editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-18 ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’

ਸਰਦਾਰ ਸਾਹਿਬ ਦਾ ਸਾਰਾ ਪਰਵਾਰ ਗੁਰੂ-ਕਿਰਪਾ ਸਦਕਾ ਉੱਚ ਅਹੁਦਿਆਂ ’ਤੇ ਬਿਰਾਜਮਾਨ ਰਿਹਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ. ਕ੍ਰਿਪਾਲ ਸਿੰਘ ‘ਚੱਕ ਸ਼ੇਰੇਵਾਲਾ’ ਦਾ ਜਨਮ 4 ਜਨਵਰੀ, 1902 ਨੂੰ ਸ. ਹਰਨਾਮ ਸਿੰਘ ਅਤੇ ਸਰਦਾਰਨੀ ਸੰਤ ਕੌਰ ਦੇ ਘਰ ਚੱਕ ਸ਼ੇਰੇਵਾਲਾ, ਸ਼ਾਹੀ ਜਗੀਰਦਾਰ ਘਰਾਣੇ ’ਚ ਜ਼ਿਲ੍ਹਾ ਫਿਰੋਜ਼ਪੁਰ ’ਚ ਹੋਇਆ। ਸ. ਕ੍ਰਿਪਾਲ ਸਿੰਘ ਜੀ ਨੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਫਿਰੋਜ਼ਪੁਰ ਤੋਂ ਪਾਸ ਕੀਤੀ। ਇਨ੍ਹਾਂ ਦਾ ਅਨੰਦ-ਕਾਰਜ ਸਰਦਾਰਨੀ ਈਸ਼ਵਰ ਕੌਰ ਨਾਲ ਰਾਵਲਪਿੰਡੀ ’ਚ 1921 ਈ: ’ਚ ਹੋਇਆ। ਇਨ੍ਹਾਂ ਦੇ ਘਰ ਦੋ ਸਪੁੱਤਰ ਤੇ ਦੋ ਸਪੁੱਤਰੀਆਂ ਪੈਦਾ ਹੋਈਆਂ। ਸਰਦਾਰ ਸਾਹਿਬ ਦਾ ਸਾਰਾ ਪਰਵਾਰ ਗੁਰੂ-ਕਿਰਪਾ ਸਦਕਾ ਉੱਚ ਅਹੁਦਿਆਂ ’ਤੇ ਬਿਰਾਜਮਾਨ ਰਿਹਾ । ਆਪ ਜੀ ਹਾਕੀ, ਫੁੱਟਬਾਲ ਤੇ ਪੋਲੋ ਦੇ ਬਹੁਤ ਵਧੀਆ ਖਿਡਾਰੀ ਸਨ। ਆਪ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤੇ ਅਕਾਲੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਇਸ ਵਿਚ ਸ਼ਾਮਲ ਹੋ ਗਏ। ਪੰਥ-ਰਤਨ ਮਾਸਟਰ ਤਾਰਾ ਸਿੰਘ ਜੀ ਦੇ ਸ. ਕ੍ਰਿਪਾਲ ਸਿੰਘ ਜੀ ਬਹੁਤ ਪ੍ਰਸ਼ੰਸਕ ਸਨ। ਮਾਸਟਰ ਜੀ ਦੇ ਜੀਵਨ-ਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਹੀ ਇਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਗਤੀਵਿਧੀਆਂ ਵਿਚ ਭਾਗ ਲੈਣਾ ਸ਼ੁਰੂ ਕੀਤਾ ਤੇ ਤਰੱਕੀ ਕਰਦੇ-ਕਰਦੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਤੀਕ ਪਹੁੰਚੇ।

ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ ਨੇ ਮਾਸਟਰ ਤਾਰਾ ਸਿੰਘ ਜੀ ਨਾਲ ਹੀ ਪੰਜਾਬੀ ਸੂਬੇ ਮੋਰਚੇ ’ਚ ਸਰਗਰਮੀ ਨਾਲ ਭਾਗ ਲਿਆ ਤੇ 10 ਮਈ, 1955 ਨੂੰ ਗ੍ਰਿਫ਼ਤਾਰ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਆਮ ਚੋਣਾਂ ਤੋਂ ਬਾਅਦ ਪਹਿਲੀ ਜਨਰਲ ਇਕੱਤਰਤਾ 7 ਫਰਵਰੀ, 1955 ਨੂੰ ਮਾਸਟਰ ਤਾਰਾ ਸਿੰਘ ਜੀ ਦੀ ਪ੍ਰਧਾਨਗੀ ’ਚ ਹੋਈ, ਜਿਸ ਵਿਚ ਸ. ਕ੍ਰਿਪਾਲ ਸਿੰਘ ਜੀ (ਪੰਜਾਬ) ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਾਮਜ਼ਦ ਹੋਏ। ਇਸ ਦਿਨ ਹੀ ਆਪ ਅੰਤ੍ਰਿੰਗ ਕਮੇਟੀ ਮੈਂਬਰ ਚੁਣੇ ਗਏ। 11 ਨਵੰਬਰ 1956 ਨੂੰ ਹੋਏ ਜਨਰਲ ਸਮਾਗਮ ਸਮੇਂ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ ।

ਫਿਰ 3 ਦਸੰਬਰ, 1957, 7 ਮਾਰਚ, 1960 ਤੇ 10 ਮਾਰਚ, 1961 ਨੂੰ ਸ਼੍ਰੋਮਣੀ ਕਮੇਟੀ ਦੇ ਹੋਏ ਜਨਰਲ ਇਜਲਾਸਾਂ ਸਮੇਂ ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ ਜੂਨੀ. ਮੀਤ ਪ੍ਰਧਾਨ ਚੁਣੇ ਗਏ। 10 ਮਾਰਚ, 1962 ਨੂੰ ਸਾਲਾਨਾ ਬਜਟ ਇਜਲਾਸ ਸਮੇਂ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਚੋਣ ਸਮੇਂ 5-ਮੈਂਬਰੀ ਬੋਰਡ ਨਿਯੁਕਤ ਕੀਤਾ, ਜਿਸ ਦੇ ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ ਮੈਂਬਰ ਚੁਣੇ ਗਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਜਨਰਲ ਇਜਲਾਸ 2 ਅਕਤੂਬਰ, 1962 ਨੂੰ ਹੋਇਆ, ਜਿਸ ਵਿਚ ਕੁਝ ਮੈਂਬਰਾਂ ਵੱਲੋਂ ਸਿੱਖ ਗੁਰਦੁਆਰਾ ਐਕਟ ਦੀ ਧਾਰਾ 53 ਅਤੇ 63 ਅਧੀਨ ਮੀਟਿੰਗ ਸੱਦੇ ਜਾਣ ਲਈ ਨੋਟਿਸ ਪੁੱਜਣ ’ਤੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ ਵਿਰੁੱਧ ਬੇਪ੍ਰਤੀਤੀ ਦੇ ਮਤੇ ਉੱਤੇ ਵਿਚਾਰ ਕਰਨ ਲਈ ਸੱਦੀ ਗਈ ਜਿਸ ਵਿਚ 148 ਮੈਂਬਰ ਸਾਹਿਬਾਨ ਸ਼ਾਮਲ ਹੋਏ। ਗਿਆਨੀ ਤੇਜਾ ਸਿੰਘ ਐਡੀਸ਼ਨਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਕਟ ਦੀ ਧਾਰਾ 53 ਤੇ 63 ਦੇ ਅਧੀਨ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਸ. ਕ੍ਰਿਪਾਲ ਸਿੰਘ ਵਿਰੁੱਧ ਬੇ-ਪ੍ਰਤੀਤੀ ਦਾ ਮਤਾ ਪੇਸ਼ ਹੋਣ ’ਤੇ ਬਹੁ-ਸੰਮਤੀ ਨਾਲ ਪਾਸ ਹੋ ਗਿਆ, ਜਿਸ ਕਰਕੇ ਸਰਦਾਰ ਸਾਹਿਬ, ਪ੍ਰਧਾਨਗੀ ਪਦ ਤੋਂ ਹਟ ਗਏ। ਇਨ੍ਹਾਂ ਦੀ ਥਾਂ ’ਤੇ ਸੰਤ ਚੰਨਣ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਡਾਇਰੀ ਸੰਮਤ ਨਾਨਕਸ਼ਾਹੀ 541 (2009) ਅਨੁਸਾਰ ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ 11 ਮਾਰਚ, 1962 ਤੋਂ 2 ਅਕਤੂਬਰ, 1962 ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਰਹੇ। 29 ਨਵੰਬਰ, 1963 ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਸਮੇਂ ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ ਨਾਮਜ਼ਦ ਮੈਂਬਰ ਹਾਜ਼ਰ ਸਨ। ਇਨ੍ਹਾਂ ਵੱਲੋਂ ਅੰਤ੍ਰਿੰਗ ਕਮੇਟੀ ਦੇ ਨਾਵਾਂ ਦੀ ਤਜਵੀਜ਼ ਪੇਸ਼ ਕੀਤੀ ਗਈ ਜੋ ਸਰਬ-ਸੰਮਤੀ ਨਾਲ ਪ੍ਰਵਾਨ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਨਵੀਂ ਚੋਣ ਉਪਰੰਤ 13 ਮਾਰਚ, 1965 ਨੂੰ ਪਹਿਲੀ ਜਨਰਲ ਇਕੱਤਰਤਾ ਹੋਈ, ਜਿਸ ਵਿਚ ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ ਸ਼੍ਰੋਮਣੀ ਕਮੇਟੀ ਮੈਂਬਰ ਨਾਮਜ਼ਦ ਹੋਏ। 12 ਨਵੰਬਰ, 1967 ਨੂੰ ‘ਚੱਕ ਸ਼ੇਰੇਵਾਲਾ’ ਸ੍ਰੀ ਨਨਕਾਣਾ ਸਾਹਿਬ ਐਜੂਕੇਸ਼ਨ ਟ੍ਰਸਟ ਲੁਧਿਆਣਾ ਦੇ ਪੰਜ ਸਾਲਾਂ ਵਾਸਤੇ ਟ੍ਰਸਟੀ ਚੁਣੇ ਗਏ।

ਸੰਤ ਚੰਨਣ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਰਜ-ਕਾਲ ਸਮੇਂ 17 ਅਕਤੂਬਰ, 1968, 29 ਨਵੰਬਰ, 1969; 26 ਨਵੰਬਰ, 1970, 10 ਅਕਤੂਬਰ, 1971 ਤੇ 23 ਅਕਤੂਬਰ, 1972 ਨੂੰ ਹੋਏ ਸਾਲਾਨਾ ਜਨਰਲ ਇਜਲਾਸਾਂ ਸਮੇਂ ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ ਸੀਨੀਅਰ ਮੀਤ ਪ੍ਰਧਾਨ ਚੁਣੇ ਜਾਂਦੇ ਰਹੇ। 23 ਅਕਤੂਬਰ, 1972 ਨੂੰ ਸੰਤ ਚੰਨਣ ਸਿੰਘ ਜੀ ਦੀ ਪ੍ਰਧਾਨਗੀ ’ਚ ਆਖਰੀ ਜਨਰਲ ਇਜਲਾਸ ਹੋਇਆ ਜਿਸ ਵਿਚ ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ ਪੰਜ ਸਾਲਾਂ ਵਾਸਤੇ ਸ੍ਰੀ ਨਨਕਾਣਾ ਸਾਹਿਬ ਐਜੂਕੇਸ਼ਨ ਟ੍ਰਸਟ ਦੇ ਮੈਂਬਰ ਚੁਣੇ ਗਏ।

ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ’ਚ ਪਹਿਲਾ ਜਨਰਲ ਇਜਲਾਸ 31 ਮਾਰਚ, 1973 ਨੂੰ ਹੋਇਆ, ਜਿਸ ਵਿਚ ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ ਬਤੌਰ ਨਾਮਜ਼ਦ ਮੈਂਬਰ ਹਾਜ਼ਰ ਸਨ। ਟੌਹੜਾ ਸਾਹਿਬ ਦੀ ਪ੍ਰਧਾਨਗੀ ਸਮੇਂ ਵੀ 28 ਨਵੰਬਰ, 1973 ਤੇ 31 ਅਕਤੂਬਰ 1975 ਨੂੰ ਹੋਏ ਸਾਲਾਨਾ ਜਨਰਲ ਇਜਲਾਸਾਂ ਸਮੇਂ ਸ. ਕ੍ਰਿਪਾਲ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। 31 ਅਕਤੂਬਰ, 1975 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਸਾਲਾਨਾ ਜਨਰਲ ਸਮਾਗਮ ਦਫ਼ਤਰ, ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਸ. ਕ੍ਰਿਪਾਲ ਸਿੰਘ ‘ਚੱਕ ਸ਼ੇਰੇਵਾਲਾ’ ਐਕਟਿੰਗ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ, ਜਿਸ ਵਿਚ ਕੁੱਲ 99 ਮੈਂਬਰ ਹਾਜ਼ਰ ਸਨ। ਸਭ ਤੋਂ ਪਹਿਲਾਂ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਤੇ ਸੰਤ ਭਗਵਾਨ ਸਿੰਘ ਜੀ ਰੇਰੂ ਸਾਹਿਬ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦੇ ਮਤੇ ਕੀਤੇ ਗਏ। ਇਸ ਦਿਨ ਹੀ ਭਾਈ ਦਿਆਲ ਸਿੰਘ ਅਮਰੀਕਨ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦਾ ਮਤਾ ਕੀਤਾ ਗਿਆ। ਭਾਈ ਦਿਆਲ ਸਿੰਘ ਜੀ ਮੁੱਖ ਗ੍ਰੰਥੀ, ਸਿੱਖ ਧਰਮ ਬ੍ਰਦਰਜ਼ਹੁਡ (ਯੂ.ਐੱਸ.ਏ.) ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਵਾਸਤੇ ਅਮਰੀਕਾ ਤੋਂ ਆਏ ਸਨ ਅਤੇ ਇਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋਣ ਕਾਰਨ ਅਕਾਲ ਚਲਾਣਾ ਕਰ ਗਏ ਸਨ।

ਜਨਰਲ ਇਜਲਾਸ ਸਮੇਂ ਜਥੇਦਾਰ ਮੋਹਨ ਸਿੰਘ ਜੀ ‘ਤੁੜ’ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਤੇ ਮੈਂਬਰ ਸ਼੍ਰੋਮਣੀ ਕਮੇਟੀ ਦੀ ਰਾਇ ਨਾਲ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕਈ ਕਾਰਨਾਂ ਕਰਕੇ ਮੁਲਤਵੀ ਹੋ ਗਈ ਤੇ ਪਿਛਲੇ ਅਹੁਦੇਦਾਰਾਂ ਨੂੰ ਹੀ ਆਪੋ ਆਪਣੀ ਪਦਵੀਆਂ ’ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ। ਇਸ ਤਰ੍ਹਾਂ ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ ਫਿਰ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਇਨ੍ਹਾਂ ਦੀ ਪ੍ਰਧਾਨਗੀ ’ਚ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਿੰਨ ਸੌ ਸਾਲਾ ਸ਼ਹੀਦੀ ਦਿਹਾੜੇ ’ਤੇ ਕੈਦੀਆਂ ਨੂੰ ਕੈਦ ਤੋਂ ਛੋਟ ਦੇਣ ’ਤੇ ਗੁਰਦੁਆਰਾ ਗੁਰੂ ਕੇ ਮਹਿਲ ਨੂੰ ਅਪੜਾਊ ਸੜਕ ਦੇਣ ਦਾ ਮਤਾ ਕੀਤਾ ਗਿਆ। ਸ਼ਾਹੀ ਜਗੀਰਦਾਰ ਪਰਵਾਰ ’ਚ ਪਰਵਰਿਸ਼ ਹੋਣ ਦੇ ਬਾਵਜੂਦ ਵੀ ਸ. ਕ੍ਰਿਪਾਲ ਸਿੰਘ ਜੀ ਹਊਮੈਂ-ਹੰਕਾਰ ਤੋਂ ਦੂਰ ਆਮ ਲੋਕਾਂ ’ਚ ਵਿਚਰਨ ਵਾਲੇ ਵਧੀਆ ਨਿੱਘੇ ਸੁਭਾਅ ਮਾਲਕ ਸਨ। ‘ਚੱਕ ਸ਼ੇਰੇਵਾਲਾ’ ਸਮਾਜ ਸੁਧਾਰਾਂ ਦੇ ਸਿਰਦਾਰ ਸਨ, ਇਨ੍ਹਾਂ ਦੇ ਉੱਦਮ, ਉਤਸ਼ਾਹ ਸਦਕਾ, ‘ਚੱਕ ਸ਼ੇਰੇਵਾਲਾ’ ’ਚ 20 ਬਿਸਤਰਿਆਂ ਵਾਲਾ ਹਸਪਤਾਲ, ਟੈਲੀਫੋਨ ਐਕਸਚੇਂਜ, ਪਾਣੀ ਸਪਲਾਈ ਅਤੇ ਬੈਂਕ ਦੀ ਸਹੂਲਤ ਲੋਕਾਂ ਨੂੰ ਨਸੀਬ ਹੋਈ। ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਲਈ ਇਨ੍ਹਾਂ ਪਿੰਡ ਦੇ ਸਕੂਲ ਨੂੰ ਅਠਵੀਂ ਤੋਂ ਦਸਵੀਂ ਤੀਕ ਕਰਵਾਇਆ। ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਹੁਦੇ ਤੋਂ ਹਟ ਜਾਣ ਤੋਂ ਬਾਅਦ ਵੀ ਸਰਦਾਰ ‘ਚੱਕ ਸ਼ੇਰੇਵਾਲਾ’ ਬਹੁਤ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਣੇ ਰਹੇ। ਪਹਿਲੀ ਅਕਾਲੀ ਸਰਕਾਰ ਬਣਾਉਣ ਵਿਚ ਆਪ ਨੇ ਵਿਸ਼ੇਸ਼ ਯੋਗਦਾਨ ਪਾਇਆ। ਐਮਰਜੈਂਸੀ ਦੇ ਸਮੇਂ ਆਪ ਕਾਰਜ਼ਕਾਰੀ ਪ੍ਰਧਾਨ ਦੇ ਤੌਰ ’ਤੇ ਕਾਰਜਸ਼ੀਲ ਰਹੇ।

7 ਅਗਸਤ, 1988 ਨੂੰ ਸ. ਕ੍ਰਿਪਾਲ ਸਿੰਘ ਜੀ ਚੱਕ ਸ਼ੇਰੇਵਾਲਾ ਇਸ ਨਾਸ਼ਮਾਨ ਸੰਸਾਰ ਨੂੰ ਆਖ਼ਰੀ ਫ਼ਤਹ ਬੁਲਾ ਗਏ। 30 ਨਵੰਬਰ,1988 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਜਨਰਲ ਇਜਲਾਸ ਦੇ ਮਤਾ ਨੰ:8 ਸ. ਕ੍ਰਿਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ ਦੇ ਅਕਾਲ ਚਲਾਣੇ ’ਤੇ ਅਫਸੋਸ ਦਾ ਇਜਹਾਰ ਕੀਤਾ ਗਿਆ। ਆਪ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ, ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)