editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ : 2 ਪੰਥ ਦੇ ਬੇਤਾਜ ਬਾਦਸ਼ਾਹ : ਬਾਬਾ ਖੜਕ ਸਿੰਘ ਜੀ

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ’ਚ ਬਾਬਾ ਖੜਕ ਸਿੰਘ ਜੀ ਪ੍ਰਮੁੱਖ ਸੁਧਾਰਕ ਸਿੱਖ ਆਗੂ ਵਜੋਂ ਸੰਸਾਰ ਦੇ ਸਨਮੁਖ ਹੋਏ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ-ਪੰਥ ਦੀ ਸਰਵ-ਉਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਿਤ, ਪੰਥ ਦੇ ਬੇਤਾਜ ਬਾਦਸ਼ਾਹ ਵਜੋਂ ਜਾਣੇ ਜਾਂਦੇ ਰਹੇ, ਗੁਰੂ-ਪੰਥ ਦੀ ਸਤਿਕਾਰਤ ਸਖ਼ਸ਼ੀਅਤ ਬਾਬਾ ਖੜਕ ਸਿੰਘ ਦਾ ਜਨਮ 6 ਜੂਨ, 1862 ਈ: ਨੂੰ ਸਿਆਲਕੋਟ ’ਚ ਪ੍ਰਸਿੱਧ ਕਾਰਖਾਨੇਦਾਰ ਤੇ ਠੇਕੇਦਾਰ ਸ. ਹਰੀ ਸਿੰਘ ਰਾਇ ਬਹਾਦਰ ਦੇ ਘਰ ਹੋਇਆ। ਅਰੰਭਕ ਵਿਦਿਆ ਇਨ੍ਹਾਂ ਨੇ ਸਕਾਟ ਮਿਸ਼ਨ ਹਾਈ ਸਕੂਲ ਸਿਆਲਕੋਟ ਤੋਂ ਪ੍ਰਾਪਤ ਕਰ, ਬੀ.ਏ. ਸਰਕਾਰੀ ਕਾਲਜ ਲਾਹੌਰ ਤੋਂ ਕੀਤੀ। ਫਿਰ ਇਹ ਵਕਾਲਤ ਦੀ ਪੜ੍ਹਾਈ ਕਰਨ ਲਈ ਅਲਾਹਾਬਾਦ ਚਲੇ ਗਏ। ਪਰ ਇਨ੍ਹਾਂ ਦੇ ਪਿਤਾ ਜੀ ਦੇ ਅਕਾਲ ਚਲਾਣੇ ਕਾਰਨ ਇਨ੍ਹਾਂ ਨੂੰ ਪੜ੍ਹਾਈ ਵਿੱਚੇ ਛੱਡ ਕੇ ਵਾਪਸ ਘਰ ਆਉਣਾ ਪਿਆ ਅਤੇ ਸਿਆਲਕੋਟ ਦੀ ਨਗਰ ਨਿਗਮ ਵਿਖੇ ਸੇਵਾ ਸ਼ੁਰੂ ਕਰ ਦਿੱਤੀ। ਇਸ ਸਮੇਂ ਦੌਰਾਨ ਹੀ ਇਨ੍ਹਾਂ ਨੂੰ ਸ੍ਰੀ ਗੁਰੂ ਸਿੰਘ ਸਭਾ ਸਿਆਲਕੋਟ ਤੇ ਖਾਲਸਾ ਹਾਈ ਸਕੂਲ ਸਿਆਲਕੋਟ ਦੇ ਮੁਖੀ ਚੁਣ ਲਿਆ ਗਿਆ। 1912 ਈ: ਵਿਚ ਸਿੱਖ ਵਿਦਿਅਕ ਕਾਨਫਰੰਸ ਜੋ ਸਿਆਲਕੋਟ ’ਚ ਹੋਈ ਉਸਦੀ ਸਵਾਗਤੀ ਕਮੇਟੀ ਦੇ ਬਾਬਾ ਖੜਕ ਸਿੰਘ ਮੁਖੀ ਸਨ। ਆਪ ਜੀ ਨੇ 1915 ਈ: ਵਿਚ ਚੀਫ਼ ਖਾਲਸਾ ਦੀਵਾਨ ਵੱਲੋਂ ਕਰਵਾਈ ਗਈ ਵਿਦਿਅਕ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1920 ਈ: ਵਿਚ ਆਪ ਜੀ ਸਿੱਖ ਲੀਗ ਦੇ ਪ੍ਰਧਾਨ ਚੁਣੇ ਗਏ।

ਇਨ੍ਹਾਂ ਦੇ ਪਿਤਾ ਸ. ਹਰੀ ਸਿੰਘ ਨੂੰ ਅੰਗਰੇਜ਼ ਰਾਜ ਸਮੇਂ ਰਾਇ ਬਹਾਦਰ ਦਾ ਖਿਤਾਬ ਮਿਲਿਆ ਪਰ ਬਾਬਾ ਖੜਕ ਸਿੰਘ ਪਹਿਲੇ ਸਿੱਖ ਆਗੂ ਸਨ ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਦਾ ਹਰ ਥਾਂ, ਹਰ ਹੀਲਾ ਵਰਤ ਕੇ ਵਿਰੋਧ ਕੀਤਾ।

ਬਾਬਾ ਖੜਕ ਸਿੰਘ ਜੀ

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ’ਚ ਇਹ ਪ੍ਰਮੁੱਖ ਸੁਧਾਰਕ ਸਿੱਖ ਆਗੂ ਵਜੋਂ ਸੰਸਾਰ ਦੇ ਸਨਮੁਖ ਹੋਏ। ਅਸਲ ਵਿਚ ਖਾਲਸਾ ਬਰਾਦਰੀ ਵੱਲੋਂ ਜੋ ਇਕੱਤਰਤਾ ਜਲ੍ਹਿਆਂਵਾਲੇ ਬਾਗ ਵਿਚ ਕੀਤੀ ਗਈ ਉਸ ਵਿਚ ਵੀ ਬਹੁਤ ਸਾਰੇ ਪੜ੍ਹੇ-ਲਿਖੇ ਪ੍ਰੋਫੈਸਰ ਤੇ ਸੁਧਾਰਕ ਸਿੱਖ ਆਗੂ ਸ਼ਾਮਲ ਸਨ ਜਿਨ੍ਹਾਂ ’ਚ ਬਾਬਾ ਖੜਕ ਸਿੰਘ, ਪ੍ਰਿੰ: ਤੇਜਾ ਸਿੰਘ, ਸ. ਸੁੰਦਰ ਸਿੰਘ ਮਜੀਠੀਆ ਆਦਿ ਪ੍ਰਮੁੱਖ ਸਨ। ਇਸ ਤਰ੍ਹਾਂ ਖਾਲਸਾ ਬਰਾਦਰੀ ਦੇ ਸਿੰਘਾਂ ਨੂੰ ਅੰਮ੍ਰਿਤ ਛਕਾਉਣ, ਕਾਨਫਰੰਸਾਂ ਕਰਨ ਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਹੋਣ ਵਿਚ ਇਨ੍ਹਾਂ ਸਿੱਖ ਆਗੂਆਂ ਦਾ ਮੁੱਖ ਹੱਥ ਸੀ। ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਸਰਕਾਰ ਵੱਲੋਂ ਜੋ 36-ਮੈਂਬਰੀ ਕਮੇਟੀ ਬਣਾਈ ਗਈ ਸੀ, ਬਾਬਾ ਖੜਕ ਸਿੰਘ ਉਸ ਦੇ ਵੀ ਪ੍ਰਧਾਨ ਸਨ। 14 ਅਗਸਤ, 1921 ਈ. ਨੂੰ ਸ. ਸੁੰਦਰ ਸਿੰਘ ਮਜੀਠੀਏ ਦੇ ਸ਼੍ਰੋਮਣੀ ਗੁ:ਪ੍ਰ: ਕਮੇਟੀ ਦੇ ਪ੍ਰਧਾਨਗੀ ਪਦ ਤੋਂ ਅਸਤੀਫਾ ਦੇਣ ’ਤੇ ਬਾਬਾ ਖੜਕ ਸਿੰਘ ਜੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਅਸਲ ਵਿਚ ਮਹੰਤਾਂ-ਪੁਜਾਰੀਆਂ ਤੇ ਸਰਬਰਾਹਾਂ ਨੇ ਗੁਰਦੁਆਰਾ ਪ੍ਰਬੰਧ ਤੇ ਜਾਇਦਾਦ ਨੂੰ ਮਨਮਰਜ਼ੀ-ਐਸ਼ੋਇਸ਼ਰਤ ਤੇ ਅੰਗਰੇਜ਼ ਅਫਸਰਸ਼ਾਹੀ ਨੂੰ ਖੁਸ਼ ਕਰਨ ਲਈ ਖੂਬ ਵਰਤਿਆ। ਇਸ ਦੀ ਸਭ ਤੋਂ ਘਿਨਾਉਣੀ ਮਿਸਾਲ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੇ ਮੁੱਖ ਦੋਸ਼ੀ ਜਨਰਲ ਡਾਇਰ ਨੂੰ ਸ੍ਰੀ ਦਰਬਾਰ ਸਾਹਿਬ ’ਚ ਸਨਮਾਨਿਤ ਕਰਨਾ ਤੇ ਉਸ ਨੂੰ ਸਿੱਖ ਘੋਸ਼ਿਤ ਕਰਨਾ ਸੀ।

ਮਹੰਤਾਂ-ਪੁਜਾਰੀਆਂ ਦੀਆਂ ਆਪ-ਹੁਦਰੀਆਂ ਤੇ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤੇ ਅਕਾਲੀ ਲਹਿਰ ਚਲਾਈ ਗਈ। ਇਸ ਲਹਿਰ ਦਾ ਮੂਲ ਮਨੋਰਥ ਗੁਰਦੁਆਰਾ ਪ੍ਰਬੰਧ ਨੂੰ ਸਿੱਖ ਸਿਧਾਂਤਾਂ, ਮਰਯਾਦਾ ਤੇ ਪਰੰਪਰਾਵਾਂ ਅਨੁਸਾਰ ਚਲਾਉਣਾ, ਮਹੰਤਾਂ ਦੀ ਗੁੰਡਾਗਰਦੀ ਨੂੰ ਖਤਮ ਕਰਨਾ, ਗੁਰਦੁਆਰਾ-ਜਾਇਦਾਦ ਨੂੰ ਸੰਗਤੀ ਪ੍ਰਬੰਧ ’ਚ ਲਿਆਉਣਾ, ਗੁਰਬਾਣੀ ਦੇ ਉਦੇਸ਼ ਤੇ ਸਿਖਿਆ ਦਾ ਪ੍ਰਚਾਰ-ਪ੍ਰਸਾਰ ਕਰਨਾ ਮੰਨਿਆ ਗਿਆ।

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਅਧੀਨ ਪਹਿਲਾ ਗੁਰਦੁਆਰਾ ‘ਬਾਬੇ ਦੀ ਬੇਰ’ ਸਿਆਲਕੋਟ, ਪੰਥਕ ਪ੍ਰਬੰਧ ’ਚ ਆਇਆ ਜੋ ਬਾਬਾ ਖੜਕ ਸਿੰਘ ਜੀ ਦੀ ਜਨਮ-ਭੂਮੀ ਸੀ। ਫਿਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਗੁ: ਪੰਜਾ ਸਾਹਿਬ, ਗੁ: ਜਨਮ ਅਸਥਾਨ ਨਨਕਾਣਾ ਸਾਹਿਬ ਆਦਿ ਇਤਿਹਾਸਕ ਮਹੱਤਤਾ ਵਾਲੇ ਅਸਥਾਨ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਪ੍ਰਬੰਧ ਅਧੀਨ ਆਏ।

ਬਾਬਾ ਖੜਕ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਕੀਮਤੀ 20 ਸਾਲ ਜੇਲ੍ਹ੍ਹ ਵਿਚ ਬਿਤਾਏ ਅਤੇ ਆਪ ਜੀ ਨੂੰ 15 ਵੇਰ ਜੇਲ੍ਹ-ਯਾਤਰਾ ਕਰਨੀ ਪਈ। ਪਹਿਲੀ ਵੇਰ 1920 ਈ: ਵਿਚ ਇਨ੍ਹਾਂ ਨੂੰ ਜੇਲ੍ਹ-ਯਾਤਰਾ ਕਰਨੀ ਪਈ। ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਜੋ ਡੀ.ਸੀ. ਅੰਮ੍ਰਿਤਸਰ ਨੇ ਧੱਕੇ ਨਾਲ ਖੋਹ ਲਈਆਂ ਸਨ ਦਾ ਮੋਰਚਾ ਇਨ੍ਹਾਂ ਦੀ ਸੂਝ-ਬੂਝ ਤੇ ਸਿਆਣਪ ਨਾਲ 17 ਜਨਵਰੀ, 1922 ਈ. ਨੂੰ ਜਿਤਿਆ ਗਿਆ। ਅਸਲ ’ਚ ਨਵੀਂ ਚੁਣੀ ਗਈ ਸ਼੍ਰੋਮਣੀ ਕਮੇਟੀ ’ਚ ਸ. ਸੁੰਦਰ ਸਿੰਘ ਰਾਮਗੜ੍ਹੀਆ ਸਕੱਤਰ ਚੁਣੇ ਗਏ ਜੋ ਪਹਿਲਾਂ ਸਰਕਾਰ ਵੱਲੋਂ ਥਾਪੇ ਸਰਬਰਾਹ (ਮੈਨੇਜਰ) ਸਨ। 19 ਅਕਤੂਬਰ, 1921 ਈ. ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਮੀਟਿੰਗ ਸਮੇਂ ਫੈਸਲਾ ਕੀਤਾ ਕਿ ਤੋਸ਼ੇਖਾਨੇ ਦੀਆਂ ਚਾਬੀਆਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਜੀ ਦੇ ਹਵਾਲੇ ਕੀਤੀਆਂ ਜਾਣ ਪਰ ਡੀ.ਸੀ. ਅੰਮ੍ਰਿਤਸਰ ਨੇ ਚਾਬੀਆਂ ਪੁਲਿਸ ਰਾਹੀਂ ਸੁੰਦਰ ਸਿੰਘ ਰਾਮਗੜ੍ਹੀਏ ਤੋਂ ਆਪ ਲੈ ਲਈਆਂ ਜਿਸ ’ਤੇ ਸ਼੍ਰੋਮਣੀ ਕਮੇਟੀ ਨੇ ਮੋਰਚਾ ਲਾ ਦਿੱਤਾ।

ਅੰਤ ਸਰਕਾਰ ਨੂੰ ਸਿੱਖ-ਸ਼ਕਤੀ ਅੱਗੇ ਝੁਕਣਾ ਪਿਆ ਤੇ ਤੋਸ਼ੇਖਾਨੇ ਦੀਆਂ ਚਾਬੀਆਂ ਸੰਗਤ ’ਚ ਬਾਬਾ ਖੜਕ ਸਿੰਘ ਦੇ ਸਪੁਰਦ ਕੀਤੀਆਂ ਗਈਆਂ। ਇਸ ਪੰਥਕ ਜਿੱਤ ’ਤੇ ਮਹਾਤਮਾ ਗਾਂਧੀ ਨੇ ਵਧਾਈ ਦੀ ਤਾਰ ਦਿੱਤੀ : ਭਾਰਤ ਦੀ ਅਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ! ਵਧਾਈਆਂ!!

1922 ਈ: ’ਚ ਅਪ੍ਰੈਲ ਮਹੀਨੇ ਇਨ੍ਹਾਂ ਨੂੰ ਦੋਬਾਰਾ ਗ੍ਰਿਫਤਾਰ ਕਰ ਲਿਆ ਗਿਆ ਤੇ ਨਿਰੰਤਰ 1927 ਈ: ਦੇ ਜੂਨ ਮਹੀਨੇ ਤੀਕ ਜੇਲ੍ਹ੍ਹ ਵਿਚ ਰਹੇ। ਬਾਬਾ ਖੜਕ ਸਿੰਘ ਜੀ ਨੇ ਜੇਲ੍ਹ-ਯਾਤਰਾ ਸਮੇਂ ਆਪਣੀ ਪਦ-ਪਦਵੀ ਤੇ ਵਿਦਿਅਕ ਯੋਗਤਾ ਅਨੁਸਾਰ ਸਹੂਲਤਾਂ ਨਹੀਂ ਲਈਆਂ ਸਗੋਂ ਦੂਸਰੇ ਸਿੱਖ ਕੈਦੀਆਂ ਵਾਂਗ ਸਧਾਰਨ ਕੋਠੜੀ ਵਿਚ ਹੀ ਰਹੇ। ਅੰਗਰੇਜ਼ ਸਰਕਾਰ ਨੇ ਜੇਲ੍ਹ ਵਿਚ ਸਿੱਖਾਂ ਵੱਲੋਂ ਕਾਲੀ ਦਸਤਾਰ ਸਜਾਉਣ ਤੇ ਹਿੰਦੂ ਨੂੰ ਗਾਂਧੀ ਟੋਪੀ ਪਾਉਣ ’ਤੇ ਪਾਬੰਦੀ ਲਗਾ ਦਿੱਤੀ – ਬਾਬਾ ਖੜਕ ਸਿੰਘ ਰੋਹ ਵਿਚ ਆ ਗਏ। ਉਨ੍ਹਾਂ ਕਕਾਰਾਂ ਤੋਂ ਬਿਨਾਂ ਸਾਰੇ ਕੱਪੜੇ ਉਤਾਰ ਦਿੱਤੇ – ਭਰ ਸਿਆਲ ਨੰਗੇ ਧੜ ਹੀ ਲੜੇ – ਅਖੀਰ ਸਰਕਾਰ ਨੂੰ ਝੁਕਣਾ ਪਿਆ। ਸਿੱਖ ਗੁਰਦੁਆਰਾ ਕਾਨੂੰਨ ਅਨੁਸਾਰ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਇਨ੍ਹਾਂ ਨੂੰ ਜੇਲ੍ਹ ਵਿਚ ਹੀ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਗੁਰਦੁਆਰਾ ਐਕਟ ਪਾਸ ਹੋ ਜਾਣ ’ਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਦੀ ਅਗਵਾਈ ਵਿਚ ਨਰਮ ਖਿਆਲ ਆਗੂਆਂ ਨੇ ਸਰਕਾਰ ਦੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ ਤੇ ਜੇਲ੍ਹ ਤੋਂ ਬਾਹਰ ਆ ਗਏ ਪਰ ਬਾਬਾ ਖੜਕ ਸਿੰਘ ਹੋਰਾਂ ਨੂੰ ਸਰਕਾਰ ਦੀਆਂ ਸ਼ਰਤਾਂ ਪ੍ਰਵਾਨ ਨਹੀਂ ਸਨ।

ਇਨ੍ਹਾਂ ਦੇ ਸਾਥੀ ਸ. ਤੇਜਾ ਸਿੰਘ ਸਮੁੰਦਰੀ ਜੇਲ੍ਹ ਵਿਚ ਹੀ ਪਰਲੋਕ ਪਿਆਨਾ ਕਰ ਗਏ ਪਰ ਸ਼ਰਤਾਂ ਅਧੀਨ ਰਿਹਾਈ ਪ੍ਰਵਾਨ ਨਹੀਂ ਕੀਤੀ। 8 ਅਗਸਤ, 1922 ਈ. ਨੂੰ ਗੁਰੂ ਕੇ ਬਾਗ ਦਾ ਮੋਰਚਾ ਲੱਗ ਗਿਆ, ਇਹ ਮੋਰਚਾ 17 ਨਵੰਬਰ, 1923 ਈ. ਤੀਕ ਨਿਰੰਤਰ ਚੱਲਦਾ ਰਿਹਾ। ਹਜ਼ਾਰਾਂ ਨਿਹੱਥੇ ਅਕਾਲੀ ਵਰਕਰ ਇਸ ਮੋਰਚੇ ਦੌਰਾਨ ਅੰਗਰੇਜ਼ ਸਰਕਾਰ ਦੇ ਜਬਰ-ਜ਼ੁਲ਼ਮ ਦਾ ਸ਼ਿਕਾਰ ਹੋਏ।

ਸਿੱਖ ਗੁਰਦੁਆਰਾ ਕਾਨੂੰਨ ਬਣਨ ਅਤੇ ਇਸ ਨੂੰ ਪੰਥਕ ਪ੍ਰਵਾਨਗੀ ਮਿਲਣ ’ਤੇ ਜੂਨ 1926 ਈ: ’ਚ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੀਆਂ ਚੋਣਾਂ ਹੋਈਆਂ। ਅਕਾਲੀ ਦਲ ਦੇ ਮੁਕਾਬਲੇ ਸਰਦਾਰ ਬਹਾਦਰ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਨਾਮਜ਼ਦਗੀਆਂ ਤੋਂ ਬਾਅਦ 2 ਅਕਤੂਬਰ, 1926 ਈ. ਨੂੰ ਸ਼੍ਰੋਮਣੀ ਗੁ. ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ ਵਿਖੇ 11 ਵਜੇ ਇਕੱਤ੍ਰਤਾ ਹੋਈ, ਜਿਸ ਵਿਚ 150 ਮੈਂਬਰ ਹਾਜ਼ਰ ਹੋਏ। ਇਕੱਤ੍ਰਤਾ ਦੇ ਚੇਅਰਮੈਨ ਸ੍ਰ. ਮੰਗਲ ਸਿੰਘ ਨੂੰ ਚੁਣਿਆ ਗਿਆ। ਬਾਬਾ ਖੜਕ ਸਿੰਘ ਜੀ ਸਰਬ-ਸੰਮਤੀ ਨਾਲ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਪ੍ਰਧਾਨ ਚੁਣੇ ਗਏ, ਜੋ ਕਿ ਉਸ ਸਮੇਂ ਲਾਹੌਰ ਜੇਲ੍ਹ ’ਚ ਨਜ਼ਰਬੰਦ ਸਨ। ਇਸ ਇਕੱਤ੍ਰਤਾ ’ਚ ਮਾਸਟਰ ਤਾਰਾ ਸਿੰਘ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਜੋ ਚੋਣ ਸਮੇਂ ਸੀਨੀ. ਮੀਤ ਪ੍ਰਧਾਨ ਚੁਣੇ ਗਏ। ਇਸ ਇਕੱਤ੍ਰਤਾ ’ਚ ਪਹਿਲਾਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਦਾ ਨਾਂ ਪ੍ਰਵਾਨ ਕੀਤਾ ਗਿਆ। ਇਸ ਮੀਟਿੰਗ ’ਚ ਸਿੱਖ-ਕੈਦੀਆਂ ਦੀ ਰਿਹਾਈ, ਦਫਤਰੀ ਕਾਰਜ ਪੰਜਾਬੀ ਭਾਸ਼ਾ ’ਚ ਕਰਨ ਤੇ ਜਾਤ-ਪਾਤ ਦੇ ਵਿਰੋਧ ਵਿਚ ਮਤਾ ਪਾਸ ਕੀਤਾ ਗਿਆ। ਬਾਬਾ ਖੜਕ ਸਿੰਘ ਜੀ ਦੀ ਪ੍ਰਧਾਨਗੀ ਸਮੇਂ ਹੀ ਸਿੱਖ ਰਹਿਤ ਮਰਯਾਦਾ ਨਿਰਧਾਰਤ ਕਰਨ ਦਾ ਇਤਿਹਾਸਕ ਫੈਸਲਾ ਹੋਇਆ। ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਹਿਸਾਬ ਨੂੰ ਸੰਗਤੀ ਰੂਪ ਵਿਚ ਪਾਰਦਰਸ਼ੀ ਕਰਨ ਲਈ ਮਾਸਿਕ ਪੱਤਰ ‘ਗੁਰਦੁਆਰਾ ਗਜ਼ਟ’ ਜਾਰੀ ਕੀਤਾ ਗਿਆ।

1929 ਈ: ’ਚ ਕਾਂਗਰਸ ਪਾਰਟੀ ਨੇ ਅੰਮ੍ਰਿਤਸਰ ’ਚ ਸਾਲਾਨਾ ਕਾਨਫਰੰਸ ਕੀਤੀ, ਉਸ ਸਮੇਂ ਹੀ ਬਾਬਾ ਖੜਕ ਸਿੰਘ ਹੋਰਾਂ ਸਿੱਖ ਕਾਨਫਰੰਸ ਬੁਲਾ ਲਈ ਜਿਸ ਵਿਚ ਇਤਿਹਾਸਕ ਇਕੱਠ ਹੋਇਆ। ਇਸ ਨੇ ਕਾਂਗਰਸ ਪਾਰਟੀ ਦੀ ਕਾਨਫਰੰਸ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਤੇ ਸਿੱਖਾਂ ਦੀ ਨਰਾਜ਼ਗੀ ਦਰਜ ਕਰਵਾਈ। ਫਰਵਰੀ, 1926 ਈ. ਤੋਂ ਲੈ ਕੇ ਬਾਬਾ ਖੜਕ ਸਿੰਘ ਜੀ 12 ਅਕਤੂਬਰ, 1930 ਈ. ਤੀਕ ਨਿਰੰਤਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਦੇ ਕਾਰਜ ਭਾਗ ਨੂੰ ਦੇਖਦੇ ਰਹੇ। ਇਨ੍ਹਾਂ ਤੋਂ ਬਾਅਦ ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ। ਬਾਬਾ ਖੜਕ ਸਿੰਘ ਜੀ 1939 ਈ. ਤੀਕ ਸਿੱਖ ਰਾਜਨੀਤੀ ’ਚ ਸਰਗਰਮ ਰਹੇ। ਇਸ ਸਮੇਂ ਹੀ ਇਨ੍ਹਾਂ ਸੈਂਟਰਲ ਅਕਾਲੀ ਦਲ ਨਾਂ ਦੀ ਪਾਰਟੀ ਬਣਾਈ ਪਰ ਇਸ ਕਾਰਜ ਵਿਚ ਇਹ ਬਹੁਤੇ ਸਫਲ ਨਾ ਹੋ ਸਕੇ। ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਜਿਸ ਕਾਂਗਰਸ ਪਾਰਟੀ ਨੂੰ ਸਿੱਖ ਦੁਸ਼ਮਣ ਪਾਰਟੀ ਮੰਨਦੇ ਸਨ ਉਸ ਨਾਲ ਇਨ੍ਹਾਂ ਸਮਝੌਤਾ ਕਰ ਲਿਆ।

ਬਾਬਾ ਖੜਕ ਸਿੰਘ ਜੀ ਦੇ 86ਵੇਂ ਜਨਮ ਦਿਨ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਨ੍ਹਾਂ ਨੂੰ ਸਨਮਾਨ ਤੇ ਸਤਿਕਾਰ ਵਜੋਂ ਚਾਂਦੀ ਦਾ ਬਣਿਆ ਭਾਰਤ ਦਾ ਰਾਸ਼ਟਰੀ ਝੰਡਾ ਭੇਂਟ ਕੀਤਾ ਅਤੇ ਕਿਹਾ ਕਿ ਰਾਸ਼ਟਰੀ ਝੰਡੇ ਦੇ ਗੌਰਵ ਨੂੰ ਕਾਇਮ ਰੱਖਣ ਅਤੇ ਮਾਣ-ਮਰਯਾਦਾ ਨੂੰ ਉੱਚਾ ਚੁੱਕਣ ਲਈ ਬਾਬਾ ਜੀ ਦੇ ਹੱਥਾਂ ਨਾਲੋਂ ਹੋਰ ਚੰਗੇਰੇ ਹੱਥ ਕੋਈ ਨਹੀਂ।

ਦੇਸ਼ ਦੀ ਵੰਡ ਸਮੇਂ ਇਨ੍ਹਾਂ ਨੂੰ ਸਿਆਲਕੋਟ ਛੱਡ ਕੇ ਦਿੱਲੀ ਆਉਣਾ ਪਿਆ। ਇਨ੍ਹਾਂ ਨੇ ਆਪਣਾ ਨਿਵਾਸ ਅਲੀਗੰਜ ਰੋਡ, ਨਵੀਂ ਦਿੱਲੀ ਵਿਖੇ ਕੀਤਾ। ਅਸਲ ’ਚ ਇਨ੍ਹਾਂ ਦੇ ਇਕਲੌਤੇ ਸਪੁੱਤਰ ਸ. ਪ੍ਰਿਥੀਪਾਲ ਸਿੰਘ ਦੀ ਕੁਲੂ-ਮਨਾਲੀ ਸੜਕ ’ਤੇ ਹਾਦਸੇ ਵਿਚ ਮੌਤ ਹੋ ਗਈ, ਜਿਸ ਤੋਂ ਬਾਅਦ ਇਨ੍ਹਾਂ ਨੇ ਰਾਜਸੀ ਜੀਵਨ ਤੋਂ ਸਨਿਆਸ ਲੈ ਲਿਆ। ਜ਼ਿੰਦਗੀ ਦੇ ਆਖਰੀ ਦਿਨਾਂ ’ਚ ਇਹ ਇਕੱਲੇ ਪੈ ਗਏ। ਪੰਥ ਦੇ ਬੇਤਾਜ ਬਾਦਸ਼ਾਹ ਸਦਵਾਉਣ ਵਾਲੇ ਬਾਬਾ ਖੜਕ ਸਿੰਘ ਨੂੰ ਜ਼ਿੰਦਗੀ ਦੀਆਂ ਆਖਰੀ ਘੜੀਆਂ ਨਿਰਾਸ਼ਤਾ ਨਾਲ ਦਿੱਲੀ ’ਚ ਬਿਤਾਉਣੀਆਂ ਪਈਆਂ। 6 ਅਕਤੂਬਰ 1965 ਈ. ਨੂੰ 85 ਸਾਲ ਦੀ ਉਮਰ ’ਚ ਦਿੱਲੀ ਵਿਖੇ ਪਰਲੋਕ ਪਿਆਨਾ ਕਰ ਗਏ। ਇਨ੍ਹਾਂ ਦੇ ਤਿੰਨ ਪੋਤਰੇ ਸ. ਜਗਤ ਸਿੰਘ, ਸ. ਜਗਜੀਤ ਸਿੰਘ ਤੇ ਸ. ਮਨਜੀਤ ਸਿੰਘ ਹਨ ਜੋ ਠੇਕੇਦਾਰੀ ਦਾ ਪਿਤਾ-ਪੁਰਖੀ ਕਾਰਜ ਕਰਦੇ ਹਨ। ਬਾਬਾ ਖੜਕ ਸਿੰਘ ਜੀ ਦੀ ਯਾਦ ’ਚ ਭਾਰਤ ਸਰਕਾਰ ਨੇ ਇਕ ਮਾਰਗ ਦਾ ਨਾਂ ਬਾਬਾ ਖੜਕ ਸਿੰਘ ਮਾਰਗ ਰੱਖਿਆ।

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਬਾਬਾ ਖੜਕ ਸਿੰਘ ਦੀ ਸੁਚੱਜੀ ਅਗਵਾਈ ’ਚ ਅਜ਼ਾਦੀ ਲਹਿਰ ਨਾਲ ਜੁੜ ਗਈ। ਬਾਬਾ ਖੜਕ ਸਿੰਘ ਸੁਤੰਤਰ ਸਿੱਖ-ਸੋਚ ਦੇ ਧਾਰਨੀ ਸਨ। ਮਿਸਾਲ ਦੇ ਤੌਰ ’ਤੇ ਇਨ੍ਹਾਂ ਸਿੱਖ ਲੀਡਰਾਂ ਨੇ ਇਕ ਤੋਂ ਵਧੇਰੇ ਵੇਰ ਐਲਾਨ ਕੀਤਾ ਕਿ ਉਹ ਨਾ ਮਿਲਵਰਤਨੀਏ ਹਨ, ਉਹ ਕੋਈ ਵੀ ਸਫਾਈ ਪੇਸ਼ ਕਰਨ ਲਈ ਤਿਆਰ ਨਹੀਂ, ਕਿਉਂਕਿ ਉਨ੍ਹਾਂ ਦੇ ਮਨ ਵਿਚ ਵਿਦੇਸ਼ੀ ਸਰਕਾਰ, ਅਦਾਲਤਾਂ ਤੇ ਇਸ ਦੇ ਕਾਨੂੰਨ ਵਿਚ ਕੋਈ ਆਸਥਾ ਨਹੀਂ। ਅਦਾਲਤ ਵਿਚ ਬਾਬਾ ਖੜਕ ਸਿੰਘ ਵੱਲੋਂ ਦਿੱਤਾ ਬਿਆਨ ਇਕ ਮਿਸਾਲ ਹੈ ਜੋ ਉਨ੍ਹਾਂ ਦੀ ਦਲੇਰੀ, ਸਪੱਸ਼ਟਤਾ, ਸੁਤੰਤਰਤਾ, ਸਿੱਖ ਸੋਚ ਤੇ ਸਿੱਖੀ ਭਾਵਨਾ ਦੀ ਤਰਜਮਾਨੀ ਕਰਦਾ ਹੈ।

ਸਰਕਾਰ ਇਸ ਜ਼ੋਰ ਜਬਰਦਸਤੀ ਦੀ ਇਕ ਧਿਰ ਹੈ ਅਤੇ ਜੱਜ ਇਸ ਦਾ ਮੁਲਾਜ਼ਮ ਹੈ। ਇਸ ਲਈ ਮੈਂ ਕੋਈ ਬਿਆਨ ਦੇਣ ਦੀ ਇੱਛਾ ਨਹੀਂ ਰੱਖਦਾ। ਸਿੱਖ ਪੰਥ ਦੇ ਪ੍ਰਧਾਨ ਦੇ ਤੌਰ ’ਤੇ ਮੇਰੀ ਪਦਵੀ ਉਹ ਹੈ ਜੋ ਅਮਰੀਕਾ, ਫਰਾਂਸ ਤੇ ਜਰਮਨ ਦੇ ਪ੍ਰਧਾਨਾਂ ਦੀ ਹੈ। (ਬਾਬਾ ਖੜਕ ਸਿੰਘ – ਪੰਨਾ 37 ਲੇਖਕ ਡਾ. ਮਹਿੰਦਰ ਸਿੰਘ)

ਸਤ-ਸੰਤੋਖ, ਸਿੱਖੀ ਸਿਦਕ, ਭਰੋਸੇ, ਸਾਦਗੀ, ਚੜ੍ਹਦੀ ਕਲਾ ਦੇ ਸਦਗੁਣਾਂ ਦੇ ਧਾਰਨੀ ਬਾਬਾ ਖੜਕ ਸਿੰਘ ਜੀ ਕਹਿਣੀ-ਕਥਨੀ ਤੇ ਕਰਨੀ ਦੇ ਸੂਰਬੀਰ ਬਲੀ ਸਨ। ਬਾਬਾ ਖੜਕ ਸਿੰਘ ਤੇ ਹੋਰ ਸਿੱਖ ਨੇਤਾਵਾਂ ਦੀ ਦਲੇਰੀ ਸਦਕਾ, ਸਿੱਖ ਸੰਗਤਾਂ ਭੈ- ਰਹਿਤ ਹੋ ਗਈਆਂ ਤੇ ਉਹ ਤਨ-ਮਨ-ਧਨ ਤੋਂ ਵਿਸ਼ਾਲ ਅੰਗਰੇਜ਼ ਸਾਮਰਾਜ ਦੇ ਵਿਰੁੱਧ ਡਟ ਗਈਆਂ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)