editor@sikharchives.org

ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ

ਅੰਮ੍ਰਿਤ ਸਰੋਵਰ ਦਰਮਿਆਨ ਸੁਸ਼ੋਭਿਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹਰ ਪ੍ਰੇਮੀ ਨੂੰ ਇਕ ਰਸਤੇ ’ਚੋਂ ਗੁਜ਼ਰਨਾ ਪੈਂਦਾ ਹੈ, ਜਿਸ ਨੂੰ ਦਰਸ਼ਨੀ ਦਰਵਾਜ਼ਾ-ਦਰਸ਼ਨੀ ਡਿਉਢੀ ਕਿਹਾ ਜਾਂਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਸਿੱਖ ਕੌਮ ਦਾ ਪ੍ਰਮੁੱਖ ਕੇਂਦਰੀ ਧਾਰਮਿਕ ਅਸਥਾਨ ਹੈ। ਅੰਮ੍ਰਿਤ ਸਰੋਵਰ ਦੇ ਦਰਮਿਆਨ ਸੁਸ਼ੋਭਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਹੀ ਬਾਣੀ ਦੀਆਂ ਉਠਦੀਆਂ ਧੁਨਾਂ ਅੰਮ੍ਰਿਤ ਸਰੋਵਰ ਦੀਆਂ ਲਹਿਰਾਂ ਨਾਲ ਮਿਲ ਕੇ ਚੌਗਿਰਦੇ ਦੇ ਵਾਤਾਵਰਨ ਨੂੰ ਅਧਿਆਤਮਕ ਸੁਗੰਧੀ ਨਾਲ ਸਰਸ਼ਾਰ ਕਰਦੀਆਂ ਹਨ। ਪ੍ਰਵੇਸ਼ ਦੁਆਰ ਤੋਂ ਪ੍ਰਕਰਕਮਾਂ ਵਿਚ ਪੈਰ ਧਰਦਿਆਂ ਹੀ ਹਰ ਯਾਤਰੂ ਆਪਣੇ ਆਪ ਨੂੰ ਪ੍ਰੀਤਮ ਕੇ ਦੇਸ਼ ਦਾ ਵਾਸੀ ਅਨੁਭਵ ਕਰਦਾ ਹੈ। ਯਾਤਰੂ ਭਾਵੇਂ ਕਿਸੇ ਦੇਸ਼, ਧਰਮ, ਜਾਤੀ, ਨਸਲ ਜਾਂ ਖਿੱਤੇ ਦਾ ਹੋਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਵਿਚ ਆਪਣੇ ਆਪ ਨੂੰ ਅਧਿਆਤਮਕ ਰੰਗਤ ਵਿਚ ਰੰਗਿਆ ਮਹਿਸੂਸ ਕਰਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁਚੀ ਮਾਨਵਤਾ ਲਈ ਸਰਬ ਸਾਂਝਾ ਧਾਰਮਿਕ ਅਸਥਾਨ ਹੈ, ਜਿੱਥੋਂ ਹਰ ਧਰਮ, ਜਾਤੀ, ਨਸਲ, ਦੇਸ਼ ਦਾ ਮਾਨਵ ਅਧਿਆਤਮਕ ਖੁਰਾਕ, ਮਾਨਸਿਕ ਸ਼ਾਤੀ ਤੇ ਆਤਮਕ ਤ੍ਰਿਪਤੀ ਬਿਨਾਂ ਰੋਕ ਟੋਕ, ਪ੍ਰਾਪਤ ਕਰ ਸਕਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਾਨਵੀ ਪਿਆਰ, ਇਤਿਫਾਕ, ਰੱਬੀ ਏਕਤਾ, ਬਰਾਬਰਤਾ, ਸਰਬ ਸਾਂਝੀਵਾਲਤਾ ਦਾ ਸਦੀਵੀ ਅਮਲੀ ਪ੍ਰਗਟਾਅ ਹੈ ।

ਸਿੱਖਾਂ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਧਾਰਮਿਕ ਕੇਂਦਰ ਹੀ ਨਹੀਂ, ਸਗੋਂ ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ, ਸਵੈਮਾਣ, ਇਤਿਹਾਸ ਤੇ ਵਿਰਾਸਤ ਦੀ ਜਗਦੀ ਜੋਤ ਹੈ। ਸਿੱਖ ਕੌਮ ਦੀ ਹੋਂਦ-ਹਸਤੀ, ਧਰਮ, ਸਮਾਜ ਤੇ ਰਾਜਨੀਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੰਕਲਪ, ਸਿਧਾਂਤ ਤੇ ਇਤਿਹਾਸ ਨਾਲ ਜੁੜੀ ਹੋਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੰਕਲਪ ਸਿਧਾਂਤ ਤੇ ਸਰੂਪ ਪਾਵਨ ਬਾਣੀ ਵਿਚ ਅੰਕਿਤ ਹੈ, ਜਿਸ ਨੂੰ ਸਰਗੁਣ ਸਰੂਪ ਵਿਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਪ੍ਰਗਟ ਕਰ, ਮਾਨਵਤਾ ਨੂੰ ਆਦਰਸ਼ਿਕ ਧਰਮ ਮੰਦਰ ਦਾ ਸਾਖਸ਼ਾਤ ਸਰੂਪ ਭੇਟ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੰਕਲਪ-ਸਿਧਾਂਤ, ਗੌਰਵਮਈ ਇਤਿਹਾਸਿਕ ਵਿਰਸੇ, ਅੰਦਰੂਨੀ ਤੇ ਬਾਹਰੀ ਸੁੰਦਰਤਾ ਨੂੰ ਕਲਮਬੱਧ ਕਰਨਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਾਂ ਅਨੁਭਵ ਦਾ ਵਿਸ਼ਾ ਹੈ। ਇਸ ਲੇਖ ਵਿਚ ਅਸੀ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ ਨੂੰ ਰੂਪਮਾਨ ਕਰਨ ਦਾ ਯਤਨ ਕਰਾਂਗੇ।

ਭਾਰਤ ਦੇ ਸਾਰੇ ਹੀ ਵਿਸ਼ੇਸ਼ ਧਰਮ ਮੰਦਰ ਤੇ ਧਰਮੀ ਲੋਕ ਧਾੜਵੀਆਂ-ਲੁਟੇਰਿਆਂ, ਬਾਬਰਕਿਆਂ ਤੇ ਹਮਲਾਵਰਾਂ ਦੇ ਨਿਸ਼ਾਨੇ ’ਤੇ ਰਹੇ ਭਾਵੇਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ ਤੇ ਭਾਵੇਂ ਪ੍ਰਸਿੱਧ ਹਿੰਦੂ ਮੰਦਰ ਸੋਮਨਾਥ। ਸੋਮਨਾਥ ਦੇ ਮੰਦਰ ਨੂੰ ਵੀ ਦੇਸ਼ੀ-ਵਿਦੇਸ਼ੀ ਹਮਲਾਵਰਾਂ ਨੇ 6 ਵਾਰ ਢਾਹਿਆ ਤੇ ਤਬਾਹ ਕੀਤਾ। ਹਰ ਵਾਰ ਮੰਦਰ ਦੀ ਨਵ-ਉਸਾਰੀ ਪ੍ਰੇਮੀਆਂ, ਸ਼ਰਧਾਲੂਆਂ ਵੱਲੋਂ ਕੀਤੀ ਗਈ। ਇਸ ਤਰ੍ਹਾਂ ਹੀ ਸਿੱਖ ਹੋਂਦ-ਹਸਤੀ, ਪਹਿਚਾਣ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਬਰਕਿਆਂ ਨੇ ਕਈ ਵਾਰ ਢਾਹਿਆ, ਪਾਵਨ ਅੰਮ੍ਰਿਤ ਸਰੋਵਰ ਨੂੰ ਪੂਰਿਆ ਤੇ ਸਿੱਖੀ ਦੇ ਸੋਮੇ ਨੂੰ ਬੰਦ ਕਰਨ ਦੇ ਯਤਨ ਕੀਤੇ ਪਰ ਅਜਿਹੇ ਕੋਝੇ ਕਾਰੇ ਕਰਨ ਵਾਲੇ ਖੁਦ ਮਰ-ਮਿਟ ਗਏ ਅਤੇ ਬਾਬੇਕਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸਰੋਵਰ ਦੀ ਕਾਰ ਸੇਵਾ ਰਾਹੀਂ ਨਵ-ਉਸਾਰੀ ਕਰਕੇ ਜਿਉਂਦੀ-ਜਾਗਦੀ ਕੌਮ ਦਾ ਸਬੂਤ ਦਿੱਤਾ। ਅੰਮ੍ਰਿਤ ਸਰੋਵਰ ਦਰਮਿਆਨ ਸੁਸ਼ੋਭਿਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹਰ ਪ੍ਰੇਮੀ ਨੂੰ ਇਕ ਰਸਤੇ ’ਚੋਂ ਗੁਜ਼ਰਨਾ ਪੈਂਦਾ ਹੈ, ਜਿਸ ਨੂੰ ਦਰਸ਼ਨੀ ਦਰਵਾਜ਼ਾ-ਦਰਸ਼ਨੀ ਡਿਉਢੀ ਕਿਹਾ ਜਾਂਦਾ ਹੈ। ਦਰਸ਼ਨੀ ਦਰਵਾਜ਼ੇ ’ਚੋਂ ਲੰਘ ਕੇ ਪੁਲ ਦੇ ਰਸਤੇ ਪ੍ਰੇਮੀ ਜੀਊੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਪ੍ਰਤੀ ਸ਼ਰਧਾ-ਸਤਿਕਾਰ ਪ੍ਰਗਟ ਕਰਦੇ ਅਤੇ ਸੁਖ-ਸ਼ਾਂਤੀ-ਸਹਿਜ ਪ੍ਰਾਪਤ ਕਰਦੇ ਹਨ।

ਦਰਸ਼ਨੀ ਡਿਉਢੀ ਦਾ ਅਰਥ :

ਘਰ ਵਿਚ ਦਾਖਲ ਹੋਣ ਦਾ ਦਰਵਾਜ਼ਾ, ਪ੍ਰਵੇਸ਼ ਦੁਆਰ, ਮਹਿਲ ਦਾ ਦਰਸ਼ਨੀ ਦਰਵਾਜ਼ਾ, ਦਹਿਲੀਜ਼, ਘਰ ਦੇ ਬੂਹੇ ਅੱਗੇ ਬਣਿਆ ਚਬੂਤਰਾ। ਡਿਉਢੀ ਸ਼ਾਹੀ ਕਿਲ੍ਹਿਆਂ, ਹਵੇਲੀਆਂ ਤੇ ਸਰਦਾਰਾਂ ਦੇ ਘਰਾਂ ਦੇ ਬਾਹਰ ਸ਼ਾਹੀ ਸ਼ਾਨ ਨੂੰ ਰੂਪਮਾਨ ਕਰਨ ਤੇ ਸ਼ਕਤੀ ਦਾ ਪ੍ਰਦਰਸ਼ਨ ਕਰਨ ਵਾਸਤੇ ਬਣਾਈਆਂ ਜਾਂਦੀਆਂ ਸਨ। ਡਿਉਢੀ ਤੋਂ ਸੰਬੰਧਿਤ ਧਰਮ ਮੰਦਰ, ਵਿਅਕਤੀ, ਰਾਜ-ਘਰਾਣੇ ਦੀ ਸ਼ਕਤੀ ਸਮਰੱਥਾ ਦਾ ਪਤਾ ਚਲਦਾ ਸੀ। ਘਰ ਵਿਚ ਭੁੱਖ ਨੰਗ ਹੋਵੇ ਤਾਂ ਡਿਉਢੀ ਤਾਮੀਰ ਨਹੀਂ ਕਰਵਾਈ ਜਾ ਸਕਦੀ। ਬੂਹੇ ਅੱਗੇ ਡਿਉਢੀ ਇਸ ਅਰਥ ਨੂੰ ਰੂਪਮਾਨ ਕਰਦੀ ਹੈ। ਚੱਕ ਰਾਮਦਾਸ ਤੇ ਸ੍ਰੀ ਦਰਬਾਰ ਸਾਹਿਬ ਦੇ ਵਿਚਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਕ ਡਿਉਢੀ ਬਣਾਈ ਜਿਸ ਨੂੰ ਦਰਸ਼ਨੀ ਡਿਉਢੀ ਕਹਿੰਦੇ ਹਨ। ਉਥੇ ਹੁਣ ਮਾਈ ਸੇਵਾਂ ਬਜ਼ਾਰ ਵਿਚ ਗੁਰਦੁਆਰਾ ਹੈ। ਗੁਰਮਤਿ ਸ਼ਬਦਾਵਲੀ ’ਚ ਦਰਵਾਜ਼ੇ ਲਈ ਸ਼ਬਦ ਕਵਾਟ, ਕਵਾੜ, ਕਿਵਾੜ, ਕਪਾਟ, ਪਟ, ਤਖ਼ਤੇ, ਪੌਰ ਆਦਿ ਵਰਤੇ ਮਿਲਦੇ ਹਨ। ਦਰਸ਼ਨੀ ਡਿਉਢੀ, ਦਰਸ਼ਨੀ ਦਰਵਾਜ਼ਾ, ਦਰਸ਼ਨੀ ਦਵਾਰ, ਦਰਸ਼ਨੀ ਪੌਰ ਭਾਵ ਦੇਖਣਯੋਗ ਦਰਵਾਜ਼ਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਮੁੱਖ ਦਰਵਾਜ਼ਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ’ਚ ਜ਼ਿਕਰ ਹੈ:

ਸੁੰਦਰ ਬਨਾਯੋ ਦਰਸ਼ਨੀ ਪੌਰ

ਸਿੱਖਾਂ ’ਤੇ ਬੜੀ ਵਾਰ ਬੜੇ ਬਿਖੜੇ ਸਮੇਂ ਆਏ, ਦੁਸ਼ਮਣ ਅੰਮ੍ਰਿਤਸਰ ਦੀ ਬੇਅਦਬੀ ਕਰਕੇ ਸਿੱਖਾਂ ਨੂੰ ਚਿੜਾਉਂਦੇ ਸਨ। ਪਰ ਸਵੇਰੇ-ਸ਼ਾਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਮੇਸ਼ਾਂ ਚੜ੍ਹਦੀ ਕਲ੍ਹਾ ’ਚ ਰਹੀ ਤੇ ਰਹੇਗੀ। 1762 ਈ: ਵਿਚ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਤੈਮੂਰ ਸ਼ਾਹ ਪੰਜਾਬ ਦਾ ਹਾਕਮ ਬਣਿਆ, ਉਸ ਨੇ ਪਹਿਲਾ ਕੰਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਟਾਉਣ ਦਾ ਹੀ ਕੀਤਾ। ਉਹ ਸਿੱਖਾਂ ਨੂੰ ਮੂਲੋਂ ਹੀ ਮੁਕਾਉਣਾ ਚਾਹੁੰਦਾ ਸੀ। ਉਸ ਨੂੰ ਦੱਸਿਆ ਗਿਆ ਕਿ ਸਿੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਅੰਮ੍ਰਿਤਸਰ ਸਰੋਵਰ ’ਚ ਇਸ਼ਨਾਨ ਕਰਕੇ ਜੀਵਨ ਦਾਨ ਪ੍ਰਾਪਤ ਕਰਦੇ ਹੋਏ ਮੌਤ ਨੂੰ ਵੀ ਮਖੌਲਾਂ ਕਰਦੇ, ਜੇਤੂ ਸ਼ਕਤੀ ਤੇ ਰੂਹ ਦੀ ਖੁਰਾਕ ਪ੍ਰਾਪਤ ਕਰਦੇ ਹਨ। 10 ਅਪ੍ਰੈਲ, 1762 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਵੱਡੇ ਘੱਲੂਘਾਰੇ ਤੋਂ ਮੁੜਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਨੀਹਾਂ ’ਚ ਬਰੂਦ ਭਰ ਕੇ ਪਵਿੱਤਰ ਇਤਿਹਾਸਕ ਇਮਾਰਤ ਨੂੰ ਉਡਾ ਦਿੱਤਾ, ਅੰਮ੍ਰਿਤਸਰ ਸਰੋਵਰ ਨੂੰ ਪੂਰ ਦਿੱਤਾ। ਸਿੱਖ ਸਰਦਾਰਾਂ ਨੇ ਅਰਦਾਸ ਬੇਨਤੀ ਕਰਕੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਅਕਤੂਬਰ, 1764 ਈ: ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਵ-ਉਸਾਰੀ ਅਰੰਭ ਕੀਤੀ। ਬਿਕਰਮੀ 1833, (1776 ਈ:) ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਬਣ ਕੇ ਦੁਬਾਰਾ ਤਿਆਰ ਹੋ ਗਈ। ਪੁਲ ਅਤੇ ਦਰਸ਼ਨੀ ਦਰਵਾਜਾ ਸਾਦਾ ਪਰ ਬਹੁਤ ਮਜ਼ਬੂਤ ਬਣਾਏ ਗਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ’ਤੇ ਸੋਨਾ ਲਗਾਉਣ ਸਮੇਂ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਨਵੇਂ ਬਣਾਏ ਗਏ। ਦਰਸ਼ਨੀ ਦਰਵਾਜ਼ੇ ਵਾਸਤੇ ਹਾਥੀ ਦੰਦ ਦੀ ਨੱਕ਼ਾਸ਼ੀ ਵਾਲੀ ਜੋੜੀ ਚਾਉ-ਮਲ੍ਹਾਰ ਤੇ ਰੀਝ ਨਾਲ ਬੜੇ ਮੁੱਲ ’ਚ ਤਿਆਰ ਕਰਵਾਈ ਗਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਹਰਿ ਕੀ ਪਉੜੀ, ਪਰਿਕ੍ਰਮਾ, ਪੁਲ, ਦਰਸ਼ਨੀ ਡਿਉਢੀ ਤੇ ਸਰੋਵਰ ਦੀ ਪਰਿਕ੍ਰਮਾ ’ਚ ਸੰਗਮਰਮਰ, ਸੋਨੇ, ਚਾਂਦੀ, ਗੱਚ, ਮੀਨਾਕਾਰੀ ਤੇ ਜੜਤ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ 1803 ਈ: ’ਚ ਅਰੰਭ ਕਰਵਾਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ਿਆਂ ਲਈ ਸੁਨਹਿਰੀ ਜੋੜੀਆਂ ਤਿਆਰ ਕਰਵਾਈਆਂ ਗਈਆਂ। ਇਕ ਮਹਾਰਾਜਾ ਰਣਜੀਤ ਸਿੰਘ, ਦੋ ਸੁਨਹਿਰੀ ਜੋੜੀਆਂ ਮਹਾਰਾਜਾ ਖੜਕ ਸਿੰਘ ਤੇ ਉਨ੍ਹਾਂ ਦੀ ਮਾਤਾ ਵੱਲੋਂ ਤੇ ਚੌਥੀ ਮਹਾਰਾਣੀ ਚੰਦ ਕੌਰ ਵੱਲੋਂ ਤਿਆਰ ਕਰਵਾਈ ਗਈ। ਇਹ ਸਾਰੇ ਦਰਵਾਜ਼ੇ ਗਿਆਨੀ ਸੰਤ ਸਿੰਘ ਜੀ ਰਾਹੀਂ ਮਿਸਤਰੀ ਮੁਹੰਮਦ ਯਾਰ ਖਾਂ ਦੀ ਦੇਖ-ਰੇਖ ’ਚ ਤਿਆਰ ਹੋਏ। ਚਾਰ ਜੋੜੀਆਂ ਚਾਂਦੀ ਦੀਆਂ ਵੀ ਬਣਾਈਆਂ। 1803 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀਕਰਨ ਦਾ ਕਾਰਜ ਅਰੰਭਿਆ ਸੀ ਜੋ 1830 ਈ: ਦੇ ਕਰੀਬ ਸੰਪੂਰਨ ਹੋਇਆ। ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਮਹਾਰਾਜਾ ਸ਼ੇਰ ਸਿੰਘ ਤਕ ਫ਼ਰਸ਼, ਚੌਗਾਠ, ਦਰਸ਼ਨੀ ਦਰਵਾਜ਼ੇ ਅਤੇ ਜੜਤ ਦਾ ਕੰਮ ਬਰਾਬਰ ਹੁੰਦਾ ਰਿਹਾ। ਰੀਪੋਰਟ ਸ੍ਰੀ ਦਰਬਾਰ ਸਾਹਿਬ, ਤਾਰੀਖ-ਏ-ਦਰਬਾਰ ਸਾਹਿਬ, ਲੇਖਕ ਊਧਮ ਸਿੰਘ (ਛਪਾਈ ਲਾਹੌਰ) ਤਵਾਰੀਖ਼ ਸ੍ਰੀ ਅੰਮ੍ਰਿਤਸਰ (ਸ. ਕਰਮ ਸਿੰਘ ਹਿਸਟੋਰੀਅਨ), ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, (ਗਿਆਨੀ ਕਿਰਪਾਲ ਸਿੰਘ) ਸਾਬਕਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਅਨੁਸਾਰ ਦਰਸ਼ਨੀ ਦਰਵਾਜ਼ਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭਾਈ ਸੰਤ ਸਿੰਘ ਜੀ ਗਿਆਨੀ ਦੀ ਨਿਗਰਾਨੀ ’ਚ ਮੁਹੰਮਦ ਯਾਰ ਖਾਂ ਮਿਸਤਰੀ ਨੇ ਹਾਥੀ ਦੰਦ ਦੀ ਮੀਨਾਕਾਰੀ ਨਾਲ ਤਿਆਰ ਕੀਤੇ ਅਤੇ 1826 ਈ: ਨੂੰ ਸੰਪੂਰਨ ਹੋਏ ।

ਦਰਸ਼ਨੀ ਡਿਉਢੀ ਬਾਹਰੋਂ 66 ਫੁੱਟ ਲੰਬੀ ਤੇ 36 ਫੁੱਟ ਚੌੜੀ ਹੈ। ਦਰਵਾਜ਼ੇ ਦੀ ਵੱਡੀ ਚੌਗਾਠ ਸੰਗਮਰਮਰ ਦੀ ਹੈ ਜੋ 10 ਫੁੱਟ ਉੱਚੀ, ਸਾਢੇ ਅੱਠ ਫੁੱਟ ਚੌੜੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣੇ ਦਰਸ਼ਨੀ ਡਿਉਢੀ ਦਰਵਾਜ਼ੇ ਦੇ ਅੰਦਰੋਂ 45 ਫੁੱਟ ਲੰਮੀ ਤੇ 14 ਫੁੱਟ ਚੌੜੀ ਹੈ। ਦਰਸ਼ਨੀ ਡਿਉਢੀ ਦੀ ਦੋ-ਮੰਜ਼ਲੀ ਇਮਾਰਤ ਹੈ। ਵਿਚਕਾਰਲੇ ਵੱਡੇ ਦਰਵਾਜ਼ੇ ਨੂੰ ਹੀ ਦਰਸ਼ਨੀ ਡਿਉਢੀ ਕਿਹਾ ਜਾਂਦਾ ਹੈ। ਦਰਸ਼ਨੀ ਡਿਉਢੀ ਦੇ ਦਰਵਾਜ਼ੇ ਦਾ ਬਾਹਰੀ ਅਕਾਰ ਇਸ ਤਰ੍ਹਾਂ ਹੈ: ਦਰਵਾਜ਼ੇ ਦੀ ਲੰਬਾਈ –118 ਇੰਚ, ਚੌੜਾਈ 54 ਇੰਚ, ਦਰਵਾਜ਼ੇ ਦੀ ਰੋਕ – ਮੋਟਾਈ 5 ਇੰਚ – ਚੌੜਾਈ 3 ਇੰਚ, ਚੂਥੀ ਉਪਰ ਲੰਬਾਈ – 3 ਇੰਚ x 2 ਇੰਚ, ਹੇਠਲੇ ਪਾਸੇ ਸਰੀਏ ਦੀ ਸੇਣੀ (ਗੋਲੀ) ਹੈ। ਸੱਜੇ ਦਰਵਾਜ਼ੇ ਵਿਚ ਇਕ ਬਾਰੀ ਹੈ – ਜਿਸ ਦੀ ਲੰਬਾਈ 32 ਇੰਚ ਤੇ ਚੌੜਾਈ 21 ਇੰਚ ਹੈ। ਹਰ ਦਰਵਾਜ਼ੇ ਨੂੰ 21 ਵੱਖ-ਵੱਖ ਆਕਾਰ ਦੇ ਦਿਲੇ ਹਨ ਇਨ੍ਹਾਂ ਦਰਵਾਜ਼ਿਆਂ ਦੇ ਹੇਠਲੇ ਪਾਸੇ ਦੀ ਲੱਕੜ ਬੁਰੀ ਤਰ੍ਹਾਂ ਗਲ ਚੁੱਕੀ ਹੈ ਤੇ ਮੀਨਾਕਾਰੀ ਬਹੁਤ ਸਾਰੀ ਉਖੜ ਚੁੱਕੀ ਹੈ। ਬਾਰੀ ਨੂੰ ਦਰਵਾਜ਼ੇ ਨਾਲ ਬੰਦ ਰੱਖਣ ਵਾਸਤੇ ਕੁੰਡਾ ਤੇ ਚਿਟਕਣੀ ਲੱਗੀ ਹੋਈ ਹੈ। ਦੋਨਾਂ ਦਰਵਾਜ਼ਿਆਂ ਨੂੰ ਜੋੜਨ ਵਾਸਤੇ ਅਰਲ ਦਾ ਪ੍ਰਬੰਧ ਹੈ। ਦਰਸ਼ਨੀ ਦਰਵਾਜ਼ੇ ਦੀ ਵੱਡੀ ਜੋੜੀ ਉਪਰ ਅੰਦਰੋਂ ਹਾਥੀ ਦੰਦ, ਬਾਹਰੋਂ ਰੂਪਹਿਰੀ (ਚਾਂਦੀ) ਦਾ ਕੰਮ ਹੋਇਆ। ਇਸ ਦੀ ਛੱਤ ’ਤੇ ਰਾਜਾ ਸੰਗਤ ਸਿੰਘ ਜੀਂਦ ਵਾਲਿਆਂ ਨੇ ਸੁਨਹਿਰੀ ਜੜਤ ਦਾ ਕੰਮ ਕਰਵਾਇਆ। ਦਰਸ਼ਨੀ ਡਿਉਢੀ ਦੇ ਉਪਰ ਤੋਸ਼ਾਖਾਨਾ ਸੁਸ਼ੋਭਿਤ ਹੈ ਜਿਸ ਦੀ ਹਿਫਾਜ਼ਤ ਲਈ ਦਰਸ਼ਨੀ ਡਿਉਢੀ ਦੇ ਸਨਮੁਖ ਇਕ ਚੌਬਦਾਰ ਪਹਿਰੇ ’ਤੇ ਹੁੰਦਾ ਹੈ ਅਤੇ ਜਿਸ ਦੀ ਸੇਵਾ ਹਰ ਆਉਣ-ਜਾਣ ਵਾਲੇ ਸ਼ਰਧਾਲੂ ’ਤੇ ਨਿਗਾਹ ਰੱਖਣਾ ਅਤੇ ਕੜਾਹ ਪ੍ਰਸ਼ਾਦ ਦੀ ਪਰਚੀ ਪਕੜ, ਪਾੜ ਕੇ ਡਰੰਮ ’ਚ ਪਾਉਣਾ ਹੈ ਤਾਂ ਕਿ ਤਸੱਲੀ ਹੋ ਸਕੇ ਕਿ ਦੇਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਮਰਯਾਦਾ ਅਨੁਸਾਰ ਤਿਆਰ ਹੋਈ ਹੈ। ਰਾਤ ਨੂੰ ਇਸ ਦੇ ਹੱਥ ਵਿਚ ਸ੍ਰੀ ਸਾਹਿਬ ਹੁੰਦੀ ਹੈ ਪਰ ਦਿਨ ਦੇ ਸਮੇਂ ਚਾਂਦੀ ਦਾ ਆਸਾ, ਚੌਬ (ਡਾਂਗ) ਹੁੰਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਿਵਾੜ (ਦਰਸ਼ਨੀ ਡਿਉਢੀ ਦੇ ਕਿਵਾੜ) ਗਰਮੀਆਂ ’ਚ ਅੰਮ੍ਰਿਤ ਵੇਲੇ ਦੋ ਵਜੇ ਖੁੱਲ੍ਹਦੇ ਹਨ ਤੇ ਰਾਤ ਨੂੰ 11 ਵਜੇ ਬੰਦ ਹੁੰਦੇ ਹਨ। ਸਰਦੀਆਂ ਵਿਚ ਰਾਤ ਨੂੰ 10 ਵਜੇ ਬੰਦ ਹੁੰਦੇ ਹਨ ਅਤੇ ਸਵੇਰੇ 3 ਵਜੇ ਖੁੱਲ੍ਹਦੇ ਹਨ। ਦਰਸ਼ਨੀ ਦਰਵਾਜ਼ੇ ਬੰਦ ਹੋਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਫਰਾਸ਼ ਹੀ ਕੇਵਲ ਅੰਦਰ ਸੇਵਾ, ਸਫ਼ਾਈ-ਧੁਆਈ ਤੇ ਵਿਛਾਈ ਲਈ ਹਾਜ਼ਰ ਰਹਿੰਦੇ ਸਨ। ਕਿਵਾੜ ਖੁੱਲ੍ਹਣ ਤੋਂ ਪਹਿਲਾਂ ਪ੍ਰੇਮੀ, ਸ਼ਰਧਾਲੂ ਰਲ ਕੇ ਪ੍ਰੇਮ ਭਾਵਨਾ ਨਾਲ ਦਰਸ਼ਨੀ ਡਿਉਢੀ ਦੇ ਸਨਮੁਖ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਬਿਹਬਲ ਸੰਗਤਾਂ ਪ੍ਰੇਮ ਨਾਲ ਦਰਸ਼ਨੀ ਡਿਉਢੀ ਦੇ ਸਨਮੁਖ ਸ਼ਬਦ ਪੜ੍ਹਦੀਆਂ ਹਨ:

ਦਰਮਾਦੇ ਠਾਢੇ ਦਰਬਾਰਿ॥
ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿ੍ ਕਿਵਾਰ॥ (ਪੰਨਾ 856)

ਇਸ਼ਨਾਨ ਦੀ ਸੇਵਾ ਸਮੇਂ ਕੇਵਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਜਾਰੀ ਸ਼ਨਾਖਤੀ ਕਾਰਡ ਵਾਲੇ ਅੰਮ੍ਰਿਤਧਾਰੀ ਗੁਰਸਿੱਖ ਹੀ ਦਰਸ਼ਨੀ ਦਰਵਾਜ਼ੇ ਦੀ ਬਾਰੀ ਰਾਹੀਂ ਅੰਦਰ ਪ੍ਰਵੇਸ਼ ਕਰਦੇ ਹਨ। ਚੌਬਦਾਰ ਸ਼ਨਾਖਤੀ ਕਾਰਡ ਦੇਖ ਕੇ ਹੀ ਅੰਦਰ ਸੇਵਾ ਵਾਸਤੇ ਭੇਜਦਾ ਹੈ। ਇਹ ਪ੍ਰੇਮੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਧੁਲਾਈ, ਸਫ਼ਾਈ, ਇਸ਼ਨਾਨ ਦੀ ਸੇਵਾ ਪ੍ਰੇਮ ਨਾਲ ਕਰਦੇ ਹਨ, ਜਿਸ ਦੀ ਨਿਗਰਾਨੀ ਫ਼ਰਾਸ਼ ਕਰਦਾ ਹੈ। ਭਾਰਤ ਦੇ ਪ੍ਰਸਿੱਧ ਹਿੰਦੂ ਧਰਮ ਮੰਦਰ ਸੋਮਨਾਥ ਮੰਦਰ ਦਾ ਇਤਿਹਾਸ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਕੁਝ ਗੱਲਾਂ ਕਰਕੇ ਮਿਲਦਾ ਹੈ। ਇਸ ਨੂੰ 1024 ਈ: ਵਿਚ ਮੁਹੰਮਦ ਗਜ਼ਨੀ ਨੇ ਤਬਾਹ ਕਰ ਦਿੱਤਾ। ਸੋਮਨਾਥ ਮੰਦਰ ਨੂੰ ਦੇਸ਼-ਵਿਦੇਸ਼ ਦੇ ਵੱਖ-ਵੱਖ ਹਮਲਾਵਰਾਂ ਨੇ 6 ਵਾਰ ਢਾਹਿਆ। 1296 ਈ: ਵਿਚ ਸੁਲਤਾਨ ਅਲਾਉਦੀਨ ਖਿਲਜੀ ਨੇ ਇਸ ਨੂੰ ਤਬਾਹ ਕੀਤਾ (ਢਾਹਿਆ)। 1375 ਈ: ਅਤੇ 1451 ਈ: ਵਿਚ ਗੁਜਰਾਤ ਦੇ ਹੀ ਸੁਲਤਾਨਾਂ ਨੇ ਇਸ ਨੂੰ ਢਾਹਿਆ। 1701 ਈ: ਵਿਚ ਔਰੰਗਜ਼ੇਬ ਬਾਦਸ਼ਾਹ ਨੇ ਇਸ ਨੂੰ ਢਾਹਿਆ ਤੇ ਇਸ ਥਾਂ ਇਕ ਮਸਜਿਦ ਉਸਾਰ ਦਿੱਤੀ। 1783 ਈ: ਵਿਚ ਰਾਣੀ ਅਹਿਲਬਾਦੀ ਹੋਲਕਰ (ਇੰਦੌਰ) ਨੇ ਇਸ ਨੂੰ ਫਿਰ ਤਾਮੀਰ ਕਰਵਾਇਆ। 1951 ਈ: ’ਚ ਦੇਸ਼ ਦੀ ਅਜ਼ਾਦੀ ਉਪਰੰਤ ਮੌਜੂਦਾ ਸਰੂਪ ਦਾ ਸੋਮਨਾਥ ਮੰਦਰ ਸ੍ਰੀ ਸੋਮਨਾਥ ਟਰੱਸਟ ਵੱਲੋਂ ਤਾਮੀਰ ਕੀਤਾ ਗਿਆ ਹੈ। ਮੌਜੂਦਾ ਸੋਮਨਾਥ ਮੰਦਰ 7ਵੀਂ ਵਾਰ ਪਹਿਲੀ ਥਾਂ ’ਤੇ ਉਸਾਰਿਆ ਗਿਆ ਹੈ। 1951 ਈ: ਵਿਚ ਡਾ. ਰਜਿੰਦਰ ਪ੍ਰਸ਼ਾਦ ਰਾਸ਼ਟਰਪਤੀ ਭਾਰਤ ਸਰਕਾਰ ਨੇ ਨਵੇਂ ਮੰਦਰ ਦੀ ਅਰੰਭਤਾ ਸਮੇਂ ਕਿਹਾ,

The Somnath Temple signifies that the power of creation is always greater that the power of destruction. ‘Proclamation of the Gates’ IncidentIn 1842, Edward Law, 1st Earl of Ellenborough issued his famous ‘Proclamation of the Gates’ in which he ordered the British army in Afghanistan to return via Ghazni and bring back to India the sandalwood gates from the tomb of Mahmud of Ghazni in Ghazni, Afghanistan. These were believed to have been taken by Mahmud from Somnath. There was a debate in the House of Commons in London in 1843 on the question of the gates of the Somanatha temple. (The United Kingdom House of Commons Debate, 9 March 1943, on, The Somnath (Prabhas Patan) Proclamation, Junagadh 1948. 584-602, 620, 630-32, 656, 674.) After much cross-fire between the British Government and the opposition, the gates were uprooted and brought back in triumph. But on arrival, they were found to be of Egyptian workmanship and not associated in any way with India. So they were placed in a store-room in the Agra Fort where they still lie to the present day.

ਉਕਤ ਲਿਖੇ ਵਿਵਰਣ ਅਨੁਸਾਰ ਸੋਮਨਾਥ ਮੰਦਰ ਦੇ ਦਰਵਾਜ਼ਿਆਂ ਸੰਬੰਧੀ ਚਲ ਰਹੇ ਵਿਵਾਦ ਨੂੰ ਹਾਊਸ ਆਫ਼ ਕਾਮਨਜ਼ ਯੂ. ਕੇ. ਵੱਲੋਂ ਉਕਤ ਲਿਖਤ ਇਤਿਹਾਸਕ ਘੋਸ਼ਣਾ ਨੇ ਹਮੇਸ਼ਾਂ ਲਈ ਸਮਾਪਤ ਕਰ ਦਿੱਤਾ:

“1842 ਈ: ਵਿਚ ਫ਼ਸਟ ਅਰਲ ਆਫ਼ ਐਡਨ ਬਰੋ ਇੰਗਲੈਂਡ ਨੇ ਸੋਮਨਾਥ ਦੇ ਦਰਵਾਜ਼ਿਆਂ ਬਾਰੇ ਨਿਮਨਲਿਖਤ ਘੋਸ਼ਣਾ ਕੀਤੀ। ਅਫਗਾਨਿਸਤਾਨ ਵਿਚ ਮੌਜੂਦ ਬ੍ਰਿਟਿਸ਼ ਆਰਮੀ ਨੂੰ ਇਹ ਆਦੇਸ਼ ਕੀਤਾ ਕਿ ਉਹ ਵਾਪਸੀ ’ਤੇ ਮਹਿਮੂਦ ਗਜ਼ਨਵੀ ਦੇ ਮਕਬਰੇ ਦੇ ਸੰਦਲ ਦੀ ਲੱਕੜੀ ਦੇ ਬਣੇ ਹੋਏ ਦਰਵਾਜ਼ੇ ਲੈ ਕੇ ਆਉਣ। ਇਹ ਖ਼ਿਆਲ ਕੀਤਾ ਜਾਂਦਾ ਸੀ ਕਿ ਇਹ ਦਰਵਾਜ਼ੇ ਮਹਿਮੂਦ ਗਜ਼ਨਵੀ ਸੋਮਨਾਥ ਮੰਦਰ ਤੋਂ ਉਤਾਰ ਕੇ ਲੈ ਗਿਆ ਸੀ। 1843 ਈ: ਨੂੰ ਹਾਊਸ ਆਫ਼ ਕਾਮਨਜ਼ ਲੰਡਨ ਵਿਚ ਇਸ ਸੁਆਲ ’ਤੇ ਸਰਕਾਰ ਅਤੇ ਵਿਰੋਧੀ ਧਿਰ ਵਿਚ ਗਰਮਾ-ਗਰਮ ਬਹਿਸ ਹੋਈ। ਫ਼ੈਸਲੇ ਅਨੁਸਾਰ ਜਿੱਤ ਦੀ ਨਿਸ਼ਾਨੀ ਵਜੋਂ ਦਰਵਾਜ਼ੇ ਉਖਾੜ ਕੇ ਵਾਪਸ ਲਿਆਂਦੇ ਗਏ। ਨਿਰਖ-ਪਰਖ ਉਪਰੰਤ ਇਹ ਸਾਬਤ ਹੋਇਆ ਕਿ ਇਹ ਦਰਵਾਜ਼ੇ ਮਿਸਰ ਦੀ ਕਾਰਾਗਰੀ ਨਮੂਨੇ ਅਨੁਸਾਰ ਬਣੇ ਹਨ ਅਤੇ ਇਨ੍ਹਾਂ ਦਾ ਭਾਰਤ ਨਾਲ ਕਿਸੇ ਤਰ੍ਹਾਂ ਵੀ ਸੰਬੰਧ ਨਹੀਂ। ਇਸ ਕਰਕੇ ਦਰਵਾਜਿਆਂ ਨੂੰ ਆਗਰੇ ਦੇ ਕਿਲ੍ਹੇ ਦੇ ਮਾਲ ਗੁਦਾਮ ’ਚ ਰੱਖ ਦਿੱਤਾ ਗਿਆ, ਜਿਹੜੇ ਹੁਣ ਵੀ ਉਥੇ ਮੌਜੂਦ ਹਨ।”

ਇਤਿਹਾਸਕ ਤੱਥ ਹੈ ਕਿ ਸਿੱਖ ਸ਼ਰਧਾਲੂ ਤੇ ਸਿੱਖ ਇਤਿਹਾਸ ਨੂੰ ਜਾਣਨ ਵਾਲੇ ਇਤਿਹਾਸਕ ਤੱਥ ਤੋਂ ਜਾਣੂ ਹਨ ਕਿ ਹੈਦਰਾਬਾਦ ਦੇ ਨਵਾਬ ਨੇ ਨਿਹਾਇਤ ਸੁੰਦਰ ਚਾਨਣੀ ਮਿੱਤਰਤਾ ਦੀ ਨਿਸ਼ਾਨੀ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਜਿਸ ਨੂੰ ਰਾਮ ਬਾਗ ਲਗਵਾਇਆ ਤੇ ਹੇਠ ਬੈਠ ਗਏ। ਜਦ ਉਨ੍ਹਾਂ ਨੇ ਚਾਨਣੀ ਦੀ ਸੁੰਦਰਤਾ ਤੇ ਸ਼ਾਨ ਦੇਖੀ ਤਾਂ ਉਹ ਬੋਲ ਉਠੇ, ਇਹ ਬਹੁਮੁੱਲੀ ਸੁਗਾਤ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ’ਚ ਚਾਹੀਦੀ ਹੈ, ਮੈਨੂੰ ਇਸ ਦੇ ਵਰਤਣ ਦਾ ਹੱਕ ਨਹੀਂ! ਉਨ੍ਹਾਂ ਨੇ ਚਾਨਣੀ ਉਤਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਂਟ ਕੀਤੀ, ਜਿਸ ’ਤੇ ਉਨ੍ਹਾਂ ਨੂੰ ਚਾਨਣੀ ਹੇਠ ਬੈਠਣ ਕਰਕੇ ਤਨਖਾਹ (ਧਾਰਮਿਕ ਸਜ਼ਾ) ਵੀ ਲਾਈ ਗਈ। ਮਹਾਰਾਜਾ ਰਣਜੀਤ ਸਿੰਘ ਵੱਲੋਂ ਭਨੋੜੀ ਜ਼ਿਲ੍ਹਾ ਕਾਂਗੜਾ ਤੇ ਨਰੈਣਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਦੋ ਪਿੰਡ ਤਨਖਾਹ ਵਜੋਂ ਸ੍ਰੀ ਦਰਬਾਰ ਸਾਹਿਬ ਨਾਲ ਜਾਗੀਰ ਲਗਾਈ ਗਈ। ਜਿਸ ਮਹਾਰਾਜੇ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਜਿਹੀ ਸ਼ਰਧਾ ਭਾਵਨਾ ਸੀ, ਕੀ ਉਹ ਕਿਸੇ ਧਾੜਵੀ ਵੱਲੋਂ ਹਿੰਦੂ ਮੰਦਰ ਦੇ ਉਤਾਰੇ ਹੋਏ ਦਰਵਾਜ਼ੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਨੂੰ ਲਗਵਾ ਦੇਵੇਗਾ? ਮਨ ਹਰਗਿਜ਼ ਇਸ ਦਲੀਲ ਨੂੰ ਮਨਜ਼ੂਰ ਨਹੀਂ ਕਰਦਾ। ਜੇਕਰ ਸਿੱਖ ਸਰਦਾਰ ਤੇ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਰ-ਚਾਰ ਜੋੜੀਆਂ ਸੋਨੇ-ਚਾਂਦੀ ਦੀਆਂ ਤਿਆਰ ਕਰਵਾ ਸਕਦੇ ਹਨ ਤਾਂ ਉਨ੍ਹਾਂ ਨੂੰ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਲੁਟੇਰਿਆਂ ਪਾਸੋਂ ਖੋਹ ਕੇ ਲਾਉਣ ਦੀ ਕੀ ਜ਼ਰੂਰਤ ਸੀ ? ਅਜਿਹਾ ਕਰਨਾ ਸਿੱਖ ਸੋਚ ਅਨੁਸਾਰ ਵੀ ਨਹੀਂ ਤੇ ਨਾ ਹੀ ਕੋਈ ਸਿੱਖ ਅਜਿਹਾ ਕਰਨਾ ਸੋਚ ਸਕਦਾ ਹੈ।

ਗੁਰੂ ਦਾ ਸਿੱਖ ਧਾੜਵੀ ਜਾਂ ਲੁਟੇਰਾ ਹੋ ਹੀ ਨਹੀ ਸਕਦਾ। ਸਿੱਖ ਤਾਂ ਗੁਰੂ ਘਰ ਦਾ ਸ਼ਰਧਾਲੂ, ਸਬਰ-ਸਿਦਕ ਵਿਚ ਰਹਿ ਕੇ ਸਵੇਰੇ-ਸ਼ਾਮ ਸਰਬੱਤ ਦਾ ਭਲਾ ਹੀ ਲੋਚਦਾ ਹੈ। ਜੇਕਰ ਸਤਾਰ੍ਹਵੀਂ-ਅਠਾਰ੍ਹਵੀਂ ਸਦੀ ਦੇ ਇਤਿਹਾਸ ਦੇ ਪੰਨਿਆਂ ’ਤੇ ਪੰਛੀ ਝਾਤ ਵੀ ਪਾਈ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਸਿੱਖਾਂ ਨੇ ਅਨੇਕਾਂ ਵਾਰ ਭਾਰਤ ਦੇ ਇੱਜ਼ਤ ਆਬਰੂ ਦੀਆਂ ਪ੍ਰਤੀਕ ਧਨ-ਦੌਲਤ ਲੜਕੀਆਂ ਨੂੰ ਧਾੜਵੀਆਂ ਪਾਸੋਂ ਛੁਡਵਾ ਕੇ ਸਬੰਧਤਾਂ ਦੇ ਘਰੋ-ਘਰੀ ਪਹੁੰਚਾਉਣ ਦੀ ਵਡਮੁੱਲੀ ਸੇਵਾ ਕੀਤੀ।

ਦੂਸਰਾ, ਕੀ ਦਰਸ਼ਨੀ ਡਿਊਢੀ ਬਣਾਉਣ ਸਮੇਂ ਇਸ ਦੇ ਦਰਸ਼ਨੀ ਦਰਵਾਜ਼ੇ ਦੀ ਲੰਬਾਈ-ਚੌੜਾਈ-ਉਚਾਈ ਸੋਮਨਾਥ ਦੇ ਮੰਦਰ ਦੇ ਦਰਵਾਜ਼ਿਆਂ ਦੀ ਗਿਣਤੀ-ਮਿਣਤੀ ਕਰਕੇ ਕਰਵਾਈ ਗਈ ਸੀ? ਇਸ ਨੂੰ ਵੀ ਕੋਈ ਦਾਨਸ਼ਵਰ ਪ੍ਰਵਾਨ ਨਹੀਂ ਕਰੇਗਾ। ਮੰਨ ਲਵੋ ਕਿ ਸੋਮਨਾਥ ਦੇ ਮੰਦਰ ਦੇ ਦਰਵਾਜ਼ੇ ਸਿੱਖਾਂ ਨੇ ਗਜ਼ਨੀ ਦੇ ਲੁਟੇਰਿਆਂ ਪਾਸੋਂ ਖੋਹ ਲਏ ਹੋਣ, ਤਦ ਵੀ ਇਹ ਨਹੀਂ ਮੰਨਿਆ ਜਾ ਸਕਦਾ ਕਿ ਸਿੱਖਾਂ ਨੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ’ਤੇ ਲਗਾ ਦਿੱਤਾ ਹੋਵੇ। ਇਹ ਵੀ ਮੰਨਿਆ ਨਹੀਂ ਜਾ ਸਕਦਾ ਕਿ ਦਰਵਾਜ਼ੇ ਮਿਲ ਗਏ ਹੋਣ ਤੇ ਉਨ੍ਹਾਂ ਅਨੁਸਾਰ ਦਰਸ਼ਨੀ ਡਿਉਢੀ ਤਿਆਰ ਕਰਵਾਈ ਗਈ ਹੋਵੇ। ਗਜ਼ਨੀ ਦੇ ਲੁਟੇਰਿਆਂ ਤਾਂ ਸੈਂਕੜੇ ਕੁਵਿੰਟਲ ਸੋਨਾ ਲੁੱਟਿਆ ਸੀ, ਉਹ ਤਾਂ ਸਿੱਖਾਂ ਸੰਭਾਲਿਆ ਨਾ, ਇਹ ਦਰਵਾਜ਼ੇ ਹੀ ਸੰਭਾਲਣੇ ਸਨ ਤੇ ਜਾਨ ਨਾਲੋਂ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਨੂੰ ਲਾਉਣੇ ਸਨ? ਸੋ ਇਹ ਸਭ ਬੇਤੁਕੀਆਂ ਬੇਹੂਦਾ ਗੱਲਾਂ ਹਨ।

ਸੋਮਨਾਥ ਮੰਦਰ ਦੇ ਦਰਵਾਜ਼ੇ ਤਾਂ ਕੀ, ਕਿਸੇ ਵੀ ਚੀਜ਼ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨੀ ਦਰਵਾਜ਼ੇ ਨਾਲ ਮੁਕਾਬਲਾ ਕਰਨਾ ਗਲਤ ਹੈ। ਦਰਸ਼ਨੀ ਦਰਵਾਜ਼ਿਆਂ ਨੂੰ ਕਬਜ਼ੇ ਨਹੀਂ ਹਨ। ਪੁਰਾਤਨ ਰਵਾਇਤ ਅਨੁਸਾਰ ਦੋਨਾਂ ਦਰਵਾਜ਼ਿਆਂ ਨੂੰ ਉਪਰ ਦੋ ਚੂਥੀਆਂ ਲੱਗੀਆਂ ਹੋਈਆਂ ਹਨ ਅਤੇ ਹੇਠਾਂ ਲੋਹੇ ਦੀਆਂ ਗੋਲੀਆਂ, ਜਿਨ੍ਹਾਂ ’ਤੇ ਦਰਵਾਜੇ ਦਾ ਸਾਰਾ ਭਾਰ ਟਿਕਦਾ ਹੈ। ਸੋਮਨਾਥ ਦੇ ਮੰਦਰ ਨੂੰ ਇੰਨ-ਬਿੰਨ, ਹੂ-ਬ-ਹੂ ਚੌਗਾਠ ਤੇ ਚੂਥੀਆਂ ਲੱਗੀਆਂ ਹੋਈਆਂ ਹਨ? ਭਾਵ ਕਿ ਇਹ ਸਭ ਬੇਕਾਰ ਦਾ ਵਾਦ-ਵਿਵਾਦ ਹੈ। ਦੂਸਰਾ, ਇਹ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਸਰਦਾਰਾਂ ਦੀ ਬਹਾਦਰੀ ਦਾ ਪ੍ਰਗਟਾਅ ਨਹੀਂ – ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਪ੍ਰਤੀ ਉਨ੍ਹਾਂ ਦੀ ਸ਼ਰਧਾ, ਭਾਵਨਾ, ਸਤਿਕਾਰ ਤੇ ਸਮਰਪਿਤ ਭਾਵਨਾ ’ਤੇ ਪ੍ਰਸ਼ਨ ਚਿੰਨ ਹੈ? ਅਜਿਹਾ ਹਰਗਿਜ਼ ਨਹੀਂ ਹੋ ਸਕਦਾ। ਬੇਕਾਰ ਦੇ ਸੁਆਲ ਪੈਦਾ ਕਰਕੇ ਕੌਮ ਵਿਚ ਦੁਬਿਧਾ ਨਹੀਂ ਖੜ੍ਹੀ ਕਰਨੀ ਚਾਹੀਦੀ। ਪਤਾ ਨਹੀਂ ਕਿਸ ਨੇ ਇਹ ਅਫਵਾਹ ਛੱਡ ਦਿੱਤੀ ਹੈ ਕਿ ਇਹ ਦਰਸ਼ਨੀ ਦਰਵਾਜ਼ੇ ਸੋਮਨਾਥ ਮੰਦਰ ਦੇ ਹਨ ਤੇ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਾਪਸ ਕਰ ਦੇਵੇਗੀ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਾਂ ਚਰਨ ਧੂੜ ਨੂੰ ਸਿੱਖ ਮਸਤਕ ਨਾਲ ਲਾਉਂਦੇ ਤੇ ਸੰਭਾਲਦੇ ਹਨ, ਕਿਹੜਾ ਸਿੱਖ ਇਤਿਹਾਸਕ-ਵਿਰਾਸਤੀ ਮਹੱਤਤਾ ਵਾਲੇ ਦਰਵਾਜ਼ਿਆਂ ਨੂੰ ਵਾਪਸ ਕਰਨ ਬਾਰੇ ਸੋਚਣ ਵੀ ਦੇਵੇਗਾ? ਇਹ ਸਭ ਬੇਤੁਕੀਆਂ ਅਫਵਾਹਾਂ ਹਨ।

ਦਰਸ਼ਨੀ ਦਰਵਾਜ਼ੇ ਲੰਬਾਈ-ਚੌੜਾਈ ਅਨੁਸਾਰ ਹਾਥੀ ਦੰਦ, ਚਾਂਦੀ ਤੇ ਨੱਕ਼ਾਸ਼ੀ ਆਦਿ ਦਾ ਕੰਮ ਹੋਣ ਕਰਕੇ ਬਹੁਤ ਭਾਰੇ ਹਨ। ਦਰਵਾਜ਼ਿਆਂ ਦੀਆਂ ਬਾਹੀਆਂ, ਦਿਲੇ ਖ਼ਰਾਬ ਹੋਣ ਕਰਕੇ ਡਿੱਗ ਰਹੇ ਹਨ। ਇਨ੍ਹਾਂ ਦਰਵਾਜ਼ਿਆਂ ਨੂੰ ਟਿਕਾਉਣ ਵਾਸਤੇ ਜੋ ਚੂਥੀਆਂ ਹਨ ਉਹ ਸਮੇਂ ਨਾਲ ਖਸਤਾ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਖਰਾਬ ਹੋਣ ਕਾਰਨ ਇਨ੍ਹਾਂ ਦਰਵਾਜ਼ਿਆਂ ਦੀ ਸਾਂਭ-ਸੰਭਾਲ ’ਚ ਦਿੱਕਤ ਆਉਂਦੀ ਹੈ। ਭਾਰੇ ਦਰਵਾਜ਼ੇ ਦੀਆਂ ਚੂਥੀਆਂ ਖਰਾਬ ਹੋਣ ਕਾਰਨ ਇਹ ਕਿਸੇ ਸਮੇਂ ਵੀ ਡਿੱਗ ਸਕਦੇ ਹਨ ਤੇ ਜਿਨ੍ਹਾਂ ਦੇ ਡਿੱਗਣ ਨਾਲ ਅਚਾਨਕ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਸਾਡੀ ਸਮਝ ਅਨੁਸਾਰ ਇਹ ਕਾਰਜ ਸਮੇਂ ਸਿਰ ਕਰਵਾਇਆ ਜਾ ਰਿਹਾ ਹੈ। ਵਿਰਾਸਤ ਦੀ ਸੇਵਾ-ਸੰਭਾਲ ਵਾਸਤੇ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਵਿਰਾਸਤੀ ਵਸਤਾਂ ਦੀ ਸੇਵਾ-ਸੰਭਾਲ ਸਮੇਂ ਸਿਰ ਨਹੀਂ ਕਰਾਂਗੇ ਤਾਂ ਉਹ ਬਰਬਾਦ ਹੋ ਜਾਣਗੀਆਂ। ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਕਮੇਟੀ ਵੱਲੋਂ ਇਹ ਸਮੇਂ ਸਿਰ ਲਿਆ ਸਹੀ ਫੈਸਲਾ ਹੈ। ਇਹ ਜ਼ਰੂਰ ਹੈ ਕਿ ਇਨ੍ਹਾਂ ਦੀ ਸੁਰੱਖਿਅਤ ਸੰਭਾਲ ਵਾਸਤੇ ਇਨ੍ਹਾਂ ਦਾ ਅਸਲ ਨਮੂਨਾ ਕਾਇਮ ਰਹਿਣਾ ਚਾਹੀਦਾ ਹੈ।

ਅੰਤ੍ਰਿੰਗ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮਤਾ ਨੰ: 308 ਮਿਤੀ 08-03-2010 ਰਾਹੀਂ ਇਤਿਹਾਸਕ ਤੇ ਵਿਰਾਸਤੀ ਦਰਵਾਜ਼ਿਆਂ ਦੀ ਸੇਵਾ-ਸੰਭਾਲ ਕਰਨ ਵਾਸਤੇ ਸੇਵਾ ਚਾਰ ਜੁਲਾਈ, 2010 ਨੂੰ ਪੰਥਕ ਰਵਾਇਤਾਂ ਅਨੁਸਾਰ ਅਰੰਭ ਹੋਈ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿ. ਗੁਰਬਚਨ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗਿ: ਜਸਵਿੰਦਰ ਸਿੰਘ ਜੀ, ਤਖ਼ਤ ਪਟਨਾ ਸਾਹਿਬ ਜਥੇਦਾਰ ਗਿ: ਇਕਬਾਲ ਸਿੰਘ ਜੀ, ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਗੁ:ਪ੍ਰ: ਕਮੇਟੀ, ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ, ਮੈਂਬਰਾਨ ਸ਼੍ਰੋਮਣੀ ਕਮੇਟੀ, ਅਧਿਕਾਰੀਆਂ ਤੇ ਭਾਰੀ ਗਿਣਤੀ ’ਚ ਸੰਗਤਾਂ ਦੀ ਹਾਜ਼ਰੀ ’ਚ ਸੇਵਾ ਅਰੰਭ ਹੋਈ। ਦਰਵਾਜ਼ਿਆਂ ਦੀ ਸੇਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ’ਚ ਹੀ ਹੋਵੇਗੀ ਤਾਂ ਕਿ ਕਿਸੇ ਕਿਸਮ ਦਾ ਵਾਦ-ਵਿਵਾਦ ਨਾ ਹੋਵੇ। ਇਨ੍ਹਾਂ ਦੀ ਕੋਈ ਕੀਮਤ ਨਹੀਂ ਅੰਕੀ ਜਾ ਸਕਦੀ- ਇਹ ਅਮੁੱਲੇ ਹਨ। ਕਾਰਨ ਇਨ੍ਹਾਂ ’ਤੇ ਹਾਥੀ ਦੰਦ, ਚਾਂਦੀ ਦਾ ਹੋਇਆ ਕੰਮ ਨਹੀਂ ਸਗੋਂ ਇਨ੍ਹਾਂ ਦਾ ਸਰੋਕਾਰ ਤੇ ਸੰਬੰਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਹੈ ਜੋ ਸਿੱਖਾਂ ਦੀ ਆਨ-ਸ਼ਾਨ, ਪਹਿਚਾਣ ਤੇ ਮਾਣ ਹੈ। ਸੋ ਦਰਸ਼ਨੀ ਡਿਉਢੀ ਦੇ ਦਰਸ਼ਨੀ ਦਰਵਾਜ਼ਿਆਂ ਨੂੰ ਸਤਿਕਾਰ ਸਹਿਤ ਉਤਾਰ ਕੇ ਸ਼ੀਸ਼ੇ ਦੇ ਬਣੇ ਵਿਸ਼ੇਸ਼ ਕੈਬਨਾਂ ’ਚ ਸੁਰੱਖਿਅਤ ਕਰ ਲਿਆ ਗਿਆ ਹੈ। ਦਰਸ਼ਨੀ ਡਿਉਢੀ ’ਚ ਆਰਜ਼ੀ ਤੌਰ ’ਤੇ ਸੁੰਦਰ ਦਰਸ਼ਨੀ ਦਰਵਾਜ਼ੇ ਲਗਾ ਦਿੱਤੇ ਗਏ ਹਨ ਤਾਂ ਕਿ ਰੋਜ਼ਾਨਾ ਦੀ ਮਰਯਾਦਾ ਵਿਚ ਵਿਘਨ ਨਾ ਪਵੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)