editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ – 8 ਸ. ਪ੍ਰਤਾਪ ਸਿੰਘ ਜੀ ਸ਼ੰਕਰ

ਸ. ਪ੍ਰਤਾਪ ਸਿੰਘ ਜੀ ਸ਼ੰਕਰ ਵਿੱਦਿਆ-ਪ੍ਰੇਮੀ, ਨਿਸ਼ਕਾਮ ਪੰਥ- ਸੇਵਕ, ਸੀਤਲ ਸੁਭਾਅ ਦੇ ਮਾਲਕ, ਅਨੁਸ਼ਾਸ਼ਨ-ਪਸੰਦ, ਸਫਲ ਪ੍ਰਬੰਧਕ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਾਰਤ ਸਰਕਾਰ ਦੇ ਸਾਬਕਾ ਵਿਦੇਸ਼ ਮੰਤਰੀ ਸ. ਸਵਰਨ ਸਿੰਘ ਜੀ ਦੇ ਸਤਿਕਾਰਤ ਪਿਤਾ ਸ. ਪ੍ਰਤਾਪ ਸਿੰਘ ਜੀ ਸ਼ੰਕਰ ਵਿੱਦਿਆ-ਪ੍ਰੇਮੀ, ਨਿਸ਼ਕਾਮ ਪੰਥ- ਸੇਵਕ, ਸੀਤਲ ਸੁਭਾਅ ਦੇ ਮਾਲਕ, ਅਨੁਸ਼ਾਸ਼ਨ-ਪਸੰਦ, ਸਫਲ ਪ੍ਰਬੰਧਕ ਸਨ। ਆਪ ਜੀ ਦਾ ਜਨਮ ਸ. ਗੰਡਾ ਸਿੰਘ ਜੀ ਦੇ ਘਰ ਪਿੰਡ ਸ਼ੰਕਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਇਨ੍ਹਾਂ ਦੇ ਦੋ ਭਰਾ ਸ. ਹਰਨਾਮ ਸਿੰਘ ਤੇ ਸ. ਰੂਪ ਸਿੰਘ ਸਨ। ਦਸਵੀਂ ਦੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਇਹ ਦੇਸ਼-ਸੇਵਾ ਵਾਸਤੇ ਸੈਨਾ ’ਚ ਭਰਤੀ ਹੋ ਗਏ। ਪਹਿਲਾਂ – ਪਹਿਲ ਇਨ੍ਹਾਂ ਬਰਮਾ ’ਚ ਫੌਜੀ ਸੇਵਾ ਕੀਤੀ ਤੇ ਫਿਰ ਲੈਂਸਰਜ਼ ਆਰਮੀ ਕੌਰ ’ਚ ਸੇਵਾ ਕੀਤੀ।ਇਨ੍ਹਾਂ ਦਾ ਵਿਆਹ ਬੀਬੀ ਬਸੰਤ ਕੌਰ ਨਾਲ ਪੁਆਦੜੀ ਪਿੰਡ ’ਚ ਹੋਇਆ। ਇਨ੍ਹਾਂ ਦੇ ਤਿੰਨ ਬੱਚੇ ਬੀਬੀ ਕਰਤਾਰ ਕੌਰ, ਸ. ਨਰਿੰਦਰ ਸਿੰਘ ਅਤੇ ਸ. ਸਵਰਨ ਸਿੰਘ ਸਨ। ਸੰਨ 1921 ਈ: ’ਚ ਬਤੌਰ ਜਮਾਂਦਾਰ ਖੁਦ ਸੇਵਾ-ਮੁਕਤੀ ਪ੍ਰਾਪਤ ਕੀਤੀ ਤਾਂ ਕਿ ਆਪਣੇ ਪਰਵਾਰ ਦੀ ਪਾਲਣਾ ਤੇ ਵਿੱਦਿਆ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕਰ ਸਕਣ। ਆਪ ਜੀ ਦੇ ਸੇਵਾ-ਮੁਕਤੀ ਲੈਣ ਸਮੇਂ ਪੰਜਾਬ ’ਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਪੂਰੇ ਜ਼ੋਬਨ ’ਤੇ ਚਲ ਰਹੀ ਸੀ। ਫੌਜੀ ਸੇਵਾ ਛੱਡ ਕੇ ਅਕਾਲ ਦੇ ਪੁਜਾਰੀ ਅਕਾਲੀ ਦਲ, ’ਚ ਨਿਸ਼ਕਾਮ ਸੇਵਕ ਭਰਤੀ ਹੋ ਗਏ। ਅਕਾਲੀ ਦਲ ਵੱਲੋਂ ਹੀ ਸ. ਪ੍ਰਤਾਪ ਸਿੰਘ ਸ਼ੰਕਰ ਪਹਿਲੀ ਵਾਰ 1924 ਈ: ’ਚ ਐਮ. ਐਲ. ਸੀ. ਬਣੇ।

ਸ. ਪ੍ਰਤਾਪ ਸਿੰਘ ਜੀ ਸ਼ੰਕਰ

ਦੂਸਰੀ ਵਾਰ ਆਪ ਸੰਨ 1927 ਈ: ’ਚ ਐਮ. ਐਲ. ਸੀ. ਚੁਣੇ ਗਏ ਪਰ ਸੰਨ 1927 ਈ: ’ਚ ਹੀ ਅਕਾਲੀ ਦਲ ਦਾ ਹੁਕਮ ਮੰਨ ਕੇ ਪਾਰਟੀ ਦੇ ਸਾਰੇ ਮੈਂਬਰਾਂ ਨੇ ਅਸਤੀਫੇ ਦੇ ਦਿੱਤੇ। ਆਪਣੇ ਸਮੇਂ ਦੇ ਸਮਾਜ-ਸੁਧਾਰਕ ਤੇ ਵਿੱਦਿਆ-ਪ੍ਰੇਮੀ ਹੋਣ ਕਾਰਨ ਇਨ੍ਹਾਂ ਦਾ ਬਹੁਤ ਆਦਰ-ਮਾਣ ਸੀ। ਸਰਦਾਰ ਬਹਾਦਰ ਸ. ਨਰਿੰਦਰ ਸਿੰਘ ਜੀ ਨਾਲ ਮਿਲ ਕੇ ਇਨ੍ਹਾਂ ਪਿੰਡ ਵਿਚ ਪਹਿਲਾ ਸਕੂਲ ਅਰੰਭ ਕੀਤਾ।

26 ਅਪ੍ਰੈਲ, 1930 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਨਵੀਂ ਚੋਣ ਉਪਰੰਤ ਜਨਰਲ ਇਕੱਤਰਤਾ ਮਾਸਟਰ ਤਾਰਾ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 14 ਮੈਂਬਰ ਵੋਟਾਂ ਰਾਹੀਂ ਨਾਮਜ਼ਦ ਕੀਤੇ ਗਏ ਜਿਨ੍ਹਾਂ ਵਿਚ ਸ. ਪ੍ਰਤਾਪ ਸਿੰਘ ਸ਼ੰਕਰ ਦਾ ਨਾਂ ਵੀ ਸ਼ਾਮਲ ਸੀ। ਇਸ ਤਰ੍ਹਾਂ ਸ. ਪ੍ਰਤਾਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਗਏ। 9 ਜੂਨ, 1930 ਈ: ਨੂੰ ਅਹੁਦੇਦਾਰਾਂ ਦੀ ਚੋਣ ਸਮੇਂ, ਸ. ਪ੍ਰਤਾਪ ਸਿੰਘ ਅੰਤ੍ਰਿੰਗ ਕਮੇਟੀ ਦੇ ਮੈਂਬਰ ਚੁਣੇ ਗਏ।

26 ਅਪ੍ਰੈਲ, 1933 ਈ: ਨੂੰ ਬਾਬਾ ਖੜਕ ਸਿੰਘ ਜੀ ਨੇ ਕੁਝ ਕਾਰਨਾਂ ਕਰਕੇ ਪ੍ਰਧਾਨਗੀ ਪਦ ਤੋਂ ਅਸਤੀਫਾ ਦੇ ਦਿੱਤਾ। ਕਾਫੀ ਬਹਿਸ-ਮੁਬਾਹਿਸੇ ਤੋਂ ਬਾਅਦ ਪ੍ਰਵਾਨ ਹੋਣ ’ਤੇ ਉਨ੍ਹਾਂ ਦੀ ਥਾਂ ਸ. ਪ੍ਰਤਾਪ ਸਿੰਘ ਜੀ ਪ੍ਰਧਾਨ ਚੁਣੇ ਗਏ।

17 ਜੂਨ, 1933 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਇਕੱਤਰਤਾ ਸਮੇਂ ਸ. ਗੋਪਾਲ ਸਿੰਘ ਕੌਮੀ ਪ੍ਰਧਾਨ ਚੁਣੇ ਗਏ। 18 ਜੂਨ, 1933 ਈ: ਨੂੰ ਸ. ਗੋਪਾਲ ਸਿੰਘ ਕੌਮੀ ਦੀ ਪ੍ਰਧਾਨਗੀ ਹੇਠ ਦੋਬਾਰਾ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੌਮੀ ਜੀ ਦੀ ਥਾਂ ਸ. ਪ੍ਰਤਾਪ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੇ ਗਏ। ਜਨਰਲ ਇਕੱਤਰਤਾ ਦੀ ਬਾਕੀ ਕਾਰਵਾਈ ਸ. ਪ੍ਰਤਾਪ ਸਿੰਘ ਜੀ ਨੇ ਚਲਾਈ। ਇਸ ਸਮੇਂ ਮਤਾ ਕੀਤਾ ਗਿਆ ਕਿ ਅਜਿਹਾ ਕੋਈ ਵੀ ਸੰਵਿਧਾਨ ਜਿਹੜਾ ਫਿਰਕੇਦਾਰੀ ਪੁਰ ਅਧਾਰਿਤ ਹੋਵੇ, ਸਿੱਖ ਕੌਮ ਪ੍ਰਵਾਨ ਨਹੀਂ ਕਰੇਗੀ ਅਤੇ ਪੰਥ ਅਜਿਹੀ ਰਾਜ-ਬਣਤਰ ਅੱਗੇ ਜੋ ਫਿਰਕੇਦਾਰੀ ਦੀ ਬਿਨਾ ਪੁਰ ਹੋਵੇ ਸਿਰ ਨਹੀਂ ਝੁਕਾਵੇਗਾ। ਦੂਸਰੇ ਮਹੱਤਵਪੂਰਨ ਮਤੇ ਵਿਚ ਕੂਕਿਆਂ ਵੱਲੋਂ ਛਾਪੇ ਇਕ ਟਰੈਕਟ ਨੂੰ ਜ਼ਬਤ ਕਰਨ ਦਾ ਫ਼ੈਸਲਾ ਹੋਇਆ।

ਸ. ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਦੂਸਰਾ ਜਨਰਲ ਸਮਾਗਮ 29 ਅਕਤੂਬਰ, 1933 ਈ: ਨੂੰ ਹੋਇਆ ਜਿਸ ਵਿਚ 118 ਮੈਂਬਰ ਹਾਜ਼ਰ ਸਨ। ਉੱਤਰ ਪ੍ਰਦੇਸ਼ ਵਿਚ ਸਿੱਖੀ ਪ੍ਰਚਾਰ ਕਰਨ ਬਾਰੇ ਵਿਚਾਰਾਂ ਹੋਈਆਂ ਅਤੇ ਕਸ਼ਮੀਰ ’ਚ ਹੋਏ ਫਸਾਦਾਂ ਦੀ ਵਿਰੋਧਤਾ ਵੀ ਕੀਤੀ ਗਈ। ਇਸ ਦਿਨ ਹੀ ਅੰਤ੍ਰਿੰਗ ਕਮੇਟੀ ਦੀ ਚੋਣ ਕੀਤੀ ਗਈ ਤੇ ਸ. ਗੋਪਾਲ ਸਿੰਘ ਕੌਮੀ ਨੂੰ ਅੰ: ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੀਟਿੰਗ ਸਮੇਂ ਹੀ ਜ਼ਿਲ੍ਹੇਵਾਰ ਕਮੇਟੀਆਂ ਤੇ ਗੁਰਦੁਆਰਾ ਪੜਤਾਲੀਆ ਕਮਿਸ਼ਨ ਬਣਾਉਣ ਦਾ ਫ਼ੈਸਲਾ ਹੋਇਆ।

ਸ. ਪ੍ਰਤਾਪ ਸਿੰਘ ਸ਼ੰਕਰ ਦੀ ਪ੍ਰਧਾਨਗੀ ਹੇਠ ਹੀ ਸਿੱਖ ਰਹਿਤ ਮਰਯਾਦਾ ਨਿਰਧਾਰਤ ਕਰਨ ਲਈ ਉਚੇਚਾ ਜਨਰਲ ਸਮਾਗਮ 30 ਦਸੰਬਰ, 1933 ਈ: ਨੂੰ ਹੋਇਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ 91 ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ, ਅਕਾਲੀ ਜਥਿਆਂ, ਪ੍ਰਚਾਰਕਾਂ, ਅਖਬਾਰਾਂ ਦੇ ਸੰਪਾਦਕ, ਸਿੱਖ ਰਹੁ-ਰੀਤ ਕਮੇਟੀ ਦੇ ਮੈਂਬਰ ਮਿਲਾ ਕੇ 170 ਮੈਂਬਰ ਹਾਜ਼ਰ ਹੋਏ। ਇਸ ਵਿਚ ਸਿੱਖ ਰਹਿਤ ਮਰਯਾਦਾ ਦਾ ਖਰੜਾ ਪ੍ਰੋ: ਤੇਜਾ ਸਿੰਘ ਕਨਵੀਨਰ ਨੇ ਪੇਸ਼ ਕੀਤਾ, ਜਿਸ ’ਤੇ ਦੋ ਦਿਨ ਵਿਚਾਰ-ਚਰਚਾ ਹੁੰਦੀ ਰਹੀ।

ਇਨ੍ਹਾਂ ਦੀ ਪ੍ਰਧਾਨਗੀ ਸਮੇਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਵੀ ਪ੍ਰਸੰਸਾਯੋਗ ਰਹੀ। ਸ. ਪ੍ਰਤਾਪ ਸਿੰਘ 18 ਜੂਨ, 1933 ਈ: ਤੋਂ ਨਿਰੰਤਰ 13 ਜੂਨ, 1936 ਈ: ਤੀਕ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਤ ਅਹੁਦੇ ’ਤੇ ਬਿਰਾਜਮਾਨ ਰਹੇ। 13 ਜੂਨ, 1936 ਈ: ਤੋਂ 9 ਮਾਰਚ,1946 ਈ: ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਵਜੋਂ ਸੇਵਾ ਨਿਭਾਈ। 9 ਮਾਰਚ, 1946 ਈ: ਨੂੰ ਸ. ਮੋਹਨ ਸਿੰਘ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਸਮੇਂ ਸ. ਪ੍ਰਤਾਪ ਸਿੰਘ ਜੀ ਨੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਇਨ੍ਹਾਂ ਦੀ ਥਾਂ ਪਿੰਡ ਕੁਕੜ ਦੇ ਸ. ਬਸੰਤ ਸਿੰਘ ਮੀਤ ਪ੍ਰਧਾਨ ਚੁਣੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸ. ਪ੍ਰਤਾਪ ਸਿੰਘ ਸ਼ੰਕਰ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਸਮੇਂ ਬਹੁਤ ਮਹੱਤਵਪੂਰਨ ਫ਼ੈਸਲੇ ਤੇ ਕਾਰਜ ਹੋਏ, ਉੱਤਰ ਪ੍ਰਦੇਸ਼ ’ਚ ਸਿੱਖ ਧਰਮ ਦਾ ਪ੍ਰਚਾਰ, ਪ੍ਰਸਾਰ, ਸਿੱਖ ਰਹਿਤ ਮਰਯਾਦਾ ਦੇ ਖਰੜੇ ’ਤੇ ਵਿਚਾਰ ਕਰਨ ਲਈ ਵਿਸ਼ੇਸ਼ ਜਨਰਲ ਇਜਲਾਸ, ਕੋਈ ਵਿਅਕਤੀ ਵਿਸ਼ੇਸ਼ ਪੰਥ ’ਚ ਤਾਨਾਸ਼ਾਹ ਨਹੀਂ ਹੋ ਸਕਦਾ, ਵਿੱਦਿਆਰਥੀਆਂ ਨੂੰ ਵਜ਼ੀਫੇ ਦੇਣ ਸੰਬੰਧੀ, ਸਰਕਾਰ ਬੰਬਈ ਉਤੇ ਕਿਰਪਾਨ ਦੀ ਪਾਬੰਦੀ ਬਾਰੇ ਰੋਸ, ਸ. ਸੇਵਾ ਸਿੰਘ ਠੀਕਰੀਵਾਲੇ ਦੇ ਅਕਾਲ ਚਲਾਣੇ ’ਤੇ ਅਫ਼ਸੋਸ, ਮਾਸਟਰ ਤਾਰਾ ਸਿੰਘ ਦੀ ਸਿਆਸਤ ਤੋਂ ਧਾਰੇ ਇਕਾਂਤਵਾਸ ਤੋਂ ਵਾਪਸੀ ’ਤੇ ਸਵਾਗਤੀ ਮਤਾ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨੂੰ ਬਿਨੈ, ਪ੍ਰਧਾਨ ਸਾਹਿਬ ਨੂੰ ਪੂਰੇ ਅਧਿਕਾਰ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੰਘ ਸਭਾ ਅਫ਼ਰੀਕਾ ਦੀ ਜਾਇਦਾਦ, ਸ. ਤੇਜਾ ਸਿੰਘ ਸਮੁੰਦਰੀ ਦੀ ਯਾਦ ’ਚ ਸਮੁੰਦਰੀ ਹਾਲ ਬਣਾਉਣ, ਗੁਰਬਾਣੀ ਦੀ ਸ਼ੁੱਧ ਛਪਾਈ, ਧਰਮ ਪ੍ਰਚਾਰਕ ਰੱਖਣ, ਨਵੇਂ ਸਕੂਲ, ਕਾਲਜ ਖੋਲ੍ਹਣ, ਸਿੱਖ ਰਾਜਾ ਪਤਿਤ ਨਹੀਂ ਹੋ ਸਕਦਾ, ਆਰਥਿਕ ਭਾਈਚਾਰਕ ਤੇ ਵਿੱਦਿਅਕ ਉਨਤੀ ਬਾਰੇ ਅਤੇ ਭਾਈ ਰਣਧੀਰ ਸਿੰਘ ਬਾਰੇ ਮਤਾ ਕੀਤਾ ਗਿਆ। ਮਾਸਟਰ ਤਾਰਾ ਸਿੰਘ ਜੀ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ ਆਦਿ ਸਿਧਾਂਤਕ, ਇਤਿਹਾਸਿਕ ਮਹੱਤਤਾ, ਮਰਯਾਦਾ ਤੇ ਪਰੰਪਰਾ ਨਾਲ ਸੰਬੰਧਿਤ ਫ਼ੈਸਲੇ ਹੋਏ।

28 ਅਕਤੂਬਰ, 1939 ਈ: ਨੂੰ ਜਨਰਲ ਇਕੱਤਰਤਾ ਸਮੇਂ ਸ. ਪ੍ਰਤਾਪ ਸਿੰਘ ਜੀ ਸ਼ੰਕਰ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ। 5 ਮਾਰਚ, 1944 ਈ: ਨੂੰ ਹੋਈ ਜਨਰਲ ਇਕੱਤਰਤਾ ਦੀ ਪ੍ਰਧਾਨਗੀ ਸ. ਪ੍ਰਤਾਪ ਸਿੰਘ ਸ਼ੰਕਰ ਨੇ ਕੀਤੀ। ਸ਼੍ਰੋਮਣੀ ਕਮੇਟੀ ਦੇ ਅਪ੍ਰੈਲ, 1944 ਈ: ਨੂੰ ਹੋਏ ਜਨਰਲ ਅਜਲਾਸ ਦੀ ਪ੍ਰਧਾਨਗੀ ਇਨ੍ਹਾਂ ਬਤੌਰ ਮੀਤ ਪ੍ਰਧਾਨ ਕੀਤੀ ਜਿਸ ਵਿਚ ਮਾਸਟਰ ਤਾਰਾ ਸਿੰਘ ਜੀ ਨੂੰ ਮੁੜ ਪੰਥਕ ਸੇਵਾ ਸੰਭਾਲਣ ਦੀ ਪ੍ਰੇਰਨਾ ਦਾ ਮਤਾ ਕੀਤਾ ਗਿਆ।

ਕਿਹਾ ਜਾਦਾ ਹੈ ਕਿ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਦੀ ਸੇਵਾ ਸਮੇਂ ਸ੍ਰ. ਪ੍ਰਤਾਪ ਸਿੰਘ ਜੀ ਸ਼ੰਕਰ ਆਪਣਾ ਪਰਸ਼ਾਦਾ ਵੀ ਘਰੋਂ ਤਿਆਰ ਕਰ ਕੇ ਲਿਆਉਂਦੇ ਸਨ। ਸ. ਸਵਰਨ ਸਿੰਘ ਜੀ ਦੀਆਂ ਚਾਰ ਬੇਟੀਆਂ ਹੀ ਸਨ ਜਿਨ੍ਹਾਂ ’ਚੋਂ ਡਾ. ਪਰਮਜੀਤ ਕੌਰ ਗੁੜਗਾਉਂ ਵਿਖੇ ਸੇਵਾ ਕਰ ਰਹੇ ਹਨ। ਸਰਦਾਰ ਸਹਿਬ ਦੀ ਯਾਦ ‘ਚ ਸ਼ੰਕਰ ਪਿੰਡ ‘ਚ ਹਸਪਤਾਲ ਚਲ ਰਿਹਾ ਹੈ। ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ’ਚ ਇਨ੍ਹਾਂ ਦੀ ਤਸਵੀਰ ਸ਼ੁਸੋਭਿਤ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)