editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-13 ਸ. ਈਸ਼ਰ ਸਿੰਘ ਮਝੈਲ

ਮਾਨਵੀ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ’ਚ ਸ. ਈਸ਼ਰ ਸਿੰਘ ਜੀ 'ਮਝੈਲ' ਨੇ ਨਿਰੰਤਰ ਜਤਨ ਕੀਤੇ ਅਤੇ ਨਿਰਦੋਸ਼ਾਂ, ਮਾਸੂਮਾਂ ਤੇ ਮਜ਼ਲੂਮਾਂ ਦੀ ਖੂਬ ਸਹਾਇਤਾ ਤੇ ਟਹਿਲ ਸੇਵਾ ਕੀਤੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਧਰਮ-ਕੌਮ ਤੇ ਦੇਸ਼ ਦਾ ਦਰਦ, ਧਾਰਮਿਕ-ਸਿਆਸੀ ਰੁਚੀ ਰੱਖਣ ਵਾਲੇ, ਸਫਲ ਵਕਤਾ ਤੇ ਲਿਖਾਰੀ, ਸ਼ਰਧਾਵਾਨ ਸਿਦਕੀ ਸਿੱਖ ਸ. ਈਸ਼ਰ ਸਿੰਘ ਜੀ ‘ਮਝੈਲ’ ਦਾ ਜਨਮ ਜਨਵਰੀ, 1901 ’ਚ ਸ. ਆਸਾ ਸਿੰਘ ਜੀ ਤੇ ਮਾਤਾ ਬਸੰਤ ਕੌਰ ਜੀ ਦੇ ਘਰ, ਮੱਧ-ਵਰਗੀ ਕਿਸਾਨ ਪਰਵਾਰ ’ਚ ਸਰਾਏ ਅਮਾਨਤ ਖਾਂ, ਅੰਮ੍ਰਿਤਸਰ ’ਚ ਹੋਇਆ। ਮਾਤਾ-ਪਿਤਾ ਗੁਰਸਿੱਖੀ ਜੀਵਨ ਜੀਉਣ ਵਾਲੇ ਧਰਮੀ ਜੀਉੜੇ ਸਨ, ਜਿਸ ਸਦਕਾ ਸ. ਈਸ਼ਰ ਸਿੰਘ ਜੀ ਦੇ ਧਰਮੀ ਜੀਵਨ ਦੀ ਘਾੜਤ ਘੜੀ ਗਈ। ਇਹ ਅਜੇ ਢਾਈ ਸਾਲ ਦੀ ਬਾਲ ਵਰੇਸ ਵਿਚ ਹੀ ਸਨ ਕਿ ਇਨ੍ਹਾਂ ਦੇ ਪਿਤਾ ਜੀ ਪਰਵਾਰ ਦੇ ਉਜਲੇ ਭਵਿੱਖ ਦੀ ਕਾਮਨਾ ਲੈ (ਸਮਾਟਰਾਂ) ਇੰਡੋਨੇਸ਼ੀਆ ਚਲੇ ਗਏ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਥੋੜ੍ਹੇ ਸਮੇਂ ਬਾਅਦ ਹੀ ਇਨ੍ਹਾਂ ਦੇ ਪਿਤਾ ਜੀ ਉਥੇ ਅਕਾਲ ਚਲਾਣਾ ਕਰ ਗਏ। ਅੱਖਰ-ਗਿਆਨ ਸ. ਈਸ਼ਰ ਸਿੰਘ ਜੀ ਨੇ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤਾ। ਪਰਵਾਰਿਕ, ਆਰਥਕ ਮਜ਼ਬੂਰੀਆਂ ਤੇ ਬਿਮਾਰੀ ਨਾਲ ਘੋਲ ਕਰਦਿਆਂ ਸ. ਈਸ਼ਰ ਸਿੰਘ ਨੇ ਦਸਵੀਂ ਦਾ ਇਮਤਿਹਾਨ 1922 ਈ: ’ਚ ਮਾਲਵਾ ਖਾਲਸਾ ਹਾਈ ਸਕੂਲ, ਲੁਧਿਆਣਾ ਤੋਂ ਪਾਸ ਕੀਤਾ। ਮਾਲਵੇ ਦੇ ਇਸ ਸਕੂਲ ਵਿਚ ਮਾਝੇ ਦੇ ਉਪਖੇਤਰ ਨਾਲ ਸੰਬੰਧ ਰੱਖਣ ਵਾਲੇ ਕੇਵਲ ਸ. ਈਸ਼ਰ ਸਿੰਘ ਹੀ ਵਿਦਿਆਰਥੀ ਸਨ ਇਸ ਕਰਕੇ ਇਨ੍ਹਾਂ ਦੇ ਨਾਂ ਨਾਲ ‘ਮਝੈਲ’ ਸ਼ਬਦ ਪੱਕੇ ਤੌਰ ’ਤੇ ਜੁੜ ਗਿਆ। ਦਸਵੀਂ ਕਰਦਿਆਂ ਹੀ ਇਨ੍ਹਾਂ ਨੂੰ ਕੋਕਰੀ ਕਲਾਂ, ਫਿਰੋਜ਼ਪੁਰ ਦੇ ਮਿਡਲ ਸਕੂਲ ’ਚ ਅਧਿਆਪਕ ਵਜੋਂ ਸੇਵਾ ਮਿਲ ਗਈ। ਇਸ ਸਮੇਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜੋਬਨ ’ਤੇ ਸੀ। ਇਸ ਕਾਰਨ ਇਨ੍ਹਾਂ ਨੇ ਧਰਮ-ਕੌਮ ਤੇ ਦੇਸ਼ ਸੇਵਾ ਕਰਨੀ ਬਿਹਤਰ ਸਮਝੀ ਅਤੇ ਨਿਸ਼ਕਾਮ ਸੇਵਕ ਵਜੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ’ਚ ਸ਼ਾਮਲ ਹੋ ਗਏ। ਗੁਰੂ ਕੇ ਬਾਗ ਦੇ ਮੋਰਚੇ ’ਚ ਸ਼ਾਮਲ ਹੋਣ ਕਾਰਨ ਇਨ੍ਹਾਂ ਨੂੰ ਪਹਿਲੀ ਵਾਰ ਛੇ ਮਹੀਨੇ ਕੈਂਬਲਪੁਰ ਜੇਲ੍ਹ ’ਚ ਗੁਜ਼ਾਰਨ ਲਈ ਬੰਦ ਕਰ ਦਿੱਤਾ, ਪਰ ਮੋਰਚਾ ਸਫਲ ਹੋਣ ਸਦਕਾ ਸਰਦਾਰ ਸਾਹਿਬ ਤਿੰਨ ਮਹੀਨੇ ਬਾਅਦ ਕੈਦ ਤੋਂ ਅਜ਼ਾਦ ਹੋ ਗਏ। ਇਨ੍ਹਾਂ ਦੇ ਸਫ਼ਲ ਬੁਲਾਰੇ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੂੰ ਸਨਮੁਖ ਰੱਖਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸ. ਈਸ਼ਰ ਸਿੰਘ ‘ਮਝੈਲ’ ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਪ੍ਰਚਾਰ ਮੁਹਿੰਮ ’ਚ ਸ਼ਾਮਲ ਕਰ ਲਿਆ। 1924 ਈ: ਵਿਚ ਗੰਗਸਰ ਜੈਤੋ (ਨਾਭਾ) ਮੋਰਚੇ ਸਮੇਂ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੈਰ-ਕਾਨੂੰਨੀ ਸੰਸਥਾਵਾਂ ਕਰਾਰ ਦੇ ਦਿੱਤਾ। ਸ. ਈਸ਼ਰ ਸਿੰਘ ਜੀ ਨੇ ਇਸ ਮੋਰਚੇ ਸਮੇਂ ਵੀ ਵਧ-ਚੜ੍ਹ ਕੇ ਹਿੱਸਾ ਲਿਆ, ਜਿਸ ਸਦਕਾ ਇਨ੍ਹਾਂ ਨੂੰ ਦੋ ਸਾਲ ਜੇਲ੍ਹ ’ਚ ਕੈਦੀ ਵਜੋਂ ਗੁਜ਼ਾਰਨੇ ਪਏ। ਜੇਲ੍ਹ ਤੋਂ ਰਿਹਾਅ ਹੋ ਸ. ਈਸ਼ਰ ਸਿੰਘ ਜੀ ਫਿਰ ਕੌਮ ਦੀ ਸੇਵਾ ’ਚ ਜੁਟ ਗਏ।

ਸ. ਈਸ਼ਰ ਸਿੰਘ ਮਝੈਲ

1927 ਈ: ਵਿਚ ਦੇਸ਼ ਭਗਤ ਪਰਵਾਰ ਸੇਵਕ ਕਮੇਟੀ, ਵੱਲੋਂ ਬਾਬਾ ਵਸਾਖਾ ਸਿੰਘ ਜੀ ਨਾਲ ਸ. ਈਸ਼ਰ ਸਿੰਘ ਜੀ ਨੂੰ ਦੇਸ਼ ਭਗਤਾਂ ਵਾਸਤੇ ਸਹਾਇਤਾ ਇਕੱਤਰ ਕਰਨ ਲਈ ਬਰਮਾ ਜਾਣ ਦਾ ਮੌਕਾ ਮਿਲਿਆ। ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਅਕਤੂਬਰ, 1927 ’ਚ ਅਰੰਭ ਕੀਤਾ ਗਿਆ ਤਾਂ ਸ. ਈਸ਼ਰ ਸਿੰਘ ਜੀ ਪ੍ਰਚਾਰਕ ਦਾ ਦੋ-ਸਾਲਾ ਕੋਰਸ ਕਰਨ ਲਈ ਵਿਦਿਆਰਥੀ ਬਣ ਗਏ। 1930 ਈ: ਨੂੰ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਕਰਕੇ ਸ. ਈਸ਼ਰ ਸਿੰਘ ਜੀ ਨੂੰ 6 ਮਹੀਨੇ ਦੀ ਕੈਦ ਹੋਈ ਪਰ ਪੜ੍ਹਨ-ਲਿਖਣ ਦੀ ਰੁਚੀ ਨੇ ਇਹ ਕੈਦ ਇਕ ਸਾਲ ਹੋਰ ਵਧਾ ਦਿੱਤੀ। ਕਾਰਨ? ਜੇਲ੍ਹ ਵਿਚ ਉਸ ਸਮੇਂ ਅਖ਼ਬਾਰ ਪੜ੍ਹਨ ਦੀ ਮਨਾਹੀ ਸੀ ਤੇ ਮਝੈਲ ਸਾਹਿਬ ਅਖ਼ਬਾਰ ਪੜ੍ਹਦੇ ਪਕੜੇ ਗਏ। ਗੁਰਦੁਆਰਾ ਸ਼ਹੀਦ ਗੰਜ ਲਾਹੌਰ ਦੇ ਮਾਮਲੇ ’ਚ ਇਨ੍ਹਾਂ ਨੇ ਬਹੁਤ ਉਸਾਰੂ ਭੂਮਿਕਾ ਨਿਭਾਈ।

18 ਜੂਨ, 1933 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਜਨਰਲ ਇਜਲਾਸ ਸ. ਗੋਪਾਲ ਸਿੰਘ ਜੀ ਕੌਮੀ ਦੀ ਪ੍ਰਧਾਨਗੀ ’ਚ ਹੋਇਆ, ਜਿਸ ਵਿਚ ਸ. ਈਸ਼ਰ ਸਿੰਘ ‘ਮਝੈਲ’ ਸ੍ਰੀ ਦਰਬਾਰ ਸਾਹਿਬ ਕਮੇਟੀ ਦੇ ਮੈਂਬਰ ਚੁਣੇ ਗਏ। ਸਿੱਖ ਨੈਸ਼ਨਲ ਕਾਲਜ, ਲਾਹੌਰ 1938 ਈ: ’ਚ ਸ਼ੁਰੂ ਕੀਤਾ ਗਿਆ ਤਾਂ ਸ. ਈਸ਼ਰ ਸਿੰਘ ਜੀ ਨੂੰ ਇਸ ਦੇ ਪਹਿਲੇ ਸਕੱਤਰ ਹੋਣ ਦਾ ਮਾਣ-ਸਤਿਕਾਰ ਹਾਸਲ ਹੋਇਆ। ਵਿੱਦਿਆ-ਪ੍ਰੇਮੀ ਹੋਣ ਸਦਕਾ, ਇਨ੍ਹਾਂ ਆਪਣੇ ਇਲਾਕੇ ’ਚ ਵਿੱਦਿਆ-ਪਸਾਰ ਲਈ ਗੰਡੀਵਿੰਡ ’ਚ ਖਾਲਸਾ ਹਾਈ ਸਕੂਲ ਖੁਲ੍ਹਵਾਇਆ। ਸ. ਈਸ਼ਰ ਸਿੰਘ, ਜਥੇਦਾਰ ਊਧਮ ਸਿੰਘ ‘ਨਾਗੋਕੇ’ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਸਨ। ਇਹੀ ਕਾਰਨ ਹੈ, ਕਿ ਦੂਸਰੇ ਵਿਸ਼ਵ-ਯੁੱਧ ਸਮੇਂ ਇਨ੍ਹਾਂ ਨੇ ਕਾਂਗਰਸ ਨੀਤੀ ਦਾ ਸਮਰਥਨ ਕਰਦਿਆਂ, ਵਿਸ਼ਵ-ਯੁੱਧ ਵਿਚ ਸਹਾਇਤਾ ਤੇ ਸਾਥ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।

1940-41 ਈ: ’ਚ ਸ. ਈਸ਼ਰ ਸਿੰਘ ਸ੍ਰੀ ਦਰਬਾਰ ਸਾਹਿਬ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁਖੀ ਚੁਣੇ ਗਏ। ਇਨ੍ਹਾਂ ਦੇ ਉਦਮ ਸਦਕਾ ਗੁਰੂ ਰਾਮਦਾਸ ਲਾਇਬ੍ਰੇਰੀ ਹੋਂਦ ਵਿਚ ਆਈ ਜੋ ਨਿਰੰਤਰ ਕਾਰਜ਼ਸ਼ੀਲ ਹੈ। 1942 ਈ: ਵਿਚ ‘ਅੰਗਰੇਜ਼ੋ ਭਾਰਤ ਛੱਡੋ’ ਅੰਦੋਲਨ ਸਮੇਂ ਕਾਂਗਰਸ ਪਾਰਟੀ ਦਾ ਸਾਥ ਦੇਣ ਕਾਰਨ ਇਨ੍ਹਾਂ ਨੂੰ ‘ਡੀਫੈਂਸ ਆਫ਼ ਇੰਡੀਆ’ ਐਕਟ ਤਹਿਤ ਫਿਰ ਜੇਲ੍ਹ-ਯਾਤਰਾ ਕਰਨੀ ਪਈ। 1944 ਈ: ਵਿਚ ਜੰਡਿਆਲਾ, ਜ਼ਿਲ੍ਹਾ ਜਲੰਧਰ ’ਚ ਸ. ਈਸ਼ਰ ਸਿੰਘ ਮਝੈਲ ਨੂੰ ਅਕਾਲੀ ਕਾਨਫਰੰਸ ਦੀ ਪ੍ਰਧਾਨਗੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਮਝੈਲ ਸਾਹਿਬ,1946 ਈ: ਪੰਜਾਬ ਵਿਧਾਨ ਸਭਾ ਲਈ ਪਹਿਲੀ ਵਾਰ ਮੈਂਬਰ ਚੁਣੇ ਗਏ ਅਤੇ ਦੇਸ਼-ਵੰਡ ਤੋਂ ਬਾਅਦ ਸ੍ਰੀ ਗੋਪੀ ਚੰਦ ਭਾਰਗਵ ਦੀ ਸਰਕਾਰ ’ਚ ਮੰਤਰੀ ਬਣੇ।1947 ਈ: ਵਿਚ ਦੇਸ਼ ਵੰਡ ਸਮੇਂ ਨਿਰਦੋਸ਼ਾਂ ਦੇ ਹੋਏ ਕਤਲੇਆਮ ਤੇ ਗੁੰਡਾਗਰਦੀ ਨੇ ਇਨ੍ਹਾਂ ਦੇ ਮਨ ’ਤੇ ਡੂੰਘਾ ਅਸਰ ਕੀਤਾ। ਮਾਨਵੀ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ’ਚ ਸ. ਈਸ਼ਰ ਸਿੰਘ ਜੀ ‘ਮਝੈਲ’ ਨੇ ਨਿਰੰਤਰ ਜਤਨ ਕੀਤੇ ਅਤੇ ਨਿਰਦੋਸ਼ਾਂ, ਮਾਸੂਮਾਂ ਤੇ ਮਜ਼ਲੂਮਾਂ ਦੀ ਖੂਬ ਸਹਾਇਤਾ ਤੇ ਟਹਿਲ ਸੇਵਾ ਕੀਤੀ। 1952 ਈ: ਵਿਚ ਇਹ ਪੰਜਾਬ ਵਿਧਾਨ ਸਭਾ ਲਈ ਦੁਬਾਰਾ ਚੁਣੇ ਗਏ ਅਤੇ ਮੁੜ-ਵਸੇਬਾ ਤੇ ਸਹਾਇਤਾ, ਸਿਵਲ ਸਪਲਾਈ, ਇੰਡਸਟਰੀ, ਜੰਗਲਾਤ ਤੇ ਖੇਤੀਬਾੜੀ ਆਦਿ ਮਹਿਕਮਿਆਂ ਦੇ ਮੰਤਰੀ ਬਣੇ।

ਸ. ਈਸ਼ਰ ਸਿੰਘ ‘ਮਝੈਲ’ 25 ਮਈ, 1948 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਨਾਮਜ਼ਦ ਹੋਏ। 06 ਮਾਰਚ, 1949, 13 ਨਵੰਬਰ,1949, 16 ਫਰਵਰੀ, 1950, 01 ਮਾਰਚ, 1951, 28 ਜੂਨ, 1952, 05 ਅਕਤੂਬਰ, 1952 ਨੂੰ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਹੋਏ ਜਨਰਲ ਇਜਲਾਸਾਂ ਸਮੇਂ ਸ. ਈਸ਼ਰ ਸਿੰਘ ਜੀ ‘ਮਝੈਲ’ ਬਤੌਰ ਨਾਮਜ਼ਦ ਮੈਂਬਰ, ਸ਼੍ਰੋਮਣੀ ਗੁ: ਪ੍ਰ: ਕਮੇਟੀ ਹਾਜ਼ਰ ਹੁੰਦੇ ਰਹੇ। 1948 ਈ: ’ਚ ਰੋਜ਼ਾਨਾ ਅਖ਼ਬਾਰ ‘ਵਰਤਮਾਨ’ ਦੇ ਸੰਪਾਦਕ ਬਣ ਗਏ। ਇਨ੍ਹਾਂ ਨੇ ਦੋ ਪੁਸਤਕਾਂ ‘ਸਿੱਖ ਤੇ ਕਮਿਊਨਿਸਟ’ ਅਤੇ ‘ਕਮਿਊਨਿਸਟ ਹਿੰਦੋਸਤਾਨੀ ਨਜ਼ਰਾਂ ਵਿਚ’ ਵੀ ਲਿਖੀਆਂ ਤੇ ਪ੍ਰਕਾਸ਼ਤ ਕਰਵਾਈਆਂ। 1949 ਈ: ਸ. ਈਸ਼ਰ ਸਿੰਘ ਜੀ ‘ਮਝੈਲ’ ਸੈਂਟਰਲ ਕੋ-ਆਪਰੇਟਿਵ ਬੈਂਕ ਪਟਿਆਲਾ ਦੇ ਮੁਖੀ ਬਣੇ। 06 ਮਾਰਚ, 1949 ਨੂੰ ਜਨਰਲ ਇਜਲਾਸ ਸਮੇਂ ਸ. ਈਸ਼ਰ ਸਿੰਘ ਜੀ ‘ਮਝੈਲ’ ਵੱਲੋਂ ਮਾਸਟਰ ਤਾਰਾ ਸਿੰਘ ਦੀ ਪਾਰਟੀ ’ਤੇ ਗੁਰਦੁਆਰੇ ਦੀ ਬੇਅਦਬੀ ਦਾ ਮਤਾ ਪੇਸ਼ ਕੀਤਾ ਗਿਆ। ਪਛੜੀਆਂ ਸ਼੍ਰੇਣੀਆਂ ਦਾ ਇਕ ਵਫ਼ਦ 15 ਅਗਸਤ, 1949 ਨੂੰ ਸ. ਈਸ਼ਰ ਸਿੰਘ ਜੀ ਮਝੈਲ ਦੀ ਅਗਵਾਈ ਹੇਠ ਸ. ਪੂਰਨ ਸਿੰਘ ਗ੍ਰਹਿ ਮੰਤਰੀ ਪੰਜਾਬ ਨੂੰ ਅੰਮ੍ਰਿਤਸਰ ’ਚ ਮਿਲਿਆ ਤੇ ਪਛੜੀਆਂ ਸ਼੍ਰੇਣੀਆਂ ਨਾਲ ਹੋ ਰਹੀਆਂ ਵਧੀਕੀਆਂ ਵੱਲ ਸਰਕਾਰ ਦਾ ਧਿਆਨ ਦਿਵਾਇਆ।

ਸ. ਈਸ਼ਰ ਸਿੰਘ ਜੀ ‘ਮਝੈਲ’ ਨੇ 04 ਮਾਰਚ, 1951 ਨੂੰ ਜਨਰਲ ਸਮਾਗਮ ਸਮੇਂ ਕਿਹਾ, ‘ਮੈਂ ਆਪ ਦੇ ਸਾਹਮਣੇ ਬੜਾ ਅਹਿਮ ਮੁੱਦਾ ਰੱਖਣਾ ਚਾਹੁੰਦਾ ਹਾਂ। ਮੈਂ ਇੱਥੇ ਬਤੌਰ ਵਜ਼ੀਰ ਨਹੀਂ ਬਤੌਰ ਮੈਂਬਰ, ਸ਼੍ਰੋਮਣੀ ਗੁ: ਪ੍ਰ: ਕਮੇਟੀ ਹਾਜ਼ਰ ਸ੍ਰੀ ਅੰਮ੍ਰਿਤਸਰ ਹਾਂ, ਬੋਲੀ ਦਾ ਝਗੜਾ ਹੁਣ ਦਾ ਨਹੀਂ ਪਿਛਲੀ ਮਰਦਮ-ਸ਼ੁਮਾਰੀ ਸਮੇਂ ਵੀ ਇਹ ਝਗੜਾ ਸੀ। ਮੈਨੂੰ ਯਾਦ ਹੈ ਕਿ ਪਿੰਡ ਮਾਨੋਚਾਹਲ ਦੇ ਜੁਲਾਹੇ ਆਪਣੀ ਬੋਲੀ ਅਰਬੀ ਦੱਸਦੇ ਸਨ ਪਰ ਅਜੇ ਵੀ ਸਾਡੇ ਦੇਸ਼ ਅੰਦਰ ਦੀਨ-ਇਮਾਨ ਰੱਖਣ ਵਾਲੇ ਗ਼ੈਰ-ਸਿੱਖ ਭਰਾ ਮੌਜੂਦ ਹਨ ਜੋ ਖੁੱਲ੍ਹੇ ਤੌਰ ’ਤੇ ਕਹਿੰਦੇ ਹਨ ਕਿ ਸਾਡੀ ਮਾਂ-ਬੋਲੀ ਭਾਵ ਜ਼ੁਬਾਨ ਪੰਜਾਬੀ ਹੈ।’ 04 ਨਵੰਬਰ, 1951 ਨੂੰ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਜਨਰਲ ਇਜਲਾਸ ਸਮੇਂ ਸ. ਈਸ਼ਰ ਸਿੰਘ ਜੀ ਮਝੈਲ ਦੀ ਤਜਵੀਜ਼ ’ਤੇ 11-ਮੈਂਬਰੀ ਅੰਤ੍ਰਿੰਗ ਕਮੇਟੀ, ਸਰਬ-ਸੰਮਤੀ ਨਾਲ ਚੁਣੀ ਗਈ। 05 ਦਸੰਬਰ, 1952 ਨੂੰ ਸ. ਈਸ਼ਰ ਸਿੰਘ ‘ਮਝੈਲ’ ਮੈਂਬਰ ਅੰਤ੍ਰਿੰਗ ਕਮੇਟੀ, ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਚੁਣੇ ਗਏ। 18 ਜਨਵਰੀ, 1954 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਉਚੇਚਾ ਜਨਰਲ ਇਜਲਾਸ ਬੁਲਾਇਆ ਗਿਆ, ਜਿਸ ਵਿਚ ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਵਿਰੁੱਧ ਬੇਪਰਤੀਤੀ ਦਾ ਮਤਾ ਪਾਸ ਕੀਤਾ ਗਿਆ। ਨਵੇਂ ਪ੍ਰਧਾਨ ਦੀ ਚੋਣ ਸਮੇਂ, ਇਸ ਹੀ ਦਿਨ ਸ. ਮਹਿੰਦਰ ਸਿੰਘ ਸਿਧਵਾਂ ਦੀ ਤਜ਼ਵੀਜ਼ ’ਤੇ ਸ. ਈਸ਼ਰ ਸਿੰਘ ਜੀ ‘ਮਝੈਲ’ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਚੁਣੇ ਗਏ। 07 ਮਾਰਚ, 1954 ਨੂੰ ਸ. ਈਸ਼ਰ ਸਿੰਘ ਜੀ ਮਝੈਲ ਦੀ ਪ੍ਰਧਾਨਗੀ ’ਚ ਸਾਲਾਨਾ ਬਜ਼ਟ ਇਜਲਾਸ ਹੋਇਆ ਜਿਸ ਵਿਚ 89 ਮੈਂਬਰ ਹਾਜ਼ਰ ਸਨ। 1954-55 ਦਾ ਬਜ਼ਟ ਪੇਸ਼ ਹੋਣ ’ਤੇ 1613981/- ਰੁਪਏ ਦੀ ਆਮਦਨ-ਖਰਚ ਦਾ ਬਜ਼ਟ ਪਾਸ ਕੀਤਾ ਗਿਆ।

28 ਦਸੰਬਰ, 1952 ਨੂੰ ਸ. ਈਸ਼ਰ ਸਿੰਘ ਜੀ ਮਝੈਲ ਨੇ ਅੰ: ਕਮੇਟੀ ਦੇ ਨੋਟਿਸ ’ਚ ਲਿਆਂਦਾ ਕਿ ਪਾਠ ਅਤੇ ਕੀਰਤਨ ਸਮੇਂ ਲਾਊਡ-ਸਪੀਕਰਾਂ ਦੀ ਵਰਤੋਂ ਫੈਸ਼ਨ ਵਜੋਂ ਕੀਤੀ ਜਾ ਰਹੀ ਹੈ। ਇਸ ਨਾਲ ਗੁਰਬਾਣੀ ਦਾ ਓਨਾ ਸਤਿਕਾਰ ਨਹੀਂ ਹੁੰਦਾ ਜਿਤਨਾ ਹੋਣਾ ਚਾਹੀਦਾ ਹੈ। ਪੇਸ਼ ਹੋਣ ’ਤੇ ਪ੍ਰਵਾਨ ਹੋਇਆ ਕਿ ਪ੍ਰੇਰਨਾ ਕੀਤੀ ਜਾਵੇ ਕਿ ਲਾਊਡ-ਸਪੀਕਰਾਂ ਦੀ ਵਰਤੋਂ ਉਦੋਂ ਹੀ ਕੀਤੀ ਜਾਵੇ ਜਦੋਂ ਸਰੋਤੇ ਜ਼ਿਆਦਾ ਹੋਣ। ਉਦੋਂ ਤੀਕ ਸਪੀਕਰ ਨਾ ਲਾਏ ਜਾਣ ਜਦ ਤਕ ਅਵਾਜ਼ ਸਰੋਤਿਆਂ ਤੀਕ ਪਹੁੰਚਦੀ ਹੋਵੇ। 17 ਅਕਤੂਬਰ, 1954 ਨੂੰ ਸਾਲਾਨਾ ਜਨਰਲ ਇਜਲਾਸ, ਸ. ਈਸ਼ਰ ਸਿੰਘ ਜੀ ‘ਮਝੈਲ’ ਦੀ ਪ੍ਰਧਾਨਗੀ ’ਚ ਹੋਇਆ, ਜਿਸ ਵਿਚ 83 ਮੈਂਬਰ ਹਾਜ਼ਰ ਸਨ। ਇਜਲਾਸ ਸਮੇਂ ਸਭ ਤੋਂ ਪਹਿਲਾਂ ਸ. ਭਾਗ ਸਿੰਘ ਜੀ ਐਡਵੋਕੇਟ ਗੁਰਦਾਸਪੁਰੀ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦਾ ਮਤਾ ਪਾਸ ਕੀਤਾ ਗਿਆ। ਫਿਰ ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਦੀ ਚੋਣ ਸਮੇਂ ਸ. ਜੋਗਿੰਦਰ ਸਿੰਘ ਸ਼ਾਂਤ ਦੀ ਤਜ਼ਵੀਜ਼ ’ਤੇ ਪ੍ਰਵਾਨ ਹੋਇਆ ਕਿ ਅਗਲੇ ਸਾਲ ਲਈ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਮੌਜੂਦਾ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਕਾਇਮ ਰਹਿਣ, ਇਹ ਤਜ਼ਵੀਜ ਸਰਬ-ਸੰਮਤੀ ਨਾਲ ਪ੍ਰਵਾਨ ਹੋ ਗਈ। ਇਸ ਇਕੱਤਰਤਾ ਸਮੇਂ ਮਹੱਤਵਪੂਰਨ ਫ਼ੈਸਲਾ ਕੀਤਾ ਗਿਆ ਕਿ ਧਰਮ ਤੇ ਸਿਆਸਤ ਇਕ ਦੂਸਰੇ ਤੋਂ ਵੱਖ ਹਨ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੋਬਾਰਾ ਖੋਲ੍ਹਣ, ਸ੍ਰੀ ਗੁਰੂ ਰਾਮਦਾਸ ਸੰਗੀਤ ਵਿਦਿਆਲਾ, ਮੱਧ ਪ੍ਰਦੇਸ਼ ਪ੍ਰਚਾਰ ਮਿਸ਼ਨ ਅਰੰਭ ਕਰਨ ਵਰਗੇ ਮਹੱਤਵਪੂਰਨ ਫ਼ੈਸਲੇ ਕੀਤੇ ਗਏ। 07 ਫਰਵਰੀ, 1955 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਜਨਰਲ ਇਜਲਾਸ ਸਮੇਂ, ਮਾਸਟਰ ਤਾਰਾ ਸਿੰਘ ਜੀ ਫਿਰ ਪ੍ਰਧਾਨ ਚੁਣੇ ਗਏ। ਇਸ ਤਰ੍ਹਾਂ ਸ. ਈਸ਼ਰ ਸਿੰਘ ਜੀ ਮਝੈਲ ਦਾ ਪ੍ਰਧਾਨਗੀ ਕਾਰਜਕਾਲ ਇਸ ਹੀ ਦਿਨ ਸਮਾਪਤ ਹੋ ਗਿਆ।

ਜ਼ਿੰਦਗੀ ਦੇ ਆਖਰੀ ਸਾਲ ਸ. ਈਸ਼ਰ ਸਿੰਘ ‘ਮਝੈਲ’ ਨੇ ਸਰਗਰਮ ਸਿੱਖ ਸਿਆਸਤ ਤੋਂ ਸੰਨਿਆਸ ਲੈ, ਪਟਿਆਲੇ ’ਚ ਆਪਣੇ ਖੇਤੀ ਫਾਰਮ ’ਤੇ ਗੁਜ਼ਾਰੇ। ਕੁਝ ਸਮਾਂ ਬੀਮਾਰ ਰਹਿਣ ਉਪਰੰਤ 20 ਅਪ੍ਰੈਲ, 1977 ਨੂੰ ਸ. ਈਸ਼ਰ ਸਿੰਘ ਜੀ ‘ਮਝੈਲ’ ਅਕਾਲ ਚਲਾਣਾ ਕਰ ਗਏ। 15 ਮਈ, 1977 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਮਤਾ ਨੰਬਰ 332-ੳ ਰਾਹੀਂ ਸ. ਈਸ਼ਰ ਸਿੰਘ ‘ਮਝੈਲ’ ਸਾਬਕਾ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਵੱਲੋਂ ਪੰਥ ਤੇ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦੀ ਸ਼ਲਾਘਾ ਕਰਦਿਆਂ, ਅਫਸੋਸ ਦਾ ਮਤਾ ਪਾਸ ਕੀਤਾ ਗਿਆ। ਇਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ, ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੈ। ਜਥੇਦਾਰ ਮਝੈਲ ਦਾ ਇਕ ਸਪੁੱਤਰ ਸੁਨਾਮ ਨੇੜੇ ਖੇਤੀ ਫ਼ਾਰਮ ’ਚ ਮਸ਼ਰੂਫ਼ ਹੈ ਤੇ ਦੂਸਰਾ ਸਪੁੱਤਰ ਜਲੰਧਰ ’ਚ ਨਿਵਾਸ ਰੱਖਦਾ ਹੈ। ਜਥੇਦਾਰ ਈਸ਼ਰ ਸਿੰਘ ਮਝੈਲ ਦੇ ਜੀਵਨ ਤੇ ਕਾਰਜਾਂ ਨੂੰ ਰੂਪਮਾਨ ਕਰਦਾ ਖੂਬਸੂਰਤ ਅਭਿਨੰਦਨ ਗ੍ਰੰਥ ਵੀ ਪ੍ਰਕਾਸ਼ਤ ਕੀਤਾ ਗਿਆ ਸੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)