ਪੈਪਸੂ ਦੇ ਮੁੱਖ ਮੰਤਰੀ, ਪ੍ਰਧਾਨ, ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ, ਪਟਿਆਲਾ ਰਿਆਸਤ ਦੀ ਹਾਈਕੋਰਟ ਦੇ ਜੱਜ ਆਦਿ ਮਹੱਤਵਪੂਰਨ ਅਹੁਦਿਆਂ ’ਤੇ ਸ਼ੋਭਨੀਕ ਰਹੇ ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਦਾ ਜਨਮ 16 ਦਸੰਬਰ, 1901 ਈ: ਨੂੰ ਸ. ਰਤਨ ਸਿੰਘ ਜੀ ਵਿਸਵੇਦਾਰ ਦੇ ਘਰ, ਪਿੰਡ ਭੜੀ ਜ਼ਿਲ੍ਹਾ ਲੁਧਿਆਣਾ ’ਚ ਨਾਨਕੇ ਘਰ ਹੋਇਆ। ਆਪ ਜੀ ਨੇ ਅੱਖਰ ਗਿਆਨ ਨਾਨਕੇ ਪਿੰਡ ਭੜੀ ਅਤੇ ਸਮਰਾਲੇ ਤੋਂ ਪ੍ਰਾਪਤ ਕਰ, ਮਾਡਲ ਹਾਈ ਸਕੂਲ ਪਟਿਆਲਾ ਤੋਂ ਦਸਵੀਂ ਦਾ ਇਮਤਿਹਾਨ ਪਾਸ ਕੀਤਾ। ਮਹਿੰਦਰਾ ਕਾਲਜ਼ ਪਟਿਆਲਾ ਤੋਂ 1925 ਈ: ’ਚ ਗਰੈਜੂਏਸ਼ਨ ਕਰ ਪਟਿਆਲਾ ਰਿਆਸਤ ਦੀ ਸਿਵਲ ਸਰਵਿਸ ’ਚ ਸਹਾਇਕ ਡਿਪਟੀ ਕਮਿਸ਼ਨਰ ਨਿਯੁਕਤ ਹੋਏ,ਫਿਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਬਣੇ। ਆਪ ਜੀ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਦੇ ਮਾਮਾ ਜੀ ਸਨ। ਸ਼ਾਹੀ ਘਰਾਣੇ ’ਚ ਪਾਲਣ-ਪੋਸਣ ਹੋਣ ਦੇ ਬਾਵਜੂਦ ਵੀ ਵੱਡੇਪਨ ਦਾ ਹੰਕਾਰ ਨਹੀਂ ਸੀ ਸ. ‘ਰਾੜੇਵਾਲ’ ਨੂੰ! ਇਨ੍ਹਾਂ ਦਾ ਅਨੰਦ ਕਾਰਜ ਬੀਬੀ ਮਨਮੋਹਨ ਕੌਰ ਜੀ ਨਾਲ ਹੋਇਆ। ਇਨ੍ਹਾਂ ਦੇ ਘਰ ਚਾਰ ਸਪੁੱਤਰ ਤੇ ਇਕ ਸਪੁੱਤਰੀ, ਬੀਬੀ ਨਿਰਲੇਪ ਕੌਰ ਪੈਦਾ ਹੋਈ।
1942 ਈ: ਵਿਚ ਪਟਿਆਲਾ ਰਿਆਸਤ ਦੀ ਹਾਈਕੋਰਟ ਦੇ ਮੁੱਖ ਜੱਜ ਬਣ ਗਏ। ਦੇਸ਼-ਵੰਡ ਸਮੇਂ ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਨੇ ਹਿੰਦੂ-ਸਿੱਖ ਹਿਜ਼ਰਤਕਾਰੀਆਂ ਦੀ ਤਨ-ਮਨ ਤੋਂ ਸਹਾਇਤਾ ਕੀਤੀ। ਕੁਝ ਸਮਾਂ ਖੇਤੀਬਾੜੀ ਮੰਤਰੀ ਰਹੇ। 1948 ਈ: ਤੋਂ 1952 ਈ: ਤੀਕ ਆਪ ਨੂੰ ਪੈਪਸੂ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਮਾਂ-ਬੋਲੀ ਪੰਜਾਬੀ ਦੇ ਵਿਕਾਸ ਵਾਸਤੇ ਮਹਿਕਮਾ ਪੰਜਾਬੀ ਅਰੰਭ ਕਰਵਾਇਆ ਅਤੇ ਪੰਜਾਬੀ ਸੂਬੇ ਦੀ ਡਟਵੀਂ ਹਮਾਇਤ ਕੀਤੀ। ਪੈਪਸੂ ਦੇ ਮੁੱਖ ਮੰਤਰੀ ਹੋਣ ਵੇਲੇ ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਨੇ ਮਾਂ-ਬੋਲੀ ਪੰਜਾਬੀ ਨੂੰ ਸਕੂਲਾਂ ਵਿਚ ਪੜ੍ਹਾਈ ਦਾ ਮਾਧਿਅਮ ਅਤੇ ਅਦਾਲਤਾਂ ਦੀ ਕੰਮ-ਕਾਜ ਦੀ ਭਾਸ਼ਾ ਬਣਾ ਕੇ ਵਡਮੁੱਲੀ ਤੇ ਇਤਿਹਾਸਕ ਸੇਵਾ ਕੀਤੀ। ਪੰਜਾਬੀ ਭਾਸ਼ਾ ਦੇ ਵਿਕਾਸ ਤੇ ਸਾਂਭ-ਸੰਭਾਲ ਲਈ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਅਰੰਭ ਕਰਨ ਵਿਚ ਵੀ ਸਰਦਾਰ ਸਾਹਿਬ ਦੀ ਵਿਸ਼ੇਸ਼ ਭੂਮਿਕਾ ਤੇ ਯੋਗਦਾਨ ਸੀ। ਸ੍ਰ:ਤਰਲੋਚਨ ਸਿੰਘ ਜੀ ਮੈਂਬਰ ਪਾਰਲੀਮੈਂਟ ਦੀ ਲਿਖਤ ਮੁਤਾਬਿਕ, ‘ਜਦੋਂ ਉਹ (ਸ੍ਰ: ਗਿਆਨ ਸਿੰਘ ਜੀ ‘ਰਾੜੇਵਾਲਾ’) ਮੁੱਖ ਮੰਤਰੀ ਪੈਪਸੂ ਸਨ ਤਾਂ ਅੰਮ੍ਰਿਤਸਰ ਵਿਚ 1953 ਈ: ਦੇ ਅਖੀਰ ਵਿਚ ਮੋਰਚਾ ਲੱਗਾ ਹੋਇਆ ਸੀ । ਸ੍ਰੀ ਭੀਮ ਸੈਨ ਸੱਚਰ ਮੁੱਖ ਮੰਤਰੀ ਪੰਜਾਬ ਸਨ, ਸ੍ਰ: ‘ਰਾੜੇਵਾਲਾ’ ਨੂੰ ਮੁੱਖ ਮੰਤਰੀ ਪਦ ਤੋਂ ਭਾਰਤ ਸਰਕਾਰ ਨੇ ਹਟਾ ਦਿੱਤਾ ਸੀ। ਉਨ੍ਹਾਂ ਐਲਾਨ ਕੀਤਾ ਕਿ ਉਹ ਅਗਲੇ ਜਥੇ ਵਿਚ ਗ੍ਰਿਫਤਾਰੀ ਦੇਣਗੇ ਪਰ ਉਦੋਂ ਹੀ ਮੋਰਚਾ ਸਮਾਪਤ ਹੋ ਗਿਆ। ਉਸ ਵਕਤ ਇਕ ਜਥਾ ਪਟਿਆਲਾ ਤੋਂ ਉਨ੍ਹਾਂ ਦੀ ਸਰਦਾਰਨੀ ਬੀਬੀ ਮਨਮੋਹਨ ਕੌਰ ਵੀ ਲੈ ਕੇ ਗਈ ਸੀ ਪਰ ਉਨ੍ਹਾਂ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ। ਇਕ ਵਾਰ ਅੰਮ੍ਰਿਤਸਰ ਵਿਚ ਕਰਫਿਊ ਲੱਗਾ ਸੀ ਤਾਂ ‘ਰਾੜੇਵਾਲਾ’ ਜਬਰਦਸ਼ਤੀ ਪੁਲਿਸ ਨਾਕਾ ਤੋੜ ਕੇ ਦਰਬਾਰ ਸਾਹਿਬ ਪੁੱਜ ਗਏ ਸਨ। ਬਤੌਰ ਮੁੱਖ ਮੰਤਰੀ, ਪੰਜਾਬੀ ਵਿਭਾਗ ਤੇ ਵਖਰਾ ਮਹਿਕਮਾ ਸ਼ਡੂਲਕਾਸਟਾਂ ਲਈ ਬਣਾਇਆ। ਪਹਿਲਾ ਹਰੀਜਨ ਅਫਸਰ ਵੀ ਉਨ੍ਹਾਂ ਬਣਾਇਆ ਅਤੇ ਸ. ਮੀਹਾਂ ਸਿੰਘ (ਗਿੱਲ) ਨੂੰ ਵਜ਼ੀਰ ਬਣਾਇਆ ਆਦਿ’।
1954 ਈ: ਵਿਚ ਅਕਾਲੀ ਦਲ ਦੀ ਮਿਲੀ-ਜੁਲੀ ਸਰਕਾਰ ’ਚ ਸ. ਗਿਆਨ ਸਿੰਘ ‘ਰਾੜੇਵਾਲਾ’ ਵਿਰੋਧੀ ਧਿਰ ਦੇ ਨੇਤਾ ਬਣੇ। ਤੇਜ਼ੀ ਨਾਲ ਬਦਲਦੇ ਰਾਜਨੀਤਿਕ ਸਮੀਕਰਨ ਦੇ ਰੂ-ਬ-ਰੂ ਆਪ ਇਸੇ ਸਾਲ ਦੋਬਾਰਾ ਮੁੱਖ ਮੰਤਰੀ ਬਣ ਗਏ ਪਰ ਸ. ਗਿਆਨ ਸਿੰਘ ਜੀ ‘ਰਾੜੇਵਾਲੇ’ ਦੀ ਚੋਣ ਰੱਦ ਹੋਣ ਕਰਕੇ ਮੁੱਖ ਮੰਤਰੀ ਪਦ ਤਿਆਗਣਾ ਪਿਆ। ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ‘ਪੰਜਾਬੀ ਸੂਬਾ ਜਿੰਦਾਬਾਦ ਦੇ ਨਾਹਰੇ’ ਦੇ ਮੋਰਚੇ ਦੇ ਡਿਕਟੇਟਰ ਰਹੇ। ਸਰਕਾਰ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ’ਚ ਬੰਦ ਕਰ ਦਿੱਤਾ। ਪਹਿਲੀ ਨਵੰਬਰ,1956 ‘ਚ ਪੈਪਸੂ ਨੂੰ ਪੰਜਾਬ ’ਚ ਸ਼ਾਮਲ ਕਰ ਦਿੱਤਾ ਗਿਆ ਤਾਂ ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਆਪਣੇ ਬਹੁਤ ਸਾਰੇ ਅਕਾਲੀ ਸੰਗੀ-ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ ਹੋ ਗਏ। ਆਪ ਸ. ਪ੍ਰਤਾਪ ਸਿੰਘ ਕੈਰੋਂ ਮੰਤਰੀ ਮੰਡਲ ’ਚ ਬਿਜਲੀ ਤੇ ਸਿੰਚਾਈ ਵਿਭਾਗ ਦੇ ਮੰਤਰੀ ਬਣੇ। ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਦੇ ਉਦਮ ਸਦਕਾ ਪੰਜਾਬ ਦੇ ਸਿੱਖ ਵਿਧਾਨਕਾਰਾਂ ਦੀ ਸਹਿਮਤੀ ਨਾਲ ਭਾਸ਼ਾ ਦੇ ਆਧਾਰ ’ਤੇ ਹੋਰ ਸੂਬਿਆਂ ਵਾਂਗ ਪੰਜਾਬੀ ਸੂਬਾ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ।
7 ਫਰਵਰੀ, 1955 ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ, ਦੇ ਪਹਿਲੇ ਜਨਰਲ ਇਜਲਾਸ ’ਚ ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਨਾਮਜ਼ਦ ਮੈਂਬਰ ਵਜ਼ੋਂ ਹਾਜ਼ਰ ਸਨ। ਇਸ ਦਿਨ ਹੀ ਇਹ ਅੰਤ੍ਰਿੰਗ ਕਮੇਟੀ ਦੇ ਮੈਂਬਰ ਚੁਣੇ ਗਏ। 07 ਜੁਲਾਈ, 1955 ਨੂੰ ਅੰ: ਕਮੇਟੀ ਦੇ ਮਤਾ ਨੰ: 1107 ਅਨੁਸਾਰ ਪ੍ਰਧਾਨ, ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਖਾਲੀ ਹੋਈ ਥਾਂ ਪੁਰ ਕਰਨ ਲਈ ਸ਼੍ਰੋਮਣੀ ਗੁ:ਪ੍ਰ:ਕਮੇਟੀ ਅੰਮ੍ਰਿਤਸਰ, ਦੀ ਪ੍ਰਧਾਨਗੀ ਵਾਸਤੇ ਚੇਅਰਮੈਨ ਸਾਹਿਬ ਨੇ ਕੋਈ ਨਾਮ ਪੇਸ਼ ਕਰਨ ਲਈ ਮੰਗ ਕੀਤੀ। ਸ. ਜਸਵੀਰ ਸਿੰਘ ਜੀ ਨੇ ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਅੰਤ੍ਰਿੰਗ ਮੈਂਬਰ ਦਾ ਨਾਮ ਪ੍ਰਧਾਨ ਦੇ ਅਹੁਦੇ ਲਈ ਪੇਸ਼ ਕੀਤਾ ਅਤੇ ਸ. ਕਰਨੈਲ ਸਿੰਘ ਜੀ ਨੇ ਤਾਈਦ ਕੀਤੀ, ਹੋਰ ਕੋਈ ਨਾਮ ਪੇਸ਼ ਨਹੀਂ ਹੋਇਆ। ਇਸ ਲਈ ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਆਰਜ਼ੀ ਤੌਰ ’ਤੇ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਜਨਰਲ ਇਕੱਤਰਤਾ ਤੀਕ ਸਰਬ ਸੰਮਤੀ ਨਾਲ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਪ੍ਰਧਾਨ ਚੁਣੇ ਗਏ। ਮਤਾ ਨੰ: 1108 ਅਨੁਸਾਰ ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਦੇ ਪ੍ਰਧਾਨ ਚੁਣੇ ਜਾਣ ਕਰਕੇ ਇਨ੍ਹਾਂ ਦੀ ਅੰਤ੍ਰਿੰਗ ਕਮੇਟੀ ਵਿਚ ਮੈਂਬਰੀ ਦੀ ਖਾਲੀ ਥਾਂ ਪੁਰ ਕਰਨ ਲਈ ਸ. ਹਰਨਾਮ ਸਿੰਘ ਜੀ ਫਿਰੋਜ਼ਪੁਰੀ ਆਰਜ਼ੀ ਤੌਰ ’ਤੇ ਅੰ: ਕਮੇਟੀ ਮੈਂਬਰ ਚੁਣੇ ਗਏ।
ਮਤਾ ਨੰ: 1572 ਮਿਤੀ 14 ਅਕਤੂਬਰ,1955 ਅਨੁਸਾਰ ਹੜ-ਪੀੜ੍ਹਤਾਂ ਦੀ ਸਹਾਇਤਾ ਸਬੰਧੀ ਸ਼੍ਰੋਮਣੀ ਗੁ:ਪ੍ਰ:ਕਮੇਟੀ ਵੱਲੋਂ ਹੜ-ਪੀੜਤ ਇਲਾਕਿਆਂ ਲਈ ਗੁਰੂ ਕੇ ਲੰਗਰ ਦਾ ਪ੍ਰਬੰਧ ਕਰਨ ਵਾਸਤੇ ਹੇਠ ਲਿਖੇ ਸੱਜਣਾਂ ਦੀ ਪ੍ਰਬੰਧ ਕਰਨ ਦੀ ਡਿਊਟੀ ਲਾਈ ਗਈ, ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਨੂੰ ਪਟਿਆਲਾ ਜ਼ਿਲ੍ਹੇ ਦੀ ਸੇਵਾ ਸੌਪੀ ਗਈ। 16 ਅਕਤੂਬਰ,1955 ਨੂੰ ਹੋਏ ਜਨਰਲ ਸਮਾਗਮ ਸਮੇਂ ਆਪ (ਪੈਪਸੂ) ਨਾਮਜ਼ਦ ਮੈਂਬਰ ਵਜੋਂ ਹਾਜ਼ਰ ਸਨ। 16 ਅਕਤੂਬਰ, 1955 ਨੂੰ ਸ਼੍ਰੋਮਣੀ ਗੁ:ਪ੍ਰ:ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਜਨਰਲ ਇਕੱਤਰਤਾ ਸਮੇਂ ਸ. ਕਰਤਾਰ ਸਿੰਘ ਸਪੁੱਤਰ ਸ. ਸ਼ੰਕਰ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਮੈਂਬਰ, ਸ਼੍ਰੋਮਣੀ ਕਮੇਟੀ, ਸ.ਨਾਜ਼ਰ ਸਿੰਘ ਮੈਂਬਰ, ਸ਼੍ਰੋਮਣੀ ਕਮੇਟੀ ਅਤੇ ਸ.ਸਾਧੂ ਸਿੰਘ ਲਾਇਲਪੁਰੀ ਮੈਂਬਰ ਦੇ ਅਕਾਲ ਚਲਾਣੇ ’ਤੇ ਸ਼ੋਕ ਮਤੇ ਕੀਤੇ ਗਏ ।ਇਸ ਸਮੇਂ ਹੀ ਹੜ੍ਹ-ਪੀੜਤਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਦਾ ਮਤਾ ਪਾਸ ਕੀਤਾ ਗਿਆ । ਪ੍ਰੋ: ਸਤਿਬੀਰ ਸਿੰਘ ਜੀ ਨੇ ਮਤਾ ਪੇਸ਼ ਕੀਤਾ ਕਿ, “ਸ਼੍ਰੋਮਣੀ ਗੁ:ਪ੍ਰ:ਕਮੇਟੀ ਦਾ ਅੱਜ ਦਾ ਜਨਰਲ ਇਜਲਾਸ ਸੂਬਿਆਂ ਦੀ ਨਵੀਂ ਹੱਦ-ਬੰਦੀ ਕਰਨ ਵਾਲੇ ਕਮਿਸ਼ਨ ਦੀ ਰੀਪੋਰਟ, ਜਿਸ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਪੰਜਾਬੀ ਸੂਬੇ ਦੀ ਸਰਬ-ਸੰਮਤੀ ਵਾਲੀ ਮੰਗ ਨੂੰ ਰੱਦ ਕਰਕੇ ਮਹਾਂ ਪੰਜਾਬ ਬਨਾਣ ਦੀ ਤਜਵੀਜ਼ ਕੀਤੀ ਗਈ ਹੈ, ਬਿਲਕੁਲ ਹੀ ਨਾ ਮਨਜ਼ੂਰ ਕਰਦਾ ਹੈ ਅਤੇ ਸਰਕਾਰ ਹਿੰਦ ‘ਤੇ ਜ਼ੋਰ ਦਿੰਦਾ ਹੈ ਕਿ ਇਸ ਤਜਵੀਜ਼ ਨੂੰ ਨਾ-ਮਨਜ਼ੂਰ ਕਰ ਦੇਣ ’ਤੇ ਤੁਰੰਤ ਹੀ ਪੰਜਾਬੀ ਸੂਬਾ ਬਨਾਣ ਦੀ ਕਾਰਵਾਈ ਕਰੇ। ਕਾਫ਼ੀ ਬਹਿਸ ਉਪਰੰਤ ਇਹ ਮਤਾ ਪਾਸ ਕੀਤਾ ਗਿਆ।16 ਅਕਤੂਬਰ, 1955 ਨੂੰ ਹੀ ਮਾਸਟਰ ਤਾਰਾ ਸਿੰਘ ਜੀ ਫਿਰ ਸਰਬ-ਸੰਮਤੀ ਨਾਲ ਪ੍ਰਧਾਨ, ਸ਼੍ਰੋਮਣੀ ਗੁ:ਪ੍ਰ: ਕਮੇਟੀ ਚੁਣੇ ਗਏ ਅਤੇ ਅੰ: ਕਮੇਟੀ ਦੀ ਚੋਣ ਸਮੇਂ ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਮੈਂਬਰ ਅੰ: ਕਮੇਟੀ ਚੁਣੇ ਗਏ। ਇਸ ਤਰ੍ਹਾਂ ਆਪ 07 ਜੁਲਾਈ, 1955 ਤੋਂ 16 ਅਕਤੂਬਰ, 1955 ਤੀਕ ਸ਼੍ਰੋਮਣੀ ਗੁ:ਪ੍ਰ:ਕਮੇਟੀ ਅੰਮ੍ਰਿਤਸਰ, ਦੇ ਪ੍ਰਧਾਨ ਵਜੋਂ ਕਾਰਜਸ਼ੀਲ ਰਹੇ ।
1957 ਈ: ’ਚ ਆਪ ਜੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਸਿੰਚਾਈ ਮੰਤਰੀ ਦੇ ਅਹੁਦੇ ’ਤੇ ਕਾਰਜ਼ਸ਼ੀਲ ਰਹੇ। 1962 ਈ: ਅਤੇ 1967 ਈ: ’ਚ ਸਰਦਾਰ ਸਾਹਿਬ ਕਾਂਗਰਸ ਪਾਰਟੀ ਵੱਲੋਂ ਐਮ.ਐਲ.ਏ. ਚੁਣੇ ਗਏ ਅਤੇ ਕਾਂਗਰਸ ਵਿਧਾਨਕਾਰ ਪਾਰਟੀ ਦੇ ਮੁਖੀ ਰਹੇ। 1969 ਈ: ’ਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ, ਫਿਰ ਅਕਾਲੀ ਦਲ ’ਚ ਸ਼ਾਮਲ ਹੋ ਗਏ ਅਤੇ ਇਸ ਮਗਰੋਂ ਆਖਰੀ ਸਾਹਾਂ ਤੀਕ ਅਕਾਲ ਦੇ ਪੁਜਾਰੀ ਅਕਾਲੀ ਰਹੇ। ਸ. ਗਿਆਨ ਸਿੰਘ ਸਬਰ-ਸਿਦਕ ਵਾਲੇ ਸਿੱਖ ਨੀਤੀਵੇਤਾ ਸਨ। ਉਹ ਸਮੇਂ ਅਨੁਸਾਰ ਸਿਧਾਂਤ ਨਾਲ ਸਮਝੌਤਾ ਨਹੀਂ ਸਨ ਕਰਦੇ। ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਦੀ ਸਪੁੱਤਰੀ ਬੀਬੀ ਨਿਰਲੇਪ ਕੌਰ ਸਿੱਖ ਸਿਆਸਤ ’ਚ ਕਾਫ਼ੀ ਸਰਗਰਮ ਰਹੇ ਅਤੇ ਰਾਜ ਸਭਾ ਦੇ ਮੈਂਬਰ ਵੀ ਰਹੇ। ਬਿਮਾਰੀ ਸਮੇਂ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਉਪਰੰਤ ਵੀ ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਪੰਥਕ ਸਰਗਰਮੀਆਂ ਤੇ ਰਾਜਨੀਤੀ ਨਾਲ ਜੁੜੇ ਰਹੇ ਅਤੇ ਪੰਥ ਦੀ ਚੜ੍ਹਦੀ ਕਲ੍ਹਾ ਲਈ ਹਮੇਸ਼ਾਂ ਯਤਨਸ਼ੀਲ ਰਹੇ। ਆਪ ਬੁੱਧੀਮਾਨ, ਗੁਰਸਿੱਖ ਨੀਤੀਵੇਤਾ, ਸੁਚੱਜੇ ਪ੍ਰਬੰਧਕ, ਰਾਜਨੀਤੀ ਤੋਂ ਧਰਮ ਨੂੰ ਪਹਿਲ ਦੇਣ ਵਾਲੇ, ਇਮਾਨਦਾਰ, ਹਉਮੈ-ਹੰਕਾਰ ਤੋਂ ਦੂਰ ਸਿੱਖ ਨੇਤਾ ਸਨ। ਲੰਮਾ ਸਮਾਂ ਬਿਮਾਰੀ ਨਾਲ ਸੰਘਰਸ਼ ਕਰਦੇ ਹੋਏ 31 ਦਸੰਬਰ, 1979 ਈ: ਨੂੰ ਸ. ਗਿਆਨ ਸਿੰਘ ਜੀ ‘ਰਾੜੇਵਾਲੇ’ ਦਿੱਲੀ ’ਚ ਗੁਰਪੁਰੀ ਪਿਆਨਾ ਕਰ ਗਏ। ਇਸ ਦਿਨ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਦਫਤਰ ਤੇ ਸਬੰਧਤ ਅਦਾਰੇ ਅਫਸੋਸ ਵਜੋਂ ਬੰਦ ਰੱਖੇ ਗਏ। ਦੋ ਦਿਨਾਂ ਬਾਅਦ ਇਨ੍ਹਾਂ ਦੀ ਮਿਰਤਕ ਦੇਹ ਦਾ ਅੰਤਮ ਸੰਸਕਾਰ, ਇਨ੍ਹਾਂ ਦੇ ਪਿਤਾ-ਪੁਰਖੀ ਪਿੰਡ ‘ਰਾੜੇਵਾਲਾ’ ’ਚ ਕੀਤਾ ਗਿਆ। ਪਹਿਲੀ ਜਨਵਰੀ, 1980 ਦੀ ਟ੍ਰਿਬਿਊਨ ਦੇ ਅਨੁਸਾਰ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ. ਗਿਆਨ ਸਿੰਘ ਜੀ ਰਾੜੇਵਾਲੇ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਏ ਤੇ ਐਲਾਨ ਕੀਤਾ ਕਿ ਸ. ‘ਰਾੜੇਵਾਲਾ’ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ-ਘਰ ਵਿਖੇ ਲਾਈ ਜਾਵੇਗੀ। ਬਜਟ ਇਜਲਾਸ ਮਾਰਚ, 1980 ਵਿਚ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਦੀ ਪ੍ਰਧਾਨਗੀ ’ਚ ਹੋਇਆ, ਜਿਸ ਵਿਚ ਸ. ਗਿਆਨ ਸਿੰਘ ਜੀ ‘ਰਾੜੇਵਾਲਾ’ ਸਾਬਕਾ ਮੁੱਖ ਮੰਤਰੀ ਤੇ ਪ੍ਰਧਾਨ, ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦਾ ਮਤਾ ਕੀਤਾ ਗਿਆ।
ਲੇਖਕ ਬਾਰੇ
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/April 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/August 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/January 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/February 1, 2010