editor@sikharchives.org

ਸ੍ਰੀ ਗੁਰੂ ਅੰਗਦ ਦੇਵ ਜੀ – ਬਾਣੀ ਅਤੇ ਵਿਚਾਰਧਾਰਾ

ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ’ਚ ਗੁਰਮਤਿ-ਅਨੁਸਾਰੀ ਆਦਰਸ਼ ਸੇਵਕ ਦੇ ਗੁਣਾਂ ਦਾ ਵਿਵੇਚਨ ਕੀਤਾ ਗਿਆ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਬਾਣੀ ਧੁਰ ਕੀ ਬਾਣੀ ਹੈ, ਇਹ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਦੈਵੀ ਆਵੇਸ਼ ਰੂਪ ’ਚ ਸਹਿਜ-ਸੁਭਾਅ ਤੇ ਸੁਤੇ-ਸਿੱਧ ਉਚਰਿਤ ਅਗੰਮੀ ਬੋਲ ਹਨ ਜੋ ਮਾਤ-ਲੋਕ ਦੇ ਸਰਬ-ਸਾਧਾਰਨ ਜੀਵਾਂ ਦੀ ਸੁਰਤੀ ਨੂੰ ਸ਼ੁੱਧ ਰੂਹਾਨੀਅਤ ਦਾ ਵਿਸਮਾਦੀ ਅਨੁਭਵ ਪ੍ਰਦਾਨ ਕਰਦਿਆਂ, ਉਨ੍ਹਾਂ ਨੂੰ ਅਰਸ਼ੀ ਹੁਲਾਰਾ ਬਖ਼ਸ਼ਿਸ਼ ਕਰਦੇ ਹਨ। ਗੁਰਬਾਣੀ ਦਾ ਅਧਿਆਤਮ ਦੁਨੀਆਂ ’ਚ ਆਪਣੀ ਉਦਾਹਰਣ ਆਪ ਹੀ ਹੈ। ਗੁਰੂ ਨਾਨਕ ਨਾਮ-ਲੇਵਾ ਸਿੱਖਾਂ ਨੂੰ ਤਾਂ ਸਪੱਸ਼ਟ ਆਦੇਸ਼ ਹੈ ਕਿ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)

ਉੱਤਮ ਸਾਹਿਤ ਦਾ ਇਕ ਪ੍ਰਮੁੱਖ ਖਾਸਾ ਇਹ ਹੈ ਕਿ ਇਸ ਅੰਦਰ ਰਸਿਕ ਰੂਪ ’ਚ ਇਕ ਨਿੱਗਰ ਵਿਚਾਰਧਾਰਾ ਵਿਦਮਾਨ ਹੁੰਦੀ ਹੈ ਜੋ ਆਮ ਲੋਕਾਂ ਦੁਆਰਾ ਅਪਣਾਈ ਜਾਣ ਯੋਗ ਅਤੇ ਉਨ੍ਹਾਂ ਦੇ ਸਮੁੱਚੇ ਹਿੱਤ ’ਚ ਵੀ ਹੁੰਦੀ ਹੈ। ਇਸ ਸੰਦਰਭ ’ਚ ਗੁਰਬਾਣੀ ਰੂਪ ਸਰਵੋਤਮ ਸਾਹਿਤ ਦਾ ਵੀ ਕੋਈ ਹੋਰ ਬਦਲ ਸਾਨੂੰ ਨਹੀਂ ਲੱਭਦਾ। ਰਸਿਕ ਰੂਪ ’ਚ ਹੋਣ ਕਰਕੇ ਇਹ ਅਤਿਅੰਤ ਨਿੱਗਰ ਵਿਚਾਰਧਾਰਾ ਪਾਠਕਾਂ/ਸ੍ਰੋਤਿਆਂ ਨੂੰ ਅਪਣਾਉਣ ’ਚ ਕੋਈ ਰੰਚਕ ਮਾਤਰ ਰੁਕਾਵਟ ਦੀ ਸੰਭਾਵਨਾ ਨਹੀਂ ਬਣਦੀ।

ਵਿਚਾਰਧਾਰਾ ਦਾ ਹਰ ਇਨਸਾਨ ਦੇ ਜੀਵਨ ਦੀ ਸਫਲਤਾ, ਸਾਰਥਕਤਾ ਤੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਨ ’ਚ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ। ਵਿਚਾਰਧਾਰਾ ਦੇ ਲਾਈਟ ਹਾਊਸ ਦੇ ਅਭਾਵ ’ਚ ਬੰਦਾ ਭਟਕਾਵ ਦਾ ਸ਼ਿਕਾਰ ਹੁੰਦਾ ਹੈ ਤੇ ਸੇਧ ਗੁਆ ਚੁਕੇ ਜਹਾਜ਼ ਵਾਂਗ ਦੁਨੀਆਂ ਰੂਪੀ ਭਵ-ਸਾਗਰ ’ਚ ਵਿਅਰਥ ਹੀ ਇਧਰ-ਉਧਰ ਭਟਕਦਾ ਫਿਰਦਾ ਹੈ। ਗੁਰੂ-ਗਿਆਨ ਦੀ ਅਧਾਰਸ਼ਿਲਾ ’ਤੇ ਉਸ ਦੀ ਗੁਰਮਤਿ ਵਿਚਾਰਧਾਰਾ ਦੁਨੀਆਂ ਦੇ ਹਰੇਕ ਮਨੁੱਖ-ਮਾਤਰ ਨੂੰ ਜੀਵਨ ਦੀ ਸਹੀ ਸੇਧ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇਸੇ ਕਰਕੇ ਗੁਰੂ ਦਾ ਘਰ ਤੇ ਗੁਰੂ ਦਾ ਦਰ ਸਿੱਖ ਧਰਮ ’ਚ ਸਿਰਫ਼ ਇਸੇ ਧਰਮ ਨੂੰ ਐਲਾਨੀਆ ਤੌਰ ’ਤੇ ਅਪਣਾਉਣ, ਮੰਨਣ ਵਾਲਿਆਂ ਲਈ ਹੀ ਨਹੀਂ ਬਲਕਿ ਹਰੇਕ ਮਨੁੱਖ-ਮਾਤਰ ਲਈ ਮਜ਼੍ਹਬਾਂ, ਸੰਪਰਦਾਵਾਂ, ਨਸਲਾਂ ਤੇ ਜਾਤਾਂ ਆਦਿ ਦੀਆਂ ਹੱਦਾਂ ਨੂੰ ਮੂਲੋਂ ਹੀ ਰੱਦ ਕਰਦਿਆਂ ਹੋਇਆਂ ਖੁੱਲ੍ਹਾ ਹੈ। ਧੁਰ ਕੀ ਬਾਣੀ/ਗੁਰਬਾਣੀ ਦਾ ਦੁਨੀਆਂ ਦੇ ਹਰ ਕੋਨੇ ’ਚ ਹਰ ਆਏ ਦਿਨ ਹੋ ਰਹੇ ਵੱਧ ਤੋਂ ਵੱਧ ਪ੍ਰਸਾਰ, ਹਾਸਲ ਹੋ ਰਹੀ ਮਾਨਤਾ ਤੇ ਮਹੱਤਵ ਵੀ ਇਸੇ ਸੰਦਰਭ ’ਚ ਵਿਚਾਰਿਆ ਜਾ ਸਕਦਾ ਹੈ। ਜਿਵੇਂ ਗੁਰਬਾਣੀ ਦਾ ਹਰੇਕ ਪਾਵਨ ਬਚਨ ਹਰੇਕ ਗੁਰਸਿੱਖ ਵਾਸਤੇ ਤਾਂ ਅਲਾਹੀ ਫ਼ਰਮਾਨ ਹੈ ਜਦਕਿ ਇਹ ਸਰਬ-ਸਾਂਝੇ ਸਰੋਕਾਰਾਂ ਨਾਲ ਪੂਰਨ ਭਾਂਤ ਜੁੜਿਆ ਹੋਣ ਕਰਕੇ ਹਰੇਕ ਮਨੁੱਖ-ਮਾਤਰ ਲਈ ਕਲਿਆਣਕਾਰੀ ਹੈ। ਗੁਰਮਤਿ ਵਿਚਾਰਧਾਰਾ ਸੰਬੰਧੀ ਵੀ ਇਹੀ ਤੱਥ ਇੰਨ-ਬਿੰਨ ਢੁੱਕਦਾ ਮਹਿਸੂਸ ਕੀਤਾ ਜਾ ਸਕਦਾ ਹੈ। ਇਥੇ ਸਾਡਾ ਮੂਲ ਸਰੋਕਾਰ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਰਚਿਤ ਪਾਵਨ ਬਾਣੀ ’ਚੋਂ ਗੁਰਮਤਿ ਵਿਚਾਰਧਾਰਾ ਸੰਬੰਧੀ ਆਪਣੀ ਸੀਮਤ ਤੇ ਤੁੱਛ ਮਨੁੱਖੀ ਬੁੱਧੀ ਦੁਆਰਾ ਵਿਚਾਰ ਕਰਨ ਦਾ ਪ੍ਰਯਤਨ ਮਾਤਰ ਹੈ।

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਲਹਿਣੇ ਦੇ ਤੌਰ ’ਤੇ ਆਦਰਸ਼ ਸੇਵਕ ਦੇ ਰੂਪ ’ਚ ਗੁਰਮਤਿ ਵਿਚਾਰਧਾਰਾ ਦੇ ਹਰ ਪੱਖ, ਹਰ ਪਾਸਾਰ, ਇਸ ਦੀ ਹਰੇਕ ਸੂਖ਼ਮ ਤੋਂ ਸੂਖ਼ਮ ਬਾਰੀਕੀ ਨੂੰ ਸਤਿਗੁਰਾਂ ਦੇ ਹਜ਼ੂਰ ‘ਮੁਲ ਖਰੀਦੀ ਲਾਲਾ ਗੋਲਾ’ ਦੀ ਭਾਵਨਾ ਅਨੁਸਾਰ ਵਿਚਰਦਿਆਂ ਨਾ ਕੇਵਲ ਭਲੀ-ਭਾਂਤ ਸਮਝਿਆ ਬਲਕਿ ਇਸ ਨੂੰ ਆਪਣੇ ਜੀਵਨ ਤੇ ਅਨੁਭਵ ਦਾ ਇਕ ਅਨਿੱਖੜ ਹਿੱਸਾ ਵੀ ਬਣਾਇਆ। ਗੁਰੂ-ਸੇਵਾ ਦੇ ਪ੍ਰਗਟ ਸਥੂਲ ਰੂਪਾਂ ਦੇ ਨਾਲ ਗੁਰਬਾਣੀ ਦਾ ਉਚਾਰਨ, ਸ੍ਰਵਨ, ਗਾਇਨ ਤੇ ਵਿਸ਼ਲੇਸ਼ਣ ਵੀ ਆਪ ਜੀ ਦੇ ਜੀਵਨ-ਕ੍ਰਮ ਦਾ ਇਕ ਅਟੁੱਟ ਅੰਗ ਬਣ ਗਿਆ। ਜਦੋਂ ਆਪ ਜੀ ਦੇ ਮਨ-ਅੰਤਰ ਦੀਆਂ ਡੂੰਘਾਣਾਂ ’ਚੋਂ ਪਾਵਨ ਬਾਣੀ ਦਾ ਸੋਮਾ ਫੁੱਟਿਆ ਇਸ ’ਚ ਗੁਰਮਤਿ ਵਿਚਾਰਧਾਰਾ ਦੇ ਵਿਭਿੰਨ ਸਰੋਕਾਰ ਖ਼ੁਦ-ਬ-ਖ਼ੁਦ ਸੰਚਾਰਤ ਹੋ ਗਏ, ਜਿਨ੍ਹਾਂ ’ਚੋਂ ਕੁਝ ਇਕ ਸੰਬੰਧੀ ਹੀ ਇਥੇ ਸੰਖੇਪ ’ਚ ਵਿਚਾਰ ਕੀਤੀ ਜਾਣੀ ਸੰਭਵ ਹੈ।

ਗੁਰੂ ਸਾਹਿਬ ਦੀ ਬਾਣੀ ਸਾਨੂੰ 63 ਸਲੋਕਾਂ ਦੇ ਰੂਪ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਵੱਖ-ਵੱਖ ਗੁਰੂ ਸਾਹਿਬਾਨ ਦੁਆਰਾ ਉਚਾਰਨ ਕੀਤੀਆਂ ਗਈਆਂ ਵਾਰਾਂ ਦੇ ਵਿਚ ਸ਼ਾਮਲ ਮਿਲਦੀ ਹੈ ਜਿਸ ਨੂੰ ਇਸ ਰੂਪ ’ਚ ਇਸ ਲਾਸਾਨੀ ਗ੍ਰੰਥ ਦੀ ਸੰਪਾਦਨਾ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਅੰਕਿਤ ਕੀਤੀ ਗਈ ਜਿਸ ਦਾ ਵਿਵਰਣ ਇਸ ਪ੍ਰਕਾਰ ਹੈ:

ਸਿਰੀਰਾਗੁ ਕੀ ਵਾਰ ਮ: 4       2 ਸਲੋਕ
ਮਾਝ ਕੀ ਵਾਰ ਮ: 1            12 ਸਲੋਕ
ਆਸਾ ਕੀ ਵਾਰ ਮ: 1           15 ਸਲੋਕ
ਸੋਰਠਿ ਕੀ ਵਾਰ ਮ: 4           1 ਸਲੋਕ
ਸੂਹੀ ਕੀ ਵਾਰ ਮ: 3            11 ਸਲੋਕ
ਰਾਮਕਲੀ ਕੀ ਵਾਰ ਮ: 3       7 ਸਲੋਕ
ਮਾਰੂ ਕੀ ਵਾਰ ਮ: 3            1 ਸਲੋਕ
ਸਾਰੰਗ ਕੀ ਵਾਰ ਮ: 4           9 ਸਲੋਕ
ਮਲਾਰ ਕੀ ਵਾਰ ਮ: 1           5 ਸਲੋਕ
ਕੁੱਲ ਜੋੜ                   63 ਸਲੋਕ

ਉਕਤ ਵਿਵਰਣ ’ਚੋਂ ਇਕ ਗੱਲ ਉਚੇਚੀ ਧਿਆਨ ਦੇਣ ਯੋਗ ਮਹਿਸੂਸ ਹੁੰਦੀ ਹੈ। ਉਹ ਇਹ ਹੈ ਕਿ ਸਭ ਤੋਂ ਵੱਧ ਗਿਣਤੀ ’ਚ ਸਲੋਕ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀਆਂ ਗਈਆਂ ਵਾਰਾਂ ਨਾਲ ਸੰਮਿਲਤ ਹਨ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਸਲੋਕਾਂ ਦਾ ਵਿਸ਼ੇ-ਵਸਤੂ ਤੇ ਭਾਵ-ਜਗਤ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਨ ਕੀਤੀ ਗਈ ਬਾਣੀ ਨਾਲ ਵਧੇਰੇ ਜੁੜਦਾ ਹੈ। ਇਸ ਦਾ ਮੂਲ ਇਤਿਹਾਸਕ ਕਾਰਨ ਸ੍ਰੀ ਗੁਰੂ ਅੰਗਦ ਸਾਹਿਬ ਦੀ ਭਾਈ ਲਹਿਣਾ ਜੀ ਦੇ ਰੂਪ ’ਚ ਪਹਿਲੇ ਸਤਿਗੁਰਾਂ ਨਾਲ ਨੇੜਤਾ ਅਤੇ ਉਨ੍ਹਾਂ ਦੁਆਰਾ ਉਚਾਰੀ ਗਈ ਬਾਣੀ ਦਾ ਬਹੁਤ ਹੀ ਡੂੰਘਾ ਪ੍ਰਭਾਵ ਗ੍ਰਹਿਣ ਕਰਨਾ ਸਹਿਜ ਸੁਭਾਵਕ ਹੀ ਨਿਰਧਾਰਤ ਕੀਤਾ ਜਾ ਸਕਦਾ ਹੈ। ਕੁਝ ਥਾਈਂ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਦੀਆਂ ਤੁਕਾਂ ਹੀ ਬਹੁਤ ਹੱਦ ਤਕ ਮੇਲ ਖਾਂਦੀਆਂ ਹੋਈਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਜਿਵੇਂ:

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ (ਪੰਨਾ 1)

ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ॥
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ॥ (ਪੰਨਾ 147)

ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ’ਚ ਗੁਰਮਤਿ-ਅਨੁਸਾਰੀ ਆਦਰਸ਼ ਸੇਵਕ ਦੇ ਗੁਣਾਂ ਦਾ ਵਿਵੇਚਨ ਕੀਤਾ ਗਿਆ ਹੈ। ਇਸ ਵਿਚਾਰ-ਤੱਤ ਨੂੰ ਪ੍ਰਮੁੱਖਤਾ ਮਿਲਣ ਦੇ ਦੋ ਪ੍ਰਮੁੱਖ ਕਾਰਨ ਪ੍ਰਤੀਤ ਹੁੰਦੇ ਹਨ। ਪਹਿਲਾ ਕਿ ਸੇਵਾ ਗੁਰਮਤਿ ਵਿਚਾਰਧਾਰਾ ਰੂਪੀ ਮਹੱਲ ਦੀ ਤੇ ਜੀਵਨ-ਢੰਗ ਦੀ ਮੂਲ ਆਧਾਰਸ਼ਿਲਾ ਹੈ। ਗੁਰਮਤਿ ਅਨੁਸਾਰ ਸੇਵਾ ਬਿਨਾਂ ਇਹ ਹੱਥ ਇਹ ਪੈਰ ਧਿੱਕਾਰ ਹਨ, ਇਸ ਸਰੀਰ ਦੀ ਸਾਰਥਕਤਾ ਮਨੁੱਖਤਾ ਦੀ ਨਿਸ਼ਕਾਮ ਸੇਵਾ ਵਿਚ ਹੀ ਹੈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਬੱਧੋ-ਰੁੱਧੀ ਅਤੇ ਦਿਖਾਵੇ ਦੀ ਸੇਵਾ ਅਤੇ ਆਦਰਸ਼ ਸੇਵਾ ਵਿਚਕਾਰ ਨਿਖੇੜਾ ਕੀਤਾ ਹੈ। ਆਪ ਜੀ ਅਨੁਸਾਰ ਸੇਵਾ ਅਹੰਕਾਰ ਗੁਆ ਕੇ ਹੀ ਹੋ ਸਕਦੀ ਹੈ। ਇਹ ਗੱਲੀਂ-ਬਾਤੀਂ ਨਹੀਂ ਹੋ ਸਕਦੀ। ਉਸ ਸਰਬ-ਸਮਰੱਥ ਮਾਲਕ ਨੂੰ ਸੇਵਾ ਦੇ ਨਾਂ ’ਤੇ ਧੋਖਾ ਨਹੀਂ ਦਿੱਤਾ ਜਾ ਸਕਦਾ। ਆਪ ਜੀ ਸੂਖ਼ਮ ਵਿਅੰਗ-ਵਿਧੀ ਦੁਆਰਾ ਦਿਖਾਵੇ ਦੀ ਸੇਵਾ ਕਰਨ ਵਾਲਿਆਂ ਦੇ ਦੰਭ ਨੂੰ ਉਜਾਗਰ ਕਰਦੇ ਹਨ। ਆਪ ਜੀ ਫ਼ਰਮਾਨ ਕਰਦੇ ਹਨ ਕਿ ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ ਸਿਰ ਨਿਵਾਂਦਾ ਹੈ ਅਤੇ ਕਦੇ ਉਸ ਦੇ ਕੀਤੇ ਉੱਤੇ ਇਤਰਾਜ਼ ਕਰਦਾ ਹੈ, ਉਹ ਮਾਲਕ ਦੀ ਰਜ਼ਾ ਦੇ ਰਾਹ ’ਤੇ ਤੁਰਨ ਤੋਂ ਉੱਕਾ ਹੀ ਖੁੰਝਿਆ ਜਾ ਰਿਹਾ ਹੈ। ਹੇ ਨਾਨਕ! ਇਹ ਸਿਰ ਨਿਵਾਈ ਅਤੇ ਇਤਰਾਜ਼ ਦੋਵੇਂ ਹੀ ਝੂਠੇ ਰਸਤੇ ਹਨ, ਇਨ੍ਹਾਂ ਦੋਹਾਂ ਵਿੱਚੋਂ ਕੋਈ ਗੱਲ ਭੀ ਮਾਲਕ ਦੇ ਦਰ ’ਤੇ ਕਬੂਲ ਨਹੀਂ ਪੈਂਦੀ। ਕਹਿਣ ਤੋਂ ਭਾਵ ਪਰਮਾਤਮਾ ਦੇ ਭਗਤ ਦਾ ਇਹ ਜ਼ਰੂਰੀ ਲੱਛਣ ਹੈ ਕਿ ਉਹ ਜੀਵਨ ਵਿਚ ਵਾਪਰਦੇ ਸੁਖ-ਦੁੱਖ ਵੇਲੇ ਅਡੋਲ ਰਹੇ:

ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ॥
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ॥
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ॥
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ॥ (ਪੰਨਾ 474)

ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥ (ਉਹੀ)

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ॥
ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ॥ (ਪੰਨਾ 475)

ਗੁਰਮਤਿ ਵਿਚਾਰਧਾਰਾ ਪ੍ਰੇਮ-ਭਗਤੀ ’ਤੇ ਆਧਾਰਤ ਹੈ। ਇਸ ’ਚ ਕਰਮਕਾਂਡ ਨੂੰ ਕੋਈ ਮਾਨਤਾ ਨਹੀਂ, ਇਸ ’ਚ ਪੂਜਾ-ਵਿਧੀਆਂ ਦਾ ਅਮਲ ਮੂਲੋਂ ਹੀ ਕੋਈ ਮਹੱਤਵ ਨਹੀਂ ਰੱਖਦਾ। ਪ੍ਰੇਮ-ਭਗਤੀ ਹਿਰਦੇ ਦੀ ਵੱਥ ਹੈ, ਇਸ ਦਾ ਸੋਮਾ ਇਨਸਾਨੀ ਹਿਰਦਾ ਹੈ, ਉਹ ਹਿਰਦਾ ਜੋ ਦ੍ਰਿਸ਼ਟਮਾਨ ਬਾਹਰੀ ਭੌਤਿਕ ਸੰਸਾਰ ’ਚ ਵਿਚਰਦਾ ਤਾਂ ਹੈ ਪਰ ਖਚਿਤ ਨਹੀਂ ਹੁੰਦਾ। ਸੰਸਾਰ ਅਤੇ ਪ੍ਰਭੂ-ਪਿਆਰ ’ਚ ਮਨੁੱਖ ਨੂੰ ਆਦਰਸ਼ ਸਮਤੋਲ ਦੀ ਜੋ ਰਮਜ਼ ਬਖਸ਼ਿਸ਼ ਕੀਤੀ ਗਈ ਹੈ ਉਹ ਸੰਸਾਰ ਦੇ ਅਧਿਆਤਮਕ ਸਾਹਿਤ ’ਚ ਕੇਵਲ ਤੇ ਕੇਵਲ ਗੁਰਮਤਿ ਸਾਹਿਤ ’ਚੋਂ ਹੀ ਮਿਲਦੀ ਹੈ। ਗੁਰਮਤਿ ਵਿਚਾਰਧਾਰਾ ਮਨੁੱਖ ਨੂੰ ਸੁਝਾਅ ਦਿੰਦੀ ਹੈ ਕਿ ਜਗਤ ’ਚ ਆਪਣੇ ਜ਼ਿੰਮੇ ਆਇਦ ਹਰੇਕ ਕਰਤੱਵ ਨੂੰ ਪੂਰਨ ਜ਼ਿੰਮੇਵਾਰੀ ਸਹਿਤ ਨਿਭਾਉਣਾ ਹੈ। ਇਸ ਤੋਂ ਪੱਲਾ ਝਾੜ ਕੇ ਜੰਗਲਾਂ ਦਾ ਰੁਖ਼ ਨਹੀਂ ਕਰਨਾ। ਦਿਖਾਵੇ ਦੀਆਂ ਸਮਾਧੀਆਂ ਲਾਉਣ ਦੀ ਤੇ ਸਰੀਰ ਨੂੰ ਅਖੌਤੀ ਤਪਾਂ, ਵਰਤਾਂ, ਚਿਲ੍ਹਿਆਂ ਆਦਿ ਦੇ ਕਸ਼ਟ ਦੇਣ ਦੀ ਕੋਈ ਲੋੜ ਨਹੀਂ। ਲੋੜ ਹੈ ਤਾਂ ਬਾਹਰੀ ਦ੍ਰਿਸ਼ਟਮਾਨ ਜਗਤ ਦੇ ਨਿਤ ਬਦਲਦੇ ਸਰੂਪ ਨੂੰ ਸਮਝਣ ਦੀ, ਲੋੜ ਹੈ ਤਾਂ ਇਨਸਾਨੀ ਨਾਸ਼ਮਾਨ ਸਰੀਰ ਦੀ ਅਸਥਿਰਤਾ ਤੇ ਨਾਸ਼ਮਾਨਤਾ ਨੂੰ ਸਮਝਦਿਆਂ ਇਸ ਪ੍ਰਤੀ ਉਲਾਰ ਤੋਂ ਬਚਣ ਦੀ ਜਿਸ ਉਲਾਰ ’ਚ ਫਸਿਆ ਮਨੁੱਖੀ ਜੀਵ ਧੋਖੇ, ਠੱਗੀ, ਫ਼ਰੇਬ, ਅਣਚਾਹੀਆਂ ਚੁਸਤੀਆਂ-ਚਲਾਕੀਆਂ ਦੇ ਕੁਰਾਹੇ ਪੈਂਦਾ ਹੈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਇਸ ਪ੍ਰਥਾ ਦੇ ਸਾਨੂੰ ਰਮਜ਼ ਬਖ਼ਸ਼ਿਸ਼ ਕਰਦਿਆਂ ਫ਼ਰਮਾਨ ਕਰਦੇ ਹਨ ਕਿ ਜਿਨ੍ਹਾਂ ਮਨੁੱਖਾਂ ਨੇ ‘ਇਸ ਦ੍ਰਿਸ਼ਟਮਾਨ ਜਗਤ ਤੋਂ ਇਕ ਦਿਨ ਚਲੇ ਜਾਣਾ ਹੈ’ ਦੀ ਹਕੀਕਤ ਨੂੰ ਸਮਝ ਲਿਆ ਹੈ ਉਹ ਇਥੇ ਲੋੜੋਂ ਵੱਧ ਖਿਲਾਰਾ ਕਿਉਂ ਖਿਲਾਰਨਗੇ:

ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ॥ (ਪੰਨਾ 787)

ਕਹਿਣ ਤੋਂ ਭਾਵ ਮਨੁੱਖ ਨੂੰ ਹੱਦੋਂ ਵੱਧ ਮੱਲਾਂ ਮੱਲਣ, ਕੋਠੀਆਂ ਬੰਗਲੇ ਆਦਿ ਬਣਾਉਣ ਦੀ ਲੋੜ ਨਹੀਂ। ਹਾਂ, ਰੋਟੀ, ਕੱਪੜਾ ਤੇ ਮਕਾਨ ਉਸ ਦੀਆਂ ਮੁੱਢਲੀਆਂ ਲੋੜਾਂ ਅਵੱਸ਼ ਹਨ ਜਿਨ੍ਹਾਂ ਦੀ ਪੂਰਤੀ ਮਨੁੱਖ ਨੂੰ ਉਸ ਦੀ ਸੁੱਚੀ ਕਿਰਤ ਬਦਲੇ ਵਕਤ ਦੇ ਸਮਾਜਕ-ਰਾਜਸੀ ਪ੍ਰਬੰਧ ਨੂੰ ਕਰਵਾਉਣੀ ਜ਼ਰੂਰ ਬਣਦੀ ਹੈ। ਧਨ ਦੇ ਅੰਬਾਰ ਲਾਉਣ ਤੇ ਤਿਜੌਰੀਆਂ ਭਰਨ ਦਾ ਰੁਝਾਨ ਗ਼ੈਰ-ਗੁਰਮਤਿ ਤੇ ਅਣਮਨੁੱਖੀ ਹੈ। ਗੁਰੂ ਸਾਹਿਬ ਰਮਜ਼ ਬਖਸ਼ਿਸ਼ ਕਰਦੇ ਹਨ ਕਿ ਜ਼ਿੰਦਗੀ ਰੂਪੀ ਰਾਤ ਹੀ ਤਾਂ ਮਨੁੱਖ ਨੇ ਗੁਜ਼ਾਰਨੀ ਹੈ, ਸੁਬ੍ਹਾ ਹੋਣ ਸਾਰ ਤਾਂ ਉਸ ਨੇ ਤੁਰਦਾ ਬਣਨਾ ਹੈ; ਇਕੱਤਰ ਕੀਤਾ ਧਨ ਮਨੁੱਖ ਦੇ ਨਾਲ ਤਾਂ ਜਾਣਾ ਨਹੀਂ ਇਸ ਕਰਕੇ ਧਨ ਜੋੜਨ ਦੇ ਉਲਾਰ ’ਚ ਫਸੇ ਮਨੁੱਖ ਨੂੰ ਇਸ ਦੁਨੀਆਂ ਨੂੰ ਛੱਡਣ ਸਮੇਂ ਪਸਚਾਤਾਪ ਹੀ ਪੱਲੇ ਪੈਂਦਾ ਹੈ:

ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ॥
ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ॥ (ਪੰਨਾ 787)

ਗੁਰਮਤਿ/ਗੁਰਬਾਣੀ ਅਨੁਸਾਰ ਇਹੀ ਰੂਹਾਨੀਅਤ ਹੈ, ਇਹੀ ਅਧਿਆਤਮਿਕਤਾ ਹੈ। ਗੁਰਮਤਿ/ਗੁਰਬਾਣੀ ਦੇ ਅਧਿਆਤਮਕ ਦੇ ਦਰਅਸਲ ਤਿੰਨ ਹਿੱਸੇ ਹਨ। ਨਾਮ-ਭਗਤੀ, ਗੁਰੂ-ਭਗਤੀ ਅਤੇ ਮਨ ਦੇ ਸੰਜਮ ’ਤੇ ਟਿਕਿਆ ਨੈਤਿਕ ਅਚਾਰ। ਇਸ ਸੰਬੰਧੀ ਅਤਿਅੰਤ ਢੁਕਵੇਂ ਸ਼ਬਦਾਂ ’ਚ ਗੁਰਮਤਿ ਦੀ ਡੂੰਘੀ ਸੋਝੀ ਰੱਖਣ ਵਾਲੇ ਡਾ. ਤਾਰਨ ਸਿੰਘ ਦੇ ਇਹ ਕਥਨ ਵਿਚਾਰਨ ਤੇ ਅਪਣਾਉਣ ਯੋਗ ਹਨ:

“ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਦਰਸ਼ਨ ਦੇ ਤਿੰਨ ਭਾਗ ਜਾਂ ਪੱਖ ਹਨ। ਪਹਿਲਾ ਭਾਗ ਹੈ ‘ਅਧਿਆਤਮਿਕਤਾ ਜਿਸ ਵਿਚ ਨਿਰਣਾ ਕੀਤਾ ਹੈ ਕਿ ਸਾਰੇ ਜੀਵ-ਜਗਤ ਬ੍ਰਹਮੰਡ ਪਸਾਰੇ ਪਿੱਛੇ ਤੱਤ-ਸਾਰ ਸ੍ਰੇਸ਼ਟ ਵਸਤੂ ਕੀ ਹੈ ਅਤੇ ਉਸ ਦਾ ਪਸਾਰੇ ਨਾਲ ਕੀ ਸੰਬੰਧ ਹੈ। ਇਹ ਨਿਰੋਲ ਸ਼ਾਸਤਰ ਜਾਂ Metaphysics ਹੈ। ਦੂਜਾ ਭਾਗ ਇਹ ਹੈ ਕਿ ਜੀਵ ਪਾਸਾਰੇ ਦੀ ਕੈਦ ਵਿੱਚੋਂ ਕਿਵੇਂ ਨਿਕਲ ਕੇ ਸਰਬ-ਵਿਆਪੀ ਅਬਿਨਾਸ਼ੀ ਬ੍ਰਹਮ ਜੋ ਸਾਰੇ ਪਾਸਾਰੇ ਵਿਚ ਤੱਤ-ਵਸਤੂ ਹੈ, ਨਾਲ ਕਿਵੇਂ ਮਿਲ ਸਕਦਾ ਹੈ? ਇਹ ਧਰਮ ਸ਼ਾਸਤਰ ਹੈ ਭਾਵ ਸ਼ਾਸਤਰ ਦਾ ਉਹ ਭਾਗ ਜੋ ਮੁਕਤੀ ਪ੍ਰਾਪਤ ਕਰਨ ਦੇ ਸਾਧਨ ਦੱਸਦਾ ਹੈ ਜਿਵੇਂ ਕਿ ਨਾਮ-ਭਗਤੀ, ਗੁਰੂ-ਭਗਤੀ, ਮਨ ਦਾ ਸੰਜਮ ਆਦਿ। ਤੀਜਾ ਭਾਗ ਸਦਾਚਾਰ ਦਾ ਸਮਾਜਕ ਜੀਵਨ ਦਾ ਹੈ ਜੋ ਇਹ ਨਿਰੂਪਣ ਕਰਦਾ ਹੈ ਕਿ ਮਾਨਵੀ ਧਰਮ ਮਨੁੱਖ ਦੇ ਤੌਰ ’ਤੇ ਕੀ ਹੈ ਜਾਂ ਮਨੁੱਖ ਦਾ ਹੋਰ ਮਨੁੱਖ, ਜੀਵਾਂ ਤੇ ਕੁਦਰਤ ਨਾਲ ਕੀ ਸੰਬੰਧ ਹੋਣਾ ਚਾਹੀਦਾ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ‘ਦਰਸ਼ਨ’ ਦੇ ਮੁਖ ਸਿਧਾਂਤ ਭਾਰਤੀ ਦਰਸ਼ਨ ਦੇ ਤੱਤ ਅਨੁਸਾਰ ਹੀ ਹਨ। ਸੋ ਇਸ ਗ੍ਰੰਥ ਵਿੱਚੋਂ ਨਿਸਚਿਤ ਕੀਤੇ ਜਾਣ ਵਾਲੇ ਸਿਧਾਂਤ ਇਨ੍ਹਾਂ ਬਾਰੇ ਹਨ:

(ੳ) ਬ੍ਰਹਮ, ਆਤਮਾ, ਜਗਤ (ਮਾਇਆ),
(ਅ) ਨਾਮ, ਗੁਰੂ, ਮਨ ਅਤੇ
(ੲ) ਸਦਾਚਾਰ, ਸਮਾਜਕ, ਧਰਮ ਆਦਿ।”

(‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਾਰਸ਼ਨਿਕ ਸਿਧਾਂਤ’(ਫ਼ਲਸਫਾ) ਪੁਸਤਕ ‘ਸਿੱਖ ਸਿੱਖੀ ਅਤੇ ਸਿਧਾਂਤ’ ਪੰਨਾ 205)

ਗੁਰਮਤਿ ਚਿੰਤਨ ਉੱਪਰ ਡੂੰਘਾ ਵਿਸ਼ਲੇਸ਼ਣ ਕਾਰਜ ਕਰਨ ਵਾਲੇ ਇਕ ਹੋਰ ਪ੍ਰਮਾਣੀਕ ਵਿਦਵਾਨ ਨੇ ਮੂਲ ਧਰਮ ਨੂੰ ਆਸਤਿਕਵਾਦ/ਪਰਮਾਰਥ ਵਜੋਂ ਵਿਚਾਰਦਿਆਂ ਇਸ ਦੇ ਚਾਰ ਮੂਲ ਆਧਾਰ ਨਿਰਧਾਰਤ ਕੀਤੇ ਹਨ:

“ਆਸਤਿਕ ਧਰਮਾਂ ਦੀਆਂ ਚਾਰ ਬੁਨਿਆਦੀ ਮੰਨਤਾਵਾਂ ਐਸੀਆਂ ਹਨ ਜਿਨ੍ਹਾਂ ਨੂੰ ‘ਪਰਮਾਰਥ’ ਕਹਿ ਕੇ ਵਡਿਆਇਆ ਜਾਂਦਾ ਰਿਹਾ ਹੈ ਅਤੇ ਇਨ੍ਹਾਂ ਦੇ ਆਸਰੇ ਹੀ ਧਰਮ ਮੰਡਲ ਕਾਇਮ ਹਨ। ਇਹ ਥੰਮ੍ਹ ਹਨ-

(1) ਧਰਮ ਦੀ ਮੰਨਤਾ
(2) ਪਰਮਾਤਮਾ ਦੀ ਮੰਨਤਾ
(3) ਆਤਮਾ ਦੀ ਮੰਨਤਾ
(4) ਆਚਾਰ ਸੰਹਿਤਾ ਦੀ ਮੰਨਤਾ

ਇਹ ਸੁਭਾਗ ਧਰਮ ਨੂੰ ਹੀ ਪ੍ਰਾਪਤ ਹੈ ਕਿ ਉਸ ਨੇ ਮਾਨਸਿਕ ਸਾਧਨਾਂ ਦੁਆਰਾ ਪਸ਼ੂ ਪਰੇਤ ਦੇਵਤੇ ਬਣਾਏ। ਸੁਕਰਾਤ, ਬੁੱਧ, ਕਨਫਯੂਸ਼ੀਅਸ, ਈਸਾ ਮਸੀਹ, ਗੁਰੂ ਨਾਨਕ ਜਿਹੇ ਪਰਮ ਪੁਰਖ ਧਾਰਮਿਕ ਮੰਡਲ ਵਿੱਚੋਂ ਹੀ ਉਜਾਗਰ ਹੋਏ ਤੇ ਉਨ੍ਹਾਂ ਦੀ ਦਿੱਤੀ ਸੇਧ ਨੇ ਹੀ ਮਨੁੱਖਤਾ ਦਾ ਜੀਵਨ-ਮਾਰਗ ਰੁਸ਼ਨਾਇਆ।”

(‘ਆਸਤਿਕਵਾਦ ਦੇ ਚਾਰ ਥੰਮ੍ਹ’ ਪੁਸਤਕ ‘ਗੁਰੂ-ਘਰ’, ਪ੍ਰੋ. ਪਿਆਰਾ ਸਿੰਘ ਪਦਮ, ਪੰਨਾ 49)

“ਪ੍ਰੋ. ਸਾਹਿਬ ਦਾ ਵਿਸ਼ਲੇਸ਼ਣ ਅਤਿਅੰਤ ਡੂੰਘਾ ਤੇ ਸਾਰਥਕ ਸੇਧ ਵਾਲਾ ਹੈ। ਆਪ ਦੇ ਸ਼ਬਦਾਂ ਵਿਚ ‘ਧਰਮ ਕੀ ਹੈ, ਧਰਮ ਕੀ ਨਹੀਂ ਹੈ- ਇਹ ਦੋਵੇਂ ਗੱਲਾਂ ਵਿਚਾਰਨ ਵਾਲੀਆਂ ਹਨ, ਕਿਉਂਕਿ ਵਰਤਮਾਨ ਯੁੱਗ ਨੇ ਧਰਮ ਬਾਰੇ ਬਹੁਤ ਸਾਰੇ ਅਨੋਖੇ ਸ਼ੰਕੇ ਖੜ੍ਹੇ ਕੀਤੇ ਹੋਏ ਹਨ ਜਦਕਿ ਪੁਰਾਣੇ ਲੋਕ ਧਰਮ ਦਾ ਇਹ ਅਰਥ ਕਰਿਆ ਕਰਦੇ ਸਨ ਕਿ ਜਿਸ ਨੇ ਸਾਰੀ ਕਾਇਨਾਤ ਜਾਂ ਵਿਸ਼ਵ ਨੂੰ ਧਾਰਨ ਕੀਤਾ ਹੋਇਆ ਹੈ… ਇਹ ਇਕ ਵਿਸ਼ਵ ਨੇਮ (cosmic law) ਹੀ ਹੈ ਜਿਸ ਨੇ ਇਸ ਨਿਜ਼ਾਮ ਨੂੰ ਇੱਕ ਸੂਤਰ ਵਿਚ ਪਰੋ ਕੇ ਸਥਾਪਨ ਕੀਤਾ ਹੋਇਆ ਹੈ। ਇਹ ਕੋਈ ਸਥੂਲ ਭੌਤਿਕ ਪਦਾਰਥ ਤਾਂ ਸ਼ਾਇਦ ਨਹੀਂ, ਕੋਈ ਸੂਖ਼ਮ ਤੱਤ ਹੀ ਸੰਭਵ ਹੈ। ਪਿੱਛੋਂ ਜਾ ਕੇ ਧਰਮ ਦੇ ਇਹ ਅਰਥ ਵੀ ਕੀਤੇ ਜਾਣ ਲੱਗੇ ਕਿ ਧਾਰਣ ਯੋਗ ਨੇਮਾਵਲੀ ਧਰਮ ਹੈ, ਜਿਸ ਦੇ ਸਿਰ ਸਦਕੇ ਮਨੁੱਖ ਉਤਕ੍ਰਿਸ਼ਟ ਪਦਵੀ ਪਾਉਂਦਾ ਹੈ।… ਜਿਸ ਨੇ… ਦੈਵੀ ਇੱਛਾ ਨੂੰ ਜਾਣ ਲਿਆ, ਪਛਾਣ ਲਿਆ ਉਸ ਨੇ ਆਪਣੀ ਹਉਮੈ ਤਿਆਗ ਕੇ ਧਰਮ ਦਾ ਰਾਜ਼ ਪਾ ਲਿਆ, ਉਸ ਦੇ ਲਈ ਇਹ ਹੁਕਮ ਹੀ ਧਰਮ ਹੈ ਅਤੇ ਉਸ ਦੇ ਭਾਣੇ ਵਿਚ ਚੱਲਣਾ ਹੀ ਧਾਰਮਿਕ ਕਾਰ ਹੈ। ਧਰਮ ਦੇ ਇਹ ਵਿਸ਼ਾਲ ਅਰਥ ਅਧਿਆਤਮਕ ਮੰਡਲ ਨਾਲ ਤਅੱਲਕ ਰੱਖਦੇ ਹਨ ਤੇ ਸ਼ਾਇਦ ਹਰ ਕੋਈ ਇਹ ਇਕਦਮ ਆਪਣੇ ਅਨੁਭਵ ਵਿਚ ਨਾ ਲਿਆ ਸਕੇ।” (ਉਹੀ, ਪੰਨਾ 50)

 “…ਮਨੁੱਖ ਦੀ ਸ਼ੈਤਾਨੀ ਬਿਰਤੀ ਹਰ ਚੰਗੀ ਚੀਜ਼ ਦਾ ਮੰਦਾ ਪ੍ਰਯੋਗ ਕਰ ਕੇ ਉਸ ਨੂੰ ਕਲੰਕਿਤ ਕਰਦੀ ਆਈ ਹੈ ਅਤੇ ਸੱਚ ਦੀ ਤਾਂ ਕੱਚ ਦੇ ਸੌਦੇ ਕਰਕੇ ਆਪਣਾ ਵਣਜ ਵਧਾਉਂਦੀ ਰਹੀ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ-

ਧਰਮ ਕੀ ਨਹੀਂ?

1. ਧਰਮ ਸੰਪਰਦਾਇਕ ਸੰਕੀਰਣਤਾ ਜਾਂ ਫਿਰਕਾਪ੍ਰਸਤੀ ਨਹੀਂ।
2. ਧਰਮ ਕੱਟੜਤਾ ਨਹੀਂ, ਮੂਲਵਾਦੀ ਹੋਣਾ ਨਹੀਂ।
3. ਧਰਮ ਨਿਰਾ ਕਰਮਕਾਂਡ ਜਾਂ ਬਾਹਰੀ ਭੇਖ ਦਿਖਾਵਾ ਨਹੀਂ।
4. ਧਰਮ ਵਹਿਮ-ਭਰਮ ਜਾਂ ਕਲਪਿਤ ਹਵਾਈ ਕਿਲ੍ਹਾ ਨਹੀਂ।
5. ਧਰਮ ਜਾਦੂ-ਟੂਣਾ ਜਾਂ ਕਰਾਮਾਤੀ ਚਮਤਕਾਰ ਨਹੀਂ।
6. ਧਰਮ ਨਿਰਾ ਗਿਆਨ ਜਾਂ ਸਿਧਾਂਤਕ ਵਾਦ-ਵਿਵਾਦ ਨਹੀਂ।
7. ਧਰਮ ਅਫ਼ੀਮ ਵੀ ਨਹੀਂ।

ਇਸ ਨੇ ਘੂਕ ਸੁੱਤੇ ਗਾਫ਼ਲ ਮਨੁੱਖ ਨੂੰ ਸਦਾ ਜਗਾ ਕੇ ਸਾਵਧਾਨ ਕੀਤਾ ਤੇ ਨੇਕੀ ਦੀ ਮੰਜ਼ਲ ਦਾ ਕਰਮਯੋਗ ਪਾਂਧੀ ਬਣਾਇਆ ਹੈ…. ਨੇਕੀ ਦੇ ਜਿਤਨੇ ਸ੍ਰੇਸ਼ਟ ਗੁਣ ਹਨ- ਸਤ, ਸੰਤੋਖ, ਧੀਰਜ, ਦਇਆ, ਖਿਮਾ, ਸ਼ਾਂਤੀ, ਸੰਜਮ, ਪਵਿੱਤਰਤਾ, ਨਿਮਰਤਾ, ਪਿਆਰ, ਸੇਵਾ, ਪਰਉਪਕਾਰ ਆਦਿ ਸਭ ਧਰਮ ਦੇ ਬਗੀਚੇ ਦੇ ਫਲ-ਫੁੱਲ ਹਨ, ਇਨ੍ਹਾਂ ਗੁਣਾਂ ਨੇ ਹੀ ਧਰਮ ਦੀ ਸ਼ੋਭਾ ਵਧਾਈ ਹੈ।…ਧਰਮ ਦ੍ਰਿਸ਼ਟਮਾਨ ਜਗਤ ਪਿੱਛੇ ਅਦ੍ਰਿਸ਼ਟ ਸੱਤਾ ਵਿਚ ਵਿਸ਼ਵਾਸ ਦ੍ਰਿੜ੍ਹ ਕਰਾਉਂਦਾ ਹੈ।… ਸਰਬ-ਵਿਆਪਕ ਪ੍ਰੇਮ ਸਰੂਪ ਪਰਮੇਸ਼ਰ ਦਾ ਅਨੁਭਵ ਇਤਨਾ ਅਸੀਮ ਤੇ ਅਨੰਤ ਹੈ ਜਿਸ ਦੇ ਕਲਾਵੇ ਵਿਚ ਸਾਰਾ ਬ੍ਰਹਿਮੰਡ ਸਮਾ ਜਾਂਦਾ ਹੈ…।”  (ਉਹੀ, ਪੰਨੇ 52-53)

ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਉਕਤ ਵਿਚਾਰ ਅਧੀਨ ਆਏ ਧਰਮ ਦੇ ਸਾਕਾਰਾਤਮਕ ਤੱਤਾਂ ਦਾ ਮਨਮੋਹਕ ਭਾਵਪੂਰਤ ਸ਼ੈਲੀ ’ਚ ਕਾਵਿ-ਰੂਪਾਂਤਰਨ ਕਰਦੀ ਮਹਿਸੂਸ ਹੁੰਦੀ ਹੈ ਤੇ ਨਾਲ ਹੀ ਉਕਤ ਵਿਚਾਰ-ਚਰਚਾ ’ਚ ਆਏ ਨਿਸ਼ੇਧ ਤੱਤਾਂ (ਧਰਮ ਕੀ ਨਹੀਂ?) ਨੂੰ ਵੀ ਸਮਾਂਤਰ ਰੂਪ ’ਚ ਰੱਦ ਕਰਦੀ ਦਿੱਸਦੀ ਹੈ। ਇਸ਼ਕ ਅਤੇ ਆਸ਼ਕ ਦੀ ਗੁਰੂ ਸਾਹਿਬ ਦੀ ਅਨੁਭਵੀ ਸ਼ਬਦਾਵਲੀ ’ਚ ਕੀਤੀ ਪਰਿਭਾਸ਼ਾ ਦੇ ਕੀ ਕਹਿਣੇ:

ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ॥
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ॥ (ਪੰਨਾ 474)

ਮਜਬੂਰੀ ਦੀ ਹਾਲਤ ’ਚ ਕੀਤਾ ਗਿਆ ਕੋਈ ਵੀ ਪਰਮਾਰਥਕ ਜਾਂ ਸੰਸਾਰਕ ਕਾਰਜ ਗੁਰੂ ਸਾਹਿਬ ਦੀ ਗੁਰਮਤਿ ਦ੍ਰਿਸ਼ਟੀ ਅਨੁਸਾਰ ਬੇਅਰਥ ਹੈ:

ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ॥
ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ॥ (ਪੰਨਾ 787)

ਪਿਆਰੇ ਪਰਮਾਤਮਾ ਨੂੰ ਜੀਵਨ ਦੇ ਹਰ ਪਲ ਚੇਤੇ ਰੱਖਣ ਵਾਲੀ ਜੀਵ- ਇਸਤਰੀ ਮੌਜਾਂ ਮਾਣਦੀ ਹੈ, ਵਿਸਾਰ ਦੇਣ ਵਾਲੀ ਸੜਦੀ-ਭੁੱਜਦੀ ਰਹਿੰਦੀ ਹੈ:

ਨਾਨਕ ਤਿਨਾ ਬਸੰਤੁ ਹੈ ਜਿਨ੍‍ ਘਰਿ ਵਸਿਆ ਕੰਤੁ॥
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ॥ (ਪੰਨਾ 791)

ਗੁਰਬਾਣੀ ’ਚ ਜਿੱਥੇ-ਜਿੱਥੇ ਆਤਮਿਕ ਭਾਵ ਪ੍ਰਬਲਤਾ ਵਧੇਰੇ ਕਰਕੇ ਜ਼ੋਰਦਾਰ ਹੁੰਦੀ ਹੈ, ਬਹੁਤਾ ਕਰਕੇ ਉਥੇ ਮਨੁੱਖੀ ਜੀਵ ਨੂੰ ਇਸਤਰੀ ਦੇ ਰੂਪਕ ’ਚ ਪੇਸ਼ ਕੀਤਾ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਰਤੀ ਸਮਾਜਕ ਵਿਵਸਥਾ ’ਚ ਹਜ਼ਾਰਾਂ ਵਰ੍ਹਿਆਂ ਤੋਂ ਪੈਰ ਦੀ ਜੁੱਤੀ ਸਮਝੀ ਜਾਂਦੀ ਇਸਤਰੀ ਜਾਤੀ ਨੂੰ ਮੰਦਾ ਆਖਣ ਵਾਲਿਆਂ ’ਤੇ ‘ਕਿਉਂ’ ਦਾ ਦਲੀਲ-ਯੁਕਤ ਪ੍ਰਸ਼ਨ ਇਸ ਦੇ ‘ਜਗਤ ਜਣਨੀ’ ਹੋਣ ਦੇ ਆਧਾਰ ’ਤੇ ਜੋ ਉਠਾਇਆ ਸੀ, ਗੁਰੂ ਅੰਗਦ ਸਾਹਿਬ ਜੀ ਨੇ ਇਸੇ ਦੀ ਸੇਧ ’ਚ ਚੱਲਦਿਆਂ ਇਕ ਬਹੁਤ ਵੱਡਾ ਕਦਮ ਉਸ ਯੁੱਗ ਦੀਆਂ ਪ੍ਰਸਥਿਤੀਆਂ ਅਨੁਸਾਰ ਆਪਣੀ ਧਰਮ-ਪਤਨੀ ਬੀਬੀ ਖੀਵੀ ਜੀ ਨੂੰ ਗੁਰੂ-ਘਰ ਦੇ ਪ੍ਰਬੰਧ ’ਚ ਪ੍ਰਬੰਧਕ ਦਾ ਕਾਰਜ-ਭਾਰ ਸੌਂਪ ਕੇ ਚੁੱਕਿਆ ਜਿਹੜੇ ਖ਼ੁਦ ਖਡੂਰ ਸਾਹਿਬ ਵਿਖੇ ਲੰਗਰ ਦੇ ਨਿਗਰਾਨ ਤੇ ਵਰਤਾਵੇ ਹੋਣ ਦੀਆਂ ਡਿਊਟੀਆਂ ਨਿਭਾਉਂਦੇ ਰਹੇ, ਜਿਸ ਦਾ ਜ਼ਿਕਰ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ‘ਰਾਮਕਲੀ ਕੀ ਵਾਰ’ ’ਚ ਵੀ ਕੀਤਾ ਹੋਇਆ ਹੈ। ਉਸ ਉਪਰੰਤ ਸਾਡੇ ਗੁਰੂ ਸਾਹਿਬਾਨ ਨੇ ਆਪਣੇ-ਆਪਣੇ ਗੁਰਗੱਦੀ-ਕਾਲ ’ਚ ਇਸ ਪਰੰਪਰਾ ਨੂੰ ਉਸ ਵਕਤ ਦੇ ਸੰਦਰਭ ’ਚ ਹੋਰ ਪ੍ਰਫੁਲਤ ਕਰਨ ’ਚ ਆਪਣੇ ਭਰਵੇਂ ਯਤਨ ਵੀ ਕੀਤੇ ਜਿਸ ਨਾਲ ਸਿੱਖ ਸਮਾਜ ’ਚ ਪੁਰਸ਼ ਅਤੇ ਇਸਤਰੀ ਦਰਮਿਆਨ ਵਿਦਮਾਨ ਭਾਰਤੀ ਸਮਾਜ ਦਾ ਜ਼ਮੀਨ-ਅਸਮਾਨ ਜਿੰਨਾ ਖੱਪਾ ਬਹੁਤ ਹੱਦ ਤਕ ਪੂਰਿਆ ਗਿਆ। ਉਦਾਹਰਣ ਵਜੋਂ ਤੀਸਰੇ ਪਾਤਸ਼ਾਹ ਨੇ ਸਪੱਸ਼ਟ ਆਦੇਸ਼ ਕੀਤਾ ਕਿ ਗੁਰ-ਦਰਬਾਰ ’ਚ ਇਸਤਰੀਆਂ ਘੁੰਡ ਤੋਂ ਬਿਨਾਂ ਪੂਰੇ ਸਵੈਮਾਣ ਤੇ ਫ਼ਖ਼ਰ ਸਹਿਤ ਆਉਣ ਤੇ ਸੰਗਤ ’ਚ ਵਿਚਾਰ-ਗੋਸ਼ਟੀ ’ਚ ਭਾਈਵਾਲ ਬਣਨ। ਆਪ ਜੀ ਨੇ ਇਸਤਰੀਆਂ ਨੂੰ ਪ੍ਰਚਾਰਕ ਦੇ ਤੌਰ ’ਤੇ ‘ਪੀਹੜੇ’ ਪ੍ਰਦਾਨ ਕਰਦਿਆਂ ਉਨ੍ਹਾਂ ਨੂੰ ਬੇਝਿਜਕ ਹੋ ਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਦਾ ਕਾਰਜ ਸੌਂਪਿਆ। ਨਾਲ ਹੀ ਭਾਰਤੀ ਸਮਾਜ ਦੀ ਅਤਿ ਬੇਕਿਰਕ ਰੀਤੀ ਸਤੀ ਪ੍ਰਥਾ ਨੂੰ ਵੀ ਰੋਕਣ ਲਈ ਆਪਣੀ ਸਮੁੱਚੀ ਸ਼ਕਤੀ-ਸਮਰੱਥਾ ਅਮਲ ’ਚ ਲੈ ਆਂਦੀ। ਇਉਂ ਹੀ ਉੱਤਰ-ਕਾਲੀਨ ਗੁਰੂ- ਕਾਲ ਅਤੇ ਗੁਰੂ-ਪਾਤਸ਼ਾਹ ਤੋਂ ਮਗਰੋਂ ਦੇ ਵੱਖ-ਵੱਖ ਸਮਿਆਂ ’ਚ ਇਥੋਂ ਤਕ ਕਿ ਅਠਾਰ੍ਹਵੀਂ ਸਦੀ ਜਿਹੇ ਘੋਰ ਕੌਮੀ ਸੰਕਟ ਦੇ ਸਮੇਂ ਵੀ ਸਿੱਖ ਇਸਤਰੀਆਂ ਨੇ ਮਨੁੱਖੀ ਸਮਾਜ ਦੇ ਅੱਧੇ ਮਾਣਮੱਤੇ ਅੰਗ ਦੇ ਤੌਰ ’ਤੇ ਆਪਣਾ ਉਚਿਤ ਅਮਲ ਬਰਕਰਾਰ ਰੱਖਿਆ। ਅੱਜ ਭਾਵੇਂ ਓਪਰੀ ਨਜ਼ਰੇ ਤਾਂ ਕਈਆਂ ਨੂੰ ਇਸਤਰੀ, ਭਾਰਤ ’ਚ ਵੀ ਆਜ਼ਾਦੀ ਦੀ ਖੁਸ਼ੀ ਮਾਣਦੀ ਪ੍ਰਤੀਤ ਹੋ ਸਕਦੀ ਹੈ ਪਰ ਜ਼ਰਾ ਡੂੰਘੀ ਨੀਝ ਨਾਲ ਵਾਚੀਏ ਤਾਂ ਅੱਜ ਵੀ ਮਨੁੱਖੀ ਸਮਾਜ ਦੇ ਇਸ ਅੱਧੇ ਹਿੱਸੇ ਦੀ ਹਾਲਤ ਕਈ ਪੱਖਾਂ ਤੋਂ ਅਤਿਅੰਤ ਬੇਵਸੀ ਵਾਲੀ ਦਿੱਸੇਗੀ। ਦਾਜ ਦੀ ਲਾਹਨਤ ਉਸ ਨੂੰ ਜੀਣ ਨਹੀਂ ਦੇ ਰਹੀ, ਉਸ ਨੂੰ ਜੀਵਤ ਹੀ ਸਾੜ ਰਹੀ ਹੈ। ਪਤਨੀ, ਮਾਂ, ਭੈਣ, ਧੀ ਆਦਿ ਕੋਈ ਵੀ ਰਿਸ਼ਤਾ ਲੈ ਲਈਏ ਉਹ ਛੁਟਿਆਈ ਤੇ ਦੁਰਕਾਰੀ ਜਾ ਰਹੀ ਨਜ਼ਰ ਆਏਗੀ। ਹੋਰ ਤਾਂ ਹੋਰ, ਮੁੰਡੇ ਦੇ ਹੀ ਜੰਮਣ ਦੇ ਚਾਹਵਾਨ ਇਸਤਰੀ ਦੇ ਜਨਮ ਲੈਣ ਦੇ ਅਧਿਕਾਰ ਉੱਪਰ ਹੀ ਪਾਬੰਦੀ ਲਾ ਰਹੇ ਹਨ ਤੇ ਭਰੂਣ ਹੱਤਿਆ ਜਿਹਾ ਨਾ-ਮੁਆਫ਼ੀ ਯੋਗ ਕੋਝਾ ਕਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਵਿਰੁੱਧ ਹੁਕਮਨਾਮਾ ਜਾਰੀ ਹੋ ਜਾਣ ਤੇ ਕਾਨੂੰਨ ਬਣ ਜਾਣ ਮਗਰੋਂ ਵੀ ਅਜੇ ਵੀ ਕੀਤਾ ਜਾਣਾ ਜਾਰੀ ਹੈ।

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸਤਰੀ ਨੂੰ ਅਧਿਕਾਰ ਦੇਣ ਦੀ ਜੋ ਸ਼ੁਰੂਆਤ ਅੱਜ ਤੋਂ ਕਈ ਸਦੀਆਂ ਪਹਿਲਾਂ ਖਡੂਰ ਸਾਹਿਬ ਦੀ ਧਰਤੀ ਤੋਂ ਕੀਤੀ ਸੀ ਅੱਜ ਉਸ ਨੂੰ ਖਾਸ ਕਰਕੇ ਭਾਰਤੀ ਸਮਾਜ ਦੇ ਪੁਰਸ਼ ਵਰਗ ਨੂੰ ਤੇ ਇਸ ਤੋਂ ਵੀ ਉਚੇਚੇ ਤੌਰ ’ਤੇ ਦੁਨੀਆਂ ਭਰ ’ਚ ਵੱਸੇ ਗੁਰੂ ਨਾਨਕ ਨਾਮ-ਲੇਵਾ ਸਿੱਖਾਂ ਨੂੰ ਡੂੰਘੀ ਤਰ੍ਹਾਂ ਸਵੈ-ਪੜਚੋਲ ਕਰਨੀ ਬਣਦੀ ਹੈ ਕਿ ਕਿਤੇ ਅਸੀਂ ਵੀ ਤਾਂ ਸੁਚੇਤ ਜਾਂ ਅਚੇਤ ਤੌਰ ’ਤੇ ਇਸ ਪੱਖੋਂ ਗੁਰੂ-ਆਸ਼ੇ ਦੇ ਵਿਰੁੱਧ ਨਹੀਂ ਜਾ ਰਹੇ?

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)