ਪੰਜਾਬੀ, ਅੰਗਰੇਜ਼ੀ, ਫ਼ਾਰਸੀ ਅਤੇ ਉਰਦੂ ਭਾਸ਼ਾਵਾਂ ਦੇ ਗਿਆਤਾ, ਸਫਲ ਅਧਿਆਪਕ, ਕਿਸਾਨ, ਧਾਰਮਿਕ-ਸਮਾਜਿਕ ਨੇਤਾ, ਸ਼੍ਰੋਮਣੀ ਗੁ. ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੀ ਹਸਮੁੱਖ ਸ਼ਖ਼ਸੀਅਤ ਜਥੇਦਾਰ ਕਾਬਲ ਸਿੰਘ ਜੀ ਦਾ ਜਨਮ 24 ਦਸੰਬਰ, 1928 ਨੂੰ ਸ. ਕਿਸ਼ਨ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਚੱਕ ਨੰ: 275 ਝੰਗ ਬਰਾਚ ਲਾਇਲਪੁਰ (ਹੁਣ ਪਾਕਿਸਤਾਨ) ’ਚ ਹੋਇਆ। ਅਰੰਭਿਕ ਵਿੱਦਿਆ ਜਥੇਦਾਰ ਕਾਬਲ ਸਿੰਘ ਜੀ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰ, ਦਸਵੀਂ ਦਾ ਇਮਤਿਹਾਨ ਬਾਰ ਖਾਲਸਾ ਹਾਈ ਸਕੂਲ ਚੱਕ ਨੰ: 41, ਤਹਿਸੀਲ ਤੇ ਜ਼੍ਹਿਲਾ ਲਾਇਲਪੁਰ ਤੋਂ 1943 ਈ: ਵਿਚ ਪਾਸ ਕੀਤਾ। ਇਨ੍ਹਾਂ ਨੇ ਐਫ. ਐਸ. ਈ: 1946 ਈ: ਵਿਚ ਖਾਲਸਾ ਕਾਲਜ ਲਾਇਲਪੁਰ ਤੋਂ ਕੀਤੀ ਤੇ ਬੀ.ਏ. ਦੀ ਡਿਗਰੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਲਪੁਰ (ਹੁਸ਼ਿਆਰਪੁਰ) ਤੋਂ ਪ੍ਰਾਪਤ ਕੀਤੀ। ਦੇਸ਼-ਵੰਡ ਉਪਰੰਤ ਸਤੰਬਰ, 1947 ਈ: ’ਚ ਜਥੇਦਾਰ ਕਾਬਲ ਸਿੰਘ ਜੀ ਪਰਵਾਰ ਸਮੇਤ ਪਿੰਡ ਬਹਿਬਲਪੁਰ ਤਹਿਸੀਲ ਗੜਸ਼ੰਕਰ ਹੁਸ਼ਿਆਰਪੁਰ ਵੱਸ ਗਏ। 1959 ਈ: ਤੋਂ ਜਥੇਦਾਰ ਕਾਬਲ ਸਿੰਘ ਜੀਂ ਪਿੰਡ ਥੀਡਾ ਨੇੜੇ ਮਾਹਲਪੁਰ (ਹੁਸ਼ਿਆਰਪੁਰ) ’ਚ ਪਰਵਾਰ ਸਮੇਤ ਰਹਿੰਦੇ ਰਹੇ।
ਇਨ੍ਹਾਂ ਦਾ ਅਨੰਦ ਕਾਰਜ 1953 ਈ: ਵਿਚ ਬੀਬੀ ਗੁਰਮੀਤ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਤਿੰਨ ਪੁੱਤਰ ਤੇ ਇਕ ਪੁੱਤਰੀ ਪੈਦਾ ਹੋਈ। ਪੁੱਤਰੀ ਕੈਨੇਡਾ ਵਿਚ ਅਤੇ ਤਿੰਨੇ ਪੁੱਤਰ ਅਮਰੀਕਾ ਵਿਚ ਪਰਵਾਰਾਂ ਸਮੇਤ ਆਪੋ-ਆਪਣੇ ਕਾਰੋਬਾਰ ਕਰਦੇ ਹਨ। ਜਥੇਦਾਰ ਕਾਬਲ ਸਿੰਘ ਹੋਰਾਂ ਦਾ ਮੁੱਖ ਕਿੱਤਾ ਖੇਤੀਬਾੜੀ ਰਿਹਾ। ਜਥੇਦਾਰ ਕਾਬਲ ਸਿੰਘ ਜੀ ਨੇ ਕੁਝ ਸਮਾਂ ਖਾਲਸਾ ਹਾਈ ਸਕੂਲ, ਸ਼ਾਮ ਚੌਰਾਸੀ ਅਤੇ ਨਡਾਲਾ ਵਿਖੇ ਅਧਿਆਪਕ ਵਜੋਂ ਸੇਵਾ ਕੀਤੀ। 1946 ਈ: ਤੋਂ ਜਥੇਦਾਰ ਕਾਬਲ ਸਿੰਘ ਜੀ ਸਰਗਰਮ ਸਿਆਸਤ ’ਚ ਸ਼ਾਮਲ ਹੋ ਗਏ ਅਤੇ ਵਿਧਾਨ ਸਭਾ ਚੋਣ ਸਮੇਂ ਉਨ੍ਹਾਂ ਦਰਵੇਸ਼ ਸਿੱਖ ਸਿਆਸਤਦਾਨ ਗਿਆਨੀ ਕਰਤਾਰ ਸਿੰਘ ਜੀ ਦੀ ਡੱਟ ਕੇ ਮਦਦ ਕੀਤੀ। ਜਥੇਦਾਰ ਕਾਬਲ ਸਿੰਘ ਜੀ ਕਾਲਜ ਦੀ ਪੜ੍ਹਾਈ ਸਮੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਮਰਪਿਤ ਵਰਕਰ ਰਹੇ ਹਨ।
1948-49 ਈ: ਵਿਚ ਜਦ ਡਾ. ਜਸਵੰਤ ਸਿੰਘ ਨੇਕੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ ਤਾਂ ਜਥੇਦਾਰ ਕਾਬਲ ਸਿੰਘ ਹੋਰੀਂ ਕਾਰਜਕਾਰਨੀ ਦੇ ਮੈਂਬਰ ਸਨ।
‘ਮਾਮਾ-ਭਾਣਜਾ ਵਜ਼ਾਰਤ’ ਦੇ ਵਿਰੋਧ ਵਿਚ 1949 ਈ: ਵਿਚ ਮੋਰਚਾ ਲੱਗਾ ਤਾਂ ਜਥੇਦਾਰ ਕਾਬਲ ਸਿੰਘ ਜੀ ਨੇ ਜਥੇ ਸਮੇਤ ਗ੍ਰਿਫ਼ਤਾਰੀ ਦਿੱਤੀ ਅਤੇ 10 ਮਹੀਨੇ ਕਪੂਰਥਲੇ ਦੀ ਜੇਲ੍ਹ ’ਚ ਬੰਦੀ ਰਹੇ। 1953 ਈ: ਵਿਚ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ (ਹੁਸ਼ਿਆਰਪੁਰ) ’ਚ ਪੰਜਾਬੀ ਸੂਬੇ ਦੇ ਮੋਰਚੇ ਤੇ ਸਿੱਖਾਂ ਖਿਲਾਫ ਹੋ ਰਹੀ ਕਾਰਵਾਈ ਵਿਰੁੱਧ ਇਨ੍ਹਾਂ ਜਲਸਾ ਕੀਤਾ। ਗਿਆਨੀ ਫੌਜਾ ਸਿੰਘ ਜੀ ਕਾਰਜਕਾਰੀ ਜਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਜਥੇਦਾਰ ਕਾਬਲ ਸਿੰਘ ਹੋਰਾਂ ਦੇ ਵਿਰੁੱਧ ਦੇਸ਼-ਧਰੋਹ ਤੇ 124 ਅਲਫ (ੳ) ਦੇ ਤਹਿਤ ਕੇਸ ਬਣਾਇਆ ਗਿਆ। ਇਸ ਕੇਸ ਵਿਚ ਇਨ੍ਹਾਂ ਦੋਵਾਂ ਨੂੰ 3-3 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ। ਇਹ ਦੋ ਸ਼ਖ਼ਸੀਅਤਾਂ ਸਨ, ਜਿਨ੍ਹਾਂ ਦੇ ਇਸ ਕੇਸ ਦੀ ਸਫਾਈ ਦੇ ਗਵਾਹ ਗਿਆਨੀ ਕਰਤਾਰ ਸਿੰਘ ਜੀ ਤੇ ਸ. ਹੁਕਮ ਸਿੰਘ ਜੀ ਸਾਬਕਾ ਸਪੀਕਰ ਭੁਗਤੇ ਸਨ। ਡਿਸਟ੍ਰਿਕਟ ਅਟਾਰਨੀ ਨੇ ਗਿਆਨੀ ਕਰਤਾਰ ਸਿੰਘ ਹੋਰਾਂ ਨੂੰ ਪੁੱਛਿਆ ਕਿ, ਕੀ ਇਹ ਦੋਨੋਂ ਕੌਮਾਂ ਦੀ ਥਿਊਰੀ ਦਾ ਨਤੀਜਾ ਨਹੀਂ ਕਿ ਪਾਕਿਸਤਾਨ ਤੇ ਭਾਰਤ ਬਣੇ ਹਨ? ਗਿਆਨੀ ਜੀ ਨੇ ਜੁਆਬ ਦਿੱਤਾ ਕਿ ਇਹ ਦੋਹਾਂ ਕੌਮਾਂ ਦੀ ਥਿਊਰੀ ਦਾ ਨਤੀਜਾ ਨਹੀਂ ਸੀ ਸਗੋਂ ਬਹੁਗਿਣਤੀ ਕੌਮ ਵੱਲੋਂ ਘੱਟ-ਗਿਣਤੀ ਕੌਮ ਨਾਲ ਕੀਤੇ ਸਲੂਕ ਦੇ ਨਤੀਜੇ ਕਰਕੇ ਦੇਸ਼ ਦੀ ਵੰਡ ਹੋਈ ਹੈ। ਦੋ ਮਹੀਨੇ ਬਾਅਦ ਜਥੇਦਾਰ ਕਾਬਲ ਸਿੰਘ ਜੀ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਤੇ 1957 ਈ: ਵਿਚ ਉਹ ਇਸ ਕੇਸ ‘ਚੋਂ ਬਰੀ ਹੋ ਗਏ। ਇਸ ਸਮੇਂ ਹੀ ਉੱਤਰ ਪ੍ਰਦੇਸ਼ ਹਾਈਕੋਰਟ ਨੇ ਫੈਸਲਾ ਦਿੱਤਾ ਕਿ, ਦੇਸ਼ ਦਾ ਹਰ ਨਾਗਰਿਕ ਜਿਸ ਕਿਸਮ ਦੀ ਚਾਹੇ ਸਰਕਾਰ ਮੰਗ ਸਕਦਾ ਹੈ। ਉਸ ਵਿਰੁੱਧ ਦੇਸ਼ ਧਰੋਹੀ ਦਾ ਕੇਸ ਦਰਜ ਨਹੀਂ ਹੋ ਸਕਦਾ।
“ਪੰਜਾਬੀ ਸੂਬਾ ਜ਼ਿੰਦਾਬਾਦ” ਨਾਹਰੇ ਦੇ ਮੋਰਚੇ ਸਮੇਂ ਵੀ ਜਥੇਦਾਰ ਕਾਬਲ ਸਿੰਘ ਨਜ਼ਰਬੰਦੀ ਐਕਟ ਤਹਿਤ ਪਹਿਲਾਂ ਘਰੋਂ ਗ੍ਰਿਫਤਾਰ ਕੀਤੇ ਗਏ ਅਤੇ ਦਫਾ 3 ਹੇਠ ਅੰਬਾਲਾ ਜੇਲ੍ਹ ਵਿਚ ਬੰਦੀ ਰਹੇ ਅਤੇ ਬਾਅਦ ਵਿਚ ਟ੍ਰਿਬਿਊਨਲ ਨੇ ਬਰੀ ਕਰ ਦਿੱਤਾ। ਉਸ ਵਕਤ ਦੇ ਸਾਰੇ ਐਮ. ਐਲ. ਏ ਸਮੇਤ ਸ. ਅਜੀਤ ਸਿੰਘ ਸਰਹੱਦੀ (ਐਡਵੋਕੇਟ) ਅਤੇ ਹੋਰ ਸਾਰੇ ਵਿਅਕਤੀਆਂ ਨੂੰ ਨਜ਼ਰਬੰਦੀ ਐਕਟ ਤਹਿਤ ਅੰਬਾਲਾ ਜੇਲ੍ਹ ਵਿਚ ਰੱਖਿਆ ਗਿਆ। ਫਿਰ ਕੇਂਦਰ ਸਰਕਾਰ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਨੂੰ ਪੰਜਾਬੀ ਜ਼ੋਨ ਅਤੇ ਹਿੰਦੀ ਜ਼ੋਨ ਵਿਚ ਵੰਡਣ ਦਾ ਸਮਝੌਤਾ ਹੋ ਗਿਆ।
1957 ਈ: ਵਿਚ ਗਿਆਨੀ ਕਰਤਾਰ ਸਿੰਘ ਟਾਂਡਾ ਹਲਕੇ ਤੋਂ ਚੋਣ ਲੜ ਕੇ ਐਮ. ਐਲ. ਏ. ਬਣਨ ਉਪਰੰਤ ਮਾਲ ਮੰਤਰੀ ਨਿਯੁਕਤ ਹੋ ਗਏ। ਉਸ ਸਮੇਂ ਜਥੇਦਾਰ ਕਾਬਲ ਸਿੰਘ ਜੀ ਉਨ੍ਹਾਂ ਦੇ ਸਿਆਸੀ ਸਕੱਤਰ ਬਣੇ। 1957 ਤੋਂ 1961 ਈ: ਤੱਕ ਜਥੇਦਾਰ ਕਾਬਲ ਸਿੰਘ ਜੀ ਗਿਆਨੀ ਕਰਤਾਰ ਸਿੰਘ ਦੇ ਸਿਆਸੀ ਸਕੱਤਰ ਰਹੇ। 1961 ਈ: ’ਚ ਜਥੇਦਾਰ ਕਾਬਲ ਸਿੰਘ ਨੇ ਸਿਆਸੀ ਸਕੱਤਰ ਦੀ ਪਦਵੀ ਤੋਂ ਤਿਆਗ-ਪੱਤਰ ਦੇ ਦਿੱਤਾ ਤੇ ਬਲਾਕ ਸੰਮਤੀ ਦੇ ਪ੍ਰਧਾਨ ਚੁਣੇ ਗਏ। 1964 ਈ: ਵਿਚ ਦੁਬਾਰਾ ਇਹ ਗੜ੍ਹਸ਼ੰਕਰ ਬਲਾਕ ਦੇ ਪ੍ਰਧਾਨ ਚੁਣੇ ਗਏ। ਇਸ ਸਮੇਂ ਦੌਰਾਨ ਪੰਜਾਬੀ ਸੂਬੇ ਦੇ ਮੋਰਚੇ ’ਚ ਹਿੱਸਾ ਲੈਣ ਕਰਕੇ ਜੇਲ੍ਹ ਵਿਚ ਰਹੇ। 1966 ਈ: ਵਿਚ ਪੰਜਾਬੀ ਸੂਬਾ ਬਣਨ ਤੋਂ ਬਾਅਦ 1968 ਈ: ਵਿਚ ਪੰਜਾਬ ਕੌਂਸਲ ਦੀ ਚੋਣ ਲੜ ਕੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੈਂਬਰ ਚੁਣੇ ਗਏ। ਆਪ 1977-78 ਈ: ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੋ-ਆਪ੍ਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਬਣੇ।
ਜਥੇਦਾਰ ਕਾਬਲ ਸਿੰਘ 1984 ਈ: ਵਿਚ ਧਰਮ ਯੁੱਧ ਮੋਰਚੇ ਵਿਚ ਸ. ਪ੍ਰਕਾਸ਼ ਸਿੰਘ ਜੀ ਬਾਦਲ ਨਾਲ ਸ੍ਰੀ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਹੋ ਲੁਧਿਆਣਾ ਜੇਲ੍ਹ ਵਿਚ ਬੰਦ ਰਹੇ। ਥੋੜ੍ਹੇ ਅਰਸੇ ਮਗਰੋਂ ਸਭ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਪਰ ਬਾਅਦ ’ਚ ਇਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਮੌਕੇ ਘਰੋਂ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਰੱਖਿਆ ਗਿਆ ਅਤੇ ਫਿਰ ਕਈ ਵਾਰ ਗ੍ਰਿਫ਼ਤਾਰ ਅਤੇ ਰਿਹਾਅ ਹੁੰਦੇ ਰਹੇ। 1985 ਈ: ਵਿਚ ਆਪ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਬਣੇ। ਇਸ ਤੋਂ ਪਹਿਲਾਂ ਲੰਮਾ ਸਮਾਂ ਜ਼ਿਲ੍ਹਾ ਜਨਰਲ ਸਕੱਤਰ ਤੇ ਮੀਤ ਪ੍ਰਧਾਨ ਵੀ ਰਹੇ। ਜਦੋਂ ਸੰਤ ਹਰਚੰਦ ਸਿੰਘ ਲੋਂਗੋਵਾਲ ਸ਼ਹੀਦ ਹੋਏ ਉਦੋਂ ਵੀ ਜਥੇਦਾਰ ਕਾਬਲ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 1979 ਈ: ਵਿਚ ਹੋਈਆਂ ਆਮ ਚੋਣਾਂ ਸਮੇਂ ਜਥੇਦਾਰ ਕਾਬਲ ਸਿੰਘ ਜੀ ਹਲਕਾ ਗੜਸ਼ੰਕਰ ਤੋਂ ਮੈਂਬਰ ਚੁਣੇ ਗਏ ਅਤੇ ਸਤੰਬਰ, 1985 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਣੇ ਤੇ ਫਿਰ ਫਰਵਰੀ,1986 ਵਿਚ ਜਥੇਦਾਰ ਗੁਰਚਰਨ ਸਿੰਘ ‘ਟੌਹੜਾ’ ਦੇ ਅਸਤੀਫਾ ਦੇਣ ’ਤੇ 3 ਮਾਰਚ, 1986 ਨੂੰ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਐਕਟਿੰਗ ਪ੍ਰਧਾਨ ਬਣ ਗਏ। 6 ਮਾਰਚ, 1986 ਨੂੰ ਕਪੂਰਥਲੇ ਵਿਖੇ ਜਥੇਦਾਰ ਕਾਬਲ ਸਿੰਘ ਜੀ ’ਤੇ ਗੋਲੀ ਚਲਾਈ ਗਈ, ਦੋ ਗੋਲੀਆਂ ਇਨ੍ਹਾਂ ਦੇ ਲੱਗੀਆਂ ਪਰ ਗੁਰੂ-ਕਿਰਪਾ ਸਦਕਾ ਇਹ ਬਚ ਗਏੇ ਅਤੇ ਸ. ਰਵੇਲ ਸਿੰਘ ਮੈਨੇਜਰ, ਗੁਰਦੁਆਰਾ ਸ਼ਹੀਦਾਂ (ਮਾਹਿਲਪੁਰ) ਸ਼ਹੀਦ ਹੋ ਗਏ। 22-23 ਮਾਰਚ, 1986 ਨੂੰ ਬਜਟ ਸੈਸ਼ਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹੋਣ ਨਾਤੇ ਏਜੰਡੇ ਵਿਚ ਪ੍ਰਧਾਨ ਦੀ ਚੋਣ ਦਾ ਪ੍ਰਸਤਾਵ ਰੱਖਿਆ ਅਤੇ ਬਜਟ ਸੈਸ਼ਨ ਦੀ ਮੀਟਿੰਗ ਦੌਰਾਨ ਭਾਵੇਂ ਜਥੇਦਾਰ ਕਾਬਲ ਸਿੰਘ ਜੀ ਆਪ ਹਾਜ਼ਰ ਨਹੀਂ ਹੋ ਸਕੇ ਪਰ ਇਨ੍ਹਾਂ ਨੂੰ ਸਰਬ ਸੰਮਤੀ ਨਾਲ ਸ਼੍ਰੋ. ਗੁ. ਪ੍ਰ. ਕਮੇਟੀ ਦੇ ਪ੍ਰਧਾਨ ਚੁਣ ਲਿਆ ਗਿਆ ਅਤੇ ਆਪ 30 ਨਵੰਬਰ,1986 ਤੀਕ ਇਸ ਅਹੁਦੇ ’ਤੇ ਸੁਸ਼ੋਭਿਤ ਰਹੇ।
ਜਥੇਦਾਰ ਕਾਬਲ ਸਿੰਘ ਹੋਰਾਂ ਦੀ ਪ੍ਰਧਾਨਗੀ ਦਾ ਕਾਰਜ-ਕਾਲ ਬੜਾ ਬਿਖੜਾ ਸੀ। ਪੰਜਾਬ ਦੇ ਹਾਲਾਤ ਨਾਜ਼ੁਕ ਹੋਣ ਕਾਰਨ ਸਿੱਖ ਸੰਗਤਾਂ ਦੀ ਗੁਰੂ-ਘਰ ਸ੍ਰੀ ਹਰਿਮੰਦਰ ਸਾਹਿਬ ਆਮਦ ਕਾਫੀ ਘਟੀ ਹੋਈ ਸੀ। ਸ੍ਰੀ ਦਰਬਾਰ ਸਾਹਿਬ ਦੇ ਸਟਾਫ ਦੀਆਂ ਤਨਖਾਹਾਂ ਵੀ ਪੂਰੀਆਂ ਨਹੀਂ ਸਨ ਹੁੰਦੀਆਂ। ਜਥੇਦਾਰ ਕਾਬਲ ਸਿੰਘ ਨੇ ਧਰਮੀ ਫੌਜੀਆਂ ਦੀ ਟਾਸਕ ਫੋਰਸ ਤਿਆਰ ਕਰਵਾਈ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਨੂੰ ਬਹੁਤ ਦੇਰ ਹੋ ਚੁੱਕੀ ਸੀ। ਇਸ ਲਈ ਦਫਾ 87 ਦੀਆਂ ਗੁਰਦੁਆਰਾ ਕਮੇਟੀਆਂ ਤੋੜ ਕੇ ਸਿੱਧਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਲਿਆਂਦਾ। ਗੁਰਦੁਆਰਿਆਂ ਵੱਲ ਲੱਗਦੇ ਦਸਵੰਧ, ਧਾਰਮਿਕ ਤੇ ਵਿੱਦਿਆ ਫੰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬਾਨ ਤੋਂ ਇਕੱਠੇ ਕੀਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲੀ ਹਾਲਤ ਦਾ ਸੁਧਾਰ ਕੀਤਾ। ਜਥੇਦਾਰ ਕਾਬਲ ਸਿੰਘ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਸਮੇਂ ਕੇਵਲ ਤਿੰਨ ਮੁਲਾਜ਼ਮ ਹੀ ਭਰਤੀ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਰਥਿਕ ਦਸ਼ਾ ਠੀਕ ਕਰ ਕੇ ਨਵੀਂ ਦਿਸ਼ਾ ਪ੍ਰਦਾਨ ਕੀਤੀ। ਇਨ੍ਹਾਂ ਦੇ ਕਾਰਜਕਾਲ ’ਚ ਕਿਸੇ ਗੁਰਦੁਆਰੇ ’ਚ ਖਾੜਕੂਆਂ ਨਾਲ ਪੁਲਿਸ ਮੁਕਾਬਲਾ ਨਹੀਂ ਹੋਇਆ।
ਜਥੇਦਾਰ ਕਾਬਲ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੋਰਡ ਆਫ ਮੈਨੇਜਮੈਂਟ ਦੇ ਵੀ ਤਿੰਨ ਸਾਲ ਤਕ ਮੈਂਬਰ ਰਹੇ। 1960 ਈ: ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਾਲਜ ਮਾਹਿਲਪੁਰ ਦੇ ਜਨਰਲ ਸਕੱਤਰ ਅਤੇ ਮੈਨੇਜਰ ਰਹੇ। ਇਹ ਕਾਲਜ ਦੇਸ਼ ਦੀ ਵੰਡ ਤੋਂ ਪਹਿਲਾਂ 1946 ਈ: ਵਿਚ ਸਥਾਪਿਤ ਹੋਇਆ ਸੀ ਅਤੇ ਇਸ ਕਾਲਜ ਵਿਚ ਇਸ ਸਮੇਂ ਸੱਤ ਪੋਸਟ ਗ੍ਰੈਜੂਏਟ ਵਿਸ਼ਿਆਂ ਵਿਚ ਸਿੱਖਿਆ ਦਿੱਤੀ ਜਾਂਦੀ ਹੈ। ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਪ੍ਰਧਾਨ ਵਜੋਂ ਜਥੇਦਾਰ ਕਾਬਲ ਸਿੰਘ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਵੀ ਪ੍ਰਧਾਨ ਰਹੇ। ਵਿੱਦਿਆ-ਪ੍ਰੇਮੀ ਹੋਣ ਕਰਕੇ ਜਥੇਦਾਰ ਕਾਬਲ ਸਿੰਘ ਨੇ ਇਲਾਕੇ ’ਚ ਵਿੱਦਿਆ ਦੇ ਪ੍ਰਸਾਰ ਲਈ ਸੰਤ ਹਰੀ ਸਿੰਘ ਕਰਾਹਪੁਰੀ ਯਾਦਗਾਰੀ ਬੀ.ਐਡ. ਕਾਲਜ ਵੀ ਅਰੰਭ ਕਰਵਾਇਆ। ਜਥੇਦਾਰ ਕਾਬਲ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ, ਫਤਿਹਗੜ੍ਹ ਸਾਹਿਬ ਦੇ ਪਹਿਲੇ ਟਰੱਸਟੀ ਹੋਣ ਦਾ ਮਾਣ ਵੀ ਹਾਸਲ ਹੋਇਆ। ਇਨ੍ਹਾਂ ਨੇ ਅਨੰਦਪੁਰ ਸਾਹਿਬ ਤੇ ਗੜਸ਼ੰਕਰ ਦੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਦੇ ਸਕੱਤਰ ਅਤੇ ਪ੍ਰਧਾਨ ਵਜੋਂ ਵੀ ਕਾਫੀ ਸਮਾਂ ਸੇਵਾ ਕੀਤੀ। ਜਥੇਦਾਰ ਕਾਬਲ ਸਿੰਘ ਆਪਣੇ ਪਿੰਡ ਦੇ ਪੰਚ, ਸਰਪੰਚ, ਬਲਾਕ ਸੰਮਤੀ ਦੇ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੇ ਮੈਂਬਰ ਵੀ ਰਹੇ। ਆਪ ਜੀ ਨੇ ਸਾਰੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਵਿਚ ਗੁਜ਼ਾਰੀ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਪੁਰਾਣੇ ਅਕਾਲੀ ਹੋਏ ਹਨ। ਉਨ੍ਹਾਂ ਐਮਰਜੈਂਸੀ ਸਮੇਤ ਅਕਾਲੀ ਦਲ ਦੇ ਹਰ ਮੋਰਚੇ ਵਿਚ ਜੇਲ੍ਹ ਕੱਟੀ।
1990 ਈ: ਤੋਂ 1995 ਈ: ਤੀਕ ਜਥੇਦਾਰ ਕਾਬਲ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਅਤੇ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ‘ਤੱਕੜੀ’ ਜੋ ਕਿ ਇਨ੍ਹਾਂ ਦੇ ਅਧਿਕਾਰ ਵਿਚ ਹੀ ਸੀ ਜੋ ਇਨ੍ਹਾਂ ਨੇ ਬਾਦਲ ਅਤੇ ਲੌਂਗੋਵਾਲ ਅਕਾਲੀ ਦਲਾਂ ਦੇ ਰਲੇਵੇਂ ਦੀ ਪ੍ਰਕਿਰਿਆ ਵਿਚ 1997 ਦੀ ਚੋਣ ਮੌਕੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿੱਤਾ। ਇਨ੍ਹਾਂ ਦੇ ਕਾਰਜਕਾਲ ਵਿਚ ਹੀ ਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਹਰਿਆਣਾ (ਹੁਸ਼ਿਆਰਪੁਰ), ਬੱਬਰ ਅਕਾਲੀ ਖਾਲਸਾ ਮੈਮੋਰੀਅਲ ਕਾਲਜ, ਗੜ੍ਹਸ਼ੰਕਰ ਆਦਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਲਿਆਂਦੇ ਗਏ। ਖਾਲਸਾ ਕਾਲਜ, ਗੜ੍ਹਦੀਵਾਲਾ ਅਤੇ ਸੰਤ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ, ਡੁਮੇਲੀ (ਕਪੂਰਥਲਾ) ਆਦਿ ਉੱਘੇ ਵਿਦਿਅਕ ਅਦਾਰੇ ਵੀ ਇਨ੍ਹਾਂ ਦੇ ਉੱਦਮ ਸਦਕਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਏ।
ਲੇਖਕ ਬਾਰੇ
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/April 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/August 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/January 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/February 1, 2010