editor@sikharchives.org

ਲੇਹ ਤੇ ਲੇਹ ’ਚ ਵਾਪਰਿਆ ਦੁਖਾਂਤ

ਲੇਹ ’ਚ ਵਾਪਰੇ ਦੁਖਾਂਤ ਬਾਰੇ ਜਾਣਨ ਤੋਂ ਪਹਿਲਾਂ ਲੇਹ ਦੀ ਧਰਾਤਲੀ, ਸਮਾਜਿਕ, ਧਾਰਮਿਕ, ਕੁਦਰਤੀ ਸਥਿਤੀ ਤੋਂ ਸੰਖੇਪ ’ਚ ਜਾਣਨਾ ਜ਼ਰੂਰੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਜੰਮੂ-ਕਸ਼ਮੀਰ ਦੇ ਲਦਾਖ਼ ਖੇਤਰ ਲੇਹ ’ਚ 5-6 ਅਗਸਤ 2010 ਦੀ ਦਰਮਿਆਨੀ ਰਾਤ ਨੂੰ ਥੋੜ੍ਹੇ ਸਮੇਂ ’ਚ ਹੋਈ ਭਿਅੰਕਰ ਬਾਰਸ਼ ਨੂੰ ਬੱਦਲ ਫਟਣ ਦਾ ਨਾਂ ਦਿੱਤਾ ਗਿਆ। ਮੌਸਮ ਵਿਗਿਆਨੀਆਂ ਅਨੁਸਾਰ ਜੇਕਰ ਇਕ ਥਾਂ ਇਕ ਘੰਟੇ ’ਚ 3.5 ਫੁੱਟ ਵਰਖਾ ਰੀਕਾਰਡ ਕੀਤੀ ਜਾਵੇ ਤਾਂ ਇਸ ਨੂੰ ਬੱਦਲ ਫਟਣਾ ਕਹਿੰਦੇ ਹਨ। ਮਿੰਟਾਂ ’ਚ ਹੋਈ ਤਬਾਹੀ ਦੀ ਬਾਰਸ਼ ਠੰਡੇ ਰੇਗਿਸਤਾਨੀ ਪਹਾੜਾਂ ਨੂੰ ਬਰਫ਼ ਨਾਲੋਂ ਵੀ ਜਲਦੀ ਪਿਘਲ ਕੇ ਹੱਸਦੀ-ਵੱਸਦੀ ਲੇਹ ਵੱਸੋਂ ਰੋੜ੍ਹ ਕੇ ਲੈ ਗਈ। ਲੱਗਭਗ ਇਕ ਮਹੀਨਾ ਬੀਤਣ ਉਪਰੰਤ ਵੀ ਰਾਜ ਤੇ ਰਾਸ਼ਟਰੀ ਪੱਧਰ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ, ਪ੍ਰਸ਼ਾਸਨਿਕ ਅਧਿਕਾਰੀ ਰਾਹਤ-ਸਮੱਗਰੀ ਤੇ ਦਿਲੀ ਹਮਦਰਦੀ ਦੀ ਮਲ੍ਹਮ ਲੈ ਕੇ ਹਾਜ਼ਰ ਹੋ ਰਹੇ ਹਨ। ਕਹਿਰ ਦੀ ਰਾਤ ਸਮੇਂ ਵਾਪਰੇ ਵਰਤਾਰੇ ਨੂੰ ਅੱਖੀਂ ਦੇਖ, ਕੰਨੀਂ ਸੁਣ ਕੇ ਵੀ ਮੁਕੰਮਲ ਰੂਪ ’ਚ ਸ਼ਬਦੀ-ਰੂਪ ਦੇਣਾ ਅਸੰਭਵ ਹੈ। ਭਾਰਤ ਸਰਕਾਰ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪੰਜਾਬ ਦੇ ਉਪ-ਮੁੱਖ ਮੰਤਰੀ, ਸੈਨਾਵਾਂ ਦੇ ਮੁਖੀ, ਸਮਾਜ-ਸੇਵੀ ਸੰਸਥਾਵਾਂ ਲੇਹ ’ਚ ਵਾਪਰੇ ਦੁਖਾਂਤ ਬਾਰੇ ਨਿਰੰਤਰ ਜਾਨਣ ਤੇ ਕੁਝ ਕਰਨ ਲਈ ਪਹੁੰਚ ਰਹੀਆਂ ਹਨ। ਮਾਨਵੀ ਕਦਰਾਂ-ਕੀਮਤਾਂ ਨੂੰ ਸਨਮੁਖ ਰੱਖਦਿਆਂ ਅਜਿਹਾ ਕਰਨਾ ਸਦ-ਉਪਯੋਗੀ, ਸਮਾਜਿਕ ਗੁਣਾਂ ਦਾ ਸਦ-ਪ੍ਰਗਟਾਅ ਹੈ। ਸਿੱਖਾਂ ਦੀ ਪ੍ਰਤੀਨਿਧ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹਮੇਸ਼ਾਂ ਦੀ ਤਰ੍ਹਾਂ ਇਸ ਕੁਦਰਤੀ ਆਫ਼ਤ ਸਮੇਂ ਵੀ ਆਪਣੇ ਫ਼ਰਜ਼ ਨੂੰ ਪਹਿਚਾਨਦੇ ਹੋਏ ਹਮਦਰਦੀ ਤੇ ਰਾਹਤ-ਸਮੱਗਰੀ ਅਤੇ ਸੀਮਤ ਮਾਲੀ ਸਾਧਨਾਂ ’ਚੋਂ ਬਣਦੀ ਮਾਇਕ ਸਹਾਇਤਾ ਕੀਤੀ ਹੈ। ਮਹਾਂਰਾਸ਼ਟਰ ’ਚ ਆਏ ਭੂਚਾਲ, ਅੰਡੇਮਾਨ-ਨਿਕੋਬਾਰ ਦੀਪ ਸਮੂਹ ’ਤੇ ਆਈ ਸੁਨਾਮੀ ਤੇ ਜੰਮੂ-ਕਸ਼ਮੀਰ ਦੇ ਹੀ ਇਕ ਖੇਤਰ ’ਚ ਆਏ ਭੂਚਾਲ ਸਮੇਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸਰਬੱਤ ਦੇ ਭਲੇ ਦੀ ਸੋਚ ਨੂੰ ਸਨਮੁੱਖ ਰੱਖਦਿਆਂ ਰਾਹਤ-ਸਮੱਗਰੀ ਭੇਜੀ ਸੀ। ਪੋਰਟ ਬਲੇਅਰ ’ਚ ਆਈ ਸੁਨਾਮੀ ਤੇ ਲੇਹ ’ਚ ਵਾਪਰੇ ਦੁਖਾਂਤ ਸਮੇਂ ਮੈਨੂੰ ਸੰਸਥਾ ਵੱਲੋਂ ਭੇਜੇ ਵਫ਼ਦ ’ਚ ਸ਼ਾਮਲ ਹੋ ਕੇ ਪੀੜਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਜਿਸ ਸਦਕਾ ਵਾਪਰੇ ਕੁਦਰਤੀ ਵਰਤਾਰੇ ਬਾਰੇ ਲਿਖਣ ਦਾ ਜਤਨ ਕੀਤਾ।

ਲੇਹ ’ਚ ਵਾਪਰੇ ਦੁਖਾਂਤ ਬਾਰੇ ਜਾਣਨ ਤੋਂ ਪਹਿਲਾਂ ਲੇਹ ਦੀ ਧਰਾਤਲੀ, ਸਮਾਜਿਕ, ਧਾਰਮਿਕ, ਕੁਦਰਤੀ ਸਥਿਤੀ ਤੋਂ ਸੰਖੇਪ ’ਚ ਜਾਣਨਾ ਜ਼ਰੂਰੀ ਹੈ। ਲੇਹ ਸਮੁੰਦਰੀ ਤਲ ਤੋਂ 11,500 ਫੁੱਟ ਉਚਾਈ ਤੇ ਸ੍ਰੀ ਨਗਰ ਤੋਂ 424 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਕੱਚੇ-ਰੇਤਲੇ ਪਹਾੜ ਤੇ ਕਿਧਰੇ-ਕਿਧਰੇ ਪਥਰੀਲੇ ਪਹਾੜ ਲੇਹ ਸ਼ਹਿਰ ਦੇ ਚਾਰ-ਚੁਫੇਰੇ ਨਜ਼ਰ ਆਉਂਦੇ ਹਨ। ਲੇਹ ਘਾਟੀ ਦੀ ਹਰਿਆਵਲ ਮਨ ਨੂੰ ਮੋਹ ਲੈਂਦੀ ਹੈ। ਲੇਹ ਅਸਲ ’ਚ ਪੁਰਾਤਨ ਗਰੇਟਰ ਲਦਾਖ਼ ਦਾ ਇਕ ਹਿੱਸਾ ਹੈ। ਦਸਵੀਂ ਸਦੀ ਤੀਕ ਲਦਾਖ਼ ਇਕ ਅਜ਼ਾਦ ਮੁਲਕ ਵਜੋਂ ਜਾਣਿਆ ਜਾਂਦਾ ਸੀ।

ਲੇਹ ਦੇਸ਼ ਦਾ 45110 ਵਰਗ ਕਿਲੋਮੀਟਰ ਖੇਤਰ ਵਾਲਾ ਅਤਿ ਠੰਡਾ ਤੇ ਵਿਸ਼ਵ ਵਿਚ ਸਭ ਤੋਂ ਵੱਧ ਉਚਾਈ ’ਤੇ ਵੱਸਿਆ 112 ਪਿੰਡਾਂ ਤੇ ਇਕ ਨਾਂ-ਮਾਤਰ ਦੀ ਵੱਸੋਂ ਵਾਲੇ ਪਿੰਡਾਂ ਦਾ ਸਮੂਹ ਹੈ, ਜਿਸ ਦੀ 87.25% ਅਬਾਦੀ ਛੋਟੇ-ਛੋਟੇ ਪਹਾੜੀ ਪਿੰਡਾਂ ’ਚ ਵੱਸਦੀ ਹੈ। ਧਾਰਮਿਕ ਤੌਰ ’ਤੇ ਲੇਹ ਬਹੁਗਿਣਤੀ ਬੋਧੀ ਵੱਸੋਂ ਵਾਲਾ ਜ਼ਿਲ੍ਹਾ ਹੈ। ਲੱਗਭਗ 82% ਵੱਸੋਂ ਬੋਧੀ, ਦੂਸਰੇ ਨੰਬਰ ’ਤੇ 15% ਮੁਸਲਿਮ ਹੈ ਅਤੇ 3% ਵੱਸੋਂ ਨਾਲ ਹਿੰਦੂ ਤੀਸਰੇ ਨੰਬਰ ’ਤੇ ਹਨ। ਕਿਰਤ ਦਾ ਮੁੱਖ ਸਾਧਨ ਖੇਤੀਬਾੜੀ ਤੇ ਖੇਤ ਮਜ਼ਦੂਰੀ ਹੈ। ਘਰੇਲੂ ਉਦਯੋਗ ਨਾਂ-ਮਾਤਰ ਹੀ ਹੈ। ਧਰਮ ਮੰਦਰ ਵੀ ਅਬਾਦੀ ਵਾਂਗ ਹੀ ਜ਼ਿਆਦਾ ਬੁੱਧ ਧਰਮ ਦੀ ਪ੍ਰਤੀਨਿਧਤਾ ਕਰਦੇ ਬੁੱਧ ਗੌਪੇ, ਬੁੱਧ ਸ਼ਾਂਤੀ ਸਤੂਪ, ਸ਼ੀਆ-ਸੁੰਨੀ ਮਸਜਿਦਾਂ ਅਤੇ ਗੁਰਦੁਆਰੇ ਹਨ। ਲੇਹ ਦੀ ਇੰਨ੍ਹਾਂ ਪਿੰਡਾਂ ਦੀ ਵੱਸੋਂ 1,17,636 ਹੈ ਜਿਸ ਵਿਚ ਛੇ ਬਲਾਕਾਂ ਸਹਿਤ ਇਕ ਤਹਿਸੀਲ ਛੇ ਵੱਖ-ਵੱਖ ਧਰਮਾਂ ਦੀ ਪ੍ਰਤੀਨਿਧਤਾ ਕਰਦੀ ਹੈ। 81.18% ਬੋਧੀ, 15.32% ਮੁਸਲਿਮ, 2.99% ਹਿੰਦੂ, 0.27% ਸਿੱਖ, 0.23% ਇਸਾਈ, 0.01% ਹੋਰ ਅਬਾਦ ਹੈ। ਲੇਹ ਸ਼ਹਿਰ ਤੋਂ ਇਲਾਵਾ ਇਕ ਹੋਰ ਕਸਬਾ ਹੈ। ਬਿਜਲੀ ਅਜੇ 98 ਪਿੰਡਾਂ ਵਿਚ ਹੀ ਹੈ ਪਰੰਤੂ 112 ਪਿੰਡਾਂ ’ਚ ਪੀਣਯੋਗ ਪਾਣੀ ਦੀ ਸਹੂਲਤ ਹੈ। ਖੇਤਰੀ ਖਾਣਾ ਜੌਆਂ ਤੋਂ ਤਿਆਰ ਸੱਤੂ ਤੇ ਪੀਣ ਵਾਸਤੇ ਗੁਰਗੁਰ (GurGur Tea) ਚਾਹ। ਲੇਹ ਦੁਖਾਂਤ ਤੋਂ ਪਹਿਲਾਂ ਲਦਾਖ਼ੀ ਲੋਕ ਸੁਖ-ਸ਼ਾਂਤੀ ਨਾਲ ਵੱਸਦੇ ਸਨ। ਸਿੰਧ ਦਰਿਆ ਦੇ ਕੰਢੇ ’ਤੇ ਅਬਾਦ ਅਬਾਦੀ ਖੁਸ਼ਹਾਲ ਸੀ- ਕਾਰਨ ਕਾਰੋਬਾਰ-ਵਪਾਰ ਤੇ ਖੇਤੀ ਠੀਕ ਸੀ, ਹਰ ਪ੍ਰਕਾਰ ਦੀ ਸਬਜ਼ੀ ਤੇ ਕਣਕ ਦੀ ਪੈਦਾਵਾਰ ਵਧੀਆ ਹੁੰਦੀ ਹੈ। ਸੇਬ ਤੇ ਖੁਰਮਾਨੀ ਫ਼ਲ ਪੈਦਾ ਹੁੰਦੇ ਹਨ। ਹਰ ਘਰ ਵਿੱਚੋਂ ਕੁਝ ਮੈਂਬਰ ਨੌਕਰੀ-ਪੇਸ਼ਾ, ਠੇਕੇਦਾਰੀ, ਘਰ-ਵਪਾਰ ਦਾ ਕਾਰੋਬਾਰ ਕਰਦੇ ਹਨ। ਸੈਲਾਨੀ ਸਥਾਨ ਹੋਣ ਕਰਕੇ ਗੈਸਟ ਹਾਊਸ ਬਹੁਤ ਹਨ।

ਬੋਧੀ ਜ਼ਿਆਦਾਤਰ ਤਿੱਬਤੀ ਖੇਤਰ ਤੇ ਸਭਿਆਚਾਰ ਨਾਲ ਸੰਬੰਧਿਤ ਹਨ ਭਾਵੇਂ ਕਿ ਬੁੱਧ ਮਤ ਲਦਾਖ਼ ਦੇ ਰਸਤੇ ਤਿੱਬਤ ਵਿਚ ਪ੍ਰਵੇਸ਼ ਕੀਤਾ ਸੀ। ਲਦਾਖ਼ ਖੇਤਰ ’ਚ ਇਸਲਾਮ ਦੇ ਪਹੁੰਚਣ ਤੋਂ ਪਹਿਲਾਂ ਬੁੱਧ ਧਰਮ ਆਪਣਾ ਪੂਰਨ ਪ੍ਰਭਾਵ ਬਣਾ ਚੁੱਕਾ ਸੀ। ਪਰ ਲਦਾਖ਼ ਖੇਤਰ ਦੇ ਜ਼ਿਆਦਾ ਹਿੱਸੇ ’ਤੇ ਹੁਣ ਅਣ-ਅਧਿਕਾਰਤ ਤੌਰ ’ਤੇ ਚੀਨ ਤੇ ਪਾਕਿਸਤਾਨ ਦਾ ਕਬਜ਼ਾ ਹੈ। ਪਾਕਿਸਤਾਨ ਤੇ ਚੀਨ ਪਾਸ ਕ੍ਰਮਵਾਰ 78,114 ਵਰਗ ਕਿਲੋਮੀਟਰ ਤੇ 37,583 ਵਰਗ ਕਿਲੋਮੀਟਰ ਦਾ ਖੇਤਰ ਹੈ। ਪਾਕਿਸਤਾਨ ਨੇ ਤਾਂ 5,180 ਵਰਗ ਕਿਲੋਮੀਟਰ ਖੇਤਰ ਚੀਨ ਨੂੰ ਤੋਹਫ਼ੇ ’ਚ ਭੇਂਟ ਕਰ ਦਿੱਤਾ ਹੈ। ਮੌਜੂਦਾ ਸਮੇਂ ਲਦਾਖ਼ ਖੇਤਰ ’ਚ ਕਾਰਗਿਲ ਤੇ ਲੇਹ ਦੋ ਜ਼ਿਲ੍ਹੇ ਹਨ। ਲੇਹ ਤੋਂ 200 ਕਿਲੋਮੀਟਰ ਦੂਰ ਚੰਮਥਾਮ ਇਲਾਕਾ ਜਿੱਥੇ ਬੇਸ਼ੁਮਾਰ ਕੀਮਤੀ ਪਸ਼ਮੀਨਾ ਬਣਦਾ ਹੈ। ਇਕ ਜਾਨਵਰ ਜਿਸ ਨੂੰ ਤਿੱਬਤ ’ਚ ਚੀਰੂ (CHIRU) ਕਹਿੰਦੇ ਹਨ, ਦੀ ਕੇਵਲ ਧੌਣ ਦੇ ਵਾਲ ਹੀ ਪਸ਼ਮੀਨਾ ਬਣਾਉਣ ਦੇ ਕੰਮ ਆਉਂਦੇ ਹਨ। ਇਸ ਦੀ ਸ਼ਕਲ ਬੱਕਰੇ ਵਰਗੀ ਹੁੰਦੀ ਹੈ, ਦੋ ਸਿੰਙ ਵੀ ਹੁੰਦੇ ਹਨ। ਕੰਡਿਆਂ-ਝਾੜੀਆਂ ਨਾਲ ਵਾਲ ਅੜ ਕੇ ਪੁੱਟੇ ਜਾਂਦੇ ਹਨ। ਫਿਰ ਇਹ ਲੋਕ ਉਨ੍ਹਾਂ ਨੂੰ ਇਕੱਠਾ ਕਰਦੇ ਹਨ। ਆਮ ਲੋਕਾਂ ਦੀ ਜ਼ਿੰਦਗੀ ਗੁੱਜ਼ਰ, ਚਰਵਾਹਿਆਂ ਵਰਗੀ ਹੈ, ਪੱਕੇ ਘਰ ਨਹੀਂ। ਸਿੰਧੂ ਘਾਟ ਲੇਹ ਤੋਂ ਕੋਈ 10 ਕਿਲੋਮੀਟਰ ਬਾਹਰ ਸਿੰਧ ਦਰਿਆਂ ਦੇ ਕਿਨਾਰੇ ’ਤੇ ਬਣਿਆ ਹੈ। ਜ਼ਿਆਦਾਤਰ ਵੱਸੋਂ ਬੋਧੀ ਹੋਣ ਕਰਕੇ ਬੋਧੀ ਮੰਦਰਾਂ ਦੀ ਭਰਮਾਰ ਹੈ। ਲੇਹ ਵਿਚ ਹੀ ਸਥਿਤ ਹੈ, ਮਹਾਂਬੋਧੀ ਮੈਡੀਟੇਸ਼ਨ ਸੈਂਟਰ, ਜਿੱਥੇ ਸਮੇਂ-ਸਮੇਂ ਬੋਧੀ ਧਰਮ-ਗੁਰੂ ਦਲਾਈਲਾਮਾ ਜੀ ਆ ਕੇ ਪ੍ਰਵਚਨ ਕਰਦੇ ਹਨ।

ਲੇਹ ’ਚ ਸਿੱਖਾਂ ਦੀ ਅਬਾਦੀ ਨਾਂ-ਮਾਤਰ 117 ਹੀ ਹੈ। ਲੇਹ ’ਚ ਸਿੱਖਾਂ ਦੇ ਸਥਾਈ ਘਰ ਕੇਵਲ ਦੋ ਹਨ, ਬਾਕੀ ਕੁਝ ਸਿੱਖ ਪਰਵਾਰ ਮੌਸਮ ਦੇ ਹਿਸਾਬ ਨਾਲ ਕਾਰੋਬਾਰ-ਵਪਾਰ ਕਰਨ ਵਾਸਤੇ ਜਾਂਦੇ ਹਨ। ਸਿੱਖਾਂ ਦੀ ਸਾਂਝ ਦੋ ਧਾਰਮਿਕ ਅਸਥਾਨਾਂ ਕਰਕੇ ਹੈ, ਇਕ ਗੁਰਦੁਆਰਾ ਪੱਥਰ ਸਾਹਿਬ ਤੇ ਦੂਸਰਾ ਗੁਰਦੁਆਰਾ ਦਾਤਣ ਸਾਹਿਬ। ਲੇਹ ’ਚ ਵੱਸਦੇ ਸਿੱਖਾਂ ’ਚੋਂ ਬੀਬੀ ਪ੍ਰਿਤਪਾਲ ਕੌਰ ਦੀ ਮੌਤ ਹੋ ਗਈ ਤੇ ਸ. ਹਰਬੰਸ ਸਿੰਘ ਦਾ ਘਰ ਤਬਾਹ ਹੋ ਗਿਆ। 28 ਸਾਲਾਂ ਤੋਂ ਲੇਹ ’ਚ ਸ. ਬਲਦੇਵ ਸਿੰਘ ਦਾ ਰੰਗ-ਰੋਗਨ ਤੇ ਸ਼ੀਸ਼ੇ ਆਦਿ ਦਾ ਮੌਸਮੀ ਵਪਾਰ-ਕਾਰੋਬਾਰ ਚੱਲ ਰਿਹਾ ਸੀ ਜੋ ਤਿੰਨ-ਮੰਜਲਾ ਇਮਾਰਤ ਦੇ ਢਹਿ ਜਾਣ ਕਾਰਨ ਬਰਬਾਦ ਹੋ ਗਿਆ।

ਸਿੱਖਾਂ ਦੇ ਵੀ ਦੋ ਹੀ ਪਰਵਾਰ ਪੱਕੇ ਤੌਰ ’ਤੇ ਲੇਹ ’ਚ ਰਹਿੰਦੇ ਹਨ। ਸ. ਹਰਬੰਸ ਸਿੰਘ ਤੇ ਸ. ਰਜਿੰਦਰ ਸਿੰਘ ਦਾ ਪਰਵਾਰ ਪਿਤਾ-ਪੁਰਖੀ ਲੇਹ ’ਚ ਰਹਿ ਰਹੇ ਹਨ। ਸ. ਹਰਬੰਸ ਸਿੰਘ ਦਾ ਘਰ ਵੀ ਇਸ ਹੜ੍ਹ ਵਿਚ ਰੁੜ੍ਹ ਗਿਆ ਹੈ। ਪੁਸਤਕਾਂ ਦਾ ਵਪਾਰ ਸੀ ਜੋ ਪਾਣੀ ਦੀ ਮਾਰ ਤੇ ਗਾਰ ’ਚ ਗੜੁੱਚ ਹੋ ਗਈਆਂ। ਸ. ਹਰਬੰਸ ਸਿੰਘ ਦਾ ਪਰਵਾਰਿਕ ਪਿਛੋਕੜ ਵਿਸ਼ੇਸ਼ ਕਿਸਮ ਦਾ ਹੈ। ਇਨ੍ਹਾਂ ਦੀ ਦਾਦੀ ਡੋਲਮਾ ਸੀ ਤੇ ਨਾਨੀ ਸ਼ਰਮੂਲ ਅਤੇ ਦਾਦਾ ਜੀ ਸ. ਸੁਜਾਨ ਸਿੰਘ ਕ੍ਰਮਵਾਰ ਇਕ ਲਦਾਖ਼ੀ ਬੋਧੀ, ਇਕ ਮੁਸਲਮਾਨ ਤੇ ਇਕ ਕਸ਼ਮੀਰੀ ਸਿੱਖ ਸੀ। ਇਨ੍ਹਾਂ ਦਾ ਪਰਵਾਰ ਤਿੰਨ ਪੀੜੀਆਂ ਤੋਂ ਲੇਹ ਦਾ ਨਿਵਾਸੀ ਹੈ। ਇਸ ਤਰ੍ਹਾਂ ਸ. ਹਰਬੰਸ ਸਿੰਘ ਦੇ ਦਾਦਕੇ ਲਦਾਖ਼ੀ ਤੇ ਨਾਨਕੇ ਮੁਸਲਮਾਨ ਹਨ ਜੋ ਕਾਰਗਿਲ ’ਚ ਰਹਿੰਦੇ ਹਨ। ਕਾਰਗਿਲ ’ਚ ਵੀ ਸਿੱਖਾਂ ਦੇ ਕੇਵਲ ਚਾਰ ਪਰਵਾਰ ਹੀ ਪੱਕੇ ਤੌਰ ’ਤੇ ਰਹਿੰਦੇ ਹਨ। ਕਾਰਗਿਲ ਦੇ ਗੁਰਦੁਆਰੇ ਤੇ ਮਸਜਿਦ ਦੀ ਕੰਧ ਸਾਂਝੀ ਹੈ। ਦੋਨੋਂ ਧਰਮ ਅਸਥਾਨ ਸਿੰਧ ਦਰਿਆ ਦੇ ਕੰਢੇ ’ਤੇ ਸਥਿਤ ਹਨ।

ਸਿੱਖਾਂ ਦੀ ਪ੍ਰਤੀਨਿਧ ਸੰਸਥਾ, ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਰਾਹਤ-ਸਮੱਗਰੀ ਤੇ ਵਫ਼ਦ ਭੇਜਣ ਦੇ ਐਲਾਨ ਨੂੰ ਅਮਲੀ ਰੂਪ ਦਿੱਤਾ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਮੱਗਰੀ ਦੇ ਚਾਰ ਟਰੱਕਾਂ ਨੂੰ ਰਵਾਨਾ ਕੀਤਾ। ਇਨ੍ਹਾਂ ਟਰੱਕਾਂ ਵਿਚ ਚਾਵਲ, ਦਾਲ, ਕੰਬਲ ਤੇ ਸਵੈਟਰ-ਕੋਟੀਆਂ ਸਨ। ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਇਹ ਰਾਹਤ-ਸਮੱਗਰੀ ਲੋੜਵੰਦ ਹੱਥਾਂ ’ਚ ਪਹੁੰਚਾਉਣ ਦੀ ਸੇਵਾ ਜਥੇ. ਸੁੱਚਾ ਸਿੰਘ ਲੰਗਾਹ ਮੈਂਬਰ, ਸ਼੍ਰੋਮਣੀ ਕਮੇਟੀ ਤੇ ਕੈਬਨਿਟ ਮੰਤਰੀ ਪੰਜਾਬ ਸਰਕਾਰ, ਸ. ਜੋਗਿੰਦਰ ਸਿੰਘ ਸਕੱਤਰ, ਵਧੀਕ ਸਕੱਤਰ ਸ. ਸਤਿਬੀਰ ਸਿੰਘ ਤੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਨਸੀਬ ਹੋਈ। ਅਸੀਂ ਇਹ ਕਾਰਜ ਕਰਨ ਵਾਸਤੇ 27 ਅਗਸਤ ਨੂੰ ਹਵਾਈ ਜਹਾਜ਼ ਰਾਹੀਂ ਸਵੇਰੇ 10 ਵਜੇ ਲੇਹ ਹਵਾਈ ਅੱਡੇ ’ਤੇ ਪਹੁੰਚ ਗਏ। ਲੇਹ ਹਵਾਈ ਅੱਡੇ ’ਤੇ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਖੇਤਰੀ ਅਧਿਕਾਰੀ ਵੱਲੋਂ ਖ਼ਤਕ (ਸਿਰੋਪਾਓ) ਪਹਿਨਾ ਕੇ ਸ਼ੁਭ ਕਾਰਜ ਕਰਨ ਲਈ ਆਉਣ ’ਤੇ ਜੀ ਆਇਆਂ ਨੂੰ ਕਿਹਾ ਗਿਆ। ਰਾਹਤ-ਸਮੱਗਰੀ ਵੰਡਣ ’ਚ ਸ. ਭੁਪਿੰਦਰ ਸਿੰਘ ਪ੍ਰਧਾਨ, ਆਲ ਪਾਰਟੀ ਸਿੱਖ ਐਕਸ਼ਨ ਕਮੇਟੀ ਕਸ਼ਮੀਰ ਤੇ ਉਨ੍ਹਾਂ ਦੇ ਸਾਥੀਆਂ ਨੇ ਸਾਡੀ ਵਿਸ਼ੇਸ਼ ਸਹਾਇਤਾ ਕੀਤੀ।

27 ਅਗਸਤ 2010 ਦੀ ਸ਼ਾਮ ਨੂੰ ਅਸੀਂ ਹੜ੍ਹ-ਪ੍ਰਭਾਵਿਤ ਇਤਿਹਾਸਕ ਗੁਰਦੁਆਰਾ ਪੱਥਰ ਸਾਹਿਬ ਦੇਖਣ ਗਏ। ਪੱਥਰ ਸਾਹਿਬ ਲੇਹ-ਕਾਰਗਿਲ ਰਾਜ-ਮਾਰਗ ’ਤੇ ਸਥਿਤ ਹੈ, ਜਿਸ ਦਾ ਪ੍ਰਬੰਧ ਭਾਰਤੀ ਸੈਨਾ ਦੇ ਹੱਥ ਹੈ। ਇਤਿਹਾਸਕ ਤੌਰ ’ਤੇ ਲੇਹ ਦੀ ਧਰਤੀ ’ਤੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਦੋ ਇਤਿਹਾਸਕ ਅਸਥਾਨ ਹਨ। ਇਨ੍ਹਾਂ ਅਸਥਾਨਾਂ ’ਤੇ ਗੁਰੂ ਜੀ ਤਦੋਂ ਰੁਕੇ ਜਦ ਤਿੱਬਤ ਤੋਂ ਇਸ ਰਸਤੇ ਕਸ਼ਮੀਰ ਆਏ। ਇਹ ਗੁਰੂ ਸਾਹਿਬ ਦੀ ਆਮਦ ’ਚ ਉਸਾਰੇ ਯਾਦਗਾਰੀ ਦੋ ਅਸਥਾਨ ਹਨ। ਇਕ ਸ਼ਹਿਰ ਵਿਚ ਜਿਸ ਨੂੰ ਦਾਤਣ ਸਾਹਿਬ ਕਿਹਾ ਜਾਂਦਾ ਹੈ। ਇਸ ਨਾਂ ਦਾ ਹੀ ਗੁਰਦੁਆਰਾ ਹੈ, ਇਸ ਦੀ ਕੋਈ ਇਮਾਰਤ ਨਹੀਂ, ਕੇਵਲ ਇਕ ਇਤਿਹਾਸਕ ਦਰਖ਼ਤ ਹੈ। ਸ਼ਹਿਰ ਦੇ ਵਿਚਕਾਰ ਹੋਣ ਕਾਰਨ ਚਾਰ-ਚੁਫੇਰੇ ਅਬਾਦੀ ਹੈ।

ਦੂਸਰਾ ਅਸਥਾਨ ਪੱਥਰ ਸਾਹਿਬ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਅਸਥਾਨ ’ਤੇ ਗੁਰੂ ਨਾਨਕ ਸਾਹਿਬ ਨੇ ਲੇਹ ਨਿਵਾਸੀਆਂ ਦੀ ਮੰਗ ’ਤੇ ਇਕ ਦੈਂਤ ਦਾ ਉਧਾਰ ਕੀਤਾ। ਦੈਂਤ ਨੇ ਪਹਿਲਾਂ ਗੁੱਸੇ ’ਚ ਪੱਥਰ ਪਹਾੜੀ ਤੋਂ ਰੇੜ੍ਹ ਦਿੱਤਾ ਜਿਸ ਦੇ ਵਿਚ ਗੁਰੂ ਨਾਨਕ ਸਾਹਿਬ ਦੀ ਪਿੱਠ ਉਕਰ ਗਈ। ਇਤਿਹਾਸਕ ਤੌਰ ’ਤੇ ਇਸ ਗੁਰਦੁਆਰੇ ਦਾ ਇਤਿਹਾਸ ਪੰਜਾ ਸਾਹਿਬ ਦੇ ਇਤਿਹਾਸ ਨਾਲ ਮਿਲਦਾ-ਜੁਲਦਾ ਹੈ। ਕਸ਼ਮੀਰ ਦੇ ਸਥਾਨਕ ਲੋਕ ਇਸ ਨੂੰ ਪੰਜਾ ਸਾਹਿਬ ਵਾਂਗ ਸਤਿਕਾਰ ਦਿੰਦੇ ਹਨ। ਇਹ ਗੁਰਦੁਆਰਾ ਰਾਜ-ਮਾਰਗ ਦੇ ਬਿਲਕੁਲ ਕਿਨਾਰੇ ’ਤੇ ਹੈ। ਇਤਿਹਾਸਕ ਕਿਹਾ ਜਾਣ ਵਾਲਾ ਪੱਥਰ ਸੜਕ ਦੇ ਧਰਾਤਲ ਤੋਂ 5-6 ਫੁੱਟ ਨੀਵਾਂ ਤੇ ਵੱਡੇ ਆਕਾਰ ਦਾ ਹੈ, ਜਿਸ ਦੀ ਸੰਭਾਲ ਵਾਸਤੇ ਪੂਰੇ ਪ੍ਰਬੰਧ ਹਨ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁੰਦਰ ਪ੍ਰਕਾਸ਼ ਕੀਤਾ ਹੁੰਦਾ ਸੀ ਜਿਸ ਦੇ ਦਰਸ਼ਨ ਕਰਨ ਵਾਸਤੇ ਸੜਕ ਤੋਂ ਪੌੜੀਆਂ ਉਤਰ ਕੇ ਹੇਠਾਂ ਜਾਣਾ ਪੈਦਾ ਹੈ। ਲੇਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੇ ਦੱਸਣ ਅਨੁਸਾਰ ਪਹਿਲਾਂ ਗਾਰ ਤੇ ਪਾਣੀ 4 ਅਗਸਤ ਦੀ ਰਾਤ ਨੂੰ ਆਇਆ, ਜਿਸ ਨੇ ਗੁਰੂ- ਘਰ ਦਾ ਭਾਰੀ ਨੁਕਸਾਨ ਕੀਤਾ। ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਜੋ ਖੰਡਤ ਹੋ ਗਿਆ ਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਬੇਅਦਬੀ ਹੋ ਗਈ। ਫ਼ੌਜੀ ਸਿੰਘਾਂ ਵੱਲੋਂ ਉਹ ਬੀੜ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਾ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਗਲੀਚੇ, ਮੈਟ, ਕੀਮਤੀ ਰੁਮਾਲੇ ਤੇ ਸਾਮਾਨ ਬਾਰਸ਼ ਤੇ ਗਾਰ ਦੀ ਭੇਟ ਚੜ੍ਹ ਗਿਆ। ਗੁਰਦੁਆਰਾ ਸਾਹਿਬ ਫੌਜ ਦੇ ਕੰਟਰੋਲ ਅਧੀਨ ਹੈ। ਕਸ਼ਮੀਰ ਵਾਸੀ ਸਿੱਖਾਂ ਦੀ ਚਿਰੋਕਣੀ ਮੰਗ ਹੈ ਕਿ ਇਸ ਦਾ ਪ੍ਰਬੰਧ ਸਿੱਖਾਂ ਪਾਸ ਹੋਣਾ ਚਾਹੀਦਾ ਹੈ। ਰਾਹਤ-ਸਮੱਗਰੀ ਲੈ ਕੇ ਪਹੁੰਚੇ ਸਾਡੇ ਮੁਲਾਜ਼ਮਾਂ ਨੂੰ ਵੀ ਗੁਰਦੁਆਰੇ ’ਚ ਠਹਿਰਣ, ਨਹਾਉਣ ਦੀ ਆਗਿਆ ਨਹੀਂ ਦਿੱਤੀ ਗਈ। ਬਾਕੀ ਲੋਕਾਂ ਦਾ ਕੀ ਹਾਲ ਹੋਵੇਗਾ-ਅੰਦਾਜ਼ਾ ਲਗਾਉਣਾ ਆਸਾਨ ਹੈ! ਗੁਰਦੁਆਰਾ ਸਾਹਿਬ ’ਚ ਮੁੜ ਪ੍ਰਕਾਸ਼ ਕਰਨ ਲਈ ਸੈਨਾ ਵੱਲੋਂ ਲੋੜੀਂਦਾ ਸਾਮਾਨ ਖਰੀਦਣ ਅਥਵਾ ਪ੍ਰਾਪਤ ਕਰਨ ਲਈ ਫ਼ੌਜੀ ਸਿੰਘ ਅੰਮ੍ਰਿਤਸਰ ਭੇਜੇ ਗਏ ਹਨ। ਜੰਮੂ-ਕਸ਼ਮੀਰ ਦੇ ਸਿੱਖਾਂ ਦੀ ਮੰਗ ਨੂੰ ਸਨਮੁਖ ਰੱਖਦਿਆਂ ਭਾਰਤੀ ਰੱਖਿਆ ਮੰਤਰਾਲੇ ਪਾਸੋਂ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖ ਰਹਿਤ ਮਰਯਾਦਾ ਅਨੁਸਾਰ ਚਲਾਉਣ ਦੀ ਕਾਰਵਾਈ ਕਰਨੀ ਚਾਹੀਦੀ ਹੈ।ਇਸ ਕਰਕੇ ਸ੍ਰੀ ਗੁਰੂ ਸਿੰਘ ਸਭਾ ਲੇਹ ਦੇ ਨਾਂ ’ਤੇ ਲੇਹ ’ਚ ਵੱਸਦੇ ਸਿੱਖਾਂ ਨੇ ਸ਼ਾਨਦਾਰ ਗੁਰਦੁਆਰਾ ਤਾਮੀਰ ਕਰਵਾਇਆ ਹੈ। ਉਕਤ ਦੋਵੇਂ ਅਸਥਾਨ ਜਗਤ-ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਹਨ ਪਰ ਸਿੱਖਾਂ ਦਾ ਦੁਖਾਂਤ ਦੇਖੋ… ਇਕ ’ਤੇ ਆਰਮੀ ਦਾ ਕਬਜ਼ਾ ਹੈ ਤੇ ਦੂਸਰੇ ਅਸਥਾਨ ’ਤੇ ਗੁਰਦੁਆਰਾ ਤਾਮੀਰ ਕਰਨ ਲਈ ਜਗ੍ਹਾ ਨਹੀਂ ਮਿਲਦੀ। ਗੁਰਦੁਆਰੇ ’ਤੇ ਝੂਲਦਾ ਨਿਸ਼ਾਨ ਦਰਅਸਲ ਇਸਦਾ ਪ੍ਰਤੀਕ ਹੈ ਕਿ ਕੋਈ ਭੁੱਖਾ-ਪਿਆਸਾ ਆਵੇ ਤਾਂ ਲੰਗਰ-ਪ੍ਰਸ਼ਾਦ ਪਾਣੀ ਮਿਲੇਗਾ। ਥੱਕਿਆ-ਟੁੱਟਿਆ ਰਾਹੀ ਆਵੇ ਤਾਂ ਨਿਵਾਸਾਂ ’ਚ ਆਰਾਮ ਮਿਲੇਗਾ। ਆਤਮਿਕ-ਸਰੀਰਕ ਬਿਮਾਰਾਂ ਵਾਸਤੇ ਦਵਾ- ਦਾਰੂ ਦਾ ਪ੍ਰਬੰਧ ਹੋਵੇਗਾ, ਪਰ ਪੱਥਰ ਸਾਹਿਬ ਕਿਸੇ ਨੂੰ ਠਹਿਰਨ ਦੀ ਆਗਿਆ ਨਹੀਂ, ਕਿਉਂਕਿ ਇਸ ਦਾ ਪ੍ਰਬੰਧ ਫੌਜ ਪਾਸ ਹੈ। ਇੱਥੋਂ ਤੀਕ ਕਿ ਪੰਜਾਬ ਤੋਂ ਰਾਹਤ-ਸਮੱਗਰੀ ਲੈ ਕੇ ਗਏ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਮੁਲਾਜ਼ਮਾਂ ਨੂੰ ਵੀ ਠਹਿਰਨਾ ਨਸੀਬ ਨਹੀਂ ਹੋਇਆ।

ਆਫ਼ਤ ਪ੍ਰਭਾਵਿਤ ਇਲਾਕਾ ਬਹੁਤ ਵਿਸ਼ਾਲ ਹੈ, ਲੱਗਭਗ 150 ਵਰਗ ਕਿਲੋਮੀਟਰ ਖੇਤਰ ’ਚ ਇਸ ਬਾਰਸ਼ ਨੇ ਤਬਾਹੀ ਦੀ ਦਾਸਤਾਨ ਲਿਖੀ ਹੈ। ਜਿਵੇਂ ਬਿਆਮ 140 ਕਿਲੋਮੀਟਰ, ਸ਼ਕੂਰਬੂ ਚੱਕ 120 ਕਿ.ਮੀ., ਹਨੂ 1215 ਕਿ.ਮੀ., ਦੁਬਖਰ 120 ਕਿ.ਮੀ. ਅਤੇ ਬੀਗੂ 45 ਕਿ.ਮੀ. ਦੂਰੀ ’ਤੇ ਸਥਿਤ ਹਨ, ਜਿਨ੍ਹਾਂ ਵਿਚ ਭਾਰੀ ਤਬਾਹੀ ਹੋਈ।

5-6 ਅਗਸਤ ਦੀ ਦਰਮਿਆਨੀ ਰਾਤ ਨੂੰ 12.30 ਵਜੇ ਦੇ ਕਰੀਬ ਬਿਜਲੀ ਦੇ ਲਿਸ਼ਕਣ ਨਾਲ ਲੇਹ ਦੀ ਧਰਤੀ ਰੋਸ਼ਨ ਹੋ ਗਈ ਤੇ ਬੱਦਲਾਂ ਦੀ ਗੜਗੜਾਹਟ ਨੇ ਸਭ ਨੂੰ ਅੱਧੀ ਰਾਤ ਉਠਾਲ ਦਿੱਤਾ। ਬਸ ਫਿਰ ਕੀ ਸੀ 20-25 ਮਿੰਟਾਂ ’ਚ ਜਲ- ਥਲ ਹੋ ਗਈ ਲੇਹ ਘਾਟੀ।ਆਫ਼ਤ ਦੀ ਬਾਰਸ਼ ਤਾਂ ਬੰਦ ਹੋ ਗਈ ਪਰ ਪਾਣੀ ਦਾ ਵਹਾਅ ਸਵੇਰ ਤੀਕ ਨਿਰੰਤਰ ਵਹਿੰਦਾ ਰਿਹਾ। ਚਾਰ-ਚੁਫੇਰੇ ਘਰਾਂ ਦੇ ਸਾਮਾਨ ਨਾਲ ਕਬਾੜਖਾਨਾ ਨਜ਼ਰ ਆ ਰਿਹਾ ਸੀ ਲੇਹ। ਸ. ਹਰਬੰਸ ਸਿੰਘ – ਪੁਸਤਕ ਵਿਕਰੇਤਾ ਦੇ ਦੱਸਣ ਅਨੁਸਾਰ 7 ਦਿਨਾਂ ਤੀਕ ਲੋਕਾਂ ਦੇ ਮਨਾਂ ’ਚ ਸਹਿਮ ਭਾਰੂ ਰਿਹਾ ਕਿ ਪਾਣੀ ਆ ਗਿਆ-ਪਾਣੀ ਆ ਗਿਆ!! 13 ਅਗਸਤ ਨੂੰ ਫਿਰ ਬਾਰਸ਼ ਹੋਈ। ਮੁਸਲਮਾਨਾਂ ਨੇ ਕੁਝ ਰਾਤਾਂ ਮਸਜਿਦਾਂ ਵਿਚ ਤੇ ਸਿੱਖਾਂ ਨੇ ਗੁਰਦੁਆਰੇ ਵਿਚ ਗੁਜ਼ਾਰੀਆਂ। ਘਰਾਂ ਦੀਆਂ ਛੱਤਾਂ ਡਿੱਗ ਪਈਆਂ, ਮਕਾਨਾਂ ’ਚ ਚਿੱਕੜ, ਗਲੀਆਂ ’ਚ ਚਿੱਕੜ, ਸਭ ਪਾਸੇ ਅਜ਼ੀਬ ਹੀ ਵਰਤਾਰਾ ਸੀ। ਆਮ ਕਰਕੇ ਲੇਹ ’ਚ ਬਾਰਸ਼ ਬਹੁਤ ਘੱਟ ਹੁੰਦੀ ਹੈ, ਕਦੇ-ਕਦਾਈਂ ਕਿਣ-ਮਿਣ ਹੋ ਕੇ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ। 12 ਅਗਸਤ, 2010 ਨੂੰ ਲਦਾਖ ਹਿਲ ਵਿਕਾਸ ਕੌਂਸਲ ਵੱਲੋਂ ਜਾਰੀ ਅਪੀਲ ਵਿਚ ਸਪਸ਼ਟ ਕੀਤਾ ਗਿਆ ਕਿ ਇਸ ਤਬਾਹੀ ਦੀ ਬਾਰਸ਼ ਨਾਲ ਹਜ਼ਾਰਾਂ ਟਨ ਮਿੱਟੀ, ਰੇਤ ਤੇ ਪੱਥਰ ਵਹਿ ਤੁਰੇ ਹਨ, ਜਿਸ ਨੇ ਲੇਹ ਘਾਟੀ ਅਤੇ ਨੀਵੇਂ ਇਲਾਕਿਆਂ ’ਚ 20 ਫੁੱਟ ਤਕ ਭੱਲ-ਗਾਰ ਚਾੜ੍ਹ ਦਿੱਤੀ। ਇਸ ਕਾਰਨ ਬਹੁਤ ਸਾਰਾ ਜਾਨੀ, ਮਾਲੀ ਨੁਕਸਾਨ ਹੋਇਆ ਤੇ ਲੋੜੀਂਦਾ ਸਾਮਾਨ ਤਬਾਹ ਹੋ ਗਿਆ। ਸੜਕਾਂ ਅਤੇ ਪੁਲਾਂ ਦੇ ਰੁੜ੍ਹ ਜਾਣ ਕਾਰਨ ਦੂਰੇਡੇ ਪਿੰਡਾਂ ’ਚ ਪਹੁੰਚਣਾ ਅਸੰਭਵ ਹੈ। 40 ਪ੍ਰਤੀਸ਼ਤ ਪੁਲ ਤੇ ਸੜਕਾਂ ਤਬਾਹ ਹੋ ਗਏ ਹਨ ਅਤੇ ਬਾਕੀਆਂ ਨੂੰ ਵੀ ਬਹੁਤ ਨੁਕਸਾਨ ਪੁੱਜਾ ਹੈ। ਭਾਰਤੀ ਫੌਜ, ਰਾਜ ਪ੍ਰਸ਼ਾਸ਼ਨ ਵਾਸਤੇ ਸੜਕਾਂ ਤੇ ਪੁਲਾਂ ਦਾ ਨਿਰਮਾਣ ਕਰ ਰਹੀ ਹੈ ਤਾਂ ਜੋ ਰਾਹਤ-ਸਮੱਗਰੀ ਦੂਰ-ਦਰਾਜ਼ ਦੇ ਇਲਾਕਿਆਂ ’ਚ ਪਹੁੰਚਾਈ ਜਾ ਸਕੇ। ਰਾਹਤ-ਸਮੱਗਰੀ ਤਾਂ ਪਹੁੰਚ ਰਹੀ ਹੈ ਪਰ ਘਰਾਂ, ਸੜਕਾਂ, ਪੁਲਾਂ ਤੇ ਸਰਕਾਰੀ ਇਮਾਰਤਾਂ ਦੇ ਪੁਨਰ-ਨਿਰਮਾਣ ਤੇ ਪੁਨਰ-ਨਿਵਾਸ ਵਾਸਤੇ ਅਜੇ ਹੋਰ ਬਹੁਤ ਸਮਾਂ ਲੱਗੇਗਾ। ਸਿਆਲੀ ਮੌਸਮ ਦੀ ਸੀਤਲਤਾ ਸਹਾਰਨ ਦੀ ਸਮਰੱਥਾ ਲੇਹ ਨਿਵਾਸੀਆਂ ’ਚ ਬਹੁਤ ਹੈ। ਮਨਫ਼ੀ 20 ਡਿਗਰੀ ਤਾਪਮਾਨ ਨੂੰ ਆਮ ਮੰਨਦੇ ਹਨ ਪਰ ਜਦ ਤਾਪਮਾਨ ਮਨਫ਼ੀ 20 ਤੋਂ ਵਧ ਜਾਂਦਾ ਹੈ ਤਾਂ ਸਰਦੀ ਮਹਿਸੂਸ ਕਰਦੇ ਹਨ। ਘਰ ਮਿੱਟੀ-ਗਾਰੇ, ਲੱਕੜ ਦੇ ਹੀ ਜ਼ਿਆਦਾਤਰ ਕਾਮਯਾਬ ਹਨ ਸਰਦੀ ਸਹਾਰਨ ਵਾਸਤੇ ਪਰ ਹੁਣ ਕੁਝ ਘਰ ਤੇ ਇਮਾਰਤਾਂ ਕੰਕਰੀਟ ਦੀਆਂ ਵੀ ਬਣ ਰਹੀਆਂ ਹਨ।

ਜੋ ਕੁਦਰਤੀ ਕਹਿਰ ਲੇਹ ਨਿਵਾਸੀਆਂ ’ਤੇ ਵਾਪਰਿਆ ਉਸ ਨੂੰ ਸ਼ਬਦੀ ਰੂਪ ਵਿਚ ਬਿਆਨ ਕਰਨਾ ਮੁਸ਼ਕਲ ਹੈ। ਚਾਰ ਦਿਨਾਂ ’ਚ ਜੋ ਅਸੀਂ ਦੇਖਿਆ-ਸੁਣਿਆ ਉਸ ਨਾਲ ਦਿਲ ਘਬਰਾਇਆ, ਦਿਮਾਗ ਚਕਰਾਇਆ ਤੇ ਜ਼ੁਬਾਨ ਥਥਲਾਉਂਦੀ ਹੈ, ਗੈਰ ਕੁਦਰਤੀ ਵਾਪਰੇ ਵਰਤਾਰੇ ਨੂੰ ਬਿਆਨਣ ਤੋਂ! ਜੀਵਨ-ਦਾਨ ਪ੍ਰਦਾਨ ਕਰਨ ਵਾਲਾ ਪਾਣੀ ਇੰਨਾਂ ਮਾਰੂ ਵੀ ਹੋ ਸਕਦਾ ਹੈ –ਕਦੇ ਸੋਚਿਆ ਨਹੀਂ ਸੀ! ਇਹ ਅਸੀਂ ਪਹਿਲੀ ਵਾਰ ਵੇਖਿਆ।

ਲ਼ੇਹ ਜ਼ਿਲ੍ਹੇ ਦੇ ਚੁਮਲਮਸਰ ਪਿੰਡ ’ਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ, ਜਿਸ ਨਾਲ ਆਮ ਜਨਤਾ, ਫੌਜ, ਸੀ.ਆਰ.ਪੀ ਐਫ. ਦਾ ਵੀ ਅਥਾਹ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਸੜਕ ਤੇ ਹਵਾਈ ਮਾਰਗ ਬੁਰੀ ਤਰ੍ਹਾ ਪ੍ਰਭਾਵਿਤ ਹੋਇਆ ਹੈ। ਹਵਾਈ ਪਟੜੀ ਤੀਕ ਰੁੜ੍ਹ ਗਈ-ਸੜਕੀ ਮਾਰਗ ਤਾਂ ਕਈ ਦਿਨਾਂ ਤੀਕ ਚਾਲੂ ਨਹੀਂ ਸੀ ਹੋ ਸਕਿਆ। ਕਾਰਗਿਲ ਲੇਹ ਅਤੇ ਮਨਾਲੀ ਲੇਹ ਹਾਈਵੇ ਬੁਰੀ ਤਰ੍ਹਾਂ ਨਾਲ ਤਹਿਸ-ਨਹਿਸ ਹੋ ਗਿਆ ਸੀ। ਸੰਚਾਰ ਤੇ ਆਵਾਜਾਈ ਸਾਧਨਾਂ ਵਿਚ ਇਕ ਦਮ ਖੜੋਤ ਆ ਗਈ-ਸੜਕਾਂ ’ਤੇ ਚਾਰ-ਚਾਰ ਫੁੱਟ ਜੰਮੀ ਗਾਰ ਅੱਜ ਵੀ ਇਸ ਗੱਲ ਦੀ ਸ਼ਾਹਦੀ ਭਰਦੀ ਹੈ। ਹਸਪਤਾਲ, ਕੇਂਦਰੀ ਗ੍ਰਹਿ ਮੰਤਰਾਲੇ, ਬੀ.ਐਸ.ਐਫ. ਤੇ ਬੱਸ ਸਟੈਂਡ ਦੀਆਂ ਇਮਾਰਤਾਂ ਤਾਂ ਮਿੱਟੀ ’ਚ ਰਲ-ਮਿਲ ਇਕ ਹੋ ਗਈਆਂ। ਆਵਾਜ਼ਾਈ ਦੇ ਸਾਧਨ ਮੋਟਰ-ਗੱਡੀਆਂ, ਟਰੱਕ, ਕਾਰਾਂ, ਸਕੂਟਰ ਗਾਰ ਹੇਠ ਦੱਬੇ ਗਏ ਅੱਜ ਵੀ ਦਿਖਾਈ ਦੇਂਦੇ ਹਨ।

ਜ਼ਿਆਦਾ ਨੁਕਸਾਨ ਦਾ ਕਾਰਨ ਕੱਚੇ ਰੇਤਲੇ ਪਹਾੜਾਂ ਦੀਆਂ ਢਲਾਣਾਂ ’ਤੇ ਪਾਣੀ ਦੇ ਵਹਿਣਾਂ ’ਚ ਲੋਕਾਈ ਵੱਲੋਂ ਉਸਾਰੇ ਕੱਚੀਆਂ ਇੱਟਾਂ ਤੇ ਲੱਕੜ ਦੇ ਮਕਾਨ ਸਨ। ਤਬਾਹੀ ਦੀ ਬਾਰਸ਼ ਦੇ ਵਹਿਣ ਵਿਚ ਘਰ-ਮਕਾਨ ਤੇ ਇਮਾਰਤਾਂ ਅਤੇ ਅਣਅਧਿਕਾਰਤ ਥਾਵਾਂ ’ਤੇ ਉਸਾਰੇ ਸਾਰੇ ਘਰ ਗਾਰ ਨਾਲ ਘਿਉ-ਖਿਚੜੀ ਹੋ ਗਏ। ਜਾਨੀ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਇਸ ਲਈ ਮੁਸ਼ਕਲ ਹੈ ਕਿ ਅੱਠ ਮਹੀਨਿਆਂ ਵਿਚ ਵਪਾਰ ਅਤੇ ਮਿਹਨਤ ਮਜ਼ਦੂਰੀ ਕਰਨ ਵਾਸਤੇ ਪੰਜਾਬ, ਹਿਮਾਚਲ, ਯੂ.ਪੀ, ਉਤਰਾਂਚਲ, ਨੇਪਾਲ ਆਦਿ ਰਾਜਾਂ ਤੋਂ ਕਾਫੀ ਲੋਕ ਆ ਕੇ ਆਰਜ਼ੀ ਤੌਰ ’ਤੇ ਲੇਹ ਵਿਚ ਵੱਸ ਜਾਂਦੇ ਹਨ-ਵਪਾਰੀ ਤੇ ਠੇਕੇਦਾਰ ਲੋਕ ਟੈਕਸ ਚੋਰੀ ਕਰਨ ਵਾਸਤੇ ਮਜ਼ਦੂਰਾਂ ਦੀ ਗਿਣਤੀ ਠੀਕ ਨਹੀਂ ਦਿੰਦੇ। ਅਜਿਹੀ ਆਫਤ ਸਮੇਂ ਇਨ੍ਹਾਂ ਮਜ਼ਦੂਰਾਂ ਦੀ ਗਿਣਤੀ ਕੌਣ ਕਰੇਗਾ? ਦਰਿਆਵਾਂ ਦੇ ਵਹਿਣ ਵਿਚ ਵਹਿ ਗਈਆਂ ਤੇ ਮਲਬੇ ਦੀ ਤਹਿ ਵਿਚ ਨੱਪੀਆਂ ਗਈਆਂ ਲਾਸ਼ਾਂ ਨੂੰ ਕੌਣ ਫਰੋਲੇਗਾ? ਲੇਹ ਦੇ ਸਾਥ ਹੀ ਚੱਲਦਾ ਹੈ ਇਤਿਹਾਸਕ ਸਿੰਧ ਦਰਿਆ ਜਿਸ ਨੇ ਤਬਾਹੀ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਦਰਿਆ ਦੇ ਕੰਢੇ ਵਸੇ ਝੌਂਪੜ-ਪੱਟੀ ਲੋਕ ਪਤਾ ਨਹੀਂ ਕਿੱਧਰ ਗਏ ਅਤੇ ਨਾਲ ਵੱਸੀਆਂ ਕਾਲੋਨੀਆਂ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ। ਵਿਸ਼ਵ ਦੀ ਦੂਸਰੀ ਸਭ ਤੋਂ ਉੱਚੀ ਸੜਕ ਰੁੜ੍ਹ ਗਈ। ਲੇਹ ਦਾ ਪ੍ਰਸਿੱਧ ਡਰੱਕ ਵਾਈਟ ਲੋਟਸ ਸਕੂਲ ਵੀ ਮਲਬੇ ਹੇਠ ਬੁਰੀ ਤਰ੍ਹਾਂ ਦੱਬਿਆ ਗਿਆ।

ਵਿਦੇਸ਼ੀ ਸੈਲਾਨੀ ਸੈਂਕੜਿਆਂ ਦੀ ਗਿਣਤੀ ਵਿਚ ਲੇਹ ਦੇ ਨਜ਼ਾਰਿਆਂ ਨੂੰ ਮਾਣਨ ਲਈ ਆਉਂਦੇ ਹਨ, ਜਿਨ੍ਹਾਂ ਵਿੱਚੋਂ ਕਿੰਨੇ ਸਾਰੇ ਰੱਬ ਨੂੰ ਪਿਆਰੇ ਹੋ ਗਏ ਪਤਾ ਨਹੀ! 81 ਵਿਦੇਸ਼ੀ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਜਿਨ੍ਹਾਂ ’ਚ ਸਪੇਨੀ, ਨਿਪਾਲੀ, ਰੋਮਾਨੀਆ ਵਾਸੀ, ਤਿੱਬਤੀ, ਬਰਤਾਨਵੀ, ਫਰਾਂਸੀਸੀ, ਨੀਦਰਲੈਂਡ ਵਾਸੀ, ਚੱਕ ਗਣਰਾਜ ਵਾਸੀ, ਜਰਮਨੀ, ਇਸਰਾਈਲੀ ਆਦਿ ਨਾਗਰਿਕ ਸਨ।

ਤਬਾਹੀ ਦੀ ਬਾਰਸ਼ ਨਾਲ ਕਾਰਗਿਲ-ਲੇਹ, ਮਨਾਲੀ-ਲੇਹ ਰਾਜ ਮਾਰਗ ਤੇ ਹਵਾਈ ਸੇਵਾ ਬੰਦ, ਸੰਚਾਰ ਸਾਧਨ ਗੁੱਲ ਹੋ ਗਏ। ਲੇਹ ਪੂਰੀ ਤਰ੍ਹਾਂ ਦੇਸ਼-ਦੁਨੀਆਂ ਨਾਲੋਂ ਕੁਝ ਸਮੇਂ ਵਾਸਤੇ ਕੱਟਿਆ ਗਿਆ। ਹਵਾਈ, ਸੜਕੀ ਆਵਾਜਾਈ ਤੇ ਸੰਚਾਰ ਸਾਧਨਾਂ ਨੂੰ ਬਹਾਲ ਕਰਨ ’ਚ ਸੈਨਿਕ ਤੇ ਸਿਵਲ ਅਧਿਕਾਰੀਆਂ ਨੇ ਸਲਾਹੁਣਯੋਗ ਸੇਵਾ ਕੀਤੀ। ਪੁਰਾਣਾ ਸ਼ਹਿਰ ਲੇਹ, ਬਾਸਮੋ, ਨਿਮੋ, ਚੁਗਲਸਮਸਰ ਪਿੰਡਾਂ ’ਚ ਭਾਰੀ ਤਬਾਹੀ ਹੋਈ। ਆਰਮੀ ਕੈਂਪ, ਸੀ.ਆਰ.ਪੀ.ਐਫ, ਆਈ.ਟੀ.ਬੀ. ਨੈਸ਼ਨਲ ਕਾਲਜ, ਬੱਸ ਸਟੈਂਡ, ਬਜ਼ਾਰ, ਸਕੂਲਾਂ-ਘਰਾਂ ਦੀਆਂ ਬਰਬਾਦ ਹੋਈਆਂ ਇਮਾਰਤਾਂ ਤਬਾਹੀ ਦੀ ਦਾਸਤਾਨ ਨੂੰ ਰੂਪਮਾਨ ਕਰਦੀਆਂ ਹਨ। ਲੋਕਾਂ ਦੇ ਕਥਨ ਅਨੁਸਾਰ ਲੇਹ ਦੇ ਇਤਿਹਾਸ ’ਚ ਇਹ ਪਹਿਲੀ ਘਟਨਾ ਹੈ। ਜਿਤਨੇ ਆਦਮੀਆਂ ਨਾਲ ਇਸ ਘਟਨਾ ਬਾਰੇ ਅਸੀਂ ਗੱਲ ਕੀਤੀ ਉਨ੍ਹਾਂ ਸਭ ਨੇ ਕਿਹਾ ਕਿ ਕੇਵਲ 20 ਤੋਂ 25 ਮਿੰਟਾਂ ’ਚ ਹੋਈ ਭਾਰੀ ਬਾਰਸ਼ ਨੇ ਲੇਹ ਨੂੰ ਰੋੜ੍ਹ ਛੱਡਿਆ ਹੈ। ਕੱਚੇ ਮਕਾਨ ਰੇਤ ਦੀਆਂ ਕੰਧਾਂ ਵਾਂਗ ਵਹਿ ਤੁਰੇ, ਦਿਨ ਚੜ੍ਹੇ ਦੇਖਿਆ ਤਾਂ ਚਾਰ ਚੁਫੇਰੇ ਤਬਾਹੀ ਹੀ ਨਜ਼ਰ ਆਉਂਦੀ ਸੀ। ਹਰ ਪਾਸੇ ਢੱਠੇ ਮਕਾਨ, ਸੜਕਾਂ ’ਤੇ ਖਿੱਲਰਿਆਂ ਘਰਾਂ ਦਾ ਸਾਮਾਨ, ’ਤੇ ਗਾਰ ਹੀ ਗਾਰ ਸੀ। 30 ਅਗਸਤ ਤੀਕ ਵੀ ਦੁਰੇਡੇ ਪਿੰਡਾਂ ’ਚ ਕਾਰ ਰਾਹੀਂ ਜਾਣਾ ਸੰਭਵ ਨਹੀਂ ਹੋ ਸਕਿਆ, ਕਿਉਂਕਿ ਸੜਕਾਂ ਦੇ ਨਿਰਮਾਣ ਤੇ ਪੁਲਾਂ ਦੀ ਉਸਾਰੀ ਦਾ ਕਾਰਜ ਚੱਲ ਰਿਹਾ ਸੀ। ਸੈਨਾ ਨੇ ਦਿਨ-ਰਾਤ ਮਿਹਨਤ ਕਰਕੇ ਰਾਜ-ਮਾਰਗਾਂ ਤੇ ਹਵਾਈ ਸੇਵਾ ਨੂੰ ਬਹਾਲ ਕਰ ਦਿੱਤਾ ਹੈ। ਪੁਲਾਂ ਦੇ ਨਿਰਮਾਣ-ਕਾਰਜ ’ਚ ਫ਼ੌਜ ਨਿਰੰਤਰ ਜੁਟੀ ਹੋਈ ਹੈ। ਅੱਜ ਵੀ ਸੈਨਾ ਤੇ ਪ੍ਰਸ਼ਾਸਨ ਵੱਲੋਂ ਲਾਏ ਆਰਜ਼ੀ ਕੈਂਪਾਂ ’ਚ ਰਹਿਣ ਲਈ ਲੋਕ ਮਜਬੂਰ ਹਨ।

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 16 ਅਗਸਤ ਨੂੰ ਲੇਹ ਦਾ ਸੰਖੇਪ ਦੌਰਾ ਕੀਤਾ ਅਤੇ 125 ਕਰੋੜ ਰਾਹਤ ਫੰਡ ਵਜੋਂ ਦੇਣ ਦਾ ਐਲਾਨ ਕੀਤਾ। ਗਵਾਂਢੀ ਰਾਜਾਂ ’ਚੋਂ ਪੰਜਾਬ ਪਹਿਲ ਕਰ ਗਿਆ ਜਦ ਇਸ ਦੇ ਨੌਜੁਆਨ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਵਫਦ ਨਾਲ ਲੇਹ ਨਿਵਾਸੀਆਂ ਨਾਲ ਹਮਦਰਦੀ ਦਾ ਇਜਹਾਰ ਕਰਦਿਆਂ ਖੁਦ ਰਾਹਤ-ਸਮੱਗਰੀ ਵੰਡੀ ਤੇ ਇਕ ਕਰੋੜ ਰੁਪਏ ਲੇਹ ਦੇ ਮੁੜ-ਵਸੇਬੇ ’ਚ ਲਾਉਣ ਅਤੇ ਰਾਹਤ-ਸਮੱਗਰੀ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਤੇ ਤੂੜੀ ਭੇਜਣ ਦਾ ਐਲਾਨ ਕੀਤਾ। 5 ਸਤੰਬਰ, 2010 ਨੂੰ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਚਾਰੇ ਤੇ ਤੂੜੀ ਦੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰ, ਐਲਾਨ ਨੂੰ ਅਮਲੀ ਰੂਪ ਦੇ ਦਿੱਤਾ। ਅਜਿਹਾ ਪੰਜਾਬੀਆਂ ਦੀ ਤਰਫ਼ੋਂ ਸ਼ਲਾਘਾਯੋਗ ਹੈ ਭਾਵੇਂ ਕਿ ਇਹ ਉਨ੍ਹਾਂ ਦਾ ਮਾਨਵੀ ਅਤੇ ਇਖਲਾਕੀ ਫਰਜ਼ ਵੀ ਸੀ।

ਇਸ ਆਫ਼ਤ ਦੀ ਵਰਖਾ ਨਾਲ ਆਮ ਲੋਕਾਂ ਦੇ ਜਾਨ-ਮਾਲ ਦੇ ਨੁਕਸਾਨ ਦੇ ਨਾਲ ਆਰਮੀ ਦਾ ਵੀ ਬੇਤਹਾਸ਼ਾ ਨੁਕਸਾਨ ਹੋਇਆ ਹੈ। ਬਹੁਤ ਸਾਰੀਆਂ ਲਾਸ਼ਾਂ ਪਾਕਿਸਤਾਨ ਵਾਲੇ ਪਾਸੇ ਵੀ ਰੁੜ੍ਹ ਗਈਆਂ ਹੋਣਗੀਆਂ। ਕੁਦਰਤੀ ਆਫ਼ਤ ਨਾਲ ਹੋਇਆ ਨੁਕਸਾਨ ਮਾਨਵੀ ਅੰਦਾਜ਼ਿਆਂ ਤੋਂ ਕਿਤੇ ਜਿਆਦਾ ਹੋਵੇਗਾ। ਭਾਰੀ ਮਲਬੇ ਹੇਠ ਦੱਬਿਆ ਮਾਨਵੀ ਸਰਮਾਇਆ ਕਦੇ ਬਾਹਰ ਵੀ ਨਿਕਲ ਸਕੇਗਾ – ਇਹ ਕਹਿਣਾ ਮੁਸ਼ਕਲ ਹੈ। ਹੋਏ ਜਾਨੀ-ਮਾਲੀ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਅਸੰਭਵ ਹੈ। ਜੀਵਤ ਪੀੜਤ ਲੋਕਾਂ ਦੀ ਮੰਗ ਹੈ ਕਿ ਰੈਣ-ਬਸੇਰੇ ਵਾਸਤੇ ਕੱਚੇ ਘਰ ਤੇ ਲੋੜ ਜੋਗੀ ਮਾਇਆ/ਰਾਹਤ-ਸਮੱਗਰੀ ਦਾ ਵੀ ਹਮਦਰਦੀ ਕਰਨ ਵਾਲਿਆਂ ਨੇ ਇਕ ਤਰ੍ਹਾਂ ਹੜ੍ਹ ਲੈ ਆਂਦਾ ਹੈ। ਲੋਕਾਂ ਦੀ ਮੰਗ ਹੈ ਕਿ ਬਾਰਿਸ਼ ਵਾਲੇ ਮੌਸਮ ’ਚ ਅਸੀਂ ਜੀਵਨ ਕਿੱਥੇ ਗੁਜ਼ਾਰਨਾ ਹੈ? ਜਾਨਵਰਾਂ ਵਾਸਤੇ ਖੁਰਾਕ ਦਾ ਪ੍ਰਬੰਧ ਵੱਡੀ ਚਿੰਤਾ ਹੈ ਲੇਹ-ਨਿਵਾਸੀਆਂ ਦੀ।

28-29 ਅਗਸਤ 2010 ਨੂੰ ਸ਼੍ਰੋਮਣੀ ਗੁ:ਪ੍ਰ:ਕਮੇਟੀ ਵੱਲੋਂ ਚਾਰ ਟਰੱਕਾਂ ’ਤੇ  ਭੇਜੀ ਗਈ ਰਾਹਤ-ਸਮੱਗਰੀ ਵੰਡਣ ਦਾ ਕਾਰਜ਼ ਅਰੰਭ ਕੀਤਾ ਗਿਆ। ਰਾਹਤ-ਸਮੱਗਰੀ ਵੰਡਣ ਦੀ ਅਗਵਾਈ ਕੀਤੀ ਜਥੇਦਾਰ ਸੁੱਚਾ ਸਿੰਘ ਲੰਗਾਹ, ਸ. ਜੋਗਿੰਦਰ ਸਿੰਘ ਸਕੱਤਰ, ਸ. ਸਤਿਬੀਰ ਸਿੰਘ ਤੇ ਇਨ੍ਹਾਂ ਸਤਰਾਂ ਦੇ ਲੇਖਕ ਰੂਪ ਸਿੰਘ ਵਧੀਕ ਸਕੱਤਰ, ਸ. ਭੁਪਿੰਦਰ ਸਿੰਘ ਪ੍ਰਧਾਨ ਆਲ਼ ਪਾਰਟੀ ਸਿੱਖ ਐਕਸ਼ਨ ਕਮੇਟੀ, ਸ. ਰਜਿੰਦਰ ਸਿੰਘ ਚੇਅਰਮੈਨ ਗੁ: ਸਿੰਘ ਸਭਾ ਲੇਹ, ਸ. ਗੁਰਨਾਮ ਸਿੰਘ ਸਿੱਖ ਵਪਾਰੀ ਲੇਹ, ਸ਼੍ਰੋਮਣੀ ਕਮੇਟੀ ਦੇ ਟਰੱਕਾਂ ਨਾਲ ਗਏ ਸ. ਰਵਿੰਦਰ ਸਿੰਘ ਭੁਪਾਲ, ਸ. ਗੁਰਪ੍ਰੀਤ ਸਿੰਘ, ਸ. ਕਰਮਜੀਤ ਸਿੰਘ ਤੇ ਸ. ਮੇਜਰ ਸਿੰਘ ਮੁਲਾਜ਼ਮ ਧਰਮ ਪ੍ਰਚਾਰ ਕਮੇਟੀ ਨੇ। ਲੇਹ ਵਿਚ ਵੱਡੀ ਗਿਣਤੀ ਵਿਚ ਤਿੱਬਤੀ ਮੂਲ ਦੇ ਬੋਧੀ ਵੱਸਦੇ ਹਨ, ਜਿਨ੍ਹਾਂ ਲਦਾਖ਼ ਬੋਧੀ ਐਸੋਸੀਏਸ਼ਨ ਬਣਾਈ ਹੈ। ਸਭ ਤੋਂ ਪਹਿਲਾਂ ਰਾਹਤ-ਸਮੱਗਰੀ ਦਾ ਇਕ ਹਿੱਸਾ ਅਸੀਂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਦੇ ਸਪੁਰਦ ਕੀਤਾ, ਜਿਨ੍ਹਾਂ ਨੇ ਰਾਹਤ ਭੇਜਣ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਤੇ ਲੰਗਾਹ ਸਾਹਿਬ ਨੂੰ ਸਤਿਕਾਰ ਵਜੋਂ ਖ਼ਤਕ (ਸਿਰੋਪਾਓ) ਪਹਿਨਾਇਆ। ਇਸ ਤੋਂ ਇਲਾਵਾ ਮੁਸਲਮਾਨਾਂ ਦੇ ਸ਼ੀਆ ਅਤੇ ਸੁੰਨੀ ਦੋਹਾਂ ਫਿਰਕਿਆਂ, ਲਾਇਨਜ਼ ਕਲੱਬ, 5 ਰਾਹਤ ਕੈਂਪਾਂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ’ਚ ਰਾਹਤ-ਸਮੱਗਰੀ ਤਕਸੀਮ ਕੀਤੀ ਗਈ। ਗੁਰਦੁਆਰਾ ਸਾਹਿਬ ’ਚ ਰਾਹਤ-ਸਮੱਗਰੀ ਰੱਖਣ ਦਾ ਮੰਤਵ ਕੇਵਲ ਇੰਨਾ ਹੀ ਹੈ ਕਿ ਦੂਰ- ਦਰਾਜ਼ ਤੋਂ ਪੀੜਤ ਲੋਕ ਲੋੜ ਸਮੇਂ ਰਾਹਤ ਸਮੱਗਰੀ ਪ੍ਰਾਪਤ ਕਰ ਸਕਣ। ਰਾਹਤ ਸਮੱਗਰੀ ਪਹੁੰਚਣ ’ਤੇ ਡੀ.ਸੀ. ਲੇਹ ਤੇ ਲਦਾਖ਼ ਬੋਧੀ ਐਸੋਸੀਏਸ਼ਨ ਦੇ ਪ੍ਰਧਾਨ, ਲੋਕਲ ਕੌਂਸਲਰ ਤੇ ਲਾਇਨਜ਼ ਕਲੱਬ ਦੇ ਮੁਖੀਆਂ ਵੱਲੋਂ ਸ. ਸੁੱਚਾ ਸਿੰਘ ਲੰਗਾਹ ਨੂੰ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਪਰ ਅਫ਼ਸੋਸ ਕਿ ਜੰਮੂ ਬਾਰਡਰ ਤੇ ਹੋਰ ਚੂੰਗੀ ਨਾਕਿਆਂ ’ਤੇ ਰਾਹਤ- ਸਮੱਗਰੀ ’ਤੇ ਵੀ ਟੈਕਸ ਵਸੂਲ ਕੀਤਾ ਗਿਆ।

ਖੇਤੀ-ਯੋਗ ਜ਼ਮੀਨ ਰੁੜ੍ਹ ਗਈ ਹੈ, ਫ਼ਲਦਾਰ ਬੂਟੇ ਪੁੱਟੇ ਗਏ ਹਨ। ਹੁਣ ਲੇਹ ਦੁਖਾਂਤ ਦੇ ਪੀੜਤਾਂ ਨੂੰ ਖੇਤੀ ਸੰਦਾਂ ਤੇ ਰਹਿਣ ਵਾਸਤੇ ਮਕਾਨਾਂ ਦੀ ਸਖ਼ਤ ਜ਼ਰੂਰਤ ਹੈ। ਪਰ ਇਹ ਕਾਰਜ ਤਾਂ ਸਰਕਾਰਾਂ ਹੀ ਕਰ ਸਕਦੀਆਂ ਹਨ। ਜ਼ਮੀਨ ਨੂੰ ਦੁਬਾਰਾ ਵਾਹੀ ਯੋਗ ਬਣਾਉਣ ਲਈ ਕਿਸਾਨਾਂ ਨੂੰ ਲੰਮਾ ਸੰਘਰਸ਼ ਕਰਨਾ ਪਵੇਗਾ। ਸਰਦੀ ਦਾ ਮੌਸਮ ਸਿਰ ’ਤੇ ਹੈ ਪਰ ਲੇਹ ਦੇ ਤਬਾਹੀ ਪ੍ਰਭਾਵਿਤ ਲੋਕਾਂ ਪਾਸ ਰਹਿਣ ਲਈ ਸਿਰ ’ਤੇ ਛੱਤ ਤਕ ਨਹੀਂ, ਖਾਣ ਵਾਸਤੇ ਖਾਧ-ਪਦਾਰਥ ਨਹੀਂ, ਪਸ਼ੂਆਂ ਵਾਸਤੇ ਚਾਰਾ ਨਹੀਂ, ਹਵਾਈ ਸਫ਼ਰ ਕਰਨਾ ਆਰਥਕ ਮੰਦਹਾਲੀ ਕਾਰਨ ਆਸਾਨ ਨਹੀਂ। ਵਿਚਾਰੇ ਮਜ਼ਦੂਰ ਤੇ ਮਜ਼ਬੂਰ ਲੋਕ ਕਰਨ ਤਾਂ ਕਰਨ ਕੀ? ਕਈ ਦਹਾਕੇ ਲੱਗ ਜਾਣਗੇ ਇਸ ਦੁਖਾਂਤ ਨੂੰ ਭੁੱਲਣ ਵਿਚ! ਅਸੀਂ ਸਾਰੇ ਹਮਦਰਦੀ ਰਾਹੀਂ ਹੀ ਢਾਰਸ ਦੇ ਸਕਦੇ ਹਾਂ- ਮੁਸ਼ਕਲਾਂ ਦਾ ਸਾਹਮਣਾ ਤਾਂ ਨੰਗੇ ਪਿੰਡੇ ਉਨ੍ਹਾਂ ਨੂੰ ਹੀ ਕਰਨਾ ਪੈਣਾ ਹੈ, ਪਰ ਸਾਡੇ ਹਮਦਰਦੀ ਦੇ ਬੋਲ ਤੇ ਕੁਝ ਰਾਹਤ-ਸਮੱਗਰੀ ਉਨ੍ਹਾਂ ਦੇ ਮਨੋਬਲ ਨੂੰ ਥੋੜ੍ਹਾ ਬਲ ਜ਼ਰੂਰ ਪ੍ਰਦਾਨ ਕਰੇਗੀ, ਜੋ ਕਿ ਮੁਲਕ ਦੇ ਹਰ ਬਾਸ਼ਿਦੇ ਵੱਲੋਂ ਜ਼ਰੂਰੀ ਹੈ।

ਜੇਕਰ ਕਿਸੇ ਨੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਨਾ ਹੋਵੇ ਤਾਂ ਉਹ ਲੇਹ ਜ਼ਰੂਰ ਜਾਵੇ ਪਰ ਗਰਮੀ ਦੇ ਮਹੀਨਿਆਂ ਵਿਚ ਅਤੇ ਸ੍ਰੀਨਗਰ-ਕਾਰਗਿਲ-ਲੇਹ ਸੜਕੀ ਰਸਤੇ। ਬਸ ਫਿਰ ਤੁਹਾਡੀ ਅੱਖਾਂ ਥੱਕ ਜਾਣਗੀਆਂ, ਦਿਮਾਗ ਵਿਗਾਸ ਵਿਚ ਹੋਵੇਗਾ ਤੇ ਮਨ ਕਾਦਰ ਦੇ ਕੁਦਰਤ ਦੇ ਹੁਸੀਨ ਦੁਰਲੱਭ ਨਜ਼ਾਰੇ ਤੱਕ ਵਾਹ-ਵਾਹ ਕਰ ਉਠੇਗਾ। ਬਨਸਪਤੀ, ਪਹਾੜਾਂ ਦੇ ਰੰਗ-ਢੰਗ, ਉਚਾਈਆਂ ਤੇ ਘਾਟੀਆਂ ਤੱਕ-ਤੱਕ ਤੁਸੀਂ ਇਹ ਕਹਿ ਉਠੋਗੇ –

ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥

ਕਸ਼ਮੀਰ ’ਚ ਸਿੱਖਾਂ ਦੀ ਹਾਲਤ ਤਰਸਯੋਗ ਹੈ। ਇਉਂ ਮਹਿਸੂਸ ਹੁੰਦਾ ਹੈ ਜਿਵੇਂ 1947 ਈ: ਦੇ ਦੁਖਾਂਤ ਦਾ ਨਾਸੂਰ ਫਿਰ ਹਰਿਆ ਹੋ ਗਿਆ ਹੋਵੇ। ਚਿਟੀ ਸਿੰਘਪੁਰਾ ਤੇ ਮਜ਼ੂਰਨਗਰ ਕਸ਼ਮੀਰ ’ਚ ਹੋਏ ਸਮੂਹਿਕ ਸਿੱਖ ਕਤਲੇਆਮ ਦੇ ਜ਼ਖ਼ਮ ਅਜੇ ਅੱਲ੍ਹੇ ਹੀ ਹਨ ਕਿ ਸਿੱਖਾਂ ਨੂੰ ਕਸ਼ਮੀਰ ਛੱਡ ਜਾਣ ਦੇ ਲਿਖਤੀ ਆਦੇਸ਼ ਕੰਧਾਂ ’ਤੇ ਚਿਪਕਾਏ ਜਾ ਰਹੇ ਹਨ। ਅਜਿਹੇ ਹਾਲਾਤਾਂ ’ਚ ਸਿੱਖਾਂ ਦਾ ਇਕ ਵਫ਼ਦ ਸਿੱਖਾਂ ਦੇ ਜਾਨ-ਮਾਲ ਦੀ ਸੁਰੱਖਿਆ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਅਗਵਾਈ ਵਿਚ ਮਿਲੇ ਕਿ ਲੇਹ ਦੁਖਾਂਤ ਵਾਪਰ ਗਿਆ। ਬਲਿਹਾਰ ਜਾਈਏ ਸਿੱਖਾਂ ਦੇ, ਜਿਨ੍ਹਾਂ ਸਭ ਕੁਝ ਭੁੱਲ ਕੇ ਕੁਦਰਤੀ ਕਰੋਪੀ ਸਮੇਂ ਸਹਾਇਤਾ ਕਰਨ ਦਾ ਅਹਿਦ ਪੂਰਾ ਕੀਤਾ ਕਿਉਂਕਿ ਹਰ ਸਿੱਖ ਸਵੇਰੇ-ਸ਼ਾਮ ਦੁਸ਼ਮਣ-ਮਿੱਤਰ ਸਭ ਦਾ ਭਲਾ ਮੰਗਦਾ ਹੈ ਤੇ ਅਮਲ ’ਚ ਕਰਕੇ ਦਿਖਾਉਂਦਾ ਹੈ। ਇਸ ਸਿੱਖ-ਆਚਰਨ ਨੂੰ ਪ੍ਰਗਟ ਕਰਨ ਦੀ ਸਖ਼ਤ ਜ਼ਰੂਰਤ ਹੈ ਤਾਂ ਕਿ ਬਹੁ- ਗਿਣਤੀ ਦੀਆਂ ਅੱਖਾਂ ਤੋਂ ਹਉਮੈ-ਹੰਕਾਰ ਦੀ ਪੱਟੀ ਉਤਰ ਸਕੇ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)