ਐਮ. ਐਲ. ਏ, ਐਮ. ਐਲ. ਸੀ, ਅਤੇ ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੇ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਦਾ ਜਨਮ ਸ. ਗੰਡਾ ਸਿੰਘ ਜੀ ਤੇ ਸਰਦਾਰਨੀ ਬਲਵੰਤ ਕੌਰ ਦੇ ਘਰ 26 ਫਰਵਰੀ, 1925 ਨੂੰ ਪਿੰਡ ਲਾਲਪੁਰਾ ਜ਼ਿਲ੍ਹਾ ਅੰਮ੍ਰਿਤਸਰ (ਤਰਨਤਾਰਨ) ’ਚ ਹੋਇਆ। ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਨੇ ਦਸਵੀਂ ਦਾ ਇਮਤਿਹਾਨ 1944 ਈ: ’ਚ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ, ਤਰਨਤਾਰਨ ਤੋਂ ਪਾਸ ਕੀਤਾ। ਇਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ’ਚ ਪੜ੍ਹਾਈ ਸਮੇਂ ਖਾਲਸਾ ਕਾਲਜ ਕਬੱਡੀ ਟੀਮ ਦੇ ਕੈਪਟਨ ਤੇ ਬੈਸਟ ਐਥਲੀਟ ਹੋਣ ਦਾ ਦਰਜਾ ਪ੍ਰਾਪਤ ਕੀਤਾ। ਇਸੇ ਸਮੇਂ ਹੀ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਮੈਂਬਰ ਬਣੇ। ਆਪ ਜੀ ਦਾ ਅਨੰਦ-ਕਾਰਜ 4 ਜਨਵਰੀ, 1948 ਨੂੰ ਸਰਦਾਰਨੀ ਗੁਰਮੇਜ਼ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਦੋ ਲੜਕਿਆਂ ਅਤੇ ਤਿੰਨ ਲੜਕੀਆਂ ਨੇ ਜਨਮ ਲਿਆ।
ਨਵੀਂ ਚੁਣੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਮੈਂਬਰ ਸਾਹਿਬਾਨ ਦੀ ਇਕੱਤਰਤਾ 7 ਫਰਵਰੀ, 1955 ਸਮੇਂ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਡਾ. ਨੋਰੰਗਾਬਾਦ ਅੰਮ੍ਰਿਤਸਰ ਹਾਜ਼ਰ ਸਨ। ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਜਨਰਲ ਇਜਲਾਸ 16 ਅਕਤੂਬਰ, 1955 ਨੂੰ ਸੂਬਕ ਤੇ ਇਲਾਕਾਈ ਵੰਡ ਦੇ ਵਿਰੁੱਧ ਮਤਾ ਪੇਸ਼ ਕੀਤਾ ਜਿਸ ਵਿਚ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਨੇ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦਾ 03 ਦਸੰਬਰ,1957 ਨੂੰ ਜਨਰਲ ਸਮਾਗਮ ਹੋਇਆ, ਜਿਸ ਵਿਚ ਮਾਸਟਰ ਤਾਰਾ ਸਿੰਘ ਜੀ ਪ੍ਰਧਾਨ ਤੇ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਜਨਰਲ ਸਕੱਤਰ, ਸ਼੍ਰੋਮਣੀ ਕਮੇਟੀ ਚੁਣੇ ਗਏ।
ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ 16 ਨਵੰਬਰ, 1958 ਦੇ ਸਾਲਾਨਾ ਜਨਰਲ ਸਮਾਗਮ ਸਮੇਂ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਅਹੁਦੇ ਵਾਸਤੇ ਸ. ਜੋਗਿੰਦਰ ਸਿੰਘ ਮੁਕੇਰੀਆਂ ਦੀ ਤਜਵੀਜ਼ ’ਤੇ ਮਾਸਟਰ ਤਾਰਾ ਸਿੰਘ ਜੀ ਦਾ ਨਾਂ ਅਤੇ ਸ. ਕੁੰਦਨ ਸਿੰਘ ਜੀ ਦੀ ਤਜਵੀਜ਼ ’ਤੇ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਦਾ ਨਾਂ ਪੇਸ਼ ਹੋਇਆ। ਦੋ ਨਾਮ ਪੇਸ਼ ਹੋਣ ਕਰਕੇ ਵੋਟਾਂ ਪਾਈਆਂ ਗਈਆਂ। ਮਾਸਟਰ ਤਾਰਾ ਸਿੰਘ ਜੀ ਨੂੰ 74 ਵੋਟਾਂ ਤੇ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਦੇ ਹੱਕ ਵਿਚ 77 ਵੋਟਾਂ ਭੁਗਤੀਆਂ। ਇਸ ਤਰ੍ਹਾਂ ਸ. ਪ੍ਰੇਮ ਸਿੰਘ ‘ਲਾਲਪੁਰਾ’ ਤਿੰਨ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਕੇ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਚੁਣੇ ਗਏ। ਉਪਰੰਤ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਦੀ ਪ੍ਰਧਾਨਗੀ ’ਚ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਰਨਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੀ ਚੋਣ ਹੋਈ।
ਸਾਲਾਨਾ ਬਜਟ ਇਜਲਾਸ 7 ਮਾਰਚ, 1959 ਨੂੰ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿਚ 172 ਮੈਂਬਰ ਸ਼੍ਰੋਮਣੀ ਕਮੇਟੀ ਹਾਜ਼ਰ ਸਨ। ਕਾਰਵਾਈ ਅਰੰਭ ਕਰਨ ਤੋਂ ਪਹਿਲਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪਹਿਲੇ 162 ਮੈਂਬਰ ਸਨ, ਹੁਣ 209 ਹੋ ਗਏ ਹਨ। 47 ਮੈਂਬਰ ਸਾਹਿਬਾਨ ਸਾਬਕਾ ਪੈਪਸੂ ਦੇ ਇਲਾਕੇ ਵਿੱਚੋਂ ਲਏ ਗਏ ਹਨ। ਉਨ੍ਹਾਂ ਨਵੇਂ ਆਏ ਮੈਂਬਰ ਸਾਹਿਬਾਨ ਦਾ ਹਾਰਦਿਕ ਸਵਾਗਤ ਕੀਤਾ। ਉਪਰੰਤ ਆਲ ਇੰਡੀਆ ਸਿੱਖ ਗੁਰਦੁਆਰਾ ਬਿਲ ਸੰਬੰਧੀ ਆਈਟਮ ਪੇਸ਼ ਹੋਣ ’ਤੇ ਕਰਾਰ ਪਾਇਆ ਕਿ ਗੁਰਦੁਆਰਾ ਬਿਲ ਦੀ ਨਵੀਂ ਅਮੈਂਡਮੈਂਟ ਦੇ ਮੁਤਾਬਿਕ ਜੋ ਨਵੀਂ ਸ਼ਰਤ ਲਾਈ ਗਈ ਹੈ, ਕਿ ਗੁਰਦੁਆਰਾ ਵੋਟਰ ਉਹੋ ਬਣ ਸਕੇਗਾ ਜਿਸ ਨੂੰ ਜਪੁਜੀ ਸਾਹਿਬ ਜ਼ੁਬਾਨੀ ਯਾਦ ਹੋਵੇ ਇਹ ਸ਼ਰਤ ਹਟਾਈ ਜਾਵੇ ਕਿਉਂਕਿ ਇਸ ਦੇ ਮੁਤਾਬਿਕ ਗੁਰਦੁਆਰਾ ਵੋਟਰਾਂ ਦੀ ਸੂਚੀ ਵਿੱਚੋਂ ਪੇਂਡੂ ਹਲਕੇ ਕੱਟੇ ਜਾਣਗੇ ਤੇ ਸਿਰਫ਼ ਸ਼ਹਿਰੀ ਹਲਕੇ ਇਸ ਵਿਚ ਰਹਿ ਜਾਣਗੇ। ਇਹ ਵਿਚਾਰ ਕੇ ਇਸ ਸੰਬੰਧ ਵਿਚ ਹੇਠ ਲਿਖਿਆ ਮਤਾ ਪੇਸ਼ ਤੇ ਸਰਬ-ਸੰਮਤੀ ਨਾਲ ਪਾਸ ਹੋਇਆ :
ਹੋਮ ਸਕੱਤਰ ਪੰਜਾਬ ਸਰਕਾਰ ਦੀ ਪੱਤ੍ਰਿਕਾ 21 ਜੀ – 59/ਐਚ-ਜੀ -86 ਮਿਤੀ 14-01-1959 ਜਿਸ ਨਾਲ ਉਨ੍ਹਾਂ ਆਲ ਇੰਡੀਆ ਗੁਰਦੁਆਰਾ ਬਿਲ ਦੀ ਇਕ ਕਾਪੀ ਭੇਜ ਕੇ ਇਸ ਸੰਬੰਧੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਰਾਇ ਮੰਗੀ ਹੈ, ਪੇਸ਼ ਹੋਈ, ਕਿਉਂਕਿ ਇਹ ਮਾਮਲਾ ਸਿੱਖ ਧਰਮ ਨਾਲ ਡੂੰਘਾ ਸੰਬੰਧ ਰੱਖਦਾ ਹੈ ਅਤੇ ਇਸ ਨੂੰ ਵਿਚਾਰਨ ਤੇ ਰਾਇ ਦੇਣ ਲਈ ਨਿਯਤ ਕੀਤਾ ਸਮਾਂ ਕਾਫੀ ਨਹੀਂ, ਇਸ ਲਈ ਇਹ ਸਮਾਗਮ ਸਰਬ-ਸੰਮਤੀ ਨਾਲ ਗਵਰਨਮੈਂਟ ਤੇ ਸ. ਅਮਰ ਸਿੰਘ ਜੀ (ਸਹਿਗਲ) ਐਮ.ਪੀ. ਪਾਸੋਂ ਮੰਗ ਕਰਦਾ ਹੈ ਕਿ ਇਸ ਬਿਲ ਸੰਬੰਧੀ ਰਾਇ ਦੇਣ ਲਈ ਮਿਆਦ ’ਚ ਘੱਟੋ-ਘੱਟ 6 ਮਹੀਨੇ ਵਾਧਾ ਕੀਤਾ ਜਾਵੇ ਅਤੇ ਇਸ ਨੂੰ ਪੰਜਾਬੀ ਵਿਚ ਉਲਥਾ ਕੇ ਸਭ ਸਿੱਖ ਸੰਸਥਾਵਾਂ ਅਤੇ ਸਿੰਘ ਸਭਾਵਾਂ ਦੀ ਰਾਇ ਲਈ ਭੇਜਿਆ ਜਾਵੇ।
ਗੁਰਦੁਆਰਾ ਬਜਟ ਤੇ ਨਵੇਂ ਪੁਰਾਣੇ ਗੁਰਦੁਆਰਿਆਂ ਬਾਰੇ ਇਸ ਇਜਲਾਸ ਵਿਚ ਸ. ਅਮਰ ਸਿੰਘ (ਦੁਸਾਂਝ) ਨੇ ਦੱਸਿਆ, “ਐਲਾਨ ਹੋਏ ਸਾਰੇ ਗੁਰਦੁਆਰਿਆਂ ਦੀ ਆਮਦਨ ਦਾ ਅੰਦਾਜ਼ਾ ਅਗਲੇ ਸਾਲ ਲਈ ਤਕਰੀਬਨ 30 ਲੱਖ ਰੁਪਏ ਹੈ। ਦੇਸ਼-ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਵਿਚ ਸਾਰੇ ਐਲਾਨ ਹੋਏ ਗੁਰਦੁਆਰਿਆਂ ਦੀ ਗਿਣਤੀ 751 ਸੀ, ਜਿਨ੍ਹਾਂ ਵਿੱਚੋਂ 179 ਗੁਰਦੁਆਰੇ ਪੱਛਮੀ ਪੰਜਾਬ (ਪਾਕਿਸਤਾਨ) ’ਚ ਰਹਿ ਗਏ। ਪੈਪਸੂ ਦੇ ਇਲਾਕੇ ’ਚ ਗੁਰਦੁਆਰਾ ਐਕਟ ਲਾਗੂ ਹੋਣ ਨਾਲ 176 ਹੋਰ ਗੁਰਦੁਆਰੇ ਸ਼ਡੂਲ ਨੰ: 1 ਦੇ ਗੁਰਦੁਆਰਿਆਂ ਦੀ ਲਿਸਟ ਵਿਚ ਸ਼ਾਮਲ ਕੀਤੇ ਹਨ। ਇਨ੍ਹਾਂ ਗੁਰਦੁਆਰਿਆਂ ਦਾ ਮੁਕੰਮਲ ਚਾਰਜ ਲੈਣ ਵਿਚ ਇਕ ਸਾਲ ਲੱਗ ਜਾਵੇਗਾ। ਉਪਰੰਤ ਪ੍ਰਕਰਮਾ ਸਕੀਮ ਸ੍ਰੀ ਦਰਬਾਰ ਸਾਹਿਬ ਵਾਸਤੇ 4 ਲੱਖ ਰੁਪਏ ਤਜਵੀਜ਼ ਹੋਏ ਤੇ ਕੇਂਦਰੀ ਸਿੱਖ ਅਜਾਇਬ ਘਰ ਲਈ 22,000/ ਰੁਪਏ ਅਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਲਈ 1,36,000/ ਰੁਪਏ ਖਰਚਣ ਦੀ ਤਜਵੀਜ਼ ਪ੍ਰਵਾਨ ਕੀਤੀ ਗਈ। ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਪੰਜਵੇਂ ਤਖ਼ਤ ਦੀ ਪ੍ਰਵਾਨਗੀ ਵੀ ਇਸ ਜਨਰਲ ਸਮਾਗਮ ਸਮੇਂ ਦਿੱਤੀ ਗਈ।
22 ਅਪ੍ਰੈਲ, 1959 ਦਾ ਜਨਰਲ ਸਮਾਗਮ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਪ੍ਰਧਾਨਗੀ ’ਚ ਅਰੰਭ ਹੋਇਆ ਜਿਸ ਵਿਚ 154 ਮੈਂਬਰ, ਸ਼੍ਰੋਮਣੀ ਕਮੇਟੀ ਹਾਜ਼ਰ ਸਨ। ਇਸ ਜਨਰਲ ਸਮਾਗਮ ਵਿਚ ਮਾਸਟਰ ਤਾਰਾ ਸਿੰਘ–ਨਹਿਰੂ ਸਮਝੌਤੇ ਵਿਰੁੱਧ ਮਤਾ ਪਾਸ ਕੀਤਾ ਗਿਆ। “ਸ਼੍ਰੋਮਣੀ ਗੁ: ਪ੍ਰ: ਕਮੇਟੀ ਸਮੂਹ ਖਿਆਲਾਂ ਦੇ ਸਿੱਖਾਂ ਦੀ ਧਾਰਮਿਕ ਪ੍ਰਤੀਨਿਧ ਜਥੇਬੰਦੀ ਹੈ ਅਤੇ ਇਹ ਕਮੇਟੀ ਸਦਾ ਹੀ ਇਸ ਰਾਇ ਦੀ ਹਾਮੀ ਰਹੀ ਕਿ ਗੁਰਦੁਆਰਾ ਪ੍ਰਬੰਧ ਬਾਰੇ ਕਿਸੇ ਕਿਸਮ ਦਾ ਕੋਈ ਫ਼ੈਸਲਾ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਨਾ ਕੀਤਾ ਜਾਵੇ।”…ਇਹੋ ਜਿਹਾ ਸਮਝੌਤਾ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਧਾਰਮਿਕ ਸੁਤੰਤਰਤਾ ਉੱਤੇ ਸਿੱਧਾ ਹਮਲਾ ਹੈ ਕਿਉਂਕਿ ਕਿਸੇ ਵਿਅਕਤੀ ਜਾਂ ਸਭਾ-ਸੁਸਾਇਟੀ ਨੂੰ ਸ਼੍ਰੋਮਣੀ ਕਮੇਟੀ ਬਾਰੇ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ। ਇਸ ਲਈ ਇਹ ਸਮਾਗਮ ਇਸ ਸਮਝੌਤੇ ਦੀ ਸਖ਼ਤ ਨਿਖੇਧੀ ਕਰਦਾ ਹੈ। ਸ. ਪ੍ਰੇਮ ਸਿੰਘ ‘ਲਾਲਪੁਰਾ’ ਦੀ ਪ੍ਰਧਾਨਗੀ ਸਮੇਂ ਹੀ ਧਰਮ ਪ੍ਰਚਾਰ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਬਾਕਾਇਦਾ ਚੋਣ ਹੋਣ ’ਤੇ ਸੱਤ ਮੈਂਬਰਾਂ ਦੀ ਧਰਮ ਪ੍ਰਚਾਰ ਕਮੇਟੀ ਬਣਾਈ ਗਈ- ਜਿਸ ਵਿਚ ਮਾਸਟਰ ਤਾਰਾ ਸਿੰਘ ਜੀ ਬਤੌਰ ਮੈਂਬਰ ਲਏ ਗਏ।
27 ਨਵੰਬਰ, 1959 ਨੂੰ ਸਾਲਾਨਾ ਜਨਰਲ ਸਮਗਮ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਦੀ ਪ੍ਰਧਾਨਗੀ ’ਚ ਅਰੰਭ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ‘ਤੇ ਮਤ-ਭੇਦਾਂ ਦਾ ਮਤਾ ਪੇਸ਼ ਹੋਣ ’ਤੇ ਪਾਸ ਕੀਤਾ ਕਿ “ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀਰਘ ਵਿਚਾਰ ਉਪਰੰਤ ਇਹ ਰਾਇ ਦੇਂਦੀ ਹੈ ਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸੰਬੰਧੀ ਚਲ ਰਹੀ ਚਰਚਾ ਤੁਰੰਤ ਬੰਦ ਹੋਣੀ ਚਾਹੀਦੀ ਹੈ।” “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸੰਪੂਰਨ ਕੀਤੀ ਗਈ ਗੁਰਤਾ ਪ੍ਰਾਪਤ ਦਮਦਮੀ ਸਰੂਪ ਬੀੜ ਨੂੰ ਹੀ ਛਪਾਈ ਦਾ ਆਧਾਰ ਮੰਨਿਆ ਜਾਵੇ।” ਇਸ ਸੰਬੰਧੀ ਸਮੂਹ ਲੋੜੀਂਦੀ ਕਾਰਵਾਈ ਕਰਨ ਲਈ ਸਬ-ਕਮੇਟੀ ਨਿਯਤ ਕੀਤੀ ਜਾਂਦੀ ਹੈ। ਪ੍ਰਧਾਨ, ਸ਼੍ਰੋਮਣੀ ਕਮੇਟੀ, ਪੰਜ ਸੱਜਣ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਪੰਜ ਸੱਜਣ ਸੰਤ ਸਮਾਜ ਵੱਲੋਂ।
ਇਸ ਦਿਨ ਹੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਦੀ ਚੋਣ ਸੰਬੰਧੀ ਸਵਾਲ ਪੇਸ਼ ਹੋਣ ’ਤੇ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਅਗਲੇ ਸਾਲ (ਜਨਵਰੀ, 1960) ਵਿਚ ਚੂੰਕਿ ਕਮੇਟੀ ਦੀ ਜਨਰਲ ਚੋਣ ਹੋ ਰਹੀ ਹੈ, ਇਸ ਲਈ ਓਦੋਂ ਤੀਕ ਕਮੇਟੀ ਦੇ ਨਵੇਂ ਅਹੁਦੇਦਾਰ ਤੇ ਅੰ: ਕਮੇਟੀ ਦੇ ਮੈਂਬਰਾਂ ਦੀ ਚੋਣ ਮੁਲਤਵੀ ਕੀਤੀ ਜਾਵੇ ਤੇ ਮੌਜੂਦਾ ਅਹੁਦੇਦਾਰ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਹੀ ਇਹ ਸੇਵਾ ਉਸੇ ਤਰ੍ਹਾਂ ਜਾਰੀ ਰੱਖਣ। ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਇਹ ਇਜਲਾਸ ਬਾਬਾ ਕਰਤਾਰ ਸਿੰਘ ਛੀਨੇਵਾਲ ਤੇ ਬਾਬਾ ਭੋਲਾ ਸਿੰਘ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਦੀ ਉਸ ਸੇਵਾ ਦੀ ਪ੍ਰਸ਼ੰਸਾ ਕਰਦਾ ਹੈ ਕਿ ਜੋ ਉਨ੍ਹਾਂ ਨੇ ਅਕਾਲੀ ਲਹਿਰ ਸਮੇਂ ਗੁਰੂ ਕੇ ਬਾਗ ਦੇ ਮੋਰਚੇ ਦੇ ਅਤਿਆਚਾਰੀ ਮਿਸਟਰ ਬੀ.ਟੀ ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਕੱਟ ਕੇ ਕੀਤੀ ਤੇ ਉਸ ਕੈਦ ਵਿੱਚੋਂ ਉਹ ਹੁਣੇ ਰਿਹਾਅ ਹੋਏ ਹਨ। ਇਸ ਦਿਨ ਹੀ ਦੇਸ਼ ਭਗਤਾਂ ਨੂੰ ਖੁੱਲ੍ਹੀ ਸਹਾਇਤਾ ਦੇਣ ਬਾਰੇ ਵੀ ਮਤਾ ਪੇਸ਼ ਕੀਤਾ ਗਿਆ। ਕਾਫੀ ਬਹਿਸ ਹੋਣ ’ਤੇ ਚਾਰ ਮੈਂਬਰਾਂ ਦੀ ਸਬ-ਕਮੇਟੀ ਬਣਾਈ ਗਈ ਜੋ ਇਸ ਬਾਰੇ ਆਪਣੀ ਰੀਪੋਰਟ ਇਸ ਮਹੀਨੇ ਪੇਸ਼ ਕਰੇ।ਇਸ ਜਨਰਲ ਸਮਾਗਮ ’ਚ ਪਾਸ ਕੀਤਾ ਹੈ ਕਿ, ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਨੂੰ ਇਤਿਹਾਸਕ, ਮੋਹਰਾਂ ਰਿਆਸਤ ਪਟਿਆਲਾ ਦੇ ਗਜਟਾਂ ਰਾਹੀਂ ਤੇ ਹੋਰ ਲਿਖ਼ਤਾਂ ਮੁਤਾਬਕ “ਤਖ਼ਤ” ਕਰਾਰ ਦਿੰਦਾ ਹੈ। ਇਸ ਬਾਰੇ ਗੁਰਦੁਆਰਾ ਐਕਟ ਵਿਚ ਲੋੜੀਂਦੀ ਤਰਮੀਮ ਕਰਾਉਣ ਲਈ ਦਫ਼ਤਰ ਨੂੰ ਅਧਿਕਾਰ ਦਿੰਦਾ ਹੈ। ਇਸ ਬਾਰੇ ਕਾਫ਼ੀ ਬਹਿਸ-ਮੁਬਾਹਸੇ ਤੋਂ ਬਾਅਦ ਮੁਕੰਮਲ ਰੀਪੋਰਟ ਦੇਣ ਲਈ 16-ਮੈਂਬਰੀ ਸਬ- ਕਮੇਟੀ ਬਣਾਈ ਗਈ।
ਸ਼੍ਰੋਮਣੀ ਕਮੇਟੀ ਦੀ ਜਨਰਲ ਚੋਣ ਉਪਰੰਤ ਜਨਰਲ ਸਮਾਗਮ 7 ਮਾਰਚ, 1960 ਨੂੰ ਹੋਇਆ, ਜਿਸ ਵਿਚ ਸ. ਪ੍ਰੇਮ ਸਿੰਘ ਐੱਮ.ਐੱਲ.ਸੀ. ਪਿੰਡ ‘ਲਾਲਪੁਰਾ’, ਅੰਮ੍ਰਿਤਸਰ ਤੋਂ ਬਤੌਰ ਮੈਂਬਰ ਹਾਜ਼ਰ ਹੋਏ। ਪ੍ਰਧਾਨਗੀ ਚੋਣ ਸਮੇਂ ਮਾਸਟਰ ਤਾਰਾ ਸਿੰਘ ਜੀ ਸਰਬ-ਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਸ ਤਰ੍ਹਾਂ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ 16 ਨਵੰਬਰ, 1958 ਤੋਂ 7 ਮਾਰਚ, 1960 ਤੀਕ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਰਹੇ।
18 ਜੂਨ, 1963 ਨੂੰ ਹੋਏ ਜਨਰਲ ਇਜਲਾਸ ਵਿਚ ਵੀ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਹਾਜ਼ਰ ਸਨ। ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਜਨਰਲ ਇਜਲਾਸ 1 ਜੂਨ, 1964 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਅਕਾਲ ਚਲਾਣੇ ਬਾਰੇ ਹਾਰਦਿਕ ਸ਼ੋਕ ਤੇ ਦੁੱਖ ਦਾ ਪ੍ਰਗਟਾਵਾ ਕਰਦਾ ਮਤਾ ਪੇਸ਼ ਕੀਤਾ ਗਿਆ, ਜਿਸ ਵਿਚ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਤੇ ਦੋ ਹੋਰ ਮੈਂਬਰਾਂ ਵੱਲੋਂ ਇਸ ਮਤੇ ਦੀ ਪ੍ਰੋੜਤਾ ਕਰਨ ’ਤੇ ਮਤਾ ਪਾਸ ਹੋ ਗਿਆ।
29 ਮਾਰਚ,1980 ਨੂੰ ਜਨਰਲ ਸਮਾਗਮ ਸਮੇਂ ਇਨ੍ਹਾਂ ਨੇ ਬਤੌਰ ਜਨਰਲ ਸਕੱਤਰ ਸਾਲਾਨਾ ਬਜਟ ਪੇਸ਼ ਕੀਤਾ। ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ 19 ਨਵੰਬਰ,1980 ਨੂੰ ਜਨਰਲ ਸਮਾਗਮ ਸਮੇਂ ਨਾਮਜ਼ਦ ਮੈਂਬਰ ਵਜੋਂ ਹਾਜ਼ਰ ਸਨ ।21 ਨਵੰਬਰ,1981; 30 ਅਪ੍ਰੈਲ,1982; 30 ਮਾਰਚ,1983 ਤੇ 30 ਨਵੰਬਰ, ਨੂੰ ਵੀ ਇਹ ਨਾਮਜ਼ਦ ਮੈਂਬਰ ਵਜੋਂ ਹਾਜ਼ਰ ਸਨ। 30 ਨਵੰਬਰ,1982 ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਐਮ.ਐਲ. ਏ. ਨੇ ਮਤੇ ਦੀ ਤਾਈਦ ਕੀਤੀ ਕਿ ਅਹੁਦੇਦਾਰ ਤੇ ਅੰਤ੍ਰਿੰਗ ਕਮੇਟੀ ਮੈਂਬਰ ਪਹਿਲੇ ਹੀ ਰਹਿਣ।
ਰਾਜਸੀ ਖੇਤਰ ’ਚ ਸ: ਪ੍ਰੇਮ ਸਿੰਘ ਜੀ ‘ਲਾਲਪੁਰਾ’ ਕਾਫੀ ਸਰਗਰਮ ਰਹੇ। 1 ਮਈ, 1958 ਤੋਂ 6 ਜਨਵਰੀ, 1970 ਤੀਕ ਨਿਰੰਤਰ ਐੱਮ. ਐੱਲ. ਸੀ ਅਤੇ 27 ਜੂਨ, 1980 ਤੋਂ 26 ਜੂਨ, 1985; 14 ਅਕਤੂਬਰ, 1985 ਤੋਂ 1 ਜੂਨ, 1986 ਅਤੇ 3 ਮਾਰਚ, 1997 ਤੋਂ 26 ਫਰਵਰੀ, 2002 ਤੀਕ ਮੈਂਬਰ, ਪੰਜਾਬ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਰਹੇ। 1969 ਈ: ਵਿਚ ਕਾਮਨਵੈਲਥ ਦੇਸ਼ਾਂ ਦੇ ਇੰਗਲੈਂਡ ਵਿਖੇ ਹੋਏ ਸੰਮੇਲਨ ਸਮੇਂ ਭਾਰਤ ਸਰਕਾਰ ਵੱਲੋਂ ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ ਮੈਂਬਰ ਪੰਜਾਬ ਵਿਧਾਨ ਸਭਾ ਵਜੋਂ ਹਾਜ਼ਰ ਹੋਏ। ਸ: ਪ੍ਰੇਮ ਸਿੰਘ ਜੀ ‘ਲਾਲਪੁਰਾ’ ਅੱਜਕਲ ਬਹੁਤਾ ਕੈਨੇਡਾ ਆਪਣੇ ਸਪੁੱਤਰ ਪਾਸ ਨਿਵਾਸ ਰੱਖਦੇ ਹਨ।
ਲੇਖਕ ਬਾਰੇ
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/April 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/August 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/January 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/February 1, 2010