ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ, ਰੋਜ਼ਾਨਾ ਅਕਾਲੀ ਪੱਤ੍ਰਿਕਾ ਦੇ ਪਹਿਲੇ ਸੰਪਾਦਕ, ਸਿੱਖ ਪਾਰਲੀਮੈਂਟੇਰੀਅਨ ਸ. ਮੰਗਲ ਸਿੰਘ ਦਾ ਜਨਮ 15 ਮਾਰਚ, 1892 ਈ: ’ਚ ਜੈਲਦਾਰ ਸ. ਕਪੂਰ ਸਿੰਘ ਅਤੇ ਮਾਤਾ ਕਿਸ਼ਨ ਕੌਰ ਦੇ ਘਰ ਗਿੱਲ ਪਿੰਡ ਲੁਧਿਆਣਾ ’ਚ ਹੋਇਆ। ਅੰਗਰੇਜ਼ ਸਰਕਾਰ ਨੇ ਜੈਲਦਾਰ ਸ. ਕਪੂਰ ਸਿੰਘ ਨੂੰ ਦੋ ਮੁਰੱਬੇ ਜ਼ਮੀਨ, ਚੱਕ ਨੰ: 208 ਜ਼ਿਲਾ ਲਾਇਲਪੁਰ ’ਚ ਅਲਾਟ ਕੀਤੀ। ਇਹ ਜ਼ਮੀਨ ਨਹਿਰੀ ਪਾਣੀ ਦੇ ਅਧੀਨ ਸੀ। ਸ. ਕਪੂਰ ਸਿੰਘ ਖੇਤੀਬਾੜੀ ਕਰਨ ਵਾਸਤੇ ਆਪਣਾ ਜੱਦੀ ਪਿੰਡ ਗਿੱਲ ਛੱਡ ਕੇ ਲਾਇਲਪੁਰ ਜ਼ਿਲੇ ’ਚ ਵੱਸ ਗਏ। ਸ. ਮੰਗਲ ਸਿੰਘ ਨੇ ਦਸਵੀਂ ਦਾ ਇਮਤਿਹਾਨ ਖਾਲਸਾ ਹਾਈ ਸਕੂਲ ਲਾਇਲਪੁਰ ’ਚ ਪਾਸ ਕਰ ਐਫ.ਏ. ਗੌਰਮਿੰਟ ਕਾਲਜ ਲਾਹੌਰ ਤੋਂ ਕੀਤੀ। ਸਕੂਲ ’ਚ ਸਰਦਾਰ ਸਾਹਿਬ ਪੰਥ-ਰਤਨ ਮਾਸਟਰ ਤਾਰਾ ਸਿੰਘ ਜੀ ਦੇ ਵਿਦਿਆਰਥੀ ਸਨ। ਉਚੇਰੀ ਵਿੱਦਿਆ ਲਈ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਦਾਖਲਾ ਲਿਆ। 1914 ਈ: ’ਚ ਪਹਿਲਾ ਵਿਸ਼ਵ-ਯੁੱਧ ਛਿੜ ਪਿਆ; ਜਿਸ ਕਾਰਨ ਇਨ੍ਹਾਂ ਨੂੰ ਕਾਲਜ ਦੀ ਪੜ੍ਹਾਈ ਅੱਧ-ਵਿਚਕਾਰ ਛੱਡਣੀ ਪਈ ਤੇ 1917 ਈ. ’ਚ ਵਿਸ਼ਵ-ਯੁੱਧ ’ਚ ਭਾਰਤੀ ਸਿਗਨਲ ਕੋਰ ਦੇ ਫੌਜੀ ਵਜੋਂ ਸਾਮਲ ਹੋਏ। ਖਾਲਸਾ ਕਾਲਜ ਦੇ ਪ੍ਰਿੰਸੀਪਲ ਮਿਸਟਰ ਵਾਦਨ ਨੇ 125 ਨੌਜੁਆਨ ਫ਼ੌਜ ’ਚ ਭਰਤੀ ਕਰਾਏ, ਜਿਨ੍ਹਾਂ ’ਚ ਸ. ਮੰਗਲ ਸਿੰਘ ਵੀ ਸ਼ਾਮਲ ਸਨ। ਵਿਸ਼ਵ-ਯੁੱਧ ਸਮੇਂ ਇਨ੍ਹਾਂ ਨੂੰ ਮੌਜੂਦਾ ਇਰਾਕ ਤੇ ਯੂਰਪ ਵਿਚ ਬਤੌਰ ਭਾਰਤੀ ਸਿਪਾਹੀ ਲੜਨਾ ਪਿਆ। ਵਿਸ਼ਵ-ਯੁੱਧ ਦੀ ਸਮਾਪਤੀ ’ਤੇ 1919 ਈ. ’ਚ ਇਹ ਦੇਸ਼ ਪਰਤੇ। ਅੰਗਰੇਜ਼ ਸਰਕਾਰ ਨੇ ਵਿਸ਼ਵ-ਯੁੱਧ ’ਚ ਸ. ਮੰਗਲ ਸਿੰਘ ਵੱਲੋਂ ਪਾਏ ਯੋਗਦਾਨ ਨੂੰ ਸਨਮੁੱਖ ਰੱਖਦਿਆਂ ਬੀ.ਏ. ਦੀ ਆਨਰੇਰੀ ਡਿਗਰੀ ਤੇ ਤਹਿਸੀਲਦਾਰ ਦੀ ਸਰਵਿਸ ਦੇ ਕੇ ਮਾਣ-ਸਨਮਾਨ ਕੀਤਾ। ਇਸ ਸਮੇਂ ਹੀ ਪੰਜਾਬ ਵਿਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜ਼ੋਰ ਨਾਲ ਚਲ ਰਹੀ ਸੀ। ਸਿੱਖ-ਸਿਧਾਂਤਾਂ, ਗੁਰਮਤਿ-ਵਿਚਾਰਧਾਰਾ ਤੇ ਸਿੱਖ ਰਹਿਤ ਮਰਯਾਦਾ ਦੀ ਜਾਣਕਾਰੀ-ਸੋਝੀ ਪ੍ਰਾਪਤ ਕਰ ਸ. ਮੰਗਲ ਸਿੰਘ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ’ਚ ਕੁੱਦ ਪਏ। ਧਾਰਮਿਕ ਰੁਚੀ ਤੇ ਸਮਰਪਣ ਭਾਵਨਾ ਨੇ ਇਨ੍ਹਾਂ ਨੂੰ ਤਹਿਸੀਲਦਾਰ ਦੀ ਸੇਵਾ ਤਿਆਗਣ ਲਈ ਮਜਬੂਰ ਕਰ ਦਿੱਤਾ। ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਸਿੱਖ ਆਗੂਆਂ ਦੀ ਪ੍ਰੇਰਨਾ ਸਦਕਾ ਸ. ਮੰਗਲ ਸਿੰਘ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਘਰ-ਘਰ ਪਹੁੰਚਾਉਣ ’ਤੇ ਪ੍ਰਚਾਰ-ਪ੍ਰਸਾਰ ਲਈ 1920 ਈ: ’ਚ ਰੋਜ਼ਾਨਾ ਅਕਾਲੀ ਪੱਤ੍ਰਿਕਾ ਅਖ਼ਬਾਰ ਸ਼ੁਰੂ ਕੀਤੀ, ਜਿਸ ਦੇ ਇਹ ਬਾਨੀ ਸੰਪਾਦਕ ਸਨ।
ਅੰਗਰੇਜ਼ ਸਰਕਾਰ ਤੋਂ ਸਨਮਾਨਿਤ ਸ. ਮੰਗਲ ਸਿੰਘ ਨੇ ਅੰਗਰੇਜ਼ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ, ਮਹੰਤਾਂ ਤੇ ਪੁਜਾਰੀਆਂ ਦੀਆਂ ਕਾਲੀਆਂ ਕਰਤੂਤਾਂ ਦੇ ਵਿਰੁੱਧ ਬੇਖੌਫ ਹੋ ਕੇ ਲਿਖਿਆ, ਜਿਸ ਕਾਰਨ ਇਨ੍ਹਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ। ਇਨ੍ਹਾਂ ਨੂੰ ਤਿੰਨ ਸਾਲ ਦੀ ਕੈਦ ਤੇ 1000/- ਰੁਪਏ ਜ਼ੁਰਮਾਨੇ ਦੀ ਸਜ਼ਾ ਦਿੱਤੀ ਗਈ ਪਰ 1923 ਈ: ’ਚ ਸਰਕਾਰ ਨੇ ਸ. ਮੰਗਲ ਸਿੰਘ ਨੂੰ ਰਿਹਾਅ ਕਰ ਦਿੱਤਾ।
ਗੁਰੂ ਕੇ ਬਾਗ ਦੇ ਮੋਰਚੇ ਸਮੇਂ ਅੰਗਰੇਜ਼ ਹਕੂਮਤ ਨੇ ਸ਼੍ਰੋਮਣੀ ਗੁ:ਪ੍ਰ:ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੈਂਬਰਾਂ ਤੇ ਅਕਾਲੀ ਆਗੂਆਂ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ। ਜੁਲਾਈ, 1924 ਈ: ’ਚ ਸ. ਮੰਗਲ ਸਿੰਘ ਨੇ ਅੰਗਰੇਜ਼ੀ ਅਖ਼ਬਾਰ ਹਿੰਦੋਸਤਾਨ ਟਾਈਮਜ਼ ਸ਼ੁਰੂ ਕੀਤਾ, ਜਿਸ ਦਾ ਪਹਿਲਾ ਪਰਚਾ 8 ਸਤੰਬਰ, 1924 ਨੂੰ ਪਾਠਕਾਂ ਹੱਥ ਪਹੁੰਚਿਆ। ਮਿਸਟਰ ਪਾਨੀਅਰ ਇਸ ਦੇ ਪਹਿਲੇ ਸੰਪਾਦਕ ਸਨ ਪਰ ਅਫ਼ਸੋਸ ਉਸ ਸਮੇਂ ਸ. ਮੰਗਲ ਸਿੰਘ ਤੇ ਹੋਰ ਸਿੱਖ ਆਗੂ ਇਸ ਨੂੰ ਜ਼ਾਰੀ ਨਾ ਰੱਖ ਸਕੇ। ਇਹ ਅਖ਼ਬਾਰ ਇਨ੍ਹਾਂ ਨੂੰ 1926 ਈ: ’ਚ ਪੰਡਤ ਮਾਲਵੀਆ ਨੂੰ ਵੇਚਣਾ ਪਿਆ। 1924-1925 ਈ. ’ਚ ਸਰਦਾਰ ਸਾਹਿਬ ਸਰਬ ਹਿੰਦ ਕਾਂਗਰਸ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਰਹੇ। 27 ਅਪ੍ਰੈਲ, 1925 ਨੂੰ ਸ. ਮੰਗਲ ਸਿੰਘ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਚੁਣੇ ਗਏ। ਪ੍ਰਧਾਨ, ਸ਼੍ਰੋਮਣੀ ਕਮੇਟੀ ਦੀ ਹੈਸੀਅਤ ’ਚ ਸ. ਮੰਗਲ ਸਿੰਘ ਨੇ ਗੁਰਦੁਆਰਾ ਕਾਨੂੰਨ ਬਣਾਉਣ ’ਚ ਪੂਰਨ ਸਹਿਯੋਗ ਤੇ ਸਮਰਥਨ ਦਿੱਤਾ। ਅਸਲ ਵਿਚ ਗੁਰਦੁਆਰਾ ਕਾਨੂੰਨ ਦੀ ਸ਼ਰਤ ਨੂੰ ਮੰਨਣ ਤੇ ਨਾ ਮੰਨਣ ਦੇ ਵਿਸ਼ੇ ’ਤੇ ਸਿੱਖ ਸ਼ਕਤੀ ਦੋ ਧੜਿਆਂ ’ਚ ਵੰਡੀ ਗਈ। ਸ. ਮੰਗਲ ਸਿੰਘ ਗੁਰਦੁਆਰਾ ਕਾਨੂੰਨ ਦੇ ਹੱਕ ਵਿਚ ਸਨ।
ਜੂਨ, 1926 ਈ. ’ਚ ਸਿੱਖ ਗੁਰਦੁਆਰਾ ਕਾਨੂੰਨ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਪਹਿਲੀਆਂ ਚੋਣਾਂ ਸਮੇਂ ਸ. ਮੰਗਲ ਸਿੰਘ ਜੀ ਇਸ ਦੇ ਮੈਂਬਰ ਚੁਣੇ ਗਏ। ਉਸ ਸਮੇਂ ਚੋਣਾਂ ਗੁਰਦੁਆਰਾ ਸੈਂਟਰਲ ਬੋਰਡ ਦੇ ਨਾਂ ਥੱਲੇ ਲੜੀਆਂ ਗਈਆਂ। 4 ਸਤੰਬਰ, 1926 ਨੂੰ ਗੁਰਦੁਆਰਾ ਸੈਂਟਰਲ ਬੋਰਡ ਦੀ ਪਹਿਲੀ ਇਕੱਤਰਤਾ ਟਾਊਨ ਹਾਲ ਅੰਮ੍ਰਿਤਸਰ ਵਿਖੇ ਡੀ.ਸੀ. ਅੰਮ੍ਰਿਤਸਰ ਦੀ ਪ੍ਰਵਾਨਗੀ ਹੇਠ ਹੋਈ, ਪਹਿਲੀ ਇਕੱਤਰਤਾ ਦੀ, ਚੇਅਰਮੈਨ ਦੀ ਚੋਣ ਸਮੇਂ ਸ. ਮੰਗਲ ਸਿੰਘ ਨੂੰ 83 ਵੋਟ ਤੇ ਇਨ੍ਹਾਂ ਦੇ ਵਿਰੋਧੀ ਨੂੰ 53 ਵੋਟ ਪ੍ਰਾਪਤ ਹੋਏ। ਸ. ਮੰਗਲ ਸਿੰਘ ਜੀ ਇਸ ਇਕੱਤਰਤਾ ਦੇ ਚੇਅਰਮੈਨ ਤਾਂ ਚੁਣੇ ਗਏ ਪਰ ਹੋਈ ਚੇਅਰਮੈਨ ਦੀ ਚੋਣ ਤੋਂ ਅਕਾਲੀ ਏਕਤਾ ਤੇ ਇਤਫਾਕ ਦੀ ਝਲਕ ਸਪੱਸ਼ਟ ਦਿਖਾਈ ਦਿੰਦੀ ਹੈ। ਸ. ਮੰਗਲ ਸਿੰਘ ਦੀ ਚੇਅਰਮੈਨੀ ਅਧੀਨ ਗੁਰਦੁਆਰਾ ਬੋਰਡ ਦੇ 14 ਮੈਂਬਰ ਨਾਮਜਦ ਕੀਤੇ ਗਏ।
2 ਅਕਤੂਬਰ, 1926 ਨੂੰ ਸੈਂਟਰਲ ਗੁਰਦੁਆਰਾ ਬੋਰਡ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਚੁਣਨ ਵਾਸਤੇ ਇਕੱਤਰਤਾ ਹੋਈ। ਇਸ ਇਕੱਤਰਤਾ ਦੀ ਪ੍ਰਧਾਨਗੀ ਲਈ ਵੀ ਸ. ਮੰਗਲ ਸਿੰਘ ਦੇ ਨਾਂ ਨੂੰ ਪ੍ਰਵਾਨਗੀ ਮਿਲੀ। ਇਸ ਦਿਨ ਦੀ ਇਕੱਤਰਤਾ ਸਮੇਂ ਸਭ ਤੋਂ ਪਹਿਲਾਂ ਦੋ ਸ਼ੋਕ-ਮਤੇ ਪੇਸ਼ ਕੀਤੇ ਗਏ। ਪਹਿਲੇ ਮਤੇ ’ਚ ਅਕਾਲੀ ਆਗੂ ਸ. ਤੇਜਾ ਸਿੰਘ ਜੀ ਸਮੁੰਦਰੀ ਦੇ ਅਕਾਲ ਚਲਾਣੇ ’ਤੇ ਸ਼ੋਕ ਮਤਾ ਕਰ ਕੇ ਸ਼ਰਧਾ-ਸਤਿਕਾਰ ਭੇਟ ਕੀਤਾ ਗਿਆ। ਦੂਸਰਾ ਸ਼ੋਕ ਮਤਾ ਮੈਂਬਰ ਸ. ਦਸੋਂਧਾ ਸਿੰਘ ਕਟਾਣੀ ਕਲਾਂ ਦੇ ਅਕਾਲ ਚਲਾਣੇ ਸਬੰਧੀ ਕੀਤਾ ਗਿਆ।
ਇਸ ਇਕੱਤਰਤਾ ’ਚ ਹੀ ਸ. ਮੰਗਲ ਸਿੰਘ ਨੇ ਸ. ਹਜ਼ਾਰਾ ਸਿੰਘ ਯਾਮਾਰਾਏ ਦਾ ਅਸਤੀਫਾ ਪੇਸ਼ ਕੀਤਾ ਜਿਨ੍ਹਾਂ ਨੂੰ 4 ਸਤੰਬਰ, 1926 ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਖਾਲੀ ਥਾਂ ’ਤੇ ਮਾਸਟਰ ਤਾਰਾ ਸਿੰਘ ਜੀ ਨੂੰ ਬੋਰਡ ਦੇ ਮੈਂਬਰ ਨਾਮਜਦ ਕੀਤਾ ਗਿਆ, ਜੋ ਉਸ ਸਮੇਂ ਪਤਵੰਤੇ ਦਰਸ਼ਕਾਂ ’ਚ ਬੈਠੇ ਸਨ।
ਨਵੇਂ ਅਹੁਦੇਦਾਰਾਂ ਦੀ ਚੋਣ ਸਮੇਂ ਬਾਬਾ ਖੜਕ ਸਿੰਘ ਜੀ ਸਰਬ-ਸੰਮਤੀ ਨਾਲ ਗੁ: ਸੈਂਟਰਲ ਬੋਰਡ ਦੇ ਪ੍ਰਧਾਨ ਚੁਣੇ ਗਏ। ਬਾਬਾ ਖੜਕ ਸਿੰਘ ਉਸ ਸਮੇਂ ਜੇਲ੍ਹ ਵਿਚ ਸਨ। ਇਸ ਕਰਕੇ ਇਕੱਤਰਤਾ ਦੀ ਕਾਰਵਾਈ ਪ੍ਰਧਾਨ ਵਜੋਂ ਸ. ਮੰਗਲ ਸਿੰਘ ਜੀ ਨੇ ਹੀ ਚਲਾਈ। ਮੀਤ ਪ੍ਰਧਾਨ ਦੀ ਚੋਣ ਸਮੇਂ ਮਾਸਟਰ ਤਾਰਾ ਸਿੰਘ ਜੀ ਦੀ ਪੰਥ-ਪ੍ਰਸਤੀ ਨੂੰ ਸਨਮੁੱਖ ਰੱਖਦਿਆਂ ਉਨ੍ਹਾਂ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਮਾਸਟਰ ਤਾਰਾ ਸਿੰਘ ਜੀ ਨੇ ਮੀਤ ਪ੍ਰਧਾਨ ਦੀ ਹੈਸੀਅਤ ਵਿਚ ਇਕੱਤਰਤਾ ਦੀ ਬਾਕੀ ਕਾਰਵਾਈ ਚਲਾਈ ਤੇ ਅੰਤ੍ਰਿੰਗ ਕਮੇਟੀ ਦੀ ਚੋਣ ਕੀਤੀ। 8 ਮੈਂਬਰੀ ਅੰਤ੍ਰਿੰਗ ਕਮੇਟੀ ਚੁਣੀ, ਜਿਸ ਵਿਚ ਸ. ਮੰਗਲ ਸਿੰਘ ਜੀ ਵੀ ਸ਼ਾਮਲ ਸਨ। ਇਸ ਤਰ੍ਹਾਂ ਸ. ਮੰਗਲ ਸਿੰਘ ਜੀ ਦੀ ਪ੍ਰਧਾਨਗੀ ਦਾ 2 ਅਕਤੂਬਰ, 1926, ਅੰਤਮ ਦਿਨ ਹੋ ਨਿਬੜਿਆ। ਅੰਤ੍ਰਿੰਗ ਕਮੇਟੀ ਮੈਂਬਰ ਬਣ ਸ. ਮੰਗਲ ਸਿੰਘ ਨੇ ਇਹ ਮਤਾ ਪੇਸ਼ ਕੀਤਾ ਕਿ ਸੈਂਟਰਲ ਗੁਰਦੁਆਰਾ ਬੋਰਡ ਦੀ ਇਹ ਇਕੱਤਰਤਾ ਉਨ੍ਹਾਂ ਸੂਰਬੀਰਾਂ ਦੀ ਜਿਹੜੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਿਚ ਕੈਦ ਹੋ ਕੇ ਹੁਣ ਤਕ ਪੰਥ ਦੀ ਆਨ ਤੇ ਸ਼ਾਨ ਕਾਇਮ ਰੱਖਣ ਖਾਤਰ ਜੇਲ੍ਹ ਵਿਚ ਬੰਦ ਹਨ ਤੇ ਜਿਨ੍ਹਾਂ ਨੇ ਸਰਕਾਰ ਵੱਲੋਂ ਲਾਈਆਂ ਜ਼ਲੀਲ ਸ਼ਰਤਾਂ ਨੂੰ ਪ੍ਰਵਾਨ ਨਹੀਂ ਕੀਤਾ ਨੂੰ ਦਿਲੋਂ ਵਧਾਈ ਦੇਂਦਾ ਹਾਂ। ਇਸ ਮਸਲੇ ’ਤੇ ਬਹੁਤ ਗਰਮਾ-ਗਰਮੀ ਹੋਈ ਪਰ ਬਹੁ-ਸੰਮਤੀ ਨਾਲ ਮਤਾ ਪਾਸ ਹੋ ਗਿਆ।
13 ਮਾਰਚ, 1927 ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਹੋਈ, ਮੀਟਿੰਗ ਸਮੇਂ ਸ. ਮੰਗਲ ਸਿੰਘ ਜੀ ਨੇ ਸਿੱਖ ਕੈਦੀਆਂ ਦੀ ਰਿਹਾਈ ਦਾ ਮਤਾ ਪੇਸ਼ ਕੀਤਾ ਜੋ ਸਰਬ-ਸੰਮਤੀ ਨਾਲ ਪ੍ਰਵਾਨ ਕੀਤਾ ਗਿਆ।
ਇਹ ਸਭ ਜਾਣਦੇ ਹਨ ਕਿ ਆਪਸੀ ਫੁੱਟ ਤੇ ਦੁਫੇੜ ਜਥੇਬੰਦਕ ਸ਼ਕਤੀ ਨੂੰ ਖੇਰੂੰ- ਖੇਰੂੰ ਕਰ ਦਿੰਦੀ ਹੈ। ਲਾਹੌਰ ਜੇਲ੍ਹ ’ਚ ਬੰਦ ਸਿੱਖ ਆਗੂਆਂ ਨੇ ਸ. ਮੰਗਲ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਸ. ਅਮਰ ਸਿੰਘ ਨੂੰ ਦਰਖਾਸਤ ਕਰਨ ਕਿ ਆਪਣਾ ਅਸਰ-ਰਸੂਖ ਵਰਤ ਕੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ’ਚ ਚੰਗੇ ਸੰਬੰਧ ਕਾਇਮ ਕਰਨ, ਜਿਸ ਕਿਸ ਦਾ ਵੀ ਨੁਕਸ ਹੈ, ਉਹ ਦੂਰ ਕੀਤਾ ਜਾਵੇ। ਸ. ਮੰਗਲ ਸਿੰਘ ਜੀ ਵੀ ਇਸ ਮਸਲੇ ’ਤੇ ਪੂਰੀ-ਪੂਰੀ ਕੋਸ਼ਿਸ਼ ਕਰਨ ਤਾਂ ਕਿ ਦੋਹਾਂ ਧਿਰਾਂ ’ਚ ਸੁਖਾਵੇਂ ਹਾਲਾਤ ਬਣ ਸਕਣ, ਜਿਸ ’ਤੇ ਸਫਲਤਾ ਨਿਰਭਰ ਹੈ।
ਸ. ਮੰਗਲ ਸਿੰਘ ਜੀ ਨੇ ਅਕਾਲੀ ਅਖਬਾਰ ਵਿਚ ਬੜੇ ਉਸਾਰੂ ਲੇਖ ਲਿਖੇ। ਸ਼੍ਰੋਮਣੀ ਕਮੇਟੀ ਦੀਆਂ ਨਵੀਆਂ ਚੋਣਾਂ ਕਰਾਉਣ ਦੀ ਮੁਹਿੰਮ ਚਲਾਈ। ਸ. ਮੰਗਲ ਸਿੰਘ ਦੇ ਇਸ ਯਤਨ ਨੂੰ ਭਰਪੂਰ ਹੁੰਗਾਰਾ ਵੀ ਮਿਲਿਆ। ਪੰਥਕ ਏਕਤਾ ਦੇ ਇਨ੍ਹਾਂ ਵੱਲੋਂ ਦਿੱਤੇ ਨਾਹਰੇ ਨੂੰ ਲੋਕਾਂ ਨੇ ਕਾਫੀ ਸਲਾਹਿਆ ਤੇ ਸਮਰਥਨ ਦਿੱਤਾ। ਸ. ਮੰਗਲ ਸਿੰਘ ਚੋਣ ਕਮੇਟੀ ਦੇ ਮੈਂਬਰ ਵੀ ਨਿਯੁਕਤ ਕੀਤੇ ਗਏ ਪਰ ਚੋਣਾਂ ਤੋਂ ਪਿੱਛੋਂ ਵੀ ਧੜੇਬੰਦੀ ਸਮਾਪਤ ਨਾ ਹੋ ਸਕੀ। ਪੰਥਕ ਭਲੇ ਹਿਤ ਸ. ਮੰਗਲ ਸਿੰਘ ਜੀ ਨੂੰ ਇਕ ਵਾਰ ਮਹਾਤਮਾ ਗਾਂਧੀ ਪਾਸ ਵੀ ਭੇਜਣ ਦਾ ਫ਼ੈਸਲਾ ਕੀਤਾ ਗਿਆ ਤਾਂ ਕਿ ਸਰਦਾਰ ਜੀ ਮਹਾਤਮਾ ਗਾਂਧੀ ਨੂੰ ਪੰਥਕ ਸੰਕਟ ਤੋਂ ਜਾਣੂ ਕਰਾ ਕੇ ਹਮਦਰਦੀ ਤੇ ਸਹਿਯੋਗ ਪ੍ਰਾਪਤ ਕਰ ਸਕਣ।
8 ਅਕਤੂਬਰ, 1927 ਈ: ਨੂੰ ਹੋਈ ਜਰਨਲ ਇਕੱਤਰਤਾ ਸਮੇਂ ਸ. ਮੰਗਲ ਸਿੰਘ ਇਕ ਵਾਰ ਫਿਰ ਅੰਤ੍ਰਿੰਗ ਕਮੇਟੀ ਦੇ ਮੈਂਬਰ ਚੁਣੇ ਗਏ। 1928 ਈ: ’ਚ ਮੋਤੀ ਲਾਲ ਨਹਿਰੂ ਕਮੇਟੀ ’ਚ ਸ. ਮੰਗਲ ਸਿੰਘ ਜੀ ਸਿੱਖਾਂ ਦੇ ਪ੍ਰਤੀਨਿਧ ਵਜ਼ੋਂ ਮੈਂਬਰ ਸਨ। ਮਾਰਚ, 1928 ਈ: ’ਚ ਹੋਈ ਜਰਨਲ ਇਕੱਤਰਤਾ ਸਮੇਂ ਸ. ਮੰਗਲ ਸਿੰਘ ਜੀ ਨੇ ਪੰਚ ਖਾਲਸਾ ਦੀਵਾਨ ਤੇ ਗੁਰਮੁਖੀ ਕੋਰਸ ਖਿਲਾਫ ਮਤਾ ਪੇਸ਼ ਕੀਤਾ, ਜੋ ਪ੍ਰਵਾਨ ਹੋ ਗਿਆ। 15 ਮਾਰਚ, 1929 ਈ: ਸ. ਮੰਗਲ ਸਿੰਘ ਜੀ ਦੀ ਤਜਵੀਜ਼ ’ਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਤੇ ਲੋਕ-ਕਲਿਆਣਕਾਰੀ ਕਾਰਜਾਂ ਵਾਸਤੇ ਗੁਰਮਤਿ ਪ੍ਰਚਾਰ ਫੰਡ, ਗੁਰਦੁਆਰਾ ਸੁਧਾਰ ਸੇਵਕ ਸਹਾਇਤਾ ਫੰਡ ਤੇ ਜਰਨਲ ਫੰਡ ਨਾਂ ਦੇ ਤਿੰਨ ਫੰਡ ਅਰੰਭ ਕੀਤੇ ਗਏ। ਇਸ ਇਕੱਤ੍ਰਤਾ ਸਮੇਂ ਹੀ ਸ. ਮੰਗਲ ਸਿੰਘ ਜੀ ਨੇ ਕ੍ਰਿਪਾਨ ’ਤੇ ਬੰਦਸ਼ ਹਟਾਉਣ ਲਈ ਮਤਾ ਪੇਸ਼ ਕੀਤਾ। 26 ਅਪ੍ਰੈਲ, 1930 ਨੂੰ ਸ. ਮੰਗਲ ਸਿੰਘ ਜੀ ਸਿਵਲ ਲਾਈਨ ਲੁਧਿਆਣਾ ਤੋਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਦੁਬਾਰਾ ਮੈਂਬਰ ਚੁਣੇ ਗਏ। 1930 ਈ: ਨੂੰ ਮਹਾਤਮਾ ਗਾਂਧੀ ਦੁਆਰਾ ਸ਼ੁਰੂ ਕੀਤੀ ਗਈ ਸਿਵਲ ਨਾ-ਫ਼ੁਰਮਾਨੀ ਲਹਿਰ ’ਚ ਵੀ ਸ. ਮੰਗਲ ਸਿੰਘ ਜੀ ਨੇ ਸਰਗਰਮੀ ਨਾਲ ਹਿੱਸਾ ਲਿਆ।
ਧੜੇਬੰਦੀ ਤੇ ਆਪਸੀ ਫੁੱਟ ਕਾਰਨ, ਪੰਥਕ ਰਾਜਨੀਤੀ ਤੋਂ ਕਿਨਾਰਾ ਕਰ, ਸ. ਮੰਗਲ ਸਿੰਘ 1935 ਈ: ਤੋਂ 1945 ਈ: ਤੀਕ ਨਿਰੰਤਰ ਕੇਂਦਰੀ ਵਿਧਾਨ ਸਭਾ (ਲੋਕ ਸਭਾ) ਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਮੈਂਬਰ ਨਾਮਜਦ ਹੁੰਦੇ ਰਹੇ। 1945 ਈ: ਸ. ਮੰਗਲ ਸਿੰਘ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤਰਫੋਂ ਕੇਦਰੀ ਵਿਧਾਨ ਸਭਾ (ਲੋਕ ਸਭਾ) ਦੇ ਮੈਂਬਰ ਚੁਣੇ ਗਏ। ਇਸ ਵਾਰ ਇਹ ਯੋਜਨਾ ਕਮੇਟੀ ਦੇ ਮੈਂਬਰ ਵੀ ਨਾਮਜਦ ਕੀਤੇ ਗਏ। ਸਿੱਖ-ਹਿਤਾਂ ਨੂੰ ਕੇਂਦਰੀ ਪੱਧਰ ’ਤੇ ਪੇਸ਼ ਕਰਨ ’ਚ ਸ. ਮੰਗਲ ਸਿੰਘ ਜੀ ਨੇ ਚੋਖਾ ਹਿੱਸਾ ਪਾਇਆ। 1960 ਈ: ਤੋਂ ਸਿਹਤਯਾਬ ਨਾ ਰਹਿਣ ਕਾਰਨ ਸ. ਮੰਗਲ ਸਿੰਘ ਨੇ ਸਰਗਰਮ ਸਿੱਖ ਸਿਆਸਤ ਤੋਂ ਸੰਨਿਆਸ ਲੈ ਲਿਆ। 16 ਜੂਨ, 1982 ’ਚ ਆਪ ਜੀ ਚੰਡੀਗੜ੍ਹ ਵਿਚ ਪਰਲੋਕ ਪਿਆਨਾ ਕਰ ਗਏ।
ਲੇਖਕ ਬਾਰੇ
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/April 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/August 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/February 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/