editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ – 9 ਜਥੇਦਾਰ ਮੋਹਨ ਸਿੰਘ ਜੀ ‘ਨਾਗੋਕੇ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਹੁਦੇ ’ਤੇ ਇੱਕੋ ਸਮੇਂ ਬਿਰਾਜਮਾਨ ਹੋਣ ਵਾਲੀ, ਸਿੱਖ ਸ਼ਖ਼ਸੀਅਤ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦਾ ਸਿੱਖ ਇਤਿਹਾਸ ’ਚ ਨਿਵੇਕਲਾ ਅਸਥਾਨ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਰੋਮ-ਰੋਮ ਤੋਂ ਸਮਰਪਿਤ, ਗੁਰੂ-ਪੰਥ ਦੀਆਂ ਸਭ ਤੋਂ ਵੱਧ ਸਤਿਕਾਰਤ ਪਦਵੀਆਂ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਹੁਦੇ ’ਤੇ ਇੱਕੋ ਸਮੇਂ ਬਿਰਾਜਮਾਨ ਹੋਣ ਵਾਲੀ, ਸਿੱਖ ਸ਼ਖ਼ਸੀਅਤ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦਾ ਸਿੱਖ ਇਤਿਹਾਸ ’ਚ ਨਿਵੇਕਲਾ ਅਸਥਾਨ ਹੈ। ਦੂਰਦਰਸ਼ੀ, ਇਮਾਨਦਾਰ, ਤਜ਼ਰਬੇਕਾਰ ਸਫ਼ਲ ਸਿੱਖ ਪ੍ਰਸ਼ਾਸਕ ਤੇ ਪ੍ਰਬੰਧਕ, ਸਿੱਖ ਨੀਤੀਵਾਨ ਨੇਤਾ, ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦਾ ਜਨਮ, 25 ਦਸੰਬਰ, 1898 ਈ: ਨੂੰ ਸਤਿਕਾਰਤ ਸਿੱਖ ਪਰਵਾਰ, ਸ. ਟਹਿਲ ਸਿੰਘ ਜੀ ਤੇ ਮਾਤਾ ਗੰਗਾ ਦੇਵੀ ਦੇ ਘਰ ਪਿੰਡ ਨਾਗੋਕੇ, ਅੰਮ੍ਰਿਤਸਰ ’ਚ ਹੋਇਆ। ਜਥੇਦਾਰ ਨਾਗੋਕੇ ਦੇ ਬਜ਼ੁਰਗ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ’ਚ ਸੇਵਾ ਕਰਦੇ ਰਹੇ ਸਨ। ਇਨ੍ਹਾਂ ਨੇ ਅਰੰਭਕ ਵਿੱਦਿਆ ਖਡੂਰ ਸਾਹਿਬ ਤੋਂ ਪ੍ਰਾਪਤ ਕਰ, ਅਠਵੀਂ ਦਾ ਇਮਤਿਹਾਨ ਗੁਰੂ ਤੇਗ ਬਹਾਦਰ ਸਕੂਲ, ਬਾਬਾ ਬਕਾਲਾ ਤੋਂ ਪਾਸ ਕੀਤਾ। ਸੰਨ 1918 ਈ: ’ਚ ਦਸਵੀਂ ਖਾਲਸਾ ਕਾਲਜੀਏਟ ਹਾਈ ਸਕੂਲ ਅੰਮ੍ਰਿਤਸਰ ਤੋਂ ਕਰ, ਡੀ.ਸੀ. ਦਫ਼ਤਰ ਅੰਮ੍ਰਿਤਸਰ ਕਲਰਕ ਭਰਤੀ ਹੋ ਗਏ। ਪੰਥ-ਪ੍ਰਸਤ ਸ਼ਖ਼ਸੀਅਤਾਂ ਦੀ ਸੰਗਤ ਸਦਕਾ, ਪੰਥਕ ਜਜ਼ਬੇ ਤੇ ਕੌਮੀ ਪਿਆਰ ’ਚ ਰੰਗੇ ਗਏ। ਜਲ੍ਹਿਆਂਵਾਲੇ ਬਾਗ ਤੇ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਨੇ ਜਥੇ. ਮੋਹਨ ਸਿੰਘ ਦੇ ਮਨ ’ਤੇ ਗਹਿਰੇ ਜ਼ਖ਼ਮ ਕੀਤੇ। ਪੀੜਤ ਮਾਨਸਿਕਤਾ ਨੂੰ ਦਰਸਾਉਣ ਲਈ ਇਹ ਅੰਮ੍ਰਿਤਧਾਰੀ ਹੋ, ਕਾਲੀ ਦਸਤਾਰ ਸਜਾਉਣ ਲੱਗੇ। ਕਾਲੀ ਦਸਤਾਰ ਉਸ ਸਮੇਂ ਅੰਗਰੇਜ਼ ਸਰਕਾਰ ਦੇ ਵਿਰੋਧ ’ਚ, ਅਕਾਲੀ ਰੋਹ ਤੇ ਰੋਸ ਦਾ ਪ੍ਰਤੀਕ ਬਣ ਚੁੱਕੀ ਸੀ। ਜਥੇਦਾਰ ਨਾਗੋਕੇ ਅੰਗਰੇਜ਼ ਹਕੂਮਤ ਦੀ ਨੌਕਰੀ ਨੂੰ ਮਜਬੂਰੀ ਤੇ ਗ਼ੁਲਾਮੀ ਸਮਝਣ ਲੱਗ ਪਏ। ਬਸ ਫਿਰ ਕੀ ਸੀ 6 ਫਰਵਰੀ, 1924 ਈ: ਨੂੰ ਸਰਕਾਰੀ ਜ਼ੰਜੀਰ ਨੂੰ ਤੋੜ, ਅਕਾਲ ਦੇ ਪੁਜ਼ਾਰੀ, ਅਜ਼ਾਦ ਅਕਾਲੀ ਬਣ ਗਏ। 21 ਫਰਵਰੀ, 1924 ਈ: ਨੂੰ ਪਹਿਲੇ ਸ਼ਹੀਦੀ ਜਥੇ ’ਚ ਸ਼ਾਮਲ ਹੋ, ਗੰਗਸਰ ਜੈਤੋ ਪਹੁੰਚੇ, ਜਿਥੇ ਅੰਗਰੇਜ਼ ਹਾਕਮਾਂ ਨੇ ਸ਼ਹੀਦੀ ਜਥੇ ’ਤੇ ਗੋਲੀਆਂ ਦੀ ਬੁਛਾੜ ਕੀਤੀ। ਸ਼ਹੀਦੀ ਜਥੇ ਦੇ ਕੁਝ ਸਿੰਘ ਸ਼ਹੀਦ ਹੋ ਗਏ। ਜਥੇਦਾਰ ਮੋਹਨ ਸਿੰਘ ਜੀ ਲੱਤ ’ਚ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਤੇ ਇਨ੍ਹਾਂ ਨੂੰ ਹਸਪਤਾਲ ਦਾਖਲ ਹੋਣਾ ਪਿਆ। ਤੱਕੋ! ਇਨ੍ਹਾਂ ਮਰਜੀਵੜੇ ਅਕਾਲੀ ਸਿੱਖ ਸਰਦਾਰਾਂ ਦਾ ਸਿਦਕ, ਭਰੋਸਾ ਤੇ ਗੁਰੂ ਪ੍ਰਤੀ ਨਿਸ਼ਠਾ, ਜਥੇਦਾਰ ਸਾਹਿਬ ਠੀਕ ਹੋ ਕੇ ਚੌਥੇ ਸ਼ਹੀਦੀ ਜਥੇ ’ਚ 10 ਅਪ੍ਰੈਲ, 1924 ਈ: ਨੂੰ ਸ਼ਾਮਲ ਹੋਏ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਬੰਦੀ ਬਣਾ ਲਿਆ ਗਿਆ। 27 ਜੁਲਾਈ, 1925 ਈ: ਨੂੰ ਅੰਗਰੇਜ਼ ਹਕੂਮਤ ਦੀ ਕੈਦ ਤੋਂ ਅਜ਼ਾਦ ਹੋਏ। ਇਨ੍ਹਾਂ ਦੇ ਘਰ ਦੋ ਪੁੱਤਰ ਤੇ ਦੋ ਬੇਟੀਆਂ ਹੋਈਆਂ। ਇਕ ਬੇਟੀ ਖਡੂਰ ਸਾਹਿਬ ਹਲਕੇ ਤੋਂ ਐਮ.ਐਲ.ਏ. ਵੀ ਬਣੀ।

ਜਥੇਦਾਰ ਮੋਹਨ ਸਿੰਘ ਜੀ ‘ਨਾਗੋਕੇ’

ਅਕਾਲੀ ਲਹਿਰ ਸਮੇਂ ਇਨ੍ਹਾਂ ਦੀ ਕੀਤੀ ਨਿਸ਼ਕਾਮ ਸੇਵਾ ਤੇ ਕੁਰਬਾਨੀ ਨੂੰ ਸਨਮੁਖ ਰੱਖਦਿਆਂ ਜੂਨ, 1926 ਈ: ’ਚ ਗੁਰਦੁਆਰਾ ਪ੍ਰਬੰਧ ਪੂਰੀ ਤਰ੍ਹਾਂ ਪੰਥਕ ਹੱਥਾਂ ’ਚ ਆਉਣ ’ਤੇ ਗੁਰਦੁਆਰਾ ਸੇਵਾ ’ਚ ਕਲਰਕ ਭਰਤੀ ਕਰ ਲਿਆ ਗਿਆ। ਇਨ੍ਹਾਂ ਦੀ ਇਮਾਨਦਾਰੀ, ਸੇਵਾ ਭਾਵਨਾ ਤੇ ਸਮਰਪਿਤ ਸੁਭਾਅ ਨੂੰ ਤਕ, ਮੁਖਤਾਰੇ-ਆਮ ਤੋਂ ਸੁਪ੍ਰਿੰਟੈਂਡੈਂਟ ਸ਼੍ਰੋਮਣੀ ਕਮੇਟੀ ਪਦ-ਉਨਤ ਕੀਤਾ ਗਿਆ। ਦੇਸ਼ ਦੀ ਅਜ਼ਾਦੀ ਲਹਿਰ ’ਚ ਹਿੱਸਾ ਲੈਣ ਲਈ ਇਨ੍ਹਾਂ ਨੇ ਆਪਣੀ ਪਦਵੀ ਤੋਂ ਛੁੱਟੀ ਲੈ ਕੇ 12 ਮਾਰਚ, 1930 ਈ: ਨੂੰ ਸਿਵਲ ਨਾ-ਫੁਰਮਾਨੀ ਤੇ ਸਵਦੇਸ਼ੀ ਲਹਿਰ ਤਹਿਤ ਲਾਹੌਰ ਗ੍ਰਿਫ਼ਤਾਰੀ ਦਿੱਤੀ। ਤਿੰਨ ਮਹੀਨੇ ਅਟਕ ਤੇ ਬਰੈਸਟਲ ਦੀ ਜੇਲ੍ਹ ’ਚ ਬੰਦੀ ਬਣਨਾ ਪ੍ਰਵਾਨ ਕੀਤਾ।

ਸੰਨ 1931 ਈ: ’ਚ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਨੂੰ ਤਰੱਕੀ ਦੇ ਕੇ ਗਿਆਨੀ ਗੁਰਮੁਖ ਸਿੰਘ ਜੀ ਮੁਸਾਫ਼ਰ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਮੀਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਿਯੁਕਤ ਕੀਤਾ ਗਿਆ। 10 ਮਾਰਚ, 1934 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਇਕੱਤਰਤਾ ਸਮੇਂ ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ ਤੇ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦੀਆਂ ਸੇਵਾਵਾਂ ਦੀ ਸ਼ਲਾਘਾ ਦਾ ਵਿਸ਼ੇਸ਼ ਮਤਾ ਪਾਸ ਕੀਤਾ ਗਿਆ। ਠੀਕ ਚਾਰ ਸਾਲ ਬਾਅਦ 10 ਮਾਰਚ, 1938 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਸਮੇਂ, ਗਿਆਨੀ ਗੁਰਮੁਖ ਸਿੰਘ ਜੀ ਦੀ ਤਜ਼ਵੀਜ਼ ’ਤੇ ਭਾਈ ਸਾਹਿਬ ਭਾਈ ਮੋਹਨ ਸਿੰਘ ‘ਨਾਗੋਕੇ’ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਤਿਕਾਰਤ ਪਦਵੀ ’ਤੇ ਬਿਰਾਜਮਾਨ ਕੀਤਾ ਗਿਆ। ਨਿਸ਼ਕਾਮ ਸੇਵਾ, ਨਿਰਸੁਆਰਥੀ ਸੁਭਾਅ ਤੇ ਗੁਰੂ-ਪੰਥ ਨੂੰ ਸਮਰਪਿਤ ਭਾਵਨਾ ਸਦਕਾ ਜਥੇਦਾਰ ਸਾਹਿਬ ਜੀ ਨੇ ਇਹ ਸੇਵਾ ਨਿਰੰਤਰ ਸੰਨ 1952 ਈ: ਤੀਕ ਨਿਭਾ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ।

30 ਦਸੰਬਰ, 1932 ਈ: ਨੂੰ ਇਨ੍ਹਾਂ ਦੇ ਉੱਦਮ ਸਦਕਾ, ਅਕਾਲੀ ਮਾਰਕੀਟ ਅੰਮ੍ਰਿਤਸਰ ਤਿਆਰ ਹੋਣੀ ਸ਼ੁਰੂ ਹੋਈ। ਸੰਨ 1937 ਈ: ਵਿਚ ਲੱਗੇ ਕਿਰਪਾਨ ਦੇ ਮੋਰਚੇ ਸਮੇਂ ਜਥੇ: ਮੋਹਨ ਸਿੰਘ ਜੀ ਨਾਗੋਕੇ ਨੇ 100 ਸਿੰਘਾਂ ਸਮੇਤ ਪਹਿਲੇ ਜਥੇ ’ਚ ਗ੍ਰਿਫ਼ਤਾਰੀ ਦਿੱਤੀ। ਸੰਨ 1938 ਈ: ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਸ਼ਹੀਦੀ ਮਾਰਕੀਟ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦੇ ਸਮੇਂ ਹੀ ਤਾਮੀਰ ਹੋਈ।

28 ਅਕਤੂਬਰ, 1939 ਈ: ਨੂੰ ਜਥੇਦਾਰ ਮੋਹਨ ਸਿੰਘ ਦੀ ਤਾਈਦ ’ਤੇ ਮੁਸਲਮਾਨ ਵਜ਼ੀਰਾਂ ਦੀ ਮੁਦਾਖਲਤ ਰੋਕਣ ਲਈ ਮਤਾ ਪੇਸ਼ ਕੀਤਾ ਤੇ ਪਾਸ ਹੋਇਆ। 22 ਫਰਵਰੀ, 1941 ਈ: ਨੂੰ ਜਨਰਲ ਇਜਲਾਸ ਸਮੇਂ ਗੁਰਦੁਆਰਾ ਐਕਟ ’ਚ ਤਰਮੀਮਾਂ ਸੁਝਾਉਣ ਵਾਸਤੇ 7 ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਜਥੇਦਾਰ ‘ਨਾਗੋਕੇ’ ਮੈਂਬਰ ਸਨ।

19 ਨਵੰਬਰ, 1944 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਸਮੇਂ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਨੂੰ ਸਰਬ-ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਜਥੇਦਾਰ ਮੋਹਨ ਸਿੰਘ ਜੀ ਨਾਗੋਕੇ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਤਿਕਾਰਤ ਪਦਵੀ ਦੇ ਨਾਲ-ਨਾਲ 28 ਮਈ, 1948 ਤੀਕ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰੀ ਵਾਲੇ ਮਹੱਤਵਪੂਰਨ ਅਹੁਦੇ ’ਤੇ ਵੀ ਬਿਰਾਜਮਾਨ ਰਹੇ।

ਜਥੇਦਾਰ ਮੋਹਨ ਸਿੰਘ ਜੀ ਦੀ ਪ੍ਰਧਾਨਗੀ ਸਮੇਂ ਹੇਠ ਲਿਖੇ ਵਿਸ਼ੇਸ਼ ਕਾਰਜ ਹੋਏ: ਇਨ੍ਹਾਂ ਦੀ ਜਥੇਦਾਰੀ ਤੇ ਪ੍ਰਧਾਨਗੀ ਸਮੇਂ ਸਿੱਖ ਸਿਧਾਂਤਕ, ਸਾਰਥਕਤਾ, ਪੰਥਕ ਸ਼ਕਤੀ ਤੇ ਏਕਤਾ ਨੂੰ ਰੂਪਮਾਨ ਕਰਦੀ ‘ਸਿੱਖ ਰਹਿਤ ਮਰਯਾਦਾ’ ਨਿਰਧਾਰਤ ਕਰ, ਲਾਗੂ ਕਰਨ ਦਾ ਇਤਿਹਾਸਕ ਫ਼ੈਸਲਾ ਹੋਇਆ। ਗੁਰਦੁਆਰਾ ਕਾਨੂੰਨ ’ਚ ਤਰਮੀਮ ਕਰਵਾ ਕੇ ਇਤਿਹਾਸਕ ਮਹੱਤਤਾ ਵਾਲੇ ਵੱਡੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ’ਚ ਲਿਆਂਦੇ, ਜਿਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਰਥਿਕ ਸਥਿਤੀ ਤੇ ਸ਼ਕਤੀ ’ਚ ਚੋਖਾ ਵਾਧਾ ਹੋਇਆ। ਸ੍ਰੀ ਅੰਮ੍ਰਿਤਸਰ ਸਰੋਵਰ ਦੀ ਪ੍ਰਕਰਮਾਂ ਨੂੰ ਚੌੜਾ ਕਰਨ ਲਈ ਨਾਲ ਲੱਗਦੀਆਂ ਇਮਾਰਤਾਂ ਤੇ ਬੁੰਗੇ ਖਰੀਦ ਕਰਨ ਤੇ ਸਿੱਖ ਭਵਨ ਕਲਾ ਅਨੁਸਾਰ ਦਰਸ਼ਨੀ ਡਿਊੜੀਆਂ ਤਿਆਰ ਕਰਨ ਦਾ ਕਾਰਜ ਜਥੇਦਾਰ ਨਾਗੋਕੇ ਦੇ ਉੱਦਮ ਸਦਕਾ ਆਰੰਭ ਹੋਇਆ। ਅਖੌਤੀ ਅਛੂਤਾਂ ਵਿਚ ਗੁਰਸਿੱਖੀ ਪ੍ਰਚਾਰ ਦੀ ਨਵੀਂ ਸਕੀਮ ਲਾਗੂ ਕਰਨ ਲਈ ਫ਼ੈਸਲਾ ਕੀਤਾ ਗਿਆ। ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਅਹੁਦੇ ਸਮੇਂ ਵੀ ਜਥੇ: ਮੋਹਨ ਸਿੰਘ ਜੀ ਨਾਗੋਕੇ ਅੰਮ੍ਰਿਤ ਸੰਚਾਰ ਸਮਾਗਮ ’ਚ ਪੰਜ ਪਿਆਰਿਆਂ ਦੀ ਸੇਵਾ ਨਿਭਾਉਂਦੇ ਰਹੇ। ਦੇਸ਼ ਵੰਡ ਸਮੇਂ ਪੀੜਤ ਪਰਵਾਰਾਂ ਦੀ ਜੋ ਟਹਿਲ-ਸੇਵਾ ਤੇ ਹਿਫਾਜ਼ਤ ਜਥੇਦਾਰ ਮੋਹਨ ਸਿੰਘ ਜੀ ਨੇ ਕੀਤੀ, ਉਹ ਨਿਵੇਕਲੀ ਮਿਸਾਲ ਹੈ। 10 ਮਾਰਚ, 1945 ਈ: ਨੂੰ ਸਿੱਖ ਕੌਮ ਦੀ ਧਾਰਮਿਕ, ਵਿੱਦਿਅਕ, ਆਰਥਿਕ, ਸਰੀਰਕ ਅਤੇ ਸੰਸਾਰਕ ਹਾਲਤ ਵਧੇਰੇ ਚੰਗੀ ਕਰਨ ਲਈ ਛੇ-ਸਾਲਾ ਪ੍ਰੋਗਰਾਮ ਬਣਾਇਆ ਗਿਆ ਕਿ 1951 ਈ: ਦੀ ਮਰਦਮਸ਼ੁਮਾਰੀ ਤੀਕ ਸਿੱਖਾਂ ਦੀ ਗਿਣਤੀ ਇਕ ਕਰੋੜ ਕਰਨੀ, 5 ਲੱਖ ਨਵੇਂ ਸਿੱਖਾਂ ਨੂੰ ਦਸ ਗੁਰੂ ਸਾਹਿਬਾਨ ਦੇ ਨਾਂ ਅਤੇ ਜਪੁਜੀ ਸਾਹਿਬ ਯਾਦ ਕਰਾਉਣਾ, ਗੁਰਦੁਆਰਿਆਂ ’ਚ ਕਥਾ ਦਾ ਪੁਰਾਤਨ ਰਿਵਾਜ਼ ਸ਼ੁਰੂ ਕਰਨਾ ਅਤੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ਬਰਾਡਕਾਸਟਿੰਗ ਸਟੇਸ਼ਨ ਕਾਇਮ ਕਰਨਾ, 5 ਲੱਖ ਸਿੱਖਾਂ ਤੋਂ ਸ਼ਰਾਬ ਛੁਡਾਉਣੀ, ਸਿੱਖ ਇਤਿਹਾਸ ਦੀ ਖੋਜ ਲਈ ਆਹਲਾ ਪੈਮਾਨੇ ’ਤੇ ਰੈਫਰੈਂਸ ਲਾਇਬ੍ਰੇਰੀ ਬਣਾਉਣਾ ਆਦਿ ਨੂੰ ਅਮਲ ਵਿਚ ਲਿਆਉਣ ਦਾ ਸੰਕਲਪ ਲਿਆ ਗਿਆ ਅਤੇ ਵਿੱਦਿਆ ਦੇ ਪਸਾਰ ਕਾਰਜ ਲਈ ਯੂਨੀਵਰਸਿਟੀ ਸਥਾਪਤ ਕਰਨ ਦਾ ਸੁਪਨਾ ਵੀ ਲਿਆ। ਪਤਿਤ ਸਿੱਖ ਵਿਦਿਆਰਥੀਆਂ ਨੂੰ ਸਿੱਖ ਸਕੂਲਾਂ ’ਚੋਂ ਕੱਢਣ ਦਾ ਫ਼ੈਸਲਾ ਕੀਤਾ ਗਿਆ ਤਾਂ ਜੋ ਰਹਿਤ ’ਚ ਆ ਰਹੀ ਢਿੱਲ-ਮੱਠ ਨੂੰ ਰੋਕਿਆ ਜਾਵੇ। ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਮੱਤੇ ਦੀ ਸਰਾਂ, ਗੁਰਦੁਆਰਾ ਟਿੱਬੀ ਸਾਹਿਬ ਮੁਕਤਸਰ ਦੇ ਨਵ-ਨਿਰਮਾਣ ਤੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਕਾਰਜ ਕਰਨ ਦਾ ਸੁਭਾਗ ਵੀ ਇਨ੍ਹਾਂ ਨੂੰ ਪ੍ਰਾਪਤ ਹੋਇਆ। ਦੇਸ਼ ਵੰਡ ਸਮੇਂ ਸ਼ੇਖੂਪੁਰਾ, ਸੱਚਾ-ਸੌਦਾ, ਨਨਕਾਣਾ ਸਾਹਿਬ ਤੇ ਜੜ੍ਹਾਂ ਵਾਲੀ ਦੇ ਪੀੜਤਾਂ ਦੀ ਇਨ੍ਹਾਂ ਨੇ ਬਹੁਤ ਮਦਦ ਕੀਤੀ। ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦੀ ਪ੍ਰਧਾਨਗੀ ਸਮੇਂ 9 ਮਾਰਚ, 1946 ਈ: ਨੂੰ ਜਨਰਲ ਇਕੱਤਰਤਾ ਸਮੇਂ ‘ਸਿੱਖ ਸਟੇਟ ਦੀ ਕਾਇਮੀ’ ਦਾ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਲਾਨ ਕਰਦੀ ਹੈ, ਕਿ ਸਿੱਖ ਆਪਣੇ ਆਪ ਵਿਚ ਇਕ ਵੱਖਰੀ ਕੌਮ ਹੈ। ਸਿੱਖਾਂ ਦੇ ਮੁੱਖ ਧਰਮ ਅਸਥਾਨਾਂ, ਸਭਿਆਚਾਰ, ਸਿੱਖ ਰਿਵਾਜਾਂ ਦੀ ਕਾਇਮੀ, ਸਿੱਖ ਸਵੈਮਾਣ ਤੇ ਅਜ਼ਾਦੀ ਦੀ ਰਾਖੀ ਤੇ ਭਵਿੱਖ ਵਿਚ ਸਿੱਖਾਂ ਦੀ ਤਰੱਕੀ ਲਈ ਸਿੱਖ ਸਟੇਟ ਜ਼ਰੂਰੀ ਹੈ। ਸ. ਅਮਰ ਸਿੰਘ ਜੀ (ਦੁਸਾਂਝ) ਨੇ ਮਤੇ ਦੀ ਤਾਈਦ ਕਰਦਿਆਂ ਕਿਹਾ “… ਸਾਨੂੰ ਧੋਖਾ ਦੇਣ ਲਈ ਇਹ ਅਵਾਜ਼ ਉਠਾਈ ਜਾਂਦੀ ਹੈ, ਕਿ ਸਿੱਖ ਇਕ ਵੱਡੇ ਹਿੰਦੂ ਦਰਖ਼ਤ ਦੀ ਟਾਹਣੀ ਹੈ। ਇਹ ਅਵਾਜ਼ ਕੇਵਲ ਅਸਾਂ ਨੂੰ ਹੜੱਪ ਕਰਨ ਲਈ ਉਠਾਈ ਜਾਂਦੀ ਹੈ। ਅਸੀਂ ਕਿਸੇ ਦੂਸਰੀ ਕੌਮ ਦੇ ਗ਼ੁਲਾਮ ਹੋ ਕਦੇ ਵੀ ਫਲ-ਫੁਲ ਨਹੀਂ ਸਕਦੇ।…”

ਅਜ਼ਾਦ ਹਿੰਦ ਫ਼ੌਜ ਦੇ ਸਿਪਾਹੀਆਂ ਦੀ ਰਿਹਾਈ ਤੇ ਸਹਾਇਤਾ ਲਈ ਮਤਾ ਸ਼੍ਰੋਮਣੀ ਕਮੇਟੀ ਵੱਲੋਂ 26 ਅਕਤੂਬਰ, 1946 ਈ: ਨੂੰ ਪਾਸ ਕੀਤਾ ਗਿਆ। ਖਡੂਰ ਸਾਹਿਬ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂ ’ਤੇ ਸਕੂਲ ਬਣਾਇਆ। ਸੰਨ 1948 ਈ: ’ਚ ਪੰਜਾਬੀਆਂ ਨੂੰ ਅੰਡੇਮਾਨ-ਨਿਕੋਬਾਰ ਟਾਪੂ ’ਤੇ ਵਸਾਉਣ ਲਈ ਬਣੇ ਕਮਿਸ਼ਨ ਦੇ ਚੇਅਰਮੈਨ, ਜਥੇਦਾਰ ਨਾਗੋਕੇ ਹੀ ਸਨ।

28 ਮਈ, 1948 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜਲਾਸ ਸਮੇਂ ਜਥੇਦਾਰ ਮੋਹਨ ਸਿੰਘ ਜੀ ਨਾਮਜ਼ਦ ਮੈਂਬਰ ਵਜੋਂ ਹਾਜ਼ਰ ਹੋਏ। ਪਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਬਣੀ 9-ਮੈਂਬਰੀ ਕਮੇਟੀ ਦੇ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਮੈਂਬਰ ਸਨ। ਇਨ੍ਹਾਂ ਦੀ ਜਥੇਦਾਰੀ ਸਮੇਂ ਹੀ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਅੰਮ੍ਰਿਤਧਾਰੀ ਹਰ ਪ੍ਰਾਣੀ ਮਾਤਰ ਨਾਲ ਬਰਾਬਰ ਦਾ ਸਲੂਕ ਕੀਤਾ ਜਾਵੇ। ਇਨ੍ਹਾਂ ਦੀ ਪ੍ਰਧਾਨਗੀ ਤੇ ਜਥੇਦਾਰੀ ਸਮੇਂ ਅਲੀਗੜ੍ਹ ’ਚ ਭਾਰੀ ਅਕਾਲੀ ਕਾਨਫਰੰਸ ਸਮੇਂ ਰੀਕਾਰਡ ਤੋੜ ਅੰਮ੍ਰਿਤ ਸੰਚਾਰ ਹੋਇਆ।

ਸੰਨ 1952 ਈ: ’ਚ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਨੇ ਜਥੇਦਾਰ ਦੀ ਸਤਿਕਾਰਤ ਪਦਵੀ ਤੋਂ ਸਵੈ-ਇੱਛਾ ਨਾਲ ਅਸਤੀਫ਼ਾ ਦੇ ਦਿੱਤਾ। ਇਸ ਨਾਲ ਹੀ ਇਨ੍ਹਾਂ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਚੋਣ ਲੜੀ ਤੇ ਐਮ.ਐਲ.ਏ. ਬਣ ਗਏ। ਸੰਨ 1958 ਈ: ’ਚ ਹੀ ਜਥੇਦਾਰ ਸਾਹਿਬ ਪੰਜਾਬ ਸੁਬਾਰਡੀਨੇਟ ਸਰਵਿਸ ਬੋਰਡ ਦੇ ਮੈਂਬਰ ਚੁਣੇ ਗਏ। 25 ਸਤੰਬਰ, 1963 ਈ: ਨੂੰ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਨੇ ਸੁਬਾਰਡੀਨੇਟ ਸਰਵਿਸ ਕਮਿਸ਼ਨ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ। ਸੰਨ 1968 ਈ: ’ਚ ਜਥੇਦਾਰ ਮੋਹਨ ਸਿੰਘ ਜੀ ਹਲਕਾ ਖਡੂਰ ਸਾਹਿਬ ਤੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਅਸੈਂਬਲੀ ਦੀ ਐਸਟੀਮੇਟ ਤੇ ਅਕਾਊਂਟਜ਼ ਅਤੇ ਰੂਲਜ਼ ਕਮੇਟੀ ਦੇ ਮੈਂਬਰ ਬਣੇ।

ਸੰਨ 1968 ਈ: ’ਚ ਜਥੇਦਾਰ ਮੋਹਨ ਸਿੰਘ ਜੀ ਦੇ ਦਿਮਾਗ ਦੀ ਨਾੜੀ ਫਟ ਗਈ। ਇਨ੍ਹਾਂ ਦੀ ਸਿਹਤਯਾਬੀ ਲਈ ਬਹੁਤ ਯਤਨ ਕੀਤੇ ਗਏ ਪਰ ਪੰਥ-ਦਰਦੀ, ਹਮੇਸ਼ਾਂ ਪੰਥ ਦਾ ਭਲਾ ਸੋਚਣ ਤੇ ਲੋਚਣ ਵਾਲੀ ਸ਼ਖ਼ਸੀਅਤ 3 ਮਾਰਚ, 1969 ਈ: ਨੂੰ ਸਰੀਰ ਤਿਆਗ ਕੇ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਈ। 23 ਮਾਰਚ, 1969 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦਾ ਮਤਾ ਕੀਤਾ। ਇਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜ਼ਾਇਬ ਘਰ ’ਚ ਸ਼ੁਸ਼ੋਭਿਤ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)