ਸ੍ਰੀਮਾਨ ਪੰਥ-ਰਤਨ ਮਾਸਟਰ ਤਾਰਾ ਸਿੰਘ ਜੀ ਤੋਂ ਬਾਅਦ ਗੁਰੂ-ਪੰਥ ਦੀ ਪ੍ਰਤੀਨਿਧ ਸੰਸਥਾ, ਸ਼੍ਰੋਮਣੀ ਗੁ: ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਦੇ ਸਤਿਕਾਰਤ ਅਹੁਦੇ ’ਤੇ ਨਿਰੰਤਰ ਦਸ ਸਾਲ ਬਿਰਾਜਮਾਨ ਹੋਣ ਵਾਲੀ ਧੜੱਲੇਦਾਰ, ਦਰਸ਼ਨੀ ਸਿੱਖ ਸ਼ਖ਼ਸੀਅਤ, ਸੰਤ ਚੰਨਣ ਸਿੰਘ ਜੀ ਦਾ ਜਨਮ 1907 ਈ: ’ਚ ਸ. ਤਰਲੋਕ ਸਿੰਘ ਜੀ ਤੇ ਮਾਤਾ ਪ੍ਰੇਮ ਕੌਰ ਦੇ ਘਰ, ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ ’ਚ ਹੋਇਆ। ਇਨ੍ਹਾਂ ਦੇ ਮਾਤਾ-ਪਿਤਾ ਗੁਰੂ-ਘਰ ’ਚ ਸ਼ਰਧਾ-ਸਤਿਕਾਰ ਰੱਖਣ ਵਾਲੇ ਸ਼ਰਧਾਲੂ ਸਿੱਖ ਸਨ। ਸੰਤ ਚੰਨਣ ਸਿੰਘ ਜੀ ਹੋਰੀਂ ਦੋ ਭਾਈ ਤੇ ਚਾਰ ਭੈਣਾਂ ਸਨ। ਧਾਰਮਿਕ ਸਿੱਖਿਆ ਤੇ ਅੱਖਰ-ਗਿਆਨ ਇਨ੍ਹਾਂ ਨੇ ਪਿੰਡ ’ਚ ਨਿਰਮਲੇ ਸੰਤਾਂ ਦੇ ਡੇਰੇ ਤੋਂ ਪ੍ਰਾਪਤ ਕੀਤਾ। ਅਕਾਲੀ ਲਹਿਰ ਸਮੇਂ ਜੈਤੋ ਦੇ ਮੋਰਚੇ ’ਚ ਸ਼ਾਮਲ ਹੋ ਰਹੇ ਸ਼ਹੀਦੀ ਜਥੇ ਦੀ ਸੰਤ ਚੰਨਣ ਸਿੰਘ ਜੀ ਤੇ ਸੰਗੀ-ਸਾਥੀਆਂ ਨੇ ਖ਼ੂਬ ਟਹਿਲ-ਸੇਵਾ ਕੀਤੀ। ਸੰਤ ਚੰਨਣ ਸਿੰਘ ਜੀ ਨੂੰ 1928 ਈ: ’ਚ ਇਨ੍ਹਾਂ ਦੀ ਭੈਣ ਦੇ ਪਤੀ ਦੀ ਮੌਤ ਹੋ ਜਾਣ ਕਾਰਨ ਮੁੱਲਾਂਪੁਰ ਛੱਡ ਕੇ ਚੱਕ ਨੰ: 18-ਗ਼, ਜ਼ਿਲ੍ਹਾ ਗੰਗਾਨਗਰ ਆਉਣਾ ਪਿਆ।ਆਪਣੀ ਭੈਣ ਦੇ ਬੱਚਿਆਂ ਦੀ ਦੇਖ-ਭਾਲ ਤੇ ਸਹਾਇਤਾ ਵਾਸਤੇ ਆਪ ਜੀ ਨਿਰੰਤਰ ਚਾਰ ਸਾਲ ਉੱਥੇ ਰਹੇ।1932 ਈ: ’ਚ ਸੰਤ ਚੰਨਣ ਸਿੰਘ ਜੀ ਭਾਰਤੀ ਫੌਜ ’ਚ ਭਰਤੀ ਹੋ ਗਏ। ਇਨ੍ਹਾਂ ਨੂੰ ਆਪਣੀ ਰੈਜ਼ਮੈਂਟ ਨਾਲ ਕਲਕੱਤੇ ਜਾਣਾ ਪਿਆ, ਜਿੱਥੇ ਉਹ ਸਖ਼ਤ ਬੀਮਾਰ ਹੋ ਗਏ ਅਤੇ ਕੁਝ ਮਹੀਨੇ ਹਸਪਤਾਲ ’ਚ ਰਹਿਣਾ ਪਿਆ। ਇਸ ਬੀਮਾਰੀ ਕਾਰਨ ਇਨ੍ਹਾਂ ਨੂੰ ਆਰਮੀ ਦੀ ਸੇਵਾ ਤਿਆਗਣੀ ਪਈ। ਸੈਨਿਕ ਸੇਵਾ ਤਿਆਗ ਕੇ ਇਹ ਆਪਣੇ ਪਿੰਡ ਮੁੱਲਾਂਪੁਰ ਆ ਗਏ, ਜਿੱਥੋਂ ਇਹ ਫਿਰ ਆਪਣੀ ਭੈਣ ਦੇ ਘਰ ਪਹੁੰਚ ਗਏ। ਗੰਗਾਨਗਰ ਦੇ ਹੀ ਸੈਂਟਰਲ ਗੁਰਦੁਆਰੇ ’ਚ ਇਨ੍ਹਾਂ ਦਾ ਮਿਲਾਪ ਸੰਤ ਫ਼ਤਹਿ ਸਿੰਘ ਜੀ ਨਾਲ ਹੋਇਆ।ਇਹ ਐਸਾ ਮਿਲਾਪ ਸੀ ਜੋ ਆਖ਼ਰੀ ਸਾਹਾਂ ਤੀਕ ਨਿਭ ਗਿਆ। ਸੰਤ ਚੰਨਣ ਸਿੰਘ ਜੀ ਨੇ ਸੰਤ ਫ਼ਤਹਿ ਸਿੰਘ ਜੀ ਦੀ ਸੰਗਤ ਦਾ ਰਸ ਮਾਨਣ ਵਾਸਤੇ ਘਰ-ਬਾਰ ਤਿਆਗ ਦਿੱਤਾ।ਇਸ ਸਮੇਂ ਇਨ੍ਹਾਂ ਨੇ ਗੁਰਮਤਿ ਸਾਹਿਤ ਦਾ ਖੂਬ ਅਧਿਐਨ ਕੀਤਾ। ਸੰਤ ਫਤਹਿ ਸਿੰਘ ਜੀ ਦਾ ਜੀਵਨ-ਮਿਸ਼ਨ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਤੇ ਵਿੱਦਿਆ ਦਾ ਫੈਲਾਅ ਕਰਨਾ ਸੀ। ਸੰਤ ਫਤਹਿ ਸਿੰਘ ਜੀ ਪਾਸੋਂ ਹੀ ਇਨ੍ਹਾਂ ਕੀਰਤਨ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਭਾਰਤ ਭਰ ਦੇ ਗੁਰਦੁਆਰਿਆਂ ’ਚ ਧਰਮ ਪ੍ਰਚਾਰ ਲਈ ਪ੍ਰਚਾਰ-ਦੌਰੇ ਕੀਤੇ। ਸੰਤ ਫਤਹਿ ਸਿੰਘ ਜੀ ਨੂੰ ਇਕ ਐਸਾ ਸੰਗੀ-ਸਾਥੀ ਮਿਲ ਗਿਆ ਜਿਸ ’ਤੇ ਪੂਰਨ ਭਰੋਸਾ, ਵਿਸ਼ਵਾਸ ਤੇ ਮਾਣ ਕੀਤਾ ਜਾ ਸਕਦਾ ਸੀ।ਸੰਤ ਚੰਨਣ ਸਿੰਘ ਜੀ ਉਮਰ ’ਚ ਸੰਤ ਫਤਹਿ ਸਿੰਘ ਜੀ ਨਾਲੋਂ ਚਾਰ ਸਾਲ ਵੱਡੇ ਸਨ ਪਰ ਇਹ ਹਮੇਸ਼ਾਂ ਹੀ ਸੰਤ ਫਤਹਿ ਸਿੰਘ ਜੀ ਦਾ ਬਜ਼ੁਰਗਾਂ ਵਾਲਾ ਮਾਣ-ਸਤਿਕਾਰ ਕਰਦੇ ਸਨ। ਅਸਲ ਵਿਚ ਸੰਤ ਚੰਨਣ ਸਿੰਘ ਤੇ ਸੰਤ ਫਤਹਿ ਸਿੰਘ ਜੀ ਇਕ ਹੀ ਸਿੱਕੇ ਦੇ ਦੋ ਪਹਿਲੂ ਸਨ।
ਸ਼੍ਰੋਮਣੀ ਅਕਾਲੀ ਦਲ ਨੇ 1949 ਈ: ’ਚ ਪੈਪਸੂ ਸਰਕਾਰ ਦੇ ਵਿਰੋਧ ਵਿਚ ਮੋਰਚਾ ਲਗਾਇਆ ਤਾਂ ਸੰਤ ਚੰਨਣ ਸਿੰਘ ਜੀ ਨੇ ਆਪਣੇ 20 ਸੰਗੀ-ਸਾਥੀਆਂ ਸਮੇਤ ਗ੍ਰਿਫ਼ਤਾਰੀ ਦਿੱਤੀ ਤੇ ਅੱਠ ਮਹੀਨੇ ਜੇਲ੍ਹ ਕੱਟੀ। ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਸੰਤ ਜੀ ਨੇ ਦੂਸਰੇ ਜਥੇ ਸਮੇਤ ਲੁਧਿਆਣਾ ਤੋਂ ਗ੍ਰਿਫ਼ਤਾਰੀ ਦਿੱਤੀ ਤੇ ਮੋਰਚਾ ਸਫ਼ਲ ਹੋਣ ’ਤੇ ਹੀ ਰਿਹਾਅ ਹੋਏ। ਇਨ੍ਹਾਂ ਦੀਆਂ ਧਾਰਮਿਕ, ਸਮਾਜਿਕ ਗਤੀਵਿਧੀਆਂ ਨੂੰ ਸਨਮੁਖ ਰੱਖਦਿਆਂ,ਆਪ ਨੂੰ ਸ਼੍ਰੋਮਣੀ ਅਕਾਲੀ ਦਲ, ਜ਼ਿਲ੍ਹਾ ਗੰਗਾਨਗਰ ਦੇ ਜ਼ਿਲ੍ਹਾ ਜਥੇਦਾਰ ਦੀ ਸੇਵਾ 1950 ਈ: ’ਚ ਸੌਂਪੀ ਗਈ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੰਗਾਨਗਰ ਦੇ ਮੁੱਖ ਪ੍ਰਬੰਧਕ ਨਿਯੁਕਤ ਕੀਤਾ ਗਿਆ। ਸੰਤ ਚੰਨਣ ਸਿੰਘ ਜੀ ਨੇ ਇਹ ਦੋਵੇਂ ਜ਼ਿੰਮੇਵਾਰੀਆਂ 1962 ਈ: ਤੀਕ ਤਨ-ਮਨ ਤੋਂ ਨਿਰੰਤਰ ਨਿਭਾਈਆਂ। ਇਨ੍ਹਾਂ ਜ਼ਿੰਮੇਵਾਰੀਆਂ ਤੋਂ ਤਦ ਹੀ ਮੁਕਤ ਹੋਏ ਜਦ ਇਨ੍ਹਾਂ ਨੂੰ ਗੁਰੂ-ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਹੋਣ ਦਾ ਸੁਭਾਗ ਪ੍ਰਾਪਤ ਹੋਇਆ।
ਸ਼੍ਰੋਮਣੀ ਅਕਾਲੀ ਦਲ ਦੇ ਲੰਮਾ ਸਮਾਂ ਕਾਰਜਕਾਰੀ ਦੇ ਮੈਂਬਰ ਰਹਿਣ ਉਪਰੰਤ ਸੰਤ ਚੰਨਣ ਸਿੰਘ ਜੀ 1958-60 ਈ:’ਚ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਰਹੇ।ਪੰਜਾਬੀ ਸੂਬੇ ਦੇ ਮੋਰਚੇ ਸਮੇਂ ਵੀ ਸੰਤ ਚੰਨਣ ਸਿੰਘ ਜੀ ਨੇ ਮੋਹਰੀ ਰੋਲ ਅਦਾ ਕੀਤਾ। 7 ਮਾਰਚ, 1960 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਾਲਾਨਾ ਜਨਰਲ ਸਮਾਗਮ ਸਮੇਂ ਸੰਤ ਚੰਨਣ ਸਿੰਘ ਜੀ ਗੰਗਾਨਗਰ ਤੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਮੈਂਬਰ ਨਾਮਜ਼ਦ ਹੋਏ।ਇਸ ਦਿਨ ਹੀ ਸੰਤ ਫ਼ਤਹਿ ਸਿੰਘ ਜੀ ਗੰਗਾਨਗਰ ਤੋਂ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਦੇ ਮੈਂਬਰ ਨਾਮਜ਼ਦ ਕੀਤੇ ਗਏ।ਸ਼੍ਰੋਮਣੀ ਅਕਾਲੀ ਦਲ 1962 ਈ: ਵਿਚ ਦੋ ਧੜਿਆਂ ’ਚ ਵੰਡਿਆ ਗਿਆ।ਇਕ ਧੜੇ ਦੀ ਨੁਮਾਇੰਦਗੀ ਮਾਸਟਰ ਤਾਰਾ ਸਿੰਘ ਜੀ ਕਰਦੇ ਸਨ ਤੇ ਦੂਸਰੇ ਧੜੇ ਦੀ ਅਗਵਾਈ ਸੰਤ ਫ਼ਤਹਿ ਸਿੰਘ ਜੀ ਕਰਦੇ ਸਨ। 2 ਅਕਤੂਬਰ, 1962 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਜਨਰਲ ਸਮਾਗਮ ਸਮੇਂ ਸ. ਕ੍ਰਿਪਾਲ ਸਿੰਘ ਚੱਕ ਸ਼ੇਰੇਵਾਲਾ ਦੇ ਵਿਰੁੱਧ ਬੇ-ਪ੍ਰਤੀਤੀ ਦਾ ਮਤਾ ਪੇਸ਼ ਹੋਣ ’ਤੇ ਬਹੁ-ਸੰਮਤੀ ਨਾਲ ਪ੍ਰਵਾਨ ਹੋ ਗਿਆ। ਜਥੇਬੰਦਕ ਚੇਤਨਾ, ਸੇਵਾ-ਸਿਮਰਨ, ਸਿੱਖੀ ਸਿਦਕ ਭਰੋਸਾ ਤੇ ਸਿੱਖ-ਸੰਗਰਾਮ ਵਾਸਤੇ ਧੜੱਲੇਦਾਰ ਸਿੱਖ ਆਗੂ, ਸੰਤ ਚੰਨਣ ਸਿੰਘ ਜੀ ਦਾ ਨਾਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਸੰਤ ਧੜੇ ਵੱਲੋਂ ਪੇਸ਼ ਕੀਤਾ ਗਿਆ ਜੋ ਬਹੁ-ਸੰਮਤੀ ਨਾਲ ਪ੍ਰਵਾਨ ਕੀਤਾ ਗਿਆ।ਇਸ ਤਰ੍ਹਾਂ ਸੰਤ ਚੰਨਣ ਸਿੰਘ ਜੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸ਼੍ਰੋਮਣੀ ਅਹੁਦੇ, ਪ੍ਰਧਾਨ ਦੀ ਕੁਰਸੀ ’ਤੇ ਬਿਰਾਜਮਾਨ ਹੋਏ।ਅੰਤ੍ਰਿੰਗ ਕਮੇਟੀ ਦੀ ਚੋਣ ਉਪਰੰਤ ਸ਼ਾਮ 6-30 ਵਜੇ ਦੋਬਾਰਾ ਜਨਰਲ ਇਕੱਤਰਤਾ ਸੰਤ ਚੰਨਣ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਪ੍ਰਧਾਨਗੀ ’ਚ ਹੋਈ, ਜਿਸ ਵਿਚ 141 ਮੈਂਬਰ ਹਾਜ਼ਰ ਸਨ। 3 ਅਕਤੂਬਰ, 1962 ਨੂੰ ਤੀਸਰੀ ਵਾਰ ਜਨਰਲ ਇਕੱਤਰਤਾ ਬੁਲਾਈ ਗਈ, ਜਿਸ ਵਿਚ ਜ਼ਰੂਰੀ ਵਿਚਾਰਾਂ ਉਪਰੰਤ, ਸਿੱਖ ਇਤਿਹਾਸ ਰੀਸਰਚ ਬੋਰਡ ਦੇ ਨਿਯਮ- ਉਪਨਿਯਮ ਉਲੀਕੇ ਗਏ ਅਤੇ 5 ਸਾਲ ਵਾਸਤੇ ਸ੍ਰੀ ਨਨਕਾਣਾ ਸਾਹਿਬ ਐਜੂਕੇਸ਼ਨ ਟ੍ਰਸਟ, ਲੁਧਿਆਣਾ ਦੇ ਨਵੇਂ ਟ੍ਰਸਟੀ ਚੁਣੇ ਗਏ।
ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਜਨਰਲ ਸਮਾਗਮ 3 ਮਾਰਚ, 1963 ਨੂੰ ਸੰਤ ਚੰਨਣ ਸਿੰਘ ਜੀ ਦੀ ਪ੍ਰਧਾਨਗੀ ’ਚ ਹੋਇਆ, ਜਿਸ ਵਿਚ ਸਾਲ 1963-64 ਦਾ ਬਜਟ ਪਾਸ ਕੀਤਾ ਗਿਆ। ਇਸ ਸਮੇਂ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦਾ ਮਤਾ ਕੀਤਾ ਗਿਆ। 18 ਜੂਨ, 1963 ਨੂੰ ਜਨਰਲ ਸਮਾਗਮ ਸਮੇਂ ਮਾਸਟਰ ਤਾਰਾ ਸਿੰਘ ਧੜੇ ਵੱਲੋਂ ਸੰਤ ਚੰਨਣ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਵਿਰੁੱਧ ਬੇ-ਪ੍ਰਤੀਤੀ ਦਾ ਮਤਾ ਪੇਸ਼ ਕੀਤਾ ਗਿਆ, ਜੋ 19 ਵੋਟਾਂ ਦੇ ਫ਼ਰਕ ਨਾਲ ਰੱਦ ਹੋ ਗਿਆ। 28 ਨਵੰਬਰ, 1963 ਨੂੰ ਸਾਲਾਨਾ ਜਨਰਲ ਇਜਲਾਸ ਸੰਤ ਚੰਨਣ ਸਿੰਘ ਜੀ ਦੀ ਪ੍ਰਧਾਨਗੀ ’ਚ ਹੋਇਆ, ਜਿਸ ਵਿਚ 140 ਮੈਂਬਰ ਹਾਜ਼ਰ ਸਨ। ਸਭ ਤੋਂ ਪਹਿਲਾਂ ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਤੇ ਡਾ. ਕਿਚਲੂ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦੇ ਮਤੇ ਪਾਸ ਕੀਤੇ ਗਏ। ਪ੍ਰਧਾਨਗੀ ਦੀ ਚੋਣ ਸਮੇਂ ਸੰਤ ਚੰਨਣ ਸਿੰਘ ਜੀ ਫਿਰ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ ਗਏ। ਪਹਿਲੀ ਜਨਵਰੀ, 1964 ਨੂੰ ਪ੍ਰਧਾਨ ਤੇ ਅੰਤ੍ਰਿੰਗ ਕਮੇਟੀ ਵਿਰੁੱਧ ਫਿਰ ਬੇ-ਪ੍ਰਤੀਤੀ ਦਾ ਮਤਾ ਪੇਸ਼ ਕੀਤਾ ਗਿਆ। ਵੋਟਾਂ ਦੀ ਗਿਣਤੀ ਸਮੇਂ ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ’ਤੇ ਵਿਸ਼ਵਾਸ ਦਾ ਮਤਾ ਹਾਸਲ ਕਰ ਲਿਆ। ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਸਾਲਾਨਾ ਚੋਣਾਂ 18 ਅਕਤੂਬਰ, 1964, 13 ਮਾਰਚ 1965, 18 ਨਵੰਬਰ 1966, 17 ਨਵੰਬਰ 1967, 27 ਅਕਤੂਬਰ 1968, 29 ਨਵੰਬਰ 1969, 26 ਨਵੰਬਰ 1970, 10 ਅਕਤੂਬਰ 1971 ਅਤੇ 23 ਅਕਤੂਬਰ 1972 ’ਚ ਗੁਰੂ-ਪੰਥ ਦੀ ਪ੍ਰਤੀਨਿਧ ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਲਗਾਤਾਰ ਬਿਰਾਜਮਾਨ ਹੋਣ ਦਾ ਮਾਣ-ਸਤਿਕਾਰ ਹਾਸਲ ਹੋਇਆ। ਹੈਰਾਨੀ ਹੈ ਕਿ ਸੰਤ ਚੰਨਣ ਸਿੰਘ ਜੀ ਨੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਇਕ ਵੀ ਜਨਰਲ ਚੋਣ ਨਹੀਂ ਲੜੀ ਤੇ ਨਿਰੰਤਰ ਨਾਮਜ਼ਦ ਮੈਂਬਰ ਵਜੋਂ ਕਾਰਜਸ਼ੀਲ ਰਹੇ! ਸੰਤ ਚੰਨਣ ਸਿੰਘ ਜੀ ਦੀ ਜਥੇਬੰਦਕ ਸੂਝ-ਸ਼ਕਤੀ ਤੇ ਪ੍ਰਬੰਧਕ ਦੇ ਰੂਪ ਵਿਚ ਯੋਗਤਾ ਸਿੱਖਰਾਂ ਦੀ ਸੀ। ਆਪ ਜੀ ਦੀ ਯਾਦਦਾਸ਼ਤ ਵੀ ਕਮਾਲ ਦੀ ਸੀ। ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਅਕਾਲੀ ਦਲ ਦੇ ਵਰਕਰਾਂ ਤੀਕ ਨਾਮ ਜ਼ੁਬਾਨੀ ਯਾਦ ਸਨ। ਸ਼੍ਰੋਮਣੀ ਗੁ:ਪ੍ਰ:ਕਮੇਟੀ ਨੂੰ ਸੰਤ ਜੀ ਆਪਣਾ ਪਰਵਾਰ ਸਮਝਦੇ ਸਨ ਤੇ ਮੁਲਾਜ਼ਮਾਂ ਨਾਲ ਵੀ ਇਨ੍ਹਾਂ ਦੀ ਸਾਂਝ, ਮੁਹੱਬਤ ਤੇ ਪਿਆਰ ਓੜਕਾਂ ਦਾ ਸੀ।
ਇਨ੍ਹਾਂ ਦੇ ਲੰਮੇ ਕਾਰਜਕਾਲ ਸਮੇਂ ਹੋਏ ਕਾਰਜਾਂ ਨੂੰ ਅਸੀਂ ਕੇਵਲ ਸੰਕੇਤਕ ਤੇ ਸੰਖੇਪ ਰੂਪ ’ਚ ਹੀ ਰੂਪਮਾਨ ਕਰ ਸਕਦੇ ਹਾਂ। ਤੰਬਾਕੂ ਤੇ ਸਿਗਰਟਨੋਸ਼ੀ ਦੀ ਮਨਾਹੀ, ਭਾਰਤ ਸਰਕਾਰ ਨੂੰ ਸਿੱਖ ਜਜ਼ਬਾਤਾਂ ਦੀ ਕਦਰ ਕਰਨ, ਗੁ:ਪਾਉਂਟਾ ਸਾਹਿਬ ਦੇ ਸਾਕੇ ਬਾਰੇ ਹਮਦਰਦੀ, ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦਾ ਪ੍ਰਬੰਧ, ਜਸਟਿਸ ਹਰਨਾਮ ਸਿੰਘ ਦੇ ਅਕਾਲ ਚਲਾਣੇ ’ਤੇ ਅਫ਼ਸੋਸ, ਦੁਰਾਹੇ ਤੇ ਲੁਧਿਆਣੇ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪੰਜਾਬੀ ਸੂਬਾ ਕਾਇਮ ਕਰਨ ਬਾਰੇ ਮਤਾ, ਸਿੱਖਾਂ ਲਈ ‘ਸ੍ਰੀ’ ਦੀ ਥਾਂ ‘ਸਰਦਾਰ’ ਪਦਵੀ ਦੀ ਪ੍ਰੋੜ੍ਹਤਾ, ਗੁਰਪੁਰਬਾਂ ਦੀਆਂ ਛੁੱਟੀਆਂ, ਪੰਜਾਬੀ ਬੋਲੀ ਨੂੰ ਅਦਾਲਤੀ ਜ਼ੁਬਾਨ ਬਣਾਉਣ, ਫ਼ੌਜ ’ਚ ਸਿੱਖ ਰਹਿਤ ਮਰਯਾਦਾ ਕਾਇਮ ਰੱਖਣ, ਪਾਕਿਸਤਾਨ ਦੇ ਗੁਰਦੁਆਰਿਆਂ, ਪ੍ਰਸਿੱਧ ਇਤਿਹਾਸਿਕ ਯਾਦਗਾਰਾਂ ਕਾਇਮ ਕਰਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਮੈਂਬਰਾਂ ਦੇ ਸਟੇਟਸ ਬਾਰੇ, ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਅਕਾਲ ਚਲਾਣੇ ’ਤੇ ਅਫ਼ਸੋਸ, ਪੰਜਾਬੀ ਸੂਬਾ ਅੰਦੋਲਨ ਦੇ ਮੋਢੀਆਂ ਬਾਰੇ ਕਾਂਗਰਸ ਵਰਕਿੰਗ ਕਮੇਟੀ ਦੇ ਫ਼ੈਸਲੇ ਦੀ ਸ਼ਲਾਘਾ, ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਪ੍ਰਸੰਸਾ, ਧਾਰਮਿਕ ਸਥਾਨਾਂ ਦੀਆਂ ਜਾਇਦਾਦਾਂ ਬਾਰੇ ਕਾਨੂੰਨੀ ਛੋਟ ਦੀ ਮੰਗ, ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ਲਈ ਮੁਜ਼ਾਰਾ ਐਕਟ ਤੋਂ ਛੋਟ, ਸ੍ਰੀ ਦਸਮੇਸ਼ ਜੀ ਦੇ ਵਿਲਾਇਤੋਂ ਆਏ ਪਵਿੱਤਰ ਸ਼ਸਤਰਾਂ, ਸਿੱਖ ਐਜ਼ੂਕੇਸ਼ਨ ਸੁਸਾਇਟੀ ਦੇ ਮੈਂਬਰਾਂ ਦੀ ਨਿਯੁਕਤੀ, ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਮਨਾਉਣ ਦੇ ਅਧਿਕਾਰ, ਚੰਡੀਗੜ੍ਹ ਵਿਖੇ ਗੁਰੂ ਗੋਬਿੰਦ ਸਿੰਘ ਨਿਵਾਸ ਬਣਾਉਣ ਦੀ ਲੋੜ, ਗੁਰਦੁਆਰਾ ਦਮਦਮਾ ਸਾਹਿਬ ਨੂੰ ਤਖ਼ਤ ਕਰਾਰ ਦੇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਪੁਰ ਤਸਵੀਰਾਂ ਨਾ ਛਾਪਣ, ਟਿਕਟਾਂ ਉੱਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾ ਛਾਪਣ, ਪੰਜਾਬੀ ਸੂਬਾ ਹਕੂਮਤ ਦਾ ਸਵਾਗਤ, ਸ੍ਰੀ ਦਸਮੇਸ਼ ਜੀ ਦੇ ਤਿੰਨ ਸੌ ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਕੈਦੀਆਂ ਨੂੰ ਛੋਟ, ਗੁਰਦੁਆਰਾ ਐਕਟ ਵਿਚ ਤਰਮੀਮਾਂ ਕਰਨ, ਸਿੱਖ ਰਾਜ ਦੇ ਸਮੇਂ ਦੀਆਂ ਸ਼ਹੀਦੀ ਯਾਦਗਾਰਾਂ, ਨਾਨਕ ਸਾਗਰ ਡੈਮ ਦੇ ਕਿਸਾਨਾਂ ਪ੍ਰਤੀ ਹਮਦਰਦੀ, ਮਾਸਟਰ ਤਾਰਾ ਸਿੰਘ ਦੇ ਅਕਾਲ ਚਲਾਣੇ ’ਤੇ ਅਫ਼ਸੋਸ, ਪੰਜਾਬੀ ਬੋਲੀ ਨੂੰ ਭਾਰਤ ਦੇ ਦੂਜਿਆਂ ਸੂਬਿਆਂ ’ਚ ਰਾਜ-ਭਾਸ਼ਾ ਦਾ ਦਰਜਾ ਦੇਣਾ, ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਵਿਖੇ ਸਿੱਖ ਮਰਯਾਦਾ ਕਾਇਮ ਰੱਖਣ, ਬਰਤਾਨਵੀ ਸਰਕਾਰ ਵੱਲੋਂ ਸਿੱਖਾਂ ਦੀ ਦਸਤਾਰ ’ਤੇ ਲਾਈ ਪਾਬੰਦੀ, ਭਾਖੜਾ ਡੈਮ, ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਵਾਪਸ ਲੈਣ, ਪੰਜਾਬ ਤੋਂ ਬਾਹਰ ਸਿੱਖਾਂ ਪੁਰ ਹੋ ਰਹੀਆਂ ਵਧੀਕੀਆਂ ਦੂਰ ਕਰਾਉਣ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਤੇ ਕੈਦੀਆਂ ਦੀਆਂ ਸਜ਼ਾਵਾਂ ਦੀ ਮੁਆਫ਼ੀ, ਕਸ਼ਮੀਰ ਗੁਰਦੁਆਰਾ ਪ੍ਰਬੰਧ, ਸ. ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ’ਤੇ ਹਮਦਰਦੀ ਦਾ ਮਤਾ, ਤਹਿਸੀਲ ਫਾਜ਼ਿਲਕਾ ਹਰਿਆਣੇ ਨੂੰ ਦੇਣ ਦੇ ਵਿਰੁੱਧ, ਢਾਕਾ (ਪਾਕਿਸਤਾਨ) ਦੇ ਸਮੁੰਦਰੀ ਹੜ੍ਹ-ਪੀੜਤਾਂ ਦੀ ਸਹਾਇਤਾ, ਆਦਮ-ਗਿਣਤੀ ਸਮੇਂ ਮਾਂ-ਬੋਲੀ ਪੰਜਾਬੀ ਲਿਖਾਉਣ ਦੀ ਅਪੀਲ, ਹਰਿਆਣਾ ਗੁਰਦੁਆਰਾ ਬੋਰਡ ਬਣਾਉਣ ਵਿਰੁੱਧ ਮੁੱਖ ਮੰਤਰੀ ਬੰਸੀ ਲਾਲ ਨੂੰ ਤਾੜਨਾ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਮੈਂਬਰਾਂ ਦੇ ਅਧਿਕਾਰ ਵਧਾਉਣ, ਹਿਮਾਚਲ, ਹਰਿਆਣਾ ਤੇ ਦਿੱਲੀ ’ਚ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ, ਸਿੱਖੀ ਨੂੰ ਪਤਿਤਪੁਣੇ ਤੋਂ ਬਚਾਉਣ ਲਈ, ਬੰਗਲਾ ਦੇਸ਼ ਦੀ ਅਜ਼ਾਦੀ ਦੇ ਸੰਗ੍ਰਾਮ ਬਾਰੇ ਹਮਦਰਦੀ, ਗੁਰਦੁਆਰਾ ਚੋਣਾਂ ਕਰਾਉਣ, ਉੱਤਰ ਪ੍ਰਦੇਸ਼ ਵਿਚ ਸਿੱਖਾਂ ਉੱਤੇ ਹੋਏ ਜ਼ੁਲਮ ਬਾਰੇ ਪ੍ਰਸਤਾਵ, ਮੋਗੇ ਦੇ ਨਿਰਦੋਸ਼ ਵਿਦਿਆਰਥੀਆਂ ਬਾਰੇ ਹਮਦਰਦੀ ਆਦਿ ਮਹੱਤਵਪੂਰਨ ਫ਼ੈਸਲੇ ਤੇ ਮਤੇ ਸੰਤ ਚੰਨਣ ਸਿੰਘ ਜੀ ਦੀ ਪ੍ਰਧਾਨਗੀ ਸਮੇਂ ਹੋਏ।
ਗੁਰਦਾਸਪੁਰ ਦੀ ਲੋਕ ਸਭਾ ਚੋਣ ਸਮੇਂ ਸੰਤ ਫਤਹਿ ਸਿੰਘ ਜੀ ਦੀ ਰਾਇ ਸੀ ਕਿ ਚੋਣ ਅਕਾਲੀ ਦਲ ਵੱਲੋਂ ਨਾ ਲੜੀ ਜਾਵੇ ਪਰ ਸੰਤ ਚੰਨਣ ਸਿੰਘ ਜੀ ਚੋਣ ਲੜਨ ਦੇ ਹੱਕ ਵਿਚ ਸਨ। ਚੋਣ ਲੜੀ ਗਈ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹਾਰ ਗਿਆ ਜਿਸ ਕਾਰਨ ਅਕਾਲੀ ਦਲ ਦੇ ਵੱਕਾਰ ਨੂੰ ਭਾਰੀ ਠੇਸ ਪਹੁੰਚੀ। ਸੰਤ ਫਤਹਿ ਸਿੰਘ ਜੀ ਨੇ ਚੋਣ ਲੜਨ ’ਤੇ ਹਾਰਨ ਦੇ ਦੋਸ਼ੀ ਸੰਤ ਚੰਨਣ ਸਿੰਘ ਜੀ ਨੂੰ ਮੰਨਦਿਆਂ ਕਾਫ਼ੀ ਕੋਸਿਆ। ਸੰਤ ਚੰਨਣ ਸਿੰਘ ਜੀ ਵੱਡੇ ਸੰਤਾਂ ਦੇ ਗੁੱਸੇ ਨੂੰ ਬਰਦਾਸ਼ਤ ਨਾ ਸਕੇ। ਅਖ਼ੀਰ ਇਨ੍ਹਾਂ ਨੂੰ ਦਿਲ ਦਾ ਗੰਭੀਰ ਦੌਰਾ ਪੈ ਗਿਆ। ਹੋਸ਼ ਆਉਣ ’ਤੇ ਇੱਕੋ ਗੱਲ ਪੁਕਾਰਦੇ ਰਹੇ, ‘ਮੈਥੋਂ ਭੁੱਲ ਹੋ ਗਈ, ਮੇਰੇ ਨਾਲ ਵੱਡੇ ਸੰਤ ਨਰਾਜ਼ ਹੋ ਗਏ। ਬਾਬਾ ਜੀ, ਮੈਨੂੰ ਮੁਆਫ਼ ਕਰ ਦਿਓ!’ ਇਨ੍ਹਾਂ ਦੇ ਬੀਮਾਰ ਹੋਣ ’ਤੇ ਸੰਤ ਫਤਹਿ ਸਿੰਘ ਜੀ ਉਚੇਚੇ ਤੌਰ ’ਤੇ ਬੁੱਢਾ ਜੌਹੜ ਪਹੁੰਚੇ ਤੇ ਕਿਹਾ, ‘ਭਾਈ! ਗੁਰੂ-ਪੰਥ ਦੀ ਸੇਵਾ ਕਰਨੀ ਸਾਡਾ ਫਰਜ਼ ਹੈ, ਇਕ ਚੋਣ ਹਾਰੇ ਹਾਂ, ਕਈ ਜਿੱਤੀਆਂ ਹਨ।’ ਇਤਨਾ ਕਹਿਣ ਨਾਲ ਇਹ ਕੁਝ ਸਮੇਂ ਬਾਅਦ ਠੀਕ ਹੋ ਗਏ।
30 ਅਕਤੂਬਰ, 1972 ਨੂੰ ਸੰਤ ਫ਼ਤਹਿ ਸਿੰਘ ਜੀ ਅਕਾਲ ਚਲਾਣਾ ਕਰ ਗਏ। ਠੀਕ ਇਕ ਮਹੀਨੇ ਬਾਅਦ ਸੰਤ ਚੰਨਣ ਸਿੰਘ ਜੀ 29 ਨਵੰਬਰ, 1972 ਨੂੰ ਰਾਤ ਦੇ 12 ਵੱਜ ਕੇ 10 ਮਿੰਟ ’ਤੇ ਇਸ ਨਾਸ਼ਮਾਨ ਸੰਸਾਰ ਨੂੰ ਆਖ਼ਰੀ ਫ਼ਤਹ ਬੁਲਾ ਗਏ। ਇਨ੍ਹਾਂ ਦੀ ਥਾਂ ’ਤੇ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਚੁਣੇ ਗਏ। ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਜਨਰਲ ਸਮਾਗਮ 31 ਮਾਰਚ,1973 ਅਤੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ:ਪ੍ਰ:ਕਮੇਟੀ) ਸ੍ਰੀ ਅੰਮ੍ਰਿਤਸਰ ਦੇ ਮਤਾ ਨੰ:2483 ਮਿਤੀ 16 ਜਨਵਰੀ,1973 ਰਾਹੀਂ ਸੰਤ ਚੰਨਣ ਸਿੰਘ ਜੀ ਨੂੰ ਸ਼ਰਧਾ, ਸਤਿਕਾਰ ਤੇ ਸ਼ਰਧਾਂਜਲੀ ਭੇਟ ਕੀਤੀ। ਇਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੈ। ਇਨ੍ਹਾਂ ਦੀ ਯਾਦ ’ਚ ਸੰਤ ਚੰਨਣ ਸਿੰਘ ਕਾਲੋਨੀ ਸ੍ਰੀ ਅੰਮ੍ਰਿਤਸਰ ਵਿਖੇ ਬਣਾਈ ਗਈ ਹੈ।
ਲੇਖਕ ਬਾਰੇ
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/April 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/August 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/January 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/February 1, 2010