ਉਨ੍ਹਾਂ ਦੀ ਥਾਂ ਪ੍ਰੋ. ਮਨਜੀਤ ਸਿੰਘ ਜੀ ਨੂੰ ਕਾਰਜਕਾਰੀ ਜਥੇਦਾਰ, ਪ੍ਰੋ. ਬਡੂੰਗਰ ਸਮੇਂ ਹੀ ਲਾਇਆ ਗਿਆ। ਗਿਆਨੀ ਜਸਵੰਤ ਸਿੰਘ ਜੀ ਗ੍ਰੰਥੀ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨਿਯੁਕਤੀ ਵੀ ਇਨ੍ਹਾਂ ਦੇ ਸਮੇਂ ਹੀ ਹੋਈ। ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਨੇ ਜਥੇਦਾਰ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਵਜੋਂ ਸੇਵਾ ਪ੍ਰੋ. ਬਡੂੰਗਰ ਸਾਹਿਬ ਦੇ ਸਮੇਂ ਹੀ ਸੰਭਾਲੀ। ਗਿਆਨੀ ਤਰਲੋਚਨ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲ ਵੀ ਪ੍ਰੋ. ਬਡੂੰਗਰ ਦੇ ਸਮੇਂ ਹੀ ਸੌਂਪੀ ਗਈ।

16 ਜੁਲਾਈ, 2003 ਨੂੰ ਸ. ਪਰਕਾਸ਼ ਸਿੰਘ ਬਾਦਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਗੁ. ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਅਖੰਡ ਪਾਠ ਸਾਹਿਬ ਕਰਵਾਇਆ, ਜਿਸ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਬਾਦਲ ਸਾਹਿਬ ਇਕ ਵਾਰ ਫਿਰ ਬਗਲਗੀਰ ਹੋ ਗਏ ਅਤੇ ਦੋਹਾਂ ਦਲਾਂ ਦਾ ਰਲੇਵਾਂ ਹੋ ਗਿਆ। 20 ਜੁਲਾਈ, 2003 ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸਮੇਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਥਕ ਏਕਤਾ ਲਈ ਤਿਆਗ ਭਾਵਨਾ ਪ੍ਰਗਟ ਕਰਦਿਆਂ,ਪ੍ਰਧਾਨਗੀ ਪਦਵੀ ਤੋਂ ਅਸਤੀਫਾ ਦੇ ਦਿੱਤਾ, ਜਿਸ ਨਾਲ ਸ. ਅਲਵਿੰਦਰਪਾਲ ਸਿੰਘ ਪੱਖੋਕੇ ਕਾਰਜਕਾਰੀ ਪ੍ਰਧਾਨ ਚੁਣੇ ਗਏ। 27 ਜੁਲਾਈ, 2003 ਨੂੰ ਹੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸਮੇਂ ਜਥੇ. ਗੁਰਚਰਨ ਸਿੰਘ ਜੀ ਟੌਹੜਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੇ ਗਏ। ਇਸ ਤਰ੍ਹਾਂ ਪ੍ਰੋ. ਕਿਰਪਾਲ ਸਿੰਘ ਜੀ ਬਡੂੰਗਰ ਦਾ ਪ੍ਰਧਾਨਗੀ ਕਾਰਜ ਕਾਲ ਸੰਪੂਰਨ ਹੋ ਗਿਆ। 2004 ਈ: ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਆਮ ਚੋਣਾਂ ਉਪਰੰਤ ਹੋਏ ਜਨਰਲ ਅਜਲਾਸ ਸਮੇਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੂਸਰੀ ਵਾਰ ਮੈਂਬਰ, ਸ਼੍ਰੋਮਣੀ ਕਮੇਟੀ ਨਾਮਜ਼ਦ ਕੀਤੇ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)