editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-23 ਬੀਬੀ ਜਗੀਰ ਕੌਰ ਜੀ ਬੇਗੋਵਾਲ

1987 ਈ: ਵਿਚ ਬੀਬੀ ਜਗੀਰ ਕੌਰ ਨੇ ਸਰਕਾਰੀ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਮੁੱਖ ਅਸਥਾਨ ਬੇਗੋਵਾਲ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਅਰੰਭ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਫ਼ਲ ਅਧਿਆਪਕ, ਧਾਰਮਿਕ, ਰਾਜਨੀਤਿਕ ਆਗੂ, ਪ੍ਰਬੁੱਧ ਪ੍ਰਬੰਧਕ ਤੇ ਵਕਤਾ, ਸਾਬਕਾ ਕੈਬਨਿਟ ਮੰਤਰੀ, ਤਿੰਨ ਵਾਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਰਵਉੱਚ ਅਹੁਦੇ, ਪ੍ਰਧਾਨ ਦੀ ਪਦਵੀ ‘ਤੇ ਸੁਸ਼ੋਭਿਤ ਰਹੇ ਬੀਬੀ ਜਗੀਰ ਕੌਰ ਜੀ ਦਾ ਜਨਮ 15 ਅਕਤੂਬਰ, 1954 ਨੂੰ ਸ. ਗਿਰਧਾਰਾ ਸਿੰਘ ਜੀ ਤੇ ਮਾਤਾ ਪ੍ਰਸਿੰਨ ਕੌਰ ਜੀ ਦੇ ਘਰ ਪਿੰਡ ਭਟਨੂਰਾ ਜ਼ਿਲ੍ਹਾ ਜਲੰਧਰ ‘ਚ ਹੋਇਆ। ਇਨ੍ਹਾਂ ਦੇ ਤਿੰਨ ਭਰਾ ਤੇ ਪੰਜ ਭੈਣਾਂ ਹਨ। 1971 ਈ: ‘ਚ ਬੀਬੀ ਜੀ ਨੇ ਮੈਟ੍ਰਿਕ ਦਾ ਇਮਤਿਹਾਨ ਸਰਕਾਰੀ ਹਾਈ ਸਕੂਲ ਭੁਲੱਥ ਤੋਂ ਪਾਸ ਕੀਤਾ। ਬੀ. ਐਸ. ਸੀ. (ਗਣਿਤ) ਗੌਰਮਿੰਟ ਕਾਲਜ ਚੰਡੀਗੜ੍ਹ ਤੋਂ ਅਤੇ 1979 ਈ: ਵਿਚ ਬੀ.ਐਡ. ਮਿੰਟਗੁਮਰੀ ਕਾਲਜ ਜਲੰਧਰ ਤੋਂ ਕਰ ਕੇ ਸਰਕਾਰੀ ਸਕੂਲ ਬੇਗੋਵਾਲ ‘ਚ ਗਣਿਤ ਦੀ ਅਧਿਆਪਕਾ ਨਿਯੁਕਤ ਹੋਏ। 1980 ਈ: ਵਿਚ ਇਨ੍ਹਾਂ ਦਾ ਅਨੰਦ ਕਾਰਜ ਸ. ਚਰਨਜੀਤ ਸਿੰਘ ਜੀ ਸਪੁੱਤਰ ਬਾਵਾ ਹਰਨਾਮ ਸਿੰਘ ਜੀ (ਮੁਖੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਤੇ ਸਾਬਕਾ ਮੰਤਰੀ ਪੰਜਾਬ) ਨਾਲ ਬੇਗੋਵਾਲ ਵਿਖੇ ਹੋਇਆ। ਇਨ੍ਹਾਂ ਦੇ ਘਰ ਦੋ ਸਪੁੱਤਰੀਆਂ ਨੇ ਜਨਮ ਲਿਆ। 1982 ਈ: ਵਿਚ ਸ. ਚਰਨਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ। ਬੀਬੀ ਜੀ ਦੀ ਇਕ ਲੜਕੀ ਹਰਪ੍ਰੀਤ ਕੌਰ ਦੀ ਅਚਨਚੇਤ ਮੌਤ ਹੋ ਗਈ ਅਤੇ ਦੂਸਰੀ ਲੜਕੀ ਰਜਨੀਤ ਕੌਰ ਦਾ ਅੰਨਦ ਕਾਰਜ ਸ. ਯੁਵਰਾਜ ਭੁਪਿੰਦਰ ਸਿੰਘ ਜੀ ਨਾਲ ਹੋਇਆ।

1987 ਈ: ਵਿਚ ਬੀਬੀ ਜਗੀਰ ਕੌਰ ਨੇ ਸਰਕਾਰੀ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਮੁੱਖ ਅਸਥਾਨ ਬੇਗੋਵਾਲ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਅਰੰਭ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਇਹ ਪਹਿਲੀ ਇਸਤਰੀ ਸਨ ਜਿਨ੍ਹਾਂ ਨੂੰ ਕਿਸੇ ਨਿਰਮਲੇ ਸੰਪਰਦਾ ਦੇ ਮੁੱਖ ਅਸਥਾਨ ਦੀ ਮੁਖੀ ਹੋਣ ਦਾ ਮਾਣ ਪ੍ਰਾਪਤ ਹੋਇਆ। ਧਾਰਮਿਕ ਅਸਥਾਨ ਦੇ ਮੁਖੀ ਵਜੋਂ ਬੀਬੀ ਜਗੀਰ ਕੌਰ ਜੀ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ, ਲੰਗਰ ਹਾਲ ਤੇ ਸਕੂਲ ਦੀ ਇਮਾਰਤ ਦਾ ਨਵ-ਨਿਰਮਾਣ ਕਰਵਾਇਆ। ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਆਦਰਸ਼ਾਂ ਨੂੰ ਪੂਰਿਆਂ ਕਰਨ ਲਈ ਬੀਬੀ ਜਗੀਰ ਕੌਰ ਜੀ ਨੇ ਅਮਰੀਕਾ, ਜਰਮਨ, ਹਾਲੈਂਡ, ਇਟਲੀ, ਨਾਰਵੇ ਆਦਿ ਦੇਸ਼ਾਂ ‘ਚ ਪ੍ਰਚਾਰ-ਦੌਰਾ ਕੀਤਾ। 1988 ਈ: ‘ਚ ਆਏ ਭਿਆਨਕ ਹੜ੍ਹ ਸਮੇਂ ਬੇੜੀਆਂ ‘ਚ ਸਵਾਰ ਹੋ, ਬੀਬੀ ਜਗੀਰ ਕੌਰ ਜੀ ਨੇ ਹੜ੍ਹ-ਪੀੜਤਾਂ ਵਾਸਤੇ ਪਰਸ਼ਾਦੇ-ਪਾਣੀ, ਦਵਾਈਆਂ, ਕੱਪੜਿਆਂ ਆਦਿ ਰੋਜ਼ਾਨਾ ਲੋੜਾਂ ਦੀ ਪੂਰਤੀ ਕਰ, ਲੋਕ ਕਲਿਆਣ ਦੇ ਕਾਰਜਾਂ ‘ਚ ਨਾਮਣਾ ਖੱਟਿਆ। ਬੀਬੀ ਜੀ ਨੇ ਧਾਰਮਿਕ ਅਸਥਾਨ ਦੇ ਮੁਖੀ ਵਜੋਂ ਵਿਚਰਦਿਆਂ ਕਥਾ-ਕੀਰਤਨ ਰਾਹੀਂ ਧਰਮ ਪ੍ਰਚਾਰ, ਵਿੱਦਿਆ ਪਾਸਾਰ ਤੇ ਸਮਾਜ ਸੁਧਾਰ ਦੇ ਕਾਰਜ ਅਰੰਭ ਕੀਤੇ। ਬੀਬੀ ਜਗੀਰ ਕੌਰ ਜੀ ਨੇ ਆਪਣਾ ਰਾਜਨੀਤਿਕ ਜੀਵਨ ਮਾਨ ਦਲ ‘ਚ ਸਰਗਰਮ ਵਰਕਰ ਵਜੋਂ ਸ਼ੁਰੂ ਕੀਤਾ ਪਰ ਕੁਝ ਸਮੇਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੇ ਮੈਬਰ ਬਣ ਗਏ। ਜਨਵਰੀ, 1996 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਜਨਰਲ ਚੋਣਾਂ ਸਮੇਂ ਬੀਬੀ ਜਗੀਰ ਕੌਰ ਜੀ ਭੁਲੱਥ ਹਲਕੇ ਤੋਂ ਚੋਣ ਜਿੱਤ ਕੇ ਮੈਂਬਰ, ਸ਼੍ਰੋਮਣੀ ਕਮੇਟੀ ਬਣੇ। ਵਿਸ਼ੇਸ਼ ਗੱਲ ਇਹ ਸੀ ਕਿ ਭੁਲੱਥ ਹਲਕਾ ਇਸਤਰੀਆਂ ਵਾਸਤੇ ਰਾਖਵਾਂ ਨਹੀਂ ਸੀ।

ਪਹਿਲੀ ਫਰਵਰੀ, 1997 ਈ: ‘ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਬੀਬੀ ਜਗੀਰ ਕੌਰ ਜੀ ਭੁਲੱਥ ਹਲਕੇ ਤੋਂ ਹੀ ਐਮ. ਐਲ. ਏ ਚੁਣੇ ਗਏ। ਅਗਸਤ, 1997 ‘ਚ ਬੀਬੀ ਜੀ ਨੂੰ ਪੰਜਾਬ ਸਰਕਾਰ ‘ਚ ਸੈਰ ਸਪਾਟਾ, ਸਭਿਆਚਾਰਕ, ਸਮਾਜਿਕ ਸੁਰੱਖਿਆ ਮਹਿਕਮੇ ਦੇ ਕੈਬਨਿਟ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੋਇਆ। ਫਰਵਰੀ, 2002 ਵਿਚ ਬੀਬੀ ਜਗੀਰ ਕੌਰ ਜੀ ਦੁਬਾਰਾ ਭੁਲੱਥ ਹਲਕੇ ਤੋਂ ਐਮ. ਐਲ .ਏ. ਅਤੇ 11 ਜੁਲਾਈ, 2004 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣ ਸਮੇਂ ਦੁਬਾਰਾ ਭੁਲੱਥ ਹਲਕੇ ਤੋਂ ਮੈਂਬਰ, ਸ਼੍ਰੋਮਣੀ ਕਮੇਟੀ ਚੁਣੇ ਗਏ।

ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਜਨਰਲ ਇਜਲਾਸ 16 ਮਾਰਚ, 1999 ਨੂੰ ਹੋਇਆ। ਇਹ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਇਤਿਹਾਸ ਤੇ ਬੀਬੀ ਜਗੀਰ ਕੌਰ ਜੀ ਦੇ ਜੀਵਨ-ਕਾਲ ਦਾ ਇਤਿਹਾਸਿਕ ਦਿਨ ਹੋ ਨਿਬੜਿਆ, ਜਦ ਬੀਬੀ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਇਸਤਰੀ ਪ੍ਰਧਾਨ ਹੋਣ ਦਾ ਅਵਸਰ ਪ੍ਰਾਪਤ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੀਕਾਰਡ ਮੁਤਾਬਕ ਬੀਬੀ ਜੀ 16 ਮਾਰਚ, 1999 ਤੋਂ 30 ਨਵੰਬਰ, 2000 ਤੇ 23 ਸਤੰਬਰ, 2004 ਤੋਂ 23 ਨਵੰਬਰ, 2005 ਤੀਕ ਤਿੰਨ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਰਹੇ। ਬਿਨਾਂ ਸ਼ੱਕ ਬੀਬੀ ਜਗੀਰ ਕੌਰ ਜੀ ਅਕਾਲ ਪੁਰਖ ਦੇ ਦਰ ਤੋਂ ਵਰੋਸਾਈ ਹੋਈ ਵਿਲੱਖਣ, ਖੁਸ਼ਕਿਸਮਤ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਤਿੰਨ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਦੀ ਪਦਵੀ ਸੰਭਾਲਣ ਦਾ ਸੁਭਾਗ ਪ੍ਰਾਪਤ ਹੋ ਚੁੱਕਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਮਨਾਉਣ ਸਮੇਂ ਬੀਬੀ ਜਗੀਰ ਕੌਰ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ ਅਤੇ ਵਿਸ਼ਵ ਸਿੱਖ ਯੂਨੀਵਰਸਿਟੀ ਸਥਾਪਿਤ ਕਰਨ ਦਾ ਸੰਕਲਪ ਲਿਆ। ਬੀਬੀ ਜੀ ਨੇ ਪਹਿਲੀ ਵੇਰ ਬਾਰਸੀਲੋਨਾ ‘ਚ ਵਿਸ਼ਵ ਧਰਮ ਸੰਮੇਲਨ ਸਮੇਂ ਸਿੱਖਾਂ ਦੀ ਪ੍ਰਤੀਨਿਧਤਾ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ।

ਉਨ੍ਹਾਂ ਨੂੰ ਖਾਲਸਾ ਪੰਥ ਦਾ 300 ਸਾਲ ਸਿਰਜਨਾ ਦਿਵਸ ਤਖ਼ਤ ਸੀ ਕੇਸਗੜ੍ਹ ਸਾਹਿਬ, ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ, 40 ਮੁਕਤਿਆਂ ਦਾ 300 ਸਾਲਾ ਸ਼ਹੀਦੀ ਦਿਹਾੜਾ ਮੁਕਤਸਰ ਸਾਹਿਬ ਵਿਖੇ ਸ਼ਤਾਬਦੀਆਂ ਦੇ ਰੂਪ ‘ਚ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਖਾਲਸਾ ਪੰਥ ਦੇ 300 ਸਾਲਾ ਸਿਰਜਨਾ ਦਿਵਸ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਤ੍ਰੈ-ਸ਼ਤਾਬਦੀ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ‘ਚ ਅਰੰਭ ਕੀਤਾ ਗਿਆ ਜੋ ਸਫਲਤਾ ਪੂਰਵਕ ਚੱਲ ਰਿਹਾ ਹੈ। ਫਤਿਹਗੜ੍ਹ ਸਾਹਿਬ ਵਿਖੇ ਪਹਿਲੀ ਵਾਰ ਸ਼ਹੀਦੀ ਦਿਹਾੜੇ ਦੀ ਅਰਦਾਸ ਵਿਸ਼ਵ ਭਰ ‘ਚ ਠੀਕ 1-00 ਵਜੇ ਦੁਪਹਿਰ ਨੂੰ ਕਰਨ ਦਾ ਸੰਕਲਪ ਲਿਆ ਤੇ ਅਮਲ ‘ਚ ਲਿਆਂਦਾ।

2004 ਈ: ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਆਮ ਚੋਣਾਂ ਤੋਂ ਬਾਅਦ ਪਹਿਲਾ ਜਨਰਲ ਇਜਲਾਸ 23 ਸਤੰਬਰ, 2004 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਇਆ, ਜਿਸ ਵਿਚ ਸ. ਸੁਖਦੇਵ ਸਿੰਘ ਜੀ ਭੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਬੀਬੀ ਜਗੀਰ ਕੌਰ ਜੀ ਦਾ ਨਾਂ ਪ੍ਰਧਾਨਗੀ ਪਦ ਵਾਸਤੇ ਪੇਸ਼ ਕੀਤਾ ਜੋ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।ਨਵੇਂ ਚੁਣੇ ਜਨਰਲ ਹਾਊਸ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦਾ ਗਠਨ ਵੀ ਕੀਤਾ ਗਿਆ। ਚੋਣ ਉਪਰੰਤ ਪਹਿਲਾ ਮਤਾ ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੇ ਅਕਾਲ ਚਲਾਣੇ ਸਬੰਧੀ ਕੀਤਾ ਗਿਆ। ਇਸ ਤੋਂ ਇਲਾਵਾ ਸਾਹਿਬਜ਼ਾਦਿਆਂ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜ ਪਬਲਿਕ ਸਕੂਲ ਖੋਲ੍ਹਣ ਤੇ ਵੱਡੇ ਘੱਲੂਘਾਰੇ ਦੀ ਯਾਦਗਾਰ ਉਸਾਰਨ ਦੇ ਮਤੇ ਵੀ ਕੀਤੇ ਗਏ।ਪਾਕਿਸਤਾਨ ਦੀਆਂ ਜੇਲ੍ਹਾਂ ’ਚ ਬੰਦ ਸਿੱਖਾਂ ਦਾ ਮਾਮਲਾ ਕੇਂਦਰ ਸਰਕਾਰ ਤੇ ਪਾਕਿਸਤਾਨ ਸਰਕਾਰ ਨਾਲ ਜ਼ੋਰਦਾਰ ਢੰਗ ਨਾਲ ਉਠਾਇਆ। ਵਿਸ਼ਵ-ਪ੍ਰਸਿੱਧ ਪੰਥਕ ਸ਼ਖਸ਼ੀਅਤਾਂ ਭਾਈ ਸਾਹਿਬ ਭਾਈ ਹਰਭਜਨ ਸਿੰਘ ਯੋਗੀ, ਗਿਆਨੀ ਸੰਤ ਸਿੰਘ ਜੀ ਮਸਕੀਨ, ਗਿਆਨੀ ਅਮੋਲਕ ਸਿੰਘ ਯੂ.ਕੇ. ਆਦਿ ਦੇ ਅਕਾਲ ਚਲਾਣੇ ‘ਤੇ ਸ਼ੋਕ ਮਤੇ ਵੀ ਕੀਤੇ ਗਏ।

21 ਮਾਰਚ, 2005 ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਵਿਸ਼ੇਸ਼ ਸਮਾਗਮ ਸਮੇਂ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਨੂੰ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਪਰਵਾਰਾਂ ਨੂੰ ਪੰਥ ਰਤਨ ਅਤੇ ਗੁਰਮਤਿ ਵਿੱਦਿਆ ਮਾਰਤੰਡ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। 29 ਮਾਰਚ, 2005 ਨੂੰ ਬਜਟ ਇਜਲਾਸ ਦੀ ਪ੍ਰਧਾਨਗੀ ਬੀਬੀ ਜਗੀਰ ਕੌਰ ਜੀ ਨੇ ਕੀਤੀ। ਫਰਾਂਸ ‘ਚ ਸਿੱਖ ਦਸਤਾਰ ਦੇ ਮਸਲੇ ਨੂੰ ਹੱਲ ਕਰਾਉਣ ਲਈ ਕੇਂਦਰ ਸਰਕਾਰ ਪਾਸ ਜ਼ੋਰਦਾਰ ਢੰਗ ਨਾਲ ਮਾਮਲਾ ਉਠਾਇਆ। ਗੁਰਦੁਆਰਾ ਸ਼ਹੀਦ ਗੰਜ (ਬਾਬਾ ਦੀਪ ਸਿੰਘ ਜੀ ਸ਼ਹੀਦ) ਸ੍ਰੀ ਅੰਮ੍ਰਿਤਸਰ ਵਿਖੇ ਕਾਰ ਪਾਰਕਿੰਗ ਤੇ ਸ੍ਰੀ ਦਰਬਾਰ ਸਾਹਿਬ ਦੇ ਕੜਾਹ ਪ੍ਰਸ਼ਾਦ ਦੀਆਂ ਪਰਚੀਆਂ ਦੇ ਕੰਪਿਊਟਰੀਕਰਨ ਅਤੇ ਐਨ.ਆਰ.ਆਈ. ਸਰਾਂ ਦਾ ਉਦਘਾਟਨ ਵੀ ਬੀਬੀ ਜੀ ਨੇ ਹੀ ਕੀਤਾ।

40 ਮੁਕਤਿਆਂ ਦਾ 300 ਸਾਲਾ ਸ਼ਹੀਦੀ ਦਿਹਾੜਾ ਮੁਕਤਸਰ ਵਿਖੇ ਬੀਬੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਇਆ ਗਿਆ। ਭਾਈ ਮਹਾਂ ਸਿੰਘ ਜੀ ਅਤੇ ਮਾਤਾ ਭਾਗੋ ਜੀ ਯਾਦਗਾਰੀ ਗੇਟਾਂ ਦਾ ਉਦਘਾਟਨ ਵੀ ਇਸ ਸਮੇਂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਅਧਿਕਾਰ-ਖੇਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੀ ਹੋਣਾ ਚਾਹੀਦਾ ਹੈ, ਦਾ ਇਤਿਹਾਸਿਕ ਮਤਾ ਵੀ ਇਸ ਸਮੇਂ ਕੀਤਾ ਗਿਆ। ਸਿੱਖ ਵਿਦਿਅਕ ਅਦਾਰਿਆਂ ਨੂੰ ਘੱਟ-ਗਿਣਤੀ ਦਾ ਦਰਜਾ ਵੀ ਇਨ੍ਹਾਂ ਦੇ ਸਾਰਥਕ ਯਤਨਾਂ ਸਦਕਾ ਹੀ ਪ੍ਰਾਪਤ ਹੋਇਆ। ਬੀਬੀ ਜਗੀਰ ਕੌਰ ਜੀ ਦੁਆਰਾ ਹੀ ਨਾਨਾਵਤੀ ਕਮਿਸ਼ਨ ਦੀ ਰੀਪੋਰਟ ਨੂੰ ਵਿਚਾਰ ਉਪਰੰਤ ਰੱਦ ਕਰਨ ਦਾ ਮਤਾ ਕੀਤਾ ਗਿਆ। ਹਿਮਾਚਲ ‘ਚ ਸਿੱਖ ਮਿਸ਼ਨ ਸਥਾਪਿਤ ਕਰਨ ਅਤੇ ਵਣਜਾਰਾ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਵਿਸ਼ੇਸ਼ ਸਾਰਥਕ ਯਤਨ ਕੀਤੇ ਗਏ। 7 ਨਵੰਬਰ, 2005 ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੀ ਨਵੀਂ ਉਸਾਰੀ ਗਈ ਇਮਾਰਤ ਦਾ ਉਦਘਾਟਨ ਕਰਨ ਦਾ ਸੁਭਾਗ ਵੀ ਬੀਬੀ ਜੀ ਨੂੰ ਪ੍ਰਾਪਤ ਹੋਇਆ। ਈ.ਟੀ.ਸੀ. ਚੈਨਲ ਨਾਲ ਸਮਝੌਤਾ ਕਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਕਰਨ ਦਾ ਇਤਿਹਾਸਿਕ ਕਾਰਜ ਕੀਤਾ ਗਿਆ ਜਿਸ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਕੀਰਤਨ, ਹੁਕਮਨਾਮਾ ਤੇ ਅਰਦਾਸ ਸੁਣਨ-ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਇੰਟਰਨੈਟ ਵਿਭਾਗ ਸ਼ੁਰੂ ਕੀਤਾ ਗਿਆ ਜਿਸ ਸਦਕਾ ਵਿਸ਼ਵ ਭਰ ਵਿਚ ਵੱਸੇ ਗੁਰਬਾਣੀ ਪ੍ਰੇਮੀ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਸਰਵਣ ਕਰ ਸਕਦੇ ਹਨ ਤੇ ਰੋਜ਼ਾਨਾ ਹੁਕਮਨਾਮਾ ਪੜ੍ਹ-ਸੁਣ ਸਕਦੇ ਹਨ। ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਪੰਜਵੇਂ ਤਖ਼ਤ ਵਜੋਂ ਮਾਨਤਾ ਦਿਵਾਈ ਗਈ। ਨਵੇਂ ਚੁਣੇ ਜਨਰਲ ਹਾਊਸ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦਾ ਗਠਨ ਵੀ ਕੀਤਾ ਗਿਆ। ਅਫਰੀਕਾ ‘ਚ ਹੋਈ ਪਾਰਲੀਮੈਂਟ ਆਫ਼ ਵਰਲਡ ਰੀਲੀਜਨ ਦੀ ਇਕੱਤਰਤਾ ਸਮੇਂ ਸਿੱਖਾਂ ਦੀ ਪ੍ਰਤੀਨਿਧਤਾ ਪਹਿਲੀ ਸਿੱਖ ਧਾਰਮਿਕ ਆਗੂ ਵਜੋਂ ਬੀਬੀ ਜਗੀਰ ਕੌਰ ਜੀ ਨੇ ਕੀਤੀ।

ਤੀਸਰੀ ਵਾਰ ਪ੍ਰਧਾਨ ਬਣਨ ‘ਤੇ ਬੀਬੀ ਜਗੀਰ ਕੌਰ ਜੀ ਨੇ ‘ਜੀਵਨ-ਬਿਓਰਾ-ਮੈਂਬਰ ਸਾਹਿਬਾਨ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਵਾਰ ਤਿਆਰ ਕਰਵਾ ਕੇ ਤਸਵੀਰਾਂ ਸਮੇਤ ਪ੍ਰਕਾਸ਼ਿਤ ਕਰਵਾਇਆ ਜੋ ਇਕ ਦਸਤਾਵੇਜ਼ੀ ਕਾਰਜ ਹੈ। ਖਾਲਸਾਈ ਖੇਡਾਂ ਦੀ ਅਰੰਭਤਾ ਵੀ ਇਨ੍ਹਾਂ ਦੇ ਸਮੇਂ ਹੀ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ‘ਚ ਪਹਿਲੀ ਸੀਨੀਅਰ ਮੀਤ ਪ੍ਰਧਾਨ ਹੋਣ ਦਾ ਮਾਣ ਵੀ ਬੀਬੀ ਜਗੀਰ ਕੌਰ ਜੀ ਨੂੰ ਪ੍ਰਾਪਤ ਹੋਇਆ। ਬੀਬੀ ਜਗੀਰ ਕੌਰ ਜੀ ਨੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪਹਿਲੀ ਇਸਤਰੀ ਕਾਨਫਰੰਸ ਜਲੰਧਰ ‘ਚ ਸਫ਼ਲਤਾ ਨਾਲ ਸੰਪੂਰਨ ਕੀਤੀ।

ਬੀਬੀ ਜਗੀਰ ਕੌਰ ਜੀ ਨੇ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਸ਼ਕਤੀਆਂ ਦਾ ਵਿਕੇਂਦਰੀਕਰਣ ਕਰਦਿਆਂ ਸਾਰੇ ਮੈਂਬਰ ਸਾਹਿਬਾਨ ਨੂੰ 50-50 ਹਜ਼ਾਰ ਦੀ ਸਲਾਨਾ ਗਰਾਂਟ ਆਪਣੇ ਹਲਕੇ ‘ਚ ਧਰਮ ਤੇ ਸਮਾਜ ਭਲਾਈ ਕਾਰਜਾਂ ਲਈ ਵਰਤਣ ਦੇ ਅਧਿਕਾਰ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਦੀ ਕਾਰਜਵਿਧੀ ਨੂੰ ਸੁਧਾਰਨ ਲਈ ਮਾਸਟਰ ਗ੍ਰੇਡ ਲਾਗੂ ਕੀਤੇ। ਬੀਬੀ ਜਗੀਰ ਕੌਰ ਜੀ ਦੇ ਪ੍ਰਧਾਨਗੀ ਸਮੇਂ ਜਦੋਂ ਮਾਨਵਤਾ ਨੂੰ ਸੁਨਾਮੀ ਦੀ ਕਰੋਪੀ ਦਾ ਸਹਾਮਣਾ ਕਰਨਾ ਪਿਆ ਤਾਂ ਬੀਬੀ ਜੀ ਨੇ ਇਸ ਕੁਦਰਤੀ ਕਰੋਪੀ ਦੇ ਸਮੇਂ ਤਿੰਨ- ਮੈਂਬਰੀ ਕਮੇਟੀ ਦੀ ਰੀਪੋਰਟ ‘ਤੇ ਅਮਲ ਕਰਦਿਆਂ ਆਪ ਖੁਦ ਜਾ ਕੇ ਅੰਡੇਮਾਨ ਨਿਕੋਬਾਰ ਟਾਪੂਆਂ ‘ਚ ਲੱਗਭਗ ਸਵਾ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਸੁਨਾਮੀ ਪੀੜਤਾਂ ਅਤੇ ਸਿੱਖ-ਪਰਵਾਰਾਂ ਨੂੰ ਵੰਡੀ।

25 ਜਨਵਰੀ, 2000 ਨੂੰ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ‘ਚ ਗਿਆਨੀ ਪੂਰਨ ਸਿੰਘ ਜੀ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਨੇ ਗੂਨਾ (ਮੱਧ ਪ੍ਰਦੇਸ਼) ਤੋਂ “ਹੁਕਮਨਾਮਾ” ਜਾਰੀ ਕਰਕੇ ਬੀਬੀ ਜਗੀਰ ਕੌਰ ਜੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ‘ਚੋਂ ਛੇਕ ਦਿੱਤਾ । 28 ਮਾਰਚ,2000 ਨੂੰ ਅੰਤ੍ਰਿੰਗ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਪੂਰਨ ਸਿੰਘ ਜੀ ਨੂੰ ਸੇਵਾ-ਮੁਕਤ ਕਰ ਦਿੱਤਾ। ਸਿੱਖਾਂ ਦੇ ਲੀਡਰ ਵਜੋਂ ਵਿਚਰਨਾ ਕਦੇ ਵੀ ਅਸਾਨ ਨਹੀਂ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਮੇਂ ਧਾਰਮਿਕ, ਸਮਾਜਿਕ, ਵਿੱਦਿਅਕ ਤੇ ਲੋਕ-ਕਲਿਆਣਕਾਰੀ ਕਾਰਜਾਂ ‘ਚ ਅਗਵਾਈ ਕਰਦੀ ਹੈ ਪਰ ਨੁਕਤਾਚੀਨੀ ਦਾ ਵੀ ਸਭ ਤੋਂ ਵੱਧ ਇਸ ਨੂੰ ਹੀ ਸਾਹਮਣਾ ਕਰਨਾ ਪੈਂਦਾ ਹੈ।

ਗੁਰਮਤਿ ਵਿਚਾਰਧਾਰਾ ਦੇ ਧਾਰਨੀ, ਗੁਰਬਾਣੀ ਤੇ ਸਿੱਖ ਇਤਿਹਾਸ ਦੀ ਸਮਝ ਤੇ ਸੋਝੀ ਰੱਖਣ ਤੇ ਕੀਰਤਨ ਕਰਨ ਦੀ ਲਗਨ ਸਦਕਾ ਇਨ੍ਹਾਂ ਦੇ ਬੋਲ-ਚਾਲ ‘ਚ ਗੁਰਮਤਿ ਦੀ ਭਾਵਨਾ ਪ੍ਰਗਟ ਹੁੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿਵਾਉਣ ਵਾਲੇ ਵਿਵਾਦਤ ਡੋਜੀਅਰ ਨੂੰ ਰੱਦ ਵੀ ਇਨ੍ਹਾਂ ਦੇ ਸਮੇਂ ਕੀਤਾ ਗਿਆ। ਬੀਬੀ ਜਗੀਰ ਕੌਰ ਜੀ ‘ਚ ਫ਼ੈਸਲੇ ਲੈ ਕੇ ਦ੍ਰਿੜ੍ਹਤਾ ਨਾਲ ਅਮਲ ਕਰਨ ਦੀ ਅਥਾਹ ਸ਼ਕਤੀ ਤੇ ਸਮਰੱਥਾ ਹੈ। ਬੀਬੀ ਜਗੀਰ ਕੌਰ ਜੀ ਨੂੰ ਪ੍ਰਧਾਨਗੀ ਕਾਰਜ-ਕਾਲ ਸਮੇਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਅਤੇ ਵਿਵਾਦਾਂ ਨਾਲ ਸੰਘਰਸ਼ ਕਰਨਾ ਪਿਆ ਪਰ ਉਨ੍ਹਾਂ ਦੀ ਦਲੇਰੀ ਤੇ ਦ੍ਰਿੜ੍ਹਤਾ ਦੀ ਦਾਦ ਦੇਣੀ ਬਣਦੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)