editor@sikharchives.org
Bhagat Parmanand Ji

ਭਗਤ ਪਰਮਾਨੰਦ ਜੀ

ਆਪ ਆਪਣੇ ਆਪ ਨੂੰ ‘ਸਾਰੰਗ ਜਾਂ ਚਾਤ੍ਰਿਕ’ ਸਦਾਉਂਦੇ, ਇਹ ਪਦ ਇਨ੍ਹਾਂ ਦੀ ਨਿਰਮਾਣਤਾ ਤੇ ਅਧਿਆਤਮਕ ਪ੍ਰੇਮ-ਪਿਆਰ ਸੰਬੰਧ ਦਾ ਲਖਾਇਕ ਹੈ।
ਬੁੱਕਮਾਰਕ ਕਰੋ (0)
Please login to bookmark Close

Roop Singh

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਭਗਤ ਸਾਹਿਬਾਨ ਦੀ ਪਾਵਨ-ਪਵਿੱਤਰ, ਸਰਬ-ਕਲਿਆਣਕਾਰੀ ਬਾਣੀ ਦਰਜ ਹੈ, ਉਨ੍ਹਾਂ ਵਿੱਚੋਂ ਹੀ ਇਕ ਹਨ ਭਗਤ ਪਰਮਾਨੰਦ ਜੀ। ਭਗਤ ਪਰਮਾਨੰਦ ਜੀ ਦੀ ਜੀਵਨ-ਕਹਾਣੀ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਕੁਝ ਵਿਦਵਾਨਾਂ-ਵਿਚਾਰਵਾਨਾਂ ਦਾ ਮੱਤ ਹੈ ਕਿ ਭਗਤ ਪਰਮਾਨੰਦ ਜੀ ਦਾ ਜਨਮ 1389 ਈ. ਵਿਚ ਬੰਬਈ (ਮਹਾਂਰਾਸ਼ਟਰ) ਪ੍ਰਾਂਤ ਦੇ ਜ਼ਿਲ੍ਹੇ ਸ਼ੋਲਾਪੁਰ ਦੇ ਬਾਰਵੀਂ ਪਿੰਡ ਵਿਚ ਹੋਇਆ। ਭਗਤ ਜੀ ਬਾਲ-ਵਰੇਸ ਤੋਂ ਹੀ ਚੰਗੇ ਕਵੀ ਤੇ ਗਵੱਈਏ ਸਨ। ਭਗਤ ਰਾਮਾਨੰਦ ਜੀ ਦੇ ਚੇਲੇ ਬਣ, ਇਨ੍ਹਾਂ ਉੱਚ ਧਾਰਮਿਕ ਜੀਵਨ ਬਸਰ ਕੀਤਾ।

ਕੁਝ ਵਿਦਵਾਨਾਂ ਦੀ ਇਹ ਵੀ ਰਾਇ ਹੈ ਕਿ ਭਗਤ ਪਰਮਾਨੰਦ ਜੀ ਹਿੰਦੀ ਦੇ ‘ਅਸ਼ਟ ਛਾਪ’ ਵਾਲੇ ਕਵੀਆਂ ਵਿੱਚੋਂ ਆਏ ਪਰਮਾਨੰਦ ਦਾਸ ਹੀ ਸਨ। ਇਨ੍ਹਾਂ ਦਾ ਜਨਮ ਨਗਰ ਕਨੌਜ ਤੇ ਇਹ ਜਾਤ ਦੇ ਕੁਬਜ਼ ਬ੍ਰਾਹਮਣ ਸਨ। ਆਪ ਜੀ ਦੀ ਰਚਨਾ ਵਿਚ ਪ੍ਰੇਮਾ-ਭਗਤੀ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ ਬਾਰੇ ਇਹ ਵੀ ਲਿਖਿਆ ਮਿਲਦਾ ਹੈ ਕਿ ਕਈ ਵਾਰੀ ਇਹ ਇਕ-ਇਕ ਦਿਨ ਵਿਚ ਸੱਤ ਸੌ ਵਾਰ ਡੰਡਾਉਤ ਕਰਿਆ ਕਰਦੇ ਸਨ। ਆਪ ਆਪਣੇ ਆਪ ਨੂੰ ‘ਸਾਰੰਗ ਜਾਂ ਚਾਤ੍ਰਿਕ’ ਸਦਾਉਂਦੇ, ਇਹ ਪਦ ਇਨ੍ਹਾਂ ਦੀ ਨਿਰਮਾਣਤਾ ਤੇ ਅਧਿਆਤਮਕ ਪ੍ਰੇਮ-ਪਿਆਰ ਸੰਬੰਧ ਦਾ ਲਖਾਇਕ ਹੈ। ਇਨ੍ਹਾਂ ਹਮੇਸ਼ਾਂ ਸਾਦਾ-ਪਵਿੱਤਰ ਜੀਵਨ ਜੀਵਿਆ ਅਤੇ ਲੋਕਾਂ ਨੂੰ ਜੀਵਨ ਵਿਚ ਸਾਦਗੀ ਤੇ ਪਵਿੱਤਰਤਾ ਧਾਰਨ ਕਰਨ ਦਾ ਉਪਦੇਸ਼ ਦਿੱਤਾ। ਇਨ੍ਹਾਂ ਦੀ ਰਚਨਾਵਲੀ ‘ਪਰਮਾਨੰਦ ਸਾਗਰ’ ਹੈ।

ਭਗਤੀ ਲਹਿਰ ਵਿੱਚੋਂ ਪ੍ਰਵਾਨ ਹੋਏ ਬਹੁਤ ਸਾਰੇ ਭਗਤ ਪਹਿਲਾਂ ਸਰਗੁਣਵਾਦੀ ਸਨ ਤੇ ਬਾਅਦ ਵਿਚ ਨਿਰਗੁਣਵਾਦੀ ਪਰੰਪਰਾ ਵਿਚ ਪ੍ਰਵੇਸ਼ ਕਰ ਗਏ। ਇਹ ਤਾਂ ਵਿਕਾਸ ਦੀ ਮੰਜ਼ਲ ਹੈ, ਉਨ੍ਹਾਂ ਲਈ ਜੋ ਸਰਗੁਣ ਦੀ ਉਪਾਸ਼ਨਾ ਤੋਂ ਸ਼ੁਰੂ ਹੋ ਕੇ ਨਿਰਗੁਣ ਦੀ ਉਪਾਸ਼ਨਾ ਵੱਲ ਲੱਗ, ਪ੍ਰਭੂ-ਦਰ ’ਤੇ ਪ੍ਰਵਾਨ ਹੋਏ।

ਭਗਤ ਪਰਮਾਨੰਦ ਜੀ ਦਾ ਉਚਾਰਨ ਕੀਤਾ ਹੋਇਆ ਇੱਕੋ-ਇੱਕ ਸ਼ਬਦ ਸਾਰੰਗ ਰਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1253 ’ਤੇ ਦਰਜ ਹੈ ਜੋ ਇਸ ਪ੍ਰਕਾਰ ਹੈ:

ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥
ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ॥1॥ ਰਹਾਉ॥
ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ॥
ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ॥1॥
ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ॥
ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ॥2॥
ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ॥
ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ॥

ਇਸ ਸ਼ਬਦ ਤੋਂ ਭਗਤ ਜੀ ਦੀ ਵਿਚਾਰਧਾਰਾ ਪ੍ਰਤੱਖ ਤੌਰ ’ਤੇ ਪ੍ਰਗਟ ਹੋ ਜਾਂਦੀ ਹੈ। ਰਹਾਉ ਵਾਲੀ ਪੰਗਤੀ ਵਿਚ ਸਾਫ ਤੇ ਸਪੱਸ਼ਟ ਸ਼ਬਦਾਂ ਵਿਚ ਦਰਸਾਇਆ ਗਿਆ ਹੈ ਕਿ ਹੇ ਪ੍ਰਾਣੀ! (ਜੀਵ) ਤੂੰ ਪੁਰਾਣਾਂ ਨੂੰ ਸੁਣ ਕੇ ਕੀ ਖੱਟਿਆ ਕਮਾਇਆ, ਕੀ ਪ੍ਰਾਪਤੀ ਕੀਤੀ ਜਦੋਂ ਤੇਰੇ ਅੰਦਰ ਪ੍ਰਭੂ ਦੀ ਸਦੀਵੀ ਭਗਤੀ ਤਾਂ ਉਪਜੀ ਹੀ ਨਹੀਂ ਤੇ ਨਾ ਹੀ ਕਿਸੇ ਲੋੜਵੰਦ ਦੀ ਸਹਾਇਤਾ ਕੀਤੀ, ਨਾ ਹੀ ਇਨ੍ਹਾਂ ਧਰਮ ਪੁਸਤਕਾਂ ਦਾ ਪਾਠ ਸੁਣ ਕੇ ਤੇਰੇ ਮਨ ਵਿੱਚੋਂ ਕਾਮ, ਕ੍ਰੋਧ, ਲੋਭ ਤੇ ਪਰਨਿੰਦਾ ਦੀ ਭਾਵਨਾ ਗਈ? ਇਸ ਕਰਕੇ ਤੇਰੇ ਕੀਤੇ ਸਾਰੇ ਧਾਰਮਿਕ ਕਾਰਜ ਵਿਅਰਥ ਹਨ। ਤੂੰ ਤਾਂ ਦੂਸਰਿਆਂ ਦੇ ਘਰ-ਬਾਰ ਲੁੱਟ ਕੇ ਆਪਣੇ ਪੇਟ ਦੀ ਪਾਲਣਾ ਕਰ, ਸਗੋਂ ਅਪਰਾਧੀ ਬਣ ਗਿਆ। ਤੂੰ ਤਾਂ ਉਨ੍ਹਾਂ ਕਾਰਜਾਂ ਵਿਚ ਲੱਗਿਆ ਹੋਇਆ ਹੈਂ, ਜਿਨ੍ਹਾਂ ਦੇ ਕਰਨ ਨਾਲ ਨਾ ਇਸ ਲੋਕ ਵਿਚ ਉਸਤਤਿ ਪ੍ਰਾਪਤ ਹੋਈ, ਸਗੋਂ ਪਰਲੋਕ ਵਿਚ ਵੀ ਬਦਨਾਮੀ ਹੀ ਮਿਲੇਗੀ! ਤੇਰੇ ਮਨ ਵਿੱਚੋਂ ਅਹਿੰਸਾ ਤਾਂ ਪੈਦਾ ਨਹੀਂ ਹੋਈ, ਜਿਸ ਦਾ ਤੂੰ ਬਾਹਰੋਂ ਵਿਖਾਵਾ ਕਰ ਰਿਹਾ ਹੈਂ ਤੇ ਨਾ ਹੀ ਤੂੰ ‘ਜੀਅ ਦਇਆ’ ਦਾ ਦੈਵੀ ਗੁਣ ਧਾਰਨ ਕੀਤਾ ਹੈ। ਲੋਕਾਈ ਨਾਲ ਪਿਆਰ ਵਾਲਾ ਸਲੂਕ ਵੀ ਪੈਦਾ ਨਹੀਂ ਹੋਇਆ ਤੇ ਨਾ ਹੀ ਤੂੰ ਸਤਸੰਗਤਿ ਵਿਚ ਬੈਠ ਕੇ ਮਨੁੱਖ ਨੂੰ ਪਵਿੱਤਰ ਕਰਨ ਵਾਲੀ ਕਥਾ (ਵਿਚਾਰ) ਸਰਵਣ ਕੀਤੀ ਭਾਵ ਤੈਨੂੰ ਸਤਸੰਗਤਿ ਕਰਨ ਦਾ ਸ਼ੌਕ ਪੈਦਾ ਨਹੀਂ ਹੋਇਆ।

ਅਰਥਾਤ ਜਿਤਨਾ ਚਿਰ ਜੀਵ ਸਤਸੰਗਤਿ ਰੂਪੀ ਟਕਸਾਲ ਵਿਚ ਘੜਿਆ ਨਹੀਂ ਜਾਂਦਾ ਉਤਨੀ ਦੇਰ ਉਹ ਪ੍ਰਭੂ-ਦਰ ’ਤੇ ਪ੍ਰਵਾਨ ਨਹੀਂ ਹੋ ਸਕਦਾ। ਫਲ ਦੀ ਪ੍ਰਾਪਤੀ ਤਾਂ ਅਮਲ ਕਰਨ ’ਤੇ ਹੋਣੀ ਹੈ, ਪਰ ਮਨੁੱਖ ਦੀ ਕਹਿਣੀ-ਕਥਨੀ ਤੇ ਕਰਨੀ ਵਿਚ ਅੰਤਰ ਆ ਜਾਣ ਕਾਰਨ ਦਰ-ਦਰ ਧੱਕੇ ਖਾ ਰਿਹਾ ਹੈ। ਸਾਧਸੰਗਤਿ ਕਰਨ ਨਾਲ ਮਨੁੱਖ ਦੇ ਸਮੁੱਚੇ ਜੀਵਨ ਵਿਚ ਬਦਲਾਓ ਆ ਜਾਂਦਾ ਹੈ। ਗੁਰਬਾਣੀ ਦਾ ਪਾਵਨ ਫ਼ਰਮਾਨ ਹੈ:

ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ॥
ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ॥ (ਪੰਨਾ 1305)

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)