ਸ਼ਿਮਲਾ ਇਕ ਅਜਿਹਾ ਰਮਣੀਕ ਸਥਾਨ ਹੈ ਜਿਸ ਦੀ ਖ਼ੂਬਸੂਰਤੀ ਅਤੇ ਠੰਡਕ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਗਰਮੀਆਂ ਦੀਆਂ ਛੁੱਟੀਆਂ ਵਿਚ ਦੇਸ਼-ਵਿਦੇਸ਼ ਦੇ ਸੈਲਾਨੀ ਇਸ ਖ਼ੂਬਸੂਰਤੀ ਦਾ ਅਨੰਦ ਮਾਣਨ ਵਾਸਤੇ ਸ਼ਿਮਲੇ ਦਾ ਰੁਖ ਕਰ ਲੈਂਦੇ ਹਨ। ਇਸ ਰਮਣੀਕ ਸਥਾਨ ‘ਤੇ ਜਾਣ ਦਾ ਮੌਕਾ ਪਹਿਲਾਂ ਵੀ ਕਈ ਵਾਰ ਮਿਲ ਚੁੱਕਿਆ ਸੀ ਪਰ ਇਕ ਪ੍ਰੋਜੈਕਟ ‘ਤੇ ਕੰਮ ਕਰਦੇ ਸਮੇਂ ਇਸ ਨਗਰ ਦਾ ਜ਼ਿਕਰ ਵਾਰ-ਵਾਰ ਸਾਹਮਣੇ ਆਇਆ ਤਾਂ ਇਥੇ ਜਾਣ ਦੀ ਖਿੱਚ ਇਕ ਵਾਰ ਹੋਰ ਵਧ ਗਈ। ਵੀਹਵੀਂ ਸਦੀ ਦੇ ਅਰੰਭ ਵਿਚ ਇਥੇ ਇਕ ਰਾਮਗੜ੍ਹੀਆ ਸਭਾ ਬਣੀ ਸੀ ਜਿਸ ਨੇ ਪੰਜਾਬ ਦੇ ਇਤਿਹਾਸ ਅਤੇ ਵਿਸ਼ੇਸ਼ ਤੌਰ ‘ਤੇ ਸਿੱਖ ਇਤਿਹਾਸ ਦੀਆਂ ਪਰਤਾਂ ਨੂੰ ਖੋਲ੍ਹਣ ਅਤੇ ਉਜਾਗਰ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਸੀ।
ਸ਼ਿਮਲਾ ਵਿਖੇ ਇਸ ਸਥਾਨ ਬਾਰੇ ਸ. ਤੇਜਿੰਦਰ ਸਿੰਘ ਨੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਸ. ਸ਼ੰਕਰ ਸਿੰਘ ਗੁਰਦੁਆਰੇ ਦੇ ਮੀਤ ਪ੍ਰਧਾਨ ਵਜੋਂ ਕਾਰਜ ਕਰ ਰਹੇ ਹਨ, ਉਨ੍ਹਾਂ ਨੇ ਗੁਰਦੁਆਰੇ ਨਾਲ ਸੰਬੰਧਤ ਮਹੱਤਵਪੂਰਨ ਕਾਗਜ਼ ਹੀ ਨਹੀਂ ਦਿਖਾਏ ਬਲਕਿ ਕਿਸੇ ਸਮੇਂ ਉਥੋਂ ਪ੍ਰਕਾਸ਼ਿਤ ਹੁੰਦੇ ਰਹੇ ਹਫਤਾਵਾਰੀ ਅਖ਼ਬਾਰ ‘ਰਾਮਗੜ੍ਹੀਆ ਗਜ਼ਟ’ ਦੀਆਂ ਸੰਭਾਲ ਕੇ ਰੱਖੀਆਂ ਪੁਰਾਤਨ ਅਖ਼ਬਾਰਾਂ ਦੇ ਦਰਸ਼ਨ ਵੀ ਕਰਵਾਏ। ਸ. ਤੇਜਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਸਮੇਂ ਇਸ ਇਲਾਕੇ ਵਿਚ ਰਾਮਗੜ੍ਹੀਆ ਭਾਈਚਾਰੇ ਦੀ ਚੋਖੀ ਵਸੋਂ ਹੁੰਦੀ ਸੀ। ਉਨ੍ਹਾਂ ਨੇ ਆਪਣੇ ਭਾਈਚਾਰੇ ਨਾਲ ਸੰਬੰਧਤ ਔਕੜਾਂ ਨੂੰ ਮੁੱਖ ਰੱਖ ਕੇ ਇਕ ਸੰਸਥਾ ਕਾਇਮ ਕੀਤੀ ਸੀ। ਇਹ ਸੰਸਥਾ 1882 ਈਸਵੀ ਵਿਚ ਹੋਂਦ ਵਿਚ ਆਈ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿਚ ਸਿੱਖ ਆਪਣੇ ਗੁਰਧਾਮਾਂ ਦੀ ਮਹੰਤਾਂ ਪਾਸੋਂ ਹੁੰਦੀ ਬੇਹੁਰਮਤੀ ਨੂੰ ਦੇਖ ਕੇ ਬਹੁਤ ਹੀ ਚਿੰਤਤ ਸਨ। ਉਨ੍ਹਾਂ ਦੇ ਮਨਾਂ ਵਿਚ ਆਪਣੇ ਗੁਰਧਾਮਾਂ ਨੂੰ ਮਹੰਤਾਂ ਪਾਸੋਂ ਅਜ਼ਾਦ ਕਰਵਾ ਕੇ ਗੁਰੂ-ਘਰ ਦੀ ਸ਼ਾਨ ਅਤੇ ਸ਼ਰਧਾ ਬਹਾਲ ਕਰਨ ਦੀ ਇੱਛਾ ਸੀ। ਦੂਜੇ ਪਾਸੇ ਦੂਰ-ਦੁਰਾਡੇ ਇਲਾਕਿਆਂ ਵਿਚ ਬੈਠੇ ਸਿੱਖਾਂ ਦੇ ਮਨਾਂ ਵਿਚ ਗੁਰੂ-ਘਰ ਨਾਲ ਜੁੜਨ ਦਾ ਚਾਅ ਪਹਿਲਾਂ ਨਾਲੋਂ ਵਧੇਰੇ ਠਾਠਾਂ ਮਾਰ ਰਿਹਾ ਸੀ। ਉਨ੍ਹਾਂ ਨੇ ਆਪਣੀਆਂ ਰੋਜ਼ਾਨਾਂ ਦੀਆਂ ਧਾਰਮਿਕ ਲੋੜਾਂ ਦੀ ਪੂਰਤੀ ਲਈ ਗੁਰਦੁਆਰਿਆਂ ਦੀ ਉਸਾਰੀ ਅਰੰਭ ਕਰ ਦਿੱਤੀ ਸੀ। ਇਨ੍ਹਾਂ ਧਾਰਮਿਕ ਸਥਾਨਾਂ ਨੂੰ ਉਨ੍ਹਾਂ ਨੇ ਨਾ ਕੇਵਲ ਧਾਰਮਿਕ ਕਾਰਜਾਂ ਤਕ ਹੀ ਸੀਮਿਤ ਰੱਖਿਆ ਬਲਕਿ ਇਨ੍ਹਾਂ ਨੂੰ ਸਮਾਜਿਕ ਅਤੇ ਰਾਜਨੀਤਿਕ ਚੇਤਨਾ ਪੈਦਾ ਕਰਨ ਲਈ ਵਰਤਿਆ। ਉਨ੍ਹਾਂ ਨੇ ਦੂਰ-ਦੁਰਾਡੇ ਦੇਸ਼ਾਂ ਵਿਚ ਰਹਿੰਦੇ ਭਾਈਚਾਰੇ ਨੂੰ ਸਾਂਝੇ ਕਾਰਜਾਂ ਲਈ ਇਕ ਪਲੇਟਫਾਰਮ ‘ਤੇ ਇਕੱਠੇ ਕਰਨ ਦਾ ਕਾਰਜ ਕੀਤਾ।
ਸੰਨ 1882 ਈਸਵੀ ਵਿਚ ਰਾਮਗੜ੍ਹੀਆ ਸਭਾ ਹੋਂਦ ਵਿਚ ਆਈ। ਇਸ ਸਭਾ ਨੇ 16 ਜੂਨ 1921 ਨੂੰ ਸ਼ਿਮਲੇ ਤੋਂ ਇਕ ਹਫਤਾਵਾਰੀ ਅਖ਼ਬਾਰ ਕੱਢਣਾ ਅਰੰਭ ਕੀਤਾ ਜਿਸ ਦਾ ਉਦੇਸ਼ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਪ੍ਰਤੀ ਸਮਾਜ ਅਤੇ ਭਾਈਚਾਰੇ ਨੂੰ ਸੁਚੇਤ ਕਰਨਾ ਸੀ। ਇਸ ਅਖ਼ਬਾਰ ਦਾ ਉਦੇਸ਼ ਪ੍ਰਗਟ ਕਰਦੇ ਹੋਏ ਇਸ ਦਾ ਐਡੀਟਰ ਲਿਖਦਾ ਹੈ “ਇਹ ਅਖ਼ਬਾਰ ਕੇਵਲ ਰਾਮਗੜ੍ਹੀਆ ਬਰਾਦਰੀ ਦੇ ਅਸੂਲਾਂ ਨੂੰ ਹੀ ਮੁੱਖ ਨਹੀਂ ਰੱਖਦੀ ਬਲਕਿ ਦੇਸ਼ ਸੇਵਾ, ਪੰਥਕ ਕਾਰਜ, ਗੁਰਦੁਆਰਾ ਸੁਧਾਰ, ਤਵਾਰੀਖੀ ਤੇ ਮੁਲਕੀ ਹਾਲ, ਸੁੰਦਰ ਤੇ ਮਨੋਹਰ ਕਵਿਤਾਵਾਂ ਅਤੇ ਕੌਮ ਘਾਤਕਾਂ ਦੀਆਂ ਚਾਲਾਂ ਨੂੰ ਪ੍ਰਗਟ ਕਰਕੇ ਉਨ੍ਹਾਂ ਨੂੰ ਖ਼ਬਰਦਾਰ ਕਰਨ ਵਾਲਾ ਨਿੱਡਰ ਤੇ ਨਿਰਪੱਖਤਾ ਨਾਲ ਹਿਮਾਲਾ ਪਹਾੜ ਦੀਆਂ ਘਾਟੀਆਂ ਤੋਂ ਗਰਜ ਰਿਹਾ ਹੈ। ਭਾਵੇਂ ਇਹ ਹਫਤਾਵਾਰ ਹੋਣ ਕਰਕੇ ਕਈ ਖ਼ਬਰਾਂ ਪਾਠਕਾਂ ਪਾਸ ਚਰਾਕੀਆਂ ਤੇ ਰੋਜ਼ਾਨਾ ਅਖ਼ਬਾਰਾਂ ਵਿਚ ਪੜ੍ਹੀਆਂ ਹੋਈਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਇਹ ਕੇਵਲ ਇਸ ਲਈ ਹੈ ਕਿ ਇਹ ਅਖਬਾਰ ਅਮਰੀਕਾ, ਅਫਰੀਕਾ, ਬਸਰਾ, ਬਗਦਾਦ ਆਦਿ ਦੂਰ-ਦੂਰ ਦੇਸ਼ਾਂ ਵਿਚ ਜਾਂਦਾ ਹੈ ਤੇ ਹਿੰਦ ਦੀਆਂ ਜ਼ਰੂਰੀ ਖਬਰਾਂ ਨੂੰ ਦੁਰਾਡੇ ਬੈਠੇ ਵੀਰਾਂ ਤਕ ਪਹੁੰਚਾਉਣ ਦਾ ਕੰਮ ਕਰਦਾ ਹੈ।” ਸ਼ੁਰੂ-ਸ਼ੁਰੂ ਵਿਚ ਇਹ ਅਖ਼ਬਾਰ ਆਰਮੀ ਪ੍ਰੈਸ ਸ਼ਿਮਲਾ ਤੋਂ ਛਪਦਾ ਰਿਹਾ ਪਰ ਬਾਅਦ ਵਿਚ ਕੈਥੂ ਵਿਖੇ ਗੁਰਦੁਆਰਾ ਸਥਾਪਤ ਹੋ ਜਾਣ ਨਾਲ ਰਾਮਗੜ੍ਹੀਆ ਸਭਾ ਨੇ ਉਥੇ ਆਪਣੀ ਪ੍ਰੈਸ ਲਾ ਲਈ ਸੀ। ਕੁਝ ਸਮਾਂ ਪਹਿਲਾਂ ਤਕ ਸ. ਗੁਰਚਰਨ ਸਿੰਘ ਸੈਂਭੀ ਇਸ ਗਜ਼ਟ ਦੇ ਐਡੀਟਰ ਸਨ, ਜਿਨ੍ਹਾਂ ਨੇ ਲਗਭਗ ਦਸ ਸਾਲ ਇਹ ਸੇਵਾ ਨਿਭਾਈ।
ਹਿੰਦੂਆਂ ਅਤੇ ਸਿੱਖਾਂ ਨਾਲ ਸੰਬੰਧਤ ਇਸ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਰਾਮਗੜ੍ਹੀਆ ਸਭਾ ਬਣਾਈ ਸੀ 1930 ਈਸਵੀ ਵਿਚ ਇਸ ਸਭਾ ਨੂੰ ਲਾਹੌਰ ਵਿਖੇ ਰਜਿਸਟਰਡ ਕਰਵਾਇਆ ਗਿਆ, ਉਸ ਸਮੇਂ ਇਸ ਸਭਾ ਦੇ ਉਦੇਸ਼ ਹੇਠ ਲਿਖੇ ਅਨੁਸਾਰ ਸਨ:
1. To promote social and friendly relations among Ramgarhias.
2. To devise and adopt means for the uplift and welfare of the Ramgarhia community as a whole and seek the help of the Government as and when necessary.
3. To watch the interests of the community in the social and public spheres.
4. To preach tenets of religion and mother tongue side by side with social reform.
5. To propagate benefits of education in the community to offer pecuniary help to the poor and deserving students.
6. To help widows and orphans of the community.
7. To keep correspondence and account in Punjabi (Gurmukhi) of general nature.
ਜਦੋਂ ਦੀ ਰਾਮਗੜ੍ਹੀਆ ਸਭਾ ਹੋਂਦ ਵਿਚ ਆਈ ਹੈ, ਇਸ ਨੇ ਬਹੁਤ ਸਾਰੀਆਂ ਮਹੱਤਵਪੂਰਨ ਰਚਨਾਵਾਂ ਪਾਠਕਾਂ ਸਾਹਮਣੇ ਪੇਸ਼ ਕੀਤੀਆਂ ਹਨ। ਉਨ੍ਹਾਂ ਦੁਆਰਾ ਪ੍ਰਕਾਸ਼ਿਤ ਕੁਝ ਪ੍ਰਮੁੱਖ ਰਚਨਾਵਾਂ ਹੇਠ ਲਿਖੇ ਅਨੁਸਾਰ ਹਨ:
1. ਸੂਰਜ ਸਿੰਘ ਦਰਬਾਰਾ ਸਿੰਘ, ਰਾਮਗੜ੍ਹੀਏ
2. ਸ਼ਹੀਦੀ ਭਾਈ ਮਾਧੋ ਸਿੰਘ ਜੀ
3. ਕੌਮੀ ਦੀਦਾਰ
4. ਹਰਿਸਰਨ ਕੌਰ (ਦੋ ਹਿੱਸਿਆਂ ਵਿਚ)
5. ਸੀਹਰਫੀ
6. ਰਾਮਗੜ੍ਹੀਆ ਇਤਿਹਾਸ (ਅਗਸਤ 1915)
7. ਸੰਤ ਸਿੰਘ (ਕਲਸੀ), ਇਤਿਹਾਸ ਰਾਮਗੜ੍ਹੀਆ
8. ਵਿਚਾਰ ਭਾਸਕਰ
ਇਥੇ ਇਹ ਦੱਸਣਾ ਲਾਜ਼ਮੀ ਹੈ ਕਿ ‘ਰਾਮਗੜ੍ਹੀਆ ਇਤਿਹਾਸ’ ਅਗਸਤ 1915 ਈਸਵੀ ਵਿਚ ਛਪਿਆ ਸੀ ਜਿਹੜਾ ਕਿ ਸਾਡੀ ਨਿਗਾਹ ਪਿਆ ਹੈ। ਇਸ ਪੁਸਤਕ ਤੋਂ ਪਤਾ ਲੱਗਦਾ ਹੈ ਕਿ ਉਪਰ ਵਰਣਿਤ 1-5 ਨੰਬਰ ਤਕ ਦੀਆਂ ਪੁਸਤਕਾਂ ਉਸ ਤੋਂ ਵੀ ਪਹਿਲਾਂ ਦੀਆਂ ਰਚੀਆਂ ਹੋਈਆਂ ਹਨ ਜਿਹੜੀਆਂ ਕਿ ਰਾਮਗੜ੍ਹੀਆ ਸਭਾ, ਸ਼ਿਮਲਾ, ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ।
ਸਿੱਖ ਜਿਥੇ ਵੀ ਗਏ ਹਨ ਉਨ੍ਹਾਂ ਨੇ ਉਥੇ ਜਾ ਕੇ ਗੁਰਦੁਆਰਾ ਜ਼ਰੂਰ ਬਣਾਇਆ ਹੈ। ਸਿੱਖਾਂ ਦੀਆਂ ਧਾਰਮਿਕ ਅਤੇ ਸਮਾਜਿਕ ਲੋੜਾਂ ਦੀ ਪੂਰਤੀ ਦੇ ਨਾਲ-ਨਾਲ ਰਾਜਨੀਤਿਕ ਮਸਲਿਆਂ ਪ੍ਰਤੀ ਵੀ ਗੁਰਦੁਆਰਾ ਉਨ੍ਹਾਂ ਨੂੰ ਚੇਤਨਾ ਪ੍ਰਦਾਨ ਕਰਦਾ ਹੈ। ਇਸੇ ਕਰਕੇ ਰਾਮਗੜ੍ਹੀਆ ਸਭਾ ਨੇ ਕੈਥੂ, ਸ਼ਿਮਲਾ, ਵਿਖੇ ਇਕ ਗੁਰਦੁਆਰੇ ਦੀ ਸਥਾਪਨਾ ਕੀਤੀ ਹੈ। 1917 ਈਸਵੀ ਵਿਚ ਸ. ਭਗਤ ਸਿੰਘ ਪੁੱਤਰ ਸ. ਰਾਮਧਨ ਨੇ ਇਹ ਜ਼ਮੀਨ ਮਸਤ ਰਾਮ ਤੋਂ ਖਰੀਦੀ ਸੀ ਅਤੇ ਉਨ੍ਹਾਂ ਖਰੀਦ ਕੇ ਇਹ ਜ਼ਮੀਨ ਗੁਰਦੁਆਰਾ ਬਣਾਉਣ ਲਈ ਰਾਮਗੜ੍ਹੀਆ ਸਭਾ ਨੂੰ ਦਿੱਤੀ ਸੀ। ਉਹ ਆਪ ਵੀ ਇਸ ਸਭਾ ਦੇ ਮੈਂਬਰ ਸਨ ਅਤੇ ਉਸ ਸਮੇਂ ਇਹ ਸਭਾ ਸਾਂਕਲੀ ਵਿਖੇ ਕਾਰਜ ਕਰ ਰਹੀ ਸੀ। ਗੁਰਦੁਆਰੇ ਦੀ ਜ਼ਮੀਨ ਅੱਜ ਵੀ ਰਾਮਗੜ੍ਹੀਆ ਸਭਾ ਸਾਂਕਲੀ ਦੇ ਨਾਂ ’ਤੇ ਬੋਲਦੀ ਹੈ। 1917 ਈ. ਵਿਚ ਜਦੋਂ ਇਹ ਜ਼ਮੀਨ ਦਾਨ ਕੀਤੀ ਗਈ ਤਾਂ ਇਸ ਦਾ ਕੁੱਲ ਰਕਬਾ ਇਕ ਵਿਘਾ ਸਤਾਰ੍ਹਾਂ ਬਿਸਵੇ ਸੀ ਪਰ 1960 ਈ. ਵਿਚ ਇਹ ਘਟ ਕੇ ਇਕ ਵਿਘਾ ਚੌਦਾਂ ਬਿਸਵੇ ਰਹਿ ਗਿਆ ਸੀ।
ਕੈਥੂ ਵਿਖੇ ਮੌਜੂਦ ਰਾਮਗੜ੍ਹੀਆ ਗੁਰਦੁਆਰਾ ਸਿੱਖ ਗਤੀਵਿਧੀਆਂ ਦਾ ਕੇਂਦਰ ਬਣਿਆ ਰਿਹਾ ਹੈ। ਭਾਰਤ ਦੇ ਵੱਡੇ-ਵੱਡੇ ਰਾਜਨੀਤਿਕ ਆਗੂ ਇਥੇ ਆਉਂਦੇ ਰਹੇ ਹਨ। ਭਾਈ ਅਰਜਨ ਸਿੰਘ ਬਾਗੜ੍ਹੀਆਂ, ਭਾਈ ਅਰਦਮਨ ਸਿੰਘ ਬਾਗੜ੍ਹੀਆਂ, ਭਾਈ ਅਸ਼ੋਕ ਸਿੰਘ ਬਾਗੜ੍ਹੀਆਂ, ਸ. ਸਰਦੂਲ ਸਿੰਘ ਕਵੀਸ਼ਰ, ਸ. ਗੁਰਦਿਆਲ ਸਿੰਘ ਰੀਹਲ, ਸੰਤ ਸੂਰਜ ਸਿੰਘ, ਸ. ਦਰਬਾਰਾ ਸਿੰਘ ਆਦਿ ਵਿਦਵਾਨ ਇਸ ਸਭਾ ਅਤੇ ਗੁਰਦੁਆਰੇ ਨਾਲ ਜੁੜੇ ਰਹੇ ਹਨ ਅਤੇ ਸਮੇਂ-ਸਮੇਂ ‘ਤੇ ਗੁਰਦੁਆਰੇ ਵਿਖੇ ਹੁੰਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ।
ਗੁਰਦੁਆਰੇ ਬਾਰੇ ਜਾਣਕਾਰੀ ਹਾਸਲ ਕਰਦੇ ਸਮੇਂ ਪਤਾ ਲੱਗਿਆ ਕਿ ਕਿਸੇ ਸਮੇਂ ਇਸ ਗੁਰਦੁਆਰੇ ਦੇ ਆਸ-ਪਾਸ ਬਹੁਤ ਸਾਰੀ ਸਿੱਖ ਵਸੋਂ ਸੀ ਜਿਹੜੀ ਵੱਧ ਚੜ੍ਹ ਕੇ ਗੁਰਦੁਆਰੇ ਦੇ ਕਾਰਜਾਂ ਵਿਚ ਹਿੱਸਾ ਲੈਂਦੀ ਸੀ। 1966 ਈਸਵੀ ਵਿਚ ਪੰਜਾਬ ਵੰਡਿਆ ਗਿਆ ਤਾਂ ਸ਼ਿਮਲਾ ਹਿਮਾਚਲ ਪ੍ਰਦੇਸ਼ ਵਿਚ ਆ ਗਿਆ। ਇਥੇ ਵੱਸਦੇ ਬਹੁਤੇ ਸਿੱਖ ਵਪਾਰੀ ਸਨ ਅਤੇ ਆਪਣੇ ਵਪਾਰ ਦੇ ਵਾਧੇ ਲਈ ਜਾਂ ਤਾਂ ਪੰਜਾਬ ਵੱਲ ਆ ਗਏ ਅਤੇ ਜਾਂ ਫਿਰ ਦਿੱਲੀ ਵੱਲ ਚਲੇ ਗਏ। ਅਜੋਕੇ ਸਮੇਂ ਵਿਚ ਇਸ ਗੁਰਦੁਆਰੇ ਵਿਖੇ ਆਉਣ ਵਾਲੀ ਸਿੱਖ ਵਸੋਂ ਬਹੁਤ ਘੱਟ ਹੈ। ਗੁਰਦੁਆਰੇ ਦੇ ਆਸ-ਪਾਸ ਸਿੱਖਾਂ ਦੇ ਮਸਾਂ 5-7 ਘਰ ਹੋਣਗੇ। ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਦੂਰ ਹੋਣ ਕਰਕੇ ਅਤੇ ਅਜੋਕੀ ਪੀੜ੍ਹੀ ਵਿੱਚੋਂ ਬਹੁਤਿਆਂ ਨੂੰ ਇਸ ਗੁਰਦੁਆਰੇ ਦੀ ਜਾਣਕਾਰੀ ਘੱਟ ਹੋਣ ਕਰਕੇ ਇਸ ਗੁਰਦੁਆਰੇ ਵਿਖੇ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਬਹੁਤ ਘੱਟ ਹੈ। ਆਸ-ਪਾਸ ਦੇ ਘਰਾਂ ਵਿਚਲੀ ਸਿੱਖ ਵਸੋਂ ਇਸ ਗੁਰਦੁਆਰੇ ਦੀ ਸੇਵਾ ਵਿਚ ਨਿਰੰਤਰ ਧਿਆਨ ਦਿੰਦੀ ਹੈ। ਕੁਝ ਵਿਸ਼ੇਸ਼ ਗੁਰਪੁਰਬਾਂ ਨੂੰ ਨਗਰ ਕੀਰਤਨ ਕੀਤੇ ਜਾਂਦੇ ਹਨ, ਅਖੰਡ ਪਾਠ ਰੱਖੇ ਜਾਂਦੇ ਹਨ ਅਤੇ ਭੋਗ ਵਾਲੇ ਦਿਨ ਸ਼ਿਮਲੇ ਦੇ ਦੂਰ-ਨੇੜੇ ਵੱਸਦੇ ਸ਼ਰਧਾਲੂ ਇਥੇ ਹਾਜ਼ਰੀ ਭਰਨ ਆਉਂਦੇ ਹਨ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵਿਚ ਸ. ਦਲਜੀਤ ਸਿੰਘ ਪ੍ਰਧਾਨ, ਸ. ਸ਼ੰਕਰ ਸਿੰਘ ਮੀਤ ਪ੍ਰਧਾਨ, ਸ. ਰਵਿੰਦਰ ਸਿੰਘ ਸਕੱਤਰ ਹਨ ਜਿਹੜੇ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਗੁਰਦੁਆਰੇ ਦੀ ਸਾਂਭ-ਸੰਭਾਲ ਵਿਚ ਲੱਗੇ ਹੋਏ ਹਨ।
ਲੇਖਕ ਬਾਰੇ
ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/August 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/September 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/November 1, 2010