ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਦਵੀ ਅਤੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਹੁਦੇ ’ਤੇ ਬਿਰਾਜਮਾਨ ਰਹੇ ਜਥੇਦਾਰ ਊਧਮ ਸਿੰਘ ਜੀ ਵੀ ‘ਨਾਗੋਕੇ’ ਦੀ ਜ਼ਰਖੇਜ਼ ਧਰਤੀ ’ਤੇ ਵਧੇ-ਫੁਲੇ ਤੇ ਪ੍ਰਵਾਨ ਚੜ੍ਹੇ। ਸੂਰਬੀਰ ਧਰਮੀ ਜਰਨੈਲ, ਸਿੱਖੀ ਸਿਦਕ ਭਰੋਸੇ ’ਚ ਪ੍ਰਪੱਕ, ਕੁਰਬਾਨੀ ਦੇ ਜਜ਼ਬੇ ਨਾਲ ਭਰਪੂਰ, ਜਥੇਦਾਰ ਊਧਮ ਸਿੰਘ ਜੀ ਦਾ ਜਨਮ 28 ਅਪ੍ਰੈਲ, 1894 ਈ: ਨੂੰ ਸ. ਬੇਲਾ ਸਿੰਘ ਜੀ ਤੇ ਮਾਤਾ ਅਤਰ ਕੌਰ ਜੀ ਦੇ ਘਰ ਨਾਗੋਕੇ, ਅੰਮ੍ਰਿਤਸਰ ’ਚ ਹੋਇਆ। ਇਨ੍ਹਾਂ ਦਾ ਪਰਿਵਾਰਕ ਪਿਛੋਕੜ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਕਾਲੀ ਫ਼ੌਜ ਨਾਲ ਜੁੜਦਾ ਹੈ। ਇਨ੍ਹਾਂ ਦੇ ਮਾਤਾ-ਪਿਤਾ ਸਿੱਖੀ ਜੀਵਨ-ਜਾਚ ਦੇ ਧਾਰਨੀ, ਤਗੜੇ ਜ਼ਿਮੀਂਦਾਰ ਸਨ। ਧਾਰਮਿਕ ਵਿਦਿਆ ਤੇ ਸਿੱਖੀ ਜੀਵਨ ਦੀ ਗੁੜ੍ਹਤੀ ਇਨ੍ਹਾਂ ਨੂੰ ਪਰਵਾਰ ’ਚੋਂ ਪ੍ਰਾਪਤ ਹੋਈ। ਸਰੂ ਵਰਗਾ ਕੱਦ, ਚੌੜੀ ਛਾਤੀ ਲੈ ਜਨਮੇ, ਜਥੇਦਾਰ ਊਧਮ ਸਿੰਘ ਮਾਨੋਂ ਕੌਮ ਤੇ ਦੇਸ਼ ਸੇਵਾ ਵਾਸਤੇ ਧਰਮੀ ਸੂਰਬੀਰ ਪੈਦਾ ਹੋਇਆ ਹੋਵੇ। ਸਕੂਲੀ ਵਿਦਿਆ ਇਨ੍ਹਾਂ ਨੇ ਪ੍ਰਾਇਮਰੀ ਤੀਕ ਪ੍ਰਾਪਤ ਕੀਤੀ। ਪਹਿਲੇ ਵਿਸ਼ਵ ਯੁੱਧ ਸਮੇਂ ਦੇਸ਼ ਸੇਵਾ ਵਾਸਤੇ ਫੌਜ ’ਚ ਜਵਾਨ ਭਰਤੀ ਹੋ ਗਏ ਪਰ ਅੰਗਰੇਜ਼ ਹਕੂਮਤ ਦੀ ਗ਼ੁਲਾਮੀ ਨੂੰ ਪ੍ਰਵਾਨ ਕਰਨ ਵਾਸਤੇ ਇਨ੍ਹਾਂ ਦਾ ਮਨ ਬਹੁਤੀ ਦੇਰ ਸਹਿਮਤ ਨਾ ਹੋ ਸਕਿਆ। 1918 ਈ: ’ਚ ਸਵੈ-ਇੱਛਾ ਨਾਲ ਸਰਕਾਰ ਦੀ ਚਾਕਰੀ ਛੱਡ ਦਿੱਤੀ। ਭਰ-ਜੁਆਨੀ ’ਚ ਇਨ੍ਹਾਂ ਦਾ ਅਨੰਦ ਕਾਰਜ ਢਿਲਵਾਂ, ਜ਼ਿਲ੍ਹਾ ਕਪੂਰਥਲਾ ’ਚ ਹੋਇਆ। ਅਜੇ ਕੋਈ ਬੱਚਾ ਵੀ ਨਹੀਂ ਸੀ ਹੋਇਆ ਕਿ ਇਨ੍ਹਾਂ ਦੀ ਧਰਮ ਪਤਨੀ ਅਕਾਲ ਚਲਾਣਾ ਕਰ ਗਈ ਪਰ ਇਨ੍ਹਾਂ ਨੇ ਦੂਸਰਾ ਵਿਆਹ ਕਰਾਉਣਾ ਮੁਨਾਸਿਬ ਨਾ ਸਮਝਿਆ।
1919 ਈ: ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਿੱਖ ਜਾਗ੍ਰਤੀ ਲਹਿਰ – ਸਿੰਘ ਸਭਾ ’ਚ ਸ਼ਾਮਲ ਹੋ ਗਏ। ਪ੍ਰਭਾਵਸ਼ਾਲੀ ਸ਼ਖ਼ਸੀਅਤ ਤੇ ਸਿੱਖੀ ਜਜ਼ਬੇ ਸਦਕਾ ਜਥੇਦਾਰ ਊਧਮ ਸਿੰਘ ਨੂੰ ਸਫਲ ਬੁਲਾਰੇ ਹੋਣ ਦਾ ਮਾਣ ਪ੍ਰਾਪਤ ਹੋਇਆ। ਖਡੂਰ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਦੇ ਪ੍ਰਬੰਧਕ ਵਜੋਂ ਕਾਫ਼ੀ ਸਮਾਂ ਸੇਵਾ ਕੀਤੀ। ਇਸ ਸਮੇਂ ਮਹੰਤਾਂ, ਪੁਜਾਰੀਆਂ ਦੀ ਗੁੰਡਾਗਰਦੀ ਤੇ ਅੰਗਰੇਜ਼ ਸਰਕਾਰ ਦੀ ਤਾਨਾਸ਼ਾਹੀ ਨੀਤੀ ਤੋਂ ਗੁਰਧਾਮਾਂ ਨੂੰ ਅਜਾਦ ਕਰਾਉਣ ਲਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚਲ ਰਹੀ ਸੀ ਜਿਸ ਵਿਚ ਜਥੇਦਾਰ ਊਧਮ ਸਿੰਘ ਜੀ ਤਨ-ਮਨ-ਧਨ ਤੋਂ ਸ਼ਾਮਲ ਹੋ ਗਏ। ਜਲ੍ਹਿਆਂ ਵਾਲੇ ਬਾਗ ਤੇ ਨਨਕਾਣਾ ਸਾਹਿਬ ਦੇ ਖੌਫ਼ਨਾਕ ਖੂਨੀ ਸਾਕੇ ਨੇ ਇਨ੍ਹਾਂ ਨੂੰ ਤਨ-ਮਨ ਤੋਂ ਬੇਚੈਨ ਕਰ ਦਿੱਤਾ। ਚਾਬੀਆਂ ਦੇ ਮੋਰਚੇ ’ਚ ਗ੍ਰਿਫਤਾਰ ਹੋ 6 ਮਹੀਨੇ ਕਾਲ-ਕੋਠੜੀ ’ਚ ਕੱਟੇ ਅਤੇ ਆਖਰੀ ਕੈਦੀ ਵਜੋਂ ਰਿਹਾਅ ਹੋਏ। ਗੁਰੂ ਕੇ ਬਾਗ ਦੇ ਮੋਰਚੇ ਸਮੇਂ ਜਥੇਦਾਰ ਸਾਹਿਬ ਅੰਗਰੇਜ਼ ਹਕੂਮਤ ਤੇ ਮਹੰਤਾਂ-ਪੁਜਾਰੀਆਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਜਿਸ ’ਚ 2 ਸਾਲ ਦੀ ਜੇਲ੍ਹ ਤੇ 200 ਰੁਪਏ ਨਗਦ ਜ਼ੁਰਮਾਨਾ ਹੋਇਆ।
ਜਥੇਦਾਰ ਊਧਮ ਸਿੰਘ ਜੀ ਦੇ ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਧਰਮੀ ਜੀਵਨ ਨੂੰ ਸਨਮੁਖ ਰੱਖਦਿਆਂ ਅਤਿ ਨਾਜ਼ੁਕ ਸਮੇਂ, 1923 ਈ: ’ਚ ਇਨ੍ਹਾਂ ਨੂੰ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਦਵੀ ’ਤੇ ਨਿਯੁਕਤ ਕੀਤਾ ਗਿਆ। ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਜਥੇਦਾਰ ਊਧਮ ਸਿੰਘ ਜੀ ਨੇ ਗੰਗਸਰ ਜੈਤੋ ਜਾਣ ਵਾਸਤੇ ਪਹਿਲੇ ਜਥੇ ਦੀ ਅਗਵਾਈ ਕਰਨੀ ਸੀ ਪਰ ਅੰਗਰੇਜ਼ ਹਕੂਮਤ ਨੇ ਇਕ ਦਿਨ ਪਹਿਲਾਂ ਹੀ ਇਨ੍ਹਾਂ ਨੂੰ 8 ਫਰਵਰੀ, 1924 ਨੂੰ ਬੰਦੀ ਬਣਾ, ਜੇਲ੍ਹ ’ਚ ਬੰਦ ਕਰ ਦਿੱਤਾ। ਇਸ ਮੋਰਚੇ ਸਮੇਂ ਇਹ ਦੋ ਸਾਲ ਮੁਲਤਾਨ ਜੇਲ੍ਹ ’ਚ ਬੰਦੀ ਰਹੇ। 1926 ਈ: ’ਚ ਜੇਲ੍ਹ ਤੋਂ ਰਿਹਾਈ ਉਪਰੰਤ ਦੋਬਾਰਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਗੁਰਦੁਆਰਾ ਕਾਨੂੰਨ ਅਨੁਸਾਰ ਹੋਈ ਪਹਿਲੀ ਚੋਣ ਸਮੇਂ ਇਹ ਮੈਂਬਰ, ਸ਼੍ਰੋਮਣੀ ਕਮੇਟੀ ਚੁਣੇ ਗਏ ਅਤੇ 1954 ਤੀਕ ਚੁਣੇ ਹੋਏ ਜਾਂ ਨਾਮਜ਼ਦ ਮੈਂਬਰ ਵਜੋਂ ਸੇਵਾ ਨਿਭਾਉਂਦੇ ਰਹੇ। 4 ਸਤੰਬਰ, 1926 ਨੂੰ ਹੋਏ ਪਹਿਲੇ ਜਨਰਲ ਇਜਲਾਸ ਸਮੇਂ ਜਥੇਦਾਰ ਊਧਮ ਸਿੰਘ ਜੀ ਨਾਗੋਕੇ ਬਤੌਰ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਸ਼ਾਮਲ ਸਨ।1929 ਈ: ’ਚ ਹੋਏ ਕਿਸਾਨ ਅੰਦੋਲਨ ਸਮੇਂ ਵੀ ਜਥੇਦਾਰ ਊਧਮ ਸਿੰਘ ਜੀ ਨੇ ਅੱਗੇ ਵਧ ਕੇ ਹਿੱਸਾ ਲਿਆ ਤੇ ਇਕ ਸਾਲ ਦੀ ਜੇਲ੍ਹ ਯਾਤਰਾ ਕੀਤੀ। ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਚਲਾਈ ਗਈ ਸਿਵਲ ਨਾ-ਫੁਰਮਾਨੀ ਲਹਿਰ ਸਮੇਂ ਇਨ੍ਹਾਂ ਨੂੰ ਫਿਰ ਗ੍ਰਿਫਤਾਰ ਕਰ ਇਕ ਸਾਲ ਲਈ ਜੇਲ੍ਹ ਬੰਦ ਕਰ ਦਿੱਤਾ। ਇਹ 1930 ਈ: ਤੋਂ 1933 ਈ: ਤਕ ਸ੍ਰੀ ਦਰਬਾਰ ਸਾਹਿਬ ਕਮੇਟੀ ਦੇ ਮੈਂਬਰ ਵੀ ਰਹੇ। ਇਸ ਸਮੇਂ ਇਨ੍ਹਾਂ ਦੇ ਉਦਮ ਸਦਕਾ ਗੁਰੂ ਰਾਮਦਾਸ ਸਰਾਂ ਦੀ ਵਿਸ਼ਾਲ ਇਮਾਰਤ ਬਣਨੀ ਅਰੰਭ ਹੋਈ। ਪਹਿਲੀ ਨਵੰਬਰ, 1929 ਨੂੰ ਪਹਿਲੀ ਵਾਰ ਜਥੇਦਾਰ ਊਧਮ ਸਿੰਘ ਜੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਚੁਣੇ ਗਏ। 26 ਅਪ੍ਰੈਲ, 1930 ਨੂੰ ਦੂਸਰੀ ਜਨਰਲ ਚੋਣ ਸਮੇਂ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 30 ਦਸੰਬਰ, 1933 ਨੂੰ ਹੋਏ ਉਚੇਚੇ ਜਨਰਲ ਇਜਲਾਸ ਤੇ ਰਹੁਰੀਤ ਕਮੇਟੀ ਦੀ ਇਕੱਤਰਤਾ ਸਮੇਂ ਜਥੇਦਾਰ ਊਧਮ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੀ ਅੰਤ੍ਰਿੰਗ ਕਮੇਟੀ ਮੈਂਬਰ ਵਜੋਂ ਹਾਜ਼ਰ ਹੋਏ। 18 ਜੂਨ, 1936 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਚੋਣ ਸਮੇਂ ਜਥੇਦਾਰ ਊਧਮ ਸਿੰਘ ਜੀ ਨੇ ਪ੍ਰਧਾਨ ਦੀ ਪਦਵੀ ਲਈ ਮਾਸਟਰ ਤਾਰਾ ਸਿੰਘ ਜੀ ਦਾ ਨਾਂ ਤਜਵੀਜ਼ ਕੀਤਾ, ਜੋ ਸਰਬ-ਸੰਮਤੀ ਨਾਲ ਪ੍ਰਵਾਨ ਕੀਤਾ ਗਿਆ।1935 ਈ: ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੜਗ ਭੁਜਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੇਵਾ ਸੰਭਾਲੀ। 1936 ਈ: ਤੋਂ 1939 ਈ: ਤੀਕ ਅਜਾਦੀ ਦੀ ਲਹਿਰ ’ਚ ਸ਼ਾਮਲ ਹੋਣ ਕਾਰਨ ਇਨ੍ਹਾਂ ਨੂੰ ਤਿੰਨ ਸਾਲ ਫੇਰ ਜੇਲ੍ਹ ’ਚ ਗੁਜ਼ਾਰਨੇ ਪਏ। ਪੰਜਾਬੀ ਸੂਬੇ ਮੋਰਚੇ ਸਮੇਂ ਵੀ ਜੇਲ੍ਹ ਯਾਤਰਾ ਕੀਤੀ । 1933 ਈ: ਤੋਂ 1936 ਤੀਕ ਜ਼ਿਲ੍ਹਾ ਬੋਰਡ ਦੇ ਮੈਂਬਰ ਰਹੇ।ਇਸ ਸਮੇਂ ਇਨ੍ਹਾਂ ਵਿਦਿਆ ਦੇ ਪ੍ਰਸਾਰ ਤੇ ਸੜਕਾਂ ਦੇ ਨਿਰਮਾਣ ਕਾਰਜ ਵਿਚ ਵਿਸ਼ੇਸ਼ ਯੋਗਦਾਨ ਪਾਇਆ। 3 ਅਪ੍ਰੈਲ, 1940 ਨੂੰ ਜਥੇਦਾਰ ਊਧਮ ਸਿੰਘ ਦੀ ਤਜਵੀਜ਼ ’ਤੇ ਫੌਜੀ ਸਿੱਖਾਂ ਲਈ ਲੋਹ ਟੋਪ ਪਹਿਨਣ ਦੇ ਵਿਰੋਧ ਵਿਚ ਮਤਾ ਪਾਸ ਕੀਤਾ ਗਿਆ ਕਿ ਇਹ ਸਿੱਖ ਰਹਿਤ ਮਰਯਾਦਾ ਤੇ ਸਿੱਖ ਜਜ਼ਬਾਤਾਂ ਦੀ ਉਲੰਘਣਾ ਹੈ।30 ਨਵੰਬਰ, 1940 ਅਤੇ 26 ਅਕਤੂਬਰ 1941 ਨੂੰ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਚੁਣੇ ਗਏ। 26 ਅਕਤੂਬਰ, 1945 ਨੂੰ ਜਥੇਦਾਰ ਊਧਮ ਸਿੰਘ ਨਾਗੋਕੇ ਨੇ ਅਜਾਦ ਹਿੰਦ ਫ਼ੌਜ ਦੇ ਫੌਜੀਆਂ ਦੀ ਰਿਹਾਈ ਤੇ ਆਰਥਿਕ ਸਹਾਇਤਾ ਦਾ ਮਤਾ ਪੇਸ਼ ਕੀਤਾ ਤੇ ਪਾਸ ਕਰਵਾਇਆ। 1946 ਈ: ਨੂੰ ਅੰਮ੍ਰਿਤਸਰ ਦਿਹਾਤੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। 1947 ਈ: ’ਚ ਭੂਤਰੀ ਭੀੜ ਤੇ ਦੰਗਾਕਾਰੀਆਂ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨਾ ਚਾਹਿਆ, ਜਿਸ ਦਾ ਮੁਕਾਬਲਾ ਜਥੇਦਾਰ ਊਧਮ ਸਿੰਘ ਜੀ ਤੇ ਇਨ੍ਹਾਂ ਦੇ ਸਾਥੀਆਂ ਨੇ ਕਰਕੇ ਕੁਰਬਾਨੀ-ਦਲੇਰੀ ਦੀ ਮਿਸਾਲ ਕਾਇਮ ਕੀਤੀ।
28 ਮਈ, 1948 ਨੂੰ ਹੋਏ ਜਨਰਲ ਇਜਲਾਸ ਸਮੇਂ ਜਥੇਦਾਰ ਊਧਮ ਸਿੰਘ ਜੀ ਨਾਗੋਕੇ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨਗੀ ਪਦ ’ਤੇ ਸੁਸ਼ੋਭਿਤ ਹੋਏ। ਇਸ ਜਨਰਲ ਇਜਲਾਸ ਸਮੇਂ ਹੀ ਜਥੇਦਾਰ ਊਧਮ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਸਲਿਮ ਰਿਆਸਤ ਹੈਦਰਾਬਾਦ ਦੀ ਗੜਬੜ ਨੂੰ ਦੇਖ ਕੇ ਗੁਰਦੁਆਰਾ (ਤਖਤ) ਅਬਚਲ ਨਗਰ, ਹਜ਼ੂਰ ਸਾਹਿਬ ਨਾਂਦੇੜ ਦੀ ਸੁਰੱਖਿਆ ਤੇ ਉਥੇ ਵੱਸਦੇ ਸਿੱਖਾਂ ਦੀ ਹਿਫਾਜ਼ਤ ਲਈ ਉਥੇ ਜਾ ਕੇ ਪੂਰਾ-ਪੂਰਾ ਪ੍ਰਬੰਧ ਕਰਨ ਦੇ ਅਧਿਕਾਰ ਦਿੱਤੇ ਗਏ। ਇਨ੍ਹਾਂ ਨੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਵਾਸਤੇ, ਸੁਤੰਤਰ ਮਹਿਕਮਾ ਤੇ ਸਲਾਹਕਾਰ ਕਮੇਟੀ ਬਣਾਈ। 6 ਮਾਰਚ, 1949 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿਛਲੇ ਕੰਮਾਂ ਦੀ ਰੀਪੋਰਟ ਹਾਊਸ ਵਿਚ ਜਥੇਦਾਰ ਊਧਮ ਸਿੰਘ ਜੀ ਨੇ ਪੇਸ਼ ਕੀਤੀ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਤੇ ਬੇਹਤਰੀ ਲਈ 6 ਸਾਲਾਂ ਦੇ ਪ੍ਰੋਗਰਾਮ ਉਲੀਕੇ ਗਏ। ਗੁਰਦੁਆਰਾ ਗਜ਼ਟ ’ਚ ਸਾਹਿਤਕ ਵਾਧਾ ਕਰਨ, ਸ਼ਰਨਾਰਥੀਆਂ ਦੀ ਸਹਾਇਤਾ, ਦਸਤਕਾਰੀ ਤੇ ਪੰਜਾਬੀ ਬੋਲੀ ਦੇ ਵਿਕਾਸ ਅਤੇ ਰਾਜਸੀ ਮਤਭੇਦਾਂ ਨੂੰ ਗੁਰਦੁਆਰਾ ਪ੍ਰਬੰਧ ਤੋਂ ਬਾਹਰ ਰੱਖਣ ਦੇ ਮਹੱਤਵਪੂਰਨ ਫ਼ੈਸਲੇ ਕੀਤੇ ਗਏ। ਜਥੇਦਾਰ ਊਧਮ ਸਿੰਘ ਜੀ ਨਾਗਕੋ ਦੀ ਪ੍ਰਧਾਨਗੀ ਹੇਠ 10 ਜੂਨ, 1948 ਨੂੰ ਪਹਿਲਾ ਮਤਾ ਕੀਤਾ ਗਿਆ ਕਿ ਅੱਗੇ ਲਈ ਗੁਰਦੁਆਰਾ ਸਾਹਿਬਾਨ ਨੂੰ ਗੁਰਸਿੱਖੀ ਦੇ ਸੋਮੇਂ ਬਣਾਇਆ ਜਾਵੇ ਤੇ ਗੁਰੂ-ਘਰਾਂ ਵਿਚ ਧੜੇਬੰਦੀ ਦਾ ਕੋਈ ਪ੍ਰਚਾਰ ਆਦਿ ਨਾ ਕੀਤਾ ਜਾਇਆ ਕਰੇ। 13 ਅਪ੍ਰੈਲ, 1949 ਨੂੰ ਜਥੇਦਾਰ ਊਧਮ ਸਿੰਘ ਜੀ ਨਾਗੋਕੇ ਦੀ ਪ੍ਰਧਾਨਗੀ ਹੇਠ ਹੋਏ ਜਨਰਲ ਇਜਲਾਸ ਸਮੇਂ ਫ਼ੈਸਲਾ ਹੋਇਆ ਕਿ ਨਾਜ਼ੁਕ ਹਾਲਤਾਂ ਨੂੰ ਸਨਮੁਖ ਰੱਖਦਿਆਂ, ਅਹੁਦੇਦਾਰ ਤੇ ਅੰਤ੍ਰਿੰਗ ਕਮੇਟੀ ਮੈਂਬਰ ਪਹਿਲੇ ਹੀ ਰਹਿਣ। ਇਨ੍ਹਾਂ ਦੀ ਪ੍ਰਧਾਨਗੀ ਸਮੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਹਿੰਦੀ ਭਾਸ਼ਾ ਵਿਚ ਪ੍ਰਕਾਸ਼ਤ ਕਰਨ ਦਾ ਫ਼ੈਸਲਾ ਹੋਇਆ।
4 ਅਪ੍ਰੈਲ, 1951 ਨੂੰ ਜਨਰਲ ਇਜਲਾਸ ਜਥੇਦਾਰ ਊਧਮ ਸਿੰਘ ਜੀ ਨਾਗੋਕੇ ਦੀ ਪ੍ਰਧਾਨਗੀ ’ਚ ਹੋਇਆ, ਜਿਸ ਵਿਚ 151 ਮੈਂਬਰ ਹਾਜ਼ਰ ਸਨ। ਪ੍ਰਧਾਨਗੀ ਚੋਣ ਸਮੇਂ ਜਥੇਦਾਰ ਊਧਮ ਸਿੰਘ ਜੀ ਦੇ ਮੁਕਾਬਲੇ, ਮਾਸਟਰ ਤਾਰਾ ਸਿੰਘ ਜੀ ਪ੍ਰਧਾਨ ਚੁਣੇ ਗਏ। ਇਸ ਤਰ੍ਹਾਂ ਜਥੇਦਾਰ ਊਧਮ ਸਿੰਘ ਜੀ ਨਾਗੋਕੇ 28 ਮਈ, 1948 ਤੋਂ 4 ਅਪ੍ਰੈਲ, 1951 ਤੀਕ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨਗੀ ਪਦ ’ਤੇ ਸ਼ੋਭਨੀਕ ਰਹੇ। 1946 ਈ: ਤੋਂ 1952 ਈ: ਤੀਕ ਜਥੇਦਾਰ ਊਧਮ ਸਿੰਘ ਜੀ ਨਾਗੋਕੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ। 1953 ਈ: ਵਿਚ ਰਾਜ ਸਭਾ ਦੇ ਮੈਂਬਰ ਚੁਣੇ ਗਏ ਤੇ 1960 ਈ: ਤੀਕ ਮੈਂਬਰ ਪਾਰਲੀਮੈਂਟ ਕਾਰਜਸ਼ੀਲ ਰਹੇ।
ਇਨ੍ਹਾਂ ਦੇ ਪ੍ਰਧਾਨਗੀ ਕਾਰਜ ਸਮੇਂ ਹੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਹੋਂਦ ਵਿਚ ਆਇਆ ਤੇ ਗੁਰਦੁਆਰਾ ਪ੍ਰਿੰਟਿੰਗ ਪ੍ਰੈਸ ਦਾ ਵਿਸਥਾਰ ਕੀਤਾ ਗਿਆ। ਮਿੱਠ-ਬੋਲੜੇ ਤੇ ਮਿਲਵਰਤਣ ਵਾਲੇ ਸੁਭਾਅ ਕਰਕੇ ਇਨ੍ਹਾਂ ਦੇ ਸਿੱਖ ਸੰਪਰਦਾਵਾਂ, ਟਕਸਾਲਾਂ, ਧਾਰਮਿਕ ਸਭਾ-ਸੁਸਾਇਟੀਆਂ ਤੇ ਸਿੱਖ ਜਥੇਬੰਦੀਆਂ ਨਾਲ ਬਹੁਤ ਚੰਗੇ ਤੇ ਨਿਵੇਕਲੇ ਸੰਬੰਧ ਰਹੇ। ਖਾਸ ਕਰਕੇ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਇਨ੍ਹਾਂ ਦਾ ਬਹੁਤ ਪਿਆਰ-ਮੁਹੱਬਤ ਤੇ ਮੇਲ-ਮਿਲਾਪ ਸੀ। ਜਥੇਦਾਰ ਸਾਹਿਬ 1960 ਈ: ਵਿਚ ਰਾਜ ਗੋਪਾਲ ਅਚਾਰੀਆ ਦੀ ਸੁਤੰਤਰ ਪਾਰਟੀ ’ਚ ਸ਼ਾਮਲ ਹੋ ਗਏ ਤੇ ਇਕ ਸਾਲ ਇਸ ਦੀ ਪੰਜਾਬ ਇਕਾਈ ਦੇ ਮੁਖੀ ਵੀ ਰਹੇ। ਪ੍ਰਭਾਵਸ਼ਾਲੀ ਸ਼ਖ਼ਸੀਅਤ, ਨਿਰਭੈ ਪੰਥਕ ਯੋਧੇ, ਅਜਾਦੀ ਘੁਲਾਟੀਏ ਅਕਾਲੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੈਂਬਰ ਪਾਰਲੀਮੈਂਟ ਰਹੇ ਜਥੇਦਾਰ ਊਧਮ ਸਿੰਘ ਜੀ ਨਾਗੋਕੇ 11 ਜਨਵਰੀ, 1966 ਨੂੰ ਕੁਝ ਸਮਾਂ ਬੀਮਾਰ ਰਹਿਣ ਉਪਰੰਤ ਪੀ.ਜੀ.ਆਈ. ਚੰਡੀਗੜ੍ਹ ’ਚ ਅਕਾਲ ਚਲਾਣਾ ਕਰ ਗਏ। 20 ਮਾਰਚ, 1966 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜ਼ਟ ਇਜਲਾਸ ਸਮੇਂ ਜਥੇਦਾਰ ਊਧਮ ਸਿੰਘ ਜੀ ਨਾਗੋਕੇ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦਾ ਮਤਾ ਜਥੇਦਾਰ ਮੋਹਨ ਸਿੰਘ ਜੀ ਤੁੜ ਨੇ ਪੇਸ਼ ਕੀਤਾ। ਇਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਹੈ। ਇਨ੍ਹਾਂ ਦੀ ਯਾਦ ਪਿੰਡ ਨਾਗੋਕੇ ’ਚ ਬਣੀ ਹੋਈ ਹੈ, ਜਿਥੇ ਸਲਾਨਾ ਯਾਦ ਮਨਾਈ ਜਾਂਦੀ ਹੈ।
ਲੇਖਕ ਬਾਰੇ
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/April 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/August 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/January 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/February 1, 2010